{ਅੱਖੀ ਬਾਝਹੁ ਵੇਖਣਾ … …}
- ਜਸਵਿੰਦਰ ਸਿੰਘ ‘ਰੁਪਾਲ’
- 9814715796
ਜਦੋਂ ਮੈਂ ਸਾਇੰਸ ਮਾਸਟਰ ਸੀ ਤਾਂ
ਅੱਠਵੀੰ ਕਲਾਸ ਨੂੰ ‘ਪ੍ਰਕਾਸ਼’ ਦੇ ਪਾਠ ਅਧੀਨ ਪ੍ਰਸ਼ਨ ਕਰਵਾ ਰਿਹਾ ਸਾਂ। ਇੱਕ ਪ੍ਰਸ਼ਨ ਸੀ “ਦੇਖਣ ਲਈ
ਜਰੂਰੀ ਸ਼ਰਤਾਂ ਕੀ ਹਨ?” ਮੈਂ ਇਸ ਦਾ ਉੱਤਰ ਲਿਖਵਾਇਆ। (1). ਪ੍ਰਕਾਸ਼ ਦਾ ਹੋਣਾ (2) ਵਸਤੂ ਦਾ ਅੱਖ
ਦੇ ਦੇਖਣ ਖੇਤਰ ਵਿੱਚ ਹੋਣਾ। (3) ਨਰੋਈ ਅੱਖ ਦਾ ਹੋਣਾ। ਮੈਂ ਬੱਚਿਆਂ ਨੂੰ ਇਸ ਦੀ ਵਿਆਖਿਆ ਕਰਕੇ
ਸਮਝਾਇਆ ਵੀ, ਜੋ ਸੰਖੇਪ ਵਿੱਚ ਇਸ ਤਰਾਂ ਸੀ:-
(1) ਦੇਖੋ, ਪ੍ਰਕਾਸ਼ ਤੋਂ ਬਿਨਾਂ ਸਾਨੂੰ ਕੁੱਝ ਵੀ ਨਜ਼ਰ ਨਹੀਂ ਆਉਂਦਾ। ਭਾਵੇਂ ਸਾਡੀ ਅੱਖ ਬਿਲਕੁਲ
ਠੀਕ ਹੋਵੇ ਤੇ ਵਸਤੂ ਬਿਲਕੁਲ ਨੇੜੇ ਪਈ ਹੋਵੇ। ਦੇਖਿਆ ਨਹੀਂ ਬਿਜਲੀ ਭੱਜ ਜਾਣ ਤੇ ਅਸੀਂ ਕਿਵੇਂ ਕਦੀ
ਕਦੀ ਠੋਹਕਰਾਂ ਖਾਂਦੇ ਫਿਰਦੇ ਹਾਂ? ਇਸ ਲਈ ਪ੍ਰਕਾਸ਼ ਦਾ ਹੋਣਾ ਜਰੂਰੀ ਹੈ।
(2) ਜੇ ਪ੍ਰਕਾਸ਼ ਵੀ ਹੋਵੇ ਤੇ ਸਾਡੀ ਅੱਖ ਵੀ ਤੰਦਰੁਸਤ ਹੋਵੇ, ਪਰ ਵਸਤੂ ਸਾਡੀ ਅੱਖ ਦੇ ਦੇਖਣ ਖੇਤਰ
ਚ’ ਨਾ ਹੋਵੇ, ਤਦ ਵੀ ਅਸੀਂ ਵਸਤੂ ਨੂੰ ਨਹੀਂ ਦੇਖ ਸਕਦੇ। ਇੱਥੇ ਕਮਰੇ ਚ’ ਬੈਠਿਆਂ ਖਿੜਕੀ ਜਾਂ
ਦਰਵਾਜੇ ਤੋਂ ਬਿਨਾਂ ਅਸੀਂ ਪਰਲੇ ਪਾਸੇ ਪਈ ਕਿਸੇ ਵਸਤੂ ਨੂੰ ਨਹੀਂ ਦੇਖ ਸਕਦੇ। ਅੱਛਾ, ਕੀ ਤੁਸੀਂ
ਇੱਥੇ ਬੈਠੇ ਹੀ ਇੰਗਲੈਂਡ, ਅਮਰੀਕਾ ਜਾਂ ਕਿਸੇ ਹੋਰ ਦੇਸ਼ ਚ’ ਬੈਠੇ ਆਪਣੇ ਭਰਾ ਨੂੰ ਜਾਂ ਦੋਸਤ ਨੂੰ
ਦੇਖ ਸਕਦੇ ਹੋ? ਨਹੀਂ ਨਾ? ਕਿਉਂਕਿ ਉਹ ਸਭ ਸਾਡੀ ਅੱਖ ਦੀ ਪਹੁੰਚ ਤੋਂ ਪਰ੍ਹੇ ਹਨ।
(3) ਅਤੇ ਜੇ ਸਾਡੀ ਅੱਖ ਹੀ ਤੰਦਰੁਸਤ ਨਹੀਂ ਤਾਂ ਪ੍ਰਕਾਸ਼ ਦੇ ਹੁੰਦਿਆਂ ਵੀ ਵਸਤੂ ਦਿਖਾਈ ਨਹੀਂ
ਦੇਵੇਗੀ ਭਾਵੇਂ ਵਸਤੂ ਸਾਡੇ ਕਿੰਨੀ ਨੇੜੇ ਕਿਉਂ ਨਾ ਪਈ ਹੋਵੇ। ਇਸੇ ਕਰਕੇ ਤਾਂ ਅੱਖਾਂ ਤੋਂ ਅੰਨ੍ਹੇ
ਮਨੁੱਖ ਕੋਲ ਪਈ ਚੀਜ ਵੀ ਨਹੀਂ ਦੇਖ ਸਕਦੇ। … ….
ਪੀਰੀਅਡ ਖਤਮ ਹੋਣ ਤੋਂ ਬਾਅਦ ਮੈਂ ਸੋਚੀਂ ਪੈ ਗਿਆ। ਅਸੀਂ ਕਿਉਂ ਨਹੀਂ ਹਰ ਵਸਤੂ ਨੂੰ ਹਰ ਸਮੇਂ ਹਰ
ਥਾਂ ਤੇ ਦੇਖ ਸਕਦੇ? ? ? ਕੀ ਪ੍ਰਭੂ ਵੀ ਇਸੇ ਲਈ ਅਦਿੱਖ ਹੈ? ਉਹ ਸਾਨੂੰ ਨਜ਼ਰ ਕਿਉਂ ਨਹੀਂ ਆਉਂਦਾ?
ਉਸ ਨੂੰ ਦੇਖਣ ਲਈ ਕਿਹੜੀਆਂ ਜਰੂਰੀ ਸ਼ਰਤਾਂ ਹੋ ਸਕਦੀਆਂ ਹਨ? ਕੀ ਉਪਰੋਕਤ ਸ਼ਰਤਾਂ ਅਕਾਲ ਪੁਰਖ ਲਈ ਵੀ
ਲਾਗੂ ਹੁੰਦੀਆਂ ਹਨ? ਹਾਂ, ਹਾਂ ਕਿਉਂ ਨਹੀਂ? ਕੋਈ ਜਵਾਬ ਜਿਹਾ ਸੁੱਝਦਾ ਹੈ। ਪ੍ਰਭੂ ਉਹ ਵਸਤੂ ਹੈ
ਜਿਸ ਨੂੰ ਅਸੀਂ ਦੇਖਣਾ ਚਾਹੁੰਦੇ ਹਾਂ। ਉਪਰ ਦੱਸੀਆਂ ਸ਼ਰਤਾਂ ਫਿਰ ਲਾਗੂ ਕਰਕੇ ਦੇਖੀਏ ਤਾਂ –
(1). ਸਭ ਤੋਂ ਪਹਿਲੀ ਸ਼ਰਤ ਪ੍ਰਕਾਸ਼ ਦਾ ਹੋਣਾ ਹੈ। ਇਹ ਪ੍ਰਕਾਸ਼ ਗੁਰੂ ਦੀ ਸ਼ਰਨ ਪਿਆਂ ਮਨ ਚ’ ਪੈਦਾ
ਹੋਈ ਅਵਸਥਾ ਦਾ ਨਾਂ ਹੈ ਸ਼ਾਇਦ। ਜੋ ਕੂੜ ਦੇ, ਅਗਿਆਨ ਦੇ ਹਨ੍ਹੇਰੇ ਦੂਰ ਕਰੇ, ਉਹ ਪ੍ਰਕਾਸ਼ ਕਿਹੜਾ
ਹੈ? -ਗੁਰੂ, ਗੁਰੁ, ਗੁਰੁ। “ਸਤਿਗੁਰੁ ਬਾਝਹੁ ਗੁਰੁ ਨਹੀ ਕੋਈ, ਨਿਗੁਰੇ ਕਾ ਹੈ ਨਾਉਂ ਬੁਰਾ”
ਗੁਰਵਾਕ ਅਨੁਸਾਰ ਜੇ ਗੁਰੁ ਰੂਪ ਪ੍ਰਕਾਸ਼ ਹੀ ਨਹੀਂ ਤਾਂ ਉਹ ਦੁਰਲੱਭ ਵਸਤੂ ਕਿਵੇਂ ਨਜ਼ਰ ਆਵੇ? ਤਾਂ
ਤੇ ਇਹ ਪ੍ਰਕਾਸ਼ (ਗੁਰੂ) ਹੀ ਵਸਤੂ (ਰੱਬ) ਨੂੰ ਸਾਡੀ ਅੱਖ ਦੇ ਸਾਹਵੇਂ ਕਰ ਸਕਦਾ ਹੈ। ਮੈਨੂੰ ਲੱਗਿਆ
ਕਿ ਸੱਚਮੁੱਚ ਗੁਰੂ ਦੀ ਬੜੀ ਲੋੜ ਹੈ। ਪਰ ਗੁਰੂ ਕੈਸਾ ਹੈ? ਕਿਹੜਾ ਹੈ? ਕਿਤੇ “ਜਨਮਿ ਮਰੈ ਸੋ ਕਾਚੋ
ਕਾਚਾ” ਤਾਂ ਨਹੀਂ? ਨਹੀਂ ਨਹੀਂ, ਗੁਰੂ ਤਾਂ ਸ਼ਬਦ ਹੈ – “ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ” ਇਹ ਸ਼ਬਦ
ਗੁਰਬਾਣੀ ਤੋਂ ਹੀ ਮਿਲਣਾ ਹੈ। “ਬਾਣੀ ਗੁਰੂ ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ।” ਤਦ
ਤੇ ਪਹਿਲੀ ਸ਼ਰਤ ਪ੍ਰਕਾਸ਼ ਦਾ ਹੋਣਾ ਪੂਰੀ ਹੁੰਦੀ ਹੈ ਕਿਉਂਕਿ “ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ
ਵਸੈ ਮਨਿ ਆਏ।।” -ਸਦਾ ਸਦਾ ਲਈ ਗੁਰਬਾਣੀ ਦਾ ਪ੍ਰਕਾਸ਼ ਸਾਡੇ ਕੋਲ ਹੈ। … …
(2) ਦੂਸਰੀ ਸ਼ਰਤ ਹੈ-ਵਸਤੂ ਦਾ ਅੱਖ ਦੇ ਦੇਖਣ ਖੇਤਰ ਵਿੱਚ ਹੋਣਾ। ਕੀ ਪ੍ਰਮਾਤਮਾ ਸਾਡੀ ਅੱਖ ਦੇ
ਦੇਖਣ ਖੇਤਰ ਵਿੱਚ ਹੈ? ਹਾਂ ਹਾਂ ਉਹ ਤਾਂ ਸਰਬ ਵਿਆਪਕ ਹੈ। ਹਰ ਜ਼ੱਰੇ ਵਿੱਚ ਹੈ। ਕੋਈ ਵੀ ਥਾਂ ਤਾਂ
ਐਸੀ ਨਹੀਂ ਜਿੱਥੇ ਉਹ ਨਾ ਹੋਵੇ। ਭਾਵ ਅੱਖ ਦਾ ਦੇਖਣ ਖੇਤਰ ਕਿੰਨਾ ਵੀ ਹੋਵੇ, ਪ੍ਰਮਾਤਮਾ ਜਰੂਰ ਉਸ
ਖੇਤਰ ਵਿੱਚ ਹੀ ਹੈ। ਅਸੀਂ ਕਿਸੇ ਦੀਵਾਰ ਕਾਰਨ ਸ਼ਾਇਦ ਉਸ ਨੂੰ ਨਹੀਂ ਦੇਖ ਸਕਦੇ। ਉਸ ਨੂੰ ਤੱਕਣ ਲਈ
ਇਸ ਦੀਵਾਰ ਦਾ ਟੁੱਟਣਾ ਬਹੁਤ ਜਰੂਰੀ ਹੈ। ਇਸ ਦੀਵਾਰ (ਗੁਰਬਾਣੀ ਅਨੁਸਾਰ ਹਉਮੈ ਹੀ ਉਹ ਦੀਵਾਰ ਹੈ)
ਨੂੰ ਪ੍ਰਕਾਸ਼ ਤੋੜ ਦਿੰਦਾ ਹੈ – “ਨਾਮ ਬਿਨਾ ਸਭੁ ਜਗੂ ਬਉਰਾਨਾ, ਸ਼ਬਦੇ ਹਉਮੈ ਮਾਰੀ”. . ਸਾਡੇ ਕਮਰੇ
ਦਾ ਚਾਨਣ ਸੂਰਜ ਦੇ ਪ੍ਰਕਾਸ਼ ਦਾ ਅਨਿਯਮਿਤ ਪਰੀਵਰਤਨ ਹੀ ਤਾਂ ਹੈ। ਪ੍ਰਕਾਸ਼ ਦੇ ਨਜ਼ਦੀਕ ਜਾਣ ਨਾਲ
ਵਸਤੂ ਹੋਰ ਜਿਆਦਾ ਸਪਸ਼ਟ ਨਜ਼ਰ ਆਉਂਦੀ ਜਾਵੇਗੀ। ਪ੍ਰਕਾਸ਼ ਦੇ ਬਹੁਤ ਨਜ਼ਦੀਕ ਜਾਣ ਤੇ ਵਸਤੂ, ਪ੍ਰਕਾਸ਼
ਅਤੇ ਦੇਖਣ ਵਾਲੇ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਮੈਂ ਸੋਚਦਾ ਹਾਂ ਕਿ ਇਹ ਉਹ ਅਵਸਥਾ ਹੋਵੇਗੀ
ਜਿੱਥੇ ਪ੍ਰਕਾਸ਼ (ਸ਼ਬਦ ਗੁਰੂ), ਵਸਤੂ (ਪ੍ਰਭੂ) ਅਤੇ ਦੇਖਣ ਵਾਲੀ ਅੱਖ (ਜਗਿਆਸੂ) ਇੱਕ ਹੋ ਜਾਂਦੇ
ਹਨ। ਤਾਂ ਤੇ ਦੂਸਰੀ ਸ਼ਰਤ ਵੀ ਪੂਰੀ ਹੁੰਦੀ ਹੈ। … … …
(3) ਤੀਸਰੀ ਤੇ ਆਖਰੀ ਸ਼ਰਤ ਨਰੋਈ ਤੇ ਤੰਦਰੁਸਤ ਅੱਖ ਦਾ ਹੋਣਾ ਹੈ। ਕੀ ਸਾਡੀ ਅੱਖ ਸਿਹਤਮੰਦ ਹੈ?
ਸ਼ਾਇਦ ਨਹੀਂ। ਜੇ ਸਾਡੀ ਅੱਖ ਤੰਦਰੁਸਤ ਹੁੰਦੀ ਤਾਂ ਇਹ ਕਿਵੇਂ ਹੋ ਸਕਦਾ ਸੀ ਕਿ ਪ੍ਰਕਾਸ਼
(ਸ਼ਬਦ-ਗੁਰੂ) ਦੇ ਹੁੰਦਿਆਂ ਵੀ ਵਸਤੂ (ਪ੍ਰਭੂ) ਸਾਨੂੰ ਨਜ਼ਰ ਨਾ ਆਉਂਦੀ? ਤਾਂ ਤੇ ਸਾਡੀ ਅੱਖ ਵਿੱਚ
ਹੀ ਨੁਕਸ ਹੈ। ਅਜੇ ਇਹ ਪ੍ਰਕਾਸ਼ ਨੂੰ ਹੀ ਨਹੀਂ ਪਹਿਚਾਣ ਸਕੀ। ਇਸ ਅੱਖ ਦਾ ਰੁਖ ਹੀ ਪ੍ਰਕਾਸ਼ ਵੱਲ
ਨਹੀਂ। ਪ੍ਰਕਾਸ਼ ਤਾਂ ਪ੍ਰਭੂ ਦੇ ਦਰਸ਼ਨ ਕਰਵਾ ਰਿਹਾ ਹੈ। ਉਹ ਤਾਂ “ਬਲਿਹਾਰੀਂ ਕੁਦਰਤਿ ਵਸਿਆ, ਤੇਰਾ
ਅੰਤੁ ਨ ਜਾਈ ਲਖਿਆ।” ਅਤੇ “ਸਭ ਮਹਿ ਰਵਿ ਰਹਿਆ ਪ੍ਰਭੁ ਏਕੈ, ਪੇਖਿ ਪੇਖਿ ਨਾਨਕ ਬਿਗਸਾਈ।” ਦਾ
ਅਹਿਸਾਸ ਕਰਵਾ ਰਿਹਾ ਹੈ, ਪਰ ਅਸੀਂ ਗੁਨਾਹਗਾਰ ਅਤੇ ਅਕ੍ਰਿਤਘਣ ਇਸ ਬਾਣੀ ਦੀ ਰਮਜ ਹੀ ਨਹੀਂ ਸਮਝ
ਰਹੇ। ਸਾਡੀ ਇਹ ਸਥੂਲ ਅੱਖ ਜਾਂ ਤਾਂ ਬਦਲਣ ਵਾਲੀ ਹੈ ਜਾਂ ਇਸਦਾ ਇਲਾਜ ਕਰਵਾਉਣ ਵਾਲਾ ਹੈ। ਪ੍ਰਕਾਸ਼
ਦੀ ਮਾਰ ਤਾਂ ਦੇਖੋ। ਕੀ ਇਸ ਛੋਟੇ ਜਿਹੇ ਘੇਰੇ ਵਿੱਚ ਦੇਖਣ ਵਾਲੀ ਅੱਖ ਓਸ ਵਿਸ਼ਾਲ ਦ੍ਰਿਸ਼ਟੀ ਵਾਲੇ
ਪ੍ਰਕਾਸ਼ ਦਾ ਸਾਥ ਦੇ ਰਹੀ ਹੈ? ? ਅਸਲ ਵਿੱਚ ਪ੍ਰਭੂ ਨੂੰ ਪਾਣ ਲਈ ਇਸ ਸਥੂਲ ਅੱਖ ਚੋਂ ਸੂਖਮ ਅੱਖ
ਲੱਭਣੀ ਤੇ ਉਸ ਦਾ ਤੰਦਰੁਸਤ ਹੋਣਾ ਜਰੂਰੀ ਹੈ। ਉਹ ਅੱਖ ਹੋਰ ਹੈ ਜਿਸ ਬਾਰੇ ਗੁਰਬਾਣੀ ਚ’ ਜਿਕਰ ਹੈ
“ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ”। ਇਸੇ ਅੱਖ ਬਾਰੇ ਤਾਂ ਸਾਈਂ ਬੁੱਲੇ
ਸ਼ਾਹ ਨੇ ਕਿਹਾ ਸੀ-
“ਬੁੱਲਿਆ ਸ਼ਹੁ ਤਾਂ ਤੈਥੋਂ ਵੱਖ ਨਹੀਂ।
ਬਿਨ ਸ਼ਹੁ ਥੀਂ ਦੂਜਾ ਕੱਖ ਨਹੀਂ।
(ਪਰ) ਤੇਰੇ ਕੋਲ ਦੇਖਣ ਵਾਲੀ ਅੱਖ ਨਹੀਂ।”
ਗੁਰੁ ਸਾਹਿਬ ਨੇ ਸਥੂਲ ਅੱਖਾਂ ਤੋਂ ਬਿਨਾਂ ਪ੍ਰਭੂ ਦੀ ਜੋਤ ਨੂੰ ਤੱਕ ਸਕਣ ਦੀ ਗੱਲ ਵੀ ਕੀਤੀ ਹੈ।
“ਅੱਖੀ ਬਾਝਹੁ ਵੇਖਣਾ, ਵਿਣੁ ਕੰਨਾ ਸੁਨਣਾ।” ਇਹ ਅਵਸਥਾ ਕੈਸੀ ਹੋਵੇਗੀ? ਭਗਤ ਕਬੀਰ ਜੀ
ਅਨੁਸਾਰ “ਕਹੁ ਕਬੀਰ ਗੂੰਗੈ ਗੁੜੁ ਖਾਇਆ, ਪੂਛੇ ਤੇ ਕਿਆ ਕਹੀਐ।” ਇਸ ਦਾ ਬਿਆਨ ਹੀ ਨਹੀਂ
ਹੋ ਸਕਦਾ। … …
ਮੈਂ ਪਲ ਭਰ ਲਈ ਅੱਖਾਂ ਬੰਦ ਕਰ ਲੈਂਦਾ ਹਾਂ। ਖਬਰੈ ਕੁੱਝ ਦਿਖਾਈ ਦੇਵੇ। ਅੰਧਕਾਰ ਤੋਂ ਬਿਨਾਂ ਕੁੱਝ
ਵੀ ਨਹੀਂ. . ਪਰ ਇਹ ਕੀ? ਅੱਖਾਂ ਬੰਦ ਕਰਨ ਤੇ ਵੀ ਕਾਲਾ ਸ਼ਿਆਹ ਹਨ੍ਹੇਰਾ ਕਿਉਂ ਨਹੀਂ? ਕੁੱਝ ਚਮਕ
ਦਾ ਪਰਛਾਵਾਂ ਕਿਉਂ ਪੈਂਦਾ ਹੈ? ਬੰਦ ਅੱਖਾਂ ਵੀ ਇਹ ਅਹਿਸਾਸ ਕਿਉਂ ਕਰ ਲੈਂਦੀਆਂ ਨੇ ਕਿ ਦਿਨ ਹੈ
ਜਾਂ ਰਾਤ? ਕਿ ਬੱਲਬ ਜਗ ਰਿਹਾ ਹੈ ਜਾਂ ਨਹੀਂ? ਇਹ ਸਭ ਪ੍ਰਕਾਸ਼ ਦੀ ਹੀ ਕਰਾਮਾਤ ਹੈ। …. ਮਨ ਵਿਸਮਾਦ
ਵਿੱਚ ਆ ਜਾਂਦਾ ਹੈ। … ਕੋਈ ਤਾਂਘ ਉੱਠਦੀ ਹੈ। … ….
ਐ ਪ੍ਰਭੂ! ਇਹੀ ਅਰਦਾਸ ਹੈ ਕਿ ਆਪਣੇ ਪ੍ਰਕਾਸ਼ ਰਾਹੀਂ ਇਨ੍ਹਾਂ ਅੱਖਾਂ ਨੂੰ ਤੰਦਰੁਸਤ ਕਰ ਦੇ। ਉਹ
ਸੂਖ਼ਮ ਅੱਖਾਂ ਦੀ ਜੋਤ ਜਗਾ ਦੇ ਪ੍ਰਭੂ। ਪਏ ਹੋਏ ਅੰਧਕਾਰ ਦੂਰ ਕਰ ਅਤੇ ਰਸਤੇ ਦੀਆਂ ਦੀਵਾਰਾਂ ਤੋੜ
ਦੇ। ਤਾਂ ਕਿ ਤੇਰੇ ਦਰਸ਼ਨਾਂ ਨਾਲ ਨਿਹਾਲ ਹੋ ਕੇ “ਤੋਹੀ ਮੋਹੀ ਮੋਹੀ ਤੋਹੀ ਅੰਤਰਿ ਕੇਸਾ ਦੀ ਅਵਸਥਾ
ਬਣ ਜਾਵੇ। ਕਿਰਪਾ ਕਰੋ ਦਾਤਾ ਜੀਓ … ….
---------------------------00000-----------------------
ਲੈਕਚਰਰ ਅਰਥਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰ. ਸਕੂਲ,
ਭੈਣੀ ਸਾਹਿਬ (ਲੁਧਿਆਣਾ) 141126