. |
|
ਸਿੱਖੀ ਸੰਭਾਲ ਸਿੰਘਾ!
(ਕਿਸ਼ਤ ਸੋਲ੍ਹਵੀਂ)
ਸਿੱਖ ਧਰਮ
ਸਿਖ-ਧਰਮ ਵੀ ਹੈ ਅਤੇ ਲਹਿਰ ਵੀ
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ
ਮਿਸ਼ਨਰੀ ਲਹਿਰ 1956
(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)
ਮਨੁੱਖ ਦੀਆਂ ਮੂਲ ਲੋੜਾਂ ਤੇ ਅਜੋਕੇ ਗੁਰਦੁਆਰੇ?
ਮਨੁੱਖਾ ਜੀਵਨ ਦੀ ਇੱਕ ਉਹ ਅਵਸਥਾ ਵੀ ਹੁੰਦੀ ਹੈ ਜਦੋਂ
ਮਨੁੱਖ ਆਪਣੇ ਉੱਚੇ-ਸੁੱਚੇ, ਆਦਰਸ਼ਕ, ਸਦਾਚਾਰਕ ਤੇ ਧਰਮੀ ਜੀਵਨ ਦੇ ਬਦਲੇ, ਸੰਸਾਰ ਦਾ ਹਰੇਕ
ਸੁਖ-ਆਰਾਮ ਅਹੁਦਾ, ਕੇਵਲ ਤਿਆਗਦਾ ਹੀ ਨਹੀਂ ਬਲਕਿ ਉਸ ਦੇ ਬਦਲੇ ਵੱਡੇ ਤੋਂ ਵੱਡੇ ਤਸੀਹੇ ਸਹਿਨ ਤੇ
ਸ਼ਹੀਦੀ ਤੀਕ ਵੀ ਸਵੀਕਾਰ ਕਰ ਲੈਂਦਾ ਹੈ ਪਰ ਸੱਚ ਧਰਮ ਦਾ ਤਿਆਗ ਨਹੀਂ ਕਰਦਾ। ਦਰਅਸਲ ਗੁਰਬਾਣੀ `ਚ
ਮਨੁੱਖਾ ਜੀਵਨ ਦੀ ਇਸੇ ਉੱਤਮ ਅਵਸਥਾ ਲਈ ਹੀ
“ਹੁਕਮਿ ਰਜਾਈ ਚਲਣਾ”
ਵਾਲਾ ਆਦੇਸ਼ ਦਿੱਤਾ ਤੇ ਸ਼ਬਦਾਵਲੀ ਵਰਤੀ ਹੋਈ ਹੈ।
ਇਹ ਵੀ ਕਿ ਮਨੁੱਖਾ ਜੀਵਨ ਦੀ ਇਸ ਗੁਰਮੁੱਖੀ ਅਵਸਥਾ ਨੂੰ ਅਜਿਹੇ ਵਿਰਲੇ ਹੀ ਪ੍ਰਾਪਤ ਕਰਦੇ ਹਨ
ਜਿਹੜੇ ਗੁਰਬਾਣੀ ਆਦੇਸ਼ਾਂ ਦੀ ਕਮਾਈ ਕਰਦੇ ਅਤੇ ਇਸ ਤਰੀਕੇ ਜੀਊਂਦੇ ਜੀਅ ਅਕਾਲਪੁਰਖ `ਚ ਅਭੇਦ ਹੋ
ਜਾਂਦੇ ਹਨ।
ਇਸ ਦੇ ਉਲਟ ਆਮ ਮਨੁੱਖ ਦੀ ਹਾਲਤ ਤਾਂ ਇਹ ਹੈ ਕਿ ਉਹ ਜਦੋਂ ਰੋਟੀ, ਕੱਪੜਾ,
ਮਕਾਨ ਵਾਲੀਆਂ ਦੀਆਂ ਮੂਲ ਲੋੜਾਂ ਤੋਂ ਹੀ ਆਤੁਰ ਹੁੰਦਾ ਹੈ ਤਾਂ ਇਨ੍ਹਾਂ ਲੋੜਾਂ ਦੀ ਪੂਰਤੀ ਲਈ ਉਹ
ਕਿਸੇ ਵੀ ਹਦ ਤੀਕ ਜਾਣ ਨੂੰ ਤਿਆਰ ਹੋ ਜਾਂਦਾ ਹੈ। ਇਨ੍ਹਾਂ ਮੂਲ ਲੋੜਾਂ ਦੀ ਖ਼ਾਤਿਰ ਉਹ ਆਪਣਾ
ਧਰਮ-ਇਮਾਨ, ਉਸੂਲ, ਆਚਰਣ
(Character) ਭਾਵ ਸਭ ਕੁੱਝ ਤਿਆਗ ਦਿੰਦਾ
ਹੈ। ਹਰੇਕ ਮਾੜੇ ਤੋਂ ਮਾੜੇ ਕੰਮ ਲਈ ਵੀ ਅੱਗੇ ਵਧ ਜਾਂਦਾ ਹੈ ਜਿਥੋਂ ਕਿ ਉਸ ਦੀਆਂ ਇਹ ਮੂਲ ਤੇ ਘਟੋ
ਘਟ ਲੋੜਾਂ ਪੂਰੀਆਂ ਹੁੰਦੀਆਂ ਹੋਣ। ਮਨੁੱਖ ਦੀਆਂ ਇਨ੍ਹਾਂ ਮੂਲ ਲੋੜਾਂ ਲਈ ਹੀ ਲਫ਼ਜ਼
‘ਕੁੱਲੀ-ਗੁੱਲੀ-ਜੁੱਲੀ’ ਵੀ ਵਰਤਿਆ ਜਾਂਦਾ ਹੈ।
ਗੁਰੂ ਨਾਨਕ ਪਾਤਸ਼ਾਹ ਨੇ ਸਿੱਖੀ ਦੇ ਪ੍ਰਚਾਰ ਦਾ ਅਰੰਭ ਹੀ ਮਨੁੱਖ ਦੀਆਂ ਮੂਲ
ਲੋੜਾਂ ਤੋਂ ਕੀਤਾ ਸੀ। ‘ਸੱਚੇ ਸੋਦੇ’ ਵਾਲੀ ਸਾਖੀ, ਗੁਰੂਦਰ `ਤੇ ਲੰਗਰ ਦੀ ਪ੍ਰਥਾ ਤੇ ਵਿਹਲੜਾਂ ਦੀ
ਆਪ ਮਦਦ ਕਰ ਕੇ, ਉਨ੍ਹਾਂ ਨੂੰ ਕਾਰ-ਵਿਹਾਰ `ਚ ਲਗਾਉਣਾ, ਇਸੇ ਦਾ ਆਰੰਭ ਸੀ। ‘ਧਰਮਸ਼ਾਲਾਵਾਂ’ `ਤੇ
ਸਾਂਝੀ ਸੰਗਤ’ ਵਾਲੇ ਨਿਯਮ ਕਾਇਮ ਕਰਣੇ ਮਨੁੱਖ ਦੀਆਂ ਸਮਾਜਕ ਔਕੜਾਂ ਤੇ ਲੋੜਾਂ ਦੀ ਪੂਰਤੀ ਦਾ ਹੀ
ਉਪਰਾਲਾ ਸੀ। ‘ਧਰਮਸਾਲ ਤੇ ਸਾਂਝੀ ਸੰਗਤ’ ਦੇ ਬਦਲੇ ਹੋਏ ਰੂਪ ਦਾ ਨਾਮ ਹੀ ਅੱਜ ‘ਗੁਰਦੁਆਰਾ’ ਹੈ।
ਸ਼ਾਇਦ ਇਸ ਬਦਲੇ ਹੋਏ ਨਾਮ ਕਾਰਨ ਹੀ ਗੁਰਦੁਆਰਾ ਅੱਜ ਆਪਣੀ ਅਸਲੀਅਤ ਵੀ ਗੁਆ ਚੁੱਕਾ ਹੈ। ਹੱਥਲੇ
ਵੇਰਵੇ ਰਾਹੀਂ ਅਸਾਂ ਗੁਰਦੁਆਰੇ (ਧਰਮਸਾਲ), ‘ਸਾਂਝੀ ਸੰਗਤ ਤੇ ਪੰਗਤ’ ਦੇ ਅਸਲ ਮਕਸਦ ਨੂੰ ਹੀ ਸਮਝਣ
ਦਾ ਯਤਨ ਕਰਣਾ ਹੈ। ਜਦਕਿ ਦੂਜੇ ਪਾਸੇ, ਗੁਰਬਾਣੀ `ਚ ਆਏ ਲਫ਼ਜ਼ ਗੁਰਦੁਆਰੇ ਦਾ ਅਰਥ ਕੇਵਲ ਗੁਰਬਾਣੀ
ਆਦੇਸ਼ਾਂ ਦਾ ਪਾਲਣ ਕਰਣਾ ਹੀ ਹੈ ਅਤੇ ਜਦਕਿ ਗੁਰਬਾਣੀ `ਚ ਇਹ ਲਫ਼ਜ਼ ਕਿਸੇ ਇਮਾਰਤ ਵਾਸਤੇ ਨਹੀਂ ਆਇਆ।
ਜਿਉਂ ਜਿਉਂ ਗੁਰਬਾਣੀ ਦਾ ਅਧਿਯਣ ਕਰੋ,
“ਆਦਿ ਪੁਰਖ ਤੇ ਹੋਇ ਅਨਾਦਿ॥ ਜਪੀਐ
ਨਾਮੁ, ਅੰਨੁ ਕੈ ਸਾਦਿ” (ਪੰ: ੮੭੩)
ਅਨੁਸਾਰ ਇਹ ਵੀ ਸਾਫ਼ ਹੋ ਜਾਂਦਾ ਹੈ ਕਿ ਪਾਤਸ਼ਾਹ ਨੇ ਗੁਰਬਾਣੀ `ਚ ਵੀ ਪੂਰੀ ਤਰ੍ਹਾਂ ਸਪਸ਼ਟ ਕੀਤਾ
ਹੋਇਆ ਹੈ ਕਿ ਸਰੀਰ ਦੀ ਘਟੋ ਘੱਟ ਤ੍ਰਿਪਤੀ ਤੋਂ ਬਿਨਾ ਸਾਧਾਰਣ ਮਨੁੱਖ ਲਈ ਤਾਂ ਪ੍ਰਭੂ ਭਗਤੀ ਵੀ
ਸੰਭਵ ਨਹੀਂ ਹੁੰਦੀ। ਮਨੁੱਖ ਦਾ ਜਮਾਂਦਰੂ ਹੱਕ ਹੈ ਕਿ ਹਰੇਕ ਮਨੁੱਖ ਦੀ ਘਟੋਘਟ
‘ਕੁੱਲੀ-ਗੁੱਲੀ-ਜੁੱਲੀ’ ਵਾਲੀ ਲੋੜ ਪੂਰੀ ਹੋਵੇ। ਜਦਕਿ ਅੱਜ ਸਿੱਖ ਬੱਚੇ-ਬੱਚੀ ਦਾ ਇਸ ਪੱਖੋਂ ਜੋ
ਵਿਸ਼ਵਾਸ ਡੋਲਿਆ ਪਿਆ ਹੈ ਤਾਂ ਇਸ ਨੂੰ ਦ੍ਰਿੜ ਕਿਸਨੇ ਕਰਵਾਉਣਾ ਸੀ।
ਇਹ ਦ੍ਰਿੜ ਕਰਵਾਉਣਾ ਸੀ ਅਜੋਕੇ ਧਰਮ ਪ੍ਰਚਾਰਕਾਂ, ਗੁਰਦੁਆਰਾ ਪ੍ਰਬੰਧਕਾਂ
ਤੇ ਸਿੱਖ ਆਗੂਆਂ ਨੇ। ਇਸ ਦੇ ਉਲਟ ਉਨ੍ਹਾਂ ਨੂੰ ਤਾਂ ਅੱਜ ਇਹ ਵੀ ਪਤਾ ਨਹੀਂ ਕਿ ਅਜੋਕਾ ਸਿੱਖ
ਬੱਚੀ-ਬੱਚਾ ਖੜਾ ਕਿੱਥੇ ਹੈ? ਗੁਰਦੁਆਰਿਆਂ ਦੇ ਪ੍ਰੋਗ੍ਰਾਮ, ਪ੍ਰਬੰਧਕੀ ਨਿਜ਼ਾਮ, ਸਿੰਘ ਸਭਾਵਾਂ,
ਸਿੱਖ ਸੋਸਾਇਟੀਆਂ, ਸਿੱਖ ਬੁਧੀਜੀਵੀਆਂ ਤੇ ਪੰਥਕ ਆਗੂਆਂ ਦੀ ਸੋਚਨੀ ਇਤਨੀ ਵਧ ਸਿਕੁੜ ਚੁੱਕੀ ਹੈ ਕਿ
ਸਿੱਖ ਸਮਾਜ ਤੇ ਖਾਸਕਰ ਸਿੱਖ ਪਨੀਰੀ ਦੀਆਂ ਇਨ੍ਹਾਂ ਮੂਲ ਲੋੜਾਂ ਨਾਲ ਤਾਂ ਉਨ੍ਹਾਂ ਦੀ ਸਾਂਝ ਹੀ
ਨਹੀਂ। ਕੇਵਲ ਕੀਰਤਨ ਦਰਬਾਰ ਕਰ/ਕਰਵਾ ਲੈਣੇ, ਗੁਰਪੁਰਬ ਮਨਾ ਲੈਣੇ, ਸ਼ਤਾਬਦੀਆਂ, ਚੇਤਨਾ ਮਾਰਚ,
ਜਾਗ੍ਰਿਤੀ ਯਾਤ੍ਰਾਂਵਾਂ, ਬੇਅੰਤ ਮੀਟਗਾਂ ਤੇ ਸੈਮੀਨਾਰ, ਜਦਕਿ ਇਸ ਸਾਰੇ ਤੋਂ ਸਿੱਖ ਧਰਮ ਤੇ ਸਿੱਖ
ਪਨੀਰੀ ਦੀ ਸੰਭਾਲ ਸੰਭਵ ਨਹੀਂ।
ਅੱਜ ਸਿੱਖ ਬੱਚਾ-ਬੱਚੀ ਆਪਣੀ ਰੋਟੀ-ਰੋਜ਼ੀ ਤੋਂ ਪ੍ਰੇਸ਼ਾਨ ਹੈ; ਉਸ ਦੇ
ਰਿਸ਼ਤਿਆਂ ਦੇ ਮਸਲੇ ਹਨ; ਉਸ ਦੀ ਪੜ੍ਹਾਈ, ਟੈਕਨਾਲੋਜੀ, ਉੱਚ ਵਿੱਦਿਆ ਸਭ ਪੱਛੜੇ ਪਏ ਹਨ। ਉਸ ਨੂੰ
ਸਮੇਂ ਦੀ ਲੋੜ ਮੁਤਾਬਿਕ ਆਪਣੀਆਂ ਮੂਲ ਲੋੜਾਂ ਤੇ ਸੰਸਾਰ `ਚ ਅੱਗੇ ਵਧਣ ਦੇ ਲਾਲੇ ਪਏ ਹੋਏ ਹਨ।
ਸਿੱਖ ਪਨੀਰੀ ਆਪਣੀਆਂ ਮੂਲ ਲੋੜਾਂ ਲਈ ਦੂਜਿਆਂ ਦੇ ਆਸਰੇ ਹੈ। ਸਿੱਖ ਧਰਮ ਦਾ ਅਜੋਕਾ ਆਗੂ,
ਪ੍ਰਬੰਧਕ, ਪ੍ਰਚਾਰਕ ਉਸ ਲਈ ਕੇਵਲ ਕਾਗਜ਼ੀ ਲਿਫਾਫੇ ਤੋਂ ਵੱਧ ਕੁੱਝ ਨਹੀਂ ਰਹਿ ਚੁੱਕਾ। ਦਬਾਦਬ ਬਣ
ਰਹੀਆਂ, ਗੁਰਦੁਆਰਿਆਂ ਦੀਆਂ ਵੱਡੀਆਂ-ਵੱਡੀਆਂ ਤੇ ਸੰਗਮਰਮਰ ਦੀਆਂ ਇਮਾਰਤਾਂ, ਸੋਨੇ ਦੇ ਕਲਸ ਤੇ
ਪਾਲਕੀਆਂ, ਉਸ ਦਾ ਮੂੰਹ ਚਿੜਾ ਰਹੀਆਂ ਹਨ। ਅਜੋਕੇ ਗੁਰਦੁਆਰੇ, ਗੁਰੂ ਸਾਹਿਬ ਵੱਲੋਂ ਸਥਾਪਤ
‘ਧਰਮਸਾਲ ਤੇ ਗੁਰੂ ਕੀ ਸੰਗਤ’ ਉੱਕਾ ਨਹੀਂ ਰਹਿ ਚੁਕੇ ਬਲਕਿ ਉਹ ਤਾਂ ਅੱਜ ਕੁੱਝ ਹੋਰ ਹੀ ਬਣ ਚੁੱਕੇ
ਹਨ।
ਗੁਰਦੁਆਰਿਆਂ ਤੇ ਸਿੱਖ ਸੰਗਤਾਂ ਵਿਚਕਾਰ ਫ਼ਾਸਲਾ?
ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ ਧਰਮਸ਼ਾਲਾਵਾਂ ਅਤੇ
ਸਿੱਖ ਸੰਗਤਾਂ ਦੀਆਂ ਮੂਲ ਲੋੜਾਂ, ਪ੍ਰੇਸ਼ਾਨੀਆਂ, ਜ਼ਰੂਰਤਾਂ ਤੇ ਸਮਸਿਆਂਵਾਂ ਵਿਚਕਾਰ ਆਪਸੀ ਸਾਂਝ
ਹੁੰਦੀ ਸੀ। ਇਸੇ ਤੋਂ ਆਮ ਮਨੁੱਖ ਵੀ ਆਪਣੀਆਂ ਮੂਲ ਲੋੜਾਂ ਤੇ ਸਮਾਜਕ ਸਾਂਝਾਂ ਕਾਰਨ, ਸਿੱਖ ਧਰਮ
ਵੱਲ ਆਪਣੇ ਆਪ ਖਿੱਚਿਆ ਆਉਂਦਾ ਸੀ। ਬਲਕਿ ਇਸੇ ਤੋਂ ਇੱਕ ਦਿਨ ਉਹ ਚੰਗੇ ਤੇ ਉੱਚੇ ਆਚਰਨ ਵਾਲਾ ਗੁਰੂ
ਕਾ ਧਰਮੀ ਸਿੱਖ ਅਥਵਾ ਸ਼੍ਰਧਾਲੂ (ਸਿੱਖ ਲਹਿਰ) ਵੀ ਹੋ ਨਿਬੱੜਦਾ ਸੀ। ਦਰਅਸਲ ਗੁਰੂ ਨਾਨਕ ਪਾਤਸ਼ਾਹ
ਰਾਹੀਂ ਕਾਇਮ ਧਰਮਸ਼ਾਲਾਂਵਾਂ ਤੇ ਉਥੋਂ ਪ੍ਰਾਪਤ ਹੋ ਰਿਹਾ ਗੁਰਬਾਣੀ ਜੀਵਨ ਹੀ ਗੁਰੂ ਕੀਆਂ ਸੰਗਤਾਂ
ਦੇ ਜੀਵਨ ਦੀ ਬੁਨਿਆਦ ਹੁੰਦੀ ਸੀ। ਜਦਕਿ ਅੱਜ ਭਾਰਤ ਹੀ ਨਹੀਂ ਬਲਕਿ ਸੰਸਾਰ ਭਰ ਦੇ ਗੁਰਦੁਆਰਿਆਂ `ਚ
ਜਿੱਥੇ ਵੀ ਚਲੇ ਜਾਵੋ, ਉਥੇ ਵਧ ਤੋਂ ਵਧ ਦੋ ਵਕਤ ਦਾ ਕੱਚਾ-ਪੱਕਾ ਪ੍ਰੋਗਰਾਮ ਹੋ ਰਿਹਾ ਹੁੰਦਾ ਹੈ
ਅਤੇ ਬਾਕੀ ਸਾਰਾ ਦਿਨ ਇਹ ਸੰਗਮਰਮਰ ਦੀਆਂ ਇਮਾਰਤਾਂ ਖਾਲੀ ਪਈਆਂ ਹੁੰਦੀਆਂ ਹਨ।
ਆਮ ਲੋਕਾਈ ਦੀ ਤਾਂ ਗੱਲ ਹੀ ਨਹੀਂ, ਬਲਕਿ ਗੁਰੂ ਕੀਆਂ ਸੰਗਤਾਂ ਦੀ ਵੀ
ਇਨ੍ਹਾਂ ਇਮਾਰਤਾਂ ਨਾਲ ਸਾਂਝ ਮੁਕਦੀ ਜਾ ਰਹੀ ਹੈ। ਅਜਿਹੇ ਹਾਲਾਤ `ਚ ਗੁਰੂ ਕੀ ਸੰਗਤ ਗੁਰਦੁਆਰਿਆਂ
ਤੋਂ ਟੁੱਟੇਗੀ-ਮੁੱਕੇਗੀ ਨਹੀਂ ਤਾਂ ਹੋਰ ਹੋਵੇਗਾ ਵੀ ਕੀ? ਦਰਅਸਲ ਅੱਜ ਹੋ ਵੀ ਤਾਂ ਇਹੀ ਰਿਹਾ ਹੈ।
ਅਜੋਕੇ ਗੁਰਦੁਆਰਿਆਂ ਰਸਤੇ ਸਿੱਖ ਲਹਿਰ ਨੇ ਤਾਂ ਕੀ ਅੱਗੇ ਵਧਣਾ ਫੁਲਣਾ ਹੈ ਇਥੇ ਤਾਂ ਅਜੋਕਾ ਸਿੱਖ
ਵੀ ਗੁਰਦੁਆਰਿਆਂ ਤੋਂ ਕੋਹਾਂ ਦੂਰ ਜਾ ਚੁੱਕਾ ਹੈ। ਇਸ ਤੋਂ ਬਾਅਦ ਰਹਿੰਦੀ ਕਸਰ ਅਜੋਕੇ ਤੇ ਬਹੁਤੇ
ਅਯੋਗ ਚਾਪਲੂਸ ਕਿਸਮ ਦੇ ਪ੍ਰਚਾਰਕਾਂ ਉਪ੍ਰੰਤ ਉਨ੍ਹਾਂ `ਤੇ ਚੋਣਾਂ ਰਸਤੇ ਕਾਬਿਜ਼ ਬਹੁਤੇ
ਅਨ-ਅਧਿਕਾਰੀ ਜੀਵਨ ਹੀਣੇ ਤੇ ਚੌਧਰ ਦੇ ਭੁੱਖੇ ਪ੍ਰਬੰਧਕਾਂ ਨੇ ਪੂਰੀ ਕੀਤੀ ਹੋਈ ਹੈ। ਅੱਜ ਗੁਰੂ
ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੇ ਧਰਮ ਤੇ ਉਨ੍ਹਾਂ ਦੇ ਨਾਮ ਹੇਠ ਉਥੇ ਕੁੱਝ ਹੋਰ ਹੀ ਵੰਡਿਆ ਜਾ
ਰਿਹਾ ਹੈ ਅਤੇ ਉਸ `ਚੋਂ ਨਾਮ ਰੰਗ ਵਾਲੀ ਮਸਤੀ ਤੇ ਖੁਸ਼ਬੂ ਹੀ ਮੁੱਕੀ ਪਈ ਹੈ।
ਉਸੇ ਦਾ ਨਤੀਜਾ, ਅੱਜ ਸਿੱਖ ਧਰਮ, ਮੂਲੋਂ ਹੀ ਸਮਾਜਕ ਧਰਮ ਨਹੀਂ ਰਹਿ
ਚੁੱਕਾ। ਕਾਰਨ ਹੋਰ ਵੀ ਬਹੁਤੇਰੇ ਹਨ ਪਰ ਹੱਥਲਾ ਵਿਸ਼ਾ ਇਸ ਪਾਸੇ ਖਾਸ ਹੈ। ਅਜੋਕੇ ਗੁਰਦੁਆਰਾ
ਪ੍ਰਬੰਧ ਨੇ ਸਿੱਖ ਬੱਚੇ-ਬੱਚੀ ਅੰਦਰੋਂ ਧਰਮ ਦੀ ਰੁਚੀ ਨੂੰ ਹੀ ਮੁਕਾ ਦਿੱਤਾ ਹੈ। ਗੁਰਦੁਆਰਿਆਂ `ਚ
ਅਜੋਕੀਆਂ ਪੈਦਾ ਹੋਈਆਂ ਪ੍ਰਬੰਧਕੀ ਤੇ ਪ੍ਰਚਾਰਕੀ ਖ਼ਾਮੀਆਂ ਦਾ ਹੀ ਸਿੱਟਾ ਹੈ ਕਿ ਅੱਜ ਸਿੱਖ
ਬੱਚਾ-ਬੱਚੀ ਆਪਣੇ ਧਰਮ ਤੋਂ ਪੂਰੀ ਤਰ੍ਹਾਂ ਨਾਬਰ ਤੇ ਬਾਗ਼ੀ ਹੋਇਆ ਪਿਆ ਹੈ। ਕਿਉਂਕਿ ਉਥੇ
ਗੁਰਦੁਆਰਿਆਂ `ਚ ਅੱਜ ਜਿਹੜਾ ਧਰਮ ਉਸ ਨੂੰ ਪੇਸ਼ ਕੀਤਾ ਜਾ ਰਿਹਾ ਹੈ ਉਹ ਬਹੁਤਾ ਕਰ ਕੇ ਸਿੱਖ ਧਰਮ
ਹੈ ਹੀ ਨਹੀਂ। ਇਸ ਤਰ੍ਹਾਂ ਅੱਜ ਜਦੋਂ ਇਸ ਧਰਮ `ਚ ਮਨੁੱਖ ਦੀਆਂ ਮੂਲ ਲੋੜਾਂ ਦੀ ਹੀ ਸਾਂਝ ਨਹੀਂ,
ਤਾਂ ਸਿੱਖ ਪਨੀਰੀ ਲਗਾਤਾਰ ਗ਼ਲਤ ਹੱਥਾਂ `ਚ ਪਵੇਗੀ ਹੀ। ਅੱਜ ਸਿੱਖ ਮਾਨਸ ਅੰਦਰ ਵੱਧ ਰਹੀ, ਸਿੱਖ
ਧਰਮ ਬਾਰੇ ਅਰੁਚੀ, ਪਤਿਤਪੁਣੇ ਤੇ ਨਸ਼ਿਆਂ ਦੀ ਲਹਿਰ ਨੂੰ ਸਾਰਥਕ ਢੰਗ ਨਾਲ ਵਿਚਾਰਣ ਦੀ ਲੋੜ ਹੈ।
ਇੱਕ ਅੰਦਾਜ਼ੇ ਮੁਤਾਬਿਕ ਅੱਜ ੯੮% ਤੋਂ ਉਪਰ ਸਿੱਖ ਪਨੀਰੀ ਪਤਿੱਤ ਹੋ ਚੁੱਕੀ ਹੈ, ਇਸੇ ਕਾਰਨ ਹੱਥਲਾ
ਵਿਸ਼ਾ ਹੋਰ ਵੀ ਖਾਸ ਧਿਆਨ ਮੰਗਦਾ ਹੈ। ਸਿੱਖੀ ਸੰਭਾਲ ਵਾਲੇ ਅਜੋਕੇ ਨਾਕਸ ਹਾਲਾਤ `ਚ ਸਿੱਖ ਲਹਿਰ ਵੀ
ਰਵੇਗੀ ਕਿਹੜੀ ਤੇ ਪਣਪੇਗੀ ਕਿੱਥੋਂ?
ਸਿੱਖ ਧਰਮ ਤਾਂ ਹੈ ਹੀ ਸਮਾਜਿਕ ਧਰਮ-
ਅਰੰਭ `ਚ ਭਲੀ ਪ੍ਰਕਾਰ ਦੇਖ ਆਏ ਹਾਂ ਕਿ ਸਿੱਖ ਧਰਮ, ਆਪਣੇ ਆਪ `ਚ ਸੰਸਾਰ ਦਾ ਇਕੋ ਇੱਕ ਅਜਿਹਾ ਧਰਮ
ਹੈ ਜਿਹੜਾ ਮੂਲ ਰੂਪ `ਚ, ਗੁਰਬਾਣੀ ਰਾਹੀਂ ਕੇਵਲ ਤੇ ਕੇਵਲ ਅਕਾਲਪੁਰਖ ਦੀ ਬੇਅੰਤਤਾ ਦੇ ਦਰਸ਼ਨ
ਕਰਵਾਉਂਦਾ ਹੈ। ਕਰਤੇ ਦੀ ਬੇਅੰਤ ਰਚਨਾ `ਚੋਂ ਹੀ, ਪ੍ਰਭੂ ਦੀ ਵਿਆਪਕਤਾ ਦੀ ਪਛਾਣ ਕਰਵਾ ਕੇ ਮਨੁੱਖੀ
ਬਰਾਬਰੀ, ਸਮਾਨਤਾ ਤੇ ਭਾਈਚਾਰੇ ਦਾ ਮੁਦੱਈ ਧਰਮ ਸਾਬਤ ਹੁੰਦਾ ਹੈ। ਲੋਕਾਈ ਦੀ ਸੇਵਾ ਤੇ ਸਿਮਰਨ,
ਇਸ ਧਰਮ ਦੀ ਅਸਲ ਪਛਾਣ ਹਨ ਪਰ ਉਹ ਵੀ ਤਾਂ ਜੇਕਰ ਸੇਵਾ ਤੇ ਸਿਮਰਨ ਵੀ ਗੁਰਬਾਣੀ
ਆਦੇਸ਼ਾਂ ਅਨੁਸਾਰ ਹੋਣ। ਵਧੇਰੇ ਸਮਝਣ ਦਾ ਵਿਸ਼ਾ ਹੈ ਸਿੱਖ ਧਰਮ ਦੀਆਂ ਜੜ੍ਹਾਂ ਹੀ ਸਮੁੱਚੀ ਮਾਨਵਤਾ
`ਚ ਹਨ। ਮਾਨਵਤਾ ਤੋ ਕੱਟ ਕੇ ਅਤੇ ਅਕਾਲਪੁਰਖ ਤੋਂ ਟੁੱਟ ਕੇ, ਸਾਡਾ ਅਜੋਕਾ ਮਨਮੱਤੀ ਜੀਵਨ ਹੀ
ਅਜੋਕੀ ਪੰਥਕ ਅਧੋਗਤੀ ਦਾ ਮੂਲ ਕਾਰਨ ਹੈ। ਇਹ ਵੀ ਧਿਆਨ ਦੇਣਾ ਹੈ ਕਿ ਸਿੱਖ ਧਰਮ ਦੀ ਹਰਿਆਵਲ ਦਾ
ਮੂਲ, ਕਰਤੇ ਦੀ ਸਿਫ਼ਤ ਸਲਾਹ (ਨਾਮ) ਅਤੇ ਗੁਰਬਾਣੀ ਜੀਵਨ-ਜਾਚ ਤੋਂ ਪੈਦਾ ਹੋਇਆ, ‘ਸੇਵਾ ਤੇ
ਸਿਮਰਨ’ ਹੀ ਹੈ ਜਿਹੜਾ ਕਿ ਸਾਡੇ ਅਜੋਕੇ ਘੜੇ ਹੋਏ ਬ੍ਰਾਹਮਣੀ ਅਥਵਾ ਅਨਮੱਤੀ ਅਰਥਾਂ ਵਾਲੇ
‘ਸੇਵਾ-ਸਿਮਰਨ’ ਤੇ ‘ਨਾਮ’ `ਚੋਂ ਕਦੇ ਵੀ ਨਹੀਂ ਮਿਲ ਸਕਦਾ।
ਗੁਰਦੇਵ ਨੇ ੨੩੯
ਵਰ੍ਹੇ ਲਗਾ ਕੇ ਅਤੇ ਦਸ ਜਾਮੇਂ ਧਾਰਨ ਕਰ ਕੇ
ਇਸ ਧਰਮ ਨੂੰ ਸਦੀਵੀ ਸਮਾਜਿਕ ਲਹਿਰ ਬਣਾਇਆ ਸੀ। ਉਸ `ਚ ਉਸ ਸਮੇਂ ਸਮੁਚੇ ਮਨੁੱਖ ਸਮਾਜ ਦੀਆਂ ਸਮੂਹ
ਲੋੜਾਂ, ਸਮਸਿਆਵਾਂ ਦਾ ਹੱਲ ਕੇਵਲ ਸਿੱਖ ਧਰਮ ਹੀ ਸੀ। ਦਸਵੇਂ ਪਾਤਸ਼ਾਹ ਦੇ ਸਮੇਂ ਤੋਂ ਵੀ ਕਾਫ਼ੀ
ਸਮਾਂ ਬਾਅਦ ਤੀਕ ਇਸ ਦੇ ਭਰਵੇਂ ਸਬੂਤ ਮਿਲਦੇ ਹਨ ਕਿ ਸਿੱਖ ਧਰਮ, ਲੋਕ-ਲਹਿਰ ਤੇ ਸਮੁਚੀ ਮਾਨਵਤਾ ਦੀ
ਵੱਡੀ ਲੋੜ ਬਣ ਕੇ ਉਭਰਿਆ ਸੀ। ਵਿਅਕਤੀ ਤੋਂ ਲੈ ਕੇ ਪ੍ਰਵਾਰ, ਸਮਾਜ, ਦੇਸ਼ ਤੇ ਸਮੁਚੀ ਮਾਨਵਤਾ ਦੀਆਂ
ਲੋੜਾਂ, ਔਕੜਾਂ ਸਮੱਸਿਆਵਾਂ ਦਾ ਹੱਲ ਕੇਵਲ ਸਿੱਖ ਧਰਮ ਹੀ ਸੀ। ਵਿਸ਼ੇ ਨੂੰ ਸਮਝਣ ਲਈ ਕੁੱਝ ਮਿਸਾਲਾਂ
ਇਸਤਰ੍ਹਾਂ ਹਨ:-
# ਔੜਾਂ, ਕਾਲਾਂ, ਮਹਾਂਮਾਰੀਆਂ ਆਦਿ ਸਮੇਂ ਕੇਵਲ ਸਿੱਖ ਹੀ ਨਿੱਤਰਿਆ;
ਨਿਤਾਨਿਆਂ, ਮਜ਼ਲੂਮਾਂ ਵੱਲੋਂ ਹੋ ਕੇ ਲੜਿਆ ਤੇ ਜ਼ੋਰਾਵਰ ਜ਼ਾਲਮਾਂ ਨਾਲ ਟੱਕਰ ਲਈ ਤੇ ਲੋੜ ਪੈਣ `ਤੇ
ਸ਼ਹੀਦੀਆਂ ਤੱਕ ਵੀ ਦੇ ਦਿੱਤੀਆਂ। ਨੌਵੇਂ ਪਾਤਸ਼ਾਹ ਦੀ ਸਹਾਦਤ ਦਾ ਮੂਲ ਹੀ ਅਣਧਰਮੀ ਮਜ਼ਲੂਮਾਂ ਦੀ
ਰਾਖੀ ਕਰਣਾ ਸੀ। ਉਪ੍ਰੰਤ ਗੁਰੂ ਕੇ ਸਿੱਖਾਂ ਵਿੱਚੋਂ ਕੇਵਲ ਮਿਸਾਲ ਵੱਜੋਂ ਹੀ ਸਹੀ ਪਰ ਭਾਈ ਤਾਰੂ
ਸਿੰਘ ਜੀ ਦੀ ਸ਼ਹੀਦੀ ਦਾ ਮੂਲ ਕਾਰਨ ਵੀ ਮਜ਼ਲੂਮ ਬਲਕਿ ਉਹ ਵੀ ਕਿਸੇ ਮੁਸਲਮਾਨ ਬੱਚੀ ਦੀ ਰਾਖੀ ਤੇ
ਜ਼ਾਲਮਾਂ ਦਾ ਵਿਰੋਧ ਹੀ ਸੀ।
# ਬਿਨਾ ਵਿਤਕਰਾ ਕੋਈ ਗ਼ਰੀਬ ਜਾਂ ਅਪਾਹਜ ਰਾਤ ਨੂੰ ਭੁੱਖਾ ਨਾ ਸੋਵੇਂ,
ਬਿਨਾ ਅਰਭੰਕ ਇਲਾਜ ਕੋਈ ਨਾ ਰਵੇ, ਕੋਈ ਪਾਲੇ `ਚ ਨ ਠੱਰੇ, ਮੁਢਲੀ ਪੰਜਾਬੀ ਤੇ ਗੁਰਮੱਤ ਵਿੱਦਿਆ
ਹਰੇਕ ਨੂੰ ਮਿਲੇ; ਇਸ ਸਾਰੇ ਦਾ ਸਦੀਵੀ ਹੱਲ ਗੁਰਦੇਵ ਨੇ ਧਰਮਸ਼ਾਲਾਵਾਂ ਅਥਵਾ ਗੁਰਦੁਆਰਿਆਂ ਰਾਹੀਂ
ਹੀ ਕੀਤਾ ਹੋਇਆ ਸੀ।
# ਧਰਮ ਦੇ ਨਾਮ ਹੇਠ ਹੋ ਰਹੀ ਲੁੱਟ ਖੋਹ ਤੇ ਉਸ ਤੋਂ ਪੈਦਾ ਹੋਈ
ਸੜਾਂਦ, ਜਿਵੇਂ ਇਕੋ ਇੱਕ ਕਰਤੇ ਨੂੰ ਵਿਸਾਰ ਕੇ ਅਨੇਕਾਂ ਦੀ ਪੂਜਾ: ਫਿਰ ਉਨ੍ਹਾਂ ਪੂਜਾਵਾਂ ਤੋਂ
ਪੈਦਾ ਹੋਈਆਂ ਜਾਤਾਂ-ਪਾਤਾਂ, ਵਰਣ-ਵੰਡ, ਛੂਆ-ਛੂਤ, ਥਿੱਤ-ਵਾਰ-ਮਹੂਰਤ, ਵਹਿਮ-ਭਰਮ, ਸਗਨ-ਰੀਤਾਂ,
ਸੁੱਖਨਾਂ, ਹਠ ਕਰਮ-ਬਲੀਆਂ, ਟੂਣੇ-ਪ੍ਰਛਾਵੇਂ ਆਦਿ ਅਨੇਕਾਂ ਸਮਾਜਕ ਬੁਰਾਈਆਂ ਦਾ ਹੱਲ, ਗੁਰਬਾਣੀ
ਵਾਲਾ ਅੰਮ੍ਰਿਤ ਰਸ ਗੁਰਦੇਵ ਨੇ, ਗੁਰਬਾਣੀ ਜੀਵਨ ਵਾਲੇ ਪ੍ਰਚਾਰਕਾਂ ਰਾਹੀਂ ਬਿਨਾ ਵਿਤਕਰਾ ਸਮੁਚੇ
ਮਨੁੱਖ ਸਮਾਜ ਨੂੰ ਵੰਡਿਆ।
# ਇਸਤ੍ਰੀ ਜਾਤ ਨਾਲ ਵਿਤਕਰਾ, ਨਸ਼ਿਆਂ ਦੀ ਲਾਹਨਤ ਤੋਂ ਛੁਟਕਾਰਾ,
ਵਿਧਵਾ ਆਡੰਬਰ, ਸਤੀ, ਦੇਵਦਾਸੀ, ਰਾਮਜ਼ਂਨੀ, ਕੁੜੀ ਮਾਰ ਪ੍ਰਥਾ ਤੇ ਪਰਦਾ ਪ੍ਰਥਾ; ਅਜਿਹੀਆਂ ਸਮਾਜਕ
ਬੁਰਾਈਆਂ ਦਾ ਹੱਲ, ਜੀਵਨ ਵਾਲੇ ਪ੍ਰਚਾਰਕਾਂ ਰਾਹੀਂ ਗੁਰਬਾਣੀ ਵਿਚਾਰਧਾਰਾ ਦੀ ਵਰਖਾ `ਚੋਂ ਸਮੁੱਚੀ
ਲੋਕਾਈ ਨੂੰ ਮਿਲਦਾ ਸੀ।
# ‘ਕਿਰਤ ਕਰੋ-ਨਾਮ ਜਪੋ-ਵੰਡ ਛਕੋ’ ਤੇ ‘ਦਸਵੰਧ’ ਦੇ
ਉੱਤਮ ਸਿਧਾਤਾਂ ਰਾਹੀਂ ਸੱਚਾ ਸਾਮਵਾਦ ਸਥਾਪਤ ਕੀਤਾ ਤਾਂ ਉਹ ਵੀ ਗੁਰੂ ਦਰ ਨੇ। ਗੁਰਦੇਵ ਨੇ
ਗੁਰਬਾਣੀ ਤੇ ਆਪਣੀ ਕਰਣੀ ਰਾਹੀਂ ਵੀ ਕੁੱਝ ਹੱਥਾਂ `ਚ ਪੈਸੇ ਦੇ ਸਿਮਟਣ ਵਾਲੀ ਸਮਾਜਿਕ ਬੁਰਾਈ ਨੂੰ
ਵੰਗਾਰਿਆ। ਸਮਾਜ `ਚੋਂ ਮੰਗਤਾ-ਭਿਖਾਰੀ ਆਦਿ ਪ੍ਰਥਾ ਨੂੰ ਖਤਮ ਕਰਣ ਵੱਲ ਇਹ ਵੱਡੇ ਕਦਮ ਸਨ। ਸਿੱਖ
ਧਰਮ ਦੀ ਅਜੋਕੀ ਨਿੱਘਰ ਚੁੱਕੀ ਹਾਲਤ ਦੇ ਬਾਵਜੂਦ, ਅੱਜ ਵੀ ਸਿੱਖਾਂ `ਚੋਂ ਮੰਗਤੇ ਨਾ ਦੇ ਬਰਾਬਰ ਹੀ
ਨਜ਼ਰ ਆਉਣੇ, ਇਹ ਸਭ ਇਸੇ ਦਾ ਨਤੀਜਾ ਹਨ।
# ਬਿਨਾ ਵਿਤਕਰਾ ਸੰਗਤ-ਪੰਗਤ-ਸਰੋਵਰ ਵਾਲੀਆਂ ਦੇਣਾ ਸਮਾਜ
ਦੀਆਂ ਸੈਂਕੜੇ ਬੁਰਾਇਆਂ ਜਿਵੇਂ ਊਚ-ਨੀਚ, ਛੂਤ-ਛਾਤ, ਸੁੱਚ-ਭਿੱਟ-ਪ੍ਰਛਾਵੇਂ, ਵਰਣ-ਵੰਡ ਆਦਿ
ਤ੍ਰਾਸਦੀਆਂ ਦਾ ਸਿਧਾ ਹੱਲ ਹਨ।
# ਰਜ਼ਾ ਭਾਣੇ ਵਾਲਾ ਜੀਵਨ ਹੀ, ਮਨੁੱਖਾ ਜੀਵਨ ਅੰਦਰ ਅਨੇਕਾਂ ਰਬੀ
ਗੁਣਾਂ ਨੂੰ ਜਨਮ ਦੇਣ ਵਾਲਾ ਹੈ। ਇਸ ਦੇ ਨਾਲ ਹੀ ਮਨੁੱਖ ਨੂੰ ਤ੍ਰਿਸ਼ਨਾ, ਮੰਗਾਂ, ਭਟਕਣਾ, ਵਿਕਾਰਾਂ
ਤੋਂ ਛੁਟਕਾਰਾ ਦੁਆ ਕੇ ਉਸ ਦੇ ਜੀਵਨ ਨੂੰ ਮਾਨਸਿਕ ਸ਼ਾਂਤੀ ਤੇ ਟਿਕਾਅ ਵਾਲਾ ਬਨਾਉਣ ਲਈ ਇਕੋ ਇੱਕ
ਅਤੇ ਨਿਵੇਕਲਾ ਢੰਗ ਹੈ। ਉਪ੍ਰੰਤ ਇਸੇ ਤਰ੍ਹਾਂ ਹੋਰ ਵੀ ਬਹੁਤ ਕੁਝ।
ਕਦੇ ਸੰਸਾਰ ਤਲ ਦਾ ਧਰਮ ਸੀ ਸਿੱਖ ਧਰਮ ਪਰ ਅੱਜ? - ਉਪ੍ਰੋਕਤ
ਸਾਰੀਆਂ ਲੋੜਾਂ ਸੰਸਾਰ ਤਲ ਦੀਆਂ ਹਨ ਨਾ ਕਿ ਇਕੱਲੇ ਸਿੱਖ ਵਰਗ ਦੀਆਂ। ਗੁਰੂ ਨਾਨਕ ਮੱਤ ਨੇ ਤਾਂ
ਸੰਸਾਰ `ਚੋਂ ਅਜਿਹੀਆਂ ਬੁਰਾਈਆਂ ਨੂੰ ਖਤਮ ਕਰਣਾ ਸੀ। ਇਸ ਤਰ੍ਹਾਂ ਇਥੇ ਉਨ੍ਹਾਂ ਬਾਰੇ ਕੇਵਲ ਕੁੱਝ
ਇਸ਼ਾਰੇ ਦੇਣ ਦਾ ਮਕਸਦ, ਇਹ ਸਾਬਤ ਕਰਣਾ ਹੈ ਕਿ ਗੁਰੂ ਨਾਨਕ ਸਾਹਿਬ ਰਾਹੀਂ ਮਨੁੱਖ ਮਾਤਰ ਲਈ ੨੩੯
ਸਾਲ ਲਗਾ ਕੇ ਅਤੇ ਦੂਰ ਦਰਾਜ਼ ਦੇ ਪ੍ਰਚਾਰਕ ਗੇੜੇ ਕੱਟ ਕੇ ਪ੍ਰਗਟ ਕੀਤਾ ਧਰਮ, ਆਪਣੇ ਆਪ `ਚ
ਅਜਿਹੀ ਵੱਡੀ ਲੋਕ ਲਹਿਰ
ਸੀ ਜਿਹੜੀ ਕਿ ਸਦੀਵ ਕਾਲ ਲਈ ਸੀ। ਸਿੱਖ ਤਾਂ ਕੇਵਲ ਇਸ ਲਹਿਰ `ਚ ਸ਼ਾਮਲ ਹੋਣ ਲਈ, ਨਿਯਮ-ਪੂਰਵਕ
ਕੇਸਾਧਾਰੀ (ਰੱਬੀ ਸਰੂਪ) `ਚ ਆ ਕੇ ਗੁਰੂ-ਗੁਰਬਾਣੀ ਮਾਰਗ `ਤੇ ਚਲਣ ਵਾਲਿਆਂ ਦਾ ਟੋਲਾ ਹੀ ਸੀ। “ਸਿੱਖ
ਦਾ ਮਤਲਬ ਹੀ ‘ਗੁਰਬਾਣੀ ਗੁਰੂ’ ਦੀ ਸਿੱਖਿਆ `ਤੇ ਚੱਲਣ ਵਾਲਾ ਮਨੁੱਖ ਹੈ”।
ਸਮੇਂ ਨਾਲ ਇਸ ‘ਲਹਿਰ’ ਨੇ ਵੱਡਾ ਜ਼ੋਰ ਵੀ ਪਕੜਿਆ। ਗੁਰੂ ਦਰ ਦੇ ਹਮਦਰਦਾਂ ਤੇ ਸ਼੍ਰਧਾਲੂਆਂ `ਚ
ਦਿਨ-ਰਾਤ ਵਾਧਾ ਹੋ ਰਿਹਾ ਸੀ ਤੇ ਇਹ ਵਾਧਾ ਹੀ ਅਨੇਕਾਂ ਦੇ ਸਿੱਖ ਧਰਮ `ਚ ਪ੍ਰਵੇਸ਼ ਲਈ ਅਗਲਾ ਪੜਾਅ
ਵੀ ਹੁੰਦਾ ਸੀ।
ਅਜੋਕਾ ਸਿੱਖ ਧਰਮ, ਸਿੱਖੀ ਦੀ ਖੁਸ਼ਬੂ ਤੋਂ ਖਾਲੀ ਕਿਉਂ?
-ਕੀ
ਅੱਜ ਦਾ ਸਿੱਖ ਧਰਮ ਉਹੀ ਸਿੱਖ ਧਰਮ ਹੈ ਜਿਸਨੂੰ ਦਸ ਪਾਤਸ਼ਾਹੀਆਂ ਨੇ ਸੰਸਾਰ ਤਲ `ਤੇ ਪ੍ਰਗਟ ਕੀਤਾ
ਸੀ? ਉਸ ਦੇ ਉਲਟ ਅੱਜ ਸਾਡੀ ਕੀ ਹਾਲਤ ਹੈ? ਅਸਾਂ ਆਪਣੀ ਨਾਸਮਝੀ ਕਾਰਨ ਸਿੱਖ ਧਰਮ ਦੀ ਇਸ ਮਹਾਨ ਲੋਕ
ਲਹਿਰ ਨੂੰ ਵੀ, ਵਾਧੂ ਦਾ ਧਰਮ ਬਣਾ ਦਿੱਤਾ ਹੈ। ਚੇਤੇ ਰਹੇ! ਸਿੱਖ ਧਰਮ, ਦੂਜੇ ਧਰਮਾਂ ਦੀ ਗਿਣਤੀ
`ਚ ਵਾਧਾ ਕਰਣ ਲਈ, ਇੱਕ ਹੋਰ ਧਰਮ ਨਹੀਂ ਸੀ ਬਲਕਿ ਸਮੁਚੀ ਮਾਨਵਤਾ ਦੀ ਸੰਭਾਲ ਤੇ ਅਗਵਾਈ ਦਾ
ਸੰਪੂਰਨ ਹੱਲ, ਸੁਖੀ ਜੀਵਨ ਦੀ ਪਛਾਣ ਤੇ ਮਾਡਲ ਧਰਮ ਸੀ ‘ਸਿੱਖ ਧਰਮ’। ਦੂਜਿਆਂ ਨੂੰ ਅਸਾਂ ਕੀ ਖਿੱਚ
ਪਾਉਣੀ ਸੀ, ਕੁੱਝ ਪੁਸ਼ਤਾਂ ਪਹਿਲਾਂ ਜਿਨ੍ਹਾਂ ਨੇ ਝੋਲੀਆਂ ਟੱਡ ਕੇ, ਸਿੱਖ ਧਰਮ `ਚ ਪ੍ਰਵੇਸ਼ ਕੀਤਾ
ਸੀ, ਅੱਜ ਉਨ੍ਹਾਂ ਦੀਆਂ ਔਲਾਦਾਂ ਨੂੰ ਵੀ ਸਿੱਖੀ ਦਾਇਰੇ `ਚੋਂ ਕੱਢੀ ਜਾ ਰਹੇ ਹਾਂ। ਅੱਜ ਸਿੱਖ ਧਰਮ
ਕੇਵਲ ਗੁਰਦੁਆਰਿਆਂ `ਚ ਹੀ ਸਿਮਟ ਕੇ ਰਹਿ ਚੁੱਕਾ ਹੈ। ਉਪ੍ਰੰਤ ਗੁਰਦੁਆਰੇ ਵੀ ਸਿੱਖਾਂ ਤੋਂ ਖਾਲੀ
ਪਏ ਹਨ। ਗੁਰਦੁਆਰਿਆਂ `ਚੋਂ ਵੀ ਸਿੱਖੀ ਜੀਵਨ ਦੀ ਖੁਸ਼ਬੂ ਨਹੀਂ ਆ ਰਹੀ, ਸਮਾਜਿਕ ਜੀਵਨ ਤੇ ਸਿੱਖ
ਲਹਿਰ ਦੀ ਤਾਂ ਗੱਲ ਹੀ ਦੂਰ ਹੈ।
ਆਪਣੇ ਅਜੋਕੇ ਸਿੱਖੀ ਕਿਰਦਾਰ ਰਾਹੀਂ ਅਸਾਂ- ਦੂਜਿਆਂ
ਨੂੰ ਤਾਂ ਸਿੱਖ ਧਰਮ ਦੇ ਨੇੜੇ ਕੀ ਲਿਆਉਣਾ ਸੀ। ਜਦਕਿ ਸਿੱਖ ਦੇ ਪੜੌਸ `ਚ, ਦੂਜੇ ਸਿੱਖ ਦਾ ਬੱਚਾ
ਵੀ ਜੇਕਰ ਭੁੱਖ-ਨੰਗ ਨਾਲ ਤੜਫ ਰਿਹਾ ਹੈ, ਤਾਂ ਉਸ ਦੀ ਹਮਦਰਦੀ `ਚ ਪਹਿਲੇ ਨੂੰ ਉੱਕਾ ਚਾਅ ਨਹੀਂ।
ਸਮਾਜਕ ਧਰਮ ਦੇ ਮੁਦੱਈਆਂ ਦੇ ਆਪਣੇ ਹੀ ਬੱਚੇ-ਮਾਇਕ ਥੁੜ ਕਾਰਨ ਉੱਚ ਵਿੱਦਿਆ ਤੋਂ ਵਾਂਝੇ ਹਨ, ਕਿਸੇ
ਨੂੰ ਆਪਣੇ ਬੱਚੇ ਜਾਂ ਬੱਚੀ ਦੇ ਅਨੰਦ ਕਾਰਜ ਲਈ ਲਾਲੇ ਪਏ ਹੋਏ ਹਨ। ਬਲਕਿ ਬੱਚੇ-ਬੱਚੀ ਦਾ ਰਿਸ਼ਤਾ
ਢੂੰਡਣਾ ਹੈ, ਪੰਥ ਪਾਸ ਪ੍ਰਬੰਧ ਨਹੀਂ। ਆਪਣੀਆਂ ਹੀ ਨੂਹਾਂ-ਪਤਨੀਆਂ ਨਾਲ ਸਿੱਖੀ ਸਰੂਪ ਵਾਲੇ ਧੱਕਾ
ਕਰ ਰਹੇ ਹਨ, ਕੋਈ ਹੌਕਾ ਭਰਣ ਵਾਲਾ ਨਹੀਂ। ਸ਼ਾਦੀ-ਸ਼ੁਦਾ ਬੱਚੀਆਂ ਵਾਪਿਸ ਪੇਕੇ ਘਰ ਬੈਠੀਆਂ ਹਨ, ਕੋਈ
ਹਾਅ ਦਾ ਨਾਰ੍ਹਾ ਮਾਰਣ ਵਾਲਾ ਨਹੀਂ।
ਕੌਮ ਕੋਲ ਕੁੱਝ ਉਪਰਾਲਾ ਨਹੀਂ ਕਿ ਘਟੋਘਟ ਸਿੱਖ ਬੱਚੇ ਬੱਚੀਆਂ ਨੂੰ ਹੀ ਕੋਈ
ਰੁਜ਼ਗ਼ਾਰ ਪ੍ਰਦਾਨ ਕਰਵਾ ਸਕੇ। ਉਨ੍ਹਾਂ ਅੰਦਰ ਟੈਕਨੀਕਲ, ਖੇਤੀਬਾੜੀ, ਇਡੰਸਟਰੀਅਲ,
IAS, IFS
ਆਦਿ ਦੀ ਟ੍ਰੇਨਿੰਗਾਂ ਦੇ ਪ੍ਰਬੰਧ ਕੀਤੇ
ਜਾਣ। ਹੋਰ ਤਾਂ ਹੋਰ ਘਟੋਘਟ ਉਨ੍ਹਾਂ ਦੀ ਅਕੇਡੈਬਿਕ ਪੜ੍ਹਾਈ ਕਰਵਾਈ ਜਾ ਸਕੇ। ਇਹ ਵੀ ਕਿ ਉਨ੍ਹਾਂ
ਨੂੰ ਆਪਣੀਆਂ ਰੋਟੀ-ਕਪੜਾ-ਮਕਾਨ ਵਲੀਆਂ ਮੂਲ ਲੋੜਾਂ ਕਾਰਨ ਗ਼ਲਤ ਹੱਥਾਂ `ਚ ਪੈ ਕੇ ਸਿੱਖੀ ਨੂੰ
ਤਿਲਾਂਜਲੀ ਤੇ ਨਾ ਦੇਣੀ ਪਵੇ।
ਅਜਿਹੀ ਪ੍ਰੇਰਣਾ ਚੰਗੀ ਹੈ ਕਿ ‘ਕੇਸਾਂ ਦੀ ਸੰਭਾਲ ਕਰੋ, ਖੰਡੇ ਬਾਟੇ
ਦੀ ਪਾਹੁਲ ਲਵੋ, ਗੁਰਦੁਆਰੇ ਜਾਵੋ…. ਪਰ ਇਮਾਨਦਾਰੀ ਨਾਲ ਸਿੱਖੀ ਕਿਰਦਾਰ ਰਾਹੀਂ ਸਿੱਖੀ ਨੂੰ
ਬਚਾਉਣਾ ਹੈ ਤਾਂ ਸਾਨੂੰ ਸਿੱਖ ਧਰਮ ਦੇ ਮੂਲ ਸਰੂਪ ਨੂੰ ਨਿਰੋਲ ਗੁਰਬਾਣੀ `ਚੋਂ ਹੀ ਸਮਝਣਾ
ਪਵੇਗਾ। ਗੁਰਬਾਣੀ ਦੀ ਰੋਸ਼ਨੀ `ਚ ਲੋਕਾਈ ਨੂੰ ਲਿਆਉਣ ਲਈ, ਪਹਿਲਾਂ ਸਾਨੂੰ ਆਪ ਗੁਰਬਾਣੀ ਦੀ ਰੋਸ਼ਨੀ
`ਚ ਆਉਣ ਦੀ ਲੋੜ ਹੈ।
ਅਜੋਕੀ ਪੰਥਕ ਅਧੋਗਤੀ ਬਨਾਮ ਅਜੋਕਾ ਸਿੱਖ ਧਰਮ? - ਜਿਹੜੀ
ਕੌਮ ਅੱਜ ਆਪ ਜਾਤਾਂ-ਪਾਤਾਂ, ਛੂਆ-ਛੂਤ, ਰਵੀਦਾਸੀਆਂ, ਮਜ਼੍ਹਬੀਆਂ, ਜੱਟ-ਭਾਪੇ ਆਦਿ ਦੀਆਂ ਵੰਡੀਆਂ
`ਚ ਪਈ ਹੋਈ ਹੈ। ਇਹੀ ਨਹੀਂ ਉਸ ਦੇ ਨਾਲ ਨਾਲ ਇਹ ਵਹਿਮਾਂ-ਭਰਮਾਂ, ਟੂਣਿਆਂ-ਪ੍ਰਛਾਵਿਆਂ,
ਥਿੱਤਾਂ-ਵਾਰਾਂ, ਸੰਗ੍ਰਾਂਦਾਂ-ਮੱਸਿਆਵਾਂ -ਪੂਰਨਮਾਸ਼ੀਆਂ, ਸਰਾਧਾਂ-ਨੌਰਾਤਿਆਂ, ਮੰਗਲਾਂ-ਸਨੀਚਰਾਂ
ਆਦਿ `ਚ ਡੁੱਬੀ ਹੋਈ ਸਿੱਖ ਕੌਮ, ਸੰਸਾਰ ਨੂੰ ਸਿੱਖੀ ਵਾਲੇ ਸੁਅੱਛ ਸਮਾਜ ਦੀ ਤਸਵੀਰ ਕਿਵੇਂ ਪੇਸ਼ ਕਰ
ਸਕਦੀ ਹੈ? ਕਬਰਾਂ ਤੇ ਦੀਵੇ ਬਾਲ ਰਹੇ ਤੇ ਸ਼ਰਾਬ ਦੇ ਨਸ਼ੇ `ਚ ਡੁੱਬੇ ਪਏ ਹਨ ਤੇ ਉਹ ਵੀ ਸਿੱਖੀ ਸਰੂਪ
`ਚ। ਆਪਣੀਆਂ ਹੀ ਦਾੜ੍ਹੀਆਂ, ਕੇਸਾਂ, ਭਰਵਟਿਆਂ `ਤੇ ਕੈਂਚੀ ਫੇਰਣ-ਫਿਰਵਾਉਣ ਵਾਲੇ ਤੇ ਨਾਈਆਂ ਦੇ
ਧੱਕੇ ਖਾ ਰਹੇ ਹਨ ਤਾਂ ਅਖੌਤੀ ਸਿੱਖ। ਉਪ੍ਰੰਤ ਦੰਭੀ ਪਾਖੰਡੀ ਬਾਬਿਆਂ-ਗੁਰੂਆਂ ਪਾਸ ਜੋ ਕੱਤਾਰਾਂ
ਲਗੀਆਂ ਹਨ ਤਾਂ ਉਹ ਵੀ ਅਜਿਹੇ ਹੀ ਸਿੱਖਾਂ ਦੀਆਂ। ਇਸ ਤਰ੍ਹ੍ਹਾਂ ਆਖਿਰ ਸਿੱਖ ਧਰਮ ਨੂੰ ਅੱਜ ਅਸੀਂ
ਸੰਸਾਰ ਸਾਹਮਣੇ ਕਿਸ ਰੂਪ `ਚ ਪੇਸ਼ ਕਰ ਰਹੇ ਹਾਂ? ਕੀ ਸਿੱਖ ਧਰਮ ਦੀ ਅਜੋਕੀ ਅਧੋਗਤੀ ਦੇ ਆਪਣੇ ਆਪ
`ਚ ਅਜਿਹੇ ਹੋਰ ਵੀ ਬਹੁਤ ਵੱਡੇ ਵੱਡੇ ਕਾਰਨ ਨਹੀਂ ਹਨ?
ਪ੍ਰਬੰਧਕ, ਸੰਗਤਾਂ ਤੇ ਧੜੇਬੰਦੀਆਂ? - ਅੱਜ
ਸਿੱਖਾਂ ਦੀ ਵੱਡੀ ਤਾਕਤ ਗੁਰਦੁਆਰਾ ਕਮੇਟੀਆਂ ਹੀ ਹਨ ਪਰ ਕੱਟੀ ਪਤੰਗ ਵਾਂਙ ਸਿੱਖ ਸੰਗਤਾਂ ਵਿਚਾਲੇ
ਉਨ੍ਹਾਂ ਦੀ ਸਾਖ ਤੇ ਪੁੱਛ ਵੀ ਬਾਕੀ ਨਹੀਂ। ਬਹੁਤੇ ਇਲਾਕਿਆਂ `ਚ ਜਾ ਕੇ ਸੰਗਤਾਂ `ਚੋਂ ਪਤਾ ਕਰੋ
ਤਾਂ ੯੦% ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਇਲਾਕੇ ਦੇ ਗੁਰਦੁਆਰੇ ਦਾ ਪ੍ਰਧਾਨ ਕੌਣ ਹੈ ਤੇ
ਸਕਤ੍ਰ ਕੌਣ? ਇਨਾਂ ਹੀ ਨਹੀਂ, ਇਲਾਕੇ `ਚ ਕਿਸੇ ਸਿੱਖ ਪ੍ਰਵਾਰ ਨਾਲ ਕੀ ਵਾਪਰ ਰਹੀ ਹੈ, ਕਿਸੇ
ਪ੍ਰਬੰਧਕ ਨੂੰ ਇਸ ਦਾ ਪਤਾ ਨਹੀਂ ਹੁੰਦਾ। ਇਨ੍ਹਾਂ ਕਮੇਟੀਆਂ ਦੀ ਬਹੁਤਾ ਕਰ ਕੇ ਆਪਣੀ ਹਾਲਤ ਇਹ ਹੈ
ਕਿ ਕਹਿਣ ਨੂੰ ਤਾਂ ਉਥੇ ੨੧-੩੧-੫੧ ਦੀ ਕੌਂਸਲ ਹੁੰਦੀ ਹੈ; ਪਰ ਲੋੜ ਸਕਤ੍ਰ ਦੀ ਵੀ ਨਹੀਂ ਹੁੰਦੀ;
ਕੰਮ ਇਕੱਲੇ ਪ੍ਰਧਾਨ ਤੱਕ ਹੀ ਸਿਮਟਿਆ ਹੁੰਦਾ ਹੈ।
ਜਦੋਂ ਸਿੱਖੀ ਦਾ ਮੂਲ ਸਰੂਪ ਹੀ ਸਾਨੂੰ ਭੁੱਲ ਚੁੱਕਾ ਹੈ ਤਾਂ ਗੁਰਦੁਆਰਿਆਂ
ਦਾ ਕੰਮ ਬਾਕੀ ਰਹਿ ਵੀ ਕੀ ਜਾਂਦਾ ਹੈ? ਇਥੇ ਤਾਂ ਇਹੀ ਕੰਮ ਹੁੰਦਾ ਹੈ ਕਿ ਔਖੇ-ਸੌਖੇ ਗੁਰਪੁਰਬ ਮਨਾ
ਕੇ ਰਵਾਇਤ ਪੂਰੀ ਕਰ ਲੈਣੀ, ਸੰਗਮਰਮਰ ਦੀਆਂ ਇਮਾਰਤਾਂ ਖੜੀਆਂ ਕਰ ਲੈਣੀਆਂ ਜਾਂ ਥੋੜ੍ਹਾ ਬਹੁਤ ਨਿੱਤ
ਦਾ ਕੰਮ ਚਲਾ ਲੈਣਾ। ਇਨੇਂ ‘ਵੱਡੇ’ ਕੰਮ ਲਈ
21-31-51
ਬੰਦਿਆਂ ਦੀ ਕਮੇਟੀ ਨੂੰ ਕਰਣਾ ਵੀ ਕੀ ਹੁੰਦਾ ਹੈ? ਜਦਕਿ ਉਹ ਕੰਮ ਵੀ ਬਹੁਤਾ ਕਰਕੇ ਭਾਈ ਸਾਹਿਬ ਹੀ
ਚਲਾ ਲੈਂਦੇ ਹਨ। ਇਸ ਲਈ ਉਥੇ ਤਾਂ ਸਕਤ੍ਰ/ ਪ੍ਰਧਾਨ ਵੀ ਕੇਵਲ ਚੌਧਰ. . ।
ਸਪਸ਼ਟ ਹੈ ਕਿ ਇਸ ਤਰ੍ਹਾਂ ਮੁੜ ਤੁੜ ਕੇ ਪ੍ਰਧਾਨ-ਸਕਤ੍ਰ ਭਾਵ ਦੋ ਔਹੁਦੇ ਹੀ
ਰਹਿ ਜਾਂਦੇ ਹਨ, ਜਿਨ੍ਹਾਂ ਦੀ ਕੁੱਝ ਪੁਛ ਹੁੰਦੀ ਹੈ। ਹੁਣ ਹਿਸਾਬ ਲਗਾਵੋ ਕਿ ਇਹ ਦੋ ਪਦਵੀਆਂ ਵੀ
ਸਭ ਨੂੰ ਤਾਂ ਮਿਲਣੀਆਂ ਨਹੀਂ ਹੁੰਦਆਂ। ਇਸਤਰ੍ਹਾਂ ਉਸ ੨੧-੩੧-੫੧ ਦੀ ਕੌਂਸਿਲ `ਚੋਂ ਵੀ ਇਹ ਦੋ
ਪਦਵੀਆਂ ਦੋ ਨੂੰ ਹੀ ਮਿਲਣੀਆਂ ਹਨ, ਵਧ ਨੂੰ ਨਹੀਂ। ਬੱਸ, ਇਥੋਂ ਅਰੰਭ ਹੋ ਜਾਂਦੀਆਂ ਹਨ ਸੰਗਤਾਂ
ਵਿਚਾਲੇ ਧੜੇਬੰਦੀਆਂ। ਇਸ ਤੋਂ ਪਹਿਲਾਂ ਪੰਥ ਵਿਚਾਲੇ ਇਨ੍ਹਾਂ ਪੰਥਕ ਪਾਟਕਾਂ, ਪਾਰਟੀ ਬਾਜ਼ੀਆਂ ਦੀ
ਜੜ੍ਹ ਹੁੰਦੀਆਂ ਹਨ ਗੁਰਦੁਆਰਾ ਚੋਣਾਂ। ਫ਼ਿਰ ਰਹਿੰਦੀ ਕਸਰ ਪੂਰੀ ਹੋ ਜਾਂਦੀ ਹੈ ਇਨ੍ਹਾਂ ੨੧-੩੧-੫੧
ਦੀਆਂ ਇਨ੍ਹਾਂ ਕੌਂਸਿਲਾਂ `ਚ ਪੁੱਜ ਕੇ।
ਇਸੇ ਸਾਰੇ ਦਾ ਨਤੀਜਾ, ਇੱਕ ਇਲਾਕੇ ਦੀ ਇੱਕੋ ਇੱਕ ਗੁਰੂ ਕੀ ਸੰਗਤ ਤੇ ਉਹ
ਵੀ ਭਿੰਨ-ਭਿੰਨ ਧੜਿਆਂ ਤੇ ਪਾਰਟੀਆਂ `ਚ ਵੰਡੀ ਜਾਂਦੀ ਹੈ। ਉਪ੍ਰੰਤ ਇਸੇ ਤੋਂ ਜਨਮ ਲੈਂਦੀਆਂ ਹਨ
ਸਿੱਖਾਂ ਵਿਚਾਲੇ ਨਵੀਆਂ ਨਵੀਆਂ ਦੁਸ਼ਮਣੀਆਂ। ਪਹਿਲਾਂ ਇਲੈਕਸ਼ਨਾ ਸਮੇਂ ਤੇ ਫ਼ਿਰ ਕੌਂਸਿਲਾਂ `ਚ ਪੁਜ
ਕੇ। ਲੋਕਾਈ ਨੂੰ ਸੱਚ ਦੇ ਨੇੜੇ ਲਿਆਉਣ ਦੇ ਦਾਅਵੇਦਾਰ, ਅੱਜ ਆਪ ਸੱਚ ਤੋਂ ਕੋਹਾਂ ਦੂਰ,
ਗੁੱਟਾਂ-ਧੜਿਆਂ `ਚ ਵੰਡੇ ਪਏ ਹਨ। ਸਿੱਖ, ਸਿੱਖ ਦਾ ਵੈਰੀ ਤੇ ਇੱਕ ਦੂਜੇ ਦੇ ਖੂਨ ਦਾ ਪਿਆਸਾ ਹੋ
ਜਾਂਦਾ ਹੈ, ਆਖ਼ਿਰ ਇਸ ਬਾਰੇ ਕੌਣ ਸੋਚੇਗਾ? ਇਥੋਂ ਵੀ ਅੰਦਾਜ਼ਾ ਲਗਾਂਦੇ ਦੇਰ ਨਹੀਂ ਲਗਣੀ ਚਾਹੀਦੀ ਕਿ
ਸਿੱਖ ਧਰਮ ਦੇ ਵੈਰੀ ਬਹੁਤੇ ਬਾਹਿਰੋਂ ਨਹੀਂ ਆ ਰਹੇ ਬਲਕਿ ਸਿੱਖ ਹੋ ਕੇ ਸਿੱਖੀ ਨਾਲ ਬਹੁਤਾ ਵੈਰ
ਅੱਜ ਅਸੀਂ ਆਪ ਹੀ ਕਮਾ ਰਹੇ ਹਾਂ। ਦੂਜੇ ਲਫ਼ਜ਼ਾਂ `ਚ ਸਿੱਖ ਧਰਮ ਦੀ ਮੌਜੂਦਾ ਅਧੋਗਤੀ ਦਾ ਬਹੁਤਾ
ਕਾਰਨ, ਦੂਜਿਆਂ ਤੋਂ ਵਧ ਅੱਜ ਅਸੀਂ ਆਪ ਹੀ ਹਾਂ।
ਅਜੋਕੀ ਪੰਥਕ ਅਧੋਗਤੀ ਅਤੇ …? -
ਹੁਣ ਤੱਕ ਦੇ ਵੇਰਵੇ ਤੋਂ ਸਪਸ਼ਟ ਹੈ ਕਿ ਅਜੋਕੀ ਪੰਥਕ ਅਧੋਗਤੀ ਦਾ ਮੂਲ ਵੀ ਬਹੁਤਾ ਕਰਕੇ ਮੌਜੂਦਾ
ਗੁਰਦੁਆਰਾ ਪ੍ਰਬੰਧ ਹੀ ਹੈ। ਇਸ ਲਈ ਲੋੜ ਹੈ ਜੇਕਰ ਇਸ ਦੀ ਸੰਭਾਲ ਵੀ ਗੁਰਦੁਆਰਾ ਪਬੰਧ ਵਾਲੇ
ਪਾਸਿਓਂ ਕੀਤੀ ਜਾਵੇ ਤਾਂ ਇਸ ਦਾ ਸੌਖਾ ਹੱਲ ਨਿਕਲ ਸਕਦਾ ਹੈ। ਤਾਂ ਤੇ ਅਜੋਕੇ ਤੇ ਪੂਰੇ ਵਿਗਾੜ ਨੂੰ
ਜੇਕਰ ਪ੍ਰਬੰਧਕੀ ਤਲ `ਤੇ ਹੀ ਘਟੋ ਘਟ ਤਿੰਨ ਪਾਸਿਆਂ ਤੋ ਪਕੜਿਆ ਜਾਵੇ ਤਾਂ ਸ਼ਾਇਦ ਸੰਭਲਿਆ ਵੀ ਜਾ
ਸਕਦਾ ਹੈ ਜਿਵੇਂ:
(੧) ਗੁਰਦੁਆਰਾ ਕਮੇਟੀਆ,
ਗੁਰਦੁਆਰਿਆਂ ਲਈ ਨਮੂਨਾ ਭਾਵ ਮਾਡਲ
(Model)
ਕਮੇਟੀਆਂ ਬਨਣ ਵੱਲ ਕਦਮ ਪੁੱਟਣ। ਸਾਰੇ ਪ੍ਰਬੰਧਕ ਜਨ ਪੂਰਨ ਤੌਰ `ਤੇ ਪਾਹੁਲਧਾਰੀ ਹੋ ਕੇ, ਪ੍ਰਬੰਧ
ਅਧੀਨ ਗੁਰਦੁਆਰਿਆਂ `ਚ ਹਫਤਾਵਾਰੀ ਗੁਰਮੱਤ ਕਲਾਸਾਂ ਚਲਾਉਣ ਤੇ ਮਿਲ ਬੈਠਣ, ਤਾ ਕਿ ਜੋ ਪ੍ਰਬੰਧ
ਉਨ੍ਹਾਂ ਕਰਣਾ ਹੈ, ਗੁਰਬਾਣੀ ਆਸ਼ੇ ਅਨੁਸਾਰ ਉਨ੍ਹਾਂ ਅੰਦਰ ਵੀ ਠੀਕ-ਗਲਤ ਦੀ ਸੋਝੀ ਹੋਵੇ।
ਇਸ ਤੋਂ ਬਾਅਦ ਪ੍ਰਬੰਧਕਾਂ `ਚੋਂ ਹੀ ਕੁੱਝ ਨੁਮਾਇੰਦੇ ਲੈ ਕੇ, ਇਲਾਕੇ ਦੀਆਂ
ਸੰਗਤਾਂ `ਚੋਂ, ਗੁਰਮੱਤ ਸੋਝੀ ਵਾਲੇ ਵੀਰਾਂ, ਬੀਬੀਆਂ ਦੀਆਂ ਉਪ-ਸਮਿਤੀਆਂ ਬਣਾਈਆਂ ਜਾਣ। ਇਹ
ਸਮਿਤੀਆਂ ਹਫਤੇ `ਚ ਇਕ-ਦੋ ਵਾਰੀ, ਨਿਯਮ ਨਾਲ ਸੰਗਤਾਂ ਦੇ ਘਰੋਂ ਘਰੀਂ ਜਾਣ। ਉਨ੍ਹਾਂ ਦੇ
ਨਿੱਜੀ-ਪ੍ਰਵਾਰਕ ਦੁਖ-ਸੁਖ, ਜ਼ਰੂਰਤਾਂ, ਔਕੜਾਂ ਨਾਲ ਸਾਂਝ ਪਾਉਣ। ਇਲਾਕੇ `ਚ ਸਿੱਖ ਬੱਚਿਆਂ ਦੀਆਂ
ਟੈਕਨੀਕਲ ਤੇ ਦੂਜੀਆਂ ਟ੍ਰੇਨਿਗਾਂ ਦੇ ਪ੍ਰਬੰਧ ਕਰਣ। ਉੱਚੀਆਂ ਡਿਗਰਿਆਂ ਤੇ ਵਿਦੇਸ਼ਾਂ `ਚ ਜਾਣ ਦੇ
ਲੋੜਵੰਦ (ਕੇਵਲ ਚਾਹਵਾਨ ਨਹੀਂ) ਬੱਚਿਆਂ ਨੂੰ ਲੋੜੀਂਦਾ ਮਾਇਕ ਤੇ ਦੂਜਾ ਸਹਿਯੋਗ ਦੇਣ। ਇਲਾਕੇ ਦੇ
ਜਿਹੜੇ ਬੱਚੇ ਕੁੱਝ ਮਜਬੂਰੀਆਂ ਕਾਰਨ ਪੜ੍ਹਾਈ ਨਹੀਂ ਕਰ ਪਾ ਰਹੇ, ਉਨ੍ਹਾਂ ਦੀ ਬਾਂਹ ਪਕੜਣ ਤੇ
ਖੇਤ੍ਰੀ ਤਲ `ਤੇ ਹੋਰ ਵੀ ਬਹੁਤ ਕੁਝ।
ਇਸ ਤੋਂ ਬਾਅਦ ਜਿਨ੍ਹਾਂ ਪ੍ਰਵਾਰਾਂ `ਚ ਕਿਸੇ ਕਾਰਨ ਕੁੱਝ ਦਿੱਕਤਾਂ ਹਨ
ਜਿਵੇਂ ਕਿ ਬਾਪ-ਬੇਟੇ, ਪਤੀ-ਪਤਨੀ, ਨੂੰਹ-ਸੱਸ ਵਿਚਾਲੇ ਕੋਈ ਵਿੱਥ ਹੈ ਜਾਂ ਕੋਈ ਹੋਰ ਅਜਿਹਾ
ਪ੍ਰਵਾਰਿਕ ਤੇ ਸਮਾਜਿਕ ਵਿਸ਼ਾਂ ਹੈ ਤਾਂ ਨਿਰਪੱਖ ਰਹਿ ਕੇ ਉਸ ਨੂੰ ਸੁਲਝਾਉਣ `ਚ ਮਦਦ ਕਰਣ। ਇਲਾਕੇ
ਦੇ ਬੱਚਿਆਂ ਲਈ ਵਰ-ਰਿਸ਼ਤੇ ਢੂੰਡਣ `ਚ ਸਾਥ ਦੇਣ। ਇਹ ਵੀ ਵਿਸ਼ੇਸ਼ ਧਿਆਨ ਕਰਣਾ ਹੈ ਕਿ, ਹਰੇਕ
ਉਪ-ਸਮਿਤੀ ਦਾ ਕੰਮ-ਗੁਰਦੁਆਰੇ ਦੇ ਪ੍ਰਧਾਨ/ ਸਕਤ੍ਰ ਦੇ ਅੰਗੂਠੇ ਤੇ ਹੁਕਮ ਦਾ ਮੁਥਾਜ ਨ ਹੋਵੇ।
ਉਨ੍ਹਾਂ ਕਮੇਟੀਆਂ ਦੇ ਕੰਮਾਂ ਦੀ ਸੀਮਾਂ ਤੇ ਸੇਵਾਵਾਂ ਨਿਭਾਉਣ ਲਈ ਉਨ੍ਹਾਂ ਨੂੰ ਪੂਰੀ ਆਜ਼ਾਦੀ
ਹੋੇਵੇ ਤੇ ਕਮਾਂ ਲਈ ਉਨ੍ਹਾਂ ਨੂੰ ਫ਼ੰਡ ਆਦਿ ਵੀ ਪ੍ਰਾਪਤ ਹੋਣ। ਉਪ੍ਰੰਤ:
(ੳ) ਹਰੇਕ ਗੁਰਦੁਆਰੇ `ਚ ਅਰੰਭਕ ਗੁਰਮੁਖੀ ਤੇ ਗੁਰਮੱਤ ਦੀ ਪੜ੍ਹਾਈ ਦਾ
ਪ੍ਰਬੰਧ ਹੋਵੇ ਪਰ ਵੱਡੇ ਸਕੂਲ-ਕਾਲਜ ਨਹੀਂ, ਕਿਉਂਕਿ ਉਹ ਵਿਸ਼ਾ ਹਰੇਕ ਗੁਰਦੁਆਰੇ ਨਾਲ ਸਬੰਧਤ ਨਹੀਂ
(ਅ) ਸੁਲਝੇ ਗੁਰਮੱਤ ਪ੍ਰਚਾਰਕਾਂ ਰਾਹੀਂ ਗੁਰਦੁਆਰਿਆਂ `ਚ ਗੁਰਬਾਣੀ
ਕਥਾ-ਵਿਆਖਿਆ ਹੋਵੇ, ਉਥੇ ਕੇਵਲ ਵਕਤ ਟਪਾਊ ਪ੍ਰੋਗਰਾਮ ਹੀ ਨਾ ਹੋਣ।
(ੲ) ਹਰੇਕ ਗੁਰਦੁਆਰੇ `ਚ ਅਰੰਭਕ ਇਲਾਜ ( First
Aid), ਯਾਤਰੂਆਂ ਲਈ ਲੰਗਰ-ਰਿਹਾਇਸ਼ ਆਦਿ ਦਾ
ਪ੍ਰਬੰਧ, ਲਾਇਬ੍ਰੇਰੀ-ਕਮ-ਰੀਡਿੰਗ ਰੂਮ ਵੀ ਹੋਣ।
(ਸ) ਇਹ ਵੀ ਧਿਆਣ ਦੇਣਾ ਹੈ ਕਿ ਮਾਪਿਆਂ ਰਾਹੀਂ ਬੱਚਿਆਂ ਨੂੰ ਘਰ ਛੱਡ
ਕੇ ਗੁਰਦੁਆਰੇ ਆਉਣਾ ਉਨਾਂ ਹੀ ਗ਼ਲਤ ਹੈ ਜਿਨਾਂ ਗੁਰਦੁਆਰਿਆਂ `ਚ ਉਨ੍ਹਾਂ ਦੀ ਬਾਲੜੀ ਉਮਰ ਅਨੁਸਾਰ
ਸਿੱਖੀ ਸੰਭਾਲ ਪੱਖੋਂ ਕਿਸੇ ਪ੍ਰਬੰਧ ਦਾ ਨਾ ਹੋਣਾ। ਇਸ ਲਈ ਲੋੜ ਅਨੁਸਾਰ, ਮਾਪਿਆਂ ਨਾਲ ਆਉਣ
ਵਾਲੇ ਬੱਚਿਆਂ ਲਈ ਵੱਖਰੇ ‘ਬੇਬੀ ਸਿਟਿੰਗਜ਼’
(Baby Sittings )
ਜਿਨ੍ਹਾਂ `ਚ ਸਮੇਂ ਦੀ ਲੋੜ ਅਨੁਸਾਰ ਆਡੀਉ-ਵੀਡੀਉ ਕੰਮ ਲਾਇਬ੍ਰੇਰੀ ਰੂਮ ਆਦਿ ਦਾ ਪੂਰਾ ਪ੍ਰਬੰਧ
ਹੋਵੇ। ਉਸਦੇ ਨਾਲ ਨਾਲ ਬੱਚਿਆਂ ਦੀ ਸੰਭਾਲ ਤੇ ਉਨ੍ਹਾਂ ਦੀਆਂ ਉਮਰਾਂ ਦੀ ਲੋੜ ਅਨੁਸਾਰ, ਉਨ੍ਹਾਂ
ਨੂੰ ਅਰੰਭਕ ਗੁਰਮੱਤ ਸੇਧ ਦੇਣ ਲਈ ਯੋਗ ਪ੍ਰਚਾਰਕਾਂ ਦਾ ਪ੍ਰਬੰਧ ਵੀ ਹੋਵੇ। ਬੇਨਤੀ ਇਹ ਵੀ ਹੈ ਕਿ
ਇਸ ਸੰਬੰਧ `ਚ ਸੈਂਟਰ ਵੱਲੋਂ ਲਗਾਤਾਰ ਪ੍ਰਿੰਟ ਹੋ ਰਹੇ ਗੁਰਮੱਤ ਪਾਠਾਂ ਦੀ ਲੜੀ `ਚ ਗੁਰਮੱਤ ਪਾਠ
ਨੰ: ੩੦ “ਪੜ੍ਹਾਈ ਪੰਜਾਬੀ ਦੀ ਤੇ ਗੁਰਮੱਤ” ਵੱਡਾ ਲਾਹੇਮੰਦ ਸਾਬਤ ਹੋ ਸਕਦਾ ਹੈ ਜੀ।
ਇਸ ਤਰ੍ਹਾਂ ਗੁਰਦੁਆਰਿਆਂ ਵਿਚਾਲੇ ਕਾਰਜ ਖੇਤ੍ਰ ਇਤਨਾ ਵੱਡਾ ਹੋ ਜਾਵੇਗਾ ਕਿ
ਇਨ੍ਹਾਂ ਅਤੇ ਅਜਿਹੇ ਹੌਰ ਕੰਮਾਂ ਦੇ ਕਰਣ ਲਈ ੨੧-੩੧-੫੧ ਦੀਆਂ ਕਮੇਟੀਆਂ ਵੀ ਛੋਟੀਆਂ ਰਹਿ ਜਾਣਗੀਆਂ
ਤੇ ਆਪਸੀ ਧੜੇ ਬੰਦੀਆਂ, ਪਾਰਟੀਬਾਜ਼ੀਆਂ ਤੇ ਦੁਸ਼ਮਣੀਆਂ ਤੋਂ ਵੀ ਛੁਟਕਾਰਾ ਮਿਲ ਜਾਵੇਗਾ। ਇਸ ਤੋਂ
ਬਾਅਦ ਇਹ ਵੀ ਕਿ:
ਦੁਕਾਨਾਂ ਤੇ ਵਪਾਰਕ ਅਦਾਰੇ ਵੀ ਨਹੀਂ-
ਸੰਗਤ ਦੀ ਮਾਇਆ ਤੇ ਉੱਦਮ ਨਾਲ ਪ੍ਰਾਪਤ ਜ਼ਮੀਨਾਂ `ਤੇ ਗੁਰਦੁਆਰਿਆਂ ਦੇ ਬਾਹਿਰ ਦੁਕਾਨਾਂ-ਬੇਸਮੈਂਟਾਂ
ਬਣਾ-ਬਣਾ ਕੇ ਵਪਾਰ ਲਈ ਕਿਰਾਏ `ਤੇ ਦੇ ਦੇਣੇ, ਬੱਜਰ ਗੁਣਾਹ ਹੈ ਜਿਸ ਦੀ ਪੂਰਤੀ ਵੀ ਸੰਭਵ ਨਹੀਂ।
ਇਸ ਤੋਂ ਵੱਧ ਜ਼ਰੂਰੀ ਹੈ ਕਿ ਉਥੇ
40-50 ਕੁਰਸੀਆਂ ਦਾ ਕਮਰਾ ਨਿਯਮਤ ਕੀਤਾ
ਹੋਵੇ ਜਿੱਥੇ ਨਿਯਮ ਨਾਲ ‘ਗੁਰਮੱਤ ਕਲਾਸਾਂ’ ਦਾ ਯੋਗ ਪ੍ਰਬੰਧ ਹੋਵੇ ਅਤੇ ਇਲਾਕੇ ਦੇ ਬੱਚੇ-ਬੱਚੀਆਂ
ਲਈ ਭਾਂਤ ਭਾਂਤ ਦੀਆਂ ਟ੍ਰੇਨਿੰਗਾ-ਕੋਰਸਾਂ ਦਾ ਸ਼ਿਫ਼ਟਾਂ `ਚ ਪ੍ਰਬੰਧ ਕੀਤਾ ਗਿਆ ਹੋਵੇ। ਹੋ ਸਕੇ ਤਾਂ
ਉਨ੍ਹਾਂ ਸਥਾਨਾਂ ਨੂੰ ਸਮੇਂ ਸਮੇਂ ਨਾਲ ਯੋਗ ਗੁਰਮੱਤ ਸੈਮੀਨਾਰਾ ਆਦਿ ਲਈ ਵੀ ਵਰਤਿਆ ਜਾ ਸਕਦਾ ਹੈ।
(੨)
ਸਿੱਖੀ ਦੀ ਹਰਿਆਵਲ ਹੀ ਸੰਸਾਰ ਦੀ ਹਰਿਆਵਲ ਹੈ-
ਕੇਂਦਰੀ ਪੱਧਰ `ਤੇ-ਸਿੱਖਾਂ ਕੋਲ ਸੰਪਨ ਸੰਸਥਾਵਾਂ ਜਿਵੇਂ ‘ਦਿੱਲੀ ਸਿੱਖ ਗੁਰਦੁਆਰਾ ਪ੍ਰ:
ਕਮੇਟੀ’, ‘ਸ਼੍ਰੋਮਣੀ ਗੁ: ਪ੍ਰ: ਕਮੇਟੀ, ਅੰਮ੍ਰਿਤਸਰ’ ਆਦਿ ਵੀ ਹਨ ਤੇ ਇਨ੍ਹਾਂ ਕੋਲ ਮਾਇਆ ਅਤੇ
ਸਾਧਨ ਵੀ ਅਸੀਮਤ ਹਨ। ਸੱਚ ਇਹ ਕਿ ਅੱਜ ਚੌਧਰ, ਮੈਂਬਰੀਆਂ, ਪ੍ਰਧਾਣਗੀ, ਸਕਤ੍ਰੀ ਦੀ ਵਧ ਚੁੱਕੀ
ਭੁੱਖ ਕਾਰਨ, ਇਹ ਬੇਅੰਤ ਸਾਧਨ ਤੇ ਮਾਇਆ ਵੀ ਉਨ੍ਹਾਂ ਨੂੰ ਘੱਟ ਪੈ ਰਹੀ ਹੈ। ਉਨ੍ਹਾਂ ਦੀਆਂ ਆਪਸੀ
ਲੜਾਈਆਂ, ਵਕੀਲਾਂ-ਕਚਹਿਰੀਆਂ ਦੇ ਖਰਚੇ, ਇੱਕ ਦੂਜੇ ਦੀਆਂ ਪਗੜੀਆਂ ਉਛਾਲਣੀਆਂ, ਟੰਗ ਖਿੱਚੀ ਤੇ
ਮੈਂਬਰਾਂ ਦੀ ਖਰੀਦ ਆਦਿ ਦਾ ਹੀ ਅੰਤ ਨਹੀਂ ਆ ਰਿਹਾ।
ਜਦਕਿ ਇਥੇ ਵੀ ਇਲਾਕਾਈ ਕਮੇਟੀਆਂ-ਲਈ ਸੁਝਾਈਆਂ ਲੀਹਾਂ `ਤੇ ਹੀ ਸੰਭਲਿਆ ਜਾ
ਸਕਦਾ ਹੈ ਫਰਕ ਹੋਵੇਗਾ ਤਾਂ ਕੇਵਲ ਪੱਧਰ ਦਾ। ਇਸ ਦੇ ਉਲਟ, ਅੱਜ ਅਸੀਂ ਪੂਰੀ ਤਰ੍ਹਾਂ ਭੁੱਲ ਚੁੱਕੇ
ਹਾਂ ਕਿ ਸਿੱਖ ਧਰਮ ਸਪੂੰਰਨ ਮਾਨਵਤਾ ਦੀਆਂ ਔਕੜਾਂ, ਜ਼ਰੂਰਤਾਂ ਤੇ ਧਾਰਮਕ ਜਾਗ੍ਰਤੀ ਲਈ
‘ਲੋਕ ਲਹਿਰ’
ਸੀ। ਜੇਕਰ ਅਸੀਂ ਠੀਕ ਹੋਵਾਂਗੇ ਤਾਂ ਗੁਰਦੁਆਰੇ ਵੀ ਆਪਣੇ
ਮੂਲ ਧਰਮਸ਼ਾਲਾਵਾਂ ਵਾਲੇ ਸਿੱਖੀ ਫਰਜ਼ਾਂ ਦੇ ਨੇੜੇ ਆ ਜਾਣ ਗੇ। ਇਸ ਤਰ੍ਹਾਂ ਬਹੁਤੀਆਂ ਸੰਗਤਾਂ ਤੇ
ਕਮੇਟੀ ਮੈਂਬਰਾਂ ਦੇ ਵੱਖ ਵੱਖ ਸੇਵਾਵਾਂ `ਚ ਜੁੱਟ ਜਾਣ ਨਾਲ, ਪ੍ਰਧਾਣਗੀ-ਸਕਤ੍ਰੀ ਆਦਿ ਚੌਧਰ ਦੀ
ਭੁੱਖ ਵੀ ਘਟੇਗੀ। ਧੜੇਬੰਦੀਆਂ `ਚ ਵੀ ਕਮੀ ਆਵੇਗੀ। ਜਦੋਂ ਗੁਰਦੁਆਰੇ ਸਾਡੀਆਂ ਸਮਾਜਕ-ਪ੍ਰਵਾਰਕ
ਲੋੜਾਂ ਦਾ ਕੇਂਦ੍ਰ ਹੋਣਗੇ, ਤਾਂ ਸੰਗਤਾਂ ਵੀ ਵਧਣਗੀਆਂ ਤੇ ਗੋਲਕਾਂ ਵੀ। ਹਰ ਇਲਾਕੇ `ਚ ਨਵੇਂ
ਪ੍ਰਾਜੈਕਟ ਅਰੰਭ ਹੋਣ ਜਾਣਗੇ ਜਿਸ ਤੋਂ ਦੂਜੇ ਵੀ ਗੁਰਦੁਆਰਿਆਂ ਵੱਲ ਹੀ ਖਿੱਚੇ ਆਉਣਗੇ। ਇਸ ਦਾ
ਸਿੱਖ ਧਰਮ `ਚ ਵਾਧੇ ਦੇ ਨਾਲ ਨਾਲ ਸਿੱਖ ਲਹਿਰ ਵੀ ਪ੍ਰਫ਼ੁਲਤ ਹੋਵੇਗੀ।
ਇਤਨਾ ਹੀ ਨਹੀਂ, ਅੱਜ ਜਿਹੜਾ ਸਿੱਖ ਬੱਚਾ-ਬੱਚੀ ਸਿੱਖੀ ਤੋਂ ਆਕੀ ਹੋ ਕੇ
ਪਤਿਤਪੁਣੇ ਵੱਲ ਵਧ ਰਿਹਾ ਹੈ ਜਦੋਂ ਉਸ ਦੀ ਰੋਟੀ-ਕਪੜਾ-ਮਕਾਨ ਆਦਿ ਮੂਲ ਲੋੜਾਂ ਗੁਰਦੁਆਰੇ
(ਧਰਮਸ਼ਾਲਾਵਾਂ) ਹੀ ਪੂਰੀਆਂ ਕਰ ਦੇਣਗੇ ਤਾਂ ਕੁਦਰਤੀ ਉਨ੍ਹਾਂ ਦਾ ਵੀ ਸਿੱਖੀ ਨਾਲ ਪਿਆਰ ਵਧੇਗਾ।
ਤਨੋ-ਮਨੋ ਗੁਰੂਦਰ ਨਾਲ ਸਬੰਧਤ ਹੋਣ ਕਾਰਨ, ਗੁਰਮੱਤ ਉਨ੍ਹਾਂ ਦੇ ਜੀਵਨ ਅੰਦਰ ਵਧੇ-ਫੁਲੇਗੀ। ਉਨ੍ਹਾਂ
ਦਾ ਜੀਵਨ ਗੁਰਬਾਣੀ ਗੁਣਾਂ ਦੀ ਖੁਸ਼ਬੂ ਵਾਲਾ ਹੁੰਦਾ ਜਾਵੇਗਾ। ਉਨ੍ਹਾਂ ਵਿਚਾਲੇ ਆ ਚੁੱਕਾ
ਪਤਿੱਤਪੁਣਾ ਤਾਂ ਦੂਰ, ਦੂਜੇ ਵੀ ਸਿੱਖੀ `ਚ ਪ੍ਰਵੇਸ਼ ਲਈ ਉਤਾਵਲੇ ਹੋਣਗੇ। ਉਸ ਵੇਲੇ ਗੁਰਬਾਣੀ ਦੀ
ਠੰਢਕ ਤੇ ਵਿਚਾਰਧਾਰਾ ਦਾ ਸੰਸਾਰ ਨੂੰ ਵੀ ਪਤਾ ਲਗ ਸਕੇਗਾ।
ਪਹਿਲਾਂ ਆਪਣਾ ਘਰ ਤਾਂ ਸੰਭਾਲੋ! - ਅੱਜ
ਕੌਮ ਦੀ ਨਿੱਘਰ ਚੁੱਕੀ ਹਾਲਤ `ਚ ਸਾਨੂੰ ਸਾਰੇ ਪ੍ਰੋਗ੍ਰਾਮ ਪਹਿਲਾਂ ਆਪਣੇ ਘਰ ਤੋਂ ਹੀ ਉਲੀਕਣੇ
ਹੋਣਗੇ। ਦੁਨੀਆਂ ਵਲ ਵਧਣ ਤੋਂ ਪਹਿਲਾਂ ਸਾਨੂੰ ਘੱਟ ਤੋਂ ਘੱਟ ਸਿੱਖ ਪ੍ਰਵਾਰਾਂ, ਸਿੱਖ
ਬੱਚੇ-ਬੱਚੀਆਂ ਦੀਆਂ ਮੂਲ ਲੋੜਾਂ ‘ਰੋਟੀ-ਕਪੜਾ-ਮਕਾਨ’ ਤੋਂ ਇਲਾਵਾ ਉਨ੍ਹਾਂ ਦੀ ਪੜ੍ਹਾਈ,
ਡਿੱਗਰੀਆਂ, ਡਿਪਲੋਮੇਂ, ਟੈਕਨੀਕਲ, ਇੰਡਸਟਰੀਅਲ ਤੇ ਦੂਜੀਆਂ ਟ੍ਰੇਨਿੰਗਾਂ, ਉਨ੍ਹਾਂ ਦੇ ਵਰ-ਰਿਸ਼ਤੇ
ਦੇ ਮਸਲਿਆਂ ਵੱਲ ਵੀ ਧਿਆਨ ਦੇਣਾ ਪਵੇਗਾ। ਇਸ ਤਰ੍ਹਾਂ ਜੇਕਰ ਸਿੱਖ ਪ੍ਰਵਾਰਾਂ `ਚ ਟਿਕਾਅ ਆ
ਜਾਵੇਗਾ, ਸਿੱਖ ਪਨੀਰੀ ਗੁਰਦੁਆਰਿਆਂ ਵੱਲ ਖਿੱਚੀ ਆਵੇਗੀ ਤਾਂ ਪਤਿਤਪੁਣੇ ਆਦਿ ਨੂੰ ਵੀ ਠੱਲ ਪਵੇਗੀ।
ਅਜਿਹੀ ਹਾਲਤ `ਚ ਜਦੋਂ ਸਿੱਖ ਆਪਣੇ ਕਿਰਦਾਰ `ਚ ਵੀ ਸਿੱਖ ਹੋਵੇਗਾ ਤਾਂ ਇਸ
ਦਾ ਲਾਭ ਸਮੁਚੀ ਮਾਨਵਤਾ ਦੇ ਨਾਲ ਮਾਲ ਸਿੱਖ ਧਰਮ ਤੇ ਸਿੱਖ ਲਹਿਰ ਨੂੰ ਵੀ ਪੁੱਜੇ ਗਾ। ਇਸ ਸਾਰੇ ਦੇ
ਨਾਲ ਨਾਲ ਆਪਣੀ ਪਨੀਰੀ ਅੰਦਰ ਵੀ ਹਰ ਕਦਮ `ਤੇ ਗੁਰਮੱਤ ਦੀ ਸੋਝੀ ਨੂੰ ਜਾਗ੍ਰਿਤ ਰਖਣ ਦੇ ਉਪਰਾਲੇ
ਵੀ ਕਰਣੇ ਹਨ। ਇਹ ਜ਼ਰੂਰੀ ਵੀ ਹੈ ਕਿ ਹਰੇਕ ਸੇਵਾ ਤੇ ਪ੍ਰਾਜੈਕਟ ਸਮੇਂ ਇਹ ਪਹਿਲਾ ਕਦਮ ਵੀ। ਉਹ ਇਸ
ਲਈ ਕਿ ਇਥੋਂ ਤਿਆਰ ਹੋ ਕੇ ਵੀ ਸਾਡੇ ਬੱਚੇ ਕੇਵਲ ਪੈਸੇ ਇਕੱਠੇ ਕਰਣ ਜਾਂ ਇਆਸ਼ੀ ਵੱਲ ਹੀ ਨ ਟੁਰ
ਪੈਣ।
ਗੁਰਬਾਣੀ ਦੀ ਸੋਝੀ ਤੋਂ ਬਿਨਾ ਜਿਨੇਂ ਵੀ ਪੰਥਕ ਪ੍ਰੋਗ੍ਰਾਮ ਤੇ
ਪ੍ਰਾਜੈਕਟ ਉਲੀਕ ਲਏ ਜਾਣਗੇ, ਉਹ ਕੇਵਲ ਪੇਸ਼ੇ ਹੀ ਬਣ ਕੇ ਰਹਿ ਜਾਣਗੇ, ਪੰਥ ਨੂੰ ਉਨ੍ਹਾਂ ਦਾ ਲਾਭ
ਨਹੀਂ ਹੋਵੇਗਾ। ਇਸ ਲਈ ਜਦੋਂ ਖ਼ੁਦ ਪੰਥ ਦੀ ਆਪਣੀ ਸੰਭਾਲ ਹੀ ਨਹੀਂ ਹੋਵੇਗੀ ਤਾਂ ਅਸੀਂ ਸੰਸਾਰ ਨੂੰ
ਗੁਰਮੱਤ ਦਾ ਲਾਭ ਕਿਵੇਂ ਦੇ ਪਾਵਾਂਗੇ? ਅਜਿਹੀ ਹਾਲਤ `ਚ ਸਿੱਖ ਲਹਿਰ ਦੀ ਗੱਲ ਵੀ ਆਪਣੇ ਆਪ ਹੀ
ਮੁੱਕ ਜਾਂਦੀ ਹੈ। ਤਾਂ ਤੇ ਜ਼ਰੂਰੀ ਹੈ ਕਿ ਪੰਥਕ ਤਲ `ਤੇ ਅਜਿਹੇ ਜਿੰਨੇ ਵੀ ਪ੍ਰੋਗਰਾਮ ਉਲੀਕੇ ਜਾਣ,
ਗੁਰਮੱਤ ਪੱਖੋਂ ਤਿਆਰੀ ਉਨ੍ਹਾਂ ਦਾ ਜ਼ਰੂਰੀ ਅੰਗ ਹੋਵੇ। ਇਹ ਵੀ ਕਿ ਅਜਿਹੇ ਕਦਮਾਂ ਦਾ ਨਤੀਜਾ ਸਾਡੇ
ਗੁਰਦੁਆਰੇ ਫ਼ਿਰ ਤੋਂ ਪਾਤਸ਼ਾਹ ਰਾਹੀਂ ਸਥਾਪਤ ਧਰਮਸ਼ਾਲਾਵਾਂ ਹੋਣਗੀਆਂ ਤੇ ਸਿੱਖਾਂ ਦੀ
ਜ਼ਿੰਦਗੀ `ਚ ਵੀ ਟਿਕਾਅ ਆਵੇਗਾ।
ਜਿੰਨੇ ਮਰਜ਼ੀ ਢੋਲ ਵਜਾ ਲਵੀਏ- ਧਿਆਨ
ਦੇਣਾ ਹੈ ਕਿ ਗੁਰਦੁਆਰਿਆਂ ਦਾ ਮਕਸਦ ਕੇਵਲ ਗੁਰਪੁਰਬ ਮਣਾ ਲੈਣੇ, ਨਗਰ ਕੀਰਤਨ, ਰੰਗ ਬਿਰੰਗੇ ਲੰਗਰ,
ਸੰਗਮਰਮਰ ਦੀਆਂ ਇਮਾਰਤਾਂ, ਸੋਨੇ ਦੇ ਕਲਸ ਤੇ ਪਾਲਕੀਆਂ, ਬਿਨਾ ਲੋੜ ਸਰੋਵਰ ਤੋਂ ਬਾਅਦ ਸਰੋਵਰ ਕਾਇਮ
ਕਰੀ ਜਾਣਾ ਨਹੀਂ। ਸੰਗਤਾਂ ਨੂੰ ਅਣਮੱਤੀ ਤੇ ਕਰਮਕਾਂਡੀ ਸੋਚ `ਚ ਲਬੇੜਦੇ ਹੋਏ ਅਖੰਡਪਾਠਾਂ,
ਰੁਮਾਲਿਆਂ, ਪ੍ਰਸ਼ਾਦ ਕਰਵਾ ਕੇ ਘਰ ਲੈ ਜਾਣਾ, ਉਪ੍ਰੰਤ ਗੁਰੂ ਕੀਆਂ ਸੰਗਤਾਂ ਨੂੰ ਫੁੱਲਾਂ ਦੇ ਹਾਰ,
ਜੋਤਾਂ, ਤੂੰਬਾ, ਪੰਜੀਰੀ ਤੇ ਫੁਲ ਪ੍ਰਸ਼ਾਦ ਆਦਿ `ਚ ਅਟਕਾਈ ਰੱਖਣਾ, ਬਿਨਾ ਜ਼ਰੂਰਤ ਲੰਗਰਾਂ ਰਸਤੇ
ਭੀੜਾਂ ਇਕੱਠੀਆਂ ਕਰਣੀਆਂ ਪਰ ਗੁਰਮੱਤ ਪੱਖੋਂ ਉਨ੍ਹਾਂ ਨੂੰ ਕੁੱਝ ਵੀ ਨਾ ਦੇਣਾ ਜਾਂ ਨਾ ਦੇ ਬਰਾਬਰ
ਦੇਣਾ, ਇਨ੍ਹਾਂ ਤਰੀਕਿਆਂ ਨਾਲ ਗੁਰਦੁਆਰਿਆਂ ਦਾ ਮਕਸਦ ਪੂਰਾ ਨਹੀਂ ਹੁੰਦਾ।
ਲੋੜ ਹੈ ਤਾਂ ਗੁਰਦੁਆਰਿਆਂ ਨੂੰ ਪਾਤਸ਼ਾਹ ਵੱਲੋਂ ਬਖਸ਼ੇ, ਧਰਮਸਾਲ ਵਾਲੇ ਅਸਲ
ਮਕਸਦ `ਚ ਵਾਪਸ ਲਿਆਂਦਾ ਜਾਵੇ, ਇਹੀ ਹੱਲ ਹੈ ਇਸ ਪੱਖੋਂ ਹੋ ਰਹੀ ਪੰਥਕ ਅਧੋਗਤੀ ਨੂੰ ਠੱਲ ਪਾਉਣ
ਦਾ। ਇਸ ਲਈ ਜਦ ਤੀਕ ਗੁਰਦੁਆਰਿਆਂ ਅੰਦਰ, ਗੁਰਬਾਣੀ ਸੇਧ `ਚ ਸਮਾਜਿਕ ਤੇ ਮਾਨਵੀ ਪੀੜਾ ਨਹੀਂ,
ਗੱਲ ਨਹੀਂ ਬਣੇਗੀ। ਅੱਜ ਗੁਰਦੁਆਰਿਆਂ `ਚ ਜੋ ਵੀ ਹੋ ਰਿਹਾ ਹੈ, ਸਭ ਸੰਗਤ ਤੇ ਉਸ ਦੀ ਮਾਇਆ ਨਾਲ
ਮਜ਼ਾਕ ਤੋਂ ਵੱਧ ਹੋਰ ਕੁੱਝ ਨਹੀਂ। ਇਸ ਸਾਰੇ ਅੰਦਰੋਂ
“ਜੋਤਿ ਓਹਾ ਜੁਗਤਿ ਸਾਇ”
(ਅੰ: ੯੬੬) ਵਾਲਾ ਵਿਸ਼ਾ ਹੀ ਅਲੋਪ ਹੋਇਆ ਪਿਆ ਹੈ।
ਅੱਜ ਅਸੀਂ ਆਪਣੀ ਕਰਣੀ ਨਾਲ, ਗੁਰੂ ਪਾਤਸ਼ਾਹ ਤੇ ਗੁਰਬਾਣੀ ਦੇ ਮੂਲ ਆਸ਼ੇ ਤੋਂ ਬਹੁਤ ਦੂਰ ਜਾ ਚੁੱਕੇ
ਹਾਂ। ਇਹੀ ਹੈ ਅਸਲ ਕਾਰਨ, ਪੰਥ `ਚ ਲਗਾਤਾਰ ਵਧ ਰਹੇ ਪਤਿਤਪੁਣੇ ਆਦਿ ਦਾ ਵੀ।
(੩)
ਗੁਰਦੁਆਰਿਆਂ ਰਸਤੇ ਵੱਡੀ ਪੱਧਰ `ਤੇ ਪੰਥਕ ਪ੍ਰੋਗਰਾਮ?
ਅਜੋਕੀ ਪੰਥਕ ਅਧੋਗਤੀ ਨੂੰ ਪੰਥਕ ਤਲ `ਤੇ ਠੱਲ ਪਾਉਣ ਲਈ
ਇਸ ਵਿਸ਼ੇ ਵੱਲ ਧਿਆਣ ਦੇਣਾ ਵੀ ਜ਼ਰੂਰੀ ਹੈ। ਉਹ ਇਸ ਤਰ੍ਹਾਂ ਕਿ ਵੱਡੀਆਂ ਗੁਰਦੁਆਰਾ ਕਮੇਟੀਆਂ,
ਗੁਰਦੁਆਰਿਆਂ ਦੀ ਸੀਮਾਂ ਤੋਂ ਬਾਹਰ ਜਾ ਕੇ, ਬਿਨਾ ਪਖਪਾਤ, ਗੁਰਬਾਣੀ ਜੀਵਨ ਵਾਲੇ ਵੀਰਾਂ-ਬੀਬੀਆਂ
ਦੀਆਂ ਟੋਲੀਆਂ ਕਾਇਮ ਕਰਣ। ਉਪ੍ਰੰਤ ਉਨ੍ਹਾਂ ਨੂੰ ਅਜਿਹੇ ਪ੍ਰਾਜੈਕਟ ਸੋਂਪੇ ਜਾਣ ਜੋ ਉਨ੍ਹਾਂ ਦੇ
ਕਾਰ-ਰੁਜ਼ਗਾਰ ਵੀ ਹੋਣ ਤੇ ਕੌਮ ਦੀ ਪਨੀਰੀ ਦੀਆਂ ਸਮੱਸਿਆਵਾਂ ਤੇ ਲੋੜਾਂ ਦਾ ਹੱਲ ਵੀ। ਇਸ ਤਰ੍ਹਾਂ
ਗੁਰਦੁਆਰਾ ਕਮੇਟੀਆਂ ਰਾਹੀਂ ਆਪਣੀ ਸੀਮਾਂ ਤੋਂ ਬਾਹਰ, ਅਜਿਹੇ ਪ੍ਰਾਜੈਕਟਾਂ ਤੋਂ ਜਿਹੜੇ ਸੱਜਨ ਤਿਆਰ
ਹੋਣਗੇ, ਯਕੀਨਣ ਉਹ ਸਦਾ ਲਈ ਪੰਥ ਦਾ ਅੰਗ ਬਣੇ ਰਹਿਣ `ਚ ਹੀ ਫਖ਼ਰ ਮਹਿਸੂਸ ਕਰਣਗੇ।
ਮਿਸਾਲ ਵੱਜੋਂ, ਇਨ੍ਹਾਂ ਸਿੱਖ ਬੱਚਿਆਂ ਨੂੰ ਵਰ-ਰਿਸ਼ਤੇ ( Matrimonial),
ਤਕਨੀਕੀ ਸਿਖਲਾਈ, ਕੰਮਪਿਉਟਰ
(ਸਾਫਟਵੇਅਰ-ਹਾਰਡਵੇਅਰ) ਟ੍ਰੇਨਿੰਗਾਂ ਆਦਿ ਲਈ ਸੋਹਣੀਆਂ-ਸੁਸੱਜਤ (Well
Furnished) ‘ਇਮਾਰਤਾਂ ਚ, ਚੰਗੀ ਤਨਖਾਹ
ਪ੍ਰਾਪਤ (Well-Paid)
ਡਾਇਰੈਕਟਰਜ਼, ਕਾਉਂਸਲ ਤੇ ਗੁਰਮੱਤ ਟਰੇਂਡ ਸਟਾਫ ਦੇ ਕੇਂਦਰ ਕਾਇਮ ਕਰਕੇ ਦੇ ਦਿੱਤੇ ਜਾਣ। ਉਪ੍ਰੰਤ
ਇਹ ਗੁਰਦੁਆਰਾ ਕਮੇਟੀਆਂ ਅਜਿਹੇ ਕੇਂਦਰ ਕਾਇਮ ਕਰਣ ਤੋ ਬਾਅਦ ਸਾਈਨ ਬੋਰਡਾਂ ਅਤੇ ਰਿਕਾਰਡ `ਚ ਤਾਂ
ਭਾਵੇਂ ਪੱਕਾ ਕਰ ਦੇਣ ਕਿ ਅਮੁੱਕਾ ਪ੍ਰਾਜੈਕਟ/ ਪ੍ਰੋਗ੍ਰਾਮ/ ਕੇਂਦਰ-ਅਮੁੱਕੀ ਕਮੇਟੀ, ਅਮੁਕੇ
ਅਦਾਰੇ, ਅਮੁੱਕੇ ਸੱਜਨ ਦੀ ਪ੍ਰਧਾਨਗੀ-ਸਕਤ੍ਰੀ ਆਦਿ ਸਮੇਂ ਕਾਇਮ ਕੀਤਾ ਗਿਆ। ਜਦਕਿ ਕਾਇਮ ਕਰਣ ਤੋਂ
ਬਾਅਦ, ਸੰਬੰਧਤ ਕਮੇਟੀਆਂ ਦਾ ਉਥੇ ਰੋਜ਼-ਰੋਜ਼ ਹੋਣ ਵਾਲੀਆਂ ਤਬਦੀਲੀਆਂ `ਚ ਉੱਕਾ ਦਖਲ ਨਾ ਹੋਵੇ। ਇਸ
ਨਾਲ ਇਹ ਹੋਵੇਗਾ ਕਿ ਆਉਣ ਵਾਲੀਆਂ ਕਮੇਟੀਆਂ ਵੀ ਕੋਈ ਹੋਰ ਚੰਗਾ ਤੇ ਵਧੀਆ ਉਪਰਾਲਾ ਕਰਣ ਲਈ ਉਤਸਾਹਤ
ਤਾਂ ਹੋਣਗੀਆਂ, ਪਰ ਵਾਧੂ ਦੇ ਦਖਲ ਖ਼ਤਮ ਹੋ ਜਾਣ ਕਾਰਨ, ਪਹਿਲੇ ਕੀਤੇ ਕੰਮ `ਚ ਭੰਨ-ਤੋੜ ਨਹੀਂ ਕਰ
ਸਕਣਗੀਆਂ। #16`SDSLs01.013#
(ਚਲਦਾ)
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ
‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ
‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ
ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ
ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
EXCLUDING THIS BOOK
“Sikh, Dharm Vi Hai Ate
Lehar Vi.01.13
BEING LOADED IN ISTTS. Otherwise
about All the Self Learning Gurmat Lessons already loaded on
www.sikhmarg.com
it is to clarify that:-
For all the Gurmat Lessons written upon Self Learning based
by ‘Principal Giani Surjit Singh’ Sikh Missionary, Delhi, all the rights are
reserved with the writer, but easily available for Distribution within ‘Guru Ki
Sangat’ with an intention of Gurmat Parsar, at quite a nominal printing cost
i.e. mostly Rs 300/- to 400/- (in rare cases these are 500/-) per hundred
copies for further Free distribution or otherwise. (+P&P.Extra) From ‘Gurmat
Education Centre, Delhi’, Postal Address- A/16 Basement, Dayanand Colony,
Lajpat Nagar IV, N. Delhi-24 Ph 91-11-26236119, 46548789& ® J-IV/46 Old D/S
Lajpat Nagar-4 New Delhi-110024 Ph. 91-11-26487315 Cell 9811292808
web site-
www.gurbaniguru.org
|
. |