. |
|
ਨਿਰਭਉ
ਰੱਬ ਜੀ ਭਉ ਤੋਂ ਰਹਿਤ (ਨਿਰਭਉ) ਹਨ - ਇਸ ਬਾਰੇ ਵਿਚਾਰਨਾ ਲੋੜੀਂਦਾ ਜਾਪਦਾ
ਹੈ ਕਿ ਉਹ ਕਿਵੇਂ ਨਿਰਭਉ ਹਨ। ਕੁੱਝ ਵਿਚਾਰਧਾਰਾਵਾਂ ਮੰਨਦੀਆਂ ਹਨ ਕਿ ਰੱਬ ਜੀ ਦੇ ਬਰਾਬਰ ਇੱਕ
ਤਾਕਤ ਸ਼ੈਤਾਨ ਦੀ ਹੈ - ਇਸਦਾ ਮਤਲਬ ਰੱਬ ਜੀ ਸ਼ੈਤਾਨ ਤੋਂ ਡਰਦੇ ਹਨ ਕਿਉਂਕਿ ਸ਼ੈਤਾਨ ਰੱਬ ਜੀ ਦੇ
ਬਰਾਬਰ ਜਾਂ ਰੱਬ ਜੀ ਤੋਂ ਤਾਕਤਵਰ ਹੈ, ਜੋ ਰੱਬ ਜੀ ਤੋਂ ਉਲਟ ਕੰਮ ਵੀ ਕਰਵਾ ਸਕਦਾ ਹੈ। ਹੁਣ
ਵਿਚਾਰਨਾ ਇਹ ਹੈ ਕਿ ਜੇ ਰੱਬ ਜੀ ਨਿਰਭਉ ਹਨ ਤਾਂ ਨਾ ਕੋਈ ‘ਸ਼ੈਤਾਨ’ ਹੈ ਤੇ ਨਾ ਹੀ ਉਨ੍ਹਾਂ ਤੋਂ
ਉੱਪਰ ਕੋਈ ਹੈ। ਭਉ ਦਾ ਮਤਲਬ ਹੀ ਇਹੋ ਹੈ ਕਿ ਕਿਸੇ ਦੇ ਭਾਣੇ, ਹੁਕਮਾਂ, ਨਿਯਮਾਂ ਹੇਠ ਚਲਣਾ।
‘ਜਿਨਿ ਏਹਿ ਲਿਖੇ ਤਿਸੁ ਸਿਰਿ
ਨਾਹਿ’ (ਗੁਰੂ ਗ੍ਰੰਥ ਸਾਹਿਬ, ਪੰਨਾ: 4) ਅਨੁਸਾਰ
ਰੱਬ ਜੀ ਦੇ ਉੱਪਰ ਕਿਸੀ ਦਾ ਹੁਕਮ ਫੁਰਮਾਣ ਚੱਲ ਹੀ ਨਹੀਂ ਸਕਦਾ ਤੇ ਨਾ ਹੀ ਰੱਬ ਜੀ ਉੱਤੇ ਕੋਈ
ਹੁਕਮ ਲਾਗੂ ਹੁੰਦਾ ਹੈ।
ਸੋ ਜੇਕਰ ਇਹ ਮੰਨ ਲਈਏ ਕਿ ਰੱਬ ਜੀ ਦੇ ਨਿਯਮਾਂ ਨੂੰ ਸ਼ੈਤਾਨ ਟਾਲ ਸਕਦਾ ਹੈ
ਜਾਂ ਹਿਲਾ ਸਕਦਾ ਹੈ ਜਾਂ ਕੋਈ ਅਖੌਤੀ ਸ਼ਕਤੀ ਰੱਬੀ ਹੁਕਮਾਂ ਤੋਂ ਉਲਟ ਅਨਹੋਣੀ ਕਰਾਮਾਤਾਂ ਕਰਵਾ
ਸਕਦੀ ਹੈ ਤਾਂ ਫਿਰ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਰੱਬ ਜੀ ਕਿਸੇ ਦੇ ਭਉ ਹੇਠਾਂ ਚਲਦੇ ਹਨ ਲੇਕਿਨ
ਰੱਬ ਜੀ ਨਿਰਭਉ ਹਨ ਇਸ ਕਰਕੇ ਕਿਸੀ ਵੀ ਅਖੌਤੀ ਸ਼ਕਤੀ ਰਾਹੀਂ ਸਿੱਧੀਆਂ, ਕਰਾਮਾਤਾਂ ਜਾਂ ਮਨਇੱਛਤ
ਕਾਰਜ, ਪਦਾਰਥਾਂ ਦੀ ਪ੍ਰਾਪਤੀ ਕਰਵਾ ਸਕਣਾ ਹੀ ਨਿਰਮੂਲ ਹੈ ਤੇ ਅੰਧ ਵਿਸ਼ਵਾਸ ਹੈ।
ਰੱਬ ਜੀ ਕਿਸੇ ਵੀ ਹੁਕਮ ਜਾਂ ਹੁਕਮਰਾਨ ਜਾਂ ਅਖੌਤੀ ਮਿਥਿਹਾਸਕ
(conventional)
ਸ਼ਕਤੀਆਂ ਨੂੰ ਜਵਾਬਦੇਹ (answerable)
ਨਹੀਂ ਹਨ ਇਸ ਕਰਕੇ ਨਿਰਭਉ ਹਨ।
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ
ਆਨ।। (ਗੁਰੂ ਗ੍ਰੰਥ ਸਾਹਿਬ, ਪੰਨਾ: 1427) -
ਅਨੁਸਾਰ ਰੱਬ ਜੀ ਕਿਸੀ ਨੂੰ ਡਰਾਉਂਦੇ ਨਹੀਂ ਹਨ ਕਿ “ਜੋ ਮੇਰੇ ਹੁਕਮ `ਚ ਨਹੀਂ ਰਹੇਗਾ ਮੈਂ ਉਸਨੂੰ
ਮਾਰਾਂਗਾ ਜਾਂ ਨਰਕਾਂ `ਚ ਸਜ਼ਾ ਦੇਵਾਂਗਾ”, ਇਤਿਆਦਿ। ਨਿਰਭਉ ਹਨ ਇਸੇ ਕਰਕੇ ਕਿਸੇ ਨੂੰ ਭਉ ਵੀ ਨਹੀਂ
ਦਿੰਦੇ ਹਨ। ਸੋ ਨਿਰਭਉ ਰੱਬ ਜੀ ਦਾ ਪ੍ਰਤੀਕ ਵੀ ਇਸੇ ਪੱਖੋਂ ਸਮਝਣਾ ਹੈ ਕਿ ਐਸੇ ਭਉ ਰਹਿਤ ਰੱਬ ਜੀ
ਨਾਲ ਜੁੜੀਏ ਜਿਨ੍ਹਾਂ ਉੱਤੇ ਕਿਸੇ ਦਾ ਭਉ ਨਹੀਂ। ਰੱਬ ਜੀ ਕਿਸੀ ਤੋਂ ਡਰ ਕੇ ਸ੍ਰਿਸ਼ਟੀ ਲਈ ਚੰਗੇ
ਕੰਮ ਨਹੀਂ ਕਰਦੇ ਤੇ ਨਾ ਹੀ ਕਿਸੀ ਤੋਂ ਡਰ ਕੇ ਧਰਤੀ ਤੇ ਮੰਦੇ ਕੰਮ ਕਰਦੇ ਹਨ। ਉਹ ਨਿਰਭਉ ਹਨ ਤੇ
ਮਨੁੱਖ ਨੂੰ ਵੀ ਨਿਰਭਉ ਹੀ ਵੇਖਣਾ ਚਾਹੁੰਦੇ ਹਨ। ਗੁਰਬਾਣੀ `ਚ ਆਉਂਦਾ ਹੈ:
ਨਿਰਭਉ ਜਪੈ ਸਗਲ ਭਉ ਮਿਟੈ।।
(ਗੁਰੂ ਗ੍ਰੰਥ ਸਾਹਿਬ, ਪੰਨਾ: 293)
ਭਾਵ ਕਿ ਜੇ ਨਿਰਭਉ ਰੱਬ ਜੀ ਨੂੰ ਜਪ ਲਵੋ, ਉਸ ਨਾਲ ਜੁੜੋ ਤਾਂ ਸਾਰੇ ਡਰ
ਮਿੱਟ ਜਾਂਦੇ ਹਨ। ਗੁਰਮਤ ਦਾ ਇੱਕ ਹੋਰ ਕੀਮਤੀ ਸਿਧਾਂਤ ਬਾਣੀ `ਚੋਂ ਪ੍ਰਾਪਤ ਹੁੰਦਾ ਹੈ:
ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ
ਜਿਚਰੁ ਸਬਦਿ ਨ ਕਰੇ ਵੀਚਾਰੁ।।
(ਗੁਰੂ ਗ੍ਰੰਥ ਸਾਹਿਬ, ਪੰਨਾ: 588)
ਭਾਵ ਕਿ ਜਦੋਂ ਤਕ ਸ਼ਬਦ (ਸੱਚ ਦੇ ਗਿਆਨ, ਸਤਿਗੁਰ, ਰੱਬੀ ਗੁਣਾਂ) ਦੀ ਵਿਚਾਰ
ਕਰ ਕੇ ਉਸ ਅਨੁਸਾਰ ਜੀਵਨ `ਚ ਅਮਲ ਨ ਹੋਣ ਉਦੋਂ ਤੱਕ ਕੋਈ ਮਨੁੱਖ ਨਿਰਭਉ ਅਵਸਥਾ ਮਾਣ ਨਹੀਂ ਸਕਦਾ।
ਐਸੀ ਵਿਚਾਰ ਤੋਂ ਇਹੋ ਜਾਪਦਾ ਹੈ ਕਿ ਨਿਰਭਉ ਸ਼ਖ਼ਸੀਅਤ ਵਾਲਾ ਮਨੁੱਖ ਬਣਾਉਣ ਲਈ ਹੀ ਨਿਰਭਉ ਰੱਬੀ ਗੁਣ
ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਦੇ ਮੁੱਢਲੇ ਸਿਧਾਂਤਾਂ `ਚ ਅੰਕਿਤ ਕੀਤੀ ਗਈ ਹੈ।
ਜਦੋਂ ਮਨੁੱਖ, ਬੀਮਾਰੀ, ਧਨ-ਦੌਲਤ ਵਿੱਚ ਘਾਟੇ, ਮਾਇਕ ਚੀਜ਼ਾਂ ਦੀ ਪ੍ਰਾਪਤੀ
ਦੀ ਹੋੜ ਅਤੇ ਜੋ ਪ੍ਰਾਪਤ ਹੈ ਉਸ ਦੇ ਖੁਸ ਜਾਣ ਦਾ ਡਰ, ਮੌਤ ਦਾ ਡਰ, ਪਰਿਵਾਰ `ਤੇ ਆਉਣ ਵਾਲੇ
ਦੁੱਖਾਂ ਦਾ ਡਰ, ਆਦਿ ਕਿਸਮਾਂ ਦੇ ਡਰ ਸਹਿਮ ਅਧੀਨ ਸਵਾਰਥੀ ਅਤੇ ਤੰਗ-ਦਿਲੀ ਵਾਲੀ ਜੀਵਨੀ ਜਿਊਂਦਾ
ਰਹਿੰਦਾ ਹੈ ਉਦੋਂ ਹੀ ਉਹ, ਅਵਤਾਰ, ਪੀਰ-ਪੈਗ਼ੰਬਰ, ਸਾਧੂ-ਬਾਬੇ, ਸੰਤ-ਫ਼ਕੀਰ, ਜਾਦੂ-ਟੂਣੇ,
ਧਾਗੇ-ਤਵੀਤ, ਵਰ-ਸ਼ਰਾਪ, ਭੂਤ-ਪ੍ਰੇਤ, ਜੰਤਰ-ਮੰਤਰ-ਤੰਤਰ, ਸਿੱਧੀ ਅਤੇ ਕਰਾਮਾਤਾਂ ਉੱਤੇ ਵਿਸ਼ਵਾਸ
ਕਰਨ ਲੱਗ ਪੈਂਦਾ ਹੈ। ਇਨ੍ਹਾਂ ਸਭਨਾਂ ਉੱਤੇ ਅੰਧ ਵਿਸ਼ਵਾਸ ਦੀ ਟੇਕ ਕਾਰਨ, ਮਨੁੱਖ ਦੀ ਆਤਮਕ ਅਵਸਥਾ
ਜਕੜੀ, ਡਰੀ-ਡਰੀ, ਬੇਬੱਸ ਰਹਿੰਦੀ ਹੈ। ਆਪ ਡਰਪੋਕ ਹੋਣ ਦੀ ਅਵਸਥਾ `ਚ ਜਿਊਣ ਨਾਲ ਮਨੁੱਖ “ਨਿਰਭਉ”
ਰੱਬ ਜੀ ਤੋਂ ਵਾਂਝਾ ਰਹਿ ਜਾਂਦਾ ਹੈ। ਅਜਿਹੇ ਮਨੁੱਖ ਦੇ ਜੀਵਨ `ਚ ਭਉ ਰਹਿੰਦਾ ਹੈ ਅਤੇ ਉਸ ਦੇ
ਕਾਰਨ ਉਹ ਕਿਸੇ ਦੇਹਧਾਰੀ ਮਨੁੱਖ (ਸੰਤ-ਸਾਧ) ਉੱਤੇ ਟੇਕ ਰੱਖਦਾ ਹੈ ਲੇਕਿਨ ਇਹ ਭੁੱਲ ਹੀ ਜਾਂਦਾ ਹੈ
ਕਿ ਜਿਸ ਮਨੁੱਖ ਉੱਤੇ ਮੈਂ ਟੇਕ ਰੱਖ ਰਿਹਾ ਹਾਂ, ਉਹ ਆਪ ਕਿਸੇ ਹੋਰ ਤੋਂ ਡਰਦਾ ਹੈ। ਜਿਵੇਂ ਕਿ
ਮਨੁੱਖ ਨੂੰ ਮੌਤ ਦਾ ਡਰ, ਸਭ ਤੋਂ ਵਧੀਕ ਸਤਾਉਂਦਾ ਹੈ।
ਉਹ ਦੇਹਧਾਰੀ ਗੁਰੂ ਆਪਣੇ ਸੁੱਖ, ਆਰਾਮ ਅਤੇ ਮੌਤ ਤੋਂ ਬਚਣ ਦੇ ਵਸੀਲੇ ਘੜਦਾ
ਰਹਿੰਦਾ ਹੈ, ਪਰ ਫਿਰ ਵੀ ਮੌਤ ਤੋਂ ਬਚ ਨਹੀਂ ਪਾਉਂਦਾ ਕਿਉਂਕਿ
“ਜੋ ਆਇਆ ਸੋ ਚਲਸੀ ਸਭੁ ਕੋਈ ਆਈ
ਵਾਰੀਐ” (ਗੁਰੂ ਗ੍ਰੰਥ ਸਾਹਿਬ, ਪੰਨਾ: 474)
ਵਾਲਾ ਸਿਧਾਂਤ (ਹੁਕਮ) ਸਭ ਲਈ, ਸਭ ਜਗ੍ਹਾ ਵਾਪਰ ਰਿਹਾ ਹੈ। ਆਪ ਵੀ ਭਉ ਵੱਸ ਜਿਊਂਦਾ ਹੈ ਅਤੇ ਹੋਰ
ਮਨੁੱਖਾਂ ਨੂੰ ਵੀ ਨਿਰਭਉ ਰੱਬ ਜੀ ਤੋਂ ਮਹਿਰੂਮ ਰੱਖਦਾ ਹੈ।
ਸ਼ਾਇਦ ਇਹੋ ਕਾਰਨ ਹੈ ਕਿ ਗੁਰਮਤ ਦੇ ਮੁੱਢਲੇ ਸਿਧਾਂਤ ਰਾਹੀਂ, ਸ਼ਬਦ ਗੁਰੂ
ਰਾਹੀਂ, ਗੁਰਬਾਣੀ ਰਾਹੀਂ ਮਨੁੱਖ ਨੂੰ ਦੇਹਧਾਰੀ ਗੁਰਤਾ ਤੋਂ ਬਚਾਇਆ ਗਿਆ ਹੈ। ਦੇਹਧਾਰੀ ਵੀ ਤਾਂ
ਆਖ਼ਰਕਾਰ ਮਨੁੱਖ ਹੀ ਹੁੰਦੇ ਹਨ, ਜੇ ਜਨਮੇ ਹਨ ਤਾਂ ਮਰਦੇ ਵੀ ਜ਼ਰੂਰ ਹਨ। ਅਫਸੋਸ, ਕਿ ਆਪਣੇ ਆਪ ਨੂੰ
ਐਸੇ ਵੱਡਮੁੱਲੇ ਸਿਧਾਂਤਾਂ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਅਖਵਾਉਂਦੇ ਹੋਏ ਵੀ ਅਸੀਂ
ਸੰਤਾਂ-ਸਾਧਾਂ ਉੱਤੇ ਟੇਕ ਰੱਖਦੇ ਹਾਂ। ਦਸਾਂ ਗੁਰੂ ਸਾਹਿਬਾਨਾਂ ਨੇ, ਲੋਕਾਈ ਨੂੰ ਆਪਣੇ ਪਿੱਛੇ
ਟੋਰਨ ਦੀ ਬਜਾਏ ਇੱਕ ਅਕਾਲਪੁਰਖ (ਸਤਿਗੁਰ, ਸ਼ਬਦ ਗੁਰੂ) ਦੇ ਲੜ ਲਾਇਆ ਤਾ ਕਿ ਮਨੁੱਖ ਨਿਰਭਉ ਰੱਬ ਜੀ
ਨਾਲ ਜੁੜ ਕੇ ਨਿਰਭਉ ਅਵਸਥਾ `ਚ ਜੀਵੇ।
ਜੈਸਾ ਸੇਵੈ ਤੈਸੋ ਹੋਇ।।
(ਗੁਰੂ ਗ੍ਰੰਥ ਸਾਹਿਬ, ਪੰਨਾ: 223)
ਭਾਵ ਜਿਹੋ ਜਿਹੇ ਨੂੰ ਸੇਵੋਗੇ ਤਿਹੋ ਜਿਹੇ ਬਣ ਜਾਵੋਗੇ। ਸੋ ਭਉ ਰਹਿਤ ਰੱਬ
ਜੀ ਨੂੰ ਚਿਤ ਚੇਤੇ ਰੱਖ ਕੇ, ਮਨੁੱਖ ਆਪ ਵੀ ਭਉ ਰਹਿਤ ਹੋ ਜਾਂਦਾ ਹੈ। ਜਿਸ ਮਨੁੱਖ ਦਾ ਭਉ (ਡਰ)
ਦੂਰ ਹੋ ਜਾਂਦਾ ਹੈ, ਉਸ ਦੇ ਧਨ-ਦੌਲਤ, ਵਾਧੇ-ਘਾਟੇ, ਪਾਪ-ਪੁੰਨ, ਬਿਰਾਦਰੀ `ਚ ਨੱਕ ਰੱਖਣ,
ਇੱਜ਼ਤ-ਬੇਇੱਜ਼ਤੀ, ਅਖੌਤੀ ਨਰਕ-ਸਵਰਗ, ਧਰਮ-ਰਾਜ, ਚਿਤਰਗੁਪਤ ਅਤੇ ਅਖੌਤੀ ਆਵਾਗਉਣ (ਮਰ ਕੇ ਦੂਜਾ
ਸਰੀਰ ਧਾਰਨਾ ਨਾ ਪਵੇ) ਇਤਿਆਦਿ ਸਾਰੇ ਡਰ ਲੱਥ ਜਾਂਦੇ ਹਨ। ਡਰ ਤਾਂ ਆਖ਼ਿਰ ਡਰ ਹੀ ਹੁੰਦਾ ਹੈ,
ਭਾਵੇਂ ਉਹ ਮੁੜ ਕੇ ਜੀਵਨ ਨਾ ਧਾਰਨ ਕਰਨ ਦਾ ਡਰ ਅਤੇ ਮਰਨ ਮਗਰੋਂ ਅਖੌਤੀ ਜਮਾਂ ਦਾ ਡਰ ਜਾਂ ਨਰਕ ਦੀ
ਸਜ਼ਾ ਦਾ ਡਰ। ਜੇ ਉਸ ਮਨੁੱਖ ਨੇ ਨਿਰਭਉ ਰੱਬੀ ਗੁਣ ਵਾਲੀ ਅਵਸਥਾ ਮਾਣਨੀ ਹੈ ਤਾਂ ਉਸ ਨੂੰ ਸਾਰੇ
ਡਰਾਂ ਤੋਂ ਮੁਕਤ ਅਵਸਥਾ `ਚ ਵਿਚਰਨਾ ਲਾਜ਼ਮੀ ਹੈ। ਖੰਡੇ ਦੀ ਪਾਹੁਲ ਛੱਕਣ ਵੇਲੇ ਮਨੁੱਖ ਨੂੰ ਬਾਣੀ
ਪੜ੍ਹ ਕੇ ਵਿਚਾਰਨ ਦੀ ਹਿਦਾਇਤ ਦਿੱਤੀ ਜਾਂਦੀ ਹੈ ਜਿਸ ਨਾਲ ਮਨੁੱਖ ਦੀ ਆਤਮਕ ਅਵਸਥਾ ਐਸੀ ਬਣ ਜਾਂਦੀ
ਹੈ ਕਿ ਉਸਦੇ ਮਨ ਵਿਚੋਂ ਮੌਤ ਦਾ ਡਰ ਮੁੱਕ ਜਾਂਦਾ ਹੈ। ਉਸ ਨੂੰ ਸਮਝ ਪੈ ਜਾਂਦੀ ਹੈ ਕਿ:
ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ।।
(ਗੁਰੂ ਗ੍ਰੰਥ ਸਾਹਿਬ, ਪੰਨਾ: 1412)
ਭਾਵ ਕੋਈ ਵੀ ਰੱਜ ਕੇ ਤਾਂ ਕਦੀ ਜਿਊਂਦਾ ਨਹੀਂ, ਫਿਰ ਮੈਂ ਕਿਹੜੀ ਤੰਗ-ਦਿਲੀ
`ਚ ਫਸਿਆ, ਕੇਵਲ ਆਪਣੇ ਅਤੇ ਆਪਣੇ ਪਰਿਵਾਰ ਦੇ ਸੁੱਖਾਂ ਦੀ ਖ਼ਾਤਿਰ ਖ਼ੁਦਗਰਜ਼ੀ ਤਕ ਸੀਮਿਤ ਰਹਾਂ?
ਕਿਉਂ ਦੂਜਿਆਂ ਦੇ ਭੁੱਖਾਂ ਕੱਟਦੇ ਬੱਚੇ ਮੈਨੂੰ ਨਹੀਂ ਦਿਸਦੇ? ਭੁਲੇਖੇ ਵਸ ਮੈਂ ਇਹ ਸਮਝਦਾ ਹਾਂ ਕਿ
ਜੇਕਰ ਕਿਸੀ ਨਾਲ ਵੰਡ ਕੇ ਛਕਿਆ ਤਾਂ ਉਸ ਮਨੁੱਖ ਦੀ ਨੇੜਤਾ ਨਾਲ ਮੈਨੂੰ ਨੁਕਸਾਨ ਹੋ ਜਾਵੇਗਾ
ਇਤਿਆਦਿ।
ਅਸੀਂ ਆਪਣੇ ਕੋਲ ਸਭ ਮਾਇਕੀ ਪਦਾਰਥ ਅਤੇ ਸੁੱਖ ਆਰਾਮ ਹੁੰਦੇ ਹੋਏ ਵੀ ਇਹ
ਸੋਚਦੇ ਰਹਿੰਦੇ ਹਾਂ ਕਿ ਸਾਡੇ ਕੋਲ ਘੱਟ ਹੈ। ਸਿੱਟੇ ਵਜੋਂ ਆਪਣੇ ਤੇ ਦਇਆ ਕਰਦੇ ਹੋਏ ਸਾਡੀ
ਹੋਰ-ਹੋਰ ਦੀ ਮੰਗ ਵਧਦੀ ਜਾਂਦੀ ਹੈ। ਸਾਨੂੰ ਦੂਜਿਆਂ ਲਈ ਰੱਤੀ ਭਰ ਕੀਤੀ ਗਈ ਮਦਦ ਵੀ ਬਹੁਤ ਕੀਤੀ
ਜਾਪਦੀ ਹੈ। ਨਤੀਜਤਨ ਅਸੀਂ ਦੂਜਿਆਂ `ਤੇ ਸੰਤੋਖ ਕਰਦੇ ਫਿਰਦੇ ਹਾਂ। ਇਹੋ ਕਾਰਨ ਹੈ ਕਿ ਅਸੀਂ ਗੁਰਮਤ
ਦਾ ਸਹੀ ਪ੍ਰਚਾਰ ਕਰਨ ਲਈ ਕੁੱਝ ਵੀ ਖ਼ਰਚਣ ਤੋਂ ਸੰਗਦੇ ਹਾਂ ਲੇਕਿਨ ਦਾਤਾਂ ਪ੍ਰਾਪਤੀ ਦੇ ਲਾਲਚ ਵੱਸ
ਧਾਰਮਿਕ ਅਸਥਾਨਾਂ `ਤੇ ਦਾਨ ਕਰਦੇ ਰਹਿੰਦੇ ਹਾਂ। ਆਪਣੇ ਸੁੱਖਾਂ, ਆਸਾਂ-ਮਨਸਾਂ ਦੀ ਪੂਰਨਤਾ ਲਈ
ਸੁੱਖਣਾ ਜਾਂ ਹਉਮੈ ਦੇ ਵਿਖਾਲੇ ਦੀ ਖ਼ਾਤਰ, ਪੂਜਾ, ਤੀਰਥਾਂ, ਅਖੰਡ ਪਾਠਾਂ ਅਤੇ ਧਾਰਮਕ ਅਸਥਾਨਾਂ
ਬਾਰੇ ਖ਼ਰਚੇ ਕਰਨ ਤੋਂ ਥੱਕਦੇ ਨਹੀਂ ਹਾਂ ਪਰ ਕਿਸੇ ਗ਼ਰੀਬ, ਯਤੀਮ, ਵਿਧਵਾ ਦੀ ਬਾਂਹ ਫੜਨ ਤੋਂ ਮੁਨਕਰ
ਹੋ ਜਾਂਦੇ ਹਾਂ। ਧਰਮ ਅਸਥਾਨਾਂ `ਤੇ ਸੰਗਮਰਮਰ, ਸੋਨਾ, ਮਹਿੰਗੇ ਰੁਮਾਲੇ, ਰਸਮਾਂ ਅਤੇ ਵਿਆਹ ਆਦਿ
ਉੱਤੇ ਵਿਖਾਵੇ ਲਈ ਬੇਅੰਤ ਧਨ ਖ਼ਰਚ ਦਿੰਦੇ ਹਾਂ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਨਹੀਂ ਸਮਝਦੇ ਅਤੇ
ਪਿਛੜੇ, ਗਰੀਬਾਂ, ਲਤਾੜਿਆਂ, ਲੋੜਵੰਦਾਂ, ਯਤੀਮਾਂ ਅਤੇ ਅਖੌਤੀ ਨੀਵੀਆਂ ਜਾਤਾਂ ਨਾਲ, ਉਠਦੇ ਬੈਠਦੇ,
ਵਰਤਦੇ ਹੀ ਨਹੀਂ ਹਾਂ। ਇਹ ਤਾਂ ਪਸ਼ੂ ਬਿਰਤੀ ਹੋ ਗਈ, ਫਿਰ ਅਸੀਂ ਕਿਹੜੀ ਇਨਸਾਨੀਅਤ ਜਾਂ ਭਗਤੀ ਦਾ
ਦਮ ਭਰ ਸਕਦੇ ਹਾਂ।
ਸਾਨੂੰ ਨਹੀਂ ਪਤਾ, ਕਿ ਐਸੀ ਤੰਗ ਦਿਲੀ ਵਾਲੀ ਬਿਰਤੀ ਕਾਰਨ ਅਸੀਂ ਪਲ-ਪਲ
ਜਿਊਂਦੇ-ਮਰਦੇ ਰਹਿੰਦੇ ਹਾਂ। ਦਰਅਸਲ ਸਾਨੂੰ ਇਹ ਡਰ ਲੱਗਾ ਰਹਿੰਦਾ ਹੈ ਕਿ ਅਸੀਂ ਜੇ ਕਿਸੇ ਨਾਲ ਵੰਡ
ਛੱਕਿਆ ਤਾਂ ਅਸੀਂ ਗਰੀਬ ਹੋ ਜਾਵਾਂਗੇ ਅਤੇ ਭੁੱਖੇ ਹੀ ਮਰ ਜਾਵਾਂਗੇ। ਦਰਅਸਲ ਸਾਨੂੰ ਤਹਿਦਿਲੋਂ ਮੌਤ
ਦਾ ਭਉ ਡਰਾਉਂਦਾ ਰਹਿੰਦਾ ਹੈ ਅਤੇ ਅਸੀਂ ਰੱਬ ਜੀ ਦੇ ਇਸ “ਨਿਰਭਉ” ਵਾਲੇ ਗੁਣ ਤੋਂ ਵਾਂਝੇ ਰਹਿ
ਜਾਂਦੇ ਹਾਂ। ਇਹੋ ਕਾਰਨ ਹੈ ਕਿ ਅਸੀਂ ਆਪ ਡਰੇ-ਡਰੇ ਹੋਰਨਾਂ ਨੂੰ ਡਰਾਉਂਦੇ ਰਹਿੰਦੇ ਹਾਂ ਲੇਕਿਨ
ਗੁਰਮਤ ਦਾ ਸਿਧਾਂਤ ਹੈ ਕਿ:
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।।
(ਗੁਰੂ ਗ੍ਰੰਥ ਸਾਹਿਬ, ਪੰਨਾ: 1427)
ਕਈ ਪ੍ਰਚਾਰ ਕਰਨ ਵਾਲੇ ਧਰਮ ਦੇ ਠੇਕੇਦਾਰ, ਲੋਕਾਂ ਨੂੰ ਡਰਾਉਂਦੇ ਰਹਿੰਦੇ
ਹਨ ਕਿ ਜੇ ਇੰਜ ਨਾ ਕੀਤਾ ਤਾਂ ਪਾਪ ਚੜ੍ਹੇਗਾ, ਅੱਗੇ ਮਰਣ ਮਗਰੋਂ ਜਮਾਂ ਦੀ ਮਾਰ ਅਤੇ ਨਰਕਾਂ ਦੀ
ਸਜ਼ਾ ਭੁਗਤਣੀ ਪਵੇਗੀ, ਜੇ ਕਰ ਰੱਬ ਨੂੰ ਵਿਸਾਰਿਆ ਤਾਂ ਫਲਾਣੇ ਦੁੱਖ/ਰੋਗ ਲੱਗਣਗੇ, ਇਤਿਆਦ। ਇਹ ਸਭ
ਕਿਸਮਾਂ ਦਾ ਡਰ (ਭਉ) ਸਿਖਾਉਣ ਵਾਲੇ, ਆਪ ਵੀ ਨਿਰਭਉ ਨਹੀਂ ਹੁੰਦੇ ਅਤੇ ਨਾ ਹੀ ਹੋਰਨਾਂ ਨੂੰ ਨਿਰਭਉ
ਹੋਣ ਦਿੰਦੇ ਹਨ। ਲੋਕਾਂ ਨੂੰ ਨਰਕ, ਧਰਮ-ਰਾਜ, (ਮਰਨ ਮਗਰੋਂ) ਪਾਪਾਂ ਦਾ ਲੇਖਾ ਐਸੇ ਡਰ ਦੇ-ਦੇ ਕੇ,
ਚੰਗੇ ਕੰਮ ਕਰਾਉਣਾ ਜਾਂ ਧਰਮੀ ਬਣਾਉਣਾ ਬੇਕਾਰ ਹੈ ਕਿਉਂਕਿ ਡਰ ਵੱਸ ਹੋ ਕੇ, ਕੁੱਝ ਵੀ ਕਰਨਾ:
“ਬਧਾ ਚਟੀ ਜੋ ਭਰੇ ਨਾ ਗੁਣੁ
ਨਾ ਉਪਕਾਰੁ।।” (ਗੁਰੂ ਗ੍ਰੰਥ ਸਾਹਿਬ, ਪੰਨਾ:
787) ਵਾਲੀ ਗੱਲ ਹੀ ਹੁੰਦੀ ਹੈ।
ਆਉ ਹੁਣ ਇਸ ਪੱਖੋਂ ਵਿਚਾਰੀਏ ਕਿ “ਜਦੋਂ ਮਨੁੱਖ ਭਉ ਰਹਿਤ ਹੋ ਜਾਂਦਾ ਹੈ
ਤਾਂ ਉਸਦੀ ਆਤਮਕ ਅਵਸਥਾ ਭਉ ਰਹਿਤ ਉਚਾਈ ਤੱਕ ਕਿਵੇਂ ਪੁਜਦੀ ਹੈ।” ਜੋ ਮਨੁੱਖ ਬੱਚੇ ਨੂੰ ਨਜ਼ਰ
ਲੱਗਣਾ ਨਹੀਂ ਮੰਨਦਾ, ਜੋ ਮਨੁੱਖ ਕਿਸੇ ਥਿਤ-ਵਾਰ ਜਾਂ ਸ਼ਨੀ-ਮੰਗਲ ਦਾ ਭਉ ਨਹੀਂ ਮੰਨਦਾ, ਜੋ ਮਨੁੱਖ
ਮੜੀਆਂ-ਮਸਾਣਾਂ, ਮਰਣ ਮਗਰੋਂ ਜਮਾਂ ਜਾਂ ਭੂਤਾਂ-ਪ੍ਰੇਤਾਂ ਦਾ ਭਉ ਨਹੀਂ ਮੰਨਦਾ, ਜੋ ਮਨੁੱਖ ਵਾਸਤੂ
ਕਲਾ ਜਾਂ ਚੰਨ-ਤਾਰੇ ਭਵਿੱਖਫਲ `ਤੇ ਟੇਕ ਨਹੀਂ ਰੱਖਦਾ ਤੇ ਨਹੀਂ ਡਰਦਾ, ਜੋ ਮਨੁੱਖ ਕਿਸੇ ਬਾਬੇ,
ਪੀਰ-ਫ਼ਕੀਰ ਅਖੌਤੀ ਸ਼ਕਤੀਆਂ ਜਾਂ ਕਿਸੇ ਦੇ ਵਰ-ਸਰਾਪ `ਤੇ ਵਿਸ਼ਵਾਸ ਨਹੀਂ ਰੱਖਦਾ ਅਤੇ ਨਹੀਂ ਡਰਦਾ,
ਜੋ ਮਨੁੱਖ ਮਾਇਆ ਦੇ ਲਾਲਚ ਵਿੱਚ ਪੈ ਕੇ ਮਾੜੇ ਕੰਮ, ਮੰਦੇ ਢੰਗ ਨਹੀਂ ਵਰਤਦਾ - ਉਹੋ ਮਨੁੱਖ ਨਿਰਭਉ
ਹੁੰਦਾ ਜਾਂਦਾ ਹੈ ਕਿਉਂਕਿ ਆਪਣੇ ਜੀਵਨ ਅਤੇ ਕੰਮ-ਧੰਧੇ `ਚ ਖਰਾ ਸੱਚਾ ਜੀਵਨ ਹੀ ‘ਧਰਮੀ ਵਿਗਸੇਤ’
ਦਾ ਲਖਾਇਕ ਹੋ ਜਾਂਦਾ ਹੈ -
“ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ”
(ਗੁਰੂ ਗ੍ਰੰਥ ਸਾਹਿਬ, ਪੰਨਾ: 84) ਅਨੁਸਾਰ ਡਰਦੇ ਮਨੁੱਖ ਵਿਗਾਸ `ਚ ਨਹੀਂ ਰਹਿ ਸਕਦੇ ਕਿਉਂਕਿ
ਉਨ੍ਹਾਂ ਨੇ ਕੰਮ-ਧੰਧੇ ਜਾਂ ਆਚਰਣ ਕਰਕੇ ਕਿਸੇ ਨਾ ਕਿਸੇ ਨਜਾਇਜ਼ ਢੰਗ ਦੀ ਵਰਤੋਂ ਕਰ ਕੇ ਧਨ ਕਮਾਉਣ,
ਕੁਰਸੀ ਹਥਿਆਉਣ, ਸੱਤਾ ਸੰਭਾਲਣ ਜਾਂ ਹੋਰਨਾਂ ਨੂੰ ਮਾਰ ਮੁਕਾਉਣ ਦੇ ਤਰੀਕੇ ਅਪਣਾਏ ਹੁੰਦੇ ਹਨ। ਐਸੇ
ਮਨੁੱਖ ਹੀ ਪਾਪ-ਪੁੰਨ ਦੀਆਂ ਵਿਚਾਰਾਂ `ਚ ਪੈਂਦੇ ਹਨ। ਪਾਪੀ ਨੂੰ ਆਪਣੇ ਕੀਤੇ ਕੁਕਰਮਾਂ ਦਾ ਹੀ ਡਰ
ਹੁੰਦਾ ਹੈ ਪਰ ਨਿਰਭਉ ਮਨੁੱਖ ਆਪਣੇ ਦਿਸਦੇ ਜਾਂ ਅਣਦਿਸਦੇ ਕਿਸੇ ਵੀ ਕਰਮਾਂ `ਚੋਂ ਕੋਈ ਵੀ ਐਸਾ ਕਰਮ
ਨਹੀਂ ਕਰਦਾ ਕਿ ਉਸਨੂੰ ਡਰਨਾ ਪਵੇ।
ਸੋ ਕਤ ਡਰੈ ਜੇ ਖਸਮੁ ਸਮਾਰੈ।। ਡਰਿ ਡਰਿ ਪਚੇ ਮਨਮੁਖ ਵੇਚਾਰੇ।।
(ਗੁਰੂ ਗ੍ਰੰਥ ਸਾਹਿਬ, ਪੰਨਾ: 677)
ਉਹ ਮਨੁੱਖ ਨਹੀਂ ਡਰਦਾ ਜੋ ਸੱਚੇ ਰੱਬ ਦੇ ਸੱਚੇ ਨਿਯਮਾਂ ਹੁਕਮਾਂ ਦੇ
ਅਨੁਕੂਲ ਜਿਊਂਦਾ ਹੈ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨਿੱਤ-ਨਿੱਤ ਡਰਦੇ ਮਰਦੇ ਰਹਿੰਦੇ ਹਨ।
ਡਰਿ ਡਰਿ ਮਰਤੇ ਜਬ ਜਾਨੀਐ ਦੂਰਿ।।
(ਗੁਰੂ ਗ੍ਰੰਥ ਸਾਹਿਬ, ਪੰਨਾ: 186)
ਜੋ ਮਨੁੱਖ ਰੱਬ ਜੀ ਦੀ ਹਾਜ਼ਰ ਨਾਜ਼ਰਤਾ ਮਹਿਸੂਸ ਨਹੀਂ ਕਰਦਾ ਉਹੋ ਰੱਬ ਜੀ
ਨੂੰ ਦੂਰ ਸਮਝਦਾ ਹੈ ਅਤੇ ਦੂਰ ਜਾਣਨ ਕਾਰਨ ਹੀ ਐਸੀ ਬਿਰਤੀ ਵਾਲਾ ਮਨੁੱਖ ਕੋਈ ਨਾ ਕੋਈ ਕਰਮ ਐਸਾ
ਕਰਦਾ ਰਹਿੰਦਾ ਹੈ ਜਿਸ ਕਾਰਨ ਡਰਦਾ ਰਹਿੰਦਾ ਹੈ। ਨਿਰਭਉ ਅਵਸਥਾ ਮਾਣਨ ਵਾਲੇ ਦਾ ਡਰ ਦੂਰ ਹੋ ਜਾਂਦਾ
ਹੈ। ਨਿਰਭਉ ਮਨੁੱਖ ਰੱਬ ਜੀ ਨੂੰ ਹਰੇਕ ਜਗ੍ਹਾ, ਮਹਿਸੂਸ ਕਰਦਾ ਹੈ ਇਸ ਕਰਕੇ ਕੋਈ ਮਾੜਾ ਕਰਮ ਉਸ
ਪਾਸੋਂ ਹੁੰਦਾ ਹੀ ਨਹੀਂ।
ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ।।
(ਗੁਰੂ ਗ੍ਰੰਥ ਸਾਹਿਬ, ਪੰਨਾ: 308)
ਜੋ ਮਨੁੱਖ ਆਪਣੇ ਕਿਸੇ ਵੀ ਕੀਤੇ ਦਾ ਮਾਣ ਨਹੀਂ ਕਰਦਾ ਤੇ ਨਿਮਰਤਾ `ਚ
ਤਹਿਦਿਲੋਂ ਮੰਨ ਲੈਂਦਾ ਹੈ ਕਿ ਮੇਰੇ ਵਸ ਕੁੱਝ ਨਹੀਂ ਹੈ ਸਭ ‘ਹਰਿ ਕਾ ਕੀਆ’ ਹੀ ਮੇਰੇ ਰਾਹੀਂ ਹੋ
ਰਿਹਾ ਹੈ ਤਾਂ ਐਸਾ ਮਨੁੱਖ ਭਉ ਰਹਿਤ ਹੋ ਜਾਂਦਾ ਹੈ। ਕਈ ਮਨੁੱਖ ਮਾੜੇ ਕੰਮ ਜਾਂ ਮਾੜੀਆਂ ਆਦਤਾਂ
ਜਿਵੇਂ ਕਿ ਸ਼ਰਾਬ, ਨਸ਼ਿਆਂ ਇਤਿਆਦਿ `ਚ ਪੈ ਕੇ ਕਹਿੰਦੇ ਹਨ ਕਿ, “ਇਹ ਰੱਬ ਹੀ ਕਰਵਾ ਰਿਹਾ ਹੈ।”
ਅਜਿਹੇ ਮਨੁੱਖ ਨਿਰਭਉ ਅਵਸਥਾ ਨਹੀਂ ਮਾਣ ਸਕਦੇ ਕਿਉਂਕਿ ਆਪਣੀਆਂ ਆਦਤਾਂ, ਕਰਤੂਤਾਂ ਅਤੇ ਮੰਦੇ
ਖ਼ਿਆਲਾਂ ਕਾਰਨ ਉਹ ਅੰਦਰੋਂ ਡਰਦੇ ਰਹਿੰਦੇ ਹਨ। ਸੋ ਨਿਰਭਉ ਅਵਸਥਾ ਕੇਵਲ ਉਸੀ ਮਨੁੱਖ ਦੀ ਬਣਦੀ ਹੈ
ਜੋ ਕੇਵਲ ਚੰਗੇ ਆਚਰਣ, ਗੁਣਾਂ, ਆਦਤਾਂ ਕਾਰਨ ਉਸਾਰੂ ਕੰਮ ਤੇ ਕਰਦਾ ਹੈ ਪਰ ਆਪਣੀ ਹਉਮੈ ਅਧੀਨ
ਹੰਕਾਰ `ਚ ਨਹੀਂ ਆਉਂਦਾ ਕਿ ਮੈਂ ਕੀਤਾ ਹੈ - ਐਸਾ ਹੀ ਮਨੁੱਖ ਨਿਰਭਉ ਅਵਸਥਾ ਪ੍ਰਾਪਤ ਕਰ ਪਾਉਂਦਾ
ਹੈ।
ਨਿਰਭਉ ਮਨੁੱਖ ਕਦੀ ਵੀ ਆਪਣੇ ਕੀਤੇ ਦਾ ਮਾਣ ਹੰਕਾਰ ਕਰਦਾ ਹੀ ਨਹੀਂ ਅਤੇ ਨਾ
ਹੀ ਰਿਧੀਆਂ-ਸਿਧੀਆਂ, ਕਰਾਮਾਤਾਂ `ਤੇ ਵਿਸ਼ਵਾਸ ਰੱਖਦਾ ਹੈ ਕਿਉਂਕਿ ਉਸਨੂੰ ਸਮਝ ਪੈ ਚੁੱਕੀ ਹੁੰਦੀ
ਹੈ ਕਿ ਸਭ ਕੁੱਝ ਰੱਬੀ ਹੁਕਮਾਂ, ਨਿਯਮਾਂ ਅਨੁਸਾਰ ਵਾਪਰਦਾ ਹੈ। ਨਿਰਭਉ ਹੋਣ ਦਾ ਲਖਾਇਕ ਮਨੁੱਖ
ਕਿਸੇ ਵੀ ਕੰਮ ਦੇ ਹੋ ਜਾਣ (ਸਿਰੇ ਚੜ੍ਹ ਜਾਣਾ, ਔਖੇ ਕੰਮ ਦਾ ਸੁਖਾਲੇ ਹੋ ਜਾਣਾ) - ਪਿੱਛੇ ਇਹ
ਭਾਵਨਾ ਜਾਂ ਵਿਸ਼ਵਾਸ ਨਹੀਂ ਰੱਖਦਾ ਕਿ ਇਹ ਜਪ-ਤਪ ਜਾਂ ਰਿਧੀਆਂ-ਸਿਧੀਆਂ ਕਾਰਨ ਹੋਇਆ ਹੈ ਕਿਉਂਕਿ ਕਈ
ਐਸੇ ਕੰਮ ਅਸੀਂ ਰੋਜ਼ ਹੁੰਦੇ ਦੇਖਦੇ ਹਾਂ ਜੋ ਔਖੇ ਹੁੰਦੇ ਹਨ ਪਰ ਚੋਰ ਉਚੱਕਾ ਜਾਂ ਆਮ ਇਨਸਾਨ ਵੀ
ਕਿਸੇ ਜ਼ੋਰ ਜਾਂ ਤਰੀਕੇ ਨਾਲ ਸੌਖਿਆਂ ਹੀ ਕਰਵਾ ਲੈਂਦਾ ਹੈ। ਕੰਮ ਦਾ ਹੋ ਜਾਣਾ, ਸਿਰੇ ਚੜ੍ਹ ਜਾਣਾ -
ਰਿਧੀਆਂ-ਸਿਧੀਆਂ, ਕਰਾਮਾਤਾਂ ਜਾਂ ਪੂਜਾ ਭਗਤੀ ਕਰ ਕੇ ਨਹੀਂ ਬਲਕਿ ਰੱਬੀ ਨਿਯਮਾਂ ਅਧੀਨ ਕੰਮ ਪ੍ਰਤੀ
ਦ੍ਰਿੜਤਾ ਅਤੇ ਉਦਮ ਕਾਰਨ ਉਹ ਕੰਮ ਪੂਰਾ ਹੁੰਦਾ ਹੈ। ਨਿਰਭਉ ਅਵਸਥਾ ਵਾਲਾ ਮਨੁੱਖ ਕਦੀ ਵੀ ਇਸ ਅੰਧ
ਵਿਸ਼ਵਾਸ `ਚ ਨਹੀਂ ਪੈਂਦਾ ਕਿ ਫਲਾਣਾ ਬ੍ਰਹਮਗਿਆਨੀ ਜਾਂ ਧਰਮੀ ਸੀ ਇਸ ਕਰਕੇ ਅਚਾਨਕ ਫਲਾਣੀ ਜਗ੍ਹਾ
`ਤੇ ਪਾਣੀ ਨਿਕਲ ਆਇਆ ਜਾਂ ਫਲਾਣੀ ਜਗ੍ਹਾ, ਬਿਨਾ ਅਗਨੀ ਦੇ ਫੁਲਕਾ ਪੱਕ ਗਿਆ, ਆਦਿ।
ਐਸੇ ਅੰਧ ਵਿਸ਼ਵਾਸ `ਚ ਨਿਰਭਉ ਮਨੁੱਖ ਵਿਸ਼ਵਾਸ ਨਹੀਂ ਰਖਦਾ ਕਿ ਫਲਾਣੇ ਦੀ
ਨੌਕਰੀ `ਚ ਗੈਰ-ਹਾਜ਼ਰੀ ਵੇਲੇ ਰੱਬ ਕੰਮ ਕਰ ਗਿਆ, ਫਲਾਣੇ ਦੀ ਝੁੱਗੀ ਬਣਾ ਗਿਆ, ਕਿਉਂਕਿ ਐਸੀਆਂ
ਕਹਾਣੀਆਂ ਰਾਹੀਂ ਹਜ਼ਾਰਾਂ ਸਾਲਾਂ ਤੋਂ ਇਹੋ ਵਿਸ਼ਵਾਸ ਬਿਠਾਇਆ ਹੋਇਆ ਹੈ ਕਿ ਬ੍ਰਹਮਗਿਆਨੀ ਜਾਂ ਕਿਸੇ
ਸੰਤ-ਬਾਬੇ ਦੇ ਜਪ-ਤਪ ਕਾਰਨ ਅਨਹੋਣੇ ਕੰਮ ਵੀ ਪੂਰੇ ਹੋ ਜਾਂਦੇ ਹਨ। ਦਰਅਸਲ ਜਪ-ਤਪ ਜਾਂ ਹਠ-ਜੋਗ
ਨਾਲ ਤਿਆਗੀ ਸੰਨਿਆਸੀ ਜਾਂ ਅਖੌਤੀ ਵੈਰਾਗੀ (ਸੰਤ, ਸਾਧ, ਬਾਬੇ, ਪੀਰ, ਫਕੀਰ, ਬ੍ਰਹਮਗਿਆਨੀ) ਕਾਰਨ
ਕੋਈ ਕਾਰਜ ਪੂਰੇ ਨਹੀਂ ਹੁੰਦੇ ਅਤੇ ਨਾ ਹੀ ਰਿਧੀਆਂ-ਸਿਧੀਆਂ, ਕਰਾਮਾਤਾਂ, ਜਾਦੂ-ਟੂਣੇ ਨਾਲ ਪੂਰੇ
ਹੁੰਦੇ ਹਨ। ਦਰਅਸਲ ਸਭ ਕੰਮ ਰੱਬੀ ਹੁਕਮਾਂ ਦੇ, ਨਿਯਮਾਂ ਦੇ ਪੂਰੇ ਹੋਣ `ਤੇ ਸਿਰੇ ਚੜ੍ਹਦੇ ਹਨ। ਇਹ
ਨਿਰਭਉ ਮਨੁੱਖ ਦੀ ਅਵਸਥਾ ਬਣ ਜਾਂਦੀ ਹੈ ਕਿ ਉਹ ਸਾਰੇ ਕਾਰਜ ਰੱਬ ਜੀ ਦੇ ਹੁਕਮਾਂ
(The laws of nature)
ਅਨੁਸਾਰ ਪੂਰੇ ਹੋਣਾ ਮੰਨਦਾ ਹੈ।
ਡਰੇ-ਡਰੇ ਮਨੁੱਖਾਂ ਨੂੰ ਹੀ ਮੌਤ ਦਾ ਡਰ, ਮੁੜ ਕੇ ਸਰੀਰਕ ਜਨਮ ਲੈਣ ਦਾ ਡਰ,
ਨਰਕ, ਜਮ, ਦੋਜ਼ਖ਼ ਅਤੇ ਅਖੌਤੀ ਧਰਮਰਾਜ ਦਾ ਡਰ ਰਹਿੰਦਾ ਹੈ ਪਰ ਨਿਰਭਉ ਮਨੁੱਖ ਲਈ ਇਹ ਸਭ ਪਾਏ ਗਏ ਡਰ
ਨਿਰਮੂਲ ਖ਼ਿਆਲ ਹੁੰਦੇ ਹਨ ਕਿਉਂਕਿ ਨਿਰਭਉ ਮਨੁੱਖ ਅੱਜ ਹੀ ਰੱਬੀ ਰਜ਼ਾ ਵਿੱਚ ਜਿਊ ਰਿਹਾ ਹੁੰਦਾ ਹੈ
ਤੇ ਨਤੀਜਤਨ ਨਿਰਭਉ ਅਵਸਥਾ ਮਾਣਦਾ ਹੈ।
ਵੀਰ
ਭੁਪਿੰਦਰ ਸਿੰਘ
|
. |