{ਮੈਨੂੰ ਬਦਨਾਮ ਕਿਉਂ ਕਰਦੇ ਜੇ …. ?}
ਜਸਵਿੰਦਰ ਸਿੰਘ ‘ਰੁਪਾਲ’
9814715796
ਮੇਰਾ ਨਾਂ ਹੈ ਵਿਗਿਆਨ ਜਾਂ
ਸਾਇੰਸ। ਅਜੋਕੇ ਯੁੱਗ ਦੀ ਤਰੱਕੀ ਤੇ ਵਿਕਾਸ ਦੀ ਜਿੰਮੇਵਾਰ ਹਾਂ ਮੈਂ। ਹਰ ਛੋਟੇ ਤੋਂ ਛੋਟਾ ਅਤੇ
ਵੱਡੇ ਤੋਂ ਵੱਡਾ ਪ੍ਰਾਣੀ, ਕਿਵੇਂ ਨਾ ਕਿਵੇਂ, ਮੇਰੇ ਅਸੂਲਾਂ ਤੇ ਸਦਾ ਹੀ ਚਲਦਾ ਹੈ। ਮੈਂ ਹਰ ਇੱਕ
ਦੀ ਹਾਂ –ਬਿਨਾਂ ਕਿਸੇ ਰੰਗ, ਜਾਤ, ਨਸਲ, ਸਥਾਨ, ਭਾਸ਼ਾ ਤੇ ਧਰਮ ਦੇ ਭਿੰਨ ਭਾਵ ਤੋਂ। ਮੇਰੇ ਸਿਧਾਂਤ
ਇੰਗਲੈਂਡ ਵਿੱਚ ਵੀ ਓਹੀ ਹਨ ਤੇ ਭਾਰਤ ਵਿੱਚ ਵੀ। ਮੈਂ ਬ੍ਰਾਹਮਣ ਲਈ ਵੀ ਤੇ ਸੂਦਰਾਂ ਲਈ ਵੀ ਇੱਕੋ
ਜਿਹੀ ਕਾਢ ਦਿੱਤੀ ਹੈ। ਕਾਲਿਆਂ ਤੇ ਗੋਰਿਆਂ, ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਈਸਾਈਆਂ, ਹਰ ਅਮੀਰ
ਤੇ ਗਰੀਬ ਲਈ ਮੈਂ ਕੁੱਝ ਕੀਤਾ ਹੈ … …. । ਮੈਨੂੰ ਇਜ ਹੰਕਾਰ ਬਿਲਕੁਲ ਨਹੀਂ ਪਰ ‘ਮਾਣ’ ਜਰੂਰ ਹੈ
ਕਿ ਮੈਂ ਥੋੜੇ ਸਮੇਂ ਵਿੱਚ ਸਮੂਹ ਪ੍ਰਾਣੀਆਂ ਨੂੰ ਖਾਸ ਕਰਕੇ ਮਨੁੱਖ ਜਾਤੀ ਨੂੰ ਕਾਫ਼ੀ ਸਹੂਲਤਾਂ ਦੇ
ਸਕੀ ਹਾਂ। ਇਸ ਦੀ ਸੇਵਾ ਕਰਦੀ ਸੀ, ਕਰਦੀ ਹਾਂ ਅਤੇ ਕਰਦੀ ਰਹਾਂਗੀ। ਪਰ ਮੇਰੇ ਹੀ ਪੁੱਤਰ ਜਦੋਂ
ਬਾਗੀ ਹੋ ਜਾਣ ਤਾਂ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਜਾਂਦੇ ਹਨ। … … …
ਆਪਣੀ ਦੁੱਖ ਭਰੀ ਕਹਾਣੀ ਸੁਣਾਨ ਲਈ-ਆਪਣੀ ਸ਼ਿਕਾਇਤ ਸਾਂਝੀ ਕਰਨ ਲਈ ਮੈਨੂੰ ਜਰਾ ਕੁ ਪਿੱਛੇ ਤੋਂ
ਚਲਣਾ ਪਵੇਗਾ। ਸੰਖੇਪ, ਅਤਿ ਸੰਖੇਪ ਅਤੇ ਬਹੁਤ ਹੀ ਸੰਖੇਪ ਸ਼ਬਦਾਂ ਵਿੱਚ ਮੈਂ ਆਖਣਾ ਚਾਹਾਂਗੀ ਕਿ
‘ਆਦਮ’ ਤੋਂ ਲੈ ਕੇ ‘ਆਧੁਨਿਕ ਮਨੁੱਖ’ ਤੱਕ ਨੇ ਮੇਰੇ ਕਿੰਨੇ ਹੀ ਸਿਧਾਂਤ ਖੋਜੇ। ਮੈਨੂੰ ਪਰਦੇ ਤੇ
ਲਿਆਂਦਾ। ਅਜੇ ਵੀ ਖੋਜ ਕਰ ਰਿਹੈ ਇਹ ਮਨੁੱਖ ਅਤੇ ਮੇਰੀਆਂ ਲੁਕਵੀਆਂ ਗੰਢਾਂ ਨੂੰ ਖੋਲ੍ਹਣ ਦੀ ਕੋਸ਼ਿਸ਼
ਕਰ ਰਿਹਾ ਹੈ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦ ਇਹ ਦ੍ਰਿੜਤਾ ਨਾਲ ਕੋਈ ਗੁੰਝਲ ਖੋਲ੍ਹ ਦਿੰਦਾ ਹੈ।
ਮੈਨੂੰ ਆਪਣੇ ਪੁੱਤਰਾਂ ਤੇ, ਖੋਜੀਆਂ ਤੇ ਮਾਣ ਹੈ। ਇਨ੍ਹਾਂ ਦੀ ਲਗਨ ਸਦਕਾ ਹੀ ਮੈਂ ਅਗਾਂਹ ਆ ਸਕੀ
ਹਾਂ ਅਤੇ ਇਹ ਅਜੇ ਵੀ ਇਸ ‘ਸੱਚ ਦੇ ਮਾਰਗ’ ਤੇ ਲੱਗੇ ਹੋਏ ਹਨ। … …
ਭਾਵੇਂ ਕੁੱਲ ਦੁਨੀਆਂ ਮੇਰੀਆਂ ਕਾਢਾਂ ਦੀ ਵਰਤੋਂ ਕਰ ਰਹੀ ਹੈ ਤੇ ਕਰਦੀ ਰਵੇਗੀ ਵੀ, ਪਰ ਮੇਰੇ ਪੱਲੇ
ਫਿਰ ਵੀ ਬਦਨਾਮੀ। ਮੇਰੇ ਪੁੱਤਰਾਂ ਨੇ ਸੱਚ ਦੇ ਨਿਯਮ ਲੱਭਣ ਲਈ ਆਪਣੀਆਂ ਜਿੰਦਗੀਆਂ ਗਾਲ ਦਿੱਤੀਆਂ,
ਕਿੰਨੇ ਕਿੰਨੇ ਕੀਮਤੀ ਵਰ੍ਹੇ ਲਗਾਏ ਹਨ, ਪਰ ਫਿਰ ਵੀ ਉਨ੍ਹਾਂ ਦਾ ਨਾਂ ਮਾਣ ਨਾਲ ਨਹੀਂ ਲਿਆ ਜਾਂਦਾ।
ਕਿਉਂ, ਆਖਰ ਕਿਉਂ? ? ?
ਆਪਣੇ ਆਪ ਨੂੰ ਧਾਰਮਿਕ ਅਖਵਾਉਂਦੇ ਲੋਕ ਜਾਂ ਇਉਂ ਕਹੋ ਕਿ ਧਰਮ ਦੇ ਠੇਕੇਦਾਰ ਤਾਂ ਮੇਰੇ ਮਗਰ ਹੱਥ
ਧੋ ਕੇ ਹੀ ਪਏ ਹੋਏ ਹਨ। ਇਹਨਾਂ ਨੇ ਸੁਰੂ ਤੋਂ ਹੀ ਮੇਰੀ ਵਿਰੋਧਤਾ ਕੀਤੀ ਹੈ, ਅੱਜ ਵੀ ਕਰ ਰਹੇ ਹਨ।
ਇਹ ਨਿਹੋਰਾ ਅਸਲ ਵਿੱਚ ਮੈਂ ਆਪਣੇ ਇਨ੍ਹਾਂ ਵੀਰਾਂ ਨੂੰ ਹੀ ਦੇ ਰਹੀ ਹਾਂ। ਇਹਨਾਂ ਅਖੌਤੀ ਧਰਮੀਆਂ
ਨੇ ਮੇਰੇ ਪੁੱਤਰਾਂ ਗੈਲੀਲੀਓ, ਕਾਪਰਨੀਕਸ ਅਤੇ ਬਰੂਨੋ ਨੂੰ ਬਹੁਤ ਸਤਾਇਆ। ਗੈਲੀਲੀਓ ਦੇ ਇਹ ਕਹਿਣ
ਤੇ ਕਿ ਧਰਤੀ ਘੁੰਮਦੀ ਹੈ, ਇਨ੍ਹਾਂ ਨੇ ਉਸ ਦੀਆਂ ਉਹ ਅੱਖਾਂ ਹੀ ਕਢਵਾ ਦਿੱਤੀਆਂ ਜਿਨਾਂ ਨਾਲ ਉਹ
ਦੁਨੀਆਂ ਦੇਖਦਾ ਸੀ। ਕਾਪਰਨੀਕਸ ਤੇ ਬਰੂਨੋ ਨੂੰ ਵੀ ਬਹੁਤ ਕਸ਼ਟ ਦਿੱਤੇ ਗਏ। ਪਰ ਕੀ ਇਹ ਸਫਲ ਹੋ
ਸਕੇ? ? ਕੀ ਸੱਚ ਤੇ ਪਰਦਾ ਪਾਇਆ ਜਾ ਸਕਿਆ? ? ਮੇਰੇ ਪੁੱਤਰਾਂ ਨੇ ਧਰਤੀ ਨੂੰ ਘੁੰਮਦੀ ਹੋਈ ਵੀ
ਦਿਖਾ ਦਿੱਤਾ।
ਸੱਚ ਨੂੰ ਲੱਭਦਿਆਂ ਇਹਨਾਂ ਵਿਗਿਆਨਕਾਂ ਨੇ ਤਸੀਹਿਆਂ ਦੀ ਪਰਵਾਹ ਨਹੀਂ ਕੀਤੀ। ਹੁਣ ਚੰਦ ਵਿੱਚ ਕੋਈ
ਬੁੱਢੀ ਚਰਖਾ ਕਿਉਂ ਨਹੀਂ ਕੱਤਦੀ? ? ਕਿਉਂ ਨਹੀਂ ਹੁਣ ਧਰਤੀ ਕਿਸੇ ਬਲਦ ਦੇ ਸਿੰਗ ਤੇ ਚੁੱਕੀ ਹੋਈ?
? ? ? ਸਿਰਫ਼ ਇਸ ਕਰਕੇ ਕਿ ਇਨ੍ਹਾਂ ਪ੍ਰਤੱਖ ਦਿਖਾ ਦਿੱਤਾ ਹੈ ਅਤੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ
ਨਹੀਂ ਹੁੰਦੀ। ਕੌਣ ਝੁਠਲਾ ਸਕਦਾ ਹੈ ਸਚਾਈਆਂ ਨੂੰ? ? ? ਮੈਨੂੰ ਡਰ ਹੈ ਕਿ ਮੇਰੀ ਗੱਲ ਲੰਬੀ ਨਾ ਹੋ
ਜਾਵੇ। ਦਿਲ ਤਾਂ ਚਾਹੁੰਦਾ ਹੈ ਕਿ ਇੱਕ ਇੱਕ ਕਰਕੇ ਆਪਣੇ ਸਿਧਾਂਤ ਸਮਝਾਵਾਂ, ਆਪਣੀਆਂ ਖੋਜਾਂ
ਦਿਖਾਵਾਂ ਤੇ ਪੁੱਛਾਂ ਕਿ ਹੁਣ ਦੱਸੋ ਕੀ ਆਂਹਦੇ ਹੋ?
ਅਸਲ ਵਿੱਚ ਇਨ੍ਹਾਂ ਦੀ ਆਪਣੀ ਅੱਖ ਤੇ ਪਰਦਾ ਪਿਆ ਹੋਇਆ ਹੈ। ਇਹ ਮੇਰੇ ਮਾਲਿਕ (ਪ੍ਰਭੂ) ਨੂੰ ਸਿਰਫ
ਤੇ ਸਿਰਫ਼ ਆਪਣਾ ਮਾਲਿਕ ਬਣਾਉਣਾ ਚਾਹੁੰਦੇ ਨੇ। ਕੀ ਕੋਈ ਉਸ ਅਗੰਮੀ, ਅਥਾਹ, ਅਸੀਮ ਸ਼ਕਤੀ ਨੂੰ ਕੇਦ
ਕਰ ਸਕਦਾ ਹੈ? ਹਰਗਿਜ਼ ਨਹੀਂ। ਇਨ੍ਹਾਂ ਮੇਰੇ ਪਰਮ-ਪਿਤਾ, ਮੇਰੇ ਗੁਰੁ, ਮੇਰੇ ਪਤੀ, ਮੇਰੇ ਮਾਲਿਕ
ਮੇਰੇ ਸਭ ਕੁੱਝ ਨੂੰ ਕੁੱਝ ਇੱਕ ਸਿਧਾਂਤਾਂ ਵਿੱਚ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਦੁਨੀਆਂ ਨੂੰ
ਇਹ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਮੂਲ-ਆਪਣੇ ਪਤੀ ਦੇ ਚਰਨਾਂ ਤੋਂ ਟੁੱਟੀ ਹੋਈ ਹਾਂ।
ਇਹਨਾਂ ਮੈਨੂੰ ਸਿਰਫ਼ ਮਾਦਾ ਆਖ ਕੇ ਮੇਰਾ ਅਪਮਾਨ ਕੀਤਾ। ਮੇਰੇ ਪ੍ਰਭੂ ਨੂੰ ਸਿਰਫ਼ ਸੂਖਮ ਅਰਥਾਂ ਵਿੱਚ
ਲੈ ਕੇ ਮੇਰੇ ਮਾਲਿਕ ਦੀ ਨਿਰਾਦਰੀ ਕੀਤੀ। ਮੇਰੇ ਹਿਰਦੇ ਵਿੱਚ ਇੱਕ ਭਾਂਬੜ ਜਿਹਾ ਲੱਗਿਆ ਹੋਇਆ ਹੈ
ਅਤੇ ਮੈਂ ਲਲਕਾਰ ਕੇ, ਵੰਗਾਰ ਕੇ ਅਤੇ ਡੰਕੇ ਦੀ ਚੋਟ ਤੇ ਦੱਸਣਾ ਚਾਹੁੰਦੀ ਹਾਂ ਕਿ ਮੈਂ ਤਾਂ ਸਿਰਫ਼
ਆਪਣੇ ਪਤੀ ਦੇ ਚਰਨਾਂ ਦੀ ਦਾਸੀ ਹਾਂ। ਬੱਸ ਉਸ ਵਾਂਗ ਹੀ ਸਰਬ ਸਾਂਝੀ ਵੀ ਹਾਂ। … …. .
ਏਸ ਮਨੁੱਖ ਨੇ ਮੇਰੇ ਪਤੀ ਨੂੰ ਵੀ ਅਤੇ ਮੈਨੂੰ ਵੀ ਆਪਣੀਆਂ ਜੰਜੀਰਾਂ ਵਿੱਚ ਬੰਨ੍ਹਣ ਦੀ ਕੋਸ਼ਿਸ਼
ਕੀਤੀ ਅਤੇ ਕਰ ਰਿਹਾ ਹੈ। ਸ਼ਾਇਦ ਇਹ ਭੁੱਲ ਗਿਆ ਹੈ ਕਿ ਆਕਾਸ਼ ਨੂੰ ਪਿੰਜਰੇ ਚ’ ਬੰਦ ਨਹੀਂ ਕੀਤਾ ਜਾ
ਸਕਦਾ। ਬ੍ਰਹਿਮੰਡ ਨੂੰ ਕਾਬੂ ਕਰਨ ਲਈ, ਕੈਦ ਚ’ ਰੱਖਣ ਲਈ ਪਹਿਲਾਂ ਤੁਹਾਨੂੰ ਉਸ ਦੀ ਕੈਦ ਝੱਲਣੀ
ਪਵੇਗੀ। …. .
ਇਸ ਨਾ-ਸਮਝ ਸ਼ਰਧਾਲੂ ਨੇ ਐਲਾਨ ਕੀਤਾ ਕਿ ਮੈਂ ਮਨੁੱਖ ਜਾਤੀ ਨੂੰ ਸਦਾਚਾਰ ਤੋਂ ਅਤੇ ਸਚਾਈ ਤੋਂ
ਪਰ੍ਹੇ ਹਟਾ ਰਹੀ ਹਾਂ। ਆਪਣੇ ਆਪ ਨੂੰ ਮਾਲਿਕ ਦਾ ਸ਼ਾਗਿਰਦ ਅਖਵਾਉਣ ਵਾਲੇ ਨੂੰ ਇਹ ਵੀ ਨਹੀਂ ਪਤਾ ਕਿ
ਮੇਰੇ ਅਤੇ ਮੇਰੇ ਪਤੀ ਦੇ ਸਚਾਈ ਨਾਲ ਕੀ ਸੰਬੰਧ ਹਨ? ਕੀ ਮੈਂ ਸੱਚ ਦੀ ਖੋਜ ਵਿੱਚ ਨਹੀਂ ਲੱਗੀ ਹੋਈ?
ਕੀ ਮੇਰਾ ਹਰ ਨਿਯਮ ਸੱਚ ਵੱਲ ਸੰਕੇਤ ਨਹੀਂ ਕਰ ਰਿਹਾ? ਇਸ ਤਰਾਂ ਕਰ ਕੇ ਹੀ ਤਾਂ ਮੈਂ ‘ਪਰਮ ਸੱਚ’ -
‘ਸੱਚਾਂ ਦੇ ਸੱਚ’ ਦੀ ਪਤਨੀ ਅਖਵਾ ਸਕੀ ਹਾਂ। ਇਹ ਪਾਖੰਡੀ ਪ੍ਰਭੂ ਨੂੰ ਲੱਭਣ ਦੇ ਢੌਂਗ ਕਰਦੇ ਹਨ
ਜਦਕਿ ਉਸ ਦੇ ਚਰਨਾਂ ਦੀ ਦਾਸੀ ਨੂੰ ਵੀ ਨਹੀਂ ਸਮਝ ਸਕੇ। ਇਹ ਮੈਨੂੰ ਉਸ ਦੀ ਦੁਸ਼ਮਣ ਸਿੱਧ ਕਰਨ ਲੱਗੇ
ਹੋਏ ਹਨ। ਸ਼ਾਇਦ ਨਹੀਂ ਜਾਣਦੇ ਕਿ ਮੇਰਾ ਮਾਲਿਕ ਇਸ ਤਰਾਂ ਨਾਲ ਖੁਸ਼ ਨਹੀਂ ਹੁੰਦਾ। “ਜੇ ਤੁਸੀਂ ਪੂਰਨ
ਨੂੰ ਖੁਸ਼ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਉਸ ਦੀ ਹਰ ਅੰਸ਼ ਨੂੰ ਖੁਸ਼ ਕਰਨਾ ਪਵੇਗਾ।” ….
ਇਹਨਾਂ ਦੀ ਸ਼ਿਕਾਇਤ ਹੈ ਕਿ ਅਜੋਕਾ ਮਨੁੱਖ ਧਰਮ ਕਰਮ ਵੱਲ ਇਸ ਕਰਕੇ ਧਿਆਨ ਨਹੀਂ ਦਿੰਦਾ ਕਿਉਕਿ
ਵਿਗਿਆਨ ਨੇ ਉਸ ਨੂੰ ਪਦਾਰਥਵਾਦੀ ਬਣਾ ਦਿੱਤਾ ਹੈ। ਕਿਉਕਿ ਵਿਗਿਆਨ ਦੀਆਂ ਕਾਢਾਂ ਟੀ. ਵੀ. ਕੰਪਿਊਟਰ
ਵਿੱਚ ਮਨੁੱਖ ਖਚਿਤ ਹੋ ਕੇ ਰਹਿ ਜਾਂਦਾ ਹੈ। ਵਾਹ! ਕਿਆ ਖੂਬਸੂਰਤ ਸ਼ਿਕਾਇਤ ਹੈ? ਕੱਲ ਨੂੰ ਪ੍ਰਮਾਤਮਾ
ਨੂੰ ਵੀ ਸ਼ਿਕਾਇਤ ਕਰੋਗੇ ਕਿ ਉਸ ਨੇ ਮਨੁੱਖਾ ਜਨਮ ਕਿਉ ਦਿੱਤਾ ਹੈ? ਕਿਉਕਿ ਇਸ ਵਿੱਚ ਸਾਡੀ ਸੋਚ ਨੂੰ
ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ ਜਕੜ ਲਿਆ ਹੈ? ਕੀ ਇਹ ਆਖੋਗੇ ਕਿ ਇਹ ਜਗਤ ਪਾਸਾਰਾ, ਇਹ ਮਾਇਆ
ਕਿਉਂ ਪੈਦਾ ਕੀਤੀ ਜਿਸ ਵੱਲ ਸਾਡਾ ਮਨ ਮੋਹਿਆ ਜਾਂਦਾ ਹੈ? ਕੀ ਮੈਂ ਤੁਹਾਨੂੰ ਇਹ ਖੋਜਾਂ ਇਸ ਕਰਕੇ
ਦਿੱਤੀਆਂ ਸਨ ਕਿ ਤੁਸੀਂ ਇਨ੍ਹਾਂ ਵਿੱਚ ਖਚਿਤ ਹੋ ਕੇ ਰਹਿ ਜਾਵੋ? ਮੈਂ ਟੈਲੀਵਿਯਨ ਜਾਂ ਕੰਪਿਊਟਰ
ਦਿੰਦਿਆਂ ਕਦੋਂ ਕਿਹਾ ਸੀ ਕਿ ਇਸ ਉਤੇ ਅਸ਼ਲੀਲ ਫਿਲਮਾਂ ਜਾਂ ਗਲਤ ਸਾਈਟਾਂ ਹੀ ਦਿਖਾਈਆਂ ਜਾਣ? ? ਕੀ
ਇਨ੍ਹਾਂ ਨੂੰ ਸਚਾਈ ਤੇ ਸਦਾਚਾਰ ਦੇ ਪ੍ਰਚਾਰ ਲਈ ਨਹੀਂ ਵਰਤਿਆ ਜਾ ਸਕਦਾ? ? ਕੀ ਆਈਨਸਟਾਈਨ ਨੇ
‘ਮਾਦੇ ਤੇ ਊਰਜਾ’ ਦਾ ਸਿਧਾਂਤ ਇਸ ਕਰਕੇ ਦਿੱਤਾ ਸੀ ਕਿ ਤੁਸੀਂ ਪ੍ਰਮਾਣੂ ਬੰਬ ਬਣਾ ਕੇ ਆਪਣੇ ਹੀ
ਭਰਾਵਾਂ ਨੂੰ ਤੇ ਜਾਇਦਾਦ ਨੂੰ ਨਸ਼ਟ ਕਰਦੇ? ? ਮੇਰੇ ਪੁੱਤਰ ਤਾਂ ਤੁਹਾਡੇ ਤੋਂ ਕਿਤੇ ਵੱਧ ਧਾਰਮਿਕ
ਨੇ। ਯਾਦ ਹੈ ਹੀਰੋਸ਼ੀਮਾ ਤੇ ਨਾਗਾਸਾਕੀ ਦੀ ਤਬਾਹੀ ਦੀ ਖਬਰ ਸੁਣ ਕੇ ਆਈਨਸਟਾਈਨ ਨੂੰ ਕਿੰਨਾ ਦੁੱਖ
ਲੱਗਿਆ ਸੀ? ਇਹੀ ਦੁੱਖ ਉਸਦੀ ਮੌਤ ਦਾ ਕਾਰਨ ਬਣਿਆ ਸੀ। ਹੈ ਕੋਈ ਤੁਹਾਡੇ ਚੋਂ ਮਨੁੱਖਤਾ ਦਾ ਇੰਨਾ
ਹਿਤੈਸ਼ੀ? ਗਲਤੀ ਤੁਹਾਡੀ ਹੈ-ਤੁਹਾਡੇ ਲੀਡਰਾਂ ਦੀ, ਸਵਾਰਥੀ ਸਰਕਾਰਾਂ ਦੀ ਜਿਹੜੀਆਂ ਮੇਰੀ ਪ੍ਰਮਾਣੂ
ਸ਼ਕਤੀ ਨੂੰ ਪ੍ਰਮਾਣੂ-ਬੰਬ ਦੇ ਰੂਪ ਵਿੱਚ ਵਰਤਦੀਆਂ ਹਨ। ਕੀ ਇਸੇ ਨਾਲ ਲੱਖਾਂ ਕਾਰਖਾਨੇ ਨਹੀਂ ਚਲਾਏ
ਜਾ ਸਕਦੇ? ? ਕਸੂਰ ਕਿਸ ਦਾ ਹੋਇਆ? ਮੇਰਾ? ਜਾਂ ਮੇਰੇ ਵਿਗਿਆਨਕਾਂ ਦਾ? ਜਾਂ ਇਸ ਖੋਜ ਨੂੰ ਗਲਤ ਢੰਗ
ਨਾਲ ਵਰਤਣ ਵਾਲੇ ਦਾ? ? ਬੋਲੋ, ਹੁਣ ਚੁੱਪ ਕਿਉਂ ਹੋ?
ਮੈਨੂੰ ਦੱਸੋ ਤਾਂ ਸਹੀ ਮੇਰਾ ਕਿਹੜਾ ਸਿਧਾਂਤ ਕਹਿੰਦਾ ਹੈ ਕਿ ਮਨੁੱਖ ਨੂੰ ਸਦਾਚਾਰੀ ਤੇ
ਸੱਚਾ-ਸੁੱਚਾ ਨਹੀਂ ਹੋਣਾ ਚਾਹੀਦਾ? ਮੈਂ ਤਾਂ ਆਪਣੇ ਲਾਡਲੇ ਜਗਦੀਸ਼ ਚੰਦਰ ਬੋਸ ਰਾਹੀਂ ਇਹ ਵੀ ਕਿਹਾ
ਹੈ ਕਿ ਪੌਦਿਆਂ ਵਿੱਚ ਵੀ ਜੀਵਾਂ ਦੇ ਸਾਰੇ ਲੱਛਣ ਹੁੰਦੇ ਹਨ। ਉਨ੍ਹਾਂ ਦੀ ਵੀ ਸੰਭਾਲ ਕਰੋ। ਮੈਂ
ਤਾਂ ਕੁਦਰਤੀ ਸ਼ਕਤੀਆਂ ਹੜ੍ਹ, ਭੁਚਾਲ ਤੇ ਤੂਫ਼ਾਨ ਨੂੰ ਲੱਭਣ ਦੇ ਅਤੇ ਉਨਾਂ ਤੋਂ ਹੋ ਰਹੇ ਨੁਕਸਾਨ
ਨੂੰ ਘੱਟ ਕਰਨ ਦੇ ਢੰਗ ਲੱਭੇ ਹਨ। ਮੇਰੇ ਮਾਲਿਕ ਦੀ ਇੱਛਾ ਹੈ ਕਿ ਮੈਂ ਉਸ ਨੂੰ ਲੱਭਦੀ ਰਹਾਂ। ਤੇ
ਮੈਂ ਇਸ ਕੰਮ ਵਿੱਚ ਲਗਾਤਾਰ ਲੱਗੀ ਹੋਈ ਹਾਂ, ਪਰ ਕਦੇ ਆਪਣੇ ਮਾਲਿਕ ਨੂੰ ਬਦਨਾਮ ਨਹੀਂ ਕੀਤਾ।
ਤੁਸੀਂ ਸਾਰੇ ਹੀ-ਕੀ ਧਾਰਮਿਕ ਲੋਕ, ਕੀ ਲੀਡਰ, ਕੀ ਆਮ ਮਨੁੱਖ ਤੁਸੀਂ ਸਾਰੇ ਮੇਰੇ ਸਿਧਾਂਤਾਂ ਦਾ,
ਜਿਹੜੇ ਅਸਲ ਵਿੱਚ ਮੈਂ ਪਰਮ-ਸੱਚ ਦੀ ਭਾਲ ਕਰਦਿਆਂ ਦਿੱਤੇ ਹਨ, ਮੇਰੀਆਂ ਖੋਜਾਂ ਜਿਹੜੀਆਂ ਮੈਂ ਕਿਸੇ
ਖੋਜ ਵਿੱਚੋਂ ਹੀ ਦਿੱਤੀਆਂ ਹਨ, ਉਨ੍ਹਾਂ ਨੂੰ ਵਰਤਦੇ ਹੋ, ਪੂਰਾ ਲਾਭ ਲੈ ਰਹੇ ਹੋ, ਪਰ ਫੇਰ ਵੀ
ਮੈਨੂੰ ਬਦਨਾਮ ਕਰੀ ਜਾ ਰਹੇ ਹੋ। ਦੱਸੋ ਤਾਂ ਭਲਾ ਮੈਂ ਤੁਹਾਨੂੰ ਤੁਹਾਡੇ ਬਣਾਏ ਮੰਦਰ, ਗੁਰਦੁਆਰੇ
ਜਾਂ ਮਸਜਿਦ ਵਿੱਚ ਜਾਣ ਤੋਂ ਰੋਕਿਐ? ਮੈਂ ਤਾਂ ਸਗੋਂ ਆਣ-ਜਾਣ ਸੁਖਾਲਾ ਕਰਨ ਲਈ ਕਿੰਨੇ ਆਵਾਜਾਈ ਦੇ
ਸਾਧਨ ਦਿੱਤੇ ਹਨ। ਕਿਰਤ ਕਰਨ ਦੇ ਲੱਖਾਂ ਮੌਕੇ ਮੈਂ ਪ੍ਰਦਾਨ ਕੀਤੇ ਹਨ। ਮੈ ਕਦੋਂ ਵੰਡ ਛਕਣ ਦੇ
ਸਿਧਾਂਤ ਨੂੰ ਚੋਟ ਪਹੁੰਚਾਈ ਹੈ? ਮੈਂ ਤਾਂ ਇਨ੍ਹਾਂ ਤੇ ਅਮਲ ਕਰਵਾਉਣ ਲਈ ਸੁੱਖ ਸਹੂਲਤਾਂ ਪੇਦਾ ਕਰਨ
ਦੀ ਹਰ ਸੰਭਵ ਕੋਸ਼ਿਸ਼ ਕਰਦੀ ਰਹੀ ਹਾਂ।
ਕੀ ਮੈਂ ਕਾਮ ਨੂੰ, ਕਰੋਧ ਨੂੰ, ਲੋਭ ਨੂੰ ਮੋਹ ਨੂੰ ਜਾਂ ਹੰਕਾਰ ਨੂੰ ਕਾਬੂ ਕਰਨ ਲਈ ਕੁੱਝ ਨਹੀਂ
ਦਿੱਤਾ? ? ਦੱਸੋ ਜਰਾ। ਜੇ ਤਾਂ ਮੈਂ ਤੁਹਾਡੀਆਂ ਬੁਰਾਈਆਂ ਦੂਰ ਕਰਾਂ, ਨੇਕ ਕੰਮਾਂ ਲਈ ਪਰੇਰਨਾ
ਦਿਆਂ ਅਤੇ ਫੇਰ ਵੀ ਬਦਨਾਮ ਹੋਵਾਂ ਤਾਂ ਮੈਨੂੰ ਦੁੱਖ ਤਾਂ ਲੱਗੇਗਾ ਹੀ। ਮੈਂ ਆਪਣੇ ਮਾਲਿਕ ਦੇ ਭਾਣੇ
ਵਿੱਚ ਰਹਿੰਦੀ ਹਾਂ –ਕੋਸ਼ਿਸ਼ ਕਰਦੀ ਹਾਂ ਕਿ ਬੁਰਾ ਸੋਚਣ ਵਾਲਿਆਂ ਦਾ ਵੀ ਭਲਾ ਕਰਾਂ ਪਰ ਤੁਸੀਂ
ਮੈਨੂੰ ਸਮਝੋ ਤਾਂ ਸਹੀ। ਕਿਉਂ ਮੇਰਾ ਬੁਰਾ ਸੋਚ ਕੇ ਤੇ ਮੈਨੂੰ ਬਦਨਾਮ ਕਰਕੇ ਪਾਪਾਂ ਦੇ ਭਾਗੀ ਬਣ
ਰਹੇ ਹੋ? ਮੈਂ ਤਾਂ ਉਸ ਮਾਲਿਕ ਦੀ ਪੂਜਾ ਕਰਨ ਲਈ ਖੁਦ ਤੁਹਾਡੇ ਨਾਲ ਹਾਂ। ਆਓ ਆਪਾਂ ਸਾਰੇ ਉਸ ਇੱਕ
ਨੂੰ ਜੋ ਵੰਡਿਆ ਨਹੀਂ ਜਾ ਸਕਦਾ, ਅਨੇਕ ਹੈ ਫਿਰ ਏਕ ਹੈ, ਉਸ ਨੂੰ ਨਮਸਕਾਰ ਕਰੀਏ। ਪ੍ਰਮਾਤਮਾ ਨੂੰ
ਵੀ ਸਾਡੀ ਪਿਆਰ-ਖਿੱਚ ਹੈ, ਪਰ ਅਸੀਂ ਉਸ ਪਿਆਰ-ਖਿੱਚ ਨੂੰ ਪਹਿਚਾਣਦੇ ਹੀ ਨਹੀਂ। ਆਓ ਮੇਰੇ ਵੀਰੋ
ਆਓ, ਪਹਿਲਾਂ ਨਿੰਦਾ ਛੱਡੋ। ਆਓ ਪਹਿਲਾਂ ਇੱਕ ਦੂਜੇ ਨੂੰ ਸਮਝੀਏ। ਤਦ ਹੀ ਉਸ ਇੱਕ ਨੂੰ ਸਮਝ
ਸਕਾਂਗੇ। ਸੱਚਾ ਤਾਅਨਾ ਦੇ ਕੇ ਕੌੜਾ ਸੱਚ ਬੋਲਿਆ ਹੈ। ਮੁਆਫ਼ ਕਰਨਾ। …
ਮੁੜ ਮੈਨੂੰ ਮੇਰੇ ਪਤੀ ਦੇ ਚਰਨਾਂ ਤੋਂ ਟੁੱਟੀ ਹੋਈ ਨਾ ਆਖਣਾ। ਮੈਂ ਤਾਂ ਸਦਾ ਉਸ ਦੇ ਨਾਲ ਹਾਂ ਤੇ
ਉਹ ਮੇਰੇ ਨਾਲ ਹੈ। ਅਸਾਡੇ ਚ’ ਕੋਈ ਭੇਦ ਨਹੀਂ, ਭਾਵੇਂ ਮੈਂ ਅਜੇ ਇਸ ਸਾਗਰ ਦਾ ਥਹੁ ਨਹੀਂ ਪਾ ਸਕੀ।
--------------------------00000--------------------------
ਲੈਕਚਰਰ ਅਰਥ ਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰ. ਸਕੂਲ,
ਭੈਣੀ ਸਾਹਿਬ (ਲੁਧਿਆਣਾ) -141126