ਜਸਬੀਰ ਸਿੰਘ ਵੈਨਕੂਵਰ

ਗੁਰਬਾਣੀ ਵਿੱਚ ਜਮਦੂਤ ਦਾ ਸੰਕਲਪ (ਭਾਗ ਦੂਜਾ)
ਜਮਦੂਤਾਂ ਦੇ ਸੰਬੰਧ ਵਿੱਚ
ਪੁਰਾਣਾਂ ਵਿੱਚ ਵਿਚਲੀ ਧਾਰਨਾ ਦੇ ਵਰਣਨ ਮਗਰੋਂ ਸਿੱਖ ਇਤਿਹਾਸ ਲਿਖਣ ਵਾਲੇ ਲੇਖਕਾਂ ਵਲੋਂ ਜਮਦੂਤਾਂ
ਬਾਰੇ ਲਿਖਤਾਂ ਦੀ ਚਰਚਾ ਕਰਨੀ ਢੁੱਕਵੀਂ ਹੋਵੇਗੀ। ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਲਿਖਦੇ ਹਨ
ਕਿ ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਨੂੰ ਉਜਾੜ ਵਿੱਚ ਚਾਰ ਠੱਗ ਆ ਕੇ ਘੇਰ ਲੈਂਦੇ ਹਨ। ਇਹ ਠੱਗ
ਸਤਿਗੁਰੂ ਜੀ ਨੂੰ ਕਹਿਣ ਲੱਗੇ ਕਿ ਉਹ ਵਿਅਕਤੀ ਨੂੰ ਲੁੱਟਣ ਤੋਂ ਪਹਿਲਾਂ ਉਸ ਨੂੰ ਮੋਤ ਦੇ ਘਾਟ
ਉਤਾਰਦੇ ਹਨ। ਸਤਿਗੁਰੂ ਜੀ ਨੇ ਠੱਗਾਂ ਦੀ ਇਹ ਗੱਲ ਸੁਣ ਕੇ ਉਹਨਾਂ ਨੂੰ ਕਿਹਾ ਕਿ, “ਜੇ ਤੁਮ ਮਾਰਨ
ਆਏ ਹਮੈਂ ਇੱਕ ਵਾਕ ਸੁਨੋ ਸੁ ਕਰੋ ਮਨਲਾਈ। ਹਿੰਦੁਨ ਕੋ ਤਨ ਜਾਨਹੁ ਹਮਾਰ, ਜੇ ਮਾਰਹੁ ਐਸੇ ਨ ਗੇਰਿ
ਕੈ ਜਾਈ। ਪਾਵਕ ਲੇ ਕਰਿ ਦਾਹ ਕਰੋ ਪੁਨ ਜਾਵਹੁ ਧਾਂਮਨ ਕੋ ਧਨ ਪਾਈ। ਭਾਜ ਸਕੈਂ ਤੁਮ ਤੇ ਹਮ ਨਾਂਹਿ
ਲਿਯੇ ਹਥਿਯਾਰ ਮਿਲੇ ਅਬ ਜਾਈ। ਗੁਰ ਕੋ ਦਰਸ ਬਿਲੋਕਿ ਕੈ ਬਚਨ ਸੁਨੇ ਜਬ ਕਾਨ। ਕੁਛਕ ਦਯਾ ਉਪਜੀ
ਰਿਦੇ ਕਹੈ, ਕਿ ‘ਲਿਹੁ ਬਚ ਮਾਨਿ’। ਤੁਮ ਕੋ ਦੇਹਿਂ ਦਾਹੁ ਕਿ ਭਾਂਤੀ। ਅਗਨਿ ਸਮੀਪ ਨਾ ਕਹੂੰ
ਦਿਸਾਤੀ। ਜੇ ਜੀਵਤਿ ਛੋਰੈਂ ਤੁਮ ਤਾਈਂ। ਕਹਰੁ ਪੁਕਾਰ ਜਾਇ ਕਿਹ ਥਾਈਂ। ਸੁਨਿ ਬੋਲੇ ਬੇਦੀ
ਕੁਲਦੀਪਾ। ‘ਇਸ ਦਿਸ਼ ਦੇਖਹੁ ਧੁਮ ਸਮੀਪਾ। ਹਮਰੇ ਜੀਵਤ ਅਗਨ ਅਨੀਜੈ। ਮਾਰਨ ਬਹੁਰ ਖਸੋਟਨ ਕੀਜੈ। ਦਵੈ
ਜਾਵਹੁ ਲਯਾਵਨ ਕੇ ਹੇਤਾ। ਦਵੈ ਢਿਗ ਬੈਠਹੁ ਹੋਇ ਸੁਚੇਤਾ’. . ਕਹਯੋ ਮਾਨਿ ਸੋਈ ਬਿਧਿ ਕੀਨੰ। ਦਵੈ
ਗਮਨੇ ਜਹਿਂ ਅਗਨੀ ਚੀਨੰ। ਦਵੈ ਬੈਠ ਹਥਿਆਰ ਉਘਾਰੇ। ਹੂਐ ਸੁਚੇਤ ਢਿਗ ਮਾਰਨਹਾਰੇ। ਮਗ ਮਹਿਂ ਜਾਤ
ਚਲੇ ਸੋ ਦੋਊ। ਦੇਖੇ ਨਰ ਕੋ ਮਾਰਤਿ ਕੋਊ। ਬਾਂਧਯੋ ਲੀਨੇ ਜਾਤ ਅਗਾਰੀ। ਮਾਰ ਮਾਰ ਪੀੜਾ ਦੇ ਭਾਰੀ।
ਤਿਨ ਤੇ ਦੁਰਿ ਕੈ ਲੰਘੇ ਧਾਈ। ਦੇਖੀ ਚਿਖਾ ਬਰੀ ਤਿਹ ਥਾਈਂ। ਅਗਨਿ ਨਿਕਾਸਿ ਲੀਨਿ ਨਿਜ ਹਾਥਾ। ਹਟਿ
ਗਮਨੇ ਜਿਤ ਦਿਸ਼ ਜਗਨਾਥਾ। ਬਹੁਰ ਆਇ ਕਰਿ ਦੇਖਯੋ ਦੋਊ। ਚਢਯੋ ਜਾਤ ਸਿਵਕਾ ਨਰ ਸੋਊ। ਗਾਵਤਿ ਗਾਇਕ
ਰਾਗ ਅਗਾਰੀ। ਅਸ ਬਿਲੋਕਿ ਭਾ ਅਚਰਜ ਭਾਰੀ। ਬਿਨ ਪੂਛੇ ਤੇ ਜਾਇ ਨਾ ਜਾਨਾ। ਪੂਰਬ ਸੰਕਟ ਦੇਤਿ
ਮਹਾਨਾ। ਅਬ ਅਨੰਦ ਸੋਂ ਮਾਰਗ ਜਾਏ। ਕਰਿ ਬਿਚਾਰ ਇਉਂ ਤਿਹ ਢਿਗ ਆਏ। ‘ਕੌਨ ਅਹੈ ਸਿਵਕਾ ਪਰ ਜਾਵਤਿ
ਪੂਰਬ ਸ਼ਾਸਨ ਦੇਵਤਿ ਯਾਂਹੀ’। ਦੂਤਨ ਬੈਨ ਭਨੇ ‘ਇਹ ਪਾਪੀ ਥੋ, ਦੇਨ ਬਡੋ ਦੁਖ ਦੇਨ ਬਡੋ ਦੁਖ ਲਾਯਕ
ਆਹੀ। ਧੂਮ ਚਿਖਾ ਪਿਖਿਯੋ ਗੁਰ ਨਾਨਕ ਹੋਇ ਪੁਨੀਤ ਗਯੋ ਛਿਨ ਮਾਂਹੀ। ਸ਼ਾਸਨ ਤੇ ਛੁਟਿ ਪ੍ਰਾਪਤ ਭਾ
ਸੁਖ, ਕੀਨ ਜਿ ਪਾਪ ਰਹਯੋ ਇੱਕ ਨਾਂਹੀ। ਨਾਨਕ ਕੌਨ? ਬਤਾਇ ਹਮੈ, ਸੁਨਿ ਦੂਤ ਕਹੈਂ ‘ਤੁਮਰੇ ਢਿਗ
ਜੋਊ। ਮਾਰਨ ਹੇਤ ਖਸੋਟਨ ਕੇ ਤੁਮ ਜਾਂਕੇ ਅਏ, ਗੁਰ ਨਾਨਕ ਸੋਊ’। ਯੋਂ ਸੁਨਿ ਕੇ ਬਿਸਮਾਦਿ ਰਿਦੇ ‘ਹਮ
ਕੋ ਧ੍ਰਿਕ’, ਧਾਇ ਚਲੇ ਤਬ ਦੋਊ। ਆਨਿ ਗਹੇ ਪਦ ਪੰਕਜ ਪਾਨ ਸੋਂ, ਬੈਨ ਭਨੇ ‘ਤੁਮਹੋ ਦੁਖ ਖੋਊ’।
(ਸ਼੍ਰੀ ਗੁਰ ਨਾਨਕ ਪ੍ਰਕਾਸ਼-ਉਤਰੑਧ ਅਧਯਾਯ ੧੫)
(ਨੋਟ: ਭਾਈ ਵੀਰ ਸਿੰਘ ਜੀ ਨੇਇਸ ਪ੍ਰਸੰਗ ਦੇ ਫੁਟ ਨੋਟ ਵਿੱਚ ਲਿਖਿਆ ਹੈ ਕਿ, “ਗੁਰੂ ਜੀ ਨੇ ਉਹਨਾਂ
ਦੀ ਦ੍ਰਿਸ਼ਟਿ ਪਰਲੋਕਿਕ ਸਾਮਾਨ ਦਿੱਸ ਪੈਣ ਵਾਲੀ ਖੁਹਲ ਦਿੱਤੀ, ਸੋ ਦੇਖਦੇ ਹਨ ਓਹ ਕੌਤਕ ਜੋ ਇੱਕ
ਪ੍ਰਾਣੀ ਦਾ ਮਰਨ ਦੇ ਬਾਦ ਹੋ ਰਿਹਾ ਸੀ” )
ਇਸ ਪ੍ਰਸੰਗ ਜਾਂ ਇਸ ਤਰ੍ਹਾਂ ਹੋਰ ਪ੍ਰਸੰਗਾਂ ਸੰਬੰਧੀ ਕੁੱਝ ਕਹਿਣ ਦੀ ਥਾਂ, ਅਸੀਂ ਸਮੁੱਚੇ ਰੂਪ
ਵਿੱਚ ਗੁਰਮਤ ਦੀ ਜੀਵਨ-ਜੁਗਤ ਦੇ ਆਸ਼ੇ-ਉਦੇਸ਼ ਵਲ ਸੁਜਾਨ ਪਾਠਕਾਂ ਦਾ ਧਿਆਨ ਦਿਵਾ ਰਹੇ ਹਾਂ।
ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਮਨੁੱਖ ਨੂੰ ਸੱਚੀ-ਸੁੱਚੀ ਜ਼ਿੰਦਗੀ ਦ੍ਰਿੜ ਕਰਵਾ ਕੇ ਜੀਵਨ-ਮੁਕਤ
ਹੋਣ ਨੂੰ ਹੀ ਜੀਵਨ ਦਾ ਮੁੱਖ ਉਦੇਸ਼ ਦ੍ਰਿੜ ਕਰਵਾਇਆ ਹੈ। ਇਸ ਜੀਵਨ-ਜੁਗਤ ਦੀ ਨੀਂਹ ਡਰ ਜਾਂ ਲਾਲਚ
`ਤੇ ਨਹੀਂ ਸਗੋਂ ਨਿਰੋਲ ਸੱਚ `ਤੇ ਰੱਖੀ ਹੈ। ਬਾਣੀ ਰਚੇਤਿਆਂ ਨੇ ਧਰਮ ਦੀ ਦੁਨੀਆਂ ਵਿੱਚ ਪ੍ਰਚਲਤ
ਕੇਵਲ ਕਰਮ ਕਾਂਡਾਂ ਨੂੰ ਹੀ ਨਕਾਰਿਆ ਸਗੋਂ ਉਹਨਾਂ ਕਲਪਿਤ ਪਾਤਰਾਂ ਨੂੰ ਵੀ ਨਕਾਰਿਆ ਹੈ, ਜਿਹਨਾਂ
ਨਾਲ ਮਨੁੱਖ ਦਾ ਵਾਹ ਇਸ ਜੀਵਨ ਵਿੱਚ ਨਹੀਂ ਬਲਕਿ ਮੌਤ ਮਗਰੋਂ ਪੈਂਦਾ ਹੈ। ਇਹਨਾਂ ਪਾਤਰਾਂ ਦੀ ਘਾੜਤ
ਘੜਨ ਵਾਲਿਆਂ ਨੇ ਇਹਨਾਂ ਨੂੰ ਮਨ ਚਾਹਿਆ ਰੂਪ-ਰੰਗ, ਆਕਾਰ ਅਤੇ ਕਿਰਦਾਰ ਪ੍ਰਦਾਨ ਕਰਕੇ, ਇਹਨਾਂ
ਵਲੋਂ ਮਨੁੱਖ ਨੂੰ ਮਰਨ ਪਿੱਛੋਂ ਕਈ ਤਰ੍ਹਾਂ ਦੀਆਂ ਦਿਲ-ਕੰਬਾਊ ਸਜ਼ਾਵਾਂ ਅਤੇ ਲੁਭਾਇਮਾਨ ਫਲ਼ ਮਿਲਣ
ਦਾ ਵੇਰਵਾ ਪੇਸ਼ ਕੀਤਾ ਹੈ।
ਇਸ ਤਰ੍ਹਾਂ ਦੀਆਂ ਸਿਖਿਆਵਾਂ ਨੇ ਮਨੁੱਖ ਨੂੰ ਇਸ ਜੀਵਨ ਨੂੰ ਸੰਵਾਰਨ ਨਾਲੋਂ ਮੌਤ ਪਿੱਛੋਂ ਦੇ
ਜੀਵਨ ਨੂੰ ਸੰਵਾਰਨ ਲਈ ਉਤਸ਼ਾਹਤ ਕੀਤਾ। ਇਤਨਾ ਹੀ ਨਹੀਂ, ਇਸ ਧਾਰਨਾ ਕਾਰਨ ਆਮ ਮਨੁੱਖ ਗਿਆਨ, ਸੰਜਮ,
ਸੁਆਰਥ ਅਤੇ ਮਨੁੱਖਤਾ ਨੂੰ ਉਚਿਆਉਣ ਵਾਲੀਆਂ ਨਵੀਆਂ ਖੋਜਾਂ ਤੋਂ ਵਾਂਝਾ ਰਿਹਾ ਹੈ। ਸਿੱਟੇ ਵਜੋਂ ਆਮ
ਮਨੁੱਖ ਅੱਗਾ ਸੰਵਾਰਨ ਦੀ ਦੌੜ ਵਿੱਚ ਆਪਣੇ ਵਰਤਮਾਨ ਨੂੰ ਨਰਕ ਬਣਾ ਬੈਠਾ। ਸੁਰਗ ਦੀ ਲਾਲਸਾ ਕਾਰਨ
ਜਨ-ਸਾਧਾਰਨ ਸੱਚਾ-ਸੁੱਚਾ ਇਨਸਾਨ ਬਣਨ ਦੀ ਥਾਂ, ਕਠੋਰ ਅਤੇ ਨਿਰਦਈ ਬਣ ਗਿਆ। ਇਸ ਦੌੜ ਵਿੱਚ ਸ਼ਾਮਲ
ਹੋਇਆ ਪ੍ਰਾਣੀ, ਇਸ ਸੱਚ ਨੂੰ ਕਬੂਲ ਹੀ ਨਹੀਂ ਕਰ ਸਕਿਆ ਕਿ ਨੈਤਿਕਤਾ, ਸਦਾਚਾਰ ਅਤੇ ਉੱਚਤਾ ਇਸੇ
ਜੀਵਨ ਦੇ ਅਸਲ ਇਨਾਮ ਹਨ। ਜਨ-ਸਾਧਾਰਨ ਇਸ ਪਹਿਲੂ ਨੂੰ ਧਿਆਨ ਵਿੱਚ ਨਾ ਰੱਖ ਸਕਿਆ ਕਿ ਅਨੈਤਿਕਾ,
ਬੁਰਾਈ, ਅਤੇ ਨੀਚਤਾ ਆਪਣੇ ਆਪ ਵਿੱਚ ਭਿਅੰਕਰ ਦੰਡਰੂਪ ਹੈ। ਇਹ ਸਜ਼ਾ ਸਾਨੂੰ ਹੁਣੇ ਹੀ, ਭਾਵ, ਇਸੇ
ਜਨਮ ਵਿੱਚ ਹੀ ਮਿਲ ਰਹੀ ਹੈ। ਧਰਮ ਦੀ ਦੁਨੀਆਂ ਵਿੱਚ ਕਰਮ ਕਾਂਡ, ਵਹਿਮ-ਭਰਮ, ਪਾਖੰਡ ਅਥਵਾ ਮੁਕਤੀ
ਅਤੇ ਰੱਬ ਦੇ ਨਾਂ `ਤੇ ਲੁੱਟ-ਖਸੁੱਟ, ਇਸ ਧਾਰਨਾ ਦਾ ਹੀ ਨਤੀਜਾ ਹੈ। ਇਤਨਾ ਹੀ ਨਹੀਂ, ਪੁਜਾਰੀ
ਸ਼੍ਰੇਣੀ ਵੀ ਇਸ ਤਰ੍ਹਾਂ ਦੀ ਸੋਚ ਦੀ ਹੀ ਉਪਜ ਹੈ।
ਇਹ ਗੱਲ ਵਧੇਰੇ ਵਿਆਖਿਆ ਦੀ ਮੁਹਤਾਜ ਨਹੀਂ ਹੈ ਕਿ ਗੁਰਬਾਣੀ ਦੇ ਚਾਣਨ ਦੀ ਬਦੌਲਤ ਹੀ ਆਮ ਲੋਕਾਈ
ਨੂੰ, ਦੁਨੀਆਂ ਦੇ ਇਸ ਪਲੈਟ ਫਾਰਮ ਉੱਤੇ ਅਜਿਹੇ ਮਨੁੱਖ ਦੇਖਣ ਨੂੰ ਮਿਲੇ, ਜਿਹੜੇ ਕਿਸੇ ਨਰਕ ਦੇ ਡਰ
ਜਾਂ ਸੁਰਗ ਦੇ ਲਾਲਚ ਤੋਂ ਉਪਰ ਕੇ ਇਨਸਾਨੀਅਤ ਭਰਪੂਰ ਜ਼ਿੰਦਗੀ ਜੀਊਣ ਵਿੱਚ ਵਿਸ਼ਵਾਸ ਰੱਖਦੇ ਸਨ। ਇਸ
ਜੀਵਨ-ਜੁਗਤ ਨੂੰ ਅਪਣਾਉਣ ਵਾਲਿਆਂ ਨੇ ਵਿਕਾਰਾਂ ਦੇ ਰੂਪ ਵਿੱਚ ਚੰਬੜੇ ਹੋਏ, ਜਮਦੂਤਾਂ ਤੋਂ
ਛੁਟਕਾਰਾ ਪਾ ਕੇ ਜੀਵਨ-ਮੁਕਤੀ ਦਾ ਆਨੰਦ ਮਾਣਿਆ ਹੈ। ਇਸ ਤਰ੍ਹਾਂ ਦੀ ਜੀਵਨ-ਜੁਗਤ ਹੀ ਤਾਂ ਨਿਆਰੇਪਣ
ਦਾ ਆਧਾਰ ਹੈ।
ਕਈ ਸੱਜਣ ਭਾਈ ਗੁਰਦਾਸ ਜੀ ਦੀਆਂ ਵਾਰਾਂ (ਖ਼ਾਸ ਤੌਰ `ਤੇ ਦਸਵੀਂ ਵਾਰ ਦੀਆ ਕੁੱਝ ਪਉੜੀਆਂ) ਕੁੱਝ ਕੁ
ਪਉੜੀਆਂ ਬਾਰੇ ਇਹ ਧਾਰਨਾ ਰੱਖਦੇ ਹਨ ਕਿ ਭਾਈ ਸਾਹਿਬ ਨੇ ਇਹਨਾਂ ਵਿੱਚ ਸਪਸ਼ਟ ਰੂਪ ਵਿੱਚ ਬੈਕੁੰਠ
ਵਿੱਚੋਂ ਇਸ ਤਰ੍ਹਾਂ ਦੇ ਵਿਮਾਨਾਂ ਦੇ ਆਉਣ ਦਾ ਜ਼ਿਕਰ ਕੀਤਾ ਹੋਇਆ ਹੈ। ਜਿਵੇਂ ਨਿਮਨ ਲਿਖਤ ਪਉੜੀ
ਵਿੱਚ ਭਾਈ ਸਾਹਿਬ ਲਿਖਦੇ ਹਨ:-
ਗਨਿਕਾ ਪਾਪਣਿ ਹੋਇਕੈ ਪਾਪਾਂ ਦਾ ਗਲਿ ਹਾਰੁ ਪਰੋਤਾ॥ ਮਹਾਂ ਪੁਰਖੁ ਆਚਾਣਚਕ ਗਨਿਕਾ ਵਾੜੇ ਆਇ
ਖਲੋਤਾ॥ ਦੁਰਮਤਿ ਦੇਖਿ ਦਇਆਲ ਹੋਇ ਹਥਹੁਂ ਉਸਨੋ ਦਿਤੋਸੁ ਤੋਤਾ॥ ਰਾਮ
ਨਾਮੁ ਉਪਦੇਸੁ ਕਰਿ ਖੇਲਿ ਗਇਆ ਦੇ ਵਣਜੁ ਸਓਤਾ॥ ਲਿਵ ਲਾਗੀ ਤਿਸੁ ਤੋਤਿਅਹੁਂ ਨਿਤ ਪੜ੍ਹਾਏ ਕਰੈ
ਅਸੋਤਾ॥ ਪਤਿਤ ਉਧਾਰਣੁ ਰਾਮ ਨਾਮ ਦੁਰਮਤਿ ਪਾਪ ਕਲੇਵਰੁ ਧੋਤਾ॥ ਅੰਤਕਾਲੁ ਜਮ ਜਾਲੁ ਤੋੜਿ ਨਰਕੈ
ਵਿਚਿ ਨ ਖਾਧੁਸੁ ਗੋਤਾ॥ ਗਈ ਬੈਕੁੰਠਿ ਬਿਬਾਣਿ ਚੜ੍ਹਿ ਨਾਉ ਨਾਰਾਇਣੁ ਛੋਤਿ ਅਛੋਤਾ॥ ਥਾਉਂ ਨਿਥਾਵੈ
ਮਾਣ ਮਣੋਤਾ॥ (ਵਾਰ ੧੦, ਪਉੜੀ ੨੧)
ਪਰ ਇਸ ਪਉੜੀ ਵਿੱਚ ਮੁੱਖ ਰੂਪ ਵਿੱਚ ‘ਥਾਉਂ ਨਿਥਾਵੈ ਮਾਣ ਮਣੋਤਾ’ ਭਾਵ, ਨਾਮ ਹੀ ਨਿਥਾਂਵਿਆਂ
ਦਾ ਥਾਉਂ ਤੇ ਨਿਮਾਣਿਆਂ ਦਾ ਮਾਣ ਹੈ, ਦਾ ਉਪਦੇਸ਼ ਹੈ। ਇਸ ਦੇ ਨਾਲ ਹੀ ਗੁਰਮੁਖ ਪਾਪ ਤੋਂ ਅਵੱਸ਼
ਘਿਰਣਾ ਕਰਦੇ ਹਨ, ਪਾਪੀਆਂ ਤੋਂ ਨਹੀਂ। ਪਾਪੀਆਂ ਤੋਂ ਨਫ਼ਰਤ ਕਰਨ ਦੀ ਥਾਂ ਸਗੋਂ ਉਹਨਾਂ ਨੂੰ ਵੀ
ਇਨਸਾਨੀਅਤ ਦਾ ਪਾਠ ਪੜ੍ਹਾਉਣ ਦੀ ਹਰ ਸੰਭਵ ਕੋਸ਼ਸ਼ ਕਰਦੇ ਹਨ।
ਭਾਈ ਗੁਰਦਾਸ ਜੀ, ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਨਰਕ ਸੁਰਗ ਜਾਂ ਜਮਦੂਤ ਆਦਿ ਦੇ ਦ੍ਰਿਸ਼ਟੀਕੋਣ
ਤੋਂ ਭਲੀ ਪ੍ਰਕਾਰ ਜਾਣੂ ਸਨ। ਸੱਚ ਖੰਡ ਦਾ ਸੰਬੰਧ ਵਿੱਚ ਆਪ ਜੀ ਦੇ ਇਹ ਕਥਨ ਧਿਆਨ ਦੇਣ ਯੋਗ ਹਨ:-
ਚਾਰ ਵਰਨ ਗੁਰਸਿਖ ਹੋਇ ਸਾਧ ਸੰਗਤ ਸਚ ਖੰਡ ਵਸਾਏ॥ (ਵਾਰ ੬, ਪਉੜੀ ੬)
ਅਥਵਾ: ਸਹਜ ਸਰੋਵਰ ਸਚ ਖੰਡ ਸਾਧ ਸੰਗਤਿ ਸਚ ਤਖਤ ਹਰੀੜੀ॥ (ਵਾਰ ੧੧, ਪਉੜੀ ੭)
ਨੋਟ: ਦਸਵੀਂ ਵਾਰ ਬਾਰੇ ਪੰਡਤ ਹਜਾਰਾ ਸਿੰਘ ਜੀ ਦੀ ਇਹ ਲਿਖਤ ਬਹੁਤ ਭਾਵਪੂਰਤ ਹੈ, “ਇਸ ਵਾਰ
ਵਿੱਚ ਲੋਕ ਪ੍ਰਸਿੱਧ ਕਥਾਵਾਂ ਦ੍ਰਿਸ਼ਟਾਂਤ ਦੇ ਢੰਗ ਪਰ ਕਹੀਆਂ ਹਨ, ਜਿਨ੍ਹਾਂ ਵਿਚੋਂ ਪਰਮਾਰਥ ਦੇ
ਬੜੇ ਉਪਦੇਸ਼ ਨਿਕਲਦੇ ਹਨ। ਭਾਈ ਸਾਹਿਬ ਜੀ ਇਤਿਹਾਸ ਨਹੀਂ ਲਿਖ ਰਹੇ ਦ੍ਰਿਸ਼ਟਾਂਤ ਦੇ ਕੇ ਆਪਣੇ ਉਪਦੇਸ਼
ਨੂੰ ਪ੍ਰਕਾਸ਼ ਕਰਦੇ ਹਨ, ਦ੍ਰਿਸ਼ਟਾਂਤ ਦਾ ਸਦਾ ਇੱਕ ਅੰਗ ਲਈਦਾ ਹੈ, ਜੇ ਦੋ ਦੋ ਅੰਗ ਲਏ ਗਏ ਤਦ ਭਾਈ
ਸਾਹਿਬ ਜੀ ਦੀ ਬਾਣੀ ਪਰ ਪਰਸਪਰ ਵਿਰੋਧ ਦਾ ਦੂਸ਼ਨ ਲਗੇਗਾ. . ਸਾਡੀ ਵਿਦਯਾ ਦਾ ਆਮ ਅਸੂਲ ਹੈ ਕਿ
ਦ੍ਰਿਸ਼ਟਾਂਤ ਦਾ ਸਦਾ ਇੱਕ ਅੰਗ ਲੈਣਾ ਹੈ। ਦੂਜੇ ਪ੍ਰਸਿੱਧ ਕਥਾਵਾਂ ਨੂੰ ਉਪਦੇਸ਼ ਮਾਤ੍ਰ ਕਹਿਣਾ ਕਰਤਾ
ਨੂੰ ਇਤਿਹਾਸਕ ਸਤਯਤਾ ਦਾ ਜ਼ਿੰਮੇਵਾਰ ਵੀ ਨਹੀਂ ਠਹਿਰਾਉਂਦਾ। ਉਹ ਪੱਖ ਜੁਦਾ ਹੈ, ਇਹ ਪੱਖ ਜੁਦਾ ਹੈ,
ਪਾਠਕ ਜਨ ਰਲਾ ਮਿਲਾ ਕੇ ਰੌਲੇ ਵਿੱਚ ਨਾ ਪੈ ਜਾਣ।” (ਵਾਰਾਂ ਭਾਈ ਗੁਰਦਾਸ ਮੁਕੰਮਲ ਭਾਵ ਪ੍ਰਕਾਸ਼ਨੀ
ਟੀਕਾ ਗਿਆਨੀ ਹਜ਼ਾਰਾ ਸਿੰਘ ਪੰਡਤ)
ਪੁਰਾਣਾਂ ਅਤੇ ਇਹਨਾਂ ਦੀ ਤਰਜ਼ `ਤੇ ਲਿਖੀਆਂ ਪੁਸਤਕਾਂ ਵਿੱਚ ਜਮਦੂਤਾਂ ਸੰਬੰਧੀ ਸੰਖੇਪ ਵਿੱਚ ਚਰਚਾ
ਕਰਨ ਉਪਰੰਤ ਜਨ-ਸਾਧਾਰਨ ਵਿੱਚ ਮੌਤ ਸਮੇਂ ਦਿਖਾਈ ਦੇਣ ਵਾਲੇ ਜਮਦੂਤ ਜਾਂ ਫ਼ਰਿਸ਼ਤਿਆਂ ਬਾਰੇ ਪ੍ਰਚਲਤ
ਧਾਰਨਾਵਾਂ ਉੱਤੇ ਵੀ ਪੰਛੀ-ਝਾਤ ਮਾਰ ਲੈਣੀ ਢੁੱਕਵੀਂ ਹੋਵੇਗੀ। ਮਰਨ ਕਿਨਾਰੇ ਜਾਂ ਫਿਰ ਮਰ ਕੇ ਫਿਰ
ਜਿਊਂਦੇ ਹੋਏ (?) ਪ੍ਰਾਣੀਆਂ ਬਾਰੇ ਕਈ ਤਰ੍ਹਾਂ ਦੀਆਂ ਕਥਾ ਕਹਾਣੀਆਂ ਪ੍ਰਚਲਤ ਹਨ। ਇਹਨਾਂ ਕਥਾ
ਕਹਾਣੀਆਂ ਵਿੱਚੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਭਿੰਨ ਭਿੰਨ ਦੇਸ਼ਾਂ ਅਤੇ ਧਰਮਾਂ ਨਾਲ ਸੰਬੰਧ ਰੱਖਣ
ਵਾਲਿਆਂ ਦੀਆਂ ਕੁੱਝ ਗੱਲਾਂ ਵਿੱਚ ਤਾਂ ਸਮਾਨਤਾ ਹੈ, ਪਰ ਕਈ ਗੱਲਾਂ ਵਿੱਚ ਭਿੰਨਤਾ ਹੈ। ਉਦਾਹਰਨ
ਵਜੋਂ ਹਿੰਦੂ ਜਾਂ ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲਿਆਂ ਦਾ ਅਨੁਭਵ ਈਸਾਈ ਆਦਿ ਧਰਮ ਦੇ ਪੈਰੋਕਾਰਾਂ
ਨਾਲੋਂ ਭਿੰਨ ਹੈ। ਹਿੰਦੂ ਜਾਂ ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲੇ ਪ੍ਰਾਣੀਆਂ ਨੂੰ ਮਰਨ ਮਗਰੋਂ
ਆਪਣਾ ਸਰੀਰ ਦਿਖਾਈ ਨਹੀਂ ਦੇਂਦਾ ਪਰੰਤੂ ਈਸਾਈ ਆਦਿ ਧਰਮ ਦੇ ਪੈਰੋਕਾਰਾਂ ਨੂੰ ਆਪਣਾ ਸਰੀਰ ਦਿਖਾਈ
ਦੇਂਦਾ ਹੈ। ਇਸ ਤੋਂ ਇਲਾਵਾ ਹਿੰਦੂ ਜਾਂ ਸਿੱਖ ਦੇ ਮੂੰਹੌਂ ਇਹ ਆਮ ਹੀ ਸੁਣਨ ਨੂੰ ਮਿਲਦਾ ਹੈ ਕਿ
ਉਹਨਾਂ ਨੂੰ ਜਮਦੂਤ ਪਕੜ ਕੇ ਕਿਸੇ ਦੂਜੇ ਲੋਕ ਵਿੱਚ ਜਦੋਂ ਧਰਮਰਾਜ ਦੇ ਸਾਹਮਣੇ ਪੇਸ਼ ਕੀਤਾ ਤਾਂ
ਧਰਮਰਾਜ ਨੇ ਜਮਦੂਤਾਂ ਨੂੰ ਤਾੜਨਾ ਕਰਦਿਆਂ ਹੋਇਆਂ ਕਿਹਾ ਕਿ ਤੁਸੀਂ ਗ਼ਲਤ ਪ੍ਰਾਣੀ ਨੂੰ ਲੈ ਆਏ ਹੋ।
ਤੁਹਾਨੂੰ ਤਾਂ ਇਸ ਨਾਮ ਦੇ ਅਮਕੇ ਵਿਅਕਤੀ ਨੂੰ ਲੈਣ ਲਈ ਭੇਜਿਆ ਸੀ। ਆਪਣੀ ਗ਼ਲਤੀ ਨੂੰ ਸੁਧਾਰਨ ਲਈ
ਜਮਦੂਤ ਉਸ ਨੂੰ ਵਾਪਸ ਲੈ ਆਉਂਦੇ ਹਨ ਅਤੇ ਉਸ ਨਾਮ ਵਾਲੇ ਦੂਜੇ ਪ੍ਰਾਣੀ ਨੂੰ ਲੈ ਜਾਂਦੇ ਹਨ। ਪਰ
ਦੂਜੇ ਧਰਮ ਦੇ ਪੈਰੋਕਾਰਾਂ ਦਾ ਇਸ ਨਾਲੋਂ ਭਿੰਨ ਤਜਰਬਾ ਹੈ। ਉਹਨਾਂ ਅਨੁਸਾਰ ਉਹਨਾਂ ਨੂੰ ਕਿਸੇ
ਧਰਮਰਾਜ ਦੇ ਪੇਸ਼ ਨਹੀਂ ਕੀਤਾ ਜਾਂਦਾ ਸਗੋਂ ਉਹਨਾਂ ਦੇ ਅਕਾਲ ਚਲਾਣਾ ਕਰ ਚੁਕੇ ਪਰਵਾਰਕ ਮੈਂਬਰਾਂ
ਵਲੋਂ ਉਹਨਾਂ ਨੂੰ ਵਾਪਸ ਜਾਣ ਲਈ ਕਿਹਾ ਜਾਂਦਾ ਹੈ ਜਾਂ ਉਹਨਾਂ ਦੇ ਪਿੱਛੇ ਰਹਿ ਰਹੇ ਪਰਵਾਰਕ
ਮੈਂਬਰਾਂ ਨਾਲ ਪਿਆਰ ਕਾਰਨ ਉਹ ਵਾਪਸ ਆ ਜਾਂਦੇ ਹਨ। ਕਈਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਹਾ ਗਿਆ
ਕਿ ਉਹਨਾਂ ਦਾ ਅਜੇ ਮਰਨ ਦਾ ਸਮਾਂ ਨਹੀਂ ਆਇਆ। ਏਇਨਜਲ ਵਿੱਚ ਵਿਸ਼ਵਾਸ ਕਰਨ ਵਾਲਿਆਂ ਨੂੰ ਜਮਦੂਤ ਦੀ
ਥਾਂ ਏਇਨਜਲ ਦਿਖਾਈ ਦੇਂਦਾ/ਦੇਂਦੀ ਹੈ। ਇਹ ਏਇਨਜਲ ਭਿਆਨਕ ਜਾਂ ਡਰਾਉਣਾ ਨਹੀਂ ਹੈ।
ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਹਰੇਕ ਮਨੁੱਖ ਨੂੰ ਆਪਣੇ ਹੀ ਧਰਮ ਨਾਲ ਸੰਬੰਧਤ
ਦੇਵੀ ਦੇਵਤਿਆਂ ਦੇ ਦਰਸ਼ਨ ਹੁੰਦੇ ਹਨ। ਭਾਵ, ਜੇਕਰ ਕੋਈ ਈਸਾਈ ਹੈ ਤਾਂ ਉਸ ਨੂੰ ਜੀਸਸ ਅਤੇ ਜੇਕਰ
ਕੋਈ ਹਿੰਦੂ ਹੈ ਤਾਂ ਉਸ ਨੂੰ ਆਪਣੇ ਦੇਵੀ ਦੇਵਤੇ ਅਤੇ ਜੇਕਰ ਕੋਈ ਸਿੱਖ ਹੈ ਤਾਂ ਉਸ ਨੂੰ ਗੁਰੂ
ਸਾਹਿਬਾਨ ਦੇ ਦਰਸ਼ਨ ਹੁੰਦੇ ਹਨ। ਕਿਸੇ ਵੀ ਈਸਾਈ, ਮੁਸਲਮਾਨ ਜਾਂ ਯਹੂਦੀ ਆਦਿ ਨੂੰ ਕਿਸੇ ਜਮਦੂਤ ਜਾਂ
ਧਰਮਰਾਜ ਦੇ ਦਰਸ਼ਨ ਨਹੀਂ ਹੁੰਦੇ ਹਨ। ਜਮਦੂਤ ਅਤੇ ਧਰਮਰਾਜ ਦੇ ਦਰਸ਼ਨ ਕੇਵਲ ਹਿੰਦੂ ਜਾਂ ਸਿੱਖਾਂ ਨੂੰ
ਹੀ ਹੁੰਦੇ ਹਨ। ਇਸੇ ਤਰ੍ਹਾਂ ਕਿਸੇ ਹਿੰਦੂ ਜਾਂ ਸਿੱਖ ਨੂੰ ਜੀਸਸ ਜਾਂ ਕਿਸੇ ਫ਼ਰਿਸ਼ਤੇ ਦੇ ਦਰਸ਼ਨ
ਨਹੀਂ ਹੁੰਦੇ ਹਨ। ਇਤਨਾ ਹੀ ਨਹੀਂ, ਕਿਸੇ ਵੀ ਇਸਲਾਮ, ਈਸਾਈ ਜਾਂ ਯਹੂਦੀ ਆਦਿ ਧਰਮ ਦੇ ਪੈਰੋਕਾਰ ਨੇ
ਇਹ ਨਹੀਂ ਕਿਹਾ ਕਿ ਉਸ ਨੂੰ ਗ਼ਲਤੀ ਨਾਲ ਧਰਮਰਾਜ ਦੀ ਕਚਹਿਰੀ ਵਿੱਚ ਲਿਜਾਇਆ ਗਿਆ ਸੀ। ਇਹ ਧਾਰਨਾ
ਕੇਵਲ ਹਿੰਦੂ ਜਾਂ ਸਿੱਖਾਂ ਵਿੱਚ ਹੀ ਪਾਈ ਜਾਂਦੀ ਹੈ। ਇਹ ਹੈਰਾਨਗੀ ਦੀ
ਗੱਲ ਹੈ ਕਿ ਜਮਦੂਤਾਂ ਨੂੰ ਕੇਵਲ ਹਿੰਦੂ ਜਾਂ ਸਿੱਖਾਂ ਨੂੰ ਹੀ ਲਿਜਾਣ ਵਿੱਚ ਭੁਲੇਖਾ ਲਗਦਾ ਹੈ
ਕਿਸੇ ਹੋਰ ਧਰਮ ਦੇ ਪੈਰੋਕਾਰ ਜਾਂ ਧਰਮ ਵਿੱਚ ਵਿਸ਼ਵਾਸ ਨਾ ਰੱਖਣ ਵਾਲੇ ਨੂੰ ਨਹੀਂ।
ਇਸ ਦਾ ਕਾਰਨ ਕੇਵਲ ਇਤਨਾ ਹੀ ਹੈ ਕਿ ਮਨੁੱਖ ਜਿਹੋ-ਜਿਹੇ ਮਾਹੌਲ ਅਥਵਾ ਵਾਤਾਵਰਣ ਵਿੱਚ ਪਲਦਾ ਹੈ,
ਉਹੋ ਜਿਹੇ ਸੰਸਕਾਰ ਬਣ ਜਾਂਦੇ ਹਨ। ਜਿਹਨਾਂ ਨੇ ਬਚਪਨ ਤੋਂ ਹੀ ਜਮਦੂਤਾਂ ਦੀਆਂ ਕਥਾ ਕਹਾਣੀਆਂ
ਪੜ੍ਹੀਆਂ ਸੁਣੀਆਂ ਹਨ ਉਹਨਾਂ ਨੂੰ ਉਹੋ ਜਿਹੇ ਜਮਦੂਤ ਹੀ ਦਿਖਾਈ ਦੇਂਦੇ ਹਨ। ਇਸ ਭਿੰਨਤਾ ਦਾ ਕਾਰਨ
ਮਨੁੱਖ ਦਾ ਆਪਣਾ ਸਭਿਆਚਾਰ ਅਤੇ ਧਰਮ ਹੈ, ਜਿਸ ਵਿੱਚ ਮਨੁੱਖ ਨੂੰ ਜਨਮ ਲੈ ਕੇ ਪ੍ਰਫੁਲਤ ਹੋਣ ਦਾ
ਮੌਕਾ ਮਿਲਿਆ ਹੈ। ਹਰੇਕ ਪ੍ਰਾਣੀ ਦਾ ਇਹ ਤਜਰਬਾ ਉਸ ਦੇ ਆਪਣੇ ਬਣੇ ਹੋਏ ਵਿਸ਼ਵਾਸਾਂ `ਤੇ ਆਧਾਰਤ
ਹੁੰਦਾ ਹੈ।
ਅੰਤ ਸਮੇਂ ਸੰਬੰਧੀ ਵੱਖ ਵੱਖ ਧਾਰਨਾਵਾਂ ਇਸ ਗੱਲ ਦਾ ਹੀ ਪ੍ਰਤੀਕ ਹਨ ਕਿ ਇਹ ਮਨੁੱਖੀ ਮਨ ਦੀ ਉਪਜ
ਹਨ। ਮਨੁੱਖ ਨੇ ਜੋ ਕੁੱਝ ਪੜ੍ਹਿਆ ਸੁਣਿਆ ਹੈ, ਉਸ ਦੀ ਇਸ ਦੇ ਮਨ ਵਿੱਚ ਬੜੀ ਗਹਿਰੀ ਛਾਪ ਹੁੰਦੀ
ਹੈ। ਅਜਿਹੀ ਪਰਸਿੱਥਿਤੀ ਵਿੱਚ ਮਨੁੱਖ ਨੂੰ ਉਹ ਕੁੱਝ ਹੀ ਦਿਖਾਈ ਜਾਂ ਸੁਣਾਈ ਦੇਂਦਾ ਹੈ। ਇਹ ਸਭ
ਕੁੱਝ ਦਿਮਾਗ਼ ਦੀ ਖੂਨ ਪ੍ਰਕ੍ਰਿਆ ਰੁਕਣ ਦਾ ਨਤੀਜਾ ਹੈ। ਦਿਮਾਗ਼ੀ ਅਧਿਐਨ
ਕਰਨ ਵਾਲਿਆਂ ਅਨੁਸਾਰ ਦਿਮਾਗ਼ ਨੂੰ ਘੱਟ ਹਵਾ (ਆਕਸੀਜਨ) ਮਿਲਣ ਕਾਰਨ ਜਾਂ ਦਿਮਾਗ਼ ਦੇ ਕੁੱਝ ਹਿੱਸਿਆਂ
ਦੇ ਖ਼ਰਾਬ ਹੋਣ ਕਾਰਨ ਹੁੰਦਾ ਹੈ। ਕਈ ਵਾਰ ਤੇਜ਼ ਬੁਖ਼ਾਰ ਹੋਣ ਦੀ ਸੂਰਤ ਵਿੱਚ ਜਾਂ ਕੁੱਝ ਕੁ ਦਵਾਈਆਂ
ਦੀ ਵਰਤੋਂ ਨਾਲ ਮਨੁੱਖ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪੈਂਦਾ ਹੈ। ਸਟਰੈੱਸ ਆਦਿ ਦੀ ਸਮਸਿੱਆ
ਦਾ ਸਾਹਮਣੇ ਕਰਨ ਵਾਲੇ ਵੀ ਕਈ ਵਾਰ ਇਸ ਤਰ੍ਹਾਂ ਗੱਲਾ ਕਰਦੇ ਹੋਏ ਦੇਖੇ ਜਾ ਸਕਦੇ ਹਨ।
ਨੋਟ: ਪਿੱਛਲੇ ਹਫ਼ਤੇ ਹੀ (ਮਈ ੧੯, ੨੦੧੩) ਅਖ਼ਬਾਰਾਂ ਵਿੱਚ ਇਹ ਖ਼ਬਰ ਛਪੀ ਸੀ ਕਿ, “ਆਸਟਰੇਲੀਆ ਦੇ
ਮੈਲਬੋਰਨ ਵਿੱਚ ਕਲਿਨੀਕਲੀ ਡੈੱਡ ਹੋਣ ਤੋਂ ਬਾਅਦ ਇੱਕ ਵਿਅਕਤੀ ਨੂੰ ਜ਼ਿੰਦਾ ਕਰਕੇ ਆਸਟਰੇਲਿਆ ਨੇ
ਕਮਾਲ ਕਰ ਦਿੱਤਾ ਹੈ. . ਵਿਕਟੋਰੀਆ ਦਾ ਰਹਿਣ ਵਾਲੇ ੩੯ ਸਾਲਾ ਕਾਲਿਨ ਫੀਲਡਰ ਨੂੰ ਦਿਲ ਦੀ ਬੀਮਾਰੀ
ਸੀ। ਉਹ ੪੦-੬੦ ਮਿੰਟ ਤੱਕ ਹਸਪਤਾਲ ਵਿੱਚ ਮ੍ਰਿਤ ਪਏ ਰਹੇ ਪਰ ਇਸ ਤਕਨੀਕ ਦੀ ਮਦਦ ਨਾਲ ਉਨ੍ਹਾਂ ਨੂੰ
ਫਿਰ ਤੋਂ ਜੀਵਨ ਮਿਲ ਗਿਆ। ਫੀਲਡਰ ਅਜਿਹੇ ਪਹਿਲੇ ਵਿਅਕਤੀ ਨਹੀਂ ਹਨ ਜਿਨ੍ਹਾਂ ਨੂੰ ਇਸ ਤਕਨੀਕ ਦੀ
ਵਰਤੋਂ ਨਾਲ ਜ਼ਿੰਦਾ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਦਿਲ ਦਾ ਦੌਰਾ ਪੈਣ ਨਾਲ ਮਰਨ ਵਾਲੇ ਦੋ
ਵਿਅਕਤੀਆਂ ਨੂੰ ਜ਼ਿੰਦਾ ਕੀਤਾ ਜਾ ਸਕਿਆ ਹੈ। ਹਸਪਤਾਲ ਵਿੱਚ ੨ ਨਵੀਆਂ ਮਸ਼ੀਨਾਂ ਮਕੈਨੀਕਲ ਸੀ. ਪੀ.
ਆਰ. ਮਸੀਨ ਅਤੇ ਪੋਰਟਬਲ ਹਾਰਟ ਲੰਗ ਮਸ਼ੀਨ ਦਾ ਟ੍ਰਾਈਲ ਚੱਲ ਰਿਹਾ ਹੈ। ਸੀ. ਪੀ. ਆਰ. ਜਿੱਥੇ
ਲਗਾਤਾਰ ਛਾਤੀ ਨੂੰ ਦਬਾਉਣ ਦਾ ਕੰਮ ਕਰਦੀ ਹੈ, ਉੱਥੇ ਹਾਰਟ ਲੰਗ ਮਸ਼ੀਨ ਮਰੀਜ਼ ਨੂੰ ਜ਼ਰੂਰੀ ਅੰਗਾਂ
ਜਿਵੇਂ ਕਿ ਦਿਮਾਗ ਆਦਿ ਤੱਕ ਆਕਸੀਜਨ ਅਤੇ ਖੂਨ ਦਾ ਸੰਚਾਰ ਬਣਾਈ ਰੱਖਦੀ ਹੈ”। ਜੇਕਰ ਇਹ ਚਮਤਕਾਰ
ਭਾਰਤ ਵਰਗੇ ਦੇਸ਼ ਵਿੱਚ ਵਾਪਰਿਆ ਹੁੰਦਾ ਹੈ ਤਾਂ ਕੋਈ ਨਾ ਕਹਾਣੀ ਜ਼ਰੂਰ ਹੀ ਸੁਣਨ ਨੂੰ ਮਿਲਣੀ ਸੀ।
ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਸਪਸ਼ਟ ਅਤੇ ਨਿਰਣਾਇਕ ਰੂਪ ਵਿੱਚ
ਦਰਸਾਈ ਹੋਈ ਹੈ ਕਿ ਰੱਬੀ ਵਿਧਾਨ ਸਾਰੇ ਮਨੁੱਖਾਂ ਲਈ ਇਕੋ ਜਿਹਾ ਹੈ। ਹਰੇਕ ਪ੍ਰਾਣੀ ਦੇ ਇੱਥੋਂ ਜਾਣ
ਦਾ ਇਕੋ ਜਿਹਾ ਤੌਰ ਤਰੀਕਾ ਹੈ। ਕੋਈ ਮਨੁੱਖ ਚਾਹੇ ਕਿਸੇ ਧਰਮ ਨਾਲ ਸੰਬੰਧ ਰੱਖਦਾ ਹੈ ਜਾਂ ਨਹੀਂ,
ਮਰਨ ਸਮੇਂ ਸਾਰਿਆਂ ਨਾਲ ਇਕੋ ਜਿਹਾ ਵਰਤਾਰਾ ਹੀ ਵਰਤਦਾ ਹੈ।
ਚੱਲਦਾ