. |
|
ਕਰਤਾ ਪੁਰਖੁ
ਵੀਰ ਭੁਪਿੰਦਰ ਸਿੰਘ
‘ਕਰਤਾ ਪੁਰਖੁ’ ਦੇ ਅਰਥ ਅਸੀਂ ਮੰਨਦੇ ਹਾਂ ਕਿ ਰੱਬ ਜੀ ਇਸ ਸ੍ਰਿਸ਼ਟੀ ਦੇ
ਕਰਤਾ ਹਨ।
ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ।। ਦੁਯੀ ਕੁਦਰਤਿ ਸਾਜੀਐ ਕਰਿ ਆਸਣੁ
ਡਿਠੋ ਚਾਉ।।
(ਗੁਰੂ ਗ੍ਰੰਥ ਸਾਹਿਬ, ਪੰਨਾ : 463)
ਭਾਵ ਰੱਬ ਜੀ ਨੇ ਸ੍ਰਿਸ਼ਟੀ ਸਾਜੀ ਹੈ ਅਤੇ ਉਨ੍ਹਾਂ ਦਾ ਹੁਕਮ ਇਸ ਉੱਤੇ ਅਟੱਲ
ਅਤੇ ਨਿਆਂ-ਭਰਪੂਰ ਚਲਦਾ ਹੈ।
‘ਕਰਤਾ ਪੁਰਖੁ’ ਨੂੰ ਵਿਆਕਰਣ ਅਨੁਸਾਰ ਵੀ ਜੇ ਕਰ ਸਮਝੀਏ ਤਾਂ ‘ਪੁਰਖੁ’ ਦੇ
‘ਖ’ ਥੱਲੇ ਔਂਕੜ ਲੱਗੀ ਹੋਈ ਹੈ, ਜਿਸ ਦਾ ਮਤਲਬ ਹੈ - ‘ਇਕ ਰਸ ਵਿਆਪਕ’। ਸਾਰੀ ਸ੍ਰਿਸ਼ਟੀ ’ਚ ਰੱਬ
ਜੀ ਇਕ ਰਸ ਪਸਰੇ ਹੋਏ ਹਨ, ਸਭ ਜਗ੍ਹਾ ਮੌਜੂਦ ਹਨ ਅਤੇ ਰੱਬ ਜੀ ਦਾ ਹੁਕਮ ਸਭ ਜਗ੍ਹਾ ਇਕੋ ਜਿਹਾ
ਚਲਦਾ ਹੈ।
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।।
(ਗੁਰੂ ਗ੍ਰੰਥ ਸਾਹਿਬ, ਪੰਨਾ : 1)
ਭਾਵ ਸ੍ਰਿਸ਼ਟੀ ’ਤੇ ਜੋ ਕੁਝ ਹੁੰਦਾ ਹੈ, ਉਹ ਸਭ ਕੁਝ ਰੱਬੀ ਹੁਕਮ ਅਤੇ
ਨਿਯਮਾਂ ਅਧੀਨ ਹੁੰਦਾ ਹੈ, ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ ਅਤੇ ਨਾ ਹੀ ਹੁੰਦਾ ਹੈ। ਜਦੋਂ
ਅਸੀਂ ਪੜ੍ਹਦੇ ਹਾਂ ਕਿ ਰੱਬ ਜੀ ਕੁਦਰਤ ਸਾਜ ਕੇ ਇਸ ਵਿੱਚ ਹਾਜ਼ਰ-ਨਾਜ਼ਰ
(omnipresent)
ਹਨ, ਤਦੋਂ ‘‘ਕਰਿ ਆਸਣੁ ਡਿਠੋ ਚਾਉ’’ ਦਾ ਭਾਵ ਅਰਥ ਸਮਝ ਪੈਂਦਾ ਹੈ।
ਰੱਬ ਜੀ ਦਾ ਹੁਕਮ ਜੋ ਸਾਰੀ ਸ੍ਰਿਸ਼ਟੀ ’ਚ ਇਕ ਰਸ ਵਾਪਰ ਰਿਹਾ ਹੈ, ਉਹ ਹੀ
ਉਨ੍ਹਾਂ ਦੀ ਹਰੇਕ ਜਗ੍ਹਾ ਮੌਜੂਦਗੀ ਦਾ ਲਖਾਇਕ ਹੈ
(This is known as omnipresence of God)
ਅਤੇ ਇਹ ਵੀ ਸਮਝ ਪੈਂਦੀ ਹੈ ਕਿ ਇਸ ਕੁਦਰਤ ਤੋਂ ਵੱਖਰੇ ਕਿਤੇ ਹੋਰ ਰੱਬ ਜੀ ਨਹੀਂ ਰਹਿੰਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਉਂਦਾ ਹੈ :
ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ।।
ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ।।
(ਗੁਰੂ ਗ੍ਰੰਥ ਸਾਹਿਬ, ਪੰਨਾ : 617)
ਅਤੇ
ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ।।
(ਗੁਰੂ ਗ੍ਰੰਥ ਸਾਹਿਬ, ਪੰਨਾ : 23)
ਭਾਵ ਸਭ ਕੁਝ ਉਹ ਰੱਬ ਜੀ ਆਪ ਹੀ ਹਨ। ਇਸ ਸ੍ਰਿਸ਼ਟੀ ’ਚ ਸੱਪ, ਬਿੱਛੂ,
ਜ਼ਹਿਰ, ਮਿੱਠਾ, ਕੌੜਾ, ਚੰਗਾ ਜਾਂ ਮੰਦਾ ਜੋ ਵੀ ਅਸੀਂ ਦੇਖਦੇ ਹਾਂ, ਸਭ ਕੁਝ ਰੱਬ ਜੀ ਦੀ ਕ੍ਰਿਤ
(creation)
ਹੈ ਅਤੇ ਸਭ ਕੁਝ ਸੱਚੇ ਦਾ ਹੈ। ਇਸ ਕਰਕੇ ਸਭ ਕੁਝ ‘ਸਚੇ ਦੀ ਸਾਚੀ ਨਾਈ’ ਹੈ।
ਹੁਣ ਆਓ, ਇਹ ਵਿਚਾਰੀਏ ਕਿ ਰੱਬ ਜੀ ਦਾ ਇਹ ਕੀਮਤੀ ਗੁਣ ਜੇਕਰ ਬਾਣੀ ਦੇ
ਮੁੱਢਲੇ ਸਿਧਾਂਤਾਂ ’ਚ ਦ੍ਰਿੜਾਇਆ ਗਿਆ ਹੈ ਤਾਂ ਇਹ ਸਾਡੇ ਨਿਜੀ ਜੀਵਨ ਵਿੱਚ ਕਿਸ ਪੱਖੋਂ ਲਾਹੇਵੰਦ
ਹੈ ?
ਇਸ ਸ੍ਰਿਸ਼ਟੀ ਉੱਤੇ ਰੱਬ ਜੀ ਦਾ ਹੁਕਮ ਚਲਦਾ ਹੈ ਅਤੇ ਹੁਕਮ ਹੀ ਰੱਬ ਜੀ ਦੀ
ਸਭ ਜਗ੍ਹਾ (The laws of nature)
ਹਾਜ਼ਰ ਨਾਜ਼ਰਤਾ ਦਾ ਲਖਾਇਕ ਹੈ। ਮਨੁੱਖ ਨੇ ਇਸ ਤੋਂ ਪ੍ਰੇਰਣਾ ਲੈਣੀ ਹੈ ਕਿ ਜੇ ਰੱਬ ਜੀ ਕਰਤੇ ਹਨ
ਤਾਂ ਮਨੁੱਖ ਵੀ ਕਰਤੇ ਦੇ ਹੁਕਮ ਨਿਯਮ ਨੂੰ, ਰਜ਼ਾ ਭਾਣੇ ਨੂੰ ਪਛਾਣੇ, ਉਸ ਨਾਲ ਇਕਮਿਕ ਹੋਵੇ ਤਾ ਕਿ
ਰੱਬੀ ਹੁਕਮ ਅਨੁਸਾਰ ਕਾਰਜ ਕਰੇ। ਜੇ ਰੱਬ ਜੀ ਕਰਤਾ ਹਨ ਤਾਂ ਕਰਤੇ ਵਾਂਗੂੰ ਮਨੁੱਖ ਵੀ ਦੂਜਿਆਂ ਦੇ
ਭਲੇ ਲਈ ਉਸਾਰੂ (creative)
ਕੰਮ ਕਰੇ। ਜਿਸ ਮਨੁੱਖ ਨੂੰ ਉਸਾਰੂ (creative)
ਕੰਮ ਸਮਝ ਪੈਣੇ ਸ਼ੁਰੂ ਹੋ ਜਾਂਦੇ ਹਨ, ਉਸ ਦੇ ਹਿਰਦੇ ’ਚੋਂ ਲੋਕਾਂ ਦੇ ਭਲੇ ਲਈ ਕੁਝ ਉਸਾਰੂ ਕਰਨ ਦੀ
ਸੋਚ ਫੁਰਦੀ ਹੈ। ਉਹ ਨਿੱਤ ਨਵੇਂ ਖ਼ਿਆਲਾਂ (ideas)
ਨਾਲ ਮਨੁੱਖਤਾ ਦੇ ਭਲੇ ਲਈ ਉਸਾਰੂ ਕੰਮ ਕਰਦਾ ਹੈ ਅਤੇ ਨਵੇਂ ਸਮਾਜ ਦੀ ਸਿਰਜਨਾ ਵਾਲੇ ਕੀਮਤੀ ਕੰਮ
ਕਰਦਾ ਜਾਂਦਾ ਹੈ। ਜਿਨ੍ਹਾਂ-ਜਿਨ੍ਹਾਂ ਗੱਲਾਂ ਕਰਕੇ, ਮਨੁੱਖ ਕਰਮਾਂ-ਕਾਂਡਾਂ, ਅੰਧ-ਵਿਸ਼ਵਾਸਾਂ,
ਕਰਾਮਾਤਾਂ ਇਤਿਆਦਿ ਅਧੀਨ ਖੁਆਰ ਹੁੰਦੇ ਪਏ ਹਨ, ਉਸਾਰੂ ਸੋਚ ਵਾਲਾ ਮਨੁੱਖ ਇਨ੍ਹਾਂ ਤੋਂ ਸੁਚੇਤ
ਕਰਵਾ ਕੇ ਮਨੁੱਖਤਾ ਦੇ ਭਲੇ ਲਈ ਨਵੇਂ ਜੀਵਨ ਦੀ ਨੁਹਾਰ ਘੜਦਾ ਜਾਂਦਾ ਹੈ। ਉਸਾਰੂ ਸੋਚ ਵਾਲਾ ਮਨੱਖ
ਕਿਸੇ ਦਾ ਵੀ ਕੁਝ ਵਿਗਾੜਦਾ ਨਹੀਂ ਬਲਕਿ ਸਭ ਨੂੰ ਧਰਮੀ ਜੀਵਨੀ ਜਿਊਣ ਦਾ ਹੱਕ ਦਿੰਦਾ ਹੈ, ਸਮਾਜ
ਦੀਆਂ ਕੁਰੀਤੀਆਂ ਤੋਂ ਸੁਚੇਤ ਕਰਵਾ ਕੇ ਇਨਸਾਨੀਅਤ ਦੇ ਭਲੇ ਲਈ ਉਸਾਰੂ, ਇਕਸਾਰਤਾ, ਸਾਂਝੀਵਾਲਤਾ
ਵਾਲੇ ਸਮਾਜ ਦੇ ਨਿਯਮਾਂ (norms)
ਦੀ ਸਿਰਜਣਾ ਕਰਦਾ ਹੈ।
ਰੱਬ ਜੀ ਦੇ ‘ਕਰਤਾ ਪੁਰਖੁ’ ਦੇ ਗੁਣ ਨੂੰ ਜਿਊ ਕੇ ਮਨੁੱਖ ਉਸਾਰੂ ਬਿਰਤੀ
ਵਾਲਾ ਹੁੰਦਾ ਜਾਂਦਾ ਹੈ। ਉਸਦਾ ਗਿਆਨ ਸ੍ਰੋਤ ਹੁੰਦਾ ਹੀ ਇਸ ਆਧਾਰ ’ਤੇ ਹੈ ਕਿ ‘ਰੱਬ ਜੀ ਕਰਤੇ ਹਨ
ਤੇ ਰੱਬ ਜੀ ਦਾ ਨਿਯਮ ਸਭ ਜਗ੍ਹਾ ਅਟਲ ਚਲ ਰਿਹਾ ਹੈ।’ ਇਸੇ ਕਰਕੇ ਉਸ ਮਨੁੱਖ ਦਾ ਕਰਾਮਾਤਾਂ ਜਾਂ
ਅਨਹੋਣੀਆਂ, ਜਾਦੂ, ਟੂਣੇ, ਤਾਂਤ੍ਰਿਕਾਂ ਰਾਹੀਂ ਰੂਹਾਂ ਵੱਸ ਕਰਕੇ ਉਨ੍ਹਾਂ ਤੋਂ ਕਰਾਮਾਤੀ ਕੰਮ
ਕਰਵਾਉਣ ਵਾਲੀਆਂ ਰਿਧੀਆਂ-ਸਿਧੀਆਂ ਜੈਸੇ ਅੰਧ ਵਿਸ਼ਵਾਸਾਂ ਤੋਂ ਅਖੌਤੀ ਵਿਸ਼ਵਾਸ ਉੱਠ ਜਾਂਦਾ ਹੈ। ਜੋ
ਮਨੁੱਖ ਕਰਾਮਾਤੀ ਜਾਂ ਅਨਹੋਣੀਆਂ ਕਰਨੀਆਂ ’ਤੇ ਟੇਕ ਰੱਖਦੇ ਹਨ ਉਹ ਰੱਬੀ ਨਿਯਮਾਂ ਤੋਂ ਹੀਣੇ
(ਅਗਿਆਨਤਾ ਵਸ) ਹੁੰਦੇ ਹਨ, ਸਿੱਟੇ ਵਜੋਂ ਉਹ ਉਸਾਰੂ ਕੰਮ ਕਰ ਹੀ ਨਹੀਂ ਪਾਉਂਦੇ।
ਜਿਸ ਮਨੁੱਖ ਨੂੰ ਕਰਤਾ ਪੁਰਖ, ਸੱਭ ਜਗ੍ਹਾ ਮੌਜੂਦ ਅਤੇ ਇਕ ਰਸ ਵਾਪਰ ਰਹੇ
ਹੁਕਮ (unique)
ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਉਹ ਮਨੁੱਖ ਅਗਿਆਨਤਾ ਭਰੇ ਮਨੁੱਖਾਂ ਨੂੰ ਸੱਚੇ ਗਿਆਨ ਨਾਲ
ਬਿਬੇਕਤਾ ਦੀ ਟੀਸੀ ਤੱਕ ਲਿਜਾਉਣ ਦੇ ਹਰੇਕ ਉਸਾਰੂ ਉੱਦਮ ਕਰਦਾ ਜਾਂਦਾ ਹੈ। ਭਾਵੇਂ ਉਸਨੂੰ ਲਿਖਤੀ,
ਲੈਕਚਰ, ਮੀਡੀਆ (media),
ਟੀ. ਵੀ. ਜਾਂ ਰੇਡੀਓ ਆਦਿ ਜਿਸ ਵੀ ਜ਼ਰੀਏ ਤੋਂ ‘ਸੱਚ ਦਾ ਗਿਆਨ’ ਪਰਚਾਰਨਾ ਪਵੇ। ਉਸਾਰੂ ਮਨੁੱਖ
ਮੌਜੂਦਾ ਸਾਰੇ ਵਸੀਲੇ ਇਖਤਿਆਰ ਕਰਦਾ ਜਾਂਦਾ ਹੈ ਕਿਉਂਕਿ ਉਸਾਰੂ ਕੰਮਾਂ ਲਈ ਹਰੇਕ ਵਸੀਲੇ ਨੂੰ
ਇਖਤਿਆਰ ਕਰਨਾ ਹੀ ਵੱਧ ਤੋਂ ਵੱਧ ਮਨੁੱਖਾਂ ਨੂੰ ਕਰਤੇ ਦੀ ਵਿਆਪਕਤਾ (ਹੁਕਮਾਂ ਨਿਯਮਾਂ) ਤੋਂ ਜਾਣੂ
ਕਰਵਾਉਣ ਦਾ ਉਸਾਰੂ (creative)
ਉਪਰਾਲਾ ਹੈ। ਐਸਾ ਮਨੁੱਖ ਘਰ ਦੀ ਨੁੱਕਰ ਜਾਂ ਜੰਗਲ ’ਚ ਏਕਾਂਤ ਬੈਠ ਕੇ ਆਪਣੀ ਮੁਕਤੀ ਲਈ ਸਮਾਧੀ
ਜਾਂ ਤਪ ਨਹੀਂ ਕਰਦਾ।
ਜੇ ਰੱਬ ਜੀ ਕਿਤੇ ਵੱਖਰੇ ਬੈਠ ਕੇ ਤਪ ਨਹੀਂ ਕਰਦੇ ਤਾਂ ਕਰਤੇ ਰੱਬ ਜੀ ਦਾ
ਉਸਾਰੂ ਬਿਰਤੀ ਵਾਲਾ ਮਨੁੱਖ ਵੀ ਇਕੱਲਾ ਬੈਠ ਕੇ ਆਪਣੇ ਜਪ ਤਪ ’ਚ ਮਸਤ ਨਹੀਂ ਰਹਿੰਦਾ। ਕਿਸੇ ਅਗੰਮੀ
ਗੋਸ਼ੇ ’ਚ ਬੇਹੋਸ਼ ਰਹਿਣ ਦੀ ਬਜਾਏ, ਉਸਾਰੂ ਕੰਮਾਂ ਲਈ, ਸਮਾਜ ਅਤੇ ਦੁਨੀਆ ਦੇ ਭਲੇ ਲਈ ਸੱਚੇ ਗਿਆਨ
ਦੇ ਪ੍ਰਚਾਰ ਲਈ ਕਰਮਕੱਸਾ ਕਰਕੇ ਹਰੇਕ ਪਲ ਉਦਮੀ ਹੋ ਵਿਚਰਦਾ ਹੈ। ਉਦਮ ਤਾਂ ਸਾਰੇ ਮਨੁੱਖ ਆਪਣੇ
ਪਰਿਵਾਰ, ਕੰਮ ਧੰਧੇ ਜਾਂ ਆਪਣੀ ਕੌਮ ਲਈ ਵੀ ਕਰਦੇ ਹਨ ਪਰ ਸਾਰੀ ਦੁਨੀਆ ਲਈ, ਸਰਬੱਤ ਦਾ ਭਲਾ ਸੋਚਣ
ਵਾਲੇ ਮਨੁੱਖ ਨੂੰ ਉਸਾਰੂ ਕੰਮ ਵੀ ਐਸੇ ਹੀ ਸੁਝਦੇ ਹਨ ਜਿਨ੍ਹਾਂ ਨਾਲ ਸਾਰੀ ਮਨੁੱਖਤਾ ਦਾ ਭਲਾ ਹੋ
ਸਕੇ। ਕੇਵਲ ਇਕ ਮਜ਼ਹਬ, ਕੇਵਲ ਇਕ ਕੌਮ, ਕੇਵਲ ਇਕ ਕਾਲੋਨੀ, ਕੇਵਲ ਇਕ ਜ਼ਾਤ ਵਾਲੇ ਮਨੁੱਖਾਂ ਲਈ ਕੰਮ
ਕਰਨਾ ਪਹਿਲੀ ਪਉੜੀ ਤਾਂ ਹੋ ਸਕਦੀ ਹੈ, ਪਰ ਕਰਤਾ ਸਭ ਜਗ੍ਹਾ ਮੌਜੂਦ ਹੈ ਇਸ ਕਰਕੇ ਸਾਰੇ ਜਗ ਦੇ ਭਲੇ
ਲਈ ਕੰਮ ਅਤੇ ਉੱਦਮ ਕਰਨ ਵਾਲੀ ਸ਼ਖ਼ਸੀਅਤ ਹੀ ਉਸਾਰੂ ਅਤੇ ਨਿੱਤ ਉਦਮੀ ਕਹਿਲਾਉਣ ਦੀ ਹੱਕਦਾਰ ਹੁੰਦੀ
ਹੈ।
ਮਨੁੱਖ ਜੇਕਰ ਬਾਣੀ ਦੇ ਇਸ ਮੁੱਢਲੇ ਸਿਧਾਂਤ ਅਨੁਸਾਰ ਰੱਬ ਜੀ ਨੂੰ ਹਰੇਕ
ਜਗ੍ਹਾ ਹਾਜ਼ਰ ਨਾਜ਼ਰ ਸਮਝੇ ਫਿਰ ਤਾਂ ਊਚ-ਨੀਚ, ਅਮੀਰ-ਗਰੀਬ, ਗੋਰਾ-ਕਾਲਾ, ਸੁੰਦਰ-ਕਰੂਪ, ਅਖੌਤੀ
ਉੱਚੀ-ਨੀਵੀਂ ਜਾਤ ਸਭ ਦੇ ਵਿੱਚ, ਮਨੁੱਖ ਨੂੰ ਰੱਬ ਜੀ ਹੀ ਨਜ਼ਰ ਆਉਣਗੇ ਕਿਉਂਕਿ ਉਹ ਸਭ ਰੱਬੀ ਰਚਨਾ
ਦੇ ਅੰਗ ਹਨ। ਜੋ ਮਨੁੱਖ ਇਸ ਰੱਬੀ ਗੁਣ ਨੂੰ ਅਮਲ ’ਚ ਲੈ ਆਉਂਦਾ ਹੈ, ਉਸ ਨੂੰ ਸ੍ਰਿਸ਼ਟੀ ’ਚ ਸਾਰੇ
ਮਨੁੱਖ ਚੰਗੇ-ਚੰਗੇ ਲੱਗਦੇ ਹਨ, ਉਸ ਲਈ ਸਭ ਕੁਝ ਚੰਗਾ ਹੀ ਹੋ ਜਾਂਦਾ ਹੈ। ਉਹ ਜਿਊਂਦਾ ਇਹ ਸਮਝ ਕੇ
ਹੈ ਕਿ:
ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮਾਰੇ।।
(ਗੁਰੂ ਗ੍ਰੰਥ ਸਾਹਿਬ, ਪੰਨਾ : 383)
ਉਹ ਹਰ ਕਿਸੇ ਨੂੰ ਜਿਹੋ ਜਿਹੇ ਉਹ ਹਨ, ਉਵੇਂ ਹੀ ਮੰਨ ਲੈਂਦਾ ਹੈ
(accepts as they are)।
ਫਿਰ ਉਸ ਮਨੁੱਖ ਦਾ, ਨਾ ਤੇ ਰੱਬ ਜੀ ਨਾਲ ਗਿਲਾ ਸ਼ਿਕਵਾ ਰਹਿੰਦਾ ਹੈ ਅਤੇ ਨਾ ਹੀ ਲੋਕਾਂ ਨਾਲ
ਸ਼ਿਕਾਇਤ ਬਲਕਿ ਉਸ ਦਾ ਜੀਵਨ ਨਿਮਰਤਾ ਭਰਪੂਰ ਹੋ ਜਾਂਦਾ ਹੈ, ਹੰਕਾਰ ਦੀ ਬੋਲੀ ਮੁੱਕ ਜਾਂਦੀ ਹੈ।
ਰੱਬਤਾ ਦੇ ਗੁਣਾਂ ਦੀ ਸਮਝ ਪੈ ਜਾਣ ਕਾਰਨ ਮਿੱਠੀ-ਨਜ਼ਰ, ਮਿੱਠੀ-ਹਮਦਰਦੀ ਅਤੇ ਮਿੱਠੀ-ਬੋਲੀ ਹੋ
ਜਾਂਦੀ ਹੈ, ਸਭ ਨਾਲ ਹਮਦਰਦੀ ਭਰਿਆ ਕੋਮਲ ਚਿੱਤ ਹੋ ਜਾਂਦਾ ਹੈ, ਦੂਜਿਆਂ ਦੇ ਭਲੇ ਲਈ ਭਾਵਨਾ ਵੱਧਦੀ
ਜਾਂਦੀ ਹੈ। ਉਹ ਮਨੁੱਖ ਮੌਸਮ ਉੱਤੇ ਵੀ ਗਿਲਾ ਸ਼ਿਕਵਾ ਨਹੀਂ ਕਰਦਾ। ਕੁਦਰਤ ਦੇ ਹੁਕਮ, ਨਿਯਮ ਨੂੰ
ਸਿਰ ਮੱਥੇ ਮੰਨ ਕੇ ਸਦਾ ਵਿਗਾਸ ਦੀ ਅਵਸਥਾ ਅਤੇ ਅੰਤਰਆਤਮੇ ਦੇ ਖਿੜਾਓ ’ਚ ਰਹਿੰਦਾ ਹੈ।
ਇਥੋਂ ਤੱਕ ਹੀ ਨਹੀਂ ਬਲਕਿ ਉਸ ਮਨੁੱਖ ਨੂੰ ਰੱਬ ਜੀ ਦੀ ਹਾਜ਼ਰ ਨਾਜ਼ਰਤਾ ਸਮਝ
ਆਉਣ ਕਾਰਨ ਇਹ ਦ੍ਰਿੜ੍ਹਤਾ ਆ ਜਾਂਦੀ ਹੈ ਕਿ ‘‘ਮੈਂ ਰੱਬ ਜੀ ਨੂੰ ਬਾਹਰ ਕਿਤੇ ਲੱਭਣ ਨਹੀਂ ਜਾਣਾ
ਕਿਉਂਕਿ ਜੇ ਰੱਬ ਜੀ ਸਭ ਜਗ੍ਹਾ ਹਨ ਤਾਂ ਮੇਰੇ ਅੰਦਰ ਵੀ ਹਨ, ਮੇਰੇ ਆਸ ਪਾਸ ਵੀ ਹਨ, ਫਿਰ ਮੈਂ
ਕਿਸੇ ਤੀਰਥ ’ਤੇ ਰੱਬ ਨੂੰ ਲੱਭਣ ਲਈ ਕਿਉਂ ਜਾਵਾਂ ?’’
ਊਹਾਂ ਤਉ ਜਾਈਐ ਜਉ ਈਹਾਂ ਨ ਹੋਇ।।
(ਗੁਰੂ ਗ੍ਰੰਥ ਸਾਹਿਬ, ਪੰਨਾ : 1195)
ਫਿਰ ਉਹ ਮਨੁੱਖ ਰੱਬ ਪ੍ਰਾਪਤੀ ਲਈ ਨਾ ਤਾਂ ਆਰਤੀਆਂ, ਕਰਮ-ਕਾਂਡ ਕਰਦਾ ਹੈ
ਅਤੇ ਨਾ ਹੀ ਲਿਵ, ਸਮਾਧੀਆਂ ਲਾਉਂਦਾ ਹੈ। ਇਕੋ ਗੱਲ ਉਸ ਦੇ ਮਨ ’ਚ ਵੱਸ ਜਾਂਦੀ ਹੈ ਕਿ ਰੱਬ ਜੀ ਸਭ
ਜਗ੍ਹਾ ਹਾਜ਼ਰ ਹਨ ਅਤੇ ਸਭ ਕੁਝ ਹੁਕਮ, ਭਾਣੇ ’ਚ ਚੰਗਾ ਹੀ ਹੋ ਰਿਹਾ ਹੈ। ਫਿਰ ਉਸ ਨੂੰ ਸ੍ਰਿਸ਼ਟੀ
’ਤੇ ਵਾਪਰ ਰਹੇ ਰੱਬੀ ਹੁਕਮ, ਨਿਯਮ ਦੀ ਸਮਝ ਪੈਣੀ ਸ਼ੁਰੂ ਹੋ ਜਾਂਦੀ ਹੈ। ਇਸੇ ਨੂੰ ਬਿਬੇਕ-ਬੁੱਧੀ,
ਤੀਜਾ ਨੇਤਰ ਖੁੱਲ੍ਹਣਾ ਜਾਂ ਨਿਰਵਾਨ ਪਦ ਕਹਿੰਦੇ ਹਨ।
ਜਦੋਂ ਮਨੁੱਖ ਰੱਬ ਜੀ ਦੇ ਕਰਤਾ ਪੁਰਖੁ ਗੁਣ ਨੂੰ ਸਮਝਦੈ, ਤਦੋਂ ਉਹ ਕਿਸੇ
ਮਨੁੱਖ ਉੱਤੇ, ਕਿਸੇ ਵੀ ਅਖੌਤੀ ਅਮੀਰ ਉੱਤੇ ਜਾਂ ਕਿਸੇ ਪਹੁੰਚੇ ਹੋਏ ਅਖੌਤੀ ਬ੍ਰਹਮਗਿਆਨੀ, ਸੰਤ,
ਬਾਬੇ, ਸਾਧੂ, ਪੀਰ, ਫਕੀਰ ਉੱਤੇ ਟੇਕ ਨਹੀਂ ਰੱਖਦਾ। ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਇਨ੍ਹਾਂ
ਬੰਦਿਆਂ ਰਾਹੀਂ, ਨਾ ਤਾਂ ਧਨ-ਦੌਲਤ ਪ੍ਰਾਪਤ ਹੁੰਦੀ ਹੈ, ਨਾ ਹੀ ਦੁੱਖਾਂ ਤੋਂ ਨਿਵਰਤੀ ਮਿਲਦੀ ਹੈ,
ਨਾ ਹੀ ਕੋਈ ਮੁਕਤੀ, ਨਾ ਹੀ ਕੋਈ ਤਕਦੀਰ ਬਦਲਦੀ ਹੈ ਅਤੇ ਨਾ ਹੀ ਅਖੌਤੀ ਪਿਛਲੇ ਜਨਮਾਂ ਦੀ ਕਰਮਾਂ
ਦੀ ਲੇਖਨੀ ਬਦਲਦੀ ਹੈ ਅਤੇ ਨਾ ਹੀ ਇਸ ਅਖੌਤੀ ਲੇਖਨੀ ਨੂੰ ਕੋਈ ਮਿਟਾਉਂਦਾ ਹੈ। ਇਥੋਂ ਤੱਕ ਹੀ ਨਹੀਂ
ਬਲਕਿ ਹਾਜ਼ਰ-ਨਾਜ਼ਰ, ਕਰਤਾਪੁਰਖੁ ਜੀ ਨੂੰ ਸਮਝਣ ਵਾਲਾ ਮਨੁੱਖ, ਸ੍ਰਿਸ਼ਟੀ ਤੋਂ ਬਾਹਰ ਕਿਸੇ ਹੋਰ ਰੱਬ
ਜੀ ਨੂੰ ਨਹੀਂ ਮੰਨਦਾ ਹੈ ਅਤੇ ਨਾ ਹੀ ਅਰਸ਼ਾਂ ਵਾਲੇ ਜਾਂ ਸਵਰਗਾਂ ਵਾਲੇ ਰੱਬ ਜੀ ਨੂੰ ਖੁਸ਼ ਕਰਣ ਲਈ
ਕੋਈ ਪੂਜਾ ਕਰਦਾ ਹੈ। ਆਪਣੇ ਥਾਪੇ ਹੋਏ ਕਿਸੇ ਰੱਬ ਜੀ ਨੂੰ ਖੁਸ਼ ਕਰਨ ਲਈ, ਧਰਤੀ ਦੇ ਕਿਸੇ ਵੀ ਹੋਰ
ਫਿਰਕੇ ਵਾਲੇ ਨੂੰ ਮਾਰਦਾ ਨਹੀਂ ਹੈ, ਨਾ ਹੀ ਉਨ੍ਹਾਂ ਦੇ ਧਰਮ ਅਸਥਾਨਾਂ ਨੂੰ ਢਾਉਂਦਾ ਹੈ। ਉਸ
ਮਨੁੱਖ ਨੂੰ ‘‘ਫਰੀਦਾ
ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ’’
(ਗੁਰੂ ਗ੍ਰੰਥ ਸਾਹਿਬ, ਪੰਨਾ : 1381) ਸਮਝ ਆ ਜਾਂਦਾ ਹੈ ਕਿ ਰੱਬ ਜੀ, ਆਪਣੀ ਖ਼ਲਕਤ ’ਚ ਵੱਸਦੇ ਹਨ,
ਇਸ ਕਰ ਕੇ ਰੱਬ ਜੀ ਦੀ ਖ਼ੁਸ਼ੀ ਲੈਣੀ ਹੋਵੇ ਤਾਂ ਧਰਤੀ ’ਤੇ ਕਿਸੇ ਵੀ ਮਨੁੱਖ ਦਾ ਦਿਲ ਨਹੀਂ ਢਾਹੁਣਾ
ਚਾਹੀਦਾ। ਜੇ ਕਰ ਗੁਰੂ ਸਾਹਿਬਾਨ ਦੇ ਜੀਵਨ ਵਲ ਝਾਤ ਮਾਰ ਕੇ ਵੇਖੀਏ ਤਾਂ ਸਮਾਜ ਦੇ ਭਲੇ ਲਈ ਉਨ੍ਹਾਂ
ਉਸਾਰੂ ਕੰਮ ਵੀ ਕੀਤੇ ਅਤੇ ਮਨੁੱਖ ਦਾ ਜੀਵਨ ਉੱਚਾ ਕਰਨ ਲਈ ਗੁਰਬਾਣੀ ਰਾਹੀਂ ਮਨੁੱਖ ਨੂੰ ਆਤਮਕ ਸੇਧ
ਵੀ ਦਿੱਤੀ। ਇਹ ਸਭ ਕੇਵਲ ਪਰਚਾਰਿਆ ਹੀ ਨਹੀਂ ਬਲਕਿ ਸਮਾਜ ਦੇ ਭਲੇ ਲਈ ਉਸਾਰੂ ਕੰਮ ਕਰਕੇ ਸਾਡੇ ਲਈ
ਪੂਰਨੇ ਪਾਏ।
ਬਸ, ਇਹੋ ਅਵਸਥਾ ਵਾਪਰੇਗੀ ਤਾਂ ਮਨੁੱਖ, ਪਸ਼ੂ-ਕਰਤੂਤਾਂ ਤੋਂ ਉੱਪਰ ਉੱਠ ਕੇ,
ਪੂਰਨ ਮਨੁੱਖ ਬਣਦਾ ਹੈ। ਐਸੀ ਕਰਨੀ ਵਾਲੇ ਜੀਵਨ ’ਚੋਂ ‘ਕਰਤਾ ਪੁਰਖੁ’ ਜੀ ਪ੍ਰਤੱਖ ਨਜ਼ਰੀਂ ਪੈਂਦੇ
ਹਨ। ਫਿਰ ਐਸਾ ਮਨੁੱਖ ਮੁਕਤੀ, ਸਵਰਗ-ਨਰਕ, ਪਾਪ-ਪੁੰਨ ਅਤੇ ਅਰਸ਼ਾਂ ’ਤੇ ਵੱਖਰੇ ਰੱਬ ਐਸੇ ਸਾਰੇ
ਅੰਧ-ਵਿਸ਼ਵਾਸਾਂ ਤੋਂ ਉੱਪਰ ਉੱਠ ਕੇ, ਰੱਬ ਜੀ ਦੀ (ਕਾਦਰ ਦੀ) ਕੁਦਰਤ ਵਿੱਚ, ਮਨੁੱਖਾਂ ਵਿੱਚ ਅਤੇ
‘‘ਬਲਿਹਾਰੀ ਕੁਦਰਤਿ ਵਸਿਆ’’
(ਗੁਰੂ ਗ੍ਰੰਥ ਸਾਹਿਬ, ਪੰਨਾ : 469)
ਨਾਲ ਇਕਮਿਕਤਾ ਵਾਲੀ ਜਿਊਣੀ ਦੇ ਰਸ ਰੂਪੀ ਅੰਮ੍ਰਿਤ ਨੂੰ ਮਾਣਨ ਲੱਗ ਪੈਂਦਾ ਹੈ।
ਕਰਤਾ ਪੁਰਖੁ ਦੇ ਅਰਥਾਂ ਨੂੰ ਜੇ ਕਰ ਇਤਨਾ ਹੀ ਵਿਚਾਰੀਏ ਕਿ ਰੱਬ ਜੀ
ਸ੍ਰਿਸ਼ਟੀ ਦੇ ਕਰਤਾ ਭਾਵ ਸਾਜਨਹਾਰੇ ਹਨ ਤਾਂ ਸਾਨੂੰ ਵੀ ਰੱਬ ਜੀ ਦੇ ਗੁਣਾਂ ਮੁਤਾਬਿਕ ਉਸਾਰੀ ਵਾਲੇ
(creative)
ਕੀਮਤੀ ਕੰਮ ਕਰਨੇ ਚਾਹੀਦੇ ਹਨ। ਜੋ ਮਨੁੱਖ ਇਹ ਗੁਣ ਧਾਰਨ ਕਰ ਕੇ ਅਮਲੀ ਤੌਰ ’ਤੇ ਜਿਊਣ ਲੱਗ ਪੈਂਦਾ
ਹੈ, ਉਹ ਕਿਸੇ ਦਾ ਵਿਗਾੜ ਨਹੀਂ ਕਰ ਸਕਦਾ, ਉਹ ਕਿਸੇ ਦੀ ਪਿੱਠ ਪਿੱਛੇ ਨਿੰਦਾ ਕਰ ਕੇ ਉਸ ਦੇ ਚਲ
ਰਹੇ ਕੰਮ ’ਚ ਵਿਘਨ ਨਹੀਂ ਪਾਉਂਦਾ। ਉਹ ਕਿਸੇ ਦੇ ਮੰਦਰ-ਮਸਜਿਦ ਜਾਂ ਧਰਮੀ ਜਜ਼ਬਾਤਾਂ ਨੂੰ ਵੀ ਢਾਹ
ਨਹੀਂ ਲਾਉਂਦਾ ਬਲਕਿ ਅੰਧ-ਵਿਸ਼ਵਾਸ ਜਾਂ ਕਰਮ-ਕਾਂਡਾਂ ’ਚ ਖੱਚਤ ਜੀਵਨ ਖੁਆਰ ਕਰ ਰਹੇ ਮਨੁੱਖਾਂ ਨੂੰ
ਵੀ ਗਿਆਨ ਰਾਹੀਂ, ਬਿਬੇਕ ਬੁੱਧੀ ਦੇ ਕੇ, ਉਨ੍ਹਾਂ ਦਾ ਜੀਵਨ ਮਿਆਰ, ਆਤਮਕ ਤੌਰ ’ਤੇ ਉੱਚਿਆ ਕਰਦਾ
ਹੈ। ਜਿਹੜੇ ਮਨੁੱਖ, ਰੱਬ ਜੀ ਦੇ ਕਰਤਾ ਪੁਰਖੁ ਗੁਣ ਤੋਂ ਉਸਾਰੂ ਕੰਮ ਵਾਲਾ ਗੁਣ ਸਿੱਖ ਲੈਂਦੇ ਹਨ,
ਉਹ ਸਮਾਜ ਦੀਆਂ ਕੁਰੀਤੀਆਂ ਤੋਂ, ਲੋਕਾਂ ਨੂੰ ਮੁਕਤ ਕਰਾਉਣ ਦੀਆਂ ਵਿਚਾਰਾਂ ਸਾਂਝੀਆਂ ਕਰਦੇ ਹਨ,
ਲੋਕਾਂ ਦੇ ਆਚਰਣ ਉੱਚੇ ਕਰਨ ਦਾ ਵੀ ਉਸਾਰੂ ਕੰਮ ਕਰਦੇ ਹਨ ਅਤੇ ਆਉਣ ਵਾਲੀ ਪਨੀਰੀ ਲਈ ਸੋਹਣੇ ਨਮੂਨੇ
ਪੇਸ਼ ਕਰਦੇ ਜਾਂਦੇ ਹਨ।
|
. |