. |
|
ਧਾਣਕ ਰੂਪਿ ਰਹਾ ਕਰਤਾਰ
ਇਹ ਗੁਰਬਾਣੀ ਦੀ ਪੰਕਤੀ ਸਿਰੀ ਰਾਗ ਦੇ ਸ਼ਬਦ ਨੰ: ੨੯ ਦੀ ਹੈ, ਸ੍ਰੀ ਗੁਰੂ
ਨਾਨਕ ਦੇਵ ਜੀ ਦਾ ਉਚਾਰਿਆ ਹੋਇਆ ਸ਼ਬਦ ਹੈ। ਗੁਰੂ ਜੀ ਇਸ ਸ਼ਬਦ ਵਿੱਚ ‘ਉੱਤਮ ਪੁਰਖ’ ਦੁਆਰਾ ਉਪਦੇਸ਼
ਕਰਦੇ ਹਨ। ‘ਉਤੱਮ ਪੁਰਖ’ ਦੁਆਰਾ ਉਪਦੇਸ਼ ਕੀ ਹੈ - ਕਹਿਣਾ ਆਪ ਨੂੰ, ਆਪਣੇ ਤੇ ਲਾ-ਲਾ ਕੇ, ਉਪਦੇਸ਼
ਮੱਧਮ ਪੁਰਖ, ਅਨ੍ਯ ਪੁਰਖ ਜਾਂ ਲੋਕਾਂ ਨੂੰ ਕਰਨਾ। ਉਪਦੇਸ਼ ਦਾ ਇਹ ਤਰੀਕਾ ਵਰਤਣਾ ਕਿਸੇ ਖ਼ਾਸ-ਖ਼ਾਸ
ਵਿਸ਼ਯ ਲਈ ਜ਼ਿਆਦਾ ਕਾਰਗਰ ਸਾਬਤ ਹੁੰਦਾ ਹੈ।
ਸਿਰੀ ਰਾਗੁ ਮਹਲਾ ਪਹਲਾ ੧ ਘਰੁ ੪॥
ਏਕੁ ਸੁਆਨੁ ਦੁਇ ਸੁਆਨੀ ਨਾਲਿ॥ ਭਲਕੇ ਭਉਕਹਿ ਸਦਾ ਬਇਆਲਿ॥ ਕੂੜੁ ਛੁਰਾ
ਮੁਠਾ ਮੁਰਦਾਰੁ॥ ਧਾਣਕ ਰੂਪਿ ਰਹਾ ਕਰਤਾਰ॥ ੧॥
ਭਾਵ ਅਰਥ:- ਹੇ ਮੇਰੇ
ਕਰਤਾਰ! ਮੈਂ ਸਾਂਹਸੀ ਬਣਿਆ ਪਿਆ ਹਾਂ। ਮੇਰੇ ਨਾਲ ਇੱਕ ਲੋਭ ਰੂਪੀ ਕੁੱਤਾ ਹੈ ਅਤੇ ਆਸਾ ਤੇ
ਤ੍ਰਿਸ਼ਨਾ ਰੂਪੀ ਦੋ ਕੁੱਤੀਆਂ ਹਨ। ਇਹ ਕੁੱਤਾ ਤੇ ਕੁੱਤੀਆਂ ਸਵੇਰ ਹੁੰਦਿਆਂ ਹੀ ਭੌਂਕਣ ਲਗ ਪੈਂਦੇ
ਹਨ। ਮੇਰੇ ਹੱਥ ਵਿੱਚ ਕੂੜ ਰੂਪੀ ਛੁਰਾ ਹੈ, ਮਾਇਆ ਨੇ ਮੈਨੂੰ ਠੱਗ ਲਿਆ ਹੈ, ਪਰਾਇਆ ਮਾਲ ਲੁਟਣਾ
ਮੇਰੀ ਖ਼ਸਲਤ ਬਣ ਗਈ ਹੈ। ਧਾਣਕ=
ਜਰਾਇਮ ਪੇਸ਼ਾ ਖਾਨਾਬਦੋਸ਼। ਇਹ ਸਾਂਹਸੀ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ। ਚੋਰੀ/ਕਤਲ ਆਦਿ ਕਰਨ
ਵਿੱਚ ਬੜੇ ਨਿਪੁੰਨ ਹੁੰਦੇ ਹਨ, ਰਹਿਣ ਸਹਿਣ ਬੜਾ ਗੰਦਾ ਹੁੰਦਾ ਹੈ, ਕੁੱਤੇ ਕੁੱਤੀਆਂ ਰੱਖਦੇ ਹਨ,
ਬਿੱਲੇ ਬਿੱਲੀਆਂ ਤੇ ਹੋਰ ਇਹੋ ਜਿਹੇ ਜਾਨਵਰ ਮਾਰ ਕੇ ਖਾਂਦੇ ਹਨ। ਵੇਖਣ ਵਿੱਚ ਫ਼ਕੀਰ ਲਗਦੇ ਹਨ।
ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ॥ ਹਉ ਬਿਗੜੈ ਰੂਪਿ ਰਹਾ ਬਿਕਰਾਲ॥ ਤੇਰਾ
ਏਕੁ ਨਾਮੁ ਤਾਰੇ ਸੰਸਾਰੁ॥ ਮੈ ਏਹਾ ਆਸ ਏਹੋ ਆਧਾਰੁ॥ ੧॥ ਰਹਾਉ॥
ਭਾਵ ਅਰਥ:- ਹੇ ਪ੍ਰਭੂ
ਪਤੀ! ਨਾ ਮੈਂ ਤੇਰੀ ਸਿੱਖਿਆ ਤੇ ਚਲਦਾ ਹਾਂ ਤੇ ਨਾ ਹੀ ਚੰਗੇ ਕੰਮ ਕਰਦਾ ਹਾਂ। ਮੈਂ ਵਿਗੜੇ ਤੇ
ਡਰਾਉਣੇ ਰੂਪ ਵਾਲਾ ਜੀਵਨ ਜਿਉ ਰਿਹਾ ਹਾਂ। ਹੇ ਵਾਹਿਗੁਰ!
(ਇਹੋ ਜਿਹੇ ਵਿਗੜੇ ਰੂਪ ਵਿੱਚੋਂ ਕੱਢਣ ਵਾਲਾ)
ਤੇਰੇ ਨਾਮ ਦੇ ਸਿਵਾ ਮੇਰਾ ਹੋਰ ਕੋਈ ਆਸ ਆਸਰਾ ਨਹੀਂ ਹੈ। ਤੇਰਾ ਨਾਮ ਸੰਸਾਰ ਨੂੰ ਪਾਰ ਲੰਘਾਉਂਦਾ
ਹੈ, ਮੈਨੂੰ ਵੀ ਪਾਰ ਲੰਘਾਵੇ ਗਾ।
ਮੁਿਖ ਨਿੰਦਾ ਆਖਾ ਦਿਨੁ ਰਾਤਿ॥ ਪਰ ਘਰੁ ਜੋਹੀ ਨੀਚ ਸਨਾਤਿ॥ ਕਾਮੁ ਕ੍ਰੋਧੁ
ਤਨਿ ਵਸਹਿ ਚੰਡਾਲ॥ ਧਾਣਕ ਰੂਪਿ ਰਹਾ ਕਰਤਾਰ॥ ੨॥
ਭਾਵ ਅਰਥ:- ਮੈਂ ਦਿਨ ਰਾਤ
ਉਨ੍ਹਾਂ ਨੂੰ ਬੁਰਾ ਕਹਿੰਦਾ ਹਾਂ ਜੋ ਬੁਰੇ ਨਹੀਂ ਹਨ। ਮੈਂ ਨੀਚ ਹੋਛੀ ਜਾਤਿ ਦਾ ਹਾਂ, ਬੁਰੀ ਨਜ਼ਰ
ਨਾਲ ਪਰਾਏ ਘਰ ਤਕਦਾ ਹਾਂ। ਮੇਰੇ ਅੰਦਰ ਕਾਮ ਕ੍ਰੋਧ ਰੂਪੀ ਚੰਡਾਲ ਵਸ ਰਹੇ ਹਨ। ਮੈਂ ਸਾਂਹਸੀਆਂ
ਵਾਲਾ ਰੂਪ ਧਾਰਣ ਕੀਤਾ ਹੋਇਆ ਹੈ॥
ਫਾਹੀ ਸੁਰਤਿ ਮਲੂਕੀ ਵੇਸੁ॥ ਹਉ ਠਗਵਾੜਾ ਠਗੀ ਦੇਸੁ॥ ਖਰਾ ਸਿਆਣਾ ਬਹੁਤਾ
ਭਾਰੁ॥ ਧਾਣਕ ਰੂਪਿ ਰਹਾ ਕਰਤਾਰ॥ ੩॥
ਭਾਵ ਅਰਥ:- ਮੇਰਾ ਧਿਆਨ
ਦੂਜਿਆਂ ਨੂੰ ਫਸਾਉਣ ਵਿੱਚ ਹੀ ਲੱਗਾ ਰਹਿੰਦਾ ਹੈ। ਮੈਂ ਫ਼ਕੀਰਾਂ ਵਾਲਾ ਭੇਸ ਲੋਕਾਂ ਨੂੰ ਫਸਾਉਣ
ਵਾਸਤੇ ਹੀ ਬਣਾਇਆ ਹੈ। ਮੈਂ ਠੱਗੀ ਦਾ ਅੱਡਾ ਚਲਾ ਰੱਖਿਆ ਹੈ। ਇੱਕ ਅੱਧੇ ਨੂੰ ਨਹੀਂ, ਸਾਰਾ ਦੇਸ਼ ਹੀ
ਠੱਗਣਾ ਚਾਹੁੰਦਾ ਹਾਂ। ਮੈਂ ਆਪਣੇ ਆਪ ਨੂੰ ਸਿਆਣਾ ਤਾਂ ਬਹੁਤ ਸਮਝਦਾ ਹਾਂ, ਪਰ ਸਾਂਹਸੀਆਂ ਵਾਲੇ
ਕੰਮ ਕਰਕੇ ਪਾਪਾਂ ਦਾ ਭਾਰ ਸਿਰ ਤੇ ਚੜ੍ਹਾ ਰਿਹਾ ਹਾਂ। ਮੈਂ ਸਾਂਹਸੀਆ ਵਾਲੀ ਜ਼ਿੰਦਗੀ ਜੀ ਰਿਹਾ
ਹਾਂ।
ਮੈ ਕੀਤਾ ਨ ਜਾਤਾ ਹਰਾਮਖੋਰੁ॥ ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ॥ ਨਾਨਕੁ
ਨੀਚੁ ਕਹੈ ਬੀਚਾਰੁ॥ ਧਾਣਕ ਰੂਪਿ ਰਹਾ ਕਰਤਾਰ॥ ੪॥ ੨੯॥
ਭਾਵ ਅਰਥ:- ਹੇ ਕਰਤਾਰ!
ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਜਾਣੀ। ਮੈਂ ਹਰਾਮਖੋਰ ਹਾਂ, ਦੁਸ਼ਟ ਹਾਂ, ਤੇਰਾ ਚੋਰ ਹਾਂ। ਕੀ
ਮੂੰਹ ਲੈ ਕੇ ਤੇਰੇ ਸਾਹਮਣੇ ਹੋਵਾਂਗਾ। ਮੰਦਕਰਮੀ ਨਾਨਕ ਤਾਂ ਸਾਂਹਸੀਆਂ ਵਾਲਾ ਜੀਵਨ ਜਿਉ ਰਿਹਾ ਹੈ॥
ਵਿਆਖਿਆ:- ਚੀਜ਼ਾਂ ਲੈਣ ਦੀ
ਇੱਛਾ ਜੀਵ ਦੀ ਕੁਦਰਤੀ ਲੋੜਾਂ ਤੋਂ ਉਪਜਦੀ ਹੈ। ਪਰ ਯੋਗ ਹੱਦਾਂ ਤੋਂ ਵਧੀ ਇੱਛਾ ਲੋਭ/ਤ੍ਰਿਸ਼ਨਾ ਬਣ
ਜਾਂਦੀ ਹੈ। ਨਾ ਭੁੱਗਣ ਵਾਲੀ ਆਸਾ, ਲੋਭ, ਤ੍ਰਿਸ਼ਨਾ ਹੱਦ ਬੰਨਾ ਟੱਪ ਕੇ ਸ਼ਿਕਾਰੀ ਪਸ਼ੂ ਦੀ ਤਰ੍ਹਾਂ
ਬੇਕਾਬੂ ਹੋ ਜਾਂਦੀਆਂ ਹਨ। ਇਨ੍ਹਾਂ ਦੀ ਪੂਰਤੀ ਲਈ ਮਨੁੱਖ ਗੁਰੂ ਦੀ ਸਿੱਖਿਆ ਦੀ ਪਰਵਾਹ ਨਹੀਂ
ਕਰਦਾ। ਬੁੱਧੀ ਵਾਲਾ ਹੋਣ ਕਰਕੇ ਚਲਾਕੀਆਂ ਕਰਦਾ ਹੈ। ਝੂਠ ਦਾ ਆਸਰਾ ਲੈਂਦਾ ਹੈ, ਠੱਗੀ ਕਰਦਾ ਹੈ,
ਸ਼ੁਭ ਅਮਲਾਂ ਨਾਲੋਂ ਟੁੱਟ ਜਾਂਦਾ ਹੈ। ਕੰਮ ਵਿੱਚ ਠੱਗੀ ਮਾਰਦਾ ਹੈ। ਕਾਮ `ਚ ਮਸਤ, ਲੋੜ ਅਟਕੇ ਤਾਂ
ਕ੍ਰੋਧ ਵਿੱਚ ਬੇਬਸ ਹੋ ਜਾਂਦਾ ਹੈ। ਸੁਰਤ ਵਿੱਚ ਐਬ ਵੜ ਕੇ ਜੀਵ ਨੂੰ ਮਹਾਂ ਪਾਪੀ ਬਣਾ ਲੈਂਦੇ ਹਨ।
ਮਨੁੱਖ ਜਦ ਅਪਰਾਧ ਕਰਦਾ ਹੈ ਤਾਂ ਉਸ ਦੇ ਅੰਦਰ ਆਪਣੇ ਕੀਤੇ ਦੀ ਸ਼ਰਮ ਅਨਜਾਣੇ ਹੀ ਕਰਤਾਰ ਤੋਂ ਸੰਗ
ਵਿੱਚ ਪਾ ਦੇਂਦੀ ਹੈ। ਇਹ ਸੰਗ ਜੀਵ ਦੀ ਕਰਤਾਰ ਤੋਂ ਦੂਰੀ ਵੱਧਾਂਦੀ ਹੈ। ਹਜ਼ੂਰੀ ਵਾਸ ਤੇ ਕਿਤੇ
ਰਿਹਾ, ਕਰਤਾਰ ਦੀ ਸ਼ਰਣ ਆਉਣ ਨੂੰ, ਅਰਦਾਸ ਕਰਨ ਨੂੰ ਜੀਵ ਦਾ ਜੀ ਨਹੀਂ ਕਰਦਾ। ਆਪਣੇ ਆਪ ਨੂੰ ਦਰੁਸਤ
ਠਹਿਰਾਉਣ ਲਈ ਚਲਾਕੀਆਂ ਦੀ ਓਟ ਲੈਂਦਾ ਹੈ ਅਤੇ ਕਰਤਾਰ ਦੀ ਹੋਂਦ ਤੋਂ ਹੀ ਇਨਕਾਰੀ ਹੋ ਜਾਂਦਾ ਹੈ।
ਅਰਦਾਸ ਨੂੰ ਵਿਅਰਥ ਸਮਝਦਾ ਹੈ। ਵਾਹਿਗੁਰੂ ਦੇ ਨਾਮ ਦਾ ਸਿਮਰਨ ਇਸ ਨੂੰ ਫ਼ਜ਼ੂਲ ਭਾਸਦਾ ਹੈ। ਗੁਰੂ ਦੀ
ਸਿੱਖਿਆ ਤੇ ਕਿੰਤੂ ਪ੍ਰੰਤੂ ਕਰਦਾ ਹੈ। ਮਨੁੱਖ ਦੀ ਇਸ ਬੀਮਾਰੀ ਦਾ ਇਲਾਜ ਗੁਰੂ ਜੀ ਨੇ ਇਸ ਸ਼ਬਦ `ਚ
ਨਾਮ ਦੱਸਿਆ ਹੈ, ਜੋ ਜਪਿਆਂ ਅੰਦਰ ਪ੍ਰਵੇਸ਼ ਕਰਦਾ ਹੈ ਤੇ ਕੁਦਰਤੀ ਲੋੜਾਂ ਨੂੰ ਹੱਦ ਬੰਨੇ ਵਿੱਚ ਕਰ
ਦੇਂਦਾ ਹੈ। ਗੁਰੂ ਜੀ ਦੱਸਦੇ ਹਨ ਕਿ ਵਾਹਿਗੁਰੂ ਦਾ ਨਾਮ ਅਤਿ ਦੀ ਗਰਾਉ ਵਾਲੀ ਹਾਲਤ ਤੋਂ ਤਾਰਨਹਾਰ
ਹੈ। ਗੁਰੂ ਦੇ ਦਲਾਸੇ ਨਾਲ ਆਸ ਬੱਝ ਜਾਂਦੀ ਹੈ। ਇਹ ਆਸ ਨਾਮ ਵਿੱਚ ਲੈ ਆਉਂਦੀ ਹੈ, ਨਾਮ ਦਾ ਅਭਿਆਸ
ਅੰਦਰ ਆਧਾਰ ਬਣ ਜਾਂਦਾ ਹੈ। ਵਾਹਿਗੁਰੂ ਦੀ ਹਜ਼ੂਰੀ ਭਾਸਣ ਲਗ ਜਾਂਦੀ ਹੈ, ਫਿਰ ਅਰਦਾਸ ਨੂੰ ਵੀ ਜੀ
ਕਰਦਾ ਹੈ। ਰਹਾਉ ਦੀਆਂ ਤੁਕਾਂ ਇਹੋ ਸਮਝਾਉਂਦੀਆਂ ਹਨ। ਨਾਮ ਜਪਣ ਨਾਲ ਅੰਦਰ ਟਿਕਾਉ ਆ ਜਾਂਦਾ ਹੈ।
ਹਜ਼ੂਰੀ ਪ੍ਰਤੀਤ ਹੁੰਦੀ ਹੈ ਅਤੇ ਨਾਮ ਜਪਣ ਵਾਲਾ ਕਰਤਾਰ ਦੇ ਸ਼ੁਕਰਾਨੇ ਵਿੱਚ ਆਉਂਦਾ ਹੈ। ਖ਼ੁਦਗ਼ਰਜ਼ੀ
ਤੇ ਹੋਰ ਅਉਗੁਣ ਝੜਨੇ ਸ਼ੁਰੂ ਹੋ ਜਾਂਦੇ ਹਨ। ਗੁਰੂ ਦੀ ਫ਼ੁਰਮਾਈ ਵਿਚਾਰ ਹਰ ਗਲ ਦਾ ਫ਼ਾਇਦਾ ਨੁਕਸਾਨ
ਵਿਖਾ ਦੇਂਦੀ ਹੈ। ਨਾਮ ਵਾਹਿਗੁਰੂ ਦਾ ਹੁੰਦਾ ਹੈ, ਧਿਆਨ ਵਾਹਿਗੂਰੂ ਵੱਲ ਜਾਂਦਾ ਹੈ। ਵਾਹਿਗੁਰੂ ਦੇ
ਗੁਣ ਗਾਇਨ ਕਰਨ ਨਾਲ ਪਾਪਾਂ ਦੀ ਮੈਲ ਝੜਦੀ ਹੈ। ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ। ਆਪਾ ਆਪੇ
ਵਿੱਚ ਚਮਕ ਉਠਦਾ ਹੈ। ਜਿਸ ਦੇ ਹੋ ਰਹੀਏ ਉਹ ਬਿਰਦ ਪਾਲਦਾ ਹੈ। ਵਾਹਿਗੁਰੂ ਦਾ ਆਸਰਾ ਲੈਣ ਵਾਲਾ
ਵਾਹਿਗੁਰੂ ਵਿੱਚ ਲੀਨ ਹੋਣ ਲਗ ਜਾਂਦਾ ਹੈ। ਨਾਮ ਦਾ ਆਧਾਰ ਇਸ ਨੂੰ ਸਾਈਂ ਵਿੱਚ ਮੇਲ ਦੇਂਦਾ ਹੈ।
“ਅਬ ਤਉ ਜਾਏ ਚਢੇ
ਸਿੰਘਾਸਨਿ ਮਿਲੇ ਹੈ ਸਾਰਿੰਗ
ਪਾਨੀ॥ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ॥” —ਪੰਨਾ
੯੬੯॥ ਕਬੀਰ ਜੀ ਆਖਦੇ ਹਨ ਕਿ ਗੁਰੂ ਦੀ ਮਿਹਰ ਨਾਲ ਮੇਰੀ ਆਤਮਿਕ ਅਵਸਥਾ ਉੱਚੀ ਹੋ ਗਈ ਹੈ, ਮੈਂ
ਉੱਚੇ ਆਤਮਿਕ ਟਿਕਾਣੇ ਤੇ ਪਹੁੰਚ ਗਿਆ ਹਾਂ, ਮੈਨੂੰ ਪਰਮਾਤਮਾ ਮਿਲ ਪਿਆ ਹੈ। ਕਬੀਰ ਤੇ ਪਰਮਾਤਮਾ
ਇੱਕ ਰੂਪ ਹੋ ਗਏ ਹਨ, ਹੁਣ ਸਾਡੇ `ਚ ਕੋਈ ਫ਼ਰਕ ਨਹੀਂ ਦਸਿਆ ਜਾ ਸਕਦਾ।
ਨਾਮ ਜਪਣ ਵਾਲਾ ਆਪਣੇ ਪੁਰਾਣੇ ਸੁਭਾਅ ਵਸਿ ਕਈ ਵਾਰੀ ਭੁਲ ਕਰ ਬੈਠਦਾ ਹੈ।
ਅੰਦਰ ਝਾਤੀ ਮਾਰਦੇ ਰਹਿਣਾ ਬਹੁਤ ਜ਼ਰੂਰੀ ਹੈ। ਜਦੋਂ ਕੋਈ ਬੁਰਾਈ ਦਾ ਬੀਜ ਪਣਪਦਾ ਦਿੱਸੇ, ਉਸ ਨੂੰ
ਉਸੇ ਵਕਤ ਕੱਢ ਦੇਣਾ ਚਾਹੀਦਾ ਹੈ। ਆਪਣੇ ਤਾਣ ਦੇ ਨਾਲ-ਨਾਲ ਅਰਦਾਸ ਦਾ ਆਸਰਾ ਜ਼ਰੂਰੀ ਹੈ। ਅਰਦਾਸ
ਵਿੱਚ ਭੁਲ ਦਾ ਇਕਰਾਰ ਤੇ ਨਾਮ ਤੇ ਦ੍ਰਿੜ ਵਿਸ਼ਵਾਸ ਅਉਗੁਣ ਧੋ-ਧੋ ਕੇ ਬਾਹਰ ਕੱਢ ਦੇਂਦਾ ਹੈ। ਚਰਨ
ਸ਼ਰਨ ਵਾਲੀ ਅਵਸਥਾ ਉਪਜਦੀ ਹੈ।
ਸੰਸਾਰ ਵਿੱਚ ਜ਼ਿਆਦਾ ਕਰਕੇ ‘ਧਾਣਕ’ ਬਿਰਤੀ ਹੀ ਪ੍ਰਧਾਨ ਹੈ। ਇਸ ਦਾ ਪ੍ਰਭਾਵ
ਸਿੱਖਾਂ ਤੇ ਵੀ ਪੈਣਾ ਸੁਭਾਵਿਕ ਹੈ। ਸ੍ਰੀ ਕਲਗੀਧਰ ਜੀ ਨੇ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ
ਦੇ ਲੜ ਲਾਇਆ ਹੈ। ਸਿੱਖ ਗੁਰਬਾਣੀ ਦੇ ਲੜ ਲੱਗਾ ਰਹੇਗਾ ਤਾਂ ਬਚਿਆ ਰਹੇਗਾ। ਗੁਰਬਾਣੀ ਦੇ ਲੜ ਲਗਣਾ
ਕੀ ਹੈ- ਆਪਣਾ ਜੀਵਨ ਗੁਰਬਾਣੀ ਅਨੁਸਾਰੀ ਬਨਾਉਣਾ। ਪਰ ਸਮੇਂ ਦੀ ਮਾਰ ਅਜਿਹੀ ਪੈ ਰਹੀ ਹੈ ਕਿ ਮੌਡਰਨ
ਸਿੱਖ, ਜਾਗਰੂਕ ਸਿੱਖ, ਸਿੱਖ ਨਾਲ ‘ਮੌਡਰਨ’, ‘ਜਾਗਰੂਕ’ ਲਕ਼ਬਾਂ ਦੀ ਵਰਤੋਂ ਸ਼ੁਰੂ ਹੋ ਗਈ ਹੈ।
ਸਿੱਖ ਤਾਂ ਸਿੱਖ ਹੀ ਹੈ। ਸਿੱਖੀ ਦਾ ਅੰਤਿਮ ਰੂਪ ਉਹੋ ਹੀ ਹੋ ਸਕਦਾ ਹੈ ਜੋ ਸ੍ਰੀ ਗੁਰੂ ਗੋਬਿੰਦ
ਸਿੰਘ ਜੀ ਨੇ ਸਿੱਖਾਂ ਨੂੰ ਦਿੱਤਾ ਹੈ ਭਾਵ ਖ਼ਾਲਸਾ, ਸਰੂਪ ਕਰਕੇ ਖ਼ਾਲਸਾ, ਗੁਣ ਕਰਮ ਕਰਕੇ ਖ਼ਾਲਸਾ।
ਖ਼ਾਲਸੇ ਦੇ ਬੋਲ ਬਾਲੇ ਤੇ ਇਸੇ ਦੀ ਵ੍ਰਿਧੀ, ਸਰਬੱਤ ਦੇ ਭਲੇ ਲਈ ਸਾਡੀ ਇਹੋ ਮੰਜ਼ਿਲ ਹੋਣੀ ਚਾਹੀਦੀ
ਹੈ। ਸਿੱਖ ਵਿਦਵਾਨਾਂ ਦੀ ਖੋਜ ਪੜਤਾਲ ਦੇ ਯਤਨ ਵੀ ਸਾਡੇ ਇਸ ਮਹਾਨ ਆਸ਼ੇ ਵਿੱਚ ਸਹਾਇਕ ਹੋਣੇ ਚਾਹੀਦੇ
ਹਨ, ਨਾ ਕਿ ਇਸ ਦੇ ਵਿਪਰੀਤ, ਉਲਟੇ ਜਿਹੜੇ ਕਿ ਸਾਡੀ ਬੁਨਿਆਦ ਨੂੰ ਹੀ ਨੁਕਸਾਨ ਪਹੁੰਚਾਉਣ ਵਾਲੇ
ਹੋਣ।
ਸੁਰਜਨ ਸਿੰਘ--+919041409041
|
. |