.

ਅਜੂਨੀ

ਵੀਰ ਭੁਪਿੰਦਰ ਸਿੰਘ

ਰੱਬ ਜੀ ਦੇ ਬੇਅੰਤ ਕੀਮਤੀ ਗੁਣਾਂ ਵਿਚੋਂ ਕੁਝ ਗੁਣ ਅਸੀਂ ਪਿੱਛੇ ਵਿਚਾਰ ਆਏ ਹਾਂ। ‘ਅਕਾਲ ਮੂਰਤਿ’ ਬਾਰੇ ਵੀ ਅਸੀਂ ਵਿਚਾਰਿਆ ਹੈ ਕਿ ਕਿਵੇਂ ਰੱਬ ਜੀ ‘ਕਾਲ’ ਤੋਂ ਉੱਪਰ ਹਨ ਅਤੇ ਜੇ ਕਰ ਮਨੁੱਖ ਰੱਬ ਜੀ ਦੇ ‘ਅਕਾਲ ਮੂਰਤਿ’ ਗੁਣ ਨੂੰ ਆਪਣੇ ਅਮਲੀ ਜੀਵਨ ’ਚ ਢਾਲ ਲਵੇ, ਤਾਂ ‘ਕਾਲ’ ਦੀ ਫਾਹੀ ਤੋਂ ਬੱਚ ਕੇ, ਅਕਾਲ ਰੂਪ ਹੋ ਜਾਣ ਦੀ ਅਵਸਥਾ ਮਾਣ ਸਕਦਾ ਹੈ। ਹੁਣ ਇਹੋ ਸਮਝਣਾ ਹੈ ਕਿ ਜੇਕਰ ਰੱਬ ਜੀ ਅਕਾਲ ਹਨ ਭਾਵ ਮਰਦੇ ਨਹੀਂ ਹਨ ਤਾਂ ਇਹ ਗੱਲ ਪੱਕੀ ਤੌਰ ’ਤੇ ਸਮਝ ਪੈ ਜਾਂਦੀ ਹੈ ਕਿ ਰੱਬ ਜੀ ਜੰਮਦੇ ਵੀ ਨਹੀਂ ਹਨ।

‘ਅਜੂਨੀ’ ਕਿਸ ਨੂੰ ਕਹਿੰਦੇ ਹਨ? ਮੰਨਿਆ ਜਾਂਦਾ ਹੈ ਕਿ ਧਰਤੀ ਤੇ ਉਤਪਤੀ ਦੀਆਂ ਕਿਸਮਾਂ ਤੋਂ, ਕਰੋੜਾਂ ਕਿਸਮਾਂ ਦੀਆਂ ਜੂਨੀਆਂ ਉਪਜਦੀਆਂ ਹਨ।

ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ।। (ਗੁਰੂ ਗ੍ਰੰਥ ਸਾਹਿਬ, ਪੰਨਾ :596)

ਭਾਵ ਕਿ ਅੰਡੇ ਤੋਂ, ਵੀਰਜ ਤੋਂ, ਪੇੜ ਪੌਦਿਆਂ ਦੇ ਬੀਜ ਤੋਂ, ਮੈਲ ਪਸੀਨੇ ਤੋਂ ਅਨੇਕਾਂ ਜੂਨੀਆਂ ਜਨਮ ਲੈਂਦੀਆਂ ਹਨ। ਸੌਖੇ ਲਫ਼ਜ਼ਾਂ ’ਚ ਅਸੀਂ ਇਹ ਵੀ ਕਹਿ ਸਕਦੇ ਹਾਂ, ਸਾਰੀਆਂ ਜੂਨਾਂ ਭਾਵੇਂ ਇਨ੍ਹਾਂ ਕਿਸਮਾਂ ’ਚੋਂ ਕਿਸੇ ਵੀ ਤਰੀਕੇ ਨਾਲ ਜੰਮਦੀਆਂ ਹਨ, ਪਰ ਸਭ ਦੇ ਜਨਮ ਲਈ ਨਰ-ਮਾਦਾ ਜਾਂ ਜਨਮ ਦਾਤੇ ਮਾਂ-ਬਾਪ ਚਾਹੀਦੇ ਹਨ ਭਾਵ ਕਿਸੇ ਵੀ ਅਕਾਰ ਵਿਚ ਜਨਮ ਲੈਣ ਲਈ ਕੋਈ ਨਾ ਕੋਈ ਜ਼ਰੀਆ, ਸ੍ਰੋਤ ਚਾਹੀਦਾ ਹੈ। ਪਰ ਰੱਬ ਜੀ ਦਾ ਜੂਨੀਆਂ ’ਚ ਆਉਣਾ ਜੇ ਕਰ ਮੰਨ ਲਈਏ ਤਾਂ ਉਨ੍ਹਾਂ ਦਾ ਮਾਂ-ਬਾਪ ਵੀ ਮੰਨਣਾ ਪਵੇਗਾ ਪਰ ਗੁਰਬਾਣੀ ਦੱਸਦੀ ਹੈ ਕਿ ਰੱਬ ਜੀ ਦਾ ਮਾਤਾ-ਪਿਤਾ ਕੋਈ ਨਹੀਂ :

ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨਾ ਨਾਰੀ।। (ਗੁਰੂ ਗ੍ਰੰਥ ਸਾਹਿਬ, ਪੰਨਾ :597)

ਇਸੇ ਕਰ ਕੇ ਗੁਰਮਤ ਦੇ ਮੁੱਢਲੇ ਸਿਧਾਂਤਾਂ ’ਚ ਰੱਬ ਜੀ ਨੂੰ ਅਜੂਨੀ ਮੰਨਿਆ ਗਿਆ ਹੈ ਕਿਉਂਕਿ ਉਹ ਮਾਂ ਦੇ ਪੇਟ ਤੋਂ ਜਨਮ ਹੀ ਨਹੀਂ ਲੈਂਦੇ ਕਿਉਂਕਿ ਮਾਂ ਦੇ ਪੇਟ ਤੋਂ ਜਨਮੇ ਨੂੰ ਖਤਮ ਵੀ ਹੋਣਾ ਪਵੇਗਾ ਅਤੇ ਰੱਬ ਜੀ ਅਕਾਲ ਮੂਰਤਿ ਹੋਣ ਕਾਰਨ ਖਤਮ ਨਹੀਂ ਹੁੰਦੇ। ਸੋ ਇਸੇ ਕਾਰਨ ਹੀ ਉਹ ਜੂਨੀਆਂ ’ਚ ਕਦੀ ਨਹੀਂ ਆਉਂਦੇ, ਤਾਂ ਹੀ ਤਾਂ ‘ਅਜੂਨੀ’ ਅਖਵਾਉਂਦੇ ਹਨ। ਗੁਰਬਾਣੀ ਵਿਚ ਫੁਰਮਾਨ ਹੈ ਕਿ :

ਨਾ ਤਿਸੁ ਮਰਣੁ ਨ ਆਵਣੁ ਜਾਣੁ।। (ਗੁਰੂ ਗ੍ਰੰਥ ਸਾਹਿਬ, ਪੰਨਾ :686)

ਅਤੇ

ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ।। ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ।।

(ਗੁਰੂ ਗ੍ਰੰਥ ਸਾਹਿਬ, ਪੰਨਾ :759)

ਅਤੇ

ਜਨਮਿ ਨ ਮਰੈ ਨ ਆਵੈ ਨ ਜਾਇ।। ਨਾਨਕ ਕਾ ਪ੍ਰਭੁ ਰਹਿਓ ਸਮਾਇ।। (ਗੁਰੂ ਗ੍ਰੰਥ ਸਾਹਿਬ, ਪੰਨਾ :1136)

ਆਓ ਹੁਣ ਸਮਝਣ ਦਾ ਜਤਨ ਕਰੀਏ ਕਿ ਰੱਬ ਜੀ ਦੇ ਅਜੂਨੀ ਗੁਣ ਤੋਂ ਮਨੁੱਖ ਆਪਣੇ ਅਮਲੀ ਜੀਵਨ ’ਚ ਕੀ ਫ਼ਾਇਦਾ ਲੈ ਸਕਦਾ ਹੈ। ਦਰਅਸਲ ਸਾਡਾ ਇਹ ਸਮਝਣਾ ਜ਼ਰੂਰੀ ਹੈ ਕਿ ਅਸੀਂ ਜੂਨੀਆਂ ਕਿਵੇਂ ਧਾਰਦੇ ਹਾਂ? ਪੁਰਾਤਨ ਵਿਚਾਰ ਅਨੁਸਾਰ ਪਿਛਲੇ ਜਨਮਾਂ ਤੋਂ ਆਤਮਾ ਦਾ ਪੁਨਰਜਨਮ ਹੋ ਕੇ ਨਵੇਂ ਸਰੀਰ ’ਚ ਪ੍ਰਵੇਸ਼ ਕਰਨ ਨੂੰ ਨਵੀਂ ਜੂਨੀ ਧਾਰਨਾ ਮੰਨਿਆ ਜਾਂਦਾ ਹੈ ਪਰ ਸੱਚ ਦਾ ਗਿਆਨ (ਗੁਰਬਾਣੀ) ਇਸ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦਾ।

ਦਰਅਸਲ ਸੱਚ ਨੂੰ ਆਪਣੇ ਅਮਲੀ ਜੀਵਨ ’ਚ ਧਾਰਨ ਕਰਨ ਲਈ ਅਸੀਂ ਇਸ ਸੱਚ ਨੂੰ ਝੁਠਲਾ ਨਹੀਂ ਸਕਦੇ ਕਿ ਅਸੀਂ ਸਰੀਰਕ ਰੂਪ ’ਚ ਭਾਵੇਂ ਮਨੁੱਖ ਹਾਂ ਪਰ ਆਤਮਕ ਤੌਰ ’ਤੇ ਕਰਤੂਤਿ ਪਸੂ ਕੀ ਮਾਨਸ ਜਾਤਿ।। ਅਨੁਸਾਰ ਪਸ਼ੂ ਬਿਰਤੀ ਅਤੇ ਕਰਤੂਤਾਂ ਦੇ ਧਾਰਨੀ ਹਾਂ।

ਗੁਰ ਸੇਵਾ ਤੇ ਭਗਤਿ ਕਮਾਈ।। ਤਬ ਇਹ ਮਾਨਸ ਦੇਹੀ ਪਾਈ।। (ਗੁਰੂ ਗ੍ਰੰਥ ਸਾਹਿਬ, ਪੰਨਾ :1159)

ਸਮਝਣਾ ਹੈ ਕਿ ਐ ਮਨੁੱਖ ! ਜੇ ਤੂੰ ਗੁਰਮਤ ਦਾ ਸੇਵਨ ਕੀਤਾ ਭਾਵ ਗਿਆਨ-ਗੁਰੂ (ਸਤਿਗੁਰ) ਰਾਹੀਂ ਆਪਣੀ ਮਤ ਨੂੰ ਪਸ਼ੁਤਾ ਵਾਲੀਆਂ ਕਰਤੂਤਾਂ ਤੋਂ ਨਿਰੋਗ ਕੀਤਾ ਤਾਂ ਹੀ ਸਮਝ ਕਿ ਮਨੁੱਖਾ ਜਨਮ ਤੈਨੂੰ ਪ੍ਰਾਪਤ ਹੋਇਆ ਹੈ, ਵਰਨਾ ਤੂੰ ਮਨੁੱਖ ਹੀ ਨਹੀਂ ਹੈ। ਇਸ ਨਾਜ਼ੁਕ ਵਿਚਾਰ ਨਾਲ ਇਹੋ ਸਮਝਣਾ ਹੈ ਕਿ ਮਨੁੱਖ ਜਿਊਂਦੇ ਜੀਅ ਹੀ ਆਤਮਕ ਤੌਰ ’ਤੇ ਪਲ-ਪਲ ਕਈ ਜੂਨੀਆਂ ਧਾਰਦਾ ਹੈ। ਜੇ ਕਰ ਅਸੀਂ ਆਪਣੇ ਅਵਗੁਣਾਂ ਅਤੇ ਕਰਤੂਤਾਂ ਕਾਰਨ ਆਤਮਕ ਤੌਰ ’ਤੇ ਇਸ ਬਾਰ-ਬਾਰ ਜਨਮ ਲੈਣ ਵਾਲੀ ਜੂਨੀਆਂ ਨੂੰ ਸਮਝ ਲਈਏ ਤਾਂ ਅਸੀਂ ਉਨ੍ਹਾਂ ਜੂਨੀਆਂ ’ਚ ਆਤਮਕ ਜਨਮ ਲੈਣ ਤੋਂ ਬਚ ਸਕਦੇ ਹਾਂ ਸਿੱਟੇ ਵਜੋਂ ਅਸੀਂ ਰੱਬ ਜੀ ਦਾ ‘ਅਜੂਨੀ’ ਗੁਣ ਮਾਣ ਸਕਦੇ ਹਾਂ।

ਜਾਪਦਾ ਹੈ ਕਿ ਬਹੁਤ ਸਦੀਆਂ ਤੋਂ ਆਵਾਗਉਣ ਵਾਲੀ ਵਿਚਾਰ ਮਨੁੱਖ ਲਈ ਇਸ ਕਰਕੇ ਪੇਸ਼ ਕੀਤੀ ਗਈ ਹੋਵੇਗੀ ਕਿ ‘‘ਮਨੁੱਖ ਜਦੋਂ ਇਹ ਮਹਿਸੂਸ ਕਰੇਗਾ ਕਿ ਮੈਂ ਕੁਝ ਮਾੜੇ ਕਰਮ ਪਿਛਲੇ ਜਨਮ ’ਚ ਕੀਤੇ ਹੋਣੇ, ਜਿਸ ਕਾਰਨ ਇਸ ਜਨਮ ’ਚ ਦੁੱਖ ਪਾ ਰਿਹਾ ਹਾਂ ਅਤੇ ਇਸ ਜਨਮ ’ਚ ਜੋ ਕੁਝ ਵੀ ਚੰਗਾ ਜਾਂ ਮਾੜਾ ਕਰਾਂਗਾ ਉਸ ਦਾ ਫਲ ਉਸੇ ਮੁਤਾਬਕ ਅਗਲੇ ਜਨਮ ਦੀ ਜੂਨੀ ’ਚ ਪੁਨਰ-ਜਨਮ ਲਵਾਂਗਾ, ਸੋ ਮੈਂ ਮਾੜੇ ਕੰਮ ਨਾ ਕਰਾਂ।’’

ਇਸ ਆਵਾਗਵਨ ਵਾਲੀ ਵਿਚਾਰ ਕਾਰਨ ਹੀ, ਮਨੁੱਖ ਨੇ ਕੁਝ ਹੋਰ ਖ਼ਿਆਲ ਵੀ ਈਜ਼ਾਦ ਕਰ ਲਏ, ਜਿਵੇਂ ਕਿ ਜਮ, ਧਰਮਰਾਜ, ਚਿੱਤਰਗੁਪਤ, ਸਵਰਗ-ਨਰਕ, ਇਤਿਆਦ। ਪਰ ਗੁਰਬਾਣੀ (ਸਚ ਦਾ ਗਿਆਨ) ਕਰਮਾਂ ਦੇ ਕੀਤੇ ਫਲ ਨੂੰ ਅਗਲੇ ਜਨਮ ’ਚ ਪ੍ਰਾਪਤ ਕਰਨ ਬਦਲੇ ਕੇਵਲ ਇਥੇ ਹੀ ਜਿਊਂਦੇ ਜੀਅ, ਮਨੁੱਖ ਨੂੰ ਸਮਝਾਉਣ ਦਾ ਜਤਨ ਕਰਦੀ ਹੈ ਤਾ ਕਿ ਮਨੁੱਖ ਪਲ-ਪਲ ਦੀ ਜੂਨੀਆਂ ’ਚ ਪੈ ਕੇ ਆਵਾਗਵਨ ਦੇ ਚੱਕਰ ’ਚ ਨ ਪਿਆ ਰਹੇ ਬਲਕਿ ਰੋਜ਼ਾਨਾ ਜੀਵਨ ਵਿਚ ਵਿਚਰਦੇ ਹੋਏ, ਜਿਊਂਦੇ ਜੀਅ ਹੀ ਮੁਕਤ ਹੋ ਸਕੇ। ਗੁਰੂ ਗ੍ਰੰਥ ਸਾਹਿਬ ਵਿਚ ਆਇਆ ਹੈ :

ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ।। (ਗੁਰੂ ਗ੍ਰੰਥ ਸਾਹਿਬ, ਪੰਨਾ :1292)

ਭਾਵ ਮਰਨ ਮਗਰੋਂ ‘ਮੁਕਤੀ’ ਕੋਈ ਨਹੀਂ ਜਾਣਦਾ। ਜਦੋਂ ਗੁਰਬਾਣੀ ਨੂੰ ਬਹੁਤ ਸਹਿਜੇ-ਸਹਿਜੇ, ਬਾਰੀਕੀ ਨਾਲ ਸਮਝਣ ਦਾ ਜਤਨ ਕਰਾਂਗੇ, ਤਾਂ ਪਤਾ ਲੱਗੇਗਾ ਕਿ ਜਦ ਮਨੁੱਖ ਆਪਣੇ ਸਵਾਰਥ, ਖੁਦਗਰਜ਼ੀ ਕਾਰਨ ਆਪਣੇ ਮਨ ਦੇ ਦਬਦਬੇ ਹੇਠ ਜੀਵਨ ਜਿਊਂਦਾ ਹੈ ਤਾਂ ਇਸ ਨੂੰ ਨਿਤ ਜੂਨੀਆਂ ’ਚ ਪੈਣਾ ਕਿਹਾ ਜਾਂਦਾ ਹੈ ਅਤੇ ਗਿਆਨ-ਗੁਰੂ ਦੀ ਮੰਨ ਕੇ ਟੁਰਨ ਵਾਲੇ ਗੁਰਮੁਖੀ ਮਨ ਨੂੰ ‘ਅਜੂਨੀ’ ਵਾਲੀ ‘ਜੀਵਨ ਮੁਕਤ’ ਅਵਸਥਾ ਵਾਲਾ ਬਿਆਨ ਕੀਤਾ ਗਿਆ ਹੈ।

ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ।। (ਗੁਰੂ ਗ੍ਰੰਥ ਸਾਹਿਬ, ਪੰਨਾ :95)

ਜੋ ਮਨੁੱਖ ਆਪਣੇ ਮਨ ਦੇ ਪਿੱਛੇ ਲੱਗ ਕੇ ਮਾਇਆ ਰੂਪੀ ਜਾਲ ਦੇ, ਵਿਕਾਰਾਂ ’ਚ ਖਚਤ ਜੀਵਨ ਬਿਤਾਉਂਦਾ ਹੈ, ਉਹ ਹਰ ਰੋਜ਼ ਹੀ ਗਰਭ ਜੂਨੀ ’ਚ ਪੈ ਰਿਹਾ ਹੈ ਭਾਵ ਆਤਮਕ ਤੌਰ ’ਤੇ ਉਹ ਬੇਹੋਸ਼ੀ ’ਚ ਜਿਊ ਰਿਹਾ ਹੈ।

ਏਊ ਜੀਅ ਬਹੁਤੁ ਗ੍ਰਭ ਵਾਸੇ।। ਮੋਹ ਮਗਨ ਮੀਠ ਜੋਨਿ ਫਾਸੇ।। (ਗੁਰੂ ਗ੍ਰੰਥ ਸਾਹਿਬ, ਪੰਨਾ :251)

ਭਾਵ ਕਿ ਜੀਵ, ਮੋਹ ਨੂੰ ਮਿੱਠਾ ਸਮਝ ਕੇ ਉਸ ਵਿਚ ਮਗਨ ਹੋਣ ਕਾਰਨ ਜਿਊਂਦੇ ਜੀਅ, ਆਤਮਕ ਤੌਰ ’ਤੇ ਰੋਜ਼ ਜੂਨੀ ’ਚ ਫਸ ਰਿਹਾ ਹੈ।

ਗੁਰ ਮੰਤ੍ਰ ਹੀਣਸ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ।। ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ।। (ਗੁਰੂ ਗ੍ਰੰਥ ਸਾਹਿਬ, ਪੰਨਾ :1356)

ਅਤੇ

ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ।। (ਗੁਰੂ ਗ੍ਰੰਥ ਸਾਹਿਬ, ਪੰਨਾ :1246)

ਜੋ ਮਨੁੱਖ ਰੱਬ ਜੀ ਦਾ ਗਿਆਨ ਨਹੀਂ ਲੈਂਦੇ ਭਾਵ ਉਸ ਅਨੁਸਾਰ ਨਹੀਂ ijjਜਿਊਂਦੇ ਉਹ ਮਾਨੋ ਕੁੱਤੇ, ਸੂਅਰ, ਗਧੇ, ਕਾਂ ਅਤੇ ਸੱਪ ਦੇ ਤੁਲ ਹਨ। ਇਸ ਦਾ ਮਤਲਬ ਇਹੀ ਸਮਝ ਪੈਂਦਾ ਹੈ ਕਿ ਮਨੁੱਖ ਸਰੀਰਕ ਤੌਰ ’ਤੇ ਤਾਂ ਭਾਵੇਂ ਮਨੁੱਖ ਹੀ ਰਹਿੰਦਾ ਹੈ ਪਰ ਬਿਰਤੀ ਕਰ ਕੇ ਇਨ੍ਹਾਂ ਜੂਨੀਆਂ ਵਾਲਾ ਹੀ ਜੀਵਨ ਜਿਊ ਰਿਹਾ ਹੁੰਦਾ ਹੈ। ਗੁਰਬਾਣੀ ਵਿਚ ਫੁਰਮਾਨ ਹੈ :

ਅਕਿਰਤਘਣਾ ਹਰਿ ਵਿਸਰਿਆ ਜੋਨੀ ਭਰਮੇਤੁ।। (ਗੁਰੂ ਗ੍ਰੰਥ ਸਾਹਿਬ, ਪੰਨਾ :706)

ਜਿਹੜੇ ਮਨੁੱਖ, ਰੱਬ ਜੀ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰ ਨਹੀਂ ਕਰਦੇ, ਸਗੋਂ ਹੋਰ-ਹੋਰ ਮੰਗਦੇ ਅਤੇ ਗਿਲੇ-ਸ਼ਿਕਵੇ ਹੀ ਕਰਦੇ ਹਨ, ਉਹ ਆਪਣੇ ਅਮਲੀ ਜੀਵਨ ’ਚ ਕਿਸੇ ਦੀ ਕੀਤੀ ਦਾ ਧੰਨਵਾਦ ਵੀ ਨਹੀਂ ਕਰਦੇ। ਉਹ ਅਕਿਰਤਘਣ ਅਵਸਥਾ ’ਚ ਵਿਚਰਦੇ ਰਹਿੰਦੇ ਹਨ ਅਤੇ ਆਪਣੀਆਂ ਕਰਨੀਆਂ ਕਾਰਨ, ਨਿਤ-ਨਿਤ ਜੂਨੀਆਂ ’ਚ ਭਰਮਦੇ ਰਹਿੰਦੇ ਹਨ।

ਅਸੀਂ ਉਦਾਹਰਣਾਂ ਰਾਹੀਂ ਵਿਚਾਰ ਕਰ ਆਏ ਹਾਂ ਕਿ ਕਿਵੇਂ ਮਨੁੱਖ ਮਨਮੁਖਤਾ ਕਾਰਨ ਨਿਤ-ਨਿਤ, ਜੂਨੀਆਂ ਦੇ ਆਵਾਗਵਨ ’ਚ ਪੈਂਦਾ ਹੈ। ਆਓ, ਹੁਣ ਵੇਖੀਏ ਗੁਰਬਾਣੀ ਮਨੁੱਖ ਨੂੰ ਨਿਤ ਦੇ ਆਵਾਗਵਨ ਤੋਂ ਕਿਵੇਂ ਜਿਊਂਦੇ ਜੀਅ ਹੀ ਮੁਕਤ ਕਰਾਉਂਦੀ ਹੈ :

ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ।। (ਗੁਰੂ ਗ੍ਰੰਥ ਸਾਹਿਬ, ਪੰਨਾ :465)

ਮਨੁੱਖ ਨੇ ਆਪਣੇ ਮਨ ਦੇ ਆਖੇ ਲਗ ਕੇ, ਆਤਮਕ ਤੌਰ ’ਤੇ ਬਹੁਤ ਜੂਨੀਆਂ ਇਸੇ ਜੀਵਨ ਵਿਚ ਧਾਰੀਆਂ ਲੇਕਿਨ ਜਦੋਂ ਸ਼ਬਦ (ਗਿਆਨ-ਗੁਰੂ) ਨੂੰ ਸੁਣ-ਮੰਨ ਕੇ ਉਸ ਅਨੁਸਾਰ ਅਮਲੀ ਜੀਵਨ ਜਿਊਂਦਾ ਹੈ ਤਾਂ ਮੁੜ-ਮੁੜ ਉਨ੍ਹਾਂ ਜੂਨੀਆਂ ’ਚ ਨਹੀਂ ਪੈਂਦਾ। ਗੁਰਮੁਖ ਵਾਲੀ ਅਵਸਥਾ ਕਾਰਨ ਰੱਬ ਜੀ ਨਾਲ ਇਕਮਿੱਕਤਾ ’ਚ, ਪੂਰਨ ਮਨੁੱਖਤਾ ਦੀ ਉਚਿਆਈ ਉੱਤੇ ਜਿਊਂਦਾ ਹੈ।

ਬੂਝਿ ਬੈਰਾਗੁ ਕਰੇ ਜੇ ਕੋਇ।। ਜਨਮ ਮਰਣ ਫਿਰਿ ਸੋਗੁ ਨ ਹੋਇ।। (ਗੁਰੂ ਗ੍ਰੰਥ ਸਾਹਿਬ, ਪੰਨਾ :1145)

ਜਿਸ ਨੇ ਜਿਊਂਦੇ ਜੀਅ ਹੀ ਗਿਆਨ-ਗੁਰੂ ਦੀ ਮਤ ਧਾਰਨ ਕਰ ਲਈ, ਉਹ ਐਸੇ ਬੈਰਾਗੀ ਜੀਵਨ ਦੀ ਅਵਸਥਾ ਮਾਣਦਾ ਹੈ ਕਿ ਮੁੜ-ਮੁੜ ਆਤਮਕ ਤੌਰ ’ਤੇ ਜੰਮਦਾ-ਮਰਦਾ ਨਹੀਂ। ਉਹ ਸਰੀਰਕ ਮੌਤ ਤੋਂ ਪਹਿਲੋਂ ਹੀ ਆਤਮਕ ਤੌਰ ’ਤੇ ਹੋਰ-ਹੋਰ ਜੂਨੀਆਂ ’ਚ ਪੈਣ ਵਾਲੇ, ਜਨਮ-ਮਰਣ ਦੇ ਦੁੱਖ ਤੋਂ ਬੱਚ ਜਾਂਦਾ ਹੈ।

ਅਉਗਣ ਕਟਿ ਮੁਖੁ ਉਜਲਾ ਹਰਿ ਨਾਮਿ ਤਰਾਏ।। ਜਨਮ ਮਰਣ ਭਉ ਕਟਿਓਨੁ ਫਿਰਿ ਜੋਨਿ ਨ ਪਾਏ।। (ਗੁਰੂ ਗ੍ਰੰਥ ਸਾਹਿਬ, ਪੰਨਾ :966)

ਅਵਗੁਣ ਭਾਵ ਵਿਕਾਰਾਂ ਵਾਲੀ ਬਿਰਤੀਆਂ, ਆਦਤਾਂ ਕਾਰਨ ਸਾਨੂੰ ਜਨਮ-ਮਰਣ ਦਾ (ਜੂਨੀਆਂ ’ਚ ਪੈਣ ਦਾ) ਡਰ ਲੱਗਾ ਰਹਿੰਦਾ ਹੈ ਪਰ ਜਦੋਂ ਮਨ, ਸੱਚ ਦੇ ਗਿਆਨ ਕਾਰਨ ਹਰੇਕ ਪਲ, ਰੱਬ ਜੀ ਦੀ ਹੋਂਦ ਮਹਿਸੂਸ ਕਰਨ ਲੱਗ ਪੈਂਦਾ ਹੈ ਤਾਂ ਮਨੁੱਖ ਅਵਗੁਣ ਛੱਡ ਕੇ, ਗੁਣਾਂ ਰੂਪੀ ਜੀਵਨੀ ਜਿਊਂਦਾ ਹੈ :

ਓਨੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ।। (ਗੁਰੂ ਗ੍ਰੰਥ ਸਾਹਿਬ, ਪੰਨਾ :467)

ਐਸਾ ਮਨੁੱਖ ਇਸੇ ਜੀਵਨ ’ਚ ਜਿਊਂਦਿਆਂ ਜੀਅ ਹੀ ਅਜੂਨੀ ਅਵਸਥਾ ਮਾਣਦਾ ਹੈ।

ਇਸ ਸਾਰੀ ਵਿਚਾਰ ਨੂੰ, ਇਸ ਪੱਖੋਂ ਸਮਝਣ ਦਾ ਜਤਨ ਕਰਨਾ ਹੈ ਕਿ ‘ਗੁਰਮਤ ਉਧਾਰ ਦਾ ਧਰਮ ਨਹੀਂ ਬਲਕਿ ਨਕਦ ਜਿਉਣੀ ਦਾ ਧਰਮ ਹੈ।’, ਸਾਰੀ ਮਨੁੱਖਤਾ ਨੂੰ ਦ੍ਰਿੜ੍ਹ ਕਰਾਉਂਦੀ ਹੈ ਅਤੇ ਇਹ ਬਾਰੀਕ ਨੁਕਤਾ ਵੀ ਸਮਝਣਾ ਹੈ ਕਿ ਅਸੀਂ ਜਿਊਂਦੇ ਜੀਅ ਹੀ ਆਪਣੇ ਕੀਤੇ ਦਾ ਭਾਰ, ਆਪਣੇ ਮੋਢਿਆਂ ’ਤੇ ਲੈਣਾ ਹੈ ਕਿਉਂਕਿ:

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ।। (ਗੁਰੂ ਗ੍ਰੰਥ ਸਾਹਿਬ, ਪੰਨਾ :134)

ਭਾਵ ਅਸੀਂ ਜੈਸਾ ਬੀਜਦੇ ਹਾਂ ਵੈਸਾ ਹੀ ਵੱਢਦੇ ਹਾਂ। ਜੋ ਕੁਝ ਵੀ ਮਾੜੇ, ਚੰਗੇ ਕਰਮ ਅਸੀਂ ਕਰਦੇ ਹਾਂ, ਉਨ੍ਹਾਂ ਦਾ ਨੁਕਸਾਨ ਜਾਂ ਫ਼ਾਇਦਾ ਆਤਮਕ ਤੌਰ ’ਤੇ ਅਤੇ ਸਰੀਰਕ ਤੌਰ ’ਤੇ ਮਨੋ-ਬਿਰਤੀ ਕਰ ਕੇ, ਸਾਨੂੰ ਹੀ ਹੁੰਦਾ ਹੈ। ਇਹ ਅਸੀਂ ਸੋਚਣਾ ਹੈ ਕਿ ਜਿਊਂਦਿਆਂ ਹੀ ਸਰੀਰਕ ਮੌਤ ਤੋਂ ਪਹਿਲੋਂ, ਮੈਂ ਨਰਕੀ ਜੀਵਨ ਬਿਤਾਉਂਦਾ ਹਾਂ ਜਾਂ ਸਵਰਗੀ। ਪਰ ਜਦੋਂ ਤੱਕ ਅਸੀਂ ਨਰਕੀ ਜੀਵਨ ਬਿਤਾਉਂਦੇ ਹਾਂ, ਆਤਮਕ ਤੌਰ ’ਤੇ ਜੂਨੀਆਂ ਰੂਪੀ ਗਰਭ, ਬਦਲਦੇ ਰਹਿੰਦੇ ਹਾਂ ਸਰੀਰਕ ਰੂਪ ’ਚ ਭਾਵੇਂ ਅਸੀਂ ਮਨੁੱਖ ਹੀ ਹੁੰਦੇ ਹਾਂ।

‘ਆਸਾ ਕੀ ਵਾਰ’ ’ਚ ਵੀ ਇਹੋ ਸਮਝਾਉਣ ਦਾ ਜਤਨ ਕੀਤਾ ਗਿਆ ਹੈ :

ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ।। (ਗੁਰੂ ਗ੍ਰੰਥ ਸਾਹਿਬ, ਪੰਨਾ :466)

ਭਾਵ ਆਪਣੀ ਹਉਮੈ ਕਾਰਨ, ਅਸੀਂ ਫਿਰ-ਫਿਰ ਜੂਨੀਆਂ ’ਚ ਪੈਂਦੇ ਹਾਂ ਲੇਕਿਨ ਜਿਊਂਦੇ ਜੀਅ ਹੀ ਜੇ ਕਰ ਅਸੀਂ ਆਪਣੀ ‘ਹਉਮੈ ਦੀਰਘ ਰੋਗੁ’ ਉੱਤੇ ਕਾਬੂ ਪਾ ਲਿਆ ਤਾਂ ਫਿਰ ਅਸੀਂ ‘ਅਜੂਨੀ’ ਵਾਲਾ ਰੱਬ ਜੀ ਦਾ ਗੁਣ ਮਾਣ ਸਕਦੇ ਹਾਂ।

ਗੁਰ ਪਰਸਾਦੀ ਜੀਵਤੁ ਮਰੈ ਹੁਕਮੈ ਬੂਝੈ ਸੋਇ।। ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ।।

(ਗੁਰੂ ਗ੍ਰੰਥ ਸਾਹਿਬ, ਪੰਨਾ :555)

ਇਸ ਪੰਕਤੀ ਦੀ ਵਿਚਾਰ ਤੋਂ ਇਹ ਪਤਾ ਲੱਗਦਾ ਹੈ ਕਿ ਗੁਰਮਤ ਮਨੁੱਖ ਨੂੰ ਇਹ ਸਮਝਾਉਣਾ ਚਾਹੁੰਦੀ ਹੈ ਕਿ ਮਨੁੱਖ ਗਿਆਨ-ਗੁਰੂ (ਸਤਿਗੁਰ) ਰਾਹੀਂ ‘ਜੀਵਤ ਮਰੈ’ ਦੀ ਅਵਸਥਾ ਆਤਮਕ ਤੌਰ ’ਤੇ ਮਾਣ ਸਕਦਾ ਹੈ। ਆਤਮਕ ਤੌਰ ’ਤੇ ਐਸੀ ਮਰਨੀ (ਜਿਊਂਦੇ ਜੀਅ ਆਪਣੀ ਹਉਮੈ ਨੂੰ ਕਾਬੂ ਕਰਨ ਵਾਲੀ) ਜੇਕਰ ਮਨੁੱਖ ਇਕ ਵਾਰੀ ਮਰ ਜਾਵੇ, ਤਾਂ ਸਦਾ ਲਈ ਜੀਵਤ ਹੋ ਜਾਂਦਾ ਹੈ। ਇਹੋ ਤਾਂ ਅਕਾਲ ਮੂਰਤਿ ਅਤੇ ਅਜੂਨੀ ਅਵਸਥਾ ਹੈ। ਰੱਬ ਜੀ ਦੇ ਇਨ੍ਹਾਂ ਗੁਣਾਂ ਨੂੰ, ਮਨੁੱਖਤਾ ਦੇ ਭਲੇ ਲਈ ਮੁੱਢਲੇ ਸਿਧਾਂਤਾਂ ’ਚ ਬਿਆਨਿਆ ਹੈ ਕਿ ਐ ਮਨੁੱਖ, ਰੱਬ ਜੀ ਦੇ ਇਸ ਗੁਣ ਤੋਂ ਪ੍ਰੇਰਣਾ ਲੈ ਕੇ ਤੂੰ ਵੀ ਅਕਾਲ ਮੂਰਤਿ ਅਤੇ ਅਜੂਨੀ ਬਣ ਜਾ।




.