ੴ
ਮੁੰਦਾਵਣੀ ਤੋਂ ਬਾਦ ਦਸਮ ਗ੍ਰੰਥ, ਇੱਕ ਵਿਚਾਰ
ਸ੍ਰੀ ਗੁਰੂ ਅਰਜਨ ਸਾਹਿਬ ਨੇ ੧੬੦੪
ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ। ਜਿਸ ਵਿੱਚ ਉਨ੍ਹਾਂ ਨੇ ਗੁਰਬਾਣੀ ਅਤੇ ਭਗਤ
ਬਾਣੀ ਦੇ ਨਾਲ ਨਾਲ ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਨੂੰ ਵਿਚਾਰ ਦੀ ਸਮਾਨਤਾ ਦੇ ਅਧਾਰ ਤੇ ਦਰਜ
ਕੀਤਾ। ਗੁਰਬਾਣੀ, ਉਸ ਬਾਣੀ ਨੂੰ ਕਹਿੰਦੇ ਨੇ ਜੋ ਗੁਰੂ ਸਾਹਿਬਾਨਾਂ ਨੇ ਆਪ ਉਚਾਰੀ ਸੀ। ਭਗਤ-ਬਾਣੀ,
ਸੰਸਾਰ ਵਿੱਚ ਆਏ ਪਰਮਾਤਮਾ ਦੇ ਉਹ ਭਗਤਾਂ ਦੀਆਂ ਲਾਸਾਨੀ ਸਾਹਿਤਕ ਰਚਨਾਵਾਂ ਹਨ, ਜੋ ਗੁਰਮਤਿ ਦੇ
ਫਲਸਫੇਂ ਨਾਲ ਮੇਲ ਖਾਂਦੀਆਂ ਹਨ। ਭੱਟ ਬਾਣੀ ਤੇ ਗੁਰਸਿੱਖਾਂ ਵਲੋਂ ਉਚਾਰੀ ਬਾਣੀ ਸਾਹਿਤਕ ਰਚਨਾਵਾਂ
ਦਾ ਐਸਾ ਭੰਡਾਰ ਹੈ ਜਿਸ ਵਿੱਚ ਉਨ੍ਹਾਂ ਨੇ ਗੁਰੂ ਸਾਹਿਬਾਨ ਦੀ ਉਸਤਤ ਕਰਨ ਦੇ ਨਾਲ ਹੀ ਸੰਸਾਰ ਦੇ
ਮਨੁੱਖਾਂ ਨੂੰ ਪਰਮਾਤਮਾ ਨਾਲ ਜੁੜਨ ਦਾ ਉਪਦੇਸ਼ ਕੀਤਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਮਤਿ ਦੇ ਸਾਰੇ ਸਿਧਾਂਤਾਂ ਦੀ ਵਿਆਖਿਆ ਸੰਪੂਰਣ ਰੂਪ ਵਿੱਚ
ਕੀਤੀ ਗਈ ਹੈ। ਇਸ ਵਿੱਚ ਗੁਰੂ ਅਰਜਨ ਸਾਹਿਬ ਨੇ ਬਾਣੀ ਸੰਕਲਿਤ ਕਰਨ ਦਾ ਅਧਾਰ, ਬਾਣੀ ਵਿੱਚ ਦਿਤੇ
ਫਲਸਫੇਂ ਨੂੰ ਮੁੱਖ ਰਖਿਆ। ਬਾਣੀ ਦਰਜ ਕਰਦੇ ਸਮੇਂ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਨਾਲ ਭਗਤਾਂ ਦੀ
ਜਾਤਿ ਪਾਤਿ ਨੂੰ ਅਧਾਰ ਨਹੀਂ ਬਣਾਇਆ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਉੱਚੇ ਕਾਵਿ ਗੁਣਾਂ ਦੇ ਨਾਲ ਹੀ
ਸਰਲ ਭਾਸ਼ਾ ਵਿੱਚ ਹਨ। ਜੋ ਸਾਧਾਰਣ ਤੋਂ ਸਾਧਾਰਣ ਮਨੁਖ ਨੂੰ ਵੀ ਅਸਾਨੀ ਨਾਲ ਸਮਝ ਆ ਜਾਂਦੇ ਹਨ। ਇਸ
ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੱਜ ਵੀ ਸਾਰੇ ਸੰਸਾਰ ਦੇ ਮਨੁਖਾਂ ਦੇ ਦਿਲ ਨੂੰ ਅੰਦਰ ਤਕ ਛੂ
ਜਾਂਦੀ ਹੈ ਤੇ ਗੈਰ ਸਿੱਖ ਮੱਨੁਖ ਵੀ ਗੁਰਬਾਣੀ ਤੋਂ ਬੜੇ ਹੀ ਸਹਿਜ ਤਰੀਕੇ ਨਾਲ, ਉਸ ਦੇ ਸੰਦੇਸ਼ ਅਤੇ
ਕਾਵਿ ਸਰੂਪ ਤੋਂ ਪ੍ਰਭਾਵਿਤ ਹੋ ਜਾਂਦੇ ਹਨ।
ਜੋ ਵਿਚਾਰ ਅਤੇ ਵਸਤੂ ਸੰਸਾਰ ਵਿੱਚ ਜਿਤਨੀ ਜਿਆਦਾ ਲੋਕਾਂ ਦੇ ਦਿਲਾਂ ਨੂੰ ਛੂੰਦੀ ਹੈ, ਉਸਦੀ ਨਕਲ
ਬਨਣ ਦੀ ਸੰਭਾਨਾ ਉਤਨੀ ਹੀ ਵੱਧ ਹੁੰਦੀ ਹੈ। ਇਸ ਗੱਲ ਦਾ ਅਨੁਭਵ ਤੇ ਆਮ ਮੱਨੁਖ ਨੂੰ ਵੀ ਹੈ। ਗੁਰੂ
ਅਰਜਨ ਸਾਹਿਬ ਨੂੰ ਵੀ ਇਹ ਗੱਲ ਬਥੇਰੀਂ ਚੰਗੀ ਤਰ੍ਹਾਂ ਨਾਲ ਪਤਾ ਸੀ ਕਿ ਗੁਰਮਤਿ ਲਹਿਰ ਦੀ ਕੇਂਦਰੀ
ਵਿਸ਼ਾ-ਵਸਤੂ, ਗੁਰਬਾਣੀ ਦੀ ਵੀ ਨਕਲ, ਉਹ ਮੱਨੁਖ ਜਰੂਰ ਕਰਣਗੇਂ ਜੋ ਗੁਰੂ ਨਾਨਕ ਸਾਹਿਬ ਦੇ ਮਹਾਨ
ਫਲਸਫੇ ਨਾਲ ਦਿਲੋ ਦਿਲੀ ਨਫਰਤ ਪਾਲੀ ਬੈਠੇ ਹਨ। ਇਸ ਦੀ ਪ੍ਰੋਣਤਾ ਕਰਦੇ ਹੋਏ ਖੁਸ਼ਵੰਤ ਸਿੰਘ ਆਪਣੀ
ਪੁਸਤਕ ਸਿੱਖ ਇਤਿਹਾਸ ਵਿੱਚ ਲਿਖਦੇ ਹਨ, “ਗੁਰੂ ਅਰਜਨ ਸਾਹਿਬ ਨੇ ਦੇਖਿਆ ਕਿ ਪ੍ਰਿਥੀ ਚੰਦ ਆਪਣੀਆਂ
ਆਪ ਹੁਦਰੀਆ ਕਰ ਰਿਹਾ ਹੈ। ਪਵਿਤਰ ਲਿਖਤਾਂ ਦੀ ਇੱਕ ਹੋਰ ਪੋਥੀ ਵੀ ਤਿਆਰ ਕਰਨੀ ਅਰੰਭੀ ਹੋਈ ਹੈ।
ਜਿਸ ਵਿੱਚ ਉਹ ਆਪਣੀਆਂ ਰਚਨਾਵਾਂ ਵੀ ਅੰਕਿਤ ਕਰ ਰਿਹਾ ਸੀ। “ ਇਹ ਹੀ ਵਡਾ ਕਾਰਣ ਸੀ ਜਿਸ ਲਈ ਗੁਰੂ
ਅਰਜਨ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾਈ। ਗੁਰੂ ਸਾਹਿਬ ਨੂੰ ਇਸ ਬਾਰੇ ਵੀ
ਪੂਰਾ ਧਿਆਨ ਸੀ ਕਿ ਗ੍ਰੰਥ ਦੀ ਸਪੂਰੰਣਤਾ ਤੋਂ ਬਾਦ ਵੀ ਇਸ ਵਿੱਚ ਮਿਲਾਵਟ ਕਰਣ ਦੇ ਜਤਨ ਕੀਤੇ
ਜਾਣਗੇਂ। ਜੋ ਇਤਿਹਾਸ ਗਵਾਹ ਹੈ ਕਿ ਗੁਰਮਤਿ ਫਲਸਫੇ ਪ੍ਰਤੀ ਦੂਸ਼ਿਤ ਭਾਵਨਾ ਰਖਣ ਵਾਲਿਆਂ ਨੇ ਸ਼੍ਰੀ
ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿੱਚ ਮਿਲਾਵਟ ਕਰਣ ਦਾ ਜਤਨ ਵੀ ਯਥਾ-ਸ਼ਕਤੀ ਕੀਤਾ ਹੈ। ਗੁਰੂ
ਅਰਜਨ ਸਾਹਿਬ ਨੇ ਮਿਲਾਵਟ ਨੂੰ ਰੋਕਣ ਦੇ ਉਦੇਸ਼ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਐਸੀ ਤਰਤੀਬ
ਤਿਆਰ ਕੀਤੀ ਜਿਸ ਨਾਲ ਕੋਈ ਵੀ ਬਾਣੀ ਰਲਾ ਪਾਣਾ ਸੰਭਵ ਨਹੀਂ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਦੀ ਵਿਚਾਰ ਕਰੀਏ ਤੇ ਸਾਰੀ ਬਾਣੀ ਕਾਵਿ ਸਰੂਪ ਹੈ। ਬੀੜ ਤਿਆਰ
ਕਰਦੇ ਸਮੇਂ ਗੁਰੂ ਅਰਜਨ ਸਾਹਿਬ ਨੇ ਇੱਕ ਇੱਕ ਪੰਕਤੀ-ਪਦੇ ਦੇ ਜੋੜ ਅਤੇ ਸ਼ਬਦਾਂ ਦੇ ਜੋੜ ਕੀਤੇ ਹਨ।
ਜਿਸ ਨਾਲ ਕੋਈ ਮਿਲਾਵਟ ਕਰ ਪਾਣਾ ਸੌਖਾ ਕਾਜ ਨਹੀਂ ਹੈ। ਬਾਣੀ ਦਾ ਰਾਗਾਂ ਦੇ ਕ੍ਰਮ ਵਿੱਚ ਹੋਣਾ ਵੀ,
ਮਿਲਾਵਟ ਕਰਣ ਵਾਲਿਆ ਦੇ ਹੋਸਲੇ ਪਸਤ ਕਰ ਦੇਂਦਾ ਹੈ। ਇਸ ਤੋਂ ਬਾਦ ਗ੍ਰੰਥ ਸਾਹਿਬ ਦੇ ਅੰਤ ਵਿੱਚ
ਬਾਣੀ ਦੀ ਸਮਾਪਤੀ ਤੇ ਗੁਰੁ ਸਾਹਿਬ ਨੇ ਆਪਣੀ ਮੁਹਰ ਵੀ ਵਰਤ ਦਿਤੀ ਹੈ, ਜਿਸ ਨਾਲ ਕੋਈ ਵੀ ਮੰਦੀ
ਭਾਵਨਾ ਨਾਲ ਬੀੜ ਸਾਹਿਬ ਦੇ ਅੰਤ ਤੇ ਕਿਸੀ ਹੋਰ ਬਾਣੀ ਦੀ ਮਿਲਾਵਟ ਕਰਕੇ ਸਿੱਖਾਂ ਨੂੰ ਭ੍ਰਮਾਂ
ਨਹੀਂ ਸਕਦਾ ਹੈ। ਆਪਣੀ ਮੁਹਰ ਨਾਲ ਹੀ ਗੁਰੂ ਅਰਜਨ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ
ਸੰਪੂਰਣਤਾ ਕਰਦੇ ਹੋਏ ਪਰਮਾਤਮਾ ਦਾ ਸਾਰੇ ਕਾਜ ਨੂੰ ਸਿਰੇ ਚੜਾਉਂਣ ਲਈ ਸ਼ੁਕਰਾਨਾ ਕਰਣ ਲਈ ਇੱਕ ਸਲੋਕ
ਵੀ ਦਰਜ ਕੀਤਾ ਹੈ।
ਮੁੰਦਾਵਣੀ ਮਹਲਾ ੫
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ।।
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ।।
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ।।
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ।।
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ।। ੧।।
ਸਲੋਕ ਮਹਲਾ ੫।।
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ।।
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ।।
ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ।।
ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ।। ੧।।
ਇਸ ਸ਼ਬਦ ਦੇ ਸਿਰ ਲੇਖ ਵਿੱਚ ਗੁਰੂ ਸਾਹਿਬ ਨੇ ਮੁੰਦਾਵਣੀ ਸ਼ਬਦ ਨੂੰ ਵਰਤਿਆ ਹੈ। ਮੁੰਦਾਵਣੀ ਸ਼ਬਦ
ਕਿਸੀ ਰਾਗ ਵਿਦਿਆ ਜਾਂ ਕਾਵਿ ਨਾਲ ਸਬੰਧਤ ਨਹੀਂ ਹੈ। ਇਸ ਦੇ ਅਰਥ ਕਰਦੇ ਹੋਏ ਭਾਈ ਕਾਹਨ ਸਿੰਘ ਜੀ
ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਹਨ, “ਮੁਦ੍ਰਣ (ਮੁਹਰ ਛਾਪ ਲਾਉਣ) ਦੀ ਕ੍ਰਿਯਾ. ਮੁੰਦਣਾ ਸ਼੍ਰੀ ਗੁਰੂ
ਗ੍ਰੰਥ ਸਾਹਿਬ ਵਿੱਚ ਮੁੰਦਾਵਣੀ ਸ਼ਬਦ ਦੋ ਥਾਈਂ ਆਇਆ ਹੈ। ਭਾਰਤ ਵਿੱਚ ਰੀਤਿ ਹੈ ਕਿ ਮਹਾਰਾਜਿਆਂ ਦੇ
ਖਾਨ ਪਾਨ ਦਾ ਪ੍ਰਬੰਧ ਕਰਨ ਵਾਲਾ ਸਰਦਾਰ, ਆਪਣੇ ਸਾਮ੍ਹਣੇ ਭੋਜਨ ਤਿਆਰ ਕਰਵਾ ਕੇ ਦੇਗਚੇ ਆਦਿਕ
ਬਰਤਨਾਪੁਰ ਮੁਹਰ ਲਾ ਦਿੰਦਾ ਹੈ, ਤਾਕਿ ਕੋਈ ਅਸ਼ੂਭਚਿੰਤਕ ਜਹਿਰ ਆਦਿ ਭੋਜਨ ਵਿੱਚ ਨਾ ਮਿਲਾ ਸਕੇ ਫੇਰ
ਜਦ ਥਾਲ ਪਰੋਸਦਾ ਹੈ ਤਦ ਭੀ ਥਾਲ ਪੁਰ ਸਰਪੋਸ਼ ਦੇ ਕੇ ਮੁਹਰ ਲਾ ਦਿੰਦਾ ਹੈ, ਅਰ ਉਹ ਮੁਹਰ ਜਿਮੇਵਾਰ
ਸਰਦਾਰ ਦੇ ਰੂਬਰੂ ਮਹਾਰਾਜਾ ਦੇ ਸੰਨਮੁਖ ਖੋਲ੍ਹੀ ਜਾਂਦੀ ਹੈ। ਇਸ ਉਪਰਲੇ ਭਾਵ ਨੂੰ ਲੈ ਕੇ ਇਹ ਵਾਕ
ਹੈ “ਏਹ ਮੁੰਦਾਵਣੀ ਸਤਿਗੁਰੂ ਪਾਈ ਗੁਰਸਿਖਾਂ ਲਧੀ ਭਾਲਿ।। “ (ਮ: ੩ ਵਾਰ ਸੋਰਠਿ) ਭਾਵ ਇਹ ਹੈ ਕਿ
ਗੁਰ ਉਪਦੇਸ਼ ਸਿੱਖਾਂ ਦੇ ਮਨ ਦ੍ਰਿੜ ਕਰਾ ਕੇ ਸਤਿਗੁਰੂ ਨੇ ਸਿਖ ਮਰਯਾਦਾ ਦੀ ਮੁਹਰਛਾਪ ਲਾ ਦਿਤੀ ਹੈ,
ਤਾਕਿ ਨਿਯਮਾਂ ਵਿੱਚ ਗੜਬੜ ਨਾ ਹੋਵੇਂ।
ਦੂਜਾ- “ਮੁੰਦਾਵਣੀ ਮ: ੫” ਸਰਲੇਖ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਭੋਗ ਪੂਰ ਪਾਦ ਹੈ, ਜਿਸ ਦਾ
ਭਾਵ ਅੰਤਿਮ ਮੁਹਰ ਛਾਪ ਹੈ। ਸਮਾਪਤੀ ਪੁਰ ਮੁਦ੍ਰਣ ਕਰਕੇ ਇਹ ਉਪਦੇਸ਼ ਹੈ ਕਿ ਇਥੇਂ ਧਰਮ ਗ੍ਰੰਥ ਦੇ
ਪਾਠ ਦਾ ਭੋਗ ਹੈ। “
ਇਸ ਤੋਂ ਸਿੱਧਾ ਜਿਹਾ ਭਾਵ ਹੈ ਕਿ ਮੁੰਦਾਵਣੀ ਸ਼ਬਦ ਦਾ ਅਰਥ ਮੁਹਰ ਹੈ। ਇਸ ਸਬੰਧ ਵਿੱਚ ਗਿ: ਦਿੱਤ
ਸਿੰਘ ਜੀ ਆਪਣੀ ਪੁਸਤਕ ‘ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੁੰਦਾਵਣੀ` ਵਿੱਚ ਮੁੰਦਾਵਣੀ ਲਈ
ਲਿਖਦੇ ਹਨ, “ਲਿਖਾਈ ਨੂੰ ਬੰਦ ਕਰ ਦੇਣ ਦਾ ਭਾਵ ਹੈ, ਅਗੇ ਕੁੱਝ ਨਾ ਲਿਖਿਆ ਜਾਵੇ। ਮੁੰਹ ਬੰਦ ਕਰਣ
ਦਾ ਨਾਮ ਹੀ ਮੁੰਦਾਵਣੀ ਹੀ ਹੈ। ਗੁਰੂ ਜੀ ਨੇ ਇਸ ਮੁੰਦਾਵਣੀ ਦੁਆਰਾ ਅਗੇ ਨੂੰ ਇਸ ਗੱਲ ਦਾ ਨੇਮ
ਕੀਤਾ ਕਿ ਕੋਈ ਹੋਰ ਬਾਣੀ ਨਾ ਚਣਾਈ ਜਾਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਭੋਗ ਮੁੰਦਾਵਣੀ ਉਤੇ ਹੈ।
“
ਇਥੇਂ ਤਕ ਦੀ ਵਿਚਾਰ ਨਾਲ ਇਨ੍ਹਾਂ ਤੱਥਾਂ ਨੂੰ ਪ੍ਰੋਣਤਾ ਮਿਲਦੀ ਹੈ ਕਿ ਗੁਰੂ ਅਰਜਨ ਸਾਹਿਬ ਨੇ
ਗੁਰਬਾਣੀ ਵਿੱਚ ਮਿਲਾਵਟ ਨਾ ਹੋ ਸਕੇਂ, ਇਸੇ ਟੀਚੇ ਨੂੰ ਹੀ ਮੁਖ ਰਖ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ
ਦੀ ਬੀੜ ਤਿਆਰ ਕਰਵਾਈ ਸੀ ਤੇ ਉਸ ਦੀ ਬਣਤਰ ਇਸ ਤਰ੍ਹਾਂ ਨਾਲ ਕੀਤੀ ਕੀ ਕੋਈ ਵੀ ਮੰਦ ਭਾਵਨਾ ਨਾਲ
ਬੀੜ ਸਾਹਿਬ ਵਿੱਚ ਕੋਈ ਮਿਲਾਵਟ ਨਾ ਕਰ ਸਕੇ।
ਪ੍ਰੌ: ਸਾਹਿਬ ਸਿੰਘ ਜੀ ਆਪਣੀ ਪੁਸਤਕ ਜੀਵਨ ਬ੍ਰਿਤਾਂਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਿੱਚ ਗੁਰੂ
ਅਰਜਨ ਸਾਹਿਬ ਵਲੋਂ ਬੀੜ ਸਾਹਿਬ ਤਿਆਰ ਕਰਣ ਦੇ ਪਿਛੋ ਦੇ ਹਲਾਤਾਂ ਬਾਰੇ ਲਿਖਦੇ ਹਨ, “ਪਰ ਇਹ ਇੱਕ
ਬੀੜ ਸਾਰੀ ਕੋਮ ਵਾਸਤੇ ਕਾਫੀ ਨਹੀਂ ਸੀ, ਗੁਰੂ ਅਰਜਨ ਸਾਹਿਬ ਦੇ ਵੇਲੇ ਹੀ ਕਈ ਉਤਾਰੇ ਹੋ ਗਏ।
ਅਨੇਕਾਂ ਲਿਖਾਰੀਆਂ ਨੇ ਇਸੇ ਕੰਮ ਨੂੰ ਆਪਣਾ ਕਿੱਤਾ ਬਣਾ ਲਿਆ। ਹਰੇਕ ਗੁਰੂ ਵਿਅਕਤੀ ਦੇ ਸਮੇ ਗੁਰੂ
ਗ੍ਰੰਥ ਸਾਹਿਬ ਦੇ ਉਤਾਰੇ ਕੀਤੇ ਜਾਂਦੇ ਰਹੇ।”
ਆਮ ਤੋਰ ਤੇ ਵਿਦਵਾਨ ਸੱਜਣ ਇਹ ਮੰਨਦੇ ਹਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਗੁਰੂ
ਗੋਬਿੰਦ ਸਿੰਘ ਸਾਹਿਬ ਵਲੋਂ ਤਿਆਰ ਕਰਵਾਈ ਗਈ। ਇਸੇ ਬੀੜ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ
ਪਿਤਾ ਗੁਰਦੇਵ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਵੀ ਗੁਰੂ ਆਜਨ ਸਾਹਿਬ ਵਲੋਂ ਸੰਪਾਦਿਤ
ਬੀੜ ਸਾਹਿਬ ਵਿੱਚ ਦਰਜ ਕਰ ਦਿੱਤਾ। ਪ੍ਰਿ: ਤੇਜਾ ਸਿੰਘ ਜੀ ਤੇ ਡਾ: ਗੰਡਾ ਸਿੰਘ ਜੀ ਆਪਣੀ ਪੁਸਤਕ
ਸਿੱਖ ਇਤਿਹਾਸ ਵਿੱਚ ਵਿਚਾਰ ਦੇਂਦੇ ਹਨ, “ਪਿਛਲੇਰੇ ਲਿਖਾਰੀਆਂ ਅਨੁਸਾਰ ਉਨ੍ਹਾਂ ਨੇ ਸਾਰਾ ਗੁਰੂ
ਗ੍ਰੰਥ ਸਾਹਿਬ ਜਬਾਨੀ ਹੀ ਲਿਖਵਾ ਦਿੱਤਾ ਸੀ ਅਤੇ ਇਸ ਵਿੱਚ ਆਪਣੇ ਪਿਤਾ ਜੀ ਦੀ ਬਾਣੀ ਸ਼ਾਮਿਲ ਕਰਕੇ
ਮੁਕੰਮਲ ਕੀਤਾ। ਯਾਦ ਸ਼ਕਤੀ ਦੀ ਇਸ ਕਰਾਮਾਤ ਦਾ ਜਿਕਰ ‘ਗੁਬਿਲਾਸ` ਅਤੇ ‘ਸੂਰਜਪ੍ਰਕਾਸ਼` ਵਿੱਚ ਨਹੀਂ
ਆਉਂਦਾ। ਇਹ ਗੱਲ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਇਸ ਥਾਂ ਬੈਠ ਕੇ ਗੁਰੂ ਗ੍ਰੰਥ ਸਾਹਿਬ ਵਿੱਚ
ਚੜਾਈ ਸੀ ਇਸ ਤੋਂ ਖੰਡਿਤ ਹੁੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਬੀੜ ਉਪਰ ੧੭੪੮ ਬਿਕਰਮੀ
(੧੬੯੧ ਈ: ) ਦੀ ਮਿਤੀ ਲਿਖੀ ਹੋਈ ਹੈ ਅਤੇ ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਆਪਣੀ ਸਹੀ
ਥਾਂ ਉਤੇ ਦਰਜ ਹੈ, ਪਟਨੇ ਵਿੱਚ ਸੰਭਲੀ ਹੋਈ ਹੈ। ਅਜਿਹੀ ਇੱਕ ਹੋਰ ਬੀੜ ਵੀ ਹੈ ਜੋ ਢਾਕੇ ਵਿੱਚ
ਮਿਲੀ ਹੈ ਜੋ ਇਸ ਤੋਂ ਪਹਿਲਾਂ ਦੀ ਹੈ ਤੇ ੧੬੭੫ ਈ: ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਗੱਦੀ ਉਪਰ
ਬੈਠਣ ਦੇ ਪਹਿਲੇ ਸਾਲ ਵਿੱਚ ਹੀ ਲਿਖੀ ਗਈ ਸੀ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਇਨ੍ਹਾਂ ਬੀੜਾਂ
ਵਿੱਚ ਦਰਜ ਹੋਣ ਦੇ ਬਾਵਜੂਦ ਇਹ ਮੰਨਣਾ ਪਵੇਗਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਅੰਤਮ ਰੂਪ, ਜੋ ਸਦਾ
ਲਈ ਨਿਧਾਰਤ ਹੋ ਗਿਆ, ਉਹ ਦਮਦਮਾ ਸਾਹਿਬ ਵਿੱਚ ਹੀ ਕੀਤਾ ਗਿਆ ਸੀ। ਮੁੜ ਸੰਕਲਨ ਦੇ ਇਸ ਕੰਮ ਵਿੱਚ
ਨਿਤਨੇਮ ਨੂੰ ‘ਸੋ ਪੁਰਖ` ਦੇ ਚਾਰ ਸ਼ਬਦ ਪਾ ਕੇ ਮੁਕੰਮਲ ਕਰਨਾ ਅਤੇ ਕੂਝ ਅਜਿਹੇ ਵਾਧੂ ਸ਼ਬਦਾਂ ਨੂੰ
ਕਢਣਾ ਜੋ ਕੁੱਝ ਬੀੜ ਦੇ ਅੰਤ ਵਿੱਚ ਨਾਜਾਇਜ ਹੀ ਸ਼ਾਮਿਲ ਕਰ ਦਿਤੇ ਗਏ ਸਨ ਅਤੇ ਕਿਤੇ ਕਿਤੇ ਸ਼ਬਦ ਜੋੜ
ਨੂੰ ਠੀਕ ਕਰਣ ਦੇ ਕੰਮ ਸ਼ਾਮਿਲ ਹਨ।
ਇਥੇ ਇਹ ਵਿਚਾਰ ਸਵੈ ਚਿਤ ਹੀ ਦ੍ਰਿੜ ਹੁੰਦੀ ਹੈ ਕਿ ਗੁਰੂ ਅਰਹਨ ਸਾਹਿਬ ਨੇ ਬਾਣੀ ਵਿੱਚ ਨਾਜਾਇਜ
ਮਿਲਗੋਭੇ ਨੂੰ ਰੋਕਣ ਲਈ ਹੀ ਸਾਰੀ ਬਾਣੀ ਨੂੰ ਇੱਕ ਜਿੱਲਦ ਕਰਵਾਇਆ। ਜਿਸ ਵਿੱਚ ਉਨ੍ਹਾਂ ਨੇ ਬਾਣੀ
ਵਿੱਚ ਦੂਸ਼ਿਤ ਭਾਵਨਾ ਨਾਲ ਬਾਣੀ ਜੋੜਨ ਨੂੰ ਰੋਕਣ ਲਈ ਇੱਕ ਬੇਹੱਤਰੀਨ ਤਰਤੀਬ ਦੇ ਨਾਲ ਅੰਤ ਵਿੱਚ
ਮੁੰਦਾਵਣੀ (ਮੁਹਰ) ਨੁੰ ਅੰਕਿਤ ਕੀਤਾ। ਠੀਕ ਉਸੀ ਤਰ੍ਹਾਂ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ
ਬਾਣੀ ਪ੍ਰਤਿ ਸੁਚੇਤ ਰਹਿੰਦੇ ਹੋਏ, ਪਿਤਾ ਗੁਰਦੇਵ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਵੀ
ਠੀਕ ਉਸੀ ਤਰਤੀਬ ਵਿੱਚ ਹੀ ਦਰਜ ਕੀਤਾ, ਜੋ ਗੁਰੂ ਅਰਜਨ ਸਾਹਿਬ ਨੇ ਤਰਤੀਬ ਬਣਾਈ ਸੀ ਤੇ ਉਸ
ਮੁਤਾਬਿਕ ਜਿਥੇਂ ਆਉਣੀ ਚਾਹੀਦੀ ਸੀ, ਉਥੇ ਹੀ ਦਰਜ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੀੜ ਦੇ
ਅੰਤ ਵਿੱਚ ਮੁੰਦਾਵਣੀ (ਮੁਹਰ) ਵੀ ਉਹੀ ਵਰਤੀ ਜੋ ਗੁਰੂ ਅਰਜਨ ਸਾਹਿਬ ਨੇ ਲਾਈ ਸੀ। ਉਨ੍ਹਾਂ ਨੇ
ਆਪਣੇ ਕੋਲੋ ਨਾ ਤੇ ਕੋਈ ਤਰਤੀਬ ਵਿੱਚ ਹੀ ਤਬਦੀਲੀ ਕੀਤੀ ਤੇ ਨਾ ਹੀ ਮੁੰਦਾਵਣੀ (ਮੁਹਰ) ਬਦਲੀ। ਜਿਸ
ਦਾ ਕਾਰਣ ਸਪਸ਼ਟ ਹੈ ਕਿ ਉਹ ਕਿਸੀ ਵੀ ਤਰੀਕੇ ਨਾਲ ਸਿੱਖਾਂ ਵਿੱਚ ਭ੍ਰਮ ਪੈਦਾ ਨਹੀਂ ਕਰਨਾ ਚਾਉਂਦੇ
ਸੀ। ਹਮੇਸ਼ਾ ਤੋਂ ਹੀ ਗੁਰਬਾਣੀ ਪ੍ਰਤੀ ਦੂਸ਼ਿਤ ਭਾਵਨਾ ਰੱਖਣ ਵਾਲੇ, ਦੂਸ਼ਟਜਨ ਸਿੱਖਾਂ ਨੂੰ ਸਦਾ ਹੀ
ਭੁਲੇਖੇ ਵਿੱਚ ਪਾਉਣਾ ਚਾਹੁੰਦੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਉਨ੍ਹਾਂ ਦੀ ਮੰਦ ਭਾਵਨਾ
ਦਾ ਬੜਾ ਹੀ ਸਟੀਕ ਅੰਦਾਜਾ ਸੀ।
ਇਸ ਬਾਬਤ ਪ੍ਰਿ: ਸਤਿਬੀਰ ਸਿੰਘ ਜੀ ਆਪਣੀ ਪੁਸਤਕ ‘ਪੁਰਖ ਭਗਵੰਤ` ਵਿੱਚ ਲਿਖਦੇ ਹਨ, “ਅੰਤਮ ਸਮਾਂ
ਨੇੜੇ ਜਾਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਕੋਲ ਸੱਦਿਆ ਤੇ ਗੁਰੂ ਗਰੰਥ ਸਾਹਿਬ ਨੂੰ
ਗੁਰੂ ਹੋਣ ਦਾ ਐਲਾਨ ਕੀਤਾ ਤੇ ਫਰਮਾਇਆ: ‘ਗੁਰੂ ਗਰੰਥ` ਦੇ ਤਾਬਿਆ ਪੰਥ, ਗੁਰੂ ਪੰਥ ਹੋਵੇਗਾ।
ਸਰੀਰਕ ਗੁਰੂ ਦੀ ਪਰਪਾਟੀ ਖਤਮ ਕਰ ਦਿੱਤੀ ਹੈ। ਆਪੂੰ ਗੁਰੂ ਗਰੰਥ ਸਾਹਿਬ ਅਗੇ ਸਿਰ ਝੁਕਾਇਆ ਤੇ ਚੌਰ
ਕੀਤਾ। ਜਿਵੇਂ ਖਾਲਸੇ ਨੂੰ ਸਰੀਰਕ ਜਾਮਾ ਬਖਸ਼ਣ ਵੇਲੇ ਗੋਡੇ ਪਰਨੇ ਹੋ ਕੇ ਪੰਜਾਂ ਕੋਲੋ ਅੰਮ੍ਰਿਤ
ਛਕਿਆ ਸੀ। ਇਸ ਵਾਰ ਆਪੂੰ ਹੀ ਚੌਰ ਝਲਾਇਆ ਤੇ ਆਪੂੰ ਹੀ ਗੁਰੂ ਗਰੰਥ ਸਾਹਿਬ ਨੂੰ ਗੁਰੂ ਹੋਣ ਦਾ
ਐਲਾਨ ਕੀਤਾ। ਇਹ ਇਹਤਿਆਤ ਇਸ ਲਈ ਵਰਤੀ ਕਿਉਂਕਿ ਗੁਰੂ ਜੀ ਦੇਖ ਰਹੇ ਸਨ ਜਦ ਬਾਬਾ ਬੁੱਢਾ ਜੀ ਨੇ
ਗੁਰੂ ਅੰਗਦ ਦੇਵ ਜੀ ਨੂੰ ਗੁਰ-ਗੱਦੀ ਤੇ ਬਿੱਠਾ ਕੇ ਗੁਰੂ ਹੋਣ ਦਾ ਐਲਾਨ ਕੀਤਾ ਤਾਂ ਬਾਬਾ ਸ਼੍ਰੀ
ਚੰਦ ਗੁੱਸੇ ਹੋ ਗਏ, ਬਾਬਾ ਲਖਮੀ ਚੰਦ ਜੀ ਨਾਰਾਜ ਹੋ ਗਏ। ਫਿਰ ਜਦ ਗੁਰੂ ਅੰਗਦ ਦੇਵ ਜੀ ਨੇ ਗੁਰੂ
ਅਮਰਦਾਸ ਜੀ ਨੂੰ ਗੁਰੂ ਥਾਪ ਕੇ ਬਾਬਾ ਬੁੱਢਾ ਜੀ ਦੇ ਹਥੋਂ ਤਿਲਕ ਲਵਾਇਆ ਤਾਂ ਦਾਤੂ ਜੀ ਲੱਤ ਮਾਰੀ
ਤੇ ਦਾਸੂ ਜੀ ਨੇ ਬਹੁਤ ਰੋਸ ਮਨਾਇਆ। ਫਿਰ ਜਦ ਗੁਰੂ ਅਮਰਦਾਸ ਜੀ ਨੇ ਗੁਰ-ਗੱਦੀ ਗੁਰੂ ਰਾਮ ਦਾਸ ਜੀ
ਨੁੰ ਦਿੱਤੀ ਤੇ ਬਾਬਾ ਬੁੱਢਾ ਜੀ ਨੇ ਚੌਰ ਝੁਲਾਇਆ ਤਾਂ ਬਾਬਾ ਮੋਹਣ ਜੀ ਕਮਲੇ ਹੋ ਗਏ ਤੇ ਮੋਹਰੀ ਜੀ
ਕੁੱਝ ਚਿਰ ਵਿਟਰੇ ਰਹੇ, ਪਿਛੋਂ ਕਿਧਰੇ ਜਾ ਕੇ ਸਿਰ ਝੁਕਾਇਆ। ਗੁਰੂ ਅਰਜਨ ਜੀ ਹੱਥ ਜਦ ਗੁਰੀਆਈ ਆਈ
ਬਾਬਾ ਬੁੱਢਾ ਜੀ ਨੇ ਤਖਤ ਤੇ ਬਿਠਾਇਆ ਤਾਂ ਭਰੇ ਦਿਵਾਨ ਵਿੱਚ ਵੱਡੇ ਭਰਾ ਪ੍ਰਿਥੀ ਚੰਦ ਜੀ ਨੇ ਗੁਰੂ
ਜੀ ਦਾ ਅਪਮਾਨ ਕੀਤਾ ਤੇ ਵਿਰੋਧੀ ਹੋ ਗਏ। ਫਿਰ ਗੁਰੂ ਹਰਿ ਗੋਬਿੰਦ ਨੂੰ ਬਾਬਾ ਬੁੱਢਾ ਜੀ ਨੇ ਦੋ
ਕ੍ਰਿਪਾਨਾ ਪਹਿਣਾ ਕੇ ਗੁਰੂ ਹੋਣ ਦਾ ਐਲਾਨ ਭਾਈ ਭਾਨਾ ਜੀ (ਬਾਬਾ ਬੁੱਢਾ ਜੀ ਦੇ ਸਪੁਤਰ) ਨੇ ਕੀਤਾ
ਤਾਂ ਧੀਰ ਮਲ ਜੀ ਨੇ ਸਾਜਸ਼ਾਂ ਦਾ ਜਾਲ ਹੀ ਵਿਛਾ ਦਿੱਤਾ। ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੁਰੂ-ਗੱਦੀ
ਤੇ ਭਾਨਾ ਜੀ ਨੇ ਬਿਠਾਇਆ ਤਾਂ ਬਾਬਾ ਰਾਮ ਰਾਇ ਔਰੰਗਜੇਬ ਨਾਲ ਹੀ ਜਾ ਮਿਲੇ। ਗੁਰੂ ਤੇਗ ਬਹਾਦਰ ਜੀ
ਵੇਲੇ ਬਾਬਾ ਗੁਰਦਿੱਤਾ ਜੀ (ਬੱਢਾ ਜੀ ਦੇ ਪੋਤਰੇ) ਨੇ ਗੁਰੂ ਹਰਿ ਕ੍ਰਿਸ਼ਨ ਜੀ ਦੀ ਮਰਜੀ ਦਾ
ਪਰਗਟਾਵਾ ਕੀਤਾ ਤਾਂ ੨੨ ਗੁਰੂ ਬਣ ਬੈਠੇ। ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰ-ਗੱਦੀ ਤੇ ਜਦ ਬਾਬਾ
ਰਾਮਕੁਇਰ (ਬੁੱਢਾ ਜੀ ਦੇ ਪੜਪੋਤਰੇ) ਨੇ ਹੱਥੀਂ ਬਿਠਾਇਆਤਾਂ ਕਈ ਦੰਭੀ ਉਗ ਪਏ। ਇਸ ਵਾਰੀ ਗੁਰੂ ਜੀ
ਆਪੂੰ ਹੀ ਗੁਰੂ ਗਰੰਥ ਸਾਹਿਬ ਨੂੰ ਗੁਰੂ ਹੋਣ ਦਾ ਐਲਾਨ ਕੀਤਾ, ਆਪ ਹੀ ਚੌਰ ਝੁਲਾਇਆ। ਆਪ ਹੀ
ਪ੍ਰਕਾਸ਼ ਕੀਤਾ ਤਾਂ ਕਿ ਕੋਈ ਤੇ ਕਿਸੇ ਕਿਸਮ ਦਾ ਭੁਲੇਖਾ ਪੰਥ ਵਿੱਚ ਨਾ ਰਹੇ। “
ਇਸ ਤਰ੍ਹਾਂ ਦੇ ਹਲਾਤਾਂ ਵਿੱਚ ਜੇ ਕੋਈ ਗੁਰੂ ਘਰ ਤੋਂ ਸਣਨ ਵਾਲਾ ਦੁਸ਼ਟ ਮੱਨੁਖ ਸ਼੍ਰੀ ਗੁਰੂ ਗ੍ਰੰਥ
ਸਾਹਿਬ ਵਿੱਚ ਸਿੱਖਾਂ ਨੂੰ ਭੁਲੇਖੇ ਵਿੱਚ ਪਾਉਣ ਦੇ ਉੱਦੇਸ਼ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਕੱਚੀ
ਬਾਣੀ ਰਲਾਣ ਦਾ ਜਤਨ ਕਰੇ ਤੇ ਕੋਈ ਵੱਡੀ ਹੈਰਾਣੀ ਵਾਲੀ ਗੱਲ ਨਹੀਂ ਹੋਵੇਗੀਂ। ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀਆ ਬੀੜਾਂ ਦੇ ਉਤਾਰੇ ਕਰਣ ਦੀ ਸੇਵਾ ਗੁਰੂ ਅਰਜਨ ਸਾਹਿਬ ਦੇ ਵੇਲੇ ਤੋਂ ਹੀ ਹੋ ਰਹੀ
ਸੀ। ਏਸਾ ਨਹੀਂ ਕਿ ਇਨ੍ਹਾਂ ਬੀੜਾਂ ਵਿੱਚ ਰੱਲਾ ਕਰਣ ਦੇ ਜਤਨ ਨਾ ਕੀਤੇ ਗਏ ਹੋਣ। ਜਦੋਂ ਖਾਲਸਾ
ਸ਼ਮਸ਼ੀਰ ਨਾਲ ਯੂਧ ਦੇ ਮੈਦਾਨ ਵਿੱਚ ਰੁਝਿਆ ਹੋਇਆ ਸੀ, ਉਸ ਵੇਲੇ ਏਸੇ ਜਤਨ ਕੀਤੇਂ ਵੀ ਗਏ। ਇਹ ਸਾਰੇ
ਜਤਨ, ਸਿੱਖਾਂ ਦੀ ਥੋੜੀ ਜੀ ਮਿਹਨਤ ਅਤੇ ਸੂਝ ਬੂਝ ਕਰਕੇ ਨਿਸ਼ਫਲਲ ਕਰ ਦਿੱਤੇ ਗਏ। ਇਨ੍ਹਾਂ ਰੱਲਾਂ
ਨੂੰ ਪੱਕਣਨ ਵਿੱਚ ਗੁਰੂ ਸਾਹਿਬ ਵਲੋ ਵਰਤੀ ਗਈ ਲਿਪੀ, ਸ਼ਬਦਾਂ ਅਤੇ ਪਦਿਆਂ ਦੇ ਜੋੜ ਤੇ ਤਰਤੀਬ ਦੇ
ਨਾਲ ਹੀ ਅੰਤਿਕਾ ਵਿੱਚ ਦਿੱਤੀ ਮੁੰਦਾਵੜੀ (ਮੁਹਰ) ਪੂਰੇ ਤੋਰ ਤੇ ਸਹਾਈ ਹੋਈ।
ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੀ ਵੀ ਪ੍ਰਕਾਰ ਦੀ ਮਿਲਾਵਟ ਨਹੀਂ ਕੀਤੀ ਜਾ ਸਕੀ ਤੇ ਇਹ
ਸਾਰੇ ਜਤਨ ਦਸਮ ਗ੍ਰੰਥ ਤੇ ਕੀਤੇ ਗਏ ਤੇ ਦਸਮ ਗ੍ਰੰਥ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ
ਇੱਕ ਹੋਰ ਗ੍ਰੰਥ ਬਣਾ ਕੇ ਖੜਾ ਕਰ ਦਿੱਤਾ ਗਿਆ। ਜਿਸਦੇ ਨਾਲ ਸਿੱਖ ਭਮਲਭੂਸੇ ਵਿੱਚ ਪੈ ਸਕਣ। ਮਹਾਨ
ਕੋਸ਼ ਵਿੱਚ ਭਾਈ ਕਾਹਨ ਸਿੰਘ ਜੀ ਨਾਭਾ ਨੇ ਦਸਮ ਗ੍ਰੰਥ ਦੇ ਰਚੇ ਜਾਣ ਦਾ ਸਮਾਂ ੧੭੨੧ ਈ: ਲਿਖਿਆ ਹੈ
ਜਦਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ੧੭੦੮ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ-ਗੱਦੀ ਬਖਸ਼
ਕੇ ਜੋਤਿ ਜੋਤ ਸਮਾਂ ਗਏ ਸੀ। ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਦਸਮ ਗ੍ਰੰਥ ਦੇ ਸਬੰਧ
ਵਿੱਚ ਇਹ ਵੇਰਵਾ ਦਿੱਤਾ ਹੈ, “ਮਾਤਾ ਸੁੰਦਰੀ ਜੀ ਦੀ ਆਗਿਆ ਅਨੁਸਾਰ ਸੰਮਤ ੧੭੭੮ (ਸੰਨ ੧੭੨੧) ਵਿੱਚ
ਭਾਈ ਮਨੀ ਸਿੰਘ ਜੀ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੇ ਗਰੰਥੀ ਥਾਪੇ ਗਏ। ਭਾਈ ਸਾਹਿਬ ਨੇ ਇਹ
ਸੇਵਾ ਬੜੇ ਉਤਮ ਢੰਗ ਨਾਲ ਨਿਭਾਈ ਅਤੇ ਸਿੱਖ ਧਰਮ ਦਾ ਪ੍ਰਚਾਰ ਚੰਗੀ ਤਰ੍ਹਾਂ ਨਾਲ ਕੀਤਾ। ਇਸ
ਅਧਿਕਾਰ ਵਿੱਚ ਹੋਰ ਪੁਸਤਕ ਰਚਣ ਤੋਂ ਛੁਟ, ਭਾਈ ਸਾਹਿਬ ਨੇ ਇੱਕ ਚੋਥੀ ਬੀੜ ਗੁਰੂ ਗਰੰਥ ਸਾਹਿਬ ਜੀ
ਦੀ ਬਣਾਈ, ਜਿਸ ਵਿੱਚ ਰਾਗਾਂ ਦੇ ਕ੍ਰਮ ਅਨੁਸਾਰ ਹਰੇਕ ਸਤਿਗੁਰੂ ਅਤੇ ਭਗਤ ਦੀ ਬਾਣੀ ਇੱਕ ਇੱਕ ਥਾਂ
ਜੁਦੀ ਕਰਕੇ ਲਿਖੀ। ਇਸ ਤੋ ਵਖ ਜਿਥੋਂ ਕਿਥੋਂ ਜਤਨ ਨਾਲ ਦਸਮ ਗੁਰੂ ਦੀ ਉਪਦੇਸ਼ਮਈ ਬਾਣੀ ਅਤੇ
ਸੰਸਕ੍ਰਿਤ ਗਰੰਥਾਂ ਦੇ ਅਨੁਵਾਦ ਇਕਤ੍ਰ ਕਰਕੇ ਇੱਕ ਜਿਲਦ “ਦਸਵੇਂ ਪਾਤਸ਼ਾਹ ਦਾ ਗਰੰਥ” ਦਾ ਨਾਮ ਕਰਕੇ
ਲਿਖੀ।
ਸ਼੍ਰੀ ਗੁਰੂ ਗਰੰਥ ਸਾਹਿਬ ਦੀ ਚੋਥੀ ਬੀੜ ਗੁਰੂ ਅਰਜਨ ਦੇਵ ਜੀ ਦੀ ਰਚਨਾ ਦੇ ਵਿਰੁਧ ਦੇਖ ਕੇ ਪੰਥ ਦਾ
ਭਾਈ ਸਾਹਿਬ ਉਤੇ ਵਡਾ ਕੋਪ ਹੋਇਆ ਅਤੇ ਗੁਰੂ ਖਾਲਸੇ ਨੇ ਬੀੜ ਅਪ੍ਰਮਾਣ ਕੀਤੀ। ਸੰਮਤ ੧੭੯੪ (ਸੰਨ
੧੭੩੭) ਵਿੱਚ ਭਾਈ ਮਨੀ ਸਿੰਘ ਜੀ, ਸਿੱਖੀ ਦਾ ਸੱਚਾ ਨਮੁਨਾ ਦਸ ਕੇ ਲਹੋਰ ਵਿੱਚ ਸ਼ਹੀਦ ਹੋਏ। ਇਨ੍ਹਾਂ
ਦੇ ਦੇਹਾਂਤ ਪੁਰ ਪੰਥ ਨੇ ਦਸਮ ਗਰੰਥ ਨੁੰ ਦਮਦਮੇ ਸਾਹਿਬ, ਜੋ ਉਸ ਸਮੇ ਵਿਦਿਆ ਦੀ ਟਕਸਾਲ (ਸਿੱਖਾਂ
ਦੀ ਕਾਸ਼ੀ ਕਰਕੇ ਪ੍ਰਸਿੱਧ) ਸੀ, ਵਿਚਾਰ ਲਈ ਭੇਜ ਦਿਤਾ। ਖਾਲਸਾ ਦਿਵਾਨ ਵਿੱਚ ਚਿਰ ਤੋੜੀ ਇਸ ਬੀੜ ਤੇ
ਚਰਚਾ ਹੋਈ। ਕਿਤਨਿਆ ਨੇ ਕਿਹਾ ਕਿ ਜੁਦੀ ਜੁਦੀ ਪੋਥੀਆਂ ਵਿੱਚ ਬਾਣੀ ਦਾ ਰਹਿਣਾ ਯੋਗ ਨਹੀਂ, ਇੱਕ
ਜਿਲਦ ਵਿੱਚ ਹੀ ਰਹਿਣਾ ਠੀਕ ਹੈ। ਕਈਆ ਨੇ ਆਖਿਆ ਕਿ ਇਸ ਬੀੜ ਦੀਆ ਜੁਦਿਆ ਜੁਦਿਆ ਪੋਥਿਆਂ ਰਹਿਣ,
ਜਿਨ੍ਹਾਂ ਨੂੰ ਅਧਿਕਾਰ ਅਨੁਸਾਰ ਗੁਣੀ ਗਿਆਨੀ, ਵਿਦਿਆਰਥੀ ਦੇ ਪਠਨ ਪਾਠਨ ਕਰ ਸਕਣ, ਬਹੁਤਿਆਂ ਨੇ
ਆਖਿਆ ਕਿ ਇਸ ਦੀਆਂ ਦੋ ਜਿਲਦਾਂ ਬਣਾਈਆਂ ਜਾਣ। ਇੱਕ ਵਿੱਚ ਉਹ ਬਾਣੀ ਹੋਵੇ ਜੋ ਸ਼੍ਰੀ ਕਲਗੀਧਰ ਦੀ
ਸ਼੍ਰੀ ਮੁਖ ਵਾਚ ਰਚਨਾ ਨੋਂ ਸਤਿਗੁਰਾਂ ਦੀ ਬਾਣੀ ਦੇ ਤੁਲ ਹੈ, ਅਰ ਦੂਜੀ ਵਿੱਚ ਇਤਿਹਾਸ ਆਦਿਕ ਲਿਖੇ
ਜਾਵਣ। ਬਹੁਤਿਆ ਨੇ ਰਾਇ ਦਿਤੀ ਕਿ ਹੋਰ ਸਭ ਬਾਣਿਆ ਤਾਂ ਭਾਈ ਮਨੀ ਸਿੰਘ ਜੀ ਦਿਆਂ ਲਿਖਿਆਂ ਜਿਉ ਦੀ
ਤਿਉ ਰਹਿਣ, ਪਰ (ਤ੍ਰਿਆ) ਚਰਿਤ੍ਰ ਅਤੇ ਜਫਰਨਾਮੇ ਦੇ ਨਾਲ ਜੋ ੧੧ ਹਕਾਯਤਾਂ ਲਿਖਿਆ ਹਨ, ਇਹ ਬੀੜ
ਤੋਂ ਅਲਗ ਕੀਤੀਆਂ ਜਾਣ।
ਇਸ ਤਰ੍ਹਾਂ ਹੋਰ ਤਰਕ ਵਿਤਰਕ ਚਿਰ ਤਾਈਂ ਹੁੰਦੀ ਰਹੀ, ਪਰ ਕੋਈ ਫੈਸਲਾ ਨਹੀਂ ਹੋਇਆ। ਇਤਨੇ ਵਿੱਚ
ਭਾਈ ਮਹਿਤਾਬ ਸਿੰਘ ਜੀ, ਮੱਸੇ ਰੰਗਣ ਦੇ ਹਥੋਂ ਸੰਮਤ ੧੭੯੭ (ਨੰਨ ੧੭੪੦ ਈ: ) ਵਿਚ, ਦਰਬਾਰ ਸਾਹਿਬ
ਅੰਮ੍ਰਿਤਸਰ ਜੀ ਉਪੜਨ ਲਈ ਰਾਹ ਜਾਂਦੇ, ਦਮਦਮੇ ਆ ਪੁਜੇ। ਪੰਥ ਨੇ ਉਨ੍ਹਾਂ ਦੀ ਰਾਇ ਭੀ ਦਸਮ ਗਰੰਥ
ਬਾਬਤ ਲਈ ਤਾਂ ਉਨ੍ਹਾਂ ਨੇ ਆਖਿਆ ਕਿ ਜੇ ਮੈਂ ਮੱਸੇ ਨੂੰ ਮਾਰ ਕੇ ਦਮਦਮੇ ਸਾਹਿਬ ਮੁੜ ਆਇਆ, ਤਾਂ
ਬੀੜ ਭਾਈ ਮਨੀ ਸਿੰਘ ਜੀ ਦੀ ਕਾਇਮ ਰਹੇ, ਜੇ ਮੈ ਅੰਮ੍ਰਿਤਸਰ ਵਿਖੇ ਸ਼ਹੀਦ ਹੋ ਗਿਆ ਤਾਂ ਜਿਲਦ ਖੋਲ
ਕੇ ਜੁਦਾ ਜੁਦਾ ਪੋਥਿਆ ਬਣਾਇਆ ਜਾਣ। ਭਾਈ ਮਹਿਤਾਬ ਸਿੰਘ ਜੀ ਬਹਾਦਰੀ ਨਾਲ ਪਾਮਰ ਅਨਯਾਈ ਮੱਸੇ ਨੂੰ
ਮਾਰ ਕੇ ਜੈਕਾਰੇ ਗਜਾਉਂਦੇ ਦਮਦਮੇ ਸਾਹਿਬ ਆਏ। ਪੰਥ ਨੇ ਭਾਈ ਮਹਤਾਬ ਸਿੰਘ ਦਾ ਭਾਰੀ ਸਨਮਾਨ ਕੀਤਾ
ਅਰ ਉਨ੍ਹਾਂ ਦੇ ਬਚਨ ਅਨੁਸਾਰ ਦਸਮ ਗ੍ਰੰਥ ਦੀ ਬੀੜ ਭਾਈ ਮਨੀ ਸਿੰਘ ਜੀ ਦੀ ਲਿਖੀ ਕਾਇਮ ਰਖੀ। ਦਸਮ
ਗ੍ਰੰਥ ਦੀ ਬੀੜ ਇੱਕ ਭਾਈ ਸੁਖਾ ਸਿੰਘ (ਪਟਨੇ ਸਾਹਿਬ ਦੇ ਗ੍ਰੰਥੀ) ਨੇ ਭੀ ਲਿਖੀ ਹੈ, ਜਿਸ ਵਿੱਚ
ਛੱਕੇ ਭਗੋਤੀ ਸਤੋਤ੍ਰ ਆਦਿਕ ਸ਼ਾਮਿਲ ਕਰ ਦਿਤੇ ਹਨ। ਅੰਞਾਣ ਅਤੇ ਮਨਮੋਜੀ ਲਿਖਾਰੀਆਂ ਦੀ ਕ੍ਰਿਪਾ ਨਾਲ
ਕਈ ਹੋਰ ਬੀੜਾਂ ਭੀ ਬਣ ਗਈਆਂ ਹਨ ਅਤੇ ਅਰਥਾਂ ਦੇ ਅਨਰਥ ਹੋ ਗਏ ਹਨ, ਪਰ ਕਿਸੇ ਗੁਰਮਤ ਪ੍ਰੇਮੀ ਨੇ
ਇਸ ਦੇ ਸੁਧਾਰ ਦਾ ਉਪਾਵ ਨਹੀਂ ਕੀਤਾ। ਭਾਵੇਂ ਬੀੜਾਂ ਤੇ ਬੇਅੰਤ ਹਨ, ਪਰ ਮੁਖ ਦੋ ਹੀ ਹਨ ਇੱਕ ਭਾਈ
ਮਨੀ ਸਿੰਘ ਜੀ ਦੀ; ਜਿਸ ਦਾ ਦੂਜਾ ਨਾਉ ਭਾਈ ਦੀਪ ਸਿੰਘ ਜੀ ਵਾਲੀ ਭੀ ਹੈ; ਦੂਜੀ ਭਾਈ ਸੁਖਾ ਸਿੰਘ
ਦੀ, ਜਿਨ ਨੂੰ ਲੋਕ ਖਾਸ ਬੀੜ ਕਰਕੇ ਵੀ ਸਦਦੇ ਹਨ। “
ਉਤੇ ਦਿਤੇ ਵਿਵਰਣ ਤੋਂ ਇਹ ਗੱਲ ਪੁਰੇ ਤਰੀਕੇ ਨਾਲ ਸਪਸ਼ਟ ਹੋ ਗਈ ਹੈ ਕਿ ਇਹ ਗ੍ਰੰਥ ਸ਼ੁਰੂ ਤੋ ਹੀ
ਵਿਵਾਦਾਂ ਵਿੱਚ ਰਹਿਆ ਹੈ। ਕਿਸੀ ਵਿਦਵਾਨ ਨੇ ਇਸ ਗ੍ਰੰਥ ਨੂੰ ਗੁਰੂ ਕ੍ਰਿਤ ਮਨਿਆ ਹੈ ਤੇ ਕਿਸੀ ਨੇ
ਪੂਰੇ ਤਰੀਕੇ ਨਾਲ ਹੀ ਨਾਕਾਰ ਦਿੱਤਾ ਹੈ। ਕਿਸੇ ਨੇ ਸਾਰਿਆ ਬਾਣਿਆਂ ਨੁੰ ਗੁਰੂ ਕ੍ਰਿਤ ਮੰਨਿਆ ਹੈ
ਤੇ ਕਈਆਂ ਨੇ ਕੁੱਝ ਬਾਣਿਆਂ ਨੂੰ ਗੁਰੁ ਕ੍ਰਿਤ ਮੰਨਿਆ ਹੈ ਤੇ ਕਿਸੇ ਨੇ ਕਿਸੀ ਹੋਰ ਬਾਣੀ ਨੂੰ ਆਪੋ
ਆਪਣੀ ਸਮਝ ਮੁਤਾਬਿਕ ਹੀ ਆਖਿਆ ਹੈ। ਇਸਦਾ ਆਕਾਰ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲਗਭਗ ਬਰਾਬਰ ਹੀ
ਹੈ। ਇਸ ਵਿੱਚ ੧੪੨੮ ਪੰਨੇ ਹਨ ਤੇ ਇਸ ਦੇ ਨਾਮ ਬਾਰੇ ਵੀ ਬੜੀ ਵਿਚਾਰ ਦੀ ਲੋੜ ਹੈ। ਜਦੋਂ ਭਾਈ ਮਨੀ
ਸਿੰਘ ਜੀ ਨੇ ਇਸ ਦਾ ਸੰਕਲਨ ਕੀਤਾ ਸੀ ਤਾਂ ਇਸ ਦਾ ਨਾਂ ‘ਦਸਮ ਪਾਤਸ਼ਾਹ ਦਾ ਗਰੰਥ` ਪ੍ਰਸਿੱਧ ਹੋਇਆ।
ਕਾਫੀ ਸਮੇਂ ਬਾਦ ਇਸਦਾ ਨਾਂ ‘ਬਚਿਤ੍ਰ ਨਾਟਕ` ਪ੍ਰਸਿੱਧ ਹੋਇਆ ਤੇ ਬਾਦ ਵਿੱਚ ‘ਦਸਮ ਗ੍ਰੰਥ` ਨਾਲ ਹੀ
ਜਾਨਿਆ ਜਾਨਣ ਲਗਾ। ਸਿੱਖ ਮਿਸ਼ਨਰੀ ਕਾਲੇਜ ਦੇ ਟ੍ਰੈਕਟ “ਦਸਮ ਗ੍ਰੰਥ ਬਾਰੇ ਸੰਖੇਪ ਜਾਣਕਾਰੀ” ਦੇ
ਲ਼ਿਖਾਰੀ ਦਾ ਇਹ ਕਥਨ ਬੜਾ ਹੀ ਧਿਆਨ ਦੇਣ ਜੋਗ ਹੈ “ਸਿੱਖਾਂ ਵਿੱਚ ਮਸ਼ਹੂਰ ਕਰਨ ਲਈ ਪ੍ਰਕਾਸ਼ਕ ਇਸ ਨੂੰ
‘ਦਸਮ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ` ਦੇ ਨਾਮ ਨਾਲ ਛਾਪ ਰਹੇ ਹਨ। ਇਸ ਤੋਂ ਇਜ ਗੱਲ ਪੂਰੇ ਤਰੀਕੇ
ਨਾਲ ਸਪਸ਼ਟ ਹੋ ਜਾਂਦੀ ਹੈ ਕਿ ੧੭੨੧ ਈ: ਵਿੱਚ ਰਚੇ ਵਿਵਾਦਿਤ ਗ੍ਰੰਥ ਸਾਹਿਬ ਦੀ ਨਵੇਕਲੀ ਗੁਰੂ ਹਸਤੀ
ਨੂੰ ਚਨੌਤੀ ਆਪਣੇ ਅਰੰਭਤਾ ਦੇ ਸਮੇਂ ਤੋ ਹੀ ਦੇ ਰਿਹਾ ਹੈ, ਜੋ ਹੁਣ ਪੂਰੇ ਤਰੀਕੇ ਨਾਲ ਸ਼੍ਰੀ ਗੁਰੂ
ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਸਾਣਾ ਕਰਣ ਵਾਲਿਆ ਲਈ ਸਿੱਖਾਂ ਵਿਰੁਧ ਇੱਕ ਬੇਹਤਰੀਨ ਹਥਿਆਰ ਦਾ
ਕੰਮ ਕਰ ਰਿਹਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ
ਲਗਾਇਆ ਸੀ, ਹੁਣ ਉਨ੍ਹਾਂ ਸਿੱਖਾਂ ਸਾਮ੍ਹਣੇ ਗੁਰੂ ਦਾ ਭੁਲੇਖਾ ਖੜਾ ਕਰਣ ਲਈ ਇੱਕ ਹੋਰ ਅਖੋਤੀ ਸ਼੍ਰੀ
ਗੁਰੂ ਦਸਮ ਗ੍ਰੰਥ ਸਾਹਿਬ ਤਿਆਰ ਹੈ।
ਹੁਣ ਤਕ ਦੇ ਵਿਸ਼ਲੇਸ਼ਣ ਦੀ ਵਿਚਾਰ ਵਿੱਚ ਇਹ ਗੱਲ ਤੇ ਸ਼ੀਸ਼ੇ ਵਾਂਗੂ ਸਾਫ ਹੈ ਕਿ ਸਾਰੇ ਹੀ ਗੁਰੂ
ਸਾਹਿਬਾਨ ਗੁਰਬਾਣੀ ਪ੍ਰਤੀ ਬੜੇ ਹੀ ਸੁਚੇਤ ਸਨ। ਗੁਰੂ ਅਰਜਨ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ
ਦੀ ਏਸੀ ਤਰਤੀਬ ਬਣਾਈ ਜਿਸ ਵਿੱਚ ਕੀਸੀ ਵੀ ਪ੍ਰਕਾਰ ਨਾਲ ਬਾਣੀ ਵਿੱਚ ਮਿਲਾਵਟ ਕਰ ਪਾਣਾ ਸਭੰਵ ਨਹੀਂ
ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਤਿਆਰ ਕਰਣ ਦਾ ਮੁਖ ਨਿਸ਼ਾਨਾ ਬਾਣੀ ਵਿੱਚ ਮਿਲਾਵਟ ਨੂੰ
ਰੋਕਣਾ ਹੀ ਸੀ ਤੇ ਉਹੀ ਨਿਸ਼ਾਨਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵੀ ਸੀ। ਆਪ ਨੇ ਆਪਣੇ ਗੁਰ-ਗੱਦੀ
ਕਾਲ ਦੇ ਪਹਿਲੇ ਸਾਲ ਵਿੱਚ ਹੀ ਏਸੀ ਬੀੜ ਤਿਆਰ ਕਰਵਾ ਦਿੱਤੀ ਸੀ, ਜਿਸ ਵਿੱਚ ਤਰਤੀਬ ਮੁਤਾਬਿਕ ਯੋਗ
ਥਾਵਾਂ ਤੇ ਹੀ ਪਿਤਾ ਗੁਰਦੇਵ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਦਰਜ ਕੀਤਾ ਗਿਆ ਹੈ।
ਦਮਦਮੀ ਬੀੜ ਨੂੰ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰਤਾ ਗੱਦੀ ਬਖਸੀ ਹੈ। ਇਸ ਬੀੜ ਨੂੰ ਤਿਆਰ
ਕਰਵਾਉਣ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਣੀ ਨੂੰ ਉਸੀ ਤਰਤੀਬ ਅਤੇ ਵਿਉਂਤ ਨਾਲ ਲਿਖਵਾਇਆ
ਜਿਸ ਤਰਤੀਬ ਨੂੰ ਗੁਰੂ ਅਰਜਨ ਸਾਹਿਬ ਨੇ ਬੀੜ ਸਾਹਿਬ ਦੇ ਸੰਕਲਨ ਵਿੱਚ ਵਰਤਿਆ। ਇਸ ਬੀੜ ਸਾਹਿਬ ਦੀ
ਸਪੂਰਣਤਾ ਉਤੇ ਗੁਰੂ ਗੋਬਿਂਦ ਸਿਂਘ ਸਾਹਿਬ ਨੇ ਕਿਸੀ ਵੀ ਤਰ੍ਹਾਂ ਨਾਲ ਆਪਣੀ ਮੁਹਰ ਦੀ ਵਰਤੋਂ ਨਹੀਂ
ਕੀਤੀ। ਉਨ੍ਹਾਂ ਨੇ ਗੁਰੂ ਅਰਜਨ ਸਾਹਿਬ ਵਲੋਂ ਵਰਤੀ ਮੁੰਦਾਵਣੀ (ਮੁਹਰ) ਨੂੰ ਹੀ ਬਰਕਰਾਰ ਰਖਿਆ।
ਗੁਰੂ ਗੋਬਿੰਦ ਸਿੰਘ ਸਾਹਿਬ ਕਿਸੀ ਤਰ੍ਹਾਂ ਨਾਲ ਸਿੱਖਾਂ ਵਿੱਚ ਬੇਲੋੜਾ ਭੁਲੇਖਾ ਖੜਾ ਨਹੀਂ ਕਰਨਾ
ਚਹਾਉਂਦੇ ਸੀ ਕਿਉਂ ਕਿ ਉਸ ਸਮੇਂ ਤਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨੇਕਾਂ ਉਤਾਰੇ ਹੋ ਚੁਕੇ ਸਨ।
ਨਾਲ ਹੀ ਆਪਣੇ ਤੋ ਪੂਰਵ ਵਰਤੀ ਗੁਰੂ ਸਾਹਿਬਾਨ ਵਲੋਂ ਉਚਾਰੀ ਤੇ ਸੰਕਲਿਤ ਕੀਤੀ ਬਾਣੀ ਲਈ ਆਪ ਪੂਰੇ
ਤਰੀਕੇ ਨਾਲ ਚੇਤੰਨ ਸੀ।
ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਕੋਈ ਬਾਣੀ ਉਚਾਰੀ ਹੁੰਦੀ ਤੇ ਉਸ ਬਾਣੀ ਨੂੰ ਉਨ੍ਹਾਂ ਆਪ
ਹੀ ਆਦਿ ਗ੍ਰੰਥ ਵਿੱਚ ਗੁਰੂ ਅਰਜਨ ਸਾਹਿਬ ਦੀ ਬਣਾਈ ਤਰਤੀਬ ਮੁਤਾਬਿਕ ਤੇ ਉਨ੍ਹਾਂ ਦੀ ਮੁਹਰ
(ਮੁੰਦਾਵਣੀ) ਦੇ ਵਿੱਚ ਹੀ ਦਰਜ ਕਰਨਾ ਸੀ। ਧਿਆਨ ਦੇਣ ਜੋਗ ਹੈ ਕਿ ਉਨ੍ਹਾਂ ਨੇ ਐਸਾ ਕੁੱਝ ਵੀ ਨਹੀਂ
ਕੀਤਾ। ਇਸ ਤੋਂ ਬਿਲਕੁਲ ਹੀ ਸਪਸ਼ਟ ਹੋ ਜਾੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਪਤਾਸ਼ਾਹ ਨੇ ਕੋਈ ਵੀ
ਬਾਣੀ ਉਚਾਰੀ ਹੀ ਨਹੀਂ ਸੀ। ਵਿਦਵਾਨ ਸੱਜਣ ਮੁੰਦਾਵਣੀ ਤੋਂ ਬਾਹਰ ਦੀ ਬਾਣੀ ‘ਰਾਗ ਮਾਲਾ` ਨੂੰ ਗੁਰੂ
ਕ੍ਰਿਤ ਨਹੀਂ ਮੰਨਦੇ ਹਨ। ਉਸੀ ਤਰ੍ਹਾਂ ਮੁੰਦਾਵਣੀ (ਮੁਹਰ) ਤੋ ਬਾਹਰ ਦੀ ਦਸਮ ਗ੍ਰੰਥ ਦੀ ਰਚਨਾ ਨੁੰ
ਗੁਰੂ ਕ੍ਰਿਤ ਮੰਨਣਾ ਯੋਗ ਨਹੀਂ ਹੈ ਤੇ ਜੋ ਸੱਜਣ ਮਿਤਰ ਇਸ ਨੂੰ ਗੁਰੂ ਕ੍ਰਿਤ ਮੰਨਣ ਲਈ ਡੱਟੇ ਹੋਏ
ਨੇ ਉਨ੍ਹਾਂ ਨੂੰ ਗੁਰੂ ਅਮਰਦਾਸ ਜੀ ਦੇ ਸੋਰਠਿ ਰਾਗ ਵਿੱਚ ਦਰਜ ਇਸ ਸਲੋਕ
ਸਲੋਕੁ ਮਃ ੩।।
ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ।।
ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ।।
ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ।।
ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ।।
ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ।।
ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ।। ੧।।
ਦੇ ਉਦੇਸ਼ ਮੁਤਾਬਿਕ ਦਸਮ ਗ੍ਰੰਥ ਦੀ ਸਾਰੀ ਰਚਨਾ ਨੁੰ ਆਪਣੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ
ਕਸਵਟੀ ਤੇ ਪਰਖ ਲੈਣਾ ਚਾਹੀਦਾ ਹੈ। ਜਿਸ ਦੀਆਂ ਪ੍ਰਾਚੀਨ ਬੀੜਾਂ ਇਕੋ ਤਰਤੀਬ ਵਿੱਚ ਨਹੀਂ ਹਨ।
ਜਿਵੇਂ ਕਿ ਸਹਜਿਤਾ ਨਾਲ ਦਿੱਸਦਾ ਹੈ ਕਿ ਇਹ ਗ੍ਰੰਥ ਸਿੱਖਾਂ ਵਿੱਚ ਭ੍ਰਮ ਪਾਉਣ ਦੇ ਮਨੋਰਥ ਨਾਲ
ਤਿਆਰ ਕੀਤਾ ਗਿਆ ਹੈ ਤੇ ਸਿੱਖ ਵੀ ਇਸਦੇ ਭੁਲੇਖੇ ਵਿੱਚ ਪਏ ਹੋਏ ਨੇ ਤੇ ਆਪ ਹੀ ਗੁਰੂ ਗ੍ਰੰਥ ਸਾਹਿਬ
ਦੇ ਬਰਾਬਰ ਦੂਜੇ ਗ੍ਰੰਥ ਨੂੰ ਪ੍ਰੋੜਤਾ ਦੇ ਰਹੇ ਹਨ।
ਭਾਈ ਕਾਹਨ ਸਿੰਘ ਜੀ ਨਾਭਾ ਦਾ ਇਹ ਬਚਨ ਬੜਾ ਹੀ ਗਰ੍ਹਾਈਂ ਨਾਲ ਧਿਆਨ ਦੇਣ ਵਾਲਾ ਹੈ ਕਿ “ਅੰਞਾਣ
ਅਤੇ ਮਨਮੋਜੀ ਲਿਖਾਰੀਆਂ ਦੀ ਕ੍ਰਿਪਾ ਨਾਲ ਕਈ ਹੋਰ ਬੀੜਾਂ ਭੀ ਬਣ ਗਈਆਂ ਹਨ ਅਤੇ ਅਰਥਾਂ ਦੇ ਅਨਰਥ
ਹੋ ਗਏ ਹਨ, ਪਰ ਕਿਸੇ ਗੁਰਮਤ ਪ੍ਰੇਮੀ ਨੇ ਇਸ ਦੇ ਸੁਧਾਰ ਦਾ ਉਪਾਵ ਨਹੀਂ ਕੀਤਾ। “ ਇਸ ਮਸਲੇ ਤੇ
ਲੱਮੇ ਸਮੇਂ ਤੋ ਵਿਵਾਦ ਹੋਣ ਕਾਰਣ ਕੋਈ ਪੰਥਕ ਪੱਧਰ ਤੇ ਇੱਕ ਸੁਰਤਾ ਨਾਲ ਕੋਈ ਗੁਰਮਤਾ ਹੋ ਜਾਣਾ
ਸਭੰਵ ਵੀ ਨਹੀਂ ਲਗਦਾ ਹੈ। ਦਸਮ ਗ੍ਰੰਥ ਦੀ ਮਾਨਤਾ ਤੇ ਪੰਥ ਵਿੱਚ ਇਸ ਕੱਦਰ ਹੋ ਗਈ ਹੈ ਕਿ ਸਾਡੇ
ਆਪਣੇ ਹੀ ਗੁਰੂ ਧਾਮਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਸ ਨੂੰ ਸਥਾਪਿਤ ਕਰਕੇ,
ਸਿੱਖਾਂ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਤੀ ਭੁਲੇਖਾ ਖੜਾ ਕੀਤਾ ਜਾ ਰਿਹਾ ਹੈ। ਜੋ ਪੰਥਕ ਤੋਰ ਤੇ
ਬੜਾ ਦੁਖਦਾਈਂ ਅਤੇ ਗਿਰਾਵਟ ਵਾਲਾ ਹੈ। ਇਸ ਸਬੰਧ ਵਿੱਚ ਪੰਥਕ ਆਗੂਆਂ ਨੂੰ ਜਰੂਰੀ ਨੋਟਿਸ ਲੈ ਕੇ
ਸਿੱਖ ਰਹਿਤ ਮਰਿਯਾਦਾ ਨੂੰ ਲਾਗੂ ਕਰਵਾ ਕੇ ਲੋੜੀਂਦੀ ਸੁਧਾਈ ਕਰਣ ਦੀ ਸਖਤ ਲੋੜ ਹੈ। ਜਿਸ ਨਾਲ ਆਉਣ
ਵਾਲੇ ਸਮੇਂ ਵਿੱਚ ਪੰਥ ਇਸ ਵਿਵਾਦ ਤੋਂ ਉੱਤੇ ਉਠ ਕੇ ਸੰਸਾਰ ਵਿੱਚ ਚੜਦੀ ਕਲਾ ਨਾਲ ਵਿੱਚਰ ਸਕੇ।
ਮਨਮੀਤ ਸਿੰਘ, ਕਾਨਪੁਰ।