ਸਾਰੇ ਸੰਸਾਰ ਵਿਖੇ ਰਹਿੰਦੇ ਸਿੱਖ ਹਰ ਰੋਜ਼ ਸਵੇਰੇ “ਗਾਵਹਿ ਮੋਹਣੀਆ ਮਨੁ
ਮੋਹਨਿ ਸੁਰਗਾ ਮਛ ਪਇਆਲੇ॥” ਅਤੇ ਸ਼ਾਮ ਨੂੰ “ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ
ਮਛੁ ਪਇਆਲੇ॥” ਪਾਠ ਕਰਦੇ ਹਨ (ਗੁਰੂ ਗਰੰਥ ਸਾਹਿਬ, ਪੰਨਾ ੬ ਤੇ ੯)। ਇਵੇਂ ਹੀ, ਗੁਰੂ ਗਰੰਥ
ਸਾਹਿਬ ਦੇ ਪੰਨਾ ੧੦੩੫, ਮਾਰੂ ਮਹਲਾ ੧ ਵਿਖੇ ਵੀ ਓਚਾਰਣ ਕੀਤਾ ਹੋਇਆ ਹੈ: “ਨਾ ਤਦਿ ਸੁਰਗੁ
ਮਛੁ ਪਇਆਲਾ॥ ਦੋਜਕੁ ਭਿਸਤੁ ਨਹੀ ਖੈ ਕਾਲਾ॥ ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ
ਜਾਇਦਾ॥”
ਭਾਈ ਕਾਨ੍ਹ ਸਿੰਘ ਨਾਭਾ “ਮਹਾਨ ਕੋਸ਼” ਦੇ ਪੰਨਾ ੯੪੪ (ਛੇਵੀਂ ਵਾਰ ੧੯੯੯)
ਵਿਖੇ ਬਿਆਨ ਕਰਦੇ ਹਨ: “ਮਤਸਯ ਅਵਤਾਰ” : ਮਤਸਯ (ਮੱਛ) ਦੀ ਸ਼ਕਲ ਦਾ ਵਿਸ਼ਨੂ ਦਾ
ਪਹਿਲਾ ਅਵਤਾਰ ਭਾਗਵਤ ਵਿੱਚ ਲਿਖਿਆ ਹੈ ਕਿ ਪ੍ਰਲੈ ਵੇਲੇ ਜਦ ਸਾਰੇ ਲੋਕ ਜਲ ਵਿੱਚ ਡੁੱਬ ਗਏ, ਤਦ
ਸੁੱਤੇ ਹੋਏ ਵਿਧਾਤਾ ਦੇ ਮੂੰਹ ਵਿੱਚੋਂ ਵੇਦਾਂ ਦੀ ਉਤਪੱਤੀ ਹੋਈ। ਉਸ ਵੇਲੇ ਹਯਗ੍ਰੀਵ ਨੇ ਵੇਦ ਚੁਰਾ
ਲਏ। ਵਿਸ਼ਨੂ ਨੇ ਮੱਛ ਦਾ ਰੂਪ ਧਾਰਕੇ ਉਸ ਤੋਂ ਵੇਦ ਵਾਪਿਸ ਲਏ। ਮੱਛ ਭਗਵਾਨ ਦਾ ਹੇਠਲਾ ਧੜ ਮੱਛ ਦਾ
ਅਤੇ ਉੱਪਰਲਾ ਹਿੱਸਾ ਮਨੁੱਖ ਜਿਹਾ ਸੀ। ਇਹ ਅਵਤਾਰ ਸਤਯੁਗ ਵਿੱਚ ਹੋਇਆ।
ਆਓ, ਹੁਣ ਬਚਿਤ੍ਰ ਨਾਟਕ ਵਿੱਚ ਵਰਣਨ ਕੀਤੇ ਹੋਏ “ਮੱਛ ਅਵਤਾਰ” ਪ੍ਰਸੰਗ
ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਓਪਰਾਲਾ ਕਰੀਏ ਤਾਂ ਜੋ ਸਾਨੂੰ ਵੀ ਪਤਾ ਲਗ ਸਕੇ ਕਿ ਬਚਿਤ੍ਰ ਨਾਟਕ
ਨੂੰ ਮੰਨਣ ਵਾਲੇ ਸ਼ਰਧਾਲੂ, ਕਿਹੜਾ ਇਲਾਹੀ ਅਤੇ ਦੁਨਿਆਵੀ ਗਿਆਨ ਹਾਸਲ ਕਰਕੇ, ਆਪਣਾ ਜੀਵਨ ਉੱਚਾ ਕਰਨ
ਵਿੱਚ ਕਾਮਯਾਬ ਹੋਣ ਦੀ ਆਸ ਰੱਖਦੇ ਹਨ!
ਅਥ ਪ੍ਰਥਮ ਮਛ ਅਵਤਾਰ ਕਥਨੰ
ਚੌਪਈ
ਸੰਖਾਸੁਰ ਦਾਨਵ ਪੁਨਿ ਭਯੋ। ਬਹੁ ਬਿਧਿ ਕੈ ਜਗ ਕੋ ਦੁਖ ਦਯੋ।
ਮਛ ਅਵਤਾਰ ਆਪਿ ਪੁਨਿ ਧਰਾ। ਆਪਨ ਜਾਪੁ ਆਪ ਮੋ ਕਰਾ। ੩੯।
(ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ ਵਲੋਂ ਕੀਤੇ ਅਰਥ):
ਫਿਰ ਸੰਖਾਸੁਰ (ਨਾਂ ਦਾ ਇਕ) ਦੈਂਤ ਹੋਇਆ। (ਉਸ ਨੇ) ਬਹੁਤ ਤਰ੍ਹਾਂ ਨਾਲ ਜਗਤ ਨੂੰ ਦੁਖ ਦਿੱਤਾ।
(ਕਾਲ ਨੇ) ਤਦੋਂ ਆਪ ਮੱਛ ਅਵਤਾਰ ਧਾਰਨ ਕੀਤਾ ਅਤੇ ਆਪਣਾ ਜਾਪ ਆਪ ਹੀ ਜਪਿਆ (ਅਰਥਾਤ ਆਪ ਹੀ ਆਪਣੇ
ਰੂਪ ਨੂੰ ਪਛਾਣਿਆ)। ੩੯।
ਪ੍ਰਿਥਮੈ ਤੁਛ ਮੀਨ ਬਪੁ ਧਰਾ। ਪੈਠਿ ਸਮੁੰਦ੍ਰ ਝਕਝੋਰਨ ਕਰਾ।
ਪੁਨਿ ਪੁਨਿ ਕਰਤ ਭਯੋ ਬਿਸਥਾਰਾ। ਸੰਖਾਸੁਰਿ ਤਬ ਕੋਪ ਬਿਚਾਰਾ। ੪੦।
ਅਰਥ: ਪਹਿਲਾਂ (ਇਸ ਅਵਤਾਰ ਨੇ) ਛੋਟੀ ਜਿਹੀ ਮੱਛਲੀ ਦਾ ਸ਼ਰੀਰ ਧਾਰਨ ਕੀਤਾ
ਅਤੇ ਸਮੁੰਦਰ ਵਿੱਚ ਵੜ ਕੇ (ਚੰਗੀ ਤਰ੍ਹਾਂ ਨਾਲ) ਝਕਝੋਰਿਆ। ਫਿਰ ਹੌਲੀ ਹੌਲੀ (ਆਪਣਾ) ਵਿਸਤਾਰ
ਕਰਦਾ ਗਿਆ, (ਫਲਸਰੂਪ ਸਮੁੰਦਰ ਵਿੱਚ ਰਹਿਣ ਵਾਲੇ) ਸੰਖਾਸੁਰ ਨੇ ਤਦ ਬਹੁਤ ਕ੍ਰੋਧ ਕੀਤਾ। ੪੦।
ਭੁਜੰਗ ਪ੍ਰਯਾਤ ਛੰਦ
ਤਬੈ ਕੋਪ ਗਰਜਿਯੋ ਬਲੀ ਸੰਖ ਬੀਰੰ। ਧਰੇ ਸਸਤ੍ਰ ਅਸਤ੍ਰੰ ਸਜੇ ਲੋਹ ਚੀਰੰ।
ਚਤੁਰ ਬੇਦ ਪਾਤੰ ਕੀਯੋ ਸਿੰਧੁ ਮਧੰ। ਤ੍ਰਸਯੋ ਅਸਟ ਨੈਣੰ ਕਰਿਯੋ ਜਾਪੁ
ਸੁੰਧ। ੪੧।
ਅਰਥ: ਤਦੋਂ ਸੰਖ (ਨਾਂ ਦਾ) ਬਲਵਾਨ ਸ਼ੂਰਵੀਰ ਗੁੱਸੇ ਨਾਲ ਗਜਿਆ। (ਉਸ ਨੇ
ਆਪਣੇ ਆਪ ਨੂੰ) ਸ਼ਸਤ੍ਰਾਂ-ਅਸਤ੍ਰਾਂ ਅਤੇ ਲੋਹੇ ਦੇ ਕਵਚ ਨਾਲ ਸਜਾਇਆ। (ਉਸ ਨੇ) ਚੌਹਾਂ ਵੇਦਾਂ ਨੂੰ
ਸਮੁੰਦਰ ਵਿੱਚ ਡਬੋ ਦਿੱਤਾ ਸੀ। (ਇਸੇ ਲਈ) ਅੱਠਾਂ ਨੈਣਾਂ ਵਾਲੇ (ਬ੍ਰਹਮਾ) ਨੇ ਸ਼ੁੱਧ-ਸਰੂਪ
(ਪਰਮ-ਸੱਤਾ) ਦਾ ਜਾਪ ਕੀਤਾ। ੪੧।
ਤਬੈ ਸੰਭਰੇ ਦੀਨ ਹੇਤੰ ਦਿਆਲੰ। ਧਰੇ ਲੋਹ ਕ੍ਰੋਹੰ ਕ੍ਰਿਪਾ ਕੈ ਕ੍ਰਿਪਾਲੰ।
ਮਹਾ ਅਸਤ੍ਰ ਪਾਤੰ ਕਰੇ ਸਸਤ੍ਰ ਘਾਤੰ। ਟਰੇ ਦੇਵ ਸਰਬੰ ਗਿਰੇ ਲੋਕ ਸਾਤੰ।
੪੨।
ਅਰਥ: ਤਦੋਂ ਕਿਰਪਾਲੂ (ਅਵਤਾਰ) ਨੇ ਦੀਨਾਂ ਦੇ ਹਿਤ ਨੂੰ ਸਾਹਮਣੇ ਰਖਿਆ ਅਤੇ
ਕ੍ਰਿਪਾਲੂ ਨੇ ਕ੍ਰਿਪਾ ਪੂਰਵਕ ਕ੍ਰੋਧਵਾਨ ਹੋ ਕੇ ਸ਼ਸਤ੍ਰਾਂ ਨੂੰ ਧਾਰਨ ਕੀਤਾ। ਬਹੁਤ ਅਸਤ੍ਰ ਵਰ੍ਹਨ
ਲਗੇ ਅਤੇ ਸ਼ਸਤ੍ਰਾਂ ਦੇ ਪ੍ਰਹਾਰ ਹੋਣ ਲਗੇ। ਸਾਰੇ ਦੇਵਤੇ (ਆਪਣੇ ਸਥਾਨਾਂ ਤੋਂ) ਹਿਲ ਗਏ ਅਤੇ ਸੱਤੇ
ਲੋਕ (ਮੂਰਛਿਤ ਹੋ ਕੇ) ਡਿਗ ਪਏ। ੪੨।
ਭਏ ਅਤ੍ਰ ਘਾਤੰ ਗਿਰੇ ਚਉਰ ਚੀਰੰ। ਰੁਲੇ ਤਛ ਮੁਛੰ ਉਠੇ ਤਿਛ ਤੀਰੰ।
ਗਿਰੇ ਸੁੰਡ ਮੁੰਡੰ ਰਣੰ ਭੀਮ ਰੂਪੰ। ਮਨੋ ਖੇਲ ਪਉਢੇ ਹਠੀ ਫਾਗੁ ਜੂਪੰ। ੪੩।
ਅਰਥ: ਅਸਤ੍ਰਾਂ ਦੇ ਪ੍ਰਹਾਰ ਹੋਣ ਲਗ ਗਏ ਸਨ ਅਤੇ ਬਸਤ੍ਰ ਅਤੇ ਚੌਰ ਡਿਗ ਰਹੇ
ਸਨ, (ਸੂਰਮੇ) ਕਟੇ ਵਢੇ ਰੁਲ ਰਹੇ ਸਨ ਅਤੇ ਤੀਰਾਂ ਦੇ ਫੰਡੇ ਹੋਏ ਉਠ ਰਹੇ ਸਨ। (ਕਿਤੇ) ਰਣ-ਭੁਮੀ
ਵਿੱਚ ਬਹੁਤ ਵੱਡੇ ਆਕਾਰ ਵਾਲੇ (ਹਾਥੀਆਂ ਦੇ) ਸਿਰ ਅਤੇ ਸੁੰਡ ਡਿਗੇ ਪਏ ਸਨ, ਮਾਨੋ ਹਠੀਲੇ (ਵੀਰ)
ਹੋਲੀ ਖੇਡ ਕੇ ਸੁੱਤੇ ਹੋਣ। ੪੩।
ਬਹੇ ਖਗਯੰ ਖੇਤ ਖਿੰਗੰ ਸੁ ਧੀਰੰ। ਸੁਭੈ ਸਸਤ੍ਰ ਸੰਜਾਨ ਸੋ ਸੂਰਬੀਰੰ।
ਗਿਰੇ ਗਉਰਿ ਗਾਜੀ ਖੁਲੇ ਹਥ ਬਥੰ। ਨਚਿਯੋ ਰੁਦ੍ਰ ਰੁਦ੍ਰੰ ਨਚੇ ਮਛ ਮਥੰ।
੪੪।
ਅਰਥ: ਯੁੱਧ-ਭੂਮੀ ਵਿੱਚ ਘੋੜਿਆਂ ਉਤੇ ਚੜ੍ਹੇ ਧੀਰਜਵਾਨ ਸੂਰਮਿਆਂ ਦੀਆਂ
ਤਲਵਾਰਾਂ ਚਲਣ ਲਗੀਆਂ ਸਨ ਅਤੇ ਸੂਰਵੀਰ ਸ਼ਸਤ੍ਰਾਂ ਅਤੇ ਕਵਚਾਂ ਨਾਲ ਸ਼ੁਭਾਇਮਾਨ ਸਨ। ਵੱਡੇ ਸੂਰਮੇ
ਖੂਲ੍ਹਿਆਂ ਹੱਥਾਂ ਨਾਲ ਡਿਗੇ ਪਏ ਸਨ। ਰੁਦ੍ਰ ਭਿਆਨਕ ਰੂਪ ਨਾਲ ਨਚ ਰਿਹਾ ਸੀ ਅਤੇ ਮੱਛ ਸਮੁੰਦਰ ਨੂੰ
ਨਚ ਨਚ ਕੇ ਮੱਥ ਰਿਹਾ ਸੀ। ੪੪।
ਰਸਾਵਲ ਛੰਦ
ਮਹਾ ਬੀਰ ਗਜੇ। ਸੁਭੰ ਸਸਤ੍ਰ ਸਜੇ। ਬਧੇ ਗਜ ਗਾਹੰ। ਸੁ ਹੂਰੰ ਉਛਾਹੰ। ੪੫।
ਅਰਥ: ਮਹਾਵੀਰ (ਯੋਧੇ) ਗਜ ਰਹੇ ਹਨ। (ਉਹ ਸਾਰੇ) ਸ਼ਸਤ੍ਰਾਂ ਨਾਲ ਸੁਸਜਿਤ
ਸਨ। (ਉਨ੍ਹਾਂ ਨੇ ਸਿਰ ਉਤੇ) ਕਲਗੀ ਵਰਗੇ ਭੂਸ਼ਣ ਸਜਾਏ ਹੋਏ ਸਨ (ਜਿਨ੍ਹਾਂ ਨੂੰ ਵੇਖ ਕੇ) ਹੂਰਾਂ
ਉਤਸਾਹਿਤ ਹੋ ਰਹੀਆਂ ਸਨ। ੪੫।
ਢਲਾ ਢੁਕ ਢਾਲੰ। ਝਮੀ ਤੇਗ ਕਾਲੰ। ਕਟਾ ਕਾਟ ਬਾਹੈ। ਉਭੈ ਜੀਤ ਚਾਹੈ। ੪੬।
ਅਰਥ: ਢਾਲਾਂ (ਦੇ ਵਜਣ ਨਾਲ) ਢਕ-ਢਕ ਦੀ (ਆਵਾਜ਼ ਹੋ ਰਹੀ ਸੀ), ਕਾਲੇ ਬਦਲਾਂ
(ਵਿਚ ਬਿਜਲੀ ਵਾਂਗ) ਤਲਵਾਰਾਂ ਚਮਕ ਰਹੀਆਂ ਸਨ। (ਤਲਵਾਰਾਂ) ਕਟ-ਕਟ (ਆਵਾਜ਼ ਨਾਲ) ਚਲ ਰਹੀਆਂ ਸਨ।
ਦੋਵੇਂ (ਪਾਸੇ) ਆਪਣੀ ਆਪਣੀ ਜਿਤ ਦੀ ਇੱਛਾ ਕਰ ਰਹੇ ਸਨ। ੪੬।
ਮੁਖੰ ਮੁਛ ਬੰਕੀ। ਤਮੰ ਤੇਗ ਅਤੰਕੀ। ਫਿਰੈ ਗਉਰ ਗਾਜੀ। ਨਚੈ ਤੁੰਦ ਤਾਜੀ।
੪੭।
ਅਰਥ: (ਬਹਾਦਰ ਸੈਨਿਕਾਂ ਦੇ) ਮੂੰਹ ਉਤੇ ਕੁੰਡਲੀਆਂ ਮੁੱਛਾਂ (ਅਤੇ ਹੱਥਾਂ
ਵਿਚ) ਭਿਆਨਕ ਚਮਕਦੀਆਂ ਤਲਵਾਰਾਂ (ਸ਼ੁਭਾਇਮਾਨ ਸਨ)। (ਯੁੱਧ-ਭੂਮੀ ਵਿਚ) ਤਕੜੇ ਤਕੜੇ ਸੂਰਮੇ (ਗਾਜੀ)
ਘੁੰਮ ਰਹੇ ਸਨ ਅਤੇ ਤੇਜ਼ ਚਾਲ ਵਾਲੇ ਘੋੜੇ ਨਚ ਰਹੇ ਸਨ। ੪੭।
ਭੁਜੰਗ ਛੰਦ
ਭਰਿਯੋ ਰੋਸ ਸੰਖਾਸੁਰੰ ਦੇਖ ਸੈਣੰ। ਤਪੇ ਬੀਰ ਬਕਤ੍ਰੰ ਕੀਏ ਰਕਤ ਨੈਣੰ।
ਭੁਜਾ ਠੋਕ ਭੂਪੰ ਕਰਿਯੋ ਨਾਦ ਉਚੰ। ਸੁਣੇ ਗਰਭਣੀਆਨ ਕੇ ਗਰਭ ਮੁਚੰ। ੪੮।
ਅਰਥ: (ਦੇਵਤਿਆਂ ਦੀ) ਸੈਨਾ ਵੇਖ ਕੇ ਸੰਖਾਸੁਰ ਗੁੱਸੇ ਨਾਲ ਭਰ ਗਿਆ ਅਤੇ
(ਉਸ) ਸ਼ੂਰਵੀਰ ਦਾ ਮੂੰਹ ਤਪ ਗਿਆ ਅਤੇ (ਉਸ ਨੇ) ਅੱਖਾਂ ਲਾਲ ਕਰ ਲਈਆਂ। (ਦੈਂਤਾਂ ਦੇ) ਰਾਜੇ
(ਸੰਖਾਸੁਰ) ਨੇ ਭੁਜਾਵਾਂ ਠੋਕ ਕੇ ਲਲਕਾਰਾ ਮਾਰਿਆ (ਜਿਸ ਨੂੰ) ਸੁਣ ਕੇ ਗਰਭਵਤੀਆਂ ਦੇ ਗਰਭ ਡਿਗ
ਗਏ। ੪੮।
ਲਗੇ ਠਾਮ ਠਾਮੰ ਦਮਾਮੰ ਦਮੰਕੇ। ਖੁਲੇ ਖੇਤ ਮੋ ਖਗ ਖੂਨੀ ਖਿਮੰਕੇ।
ਭਏ ਕ੍ਰੂਰ ਭਾਂਤੰ ਕਮਾਣੰ ਕੜਕੇ। ਨਚੇ ਬੀਰ ਬੈਤਾਲ ਭੂਤੰ ਭੜਕੇ। ੪੯।
ਅਰਥ: (ਸਾਰੇ ਆਪਣੇ ਆਪਣੇ) ਸਥਾਨ ਉਤੇ ਡਟ ਗਏ ਅਤੇ ਨਗਾਰੇ ਵਜਣ ਲਗੇ।
ਮੈਦਾਨੇ-ਜੰਗ ਵਿੱਚ ਲਹੂ ਭਰੀਆਂ ਕ੍ਰਿਪਾਨਾਂ ਚਮਕਣ ਲਗੀਆਂ। (ਯੋਧੇ) ਭਿਆਨਕ ਤਰ੍ਹਾਂ ਦੇ ਹੋ ਗਏ ਅਤੇ
ਕਮਾਨਾਂ ਕੜਕਣ ਲਗੀਆਂ। ਭੂਤ, ਪ੍ਰੇਤ, ਬੀਰ, ਬੈਤਾਲ ਭੜਕ ਕੇ ਨਚਣ ਲਗੇ। ੪੯।
ਗਿਰਿਯੋ ਆਯੁਧੰ ਸਾਯੁਧੰ ਬੀਰ ਖੇਤੰ। ਨਚੇ ਕੰਧਹੀਣੰ ਕਮਧੰ ਅਚੇਤੰ।
ਖੁਲੇ ਖਗ ਖੂਨੀ ਖਿਆਲੰ ਖਤੰਗੰ। ਭਜੇ ਕਾਤਰੰ ਸੂਰ ਬਜੇ ਨਿਹੰਗੰ। ੫੦।
ਅਰਥ: (ਕਈ) ਵੀਰ ਯੋਧੇ ਅਸਤ੍ਰਾਂ ਸ਼ਸਤ੍ਰਾਂ ਸਮੇਤ ਯੁੱਧ-ਭੂਮੀ ਵਿੱਚ ਡਿਗਣ
ਲਗ ਗਏ ਸਨ। (ਕਿਤੇ) ਕੰਧ (ਗਰਦਨ) ਤੋਂ ਬਿਨਾ ਧੜ ਅਚੇਤ ਅਵਸਥਾ ਵਿੱਚ ਨਚ ਰਹੇ ਸਨ। ਖੂਨੀ ਨੰਗੀਆਂ
ਤਲਵਾਰਾਂ ਅਤੇ ਤੀਰਾਂ ਦਾ ਖਿਆਲ ਕਰ ਕੇ ਕਾਇਰ ਭਜੀ ਜਾ ਰਹੇ ਸਨ ਅਤੇ ਨਿਡਰ ਸੂਰਮੇ ਲਲਕਾਰ ਰਹੇ ਸਨ।
੫੦।
ਕਟੇ ਚਰਮ ਬਰਮੰ ਗਿਰਿਯੋ ਸਤ੍ਰ ਸਸਤ੍ਰੰ। ਭਕੈ ਭੈ ਭਰੇ ਭੂਤ ਭੂਮੰ
ਨ੍ਰਿਸਤ੍ਰੰ।
ਰਣੰ ਰੰਗ ਰਤੇ ਸਭੀ ਰੰਗ ਭੂਮੰ। ਗਿਰੇ ਜੁਧ ਮਧੰ ਬਲੀ ਝੂਮਿ ਝੂਮੰ। ੫੧।
ਅਰਥ: (ਸ਼ੂਰਵੀਰਾਂ ਦੇ) ਕਵਚ ( ‘ਬਰਮੰ’ ) ਅਤੇ ਢਾਲਾਂ ਕਟ ਰਹੀਆਂ ਸਨ ਅਤੇ
ਸ਼ਸਤ੍ਰ ਤੇ ਅਸਤ੍ਰ ਡਿਗ ਰਹੇ ਸਨ। ਭੈ-ਭੀਤ ਹੋ ਕੇ ਭੂਤ ਨਿਹੱਥੇ ਰਣ-ਭੂਮੀ ਵਿੱਚ ਬੋਲ ਰਹੇ ਸਨ।
ਰਣ-ਭੂਮੀ ਵਿੱਚ ਸਾਰੇ (ਸ਼ੂਰਵੀਰ) ਯੁੱਧ ਦੇ ਰੰਗ ਵਿੱਚ ਰੰਗੇ ਹੋਏ ਸਨ ਅਤੇ ਬਲਵਾਨ (ਯੋਧੇ) ਝੂਮ ਝੂਮ
ਕੇ ਯੁੱਧ-ਭੂਮੀ ਵਿੱਚ ਡਿਗ ਰਹੇ ਸਨ। ੫੧।
ਭਯੋ ਦੁੰਦ ਜੁਧੰ ਰਣੰ ਸੰਖ ਮਛੰ। ਮਨੋ ਦੋ ਗਿਰੰ ਜੁਧ ਜੁਟੇ ਸਪਛੰ।
ਕਟੇ ਮਾਸ ਟੁਕੰ ਭਖੇ ਗਿਧਿ ਬ੍ਰਿਧੰ। ਹਸੈ ਜੋਗਣੀ ਚਉਸਠਾ ਸੂਰ ਸੁਧੰ। ੫੨।
ਅਰਥ: ਰਣ-ਭੂਮੀ ਵਿੱਚ ਸੰਖਾਸੁਰ ਅਤੇ ਮੱਛ ਦਾ ਦੁਅੰਦ ਯੁੱਧ ਹੋਣ ਲਗਿਆ ਮਾਨੋ
ਖੰਭਾਂ ਵਾਲੇ ਦੋ ਪਹਾੜ ਯੁੱਧ ਵਿੱਚ ਜੁਟੇ ਹੋਏ ਹੋਣ। (ਸੰਖਾਸੁਰ ਦੇ) ਮਾਸ ਦੇ ਟੁਕੜੇ ਡਿਗ ਰਹੇ ਸਨ
ਅਤੇ ਵੱਡੀਆਂ ਗਿੱਧਾਂ ਖਾ ਰਹੀਆਂ ਸਨ। ਚੌਸਠ ਜੋਗਣਾਂ ਵੀਰਾਂ ਦੇ ਯੁੱਧ (ਨੂੰ ਵੇਖ ਕੇ) ਹਸ ਰਹੀਆਂ
ਸਨ। ੫੨।
ਕੀਯੋ ਉਧਾਰ ਬੇਦੰ ਹਤੇ ਸੰਖ ਬੀਚੰ। ਤਜ੍ਹਯੋ ਮਛ ਰੂਪੰ ਸਜ੍ਹਯੋ ਸੁੰਦ੍ਰ
ਚੀਰ।
ਸਬੈ ਦੇਵ ਥਾਪੇ ਕੀਯੋ ਦੁਸਟ ਨਾਸੰ। ਟਰੇ ਸਰਬ ਦਾਨੋ ਭਰੇ ਜੀਵ ਤ੍ਰਾਸੰ। ੫੩।
ਅਰਥ: ਸੰਖਾਸੁਰ ਨੂੰ ਮਾਰ ਕੇ (ਮੱਛ) ਨੇ ਵੇਦਾਂ ਦਾ ਉੱਧਾਰ ਕੀਤਾ। ਮੱਛ ਦਾ
ਰੂਪ ਤਿਆਗ ਦਿੱਤਾ ਅਤੇ ਸੁੰਦਰ ਬਸਤ੍ਰ ਸਜਾ ਲਏ। ਸਾਰਿਆਂ ਦੇਵਤਿਆਂ ਨੂੰ (ਆਪਣੇ ਆਪਣੇ ਸਥਾਨ ਉਤੇ)
ਸਥਾਪਿਤ ਕੀਤਾ ਅਤੇ ਦੁਸ਼ਟਾਂ ਦਾ ਨਾਸ਼ ਕੀਤਾ। ਜੀਵਾਂ ਨੂੰ ਡਰਾਉਣ ਵਾਲੇ ਸਾਰੇ ਦੈਂਤ ਮਿਟ ਗਏ। ੫੩।
ਤ੍ਰਿਭੰਗੀ ਛੰਦ
ਸੰਖਾਸੁਰ ਮਾਰੇ ਬੇਦ ਉਧਾਰੇ ਸਤ੍ਰ ਸੰਘਾਰੇ ਜਸੁ ਲੀਨੋ। ਦੇਵੇ ਸੁ ਬੁਲਾਯੋ
ਰਾਜ ਬਿਠਾਯੋ ਛਤ੍ਰ ਫਿਰਾਯੋ ਸੁਖ ਦੀਨੋ।
ਕੋਟੰ ਬਜੇ ਬਾਜੇ ਅਮਰੇਸੁਰ ਗਾਜੇ ਸੁਭ ਘਰਿ ਸਾਜੇ ਸੋਕ ਹਰੇ। ਦੈ ਕੋਟਕ ਦਛਨਾ
ਕ੍ਰੋਰ ਪ੍ਰਦਛਨਾ ਆਨਿ ਸੁ ਮਛ ਕੇ ਪਾਇ ਪਰੇ। ੫੪। ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਮਛ ਪ੍ਰਥਮ
ਅਵਤਾਰ ਸੰਖਾਸੁਰ ਬਾਹਿ ਸਮਾਪਤਮ ਸਤੁ ਸੁਭਮ ਸਤੁ। ੧।
ਅਰਥ: ਸੰਖਾਸੁਰ ਨੂੰ ਮਾਰਿਆ, ਵੇਦਾਂ ਨੂੰ ਉਧਾਰਿਆ, ਵੈਰੀਆਂ ਨੂੰ ਸੰਘਾਰਿਆ
ਅਤੇ ਯਸ਼ ਖਟਿਆ। ਦੇਵਤਿਆਂ ਨੂੰ ਬੁਲਾਇਆ, ਰਾਜ ਉਤੇ ਬਿਠਾਇਆ, (ਸਿਰ ਉਤੇ) ਛੱਤਰ ਫਿਰਾਇਆ ਅਤੇ ਸੁਖ
ਦਿੱਤਾ। ਕਰੋੜਾਂ ਤਰ੍ਹਾਂ ਦੇ ਵਾਜੇ ਵਜੇ, ਇੰਦਰ (ਅਮਰੇਸੁਰ) ਗਜਿਆ, ਘਰ ਵਿੱਚ ਸ਼ੁਭ ਸਜਾਵਟ ਹੋਈ ਅਤੇ
ਸੋਗ ਮਿਟ ਗਿਆ। (ਸਾਰਿਆਂ ਦੇਵਤਿਆਂ ਨੇ) ਕਰੋੜਾਂ ਦੱਛਣਾਂ ਦਿੱਤੀਆਂ, ਕਰੋੜਾਂ ਪ੍ਰਦਖਣਾਂ ਕੀਤੀਆਂ
ਅਤੇ ਆ ਕੇ ਮੱਛ ਦੇ ਪੈਰੀ ਪਏ। ੫੪।
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਪਹਿਲੇ ਮੱਛ ਅਵਤਾਰ ਵਿੱਚ ਸੰਖਾਸੁਰ ਦੇ
ਬੱਧ ਦੀ ਸਮਾਪਤੀ, ਸਭ ਸ਼ੁਭ ਹੈ। ੧।
“ਚੌਬੀਸ ਅਵਤਾਰ” ਵਿਚੋਂ ਪਹਿਲੇ ਮੱਛ ਦੇਵਤੇ ਦੀ ਵਾਰਤਾ ਪੜ੍ਹ ਕੇ, ਐਸੇ
ਬਚਿਤ੍ਰ ਨਾਟਕ ਤੋਂ ਕੀ ਸੇਧ ਲਈ ਜਾ ਸਕਦੀ ਹੈ?
ਪਤਾ ਨਹੀਂ ਇਸ ਦਾ ਪ੍ਰਚਾਰ ਕਰਨ ਵਾਲੇ ਕੀ ਹਾਸਲ ਕਰਨਾ ਚਾਹੁੰਦੇ ਹਨ ਕਿਉਂਕਿ
ਗੁਰੂ ਸਾਹਿਬ ਤਾਂ ਸਾਨੂੰ ਸੋਝੀ ਬਖਸ਼ਿਸ਼ ਕਰਦੇ ਹਨ ਕਿ ਤਿੰਨ ਜਾਂ ਤੇਤੀਸ ਕਰੋੜ ਦੇਵੀ-ਦੇਵਿਤਿਆਂ ਦਾ
ਸਿਮਰਨ ਕਰਨ ਦੁਆਰਾ ਕੁੱਝ ਪ੍ਰਾਪਤ ਨਹੀਂ ਹੁੰਦਾ? ਉਹ ਤਾਂ ਆਪ ਅਕਾਲ ਪੁਰਖ ਦੇ ਦਰ `ਤੇ ਮੰਗਤੇ ਹਨ।
ਸਿੱਖ ਪਰਿਵਾਰਾਂ ਨੂੰ “ਗੁਰੂ ਗਰੰਥ ਸਾਹਿਬ” ਦੇ ਇਲਾਹੀ ਉਪਦੇਸ਼ਾਂ ਨਾਲ ਹੀ ਜੁੜੇ ਰਹਿਣਾ ਚਾਹੀਦਾ।
ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ: “ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ”।
ਖਿਮਾ ਦਾ ਜਾਚਿਕ,