. |
|
ਰੂਹ ਦੀ ਆਰਸੀ
(ਪ੍ਰੋ: ਹਰਿੰਦਰ ਸਿੰਘ ਮਹਿਬੂਬ ਦੇ ਖ਼ਤ, ਡਾ: ਗੁਰਮੁਖ ਸਿੰਘ ਦੇ ਨਾਂ)
ਲਿਖਾਰੀ: ਅਮਰੀਕ ਸਿੰਘ ਧੌਲ
ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੇ ਨਿਕਟਵਰਤੀਆਂ ਦੇ ਘੇਰੇ ਵਿੱਚ ਕਾਫੀ ਲੋਕ
ਸ਼ਾਮਿਲ ਸਨ। ਇਨ੍ਹਾਂ ਦੇ ਸ਼ੁਮਾਰ ਵਿੱਚ ਉਹ ਲੋਕ ਆਉਂਦੇ ਹਨ ਜਿਹੜੇ ਉਨ੍ਹਾਂ ਦੀ ਸਾਰੀ ਉਮਰ ਦੌਰਾਨ
ਸਕੂਲਾਂ ਕਾਲਜਾਂ ਵਿਖੇ ਮਿਲੇ। ਇਨ੍ਹਾਂ ਵਿੱਚ ਅਧਿਆਪਨ ਕਿੱਤੇ ਨਾਲ ਸੰਬੰਧਿਤ ਤੇ ਉਨ੍ਹਾਂ ਕੋਲੋਂ
ਪੜ੍ਹਨ ਵਾਲੇ ਤਾ ਲਿਬ-ਇਲਮ ਆਉਂਦੇ ਹਨ। ਤੀਜੀ ਕਿਸਮ ਦੇ ਉਹ ਸ਼ਖ਼ਸ ਹਨ ਜਿਹੜੇ ਉਨ੍ਹਾਂ ਉਪਰ ਹੋਏ
ਪੁਲਿਸ ਤਸ਼ੱਦਦ ਵੇਲੇ ਮਦਦਗੀਰ ਹੋਏ ਸਨ। ਚੌਥੀ ਕਿਸਮ ਉਨ੍ਹਾਂ ਦੀ ਹੈ ਜਿਹੜੇ ਉਨ੍ਹਾਂ ਦੀਆਂ ਕਿਤਾਬਾਂ
ਪੜ੍ਹ ਕੇ ਦੋਸਤ ਜਾਂ ਦੁਸ਼ਮਣ ਬਣ ਖਲੋਤੇ ਸਨ। ਪੰਜਵੇਂ ਉਹ ਸਨ/ਹਨ ਜਿਹੜੇ ਉਨ੍ਹਾਂ ਨੂੰ ਓਪਰਾ ਜਿਹਾ
ਪਿਆਰ ਕਰਦੇ ਸਨ: “ਅੱਜ ਕਲ ਦੋਗਲੇ, ਢੀਠ, ਨਿੰਦਕ ਅਤੇ ਪਖੰਡੀ ਦੋਸਤਾਂ ਦੀ ਭਰਮਾਰ ਹੈ”
(ਪ੍ਰੋ: ਮਹਿਬੂਬ, ਸਫਾ 140)। ਪ੍ਰੋ: ਮਹਿਬੂਬ ਆਪ ਬਾਰਾਂ ਬੰਨੀ ਦਾ ਖ਼ਰਾ ਸੋਨਾ ਸਨ। ਇਹੋ ਤਸਵੀਰ
ਉਨ੍ਹਾਂ ਦੀ “ਰੂਹ” ਦੇ ਅਕਸ ਵਿਚੋਂ ਮੈਨੂੰ ਨਜ਼ਰ ਆਈ ਜਦ ਦਾ ਮੈਂ ਉਨ੍ਹਾਂ ਦੇ ਸੰਪਰਕ ਵਿੱਚ ਪ੍ਰੌਢ
ਉਮਰ ਵਿੱਚ ਦੋਬਾਰਾ 1989 ਈ: ਤੋਂ ਬਾਦ ਆਇਆ। ਉਨ੍ਹਾਂ ਦੇ “ਵਿਸ਼ਾਲ ਹਿਰਦੇ” ਦੀ ਬਜ਼ੁਰਗੀ ਤੇ ਵਡੱਪਣ
ਡਾ: ਗੁਰਮੁਖ ਸਿੰਘ ਦੇ ਲਫ਼ਜ਼ਾਂ ਵਿੱਚ ਐਉਂ ਅੰਕਿਤ ਹੋਇਆ ਮਿਲਦਾ ਹੈ: “ਪ੍ਰੋ ਮਹਿਬੂਬ ਦੀ ਇਹ ਵਡਿਆਈ
ਸੀ ਕਿ ਉਹ ਆਪਣੇ ਦੋਸਤਾਂ ਮਿੱਤਰਾਂ ਨੂੰ ਲੋੜ ਤੋਂ ਵੱਧ ਮਾਨ ਸਤਿਕਾਰ ਦੇ ਕੇ ਆਪਣੇ ਵਿਸ਼ਾਲ ਹਿਰਦੇ
ਦਾ ਪ੍ਰਮਾਣ ਦਿੰਦੇ ਸਨ” (ਸਫਾ 17)।
ਪੁਸਤਕ ਦੇ ਉਪਰੋਕਤ ਸਿਰਲੇਖ: “ਰੂਹ ਦੀ ਆਰਸੀ” ਹੇਠ ਲਿਖੀ ਇੱਕ ਸਤਰੀ
ਇਬਾਰਤ: “ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੇ ਖ਼ਤ ਡਾ: ਗੁਰਮੁਖ ਸਿੰਘ ਦੇ ਨਾਂ” ਤੋਂ ਜ਼ਾਹਰ ਹੈ ਕਿ ਇਸ
ਪੁਸਤਕ ਵਿੱਚ ਸਿਰਫ ਉਹੋ ਹੀ ਕੁੱਝ ਖ਼ਤ ਉਪਲਭਦ ਹਨ ਜਿਹੜੇ ਇਨ੍ਹਾਂ ਦੋਨਾਂ ਵਿਦਵਾਨਾਂ ਦੁਆਰਾ ਵਕਤ
ਬ-ਵਕਤ ਇੱਕ ਦੂਸਰੇ ਨੂੰ ਲਿਖੇ ਗਏ। ਪਤਾ ਲਗਦਾ ਹੈ ਕਿ ਪ੍ਰੋ: ਮਹਿਬੂਬ ਨੇ, ਕੱਲੇ ਕੱਲੇ ਦੋਸਤ ਨੂੰ
ਸੈਂਕੜਿਆਂ ਵਿੱਚ ਜਾਂ ਇਸ ਤੋਂ ਵੀ ਵਧੀਕ ਆਪਣੇ ਹੋਰ ਵੀ ਪਿਆਰਿਆਂ ਨੂੰ ਖ਼ਤ ਲਿਖੇ ਸਨ। ਕਈਆਂ ਕੋਲੋਂ
ਸੰਭਾਲੇ ਗਏ, ਤੇ ਕਈਆਂ ਕੋਲੋਂ ਸ਼ਾਇਦ ਨਾ ਵੀ ਸੰਭਾਲੇ ਗਏ ਹੋਣਗੇ। ਖ਼ੌਰੇ, ਕੁੱਝ ਲੋਕਾਂ ਕੋਲੋਂ
ਅਜਿਹੇ ਵਿਦਵਤਾ ਭਰਪੂਰ ਖ਼ਤ, ਜਾਣੇ ਅਣਜਾਣੇ, ਸਮੇਂ ਦੀ ਧੂੜ ਵਿੱਚ ਵੱਸੋਂ ਅਵੱਸੋਂ ਰੁਲ਼ ਗਏ ਹਨ। ਆਪ
ਜੀ ਦੇ ਦੋਸਤਾਂ ਨੇ ਉਸ, ਗੜ੍ਹਦੀਵਾਲਾ ਵਿਖੇ ਫ਼ਾਇਜ਼ ਰਹੇ ਅੰਗ਼ਰੇਜ਼ੀ ਦੇ ਕਾਲਜੀ ਅਧਿਆਪਕ, ਵਿਚੋਂ
ਸੁੱਚੇ ਮੋਤੀ ਦੀ ਪਛਾਣ ਕਰ ਲਈ ਸੀ। ਸਿਰਦਾਰ ਚੇਤਨ ਸਿੰਘ ਦੂਆਰਾ ਸੰਪਾਦਿਤ ਇਹ ਦੋਨਾਂ ਵਿਦਵਾਨਾਂ ਦੇ
ਸਾਂਝੇ ਖ਼ਤਾਂ ਦੀ ਸਾਹਿੱਤਕ ਸਮਗਰੀ ਪਹਿਲੀ ਵਾਰ ਪੁਸਤਕ ਰੂਪ ਵਿੱਚ ਲੋਕਾਂ ਦੀ ਦ੍ਰਿਸ਼ਟੀਗੋਚਰ ਹੋਈ
ਹੈ। ਇਹ ‘ਪ੍ਰੋ: ਹਰਿੰਦਰ ਸਿੰਘ ਮਹਿਬੂਬ ਮੈਮੋਰੀਅਲ ਟ੍ਰੱਸਟ ਗੜ੍ਹਦੀਵਾਲਾ’ ਅਦਾਰੇ ਵਲੋਂ ਇੱਕ
ਸ਼ਲਾਘਾਯੋਗ ਉੱਦਮ ਹੈ।
ਪੁਸਤਕ ਵਿੱਚ ਦੋਵਾਂ ਵਿਦਵਾਨਾਂ ਦੀ ਸ਼ਖ਼ਸੀਅਤ ਜਾਂ ਉਨ੍ਹਾਂ ਦੀਆਂ ਰੂਹਾਂ
ਵਾਰੇ ਵੇਰਵਾ ਇਉਂ ਅੰਕਿਤ ਹੈ ਕਿ ਪ੍ਰੋ: ਮਹਿਬੂਬ ਦਾ ਜੀਵਨ ਸਾਹਿਤ ਨਾਲ ਓਤਪੋਤ ਸੀ। ਉਨ੍ਹਾਂ ਦੀ ਹਰ
ਅਦਾ ਅਤੇ ਸੋਚ ਵਿਚਾਰ ਨਿਰਾਲੀ ਡੀਲ ਡੌਲ ਵਾਲੀ ਅਤੇ ਅਜੀਬ ਰੰਗ ਢੰਗ ਦੀ ਸੀ। ਉਹਨਾਂ ਸਾਰੀ ਉਮਰ
ਪ੍ਰਯੰਤ ਦੋਸਤਾਂ ਅਤੇ ਵਿਦਿਆਰਥੀਆਂ ਨੂੰ ਅਥਾਹ ਪਿਆਰ ਵੰਡਿਆ। ਉਹ ਅਕਸਰ ਪ੍ਰੇਰਨਾਂ-ਸਰੋਤ ਪੁਰਸ਼,
ਅਜਬ ਅਜੀਬ ਤਬਾ ਦੇ ਸੁਆਮੀ ਅਤੇ ਪੁਰ-ਖ਼ਲੂਸ ਤਬੀਅਤ ਸਨ। ਉਹ ਖ਼ਤ ਲਿਖਣ ਵੇਲੇ ਵੀ ਓਡੇ ਹੀ ਸਹਿਰਦ,
ਕਾਬਲੇ-ਰਸ਼ਕ ਸਿਰਜਣਹਾਰ, ਜ਼ਰਖ਼ੇਜ਼ ਅਤੇ ਵਿਸ਼ਾਲ ਅਧਿਐਨ ਨਾਲ ਹਰ ਵਕਤ ਲਬਰੇਜ਼ ਤੇ ਸੋਜ਼ੋ-ਗ਼ੁਦਾਜ਼ ਭਰਪੂਰ
ਰਹਿੰਦੇ ਸਨ, ਜਿੱਡੇ ਜ਼ਹੀਨ, ਫਲਸਫਾਨਾ ਤੇ ਓਜਮਈ ਬੁੱਧੀ ਦੇ ਉਚ-ਮੰਡਲ ਤੇ ਸ਼ਾਹ ਸਵਾਰ ਕੋਈ ਮਹਾਨ
ਰਚਨਾ ਰਚਦੇ ਵਕਤ ਹੁੰਦੇ ਸਨ। ਇਨ੍ਹਾਂ ਤੱਥਾਂ ਦੀ ਤਸਦੀਕ “ਸੰਪਾਦਕੀ” ਵਿਚੋਂ ਐਉਂ ਹੁੰਦੀ ਹੈ:
“ਇਨ੍ਹਾਂ ਖ਼ਤਾਂ ਵਿੱਚ ਉਨ੍ਹਾਂ ਦੀ ਸਿਰਜਣਾਤਮਕ ਪ੍ਰਕ੍ਰਿਆ, ਵਿਸ਼ਾਲ ਅਧਿਐਨ, ਪੁਸਤਕਾਂ ਨਾਲ ਪਿਆਰ,
ਕੁਦਰਤ ਦੇ ਅਨੇਕ ਰੂਪਾਂ ਨੂੰ ਮਾਣਨ ਦਾ ਉਤਸ਼ਾਹ, ਗੁਰੂ-ਰਾਹਾਂ ਨੂੰ ਵੇਖਣ ਦਾ ਸ਼ੌਕ, ਖ਼ਾਲਸਾ ਪੰਥ ਦੀ
ਤਕਦੀਰ ਦਾ ਚਿੰਤਨ, ਦੇਸ-ਪ੍ਰਦੇਸ ਦੀਆਂ ਘਟਨਾਵਾਂ ਦੇ ਪ੍ਰਸੰਗ ਵਿੱਚ ਸਿੱਖ ਕਦਰਾਂ-ਕੀਮਤਾਂ ਦੀ
ਵੀਚਾਰ, ਖੇਡਾਂ ਵੇਖਣ ਦਾ ਸ਼ੌਕ ਅਤੇ ਸ੍ਰੀ ਨਨਕਾਣਾਂ ਸਾਹਿਬ ਦੀ ਪਾਕ ਧਰਤੀ ਨਾਲ ਅਥਾਹ ਪਿਆਰ ਦਾ
ਜ਼ਿਕਰ ਮਿਲਦਾ ਹੈ।”
ਖੇਡਣ ਦੇ ਸ਼ੌਕ ਦੇ ਪੱਖੋਂਪ੍ਰੋ: ਮਹਿਬੂਬ ਜੀ ਦਰਿਆਵਾਂ ਦੇ ਕਾਮਲ ਤੇ ਸਫਲ
ਤਾਰੂ ਸਨ। ਆਪ ਜੀ ਨੇ 1960ਵਿਆਂ ਵਿੱਚ ਨੰਗਲ ਡੈਮ ਅਤੇ ਭਾਖੜਾ ਡੈਮ ਦੇ ਵਿਚਕਾਰ ਕਿਸੇ ਥਾਂ ਤੋਂ
ਭਰੇ ਪੀਤੇ, ਉਛਲਦੇ ਛਲਕਦੇ ਤੇ ਭਿਅੰਕਰ ਖੌਲ਼ਦੇ ਸਤਲੁਜ ਦਰਿਆ ਨੂੰ ਤੈਰ ਕੇ ਪਾਰ ਕੀਤਾ ਸੀ। ਉਨ੍ਹਾਂ
ਦੇ ਇਸ ਉਚਕੋਟੀ ਦੇ ਜਿਸਮਾਨੀ ਮੁਹਾਰਤ ਵਾਲੇ ਜੇਤੂ ਕਾਰਨਾਮੇ ਨੇ ਉਥੇ ਨੌਕਰ-ਪੇਸ਼ਾ ਪਹਿਰੇਦਾਰ ਮਲਾਜ਼ਮ
ਨੂੰ ਐਸਾ ਮੁਤਾਸਰ ਕੀਤਾ ਕਿ ਉਹ ਆਪ ਜੀ ਨੂੰ ਸਾਲ ਭਰ ਪ੍ਰੇਮ ਨਾਲ ਉਸਤਤਿ ਭਰੀਆਂ ਚਿੱਠੀਆਂ ਲਿਖਦਾ
ਰਿਹਾ।
ਨਨਕਾਣੇ ਦਾ ਇਸ਼ਕ ਉਨ੍ਹਾਂ ਨੂੰ ਅਸਲ ਅਰਥਾਂ ਵਿੱਚ ਉਨ੍ਹਾਂ ਦੀ ਰੂਹ ਦੇ ਧੁਰ
ਅੰਦਰ ਲੱਗਾ ਹੋਇਆ ਸੀ। ਜਿਵੇਂ ਕਿਸੇ ਕਵੀ ਨੇ ਕਿਹਾ ਹੈ: ‘ਮੈਨੂੰ ਇਸ਼ਕ ਲੱਗਾ ਨਨਕਾਣੇ ਦਾ। ਜਾਂ
ਵਿਲਕ ਵਿਲਕ ਮਰ ਜਾਣੇ ਦਾ’ (ਚਰਨ ਸਿੰਘ ਸਫ਼ਰੀ)। ਸੰਪਾਦਕ ਦਾ ਅਕੀਦਾ ਹੈ ਕਿ ਮਹਿਬੂਬ ਵਾਰੇ ਇਹ ਸਾਰੀ
ਵਾਕਫੀ ਉਨ੍ਹਾਂ ਦੀ ਕਾਵਿ-ਉਡਾਰੀ ਅਤੇ ਸਹਿੱਤਿਕ ਪਰਵਾਜ਼ ਨੂੰ ਸਮਝਣ ਵਿੱਚ ਸਹਾਈ ਹੋਵੇਗੀ।
ਦੂਜੇ ਪਾਸੇ, ਇਨ੍ਹਾਂ ਖ਼ਤਾਂ ਵਿਚੋਂ ਪਤਾ ਲਗਦਾ ਹੈ ਕਿ ਡਾ: ਗੁਰਮੁਖ ਸਿੰਘ
ਇੱਕ ‘ਮੌਲਿਕ ਲੇਖਕ, ਖੋਜੀ, ਤੇ ਪੁਰਾਤਨ ਹੱਥ ਲਿਖਤਾਂ ਦੇ ਮਾਹਿਰ ਸੰਪਾਦਕ ਹੋਣ ਦੇ ਨਾਲ-ਨਾਲ
ਪੁਸਤਕਾਂ ਦੀ ਜਾਣਕਾਰੀ ਲਈ ਇੱਕ ਚਲਦਾ ਫਿਰਦਾ ਵਿਸ਼ਵ ਕੋਸ਼ ਹਨ’। ਉਹ ਪ੍ਰੋ: ਮਹਿਬੂਬ ਦੇ ਕਦਰਦਾਨਾਂ
ਦੀ ਕਤਾਰ ਵਿੱਚ ਸਭ ਤੋਂ ਅੱਗੇ ਹਨ। ਉਹ ਉਸ ਦੀ ਚੜ੍ਹਦੀ ਕਲਾ ਦੇ ਇੱਛੁਕ ਹੀ ਨਹੀਂ, ਸਗੋਂ ਉਸ ਦੇ
ਬਹੁਤ ਵੱਡੇ ਸਹਾਇਕ ਵੀ ਸਨ। ਖ਼ਤਾਂ ਦੇ ਮਾਧਿਅਮ ਦੁਆਰਾ ਉਨ੍ਹਾਂ ਜਿਥੇ ਇੱਕ ਦੂਸਰੇ ਦੇ ਦੁਖਾਂ ਦਾ
ਭਾਰ ਵੰਡਾਇਆ ਉਥੇ ਇੱਕ ਦੂਸਰੇ ਦੇ ਤਨਹਾੱ ਪਲਾਂ ਵਿੱਚ ਸਹਾਰਾ ਤੇ ਓਟ ਆਸਰਾ ਵੀ ਬਣੇ। ਮਿਸਾਲ ਵਜੋਂ,
57ਵੇਂ ਖ਼ਤ ਵਿੱਚ ਪ੍ਰੋ. ਮਹਿਬੂਬ ਜੀ ਦੱਸਦੇ ਹਨ ਕਿ ਉਹ ਮਹਾਂਕਾਵਿ ਸਿਰਜਣ ਪਲਾਂ ਵਿੱਚ ਵੀ ਅਕਸਰ
ਇੱਕ ਤਨਹਾੱ ਰੂਹ ਹਨ। ਪੜ੍ਹੋ ਉਨ੍ਹਾਂ ਦੇ ਆਪਣੇ ਲਿਖੇ ਲਫ਼ਜ਼: “ਮੈਂ ਬਹੁਤਾ ਇਕੱਲਾ ਹਾਂ, ਮੈਂ ਸਾਫ਼
ਦਿਲ ਦਾ ਹਾਂ। ਮੈਨੂੰ ਆਪ ਵਰਗੇ ਦਰਵੇਸ਼ ਵਿਦਵਾਨ ਦੀ ਮੁਹੱਬਤ ਦੀ ਤ੍ਰਿਖਾ ਹੈ”। “ਆਪਣੇ ਵੀਰ ਨੂੰ
ਪਿਆਰ ਕਰਨੋਂ ਨਾ ਹਟਣਾ”। ਇੰਜ ਹੀ, 58ਵੇਂ ਖ਼ਤ ਵਿੱਚ ਆਪਣੇ ਵਲੋਂ ਦੋਸਤ ਦੇ ਸ਼ੁਕਰਾਨੇ ਵਿੱਚ ਇੱਕ
ਵਾਰ ਫਿਰ ਇਕਬਾਲ ਕਰਦੇ ਹਨ ਕਿ ਉਹ ਜੋ ਮਸ਼ਵਰੇ ਉਨ੍ਹਾਂ ਹਦਾਇਤ ਵਜੋਂ ਲਿਖੇ ਹਨ ਉਨ੍ਹਾਂ ਨੂੰ ਉਹ
ਭੁਲਾਉਣਗੇ ਨਹੀਂ। ਜਿਸ ਦਾ ਪ੍ਰਮਾਣ ਉਨ੍ਹਾਂ ਵਲੋਂ ਲਿਖੇ ਜਾ ਰਹੇ ਮਹਾਂਕਾਵਿ ਵਿੱਚ ਅੰਕਿਤ ਹਵਾਲੇ
ਹੋਣਗੇ ਅਤੇ ਉਹ ਮਹਾਂਕਾਵਿ ਰਚਨਾ ਕਰਦਿਆਂ ਕਿਸੇ ਵਾਦ ਵਿਵਾਦ ਵਿੱਚ ਨਹੀਂ ਪੈਣਗੇ ਭਾਵ ਵਾਦ ਵਿਵਾਦੀ
ਮਸਾਲਾ ਨਹੀਂ ਲਿਖਣਗੇ, ਭਾਵੇਂ ਉਨ੍ਹਾਂ ਨੂੰ ਪਿਆਰਾ ਸਿੰਘ ‘ਪਦਮ’ ਵਰਗੇ ਆਮ ਤੇ ਖਾਸ ਲਿਖਾਰੀਆਂ
ਦੀਆਂ ਲਿਖਤਾਂ ਦੀਆਂ ਸੀਮਾਵਾਂ, ਪਹੁੰਚ ਵਿਧੀਆਂ ਅਤੇ ਲਿਖਣ ਢੰਗ ਤੇ ਤੌਰ ਤਰੀਕਿਆਂ ਦਾ ਇਹਸਾਸ ਹੈ।
ਇਵੇਂ ਹੀ 57ਵੇਂ ਖ਼ਤ ਵਿਚੋਂ ਪ੍ਰੋ: ਮਹਿਬੂਬ ਵਿਚਲਾ ਸਦੀਵ ਵਿਦਿਆਰਥੀ ਤੇ ਸਿਖਿਆਰਥੀ ਆਪਣੇ ਦੋਸਤ
ਦੀਆਂ ਲਿਖਤਾਂ ਵਿਚੋਂ ਜਿਥੇ ਆਪਣੇ ਆਤਮਾ ਦੇ ਸਕੂਨ ਦਾ ਰਸ ਵੀ ਲੈਂਦਾ ਹੈ, ਉਥੇ ਉਸ ਉਪਰ ਪਵਿੱਤਰ
ਸ਼ਰਧਾ ਵੀ ਰਖਦਾ ਹੈ। ਅਤੇ ਜੇ ਉਸ ਦਾ ਖ਼ਤ ਆਇਆ ਹੈ ਤਾਂ ਭਾਵੁਕ ਹੋਇਆ ਖੜਾ ਖੜਾ ਹੀ ਕੜਕਦੀ ਦੁਪਹਿਰੇ
ਧੁੱਪੇ ਖ਼ਤ ਪੜ੍ਹਨ ਲੱਗ ਪਿਆ ਹੈ। ਉਸ ਦੀ ਪ੍ਰਸ਼ੰਸਾ ਵਿੱਚ ਉਸ ਦੇ ਹੰਝੂ ਵੀ ਛਲਕ ਪੈਂਦੇ ਹਨ। ਉਸ
ਵਿਚੋਂ ਉਸ ਨੂੰ ਨਵੀਂ ਵਾਕਫੀ ਵੀ ਲੱਭਦੀ ਹੈ, ਜਿਸ ਦੇ, ਉਸ ਨੂੰ ਸਾਹਿੱਤਿਕ ਮੁੱਲ ਦਾ ਵੀ ਭੇਤ ਪਤਾ
ਹੈ। ਅਸਲ ਗੱਲ ਤਾਂ ਇਹ ਹੈ ਕਿ ਉਹ ਦੋਵੇਂ ਅੰਦਰੋਂ ਜਾਂ ਰੂਹ ਦੇ ਧੁਰ ਕੇਂਦਰ ਬਿੰਦੂ ਤੋਂ ਇੱਕ ਹਨ
ਜਾਂ ਉਨ੍ਹਾਂ ਦੀਆਂ ਰੂਹਾਂ ਦੀਆਂ ਤਾਰਾਂ ਤਰਬਾਂ ਰੱਬੋਂ ਹੀ ਇਕੋ ਕੇਂਦਰੀ ਸੁਰ ਅਲਾਪਦੀਆਂ ਸਨ।
ਮਿਸਾਲ ਲਈ, ਪ੍ਰੋ: ਮਹਿਬੂਬ ਦਸਦੇ ਹਨ ਕਿ ਉਨ੍ਹਾਂ ਦੇ ਮਹਾਂਕਾਵਿ ਦੀ ਪਹਿਲੀ ਜਿਲਦ ਰਾਬੀਆ ਦੇ
ਬਿਰਤਾਂਤ ਨਾਲ ਸ਼ੁਰੂ ਹੁੰਦੀ ਹੈ। ਖ਼ਤ ਵਿਚਲੇ ਇਸ ਰਾਬੀਆ ਬਸਰੀ ਦੀ ਕਥਾ ਦੇ ਜ਼ਿਕਰ ਤੋਂ ਹੀ ਪ੍ਰੋ:
ਮਹਿਬੂਬ ਉਪਰ ਅਤੀ ਮਹੀਨ ਭਾਵੁਕਤਾ ਛਾ ਗਈ ਸੀ ਉਪਰੋਕਤ ਖ਼ਤ ਪੜ੍ਹਨ ਵੇਲੇ।
ਇਉਂ, ਖ਼ਤੋ-ਕਿਤਾਬਤ ਰਾਹੀਂ ਉਹ ਇੱਕ ਦੂਸਰੇ ਦੀ ਧਿਰ ਬਣਦੇ, ਇੱਕ ਦੂਜੇ ਦਾ
ਆਸਰਾ ਬੰਨ੍ਹਾਉਂਦੇ ਹਨ। ਮਿਸਾਲ ਵਜੋਂ 59ਵੇਂ ਖ਼ਤ ਵਿੱਚ ਡਾ: ਗੁਰਮੁਖ ਸਿੰਘ ਜੀ ਪ੍ਰੋ: ਮਹਿਬੂਬ ਦੀ
ਕਿਸੇ ਅਕਾਰਨ ਹੋਈ ਨੁਕਤਾਚੀਨੀ ਤੋਂ ਪ੍ਰੇਸ਼ਾਨੀ ਵੇਲੇ ਦੇਖੋ ਕਿਵੇਂ ਹੌਸਲਾ ਦਿੰਦੇ ਲਿਖਦੇ ਹਨ? “….
ਉਹ ਜੋ ਮਰਜ਼ੀ ਆਖੇ, ਆਪ ਨਿਰੰਤਰ ਮਹਾਂਕਾਵਿ ਦੀ ਸਿਰਜਣਾ ਲਈ ਯਤਨਸ਼ੀਲ ਰਹੋ। ਅਰਦਾਸ ਕਰੋ। ਸਤਿਗੁਰੂ
ਮਿਹਰ ਕਰਨਗੇ। ਤੁਹਾਡੀਆਂ ਪੁਸਤਕਾਂ ਨੇ ਜਿੰਨਾ ਪਿਆਰ-ਸਤਿਕਾਰ ਪੰਥ ਪਾਸੋਂ, ਵਿਦਵਾਨ ਮਿੱਤਰਾਂ
ਪਾਸੋਂ, ਪਾਠਕਾਂ ਪਾਸੋਂ, ਜਾਣੇ-ਅਣਜਾਣੇ ਲੋਕਾਂ ਪਾਸੋਂ ਦਿਵਾਇਆ ਹੈ, ਆਪ ਨੂੰ ਉਸ ਦਾ ਅਹਿਸਾਸ ਜ਼ਰੂਰ
ਹੋਵੇਗਾ। ਤੁਸੀਂ ਕੌਮ ਦਾ, ਦੇਸ਼ ਦਾ, ਪੰਥ ਦਾ ਸਰਮਾਇਆ ਹੋ। ਤੁਹਾਡੇ ਤੋਂ ਸਾਰੀ ਕੌਮ ਆਸਾਂ ਲਾਈ
ਬੈਠੀ ਹੈ ਅਗਲੇ ਮਹਾਂਕਾਵਿ ਦੀਆਂ। ਉਹ ਤੁਸਾਂ ਪੂਰੀਆਂ ਕਰਨੀਆਂ ਹਨ”। ਹੋਰ ਹੌਸਲਾ ਬੰਨ੍ਹਾਉਣ ਲਈ
ਆਪਣੀ ਹੱਡ-ਵਰਤੀ ਤੇ ਜ਼ਿੰਦਾ ਮਿਸਾਲ ਦਿੰਦੇ, ਲਿਖਦੇ ਹਨ: “ਜ਼ਿੰਦਗੀ ਕਦੇ ਵੀ
smooth
ਨਹੀਂ ਰਹਿੰਦੀ। ਬੜਾ ਕੁੱਝ ਵਾਪਰਦਾ ਹੈ। ਬਸ ਦੰਦਾਂ ਥੱਲੇ ਜੀਭ ਲੈ ਕੇ ਸਹਿ ਲੈਣਾ ਹੀ ਪ੍ਰਾਪਤੀ ਹੈ।
ਮੈਂ ਜਿੰਨਾ tension
ਵਿਚ ਰਿਹਾ ਹਾਂ, ਕੋਈ ਹੋਰ ਹੁੰਦਾ ਤਾਂ ਗੱਡੀ ਥੱਲੇ ਕੱਟ
ਮਰਦਾ। ਮੈਂ ਸਭ ਕੁੱਝ ਸਹਿੰਦਿਆਂ ਕੰਮ ਕੀਤਾ ਹੈ। ਭਾਈ ਗੁਰਦਾਸ ਜੀ ਵਾਲਾ ਕੰਮ
acute mental pain & tension
ਵਿਚ ਕੀਤਾ ਹੈ”। ਅਗਾਂਹ, ਉਨ੍ਹਾਂ ਨੂੰ ਉਨ੍ਹਾਂ ਦੀ ਅਸਲ
personality
ਸ਼ਖ਼ਸੀਅਤ ਦੇ ਅਸਲੀ ਤੇ ਤਖ਼ਲੀਕੀ ਗੁਣਾਂ ਦੀ ਤਸਵੀਰ ਆਪਣੇ ਆਪ
ਨਾਲ ਕੀਤੇ ਟਾਕਰੇ ਵਿਚੋਂ ਸਮਝਾਉਂਦੇ ਹਨ: “ਮੈਂ ਤਾਂ ਬਹੁਤ ਹੀ ਅਦਨਾ ਤੇ ਤੁਛ ਜਿਹਾ ਅਣਹੋਇਆ ਬੰਦਾ
ਹਾਂ, ਤੁਸੀਂ ਹਰ ਪੱਖੋਂ ਮਹਾਨ ਹੋ ਤੇ ਆਪ ਪਾਸੋਂ ਵੱਡੇ ਕੰਮਾਂ ਦੀਆਂ ਆਸਾਂ ਨੇ”। “ਹੌਲੀ ਹੌਲੀ
ਸ੍ਰੀ ਕਲਗੀਧਰ ਦੀ ਅਰਾਧਨਾ ਕਰੋ। ਫ਼ੌਜਾਂ ਵਾਲਾ, ਬਾਜਾਂ ਵਾਲਾ, ਇਸ ਪੰਥ ਦੀਆਂ ਲਾਜਾਂ ਰੱਖਣ ਵਾਲਾ,
ਬੇਕਸਾਂ ਰਾ ਯਾਰ, ਵੱਡੀਆਂ ਮਿਹਰਾਂ ਕਰਨ ਵਾਲਾ ਦਾਤਾ ਆਪ `ਤੇ ਬੇਅੰਤ ਰਹਿਮਤਾਂ ਕਰੇਗਾ”। ਫੇਰ ਏਸੇ
ਹੀ ਖ਼ਤ ਦੇ ਅਖੀਰ ਵਿੱਚ ਪ੍ਰੋ: ਮਹਿਬੂਬ ਵਲੋਂ ਕੀਤੇ ਬਚਨਾਂ ਦੇ ਧੰਨਵਾਦ ਵਜੋਂ ਇਉਂ ਲਿਖਦੇ ਹਨ: “ਆਪ
ਦੇ ਬਚਨਾਂ ਨੇ ਮੈਨੂੰ ਮੇਰੇ ਮਾਨਸਿਕ ਕਲੇਸ਼ ਵਿਚੋਂ ਕੱਢਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਧੰਨਵਾਦ”।
ਭਾਵੇਂ ਇਨ੍ਹਾਂ ਖ਼ਤਾਂ ਦਾ ਮੁੱਖ ਮਜ਼ਮੂਨ ਨਿੱਜੀ ਦੁੱਖ ਸੁਖ ਸਾਂਝਾ ਕਰਨਾ ਹੀ
ਸੀ ਪਰ ਫਿਰ ਵੀ ਖ਼ਤਾਂ ਦੇ ਅੰਤ ਤੇ ਪ੍ਰੋ: ਮਹਿਬੂਬ ਨੇ ਡਾ: ਗੁਰਮੁਖ ਸਿੰਘ ਦੀ ਵਾਰਤਕ ਦਾ ਮਲਾਂਕਣ
ਕਰਦਿਆਂ ਉਨ੍ਹਾਂ ਦੇ ਵਾਰਤਕ-ਸੰਸਾਰ ਦੇ ਵਿਲੱਖਣ ਤਾਲ ਨੂੰ ਆਪਣੇ ਸਾਹਿੱਤਿਕ ਮਿਆਰ ਦੇ ਉਚੇ ਬੁਰਜਾਂ
ਅਤੇ ਉਸ ਦੀਆਂ ਉਚ-ਪਾਏ ਦੀਆਂ ਫਸੀਲਾਂ ਤੇ ਥਮਲਿਆਂ ਵਿਚਕਾਰ ਇੰਜ ਲਿਆ ਧਰਿਆ ਜਿਵੇਂ ਆਪਣੇ ਹੀ ਥਾਲ
ਵਿੱਚ ਸੁਆਦੀ ਪਲਾਅ ਨੂੰ ਸ਼ਿੰਗਾਰ ਕੇ ਪਰੋਸਿਆ ਹੁੰਦਾ ਹੈ। ਤੇ ਜਿਥੋਂ ਇਹ ਸਾਬਿਤ ਪਿਆ ਹੁੰਦਾ ਹੈ ਕਿ
ਜਿਵੇਂ ਡਾ: ਗੁਰਮੁਖ ਸਿੰਘ ਉਨ੍ਹਾਂ ਦਾ ਆਪਣਾ ਹੀ ਦੂਜਾ ਸਾਹਿੱਤਿਕ ਆਪਾ ਹੋਵੇ। ਪ੍ਰੋ: ਮਹਿਬੂਬ
ਆਪਣੀ ਅੰਤਰਦ੍ਰਿਸ਼ਟੀ ਦੇ ਦ੍ਰਿਸ਼ਟਾ ਨਜ਼ਰੀਏ ਰਾਹੀਂ ਡਾ: ਗੁਰਮੁਖ ਸਿੰਘ ਦੀ ਵਾਰਤਕ ਨੂੰ ਤੋਲਦੇ,
ਹਾੜਦੇ ਮਿਣਦੇ ਹਨ। ਉਨ੍ਹਾਂ ਦੀਆਂ ਪੰਜ ਵਾਰਤਕ ਪੁਸਤਕਾਂ: “ਕੌਣ ਦਿਲਾਂ ਦੀਆਂ ਜਾਣੇ”, “ਚਿੰਤਨ ਦੇ
ਪਲ”, “ਪਹੁ ਫੁਟਾਲਾ ਅਤੇ ਹੋਰ ਨਿਬੰਧ”, “ਸੰਝ ਦੀ ਲਾਲੀ ਤੇ ਹੋਰ ਨਿਬੰਧ”, ਅਤੇ “ਦੀਵਾ ਤੇ ਹੋਰ
ਨਿਬੰਧ” ਵਿਚੋਂ ਸੱਠ ਨਿਬੰਧਾਂ ਉਤੇ ਉਨ੍ਹਾਂ ਆਪਣੀ ਸੁਰਤਿ ਕੇਂਦਰਿਤ ਕੀਤੀ ਹੈ।
ਡਾ: ਗੁਰਮੁਖ ਸਿੰਘ ਜੀ ਨੇ “ਪੌਰਾਣਿਕ ਸ੍ਰੋਤਾਂ, ਦ੍ਰਿਸ਼ਟਮਾਨ ਕਥਾ ਰੂਪਾਂ,
ਕੁਲ ਮਾਨਸ-ਲੋਕ ਸਾਹਿਤ ਦੀਆਂ ਰਹੱਸਮਈ ਰਮਜ਼ਾਂ, ਇਤਿਸਾਸਿਕ ਮਿਸਾਲਾਂ, ਸੂਖਮ ਗਿਆਨਮਈ ਖੋਜਾਂ, ਕੁਦਰਤ
ਦੇ ਨਾਦਾਂ, ਦਾਰਸ਼ਨਿਕ ਬਾਰੀਕੀਆਂ, ਗੰਭੀਰ ਟਿੱਪਣੀਆਂ, ਹਾਸ-ਰਸੀ ਮੋੜਾਂ ਅਤੇ ਮਹਾਂ ਸਾਹਿਤ ਸਿਰਜਕਾਂ
ਅਤੇ ਸੰਤ ਮੁਨੀਆਂ ਦੇ ਪ੍ਰਤਿਨਿਧ ਕਾਵਿ ਅਨੁਭਵਾਂ ਅਤੇ ਅਧਿਆਤਮਕ ਰੰਗਾਂ ਨੂੰ ਲੇਖਕ ਦੀਆਂ ਕਲਾਮਈ
ਬਿਰਤਾਂਤਿਕ ਵਿਧੀਆਂ” ਆਦਿ ਨੂੰ ਪਹਿਲਾਂ ਨਿਆਰੀ ਤਰਤੀਬ ਵਿੱਚ ਗੁੰਦਿਆ ਫੇਰ ਇਨ੍ਹਾਂ ਨੂੰ ਪ੍ਰਤੀਕਮਈ
ਗਹਿਰਾਈ ਪ੍ਰਦਾਨ ਕੀਤੀ। ਜਾਂ ਇਓਂ ਕਹਿ ਲਓ: “ਡਾ: ਗੁਰਮੁਖ ਸਿੰਘ ਮੌਤ ਤੱਕ ਜਾਂਦੇ ਜੀਵਨ-ਮੇਲੇ ਨੂੰ
ਚਿਹਨ ਤੋਂ ਅਚਿਹਨ ਤਕ ਦੇ ਵੰਨ-ਸੁਵੰਨੇ ਹਕੀਕੀ ਸਮਾਚਾਰਾਂ ਨਾਲ ਭਰਪੂਰ ਕਰਦੇ ਹਨ ਜਿਹੜੇ ਸੈਂਕੜੇ
ਆਵੇਸ਼ਕ ਪਲਾਂ ਦੇ ਰਿਣੀ ਹਨ ਅਤੇ ਅਨੁਭਵੀ ਸੂਖਮਤਾ ਦੇ ਜਲਵੇ ਨੂੰ ਬਿਖੇਰਦੇ ਹਨ”। ਇਸ ਵਾਰਤਕ-ਸੰਸਾਰ
ਦੇ ਤੱਥਾਂ, ਘਟਨਾਵਾਂ ਤੇ ਵਿਵਰਣਾਂ ਅੰਦਰ ਲੇਖਕ ਦੇ ਬਚਪਨ ਦੀ ਮਾਸੂਮੀ ਸੰਗੀਤਕ ਇਕਸੁਰਤਾ ਵਾਂਗ
ਹਾਜ਼ਰ ਰਹਿੰਦੀ ਹੈ। ਵਰਡਜ਼ਵਰਥ ( Wordsworth)
ਦੀ ਪਾਰਦਰਸ਼ੀ ਅਤੇ ਨਿਰਲੇਪ ਦ੍ਰਿਸ਼ਟੀ ਵਾਂਗ ਇਹ ਬਚਪਨ
ਜਿੱਥੇ “ਬਹੁ-ਅਰਥੀ ਅਨੁਭਵੀ ਦੀਰਘਤਾ ਨਾਲ ਭਰਪੂਰ ਰਹਿੰਦਾ ਹੈ” ਉਥੇ “ਆਪਣੇ ਮੁਢਲੇ ਰੂਪ ਵਿੱਚ ਅਤਿ
ਸਾਦਾ ਜਾਪਦਾ ਲਗਾਤਾਰ ਦੂਰ-ਦੁਰਾਡੀ ਨਿਰਾਕਾਰ ਅਦ੍ਰਿਸ਼ਟਤਾ ਨਾਲ ਜੁੜਿਆ ਹੁੰਦਾ ਹੈ”। ਵਿਸ਼ੇਸ਼
ਮਹਿਬੂਬਾ ਦੀ ਇਕੋ ਛਿਨ ਉਤੇ ਦਰਦਾਂ ਅਤੇ ਚੀਸਾਂ ਨਾਲ ਥਰਕਦੀ ਧੜਕਦੀ ਪਾਵਨ ਯਾਦ, ਇਸ ਵਾਰਤਕ ਦੀ
ਖ਼ੁਸ਼ਬੋ ਹੈ। “ਅੰਤਿਮ ਵਿਸ਼ਲੇਸ਼ਣ ਵਿਚ” ਪ੍ਰੋ: ਮਹਿਬੂਬ ਦੱਸਦੇ ਹਨ ਕਿ “ਮਹਿਬੂਬਾ ਦੀ ਇਹ ਯਾਦ ਡਾ.
ਸਾਹਿਬ ਦੀ ਵਾਰਤਕ ਦਾ ਰਹੱਸਮਈ ਜੋਬਨ ਹੋ ਨਿਬੜੀ ਹੈ”। ਇਹ ਹੈ ਡਾ: ਸਾਹਿਬ ਦੀ ਵਾਰਤਕ ਦਾ ਪਹਿਲਾ
ਤਾਲ।
ਡਾਕਟਰ ਸਾਹਿਬ ਦੀ ਵਾਰਤਕ ਦਾ ਦੂਜਾ ਤਾਲ ਉਨ੍ਹਾਂ ਦੀ ਪਹਿਲੀ ਪੁਸਤਕ “ਕੌਣ
ਦਿਲਾਂ ਦੀਆਂ ਜਾਣੇ” ਦਿਲਾਂ ਦੇ ਅਨੂਪ ਸਾਗਰ ਨੂੰ ਅਸੰਖ ਦਿਸ਼ਾਵਾਂ ਵਾਲੇ ਅਨੰਤ ਦੇ ਅਕੱਥ ਕੇਂਦਰ ਉਤੇ
ਸਥਾਪਤ ਕਰ ਦਿੰਦਾ ਹੈ (ਜਿਵੇਂ ਇਸ ਦੇ ਸਿਰਲੇਖ ਤੋਂ ਹੀ ਜ਼ਾਹਰ ਹੈ।) ਜਦ ਕਿ ਦੂਸਰੀ ਪੁਸਤਕ ਵਿੱਚ
ਦਰਸਾਏ ਸੂਖਮ ਪਰ ਦ੍ਰਿਸ਼ਟਮਾਨ ਰਾਜ਼ ਉਸ ਨੂੰ ਰੌਸ਼ਨ ਕਰਦੇ ਹਨ। ਇਉਂ ਹੀ ਅਗੰਮੀ ਵਲਵਲੇ ਅਤੇ ਅਕਹਿ
ਤੜਪਾਂ ਆਪਣੀ ਪ੍ਰਮਾਣਿਕਤਾ ਅਤੇ ਤਰਕਸ਼ੀਲ ਸੱਚ ਵਾਲੀ ਠੋਸ ਗੰਭੀਰਤਾ ਦੋਵਾਂ ਪੁਸਤਕਾਂ ਚੋਂ ਮੁਹੱਈਆਂ
ਕਰਦੀਆਂ ਨਿਬੰਧਾਂ ਦਾ ਰਹੱਸ, ਤੀਬਰ ਤਰਕ ਤੇ ਸੰਗੀਤਕ ਸੁਰਾਂ ਵਰਗੀ ਮਧੁਰ ਦਾਸਤਾਂ ਸਮੋਈ ਬੈਠੀਆਂ
ਹਨ। ਲੇਖਕ ਦੇ “ਅੰਗ ਸੰਗ ਵਸਲ ਦੀ ਆਦਿ ਜੁਗਾਦੀ ਅਪਣੱਤ, ਮੂਕ ਬੇਗਾਨਗੀ, ਤੀਬਰ ਧਾਰ ਉਤੇ ਤੁਰਦਾ
ਵਿਯੋਗ ਅਤੇ ਪਰਦੇਸ ਬਣੀ ਹਰ ਤੜਪ ਰਲ ਮਿਲ ਕੇ ਛਿਨ ਛਿਨ ਉਤੇ” ਉਸ ਦੀ ਨਸਰ ਤੇ ਨਜ਼ਮ ਦਾ ਸਰੋਦੀ
ਦ੍ਰਿਸ਼ ਸਿਰਜ ਰਹੇ ਹਨ। ਫੇਰ ਡਾਕਟਰ ਸਾਹਿਬ ਦੇ ਧੁਰ ਅੰਦਰਲੇ ਆਸ਼ਕ ਨੂੰ ਉਸ ਦੀ ਮਹਿਬੂਬਾ ਦੂਆਰਾ
ਵਿਛੜਨ ਵੇਲੇ ਮਨਸੂਰ ਦੇ ਅੱਨਲਹੱਕ ਦੀ ਮਸਤਾਨੀ ਗਰਜ ਤੋਂ ਪਰਹੇਜ਼ਗਾਰ ਰਹਿਣ ਤੇ ਸਦੀਵੀ ਖ਼ਾਮੋਸ਼ੀ ਧਾਰਣ
ਦਾ ਕੌਲ, “ਵਸਲ ਅਤੇ ਦਰਦ ਅੱਗੇ” ਇੱਕ ਸ਼ਰਤ ਦੀ ਨਿਸਬਤ ਯਾਦ ਹੈ। ਇਹ ਇੱਕ ਤੱਥ, ਇੱਕ “ਤਸੱਵਫ਼ੀ
ਨੁਕਤਾ” ਹੈ, ਜਿਹੜਾ “ਪਰਦੇਸ”,” ਵਿਯੋਗ” ਤੇ “ਮੌਤ” ਵਰਗੇ ਨਿਬੰਧਾਂ ਦੀਆਂ ਨਾਜ਼ਕ ਤਰਬਾਂ ਨਾਲ ਪਾਠਕ
ਨੂੰ ਇਕਸੁਰ ਕਰ ਸਕਦਾ ਹੈ। ਐਨ ਏਸੇ ਤਰ੍ਹਾਂ “ਚਿੱਠੀ” ਵਿਚਲੀ ‘ਪਦਮਾਵਤੀ’ ਦੀ ਵਿਯੋਗ-ਅਗਨੀ ਦੀ ਰਮਜ਼
ਜਿਥੇ ਇੱਕ ਪਾਸੇ ਡਾਕਟਰ ਸਾਹਿਬ ਦੇ ਸਵੈ-ਚਿੱਤਰ (ਮੁਖਬੰਦ) ਅਤੇ ਇਨ੍ਹਾਂ ਨਿਬੰਧਾਂ ਦੀ ਕੇਂਦਰੀ ਤੜਪ
ਨਾਲ ਜਾ ਜੁੜਦੀ ਹੈ, ਉਥੇ ਦੂਜੇ ਪਾਸੇ ‘ਪਦਮਾਵਤੀ’ ਦੀ ਚਿੱਠੀ ਦਾ ਸੋਜ਼, ਕਾਸਿਦ ਤੋਤੇ ਦੇ ਗਲੇ ਦੀ
ਗਰਦਨ ਦੁਆਲੇ ਚਿੱਠੀ ਦੇ ਬ੍ਰਿਹੋਂ ਸੜਦੇ ਧਾਗੇ ਨਾਲ ਸਦੀਵੀ ਗਾਨੀ ਦਾ ਪੱਕਾ ਕਾਲਾ ਨਿਸ਼ਾਨ ਉ@ੱਕਰ
ਦਿੰਦਾ ਹੈ।
ਅਗਾਂਹ, ਡਾਕਟਰ ਜੀ ਦੇ ਜੀਵਨ ਦਾ ਸਰਵੇਅਰ ਹੋਣ ਦਾ ਚਾਰ-ਮੂੰਹਾਂ-ਪੜਾ
(ਉਨ੍ਹਾਂ ਦੀ ਅਮੋੜ ਭਟਕਣ, ਇਸ਼ਕ ਦੇ ਬੇਰਾਹ ਸਫ਼ਰ, ਜੀਵਨ-ਮੇਲੇ ਵਿੱਚ ਅਜਿੱਤ ਅੰਦਾਜ਼ ਵਿੱਚ ਵਿਚਰਦੀ
ਤਲਾਸ਼, ਬੇਨਾਮ ਸੰਬੰਧਾਂ ਦੀ ਲਟਬੌਰੀ ਲਟਕ ਵੱਲ) ਦੂਰ ਦਿਸਹੱਦੇ ਨੂੰ ਛੋਂਹਦਾ ਉਹ ਇਸ਼ਾਰਾ ਬਣਦਾ ਹੈ,
ਜਿਹੜਾ ਦੂਰ ਉੱਡਦਾ ਹੋਇਆ ਸਾਗਰ ਦੀਆਂ ਡੂੰਘਿਆਈਆਂ ਵੀ ਮਾਪ ਸਕਦਾ ਹੈ ਅਤੇ ਅਥਾਹ ਗਹਿਰ ਨੂੰ ਚੀਰਣਾ
ਜਿਸਦੇ ਖੰਭਾਂ ਦਾ ਜਨੂੰਨ ਹੈ। ਅਸਲ ਵਿੱਚ ਇਹ ਸਰਵੇਅਰ ਹੋਣ ਦੀ ਦਾਸਤਾਂ ਵੀਰਾਨੀ, ਤ੍ਰਿਖਾ ਅਤੇ
ਸਿਰਜਣਾ ਦਾ ਇੱਕ ਅਨੇਕ-ਮੂੰਹਾਂ, ਵਿਸ਼ਾਲ ਘੇਰੇ ਵਾਲਾ ਅਤੇ ਬਹੁ-ਰੰਗਾ ਪ੍ਰਤੀਕ ਹੋ ਨਿਬੜਦੀ ਹੈ। ਜਿਸ
ਦੇ ਜੇ ਕੰਢੇ ਖੁਰਦੇ ਹਨ ਤਾਂ ਹੜ੍ਹ ਬਣਨ ਦੀ ਥਾਂ ਨਵੇਂ ਦਰਿਆਵਾਂ ਵਿੱਚ ਬਦਲ ਜਾਂਦੇ ਹਨ, ਜਿਨ੍ਹਾਂ
ਨੂੰ “ਚਿੰਤਨ ਦੇ ਪਲ” ਜ਼ਾਹਰਾ ਦਮਕਦੇ ਵਹਿਣਾਂ ਵਿੱਚ ਬੰਨ੍ਹ ਲੈਂਦੇ ਹਨ। ਇਨ੍ਹਾਂ ਦਾ ਦਾਰਸ਼ਨਿਕ ਨਾਂ
ਸੱਚ ਦੇ ਨਿਸਚਿਤ ਰੂਪ ਵੀ ਕਿਹਾ ਜਾ ਸਕਦਾ ਹੈ। ਇਵੇਂ ਹੀ “ਕੌਣ ਦਿਲਾਂ ਦੀਆਂ ਜਾਣੇ” ਦੇ ਨਿਬੰਧ
ਸੰਯੁਕਤ, ਲੋਕ ਗੀਤਾਂ ਵਾਂਗ ਕੁਦਰਤੀ ਰਵਾਨੀ ਵਾਲੇ, ਤਾਲਮਈ ਅਤੇ ਲੋਕ ਗੀਤਾਂ ਵਰਗੀ ਬਾਲ-ਸਾਦਗੀ ਨਾਲ
ਭਰੇ ਪਏ ਹਨ। ਇਨ੍ਹਾਂ ਨਿਬੰਧਾਂ ਦੀ ਵਾਰਤਕ ਸ਼ੈਲੀ ਵਿਸਮਾਦ ਵਿੱਚ ਆਕੇ ਅਕਹਿ ਦਿਸਹਦਿਆਂ ਵੱਲ ਉਡਾਰੀ
ਭਰਦੀ ਰਹਿੰਦੀ ਹੈ। ਇਹ ਦੂਰੀਆਂ ਡਾਕਟਰ ਦੀ ਵਾਰਤਕ ਸ਼ੈਲੀ ਦੀ ਅੰਤਿਮ ਮੰਜ਼ਲ ਨਹੀਂ ਹਨ, ਸਗੋਂ ਲੇਖਕ
ਦੀ ਕਲਪਨਾ ਸਭ ਦੂਰੀਆਂ ਨੂੰ ਧਰਤੀ ਦੀ ਕਿਸੇ ਜਾਣੀ ਪਹਿਚਾਣੀ ਚਮਤਕਾਰੀ ਘਟਨਾ ਦੇ ਸਾਹਮਣੇ ਪੇਸ਼ ਕਰ
ਦਿੰਦੀ ਹੈ। ਮਿਸਾਲ “ਹੀਰ” ਨਿਬੰਧ ਵਿੱਚ ਨੂਰਪਰੀ ਦੇ ਕਲਾਮ ਰਾਹੀਂ “ਰਸਿਕ ਉਡਾਣ ਦੀ ਸ਼ਕਤੀ ਪ੍ਰਦਾਨ”
ਕਰਦਿਆਂ “ਅਧਿਆਤਮਕ ਕਾਲ ਦਾ ਅਨਿੱਖੜ ਅੰਗ” ਬਣਾ ਕੇ ਵੀ “ਇਸ ਦੂਰ-ਦੁਰੇਡੀ ਮਿਠਾਸ ਨੂੰ ਧਰਤੀ ਦੇ
ਜਾਣੇ ਪਹਿਚਾਣੇ ਦ੍ਰਿਸ਼ ਦਾ ਹਾਣੀ” ਲਿਖਾਰੀ ਨੇ ਅਛੋਪਲੇ ਹੀ “ਹੀਰ ਦੇ ਅਮਰ ਗਾਇਕ ਜੋਗਿੰਦਰ ਸਿੰਘ
ਹੀਰ” ਨੂੰ ਲਿਆ ਕੇ ਬਣਾ ਲਿਆ।
ਕੌਣ ਦਿਲਾਂ ਦੀਆਂ ਜਾਣੇ ਦੇ “ਮੁਹੱਬਤ” ਤੋਂ “ਵਿਯੋਗ” ਤੱਕ ਤੇ “ਮੌਤ” ਤੋਂ
“ਢਲਦਾ ਦਿਹੁੰ…” ਤੱਕ ਦੇ ਅਨੇਕਾਂ ਨਿਬੰਧ ਇੱਕ ਦੂਜੇ ਦੀ ਤਲਾਸ਼ ਵਿੱਚ ਗਤੀਸ਼ੀਲ ਹਨ ਭਾਵ ਕਿਸੇ ਨਿਬੰਧ
ਦੇ ਅਧੂਰੇ ਰੂਪ ਨੇ ਹੋਰ ਨਿਬੰਧ ਵਿੱਚ ਵਿਸ਼ੇਸ਼ ਪੜਾਅ ਉਤੇ ਜਾ ਕੇ ਪੂਰਾ ਹੋਣਾ ਹੈ। ਪੌਰਾਣ, ਦਰਸ਼ਨ,
ਇਤਿਹਾਸ, ਲਿਖਤੀ ਸਾਹਿੱਤ, ਲੋਕ ਗੀਤ, ਨਾਸ਼ਮਾਨਤਾ, ਉਜਾੜ ਤੇ ਥਾਂ-ਥਾਂ ਸਵੈ-ਜੀਵਨੀ ਦੇ ਰੰਗੀਨ
ਛਿੱਟੇ ਇੱਕ ਦੂਸਰੇ ਵਿੱਚ ਜਜ਼ਬ ਹੋ ਰਹੇ ਹਨ ਜਿਸ ਨਾਲ ਇੱਕ ਮੇਲੇ ਦੀ ਸਿਰਜਣਾ ਹੋ ਰਹੀ ਹੈ। ਜੀਵਨ ਦੀ
ਨਿਰਾਕਾਰਤਾ, ਥਰਕਣਾ ਅਤੇ ਗਿਆਨ/ਰੂਹ/ਸਰੀਰ ਦੀਆਂ ਮੰਜ਼ਲਾਂ ਇੱਕ ਐਸੇ ਨਿਬੰਧ ਉਤੇ ਕੇਂਦਰਿਤ ਹੋ
ਜਾਂਦੇ ਹਨ ਜਿਹੜਾ ਇਸ ਪੁਸਤਕ ਦੀ ਆਖਰੀ ਮੰਜ਼ਿਲ, ਮੂਲ ਮਨੋਰਥ ਤੇ ਨਾਮ ਹੈ। ਇਸ ਲਈ ਭਾਵਾਂ ਵਿੱਚ
ਅਨੰਤ, ਕਲਾਮਈ ਅਤੇ ਸਾਹਿੱਤ ਦਾ ਮੁਜੱਸਮਾ ‘ਕੌਣ ਦਿਲਾਂ ਦੀਆਂ ਜਾਣੇ’ ਨਿਬੰਧ ਇਕੋ ਵੇਲੇ ਨਿੱਕੀ
ਕਹਾਣੀ, ਲੋਕ ਕਥਾ ਅਤੇ ਅੰਸ਼ਕ ਸਵੈ-ਜੀਵਨੀ ਹੈ। ਇਸ ਵਿਚੋਂ ਡਾ. ਗੁਰਮੁਖ ਸਿੰਘ ਦੀ ਵਾਰਤਕ ਕਲਾ ਦੀ
ਮਿਸਾਲ ‘ਹਾਸ਼ਮ ਦੇ ਬੋਲ ਲੈ ਕੇ ਦਿਲ ਨੂੰ ਕਿਵੇਂ ਵੱਡੇ ਅਨੁਭਵ ਨੂੰ ਛੋਹਣ ਤੱਕ’ ਡਾਕਟਰ ਲਿਜਾਂਦਾ
ਹੈ? ਦੀ ਪੇਸ਼ ਕਰਦੇ ਕਹਿੰਦੇ ਹਨ ਕਿ: ਅਸੀਮ ਅਤੀਤ ਵਿਚੋਂ ਅਨੇਕਾਂ ਜੁਆਰਭਾਟੇ ਚੜ੍ਹਦੇ ਲਹਿੰਦੇ ਹਨ।
ਭਾਵ, ਪ੍ਰੋ: ਮਹਿਬੂਬ ਨੂੰ ਅਸੀਮ ਅਤੀਤ ਵਿਚੋਂ ਜੁਆਰ ਭਾਟੇ ਚੜ੍ਹਦੇ ਲਹਿੰਦੇ ਹੀ ਨਹੀਂ ਕੱਲੇ ਦਿਸਦੇ
ਹਨ ਸਗੋਂ ਉਨ੍ਹਾਂ ਦੀ ਜ਼ਬਰਦਸਤ ਇਕੱਲਤਾ ਜਾਂ ਤਨਹਾਈ ਜਿਹੜੀ ਮਨੁੱਖ ਲਈ ਅਨੇਕ ਉਜਾੜਾਂ ਪੈਦਾ ਕਰਦੀ
ਹੈ, ਵੀ ਉਵੇਂ ਕਿਵੇਂ ਹੀ ਦਿਖਾਈ ਦਿੰਦੀ ਹੈ। ਇਵੇਂ ਹੀ ‘ਬਾਲਪਨ ਦੀ ਸਹੇਲੀ ਮਨੂ’ ਦੀ ਯਾਦ ਵਿੱਚ
ਮਹਿਫ਼ੂਜ਼ ਹੋਂਦ ਵੀ ਲਿਖਾਰੀ ਲਈ ਜੀਵਨ ਦੇਣ ਵਾਲੀ ਬਖ਼ਸ਼ਿਸ਼ ਦਾ ਸਦੀਵੀ ਜ਼ਿੰਦਾ ਪ੍ਰਤੀਕ ਰਹੇਗਾ। ਬਚਪਨ
ਦੇ ਪੰਜ ਮਾਸੂਮ ਸੰਕੇਤਾਂ ਵਿਚੋਂ ਮੁਹੱਬਤ ਦੇ ਵਰਦਾਨ ਦਾ ਖੇੜਾ ਅਤੇ ਇਕੱਲਤਾ ਦਾ ਸਰਾਪ ਦੋਵੇਂ
ਉਨ੍ਹਾਂ ਦੇ ਨਾਲ ਹਨ। ਅਤੇ ਮਨੂ ਦੇ ਨਾ ਹੋਣ ਵੇਲੇ ਵੀ ਉਨ੍ਹਾਂ ਨੂੰ ਯਕੀਨ ਹੈ ਕਿ ਉਹ ਯਾਦ ਹੀ ਉਜਾੜ
ਦੇ ਰੁੱਖ ਵਰਗੀ ਇਕੱਲਤਾ ਵੇਲੇ ਵੀ ਇਕਰਾਰ ਦੀ ਝਲਕ ਪੈਦਾ ਕਰੇਗੀ।
ਇਉਂ ਹੀ ਦੂਸਰੇ ਲੇਖ ‘ਕੀਮਤੀ ਵਲਵਲਿਆਂ ਦੇ ਅਲਬੇਲੇ ਵਹਿਣ’ (ਜਿਵੇਂ
ਸਵੈ-ਚਿੱਤਰ) ਅਤੇ ‘ਸੰਤਾਪ ਦੇ ਹੌਲਦੇ ਹੜ੍ਹ’ (ਜਿਵੇਂ ਮੌਤ ਆਦਿ) ਅੰਤ ਨੂੰ ਅਨੁਸ਼ਾਸਨਹੀਣਤਾ ਛੱਡ ਕੇ
ਚਿੰਤਨ ਦਾ ਜ਼ੱਬਤ ਓਢ ਲੈਂਦੇ ਹਨ ਜਦੋਂ ਤਰਕ ਰੂਹ ਦੀ ਹਰ ਕਾਂਗ ਦੇ ਸਾਹਮਣੇ ਖਲੋਤਾ ਨਜ਼ਰ ਆਉਂਦਾ ਹੈ।
ਮਿਸਾਲ ‘ਲੋਕ ਮਾਨਸ ਦੀ ਇਤਿਹਾਸਿਕ ਯਾਤਰਾ, ਮੌਤ ਦੇ ਸਰਬਵਿਆਪੀ ਭੈਅ ਚੋਂ ਉਤਪੰਨ ਹੋਈ ਹੈ (ਲੋਕ
ਮਾਨਸ ਤੇ ਮਹਾਂਭਾਰਤ) ਪਰ ਮੌਤ ਦੀ ਇਸ ਨਖਿੱਧ ਪ੍ਰਕਿਰਿਆ (ਸਫਾ 132) ਨੇ ਕਿਸੇ ਹੋਰ ਲੇਖ ਵਿੱਚ
“ਉੱਜਲ ਵਿਗਾਸ ਦੀ ਦਿੱਖ ਅਪਣਾ ਕੇ ਪੂਰਨ ਹੋਣਾ ਹੈ”। ਜਿਵੇਂ ਦੂਜੀ ਵਾਰਤਕ ਪੁਸਤਕ ਵਿੱਚ ਨਖਿੱਧਮਈ
ਲੋਕ ਮਾਨਸ (ਮਹਾਰਾਜਾ ਰਣਜੀਤ ਸਿੰਘ ਅਤੇ ਲੋਕ ਮਾਨਸ) ਵਿੱਚ ਪੂਰਨ ਨਿਰਮਲਤਾ ਦਾ ਉਜਾਲਾ ਕਰਦਾ ਸੱਚ,
ਜ਼ੱਬਤ, ਤਰਕ ਤੇ ਵਿਗਾਸ ਦੇ ਲੰਮੇ ਪੈਂਡੇ ਮਾਰ ਕੇ ਲੋਕ ਮਾਨਸ ਪੌੜੀ ਦੇ ਉੱਚੇ ਵਿਜੈਈ ਡੰਡੇ ਉਤੇ
ਪ੍ਰਗਟ ਹੁੰਦਾ ਹੈ। “ਚਿੰਤਨ ਦੇ ਪਲ” ਦੇ “ਰਾਬੀਆ” ਲੇਖ ਵਿੱਚ ਲੋਕ ਮਾਨਸ ਹੋਰ ਵੀ ਪਾਵਨ, ਨਿਰਲੇਪ,
ਸੁੰਦਰ, ਤੇ ਤਰਕਸ਼ੀਲ ਰੂਪ ਵਿੱਚ ਵਿਗਸਦਾ ਦਿਸਦਾ ਹੈ। “ਰਾਬੀਆਂ” ਕੋਲ ਇੱਕ ਤਾਂ ਰੱਬ ਦੀ ਬੰਦਗੀ ਦਾ
ਨੂਰ ਹੈ ਤੇ ਦੂਜਾ ਖ਼ਾਲਸ ਨੂਰ ਦੇ ਹਾਣ ਦਾ ਅਜਿੱਤ ਤਰਕ ਵੀ ਮੌਜੂਦ ਹੈ। ਰਾਬੀਆ ਨਾਲ ਵਿਆਹ ਕਰਵਾਉਣ
ਦੀ ਤ੍ਰਿਸ਼ਨਾ ਰੱਖਣ ਵਾਲੇ ਦੁਨਿਆਵੀ ਲੋਕਾਂ ਦੇ ਦਰਵੇਸ਼ੀ ਭੇਖ ਵਾਲੇ ਟੋਲੇ, ਪਹੁੰਚੇ ਹੋਏ ਸੂਫ਼ੀ
‘ਹਸਨ’ (ਰਾਬੀਆਂ ਦਾ ਸਮਕਾਲੀ ਫ਼ਕੀਰ) ਵਰਗੇ ਕਮਜ਼ੋਰ ਤਰਕਸ਼ੀਲ, ਅਤੇ ਔਰਤ ਦੇ ਬੁਲੰਦ ਰੂਹਾਨੀ ਔਜ
ਪ੍ਰਤਿ ਈਰਖਾ ਕਰਨ ਵਾਲੇ ਮੁੱਲਾਂ ਮੁਲਾਣੇ ਰਾਬੀਆਂ ਦੇ ਅਜਿੱਤ ਤਰਕ ਦੀ ਝਾਲ ਨਾ ਝੱਲ ਸਕੇ। “ਰਾਬੀਆ
ਦਾ ਸਿਦਕ, ਸਰੀਰ ਵੇਚਣ ਵਾਲੀ ਵਪਾਰੀ ਕੰਜਰੀ ਦੇ ਕਮਜ਼ੋਰ ਤਰਕ ਨਾਲੋਂ ਕਿਤੇ ਉੱਚਾ, ਸ਼ਕਤੀਸ਼ਾਲੀ ਤੇ
ਨਿਰਲੇਪ ਹੈ”, ਜਿਹੜਾ “ਅਸ਼ਲੀਲ ਜਗਤ ਦੀਆਂ ਕੁਰੱਖਤ ਬਦਸੂਰਤੀਆਂ ਦਰਮਿਆਨ” ਵੀ, ਸਮੇਤ ਤਰਕ ਦ੍ਰਿਸ਼ਟੀ
ਅਤੇ ਅਕੀਦਤ ਦੇ, ਸਦਾ ਬੁਲੰਦ ਤੇ ਓਜਮਈ ਜੇਤੂ ਅਵੱਸਥਾ ਵਿੱਚ ਰਹਿੰਦਾ ਹੈ। ਉਹ ਪਿਆਰੇ ਦੇ ਅੰਦਰ ਦਾ
ਅਮੁੱਕ ਸਫਰ ਕਰਦੀ ਹੋਈ ਮੌਤ ਦੇ ਹਰ ਤਰਕ ਨੂੰ ਹਰਾਉਣ ਦੇ ਸਮਰੱਥ ਹੈ। ਉਚੀ ਲਿਵ ਦੀ ਮਾਲਕ ਕੋਲ
ਸੰਸਾਰੀ ਦਰਵੇਸ਼ਾਂ ਦੇ ਤਰਕ ਨੂੰ ਸੁਣਨ ਲਈ ਪਲ ਭਰ ਵੀ ਵਿਹਲ ਨਹੀਂ। ਰੱਬੀ ਛੁਹ ਦੀ ਸਿਖਰ ਤੇ
ਪਹੁੰਚੀ, ਤਰਕ ਦੇ ਅਜਿੱਤ ਤੇ ਅਮਰ ਆਸਣ ਤੇ ਬਿਰਾਜਮਾਨ ਰਾਬੀਆ ਫੌਲਾਦੀ ਅਡੋਲਤਾ ਦੀ ਚਟਾਨ ਵਾਂਗ
ਮਜ਼ਬੂਤ ਹੈ।
ਮੁੱਕਦੀ ਗੱਲ, ‘ਚਿੰਤਨ ਦੇ ਪਲ’ ਵਿਚਲੇ ਸਾਹਿਤਕ ਗੁਣ, ਮਸਲਨ ਲੋਕ ਰਸਕਿਤਾ,
ਕਾਵਿ ਅਨੁਭਵ, ਹਾਸ-ਰਸ ਅਤੇ ਗਿਆਨ-ਧਿਆਨ ਦਾ ਸੱਚ ਆਦਿ ਡਾ: ਸਾਹਿਬ ਦੀਆਂ ਤਿੰਨ ਪੁਸਤਕਾਂ ‘ਪਹੁ
ਫੁਟਾਲਾ’, ‘ਸੰਝ ਦੀ ਲਾਲੀ’ ਅਤੇ ‘ਦੀਵਾ’ ਵਿੱਚ ਵੀ ਮੁਤਵਾਤਰ ਉਪਲਭਦ ਹਨ। ਉਨ੍ਹਾਂ ਦੀ ਦੂਜੀ ਪੁਸਤਕ
ਵਿੱਚ ਇੱਕ ਖਾਸ ਰੰਗ ਸਾਹਿਤਕ ਰੰਗ ਦੇ ਨਾਲ ਨਾਲ ਤਰਕ ਦੀ ਚਿੰਤਨਸ਼ੀਲ ਕੇਂਦਰੀ ਸ਼ਕਤੀ ਦੇ ਰੂਪ ਵਿੱਚ
ਕਾਇਮ ਰਹਿੰਦਾ ਹੈ, ਜਿਸ ਦੇ ਸੰਦਰਭ ਵਿੱਚ ਡਾ: ਸਾਹਿਬ ਦੀ ਵਾਰਤਕ ਵਿਚੋਂ ਹੇਠ ਲਿਖੀਆਂ ਪੰਜ
ਮਿਸਾਲਾਂ ਦਿੱਤੀਆਂ ਜਾਂਦੀਆਂ ਹਨ:
1. “ਚੁੱਪ” ਨਿਬੰਧ ਵਿੱਚ ਹਕੀਕੀ ਅਗਾਧ ਚੁੱਪ ਵਾਰੇ ਬੁੱਧ,
ਸ਼ਾਹ ਹੁਸੈਨ ਅਤੇ ਗੁ. ਨਾਨਕ ਸਾਹਿਬ ਦੁਆਰਾ ਕੀਤੇ ਵਚਨ ਦੱਸ ਕੇ ਸੰਪੂਰਨ ਚੁੱਪ ਨੂੰ
ਭਾਲਦਿਆਂ ਕਬਰਸਤਾਨ ਦੀ ਮਹਾਂ ਕਾਲ (ਵਕਤ) ਨਾਲ ਬਗਲਗ਼ੀਰ ਹੋਈ ਅਗੰਮ ਚੁੱਪ ਨੂੰ ਮਹੀਨ
ਤਰਕ ਰਾਹੀਂ ਸਥਾਪਿਤ ਕਰ ਦਿੰਦੇ ਹਨ।
2. “ਉਡੀਕ” ਨਿਬੰਧ ਵਿੱਚ ਇਸ ਨਿਰਾਕਾਰ ਸੰਕਲਪ ਨੂੰ ਚਾਰ
ਤੈਹਾਂ ਵਾਲੀ (ਅਧਿਆਤਮਕ, ਕਾਵਿਮਈ, ਇਸ਼ਕੀਆ, ਦਾਰਸ਼ਨਿਕ) ਨੁਹਾਰ ਬਖ਼ਸ਼ਦਿਆਂ
ਮਨੋਵਿਗਿਆਨਕ ਧਰਾਤਲ ਉਤੇ ਯਥਾਰਥਕ ਜੀਵਨ ਦੇ ਦ੍ਰਿਸਟਮਾਨ ਤਰਕ ਨਾਲ ਸਫਲਤਾ ਪੂਰਬਕ
ਜੋੜਿਆ ਹੈ।
3. “ਸਫਰ” ਵਿੱਚ ਬ੍ਰਹਿਮੰਡ ਦੀ ਅਨੇਕ-ਮੂੰਹੀ ਗਤੀਸ਼ੀਲਤਾ ਨੂੰ
ਤਰਕ ਦੀ ਕੁਦਰਤੀ ਰਫਤਾਰ ਤੇ ਜ਼ੋਰ ਨਾਲ ਡਾ: ਸਾਹਿਬ ਧਰਤੀ ਉਤੇ ਹੋ ਰਹੇ ਨਰ-ਨਾਰੀ ਦੇ
ਬਚਪਨ, ਜੁਆਨੀ ਅਤੇ ਮੌਤ ਤੱਕ ਦੇ ਭੇਦ-ਭਰੇ ਸਫਰਾਂ ਤੱਕ ਲਿਆ ਕੇ ਰੇਲ ਗੱਡੀ ਦੇ ਇੱਕ
ਅੰਨ੍ਹੇ ਮੰਗਤੇ ਦੇ ਯਥਾਰਥਕ ਦ੍ਰਿਸ਼ ਵਿੱਚ ਪਲਟ ਦਿੰਦੇ ਹਨ।
4. “ਕਲਮ” ਵਿੱਚ ਕਲਮ ਪਹਿਲਾਂ ਪੁਰਾਣ, ਇਤਿਹਾਸ ਦੇ ਵਿਸਮਾਦ
ਤੇ ਵਚਿੱਤਰਤਾ ਥਾਣੀ ਗੁਜ਼ਰਦੀ ਜ਼ਫ਼ਰਨਾਮਹ ਦੀ ਮਹਾਨ ਸ਼ਕਤੀ ਨੂੰ ਉਦੈ ਕਰਦੀ ਹੈ ਫੇਰ
“ਜ਼ਫ਼ਰਨਾਮਹ” ਵਾਲੇ ਲੇਖ ਵਿੱਚ ਉਸੇ ਤਰਕ ਦੀ ਤੇਜ਼ ਧਾਰ ਨਾਲ ਡਾ: ਸਾਹਿਬ “ਦਰਬਾਰਿ
ਮੁਅੱਲਾ” ਦੀ ਗ਼ਲਤ ਧਾਰਨਾ ਨੂੰ ਗ਼ਲਤ ਸਾਬਿਤ ਕਰਦਿਆਂ ਦੱਸਿਆ ਹੈ ਕਿ ਜ਼ਫ਼ਰਨਾਮਹ ਕਿਉਂ
ਪਟੀਸ਼ਨ ਨਹੀਂ ਹੋ ਸਕਦੀ।
5. “ਸੂਈ” ਵਿੱਚ ਪੀਰਾਂ ਪੈਗ਼ੰਬਰਾਂ ਤੇ ਗੁਰੂ ਨਾਨਕ ਸਾਹਿਬ,
ਬੁਲ੍ਹੇ ਸ਼ਾਹ, ਪ੍ਰੋ. ਮੋਹਨ ਸਿੰਘ ਆਦਿ ਦੇ ਅਮਰ ਬੋਲਾਂ ਤੇ ਦ੍ਰਿਸ਼ਟਾਂਤਾਂ ਨਾਲ ਸੂਈ
ਦੇ ਰਹੱਸਮਈ ਅਰਥਾਂ ਨੂੰ ਸੰਘਣੇ ਕਰਕੇ ਨਿਤਾਰਦਾ ਲੇਖਕ ਸੂਈ ਜਿੰਨੀ ਥਾਂ ਨਾ ਦੇਣ ਦੇ
ਸ਼ਰੀਕਾਂ ਦੇ ਬੋਲ ਜਾਂ ਮਿਹਣੇ, ਆਪਣੇ ਬਚਪਨ ਦੀ ‘ਸਾਬਿਰ’ ਮਿਹਨਤੀ ਅਤੇ ਸੂਈਆਂ ਵੇਚਣ
ਵਾਲੀ ਨਾਰ, ਪਟਿਆਲੇ ਦਾ ਸੂਈ ਗਰਾਂ ਮਹੱਲਾ ਆਦਿ ਰਾਹੀਂ ਅਕਾਸ਼ੀ ਰਹੱਸ ਨੂੰ ਧਰਤੀ ਦੀ
ਅਸਲੀਅਤ ਅੰਦਰ ਬੰਨ੍ਹਿਆਂ ਹੈ।
ਉਪਰੋਕਤ ਸਰਵੇਖਣ ਵਿੱਚ ਪ੍ਰੋ: ਮਹਿਬੂਬ ਨੇ ਡਾ: ਸਾਹਿਬ ਦੀਆਂ ਪਹਿਲੀਆਂ ਦੋ
ਵਾਰਤਕ ਪੁਸਤਕਾਂ ਵਿਚਲੇ “ਜ਼ਿੰਦਗੀ ਦੇ ਉਸ ਅਨੂਪ ਮੇਲੇ” ਦਾ ਨਿਰਖ ਪਾਇਆ ਹੈ ਜਿਸ ਦਾ ਖੇੜਾ (ਵਿਗਾਸ)
“ਮੌਤ ਦੇ ਵਿਸ਼ਾਲ ਬ੍ਰਹਿਮੰਡ ਨੂੰ ਸਪਰਸ਼ਣ ਪਿਛੋਂ ਵੀ ਕਿਸੇ ਸਮਾਪਤੀ ਦੀ ਦੱਸ ਨਹੀਂ ਪਾਉਂਦਾ”। ਕਿਉਂ?
ਇਸ ਲਈ ਕਿ ਇਸ ਗੰਭੀਰ ਸਫਰ ਵਿੱਚ “ਨਵੇਂ ਤੋਂ ਨਵੇਂ ਸੰਕੇਤਾਂ, ਦਿਸ਼ਾਵਾਂ ਅਤੇ ਗਿਆਨ ਤਰਬਾਂ”
ਵਿਚਕਾਰ ਉਨ੍ਹਾਂ ਦੀ “ਸਿਰਜਣਾਤਮਕ ਪ੍ਰਕਿਰਿਆ ਅਨੁਭਵ ਦੇ ਮੁਕੰਮਲ ਗੋਲਾਈ ਵਾਲੇ ਦ੍ਰਿਸ਼” ਦੀ ਤਲਾਸ਼
ਵਿੱਚ ਮਹੂ ਹੈ। ਇਨ੍ਹਾਂ ਦੋ ਵਾਰਤਕ ਪੁਸਤਕਾਂ ਚ ਦੱਸੇ ਗਏ ਪ੍ਰਸੰਗਾਂ ਤੋਂ ਅਗਲੇ ਦਿਸਹੱਦੇ ਦੇ “ਕੁਝ
ਨਵੇਂ ਵਿਵਰਣਾਂ ਸਮੇਤ ਲੇਖਕ ਦੀਆਂ ਤਿੰਨ ਪੁਸਤਕਾਂ ਦਾ ਸੰਯੁਕਤ ਪਰ ਤਾਲਮਈ ਤਰਤੀਬ ਅਨੁਸਾਰ ਜਾਇਜ਼ਾ”
ਲੈਂਦਿਆਂ ਪ੍ਰੋ: ਮਹਿਬੂਬ ਉਨ੍ਹਾਂ ਦੀ ਸਿਰਜਣਾਤਮਕ ਪ੍ਰਕਿਰਿਆ ਨੂੰ ਤਿੰਨ ਪੜਾਵਾਂ ਵਿੱਚ ਵੰਡਦੇ ਹਨ:
ਪਹਿਲਾ ਪੜਾਅ ਦ੍ਰਿਸ਼ਟਮਾਨ ਚਿਹਨ ਜਗਤ ਜਿਸ ਵਿੱਚ
ਨਾਵਾਂ, ਥਾਵਾਂ, ਥੇਹਾਂ, ਕਬਰਾਂ, ਸ਼ਮਸ਼ਾਨਾਂ, ਉਜਾੜਾਂ, ਅਤੇ ਇਤਿਹਾਸਿਕ ਘਟਨਾਵਾਂ ਦੀ ਠੋਸ
ਤੇ ਪਕੜ ਵਿੱਚ ਆਉਣ ਵਾਲੀ ਹੋਂਦ ਹੈ, ਨਾਲ ਭਰਿਆ ਪਿਆ ਹੈ, ਜਿਹੜਾ ਲਗਾਤਾਰ ਗਤੀਸ਼ੀਲ ਅਤੇ
ਖੇੜੇ ਵਿੱਚ ਹੈ। ਜਦ ਕਿ ਦੂਜਾ ਪੜਾਅ ਅਚਿਹਨ ਜਗਤ ਹੈ। ਉਹ ਚਿਹਨ ਜਗਤ ਤੋਂ ਵਿਗਾਸ
ਦੀ ਸ਼ਕਤੀ ਰਾਹੀਂ ਪਲਟਿਆ ਰੂਪ ਹੈ, ਨਿਰਾਕਾਰਤਾ ਜਿਸ ਦੀ ਕੁਦਰਤੀ ਮੰਜ਼ਲ ਹੈ। ਪੁਰਾਣ,
ਅਧਿਆਤਮਕ ਧਿਆਨ, ਦਰਸ਼ਨ, ਲੋਕਯਾਨ, ਸਾਹਿੱਤ, ਕਾਲ, ਮੌਤ ਅਤੇ ਪੈਗ਼ੰਬਰੀ ਸੱਚ ਆਪੋ ਆਪਣਾ
ਲੋੜੀਂਦਾ ਯੋਗਦਾਨ ਇਸ ਦੀ ਸੰਪੂਰਨਤਾ ਵਿੱਚ ਪਾਉਂਦੇ ਹਨ। ਸਮਾਂ (ਕਾਲ) ਤੇ ਮੌਤ ਅਚਿਹਨ
ਜਗਤ ਦੀਆਂ ਸਭ ਤੌ ਵੱਧ ਸ਼ਕਤੀਸ਼ੀਲ ਦਿਸ਼ਾਵਾਂ ਬਣਾਉਂਦੇ ਹਨ। ਤੀਜਾ ਪੜਾਅ ਅਜੋਕੇ
ਸਮੇਂ ਦੇ ਨਰ-ਨਾਰੀ ਦੂਆਰਾ ਅਚਿਹਨ ਜਗਤ ਦੀਆਂ ਖ਼ੂਬੀਆਂ ਨੂੰ ਭੁੱਲਣ ਦਾ ਜਾਂ
“ਜ਼ਿੰਦਗੀ ਦੀ ਆਤਮ ਹੱਤਿਆ ਵਰਗਾ ਸਰਾਪਿਆ ਦੁਖਾਂਤ” ਹੈ (ਦੀਵਾ ਤੇ ਹੋਰ ਨਿਬੰਧ; “ਦੋਸਤੋ”
)। ਉਦੋਂ ਬਾਲ ਮਾਸੂਮੀ ਦੇ ਕੁੱਲ ਰਹੱਸ ਸੜ ਸੁੱਕ ਜਾਂਦੇ ਹਨ (ਦੁੱਖ - ਖੂਹ ਵਿੱਚ ਲਟਕਿਆ
ਬੰਦਾ)। ਅਤੇ ਜਦੋਂ ਰਾਤਾਂ ਦਾ ਹੁਸਨ ਸ਼ਰਾਬ ( Bilial
ਬਿਲੀਅਲ ਦੇਵਤਾ) ਦੀ ਅਸ਼ਲੀਲਤਾ ਅਤੇ ਸ਼ੋਰ
ਵਿੱਚ ਡੁੱਬ ਜਾਂਦਾ ਹੈ (ਪਹੁ ਫੁਟਾਲਾ) ਅਤੇ ਮਾਨਵ, ਚਾਰਵਾਕੀਆਂ ਦੇ ਚੰਮ ਰਸ ਦੀ ਦੁਨੀਆਂ
ਦਾ ਗ਼ੁਲਾਮ ਹੋ ਜਾਂਦਾ ਹੈ (135)। ਇਥੇ, ਪਹਿਲੇ ਦੋ ਪੜਾਵਾਂ ਦੀ ਪ੍ਰਮਾਣਿਕਤਾ ਦ੍ਰਿੜਾਉਣ
ਲਈ, ਅੰਤਰਦ੍ਰਿਸ਼ਟੀ ਦੇ ਨਜ਼ਰੀਏ ਤੋਂ, ਡਾ: ਸਾਹਿਬ ਦੀ ਦੀਆਂ ਕੁੱਝ ਨਿਮਨਲਿਖਤ ਸਤਰਾਂ ਸਾਡੇ
ਧਿਆਨ ਗੋਚਰੇ ਹੁੰਦੀਆਂ ਹਨ:
1. ਹਜ਼ਰਤ ਮੁਹੰਮਦ ਸਾਹਿਬ ਨੇ ਆਪਣੀ ਉਮਤਿ ਨੂੰ ਉਪਦੇਸ਼
ਦਿੰਦਿਆਂ ਕਿਹਾ: “ਅੱਲ੍ਹਾ ਨਾਲ ਜੁੜੋ। ਮੌਤ ਬੜੀ ਡਾਢੀ ਹੈ…… ਜਦੋਂ ਸੱਜਾ ਪੈਰ
ਧਰਤੀ ਉਤੇ ਰਖਦੇ ਹਾਂ, ਤਾਂ ਰਾਜੇ ਦੀ ਖੋਪਰੀ ਤੇ ਆਉਂਦਾ ਹੈ ਤੇ ਜਦੋਂ ਖੱਬਾ
ਪੈਰ ਰਖਦੇ ਹਾਂ, ਤਾਂ ਵਜ਼ੀਰ ਦੀ ਖੋਪਰੀ ਤੇ (ਮੌਤ – ਕੌਣ ਦਿਲਾਂ ਦੀਆਂ ਜਾਣੇ)।
ਇਸ ਹਦੀਸ ਵਿੱਚ ਅਰਬ ਦੇ ਪੈਗ਼ੰਬਰ ਨੇ ਪੈਗ਼ੰਬਰੀ ਸੱਚ ਅਤੇ ਇਤਿਹਾਸ ਨੂੰ ਇੱਕ
ਨੁਕਤੇ ਉਤੇ ਇਕੱਠਾ ਕਰ ਦਿੱਤਾ, ਜਿਹੜਾ ਚਿਹਨ ਜਗਤ ਦਾ ਇੱਕ ਹਿੱਸਾ ਹੈ। “ਸੱਜੇ ਤੇ ਖੱਬੇ ਪੈਰਾਂ
ਥੱਲੇ ਰਾਜਿਆਂ ਅਤੇ ਵਜ਼ੀਰਾਂ ਦੀਆਂ ਕਬਰਾਂ ਦਿਸਦੇ ਚਿਹਨ ਜਗਤ ਦੀ ਸਥਿਤੀ ਨੂੰ ਹੋਰ ਪ੍ਰਬਲ ਕਰ
ਦਿੰਦਿੀਆਂ ਹਨ। (136) ਦੂਜੇ ਪਾਸੇ ਮੌਤ ਦੀ ਅਟੱਲ ਗਤੀ ਨਰ-ਨਾਰੀ ਨੂੰ ਨਿਰੰਤਰ ਅੱਲ੍ਹਾ ਦੀ
ਅਚਿਹਨਤਾ ਵੱਲ ਆਕਰਸ਼ਿਤ ਕਰਦੀ ਹੈ। ਇਸ ਬਿੰਦੂ ਉਤੇ ਡਾ: ਸਾਹਿਬ ਦੀ ਵਾਰਤਕ ਸ਼ੈਲੀ ਵੀ ਮੌਲਿਕ ਹਦੀਸ
ਵਾਂਗ ਹੀ ਸਾਦੀ ਨਾਟਕੀਅਤਾ ਦੀ ਦਿੱਖ ਦਿੰਦੀ ਹੈ”।
2. ਸਮਾਂ ਤਾਂ ਆਪਣੀ ਰਫਤਾਰੇ ਤੁਰਿਆ ਜਾਂਦਾ, ਪਿੰਡਾਂ,
ਸ਼ਹਿਰਾਂ, ਦੇਸ਼ਾਂ, ਸਭਿਅਤਾਵਾਂ ਦੇ ਪੁਰਾਣੇ ਢਾਂਚੇ ਫ਼ਨਾਹ ਕਰਕੇ ਨਵੇਂ ਉਸਾਰਦਾ
ਹੈ। ਨਵੇਂ ਸਮਾਜ, ਰਾਜ, ਸਭਿਆਚਾਰ ਜਨਮਦੇ, ਵਿਕਾਸਦੇ, ਆਖਰ ਫਨਾਹ ਹੁੰਦੇ ਹਨ।
ਸਮਾਂ ਨਵੇਂ ਦੌਰ ਸ਼ੁਰੂ ਕਰਕੇ ਫੇਰ ਉਹੋ ਹੀ ਫ਼ਾਨੀ ਗੇੜਾ ਚਲਾ ਕੇ ਸਿਲਸਲਾ ਜਾਰੀ
ਰਖਦਾ ਹੈ। ਚਿਹਨ ਨਿਰਲੇਪ ਰਹਿੰਦਾ ਹੈ (ਘਰ)।
ਏਥੇ ਪ੍ਰੋ: ਮਹਿਬੂਬ ਡਾ: ਗੁਰਮੁਖ ਸਿੰਘ ਦੀ ਵਾਰਤਕ ਵਿੱਚ ਓਤਪੋਤ ਦੋ
ਅੰਤਰ-ਦ੍ਰਿਸ਼ਟੀਆਂ ਰਾਹੀਂ ਪੈਗ਼ੰਬਰੀ ਸੱਚ ਤੇ ਇਤਿਹਾਸ ਦੇ ਇੱਕ ਨੁਕਤੇ ਉਪਰ ਹੋਏ ਸੰਜੋਗ ਨੂੰ
ਸਮਝਾਂਉਂਦਾ ਹੈ। ਪਹਿਲਾਂ ‘ਚਿਹਨ’ ਨੂੰ ਸਮੇਂ ਦੁਆਰਾ ਕੀਤੀ ਤਬਾਹੀ ਵਿੱਚ ‘ਨਿਰਲੇਪ’ ਰਖਿਆ ਹੈ।
ਫੇਰ, ਸਮੇਂ ਨੂੰ ਮੌਤ ਦਾ ਹਾਣੀ ਬਣਾ ਕੇ “ਚਿਹਨ ਅਚਿਹਨ ਦਾ ਵਿਗਾਸ” ਕਰੁਆਇਆ। ਮਗਰੋਂ,
“ਬਹੁ-ਦਿਸ਼ਾਵੀ ਰੰਗ ਪੈਦਾ ਕਰਕੇ” ਦੋਨਾਂ ਨੂੰ ਜੋੜਿਆ। ਜਿਸ ਵਿੱਚ ਚਿਹਨ ਜਗਤ ਦਾ ਸਾਕਾਰ ਰੂਪ –
ਪਿੰਡ, ਸ਼ਹਿਰ, ਰਾਜਾਂ, ਸਭਿਆਤਾਵਾਂ ਦੀ ਮਿਸਾਲ ਰਾਹੀਂ ਪ੍ਰਤੱਖ (ਦਿਸਦਾ) ਸਾਬਤ ਕੀਤਾ। ਕ੍ਰਾਂਤੀਆਂ
ਦੁਆਰਾ ਢੈ ਢੇਰੀਆਂ ਮਗਰੋਂ “ਹਯਾਤੀ (ਜੀਵਨ) ਦੀ” ਮੁੜ ਉਸਰੀ “ਤਾਜ਼ਗੀ” ਨੂੰ “ਅਚਿਹਨ ਜਗਤ ਦਾ ਹੀ
ਅਦ੍ਰਿਸ਼ਟ ਵਹਿਣ ਸਾਬਤ” ਕੀਤਾ ਹੈ।
3. ਦੀਵਾ ਲੈ ਕੇ ਤੁਰੇ ਜਾਂਦੇ ਬਾਲਕ ਨੂੰ ਸੁਕਰਾਤ ਦੇ
ਪੁਛੱਣ ਤੇ ਕਿ ਉਸ ਨੇ ਰੋਸ਼ਨੀ ਕਿਥੋਂ ਲਈ, ਉਸ ਵਲੋਂ ਦੀਵਾ ਬੁਝਾ ਕੇ ਉਲਟਾ
ਸੁਕਰਾਤ ਕੋਲੋਂ ਪੁਛਣਾ: “ਬਾਬਾ! ਰੌਸ਼ਨੀ ਕਿਥੇ ਗਈ” ? ਅਸਲ ਵਿੱਚ ਸੁਕਰਾਤ ਨੂੰ
ਅਚਿਹਨ ਸੱਚ ਨਾਲ ਜੋੜ ਗਈ। (136) ਇਹ ਦੋਵੇਂ ਪਾਤਰ ਚਿਹਨ ਜਗਤ ਦੀ ਸੁੰਦਰਤਾ
ਨੂੰ ਪਛਾਣਨ ਪਿਛੋਂ ਹੀ ਪ੍ਰਮਾਤਮਾ ਦੀ ਅਚਿਹਨ ਰੌਸ਼ਨੀ ਵਿੱਚ ਲੀਨ ਹੋਏ ਸਨ।
ਭਾਵੇਂ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਇਨ੍ਹਾਂ ਦੋਨਾਂ ਚੋਂ ਕਿਸ ਨੂੰ
ਪਹਿਲਾਂ ਅਚਿਹਨ ਜਗਤ ਦੀ ਰੌਸ਼ਨੀ ਹੋਈ?
ਪਰ ਏਥੇ ਇਹ ਗੱਲ ਪ੍ਰੋ: ਮਹਿਬੂਬ ਨਿਰਣੇ ਨਾਲ ਕਹਿੰਦੇ ਹਨ ਕਿ ਡਾ: ਸਾਹਿਬ
ਦੀ ਵਾਰਤਕ ਪ੍ਰਕਿਰਿਆ ਨੇ ਸੁਹਣਾ ਪੈਂਡਾ ਕਰਦਿਆਂ ਵਾਰਤਕ ਸ਼ੈਲੀ ਨੂੰ ਸੰਗੀਤਕ ਅਤੇ ਰਹੱਸਮਈ ਤਾਲ
ਵਿੱਚ ਢਾਲ ਲਿਆ ਹੈ। ਜਿਸ ਤੱਥ ਦੀਆਂ ਮਿਸਾਲਾਂ ਉਨ੍ਹਾਂ ‘ਪਹੁ ਫਟਾਲਾ, ‘ਸੰਝ ਦੀ ਲਾਲੀ’ ‘ਦੀਵਾ’
ਆਦਿ ਕਿਤਾਬਾਂ ਵਿਚੋਂ ਦਿਤੀਆਂ ਹਨ। ਡਾ: ਸਾਹਿਬ ਦੀ ਬਹੁ ਪਰਤਾਂ ਸੰਪੰਨ ਵਾਰਤਕ ਸ਼ੈਲੀ ਦੀਆਂ ਮੁੱਖ
ਤਿੰਨ ਪਰਤਾਂ, ‘ਚਿਹਨ ਤੋਂ ਅਚਿਹਨ ਜਗਤ ਤਕ ਦੇ ਵਿਗਾਸ’, ‘ਆਧੁਨਿਕ ਸਭਿਆਤਾਵਾਂ ਦੇ ਗੁੱਝੇ ਮਾਨਸਿਕ
ਰੋਗਾਂ’ ਅਤੇ “ਵੀਭਤਸ ਜੀਵਨ ਦ੍ਰਿਸ਼ਾਂ’ ਵਾਰੇ ਪ੍ਰੋ: ਮਹਿਬੂਬ ਦੇ ਦਿੱਤੇ ਮੁਕੰਮਲ ਵੇਰਵੇ ਵਿਚੋਂ
ਤਿੰਨ ਮਿਸਾਲਾਂ ਹੇਠ ਅੰਕਿਤ ਕੀਤੀਆਂ ਹਨ। ਜਿਵੇਂ ‘ਪਹੁ ਫੁਟਾਲਾ ਅਤੇ ਹੋਰ ਨਿਬੰਧ’ ਵਿੱਚ “ਰਾਣੀ
ਸੁੰਦਰਾਂ” ਤੇ “ਵੈਦ” ਆਦਿ ਵਿੱਚ ਡਾ: ਸਾਹਿਬ “ਡੂੰਘੀ ਇਕਾਗਰ ਦ੍ਰਿਸ਼ਟੀ ਨਾਲ ਚਿਹਨ ਤੋਂ ਅਚਿਹਨ ਤਕ
ਦੇ ਵਿਗਾਸ ਨੂੰ ਅਤਿ ਸੂਖਮਤਾ ਸਹਿਤ ਚਿਤਰਦੇ ਹਨ”। ਇਉਂ ਹੀ “ਰਾਣੀ ਸੁੰਦਰਾਂ” ਲੇਖ ਵਿੱਚ ਰਾਣੀ ਦਾ
ਹੁਸਨ, ਪਤੀ ਦਾ ਈਰਖਾਲੂ ਸ਼ੱਕ, ਅਤੇ ਉਸ ਦੇ ਪੂਰਨ ਜੋਗੀ ਨਾਲ ਮਿਲਾਪ ਤਕ ਦੇ ਦ੍ਰਿਸ਼ ਚਿਹਨ ਜਗਤ ਦਾ
ਬਲਵਾਨ ਪ੍ਰਭਾਵ ਦਿੰਦੇ ਹਨ। ਰਾਣੀ ਸੁੰਦਰਾਂ ਦੀ ਆਦਿ ਜੁਗਾਦੀ ਮੁਹੱਬਤ, ਪ੍ਰੋ: ਪੂਰਨ ਸਿੰਘ ਰਾਹੀਂ
ਬਿਆਨ ਕੀਤੀ ਘੁੱਗੀ ਵਾਂਗ ਪੂਰਨ ਜੋਗੀ ਪਿੱਛੇ ਉਸ ਦਾ ਨਾਂਅ ਚੁੰਝ ਵਿੱਚ ਲੈ ਕੇ ਉਡਦੀ ਸੁੰਦਰਾਂ
ਗੋਰਖ ਨਾਥ ਦੀ ਅੰਤਰ ਦ੍ਰਿਸ਼ਟੀ ਨੂੰ ਅਚਿਹਨ ਨਾਲ ਜਾ ਜੋੜਦੀ ਹੈ”। “ਵੈਦ” ਵਿੱਚ ਵੀ ਇਵੇਂ ਹੀ ਧਰਮੀ
ਵੈਦਾਂ ਰਾਹੀਂ ਯਥਾਥਕ ਸੰਸਾਰ ਨੂੰ ਅਚਿਹਨ ਜਗਤ ਦੀ ਗੋਦ ਮੁਹੱਈਆ ਹੁੰਦੀ ਹੈ। ਜਾਂ ਚਿਹਨ ਜਗਤ ਤੋਂ
ਅਚਿਹਨ ਮੰਡਲਾਂ ਦੀ ਮੰਜ਼ਲ ਪ੍ਰਾਪਤ ਹੁੰਦੀ ਹੈ”।
ਦੂਜੀ ਮਿਸਾਲ, “ਸੰਝ ਦੀ ਲਾਲੀ ਅਤੇ ਹੋਰ ਨਿਬੰਧ” ਵਿਚਲੇ “ਮਰਸੀਆ” ਲੇਖ
ਵਿੱਚ ਚਾਰ ਵਿਸ਼ੇਸ਼ ਕੁੱਤੇ, ਪਹਿਲਾ ਵਫ਼ਾਦਾਰ ਹਾਚੀਕੋ, ਜਾਪਾਨੀ ਪ੍ਰੋਫ਼ੈਸਰ ਨੂੰ ਉਮਰ ਭਰ ਉਡੀਕਦਾ
ਰਿਹਾ, ਦੂਜਾ ਲ਼ੇਖਕ ਦੇ ਪੜਦਾਦੇ ਦੀ ਕਾਲੇ ਨਾਗ ਤੋਂ ਜਾਨ ਬਚਾਉਣ ਵਾਲਾ ਅਫ਼ਰੀਕਨ ਕੁੱਤਾ। ਲੇਖਕ ਦੇ
ਮੋਏ ਮਾਮੇ ਦੇ ਸੰਤਾਪ ਵਿੱਚ ਉਸ ਦੇ ਸਿਵੇ ਉਤੇ ਪ੍ਰਾਣ ਦੇ ਗਈ ਕਤੂਰੀ ਅਤੇ ਚੌਥਾ ਲੇਖਕ ਦੇ ਦਰ ਉਤੇ
ਕਰੁਣਾਮਈ ਮੌਤ ਮਰਨ ਵਾਲੇ ਹਲ਼ਕੇ ਕੁੱਤੇ ਆਦਿ ਦੀਆਂ ਚਿਹਨ ਜਗਤ ਦੀ ਸਰਬਪੱਖੀ ਵਫ਼ਾ ਦੀਆਂ ਮਿਸਾਲਾਂ
ਹਨ। ਇਨ੍ਹਾਂ ਨੂੰ ਮਹਾਂਭਾਰਤ ਦੇ ਪੁਰਾਣਿਕ ਮੰਡਲ ਦਾ ਦ੍ਰਿਸ਼ਟਾਂਤ ਅਚਿਹਨ ਜਗਤ ਵੱਲ ਲੈ ਜਾਂਦਾ ਹੈ
ਜਦੋਂ ਰਹੱਸਮਈ ਸੁਰਗ ਨੂੰ ਜਾ ਰਹੇ ਯੁਧਿਸ਼ਟਰ ਦੇ ਵਫ਼ਾਦਾਰ ਕੁੱਤੇ ਨੂੰ ਵੀ ਅਦ੍ਰਿਸ਼ਟ ਮੰਡਲ ਵਿੱਚ
ਦੈਵੀ ਪਰਵਾਨਗੀ ਸਹਿਤ ਪ੍ਰਵੇਸ਼ ਪ੍ਰਾਪਤ ਹੋਇਆ। ਇਵੇਂ ਹੀ “ਸੱਚੇ-ਸੁਚੇ ਕਿਰਤੀ – ਭਾਈ ਲਾਲੋ ਜੀ” ਦੀ
ਲੋਕ ਸਾਹਿਤ ਦੀ ਕੁਦਰਤੀ ਸਾਦਗੀ ਵਿੱਚ ਰੰਗੀ ਤੀਜੀ ਮਿਸਾਲ “ਦੀਵਾ ਅਤੇ ਹੋਰ ਨਿਬੰਧ” ਵਿੱਚ
ਚਿਹਨ ਜਗਤ ਦੇ ਤਾਲਮਈ ਸਹਿਜ ਨੂੰ ਚਿਤਰਦੀ ਹੈ। ਜਦੋਂ ਉਨ੍ਹਾਂ ਦੀ ਦਿਬ ਦ੍ਰਿਸ਼ਟੀ ਗੁਰੂ ਨਾਨਕ ਸਾਹਿਬ
ਨੂੰ ਪਛਾਣਦੀ ਹੈ ਤਾਂ ਅਚਿਹਨ ਜਗਤ ਦੀ ਛੋਹ ਨਾਲ ਉਨ੍ਹਾਂ ਦਾ ਲੂੰ ਲੂੰ ਲਰਜ਼ਦਾ ਹੈ। ਐਨ ਏਸੇ ਤਰ੍ਹਾਂ
ਮਲਕ ਭਾਗੋ ਦੇ ਬ੍ਰਹਮ ਭੋਜ ਦੀ ਘਟਨਾ ਅਤੇ ਸੈਦ ਪੁਰ ਦੇ ਫ਼ੌਜਦਾਰ ਜ਼ਾਲਿਮ ਖ਼ਾਂ ਦੇ ਰੋਗ ਆਦਿ ਚਿਹਨ
ਜਗਤ ਦੇ ਚਮਤਕਾਰਾਂ ਪਿੱਛੋਂ “ਅਚਿਹਨ ਜਗਤ ਦਾ ਸਭ ਤੋਂ ਮਧੁਰ, ਅਡੋਲ ਅਤੇ ਸੂਖਮ ਸੰਗੀਤ” ਗੁਰੂ ਨਾਨਕ
ਦੀ ਆਪਣੀ ਸ਼ਾਇਰੀ ਚੋਂ ਉਪਜਦਾ ਹੈ: “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ”॥
ਮੁਕਦੀ ਗੱਲ, ਅਜਿਹੀ ਉਤਕ੍ਰਿਸ਼ਟ ਵਾਰਤਕ ਆਦਿ ਬੀੜ ਦਾ ਅਮਰ ਸੁਨੇਹਾ ਦਿੰਦੀ ਅਚਿਹਨ ਜਗਤ ਦੇ ਸਰਬੋਤਮ
ਦੈਵੀ ਆਵੇਸ਼ ਦੀ ਅਲ਼ੰਬਰਦਾਰ ਬਣ ਗਈ ਹੈ।
ਅਚਿਹਨ ਮੰਡਲ ਦੀਆਂ ਹੋਰ ਮਿਸਾਲਾਂ ਵਿੱਚ “ਗਧਾ” ਅਤੇ “ਪੁਤੀਂ ਗੰਢੁ ਪਵੈ
ਸੰਸਾਰਿ” ਦੋ ਨਿਬੰਧ ਆਉਂਦੇ ਹਨ। “ਗਧਾ” ਨਿਬੰਧ ਨੂੰ ਪ੍ਰੋ: ਮਹਿਬੂਬ ਡਾ: ਸਾਹਿਬ ਦੀ ਸੰਯੁਕਤ
ਤਾਲਮਈ ਸੰਗੀਤਕ ਤਾਜ਼ਗੀ ਅਤੇ ਸੂਖਮ ਅੰਦਰ ਹੋਰ ਸੂਖਮ ਅੰਸ਼ ਟੋਂਹਦੀ ਹੋਈ ਅਤਿ ਸਫਲ ਰਚਨਾ ਮੰਨਦੇ ਹਨ।
ਜਿਸ ਵਿੱਚ ਗਧੇ ਦੇ ਪੌਰਾਣਕ ਸ੍ਰੋਤ (ਅਸ਼ਵਨੀ ਭਰਾਵਾਂ ਦੀ ਸਵਾਰੀ ਬਣੇ ਸੁਨਹਿਰੀ ਰੱਥ ਨਾਲ ਜੁੜੇ
ਗਧੇ) ਨੂੰ ਚਿਹਨ ਅਤੇ ਅਚਿਹਨ ਮੰਡਲ ਦੀਆਂ ਬਾਰੀਕੀਆਂ ਦੇ ਇਕਰਾਰ ਵਜੋਂ ਡਾ: ਸਾਹਿਬ ਨੇ ਤਸਲੀਮ ਕੀਤਾ
ਹੈ। “ਸੁਰਤਿ ਦੇ ਪੱਧਰ ਉਤੇ ਗਧੇ ਜ਼ਿੰਦਗੀ ਦੇ ਮੇਲੇ ਸ਼ਿੰਗਾਰਦੇ, ਪੈਗ਼ੰਬਰ ਸੁਲੇਮਾਨ ਵਰਗਿਆਂ ਨਾਲ
ਸਾਂਝ ਰਖਦੇ, ਅਤੇ ਸ਼ਿਕਵਿਆਂ ਨਾਲ ਭਰੇ ਵੰਨ ਸੁਵੰਨੇ ਰੂਪ ਚਿਹਨ ਤੋਂ ਅਚਿਹਨ ਜਗਤ ਦੇ ਨਜ਼ਾਰੇ ਵਿੱਚ
ਪਲਟ ਜਾਂਦੇ ਹਨ”। ਵਿਚੇ ਹੀ ਦੋਵਾਂ ਚਿਹਨ ਅਚਿਹਨ ਜਗਤ ਦੇ ਸੁਮੇਲ ਦੀ ਮਿਸਾਲ ਰਾਬੀਆਂ ਦੇ ਗਧੇ ਦਾ
ਹੱਜ ਨੂੰ ਜਾਂਦਿਆਂ ਮਾਰੂਥਲ ਵਿੱਚ ਮਰ ਜਾਣਾ ਅਤੇ ਰੱਬ ਦੇ ਚਰਨਾਂ ਵਿੱਚ ਫ਼ਕੀਰਨੀ ਦੀ ਪਵਿੱਤਰ ਦੁਆ
ਸਦਕਾ ਮੁੜ ਜੀਵਤ ਹੋਣਾ ਆਦਿ ਹਕੀਕੀ ਜਲਵੇ ਡਾ: ਸਾਹਿਬ ਦੇ ਸਾਮੀ (ਅਸਲ) ਤੇ ਭਾਰਤੀ (ਪੁਰਾਣਕ) ਸੂਖਮ
ਅੰਸ਼ਾਂ ਦੇ ਸੰਯੁਕਤ ਤਾਲਮਈ ਵਾਰਤਕ ਨਮੂਨੇ ਦਾ ਜ਼ਿੰਦਾ ਸਬੂਤ ਹਨ। ਇਸ ਪੱਖ ਦੀ ਦੂਜੀ ਮਿਸਾਲ “ਪੁਤੀਂ
ਗੰਢੁ ਪਵੈ ਸੰਸਾਰਿ” ਲੇਖ ਵਿੱਚ ਪੁੱਤ, ਕਪੁੱਤ ਤੇ ਸਪੂਤ ਰੂਪਾਂ (139) ਅਤੇ “ਯੁਗਾਂ ਦੇ ਪੌਰਾਣ,
ਅਧਿਆਤਮਕ ਅਤੇ ਸੰਸਾਰੀ ਯਥਾਰਥ ਵਿਚੋਂ ਉਤਪਨ ਹੋਏ ਵਿਸ਼ਵਾਸ਼, ਨਿਰਮਲ ਮੋਹ, ਤੇ ਉਨ੍ਹਾਂ ਨਾਲ ਜੁੜੇ
ਪਰਉਪਕਾਰੀ ਵਲਵਲੇ ਜਿੱਥੇ ਇੱਕ ਪਾਸੇ ਚਿਹਨ ਜਗਤ ਦੀ ਅਮੀਰ ਵਿਰਾਸਤ ਬਣਾਉਂਦੇ ਹਨ।” (140) ਉਥੇ
ਦੂਜੇ ਪਾਸੇ ਪਿਆਸੇ ਹੀ ਮੋਏ ਪੁੱਤਰ ਦੀ ਯਾਦ ਵਿੱਚ (ਸ਼ਾਇਦ ਦਸ਼ਰਥ ਦੇ ਤੀਰ ਅਤੇ 1984 ਈ: ਦੇ
ਘੱਲੂਘਾਰੇ ਵਲ ਦੁਵੱਲੀ ਇਸ਼ਾਰਾ ਹੈ) ਤਪਦੇ ਦਿਨਾਂ ਵਿੱਚ ਰਾਹੀਆਂ ਨੂੰ ਉਮਰ ਪ੍ਰਯੰਤ ਪਾਣੀ
ਪਿਲਾਉਂਦੇ ਮਾਪੇ ਚਿਹਨ ਜਗਤ ਦੀ ਕਰੁਣਾਮਈ ਤਸਵੀਰ ਵਿੱਚ ਉਲੀਕੇ ਗਏ ਹਨ। ਬਿਲਕੁਲ ਏਸੇ ਤਰ੍ਹਾਂ
ਦਾਤੇ, ਭਗਤ ਤੇ ਸੂਰਮੇ ਪੁੱਤਰਾਂ ਦੇ ਸੰਕਲਪ ਦੇ ਟਾਕਰੇ ਵਿੱਚ ਮੀਰੀ ਪੀਰੀ ਦੇ ਮਾਲਿਕ ਛੇਵੇਂ
ਪਾਤਸ਼ਾਹ ਦੇ ਸਮਰੱਥ ਰਾਮਦਾਸ ਨਾਲ ਹੋਏ ਬਚਨ ‘ਪੁੱਤਰ ਨਿਸ਼ਾਨ’ ਤੋਂ “ਅਗਲੀ ਪਾਰਦਰਸ਼ਤਾ ਧਾਰਨ ਕਰਦਿਆਂ”
ਜਦੋਂ ਸ੍ਰੀ ਦਸ਼ਮੇਸ਼ ਪਾਤਸ਼ਾਹ ਨੇ “ਸਰਬੱਤ ਖ਼ਾਲਸੇ ਨੂੰ ਹੀ ਆਪਣਾ ਸਦੀਵੀ ਪੁੱਤਰ ਫ਼ੁਰਮਾਇਆ ਤਾਂ ਕੁੱਲ
ਵਿਸਵ ਦੇ ਨਰ-ਨਾਰੀ ਨੂੰ ਖ਼ਾਲਸੇ ਦਾ ਅਚਿਹਨ ਮੰਡਲ ਇਲਾਹੀ ਇਸ਼ਕ ਦੀ ਆਖਰੀ ਨੂਰੀ ਮੰਜ਼ਿਲ ਹੀ ਜਾਪਿਆ”।
ਡਾ: ਗੁਰਮੁਖ ਸਿੰਘ ਦੀ ਵਾਰਤਕ ਦਾ ਸਰਬਪੱਖੀ ਹੋਣਾ ਇਸ ਤੱਥ ਤੋਂ ਸਾਬਿਤ
ਹੁੰਦਾ ਹੈ ਕਿ ਉਹ, ਨਿਰਾ ਇੱਕ ਪਾਸੜ ਚਿਹਨ ਅਚਿਹਨ ਦੇ ਦਵੰਦ ਦੀ ਅਮਰ “ਸੰਯੁਕਤ ਤਾਲਮਈ ਸੰਗੀਤਕ
ਤਾਜ਼ਗੀ” ਨੂੰ ਬਰਕਰਾਰ ਰਖਦੀ ਵਾਰਤਕ, ਹੀ ਨਹੀਂ ਰਚਦੇ ਸਗੋਂ ਉਸ ਉਦਾਲੇ ਅਗਿਆਨ ਦਾ ਉਹਲਾ ਕਰਕੇ ਉਸਰੀ
ਪਦਾਰਥਕ ਵਤੀਰੇ ਦੀ ਦੀਵਾਰ ਤੋਂ ਵੀ ਚੇਤੰਨ ਹਨ ਜੋ “ਇਸ ਅਮਰ ਤਾਜ਼ਗੀ ਨੂੰ ਭੁਲਾ ਦਿੰਦੀ ਹੈ”।
ਕਿਵੇਂ? ਪ੍ਰੋ: ਮਹਿਬੂਬ ਦੱਸਦੇ ਹਨ ਕਿ: “ਆਧੁਨਿਕ ਕਾਲ ਦਾ ਅਕ੍ਰਿਤਘਣ ਅਤੇ ਈਰਖਾਲੂ ਅਗਿਆਨ, ਚਿਹਨ
ਅਚਿਹਨ ਦੀ ਮੌਲਿਕ ਹੋਂਦ ਤੋਂ, ਪੂਰੀ ਤਰ੍ਹਾਂ ਮੁਨਕਰ ਹੋ ਜਾਂਦਾ ਹੈ। ਸਿੱਟੇ ਵਜੋਂ ਤੰਗ ਘੇਰੇ ਵਾਲੇ
ਪਦਾਰਥਕ ਅਤੇ ਸੁਆਰਥੀ ਵਤੀਰੇ ਦੀ ਰੋਗੀ ਮਾਨਸਿਕਤਾ ਇਸ ਤਾਜ਼ਗੀ ਦੀ ਥਾਂ ਲੈ ਲੈਂਦੀ ਹੈ”। ਇਹੋ ਚੀਜ਼
ਸਪਸ਼ਟ ਤੇ ਵੱਖਰੇ ਅੰਦਾਜ਼ ਵਿੱਚ ‘ਸੰਝ ਦੀ ਲਾਲੀ’ ਵਿਚਲੇ “ਸਮਾਂ” ਨਿਬੰਧ ਵਿਖੇ
Dante
ਡਾਂਟੇ ਦੇ ਦੈਵੀ ਸੁਖਾਂਤ (The Divine Comedy)
ਦੇ ਦੋਜ਼ਖ਼
(Inferno)
ਨੂੰ, ਸਾਹਿੱਤਕ ਦ੍ਰਿਸ਼ਟੀਕੋਣ ਤੋਂ, ਸਰਬ ਸਮਿਆਂ ਦੇ ਗ਼ੁਨਾਹ ਦਾ ਨਿਰੰਤਰ ਦ੍ਰਿਸ਼ ਉਲੀਕਦਾ ਹੈ, ਜਿਹੜਾ
ਸੈਆਂ ਆਧਨਿਕ ਮਨੁਖਾਂ ਦੀ ਨਾਸ਼ੁਕਰੀ, ਕ੍ਰੋਧੀ ਅਤੇ ਵਿਲਾਸੀ ਹੋਂਦ ਵਿੱਚ ਪਲਟ ਚੁਕਿਆ ਡਾ: ਸਾਹਿਬ ਨੇ
ਅੰਕਿਤ ਕੀਤਾ ਹੈ। ਭਾਵ, ਅੱਜ ਸਮਾਂ (ਜ਼ੁਮਾਨਾ) ਗ਼ੁਨਾਹ ਦਾ ਜਾਮਾ ਬਣ ਗਿਆ ਹੈ ਤੇ ਲੋਕ ਪੂਰੀ ਤਰ੍ਹਾਂ
ਪਾਪ-ਗ੍ਰਸਤ ਪਾਪੀ ਪਾਂਮਰ ਹੋ ਚੁਕੇ ਹਨ। ਉਹ ਦੰਭ ਤੇ ਦਿਖਾਵਾ ਐਸਾ ਛਲ ਭਰਿਆ ਕਰਦੇ ਹਨ ਕਿ
“ਪ੍ਰਭੂ-ਲਿਵ ਦੀ ਸੂਚਿਕ ਮਾਲਾ ਅੱਜ ਕਲ ਸੰਸਾਰੀ ਪਦਾਰਥਵਾਦ ਦਾ ਖਾਲੀ ਪ੍ਰਗਟਾਵਾ ਕਰਦੀ “ਸੋਨੇ ਦੀ
ਮਾਲਾ” ਬਣ ਚੁਕੀ ਹੈ। “ਦੋਗਲੇ, ਢੀਠ, ਨਿੰਦਕ ਅਤੇ ਪਖੰਡੀ ਦੋਸਤਾਂ ਦੀ ਭਰਮਾਰ ਹੈ।” ਮਰਗ ਦੇ ਭੋਗ
ਉਪਰੰਤ ਅਰਦਾਸ ਤੋਂ ਬਾਦ ਖ਼ੁਸ਼ਾਮਦੀ ਸ਼ਰਧਾਂਜਲੀਆਂ ਦੇ ਝੂਠ ਦਾ ਬੋਲ ਬਾਲਾ ਹੈ। (ਸੰਝ ਦੀ ਲਾਲੀ –
ਵਿੱਚ ਮਾਲਾ, ਸ਼ਰਧਾਂਜਲੀ ਆਦਿ)। ਇਹ ਆਧੁਨਿਕ ਮਨੁਖ ਦੀ ਚਰਿੱਤਰਹੀਣਤਾ ਦਾ ਇੱਕ ਪੱਖ ਹੈ ਜਦ ਕਿ ਦੂਜਾ
ਪੱਖ ਹੋਰ ਵੀ ਘਿਣਾਉਣਾ ਚਿਤਰਿਆ ਮਿਲਦਾ ਹੈ, ਜਿਸ ਦੇ ਕੁੱਝ ਕੁ ਪ੍ਰਮਾਣ ਐਉਂ ਅੰਕਿਤ ਹੋਏ ਹਨ:
ਅੱਜ ਦੇ ਜ਼ੁਮਾਨੇ ਸਾਰੇ ਸੰਸਾਰ ਵਿੱਚ ਆਮ ਤੌਰ ਉਤੇ ਅਤੇ ਹਿੰਦੁਤਵੀ
ਹਿੰਦੁਸਤਾਨ ਵਿੱਚ ਖ਼ਾਸ ਕਰਕੇ ਕਿੰਨੇ ਹੀ ਰਾਜਾਂ ਵਿਖੇ ਦੁਰਾਚਾਰ, ਜਬਰ ਜਨਾਹ, ਚੋਰੀ ਡਾਕੇ
ਤੇ ਲੁਟਾਂ ਖੋਹਾਂ ਕਰਦੇ ਰਾਜਸੀ ਗੁੰਡਿਆਂ ਦਾ ਜ਼ੋਰ ਹੈ। (ਡਰ) ਸਿਵਿਆਂ ਵਿੱਚ
ਪ੍ਰੇਤ-ਰੂਹਾਂ ਨੂੰ ਸੱਦਦੇ ਮੰਗਤਿਆਂ ਵਰਗੇ ਭ੍ਰਿਸ਼ਟਾਚਾਰੀ ਅਤੇ ਐਸ਼-ਪ੍ਰਸਤ ਮੰਗਤੇ ਜ਼ਿੰਦਗੀ
ਦੇ ਕੁਦਰਤੀ ਅਮਨ ਨੂੰ ਬੇਤਾਲ ਕਰ ਰਹੇ ਹਨ (ਮੰਗਤੇ)।
ਬਾਵਜੂਦ ਪੈਗ਼ੰਬਰੀ ਰੂਹਾਂ ਦੇ ਸੰਸਾਰ ਉਪਦੇਸ਼ਾਂ ਦੇ (ਮਸਲਨ, ਬੁੱਧ
ਨਿਰਵਾਣ, ਕਾਰੂੰ ਆਦਿ ਬਾਦਸ਼ਾਹ) ਤ੍ਰਿਸ਼ਨਾ ਅਤੇ ਮੌਤ ਦੇ ਬਿਸਤਰ ਤਕ ਕਾਮੀ ਰਾਜਿਆਂ ਦੇ
ਅਮੁੱਕ ਭੋਗ ਵਿਲਾਸ ਆਧਨਿਕ ਮਨੁੱਖ ਦੇ ਅਸੀਮ ਸਰੀਰਕ ਸੁਆਦਾਂ ਨੂੰ ਭਰਮਾ ਰਹੇ ਹਨ (ਸੁਖ)।
ਫਰਜ਼ੀ ਅਕਲ ਦੇ ਭਰਮਾਂ ਵਿੱਚ ਜੀਉਂਦੇ ਅਤੇ ਗੁਮਰਾਹ ਮਨੁਖ ਦੀ ਹੋਂਦ
ਉਸ ਅਗਿਆਨੀ ਗਧੇ ਵਰਗੀ ਹੈ ਜਿਹੜਾ ਵੇਦਾਂ ਦਾ ਭਾਰ ਚੁੱਕਣ ਪਿਛੋਂ ਵੀ ਸੱਚਾ ਬ੍ਰਾਹਮਣ
ਨਹੀਂ ਬਣ ਸਕਦਾ (ਗਧਾ)।
ਬਦਰੂਹਾਂ ਦਾ ਅੰਧਕਾਰ ਅਜੋਕੇ ਜ਼ੁਮਾਨੇ ਵਿੱਚ ਚੁਫੇਰੇ ਹੈ (ਦੀਵਾ)।
ਨਿਰਮੋਹੇ ਪੁੱਤਰਾਂ ਦੀ ਪੱਥਰਦਿਲੀ ਕੁਦਰਤੀ ਮੋਹ ਤੋਂ ਪੂਰੀ
ਤਰ੍ਹਾਂ ਅਭਿੱਜ ਹੋਣ ਕਾਰਨ ਦੇਸ਼ ਵਿਦੇਸ਼ ਸਾਰੇ ਪਾਸੇ ਬਿਰਧ ਆਸ਼ਰਮ ਨਿਰੇ ਰੂਹ ਦੇ ਠਰੇ
ਕੈਦਖਾਨੇ ਹੀ ਤਾਂ ਬਣੇ ਪਏ ਹਨ (ਪੁਤੀਂ ਗੰਢੁ ਪਵੈ ਸੰਸਾਰਿ॥)।
ਡਾ: ਸਾਹਿਬ ਦੇ ਨਿਬੰਧ ਉਨ੍ਹਾਂ ਦੀ ਅੰਤ੍ਰੀਵ ਸੁਰਤਿ ਵਿਚੋਂ ਵਿਗਸਦੇ ਹਨ।
ਉਨ੍ਹਾਂ ਦੀ ਵਾਰਤਕ ਵਿੱਚ ਕੁਦਰਤੀ ਰਵਾਨੀ ਹੈ, ਇਸ ਲਈ ਬਾਹਰਮੁਖੀ ਯੋਜਨਾ ਅਧੀਨ ਲਿਖੀ ਵਾਰਤਕ ਵਾਂਗ
ਕਿਤੇ ਵੀ ਖੜੋਤ ( Stagnation)
ਨਹੀਂ ਉਤਪੰਨ ਹੁੰਦੀ। ਸਾਦਗੀ ਅਤੇ ਤਾਜ਼ਗੀ ਦਾ ਮਹੌਲ ਕਾਇਮ
ਰਹਿੰਦਾ ਹੈ। ਚਿਹਨ ਅਚਿਹਨ ਅਤੇ ਆਧੁਨਿਕ ਮਨੁੱਖ ਦੀ ਅਧੋਗਤੀ ਬਿਆਨਦੀ ਵਾਰਤਕ ਸ਼ੈਲੀ ਤਿੰਨਾਂ ਪੜਾਵਾਂ
ਵਿੱਚ ਆਪ ਮੁਹਾਰੇ ਵਹਿਣ ਵਿੱਚ ਆਪਣੇ ਅੰਦਰਲੇ ਤਾਲ ਦੀ ਏਕਤਾ ਸਮੇਤ ਚਲਦੀ ਹੈ। “ਪੌਰਾਣਕ ਮੰਡਲ ਦਾ
ਆਧਨਿਕ ਯੁਗ ਦੀ ਹਰ ਤਰ੍ਹਾਂ ਦੀ ਅਧੋਗਤੀ ਨਾਲ ਬਿਨਾ ਕਿਸੇ ਰੁਕਾਵਟ ਦੇ ਤਾਲ ਸੁਮੇਲ ਹੋਣਾ ਡਾ:
ਸਾਹਿਬ ਦੀ ਵਾਰਤਕ ਵਿੱਚ ਸਿਰਜਣਾਤਮਕ ਪ੍ਰਕਿਰਿਆ ਦਾ ਸਭ ਤੋਂ ਵੱਡਾ ਚਮਤਕਾਰ” ਪ੍ਰੋ: ਮਹਿਬੂਬ ਸਾਹਿਬ
ਨੇ ਮੰਨਿਆ ਹੈ। (141) ਦੂਜੇ ਲਫਜ਼ਾਂ ਵਿੱਚ ਇਉਂ ਵੀ ਕਹਿ ਸਕਦੇ ਹਾਂ ਕਿ ਡਾ: ਸਾਹਿਬ ਨਿਬੰਧ ਦੇ
ਪਰੰਪਰਾਵਾਦੀ ਰੂਪਕ ਦੀ ਵਰਤੋਂ ਕਰਦੇ ਵੱਖੋ ਵੱਖਰੇ ਵਿਸ਼ਿਆਂ ਦੀਆਂ ਵਿਚਾਰ-ਤੰਦਾਂ ਦੇ ਸਫਲ ਸੁਮੇਲ
ਰਾਹੀਂ ਪੁਰਾਤਨ ਕਥਾ ਵਾਰਤਾਂ ਵਿੱਚ ਨਵੇਂ ਅਰਥ ਭਰ ਦਿੰਦੇ ਹਨ।
ਪ੍ਰੋ: ਮਹਿਬੂਬ ਦਾ ਦ੍ਰਿੜ ਨਿਸਚਾ ਹੈ ਕਿ ਚਿਹਨ ਤੋਂ ਅਚਿਹਨ ਅਤੇ ਆਧੁਨਿਕ
ਰੋਗੀ ਮਾਨਸਿਕਤਾ ਦੇ ਉਪਰੋਕਤ ਚਿੰਤਨ ਦੀ ਪੈਰਵੀ ਕਰਦਿਆਂ ਵੱਖ ਵੱਖ ਪੱਧਰਾਂ ਉਤੇ ਇਸ ਦੀ ਏਕਤਾ ਤੇ
ਨਿਰੰਤਰਤਾ ਪਛਾਣੀ ਜਾ ਸਕੇਗੀ, ਭਾਵੇਂ ਕਿਤੇ ਇਸ ਦੇ ਨਿਸ਼ਾਨ ਫਿੱਕੇ ਤੇ ਕਿਤੇ ਗੂੜ੍ਹੇ ਨਜ਼ਰ ਆਉਣਗੇ।
ਜਿਵੇਂ “ਰੱਬ ਦੇ ਪ੍ਰਾਹੁਣੇ” ਨਿਬੰਧ (ਦੀਵਾ ਤੇ ਹੋਰ ਨਿਬੰਧ) ਵਿੱਚ ਛੜਿਆਂ ਦੇ ਗਿੱਧੇ ਦਾ ਵੱਜਦ,
ਜੇਤੂ ਦੀਵਾਨਗੀ ਅਤੇ ਮਸਤੀ ਵਿੱਚ ਅਚਿਹਨ ਜਗਤ ਦੀ ਤਰੰਗ ਮੱਧਮ ਸੁਰ ਰਖਦੀ ਹੈ। ਏਸੇ ਤਰ੍ਹਾਂ ਹੀ
“ਪੈੱਨ” ਲੇਖ ਵਿੱਚ ਪੈੱਨ ਦੀ ਡੁੱਬਦੀ ਹੋਂਦ ਦੀਆਂ ਤਰੰਗਾਂ ਅੰਦਰ ਦੂਰ ਰਹੱਸ ਦੀ ਧੀਮੀ ਕੰਨਸੋਅ ਹੀ
ਪੈਂਦੀ ਹੈ। ਇਸ ਦੇ ਉਲਟ ਏਸੇ ਸੰਗ੍ਰਹਿ ਵਿਚਲੇ “ਡਰ” ਲੇਖ ਵਿੱਚ ਭਰਥਰੀ ਹਰੀ ਦਾ ਨਿਰਭਉ ਵੈਰਾਗ,
ਚਿਹਨ ਤੋਂ ਅਚਿਹਨ ਅਤੇ ਪਤਾਲ ਤੱਕ ਦੇ ਸਫਰ ਵਿੱਚ ਬਹੁਤ ਗੂੜ੍ਹਾ ਹੈ।
ਮੁੱਕਦੀ ਗੱਲ, ‘ਡਾ: ਸਾਹਿਬ ਦੀ ਵਾਰਤਕ ਸ਼ੈਲੀ ਦੇ ਅਖੰਡ ਤਾਲ ਦੀ ਪ੍ਰਮਾਣਿਕ
ਗਵਾਹੀ’ ਪ੍ਰੋ: ਮਹਿਬੂਬ ਦੇ ਆਪਣੇ ਲਫ਼ਜ਼ਾਂ ਵਿਚ: ““ਪਹੁ ਫੁਟਾਲਾ”, “ਘਰ” ਅਤੇ “ਦੀਵਾ” ਨਿਬੰਧਾਂ
ਵਿੱਚ ਡਾ: ਸਾਹਿਬ ਦੀ “ਵਾਰਤਕ ਦੀ ਸਿਰਜਣਾਤਮਕ ਪ੍ਰਕਿਰਿਆ ਦੇ ਗੈਬੀ ਤੇ ਜ਼ਾਹਰਾ ਅਨੂਪ ਰੰਗਾਂ ਦੀ
ਉਡਦੀ ਸਤਰੰਗੀ ਪੀਂਘ ਅਤੇ ਪਤਾਲ ਤੱਕ ਉਤਰਦੇ ਦੋਜ਼ਖ਼ੀ ਰੋਗਾਂ ਦੇ ਹਨੇਰਿਆਂ ਦੇ ਸਾਂਝੇ ਮਹਾਂ ਤਾਲ ਦੀ
ਹਰ ਪ੍ਰਤੀਨਿਧ ਕਲਾਤਮਕ ਜੁਗਤ ਪ੍ਰਤੱਖ ਅਤੇ ਗੂੜ੍ਹੇ ਨਕਸ਼ਾਂ ਵਿੱਚ ਦਿਸਦੀ ਹੈ।” (142) ਭਾਵੇਂ ਇਸ
ਪੁਸਤਕ ਵਿੱਚ ਡਾ: ਸਾਹਿਬ ਦੀ ਵਾਰਤਕ ਵਿਚੋਂ ਖ਼ਾਲਸਈ ਜੰਗ ਦੇ ਮਹਾਂਤਾਲ ਦੀ ਇੱਕ ਮਿਸਾਲ 1965 ਈ: ਦੀ
ਜੰਗ ਦਾ ਜੋਗਿੰਦਰ ਸਿੰਘ ‘ਹੀਰ’ ਦੇ ਹੀਰ ਗਾਉਣ ਵੇਲੇ ਪਾਕਿਸਤਾਨ ਅਤੇ ਸਿੱਖ (ਭਾਰਤੀ) ਲਸ਼ਕਰਾਂ ਦਾ
ਇਛੋਗਿਲ ਨਹਿਰ ਉਤੇ ਆਮੋ ਸਾਹਮਣੇ ਡੱਟ ਕੇ ਖਲੋਣ ਦਾ ਸੰਖੇਪ ਨਿਰਖ ਪਾਇਆ ਮਿਲਦਾ ਹੈ। (130) ਇਸ
ਘਟਨਾਂ ਨੂੰ ਬਤੌਰ ਖ਼ਾਲਸਈ ਜੰਗੀ ਰਵਾਇਤ ਕਰਕੇ ਡਾ: ਸਾਹਿਬ ਦੀ ਵਾਰਤਕ ਵਿੱਚ ਜੇ ਗੂੜ੍ਹੀ ਨਹੀਂ ਤਾਂ
ਧੀਮੀ ਸੁਰ ਵਿੱਚ ਯਾਦ ਕੀਤਾ ਗਿਆ ਹੈ, ਜਿਹੜਾ ਕਿ ਪਾਠਕ ਨੂੰ ਇਸ ਲਈ ਕਾਫੀ ਲਗਦਾ ਹੈ ਕਿਉਂਕਿ ਅਜੇ
ਤੱਕ (2013 ਈ) 1984 ਈ: ਦੀ ਅਕਾਲ ਤਖਤ ਦੀ ਜੰਗ ਵਿੱਚ ਚਮਕੀ ਖ਼ਾਲਸਈ ਮਰਦਾਨਗੀ ਨਾਲ ਜੂਝ ਮਰਨ ਦੇ
ਕਿੱਸੇ ਤਾਜ਼ੇ ਹਨ। ਜੇ ਜੰਗਾਂ ਕਿਸੇ ਵਾਰਤਕ ਜਾਂ ਕਵਿਤਾ ਦਾ ਅਨਿੱਖੜ ਅੰਗ ਹਨ ਤਾਂ ਇਹ ਦਰੁੱਸਤ ਹੈ
ਕਿ ਡਾ: ਸਾਹਿਬ ਦੀ ਵਾਰਤਕ ਇਨ੍ਹਾਂ ਤੋਂ ਮਹਿਰੂਮ ਨਹੀਂ ਹੈ।
ਡਾ: ਗੁਰਮੁਖ ਸਿੰਘ ਦੀ ਵਾਰਤਕ ਉਪਰ ਉਪਰੋਕਤ ਵਿਸਥਾਰ ਭਰਪੂਰ ਟਿੱਪਣੀ ਇਸ
ਰਚਨਾ ਦੇ ਅਨੇਕਾਂ ਪੱਖਾਂ ਵਿਚੋਂ ਜਿਥੇ ਇੱਕ ਧੜੱਲੇਦਾਰ ਪੱਖ ਹੈ ਉਥੇ ਇਸ ਦੇ ਹੋਰ ਪੱਖਾਂ ਨੂੰ
ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਮਸਲਨ ਸਾਨੂੰ ਪ੍ਰੋ; ਮਹਿਬੂਬ ਅਤੇ ਡਾ: ਸਾਹਿਬ ਦੇ ਬਹੁ ਪੱਖੀ
ਅਧਿਐਨ ਦੀ ਵੀ ਕੰਨਸੋਅ ਪੈਂਦੀ ਹੈ। ਜਿਵੇਂ ਖ਼ਤਾਂ ਵਿੱਚ ਵਿਦਵਾਨਾਂ ਤੇ ਉਨ੍ਹਾਂ ਦੀਆਂ ਅਦੁੱਤੀ
ਰਚਨਾਵਾਂ ਵਾਰੇ ਹਵਾਲੇ ਮਾਤਰ ਲਿਖਿਆ ਮਿਲਦਾ ਹੈ। ਇਨ੍ਹਾਂ ਦੋਨਾਂ ਵਿਦਵਾਨਾਂ ਦੀਆਂ ਭਾਵਨਾਵਾਂ ਵੀ
ਪ੍ਰਗਟ ਹੋਈਆਂ ਹਨ ਜਿਵੇਂ ਪ੍ਰੋ: ਮਹਿਬੂਬ ਲਿਖਦੇ ਹਨ: “ਮੇਰੀ
feeling
ਨੂੰ ਸ਼ਾਇਦ ‘ਸ਼ੁਕਰੀਆ’ ਲਫਜ਼ ਪੂਰੀ ਤਰ੍ਹਾਂ ਜ਼ਾਹਿਰ ਨਾ ਕਰ ਸਕੇ। ਤੁਸੀਂ ਸਮਝ ਸਕਦੇ ਹੋ ਕਿ ਮੇਰੇ ਮਨ
ਵਿੱਚ ਆਪ ਲਈ ਕਿਸ ਕਿਸਮ ਦੀ ਸ਼ੁਭ ਭਾਵਨਾ ਪੈਦਾ ਹੋਈ” (ਸਫਾ 25)। ਦੂਜਾ, ਇਹ ਪੁਸਤਕ ਵਿਦਿਆਰਥੀਆਂ
ਅਤੇ ਅਧਿਆਪਕਾਂ ਦੁਆਰਾ ਦੋਨਾਂ ਵਿਦਵਾਨਾਂ ਦੀਆਂ ਲਿਖਤਾਂ ਦਾ ਮਲਾਂਕਣ ਕਰਨ ਵਿੱਚ ਸਹਾਈ ਹੋਵੇਗੀ ਅਤੇ
ਆਮ ਲੋਕਾਂ ਦਾ ਉਤਸ਼ਾਹ ਵਧਾਵੇਗੀ। ਕਿਉਂਕਿ ਇਸ ਪੁਸਤਕ ਵਿੱਚ ਪਚਾਸੀ ਖ਼ਤਾਂ, ਸੰਪਾਦਕੀ, ਅੱਗੜ ਪਿੱਛੜ
ਦਿੱਤੇ ਲੇਖਾਂ ਸਮੇਤ ਦੋ ਪਿੰਡਾਂ ‘ਰੱਤੜ ਛੱਤੜ’ ਤੇ ‘ਡੱਫਰ’ ਦੀ ਵਾਕਫੀ ਦਿੰਦੇ ਨਿਬੰਧਾਂ ਤੋਂ
ਇਲਾਵਾ, ਹੋਰ ਵੀ ਬਹੁਤ ਗੂੜ੍ਹ ਮਸਲੇ ਹੱਲ ਕੀਤੇ ਮਿਲਦੇ ਹਨ ਮਸਲਨ “ਸੀਤੋ ਸੀਤਾ” (37ਵੀਂ ਪੌੜੀ) ਦੇ
ਅਰਥ ਆਦਿ।
ਅਖੀਰ ਵਿਚ, “ਰੂਹ ਦੀ ਆਰਸੀ” ਨੇ ਜੋ ਕੁੱਝ ਪ੍ਰੋ: ਮਹਿਬੂਬ ਦੀ ਸ਼ਖਸ਼ੀਅਤ
ਵਾਰੇ ਦਸਿਆ ਮੈਨੂੰ ਐਉਂ ਦਿਸਿਆਹੈ ਕਿ ਆਪ ਜੀ ਸਾਫ਼ ਦਿਲ, ਸੁਹਿਰਦ, ਤਨਹਾੱ ਰੂਹ ਸਨ। ਉਹ ਵਿਦਵਾਨ,
ਅਧਿਆਪਕ, ਫਿਲਾਸਫਰ, ਉਚਕੋਟੀ ਦੇ ਕਵੀ ਅਤੇ ਵਾਰਤਕ ਲਿਖਾਰੀ ਹੋਣ ਦੇ ਨਾਲ ਨਾਲ ਚੰਗੇ ਆਲੋਚਕ ਵੀ ਸਨ।
ਉਹ ਚੰਗੇ ਪਤੀ ਤੇ ਪਿਤਾ ਸਨ। ਸਾਰੀ ਉਮਰ ਕ੍ਰਿਤ ਕਰਨ ਦੇ ਸੰਗ ਸਾਥ ਪੰਥ ਦਰਦ ਵਿਚੋਂ ਆਪਣੀ ਸਿੱਖ
ਕੌਮ ਉਤੋਂ ਆਪਾ ਵਾਰਨ ਤੇ ਕੁੱਝ ਕਰ ਗੁਜ਼ਰਨ ਲਈ ਸਾਰੀ ਉਮਰ ਪ੍ਰਯੰਤ ਉਚੇਚੇ ਯਤਨਸ਼ੀਲ ਰਹੇ ਸਨ। ਜਿਥੇ
ਉਹ ਆਪਣੇ ਵਿਦਿਆਰਥੀਆਂ ਦੇ ਹਰ ਮਨ ਪਿਆਰੇ ਪ੍ਰੋਫ਼ੈੱਸਰ ਸਨ ਉਥੇ ਆਪ ਜੀ ਪੁਰ ਖ਼ਲੂਸ ਤਬੀਅਤ ਵੀ ਸਨ।
ਦੋਸਤਾਂ ਮਿੱਤਰਾਂ ਦੇ ਕਦਰਦਾਨ ਸਨ। ਮਿੱਤਰ ਪਿਆਰਿਆਂ ਯਾਰਾਂ ਬੇਲੀਆਂ ਨੂੰ ਸਦਾ ਪਿਆਰ ਤੇ ਸਤਿਕਾਰ
ਵੰਡਿਆ ਕਰਦੇ ਸਨ। ਉਨ੍ਹਾਂ ਦੇ ਨਵੇਂ ਤੇ ਪੁਰਾਣੇ ਦੋਸਤਾਂ ਵਿਚੋਂ ਜੇ ਕਿਸੇ ਹੰਜਲ ਦੇ ਵਕਤਾਂ ਦੇ
ਦੋਸਤ ਨੇ, ਸ਼ਿਬਲੀ ਨਾਲੋਂ ਵੱਧ ਕੇ, ਕੋਈ ਅਕਾਰਨ ਹਾਨੀ ਪਹੁੰਚਾਉਣ ਦਾ ਵੀ ਉਚੇਚਾ ਉਦਮ ਅਤੇ ਯਤਨ
ਕੀਤਾ ਤਾਂ ਵੀ ਉਨ੍ਹਾਂ ਉਸ ਖ਼ਿਲਾਫ਼ ਕੋਈ ਠੋਸ ਕਦਮ ਨਹੀਂ ਪੁਟਿਆ। ਭਾਵ, ਆਪ ਜੀ “ਤਾਣ ਹੋਦੈ ਹੋਇ
ਨਿਤਾਣਾ” ਰਹਿੰਦੇ ਆਪਣੇ ਮੂਕ ਦੁੱਖ, ਦਰਦ, ਵੇਦਨਾਂ, ਸਿਕਾਇਤਾਂ, ਸ਼ਿਕਵੇ ਮਨਸੂਰ ਵਾਂਗ, ਅਪਨੜੇ
ਗਿਰੀਵਾਨ ਵਿੱਚ ਸਮੇਟਦੇ ਅਤੇ ਆਪਣੀ ਝੋਲੀ ਵਿੱਚ ਸਾਂਭਦੇ, ਦ੍ਰਿਸ਼ਟਾ ਵਾਗ ਦੇਖਦੇ, ਲੋਕਾਂ ਦੇ ਪੜਦੇ
ਢੱਕਦੇ, ਅਕਾਲ ਚਲਾਣਾ ਕਰਕੇ ਅਗਲੇ ਸੰਸਾਰ ਚਲੇ ਗਏ ਹਨ। ਉਨ੍ਹਾਂ ਦੀ ਮੁਹੱਬਤ ਅਤੇ ਕਦਰਦਾਨੀ ਦੇ ਸਭ
ਤੋਂ ਸ਼ਰੋਮਣੀ ਪਾਤਰ ਡਾ: ਗੁਰਮੁਖ ਸਿੰਘ ਜੀ ਸਨ। “ਰੂਹ ਦੀ ਆਰਸੀ” ਨੇ ਇਹ ਰਾਜ਼ ਹੁਣ ਖੋਲ੍ਹ ਕੇ ਜੱਗ
ਜ਼ਾਹਰ ਕਰ ਦਿੱਤਾ ਹੈ।
ਅਮਰੀਕ ਸਿੰਘ ਧੌਲ
|
. |