.

ਗਿਆਨ ਪ੍ਰਬੋਧ: ਸ੍ਰੀ ਬਰਣ ਬਧਹ

ਬਚਿਤ੍ਰ ਨਾਟਕ ਦੇ ਅਖੌਤੀ ਦਸਮ ਗ੍ਰੰਥ ਵਿਖੇ ਇੱਕ ਵਾਰਤਾ, ਸਿਰਲੇਖ “ਗਿਆਨ ਪ੍ਰਬੋਧ” ਹੇਠ ਲਿਖੀ ਹੋਈ ਹੈ, ਜਿਸ ਵਿੱਚ ਕਈ ਪੌਰਾਣਕ ਅਤੇ ਮਿਥਿਹਾਸਕ ਹਿੰਦੂ ਰਾਜਿਆਂ ਬਾਰੇ ਜਾਣਕਾਰੀ ਦਿੱਤੀ ਹੋਈ ਹੈ। ਆਓ, ਇਸ ਵਿਚੋਂ ਇੱਕ ਪ੍ਰਸੰਗ ਨੂੰ ਸਾਂਝਾ ਕਰ ਕੇ ਦੇਖੀਏ ਕਿ ਸਿੱਖਾਂ ਲਈ ਕੇਹੜਾ ਇਲਾਹੀ ਤੇ ਦੁਨਿਆਵੀਂ ਉਪਦੇਸ਼ ਮਿਲਦਾ ਹੈ!

ਸ੍ਰੀ ਬਰਣ ਬਧਹ

ਚੰਦ੍ਰ ਬਰਣੇ ਸੁਕਰਨਿ ਸਿਯਾਮ ਸੁਵਰਨ ਪੂਛ ਸਮਾਨ। ਰਤਨ ਤੁੰਗ ਉਤੰਗ ਬਾਜਤ ਉਚ ਸ੍ਰਵਾਹ ਸਮਾਨ।

ਨਿਰਤ ਕਰਤ ਚਲੈ ਧਰਾ ਪਰਿ ਕਾਮ ਰੂਪ ਪ੍ਰਭਾਇ। ਦੇਖਿ ਦੇਖਿ ਛਕੈ ਸਭੈ ਨ੍ਰਿਪ ਰੀਝਿ ਇਉ ਨ੍ਰਿਪਰਾਇ। ੯। ੧੫੦।

ਅਰਥ: ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ ਇਵੇਂ ਬਿਆਨ ਕਰਦੇ ਹਨ {ਦੇਖੋ ਕਿਤਾਬ: ਸ੍ਰੀ ਦਸਮ-ਗ੍ਰੰਥ ਸਾਹਿਬ, ਪਾਠ-ਸੰਪਾਦਨ ਅਤੇ ਵਿਆਖਿਆ, ਪ੍ਰਕਾਸ਼ਕ ਗੋਬਿੰਦ ਸਦਨ, ਗਦਾਈਪੁਰ, ਮਹਿਰੋਲੀ, ਨਵੀਂ ਦਿਲੀ-੧੧੦੦੩੦} ਚੰਦ੍ਰਮਾ ਵਰਗੇ ਸਫੈਦ ਰੰਗ ਵਾਲਾ, ਕਾਲੇ ਕੰਨਾਂ ਵਾਲਾ, ਸੁਨਹਿਰੀ ਰੰਗ ਦੀ ਪੂਛਲ ਵਾਲਾ, ਵੱਡੀਆਂ ਅੱਖਾਂ ਵਾਲਾ, ਉੱਚੀ ਗਰਦਨ ਵਾਲਾ ਉੱਚਸ਼੍ਰਵਾ ਵਰਗਾ ਘੋੜਾ (ਛੱਡ ਦਿੱਤਾ ਗਿਆ) ਜੋ ਧਰਤੀ ਉਤੇ ਨਚਦਾ ਟਪਦਾ ਚਲ ਰਿਹਾ ਸੀ, ਕਾਮ-ਦੇਵ ਵਰਗੀ ਜਿਸ ਦੀ ਸ਼ੋਭਾ ਸੀ। (ਉਸ ਨੂੰ) ਵੇਖ ਵੇਖ ਕੇ ਸਾਰੇ ਰਾਜੇ ਪ੍ਰਸੰਨ ਹੋ ਰਹੇ ਸਨ, ਇਸੇ ਤਰ੍ਹਾਂ ਰਾਜਾ ਯੁਧਿਸ਼ਠਰ ਵੀ ਖੁਸ਼ ਹੋ ਰਿਹਾ ਸੀ। ੧੫੦।

ਬੀਣ ਬੇਣ ਮ੍ਰਿਦੰਗ ਬਾਜਤ ਬਾਸੁਰੀ ਸੁਰਨਾਇ। ਮੁਰਜ ਤੂਰ ਮੁਚੰਗ ਮੰਦਲ ਚੰਗ ਬੰਗ ਸਨਾਇ।

ਢੋਲ ਢੋਲਕ ਖੰਜਕਾ ਡਫ ਝਾਂਝ ਕੋਟ ਬਜੰਤ। ਜੰਗ ਘੁੰਘਰੂ ਟਲਕਾ ਉਪਜੰਤ ਰਾਗ ਅਨੰਤ। ੧੦। ੧੫੧।

ਅਰਥ: ਵੀਣਾ, ਬੇਣ, ਮ੍ਰਿਦੰਗ, ਬੰਸਰੀ, ਭੇਰੀ, ਮੁਰਜ, ਤੁਰਹੀਆਂ, ਮੁਚੰਗ, ਮੰਦਲ, ਚੰਗ, ਬੰਗ, ਸ਼ਹਿਨਾਈ, ਢੋਲ, ਢੋਲਕ, ਖੰਜਰੀ, ਡਫ, ਝਾਂਝ, ਕਰੋੜਾਂ ਦੀ ਗਿਣਤੀ ਵਿੱਚ ਵਜ ਰਹੇ ਸਨ, ਵੱਡੇ ਟੱਲ ( ‘ਜੰਗ’ ) ਘੁੰਘਰੂ, ਟੱਲੀਆਂ ਆਦਿ (ਦੇ ਵੱਜਣ ਨਾਲ) ਬੇਅੰਤ ਰਾਗ ਪੈਦਾ ਹੋ ਰਹੇ ਸਨ। ੧੫੧।

ਅਮਤਿ ਸਬਦ ਬਜੰਤ੍ਰ ਭੇਰਿ ਹਰੰਤ ਬਾਜ ਅਪਾਰ। ਜਾਤ ਜਉਨ ਦਿਸਾਨ ਕੇ ਪਛ ਲਾਗ ਹੀ ਸਿਰਦਾਰ।

ਜਉਨ ਬਾਧ ਤੁਰੰਗ ਜੂਝਤ ਜੀਤੀਐ ਕਰਿ ਜੁਧ। ਆਨ ਜੌਨ ਮਿਲੈ ਬਚੈ ਨਹਿ ਮਾਰੀਐ ਕਰਿ ਕ੍ਰੁਧ। ੧੧। ੧੫੨।

ਅਰਥ: ਭੇਰੀ ਆਦਿ ਵਾਜਿਆਂ ( ‘ਬਜੰਤ੍ਰ’ ) ਦੀ ਅਸੀਮ ਆਵਾਜ਼ ਨਿਕਲ ਰਹੀ ਸੀ, ਅਤੇ (ਸੈਨਿਕਾਂ ਦੇ) ਬੇਸ਼ੁਮਾਰ ਘੋੜੇ ਹਿਣਕ ਰਹੇ ਸਨ। ਜਿਸ ਦਿਸ਼ਾ ਵਿੱਚ (ਉਹ ਯੱਗ-ਘੋੜਾ) ਜਾਂਦਾ ਸੀ (ਉਸ) ਪਿਛੇ (ਫੌਜੀ) ਨਾਇਕ ਲਗ ਤੁਰਦੇ ਸਨ। ਜਿਹੜਾ ਘੋੜੇ ਨੂੰ ਬੰਨ੍ਹ ਲੈਂਦਾ ਸੀ, ਉਸ ਨਾਲ (ਸੈਨਾ ਨਾਇਕ) ਜੂਝਦੇ ਸਨ ਅਤੇ ਲੜਾਈ ਕਰ ਕੇ ਜਿਤ ਲੈਂਦੇ ਸਨ। ਜਿਹੜਾ ਆ ਕੇ ਮਿਲ ਪੈਂਦਾ ਸੀ, (ਉਹ) ਬਚ ਜਾਂਦਾ ਸੀ, ਨਹੀਂ ਤਾਂ ਕ੍ਰੋਧ ਕਰ ਕੇ (ਉਸ ਨੂੰ) ਮਾਰ ਦਿੰਦੇ ਸਨ। ੧੫੨।

ਹੈਯ ਫੇਰ ਚਾਰ ਦਿਸਾਨ ਮੈ ਸਭ ਜੀਤ ਕੈ ਛਿਤਪਾਲ। ਬਾਜਮੇਧ ਕਰਿਯੋ ਸਪੂਰਨ ਅਮਿਤ ਜਗ ਰਿਸਾਲ।

ਭਾਤ ਭਾਤ ਅਨੇਕ ਦਾਨ ਸੁ ਦੀਜੀਅਹਿ ਦਿਜਰਾਜ। ਭਾਤ ਭਾਤ ਪਟੰਬਰਾਦਿਕ ਬਾਜਿਯੋ ਗਜਰਾਜ। ੧੨। ੧੫੩।

ਅਰਥ: ਚੌਹਾਂ ਦਿਸ਼ਾਵਾਂ ਵਿੱਚ ਘੋੜਾ ਫੇਰ ਕੇ ਅਤੇ ਸਾਰਿਆਂ ਰਾਜਿਆਂ ਨੂੰ ਜਿਤ ਕੇ (ਯੁਧਿਸ਼ਠਰ ਨੇ) ਅਸ਼ਵਮੇਧ ਯੱਗ ਸੰਪੂਰਨ ਕੀਤਾ ਜੋ ਬਹੁਤ ਅਸੀਮ ਅਤੇ ਸੁੰਦਰ ਸੀ। ਬ੍ਰਾਹਮਣਾਂ ਨੂੰ ਤਰ੍ਹਾਂ ਤਰ੍ਹਾਂ ਦੇ ਅਨੇਕਾਂ ਦਾਨ ਦਿੱਤੇ ਗਏ (ਜਿਨ੍ਹਾਂ ਵਿਚ) ਕਈ ਤਰ੍ਹਾਂ ਦੇ ਰੇਸ਼ਮੀ ਬਸਤ੍ਰ, ਘੋੜੇ ਅਤੇ ਹਾਥੀ (ਸ਼ਾਮਲ ਸਨ)। ੧੫੩।

ਅਨੇਕ ਦਾਨ ਦੀਏ ਦਿਜਾਨਨ ਅਮਿਤ ਦਰਬ ਅਪਾਰ। ਹੀਰ ਚੀਰ ਪਟੰਬਰਾਦਿ ਸੁਵਰਨ ਕੇ ਬਹੁ ਭਾਰ।

ਦੁਸਟ ਪੁਸਟ ਤ੍ਰਸੇ ਸਬੈ ਥਰਹਰਿਓ ਸੁਨਿ ਗਿਰਰਾਇ। ਕਾਟਿ ਕਾਟਿ ਨ ਦੈ ਦ੍ਰਿਜੈ ਨ੍ਰਿਪ ਬਾਟ ਬਾਟ ਲੁਟਾਇ। ੧੩। ੧੫੪।

ਅਰਥ: ਬ੍ਰਾਹਮਣਾਂ ਨੂੰ ਅਨੇਕ ਤਰ੍ਹਾਂ ਦੇ ਦਾਨ ਦਿੱਤੇ ਗਏ (ਜਿਨ੍ਹਾਂ ਵਿਚ) ਬੇਅੰਤ ਅਤੇ ਅਪਾਰ ਧਨ-ਦੌਲਤ ਸੀ, ਹੀਰੇ, ਕਪੜੇ, ਰੇਸ਼ਮੀ ਬਸਤ੍ਰ ਅਤੇ ਸੋਨੇ ਦੇ ਬਹੁਤ ਭਾਰ ਸਨ। (ਉਸ ਦਾਨ ਨੂੰ ਵੇਖ ਕੇ) ਸਾਰੇ ਬਲਵਾਨ ਵੈਰੀ ਬਹੁਤ ਡਰ ਗਏ ਅਤੇ ਸੁਮੇਰ ਪਰਬਤ ਵੀ ਸੁਣ ਕੇ ਕੰਬਣ ਲਗਾ (ਕਿ ਕਿਤੇ) ਰਾਜਾ (ਯੁਧਿਸ਼ਠਰ) ਕਟ ਕਟ ਕੇ (ਮੈਨੂੰ ਵੀ) ਬ੍ਰਾਹਮਣਾਂ ਵਿੱਚ ਵੰਡ ਵੰਡ ਕੇ ਲੁਟਾ ਨ ਦੇਵੇ। ੧੫੪।

ਫੇਰ ਕੈ ਸਭ ਦੇਸ ਮੈ ਹਯ ਮਾਰਿਓ ਮਖ ਜਾਇ। ਕਾਟਿ ਕੈ ਤਿਹ ਕੋ ਤਬੈ ਪਲ ਕੈ ਕਰੈ ਚਤੁ ਭਾਇ।

ਏਕ ਬਿਪ੍ਰਨ ਏਕ ਛਤ੍ਰਨ ਏਕ ਇਸਤ੍ਰਿਨ ਦੀਨ। ਚਤ੍ਰ ਅੰਸ ਬਚਿਯੋ ਜੁ ਤਾ ਤੇ ਹੋਮ ਮੈ ਵਹਿ ਕੀਨਤ। ੧੪। ੧੫੫।

ਅਰਥ: ਸਾਰਿਆਂ ਦੇਸ਼ਾਂ ਵਿੱਚ (ਘੋੜੇ ਨੂੰ) ਫੇਰ ਕੇ ਯੱਗ-ਸ਼ਾਲਾ ਵਿੱਚ ਮਾਰ ਦਿੱਤਾ ਗਿਆ। ਤਦੋਂ ਹੀ ਉਸ ਨੂੰ ਕਟ ਕੇ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ (ਹਿੱਸਾ) ਬ੍ਰਾਹਮਣਾਂ ਨੂੰ, ਇੱਕ ਛਤ੍ਰੀਆਂ ਨੂੰ ਅਤੇ ਇੱਕ ਇਸਤਰੀਆਂ ਨੂੰ ਦਿੱਤਾ ਗਿਆ। (ਜੋ) ਚੌਥਾ ਹਿੱਸਾ ਬਚਿਆ, ਉਸ ਦੀ ਹਵਨ ਵਿੱਚ ਆਹੁਤੀ ਦਿੱਤੀ ਗਈ। ੧੫੫।

ਪੰਚ ਸੈ ਬਰਖ ਪ੍ਰਮਾਨ ਸੁ ਰਾਜ ਕੈ ਇਹ ਦੀਪ। ਅੰਤ ਜਾਇ ਗਿਰੇ ਰਸਾਤਲ ਪੰਡ ਪੁਤ੍ਰ ਮਹੀਪ।

ਭੂਮ ਭਰਤ ਭਏ ਪਰੀਛਤ ਪਰਮ ਰੂਪ ਮਹਾਨ। ਅਮਿਤ ਰੂਪ ਉਦਾਰ ਦਾਨ ਅਛਿਜ ਤੇਜ ਨਿਧਾਨ। ੧੫। ੧੫੬।

ਸ੍ਰੀ ਗਿਆਨ ਪ੍ਰਬੋਧ ਪੋਥੀ ਦੁਤੀਆ ਜਗ ਸਮਾਪਤੰ।

ਅਰਥ: ਇਸ ਦੀਪ ਵਿੱਚ ਪੰਜ ਸੌ ਵਰ੍ਹੇ ਰਾਜ ਕਰਕੇ ਪੰਡੂ ਰਾਜੇ ਦੇ ਪੁੱਤਰ (ਪੰਜ ਪਾਂਡਵ) ਅੰਤ ਨੂੰ ਹਿਮਾਲਾ ਪਰਬਤ ਵਿੱਚ ਜਾ ਡਿਗੇ। (ਉਨ੍ਹਾਂ ਤੋਂ ਬਾਦ) ਪਰਮ ਸੁੰਦਰ ਅਤੇ ਮਹਾਨ ਪਰੀਕਸ਼ਿਤ ਭਾਰਤ-ਭੂਮੀ ਦਾ ਰਾਜਾ ਹੋਇਆ। (ਉਹ) ਅਸੀਮ ਰੂਪ ਵਾਲਾ, ਉਦਾਰ ਦਾਨੀ ਅਤੇ ਕਦੇ ਨ ਛਿਜਣ ਵਾਲੇ ਤੇਜ ਦਾ ਖ਼ਜ਼ਾਨਾ ਸੀ। ੧੫੬।

ਸ੍ਰੀ ਗਿਆਨ ਪ੍ਰਬੋਧ ਪੋਥੀ, ਦੂਜਾ ਯੱਗ ਸਮਾਪਤ। ੨।

ਐਸੇ ਬਚਿਤ੍ਰ ਨਾਟਕ ਦੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਪੁਜਾਰੀ ਕੀ ਅਸਮੇਧ ਜੱਗ ਕਰਨੇ ਅਤੇ ਬ੍ਰਾਹਮਣਾਂ ਨੂੰ ਦਾਨ-ਪੁੰਨ ਕਰਨ ਵਿੱਚ ਵਿਸ਼ਵਾਸ਼ ਕਰਦੇ ਹਨ ਅਤੇ ਐਸੇ ਹੋਮ-ਜੱਗਾਂ ਵਿੱਚ ਸ਼ਾਮਲ ਹੋ ਕੇ ਘੋੜਿਆਂ, ਭੈਂਸਾਂ, ਗਊਆਂ ਆਦਿਕ ਦੀ ਬਲੀ ਦਿੱਤਿਆਂ ਹੋੲਅਿਾਂ ਪਸ਼ੂਆਂ ਦਾ ਮਾਸ ਖਾਂਦੇ ਹਨ? ਗੁਰੂ ਗਰੰਥ ਸਾਹਿਬ ਵਿੱਚ ਅੰਕਤਿ ਬਾਣੀ ਤਾਂ ਐਸੇ ਕੀਤੇ ਜੱਗਾਂ ਦਾ ਖੰਡਨ ਕਰਦੀ ਹੈ (ਦੇਖੋ ਪੰਨੇ ੬੯੯, ੮੭੩, ੯੭੩. .)। ਹੋਰ ਅਸਰਜ ਵਾਲੀ ਗਲ ਤਾਂ ਇਹ ਹੈ ਕਿ ਇਸ ਦੇ ਲਿਖਾਰੀ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਅਤੇ ਨਾ ਹੀ ਇਨ੍ਹਾਂ ਕਹਾਣੀਆਂ ਨਾਲ ਸਿੱਖਾਂ ਦਾ ਕੋਈ ਵਾਸਤਾ ਹੈ!

ਪਰ, ਸਾਰੀ ਸਿੱਖ ਕੌਮ `ਤੇ ਤਰਸ ਆਉਂਦਾ ਹੈ ਕਿ ਅਸੀਂ ਆਪਣੇ ਗੁਰੂ ਸਾਹਿਬ ਦਾ ਹੁਕਮ ਕਿਉਂ ਨਹੀਂ ਮੰਨਦੇ ਜਦੋਂ ਕਿ ਸਾਰੇ ਸੰਸਾਰ ਵਿਖੇ “ਗੁਰੂ ਗਰੰਥ ਸਾਹਿਬ” ਦੀ ਹਜ਼ੂਰੀ ਵਿੱਚ ਹਰ ਰੋਜ਼ ਸਵੇਰੇ-ਸ਼ਾਮ ਨੂੰ ਇਹ ਦੋਹਰਾ ਪੜ੍ਹਦੇ ਹਾਂ:

“ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ। ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗ੍ਰੰਥ”।

“ਗਉੜੀ ਸੁਖਮਨੀ” ਦੀ ਅਠਾਰਵੀਂ ਅਸਟਪਦੀ (ਪੰਨਾ ੨੮੬) ਵਿਖੇ ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ:

ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ। ਗੁਰ ਕੀ ਆਗਿਆ ਮਨ ਮਹਿ ਸਹੈ॥ ਆਪਸ ਕਉ ਕਰਿ ਕਛੁ ਨ ਜਨਾਵੈ॥

ਹਰਿ ਹਰਿ ਨਾਮੁ ਰਿਦੈ ਸਦ ਧਿਆਵੈ॥ ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ॥

ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤਿ ਸੁਆਮੀ॥ ਅਪਨੀ ਕ੍ਰਿਪਾ ਜਿਸੁ ਆਪਿ ਕਰੇਇ॥

ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ॥ ੨॥

ਇਸ ਲਈ ਸਾਰੇ ਸਿੱਖਾਂ ਨੂੰ ਗੁਰੂ ਸਾਹਿਬ ਦਾ ਪੂਰਨ ਓਪਦੇਸ਼ ਮੰਨਣਾ ਚਾਹੀਦਾ ਹੈ। ਪਰ, ਅਸੀਂ ਆਪਣੀ ਮਨ-ਮਰਜ਼ੀ (ਮਨਮਤਿ) ਅਨੁਸਾਰ ਹੋਰ ਲਿਖਤਾਂ ਦਾ ਹੀ ਪ੍ਰਚਾਰ ਕਰਨਾ ਅਰੰਭ ਕਰ ਦਿੱਤਾ ਹੋਇਆ ਹੈ? ਅਕਾਲ ਪੁਰਖ ਐਸੇ ਮਨਮਤੀਆਂ ਨੂੰ ਸੁਮਤਿ ਬਖ਼ਸ਼ੇ ਤਾਂ ਜੋ ਅਸੀਂ “ਸ਼ਬਦ-ਗੁਰੂ” ਅਨੁਸਾਰ ਹੀ ਜ਼ਿੰਦਗੀ ਬਤੀਤ ਕਰੀਏ। ਧੰਨਵਾਦ ਸਹਿਤ,

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੨੩ ਜੂਨ ੨੦੧੩




.