.

ਕੌਮੀ ਅਨੁਸਾਸ਼ਨ ਖ਼ਤਮ ਕਰਨ ਹਿਤ, ਗੁਰਮਤਿ ਦੇ ਵੈਰੀਆਂ ਦਾ ਨਵਾਂ ਸ਼ੋਸ਼ਾ?

ਕਲਿਜੁਗ ਵੀ ਮਨੁੱਖਾ ਦੇਹ ਧਾਰ ਕੇ ਗੁਰੂ-ਦਰਬਾਰ ਵਿੱਚ ਆਣ ਵੜਿਆ?

ਹੁਮ ਹੁਮਾਇ ਸੰਗਤਿ ਸਭ ਆਈ। ਰਾਮਸਰ ਮਨਿ ਆਨੰਦੁ ਪਾਈ।

ਸ੍ਰੀ ਗੁਰ ਸਨਮੁਖ ਕਲਿਜੁਗ ਆਯੋ। ਉਸਤਤਿ ਕਰੀ ਅਧਿਕ ਮਨੁ ਲਾਯੋ॥ 657॥

ਬਹੁਰਿ ਕਹਾ ਹੇ ਪ੍ਰਭ ਗੁਨਾਗਰ। ਬਿਨਤੀ ਮੋਰ ਸੁਨੋ ਸੁਖਸਾਗਰ।

ਰਚਯੋ ਗ੍ਰਿੰਥ ਤੁਮ ਸਿੰਧੁ ਜਹਾਜ਼। ਕਲਿਆਨ ਕਰੋ ਹਮਰੀ ਮਹਾਰਾਜ॥ 658॥

ਰਾਮਸਰ ਵਿਖੇ ਸਾਰੀਆਂ ਸੰਗਤਾਂ ਬੜੀਆਂ ਹੁਮ ਹੁਮਾ ਕੇ ਆਈਆਂ ਤਾਂ, ਭੋਗ ਸਮੇ ਜਦ ਬੇਅੰਤ ਸੰਗਤਿ ਵਿੱਚ ਕੜ੍ਹਾ ਪ੍ਰਸ਼ਾਦ ਵਰਤਿਆ ਜਾਣਾ ਸੀ ਤਾਂ ਐਨ ਉਸ ਸਮੇ ਲਿਖਾਰੀ ਦਾ ਕਲਿਜੁਗ ਵੀ ਮਨੁੱਖਾ ਦੇਹ ਧਾਰ ਕੇ ਆਣ ਹਾਜ਼ਰ ਹੋਇਆ। ਅਤੇ ਮਨ ਲਾ ਕੇ ਸਤਿਗੁਰੂ ਜੀ ਅਧਿਕ, ਭਾਵ ਬਹੁਤ ਜ਼ਿਆਦਾ, (ਦੇਵਤਿਆਂ ਤੋਂ ਮਨ ਇੱਛੇ ਵਰ ਮਾਠ ਲੈਣ ਲਈ ਅਜ਼ਮਾਇਆ ਹੋਇਆ ਬ੍ਰਾਹਮਣੀ ਹਥਿਆਰ ਵਰਤਦਿਆਂ, ਕਲਿਜੁਗ ਨੇ ਵੀ ਗੁਰਦੇਵ ਜੀ ਦੀ ਖ਼ੂਬ) ਉਸਤਤਿ ਕੀਤੀ ਅਤੇ ਇਉਂ ਆਖਿਆ, ਲੋਕਾਂ ਦੀ ਕਲਿਆਨ ਕਰਦੇ ਰਹਿਣ ਲਈ (ਗੁਰੂ) ਗ੍ਰੰਥ-ਰੂਪ ਜਹਾਜ਼ ਦੀ ਰਚਨਾ ਕਰਨ ਵਾਲੇ, ਹੇ, ਗੁਣਾ ਦੇ ਖ਼ਜ਼ਾਨੇ ਤੇ ਸੁਖਾਂ ਦੇ ਸਾਗਰ ਸਤਿਗੁਰੂ ਜੀਓ! ਮੇਰੀ ਕਲਿਆਨ ਕਰਨ ਦਾ ਵੀ ਕੋਈ ਸਾਧਨ ਬਣਾ ਦਿਉ। ਕਿਉਂਕਿ, ਜਿੱਥੇ ਪ੍ਰੇਮ ਨਾਲ ਸ਼ਾਂਤ-ਚਿਤ ਬਾਣੀ ਦਾ ਪਾਠ ਹੋ ਰਿਹਾ ਹੋਵੇ ਉਥੇ ਤਾਂ ਮੈਂ ਜ਼ਰਾ ਵੀ ਨਹੀਂ ਠਹਿਰ ਸਕਦਾ, ਹੇ ਪ੍ਰਭੂ! ਕਿਸੇਂ ਸਮੇ ਤਾਂ ਮੈਨੂੰ ਵੀ ਸੰਗਤਿ ਵਿੱਚ ਵਾਸਾ ਮਿਲ ਜਾਵੇ ਤਾਂ ਜੋ ਮੇਰੀ ਵੀ ਗਤੀ ਹੋ ਸਕੇ। ਤਾਂ, ਆਪਣੀ ਉਸਤਤਿ ਸੁਣਨ ਤੋਂ ਫੁਲ ਕੇ ਕੁੱਪਾ ਹੋ ਜਾਣ ਵਾਲੇ ਦੇਵੀ ਦੇਵਤਿਆਂ ਵਰਗੇ ਜਾਂ ਬ੍ਰਾਹਮਣੀ ਰਿਸ਼ੀਆਂ ਮੁਨੀਆਂ ਵਰਗੇ ਹੀ ਸਤਿਗੁਰੂ ਜੀ ਨੂੰ ਦਰਸਾ ਰਿਹਾ ਇਹ ਲਿਖਾਰੀ, ਸਤਿਗੁਰੂ ਜੀ ਦੇ ਪਾਵਨ ਮੁਖਾਰਬਿੰਦ ਵਿੱਚ ਇਹ ਬਚਨ ਪਾ ਰਿਹਾ ਹੈ:-

ਚੌਪਈ॥ ਤਿਹ ਬਿਨਤੀ ਸੁਨਿ ਸ੍ਰੀ ਗੁਰ ਬੋਲੇ। ਸਨੋ ਕਲੂ ਤੁਮ ਬਚਨ ਅਮੋਲੇ।

ਨਿਰਵਿਕਲਪ ਜਹ ਸੰਗਤਿ ਹੋਵੇ। ਤਾਂ ਕੋ ਤੁਮ ਨਹਿ ਨੁੈਨਨ ਜੋਵੈ॥ 661॥

ਜਬ ਕੜਾਹ ਸੰਗਤਿ ਮੈ ਆਵੈ। ਤਿਹ ਛਿਨ ਤੁਮ ਭੀ ਵਾਸਾ ਪਾਵੈ।

ਜਿਚਰ ਵਰਤਤ ਰਹੈ ਕੜਾਹ। ਤਿਚਰ ਵਾਸਾ ਛਿਨ ਤੁਮਰੋ ਆਹਾ॥ 662॥

ਅਰਥ:-ਉਸ (ਕਲਿਜੁਗ) ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਬੋਲੇ, ਹੇ ਕਲਿਜੁਗਾ! ਤੂੰ ਸਾਡੇ ਇਹ ਅਨਮੋਲ ਬਚਨ ਸੁਣ ਕਿ, ਜਿੱਥੇ ਸੰਗਤਿ ਇਕਾਗਰ ਚਿੱਤ ਬੈਠੀ ਹੋਵੇ ਉਸ ਥਾਂ ਨੂੰ ਤੂੰ ਅਖੀਆਂ ਨਾਲ ਵੇਖ ਵੀ ਨਹੀਂ ਸਕੇਂਗਾ। 661. ਪਰ ਜਦੋ ਸੰਗਤਿ ਵਿੱਚ ਕੜਾਹ ਪ੍ਰਸ਼ਾਦ ਆਵੇ ਉਸੇ ਛਿਣ ਤੂੰ ਵੀ ਆ ਵੜਿਆ ਕਰ। ਫਿਰ ਜਿੰਨਾ ਚਿਰ ਕੜ੍ਹਾ ਵਰਤਦਾ ਰਹੇ ਉਨਾ ਚਿਰ ਤੂੰ ਵੀ (ਬੇਸ਼ੱਕ ਗੁਰੂ ਸੰਗਤਿ ਵਿਚ) ਨਿਵਾਸ ਕਰੀ ਰਖਿਆ ਕਰ। 662.

ਭਯੋ ਪ੍ਰਸੰਨੁ ਕਲੂ ਮਨ ਮਾਹੀ। ਮਨੋ ਰੰਕ ਘਰਿ ਨੌ ਨਿਧਿ ਪਾਹੀ।

ਸ੍ਰੀ ਗੁਰ ਕੀ ਸਿਖ ਆਗਿਯਾ ਪਾਵਨ। ਕੜਾਹ ਪ੍ਰਸ਼ਾਦੁ ਲਗੇ ਵਰਤਾਵਨ॥ 663॥

ਸਮਾ ਜਾਨਿ ਕਲਿਜੁਗਿ ਤਹ ਆਯੋ। ਦੇਖਿ ਪ੍ਰਭੂ ਮਨ ਮੈ ਮੁਸਕਾਯੋ

ਕੜਾਹ ਸਾਥਿ ਕਲਿਜੁਗ ਚਲਿ ਆਵੈ। ਸੰਗਤਿ ਮੈ ਗੋਗਾ ਪਰ ਜਾਵੇ॥ 664॥

ਅਰਥ:- (ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ) ਕਲਿਜੁਗ ਆਪਣੇ ਮਨ ਵਿੱਚ ਇਉਂ ਪ੍ਰਸੰਨ ਹੋਇਆ, ਮਨੋ ਕਿਸੇ ਕੰਗਾਲ ਦੇ ਨੇ ਬਹੁਤ ਭਾਰੀ ਖ਼ਜ਼ਾਨਾ ਪ੍ਰਾਪਤ ਕਰ ਲਿਆ ਹੋਵੇ। ਸਤਿਗੁਰਾਂ ਦੀ ਆਗਿਆ ਨਾਲ ਜਦੋਂ ਸਿੱਖ ਕੜਾਹ ਪ੍ਰਸ਼ਾਦ ਵਰਤਾਉਣ ਲਗੇ ਤਾਂ ਕਲਿਜੁਗ ਵੀ ਆ ਗਿਆ ਜਿਸ ਨੂੰ ਆਉਂਦਾ ਵੇਖ ਕੇ ਸਤਿਗੁਰੂ ਜੀ ਆਪਣੇ ਮਨ ਵਿੱਚ ਮੁਸਕਰਾਏ। ਕਲਿਜੁਗ ਦੇ ਆਉਂਦਿਆਂ ਹੀ ਸੰਗਤ ਵਿੱਚ ਸ਼ੋਰ ਸ਼ਰਾਬਾ ਮਚ ਗਿਆ। 664.

(ਨਾਲ ਲੱਗਦੇ ਅਗਲੇ ਹੀ ਦੋਹਰੇ ਵਿੱਚ ਲਿਖਾਰੀ ਨੇ ਇਹ ਸਮਝਾਇਆ ਕਿ) – “ਹੁਣ ਤੱਕ ਵੇਖ ਲਉ, ਪ੍ਰਸ਼ਾਦ ਮਿਲਦਾ ਹੀ ਕਲਜੁਗ ਦੇ ਆਇਆ ਹੈ॥ 665॥” ਵਿਚਾਰ ਅੱਗੇ ਤੋਰਨ ਤੋਂ ਪਹਿਲਾਂ ਆਉ ਲਿਖਾਰੀ ਵਲੋਂ ਦਰਸਾਈ, ਕਲਿਜੁਗ ਦੀ ਅੱਡਰੀ ਹੋਂਦ ਬਾਰੇ ਪਰਮ-ਸਤਿਗੁਰੂ ਨਾਨਕ ਸਾਹਿਬ ਮਹਲਾ ਪਹਿਲਾ ਦਾ ਫ਼ਤਵਾ ਸਮਝ ਲਈਏ:-

72- ਰਾਮਕਲੀ ਮਹਲਾ 1 ਅਸਟਪਦੀਆ ੴ ਸਤਿਗੁਰ ਪ੍ਰਸਾਦਿ॥ ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ॥ ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ॥ 1॥ ਜੀਵਨ ਤਲਬ ਨਿਵਾਰਿ॥ ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ॥ 1॥ ਰਹਾਉ॥ ਕਿਤੈ ਦੇਸਿ ਨ ਆਇਆ ਸੁਣੀਐ ਤੀਰਥ ਪਾਸਿ ਨ ਬੈਠਾ॥ ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ॥ 2॥ ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ॥ ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ॥ 3॥ ਜਿਸੁ ਸਿਕਦਾਰੀ ਤਿਸਹਿ ਖੁਆਰੀ ਚਾਕਰ ਕੇਹੇ ਡਰਣਾ॥ ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ॥ 4॥ ਆਖੁ ਗੁਣਾ ਕਲਿ ਆਈਐ॥ ਤਿਹੁ ਜੁਗ ਕੇਰਾ ਰਹਿਆ ਤਪਾਵਸੁ ਜੇ ਗੁਣ ਦੇਹਿ ਤ ਪਾਈਐ॥ 1॥ ਰਹਾਉ॥ … 8-1॥ {902-3}

ਅਰਥ:- (ਹੇ ਪੰਡਿਤ! ਆਪਣੇ ਮਨ ਵਿਚੋਂ) ਖ਼ੁਦਗ਼ਰਜ਼ੀ ਦੂਰ ਕਰ (ਇਹ ਖ਼ੁਦਗ਼ਰਜ਼ੀ ਹੀ ਕਲਿਜੁਗ ਹੈ॥ ਇਸ ਖ਼ੁਦ-ਗ਼ਰਜ਼ੀ ਦੇ ਅਸਰ ਹੇਠ ਜਰਵਾਣੇ ਲੋਕ ਕਮਜ਼ੋਰਾਂ ਉਤੇ) ਧੱਕਾ ਕਰਦੇ ਹਨ ਤੇ) ਉਨ੍ਹਾਂ ਦੀਆਂ ਨਜ਼ਰਾਂ ਵਿਚ) ਇਹ ਧੱਕਾ ਜਾਇਜ਼ ਸਮਝਿਆ ਜਾਂਦਾ ਹੈ। (ਖ਼ੁਦਗ਼ਰਜ਼ੀ ਤੇ ਦੂਜਿਆਂ ਉਤੇ ਧੱਕਾ-ਹੇ ਪੰਡਿਤ! ਇਨ੍ਹਾਂ ਨੂੰ) ਕਲਿਜੁਗ ਦੇ ਲੱਛਣ ਸਮਝ। 1. ਰਹਾਉ।

(ਜਿਸ ਕਲਿਜੁਗਿ ਦਾ ਜ਼ਿਕਰ ਅਸਾਂ ਕੀਤਾ ਹੈ ਉਸ) ਕਲਿਜੁਗ ਦਾ ਪ੍ਰਭਾਵ ਹੀ ਜੀਵਾਂ ਦੇ ਮਨਾ ਵਿੱਚ (ਖੇਡਾਂ) ਖੇਡਦਾ ਹੈ ਕਿਸੇ ਖ਼ਾਸ ਥਾਵਾਂ ਵਿੱਚ (ਉਹ ਕਥਿਤ ਕਲਿਜੁਗ) ਕੋਈ ਖੇਡ ਨਹੀਂ ਖੇਡ ਸਕਦਾ (ਕਿਉਂਕਿ ਸਤਿਜੁਗ ਤ੍ਰੇਤਾ ਦੁਆਪਰ ਆਦਿ ਸਾਰੇ ਹੀ ਸਮਿਆਂ ਵਿਚ) ਉਹੀ ਚੰਦ੍ਰਮਾ, ਉਹੀ ਤਾਰੇ ਚੜ੍ਹਦੇ ਆਏ ਹਨ, ਤੇ ਉਹੀ ਸੂਰਜ ਚਮਕਦਾ ਆ ਰਿਹਾ ਹੈ, ਉਹੀ ਧਰਤੀ ਹੈ ਤੇ ਉਹੀ ਹਵਾ ਝੁਲਦੀ ਆ ਰਹੀ ਹੈ। 1. ਕਿਸੇ ਨੇ ਕਦੇ ਨਹੀਂ ਸੁਣਿਆ ਕਿ ਕਲਿਜੁਗ ਕਿਸੇ ਖ਼ਾਸ ਦੇਸ਼ ਵਿੱਚ ਆਇਆ ਹੋਇਆ ਹੈ, ਕਿਸੇ ਖ਼ਾਸ ਤੀਰਥ ਕੋਲ ਬੈਠਾ ਹੈ। ਜਿਥੇ ਦਾਨੀ ਦਾਨ ਕਰਦਾ ਹੈ ਉਥੇ ਵੀ ਬੈਠਾ ਹੋਇਆ ਕਿਸੇ ਨੇ ਨਹੀਂ ਸੁਣਿਆ, ਕਿਸੇ ਖ਼ਾਸ ਥਾਂ ਕਲਿਜੁਗ ਕੋਈ ਮਹਲ ਉਸਾਰ ਕੇ ਵੀ ਨਹੀਂ ਬੈਠਾ। 2. ਜੇ ਕੋਈ ਮਨੁੱਖ ਆਪਣਾ ਆਚਰਨ ਉੱਚਾ ਬਣਾਉਂਦਾ ਹੈ ਉਹ (ਸਗੋਂ ਲੋਕਾਂ ਦੀਆਂ ਨਜ਼ਰਾਂ ਵਿੱਚ) ਡਿਗਦਾ ਹੈ, ਜੇ ਕੋਈ ਤਪੀ ਹੋਣ ਦਾ ਦਾਹਵਾ ਕਰਦਾ ਹੈ ਤਾਂ ਉਸ ਦੇ ਇੰਦ੍ਰੈ ਆਪਣੇ ਵੱਸ ਵਿੱਚ ਨਹੀਂ ਹਨ, ਜੇ ਕੋਈ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ (ਲੋਕਾਂ ਵਿੱਚ ਸਗੋਂ ਉਸ ਦੀ) ਬਦਨਾਮੀ ਹੁੰਦੀ ਹੈ। (ਹੇ ਪੰਡਿਤ! ਭੈੜਾ ਆਚਰਨ, ਇੰਦ੍ਰੇ ਵੱਸ ਵਿੱਚ ਨਾ ਹੋਣੇ ਪ੍ਰਭੂ-ਨਾਮ ਤੋਂ ਨਫ਼ਰਤ-) ਇਹ ਹਨ ਕਲਿਜੁਗ ਦੇ ਲੱਛਣ। 3. (ਪਰ ਇਹ ਖ਼ੁਦ-ਗ਼ਰਜ਼ੀ ਤੇ ਕਮਜ਼ੋਰਾਂ ਉੱਤੇ ਧੱਕਾ ਸੁਖੀ ਜੀਵਨ ਦਾ ਰਸਤਾ ਨਹੀ) ਜਿਸ ਮਨੁੱਖ ਨੂੰ ਦੂਜਿਆਂ ਉਤੇ ਸਰਦਾਰੀ ਮਿਲਦੀ ਹੈ (ਤੇ ਉਹ ਕਮਜ਼ੋਰਾਂ ਉਤੇ ਧੱਕਾ ਕਰਦਾ ਹੈ) ਉਸੇ ਦੀ ਹੀ (ਇਸ ਧੱਕੇ ਜ਼ੁਲਮ ਦੇ ਕਾਰਨ ਆਖ਼ਰ) ਦੁਰਗਤਿ ਹੁੰਦੀ ਹੈ। ਨੌਕਰਾਂ ਨੂੰ (ਉਸ ਦੁਰਗਤ ਤੋਂ ਕੋਈ) ਖ਼ਤਰਾ ਨਹੀਂ ਹੁੰਦਾ। ਜਦੋਂ ਉਸ ਸਰਦਾਰ ਦੇ ਗਲ ਵਿੱਚ ਫਾਹਾ ਪੈਂਦਾ ਹੈ, ਤਾਂ ਉਹ ਉਨ੍ਹਾਂ ਨੌਕਰਾਂ ਦੇ ਹੱਥੋਂ ਹੀ ਮਰਦਾ ਹੈ। 4. (ਹੇ ਪੰਡਿਤ! ਤੇਰੇ ਕਹਿਣ ਅਨੁਸਾਰ ਜੇ ਹੁਣ) ਕਲਿਜੁਗ ਦਾ ਸਮਾ ਹੀ ਆ ਗਿਆ ਹੈ (ਤਾਂ ਭੀ ਤੀਰਥ ਵਰਤ ਆਦਿਕ ਕਰਮ ਕਾਂਡ ਦਾ ਰਸਤਾ ਛੱਡ ਕੇ) ਪਰਮਾਤਮਾ ਦੀ ਸਿਫ਼ਤਿ ਸਾਲਾਹ ਕਰ (ਕਿਉਂਕ ਤੇਰੇ ਧਰਮਸ਼ਾਸਤਾਂ ਅਨੁਸਾਰ ਕਲਿਜੁਗ ਵਿੱਚ ਸਿਫ਼ਤ ਸਲਾਹ ਪਰਵਾਨ ਹੈ, ਤੇ ਤੇਰੇ) ਪਹਿਲੇ (ਕਥਿਤ) ਤਿੰਨ ਜੁਗਾਂ ਦਾ ਪ੍ਰਭਾਵ ਹੁਣਮੁੱਕ ਚੁੱਕਾ ਹੈ। (ਸੋ, ਹੇ ਪੰਡਿਤ! ਪਰਮਾਤਮਾ ਅਗੇ ਇਉਂ ਅਰਜ਼ੋਈ ਕਰ- ਹੇ ਪ੍ਰਭੂ! ਜੇ ਬਖ਼ਸ਼ਸ਼ ਕਰਨੀ ਹੈ ਤਾਂ ਆਪਣੇ) ਗੁਣਾਂ ਦੀ ਬਖ਼ਸ਼ਸ਼ ਕਰ, ਇਹ ਹੀ ਪ੍ਰਾਪਤਿ ਕਰਨ ਜੋਗ ਹੈ। 1. ਰਹਾਉ।

ਗੁਰੂ ਸ਼ਬਦ ਦੀ ਅਰਥ-ਵਿਚਾਰ ਤੋਂ ਸਿੱਧ ਹੋ ਗਿਆ ਹੈ ਕਿ, ਸਤਿਗੁਰੂ ਜੀ ਨੇ ਬ੍ਰਾਹਮਣੀ ਪੁਸਤਕਾਂ ਵਾਲੇ ਕਥਿਤ ਕਲਿਜੁਗ ਦੀ ਕਿਸੇ ਅੱਡਰੀ ਹੋਂਦ ਦੇ ਭਰਮ ਨੂੰ ਮੁਢੌਂ ਹੀ ਰੱਦ ਕੀਤਾ ਹੈ। ਗੁਰਬਾਣੀ ਵਿੱਚ ਹੋਰ ਥਾਈਂ ਆਈ ਕਲਿਜੁਗ ਪਦ ਦੀ ਵਰਤੋਂ, ਕੇਵਲ ਪ੍ਰਥਾਇ ਸਾਖ਼ੀ ਦੇ ਤੌਰ ਤੇ ਹੀ ਹੈ, ਉਂਜ ਸਤਿਗੁਰੂ ਜੀ ਬ੍ਰਾਹਮਣੀ-ਗ੍ਰੰਥਾਂ ਵਾਲੇ ਕਿਸੇ ਕਲਜੁਗ ਦੀ ਗਲ ਨਹੀਂ ਮੰਨਦੇ। ਜਦ ਗੁਰਦੇਵ ਜੀ ਕਲਿਜੁਗ ਦੀ ਹੋਂਦ ਮੰਨਦੇ ਹੀ ਨਹੀਂ ਸਨ, ਉਸ ਨਾਲ ਬਚਨ ਕਿਥੋਂ ਕਰਨੇ ਸਨ? ਅਤੇ ਜਿਸ ਸਾਧ ਸੰਗਤਿ ਬਾਰੇ ਸਤਿਗੁਰੂ ਜੀ ਦਾ ਇਹ ਫ਼ੁਰਮਾਨ ਹੈ- ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ॥ 5॥ (72) ਅਤੇ- ‘ਮੇਰੇ ਭਾਈ ਜਨਾ ਮੋ ਕਉ ਗੋਵਿੰਦੁ ਗੋਵਿੰਦੁ ਗੋਵਿੰਦੁ ਮਨੁ ਮੋਹੈ॥ ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ ਮਿਲਿ ਗੁਰ ਸਾਧ ਸੰਗਤਿ ਜਨੁ ਸੋਹੈ॥ 1॥ ਰਹਾਉ॥”ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜੁੜੀ ਐਸੀ ਸੰਗਤਿ ਤਾਂ ਸਦਾ ਹੀ ਬ੍ਰਹਮ ਵਿਚਾਰ ਵਿੱਚ ਅਥਵਾ ਪ੍ਰਭੂ-ਨਾਮ ਦੀਆਂ ਵਡਿਅਈਆਂ ਦੀ ਵਿਚਾਰ ਵਿੱਚ ਜੁੜੀ ਹੁੰਦੀ ਸੀ:॥ ਨਾਮ ਦੀ ਮਹਿਮਾ ਵਾਲੇ ਅਜੇਹੇ ਸ਼ਾਂਤ-ਮਈ ਵਾਤਾਵਰਨ ਵਿੱਚ ਪੰਚਮ ਸਤਿਗੁਰੂ ਜੀ ਨੇ ਗ਼ੋਗਾ ਮਚਾਉਣ ਆ ਰਹੇ, ਕਲਿਜੁਗ ਨੂੰ ਵੇਖ ਕੇ, ਮਨ ਵਿੱਚ ਮੁਸਕਰਾਉਂਦੇ ਦਰਸਾਉਣਾ, ਕੁਟਲ ਲਿਖਾਰੀ ਦੀ ਬੜੀ ਵੱਡੀ ਕੁਟਲਤਾ ਹੈ? ਕਿਉਂਕਿ ਜਿਸ ਗੱਲੋਂ ਸਤਿਗੁਰੂ ਜੀ ਪ੍ਰਸੰਨ, ਉਸ ਤੋਂ ਸੰਗਤਿ ਨੇ ਆਪੇ ਹੀ ਪ੍ਰਸੰਨ ਹੋਣਾ ਸੀ। ਕਿੱਡੀ ਚਤੁਰ-ਸਫ਼ਾਈ ਨਾਲ ਸਭ ਕੁੱਝ ਝੂਠ ਹੀ ਲਿਖ ਕੇ, ਲਿਖਾਰੀ ਨੇ ਗੁਰਦੁਆਰਿਆਂ ਵਿੱਚ ਜੁੜਦੀ ਸਾਧ ਸੰਗਤਿ ਵਿਚ, ਬੇ-ਮੁਹਰੇ ਸ਼ੋਰ-ਸ਼ਰਾਬੇ ਵਾਲੀ ਸਥਿਤੀ ਪੈਦਾ ਹੁੰਦੀ ਰਹਿਣ ਨੂੰ, ਗੁਰੂ-ਦਰਾਬਾਰਾਂ ਦਾ ਸਦੀਵੀ ਅੰਗ ਬਣਾ ਲਿਆ?

ਜਿੱਥੇ ਕਿਤੇ ਵੀ ਅਜੇਹੀ ਉਚੇਚੀ ਘਾੜਤ ਵਾਲੀ ਗੁਰਮਤਿ ਵਿਰੋਧੀ ਕਹਾਣੀ ਘੜੀ, ਉਥੇ ਇਹ ਲਿਖਾਰੀ, ਨੀਚਤਾ ਦੀ ਸਿੱਖ਼ਰ ਤੱਕ ਪੁਜਣੋ ਕਦੇ ਨਹੀਂ ਉਕਾਈ ਨਹੀਂ ਖਾਂਦਾ। ਪ੍ਰਭੂ-ਨਾਮ ਦੇ ਰੰਗ ਵਿੱਚ ਰੰਗੀ ਅਡੋਲ ਬੈਠੀ ਸਤਸੰਗਤਿ ਵਿੱਚ ਖਲਬਲੀ ਪਾਉਣ ਆ ਰਹੇ ਸ਼ੈਤਾਂਨ ਅਥਵਾ ਕਥਿਤ ਕਲਿਜੁਗ ਦੇ ਆ ਵੜਨ ਤੇ, ਸ਼ਾਂਤੀ ਦੇ ਪੁੰਜ ਗੁਰਦੇਵ ਜੀ ਨੇ ਹਾਰਦਿਕ ਆਨੰਦ ਮਾਣਿਆਂ? ਸੰਤ ਸਿਪਾਹੀਆਂ ਦੀ ਜਿਸ ਕੌਮ ਦਾ ਬੱਚਾ ਬੱਚਾ, ਸਤਿਗੁਰੂ ਜੀ ਦੇ ਮਾਮੂਲੀ ਇਸ਼ਾਰੇ ਤੇ ਆਪਣਾ ਸੀਸ ਭੇਟਾ ਕਰਨ ਲਈ ਤਿਆਰ ਹੁੰਦਾ ਜਾ ਰਿਹਾ ਸੀ, ਅਜੇਹੇ ਮਹਾਂਨ ਤਿਆਗੀ ਗੁਰਮੁਖਾਂ ਦੀ ਸੰਗਤਿ, ਆਪਣੇ ਅਨੂਪਮ ਸਤਿਗੁਰੁ ਜੀ ਦਾ ਸਤਿਕਾਰ ਭੁੱਲ ਭੁਲਾ, ਕੇ ਉਨ੍ਹਾਂ ਦੀ ਹਜ਼ੂਰੀ ਵਿੱਚ ਹੀ, (ਲਿਖਾਰੀ ਦੇ ਇਨ੍ਹਾਂ ਬਚਨਾ ਵਾਲਾ- “ਸੰਗਤਿ ਮੈ ਗੋਗਾ ਪਰ ਜਾਵੇ” ) ਬੇਮੁਹਾਰਾਂ ਸ਼ੋਰ ਸ਼ਰਾਬਾ ਮਚਾਉਣ ਲੱਗ ਪੈਂਦੀ ਸੀ? ਅਜੇਹੇ ਘਿਣਾਵਣੇ ਤੇ ਅਨਹੋਣੇ ਬਚਨ ਆਪਣੇ ਗੁਰੂ ਪਰਮੇਸ਼ਰ ਜੀ ਦੇ ਨਾਮਣੇ ਨਾਲ ਜੁੜੇ ਸਚੁ ਮੰਨ ਲੈਣ ਵਾਲੇ ਸਾਡੇ ਜਿਹੇ ਨੀਚਾਂ ਦਾ ਰਾਜ-ਭਾਗ ਕਿਵੇਂ ਬਣਿਆ ਰਹਿਣਾ ਸੀ?

ਨੀਚਾਂ ਨਿਤਾਣਿਆਂ ਦੇ ਸੰਗੀ ਸਾਥੀ ਹੇ ਗੁਰੂ-ਪਰਮੇਸਰ ਜੀਓ! ਤੁਸੀ ਧੰਨ ਹੋ ਜੋ ਆਪਣਾ ਬਿਰਦ ਪਾਲਦੇ ਹੋਏ ਸਾਡੀਆਂ ਸਾਰੀਆਂ ਗ਼ੁਸਤਖ਼ੀਆਂ ਨੂੰ ਨਿਰਾ ਖਿਮਾ ਹੀ ਨਹੀਂ ਕਰਦੇ ਰਹੇ, ਸਗੋਂ ਤੁਸੀਂ ਸਦਾ ਸਾਨੂੰ ਅਨਮੋਲ ਉਪਦੇਸ਼ ਨਿਰੰਤਰ ਦੇਈ ਜਾ ਰਹੇ, ਹੇ ਸੱਚੇ ਪਾਤਸ਼ਾਹ ਜੀਓ! ਤੁਸੀਂ ਧੰਨ ਧੰਨ ਧੰਨ ਤੁਸੀ ਧੰਨ ਹੋ। ਪਰ ਅਸੀਂ ਪਰਲੇ ਦਰਜੇ ਦੇ ਅਜੇਹੇ ਢੀਠ ਅਕ੍ਰਿਤਘਣ ਹਾਂ ਕਿ, ਤੁਹਾਡੇ ਹੀ ਦਰਬਾਰ ਵਿਚ, ਸਟੇਜ ਤੇ ਖਲੋ ਕੇ ਸੰਘ-ਪਾੜਵੀਆਂ ਸੁਰਾਂ ਵਿੱਚ ਇਹੀ ਭੌਂਕਦੇ ਆ ਰਹੇ ਹਾਂ, ਕਿ, ਪ੍ਰਸ਼ਾਦ ਵਰਤਣ ਸਮੇ ਰੌਲਾ ਗੌਲਾ ਮਚਾਉਣ ਲਈ ਕਲਿਜੁਗ ਨੂੰ ਆ ਵੜਨ ਦੀ ਆਗਿਆ ਆਪਣੇ ਪੰਜਵੇਂ ਸਰੂਪ ਸਮੇ, ਸਤਿਗੁਰੂ ਨਾਨਕ ਸਾਹਿਬ ਜੀ ਨੇ ਆਪ ਹੀ ਦਿੱਤੀ ਹੋਈ ਹੈ।

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.