.

ਅਕਾਲ ਮੂਰਤਿ

ਵੀਰ ਭੁਪਿੰਦਰ ਸਿੰਘ

ਕਾਲ ਦਾ ਮਤਲਬ ਮੌਤ, ਮਰਨਾ ਜਾਂ ਅੰਤ ਸਮਾਂ ਲਿਆ ਜਾਂਦਾ ਹੈ। ਰੱਬ ਜੀ ਦਾ ਇਹ ਗੁਣ ਹੈ ਕਿ ਉਹ ਅਕਾਲ ਹਨ ਭਾਵ ਉਹ ਕਦੀ ਮਰਦੇ ਨਹੀਂ ਹਨ। ਗੁਰਬਾਣੀ ਸਾਨੂੰ ਬਾਰ-ਬਾਰ ਇਹ ਦ੍ਰਿੜ੍ਹ ਕਰਾਉਂਦੀ ਹੈ ਕਿ ਇਸ ਧਰਤੀ ’ਤੇ ਜੋ ਕੁਝ ਵੀ ਉਪਜਿਆ ਹੈ, ਉਸ ਨੇ ਕਦੀ ਨਾ ਕਦੀ ਬਿਨਸਨਾ ਜ਼ਰੂਰ ਹੈ :

ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ।। (ਗੁਰੂ ਗ੍ਰੰਥ ਸਾਹਿਬ, ਪੰਨਾ : 1429)

ਹਰੇਕ ਵਸਤੂ, ਜੀਵ-ਜੰਤੂ ਅਤੇ ਮਨੁੱਖ ਨੇ ਅੱਜ, ਕੱਲ੍ਹ, ਪਰਸੋਂ ਜਾਂ ਕਦੀ ਨਾ ਕਦੀ ਖ਼ਤਮ ਜ਼ਰੂਰ ਹੋ ਜਾਣਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ’ਚ ਸਾਨੂੰ ਦੱਸਿਆ ਗਿਆ ਹੈ :

ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ।। (ਗੁਰੂ ਗ੍ਰੰਥ ਸਾਹਿਬ, ਪੰਨਾ : 4)

ਇਹ ਰੱਬੀ ਨਿਯਮ, ਰੱਬ ਜੀ ਵਲੋਂ ਸਾਜੀ ਇਸ ਸਾਰੀ ਕੁਦਰਤ ਉ਼ਠਬਸੱਤੇ ਲਾਗੂ ਹੁੰਦਾ ਹੈ ਅਤੇ ਰੱਬੀ ਨਿਯਮਾਵਲੀ ਹੀ ਸਭ ਤੋਂ ਸਰਬੋਤਮ ਹੈ। ਇਸ ਪੰਕਤੀ ਰਾਹੀਂ ਰੱਬ ਦੀ ਬੇਅੰਤਤਾ ਬਾਰੇ ਫੁਰਮਾਇਆ ਗਿਆ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਰੱਬ ਜੀ ਸਰੀਰਕ ਰੂਪ ਨਹੀਂ ਧਾਰਦੇ। ਗੁਰਮਤ ਰੱਬ ਜੀ ਬਾਰੇ ਇਹ ਮੰਨਦੀ ਹੈ ਕਿ ਰੱਬ ਜੀ ਦਾ ਚਕ੍ਰ, ਚਿੰਨ੍ਹ, ਰੂਪ, ਰੰਗ, ਰੇਖ ਜਾਂ ਭੇਖ ਕੁਝ ਨਹੀਂ ਹੁੰਦਾ :

ਰੂਪ ਨ ਰੇਖ ਨ ਰੰਗੁ ਕਿਛੁ ਤ੍ਰਿਹ ਗੁਣ ਤੇ ਪ੍ਰਭ ਭਿੰਨ।। (ਗੁਰੂ ਗ੍ਰੰਥ ਸਾਹਿਬ, ਪੰਨਾ : 283)

ਅਤੇ ਨਾ ਹੀ ਰੱਬ ਜੀ ਕਿਸੇ ਖ਼ਾਸ ਅਵਤਾਰ ਦੇ ਰੂਪ ’ਚ ਆਉਂਦੇ ਹਨ ਕਿਉਂਕਿ ਸਰੀਰਕ ਤੌਰ ’ਤੇ ਅਵਤਾਰ ਲੈਣ ਲਈ ਵੀ ਮਾਂ ਦੇ ਪੇਟ ’ਚੋਂ ਤਾਂ ਜਨਮ ਲੈਣਾ ਹੀ ਪਵੇਗਾ ਅਤੇ ਜੋ ਜਨਮ ਲਵੇਗਾ, ਉਸ ਨੂੰ ਖ਼ਤਮ ਹੋਣਾ ਹੀ ਪਵੇਗਾ ਭਾਵ ਕਾਲ ਵੱਸ ਪੈਣਾ ਹੀ ਪਵੇਗਾ। ਸੋ, ਰੱਬ ਜੀ ਨਾ ਤਾਂ ਸਰੀਰਕ ਰੂਪ ’ਚ ਧਰਤੀ ’ਤੇ ਆਉਂਦੇ ਹਨ ਅਤੇ ਨਾ ਹੀ ਕਾਲ ਵੱਸ ਹੁੰਦੇ ਹਨ। ਇਸੇ ਕਰ ਕੇ ਅਕਾਲ ਮੂਰਤਿ ਹਨ। ਇਸ ਵਿਚਾਰ ਨੂੰ ਗੁਰਮਤ ਦੇ ਸਿਧਾਂਤ ’ਚ ਰੱਬ ਜੀ ਦਾ ਨਿਰਗੁਣ ਰੂਪ ਕਹਿੰਦੇ ਹਨ।

ਅਜੋਕੇ ਵਿਗਿਆਨ ਨੇ ਵੀ ਖੋਜ ਕਰਕੇ ਸਾਨੂੰ ਇਹੋ ਦੱਸਿਆ ਹੈ, ਜੋ ਕਿ ਗੁਰਬਾਣੀ ਰਾਹੀਂ 500 ਸਾਲ ਪਹਿਲਾਂ ਹੀ ਸਾਨੂੰ ਦ੍ਰਿੜ੍ਹਾਇਆ ਗਿਆ ਹੈ ਕਿ ਧਰਤੀ ਦੀ ਹਰੇਕ ਚੀਜ਼, ਮਨੁੱਖ, ਜੀਵ ਜੰਤ ਨੇ ਇਕ ਦਿਨ ਬਿਨਸਨਾ ਹੀ ਹੈ, ਸਭ ਕੁਝ ਕਾਲ ਦੇ ਵਸ ਹੈ।

ਜੋ ਵੀ ਕਾਲ ਵੱਸ ਹੈ ਉਸਨੇ ਬਿਨਸਨਾ, ਮੁੱਕਣਾ ਹੈ ਹੀ। ਕਾਲ ਦਾ ਮਤਲਬ ਆਮ ਤੌਰ ’ਤੇ ਮੌਤ, ਮਰਨ ਨਾਲ ਜੋੜ ਦਿੱਤਾ ਜਾਂਦਾ ਹੈ ਪਰ ਸਮਝਣ ਵਾਲਾ ਨੁਕਤਾ ਹੈ ਕਿ ਹਰੇਕ ਚੀਜ਼ ਨੇ ਕਦੀ ਨ ਕਦੀ (ਦੇਰ ਸਵੇਰ) ਮੁੱਕਣਾ ਹੀ ਹੈ।

ਅਕਾਲ ਦਾ ਮਤਲਬ ਸਮਝਣ ਤੋਂ ਪਹਿਲਾਂ ਅਸੀਂ ਵਿਚਾਰਨਾ ਹੈ ਕਿ ਅਕਾਲ ਆਪਣੇ ਆਪ ਵਿੱਚ ਜੇ ਨਿਰਭਉ, ਨਿਰਵੈਰ ਵਾਂਗੂੰ ਇਕ-ਇਕ ਰੱਬੀ ਗੁਣ ਵਾਂਗੂੰ ਇਕੱਲਾ ਗੁਣ ਹੁੰਦਾ ਤਾਂ ਅਕਾਲ ਦੇ ‘ਲ’ ਨੂੰ ਔਂਕੜ ਲੱਗੀ ਹੋਣੀ ਚਾਹੀਦੀ ਸੀ, ਸੋ ਲਫ਼ਜ਼ ਅਕਾਲ ਨੂੰ ਇਕੱਲਿਆਂ ਨਾ ਲੈ ਕੇ ਮੂਰਤਿ ਦੇ ਨਾਲ ਜੋੜ ਕੇ ਹੀ ਸਮਝਣਾ ਠੀਕ ਹੈ।

ਜੇ ਕਰ ਅਸੀਂ ਇਹ ਕਹੀਏ ਕਿ ਸ੍ਰਿਸ਼ਟੀ ਦੀਆਂ ਸਭ ਚੀਜ਼ਾਂ ਨੇ ਮਰ ਮੁੱਕ ਜਾਣਾ ਹੈ ਪਰ ਰੱਬ ਜੀ ਨਹੀਂ ਮਰਦੇ ਤਾਂ ਗੁਰਮਤ ਦਾ ਸਿਧਾਂਤ ਹੈ ਕਿ ਰੱਬ ਜੀ ਦੀ ਸ਼ਕਲ, ਆਕਾਰ, ਮੂਰਤੀ, ਚਕ੍ਰ, ਚਿਹਨ ਹੈ ਹੀ ਨਹੀਂ। ਉਹ ਪਦਾਰਥ ਦੇ ਹੱਡ, ਚੰਮ, ਮਾਸ ਦੇ ਤਾਂ ਬਣੇ ਹੀ ਨਹੀਂ ਹੋਏ ਤਾਂ ਫਿਰ ਮਰ-ਮੁੱਕ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।

ਮੂਰਤ ਲਫ਼ਜ਼ ਦੇ ‘ਤ’ ਨੂੰ ਜੇ ਔਂਕੜ ਨਾਲ ਲਿਖਿਆ ‘ਮੂਰਤੁ’ ਹੁੰਦਾ ਤਾਂ ਉਸਦਾ ਮਤਲਬ ਸਮੇਂ ਦੀ ਵੰਡ ਨਾਲ, ਮਹੂਰਤ ਬਾਰੇ ਲਿਆ ਜਾਂਦਾ ਹੈ ਸੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ’ਚ ਮੂਰਤ ‘ਤ’ ਦੀ ਔਂਕੜ ਨਾਲ ਆਵੇ ਤਾਂ ਉਹ ਵੇਲੇ, ਵਕਤ ਦੇ ਮਹੂਰਤ ਦਾ ਪ੍ਰਤੀਕ ਹੈ।

ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 44)

ਪਰ ਇਥੇ ਅਕਾਲ ਮੂਰਤਿ ਦੇ ‘ਤ’ ਨੂੰ ਸਿਹਾਰੀ ਲੱਗੀ ਹੋਈ ਹੈ ਜੋ ਕਿ ਹੋਂਦ, ਸੱਤਾ ਜਾਂ ਆਕਾਰ ਵਾਲੇ ਦ੍ਰਿਸ਼ਟੀਕੋਣ ਤੋਂ ਸਮਝਣਾ ਹੈ।

ਰੱਬ ਜੀ ਦਾ ਰੂਪ, ਰੰਗ, ਰੇਖ, ਭੇਖ ਤਾਂ ਕੋਈ ਹੈ ਹੀ ਨਹੀਂ ਪਰ ਸ੍ਰਿਸ਼ਟੀ ਦੇ ਸਾਜਣਹਾਰੇ ਰੱਬ ਜੀ ਸਾਰੀ ਸ੍ਰਿਸ਼ਟੀ ’ਚ ਆਪ ਬਿਰਾਜਮਾਨ ਹਨ। ‘‘ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ’’ (ਗੁਰੂ ਗ੍ਰੰਥ ਸਾਹਿਬ, ਪੰਨਾ : 1) ਰਾਹੀਂ ਇਹੋ ਸਮਝਾਇਆ ਗਿਆ ਹੈ ਕਿ ਸਭ ਜਗ੍ਹਾ, ਸਭ ਉੱਤੇ ਰੱਬੀ ਹੁਕਮ ਲਾਗੂ ਹੁੰਦਾ ਹੈ, ਕੋਈ ਇਸ ਤੋਂ ਬਾਹਰ ਨਹੀਂ ਹੈ ਤੇ ਨਾ ਹੀ ਬਾਹਰ ਜਾ ਸਕਦਾ ਹੈ ਤੇ ਨਾ ਹੀ ਰੱਬੀ ਹੁਕਮ ਤੋਂ ਅਲੱਗ ਕੁਝ ਵੀ ਕੋਈ ਕਰ ਸਕਦਾ ਹੈ। ਰੱਬ ਜੀ ਦਾ ਇਹ ਗੁਣ ‘ਅਕਾਲ ਮੂਰਤਿ’ ਇਹੋ ਦੱਸਦਾ ਹੈ ਕਿ ਰੱਬ ਜੀ ਦਾ ਹੁਕਮ, ਸੱਤਾ, ਵਿਸ਼ਾਲਤਾ ਬੇਅੰਤ ਹੈ ਤੇ ਕਦੀ ਵੀ ਰੱਬੀ ਹੁਕਮ, ਨਿਯਮ ਨੂੰ ਕੋਈ ਖ਼ਤਮ ਨਹੀਂ ਕਰ ਸਕਦਾ, ਰੱਬ ਜੀ ਦੀ ਸੱਤਾ ਨੂੰ ਕੋਈ ਨੀਵਾਂ ਪਾ ਕੇ ਆਪਣੀ ਸੱਤਾ ਉੱਤੇ ਨਹੀਂ ਕਰ ਸਕਦਾ ਕਿਉਂਕਿ ਰੱਬੀ ਸੱਤਾ ‘‘ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।’’ (ਗੁਰੂ ਗ੍ਰੰਥ ਸਾਹਿਬ, ਪੰਨਾ : 1) ਸਦੀਵੀ ਸੱਚ ਹੈ।

ਰੱਬੀ ਸੱਤਾ, ਸ਼ਕਤੀ, ਵਿਸ਼ਾਲਤਾ ਦੀ ਬੇਅੰਤਤਾ ਵਾਲੀ ਹੋਂਦ ਨਾ ਤੇ ਕਦੀ ਮੁਕਦੀ ਹੈ ਤੇ ਨਾ ਹੀ ਕਿਸੇ ਵਲੋਂ ਕਦੇ ਮੁਕਾਈ ਜਾ ਸਕਦੀ ਹੈ। ਕੋਈ ਮੁਕਰ ਵੀ ਜਾਵੇ ਕਿ ਮੈਂ ਰੱਬੀ ਸ਼ਕਤੀ, ਸੱਤਾ, ਨਿਯਮ ਵਾਲੇ ਗੁਣਾਂ ਨੂੰ ਨਹੀਂ ਮੰਨਦਾ ਤਾਂ ਵੀ ਰੱਬੀ ਸੱਤਾ ਦੀ ਹੋਂਦ ਨੂੰ ਟਾਲਿਆ, ਨਕਾਰਿਆ ਨਹੀਂ ਜਾ ਸਕਦਾ। ਭਾਵੇਂ ਸਾਰੇ ਆਸਤਕ ਤੇ ਭਾਵੇਂ ਨਾਸਤਕ ਹੋ ਜਾਣ, ਭਾਵੇਂ ਕੋਈ ਅਨੀਸ਼ਵਰਵਾਦੀ ਜਾਂ ਸਾਮਵਾਦੀ ਹੋਵੇ, ਭਾਵੇਂ ਰੱਬੀ ਹੋਂਦ ਨੂੰ ਨਾ ਮੰਨੇ ਪਰ ਰੱਬੀ ਹੁਕਮਾਂ ਨਿਯਮਾਂ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਮਨੁੱਖ ਰੱਬੀ ਨਿਯਮਾਂ ਹੁਕਮਾਂ ਨੂੰ, ਰੱਬੀ ਸੱਤਾ, ਸ਼ਕਤੀ ਨੂੰ ਨਹੀਂ ਮੰਨਦਾ ਤਾਂ ਵੀ ਉਹ ਰੱਬੀ ਹੁਕਮਾਂ ਨੂੰ ਆਪਣੇ ਸਰੀਰ ’ਤੇ ਵਾਪਰਨ ਤੋਂ ਰੋਕ ਨਹੀਂ ਸਕਦਾ, ਸਰੀਰ ਦੇ ਇਕ-ਇਕ ਰੋਮ ’ਚ, ਲੂੰ-ਲੂੰ ਵਿੱਚ ਰੱਬੀ ਹੁਕਮ ਵਾਪਰ ਰਿਹਾ ਹੈ। ਰੱਬ ਜੀ ਦਾ ਹੁਕਮ ਸਭ ਜਗ੍ਹਾ ਇਕਸੁਰਤਾ ’ਚ ਵਾਪਰਦਾ ਹੈ, ਰੱਬ ਜੀ ਥਾਂ-ਥਾਂ ’ਤੇ ਮਨੁੱਖਾਂ ਨਾਲ ਪੱਖਪਾਤ ਜਾਂ ਵਿਤਕਰਾ ਕਰਕੇ ਆਪਣੇ ਬਿਰਦ ਨੂੰ ਬਦਲਦੇ ਨਹੀਂ ਹਨ - ਇਹੋ ਰੱਬ ਜੀ ਦਾ ਕਾਲ ਰਹਿਤ, ਕਾਲ ਤੋਂ ਪਰੇ ਭਾਵ ਅਕਾਲ ਮੂਰਤਿ ਗੁਣ ਕਹਿਲਾਉਂਦਾ ਹੈ। ਭਾਵੇਂ ਕੋਈ ਉਸਤਤ ਕਰੇ ਤਾਂ ਰੱਬ ਜੀ ਉਸਦੇ ਪੱਖ ’ਚ ਨਿਯਮ ਬਦਲਦੇ ਨਹੀਂ ਹਨ ਤੇ ਭਾਵੇਂ ਕੋਈ ਮੁਨਕਰ ਹੋ ਕੇ ਰੱਬੀ ਵਡਿਆਈ ਨਾ ਮੰਨੇ ਤਾਂ ਵੀ ਰੱਬ ਜੀ ਉਸਦੇ ਖਿਲਾਫ ਹੁਕਮ ਬਦਲ ਕੇ ਮਾੜਾ ਨਹੀਂ ਕਰਦੇ ਹਨ। ਨਿਰਪੱਖ, ਨਿਰਵੈਰ ਅਤੇ ਕਦੇ ਨਾ ਮੁੱਕਣ ਵਾਲਾ, ਥਾਂ-ਥਾਂ ’ਤੇ ਆਪਣੇ ਨਿਯਮ ਤੋਂ ਨਾ ਟਲਣ ਵਾਲਾ ਗੁਣ ਹੀ ਅਕਾਲ ਮੂਰਤਿ, ਰੱਬੀ ਸੱਤਾ, ਸ਼ਕਤੀ ਦਾ ਲਖਾਇਕ ਹੈ। ਰੱਬ ਜੀ ਦਾ ਇਹ ਗੁਣ ਨਾ ਘੱਟ ਸਕਦਾ ਹੈ, ਨਾ ਮੁਕ ਸਕਦਾ ਹੈ, ਨਾ ਟਾਲਿਆ ਜਾ ਸਕਦਾ ਹੈ ਤੇ ਨਾ ਹੀ ਉਸ ਸੱਤਾ ਸ਼ਕਤੀ ਤੋਂ ਉੱਪਰ ਕੋਈ ਹੋਰ ਹੋ ਸਕਦਾ ਹੈ, ਜੋ ਉਸਦੀ ਸੱਤਾ ਸ਼ਕਤੀ ਨੂੰ ਘਟਾਉਣ, ਮਾਰ ਮੁਕਾਉਣ ਲਈ ਵੰਗਾਰ ਸਕੇ।

ਮਨੁੱਖ ਨੇ ਕਿਵੇਂ ਅਕਾਲ ਮੂਰਤਿ ਬਣਨਾ ਹੈ, ਆਓ ਵਿਚਾਰੀਏ :

ਜੰਮਣੁ ਮਰਣਾ ਹੁਕਮੁ ਹੈ ਭਾਣੇ ਆਵੈ ਜਾਇ।। (ਗੁਰੂ ਗ੍ਰੰਥ ਸਾਹਿਬ, ਪੰਨਾ : 472)

ਸਾਨੂੰ ਕੁਦਰਤ ਦਾ ਇਹ ਅਟੱਲ ਨਿਯਮ ਸਮਝ ਆਉਣਾ ਚਾਹੀਦਾ ਹੈ ਕਿ ਭਾਵੇਂ ਅਸੀਂ ਕੁਝ ਵੀ ਕਰ ਲਈਏ ਪਰ ਸਰੀਰਕ ਤੌਰ ’ਤੇ ਸਾਡਾ ਮਰਨਾ ਲਾਜ਼ਮੀ ਹੈ। ਮੌਤ ਨੂੰ ਕਦੀ ਵੀ ਝੁਠਲਾ ਨਹੀਂ ਸਕਦੇ। ਜੇ ਕਰ ਅਸੀਂ ਰੱਬ ਜੀ ਵਾਂਗੂੰ ‘‘ਅਕਾਲ ਮੂਰਤਿ’’ ਵਾਲੀ ਅਵਸਥਾ ਮਾਣਨਾ ਚਾਹੁੰਦੇ ਹਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਕਿਹੜੀਆਂ ਵਿਚਾਰਾਂ ਦੀ ਸਾਂਝ ਕਰੀਏ ਤਾ ਕਿ ‘‘ਅਕਾਲ ਮੂਰਤਿ’’ ਗੁਣ ਰੂਪੀ ਰੱਬ ਜੀ ਨਾਲ ਇਕਮਿਕ ਹੋ ਕੇ, ਅਸੀਂ ਵੀ ‘‘ਜੇਹਾ ਸੇਵੈ ਤੇਹੋ ਹੋਵੈ....’’ ਹੋ ਜਾਈਏ।

ਇਸ ਸੂਖ਼ਮ ਜਿਹੀ ਵਿਚਾਰ ਦੀ ਗਹਿਰਾਈ ਨੂੰ ਸਮਝਣ ਲਈ ਅਤੇ ‘ਅਕਾਲ ਮੂਰਤਿ’ ਵਾਲੀ ਅਵਸਥਾ ਤੱਕ ਅਪੜਨ ਲਈ ਆਓ ਇਕ ਹੋਰ ਪੱਖੋਂ ਵਿਚਾਰ ਨੂੰ ਸਮਝੀਏ। ਗੁਰਬਾਣੀ ’ਚ ਆਉਂਦਾ ਹੈ :

ਅਨਿਕ ਜਤਨ ਕਰਿ ਕਾਲੁ ਸੰਤਾਏ।। (ਗੁਰੂ ਗ੍ਰੰਥ ਸਾਹਿਬ, ਪੰਨਾ : 685)

ਭਾਵ ਸਾਨੂੰ ਕਈ ਤਰ੍ਹਾਂ ਨਾਲ ‘ਕਾਲ’ (ਆਤਮਕ ਮੌਤ) ਸਤਾਉਂਦਾ ਹੈ। ਦਰਅਸਲ ਸਾਨੂੰ ਇਹੋ ਸਮਝਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ’ਚ ‘ਕਾਲ’ ਦਾ ਅਰਥ ਸਰੀਰਕ ਮੌਤ ਨਹੀਂ ਬਲਕਿ ਕਾਲ ਦਾ ਅਰਥ ਆਤਮਕ ਤੌਰ ’ਤੇ ਪਲ-ਪਲ ਮਰਨਾ ਹੈ। ਗੁਰਬਾਣੀ ’ਚ ‘ਕਾਲ’ (ਆਤਮਕ ਮੌਤ) ਤੋਂ ਬਚਣ ਲਈ ਗਿਆਨ ਰੂਪੀ ਬਿਬੇਕ ਬੁੱਧੀ ਵਾਲਾ ਤਰੀਕਾ ਦੱਸਿਆ ਗਿਆ ਹੈ :

ਹਿਰਦੈ ਸਾਚੁ ਵਸੈ ਹਰਿ ਨਾਇ।। ਕਾਲੁ ਨ ਜੋਹਿ ਸਕੈ ਗੁਣ ਗਾਇ।। (ਗੁਰੂ ਗ੍ਰੰਥ ਸਾਹਿਬ, ਪੰਨਾ : 227)

ਇਨ੍ਹਾਂ ਪੰਕਤੀਆਂ ਤੋਂ ਪਤਾ ਲੱਗਦਾ ਹੈ ਕਿ ਮੋਹ ਦੇ ਕਾਰਨ ਕਾਲ ਤੋਂ ਛੁਟਕਾਰਾ ਨਹੀਂ ਹੋ ਸਕਦਾ ਪਰ ਜੇ ਕਰ ਗੁਰ ਸ਼ਬਦ (ਸੱਚ ਦਾ ਗਿਆਨ) ਰਾਹੀਂ ਰੱਬ ਜੀ ਹਿਰਦੇ ’ਚ ਵੱਸ ਜਾਣ ਤਾਂ ਮਨੁੱਖ ਆਪਣੀ ਅਮਲੀ ਜੀਵਨ ਜਾਚ ਕਾਰਨ, ਰੱਬੀ ਗੁਣ ਗਾਉਣ (ਜਿਊਣ) ਲੱਗ ਪੈਂਦਾ ਹੈ। ਸਿੱਟੇ ਵਜੋਂ ਕਾਲ ਨਹੀਂ ਸਤਾਉਂਦਾ ਅਤੇ ਗੁਰ ਸ਼ਬਦ (ਸੱਚ ਦਾ ਗਿਆਨ) ਕਾਰਨ ਮਨੁੱਖ ਕਾਲ ਤੋਂ ਛੁੱਟ ਹੀ ਜਾਂਦਾ ਹੈ।

ਕਲਿ ਕਲੇਸ ਗੁਰ ਸਬਦਿ ਨਿਵਾਰੇ।। (ਗੁਰੂ ਗ੍ਰੰਥ ਸਾਹਿਬ, ਪੰਨਾ : 191)

ਕਾਲ ਦੀ ਮਾਰ ਪੈਣ ਤੋਂ ਸੱਚ ਦਾ ਗਿਆਨ ਮਨੁੱਖ ਨੂੰ ਬਚਾ ਲੈਂਦਾ ਹੈ।

ਕਾਲ ਜਾਲ ਕੀ ਸੁਧਿ ਨਹੀ ਲਹੈ।। (ਗੁਰੂ ਗ੍ਰੰਥ ਸਾਹਿਬ, ਪੰਨਾ : 1252)

ਭਾਵ ਮਨੁੱਖ ਦੇ ਜੀਵਨ ’ਚ ਕਈ ਕਿਸਮਾਂ ਦੇ ਕਾਲ (ਆਸ਼ਾ, ਤ੍ਰਿਸ਼ਨਾ, ਲੋਭ, ਮੋਹ, ਹੰਕਾਰ, ਚਿੰਤਾ, ਡਰ, ਫਿਕਰ ਆਦਿ) ਦਾ ਜਾਲ ਤਣਿਆ ਹੋਇਆ ਹੈ, ਪਰ ਬੇਸੁੱਧ (ਬੇਹੋਸ਼) ਮਨੁੱਖ, ਉਸ ਨੂੰ ਸਮਝਣ ਲਈ ਜਾਗਦਾ ਨਹੀਂ ਹੈ ਸਗੋਂ ਪਲ-ਪਲ ਮੱਕੜੀ ਦੀ ਤਰ੍ਹਾਂ ਉਸ ਵਿੱਚ ਹੋਰ ਫਸਦਾ ਜਾਂਦਾ ਹੈ ਅਤੇ ਆਤਮਕ ਮੌਤ ਸਹੇੜਦਾ ਰਹਿੰਦਾ ਹੈ।

ਆਵ ਘਟੈ ਨਰੁ ਨਾ ਬੁਝੈ ਨਿਤਿ ਮੂਸਾ ਲਾਜੁ ਟੁਕਾਇ।। (ਗੁਰੂ ਗ੍ਰੰਥ ਸਾਹਿਬ, ਪੰਨਾ : 41)

ਭਾਵ ਮਨੁੱਖ ਇਸ ਗੱਲ ਨੂੰ ਨਹੀਂ ਬੁੱਝਦਾ ਕਿ ਕਾਲ ਰੂਪੀ ਮੂਸਾ (ਚੂਹਾ) ਮੇਰੀ ਜ਼ਿੰਦਗੀ ਰੂਪੀ ਲੱਜ (ਰੱਸੀ) ਨੂੰ ਨਿੱਤ-ਨਿੱਤ ਟੁੱਕ ਰਿਹਾ ਹੈ।

ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰਬਾਣੀ ਦੀ ਬੋਲੀ-ਸ਼ੈਲੀ ਦੇ ਭਾਵ ਅਰਥ, ਜ਼ਰੂਰ ਸਮਝੀਏ। ਜਿਵੇਂ ਕਿ ਆਮ ਬੋਲੀ ’ਚ, ਅੰਨ੍ਹਾ ਉਸ ਮਨੁੱਖ ਨੂੰ ਕਹਿੰਦੇ ਹਨ, ਜਿਸ ਮਨੁੱਖ ਦੀਆਂ ਅੱਖਾਂ ਨਹੀਂ ਹੁੰਦੀਆਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ ’ਚ ਅੰਨ੍ਹੇ ਮਨੁੱਖ ਦੀ ਪਰਿਭਾਸ਼ਾ ਦਿੰਦੇ ਹੋਏ ਲਿਖਿਆ ਹੈ ਕਿ :

ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ।। ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ।।

(ਗੁਰੂ ਗ੍ਰੰਥ ਸਾਹਿਬ, ਪੰਨਾ : 954)

ਜਿਨ੍ਹਾਂ ਮਨੁੱਖਾਂ ਨੇ ਰੱਬ ਨੂੰ ਵਿਸਾਰ ਕੇ, ਝੂਠੀ ਮਨਮਤ ਵਾਲੀ ਜਿਊਣੀ ਦਾ ਆਸਰਾ ਲਿਆ ਹੈ, ਦਰਅਸਲ ਉਹ ਅੰਨ੍ਹੇ ਹਨ। ਇਸ ਦ੍ਰਿਸ਼ਟਾਂਤ ਦਾ ਭਾਵ ਇਹ ਨਿਕਲਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ’ਚ ਆਮ ਮਨੁੱਖਾਂ ਵਾਲੀ ਬੋਲੀ ਅਤੇ ਅੱਖਰ ਤਾਂ ਵਰਤੇ ਹਨ ਪਰ ਉਨ੍ਹਾਂ ਦੇ ਭਾਵ-ਅਰਥ ਗੁਰੂ ਗ੍ਰੰਥ ਸਾਹਿਬ ਦੀ ਬੋਲੀ ਅਨੁਸਾਰ ਆਪਣੇ ਹੀ ਹਨ।

ਇਸੀ ਤਰ੍ਹਾਂ ਗੁਰੂ ਪਾਤਸ਼ਾਹ ਨੇ ਵੇਖਿਆ ਕਿ ਲੋਕੀ ਤੀਰਥ ਇਸ਼ਨਾਨ ਰਾਹੀਂ ਆਪਣੇ ਪਾਪ ਧੋਣਾ ਸਮਝਦੇ ਸਨ। ਸੋ ਤੀਰਥ ਅਤੇ ਇਸ਼ਨਾਨ ਲਫ਼ਜ਼ ਪ੍ਰਚਲਿਤ ਬੋਲੀ ਦੇ ਵਰਤੇ ਲੇਕਿਨ ਅਰਥ ਆਪਣੇ ਹੀ ਦਿੱਤੇ ਹਨ।

ਜਿਵੇਂ ਕਿ : ਨਾਨਕ ਗੁਰ ਸਮਾਨਿ ਤੀਰਥੁ ਨਹੀ ਕੋਈ ਸਾਚੇ ਗੁਰ ਗੋਪਾਲਾ।। (ਗੁਰੂ ਗ੍ਰੰਥ ਸਾਹਿਬ, ਪੰਨਾ : 437) ਅਤੇ ਅੰਤਰਗਤਿ ਤੀਰਥਿ ਮਲਿ ਨਾਉ।। (ਗੁਰੂ ਗ੍ਰੰਥ ਸਾਹਿਬ, ਪੰਨਾ : 4) ਭਾਵ ਜੇਕਰ ਮਨੁੱਖ ਅੰਤਰ ਦੀ ਗਤੀ, ਗਿਆਨ ਗੁਰੂ ਰਾਹੀਂ ਕਰ ਲਵੇ ਤਾਂ ਆਤਮਕ ਤੌਰ ’ਤੇ ਨਿਰਮਲ, ਸਵੱਛ ਹੋ ਸਕਦਾ ਹੈ।

ਹੁਣ ਤੱਕ ਦੀ ਸਾਰੀ ਵਿਚਾਰ ਦਾ ਇਹੋ ਸਿੱਟਾ ਨਿਕਲਿਆ ਕਿ ‘‘ਗੁਰਬਾਣੀ ਦੇ ਭਾਵ ਅਰਥਾਂ ’ਚ ‘ਕਾਲ’ ਦਾ ਮਤਲਬ ਸਰੀਰਕ ਮੌਤ ਨਹੀਂ ਬਲਕਿ ‘ਆਤਮਕ ਮੌਤ’ ਹੈ।’’ ਜਿਨ੍ਹਾਂ ਕਾਰਨਾਂ ਕਰ ਕੇ ਪਲ-ਪਲ ਸਾਡੀ ‘ਆਤਮਕ ਮੌਤ’ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਨ੍ਹਾਂ ਕਾਰਨਾਂ ਨੂੰ ਦੱਸ ਕੇ ਉਨ੍ਹਾਂ ਤੋਂ ਬੱਚਣ ਦਾ ਉਪਦੇਸ਼ ਦਿੰਦੀ ਹੈ।

ਇਸ ਦਾ ਅਰਥ ਇਹੋ ਨਿਕਲਿਆ ਕਿ ਰੱਬ ਜੀ ਜੇਕਰ ਅਕਾਲ ਮੂਰਤਿ ਹਨ ਤਾਂ ਮਨੁੱਖ ਨੂੰ ਇਸ ਤੋਂ ਇਹੋ ਸੁਨੇਹਾ ਲੈਣਾ ਚਾਹੀਦਾ ਹੈ ਕਿ ਮੈਂ ਕਾਲ ਤੋਂ ਕਿਵੇਂ ਬਚਾਂ? ਸਰੀਰਕ ਮੌਤ ਤੋਂ ਨਹੀਂ ਬਲਕਿ ਗੁਰਬਾਣੀ ਅਨੁਸਾਰ ‘ਆਤਮਕ ਮੌਤ ਰੂਪੀ ਕਾਲ’ ਤੋਂ ਉੱਪਰ ਉੱਠਣਾ ਹੀ ਅਕਾਲ ਰੂਪੀ ਅਵਸਥਾ ’ਚ ਅਪੜਨਾ ਹੈ।

ਪ੍ਰਚਲਤ ਖਿਆਲਾਂ ਅਨੁਸਾਰ ‘ਜਮ’ ਦਾ ਅਰਥ ਮੌਤ ਦਾ ਭੇਜਿਆ ਦੂਤ ਸਮਝਿਆ ਜਾਂਦਾ ਹੈ ਜੋ ਸਰੀਰਕ ਤੌਰ ’ਤੇ ਮਰਨ ਮਗਰੋਂ ਮਨੁੱਖ ਨੂੰ ਘਸੀਟ ਕੇ ਲੈ ਜਾਂਦੇ ਹਨ। ਪਰ ਗੁਰੂ ਗ੍ਰੰਥ ਸਾਹਿਬ ਦੀ ਰਾਹੀਂ ਸਮਝਾਇਆ ਗਿਆ ਹੈ ਕਿ ਜਿਊਂਦੇ ਜੀਅ ਹੀ ਮਨੁੱਖ ਨੂੰ ਜਮ ਸਤਾਉਂਦੇ ਹਨ :

ਮਾਇਆ ਮੋਹੁ ਪਰੇਤੁ ਹੈ ਕਾਮੁ ਕੋ੍ਰਧੁ ਅਹੰਕਾਰਾ।। ਏਹ ਜੰਮ ਕੀ ਸਿਰਕਾਰ ਹੈ ਏਨਾ ਉਪਰਿ ਜਮ ਕਾ ਡੰਡੁ ਕਰਾਰਾ।। (ਗੁਰੂ ਗ੍ਰੰਥ ਸਾਹਿਬ, ਪੰਨਾ : 513)

ਅਤੇ

ਆਪਨੜੈ ਮਨਿ ਚਿਤਿ ਕਹਨਿ ਚੰਗੇਰਿਆ ।। ਜਮਰਾਜੈ ਨਿਤ ਨਿਤ ਮਨਮੁਖ ਹੇਰਿਆ ।। (ਗੁਰੂ ਗ੍ਰੰਥ ਸਾਹਿਬ, ਪੰਨਾ : 143)

ਭਾਵ ਕਿ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਚਲਦੇ ਹਨ, ਉਹ ਮਨਮੁੱਖ ਅਖਵਾਉਂਦੇ ਹਨ ਅਤੇ ਉਨ੍ਹਾਂ ਨੂੰ ਨਿਤ-ਨਿਤ ਮਾਇਆ, ਮੋਹ, ਕਾਮ, ਕੋ੍ਰਧ ਰੂਪੀ ਜਮ ਸਤਾਉਂਦੇ ਹਨ। ਸਿੱਟੇ ਵਜੋਂ ਮਨੁੱਖ ’ਤੇ ਆਤਮਕ ਮੌਤ ਪਲ-ਪਲ ਵਾਪਰਦੀ ਰਹਿੰਦੀ ਹੈ।

ਸਾਨੂੰ ਆਪਣੇ ਅਵਗੁਣਾਂ ਨੂੰ ਪਛਾਣਨਾ ਹੈ ਕਿ ਸਾਡੇ ਨਿਜੀ ਜੀਵਨ ’ਚ ਇਹ ‘ਜਮਾਂ ਦੀ ਮਾਰ’ ਕਿਹੜੇ-ਕਿਹੜੇ ਵਿਕਾਰਾਂ ਕਾਰਨ ਪੈਂਦੀ ਹੈ ਅਤੇ ਅਸੀਂ ਇਸ ਤੋਂ ਕਿਵੇਂ ਛੁੱਟ ਸਕਦੇ ਹਾਂ ਤਾ ਕਿ ਅਸੀਂ ‘ਕਾਲ’ ਦੇ ਵੱਸ ਨਾ ਪਵੀਏ, ਸਾਡੀ ਆਤਮਕ ਮੌਤ ਨਾ ਹੋਵੇ। ਜਦੋਂ-ਜਦੋਂ ਅਸੀਂ ਇਸ ਕਿਸਮ ਦੀ ਮੁਸ਼ਕਲ ’ਤੇ ਕਾਬੂ ਪਾਉਂਦੇ ਹਾਂ ਤਾਂ ਅਸੀਂ ਕਾਲ ਤੋਂ ਉ਼ਠਬਸੱਪਰ ਹੋ ਕੇ ਅਕਾਲ ਹੋ ਜਾਂਦੇ ਹਾਂ ਅਤੇ ‘ਅਕਾਲ ਮੂਰਤਿ’ ਰੱਬ ਜੀ ਨਾਲ ਇਕਮਿੱਕਤਾ ਮਾਣਦੇ ਹਾਂ।

ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ।। (ਗੁਰੂ ਗ੍ਰੰਥ ਸਾਹਿਬ, ਪੰਨਾ : 1372)

ਇਸ ਗੁਣ ਬਾਰੇ ਵੀ ਵਿਚਾਰ ਕੇ ਜਿਊਣਾ ਚਾਹੀਦਾ ਹੈ ਕਿ ਹਰਿ ਜੈਸੇ ਗੁਣ ਕਿਵੇਂ ਜਿਊਣੇ ਹਨ। ਸੋ ‘ਅਕਾਲ ਮੂਰਤਿ’ ਵਾਲਾ ਗੁਣ ਅਸੀਂ ਵੀ ਧਾਰਣ ਕਰਕੇ ਆਪਣੀ ਅਮਲੀ ਜੀਵਨੀ ਵਿਚ ਜਿਊਣਾ ਹੈ।

ਰੂਪ ਨ ਰੇਖ ਨ ਰੰਗੁ ਕਿਛੁ ਤ੍ਰਿਹ ਗੁਣ ਤੇ ਪ੍ਰਭ ਭਿੰਨ।। (ਗੁਰੂ ਗ੍ਰੰਥ ਸਾਹਿਬ, ਪੰਨਾ : 283)

ਇਸ ਰੱਬੀ ਗੁਣ ਨੂੰ ਵਿਚਾਰਿਆਂ ਪਤਾ ਲੱਗਦਾ ਹੈ ਕਿ ਰੱਬ ਜੀ ਦਾ ਰੂਪ, ਰੇਖ (ਚਿਤ੍ਰ, ਆਕ੍ਰਿਤੀ) ਭੇਖ ਕੋਈ ਨਹੀਂ ਹੈ। ਇਸੇ ਕਰਕੇ ‘‘ਥਾਪਿਆ ਨ ਜਾਇ ਕੀਤਾ ਨ ਹੋਇ’’ (ਗੁਰੂ ਗ੍ਰੰਥ ਸਾਹਿਬ, ਪੰਨਾ : 2) ਗੁਰੂ ਗ੍ਰੰਥ ਸਾਹਿਬ ’ਚ ਕਿਹਾ ਗਿਆ ਹੈ। ਜੇ ਕਰ ਰੱਬ ਜੀ ਇਨ੍ਹਾਂ ਰੂਪ, ਰੇਖ, ਰੰਗ ਕਰਕੇ ਨਿਰਗੁਣ ਰੂਪ ’ਚ ਸੱਤਾ ਧਾਰੀ ਹਨ ਉਨ੍ਹਾਂ ਦੀ ਸ਼ਕਤੀ ਸਭ ਜਗ੍ਹਾ ਵਾਪਰਦੀ ਹੈ ਤਾਂ ਜੋ ਵੀ ਮਨੁੱਖ ਰੱਬ ਜੀ ਦਾ ਇਹ ਅਕਾਲ ਮੂਰਤਿ ਵਾਲਾ ਗੁਣ ਧਾਰਨ ਕਰਨਾ ਚਾਹੁੰਦਾ ਹੈ, ਉਸਨੂੰ ਵੀ ਆਪਣੀ ਹੋਂਦ ਤੋਂ ਉੱਪਰ ਉੱਠ ਕੇ ਭਾਵ, ਰੂਪ, ਰੰਗ, ਨਸਲ, ਜ਼ਾਤ, ਮਜ਼ਹਬੀ ਵਿਤਕਰੇ ਤੋਂ ਉ਼ਠਬਸੱਪਰ ਉ਼ਠਬਸੱਠ ਕੇ ਨਿਰਗੁਣ ਰੂਪ ਹੋਣਾ ਪਵੇਗਾ।

ਜਿਉ-ਜਿਉਂ ਮਨੁੱਖ ਆਪਣੇ ਰੂਪ, ਰੰਗ, ਰੇਖ, ਭੇਖ ਦੇ ਤੰਗਦਿਲੀ ਵਾਲੇ ਦਾਇਰੇ ’ਚੋਂ ਉ਼ਠਬਸੱਪਰ ਉ਼ਠਬਸੱਠ ਕੇ ਸਾਰੀ ਸ੍ਰਿਸ਼ਟੀ ਅਤੇ ਮਨੁੱਖਤਾ ਦੇ ਭਲੇ ਲਈ ਵਿਸ਼ਾਲਤਾ ਵਾਲਾ ਹਿਰਦਾ ਬਣਾਉਂਦਾ ਹੈ, ਤਿਉਂ-ਤਿਉਂ ਅਕਾਲ ਮੂਰਤਿ ਬਣਦਾ ਜਾਂਦਾ ਹੈ ਵਰਨਾ ਕਾਲ ਵਸ ਪਿਆ ਖੁਦਗਰਜ਼, ਡਰਪੋਕ ਬਣ ਜਾਂਦਾ ਹੈ।




.