.

ਚਰਿਤ੍ਰੋਪਾਖਿਆਨ ਦਾ ਚਰਿਤ੍ਰ ਨੰਬਰ ੪੦੩?

ਸਾਰੇ ਸਿੱਖ ਜਗਤ ਨੂੰ ਹੁਣ ਜਾਣਕਾਰੀ ਪਰਾਪਤ ਹੋ ਗਈ ਹੈ ਕਿ ਅਖੌਤੀ ਦਸਮ-ਗ੍ਰੰਥ ਵਿੱਚ ਇੱਕ ਬਹੁਤ ਲੰਬੀ ਵਾਰਤਾ ਸਿਰਲੇਖ “ਚਰਿਤ੍ਰੋਪਾਖਿਆਨ” ਹੇਠ ਅੰਕਤਿ ਹੈ, ਜਿਸ ਵਿੱਚ (੪੦੪) ਚਰਿਤ੍ਰ ਬਿਆਨ ਕੀਤੇ ਹੋਏ ਹਨ। ਬਹੁਤ ਸਾਰੀਆਂ ਐਸੀਆਂ ਮਨ-ਘੜਤ ਕਹਾਣੀਆਂ ਹਨ, ਜਿਹੜੀਆਂ ਪਰਿਵਾਰ ਵਿੱਚ ਬੈਠ ਕੇ ਪੜ੍ਹੀਆਂ ਨਹੀਂ ਜਾ ਸਕਦੀਆਂ। ਪਰ ਫਿਰ ਵੀ (੧੯੩੨ ਤੋ ੧੯੪੫) ਸਿੱਖ ਰਹਿਤ ਮਰਯਾਦਾ ਦੇ ਖਰੜੇ ਨੂੰ ਤਿਆਰ ਕਰਨ ਸਮੇਂ ਕਮੇਟੀ ਦੇ ਮੈਂਬਰਾਂ ਅਤੇ ਸਿੱਖ ਵਿਦਵਾਨਾਂ ਨੂੰ ਇਹ ਪ੍ਰਸੰਗ ਐਨੇ ਚੰਗੇ ਲੱਗੇ ਹੋਂਣਗੇ ਕਿ ਉਨ੍ਹਾਂ ਨੇ `ਚਰਿਤ੍ਰੋਪਾਖਿਆਨ’ ਦੇ ਅਖੀਰਲੇ ਚਰਿਤ੍ਰ ਨੰਬਰ ੪੦੪ ਵਿਚੋਂ ‘ਕਬ੍ਹਯੋ ਬਾਚ ਬੇਨਤੀ ਚੌਪਈ’ ਨੂੰ ਨਿੱਤਨੇਮ ਬਾਣੀਆਂ ਦਾ ਹਿੱਸਾ ਬਣਾ ਦਿੱਤਾ ਤਾਂ ਜੋ ਸਿੱਖ ਪਰਿਵਾਰ ਇਨ੍ਹਾਂ ਚਰਿਤ੍ਰਾਂ ਵਾਂਗ ਆਪਣਾ ਆਪਣਾ ਜੀਵਨ ਢਾਲ ਸਕਣ! ਇਸ ਬੇਨਤੀ ਚੌਪਈ ਦੇ ਲੜੀ ਨੰਬਰ ੩੭੭-੪੦੧, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਦਲ ਕੇ ਇਨ੍ਹਾਂ ਦੇ ਨੰਬਰ ੧ ਤੋਂ ੨੫ ਕਰਕੇ, “ਸੁੰਦਰ ਅਤੇ ਨਿਤਨੇਮ ਤੇ ਹੋਰ ਬਾਣੀਆਂ” ਦੇ ਗੁੱਟਕਿਆਂ ਵਿੱਚ “ਰਹਿਰਾਸ” ਬਾਣੀ ਹੇਠ ਦਰਜ਼ ਕਰ ਦਿੱਤੀ। ਇਸ ਪ੍ਰਥਾਏ, “ਸਿੱਖ ਮਾਰਗ” ਵਿਖੇ ਕਈ ਕਿਤਾਬਾਂ ਅਤੇ ਲੇਖ ਭੀ ਪੜ੍ਹੇ ਜਾ ਸਕਦੇ ਹਨ। ਹੋਰ ਜਾਣਕਾਰੀ ਲਈ ਦੇਖੋ:

1) ਦਸਮ ਗ੍ਰੰਥ ਦਰਪਣ (ਦਸਮ ਗ੍ਰੰਥ ਨਿਰਣੈ) ਕਰਤਾ ਗਿਆਨੀ ਭਾਗ ਸਿੰਘ, ਅੰਬਾਲਾ;

2) ਦਸਮ ਗ੍ਰੰਥ ਬਾਰੇ ਚੋਣਵੇਂ ਲੇਖ, ਪ੍ਰਿੰਸੀਪਲ ਹਰਿਭਜਨ ਸਿੰਘ, ਚੰਡੀਗੜ੍ਹ;

3) ਬਿੱਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ ਦਸਵਾਂ, ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ;

4) ਅਖੌਤੀ ਗ੍ਰੰਥਾਂ ਦੀ ਪੜਚੋਲ? ਚਰਨਜੀਤ ਸਿੰਘ ਬੱਲ, ਕੈਨੇਡਾ;

5) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ਤੇ ਦਸਮ ਗ੍ਰੰਥ ਦੀ ਵਿਚਾਰ, ਡਾਕਟਰ ਗੁਰਮੁਖ ਸਿੰਘ;

6) ਦਸਮ ਗ੍ਰੰਥ ਦੀ ਅਸਲੀਯਤ (ਮੁਢਲਾ ਨਾਂ-ਬਚਿਤ੍ਰ ਨਾਟਕ ਗ੍ਰੰਥ), ਦਲਬੀਰ ਸਿੰਘ, ਦਿੱਲੀ;

7) ਦਸਮ ਗ੍ਰੰਥ ਦਾ ਲਿਖਾਰੀ ਕੌਣ? ਜਸਬਿੰਦਰ ਸਿੰਘ ਡੁਬਈ।

ਕਈ ਗੁਰਦੁਆਰਿਆਂ ਵਿਖੇ ਇਸ ਬੇਨਤੀ ਚੌਪਈ ਦੇ ਬਹੁਤ ਪਾਠ ਹੋਣੇਂ ਅਰੰਭ ਹੋ ਗਏ ਹਨ, ਭਾਵੇਂ ਹੋ ਸਕਦਾ ਕਿ ਐਸੇ ਪ੍ਰੇਮੀਆਂ ਨੂੰ ਇਹ ਪਤਾ ਹੀ ਨਾ ਹੋਵੇ ਕਿ ਇਸ ਦਾ ਲਿਖਾਰੀ ਕੌਣ ਹੈ ਜਾਂ ਇਹ ਵਾਰਤਾ ਕਿਸ ਕਿਤਾਬ ਵਿੱਚ ਅੰਕਤਿ ਹੈ!

ਆਓ, ਇਸ ਬੇਨਤੀ ਚੌਪਈ ਤੋਂ ਪਹਿਲਾਂ ਦਾ ਚਰਿਤ੍ਰ ਨੰਬਰ ੪੦੩ ਪੜ੍ਹ ਲਈਏ: {ਅਰਥ ਕੀਤੇ ਹੋਏ ਹਨ, ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ}

ਚੌਪਈ

ਸੁਨ ਨ੍ਰਿਪ ਔਰ ਚਰਿਤ੍ਰ ਬਖਾਨੋ। ਜਿਹ ਬਿਧਿ ਕਿਯਾ ਚੰਚਲਾ ਜਾਨੋ।

ਅਨਦਾਵਤੀ ਨਗਰ ਇੱਕ ਸੋਹੈ। ਰਾਇ ਸਿੰਘ ਰਾਜਾ ਤਹ ਕੋ ਹੈ। ੧।

ਅਰਥ: ਹੇ ਰਾਜਨ! ਸੁਣੋ, ਇੱਕ ਹੋਰ ਚਰਿਤ੍ਰ ਕਹਿੰਦਾ ਹਾਂ ਜਿਸ ਤਰ੍ਹਾਂ ਉਸ ਇਸਤਰੀ ਨੇ ਕੀਤਾ ਸੀ, ਸੋ ਜਾਣ ਲਵੋ। ਅਨਦਾਵਤੀ ਨਾਂ ਦਾ ਇੱਕ ਨਗਰ ਹੁੰਦਾ ਸੀ। ਉਥੋਂ ਦੇ ਰਾਜਾ ਰਾਇ ਸਿੰਘ ਸੀ। ੧।

ਸਿਵਦਏ ਤਿਹ ਨਾਰਿ ਬਿਚਛਨ। ਰੂਪਵਾਨ ਗੁਨਵਾਨ ਸੁਲਛਨ।

ਰਾਜਾ ਆਪੁ ਚਰਿਤ੍ਰ ਬਨਾਵਤ। ਲਿਖਿ ਲਿਖਿ ਪੜਿ ਇਸਤ੍ਰਿਯਨ ਸੁਨਵਤ। ੨।

ਅਰਥ: ਉਸ ਦੀ ਸ਼ਿਵ ਦੇਈ ਨਾਂ ਦੀ ਸਿਆਣੀ ਇਸਤਰੀ ਸੀ। ਉਹ ਰੂਪਵਾਨ, ਗੁਣਵਾਨ ਅਤੇ ਚੰਗਿਆਂ ਲੱਛਣਾਂ ਵਾਲੀ ਸੀ। ਰਾਜਾ ਆਪ ਚਰਿਤ੍ਰ ਬਣਾਉਂਦਾ ਸੀ ਅਤੇ ਲਿਖ ਲਿਖ ਕੇ ਇਸਤਰੀਆਂ ਨੂੰ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ। ੨।

ਸਿਵਾ ਮਤੀ ਇਹ ਬਿਧਿ ਜਬ ਸੁਨੀ। ਅਧਿਕ ਬਿਹਸਿ ਕਰਿ ਮੂੰਡੀ ਧੁਨੀ।

ਅਸ ਕਰਿ ਇਸੈ ਚਰਿਤ੍ਰ ਦਿਖਾਊ। ਯਾਹ ਭਜੋ ਯਾਹੀ ਤੇ ਲਿਖਾਊ। ੩।

ਅਰਥ: ਜਦ ਸ਼ਿਵਾ ਮਤੀ ਨੇ ਇਸ ਤਰ੍ਹਾਂ ਸੁਣਿਆ (ਤਦ) ਬਹੁਤ ਹਸ ਕੇ ਸਿਰ ਹਿਲਾਇਆ। (ਮੈਂ) ਅਜਿਹਾ ਚਰਿਤ੍ਰ ਕਰ ਕੇ ਇਸ (ਰਾਜੇ) ਨੂੰ ਵਿਖਾਵਾਂਗੀ ਕਿ ਇਸ ਨਾਲ ਰਮਣ ਕਰ ਕੇ ਇਸੇ ਤੋਂ ਲਿਖਵਾਵਾਂਗੀ। ੩।

ਜਿਹ ਤਿਹ ਬਿਧਿ ਭੂਪਹਿ ਫੁਸਲਾਇ। ਮਿਲਤ ਭਈ ਦਿਨ ਹੀ ਕਹ ਆਇ।

ਆਨਿ ਗਰੇ ਤਾ ਕੇ ਲਪਟਾਈ। ਭਾਤਿ ਭਾਤਿ ਤਿਨ ਕੇਲ ਰਚਾਈ। ੪।

ਅਰਥ: ਜਿਵੇਂ ਕਿਵੇਂ ਰਾਜੇ ਨੂੰ ਫੁਸਲਾ ਕੇ ਦਿਨ ਨੂੰ ਹੀ ਆ ਕੇ ਮਿਲ ਪਈ। ਆ ਕੇ ਉਸ ਦੇ ਗਲੇ ਨਾਲ ਲਿਪਟ ਗਈ ਅਤੇ ਭਾਂਤ ਭਾਂਤ ਨਾਲ ਕਾਮ-ਕ੍ਰੀੜਾ ਕੀਤੀ। ੪।

ਭਾਤਿ ਭਾਤਿ ਜਦ ਪਤਿਹ ਭਜਾ। ਤਊ ਨਾ ਤ੍ਰਿਯ ਆਸਨ ਤਿਹ ਤਜਾ।

ਭਾਤਿ ਭਾਤਿ ਉਰ ਸੋ ਉਰਝਾਨੀ। ਨਿਰਖਿ ਭੂਪ ਕਾ ਰੂਪ ਬਿਕਾਨੀ। ੫।

ਅਰਥ: (ਭਾਵੇਂ) ਪਤੀ ਨੇ ਉਸ ਨਾਲ ਕਈ ਤਰ੍ਹਾਂ ਦਾ ਰਮਣ ਕੀਤਾ, ਤਾਂ ਵੀ ਇਸਤਰੀ ਨੇ ਉਸ ਦਾ ਆਸਣ ਨ ਛਡਿਆ। ਕਈ ਤਰ੍ਹਾਂ ਨਾਲ (ਉਸ ਦੀ) ਛਾਤੀ ਨਾਲ ਲਗੀ ਰਹੀ ਅਤੇ ਰਾਜੇ ਦਾ ਰੂਪ ਵੇਖ ਕੇ ਵਿਕ ਗਈ। ੫।

ਭੋਗ ਕਮਾਇ ਗਈ ਡੇਰੈ ਜਬ। ਸਖਿਯਨ ਸਾਥ ਬਖਾਨੋ ਇਮ ਤਬ।

ਇਹ ਰਾਜੈ ਮੁਹਿ ਆਜੁ ਬੁਲਾਯੋ। ਦਿਨ ਹੀ ਮੋ ਸੰਗ ਭੋਗ ਕਮਾਯੋ। ੬।

ਅਰਥ: (ਰਾਜੇ ਨਾਲ) ਭੋਗ ਕਰ ਕੇ ਜਦ (ਆਪਣੇ) ਘਰ ਨੂੰ ਪਰਤੀ, ਤਦ ਸਖੀਆਂ ਨਾਲ ਇਸ ਤਰ੍ਹਾਂ ਬਖਾਨ ਕੀਤਾ। ਇਸ ਰਾਜੇ ਨੇ ਮੈਨੂੰ ਅਜ ਬੁਲਾਇਆ ਸੀ ਅਤੇ ਦਿਨ ਵੇਲੇ ਹੀ ਮੇਰੇ ਨਾਲ ਭੋਗ ਕੀਤਾ ਸੀ। ੬।

ਸਾਸੁ ਸਸੁਰ ਜਬ ਹੀ ਸੁਨ ਪਾਈ। ਔਰ ਸੁਨਤ ਭੀ ਸਗਲ ਲੁਗਾਈ।

ਆਜੁ ਰਾਜ ਯਾ ਸੋ ਰਤਿ ਮਾਨੀ। ਬੂਝਿ ਗਏ ਸਭ ਲੋਗ ਕਹਾਨੀ। ੭।

ਅਰਥ: ਜਦੋਂ ਸੱਸ ਸਹੁਰੇ ਨੇ ਸੁਣ ਲਿਆ ਅਤੇ ਹੋਰ ਸਾਰੀਆਂ ਇਸਤਰੀਆਂ ਨੇ ਸੁਣ ਲਿਆ ਕਿ ਅਜ ਰਾਜੇ ਨੇ ਇਸ ਨਾਲ ਕਾਮ-ਕ੍ਰੀੜਾ ਕੀਤੀ ਹੈ, ਤਾਂ ਸਾਰੇ ਲੋਕ ਕਹਾਣੀ ਸਮਝ ਗਏ। ੭।

ਪੁਨਿ ਸਿਵ ਦੇ ਇਹ ਭਾਤਿ ਉਚਾਰੋ। ਮੈਂ ਦੇਖਤ ਥੀ ਹਿਯਾ ਤਿਹਾਰੋ।

ਬਾਤ ਕਹੇ ਮੁਹਿ ਏ ਕ੍ਹਯਾ ਕਰਿਹੈ। ਚੁਪ ਕਰਿ ਹੈ ਕਿ ਕੋਪ ਕਰਿ ਲਰਿਹੈ। ੮।

ਅਰਥ: ਫਿਰ ਸ਼ਿਵ ਦੇ (ਦਈ) ਨੇ ਇਸ ਤਰ੍ਹਾਂ ਕਿਹਾ-ਮੈਂ ਤੁਹਾਡਾ ਜਿਗਰਾ ਵੇਖ ਰਹੀ ਸਾਂ ਕਿ ਇਹ ਕੀ ਗੱਲ ਕਰਦੇ ਹਨ ਅਤੇ ਮੈਨੂੰ ਕੀ ਕਹਿੰਦੇ ਹਨ। ਚੁਪ ਕਰਦੇ ਹਨ ਜਾਂ ਕ੍ਰੋਧਿਤ ਹੋ ਕੇ ਲੜਦੇ ਹਨ। ੮।

ਅੜਿਲ

ਦਿਨ ਕੋ ਐਸੋ ਕੋ ਤ੍ਰਿਯ ਕਰਮ ਕਮਾਵਈ। ਦਿਖਤ ਜਾਰ ਕੋ ਧਾਮ ਨਾਰਿ ਕਿਮਿ ਜਾਵਈ।

ਐਸ ਕਾਜ ਕਰਿ ਕਵਨ ਕਹੋ ਕਿਮਿ ਭਾਖਿ ਹੈ। ਹੋ ਅਪਨੇ ਚਿਤ ਕੀ ਬਾਤ ਚਿਤ ਮੋ ਰਾਖਿ ਹੈ। ੯।

ਅਰਥ: ਦਿਨ ਵੇਲੇ ਅਜਿਹੀ ਕਿਹੜੀ ਇਸਤਰੀ ਹੈ, ਜੋ (ਇਹ) ਕਰਮ ਕਮਾਵੇਗੀ। (ਸਭ ਦੇ) ਵੇਖਦੇ ਹੋਇਆਂ ਇਸਤਰੀ ਕਿਵੇਂ ਯਾਰ ਦੇ ਘਰ ਜਾਵੇਗੀ। ਅਜਹਿਾ ਕੰਮ ਕਰ ਕੇ ਭਲਾ ਕੋਈ ਕਿਸੇ ਨੂੰ ਕਿਉਂ ਦਸੇਗੀ। ਉਹ ਆਪਣੇ ਮਨ ਦੀ ਗੱਲ ਆਪਣੇ ਮਨ ਵਿੱਚ ਹੀ ਰਖੇਗੀ। ੯।

ਚੌਪਈ

ਬੈਨ ਸੁਨਤ ਸਭਹਿਨ ਸਚੁ ਆਯੋ। ਕਿਨੂੰ ਨ ਤਹ ਇਹ ਕਥਹਿ ਚਲਾਯੋ।

ਜੋ ਕੋਈ ਐਸ ਕਰਮ ਕੌ ਕਰਿ ਹੈ। ਭੂਲਿ ਨ ਕਾਹੂ ਪਾਸ ਉਚਿਰ ਹੈ। ੧੦।

ਅਰਥ: ਗੱਲ ਸੁਣ ਕੇ ਸਾਰਿਆਂ ਨੇ ਸਚ ਮੰਨ ਲਈ ਅਤੇ ਕਿਸੇ ਹੋਰ ਨਾਲ ਅਗੇ ਗੱਲ ਨ ਚਲਾਈ। ਜੇ ਕੋਈ ਅਜਿਹਾ ਕਰਮ ਕਰਦਾ ਹੈ, ਤਾਂ ਉਹ ਭੁਲ ਕੇ ਕਿਸੇ ਹੋਰ ਨੂੰ ਨਹੀਂ ਦਸਦਾ। ੧੦।

ਲੋਗਨ ਕਹਿ ਇਹ ਬਿਧਿ ਡਹਕਾਇ। ਪਿਯ ਤਨ ਪਤ੍ਰੀ ਲਿਖੀ ਬਨਾਇ।

ਮੋ ਪਰ ਯਾਰ ਅਨੁਗ੍ਰਹ ਕੀਜੇ। ਇਹ ਭੀ ਚਰਿਤ ਗ੍ਰੰਥ ਲਿਖਿ ਲੀਜੇ। ੧੧। ੧।

ਇਤਿ ਸ੍ਰੀ ਚਰਿਤ੍ਰ ਪਖ੍ਹਯਾਨੋ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਤੀਨ ਚਰਿਤ੍ਰ ਸਮਾਪਤਮ

ਸਤੁ ਸੁਭਮ ਸਤੁ। ੪੦੨। ੭੧੩੪। ਅਫਜੂੰ।

ਅਰਥ: ਲੋਕਾਂ ਨੂੰ ਇਸ ਤਰ੍ਹਾਂ ਕਹਿ ਕੇ ਭਰਮਾਇਆ ਅਤੇ ਪ੍ਰਿਯ ਨੂੰ (ਇਸ ਤਰ੍ਹਾਂ) ਚਿੱਠੀ ਲਿਖ ਭੇਜੀ। ਹੇ ਪ੍ਰੀਤਮ! ਮੇਰੇ ਉਤੇ ਕ੍ਰਿਪਾ ਕਰੋ ਅਤੇ ਇਹ ਚਰਿਤ੍ਰ ਵੀ ਗ੍ਰੰਥ ਵਿੱਚ ਲਿਖ ਲਵੋ। ੧੧।

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੦੩ਵੇਂ ਚਰਿਤ੍ਰ ਦੀ ਸਮਾਪਤੀ,

ਸਭ ਸ਼ੁਭ ਹੈ। ੪੦੩। ੭੧੩੪। ਚਲਦਾ।

ਇਹ ਚਰਿਤ੍ਰ ਨੰਬਰ ੪੦੩ ਕਿਉਂਕਿ ਬੇਨਤੀ ਚੌਪਈ ਤੋਂ ਪਹਿਲਾਂ ਲਿਖਿਆ ਹੋਇਆ ਹੈ, ਕਿੰਨਾ ਚੰਗਾ ਹੋਵੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੈੱਡ ਮਨਿਸਟਰਜ਼ ‘ਹੁਕਮਨਾਮਾ’ ਜਾਰੀ ਕਰ ਦੇਣ ਕਿ ਇਨ੍ਹਾਂ ਸਾਰਿਆਂ ਚਰਿਤ੍ਰਾਂ ਦੀ ਕਥਾ ਇਤਿਹਾਸਿਕ ਗੁਰਦੁਆਰਿਆਂ `ਤੇ ਹਰ ਰੋਜ਼ ਕੀਤੀ ਜਾਵੇ ਤਾਂ ਜੋ ਸਾਰੀ ਸਿੱਖ ਕੌਮ ਧਰਮ ਦੀ ਕਿਰਤ ਕਰਨ ਦੀ ਥਾਂ ਐਸੇ ਚਰਿਤ੍ਰਾਂ ਦਾ ਅਨੰਦ ਮਾਣ ਸਕਣ! ਜਿਹੜੀਆਂ ਜਥੇਬੰਦੀਆਂ ਜਾਂ ਟੋਲੇ ਬੇਨਤੀ ਚੌਪਈ ਦੇ ਬਹੁਤ ਸ਼ੁਕੀਨ ਹਨ, ਉਹ ਭੀ ਸਾਰੀਆਂ ਚੌਪਈਆਂ ਦੇ ਪਾਠ ਆਪਣੇ ਆਪਣੇ ਪਰਿਵਾਰਾਂ ਵਿੱਚ ਕਰਨ ਤਾਂ ਜੋ ਉਹ ਐਸੀ ਰੂਹਾਨੀ ਸਿਖਿਆ ਤੋਂ ਵਾਂਝੇ ਨਾ ਰਹਿ ਜਾਣ!

ਦਾਸ ਬਹੁਤ ਧੰਨਵਾਦੀ ਹੋਵੇਗਾ ਜੇ ਕੋਈ ਪ੍ਰਾਣੀ ਇਹ ਸੂਚਨਾ ਸਾਂਝੀ ਕਰਨ ਦੀ ਕ੍ਰਿਪਾਲਤ ਕਰੇ ਕਿ “ਅਨਦਾਵਤੀ ਨਾਂ ਦਾ ਨਗਰ” ਕਿਥੇ ਹੈ ਅਤੇ ਇਹ “ਰਾਜਾ ਰਾਇ ਸਿੰਘ” ਕਿਸ ਸਮੇਂ ਹੋਇਆ ਸੀ?

ਪਰ, ਸਿੱਖ ਮਾਰਗ ਦੇ ਪਾਂਧੀਆਂ ਨੂੰ ਬੇਨਤੀ ਹੈ ਕਿ ਉਹ “ਸ਼ਬਦ ਗੁਰੂ, ਗੁਰੂ ਗਰੰਥ ਸਾਹਿਬ” ਅਨੁਸਾਰ ਹੀ ਜੀਵਨ ਬਤੀਤ ਕਰਨ ਅਤੇ ਐਸੇ ਕਿੱਸੇ-ਕਹਾਣੀਆਂ ਦਾ ਖੈਹਿੜਾ ਛੱਡਣ!

ਧੰਨਵਾਦ ਸਹਿਤ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੨੬ ਮਈ ੨੦੧੩




.