ਇਸ ਤੋਂ ਅੱਗੇ ਭਾਈ ਬੰਨੋ ਜੀ ਵਲੋਂ ਬੀੜ ਲੈ ਜਾਣ ਦਾ ਪ੍ਰਸੰਗ ਹੈ। ਉਸ ਬਾਰੇ
ਵੀ ਪੁਸਤਕ ਦੇ ਉਸੇ ਹੀ 804 ਸਫ਼ੇ ਤੇ ਸੰਪਾਦਕ ਸਾਹਿਬ ਦਾ ਨੋਟ ਇਸ ਪ੍ਰਕਾਰ ਹੈ:-
(ਸ) ਭਾਈ ਬੰਨੋ ਵਾਲੀ ਬੀੜ:-ਭਾਈ ਬੰਨੋ ਦਾ ਪ੍ਰਸੰਗ ਇਸ ਗ੍ਰੰਥ ਵਿੱਚ
ਕੁੱਝ ਵਖਰੇਵੇਂ ਨਾਲ ਆਇਆ ਹੈ। ਇਥੇ ਉਹ ਬੀੜ ਦਾ ਉਤਾਰਾ ਆਪਣੇ ਨਗਰ ਮਾਂਗਟ ਜਾਂਦਾ ਰਸਤੇ ਵਿੱਚ ਨਹੀਂ
ਕਰਦਾ ਸਗੋਂ ਲਾਹੌਰ ਜਿਲਦ ਬਨਵਾਉਣ ਜਾਣ ਸਮੇਂ ਕਰਦਾ ਹੈ। ਰਸਤੇ ਵਿੱਚ ਉਤਾਰਾਕਰ ਦੀ ਸਾਖੀ ਪ੍ਰੋ:
ਸਾਹਿਬ ਸਿੰਘ ਨੇ ‘ਅਦਿ ਬੀੜ ‘ਪੁਸਤਕ ਅੰਦਰ ਤਰਕ ਸਹਿਤ ਖੰਡਣ ਕੀਤਾ ਹੈ। ਰਸਤੇ ਵਿੱਚ ਬਾਣੀ ਦਾ
ਉਤਾਰਾ ਅਸੰਭਵ ਹੈ ਕਿਉਂਕਿ ਇਹ ਕੋਈ ਸੁਖੈਨ ਕਾਰਜ ਨਹੀਂ ਤੇ ਇਸਨੂੰ ਨੇਪਰੇ ਚਾੜਣਾ ਹੋਰ ਕਿਸੇ ਵਾਸਤੇ
ਸੰਭਵ ਨਹੀਂ ਸੀ। ਉਸ ਸਮੇ ਤਾਂ ਵਿਦਿਆ ਦਾ ਪਸਾਰਾ ਵੀ ਇਤਨਾ ਨਹੀਂ ਸੀ ਹੋਇਆ ਕਿ ਸਾਰੀ ਸੰਗਤ ਹੀ
ਉਤਾਰਾ ਕਰਨ ਲੱਗ ਪਈ ਹੋਵੇ। ਇਹ ਉਤਾਰਾ ਬਾਅਦ ਵਿੱਚ ਕੀਤਾ ਗਿਆ ਤੇ ਇਸ ਸਾਖੀ ਨੂੰ ਮਗਰੋਂ ਜੋੜ
ਦਿੱਤਾ ਗਿਆ ਪਰ ਫਿਰ ਵੀ ਇਹ ਬੀੜ ਪੰਥ ਵਿੱਚ ਪ੍ਰਵਾਣਤ ਨਾ ਹੋ ਸਕੀ। ਭਾਈ ਬੰਨੋ ਜੀ ਜਿਸ ਇਲਾਕੇ
ਵਿੱਚ ਰਹਿੰਦੇ ਸਨ, ਉਸ ਨੂੰ ਖਾਰ ਦਾ ਇਲਾਕਾ ਕਹੀਦਾ ਸੀ। ਜਿਸ ਕਰਕੇ ਉਨ੍ਹਾਂ ਦੇ ਨਾਮ ਵਾਲੀ ਬੀੜ ਦੇ
ਨਾਲ ਖਾਰੀ ਸ਼ਬਦ ਪ੍ਰਚਲਤ ਹੋ ਗਿਆ।
ਬਾਰ ਬਾਰ ਉਹੀ ਇਤਰਾਜ਼ ਕਰਨ ਦੀ ਕੀ ਲੋੜ? ਪਾਠਕਾਂ ਦੀ ਜਾਣਕਾਰੀ ਲਈ ਏਨਾ ਹੀ
ਕਾਫ਼ੀ ਹੈ।
ਲਿਖਾਰੀ ਅਨੁਸਾਰ ਜਦੋਂ ਭਾਈ ਭਾਈ ਬੰਨੋ ਨੂੰ ਬੀੜ ਵਾਪਸ ਲਿਆਉਂਦਿਆਂ ਨੂੰ
ਵੇਖਿਆ ਤਾਂ ਸਤਿਗੁਰੂ ਜੀ ਸਤਿਕਾਰ ਹਿਤ ਸੰਘਾਸਣ ਤੋਂ ਉੱਠ ਪਏ। ਸਤਿਗੁਰੂ ਜੀ ਦਾ ਫ਼ੁਰਮਾਨ:--
ਦੋਹਰਾ॥ ਮਮ ਆਗਯਾ ਸਭ ਹੀ ਸੁਨੋ ਸੱਤਿਬਾਤ ਨਿਰਧਾਰ।
ਗ੍ਰੰਥ ਗੁਰੂ ਸਮ ਮਾਨਯੋ ਭੇਦ ਨ ਕੋਊ ਬਿਚਾਰ॥ 687॥
ਸੰਪਾਦਕ ਮਹਾਂਪੁਰਖਾਂ ਦੀ ਹੀ ਖੋਜ ਅਨੁਸਾਰ ਕਿਉਂਕਿ ਗੁਰਬਿਲਾਸ ਪੁਸਤਕ ਸੰਨ
1718 ਵਿੱਚ ਲਿਖੀ ਗਈ ਹੈ ਅਤੇ ਗ੍ਰੰਥ ਰੂਪ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਕਾਇਦਾ ਗੁਰਿਆਈ
1708 ਵਿੱਚ ਮਿਲ ਗਈ ਸੀ, ਇਸ ਲਈ ਲਿਖਾਰੀ ਦਾ ਇਹ ਲਿਖਣਾ ਕਿ, ਜਦੋ ਹੀ ਭਾਈ ਬੰਨੋ ਦੁਆਰਾ ਸਜਿਲਦ
ਬੀੜ ਤਿਆਰ ਹੋ ਕੇ ਪੁੱਜੀ (ਸ੍ਰੀ ਗੁਰੂ) ਗ੍ਰੰਥ ਸਾਹਿਬ ਨੂੰ ਗੁਰੂ ਸਮਝਣ ਦੀ ਆਗਿਆਨ ਪੰਜਵੇ ਪਾਤਸ਼ਾਹ
ਜੀ ਨੇ ਹੀ ਕਰ ਦਿੱਤੀ ਸੀ। ਜੋ ਸਚੁ ਨਹੀ ਸਗੋਂ ਭਰਮ ਪਾਊ ਝੂਠ ਹੈ। ਕਿਸੇ ਦ੍ਰਿਸ਼ਟਮਾਨ ਆਕਾਰ
ਨੂੰ ਇਸ਼ਟ ਜਾਂ ਗੁਰੂ ਮੰਨਣ ਦੀ ਗੱਲ ਤਾਂ ਸਤਿਗੁਰੂ ਨਾਨਕ ਸਾਹਿਬ (ਮਹਲਾ 1) ਨੇ ਹੀ ਰੱਦ ਕਰ ਦਿਤੀ
ਸੀ। “-ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ
ਮਾਨੈ ਪਰਤਖਿ ਗੁਰੂ ਨਿਸਤਾਰੇ॥ 5
ਬਚਨ ਤਾਂ ਗੁਰਬਾਣੀ ਵਿੱਚ ਮਿਲਦੇ ਹਨ, ਪਰ
ਕਿਸੇ ਦ੍ਰਿਸ਼ਟਮਾਨ ਵਜੂਦ ਨੂੰ ਬਿਨਾ ਬਾਕਾਇਦਾ ਗੁਰਿਆਈ ਮਿਲਿਆਂ ਗੁਰੂ ਪਦਵੀ ਦੇ ਤੁਲ ਮੰਨਣ ਦਾ
ਸੰਕੇਤ ਕਿਤੋਂ ਨਹੀਂ ਮਿਲਦਾ। ਗੁਰਿਆਈ ਲਈ ਇਹ ਪਾਬੰਦੀ ਜ਼ਰੂਰੀ ਹੈ- “ਜੋਤਿ ਓਹਾ ਜੁਗਤਿ ਸਾਇ ਸਹਿ
ਕਾਇਆ ਫੇਰਿ ਪਲਟੀਐ॥” ਜੋਤਿ ਅਤੇ ਜੁਗਤਿ ਸਤਿਗੁਰੁ ਨਾਨਕ ਸਾਹਿਬ ਜੀ ਵਾਲੀ ਹੀ ਹੋਣੀ ਜ਼ਰੂਰੀ
ਸ਼ਰਤ ਹੈ। ਤਿਆਰ ਹੋਈ ਬੀੜ ਅਜੇ ਸਤਿਗੁਰੂ ਨਾਨਕ ਸਾਹਿਬ ਦੀ ਸੰਪੂਰਨ ਜੋਤਿ (ਜੋ ਸਤਿਗੁਰੂ ਤੇਗ਼ਬਹਾਦਰ
ਸਾਹਿਬ ਜੀ ਦੀ ਬਾਣੀ ਸ਼ਾਮਲ ਹੋ ਕੇ ਸੰਪੂਰਨਤਾ ਤੱਕ ਪੁੱਜਣੀ ਸੀ) ਤੋਂ ਵਾਂਜੀ ਸੀ। ਸੰਪੁਰਨਤਾ ਅਤੇ
ਬਾਕਾਇਦਾ ਗੁਰਿਆਈ ਦੀ ਮਾਲਕੀ ਦਸ਼ਮੇਸ਼ ਜੀ ਦੀ ਪਾਵਨ ਜ਼ਾਤ ਤੋਂ ਪ੍ਰਾਪਤ ਹੋਣੀ ਸੀ। ਉਸ ਤੋਂ ਪਹਿਲਾਂ
ਦੇ ਆਦਿ ਗ੍ਰੰਥ ਸਾਹਿਬ ਕੋਲ ਬਾਕਾਇਦਾ ਗੁਰਿਆਈ ਦੀ ਪਦਵੀ ਮਿਲ ਚੁੱਕੀ ਸਮਝਣੀ ਗੁਰਮਤਿ ਨਹੀਂ ਹੈ।
ਨਿੱਯਮ ਅਨੁਸਾਰੀ ਗੁਰਿਆਈ ਦਸ਼ਮੇਸ਼ ਜੀ ਤੋਂ ਹੀ ਮਿਲੀ ਸੀ। ਗੁਰਮਤਿ ਦੀ ਪਾਵਨ ਨਿਯੱਮਾਵਲੀ ਨੂੰ ਹਾਸੋ
ਹੀਣੀ ਬਣਾਉਣ ਲਈ ਲਿਖਾਰੀ ਜਾਣ ਬੁੱਝ ਕੇ ਅਜੇਹੇ ਭਰਮ ਬਣਾ ਰਿਹਾ ਹੈ॥
ਤਿਆਰ ਹੋਈ ਆਦਿ ਗ੍ਰੰਥ ਬੀੜ ਦੀ ਸੇਵਾ ਸੰਭਾਲ ਉਚੇਚੇ ਤੌਰ ਤੇ ਕੀਤੀ ਜਾਣ ਦਾ
ਅਰਥ ਕੇਵਲ ਪੂਜਾ ਵੰਦਨਾ ਕਦੇ ਨਹੀ ਹੋ ਸਕਦਾ। ਸੋ (ਗੁਰੂ) ਗਰੰਥ ਸਾਹਿਬ ਵੀ ਅਜੇ ਕੇਵਲ ਸਤਿਕਾਰ-ਯੋਗ
‘ਗ੍ਰੰਥ’ ਹੀ ਸਨ। ਗ੍ਰੰਥ-ਰੂਪ ਵਿੱਚ ਗੁਰਿਆਈ ਆ ਜਾਣ ਦਾ ਸੰਸਾਰੀ ਲੋਕਾਂ ਨੂੰ ਅਜੇ ਸੁਪਨਾ ਤੱਕ ਵੀ
ਕਦੇ ਨਹੀਂ ਸੀ ਆਇਆ। ਪੂਜਾ ਭੇਟਾ ਡੰਡੌਤਾਂ, ਪਰਕ੍ਰਿਮਾ ਚੌਰ ਕੀਤੇ ਜਾਣ ਦੀ ਗੱਲ ਇਸ ਲਿਖਾਰੀ ਵਲੋਂ
ਬਾਰ ਬਾਰ ਲਿਖੀ ਜਾਣੀ ਗੰਭੀਰ ਸ਼ਰਾਰਤ ਹੈ। ਗੁਰਬਾਣੀ ਨੂੰ ਗਿਆਨ-ਦਾਤੀ ਦੇ ਥਾਂ ਮੰਦਰਾਂ ਵਿਚਲੇ
ਨਿਰਜਿੰਦ ਦੇਵੀ ਦੇਵਤਿਆਂ ਵਰਗੀ ਹੀ, ਵਰਾਂ ਸਰਾਪਾਂ ਦੀ ਦਾਤੀ ਬਣਾਉਣ ਦਾ ਯਤਨ ਹੈ। ਸਾਨੂੰ
ਗੁਰੂਬਾਣੀ ਦੇ ਗਿਆਨ ਤੋਂ ਤੋੜ ਦੇਣ ਲਈ ਰਚੀ ਹੋਈ ਖ਼ਤਰਨਾਕ ਬਰਾਹਮਣੀ-ਸਾਜ਼ਸ਼ ਦਾ ਮੁੱਖ ਮੰਤਹ ਗੁਰਸਿਖ
ਨੂੰ ਗੁਰਮਤਿ ਗਿਅਨ ਤੋਂ ਤੋੜ ਦੇਣ ਦਾ ਹੀ ਸੀ। ਤਿਆਰ ਹੋਈ ਬੀੜ ਨੂੰ ਪੰਚਮ ਗੁਰੂ ਗੁਰੂ ਨਾਨਕ ਹੀ
ਸਮਝਣ ਦੀ ਗੱਲ ਲਿਖਣ ਤੋ ਅਗਲੇ ਬਚਨ:-- ਜੋਊ ਗ੍ਰਿੰਥ ਇਸ ਤੇ ਲਿਖੇ ਸੋਧਉ ਇਸੇ ਬਨਾਏ।
ਗੁਰਦਾਸ ਬੀੜ ਤੇ ਜੋ ਲਿਖੇ ਸੋਊ ਤਾਹਿ ਸਾਧਾਏ॥ 688॥
ਭਾਵ, ਭਾਈ ਬੰਨੋ ਵਾਲੀ ਬੀੜ ਤੋ ਤਿਆਰ ਕੀਤੀ ਜਾਣ ਵਾਲੀ ਬੀੜ ਦੇ ਥਾਂ ਉਹੀ
ਬੀੜ ਮਨਜ਼ੂਰ ਸੀ ਜੋ ਭਾਈ ਗੁਰਦਾਸ ਜੀ ਦੀ ਕਲਮ ਤੋਂ ਤਿਆਰ ਕਰਵਾਈ ਅਤੇ ਓਸੇ ਅਨੁਸਾਰ ਸੋਧੀ ਹੋਈ ਬੀੜ
ਮਨਜ਼ੂਰ ਸੀ।
ਚੌਪਈ॥ ਸ੍ਰੀ ਸਤਿਗੁਰੂ ਦਿਖਿ ਲਗੋ ਦੀਵਾਨ। ਬੁੱਢੇ ਆਦਿਕ ਸਭਿ ਇਕਠਾਨ।
ਹਰਿ ਗੋਬਿੰਦ ਕੋ ਕਹਾ ਸੁਨਾਈ। ਆਗਯਾ ਮੋਰ ਸੁਨੋ ਚਿਤੁ ਲਾਈ॥ 689॥
ਲਗੇ ਦੀਵਾਨ ਵਿੱਚ ਬਾਬਾ ਬੁੱਢਾ ਜੀ ਆਦਿ ਸਨਮਾਨ ਪ੍ਰਾਪਤ ਗੁਰਸਿੱਖਾ ਦੇ
ਹੁੰਦਿਆ ਪੰਚਮ ਪਾਤਸ਼ਾਹ ਜੀ ਨੇ ਸਾਹਿਬਜ਼ਾਦਾ ਹਰਿ ਗੋਬਿੰਦ ਸਾਹਿਬ ਜੀ ਨੂੰ ਵਸੀਹਤਾ-ਰੂਪ ਹਦਾਇਤਾਂ
ਕਰਦਿਆ ਇਉਂ ਆਖਿਆ:-
ਸਾਹਿਬ ਬੁੱਢੇ ਬਚਨ ਬਖਾਨਾ। ਤੁਮ ਕਰਨੇ ਹੈ ਜੁੱਧ ਮਹਾਨਾ।
ਗ੍ਰਿੰਥ ਬੀੜ ਹਮ ਜੋਇ ਲਿਖਾਈ। ਬਾਈ ਵਾਰ ਸੁਨਹੁ ਮਨ ਲਾਈ॥ 690॥
ਮਨ ਪਸੰਦ ਸੁਨਿ ਵਾਰ ਜੁ ਪਾਵੋ। ਤਬੈ ਧੁਨਾਂ ਤੁਮ ਤਾਹਿ ਚੜ੍ਹਾਵੋ।
ਬਾਨੀ ਔਰ ਨਹੀ ਤੁਮ ਤੁਮ ਕਰਨੀ। ਸੱਤ ਬਚਨ ਸੁਨਹੁ ਮਮ ਸ੍ਰਵਨੀ॥ 691॥
ਅਰਥ:-ਸਾਹਿਬ ਬੁੱਢਾ ਜੀ ਦੇ ਬਚਨ ਹਨ ਕਿ ਤੁਸਾਂ ਬੜੇ ਭਾਰੀ ਯੁੱਧ ਕਨੇ
ਹਨ, ਜਹੜੀਆਂ 22 ਵਾਰਾਂ (ਗੁਰੂ) ਗ੍ਰੰਥ ਸਾਹਿਬ ਵਿੱਚ ਲਿਖਾਈਆਂ ਹਨ ਉਨ੍ਹਾਂ ਨੂੰ ਮਨ ਲਾ ਕੇ ਸੁਣ
ਲੈਣਾ। 690. ਮਨ ਪਸੰਦ ਵਾਰਾਂ ਦੀਆਂ (ਢੁੱਕਵੀਆਂ) ਧੁਨਾਂ ਤੁਸਾਂ ਆਪ ਚਾੜ੍ਹ ਲੈਣੀਆਂ। ਮੇਰੇ ਸੱਚੇ
ਬਚਨ ਕੰਨਾਂ ਨਾਲ ਸੁਣ ਲਵੋ (ਭਾਵ, ਕੰਨ ਖੋਹਲ ਕੇ ਧਿਆਨ ਨਾਲ ਸੁਣੋ) ਕਿ, ਤੁਸਾਂ ਹੋਰ ਬਾਣੀ ਦੀ
ਰਚਨਾ ਨਹੀਂ ਕਰਨੀ। 692.
ਇਨ੍ਹਾਂ ਉਪਰੋਕਤ ਦੋਹਾਂ ਚੌਪਈਆਂ ਤੋਂ ਲਿਖਾਰੀ ਵਿਰੁਧਾ ਦਾਸ ਦੇ ਹਿਰਦੇ
ਵਿੱਚ ਉਪਜਿਆ ਗੰਭੀਰ ਰੋਸ:-
ਉਂਜ ਤਾਂ ਅਰੰਭ ਤੋਂ ਹੀ ਦਾਸ ਆਪਣੇ ਇਸ ਰੋਸ ਨੂੰ ਪਾਠਕਾਂ ਨਾਲ ਸਾਂਝਾ ਕਰਦਾ
ਆ ਰਿਹਾ ਹੈ, ਕਿ. ਇਸ ਪੁਸਤਕ ਦਾ ਲਿਖਾਰੀ ਉਸ ਬਾਬਾ ਬੁੱਢਾ ਜੀ ਨੂੰ ਸਤਿਗੁਰਾਂ ਨਾਨਕ ਸਾਹਿਬ ਜੀ ਦੇ
ਹੀ ਪੰਜਵੇ ਸਰੂਪ ਲਈ ਵੀ ਹਰ ਪੱਖੋ ਪੂਜਨੀਕ ਦਰਸਾਈ ਆ ਰਿਹਾ ਹੈ, ਜਿਸ ਸਤਿਗੁਰੁ ਨਾਨਕ ਜੀ ਨੇ ਆਪਣੇ
ਪਹਿਲੇ ਸਰੂਪ ਸਮੇ ਪਸੂਆਂ ਦੇ ਪਾਲੀ ਗ਼ਰੀਬੜੇ ਬੂੜੇ ਤੋਂ ਸਤਿਕਾਰਯੋਗ ਭਾਈ ਸਾਹਿਬ ਜੀ ਬਣਾ ਦਿੱਤਾ ਸੀ
(ਧਿਆਨ ਰਹੇ ਕਿ ਭਾਈ ਤੋਂ “ਸਾਹਿਬ ਬਾਬਾ ਜੀ” ਇਸ ਲਿਖਾਰੀ (ਨੇ ਬਣਾਇਆ ਹੈ)। ਇਸ ਵਿੱਚ ਕੋਈ ਸ਼ੱਕ
ਨਹੀਂ ਕਿ, ਸਨਮਾਨ ਯੋਗ ਬਾਬਾ ਜੀ, ਗੁਰੂ ਦਰਬਾਰ ਦੇ ਨਿਸ਼ਕਾਮ, ਬੜੇ ਸੱਚੇ ਸੁੱਚੇ ਅਤੇ ਸੁਹਿਰਦ ਸੇਵਕ
ਹੋ ਗੁਜ਼ਰੇ ਹਨ। ਬਾਬਾ ਜੀ ਵਰਗੇ ਗੁਰੂ-ਘਰ ਦੇ ਸ਼ਰਧਾਲੂ ਸੇਵਕ ਅਤੇ ਸਤਿਗੁਰੂ ਜੀ ਦੇ ਵਡੇ ਸ਼ਰਧਾਵਾਨ
ਉਪਾਸ਼ਕ ਬਾਰੇ ਇਹ ਮੰਨ ਲੈਣਾ ਬੜੀ ਭਿਆਨਕ ਭੁੱਲ ਹੈ, ਕਿ ਉਹ ਕਿਸੇ ਪੱਖੋਂ ਵੀ ਸਤਿਗੁਰੂ ਜੀ ਲਈ
ਪੂਜਨੀਕ ਮਹਾਂਪੁਰਖ ਬਣ ਚੁੱਕੇ ਸਨ। ਉਂਜ ਤਾਂ ਕਿਸੇ ਪਾਤਰ ਦੀ ਜ਼ਬਾਨੀ ਵੀ ਬਾਬਾ ਜੀ ਨੂੰ ‘ਸਾਹਿਬ’
ਲਿਖਣਾ ਵੱਡਾ ਭੁਲੇਖਾ ਪਾਊ ਗੁਰਮਤਿ ਵਿਰੋਧੀ ਦੁਸ਼-ਕਰਮ ਹੈ। ਪਰ ਏਥੇ ਤਾਂ ਲਿਖਾਰੀ ਨੇ ਪੰਚਮ
ਸਤਿਗੁਰੂ ਨਾਨਕ ਸਾਹਿਬ ਜੀ ਦੀ ਜ਼ਬਾਨੀ ਬਾਬਾ ਬੁੱਢਾ ਜੀ ਨੂੰ ਕੇਵਲ ‘ਸਾਹਿਬ’ ਕਹਿੰਦੇ ਹੀ
ਨਹੀਂ ਦਰਸਾਇਆ ਸਗੋਂ ਬਾਬਾ ਜੀ ਨੂੰ ਭਵਿੱਖ ਬਾਣੀ ਉਚਾਰਦੇ ਵੀ ਦਰਸਾ ਕੇ, ਗੁਰਮਤਿ-ਸਿਧਾਂਤ ਦੀ
ਜਾਣ-ਬੁੱਝ ਕੇ ਖੰਡਨਾ ਕੀਤੀ ਹੈ। ਇਸ ਲਈ ਅੱਗੇ ਤੁਰਨ ਤੋਂ ਪਹਿਲਾਂ 1- ‘ਸਾਹਿਬ’ ਪਦ ਅਤੇ
2- ‘ਭਵਿੱਖ ਬਾਣੀ” ਬਾਰੇ ਗੁਰਮਤਿ ਦਾ ਪੱਖ ਵਿਸਥਾਰ ਨਾਲ ਵਿਚਾਰ ਲਈਏ:-