ਹੇ ਨਿਰਾਕਾਰ ਪ੍ਰਭੂ! (ਮਿਹਰ ਕਰ) ਜੋ ਤੈਨੂੰ ਪਸੰਦ ਹੈ, ਮੈਨੂੰ ਭੀ ਉਹ
ਪਸੰਦ ਆ ਜਾਵੇ। ਤੂੰ ਤਾਂ ਸਦਾ ਅਬਿਨਾਸ਼ੀ ਹੈਂ। (ਮੈ ਭੀ ਤੇਰੀ ਤਰ੍ਹਾਂ ਸਦਾ ਥਿਰ ਹੋ ਜਾਵਾਂ)
ਭਰੀਐ ਹਥੁ ਪੈਰੁ ਤਨੁ ਦੇਹ।। ਪਾਣੀ ਧੋਤੈ, ਉਤਰਸਿ ਖੇਹ।। ਜੇ ਹੱਥ,
ਪੈਰ ਆਦਿ ਸਰੀਰ (ਮਿੱਟੀ ਨਾਲ) ਗੰਦਾ ਹੋ ਜਾਵੇ ਤਾਂ ਪਾਣੀ ਦੇ ਧੋਣ ਨਾਲ ਉਹ ਮਿੱਟੀ ਉੱਤਰ ਜਾਂਦੀ
ਹੈ। ਮੂਤ ਪਲੀਤੀ ਕਪੜੁ ਹੋਇ।। ਦੇ ਸਾਬੂਣੁ, ਲਈਐ ਓਹੁ ਧੋਇ।। ਉ: ਸੇਧ:-ਓਹ।
ਪਰ ਜੇ ਮੂਤਰ ਆਦਿ ਨਾਲ ਕੱਪੜਾ ਗੰਦਾ ਹੋ ਜਾਵੇ, ਤਾਂ ਸਾਬੁਨ ਲਾ ਕੇ ਹੀ ਉਹ
ਕੱਪੜਾ ਧੋਤਾ ਜਾ ਸਕਦਾ ਹੈ।
ਭਰੀਐ ਮਤਿ, ਪਾਪਾ ਕੈ ਸੰਗਿ।। ਓਹੁ ਧੋਪੈ, ਨਾਵੈ ਕੈ ਰੰਗਿ।। ਉ:
ਸੇਧ:-ਪਾਪਾਂ, ਓਹ, ਨਾਵੈਂ। (ਇਸ ਤਰ੍ਹਾਂ ਹੀ) ਅਗਰ ਮਨੁੱਖਾ-ਬੁਧੀ ਪਾਪਾਂ ਨਾਲ ਭਰ (ਮਲੀਨ) ਹੋ
ਜਾਏ ਤਾਂ ਉਹ (ਪਾਪ ਦਾ ਸਮੂਹ) ਪ੍ਰਭੂ ਨਾਮ ਦੇ ਪ੍ਰੇਮ-ਰੰਗ ਵਿੱਚ ਭਿੱਜ (ਮਿਲ) ਕੇ ਹੀ ਧੋਤਾ ਜਾ
ਸਕਦਾ ਹੈ।
ਪੁੰਨੀ ਪਾਪੀ, ਆਖਣੁ ਨਾਹਿ।। ਕਰਿ ਕਰਿ ਕਰਣਾ, ਲਿਖਿ ਲੈ ਜਾਹੁ।। ਉ:
ਸੇਧ:-ਨਾਹਿਂ, ਜਾਹੁ। (ਆਹ ਕੰਮ ਕੀਤਿਆਂ) ਪੁੰਨ ਅਤੇ (ਆਹ ਕੰਮ ਕੀਤਿਆਂ) ਪਾਪ (ਇਹ ਪਾਪ, ਪੁੰਨ
ਦੋਵੇਂ ਸਬਦ ਕੇਵਲ) ਨਾਮ ਮਾਤ੍ਰ ਨਹੀਂ। ਅਸਲ ਵਿੱਚ ਆਪੋ-ਆਪਣੇ ਕੀਤੇ ਕੰਮ-ਵਿਵਹਾਰ ਅਨੁਸਾਰ (ਹੀ ਜੀਵ
ਦਾ ਨਸ਼ੀਬ ਬਣਦਾ ਹੈ, ਜਿਸ ਦਾ ਫਲ ਜੀਵ ਇਥੋਂ) ਲਿਖ ਕੇ ਲੈ ਜਾਵੇਗਾ।
(ਨੋਟ:- ‘ਜਾਹੁ, ਖਾਹੁ, ਆਵਹੁ ਜਾਹੁ` ਸਬਦਾਂ ਵਿੱਚ ‘ਹ`
ਨੂੰ ਲੱਗਾ ਔਕੁੜ ਥੋੜਾ ਉਚਾਰਨ ਕਰਨਾ ਹੈ ਕਿਉਂਕਿ ਇਹ ਸਬਦ ‘ਕ੍ਰਿਆ` ਦਾ ਸੂਚਕ ਹਨ, ਇੱਕ
ਵਚਨ ਪੁਲਿੰਗ ਨਾਉ ਨਹੀਂ)
ਆਪੇ ਬੀਜਿ, ਆਪੇ ਹੀ ਖਾਹੁ।। ਨਾਨਕ! ਹੁਕਮੀ ਆਵਹੁ ਜਾਹੁ।। ੨੦।। ਹੇ
ਨਾਨਕ! (ਆਪਣਾ ਕਿਰਤ-ਰੂਪ ਫਲ) ਆਪ ਹੀ ਬੀਜ ਕੇ ਆਪ ਹੀ ਖਾਵੇਂਗਾ। ਪ੍ਰਭੂ ਦੇ ਹੁਕਮ (ਜੋ ਕਿ ਜੀਵ ਦੇ
ਕਰਮ ਅਨੁਸਾਰ ਹੀ ਹੁੰਦਾ ਹੈ) ਰਾਹੀਂ (ਜੀਵਦਿਆਂ ਭਟਕਣਾ ਵਿੱਚ ਅਤੇ ਮਰਨ ਤੋਂ ਬਾਅਦ ਜੂਨਾਂ ਵਿਚ)
ਆਵੇਂਗਾ ਅਤੇ ਜਾਵੇਂਗਾ। ੨੦।
ਤੀਰਥੁ, ਤਪੁ, ਦਇਆ, ਦਤੁ ਦਾਨੁ।। ਜੇ ਕੋ ਪਾਵੈ, ਤਿਲ ਕਾ ਮਾਨੁ।।
ਤੀਰਥ-ਇਸ਼ਨਾਨ ਕਰਨਾ, ਤਪ ਲਈ ਧੂਣੀਆਂ ਤਪਾਉਣੀਆਂ, (ਜੀਵਾਂ `ਤੇ) ਦਇਆ ਕਰਨੀ,
(ਜਿਸ ਨਾਲ ਕ੍ਰਾਂਤੀ-ਕਾਰੀ ਲਹਿਰ ਆਰੰਭ ਕਰਨ ਵਿੱਚ ਰੁਕਾਵਟ ਆਉਂਦੀ ਹੋਵੇ) ਦਾਨ ਦੇਣਾ (ਭਾਵ:-ਪ੍ਰਭੂ
ਦੀ ਬਖ਼ਸ਼ੀ ਦਾਤ ਉਤੇ ਆਪਣਾ ਨਾਮ ਲਿਖਵਾ ਕੇ ਬਦਲੇ ਵਿੱਚ ਸਮਾਜ ਪਾਸੋਂ ਹੰਕਾਰ ਪ੍ਰਾਪਤ ਕਰਨਾ) ਆਦਿ
ਕਰਮ ਕਰਨ ਦੇ ਬਦਲੇ, ਜੇ ਕੋਈ (ਸਮਾਜ ਪਾਸੋਂ) ਸਤਿਕਾਰ ਪਾਉਣਾ ਚਾਹੁੰਦਾ ਹੈ; ਤਾਂ ਤਿਲ-ਮਾਤ੍ਰ
(ਬਹੁਤ ਥੋੜੇ ਸਮੇ ਲਈ) ਹੀ ਪ੍ਰਾਪਤ ਹੁੰਦਾ ਹੈ। (ਭਾਵ:-ਸਮਾਜ ਕੁੱਝ ਸਮੇ ਲਈ ਤਾਂ ਜ਼ਰੂਰ ਆਖ ਸਕਦਾ
ਹੈ ਕਿ ਇਹ ਮਨੁੱਖ ਬੜਾ ਧਰਮੀ ਹੈ, ਵੈਸੇ ਇਹ ਸਾਰੇ ਕਰਮ ਕਰਨੇ ਅਧਿਆਤਮਿਕ ਜੀਵਨ ਲਈ ਕੋਈ ਲਾਭਕਾਰੀ
ਨਹੀਂ) ਸੁਣਿਆ, ਮੰਨਿਆ, ਮਨਿ ਕੀਤਾ ਭਾਉ।। ਅੰਤਰਗਤਿ ਤੀਰਥਿ, ਮਲਿ ਨਾਉ।। ਉ: ਸੇਧ:-ਨ੍ਹਾਉ।
(ਉਕਤ ਕੀਤੇ ਗਏ ਕਰਮਾ ਦੀ ਬਜਾਏ ਅਗਰ ਗੁਰੂ ਦੀ ਸਿਖਿਆ) ਸੁਣ ਲਈ ਜਾਵੇ,
ਉਸ `ਤੇ ਅਮਲ ਕੀਤਾ ਜਾਵੇ ਅਤੇ ਮਨ ਵਿੱਚ (ਪ੍ਰਭੂ ਅਤੇ ਸਮਾਜ ਪ੍ਰਤੀ) ਪ੍ਰੇਮ ਪੈਦਾ ਕੀਤਾ ਜਾਵੇ।
(ਅਜੇਹੇ ਕਰਮ ਕਰਨ ਨਾਲ, ਜੀਵ) ਆਪਣੇ ਅੰਦਰ-ਮੁਖੀ (ਅੰਤਹਕਰਣ) ਰੂਪ ਤੀਰਥ `ਤੇ ਚੰਗੀ ਤਰ੍ਹਾਂ ਮਲ਼-ਮਲ਼
ਕੇ ਇਸ਼ਨਾਨ ਕਰ ਸਕਦਾ ਹੈ (ਭਾਵ:-ਆਪਣੇ ਅੰਦਰੋਂ ਵਿਕਾਰਾਂ ਦਾ ਚੰਗੀ ਤਰ੍ਹਾਂ ਨਾਸ਼ ਕਰ ਕੇ ਆਪਣੇ ਅੰਦਰ
ਹੀ ਪ੍ਰਮਾਤਮਾ ਦਾ ਦਰਸ਼ਨ ਕਰ ਸਕਦਾ ਹੈ) ਸਭਿ ਗੁਣ ਤੇਰੇ, ਮੈ ਨਾਹੀ ਕੋਇ।। ਵਿਣੁ ਗੁਣ ਕੀਤੇ,
ਭਗਤਿ ਨ ਹੋਇ।। ਉ: ਸੇਧ:-ਨਾਹੀਂ।
(ਆਪਣੀਆਂ ਅੰਦਰਲੀਆਂ ਕਮਜ਼ੋਰੀਆਂ ਵੇਖ ਕੇ ਜੀਵ ਫਿਰ ਇਉਂ ਬੇਨਤੀ ਕਰਨ ਲਗ
ਜਾਂਦਾ ਹੈ ਕਿ ਹੇ ਪ੍ਰਭੂ ਜੀ! ਇਨ੍ਹਾਂ ਵਿਕਾਰਾਂ ਨਾਲ ਲੜਣ ਲਈ) ਮੇਰੇ ਅੰਦਰ ਤਾਂ ਕੋਈ ਗੁਣ (ਸ਼ਕਤੀ)
ਹੀ ਨਹੀਂ ਸੀ, ਇਹ ਸਭ ਤੇਰੀਆਂ ਬਖ਼ਸ਼ਸ਼ਾਂ ਹਨ। ਕਿਉਂਕਿ ਤੇਰੀ ਬਖ਼ਸ਼ਸ਼ (ਮਦਦ) ਤੋਂ ਬਿਨਾ (ਜੀਵ ਤੋਂ)
ਤੇਰੀ ਭਗਤੀ ਨਹੀਂ ਹੋ ਸਕਦੀ।
ਸੁਅਸਤਿ, ਆਥਿ, ਬਾਣੀ ਬਰਮਾਉ।। ਸਤਿ, ਸੁਹਾਣੁ, ਸਦਾ ਮਨਿ ਚਾਉ।। ਉ:
ਸੇਧ:-ਬਰ੍ਹਮਾਉ।
ਤੂੰ ਕਲਿਆਣ ਸਰੂਪ ਹੈਂ। ਤੇਰੀ ਮਾਇਆ ਅਤੇ ਬਾਣੀ (ਭਾਵ:-ਮਾਇਆ ਨਾਲ ਲੜਣ ਦੀ
ਸ਼ਕਤੀ) ਬ੍ਰਹਮ (ਤੇਰਾ ਹੀ) ਸਰੂਪ ਹੈ, ਤੂੰ ਸਦਾ ਥਿਰ ਅਤੇ ਪਵਿਤ੍ਰ ਰੂਪ ਆਤਮਾ ਹੈਂ, ਇਸ ਲਈ ਤੇਰੇ
ਸੁਭਾਵ ਵਿੱਚ ਹਮੇਸ਼ਾਂ ਅਨੰਦ ਬਣਿਆ ਰਹਿੰਦਾ ਹੈ।
ਕਵਣੁ ਸੁ ਵੇਲਾ? ਵਖਤੁ ਕਵਣੁ? ਕਵਣ ਥਿਤਿ? ਕਵਣੁ ਵਾਰੁ? ।। ਹੇ ਪ੍ਰਭੂ
ਜੀ! ਉਹ ਕਿਹੜਾ ਸਮਾ? ਕਿਹੜਾ ਵਖ਼ਤ? (ਚੰਦ੍ਰਮਾ ਨਾਲ ਸੰਬੰਧਤ) ਕਿਹੜੀ ਥਿਤ? (ਸੂਰਜ ਨਾਲ ਸੰਬੰਧਤ)
ਕਿਹੜਾ ਦਿਨ ਸੀ?
ਕਵਣਿ ਸਿ ਰੁਤੀ? ਮਾਹੁ ਕਵਣੁ? ਜਿਤੁ ਹੋਆ ਆਕਾਰੁ।। ਉ: ਸੇਧ:-ਮਾਹ।
ਕਿਹੜੀ ਰੁਤ ਅਤੇ ਕਿਹੜਾ ਮਹੀਨਾ ਸੀ? ਜਿਸ ਸਮੇ ਵਿੱਚ ਇਹ ਇਤਨਾ ਵੱਡਾ
ਬ੍ਰਹਮੰਡ ਰਚਿਆ ਗਿਆ ਸੀ।
ਵੇਲ ਨ ਪਾਈਆ ਪੰਡਤੀ, ਜਿ ਹੋਵੈ ਲੇਖੁ ਪੁਰਾਣੁ।। ਉ: ਸੇਧ:-ਪੰਡਤੀਂ।
ਉਹ ਸਮਾ ਪੰਡਿਤਾਂ ਨੇ ਭੀ ਨਹੀਂ ਲੱਭਾ, ਨਹੀਂ ਤਾਂ ਇਸ ਲੇਖ (ਹਿਸਾਬ,
ਗਿਣਤੀ) ਨੂੰ ਪੁਰਾਣ ਵਾਂਙ ਲਿਖਦੇ।
ਵਖਤੁ ਨ ਪਾਇਓ ਕਾਦੀਆ, ਜਿ ਲਿਖਨਿ ਲੇਖੁ ਕੁਰਾਣੁ।। ਉ: ਸੇਧ:-ਵਖ਼ਤ,
ਕਾਦੀਆਂ। (ਮੁਸਲਮਾਨ ਵੀਰ) ਕਾਜ਼ੀਆਂ ਨੇ ਭੀ ਉਹ ਵਖ਼ਤ (ਸਮਾ) ਨਹੀਂ ਲੱਭਾ, ਨਹੀਂ ਤਾਂ ਇਸ ਲੇਖ
(ਹਿਸਾਬ) ਨੂੰ ਭੀ ਕੁਰਾਨ ਵਾਂਙ ਲਿਖ ਦੇਂਦੇ। ਥਿਤਿ, ਵਾਰੁ, ਨਾ ਜੋਗੀ ਜਾਣੈ; ਰੁਤਿ, ਮਾਹੁ, ਨਾ
ਕੋਈ।। ਉ: ਸੇਧ:-ਮਾਹ।
ਕੋਈ ਉਹ ਥਿਤ, ਕੋਈ ਦਿਨ, ਕੋਈ ਰੁੱਤ ਜਾਂ ਕੋਈ ਮਹੀਨਾ ਜੋਗੀ ਭੀ ਨਹੀਂ
ਜਾਣਦਾ।
ਜਾ ਕਰਤਾ, ਸਿਰਠੀ ਕਉ ਸਾਜੇ; ਆਪੇ ਜਾਣੈ ਸੋਈ।।
ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਬਣਾਈ, (ਸ੍ਰਿਸ਼ਟੀ ਰਚਣ ਦੇ ਸਮੇ ਬਾਰੇ) ਕੇਵਲ
ਉਹ ਆਪ ਹੀ ਜਾਣਦਾ ਹੈ।
ਕਿਵ ਕਰਿ ਆਖਾ? ਕਿਵ ਸਾਲਾਹੀ? ਕਿਉ ਵਰਨੀ? ਕਿਵ ਜਾਣਾ।। ਉ: ਸੇਧ:-ਆਖਾਂ,
ਸਾਲਾਹੀਂ, ਕਿਉਂ। (ਪ੍ਰਭੂ ਦੇ ਵਡੇਪਣ ਅਤੇ ਰਚਨਾ ਦੀ ਹੋਂਦ ਵਾਰੇ) ਮੈ ਕਿਵੇਂ ਦੱਸਾਂ? ,
(ਪ੍ਰਭੂ ਦੇ ਗੁਣਾਂ ਦੀ ਪੂਰਨ ਤੌਰ `ਤੇ) ਮੈਂ ਕਿਵੇਂ ਸਿਫਤ-ਸਾਲਾਹ ਕਰਾਂ? , (ਪੂਰੇ ਗੂਣਾਂ ਨੂੰ)
ਕਿਵੇਂ ਵਰਨਣ ਕਰਾਂ? (ਕਿਉਂਕਿ ਪੂਰੇ ਗੁਣਾਂ ਬਾਰੇ) ਕਿਵੇਂ ਜਾਣਾ? ਨਾਨਕ! ਆਖਣਿ ਸਭੁ ਕੋ ਆਖੈ;
ਇੱਕ ਦੂ ਇਕੁ ਸਿਆਣਾ।। ਉ: ਸੇਧ:-ਦੂੰ। ਹੇ ਨਾਨਕ! (ਪ੍ਰਭੂ ਦੇ ਵਡੇਪਣ ਅਤੇ ਸ੍ਰਿਸ਼ਟੀ ਰਚਣ ਦੇ
ਆਰੰਭ ਬਾਰੇ) ਕਹਿਣ ਨੂੰ ਤਾਂ ਇੱਕ ਤੋਂ ਇੱਕ ਸਿਆਣਾ ਬਣ ਕੇ ਹਰ ਕੋਈ ਆਖ ਦੇਂਦਾ ਹੈ। (ਪਰ ਪੂਰਨ ਅਤੇ
ਸਹੀ ਜਾਣਕਾਰੀ ਕੋਈ ਭੀ ਨਹੀਂ ਦੇ ਸਕਦਾ ਕਿਉਂਕਿ) ਵਡਾ ਸਾਹਿਬੁ , ਵਡੀ ਨਾਈ; ਕੀਤਾ ਜਾ ਕਾ ਹੋਵੈ
।। ਜਿਸ ਪ੍ਰਭੂ ਜੀ ਦਾ ਸਭ ਕੁੱਝ ਕੀਤਾ (ਬਣਾਇਆ) ਹੋਇਆ ਹੈ। ਉਹ ਮਾਲਿਕ ਆਪ ਵੱਡਾ ਹੈ ਅਤੇ ਉਸ
ਦੀ ਸ਼ੋਭ੍ਹਾ (ਮਹਿਮਾ, ਵਡਿਆਈ) ਭੀ ਵੱਡੀ ਹੈ।
ਨਾਨਕ! ਜੇ ਕੋ ਆਪੌ ਜਾਣੈ; ਅਗੈ ਗਇਆ, ਨ ਸੋਹੈ।। ੨੧।। ਉ: ਸੇਧ:-ਆਪੌਂ।
ਹੇ ਨਾਨਕ! ਜੇ ਕੋਈ ਆਪਣੇ ਆਪ ਨੂੰ (ਪ੍ਰਭੂ ਜਾਂ ਉਸ ਦੀ ਰਚਨਾ ਬਾਰੇ) ਪੂਰਣ ਜਾਣਕਾਰੀ ਪਾ ਲੈਣ
ਦਾ ਹੱਕ ਜਤਾਉਂਦਾ ਹੈ, (ਤਾਂ ਉਹ ਜਿੰਦਗੀ ਭਰ ਝੂਠੇ ਹੰਕਾਰ ਵਿੱਚ ਰਹਿਣ ਕਰਕੇ) ਪ੍ਰਭੂ ਦੇ ਭਗਤਾਂ
ਦੇ ਅੱਗੇ (ਸੰਗਤ ਵਿਚ) ਅਤੇ ਰੱਬੀ ਦਰ `ਤੇ ਜਾ ਕੇ ਇੱਜ਼ਤ ਨਹੀਂ ਪਾ ਸਕਦਾ। ੨੧।
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ।। ਉ: ਸੇਧ:-ਪਾਤਾਲਾਂ, ਆਗਾਸਾਂ।
(ਹਿੰਦੂ ਮੱਤ ਅਨੁਸਾਰ; ਪ੍ਰਭੂ ਦੇ ਵਿਸਥਾਰ ਵਿਚ) ਪਾਤਾਲ ਦੇ ਹੇਠ ਲੱਖ
ਪਾਤਾਲ ਅਤੇ ਆਕਾਸ਼ ਦੇ ਉਪਰ ਲੱਖ ਆਕਾਸ਼ ਹਨ।
(ਨੋਟ:-ਲੱਖ, ਹਜ਼ਾਰ ਆਦਿਕ ਗਿਣਤੀ ਸਬਦ ਵਰਤਣ ਕਾਰਨ ਕੁਦਰਤ ਸੀਮਾ ਵਿੱਚ ਆ
ਜਾਂਦੀ ਹੈ। ਜਿਸ ਨੂੰ ਕੁਦਰਤ ਦਾ ਅੰਤ ਪਾਉਣਾ ਭੀ ਕਿਹਾ ਜਾ ਸਕਦਾ ਹੈ। ਇਸ ਲਈ ਗੁਰੂ ਜੀ ਨੇ ਇਸੇ
ਪਉੜੀ ਦੇ ਅੰਤ ਵਿੱਚ ਇਸ ਉਕਤ ਵੀਚਾਰ ਨੂੰ ਅਧੂਰਾ ਸੱਚ ਮੰਨ ਕੇ ਇਸ ਸਿਧਾਂਤ ਨਾਲ ਅਪਣੀ ਅਸਹਿਮਤੀ
ਬਿਆਨ ਕੀਤੀ ਹੈ।) ਓੜਕ ਓੜਕ ਭਾਲਿ ਥਕੇ; ਵੇਦ ਕਹਨਿ ਇੱਕ ਵਾਤ।।
ਵੇਦ ਆਦਿ ਗ੍ਰੰਥਾਂ ਨੂੰ ਪੜ੍ਹਣ ਵਾਲੇ (ਪੰਡਿਤ) ਇੱਕ ਮੱਤ ਹੋ ਕੇ ਇਹ ਗੱਲ
ਆਖਦੇ ਹਨ ਕਿ (ਰਿਸ਼ੀ-ਮੁਨੀ ਇਨ੍ਹਾਂ ਪਾਤਾਲਾਂ ਅਤੇ ਆਕਾਸ਼ਾਂ ਦਾ) ਅੰਤ ਲੱਭ-ਲੱਭ ਕੇ ਹਾਰ ਗਏ। (ਉਮਰ
ਸਮਾਪਤ ਹੋ ਗਈ, ਅੰਤ ਨਹੀਂ ਲੱਭ ਸਕੇ)
(ਨੋਟ:-ਇਕ ਮਿਥਿਹਾਸਕ ਸਾਖੀ ਅਨੁਸਾਰ ਬ੍ਰਹਮਾ; ਬਿਸ਼ਨੂੰ ਦੀ ਨਾਭੀ ਵਿਚੋਂ
ਪੈਦਾ ਹੋਏ ਕਮਲ-ਫੁਲ ਦੀ ਨਾੜ ਵਿੱਚ ੩੬ ਯੁਗ ਤੱਕ ਕਮਲ-ਨਾੜੀ ਦਾ ਅੰਤ ਲੱਭਦਾ ਰਿਹਾ ਪਰ ਤਾਂ ਭੀ ਅੰਤ
ਨਾ ਲੱਭ ਸਕਿਆ। ਹੁਕਮੇ ਜੁਗ ਛਤੀਹ ਗੁਦਾਰੇ।। (ਮ: ੧ ਪੰਨਾ ੧੦੩੭) ਨਾਭਿ ਵਸਤ, ਬ੍ਰਹਮੈ ਅੰਤ ਨ
ਜਾਣਿਆ।। (ਮ: ੪ ਪੰਨਾ ੧੨੩੭) ਭਾ: ਗੁਰਦਾਸ ਜੀ ਅਨੁਸਾਰ-ਓੜਕ ਭਾਲਣਿ ਗਏ, ਸਿ ਫੇਰ ਨ ਆਇਆ।
(ਵਾਰ-੨੨, ਪਉੜੀ ੩/੨)
ਸਹਸ ਅਠਾਰਹ, ਕਹਨਿ ਕਤੇਬਾ; ਅਸੁਲੂ ਇਕੁ ਧਾਤੁ।। ਉ: ਸੇਧ:-ਅਠਾਰਹਂ,
ਕਤੇਬਾਂ।
(ਈਸਾਈ ਅਤੇ ਮੁਸਲਿਮ ਮੱਤ ਦੀਆਂ) ਧਾਰਮਿਕ ਪੁਸਤਕਾਂ (ਬਸਾਯਹ ਆਦਿ)
ਆਖਦੀਆਂ ਹਨ, ਕਿ ਜੜ੍ਹ, ਚੈਤੰਨ ਆਦਿ ਅਠਾਰਾਂ ਹਜ਼ਾਰ ਤਰ੍ਹਾਂ ਦੀ ਰਚਨਾ ਬਣਾਈ ਗਈ ਹੈ। ਜਿਨ੍ਹਾ ਸਭ
ਦਾ ਮੂਲ ਇੱਕ ਖ਼ੁਦਾ ਹੈ। (ਨੋਟ:-ਪ੍ਰਭੂ ਦੀ ਕੁਦਰਤ ਲਈ ਲੱਖ, ਹਜ਼ਾਰ ਆਦਿ ਸਬਦ ਵਰਤਣੇ ਭੀ ‘ਸਿਰਿ
ਭਾਰੁ ਹੋਇ।। ਪਾਉੜੀ: ੧੯।। ` ਕਿਉਂਕਿ) ਲੇਖਾ ਹੋਇ, ਤ ਲਿਖੀਐ; ਲੇਖੈ ਹੋਇ ਵਿਣਾਸੁ।। (ਪ੍ਰਭੂ
ਜਾਂ ਉਸ ਦੀ ਰਚਨਾ ਬਾਰੇ) ਜੇ ਪੂਰਾ ਹਿਸਾਬ ਹੋ ਸਕਦਾ ਹੋਵੇ, ਤਾਂ ਹੀ ਲਿਖਿਆ ਜਾ ਸਕਦਾ ਹੈ; ਉਸ ਨੂੰ
ਨਾਪਦਿਆਂ ਗਿਣਤੀ ਦੇ ਹਿੰਦਸੇ (ਅੱਖਰ) ਹੀ ਮੁੱਕ ਜਾਂਦੇ ਹਨ। ਨਾਨਕ! ਵਡਾ ਆਖੀਐ; ਆਪੇ ਜਾਣੈ
ਆਪੁ।। ੨੨।।
ਹੇ ਨਾਨਕ! ਉਸ ਨੂੰ ਤਾਂ ਕੇਵਲ ਵੱਡਾ ਹੀ ਆਖਿਆ ਜਾ ਸਕਦਾ ਹੈ (ਪਰ ਕਿੰਨਾਂ
ਵੱਡਾ?) ਇਹ ਭੇਦ ਤਾਂ ਉਹ ਆਪ ਹੀ; ਆਪਣੇ ਆਪ ਬਾਰੇ ਜਾਣਦਾ ਹੈ। ‘ਕਬੀਰ ਸਾਤ ਸਮੁੰਦਹਿ ਮਸੁ ਕਰਉ,
ਕਲਮ ਕਰਉ ਬਨਰਾਇ।। ਬਸੁਧਾ ਕਾਗਦੁ ਜਉ ਕਰਉ, ਹਰਿ ਜਸੁ ਲਿਖਨੁ ਨ ਜਾਇ`।। (ਪੰਨਾ ੧੩੬੮)
ਸਾਲਾਹੀ ਸਾਲਾਹਿ, ਏਤੀ ਸੁਰਤਿ ਨ ਪਾਈਆ।। ਪ੍ਰਭੂ ਸਲਾਹੁਣ ਯੋਗ ਦੀ
ਸਿਫ਼ਤ ਸਾਲਾਹ ਕਰ ਕਰ ਕੇ ਭਗਤਾਂ ਨੇ (ਉਸ ਬਾਰੇ) ਬਹੁਤੀ ਸਮਝ ਪ੍ਰਾਪਤ ਨਹੀਂ ਕੀਤੀ (ਭਗਤ; ਪ੍ਰਭੂ
ਵਿੱਚ ਹੀ ਲੀਨ ਹੋ ਗਏ)
ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ।। ਉ: ਸੇਧ:-ਨਦੀਆਂ, ਪਵਹਿਂ,
ਜਾਣੀਅਹਿਂ। ਜਿਵੇਂ ਨਦੀਆਂ ਅਤੇ ਨਾਲੇ ਜਦੋਂ ਸਮੁੰਦਰ ਵਿੱਚ ਪੈ ਜਾਂਦੇ ਹਨ। ਤਾਂ ਆਪਣੀ ਪਹਿਲਾਂ
ਵਾਲੀ ਹੋਂਦ (ਗੰਗਾ, ਯਮਨਾ, ਸਰਸਪਤੀ ਆਦਿ ਕਿਹੜੀ ਸੀ?) ਖ਼ਤਮ ਕਰ ਜਾਂਦੇ ਹਨ। {ਕੋਈ ਪਤਾ ਨਹੀਂ ਲਗਦਾ
ਕਿਉਂਕਿ ਸਮੁੰਦਰ ਵਿੱਚ ਮਿਲਣ ਕਾਰਨ ਕੇਵਲ ਸਮੁੰਦਰ ਦਾ ਰੂਪ ਹੀ ਹੋ ਗਏ। ਇਸੇ ਤਰ੍ਹਾਂ ਹੀ ਭਗਤ;
ਪ੍ਰਭੂ ਦੀ ਸਿਫ਼ਤ ਸਾਲਾਹ ਕਰ ਕਰ ਕੇ ਆਪਣਾ ਪਹਿਲਾ ਵਜ਼ੂਦ (ਜੂਨਾ) ਖ਼ਤਮ ਕਰਕੇ ਪ੍ਰਭੂ ਵਿੱਚ ਲੀਨ ਹੋ
ਜਾਂਦੇ ਹਨ}
ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲੁ ਧਨੁ।। ਉ: ਸੇਧ:-ਸ਼ਾਹ।
ਸਮੁੰਦਰ ਵਾਂਙ ਵੱਡੇ ਨਜ਼ਰ ਆਉਣ ਵਾਲੇ ਬਾਦਸ਼ਾਹ-ਸੁਲਤਾਨ, ਜਿਨ੍ਹਾਂ ਦੇ ਗ੍ਰਿਹ
(ਘਰ) ਵਿੱਚ ਬੇਅੰਤ ਧੰਨ ਪਦਾਰਥ ਹਨ।
ਕੀੜੀ ਤੁਲਿ ਨ ਹੋਵਨੀ; ਜੇ, ਤਿਸੁ ਮਨਹੁ ਨ ਵੀਸਰਹਿ।। ੨੩।। ਉ:
ਸੇਧ:-ਵੀਸਰਹਿਂ (ਵੀਸਰ੍ਹੈਂ ਵਾਂਙ)। ਹੇ ਪ੍ਰਭੂ! (ਤੇਰੇ ਭਗਤ ਦੀ ਨਜ਼ਰ `ਚ ਇਤਨੇ ਧਨ ਪਦਾਰਥ ਦਾ
ਪ੍ਰਭਾਵ) ਕੀੜੀ ਦੇ ਬਰਾਬਰ (ਨਾ ਮਾਤ੍ਰ) ਭੀ ਨਹੀਂ ਹੈ ਅਗਰ ਉਸ ਭਗਤ ਦੇ ਮਨ `ਚੋਂ ਤੇਰੀ ਯਾਦ ਨਾ
ਭੁੱਲੇ। ੨੩।
ਅੰਤੁ ਨ ਸਿਫਤੀ, ਕਹਣਿ ਨ ਅੰਤੁ।। ਅੰਤੁ ਨ ਕਰਣੈ, ਦੇਣਿ ਨ ਅੰਤੁ।। ਉ:
ਸੇਧ:-ਸਿਫ਼ਤੀਂ।
ਪ੍ਰਭੂ ਦੀਆਂ ਸਿਫ਼ਤਾਂ ਦੀ ਸੀਮਾ (ਹੱਦ) ਨਹੀਂ, ਸਿਫ਼ਤਾਂ ਕਹਣਿ (ਕਰਨ ਵਿਚ)
ਭਗਤ ਭੀ ਬੇਅੰਤ ਹਨ। ਉਸ ਦੀ ਬਣਾਈ ਕਰਣੈ (ਕੁਦਰਤ) ਭੀ ਬੇਅੰਤ ਹੈ। (ਪ੍ਰਭੂ ਵਲੋਂ ਕੁਦਰਤ, ਜੀਵਾਂ
ਨੂੰ) ਦਾਤਾਂ ਦੇਣ ਵਿੱਚ ਭੀ ਅੰਤ ਨਹੀਂ। ਅੰਤੁ ਨ ਵੇਖਣਿ, ਸੁਣਣਿ ਨ ਅੰਤੁ।। ਅੰਤੁ ਨ ਜਾਪੈ,
ਕਿਆ ਮਨਿ ਮੰਤੁ।।
ਪਭੂ ਵਲੋਂ ਜੀਵਾਂ ਦੀ ਕੀਤੀ ਸਾਰੀ ਮਦਦ ਨੂੰ ਵੇਖਣ ਵਿੱਚ ਅੱਖਾਂ ਅਤੇ ਸੁਨਣ
ਵਿੱਚ ਕੰਨ ਜਵਾਬ ਦੇ ਜਾਂਦੇ ਹਨ। ਕਰਤਾਰ ਦੇ ਮਨ ਵਿੱਚ ਆਪਣੀ ਇਤਨੀ ਵੱਡੀ ਰਚਨਾ ਬਾਰੇ ਅੱਗੇ ਲਈ ਕੀ
ਵੀਚਾਰ ਚੱਲ ਰਹੀ ਹੈ? ਜੀਵਾਂ ਨੂੰ ਕੁੱਝ ਨਹੀਂ ਪਤਾ। ਅੰਤੁ ਨ ਜਾਪੈ, ਕੀਤਾ ਆਕਾਰੁ।। ਅੰਤੁ ਨ
ਜਾਪੈ, ਪਾਰਾਵਾਰੁ।। ਰੱਬ ਵਲੋਂ ਬਣਾਏ ਗਏ ਆਕਾਰ (ਜੀਵਾਂ ਦੇ ਸਮੂਹ), ਜਿਸ ਦੀ ਕੋਈ ਸੀਮਾ ਨਹੀਂ
ਵਿਖਾਈ ਦੇਂਦੀ, ਉਸ ਪਸਾਰੇ ਦੇ ਉਰਲੇ ਜਾਂ ਪਰਲੇ ਕਿਨਾਰੇ ਬਾਰੇ ਜੀਵਾਂ ਨੂੰ ਕੋਈ ਜਾਣਕਾਰੀ ਨਹੀਂ।
ਅੰਤ ਕਾਰਣਿ, ਕੇਤੇ ਬਿਲਲਾਹਿ।। ਤਾ ਕੇ ਅੰਤ, ਨ ਪਾਏ ਜਾਹਿ।। ਉ:
ਸੇਧ:-ਬਿਲਲਾਹਿਂ, ਜਾਹਿਂ।
ਪ੍ਰਭੂ ਦਾ ਅੰਤ ਪਾਉਣ ਵਾਸਤੇ ਕਿਤਨੇ ਜੀਵ ਦੁਖੀ ਰਹਿੰਦੇ ਹਨ। ਫਿਰ ਭੀ ਉਸ
ਦੇ ਹੱਦ ਬੰਨੇ ਲੱਭੇ ਨਹੀਂ ਜਾ ਸਕਦੇ।
ਏਹੁ ਅੰਤੁ, ਨ ਜਾਣੈ ਕੋਇ।। ਬਹੁਤਾ ਕਹੀਐ, ਬਹੁਤਾ ਹੋਇ।। ਉ: ਸੇਧ:-ਏਹ।
ਇਹ ਅੰਤ (ਸੀਮਾ) ਕੋਈ ਨਹੀਂ ਜਾਣਦਾ ਕਿਉਂਕਿ ਉੇਸ ਨੂੰ ਅਗਰ ਬਹੁਤ ਵੱਡਾ ਆਖੀਏ, ਤਾਂ ਹੋਰ ਵੱਡਾ
ਮਹਿਸੂਸ ਹੋਣ ਲੱਗ ਜਾਂਦਾ ਹੈ। (ਜਿਵੇਂ ਇੱਕ ਵੱਡੇ ਪਹਾੜ `ਤੇ ਚੜ੍ਹਨ ਤੋਂ ਬਾਅਦ ਦੂਸਰਾ ਪਹਾੜ ਹੋਰ
ਵੱਡਾ ਲੱਗਣ ਲੱਗ ਜਾਂਦਾ ਹੈ) ਵਡਾ ਸਾਹਿਬੁ, ਊਚਾ ਥਾਉ।। ਊਚੇ ਉਪਰਿ ਊਚਾ, ਨਾਉ।। ਉ:
ਸੇਧ:-ਥਾਉਂ, ਨਾਉੇਂ। ਉਹ ਵੱਡਾ ਮਾਲਕ ਮਾਇਆ ਤੋਂ ਉੱਚੇ (ਨਿਰਲੇਪ) ਟਿਕਾਣੇ `ਤੇ ਵਿਰਾਜਮਾਨ
ਹੈ। ਉਸ ਦੀ ਮਹਿਮਾ ਭੀ ਮਾਇਆ ਤੋਂ ਬਹੁਤ ਨਿਰਲੇਪ ਹੈ।
ਏਵਡੁ ਊਚਾ ਹੋਵੈ, ਕੋਇ।। ਤਿਸੁ ਊਚੇ ਕਉ, ਜਾਣੈ ਸੋਇ।। ਜੇ ਕੋਈ ਭਗਤ
ਮਾਇਆ ਤੋਂ ਇਤਨਾ ਉੱਚਾ (ਨਿਰਲੇਪ) ਹੋਵੇ; ਉਹੀ ਪ੍ਰਭੂ ਦੀ ਪੂਰੀ ਨਿਰਲੇਪਤਾ ਬਾਰੇ ਜਾਣਕਾਰੀ ਰੱਖਦਾ
ਹੈ (ਪਰ ਇਤਨਾ ਨਿਰਲੇਪ ਕੋਈ ਨਹੀਂ)
ਜੇਵਡੁ ਆਪਿ, ਜਾਣੈ ਆਪਿ ਆਪਿ।। ਨਾਨਕ! ਨਦਰੀ ਕਰਮੀ ਦਾਤਿ।। ੨੪।।
ਇਸ ਲਈ ਜਿਤਨਾ ਨਿਰਲੇਪ ਪ੍ਰਭੂ ਆਪ ਹੈ, ਉਸ ਦੀ ਪੂਰੀ ਜਾਣਕਾਰੀ ਉਹ ਆਪ ਹੀ
ਰੱਖਦਾ ਹੈ। ਹੇ ਨਾਨਕ! (ਉਸ ਵਿਆਪਕ, ਨਿਰਲੇਪ ਅਤੇ) ਬਖ਼ਸ਼ਸ਼ਾਂ ਦੇ ਮਾਲਕ ਪ੍ਰਭੂ ਦੀ ਮਿਹਰ ਨਾਲ ਹੀ
ਜੀਵਾਂ ਨੂੰ ਹਰ ਇੱਕ ਦਾਤ ਮਿਲਦੀ ਹੈ। ੨੪।
(ਨੋਟ:-ਅਗਲੀ ਪਉੜੀ ਵਿੱਚ ਵੱਡੇ ਨਿਰਲੇਪ ਪ੍ਰਭੂ ਦੀਆਂ ਜੀਵਾਂ ਨੂੰ ਬਖ਼ਸ਼ੀਆਂ
ਬੇਅੰਤ ਦਾਤਾਂ ਦਾ ਜ਼ਿਕਰ ਕੀਤਾ ਹੋਇਆ ਹੈ) ਬਹੁਤਾ ਕਰਮੁ, ਲਿਖਿਆ ਨਾ ਜਾਇ।। ਵਡਾ ਦਾਤਾ, ਤਿਲੁ ਨ
ਤਮਾਇ।।
(ਜੀਵਾਂ `ਤੇ ਪ੍ਰਭੂ ਦੀ) ਬੇਅੰਤ ਪ੍ਰਕਾਰ ਦੀ ਮਿਹਰ ਹੈ, ਜੋ ਪੂਰਨ ਤੌਰ
`ਤੇ ਬਿਆਨ ਨਹੀਂ ਕੀਤੀ ਜਾ ਸਕਦੀ। (ਪਰ ਇਨ੍ਹਾਂ ਦਾਤਾਂ ਬਦਲੇ ਉਸ) ਵੱਡੇ ਦਾਤਾਰ ਪ੍ਰਭੂ ਨੂੰ ਰੱਤੀ
ਭਰ ਦੀ ਤਮਾ (ਲਾਲਚ) ਭੀ ਨਹੀਂ।
ਕੇਤੇ ਮੰਗਹਿ, ਜੋਧ ਅਪਾਰ।। ਕੇਤਿਆ, ਗਣਤ ਨਹੀ ਵੀਚਾਰੁ।। ਕੇਤੇ, ਖਪਿ
ਤੁਟਹਿ ਵੇਕਾਰ।। ਉ: ਸੇਧ:-ਮੰਗਹਿਂ, ਕੇਤਿਆਂ, ਨਹੀਂ, ਤੁਟਹਿਂ। ਬੇਅੰਤ ਜੋਧਿਆਂ (ਰਾਜਿਆਂ)
ਸਮੇਤ ਅਨੇਕਾਂ ਜੀਵ; (ਪਹਿਲਾਂ ਤੋਂ ਹੀ ਉਸ ਦੇ ਦਰ ਤੋਂ ਪ੍ਰਾਪਤ ਕੀਤੀਆਂ ਦਾਤਾਂ ਤੋਂ ਵਧੀਕ, ਹੋਰ
ਦਾਤਾਂ) ਮੰਗਦੇ ਹਨ। ਅਜੇਹੇ ਹੋਰ ਕਿਤਨਿਆਂ ਦੀ ਗਿਣਤੀ ਦੀ ਵੀਚਾਰ ਨਹੀਂ ਕੀਤੀ ਜਾ ਸਕਦੀ। (ਪ੍ਰਭੂ
ਦਰ ਤੋਂ ਮਿਲੀਆਂ ਦਾਤਾਂ ਪ੍ਰਾਪਤ ਕਰ ਕਰ ਕੇ ਉਸ ਦਾ ਸ਼ੁਕਰ ਕਰਨ ਦੀ ਬਜਾਏ) ਕਿਤਨੇ ਜੀਵ ਵਿਕਾਰਾਂ
(ਦਾਤਾਂ) ਵਿੱਚ ਹੀ ਖਪ ਖਪ ਕੇ ਮਰ ਗਏ।
ਕੇਤੇ, ਲੈ ਲੈ ਮੁਕਰਿ ਪਾਹਿ।। ਕੇਤੇ ਮੂਰਖ, ਖਾਹੀ ਖਾਹਿ।। ਉ:
ਸੇਧ:-ਪਾਹਿਂ, ਖਾਹਿਂ। ਅਜੇਹੇ ਕਿਤਨੇ ਦਾਤਾਂ ਲੈ ਲੈ ਕੇ ਮੁਕਰ ਜਾਂਦੇ ਹਨ ਅਤੇ ਕਿਤਨੇ ਮੂਰਖ
ਜੀਵ (ਦੇਣ ਵਾਲੇ ਦਾਤਾਰ ਨੂੰ ਭੁੱਲਾ ਕੇ) ਦਾਤਾਂ ਹੀ ਖਾਂਦੇ ਰਹਿੰਦੇ ਹਨ। {ਸ਼ੁਕਰ ਵਜੋਂ ਦੋ ਸ਼ਬਦ
(ਪ੍ਰਭੂ ਸਿਫ਼ਤ) ਮੂੰਹ ਨਾਲ ਨਹੀਂ ਬੋਲਦੇ}
ਕੇਤਿਆ, ਦੂਖ ਭੂਖ ਸਦ ਮਾਰ।। ਏਹਿ ਭਿ ਦਾਤਿ ਤੇਰੀ, ਦਾਤਾਰ।। ਉ:
ਸੇਧ:-ਕੇਤਿਆਂ, ਏਹ। (ਦਾਤੇ ਨੂੰ ਭੁਲਾਉੇਣ ਕਾਰਨ; ਇਹ ਦਾਤਾਂ ਪ੍ਰਾਪਤ ਕਰਨ ਦੇ ਬਾਵਜ਼ੂਦ ਭੀ)
ਬੇਅੰਤ ਜੀਵਾਂ ਨੂੰ ਦੁੱਖਾਂ ਅਤੇ ਭੁੱਖ ਦੀ ਸਦਾ ਮਾਰ ਪਈ ਰਹਿੰਦੀ ਹੈ। ‘ਪਰਮੇਸਰ ਤੇ ਭੁਲਿਆਂ,
ਵਿਆਪਨਿ ਸਭੇ ਰੋਗ।। ` (ਮ: ੫ ਪੰਨਾ ੧੩੫) (ਪਰ ਇਨ੍ਹਾਂ ਜੀਵ ਵਿਚਾਰਿਆਂ ਦੇ ਭੀ ਕੀ ਵੱਸ ਵਿੱਚ
ਹੈ?) ਹੇ ਦਾਤਾਰ ਪ੍ਰਭੂ! ਇਹ ਸਭ ਭੀ ਤੇਰੀ ਦਾਤ (ਖੇਡ) ਹੈ।
ਬੰਦਿ ਖਲਾਸੀ, ਭਾਣੈ ਹੋਇ।। ਹੋਰੁ, ਆਖਿ ਨ ਸਕੈ, ਕੋਇ।। ਤੇਰੇ ਹੁਕਮ
ਵਿੱਚ ਚੱਲ ਕੇ ਹੀ ਇਨ੍ਹਾਂ ਸਾਰੇ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ (ਤੇਰੇ ਹੁਕਮ
ਵਿੱਚ ਚੱਲਣ ਤੋਂ ਬਿਨਾ, ਮੁਕਤੀ ਪਾਉਣ ਦਾ) ਕੋਈ ਹੋਰ ਤਰੀਕਾ; ਕੋਈ ਵੀ ਜੀਵ ਦੱਸ ਨਹੀਂ ਸਕਦਾ
(ਕਿਉਂਕਿ ਦੂਜਾ ਤਰੀਕਾ ਹੈ ਹੀ ਨਹੀਂ; ਤਰੀਕਾ ਇੱਕੋ ਹੀ ਹੈ) ਕਿਵ, ਸਚਿਆਰਾ ਹੋਈਐ? ਜਵਾਬ
ਸੀ। ਹੁਕਮਿ ਰਜਾਈ ਚਲਣਾ; ਨਾਨਕ! ਲਿਖਿਆ ਨਾਲਿ।। ੧।।
ਜੇ ਕੋ ਖਾਇਕੁ, ਆਖਣਿ ਪਾਇ।। ਓਹੁ ਜਾਣੈ, ਜੇਤੀਆ ਮੁਹਿ ਖਾਇ।। ਉ:
ਸੇਧ:-ਓਹ, ਜੇਤੀਆਂ, ਮੁੰਹ।
ਪਰ ਜੇ ਕੋਈ ਮੂਰਖ (ਪ੍ਰਭੂ ਦੀ ਰਜ਼ਾ ਵਿੱਚ ਚੱਲਣ ਤੋਂ ਬਿਨਾ ਮੁਕਤੀ ਪਾਉਣ
ਲਈ, ਕੋਈ ਹੋਰ ਤਰੀਕਾ) ਦੱਸਣ ਦਾ ਯਤਨ ਕਰਦਾ ਹੈ (ਤਾਂ ਉਹ ਮੁਕਤੀ ਤਾਂ ਪ੍ਰਾਪਤ ਨਹੀਂ ਕਰ ਸਕਦਾ,
ਪਰ) ਵਿਕਾਰਾਂ ਦੀਆਂ ਕਿੰਨੀਆਂ ਮਾਰਾਂ ਆਪਣੇ ਮੂੰਹ `ਤੇ ਖਾਂਦਾ ਹੈ? (ਇਸ ਮਾਰ ਦੀ ਸਹੀ ਜਾਣਕਾਰੀ)
ਉਹ ਆਪ ਹੀ ਜਾਣਦਾ ਹੈ।
ਆਪੇ ਜਾਣੈ, ਆਪੇ ਦੇਇ।। ਆਖਹਿ, ਸਿ ਭਿ, ਕੇਈ ਕੇਇ।। ਉ: ਸੇਧ:-ਆਖਹਿਂ। (ਰੱਬੀ
ਹੁਕਮ ਵਿੱਚ ਚੱਲਣ ਵਾਲੇ) ਕੁੱਝ ਵਿਰਲੇ ਭਗਤ ਪ੍ਰਭੂ `ਤੇ ਇਹ ਯਕੀਨ ਭੀ ਰੱਖਦੇ ਹਨ ਕਿ ਪ੍ਰਭੂ ਸਾਡੇ
ਦਿਲ ਦੀ ਮੰਗ ਆਪ ਹੀ ਜਾਣਦਾ ਹੈ ਅਤੇ ਉਸ ਅਨੁਸਾਰ ਦਾਤਾਂ ਭੀ ਆਪੇ ਹੀ ਦੇਂਦਾ ਰਹਿੰਦਾ ਹੈ।
ਜਿਸ ਨੋ ਬਖਸੇ, ਸਿਫਤਿ ਸਾਲਾਹ।। ਨਾਨਕ! ਪਾਤਿਸਾਹੀ ਪਾਤਿਸਾਹੁ।। ੨੫।। ਉ:
ਸੇਧ:-ਬਖ਼ਸ਼ੇ, ਪਾਤਿਸ਼ਾਹੀਂ, ਪਾਤਿਸ਼ਾਹ।
(ਪਰ ਇਨ੍ਹਾਂ ਬੇਅੰਤ ਸਮਾਜਿਕ ਦਾਤਾਂ ਸਮੇਤ) ਜਿਸ `ਤੇ ਆਪਣੀ ਸਿਫ਼ਤ
ਸਾਲਾਹ ਕਰਵਾਉਣ ਵਾਲੀ (ਉੱਚੀ, ਨਿਰਮਲ ਦਾਤ ਦੀ) ਮਿਹਰ ਕਰ ਦੇਂਦਾ ਹੈ; ਹੇ ਨਾਨਕ! ਉਹ ਪਾਤਿਸ਼ਾਹਾਂ
ਦਾ ਪਾਤਿਸ਼ਾਹ ਬਣ ਜਾਂਦਾ ਹੈ। (ਕਿਉਂਕਿ ਇਹ ਨਿਰਮਲ ਦਾਤ; ਸੰਸਾਰੀ ਪਦਾਰਥਾਂ ਦੇ ਬਦਲੇ ਪ੍ਰਾਪਤ ਨਹੀਂ
ਕੀਤੀ ਜਾ ਸਕਦੀ।
ਅਮੁਲ ਗੁਣ, ਅਮੁਲ ਵਾਪਾਰ।। ਅਮੁਲ ਵਾਪਾਰੀਏ, ਅਮੁਲ ਭੰਡਾਰ।। (ਇਸ
ਉੱਚੀ, ਨਿਰਮਲ ਦਾਤ ਲਈ ਪ੍ਰਭੂ ਦੀ) ਬਖ਼ਸ਼ਸ਼ ਦੁਨੀਆਵੀਂ ਕੀਮਤ ਰਹਿਤ ਹੈ। ‘ਕੰਚਨ ਸਿਉ ਪਾਈਐ ਨਹੀ
ਤੋਲਿ।। ` (ਪੰਨਾ ੩੨੭) ਇਸ ਮਿਹਰ ਦਾ ਵਾਪਾਰ ਭੀ ਕੀਮਤ ਰਹਿਤ ਹੁੰਦਾ ਹੈ। (ਭਾਵ:-ਪ੍ਰਭੂ ਦੀ
ਸਿਫ਼ਤ ਸਾਲਾਹ ਕਰਨ ਲਈ ਕੋਈ ਦੁਨੀਆਵੀਂ ਖਰਚ ਕਰਨ ਦੀ ਜ਼ਰੂਰਤ ਨਹੀਂ) ਇਹ ਵਾਪਾਰ ਕਰਨ ਵਾਲੇ ਭਗਤ ਜਨ
ਵੀ ਕੀਮਤ ਰਹਿਤ ਜੀਵਨ ਵਾਲੇ ਬਣ ਜਾਂਦੇ ਹਨ।” ਮੰਨੇ ਕੀ ਗਤਿ, ਕਹੀ ਨ ਜਾਇ”।। ਕਿਉਂਕਿ
ਉਨ੍ਹਾਂ ਕੋਲ ਪ੍ਰਭੂ ਗੁਣਾਂ (ਬਖ਼ਸ਼ਸ਼ਾਂ) ਦੇ ਅਮੋਲਕ ਖ਼ਜ਼ਾਨੇ ਹੁੰਦੇ ਹਨ।
ਅਮੁਲ ਆਵਹਿ, ਅਮੁਲ ਲੈ ਜਾਹਿ।। ਅਮੁਲ ਭਾਇ, ਅਮੁਲਾ ਸਮਾਹਿ।। ਉ:
ਸੇਧ:-ਆਵਹਿਂ, ਜਾਹਿਂ, ਸਮਾਹਿਂ। ਭਗਤ ਜਨ ਅਮੋਲਕ ਬਖ਼ਸ਼ਸ਼ਾਂ ਨੂੰ ਪ੍ਰਾਪਤ ਕਰਨ ਲਈ ਹੀ ਮਨੁੱਖਾ
ਜੂਨੀ ਵਿੱਚ ਆਉਂਦੇ ਹਨ ਅਤੇ ਇਨ੍ਹਾਂ ਅਮੋਲਕ ਬਖ਼ਸ਼ਸ਼ਾਂ ਨੂੰ ਗ੍ਰਹਿਣ ਕਰ ਕੇ ਸਮਾਜ ਵਿੱਚ ਚਲਦੇ ਹਨ।
(ਭਾਵ:-ਕੀਮਤੀ ਗੁਣਾਂ ਨਾਲ ਭਰਪੂਰ ਉਮਰ (ਜਿੰਦਗੀ) ਬਤੀਤ ਕਰਦੇ ਹਨ। ਅੰਤ ਨੂੰ) ਅਮੋਲਕ ਪ੍ਰਭੂ
ਪ੍ਰੇਮ ਦੀ ਰਾਹੀਂ ਅਮੋਲਕ ਬਖ਼ਸ਼ਸ਼ਾਂ ਦੇ ਮਾਲਕ ਪ੍ਰਭੂ ਵਿੱਚ ਹੀ ਲੀਨ ਹੋ ਜਾਂਦੇ ਹਨ।
ਅਮੁਲੁ ਧਰਮੁ, ਅਮੁਲੁ ਦੀਬਾਣੁ।। ਅਮੁਲੁ ਤੁਲੁ, ਅਮੁਲੁ ਪਰਵਾਣੁ।।
ਪ੍ਰਮਾਤਮਾ ਦਾ ਉਕਤ ਸਿਧਾਂਤ (ਕਾਨੂੰਨ) ਅਮੋਲਕ ਹੈ (ਭਾਵ:-ਕੋਈ ਜੀਵ ਰਿਸ਼ਵਤ
ਦੇ ਕੇ ਇਸ ਮਾਰਗ `ਤੇ ਨਹੀਂ ਚਲ ਸਕਦਾ) ਪ੍ਰਭੂ ਦੀ ਅਦਾਲਤ (ਮਨੁੱਖਾ ਜੀਵਨ ਲਈ ਪਰਖ ਘਰ) ਭੀ ਅਮੋਲਕ
ਹੈ। (ਉਸ ਨਿਆਂ ਦੇਣ ਵਾਲੇ ਘਰ ਵਿਚ) ਅਮੋਲਕ ਤਰਾਜ਼ੂ ਅਤੇ ਅਮੋਲਕ ਹੀ ਵੱਟਾ ਹੈ। (ਭਾਵ:-ਇਨਸਾਫ਼ ਕਰਨ
ਵਾਲੇ ਰਿਸ਼ਵਤ ਖ਼ੋਰ ਨਹੀਂ)
ਅਮੁਲ ਬਖਸੀਸ, ਅਮੁਲੁ ਨੀਸਾਣੁ।। ਅਮੁਲੁ ਕਰਮੁ, ਅਮੁਲੁ ਫੁਰਮਾਣੁ।। ਉ:
ਸੇਧ:-ਬਖ਼ਸ਼ੀਸ਼, ਨੀਸ਼ਾਣ, ਫ਼ੁਰਮਾਨ। (ਤੋਲਣ, ਪਰਖਣ ਵਾਲੀ) ਅਮੋਲਕ ਮਿਹਰ ਹੈ, (ਮਿਹਰ ਨਾਲ ਪੈਣ
ਵਾਲਾ) ਅਮੋਲਕ ਚਿਨ੍ਹ ਹੈ। (ਭਾਵ:-ਪ੍ਰਭੂ ਦਾ ਮਿਲਾਪ ਰੂਪ ਚਿਨ੍ਹ, ਸੁੰਦਰਤਾ ਅਮੋਲਕ ਹੈ) ਅਮੋਲਕ
ਮਿਹਰ ਅਤੇ ਅਮੋਲਕ ਹੁਕਮ ਹੈ।
ਅਮੁਲੋ ਅਮੁਲੁ, ਆਖਿਆ ਨ ਜਾਇ।। ਆਖਿ ਆਖਿ ਰਹੇ, ਲਿਵ ਲਾਇ।। (ਹੋਰ ਭੀ
ਅਨੇਕਾਂ) ਅਮੋਲਕ ਹੀ ਅਮੋਲਕ ਪ੍ਰਭੂ ਦੇ ਖ਼ਜ਼ਾਨੇ ਹਨ; ਜਿਨ੍ਹਾ ਬਾਰੇ ਪੂਰਨ ਤੌਰ `ਤੇ ਵਰਨਣ ਨਹੀਂ
ਕੀਤਾ ਜਾ ਸਕਦਾ। ਬੇਅੰਤ ਭਗਤ ਉਨ੍ਹਾਂ ਖ਼ਜ਼ਾਨਿਆਂ ਵਿੱਚ ਸਮਾਧੀ ਲਾ ਲਾ ਕੇ ਅਤੇ ਉਨ੍ਹਾਂ ਬਾਰੇ ਬਿਆਨ
ਕਰ ਕਰ ਕੇ ਰਹਿ ਗਏ। (ਉਮਰ ਭੋਗ ਗਏ, ਅੰਤ ਨਹੀਂ ਪਾ ਸਕੇ)
ਆਖਹਿ, ਵੇਦ ਪਾਠ ਪੁਰਾਣ।। ਆਖਹਿ ਪੜੇ, ਕਰਹਿ ਵਖਿਆਣ।। ਉ: ਸੇਧ-ਆਖਹਿਂ,
ਪੜ੍ਹੇ, ਕਰਹਿਂ।
ਅਨੇਕਾਂ ਜੀਵ; ਵੇਦ, ਪੁਰਾਣ ਆਦਿ ਧਾਰਮਿਕ ਪੁਸਤਕਾਂ ਦੇ ਪਾਠ (ਗਿਆਨ) ਰਾਹੀਂ
(ਪ੍ਰਭੂ ਦੇ ਅਮੋਲਕ ਖ਼ਜ਼ਾਨਿਆਂ ਬਾਰੇ) ਆਖਦੇ ਹਨ। ਪੜ੍ਹੇ ਲਿਖੇ ਵਿਦਵਾਨ ਭੀ ਅਨੁਮਾਨ ਲਗਾਉਂਦੇ ਹਨ,
ਜੋ ਹੋਰਾਂ ਨੂੰ ਭੀ ਉਪਦੇਸ਼ ਕਰਨਾ ਜਾਣਦੇ ਹਨ।
ਆਖਹਿ ਬਰਮੇ, ਆਖਹਿ ਇੰਦ।। ਆਖਹਿ ਗੋਪੀ, ਤੈ ਗੋਵਿੰਦ।। ਉ: ਸੇਧ:-ਆਖਹਿਂ,
ਬਰ੍ਹਮੇ।
ਕਈ ਬ੍ਰਹਮੇ, ਕਈ ਇੰਦਰ, ਕਈ ਗੋਪੀਆਂ, ਕਈ ਕ੍ਰਿਸ਼ਨ ਆਦਿ ਭੀ (ਪ੍ਰਭੂ ਦੇ
ਖ਼ਜ਼ਾਨਿਆਂ ਬਾਰੇ) ਆਖਦੇ ਹਨ।
ਆਖਹਿ ਈਸਰ, ਆਖਹਿ ਸਿਧ।। ਆਖਹਿ ਕੇਤੇ, ਕੀਤੇ ਬੁਧ।। ਉ: ਸੇਧ:-ਆਖਹਿਂ,
ਈਸ਼ਰ। ਉਸ ਪ੍ਰਭੂ ਦੇ ਪੈਦਾ ਕੀਤੇ ਅਨੇਕਾਂ ਸ਼ਿਵ, ਅਨੇਕਾਂ ਸਿਧ ਜੋਗੀ, ਅਨੇਕਾਂ ਬੋਧੀ ਆਦਿ ਆਪੋ
ਆਪਣੀ ਬੁਧੀ ਅਨੁਸਾਰ ਪ੍ਰਭੂ ਜੀ ਬਾਰੇ ਬਿਆਨ ਕਰਦੇ ਹਨ। ਆਖਹਿ ਦਾਨਵ, ਆਖਹਿ ਦੇਵ।। ਆਖਹਿ ਸੁਰਿ
ਨਰ, ਮੁਨਿ ਜਨ ਸੇਵ।। ਉ: ਸੇਧ:-ਆਖਹਿਂ।
ਬੇਅੰਤ ਰਾਖਸ਼, ਬੇਅੰਤ ਦੇਵਤੇ, ਬੇਅੰਤ ਸ਼੍ਰੇਸਟ ਮਨੁੱਖ, ਬੇਅੰਤ ਰਿਸ਼ੀ ਮੁਨੀ,
ਬੇਅੰਤ ਭਗਤ ਜਨ ਆਦਿ ਭੀ ਆਖਦੇ ਹਨ।
ਕੇਤੇ ਆਖਹਿ, ਆਖਣਿ ਪਾਹਿ।। ਕੇਤੇ ਕਹਿ ਕਹਿ, ਉਠਿ ਉਠਿ ਜਾਹਿ।। ਉ:
ਸੇਧ:-ਆਖਹਿਂ, ਪਾਹਿਂ, ਜਾਹਿਂ। ਕਿਤਨੇ ਹੋਰ ਆਖਦੇ ਹਨ ਅਤੇ ਬੇਅੰਤ ਆਖਣ ਦਾ ਯਤਨ ਕਰਦੇ ਹਨ।
ਬੇਅੰਤ ਆਖ ਆਖ ਕੇ ਸਮਾਜ `ਚੋਂ ਹੀ ਉੱਠ (ਮਰ) ਗਏ ਹਨ। ਏਤੇ ਕੀਤੇ, ਹੋਰਿ ਕਰੇਹਿ।। ਤਾ, ਆਖਿ ਨ
ਸਕਹਿ; ਕੇਈ ਕੇਇ।। ਉ: ਸੇਧ:-ਕਰੇਹਿਂ, ਤਾਂ, ਸਕਹਿਂ। ਹੇ ਪ੍ਰਭੂ ਜੀ! (ਤੇਰੇ ਗੁਣਾਂ ਨੂੰ
ਬਿਆਨ ਕਰਨ ਵਾਲੇ) ਇਤਨੇ ਤਾਂ ਆਪ ਜੀ ਨੇ ਪਹਿਲਾਂ ਹੀ ਪੈਦਾ ਕੀਤੇ ਹੋਏ ਸਨ। ਅਗਰ ਅਣਗਿਣਤ ਹੋਰ ਭੀ
ਪੈਦਾ ਕਰ ਦੇਵੇਂ (ਤਾਂ ਭੀ ਤੇਰੇ ਬਾਰੇ ਪੂਰਨ ਤੌਰ `ਤੇ ਜਾਣਕਾਰੀ) ਕੋਈ ਵੀ ਪ੍ਰਾਪਤ ਨਹੀਂ ਕਰ
ਸਕਦਾ। (ਕਿਉਂਕਿ)
ਜੇਵਡੁ ਭਾਵੈ, ਤੇਵਡੁ ਹੋਇ।। ਨਾਨਕ! ਜਾਣੈ ਸਾਚਾ ਸੋਇ।। ਤੂੰ ਜਿਤਨਾ
ਵੱਡਾ ਹੋਣਾ ਚਾਹੁੰਦਾ ਹੈਂ। ਉੱਤਨਾ ਵੱਡਾ ਹੋ ਜਾਂਦਾ ਹੈਂ। ਹੇ ਨਾਨਕ! (ਆਪਣੇ ਵਿਸਥਾਰ ਬਾਰੇ ਸਹੀ
ਜਾਣਕਾਰੀ) ਉਹ ਥਿਰ ਪ੍ਰਭੂ ਆਪ ਹੀ ਜਾਣਦਾ ਹੈ।
ਜੇ, ਕੋ ਆਖੈ ਬੋਲੁਵਿਗਾੜੁ।। ਤਾ ਲਿਖੀਐ, ਸਿਰਿ ਗਾਵਾਰਾ ਗਾਵਾਰੁ।। ੨੬।।
ਉ: ਸੇਧ:-ਤਾਂ, ਗਾਵਾਰਾਂ।
ਪਰ ਜੇ ਕੋਈ ਬੜਬੋਲਾ (ਹੋਛਾ) ਜੀਵ (ਪ੍ਰਭੂ ਬਾਰੇ ਪੂਰਨ ਜਾਣਕਾਰੀ ਹੋਣ ਦਾ)
ਹੱਕ ਜਤਾਉੇਂਦਾ ਹੈ, ਤਾਂ ਉਸ ਨੂੰ ਮੂਰਖਾਂ ਵਿਚੋਂ ਸ੍ਰੇਸ਼ਟ ਮੂਰਖ ਮੰਨਿਆ ਜਾ ਸਕਦਾ ਹੈ।
(ਨੋਟ:-ਪ੍ਰਭੂ ਦੇ ਗੁਣਾਂ ਨਾਲ ਇਤਨੇ ਵਿਆਪਕ ਪੱਧਰ `ਤੇ ਜੁੜ ਕੇ ਭਗਤ ਪ੍ਰਭੂ ਨਾਲ ਇੱਕ-ਮਿਕ ਹੋਇਆ,
ਕੁਰਲਾ ਹੀ ਉੱਠਦਾ ਹੈ, ਕਿ:-
ਸੋ ਦਰੁ ਕੇਹਾ? ਸੋ ਘਰੁ ਕੇਹਾ? ਜਿਤੁ ਬਹਿ, ਸਰਬ ਸਮਾਲੇ।। ਉ:
ਸੇਧ:-ਸਮ੍ਹਾਲੇਂ। ਹੇ ਨਿਰਾਕਾਰ ਪ੍ਰਭੂ! ਉਹ ਦਰ ਅਤੇ ਘਰ ਕਿਹੋ ਜਿਹਾ (ਅਸਚਰਜ ਪੈਦਾ ਕਰਨ
ਵਾਲਾ) ਹੈ? ਜਿਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈਂ। (ਉੱਤਰ:-ਤੇਰਾ ਟਿਕਾਣਾ ਤਾਂ
ਸਰਬ ਵਿਆਪਕ ਅਤੇ ਨਿਰਲੇਪ ਹੈ, ਤਾਂ ਤੇ ਤੇਰੀ ਰਚੀ ਹੋਈ ਕੁਦਰਤ ਹੀ ਤੇਰਾ ਅਸਲੀ ਦਰ ਘਰ ਹੈ।)
ਵਾਜੇ ਨਾਦ, ਅਨੇਕ ਅਸੰਖਾ; ਕੇਤੇ ਵਾਵਣਹਾਰੇ।। ਉ: ਸੇਧ:-ਅਸੰਖਾਂ।
(ਤੇਰੇ ਉਸ ਦਰ ਘਰ ਵਿਚ) ਬੇਅੰਤ ਅਤੇ ਅਣਗਿਣਤ ਕਿਸਮ ਦੇ ਨਾਦ ਵਜ ਰਹੇ
ਹਨ। ਬੇਅੰਤ ਉਨ੍ਹਾਂ ਨੂੰ ਵਜਾਉਣ ਵਾਲੇ ਭਗਤ ਹਨ।
ਕੇਤੇ ਰਾਗ, ਪਰੀ ਸਿਉ ਕਹੀਅਨਿ; ਕੇਤੇ ਗਾਵਣਹਾਰੇ।। ਉ: ਸੇਧ-ਸਿਉਂ। (ਤੇਰੇ
ਉਸ ਨਿਰਲੇਪ ਟਿਕਾਣੇ `ਤੇ)
ਕਿਤਨੇ ਰਾਗ, ਰਾਗਣੀਆਂ ਸਮੇਤ ਕਹੇ ਜਾਂਦੇ ਹਨ। ਜਿਨ੍ਹਾ ਰਾਹੀਂ ਕਿਤਨੇ
ਤੈਨੂੰ ਗਾਉਣ ਵਾਲੇ ਹਨ।
ਗਾਵਹਿ ਤੁਹਨੋ, ਪਉਣੁ ਪਾਣੀ ਬੈਸੰਤਰੁ, ਗਾਵੈ ਰਾਜਾ ਧਰਮੁ, ਦੁਆਰੇ।। ਉ:
ਸੇਧ:-ਗਾਵਹਿਂ।
ਹਵਾ, ਪਾਣੀ, ਅੱਗ ਆਦਿ ਤੱਤ ਤੈਨੂੰ ਗਾ ਰਹੇ ਹਨ। (ਭਾਵ:-ਤੇਰੇ ਡਰ ਵਿੱਚ
ਚੱਲ ਰਹੇ ਹਨ) ਤੇਰੇ ਦਰ `ਤੇ ਖੜ੍ਹਾ ਧਰਮਰਾਜ ਭੀ ਤੈਨੂੰ ਗਾਉਂਦਾ ਹੈ। (ਭਾਵ:-ਧਰਮਰਾਜ ਭੀ ਤੇਰੇ
ਅਧੀਨ ਹੈ)
ਗਾਵਹਿ ਚਿਤੁ ਗੁਪਤੁ, ਲਿਖਿ ਜਾਣਹਿ; ਲਿਖਿ ਲਿਖਿ, ਧਰਮੁ ਵੀਚਾਰੇ।। ਉ:
ਸੇਧ:-ਗਾਵਹਿਂ, ਜਾਣਹਿਂ। ਚਿਤ੍ਰ ਗੁਪਤ (ਜੋ ਜੀਵਾਂ ਦੇ ਕਰਮਾ ਦਾ ਹਿਸਾਬ) ਲਿਖਣਾ ਜਾਣਦੇ,
ਮੰਨੇ ਜਾਂਦੇ ਹਨ, ਤੈਨੂੰ ਗਾ ਰਹੇ ਹਨ। ਜਿਨ੍ਹਾਂ ਦੇ ਲਿਖੇ ਨੂੰ ਧਰਮਰਾਜ ਭੀ ਵੀਚਾਰਦਾ, ਮੰਨਿਆ
ਜਾਂਦਾ ਹੈ।
ਗਾਵਹਿ ਈਸਰੁ, ਬਰਮਾ, ਦੇਵੀ; ਸੋਹਨਿ ਸਦਾ ਸਵਾਰੇ।। ਉ: ਸੇਧ:-ਗਾਵਹਿਂ,
ਈਸ਼ਰ, ਬਰ੍ਹਮਾ।
ਤੈਨੂੰ ਸ਼ਿਵ, ਬ੍ਰਹਮਾ ਆਦਿ ਦੇਵਤੇ, ਦੇਵੀਆਂ ਸਮੇਤ ਗਾ ਰਹੇ ਹਨ। ਜੋ ਤੇਰੇ
ਗੁਣਾਂ ਰਾਹੀਂ ਸਵਾਰੇ ਹੋਏ ਸਮਾਜ ਵਿੱਚ ਸ਼ੋਭਦੇ ਸਨ/ਹਨ। ਗਾਵਹਿ ਇੰਦ ਇਦਾਸਣਿ ਬੈਠੇ; ਦੇਵਤਿਆ
ਦਰਿ ਨਾਲੇ।। ਉ: ਸੇਧ:-ਗਾਵਹਿਂ, ਇੰਦਾਸਣ, ਦੇਵਤਿਆਂ।
ਅਨੇਕਾਂ ਇੰਦ੍ਰ; ਦੇਵਰਾਜ ਦੇ ਦਰਬਾਰ ਵਿਚ, ਹੋਰ ਦੇਵਤਿਆਂ ਸਮੇਤ (ਡਰੇ ਹੋਏ)
ਬੈਠੇ, ਤੇਰੇ ਦਰ `ਤੇ ਤੈਨੂੰ ਗਾ ਰਹੇ ਹਨ।
(ਨੋਟ:-ਪ੍ਰਮਾਤਮਾ ਸਰਬ ਵਿਆਪਕ ਅਤੇ ਨਿਰਲੇਪ ਹੋਣ ਕਾਰਨ ਉਸ ਦਾ ਦਰ ਘਰ ਭੀ
ਸਰਬ ਵਿਆਪਕ ਤੇ ਨਿਰਲੇਪ ਹੈ। ਪਰ ਦੇਵਤੇ ਆਪਣੇ ਆਸਣ `ਤੇ ਬੈਠੇ ਹਮੇਸ਼ਾਂ ਮਾਇਆ ਦੇ ਪ੍ਰਭਾਵ ਅਧੀਨ
ਡਰੇ ਹੋਏ ਮੰਨੇ ਜਾਂਦੇ ਹਨ। ਇੰਦ੍ਰ ਇੰਦ੍ਰਾਸਣਿ ਬੈਠੇ, ਜਮ ਕਾ ਭਉ ਪਾਵਹਿ।। (ਮ: ੩ ਪੰਨਾ
੧੦੪੯)
ਗਾਵਹਿ ਸਿਧ, ਸਮਾਧੀ ਅੰਦਰਿ; ਗਾਵਨਿ ਸਾਧ ਵਿਚਾਰੇ।। ਉ: ਸੇਧ:-ਗਾਵਹਿਂ।
ਜੋਗੀ ਲੋਕ; ਸਮਾਧੀ ਲਾ ਕੇ ਅਤੇ ਸਾਧ ਜਨ ਵੀਚਾਰ ਕਰ ਕਰ ਕੇ ਤੈਨੂੰ ਗਾ ਰਹੇ
ਹਨ।
ਗਾਵਨਿ ਜਤੀ ਸਤੀ ਸੰਤੋਖੀ; ਗਾਵਹਿ ਵੀਰ ਕਰਾਰੇ।। ਉ: ਸੇਧ:-ਗਾਵਹਿਂ।
ਬੇਅੰਤ ਉੱਚੇ ਆਚਰਨ ਵਾਲੇ, ਬੇਅੰਤ ਦਾਨੀ, ਬੇਅੰਤ ਸੰਤੋਖੀ, ਬੇਅੰਤ ਬਹਾਦਰ ਜੋਧੇ (ਰਾਜੇ) ਆਦਿ
ਤੈਨੂੰ ਗਾ ਰਹੇ ਹਨ। ਗਾਵਨਿ ਪੰਡਿਤ ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇ।। ਉ: ਸੇਧ:-ਪੜ੍ਹਨ,
ਵੇਦਾਂ।
ਧਾਰਮਿਕ ਵਿਦਿਆ ਪੜ੍ਹਨ ਵਾਲੇ ਪੰਡਿਤ, ਵੱਡੇ ਵੱਡੇ ਰਿਸ਼ੀ ਮੁਨੀ ਆਦਿ ਸਦਾ
ਤੋਂ ਵੇਦਾਂ ਦੀ ਰਾਹੀਂ ਤੈਨੂੰ ਗਾ ਰਹੇ ਹਨ। ਗਾਵਹਿ ਮੋਹਣੀਆ ਮਨੁ ਮੋਹਨਿ; ਸੁਰਗਾ, ਮਛ,
ਪਇਆਲੇ।। ਉ: ਸੇਧ:-ਗਾਵਹਿਂ, ਮੋਹਣੀਆਂ।
ਆਕਾਸ਼, ਮਾਤ ਲੋਕ ਅਤੇ ਪਾਤਾਲ ਦੀਆਂ ਮਨ ਨੂੰ ਮੋਹ ਲੈਂਣ ਵਾਲੀਆਂ ਇਸਤ੍ਰੀਆਂ
(ਸਦਾ ਤੋਂ) ਤੈਨੂੰ ਗਾ ਰਹੀਆਂ ਹਨ। ਗਾਵਨਿ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ।।
(ਤੇਰੇ ਪੈਦਾ ਕੀਤੇ ਰਤਨ (ਦੈਵੀ ਗੁਣਾਂ ਨਾਲ ਸ਼ਿੰਗਾਰੇ ਹੋਏ ਭਗਤ ਜਨ)
ਤੈਨੂੰ ਹੀ ਗਾ ਰਹੇ ਹਨ, ਜਿਨ੍ਹਾਂ ਦੇ ਚਰਨਾਂ ਵਿੱਚ ੬੮ ਤੀਰਥ ਵਸਦੇ ਹਨ। ਅਠਸਠਿ ਮਜਨੁ ਚਰਨਹ
ਧੂਰੀ।। (ਮ: ੧ ਪੰਨਾ ੨੨੪), ਅਠਸਠਿ ਤੀਰਥ, ਜਹ ਸਾਧ ਪਗ ਧਰਹਿ।। (ਮ: ੫ ਪੰਨਾ ੮੯੦)
ਗਾਵਹਿ ਜੋਧ ਮਹਾਬਲ ਸੂਰਾ; ਗਾਵਹਿ ਖਾਣੀ ਚਾਰੇ।। ਉ: ਸੇਧ:-ਗਾਵਹਿਂ,
ਮਹਾਂਬਲ।
ਬੇਅੰਤ ਮਹਾਂਬਲੀ ਜੋਧੇ, ਬੇਅੰਤ ਸੂਰਮੇ ਅਤੇ ਚਾਰੇ ਖਾਣੀਆਂ (ਅੰਡਜ, ਜੇਰਜ,
ਸੇਤਜ ਅਤੇ ਉਤਭੁਜ) ਤੈਨੂੰ ਗਾ ਰਹੀਆਂ ਹਨ। (ਜਗਤ ਦੀ ਰਚਨਾ ਕਰਨ ਵਿੱਚ ਆਪੋ ਆਪਣੀ ਸੇਵਾ ਨਿਭਾ
ਰਹੀਆਂ ਹਨ)।
ਗਾਵਹਿ ਖੰਡ, ਮੰਡਲ, ਵਰਭੰਡਾ; ਕਰਿ ਕਰਿ ਰਖੇ ਧਾਰੇ।। ਉ: ਸੇਧ:-ਗਾਵਹਿਂ।
ਖੰਡ (ਪ੍ਰਿਥਵੀ) , ਮੰਡਲ (ਸੂਰਜ ਦਾ ਪਰਿਵਾਰ) ਅਤੇ ਬ੍ਰਹਮੰਡ (ਅਨੇਕਾਂ ਸੂਰਜ ਦੇ ਪਰਿਵਾਰ, ਜੋ
ਬਿਨਾ ਸਹਾਰੇ ਤੋਂ) ਤੇਰੇ ਟਿਕਾਏ ਹੋਏ ਹਨ; ਤੇਰੀ ਰਜ਼ਾ ਵਿੱਚ ਚਲ ਰਹੇ ਹਨ, ਤੈਨੂੰ ਗਾ ਰਹੇ ਹਨ।
ਸੇਈ ਤੁਧੁ ਨੋ ਗਾਵਹਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ।। ਉ:
ਸੇਧ:-ਗਾਵਹਿਂ, ਰੱਤੇ।
(ਪਰ ਅਸਲ ਵਿਚ, ਮਾਨੋਂ) ਉਨ੍ਹਾਂ ਦਾ ਗਾਉਣਾ ਹੀ ਸਫ਼ਲ ਹੈ। (ਜਿਨ੍ਹਾਂ
ਭਗਤਾਂ ਦੀ ਬਣੀ ਧਿਆਨ ਇਕਾਗਰਤਾ) ਤੈਨੂੰ ਪਸੰਦ ਆ ਜਾਵੇ ਕਿਉਂਕਿ ਉਹੀ ਭਗਤ ਤੇਰੇ ਰਸ (ਆਨੰਦ) ਦੇ
ਸਮੁੰਦਰ ਵਿੱਚ ਰੰਗੇ ਰਹਿੰਦੇ ਹਨ।
ਹੋਰਿ ਕੇਤੇ ਗਾਵਨਿ; ਸੇ, ਮੈ ਚਿਤਿ ਨ ਆਵਨਿ; ਨਾਨਕੁ ਕਿਆ ਵੀਚਾਰੇ? ।।
(ਉੱਪਰ ਬਿਆਨ ਕੀਤੇ ਕੁਝਕੁ ਨਾਵਾਂ ਤੋਂ ਇਲਾਵਾ) ਹੋਰ ਕਿਤਨੇ ਭਗਤ
ਤੈਨੂੰ ਗਾਉਂਦੇ ਹਨ; ਉਹ ਮੇਰੇ ਚਿਤ (ਧਿਆਨ) ਵਿੱਚ ਨਹੀਂ ਆ ਰਹੇ ਹਨ। (ਕਿਉਂਕਿ ਤੇਰਾ ਵਡੇਪਣ ਦੀ)
ਮੈ ਨਿਮਾਣਾ ਜਿਹਾ ਨਾਨਕ; ਕੀ ਵੀਚਾਰ ਕਰ ਸਕਦਾ ਹਾਂ? ਜੇਤੀ ਪ੍ਰਭੂ ਜਨਾਈ, ਰਸਨਾ ਤੇਤ ਭਨੀ।।
ਅਨਜਾਨਤ ਜੋ ਸੇਵੈ, ਤੇਤੀ ਨਹ ਜਾਇ ਗਨੀ।। (ਮ: ੫ ਪੰਨਾ ੪੫੬)
ਸੋਈ ਸੋਈ ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ।।
ਉਹ ਪ੍ਰਮਾਤਮਾ ਸਦਾ ਥਿਰ ਰਹਿਣ ਵਾਲਾ ਸੱਚਾ ਮਾਲਕ ਹੈ, ਉਸ ਦੀ ਅਸ਼ਨਾਈ
(ਦੋਸਤੀ) ਭੀ ਸਦੀਵੀ ਰਹਿਣ ਵਾਲੀ ਹੈ।
ਹੈ ਭੀ ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ।।
ਜਿਸ ਪ੍ਰਭੂ ਨੇ ਸਾਰੀ ਰਚਨਾ ਬਣਾਈ ਹੈ; ਉਹ ਹੁਣ ਭੀ ਮੌਜ਼ੂਦ ਹੈ। ਅਗਾਹਾਂ
ਨੂੰ ਵੀ ਮੌਜ਼ੂਦ ਰਹੇਗਾ। ਨਾ ਜੰਮਦਾ ਹੈ, ਨਾ ਮਰਦਾ ਹੈ।
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ, ਮਾਇਆ ਜਿਨਿ ਉਪਾਈ।। ਉ: ਸੇਧ:-ਰੰਗੀਂ,
ਰੰਗੀਂ, ਭਾਂਤੀਂ, ਜਿਨਸੀਂ।
ਜਿਸ ਪ੍ਰਭੂ ਨੇ ਰੰਗਾਂ-ਰੰਗਾਂ ਦੀ, ਭਾਂਤ-ਭਾਂਤ ਦੀ, ਕਈ ਜਿਨਸਾਂ
(ਸਮੱਗ੍ਰੀਆਂ) ਦੀ ਮਾਇਆ ਪੈਦਾ ਕੀਤੀ ਹੈ। ਕਰਿ ਕਰਿ ਵੇਖੈ ਕੀਤਾ ਆਪਣਾ; ਜਿਵ, ਤਿਸ ਦੀ ਵਡਿਆਈ।।
ਪ੍ਰਭੂ ਆਪਣੇ ਜਗਤ ਨੂੰ ਪੈਦਾ ਕਰ ਕੇ ਆਪ ਸੰਭਾਲ ਕਰ ਰਿਹਾ ਹੈ। ਜਿਵੇਂ ਉਸ ਦੀ ਪ੍ਰਸਿੱਧੀ
(ਮਨਜ਼ੂਰ) ਹੈ। (ਭਾਵ:-ਵੱਡੇ ਪ੍ਰਭੂ ਦਾ ਸ੍ਰਿਸ਼ਟੀ ਨੂੰ ਪਾਲਣ ਵਾਲਾ ਜ਼ਿਗਰਾ ਭੀ ਵੱਡਾ ਹੈ, ਜਿਵੇਂ
ਬੇਸ਼ੱਕ ਕੋਈ ਉਸ ਦਾ ਯਾਦ ਕਰੇ ਜਾਂ ਨਾ ਕਰੇ, ਰਿਜ਼ਕ ਸਭ ਨੂੰ ਦੇਂਦਾ ਹੀ ਰਹਿੰਦਾ ਹੈ) ਜੋ ਤਿਸੁ
ਭਾਵੈ, ਸੋਈ ਕਰਸੀ; ਹੁਕਮੁ ਨ ਕਰਣਾ ਜਾਈ।। ਜਿਵੇਂ ਉਸ ਨੂੰ ਪਸੰਦ ਆਉਂਦਾ ਹੈ; ਉਸੇ ਤਰ੍ਹਾਂ ਦੀ
ਹੀ ਜਗਤ-ਰਚਨਾ ਕਰਦਾ ਹੈ। ਉਸ ਨੂੰ ਕਿਸੇ ਪ੍ਰਕਾਰ ਦਾ ਹੁਕਮ ਜਾਂ ਸਾਲਾਹ ਨਹੀਂ ਦਿਤੀ ਜਾ ਸਕਦੀ।
ਸੋ ਪਾਤਿਸਾਹੁ, ਸਾਹਾ ਪਾਤਿ ਸਾਹਿਬੁ; ਨਾਨਕ! ਰਹਣੁ ਰਜਾਈ।। ੨੭।। ਉ: ਸੇਧ:-ਪਾਤਿਸ਼ਾਹ, ਸ਼ਾਹਾਂ,
ਰਜ਼ਾਈ।
ਕਿਉਂਕਿ ਉਹ ਪਾਤਿਸ਼ਾਹ; ਬਾਦਸ਼ਾਹਾਂ ਦਾ ਭੀ ਮਾਲਿਕ ਹੈ, ਇਸ ਲਈ ਹੇ ਨਾਨਕ! ਉਸ
ਦੀ ਰਜ਼ਾ ਵਿੱਚ ਰਹਿਣਾ ਹੀ ਜੀਵ ਨੂੰ ਸ਼ੋਭਦਾ ਹੈ। (ਨੋਟ:-ਅਗਲੀਆਂ ਚਾਰ ਪਉੜੀਆਂ ਵਿੱਚ ‘ਕਿਵ
ਸਚਿਆਰਾ ਹੋਈਐ. . ।। ` ਦਾ ਉੱਤਰ ਯੋਗੀਆਂ ਦੀ ਭਾਸ਼ਾ ਰਾਹੀਂ ਦਿੱਤਾ ਗਿਆ ਹੈ)
ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ; ਧਿਆਨ ਕੀ ਕਰਹਿ ਬਿਭੂਤਿ।। ਉ:
ਸੇਧ:-ਮੁੰਦਾਂ, ਸ਼੍ਰਮ, ਕਰਹਿਂ।
(ਹੇ ਜੋਗੀ! ਜੇ ਤੇਰੇ ਕੋਲ) ਸੰਤੋਖ ਦੀਆਂ ਮੁੰਦ੍ਰਾਂ ਹੋਣ, ਦਸਾਂ
ਨੌਹਾਂ ਦੀ ਕਿਰਤ ਰੂਪ ਖੱਪਰ ਜਾਂ ਝੋਲੀ ਹੋਵੇ, ਪ੍ਰਭੂ ਦੀ ਯਾਦ ਨੂੰ ਪਿੰਡੇ `ਤੇ ਸੁਆਹ ਮਲ਼ਣਾ ਕਰੇਂ।
(ਭਾਵ:-ਕੰਨੀ-ਮੁੰਦ੍ਰਾਂ, ਭੀਖ ਮੰਗਣ ਲਈ ਕੀਤਾ ਖੱਪਰ ਜਾਂ ਝੋਲੀ ਅਤੇ ਪਿੰਡੇ `ਤੇ ਸੁਆਹ ਮਲ਼ਣ ਦੀ
ਬਜਾਏ ਸੰਤੋਖੀ ਜੀਵਨ, ਮਿਹਨਤ ਦੀ ਕਮਾਈ ਅਤੇ ਪ੍ਰਭੂ-ਯਾਦ ਹਿਰਦੇ ਵਿੱਚ ਵਸਾਏਂ)
ਖਿੰਥਾ ਕਾਲੁ, ਕੁਆਰੀ ਕਾਇਆ ਜੁਗਤਿ; ਡੰਡਾ ਪਰਤੀਤਿ।। ਉ: ਸੇਧ:-ਕਾਇਆਂ।
ਗੋਦੜੀ (ਫ਼ਟੇ ਕਮੀਜ਼) ਵਾਂਙ ਮੌਤ ਨੂੰ ਨਜ਼ਦੀਕ ਜਾਣ। ਵਿਕਾਰਾਂ ਤੋਂ ਨਿਰਲੇਪ
ਸਰੀਰ ਰੱਖਣਾ ਜੋਗ-ਜੁਗਤੀ (ਜੀਵਨ ਦੀ ਮਰਿਆਦਾ) ਬਣਾ। ਡੰਡੇ (ਸੋਟੀ) `ਤੇ ਰੱਖੀ ਸ਼ਰਧਾ ਵਾਂਙ ਪ੍ਰਭੂ
`ਤੇ ਸ਼ਰਧਾ ਰੱਖ।
ਆਈ ਪੰਥੀ ਸਗਲ ਜਮਾਤੀ; ਮਨਿ ਜੀਤੈ, ਜਗੁ ਜੀਤੁ।। ਸਭ ਨੂੰ ਸਤਸੰਗੀ
ਸਮਝਣਾ ਹੀ ਆਈ (ਸ਼੍ਰੇਸਟ) ਪੰਥੀ ਹੈ, ਇਸ ਤਰ੍ਹਾਂ ਮਨ ਨੂੰ ਕਾਬੂ ਰੱਖਣ ਨਾਲ ਜਗਤ (ਵਿਕਾਰਾਂ `ਤੇ)
ਜਿੱਤ ਪ੍ਰਾਪਤ ਕਰ ਲਵੇਂਗਾ। ( ‘ਕੂੜ ਦੀ ਕੰਧ` ਮਿਟ ਜਾਵੇਗੀ) ਆਦੇਸੁ, ਤਿਸੈ ਆਦੇਸੁ।।
ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ।। ੨੮।।
ਉਸ ਪ੍ਰਭੂ ਨੂੰ ਨਮਸ਼ਕਾਰ ਕਰ; ਜੋ ਸ੍ਰਿਸ਼ਟੀ ਦਾ ਮੁੱਢ ਹੈ, ਸ਼ੁੱਧ ਆਤਮਾ ਹੈ,
ਜਿਸ ਦਾ ਆਪਣਾ ਕੋਈ ਮੁੱਢ (ਇਕ ਥਾਂ `ਤੇ ਕੇਂਦ੍ਰਤ) ਨਹੀਂ (ਸਰਬ ਵਿਆਪਕ ਹੈ), ਨਾਸ਼ ਰਹਿਤ ਹੈ ਅਤੇ
ਸਦੀਵੀ ਹੋਂਦ ਵਾਲਾ ਹੈ। ੨੮।
ਭੁਗਤਿ ਗਿਆਨੁ, ਦਇਆ ਭੰਡਾਰਣਿ; ਘਟਿ ਘਟਿ ਵਾਜਹਿ ਨਾਦ।। ਉ: ਸੇਧ:-ਵਾਜਹਿਂ।
ਰੱਬੀ ਗਿਆਨ ਨੂੰ ਚੂਰਮਾ (ਭੋਜਨ) ਬਣਾ, (ਭੋਜਨ ਨੂੰ) ਵੰਡਣ ਲਈ ਦਇਆ (ਪ੍ਰੇਮ) ਰੱਖ, ਜੋ ਹਰ
ਇੱਕ ਜੀਵ ਵਿੱਚ ਧੁਨੀ (ਜ਼ਿੰਦਗੀ ਦੀ ਰੌ) ਵੱਜ (ਚੱਲ) ਰਹੀ ਹੈ, ਉਹੀ ਤੇਰੇ ਗਲ ਵਿੱਚ ਪਾਈ ਨਾਦੀ ਹੈ।
(ਭਾਵ:-ਵਿਆਪਕ ਪ੍ਰਭੂ ਦੀ ਹੋਂਦ ਨੂੰ ਮਹਿਸ਼ੂਸ ਕਰਨਾ ਹੀ ਨਾਦੀ ਦੀ ਆਵਾਜ਼ ਬਣਾ)
ਆਪਿ ਨਾਥੁ, ਨਾਥੀ ਸਭ ਜਾ ਕੀ; ਰਿਧਿ ਸਿਧਿ ਅਵਰਾ ਸਾਦ।।
ਪ੍ਰਮਾਤਮਾ ਹੀ ਤੇਰਾ ਅਸਲ ਨਾਥ ਹੈ, ਜਿਸ ਨੇ ਸਾਰੀ ਸ੍ਰਿਸ਼ਟੀ ਆਪਣੀ ਮਰਿਯਾਦਾ
ਵਿੱਚ ਬੰਨ੍ਹੀ ਹੋਈ ਹੈ। ਤੇਰੀਆਂ ਰਿਧੀਆਂ, ਸਿਧੀਆਂ ਤਾਂ ਪ੍ਰਭੂ ਨਾਲੋਂ ਤੋੜ ਕੇ ਕੁਰਾਹੇ ਪਾਉਣ
ਵਾਲਾ ਸਮਾਜਿਕ-ਸੁਆਦ (ਅਹੰਕਾਰ) ਹੈ।
ਸੰਜੋਗੁ ਵਿਜੋਗੁ ਦੁਇ, ਕਾਰ ਚਲਾਵਹਿ; ਲੇਖੇ ਆਵਹਿ ਭਾਗ।। ਉ:
ਸੇਧ:-ਚਲਾਵਹਿਂ, ਆਵਹਿਂ। ਪਿਛਲੇ ਜਨਮ ਦੀਆਂ ਅਲੱਗ ਅਲੱਗ ਜੂਨਾਂ ਵਿਚੋਂ ਲਿਆ ਕੇ ਮਨੁੱਖ ਨੂੰ
ਇੱਕ ਪਰਿਵਾਰ ਵਿੱਚ ਇਕੱਠੇ ਕਰਨਾ (ਸੰਜੋਗ), ਭਗਤੀ ਹੀਣ ਪਰਿਵਾਰ ਨੂੰ ਅਲੱਗ ਅਲੱਗ ਜੂਨਾਂ ਵਿੱਚ
ਦੁਬਾਰਾ ਪਾ ਦੇਣਾ (ਵਿਜੋਗ) ਇਹ ਦੋਵੇਂ ਸਿਧਾਂਤਾਂ ਰਾਹੀਂ ਪ੍ਰਭੂ ਜੀ ਜਗਤ ਦੀ ਰਚਨਾ ਕਰਦੇ ਹਨ। (ਸਭ
ਜੀਵਾਂ ਦੇ) ਲੇਖੇ (ਹਿਸਾਬ) ਅਨੁਸਾਰ ਨਸੀਬ (ਦੁਖ-ਸੁਖ) ਮਿਲਦੇ ਹਨ। (ਇਸ ਪ੍ਰਭੂ ਸਿਧਾਂਤ `ਤੇ ਸ਼ਰਧਾ
ਰੱਖਣ ਨਾਲ ‘ਕੂੜ ਦੀ ਕੰਧ` ਮਿਟਦੀ ਹੈ)
ਆਦੇਸੁ, ਤਿਸੈ ਆਦੇਸੁ।। ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ
ਵੇਸੁ।। ੨੯।।
ਉਸ ਪ੍ਰਭੂ ਨੂੰ ਨਮਸ਼ਕਾਰ ਕਰ; ਜੋ ਸ੍ਰਿਸ਼ਟੀ ਦਾ ਮੁੱਢ ਹੈ, ਸ਼ੁੱਧ ਆਤਮਾ ਹੈ,
ਜਿਸ ਦਾ ਆਪਣਾ ਕੋਈ ਮੁੱਢ (ਇਕ ਥਾਂ `ਤੇ ਕੇਂਦ੍ਰਤ) ਨਹੀਂ (ਸਰਬ ਵਿਆਪਕ ਹੈ), ਨਾਸ਼ ਰਹਿਤ ਹੈ ਅਤੇ
ਸਦੀਵੀ ਹੋਂਦ ਵਾਲਾ ਹੈ। ੨੯।
ਏਕਾ ਮਾਈ, ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ।। ਉ: ਸੇਧ:-ਤਿੰਨ।
(ਸਨਾਤਨ ਸੋਚ ਅਨੁਸਾਰ ਸਮਾਜ ਦੀ ਰਚਨਾ ਲਈ ਸਭ ਤੋਂ ਪਹਿਲਾਂ) ਇੱਕਲੀ
ਮਾਤਾ ਕਿਸੇ ਜੁਗਤੀ ਨਾਲ ਪ੍ਰਸੂਤ ਹੋਈ। ਉਸ ਦੇ ਤਿੰਨ ਚੇਲੇ (ਪੁੱਤਰ-ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ)
ਸਮਾਜ ਨੇ ਕਬੂਲ ਲਏ।
ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ।। ਤਿੰਨਾਂ ਵਿਚੋਂ
ਸਮਾਜ ਨੂੰ ਪੈਦਾ ਕਰਨ ਵਾਲਾ (ਬ੍ਰਹਮਾ), ਰਿਜ਼ਕ ਦੇਣ ਵਾਲਾ (ਵਿਸ਼ਨੂੰ) ਅਤੇ ਜੀਵਾਂ ਨੂੰ ਮਾਰਨ ਵਾਲਾ
(ਸ਼ਿਵ) ਸਮਾਜ ਨੇ ਮੰਨ ਲਿਆ।
ਜਿਵ ਤਿਸੁ ਭਾਵੈ, ਤਿਵੈ ਚਲਾਵੈ; ਜਿਵ ਹੋਵੈ ਫੁਰਮਾਣੁ।। ਉ: ਸੇਧ:-ਫ਼ੁਰਮਾਣ।
(ਪਰ ਅਸਲ ਸਚਾਈ ਇਹ ਹੈ ਕਿ) ਜਿਵੇਂ ਉਸ ਨਿਰਾਕਾਰ ਪ੍ਰਭੂ ਨੂੰ ਚੰਗਾ ਲਗਦਾ ਹੈ; ਉਸੇ ਤਰ੍ਹਾਂ
ਹੁਕਮ ਕਰਦਾ ਹੈ ਅਤੇ ਉਸੇ ਅਨੁਸਾਰ ਹੀ ਜਗਤ ਦੀ ਕਾਰ (ਪੈਦਾ ਕਰਨਾ, ਰਿਜ਼ਕ ਦੇਣਾ ਅਤੇ ਮਾਰਨਾ) ਚਲਾ
ਰਿਹਾ ਹੈ। ਓਹੁ ਵੇਖੈ, ਓਨਾ ਨਦਰਿ ਨ ਆਵੈ; ਬਹੁਤਾ ਏਹੁ ਵਿਡਾਣੁ।। ਉ: ਸੇਧ:-ਓਹ, ਓਨ੍ਹਾਂ, ਏਹ।
ਇਹ ਗੱਲ ਬੜੀ ਹੈਰਾਨ ਕਰਨ ਵਾਲਾ ਹੈ ਕਿ ਉਹ ਨਿਰਾਕਾਰ ਪ੍ਰਭੂ (ਇਹ ਤਿੰਨੇ ਮੰਨੇ ਜਾਂਦੇ
ਦੇਵਤਿਆਂ ਸਮੇਤ, ਸਭ ਜੀਵਾਂ ਦੀਆਂ ਹਰਕਤਾਂ ਨੂੰ) ਵੇਖਦਾ ਹੈ, ਪਰ ਇਨ੍ਹਾਂ (ਜੀਵਾਂ ਅਤੇ ਦੇਵਤਿਆਂ)
ਨੂੰ (ਪ੍ਰਭੂ) ਨਜ਼ਰ ਨਹੀਂ ਆ ਰਿਹਾ ਹੈ। ਆਦੇਸੁ, ਤਿਸੈ ਆਦੇਸੁ।। ਆਦਿ ਅਨੀਲੁ ਅਨਾਦਿ ਅਨਾਹਤਿ;
ਜੁਗੁ ਜੁਗੁ ਏਕੋ ਵੇਸੁ।। ੩੦।।
ਉਸ ਪ੍ਰਭੂ ਨੂੰ ਨਮਸ਼ਕਾਰ ਕਰ; ਜੋ ਸ੍ਰਿਸ਼ਟੀ ਦਾ ਮੁੱਢ ਹੈ, ਸ਼ੁੱਧ ਆਤਮਾ ਹੈ,
ਜਿਸ ਦਾ ਆਪਣਾ ਕੋਈ ਮੁੱਢ (ਇਕ ਥਾਂ `ਤੇ ਕੇਂਦ੍ਰਤ) ਨਹੀਂ (ਸਰਬ ਵਿਆਪਕ ਹੈ) ਨਾਸ਼ ਰਹਿਤ ਹੈ ਅਤੇ
ਸਦੀਵੀ ਹੋਂਦ ਵਾਲਾ ਹੈ। ੩੦।
ਆਸਣੁ ਲੋਇ ਲੋਇ ਭੰਡਾਰ।। ਜੋ ਕਿਛੁ ਪਾਇਆ, ਸੁ ਏਕਾ ਵਾਰ।।
ਪ੍ਰਭੂ ਦੇ ਖ਼ਜ਼ਾਨੇ (ਗੁਣਾਂ) ਦਾ ਟਿਕਾਣਾ ਹਰ ਇੱਕ ਜੀਵ `ਚ ਬਰਾਬਰ ਹੈ, ਜੋ
ਕਿ ਪ੍ਰਭੂ ਨੇ ਇੱਕ ਵਾਰੀ ਜਨਮ ਸਮੇ ਹੀ ਪਾ ਦਿੱਤਾ।
{ਭਾਵ:-ਪ੍ਰਭੂ ਦੀ ਵਿਸ਼ੇਸ਼ਤਾ; ਪ੍ਰਭੂ ਦੀ ਹੋਂਦ ਦੀ ਥਾਂ ਮੌਜ਼ੂਦ ਹੈ, ਜੋ ਕਿ
ਸਰਬ ਵਿਆਪਕ ਹੈ। ਅੰਦਰਿ ਮਹਲ, ਰਤਨੀ ਭਰੇ ਭੰਡਾਰਾ।। (ਮ: ੩ ਪੰਨਾ ੧੨੬) ਜੀਵਾਂ ਦੇ ਕਰਮਾਂ
ਦਾ ਫਲ; ਤੱਤਾਂ ਦੀ ਰਾਹੀਂ} ਜੋ ਪ੍ਰਭੂ ਜੀ ਨੇ ਪਾਉਣਾ ਸੀ। ਇੱਕੋ ਵਾਰੀ ਹੀ ਪਾ ਦਿੱਤਾ ਹੈ।
{ਉਦਾਹਰਣ ਵਜੋਂ:-ਇੱਕ ਮਾਤਾ ਦੇ ਦੋ ਜੁੜਵੇ ਬੱਚੇ ਪੈਦਾ ਹੋਣ ਦੇ ਬਾਵਜ਼ੂਦ ਵੀ ਦੋਵੇਂ ਬੱਚਿਆਂ ਦਾ
ਸੁਭਾਵ ਅਲੱਗ-ਅਲੱਗ ਹੁੰਦਾ ਹੈ। ਕਾਰਨ ਸਾਫ਼ ਹੈ: ਕਿ ਤੱਤਾਂ ਦੀ ਮਾਤ੍ਰਾ ਦਾ ਵੱਧ-ਘੱਟ ਪ੍ਰਭਾਵ;
ਸੁਭਾਵ `ਤੇ ਅਸਰ ਪਾਉਂਦਾ ਹੈ। ਜਿਵੇਂ ਪਾਣੀ ਤੱਤ ਦੀ ਮਾਤ੍ਰਾ ਦਾ ਜਿਆਦਾ ਪ੍ਰਭਾਵ; ਸ਼ਾਂਤ ਸੁਭਾਵ
ਨੂੰ, ਅਗਨੀ ਤੱਤ ਦਾ ਵੱਧ ਪ੍ਰਭਾਵ; ਕ੍ਰੋਧ ਸੁਭਾਵ ਆਦਿ ਨੂੰ ਜਨਮ ਦੇਂਦਾ ਹੈ। ਜਨਮ ਤੋਂ ਬਾਅਦ
ਤੱਤਾਂ ਦਾ ਵੱਧ-ਘੱਟ ਪ੍ਰਭਾਵ; ਖ਼ਤਮ ਨਹੀਂ ਕੀਤਾ ਜਾ ਸਕਦਾ; ਕੇਵਲ ਇਸ ਵਿੱਚ ਬਦਲਾਉ ਹੀ ਲਿਆਂਦਾ ਜਾ
ਸਕਦਾ ਹੈ। ਜਿਵੇਂ ਕ੍ਰੋਧ ਨੂੰ ਕ੍ਰਾਂਤੀਕਾਰੀ, ਅਹੰਕਾਰ ਨੂੰ ਸਵੈ-ਮਾਣ, ਇੱਕ ਸੀਮਾ ਤੱਕ ਪ੍ਰੇਮ
(ਲੋਭ) ਨੂੰ ਸਭ ਨਾਲ ਪ੍ਰੇਮ, ਕਾਮ ਨੂੰ ਗ੍ਰਿਹਸਤੀ ਤੱਕ ਵਰਤਣਾ ਹੈ}
ਕਰਿ ਕਰਿ ਵੇਖੈ ਸਿਰਜਣਹਾਰੁ।। ਨਾਨਕ! ਸਚੇ ਕੀ, ਸਾਚੀ ਕਾਰ।। (ਜੀਵ ਦੇ
ਕਰਮ-ਫਲ ਅਨੁਸਾਰ) ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਪ੍ਰਭੂ ਜੀਵਾਂ ਨੂੰ ਪੈਦਾ ਕਰ ਕਰ ਕੇ ਸਭ ਦੀ
ਸੰਭਾਲ ਕਰ ਰਿਹਾ ਹੈ (ਕਿ; ਕੀ ਜੀਵਾਂ ਨੂੰ ਨਸੀਬ ਅਨੁਸਾਰ ਮਿਲ ਭੀ ਰਿਹਾ ਹੈ?) ਹੇ ਨਾਨਕ! ਸਦਾ ਥਿਰ
ਪ੍ਰਭੂ ਦੀ ਇਹ ਜਗਤ ਕਾਰ ਸਦਾ ਥਿਰ ਰਹਿਣ ਵਾਲੀ ਕਾਰ ਹੈ। ਆਦੇਸੁ, ਤਿਸੈ ਆਦੇਸੁ।। ਆਦਿ ਅਨੀਲੁ
ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ।। ੩੧।।
ਉਸ ਪ੍ਰਭੂ ਨੂੰ ਨਮਸ਼ਕਾਰ ਕਰ; ਜੋ ਸ੍ਰਿਸ਼ਟੀ ਦਾ ਮੁੱਢ ਹੈ, ਸ਼ੁੱਧ ਆਤਮਾ ਹੈ,
ਜਿਸ ਦਾ ਆਪਣਾ ਕੋਈ ਮੁੱਢ (ਇਕ ਥਾਂ `ਤੇ ਕੇਂਦ੍ਰਤ) ਨਹੀਂ (ਸਰਬ ਵਿਆਪਕ ਹੈ), ਨਾਸ਼ ਰਹਿਤ ਹੈ ਅਤੇ
ਸਦੀਵੀ ਹੋਂਦ ਵਾਲਾ ਹੈ। ੩੧।
(ਨੋਟ-ਪਉੜੀ: ਨੰ. ੩੨ ਦੇ ਅਰਥ ਕਰਨ ਤੋਂ ਪਹਿਲਾਂ ਪਾਠਕਾਂ ਨੂੰ ‘ਜਪੁ`ਬਾਣੀ
ਦੇ ਹੁਣ ਤੱਕ ਵੀਚਾਰ ਕੀਤੇ ਗਏ ਸਾਰੇ ਅਰਥਾਂ ਵੱਲ ਥੋੜਾ ਦੁਬਾਰਾ ਧਿਆਨ ਦੇਣ ਦੀ ਜ਼ਰੂਰਤ ਪਵੇਗੀ। ਹਰ
ਇੱਕ ਪਉੜੀ ਦਾ ਅੰਤ ਪ੍ਰਮਾਤਮਾ ਦੇ ਵਡੇਪਣ ਦੇ ਮੁਕਾਬਲੇ ਜੀਵ ਦੀ ਤੁਛ ਬੁੱਧੀ ਨੂੰ ਬਿਆਨ ਕਰਦਾ ਆ
ਰਿਹਾ ਹੈ। ਜਿਵੇਂ ਕਿ ਸਹਸ ਸਿਆਣਪਾ ਲਖ ਹੋਹਿ; ਤ ਇੱਕ ਨ ਚਲੈ ਨਾਲਿ।। (ਪਉੜੀ: ੧), ਕਥਿ ਕਥਿ
ਕਥੀ, ਕੋਟੀ ਕੋਟਿ ਕੋਟਿ।। (ਪਉੜੀ: ੩), ਗੁਰੁ ਈਸਰੁ, ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ।।
(ਪਉੜੀ: ੫) {ਭਾਵ:-ਗੁਰੂ ਹੀ ਸ਼ਿਵ, ਗੋਰਖ, ਬ੍ਰਹਮਾ, (ਕ੍ਰਿਸ਼ਨ, ਰਾਮ ਆਦਿਕ ਤੇਤੀ ਕ੍ਰੋੜ
ਦੇਵਤਾ ਹੈ ਅਤੇ ਗੁਰੂ ਹੀ ਪਾਰਬਤੀ, ਲਕਸ਼ਮੀ (ਦੁਰਗਾ, ਕਾਲਕਾ, ਸਰਸਵਤੀ ਆਦਿਕ ਦੇਵੀਆਂ) ਹੈ।},
ਸਭਨਾ ਜੀਆ ਕਾ ਇਕੁ ਦਾਤਾ।। (ਪਉੜੀ: ੬), ਤੇਹਾ ਕੋਇ ਨ ਸੁਝਈ।। (ਪਉੜੀ: ੭), ਕੁਦਰਤਿ ਕਵਣ? ਕਹਾ
ਵੀਚਾਰੁ।। (ਪਉੜੀ: ੧੭), ਅਸੰਖ ਕਹਹਿ, ਸਿਰਿ ਭਾਰੁ ਹੋਇ।। (ਪਉੜੀ: ੧੯), ਜੇ ਕੋ ਆਪੌ ਜਾਣੈ; ਅਗੈ
ਗਇਆ, ਨ ਸੋਹੈ।। (ਪਉੜੀ: ੨੧), ਲੇਖਾ ਹੋਇ, ਤ ਲਿਖੀਐ; ਲੇਖੈ ਹੋਇ ਵਿਣਾਸੁ।। (ਪਉੜੀ: ੨੨), ਜੇਵਡੁ
ਆਪਿ, ਜਾਣੈ ਆਪਿ ਆਪਿ।। (ਪਉੜੀ: ੨੪), ਜੇ, ਕੋ ਆਖੈ ਬੋਲੁਵਿਗਾੜੁ।। ਤਾ ਲਿਖੀਐ, ਸਿਰਿ ਗਾਵਾਰਾ
ਗਾਵਾਰੁ।। (ਪਉੜੀ: ੨੬), ਹੋਰਿ ਕੇਤੇ ਗਾਵਨਿ; ਸੇ, ਮੈ ਚਿਤਿ ਨ ਆਵਨਿ।। (ਪਉੜੀ: ੨੭), ਆਦਿ ਅਨੀਲੁ
ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ।। (ਪਉੜੀ: ੨੮), ਓਹੁ ਵੇਖੈ, ਓਨਾ ਨਦਰਿ ਨ ਆਵੈ।। (ਪਉੜੀ:
੩੦) ਆਦਿਕ ਤੋਂ ਸਪੱਸ਼ਟ ਹੁੰਦਾ ਹੈ ਕਿ ਜੇਤੀ ਪ੍ਰਭੂ ਜਨਾਈ, ਰਸਨਾ ਤੇਤ ਭਨੀ।। ਅਨਜਾਨਤ ਜੋ
ਸੇਵੈ, ਤੇਤੀ ਨਾ ਜਾਇ ਗਨੀ।। (ਮ: ੫ ਪੰਨਾ ੪੫੬) (ਭਾਵ:-ਪ੍ਰਭੂ ਨੇ ਆਪਣਾ; ਜਿਤਨਾ ਗਿਆਨ
ਮੈਨੂੰ ਬਖ਼ਸ਼ਸ਼ ਕੀਤਾ ਸੀ। ਉਤਨਾ ਮੈਂ ਇੱਕ ਜੀਭ ਨਾਲ ਬਿਆਨ ਕਰ ਚੁੱਕਾ ਹਾਂ। ਪ੍ਰਭੂ ਦੇ ਪਰਿਵਾਰ ਵਿੱਚ
ਹੋਰ ਬੇਅੰਤ ਜੀਵ ਪ੍ਰਭੂ ਦੇ ਗੁਣ ਗਾ ਰਹੇ ਹਨ। ਜੋ ਮੈਂ ਬਿਆਨ ਨਹੀਂ ਕਰ ਸਕਿਆ/ਸਕਦਾ। ਹੁਣ ਪਾਠਕਾਂ
ਨੂੰ ਪਉੜੀ: ੩੨ ਦੇ ਅਰਥ ਵੀਚਾਰ ਕਰਨੇ ਆਸਾਨ ਹੋ ਸਕਦੇ ਹਨ।)
ਇਕ ਦੂ ਜੀਭੌ, ਲਖ ਹੋਹਿ; ਲਖ ਹੋਵਹਿ, ਲਖ ਵੀਸ।। ਉ: ਸੇਧ:-ਦੂੰ, ਜੀਭੌਂ,
ਹੋਹਿਂ, ਹੋਵਹਿਂ।
ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਇੱਕ ਲੱਖ ਤੋਂ ਵੀਹ ਲੱਖ ਭੀ ਹੋ
ਜਾਣ।
ਲਖੁ ਲਖੁ ਗੇੜਾ ਆਖੀਅਹਿ; ਏਕੁ ਨਾਮੁ ਜਗਦੀਸ।। ਉ: ਸੇਧ:-ਆਖੀਅਹਿਂ, ਜਗਦੀਸ਼।
(ਉਨ੍ਹਾਂ ਵੀਹ ਲੱਖ ਜੀਭਾਂ `ਚੋਂ ਹਰ ਇੱਕ ਜੀਭ ਨਾਲ) ਲੱਖ ਲੱਖ ਵਾਰੀ
ਜਗਤ ਦੇ ਮਾਲਕ ਪ੍ਰਭੂ ਦੀ ਵਡਿਆਈ ਕਰਦੇ ਰਹੀਏ। (ਇਸ ਤਰ੍ਹਾਂ ਗਿਣਤੀ ਕੀਤੀਆਂ ਭੀ ਪ੍ਰਭੂ ਜੀ ਦੇ
ਸਾਰੇ ਗੁਣ; ਬਿਆਨ ਨਹੀਂ ਕੀਤੇ ਜਾ ਸਕਦੇ ਅਤੇ ਭਗਤਾਂ ਦਾ ਇਰਾਦਾ ਭੀ ਪ੍ਰਭੂ ਜੀ ਦਾ ਅੰਤ ਪਾਉਣਾ
ਨਹੀਂ ਹੈ। ਫਿਰ ਗਿਣਤੀ-ਮਿਣਤੀ ਦੇ ਪਾਠਾਂ ਦਾ ਕੀ ਲਾਭ?) ਏਤੁ ਰਾਹਿ, ਪਤਿ ਪਵੜੀਆ; ਚੜੀਐ, ਹੋਇ
ਇਕੀਸ।। ਉ: ਸੇਧ:-ਰਾਹ, ਪਵੜੀਆਂ। ਪਤੀ (ਮਾਲਕ) ਨੂੰ ਮਿਲਣ ਵਾਲੀਆਂ ਪਉੜੀਆਂ ਵਾਲੇ ਉਚੇ
(ਨਿਰਮਲ) ਇਸ ਮਾਰਗ ਵਿੱਚ ਤਾਂ (ਪਤੀ ਨਾਲ) ਇੱਕ ਰੂਪ (ਅਭੇਦ) ਹੋ ਕੇ ਹੀ ਚੜ੍ਹਿਆ ਜਾ ਸਕਦਾ ਹੈ।
ਸੁਣਿ ਗਲਾ ਆਕਾਸ ਕੀ; ਕੀਟਾ ਆਈ ਰੀਸ।। ਉ: ਸੇਧ-ਗੱਲਾਂ, ਆਕਾਸ਼, ਕੀਟਾਂ।
(ਗਿਣਤੀ-ਮਿਣਤੀ ਦੇ ਪਾਠਾਂ ਰਾਹੀਂ ਪ੍ਰਭੂ ਮਿਲਾਪ ਬਾਰੇ ਨਿਰੀਆਂ
ਗਿਣਤੀਆਂ ਕਰਨੀਆਂ ਇਉਂ ਹੈ, ਜਿਵੇਂ) ਆਕਾਸ਼ ਦੀਆਂ ਗੱਲਾਂ ਸੁਣ ਕੇ ਧਰਤੀ `ਤੇ ਰੇਗਣੇ ਵਾਲੇ ਕੀੜਿਆਂ
ਨੂੰ ਵੀ ਆਕਾਸ਼ ਵਿੱਚ ਉੱਡਣ ਲਈ ਮਨ ਵਿੱਚ ਚਾਉ ਪੈਦਾ ਹੋ ਜਾਵੇ {ਫਿਰ ਭੀ ਉਹ ਆਕਾਸ਼ ਵਿੱਚ ਨਹੀਂ ਉੱਡ
ਸਕਦੇ। ਤਾਂ ਤੇ ੫੧ਜਾਂ੧੦੧ ਮੂਲ ਮੰਤ੍ਰ ਦੇ ਪਾਠ, ੫੧ਜਾਂ੧੦੧ ਸੁਖਮਣੀ ਸਾਹਿਬ ਦੇ ਪਾਠ, ੫੧ਜਾਂ੧੦੧
ਚੌਪਈ ਦੇ ਪਾਠ, ੫੧ਜਾਂ ੧੦੧ ਅਖੰਡ ਪਾਠ, ੫੧ਜਾਂ੧੦੧ ਸੰਪਟ ਪਾਠ ਆਦਿ ਕਰਨ ਦਾ ਕੀ ਲਾਭ? ਕਿਉਂਕਿ ਇਉਂ
ਪਾਠ ਕਰਨ ਨਾਲ ਧਿਆਨ ਪ੍ਰਭੂ ਨਾਲ ਜੁੜਨ ਦੀ ਬਜਾਏ ਗਿਣਤੀ ਵੱਲ ਵਧੇਰੇ ਰਹਿੰਦਾ ਹੈ। ਇਸ ਲਈ
ਗਿਣਤੀ-ਮਿਣਤੀ ਦੇ ਪਾਠਾਂ ਦੀ ਬਜਾਏ ਸੁਆਸ ਸੁਆਸ ਪ੍ਰਭੂ ਦੀ ਯਾਦ; ਹਿਰਦੇ ਵਿੱਚ ਵਸਾਉਣੀ ਚਾਹੀਦੀ
ਹੈ। ਮਾਰਗਿ ਚਲਤ ਹਰੇ ਹਰਿ ਗਾਈਐ।। (ਮ: ੫ ਪੰਨਾ ੩੮੬)} ਨਾਨਕ! ਨਦਰੀ ਪਾਈਐ, ਕੂੜੀ ਕੂੜੈ
ਠੀਸ।। ੩੨।।
ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ (ਇਹ ਉੇਚੀ ਨਿਰਮਲ) ਪਦਵੀ ਪ੍ਰਾਪਤ ਕੀਤੀ
ਜਾ ਸਕਦੀ ਹੈ। (ਮਿਹਰ ਤੋਂ ਬਿਨਾ) ਝੂਠੇ ਬੰਦੇ ਦੀ (ਪ੍ਰਭੂ ਮਿਲਾਪ ਬਾਰੇ ਗਿਣਤੀ-ਮਿਣਤੀ) ਨਿਰੀ ਗੱਪ
ਹੀ ਹੁੰਦੀ ਹੈ। (ਜਿਸ ਕਾਰਨ ‘ਕੂੜ ਦੀ ਕੰਧ` ਨਹੀਂ ਤੁੱਟ ਸਕਦੀ)
(ਨੋਟ:-ਅਗਲੀ ਪਉੜੀ ਨੰ. ੩੩ ‘ਜਪੁ` ਬਾਣੀ ਵਿੱਚ ਹੁਣ ਤੱਕ ਸ਼ਾਮਿਲ
ਕੀਤੇ ਗਏ ਸਾਰੇ ਵਿਸ਼ਿਆਂ ਵਿਚੋਂ ਅੰਤਿਮ ਪਉੜੀ ਹੈ। ਜਿਵੇਂ ਕਿ ਸ਼ੁਰੂਆਤੀ ਵਿਸ਼ਾ ਸੀ:- ਚੁਪੈ, ਚੁਪ
ਨ ਹੋਵਈ।। ਪ: ੧।। ਵਿਚ ਚੁਪ ਰਹਿਣਾ ਅਤੇ ਇਸ ਦੇ ਮੁਕਾਵਲੇ ਜਿਆਦਾ ਬੋਲਣਾ, ਦੂਸਰਾ ਵਿਸ਼ਾ:-
ਆਖਹਿ, ਮੰਗਹਿ, ਦੇਹਿ ਦੇਇ …. ।। ਪ: ੪।। ਵਿਚ ਮੰਗਣਾ ਜਾਂ ਪ੍ਰਾਪਤ ਕਰਨਾ/ਕਿਸੇ ਨੂੰ ਦੇਣਾ
ਆਦਿ ਵਿਸ਼ਿਆਂ ਦੀ ਗੱਲ ਕੀਤੀ ਗਈ ਸੀ; ਜੋ ਕਿ ਜੀਵ ਦੇ ਆਪਣੇ ਵੱਸ ਵਿੱਚ ਨਹੀਂ ਹੁੰਦਾ (ਕਿਉਂਕਿ
ਜੀਵਾਂ ਦੇ ਅੰਦਰ ਇਸ ਪ੍ਰਕਾਰ ਦੀਆਂ ਭਾਵਨਾਵਾਂ ਪ੍ਰਭੂ ਜੀ ਵਲੋਂ ਪੈਦਾ ਕੀਤੀਆਂ ਜਾਂਦੀਆਂ ਸਨ/ਹਨ।
ਆਖਣਿ ਜੋਰੁ, ਚੁਪੈ ਨਹ ਜੋਰੁ।। ਜੋਰੁ ਨ ਮੰਗਣਿ, ਦੇਣਿ ਨ ਜੋਰੁ।।
ਜਿਆਦਾ ਬੋਲਣਾ ਅਤੇ ਚੁਪ ਰਹਿਣਾ, ਮੰਗਣ ਲਈ ਫ਼ਰਿਆਦ ਕਰਨੀ ਅਤੇ ਕੁੱਝ ਪ੍ਰਭੂ ਵਲੋਂ ਦੇਣਾ, ਇਹ ਸਭ
ਕੁੱਝ ਜੀਵ ਦੇ ਆਪਣੇ ਵੱਸ ਵਿੱਚ ਨਹੀਂ।
(ਨੋਟ:-ਤੀਸਰਾ ਵਿਸ਼ਾ:-ਲੰਬੀ ਉਮਰ ਕਰਨਾ ਜਾਂ ਜਲਦੀ ਮਰਨਾ ਅਤੇ ਰਾਜ-ਸੱਤਾ
ਪ੍ਰਾਪਤ ਕਰ ਕੇ ਹੰਕਾਰੀ ਬਣਨਾ।
ਜੇ, ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ।। ਅਤੇ ਚੰਗਾ ਨਾਉ ਰਖਾਇ
ਕੈ; ਜਸੁ ਕੀਰਤਿ ਜਗਿ ਲੇਇ।। ਪ: ੭।।
ਜੋਰੁ ਨ ਜੀਵਣਿ, ਮਰਣਿ ਨਹ ਜੋਰੁ।। ਜੋਰੁ ਨ ਰਾਜਿ ਮਾਲਿ, ਮਨਿ ਸੋਰੁ।।
ਉਮਰ ਵਧਾਉਣੀ ਜਾਂ ਜਲਦੀ ਮਰਨਾ, ਰਾਜ-ਸੱਤਾ ਅਤੇ ਧਨ-ਦੌਲਤ ਰਾਹੀਂ ਮਨ ਵਿੱਚ ਅਹੰਕਾਰ ਅਤੇ
ਵਿਕਾਰੀ-ਫ਼ੁਰਨੇ ਧਾਰਨ ਕਰਨ ਵਿੱਚ ਜੀਵ ਦੀ ਅਪਣੀ ਕੋਈ ਤਾਕਤ (ਸਿਆਣਪ) ਨਹੀਂ। (ਕਿਉਂਕਿ ਚੰਗੇ-ਮੰਦੇ
ਪਾਸੇ ਪ੍ਰੇਰਣਾ ਪ੍ਰਭੂ ਜੀ ਦਾ ਹੀ ਖੇਲ੍ਹ ਹੈ। ਚੌਥਾ ਵਿਸ਼ਾ:-ਸੁਰਤ, ਗਿਆਨ, ਵੀਚਾਰ ਆਦਿ ਜੁਗਤੀ ਦਾ
ਜ਼ਿਕਰ ਹੈ, ਜਿਸ ਰਾਹੀਂ ਸੰਸਾਰ ਤੋਂ ਮੁਕਤ ਹੋ ਜਾਈਦਾ ਹੈ। ਮੰਨੈ; ਸੁਰਤਿ ਹੋਵੈ, ਮਨਿ ਬੁਧਿ।।
ਪ: ੧੩।।
ਜੋਰੁ ਨ ਸੁਰਤੀ, ਗਿਆਨਿ ਵੀਚਾਰਿ।। ਜੋਰੁ ਨ ਜੁਗਤੀ, ਛੁਟੈ ਸੰਸਾਰੁ।।
ਜੀਵ ਦਾ ਉੱਚੀ ਨਿਰਮਲ ਸੁਰਤ, ਰੱਬੀ ਗਿਆਨ ਵਿਚ, ਰੱਬੀ ਗੁਣਾਂ ਦੀ ਵੀਚਾਰ
ਵਿੱਚ ਧਿਆਨ ਜੋੜਨ ਲਈ ਆਪਣੀ ਕੋਈ ਤਾਕਤ ਕੰਮ ਨਹੀਂ ਕਰਦੀ। ਜਿਸ ਜੁਗਤੀ (ਵਿਧੀ) ਨਾਲ ਸੰਸਾਰ ਤੋਂ
ਮੁਕਤ ਹੋ ਜਾਈਦਾ ਹੈ।
ਜਿਸੁ ਹਥਿ ਜੋਰੁ, ਕਰਿ ਵੇਖੈ ਸੋਇ।। ਨਾਨਕ! ਉਤਮੁ ਨੀਚੁ ਨ ਕੋਇ।। ੩੩।।
ਜਿਸ (ਖੇਡ ਦੇ ਮਾਲਕ ਪ੍ਰਭੂ ਦੇ ਹੱਥ ਵਿੱਚ ਸਾਰੀ ਤਾਕਤ ਹੈ। ਉਹੀ ਸਮਾਜ ਨੂੰ
ਪੈਦਾ ਕਰ ਕੇ (ਇਹ ਖੇਲ੍ਹ-ਤਮਾਸ਼ਾ) ਵੇਖ ਰਿਹਾ ਹੈ ਕਿ ਮਿਲੇ ਨਸੀਬਾਂ ਅਨੁਸਾਰ ਸਮਾਜ ਨੂੰ ਦਾਤਿ
ਪ੍ਰਾਪਤ ਹੋਵੇ। ਹੇ ਨਾਨਕ! ਆਪਣੇ ਆਪ ਵਿੱਚ ਕੋਈ ਗੁਣਾਂ ਕਰਕੇ ਵੱਡਾ ਜਾਂ ਛੋਟਾ ਇਨਸਾਨ ਨਹੀਂ। ੩੩।
(ਨੋਟ:-ਪਉੜੀ ਨੰ. ੩੩ ਤੱਕ ‘ਜਪੁ` ਬਾਣੀ ਵਿੱਚ ਵਰਤੇ ਗਏ ਸਾਰੇ ਵਿਸ਼ੇ ਸਮਾਪਤ ਹੋ ਚੁੱਕੇ
ਹਨ। ਕਿਉਂਕਿ ਅਗਲੀਆਂ ਚਾਰ ਪਉੜੀਆਂ ਵਿੱਚ ਅਧਿਆਤਮਿਕ ਉੱਚਤਾ ਨੂੰ ਲੜੀਵਾਰ ਦਰਸਾਇਆ ਗਿਆ ਹੈ।
ਰਾਤੀ ਰੁਤੀ ਥਿਤੀ ਵਾਰ।। ਪਵਣ ਪਾਣੀ ਅਗਨੀ ਪਾਤਾਲ।। ਉ: ਸੇਧ:-ਰਾਤੀਂ,
ਰੁਤੀਂ, ਥਿਤੀਂ।
(ਪ੍ਰਮਾਤਮਾ ਨੇ ਬ੍ਰਹਮੰਡ ਦੀ ਉੱਤਪਤੀ ਦੇ ਕੁੱਝ ਭਾਗ, ਪ੍ਰਿਥਵੀ `ਤੇ)
ਰਾਤਾਂ (ਹਨੇਰਾ), ਰੁਤਾਂ (ਮੌਸਮ), (ਚੰਦ੍ਰਮਾ ਨਾਲ ਸਬੰਧਿਤ ਸਮੇ ਦੀ ਵੰਡ) ਥਿਤਾਂ, (ਸੂਰਜ ਨਾਲ
ਸਬੰਧਿਤ ਸਮੇ ਦੀ ਵੰਡ) ਵਾਰ, ਹਵਾ, ਪਾਣੀ, ਅੱਗ, ਪਾਤਾਲ (ਸਮੁੰਦਰ ਆਦਿ ਦੀ ਰਾਹੀਂ ਰਚਨਾ ਕੀਤੀ)
ਤਿਸੁ ਵਿਚਿ; ਧਰਤੀ ਥਾਪਿ ਰਖੀ ਧਰਮਸਾਲ।। ਇਸ (ਉਕਤ ਸਮੂਹ) ਵਿੱਚ
ਧਰਮਸਾਲ (ਮਨੁੱਖਾ ਜੂਨੀ ਰਾਹੀਂ ਪ੍ਰਭੂ ਦੇ ਨਿਯਮ ਦੀ ਪਾਲਣਾ ਕਰਵਾਉਣ ਵਾਲੀ) ਪ੍ਰਿਥਵੀ (ਸਮੰਦਰ
`ਤੇ) ਟਿਕਾ ਕੇ ਰੱਖੀ।
ਤਿਸੁ ਵਿਚਿ; ਜੀਅ ਜੁਗਤਿ, ਕੇ ਰੰਗ।। ਤਿਨ ਕੇ ਨਾਮ, ਅਨੇਕ ਅਨੰਤ।। ਇਸ
ਧਰਤੀ (ਦੇ ਉੱਪਰ ਅਤੇ) ਅੰਦਰ ਕਈ ਰੰਗਾਂ ਨਸ਼ਲਾਂ ਦੇ ਜੀਵ ਜੰਤ ਕਈ ਜੁਗਤੀਆਂ ਨਾਲ ਪੈਦਾ ਕੀਤੇ ਹੋਏ
ਹਨ। ਜਿਨ੍ਹਾਂ ਦੇ ਅਣਗਿਣਤ ਨਾਮ (ਜੂਨਾਂ) ਹਨ।
ਕਰਮੀ ਕਰਮੀ, ਹੋਇ ਵੀਚਾਰੁ।। ਸਚਾ ਆਪਿ, ਸਚਾ ਦਰਬਾਰੁ।। ਉ: ਸੇਧ:-ਸੱਚਾ।
(ਜਿਨ੍ਹਾਂ ਦਾ) ਕੀਤੇ ਕਰਮਾਂ ਅਨੁਸਾਰ (ਰੱਬੀ ਦਰ `ਤੇ) ਵੀਚਾਰ ਹੁੰਦਾ
ਹੈ। (ਰੱਬੀ ਦਰ `ਤੇ ਨਿਆਂ ਕਰਨ ਵਾਲਾ ਪ੍ਰਭੂ) ਸੱਚਾ ਹੈ ਅਤੇ ਸੱਚਾ ਹੀ ਉਸ ਦਾ ਦਰਬਾਰ
(ਨਿਆਂ-ਪ੍ਰਣਾਲੀ) ਹੈ।
ਤਿਥੈ, ਸੋਹਨਿ ਪੰਚ ਪਰਵਾਣੁ।। ਨਦਰੀ ਕਰਮਿ, ਪਵੈ ਨੀਸਾਣੁ।। ਉ:
ਸੇਧ:-ਨੀਸ਼ਾਣ। ਉਸ (ਦਰਬਾਰ) ਵਿੱਚ ਪਰਤੱਖ ਤੌਰ `ਤੇ ਪੰਚ-ਜਨ ਹੀ ਸ਼ੋਭਦੇ (ਕਬੂਲ ਹੁੰਦੇ) ਹਨ।
ਬਖ਼ਸ਼ਸ਼ ਕਰਨ ਵਾਲੇ ਪ੍ਰਭੂ ਦੀ ਮਿਹਰ ਨਾਲ (ਪੰਚ-ਜਨਾਂ ਦੇ ਜੀਵਨ `ਤੇ ਪ੍ਰਭੂ ਦੀ ਪ੍ਰਵਾਨਗੀ ਦਾ)
ਨੀਸ਼ਾਣ ਪੈ ਜਾਂਦਾ ਹੈ।
ਕਚ ਪਕਾਈ, ਓਥੈ ਪਾਇ।। ਨਾਨਕ! ਗਇਆ ਜਾਪੈ ਜਾਇ।। ੩੪।। ਉ: ਸੇਧ:-ਗਇਆਂ।
ਕੱਚੀ (ਗੁਣਾਂ-ਰਹਿਤ) ਕਮਾਈ ਅਤੇ ਪੱਕੀ (ਗੁਣਾਂ-ਭਰਪੂਰ) ਕਮਾਈ ਦਾ ਅਸਲ ਮੁੱਲ, ਉਥੇ
ਪ੍ਰਭੂ-ਦਰਬਾਰ ਵਿੱਚ ਜਾ ਕੇ ਹੀ ਪੈਦਾ ਹੈ। ਹੇ ਨਾਨਕ! ਪ੍ਰਭੂ-ਦਰ `ਤੇ ਪਹੁੰਚ ਕੇ (ਹੀ
ਮਨੁੱਖਾ-ਜੂਨੀ ਵਿੱਚ ਰਹਿਦਿਆਂ ਕੀਤੀ ਕਮਾਈ ਦੀ) ਅਸਲ ਸਚਾਈ ਦਾ ਪਤਾ ਲਗਦਾ ਹੈ। ੩੪।
{ਨੋਟ:-ਜਦੋਂ ਮਰਨ ਤੋਂ ਬਾਅਦ; ਪ੍ਰਭੂ-ਦਰ `ਤੇ ਪਹੁੰਚ ਕੇ ਹੀ ਮਨੁੱਖਾ-ਜੀਵਨ
ਵਿੱਚ ਕੀਤੀ ਕਮਾਈ ਦਾ ਠੀਕ ਠੀਕ ਅੰਦਾਜ਼ਾ ਪ੍ਰਭੂ ਦੁਆਰਾ ਲਗਾਇਆ ਜਾਂਦਾ ਹੈ। ਤਾਂ ਫਿਰ ਸਮਾਜ ਵਿੱਚ
ਰਹਿੰਦਿਆਂ ਹੀ ਪੰਥ ਰਤਨ, ਫਖ਼ਰ ਏ ਕੌਮ, ਬ੍ਰਹਮ ਗਿਅਨੀ, ਪੂਰਨ ਬ੍ਰਹਮ ਗਿਆਨੀ, ਸੰਤ ਆਦਿ
ਵਿਸ਼ੇਸ਼ਣਾਂ ਨਾਲ ਇੱਕ ਸਾਧਾਰਨ ਮਨੁੱਖ ਨੂੰ ਨਿਵਾਜ਼ਨਾ ਆਪਣੀ ਹਉਮੈ ਨੂੰ ਪੱਠੇ ਪਾਉਣਾ ਹੀ ਹੈ, ਕਿਉਂਕਿ
ਸੰਸਾਰ ਵਿੱਚ ਵਿਚਰਦਿਆਂ ਤਾਂ ‘ਆਖਣਿ ਸਭੁ ਕੋ ਆਖੈ; ਇੱਕ ਦੂ ਇਕੁ ਸਿਆਣਾ।। ਪ: ੨੧।। `ਜਦ
ਕਿ ਮਨੁੱਖ ਨੂੰ ‘ਅਜਹੁ ਸੁ ਨਾਉ ਸਮੁੰਦ੍ਰ ਮਹਿ, ਕਿਆ ਜਾਨਉ ਕਿਆ ਹੋਇ।। (ਕਬੀਰ ਪੰਨਾ ੧੩੬੮) `
ਅਨੁਸਾਰ ਵਿਚਰਨਾ ਚਾਹੀਦਾ ਹੈ।}
ਧਰਮ ਖੰਡ ਕਾ, ਏਹੋ ਧਰਮੁ।। ਗਿਆਨ ਖੰਡ ਕਾ, ਆਖਹੁ ਕਰਮੁ।। (ਕੇਵਲ
ਪ੍ਰਿਥਵੀ ਤੱਕ ਸਮਝ ਰੱਖਣ ਵਾਲੇ ਮਨੁੱਖ ਲਈ) ਧਰਮ-ਮੰਤਵ ਵਾਲੀ ਅਵਸਥਾ ਦਾ ਇਹੀ ਸਿਧਾਂਤ ਹੈ। (ਜੋ
ਪਿਛਲੀ ਪਉੜੀ ੩੪ ਵਿੱਚ ਬਿਆਨ ਕੀਤਾ ਗਿਆ ਹੈ। ਬ੍ਰਹਮੰਡ ਵਾਰੇ ਮਾਨਸਿਕ) ਗਿਆਨ ਵਾਲੀ ਅਵਸਥਾ ਦਾ
ਸਿਧਾਂਤ (ਅਗਲੀ ਪਉੜੀ ੩੫ ਵੀਂ `ਚ ਬਿਆਨ ਕੀਤਾ ਗਿਆ) ਸਮਝਣਾ ਹੈ। ਕੇਤੇ ਪਵਣ ਪਾਣੀ ਵੈਸੰਤਰ,
ਕੇਤੇ ਕਾਨ ਮਹੇਸ।। ਉ: ਸੇਧ:-ਕਾਨ੍ਹ, ਮਹੇਸ਼।
(ਧਰਮਸਾਲ, ਪ੍ਰਿਥਵੀ ਤੋਂ ਇਲਾਵਾ, ਪ੍ਰਭੂ ਦੀ ਕੁਦਰਤ ਵਿਚ) ਕਿਤਨੇ
ਹਵਾ, ਪਾਣੀ, ਅੱਗ, ਕ੍ਰਿਸ਼ਨ, ਸ਼ਿਵਜੀ ਆਦਿ ਦੇਵਤੇ ਹੈਂ।
ਕੇਤੇ ਬਰਮੇ ਘਾੜਤਿ ਘੜੀਅਹਿ, ਰੂਪ ਰੰਗ, ਕੇ ਵੇਸ।। ਉ: ਸੇਧ:-ਬਰ੍ਹਮੇ,
ਘੜੀਅਹਿਂ। ਕਿਤਨੇ ਬ੍ਰਹਮੇ ਹਨ (ਜੋ ਮਾਤਾ-ਪਿਤਾ ਰੂਪ ਵਿੱਚ ਜੂਨਾਂ ਦੀ ਵੰਸ਼ ਵਧਾ ਰਹੇ ਹਨ)
ਜਿਨ੍ਹਾਂ ਰਾਹੀਂ ਕਈ ਰੂਪ-ਰੰਗ, ਪਹਿਰਾਵੇ (ਨਸਲ) ਆਦਿ ਦੇ ਬਨਾਵਟ ਬਣਾਏ ਜਾ ਰਹੇ ਹਨ।
ਕੇਤੀਆ ਕਰਮ ਭੂਮੀ, ਮੇਰ ਕੇਤੇ, ਕੇਤੇ ਧੂ ਉਪਦੇਸ।। ਉ: ਸੇਧ:-ਕੇਤੀਆਂ,
ਉਪਦੇਸ਼।
ਕਿਤਨੀਆਂ ਕਰਮ ਕਰਨ ਯੋਗ ਪ੍ਰਿਥਵੀਆਂ ਹਨ, ਕਿਤਨੇ ਸੁਮੇਰ ਪਰਬਤ
(ਤਾਰਾ-ਪਿੰਡ) ਹਨ, ਕਿਤਨੇ ਧਰੂ ਵਰਗੇ ਭਗਤ ਹਨ (ਅਤੇ ਉਨ੍ਹਾਂ ਨੂੰ ਦਿੱਤੇ ਪੰਜ ਰਿਸ਼ੀਆਂ ਦੁਆਰਾ ਪੰਜ
ਉਪਦੇਸ਼ਾਂ ਦੀ ਬਜਾਏ) ਕਿਤਨੇ ਉਪਦੇਸ਼ (ਅਤੇ ਕਿਤਨੇ ਉਪਦੇਸ਼ ਕਰਤਾ ਰਿਸ਼ੀ ਹਨ)। ਕੇਤੇ ਇੰਦ, ਚੰਦ
ਸੂਰ ਕੇਤੇ, ਕੇਤੇ ਮੰਡਲ ਦੇਸ।।
ਕਿਤਨੇ ਇੰਦਰ, ਕਿਤਨੇ ਚੰਦ੍ਰਮਾ, ਕਿਤਨੇ ਸੂਰਜ ਅਤੇ ਕਿਤਨੇ ਸੂਰਜ ਪਰਿਵਾਰ
ਦੇ ਸਮੂਹ ਹਨ।
ਕੇਤੇ ਸਿਧ; ਬੁਧ, ਨਾਥ ਕੇਤੇ, ਕੇਤੇ ਦੇਵੀ ਵੇਸ।। ਕਿਤਨੇ ਸਿੱਧ,
ਬੋਧੀ, ਜੋਗੀ ਅਤੇ ਦੇਵੀਆਂ ਦੇ ਸਰੂਪ ਹਨ।
ਕੇਤੇ ਦੇਵ ਦਾਨਵ, ਮੁਨਿ ਕੇਤੇ, ਕੇਤੇ ਰਤਨ ਸਮੁੰਦ।। ਕਿਤਨੇ ਦੇਵਤੇ,
ਕਿਤਨੇ ਰਾਖਸ਼, ਕਿਤਨੇ ਰਿਸ਼ੀ-ਮੁਨੀ, ਕਿਤਨੇ ਸਮੁੰਦਰ ਆਦਿ ਹਨ (ਜਿਨ੍ਹਾਂ ਵਿਚੋਂ ਨਿਕਲੇ ਚੌਦਾਂ
ਰਤਨਾਂ ਦੀ ਬਜਾਏ) ਬੇਅੰਤ ਰਤਨ ਹਨ।
ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ।। ਉ: ਸੇਧ:-ਕੇਤੀਆਂ। (ਅੰਡਜ,
ਜੇਰਜ, ਸੇਤਜ, ਉਤਭੁਜ ਚਾਰ ਪ੍ਰਕਾਰ ਦੀਆਂ ਖਾਣੀਆਂ-ਜੀਵਾਂ ਨੂੰ ਪੈਦਾ ਕਰਨ ਦੀਆਂ ਵਿਧੀਆਂ, ਦੀ
ਬਜਾਏ) ਬੇਅੰਤ ਖਾਣੀਆਂ ਹਨ। (ਪਰਾ, ਪਸ਼ਿਅੰਤੀ, ਮਧਿਅਮਾ ਅਤੇ ਵੈਖਰੀ ਚਾਰ ਬਾਣੀਆਂ-ਬੋਲਣ ਤੋਂ
ਪਹਿਲਾਂ ਸਰੀਰ ਦੇ ਅੰਦਰਲੇ ਚਾਰ ਭਾਗਾਂ ਵਿੱਚ ਹਵਾ-ਬੋਲਣ ਸ਼ਕਤੀ ਰੁਕਣ ਦੇ ਪੜਾਉ, ਦੀ ਬਜਾਏ) ਬੇਅੰਤ
ਬਾਣੀਆਂ ਹਨ ਅਤੇ ਕਿਤਨੇ ਰਾਜੇ ਪਾਤਿਸ਼ਾਹ ਆਦਿ ਹਨ। ਕੇਤੀਆ ਸੁਰਤੀ, ਸੇਵਕ ਕੇਤੇ, ਨਾਨਕ! ਅੰਤੁ ਨ
ਅੰਤੁ।। ੩੫।। ਉ: ਸੇਧ:-ਕੇਤੀਆਂ।
ਕਿਤਨੀਆਂ ਸੁਰਤਾਂ (ਪ੍ਰਭੂ ਨਾਲ ਜੁੜ੍ਹੀਆਂ ਹੋਈਆਂ) ਹਨ, ਕਿਤਨੇ (ਉਨ੍ਹਾਂ
ਸੁਰਤਾਂ ਦੀ ਰਾਹੀਂ) ਧਿਆਨ ਸਾਧਨਾ ਕਰਨ ਵਾਲੇ ਸੇਵਕ ਆਦਿ ਹਨ। ਹੇ ਨਾਨਕ! (ਪ੍ਰਭੂ ਦੇ ਵਡੇਪਣ ਦਾ
ਕਿਸੇ ਵੀ ਪੱਖੋਂ) ਅੰਤ ਨਹੀਂ ਪਾਇਆ ਜਾ ਸਕਦਾ। ੩੫।
ਗਿਆਨ ਖੰਡ ਮਹਿ, ਗਿਆਨੁ ਪਰਚੰਡੁ।। ਤਿਥੈ; ਨਾਦ ਬਿਨੋਦ ਕੋਡ ਅਨੰਦੁ।।
(ਪਿਛਲੀ ਪਉੜੀ ੩੫ ਵੀਂ ਰਾਹੀਂ, ਕੇਵਲ) ਗਿਆਨ ਵਾਲੀ ਅਵਸਥਾ ਵਿੱਚ
ਮਨੁੱਖ ਦੀ ਗਿਆਨ-ਚਰਚਾ ਹੀ ਤੇਜ (ਬਲਵਾਨ) ਹੁੰਦੀ ਹੈ। (ਕਿਉਂਕਿ) ਉਸ ਅਵਸਥਾ ਵਿੱਚ (ਮਨੁੱਖ ਦੇ
ਗਿਆਨ-ਇੰਦ੍ਰੇ ਮਾਨੋ) ਨਾਦ, ਕੌਤਕ, ਅਸਚਰਜਤਾ ਦਾ ਸੁਆਦ ਮਾਣਦੇ ਹਨ।
ਸਰਮ ਖੰਡ ਕੀ ਬਾਣੀ, ਰੂਪੁ।। ਤਿਥੈ; ਘਾੜਤਿ ਘੜੀਐ, ਬਹੁਤੁ ਅਨੂਪੁ।। ਉ:
ਸੇਧ:-ਸ਼੍ਰਮ।
(ਮਾਨਸਿਕ ਗਿਆਨ ਨੂੰ ਅਮਲੀ ਜੀਵਨ ਵਿੱਚ ਧਾਰਨ ਲਈ) ਸ਼੍ਰਮ (ਮਿਹਨਤ) ਰੂਪ
ਅਵਸਥਾ ਦੀ ਬਨਾਵਟ ਸੁੰਦਰ ਹੋ ਜਾਂਦੀ ਹੈ; ਕਿਉਂਕਿ ਉਥੇ ਬਹੁਤ ਹੀ ਉਪਮਾ ਰਹਿਤ (ਜੀਵਨ ਦੀ) ਘਾੜਤ
ਘੜੀ ਜਾਂਦੀ ਹੈ। (ਨੋਟ:-ਇਸ ਪਾਵਨ ਵਾਕ ਰਾਹੀਂ ਮਨੁੱਖ ਦਾ ਕੇਵਲ ਮਾਨਸਿਕ ਗਿਆਨ ਤੱਕ ਰੁਕੇ ਰਹਿਣਾ
ਵਿਅਰਥ ਹੈ; ਦੀ ਸੂਝ ਮਿਲਦੀ ਹੈ। ਪੜਿਐ ਨਾਹੀਂ ਭੇਦ ਬੁਝਿਐ ਪਾਵਣਾ।। (ਮ: ੧ ਪੰਨਾ ੧੪੮) ਪੜੀਐ
ਜੇਤੀ ਆਰਜਾ, ਪੜੀਅਹਿ ਜੇਤੇ ਸਾਸ।। … ਨਾਨਕ! ਲੇਖੈ ਇੱਕ ਗਲ, ਹੋਰੁ ਹਉਮੈ ਝਖਣਾ ਝਾਖ।। (ਮ: ੧
ਪੰਨਾ ੪੬੭) ਤਾਂ ਤੇ ਕੇਵਲ ਅਖੰਡ ਪਾਠਾਂ ਦੀਆਂ ਲੜੀਆਂ ਸਿਖ ਸਮਾਜ ਦਾ ਕੋਈ ਭਲਾ ਨਹੀਂ ਕਰ
ਸਕਦੀਆਂ)
ਤਾ ਕੀਆ ਗਲਾ, ਕਥੀਆ ਨਾ ਜਾਹਿ।। ਜੇ ਕੋ ਕਹੈ, ਪਿਛੈ ਪਛੁਤਾਇ।। ਉ:
ਸੇਧ-ਕੀਆਂ, ਗੱਲਾਂ, ਕਥੀਆਂ, ਜਾਹਿਂ।
ਉਸ ਅਵਸਥਾ ਵਿੱਚ ਬਣੀ ਆਤਮਿਕ ਸੁੰਦਰਤਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
ਜੇ ਕੋਈ ਜੀਵ ਬਿਆਨ ਕਰਨ ਦਾ ਯਤਨ ਕਰਦਾ ਹੈ, ਤਾਂ ਪੂਰਨ ਤੌਰ `ਤੇ ਉੇਨ੍ਹਾਂ ਗੁਣ ਨੂੰ ਬਿਆਨ ਨਾ ਕਰ
ਸਕਣ ਕਾਰਨ ਪਛੁਤਾਉਂਣਾ ਪੈਂਦਾ ਹੈ।
ਤਿਥੈ ਘੜੀਐ; ਸੁਰਤਿ, ਮਤਿ, ਮਨੁ, ਬੁਧਿ।। ਉਸ ਅਵਸਥਾ ਵਿੱਚ
ਪਹੁੰਚਦਿਆਂ ਅੰਦਰਲੀ ਇੰਦ੍ਰੀੇ ਅੰਤਹਕਰਣ {ਜਿਸ ਦੇ ਚਾਰ ਭਾਗ ਹੁੰਦੇ ਹਨ। (੧) ਯਾਦਦਾਸ਼ਤ (ਚੇਤੇ
ਕਰਨ) ਦਾ ਸਮੂਹ (ਭਾਵ:-ਚਿੱਤ, ਸੁਰਤ), (੨) ਪਦਾਰਥਾਂ ਨਾਲ ਸੰਬੰਧ ਜੋੜਨ ਵਾਲੇ ‘ਅਹੰਕਾਰ, ਲੋਭ,
ਲਾਲਚ`ਆਦਿ। (ਭਾਵ:-ਮੱਤ), (੩) ਸੰਕਲਪ-ਵਿਕਲਪ (ਫ਼ੁਰਨਿਆਂ) ਦਾ ਸਮੂਹ (ਭਾਵ:-ਮਨ) ਅਤੇ (੪) ਵੀਚਾਰ
ਅਤੇ ਯਕੀਨ ਪੈਦਾ ਕਰਨਾ (ਭਾਵ:-ਬੁੱਧੀ) ਘੜਿਆ (ਸੁੰਦਰਤਾ ਵਿੱਚ ਬਦਲ) ਜਾਂਦਾ ਹੈ।} ਤਿਥੈ ਘੜੀਐ,
ਸੁਰਾ ਸਿਧਾ ਕੀ ਸੁਧਿ।। ੩੬।। ਉ: ਸੇਧ:-ਸੁਰਾਂ, ਸਿਧਾਂ। ਸੱਤ ਸੁਰਾਂ (ਸਾ, ਰੇ, ਗਾ, ਮਾ,
ਪਾ, ਧਾ, ਨੀ) ਰਾਗਾਂ ਦੀ ਮਸਤੀ ਅਤੇ ਅਧਿਆਤਮਿਕ ਕਰਾਮਾਤੀ ਸ਼ਕਤੀਆਂ (ਸਫਲਤਾਵਾਂ ਦੇ ਅਨੰਦ ਦੀ) ਸਮਝ
ਆ ਜਾਂਦੀ ਹੈ। ੩੬।
{ਨੋਟ:-ਅਧਿਆਤਮਿਕ ਉੱਚਤਾ ਦੀਆਂ ਇਨ੍ਹਾਂ ਚਾਰ ਪਉੜੀਆਂ (ਪੰਜ ਅਵਸਥਾਵਾਂ)
ਵਿਚੋਂ ਗਿਆਨ-ਖੰਡ ਵਿੱਚ ਦੇਵਤਿਆਂ ਦਾ ਜ਼ਿਕਰ ਪਹਿਲਾਂ ਹੀ ਆ ਚੁੱਕਾ ਹੈ। ਜਿਨ੍ਹਾਂ ਦਾ ਟਿਕਾਣਾ ਵੀ
ਦੂਸਰੀ ਦੁਨੀਆਂ ਵਿੱਚ ਮੰਨਿਆ ਜਾਂਦਾ ਹੈ। ਇਸ ਲਈ ਸ਼ਰਮ-ਖੰਡ ਵਿੱਚ ਸੁਰਾ ਸ਼ਬਦ ਦਾ ਅਰਥ
ਦੁਆਰਾ ਦੇਵਤੇ ਕਰਨਾ ਉਚਿਤ ਨਹੀਂ ਕਿਉਂਕਿ ਕੁੱਝ ਸੱਜਣ ਅਗਲੀ ਪਉੜੀ ੩੭ ਵੀਂ ਵਿੱਚ ਸੀਤੋ ਸੀਤਾ
ਮਹਿਮਾ ਮਾਹਿ।। ਅਤੇ ਰਾਮੁ ਵਸੈ ਮਨਿ ਮਾਹਿ।। ਦੇ ਅਰਥਾਂ ਨੂੰ, ਫਿਰ ਦੇਵੀ, ਦੇਵਤਿਆਂ
ਦੇ ਅਰਥਾਂ ਵਿੱਚ ਉਲਥਾ ਦੇਂਦੇ ਹਨ। ਇਸ ਤਰ੍ਹਾਂ ਪਉੜੀ ਨੰ. ੩੫, ੩੬ ਅਤੇ ੩੭ (ਭਾਵ:-ਸੱਚ-ਖੰਡ) ਤੱਕ
ਦੇਵੀ-ਦੇਵਤਿਆਂ ਦਾ ਜ਼ਿਕਰ ਕਰਨ ਨਾਲ ਇਨ੍ਹਾਂ ਦੇਵਤਿਆਂ ਦਾ ਪ੍ਰਭਾਵ ਪ੍ਰਮਾਤਮਾ ਦੇ ਬਰਾਬਰ ਤੱਕ ਕਾਇਮ
ਰਹਿੰਦਾ ਹੈ। ਜਿਸ (ਆਕਾਰ ਪੂਜਾ) ਦੇ ਪ੍ਰਭਾਵ ਹੇਠੋਂ ਹੀ ਗੁਰੂ ਜੀ ਨੇ ਸਿਖ ਸਮਾਜ ਨੂੰ ਕੱਢਿਆ ਸੀ।
ਸਨਾਤਨ ਮੱਤ ਦੀ ਰਾਹੀਂ ਮਨੁੱਖ ਨੂੰ ਮਨੁੱਖ ਤੋਂ ਪ੍ਰਭਾਵਤ ਰੱਖਣ ਲਈ ਕੁੱਝ ਸਿੱਖ-ਸੰਸਥਾਂਵਾਂ ਅਜੇਹਾ
ਕਰ ਕੇ ਆਪਣੇ ਪੂਰਵਜ ਸਾਧਾਰਨ ਇਨਸਾਨਾਂ ਨੂੰ ਭੀ ਸੰਤ, ਬ੍ਰਹਮ ਗਿਆਨੀ, ਪੂਰਨ ਬ੍ਰਹਮ ਗਿਆਨੀ,
ਸ੍ਰੀ ਸ੍ਰੀ ੧੦੮, ਸ੍ਰੀ ਸ੍ਰੀ ੧੦੦੮ ਆਦਿ ਵਿਸ਼ੇਸ਼ਣ ਨਾਲ ਨਿਵਾਜ਼ ਕੇ ਬਾਕੀ ਮਨੁੱਖਾਂ ਨੂੰ ਨੀਚ
ਹੋਣ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਹਨ ਜਦਕਿ ਇਨ੍ਹਾਂ ਦੇ ਹੀ ਗੁਰੂ ਆਪਣੇ ਆਪ ਨੂੰ ਵਾਰ ਵਾਰ ‘ਨਾਨਕੁ
ਨੀਚੁ` ਆਖ ਰਹੇ ਹਨ। ਪਉੜੀ ੩੫ ਵਿੱਚ ਵਰਤੇ ਸਿਧਾਂਤ ਨੂੰ ਹੋਰ ਵੀਚਾਰਨ ਲਈ ਸੁਣਿਐ
ਦੀਆਂ ਪਉੜੀਆਂ ਨਾਲ ਮਿਲਾ ਕੇ ਪੜ੍ਹਣਾ ਚਾਹੀਦਾ ਹੈ, ਜਿਥੇ ਸੁਣਿਐ ਸਿਧ ਪੀਰ ਸੁਰਿ ਨਾਥ।। ਪ:
੮।। ਅਤੇ ਸੁਣਿਐ ਈਸਰੁ ਬਰਮਾ ਇੰਦੁ।। ਪ: ੯।। ਇਉਂ ਹੀ ਕੇਤੇ ਕਾਨ ਮਹੇਸ … ਕੇਤੇ
ਬਰਮੇ … ਕੇਤੇ ਇੰਦ. . ਕੇਤੇ ਦੇਵੀ ਵੇਸ।। ਪ: ੩੫।। ਆਦਿ ਵਿੱਚ ਦੇਵਤਿਆਂ ਦਾ ਜ਼ਿਕਰ ਸਪਸ਼ੱਟ ਹੋ
ਚੁੱਕਾ ਹੈ ਅਤੇ ਮੰਨੈ ਦੀਆਂ ਪਉੜੀਆਂ ਵਿੱਚ ਆਏ ਸ਼ਬਦ ਮੰਨੈ ਸੁਰਤਿ ਹੋਵੈ ਮਨਿ ਬੁਧਿ।।
ਪ: ੧੩।। ਨੂੰ ਸਰਮ-ਖੰਡ ਦੀ ਤਿਥੈ ਘੜੀਐ; ਸੁਰਤਿ ਮਤਿ ਮਨੁ ਬੁਧਿ।। ਪ: ੩੬।। ਨਾਲ
ਮਿਲਾ ਕੇ ਵੀਚਾਰਨਾ ਚਾਹੀਦਾ ਹੈ। ਸੁਰਾ ਸ਼ਬਦ; ਗੁਰਬਾਣੀ ਵਿੱਚ ਚਾਰ (੪) ਵਾਰ ਦਰਜ਼
ਹੈ, ਜਿਥੇ ਇਸ ਦਾ ਅਰਥ ਸ਼ਰਾਬ (ਜਾਂ) ਸੱਤ ਸੁਰਾਂ ਭਾਵ-ਰਾਗਾਂ ਨਾਲ ਸੰਬੰਧਤ ਹੈ।
ਸੁਰਾ ਸ਼ਬਦ ਨੂੰ ਗੁਰਬਾਣੀ ਵਿੱਚ ਕਹੀਂ ਭੀ ਦੇਵਤੇ ਦੇ ਅਰਥਾਂ ਵਿੱਚ ਨਹੀਂ ਵਰਤਿਆ ਗਿਆ ਹੈ।
ਜਿਵੇਂ ਕਿ:-ਪੰਚ ਬਜਿਤ੍ਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ।। (ਮ: ੫ ਪੰਨਾ ੮੮੫) ਜਿਸ ਦੀ
ਰਹਾਉ ਵਾਲੀ ਪੰਕਤੀ ਭਲੋ ਭਲੋ ਰੇ ਕੀਰਤਨੀਆ।। ਰਾਮ ਰਮਾ ਰਾਮਾ ਗੁਣ ਗਾਉ।। ਛੋਡਿ ਮਾਇਆ ਕੇ ਧੰਧ
ਸੁਆਉ।। ਰਹਾਉ।। ਗੁਰਬਾਣੀ ਰਾਗਾਂ `ਤੇ ਆਧਾਰਿਤ ਹੋਣ ਕਾਰਨ, ਪ੍ਰਭੂ-ਮਿਲਾਪ ਦੀ ਅਨੰਦ-ਮਈ
ਅਵਸਥਾ ਅਤੇ ਰਾਗਾਂ ਰਾਹੀਂ ਬਣੀ ਅਨੰਦਮਈ ਅਵਸਥਾ ਦੀ ਤੁਲਨਾ ਹੇਠਾਂ ਬਿਆਨ ਕੀਤੇ ਸ਼ਬਦਾਂ ਦੀ ਰਾਹੀਂ
ਆਪਸ ਵਿੱਚ ਮਿਲਾ ਕੇ ਭੀ ਵੀਚਾਰੀ ਜਾ ਸਕਦੀ ਹੈ। ਸਾਤ ਸੁਰਾ ਲੈ ਚਾਲੈ।। , ਵਾਜੇ ਨਾਦ, ਅਨੇਕ
ਅਸੰਖਾ; ਕੇਤੇ ਵਾਵਣਹਾਰੇ।। ਜਪੁ।। , ਵਾਜੇ ਪੰਚ ਸਬਦ, ਤਿਤੁ ਘਰਿ ਸਭਾਗੈ।। (ਮ: ੩।। ਅਨੰਦੁ)
ਅਤੇ ਤਿਥੈ ਘੜੀਐ, ਸੁਰਾ ਸਿਧਾ ਕੀ ਸੁਧਿ।। ਆਦਿ ਸਭ ਥਾਵਾਂ `ਤੇ ਉਚੀ (ਨਿਰਮਲ) ਆਤਮਿਕ
ਅਵਸਥਾ ਦਾ ਜ਼ਿਕਰ ਆ ਰਿਹਾ ਹੈ, ਨਾ ਕਿ ਕਿਸੇ ਦੇਵੀ ਦੇਵਤੇ ਦਾ।
ਕਰਮ ਖੰਡ ਕੀ ਬਾਣੀ, ਜੋਰੁ।। ਤਿਥੈ; ਹੋਰੁ ਨ ਕੋਈ ਹੋਰੁ।।
(ਪ੍ਰਭੂ ਦੀ ਅੰਤਿਮ) ਬਖ਼ਸ਼ਸ਼ ਵਾਲੀ ਅਵਸਥਾ ਦੀ ਬਣਤਰ ਨਾਲ (ਅੰਤਹਕਰਣ ਦੀ
ਘਾੜਤ ਵਾਲੇ ਜੀਵਨ ਵਿੱਚ ਇਤਨਾ ਆਤਮਿਕ) ਬਲ ਆ ਜਾਂਦਾ ਹੈ ਕਿ ਓਥੇ (ਪ੍ਰਭੂ ਦੀ ਯਾਦ ਤੋਂ ਬਿਨਾ) ਕੋਈ
ਹੋਰ ਫ਼ੁਰਨਾ ਬਿਲਕੁਲ ਨਹੀਂ ਉੱਠਦਾ। ਤਿਥੈ; ਜੋਧ, ਮਹਾਬਲ, ਸੂਰ।। ਤਿਨ ਮਹਿ, ਰਾਮੁ ਰਹਿਆ
ਭਰਪੂਰ।। ਉ: ਸੇਧ:-ਮਹਾਂਬਲ। ਉਸ ਅਵਸਥਾ ਤੱਕ (ਪਹੁੰਚੇ ਹੋਏ ਜੀਵ ਵਿਕਾਰਾਂ ਦੇ ਮੁਕਾਵਲੇ)
ਵੱਡੇ ਵੱਡੇ ਜੋਧੇ, ਮਹਾਂਬਲੀ, ਸੂਰਮੇ ਆਦਿ ਬਣੇ ਰਹਿੰਦੇ ਹਨ, ਕਿਉਂਕਿ ਉਨ੍ਹਾਂ ਦੇ ਰੋਮ ਰੋਮ ਵਿਚ;
ਕਣ ਕਣ ਵਿੱਚ ਵਿਆਪਕ ਪ੍ਰਭੂ ਵੱਸਦਾ ਹੈ। ਤਿਥੈ, ਸੀਤੋ ਸੀਤਾ ਮਹਿਮਾ ਮਾਹਿ।। ਤਾ ਕੇ ਰੂਪ, ਨ
ਕਥਨੇ ਜਾਹਿ।। ਉ: ਸੇਧ:-ਮਾਹਿਂ, ਜਾਹਿਂ।
ਉਸ ਅਵਸਥਾ ਵਿੱਚ ਜੀਵ ਪ੍ਰਭੂ-ਯਾਦ ਵਿੱਚ (ਸਿਲਾਈ ਕੀਤੇ ਕਮੀਜ਼ ਦੀ ਤਰ੍ਹਾਂ)
ਚੰਗੀ ਤਰ੍ਹਾਂ ਲੀਨ (ਮਿਲਿਆ) ਰਹਿੰਦਾ ਹੈ। (ਅੰਦਰੂਨੀ ਗੁਣਾਂ ਕਾਰਨ) ਉਨ੍ਹਾਂ ਦੇ ਚਿਹਰੇ `ਤੇ
ਵਿਖਾਈ ਦੇਂਦੇ ਨੂਰ (ਲਸ਼ਕਾਰੇ) ਬਿਆਨ ਨਹੀਂ ਕੀਤੇ ਜਾ ਸਕਦੇ। ਨਾ ਓਹਿ ਮਰਹਿ, ਨ ਠਾਗੇ ਜਾਹਿ।।
ਜਿਨ ਕੈ, ਰਾਮੁ ਵਸੈ, ਮਨ ਮਾਹਿ।। ਉ: ਸੇਧ:-ਓਹ, ਮਰਹਿਂ, ਜਾਹਿਂ, ਮਾਹਿਂ।
(ਫਿਰ ਦੁਬਾਰਾ ਵਿਕਾਰਾਂ ਅੱਗੇ) ਨਾ ਉਹ ਮਰਦੇ, ਹਾਰਦੇ ਹਨ ਅਤੇ ਨਾ ਹੀ
(ਆਤਮਿਕ ਜੀਵਨ) ਲੁਟਾਉਂਦੇ ਹਨ। ਕੇਵਲ ਕਣ ਕਣ ਵਿੱਚ ਵਿਆਪਕ ਪ੍ਰਭੂ ਦੀ ਯਾਦ ਹੀ ਉਨ੍ਹਾਂ ਦੇ ਹਿਰਦੇ
ਵਿੱਚ ਵਸਦੀ ਹੈ।
ਤਿਥੈ ਭਗਤ ਵਸਹਿ, ਕੇ ਲੋਅ।। ਕਰਹਿ ਅਨੰਦੁ, ਸਚਾ ਮਨਿ ਸੋਇ।। ਉ:
ਸੇਧ:-ਵਸਹਿਂ, ਕਰਹਿਂ। ਉਸ ਅਵਸਥਾ ਵਿੱਚ ਕਈ ਲੋਕਾਂ (ਬ੍ਰਹਮੰਡਾਂ) ਦੇ ਭਗਤ ਵਸਦੇ ਹਨ। ਉਹ
ਸੱਚਾ ਪ੍ਰਭੂ ਉਨ੍ਹਾਂ ਦੇ ਮਨ ਵਿੱਚ ਵੱਸਣ ਕਾਰਨ ਉਹ ਅਨੰਦ ਮਾਣਦੇ ਹਨ। ਸਚ ਖੰਡਿ, ਵਸੈ
ਨਿਰੰਕਾਰੁ।। ਕਰਿ ਕਰਿ ਵੇਖੈ, ਨਦਰਿ ਨਿਹਾਲ।।
ਐਸੀ ਸੱਚ-ਖੰਡ ਰੂਪ ਅਵਸਥਾ ਵਿੱਚ ਆਕਾਰ-ਰਹਿਤ ਪ੍ਰਭੂ ਜੀ ਵੱਸਦਾ ਹੈ, ਜੋ
ਆਪਣੀ ਮਿਹਰ ਦੀ ਨਜ਼ਰ ਨਾਲ ਜਗਤ ਨੂੰ (ਉਨ੍ਹਾਂ ਦੇ ਕੀਤੇ ਕਰਮਾਂ ਅਨੁਸਾਰ) ਪੈਦਾ ਕਰ ਕਰ ਕੇ (ਨਸੀਬ
ਅਨੁਸਾਰ ਮਿਲ ਰਿਹਾ) ਵੇਖ ਰਿਹਾ ਹੈ। ਤਿਥੈ; ਖੰਡ, ਮੰਡਲ, ਵਰਭੰਡ।। ਜੇ ਕੋ ਕਥੈ, ਤ ਅੰਤ ਨ
ਅੰਤ।। ਪ੍ਰਭੂ ਦੀ ਅਵਸਥਾ (ਵਡੇਪਣ) ਵਿੱਚ ਪ੍ਰਿਥਵੀ, ਸੂਰਜ ਦਾ ਪਰਿਵਾਰ (ਮੰਡਲ), ਅਨੇਕਾਂ
ਸੂਰਜਾਂ ਦਾ ਪਰਿਵਾਰ (ਬ੍ਰਹਮੰਡ) ਆਦਿ ਵਸਦੇ ਹਨ। ਜੇ ਕੋਈ ਉਨ੍ਹਾਂ ਹੱਦ-ਬੰਨ੍ਹਿਆਂ ਨੂੰ ਬਿਆਨ ਕਰਨ
ਦਾ ਯਤਨ ਕਰਦਾ ਹੈ, ਤਾਂ ਬਿਆਨ ਨਹੀਂ ਕਰ ਸਕਦਾ। (ਜੈਸੇ ਇੱਕ ਬੂੰਦ; ਸਾਰੇ ਸਮੁੰਦਰ ਬਾਰੇ ਨਹੀਂ ਜਾਣ
ਸਕਦੀ) ਤਿਥੈ; ਲੋਅ ਲੋਅ ਆਕਾਰ।। ਜਿਵ ਜਿਵ ਹੁਕਮੁ, ਤਿਵੈ ਤਿਵ ਕਾਰ।। ਉਥੇ (ਪ੍ਰਭੂ ਦੇ
ਟਿਕਾਣੇ `ਤੇ) ਪ੍ਰਕਾਸ਼ ਹੀ ਪ੍ਰਕਾਸ਼ ਦਾ ਵਜ਼ੂਦ ਹੈ। ਜਿਵੇਂ ਜਿਵੇਂ ਪ੍ਰਭੂ ਦਾ ਹੁਕਮ ਹੁੰਦਾ ਹੈ, ਉਸੇ
ਤਰ੍ਹਾਂ ਹੀ ਜਗਤ ਦੀ ਕਾਰ ਚਲ ਰਹੀ ਹੈ। ਵੇਖੈ ਵਿਗਸੈ, ਕਰਿ ਵੀਚਾਰੁ।। ਨਾਨਕ! ਕਥਨਾ ਕਰੜਾ
ਸਾਰੁ।। ੩੭।।
ਪ੍ਰਮਾਤਮਾ; ਆਪਣੇ ਬਣਾਏ ਢਾਂਚੇ (ਸੰਸਾਰਕ ਸਵੈ-ਚਲਤ ਮਸ਼ੀਨਰੀ) ਨੂੰ ਧਿਆਨ
ਨਾਲ ਹਮੇਸ਼ਾ ਵੇਖਦਾ ਹੈ ਅਤੇ ਖ਼ੁਸ਼ ਹੁੰਦਾ ਹੈ। ਹੇ ਨਾਨਕ! (ਪ੍ਰਭੂ ਦੇ ਵਡੇਪਣ ਬਾਰੇ) ਬਿਆਨ ਕਰਨਾ
ਲੋਹਾ ਚੁਬਾਉਣ ਵਰਗਾ ਕਰੜਾ ਹੈ। ੩੭।
(ਨੋਟ-ਪਉੜੀ ਨੰ. ੩੪ ਤੋਂ ੩੭ ਤੱਕ ਅਧਿਆਤਮਿਕ ਅਵਸਥਾ ਨੂੰ ਬਿਆਨ ਕਰਨ ਵਾਲਾ
ਸਿਧਾਂਤ ਸਮਾਪਤ ਹੋ ਚੁੱਕਿਆ ਹੈ। ਅਗਲੀ ਪ: ੩੮ ਵੀਂ, ਜੋ ਕਿ ਜਪੁ ਬਾਣੀ ਦੀ ਅੰਤਿਮ ਪਉੜੀ
ਭੀ ਹੈ; ਵਿੱਚ ਸੋਨੇ ਦੀ ਸ਼ੁੱਧਤਾ ਅਤੇ ਮਨੁੱਖੀ ਜੀਵਨ ਦੀ ਸ਼ੁੱਧਤਾ ਦੀ ਤੁਲਨਾਂ ਕੀਤੀ ਗਈ ਹੈ। ਜਿਸ
ਤਰ੍ਹਾਂ ਸੁਨਿਆਰ, ਭੱਠੀ ਰਾਹੀਂ ਸੋਨਾ ਸ਼ੁੱਧ ਕਰਦਾ ਹੈ; ਉਸੇ ਤਰ੍ਹਾਂ ਹੀ ‘ਜਪੁ` ਬਾਣੀ ਦੇ
ਸਿਧਾਂਤ ਨੂੰ ਗ੍ਰਹਿਣ ਕਰਨ ਨਾਲ ਮਨੁੱਖ ਦਾ ਮਨ ਸ਼ੁੱਧ ਹੋ ਜਾਂਦਾ ਹੈ)
ਜਤੁ ਪਾਹਾਰਾ, ਧੀਰਜੁ ਸੁਨਿਆਰੁ।। ਅਹਰਣਿ ਮਤਿ, ਵੇਦੁ ਹਥੀਆਰੁ।।
(ਜੀਵਨ ਦਾ) ਉੱਚਾ ਆਚਰਨ (ਬਾਹਰੋਂ) ਸੁਨਿਆਰੇ ਦੀ ਹੱਟੀ (ਵਾਂਙ
ਪ੍ਰਭਾਵਤ ਕਰੇ, ਜਿਸ ਵਿਚ) ਅਡੋਲਤਾ ਸੁਨਿਆਰ ਹੋਵੇ, ਅਹਿਰਣ ਦੀ ਸਥਿਰਤਾ ਵਾਂਙ ਮੱਤ ਹੋਵੇ, (ਜਿਸ
`ਤੇ ਗੁਰੂ) ਗਿਆਨ ਰੂਪ ਹਥੌੜਾ ਵੱਜੇ। ‘ਕਬੀਰ ਸਾਚਾ ਸਤਿਗੁਰੁ ਮੈ ਮਿਲਿਆ, ਸਬਦ ਜੁ ਬਾਹਿਆ
ਏਕੁ।। ਲਾਗਤ ਹੀ ਭੁਇ ਮਿਲਿ ਗਇਆ, ਪਰਿਆ ਕਲੇਜੇ ਛੇਕੁ।। ਪੰਨਾ ੧੩੭੨।। `
ਭਉ ਖਲਾ, ਅਗਨਿ ਤਪ ਤਾਉ।। ਭਾਂਡਾ ਭਾਉ, ਅੰਮ੍ਰਿਤੁ ਤਿਤੁ ਢਾਲਿ।। ਘੜੀਐ
ਸਬਦੁ, ਸਚੀ ਟਕਸਾਲ।।
ਰੱਬੀ ਡਰ ਧੌਕਣੀ (ਵਾਂਙ ਇਕਸਾਰ ਯਤਨਸ਼ੀਲ ਰਹੇ) ਅੱਗ ਦੇ ਤਾਉ ਵਾਂਙ ਮਿਹਨਤ
ਦੀ ਕਮਾਈ ਕੀਤੀ ਜਾਵੇ, (ਸੋਨਾ-ਕਠੋਰ ਜੀਵਨ, ਤਰਲ-ਨਰਮ ਕਰਨ ਲਈ) ਪ੍ਰੇਮ ਰੂਪੀ ਬਰਤਣ ਹੋਵੇ; ਉਸ
ਪ੍ਰੇਮ-ਬਰਤਣ (ਹਿਰਦੇ ਵਿਚ) ਢਾਲ ਕੇ ਪ੍ਰਭੂ ਦਾ ਅਮਰ ਕਰ ਦੇਣ ਵਾਲਾ ਨਾਮ ਅੰਮ੍ਰਿਤ ਪਾਇਆ ਜਾਏ।
(ਉੱਚਾ ਆਚਰਨ, ਅਡੋਲਤਾ, ਸਥਿਰ ਮੱਤ, ਗੁਰੂ-ਗਿਆਨ, ਰੱਬੀ-ਡਰ, ਮਿਹਨਤੀ-ਜੀਵਨ, ਪ੍ਰੇਮ ਆਦਿ ਗੁਣਾਂ
ਨਾਲ ਭਰਪੂਰ) ਸੱਚੀ ਟਕਸਾਲ (ਮਨੁੱਖਾ ਜੀਵਨ) `ਤੇ ਹੀ ਰੱਬੀ ਹੁਕਮ ਘੜਿਆ (ਕਮਾਇਆ) ਜਾ ਸਕਦਾ ਹੈ।
(ਨੋਟ:-ਗੁਰਬਾਣੀ ਸਿਧਾਂਤ ਦਾ ਮਨੁੱਖਾਂ ਦੇ ਹੱਥਾਂ ਵਿੱਚ ਆਉਣ ਤੋਂ ਪਹਿਲਾਂ
ਜਿੰਦਗੀ ਦਾ ਮੂਲ (ਜਾਂ) ਸ਼ੁਰੂਆਤ ਮਨੁੱਖਾਂ ਦੁਆਰਾ ਕੀਤੇ ਗਏ ਕਰਮਾ ਨੂੰ ਮੰਨਿਆ ਜਾਂਦਾ ਸੀ ‘ਕਰਮ
ਬਧ ਤੁਮ ਜੀਉ ਕਹਤ ਹੌ, ਕਰਮਹਿ ਕਿਨਿ ਜੀਉ ਦੀਨੁ ਰੇ।। ` (ਕਬੀਰ ਪੰਨਾ ੮੭੦) ਸਪੱਸ਼ਟ ਹੈ ਕਿ
ਅਗਰ ਹਰੇਕ ਜੂਨੀ ਦਾ ਬੀਜ ਕਰਮ ਹੈ; ਤਾਂ ‘ਜੁਗ ਛਤੀਹ ਗੁਬਾਰ, ਤਿਸ ਹੀ ਭਾਇਆ।। ` (ਮ: ੧ ਪੰਨਾ
੧੨੮੨) ਤੋਂ ਬਾਅਦ ਪਹਿਲੀ ਜੂਨੀ ਵਿੱਚ ਪ੍ਰਵੇਸ਼ ਕਰਨ ਲਈ ਕਿਹੜਾ ਕਰਮ-ਬੀਜ ਬਣਿਆ? ਗੁਰੂ ਸਿਧਾਂਤ
ਅਨੁਸਾਰ ਕਰਮ-ਬੀਜ ਨੂੰ ਨੰ. ੨ `ਤੇ ਰੱਖਿਆ ਗਿਆ ਹੈ; ਜਦਕਿ ਨੰ. ੧ `ਤੇ ਪ੍ਰਭੂ-ਹੁਕਮ ਨੂੰ ਹੀ
ਮੰਨਿਆ ਜਾਂਦਾ ਹੈ। ਗੁਰੂ-ਵਾਕ:-ਹੁਕਮਿ ਚਲਾਏ ਆਪਣੈ, ਕਰਮੀ ਵਹੈ ਕਲਾਮ।। (ਕਬੀਰ ਪੰਨਾ ੮੭੦)
ਭਾਵ:-ਪ੍ਰਮਾਤਮਾ ਆਪਣੇ ਹੁਕਮ ਵਿੱਚ ਚਲਾ ਕੇ ਅੱਗੇ ਜੀਵਾਂ ਦੇ ਕੀਤੇ ਕਰਮਾ ਅਨੁਸਾਰ ਫਲ (ਜੂਨਾਂ
ਵਿੱਚ ਪਾਉਂਦਾ) ਹੈ। ਕਰਮੀ ਆਪੋ ਆਪਣੀ; ਕੇ ਨੇੜੈ, ਕੇ ਦੂਰਿ।। ਬੇਸ਼ੱਕ ਅੱਗੇ ਮਨੁੱਖਾ ਜੀਵਨ
‘ਇਕਨਾ ਹੁਕਮੀ ਬਖਸੀਸ; ਇਕਿ, ਹੁਕਮੀ ਸਦਾ ਭਵਾਈਅਹਿ।। `ਵੱਲ ਵਧ ਜਾਂਦਾ ਹੈ; ਪਰ ਜੀਵਨ ਦੀ
ਸ਼ੁਰੂਆਤ ਤਾਂ ਪ੍ਰਭੂ ਦੇ ਹੁਕਮ ਤੋਂ ਹੀ ਮੰਨੀ ਜਾਂਦੀ ਹੈ; ਇਸ ਲਈ ਗੁਰੂ ਜੀ ਨੇ ਜਪੁ ਬਾਣੀ
ਦੀ ਪਹਿਲੀ ਪਉੜੀ ਵਿੱਚ ਹੀ ਕੀਤੇ ਪ੍ਰਸ਼ਨ:- ਕਿਵ, ਸਚਿਆਰਾ ਹੋਈਐ? ਦਾ ਉੱਤਰ:-ਹੁਕਮਿ
ਰਜਾਈ ਚਲਣਾ; ਨਾਨਕ! ਲਿਖਿਆ ਨਾਲਿ।। ੧।। ਰਾਹੀਂ ਦਿੱਤਾ। ਭਾਵ:-ਸਭ ਤੋਂ ਛੋਟੀ ਅਵਸਥਾ
ਕਿਵ, ਸਚਿਆਰਾ ਹੋਈਐ? ਲਈ ਉੱਤਰ ਸਭ ਤੋਂ ਉੱਚੇ ਸਿਧਾਂਤ (ਅਵਸਥਾ) ਦੇ ਰੂਪ ਵਿਚ। ਹੁਕਮਿ
ਰਜਾਈ ਚਲਣਾ; ਜੋ ਸਿਧਾਂਤ ਪਹਿਲੀ ਪਉੜੀ ਵਿੱਚ ਸੀ। ਉਹ ਹੀ ਸਿਧਾਂਤ ਜਪੁ ਬਾਣੀ ਦੀ
ਅੰਤਿਮ ਪਉੜੀ ੩੮ ਵਿੱਚ ਮੁਕੰਮਲ ਕੀਤਾ ਗਿਆ ਹੈ:-ਘੜੀਐ ਸਬਦੁ, ਸਚੀ ਟਕਸਾਲ।। (ਭਾਵ-ਉੱਚਾ
ਆਚਰਨ, ਅਡੋਲਤਾ, ਸਥਿਰ ਮੱਤ, ਗੁਰੂ-ਗਿਆਨ, ਰੱਬੀ-ਡਰ, ਮਿਹਨਤੀ ਜੀਵਨ, ਪ੍ਰੇਮ ਆਦਿ ਗੁਣਾਂ ਭਰਪੂਰ)
ਸੱਚੀ ਟਕਸਾਲ (ਇਨਸਾਨੀ-ਜੀਵਨ) `ਤੇ ਹੀ ਰੱਬੀ-ਹੁਕਮ ਘੜਿਆ (ਕਮਾਇਆ) ਜਾ ਸਕਦਾ ਹੈ। ਜਿਨ ਕਉ
ਨਦਰਿ ਕਰਮੁ, ਤਿਨ ਕਾਰ।। ਨਾਨਕ! ਨਦਰੀ ਨਦਰਿ ਨਿਹਾਲ।। ੩੮।।
ਪਰ ਜਿਨ੍ਹਾਂ `ਤੇ ਪ੍ਰਭੂ ਦੀ ਮਿਹਰ ਭਰੀ ਨਜ਼ਰ ਹੁੰਦੀ ਹੈ; ਉਹ ਮਨੁੱਖ ਹੀ ਇਹ
ਘਾਲ-ਕਮਾਈ ਕਰ ਸਕਦੇ ਹਨ। ਹੇ ਨਾਨਕ! ਉਹ ਜੀਵ ਬਖ਼ਸ਼ਸ਼ ਕਰਨ ਵਾਲੇ ਪ੍ਰਭੂ ਦੀ ਮਿਹਰ ਨਾਲ ਅਨੰਦਮਈ ਜੀਵਨ
ਜੀਉਂਦੇ ਹਨ।
ਸਲੋਕੁ।।
ਪ: ੩੮ ਤੋਂ ਬਾਅਦ ਇਹ ਸਲੋਕ ‘ਜਪੁ` ਬਾਣੀ ਦਾ ਦੂਸਰਾ ਅਤੇ
ਅੰਤਿਮ ਸਲੋਕ ਹੈ। ਪਹਿਲਾ ਸਲੋਕ ‘ਜਪੁ` ਬਾਣੀ ਦੇ ਆਰੰਭ ਵਿੱਚ ਆਦਿ ਸਚੁ. . ਤੋਂ
ਨਾਨਕ ਹੋਸੀ ਭੀ ਸਚੁ।। ੧।। ਤੱਕ ਦਰਜ਼ ਹੈ। ਅੰਤਰ ਸਿਰਫ਼ ਇਹੀ ਹੈ ਕਿ ਉਥੇ ਸਿਰਲੇਖ ‘ਸਲੋਕ`
ਸ਼ਬਦ ਦਰਜ਼ ਨਹੀਂ ਹੈ। ਸ਼ਲੋਕ ਨੂੰ ਅੱਗੇ ਵੀਚਾਰਨ ਤੋਂ ਪਹਿਲਾਂ ਜ਼ਰੂਰੀ ਹੈ, ਇਹ ਪੱਖ ਜਾਨਣਾ ਕਿ
ਵਿਗਿਆਨ ਅਨੁਸਾਰ ਦੋ ਗੈਸਾਂ (ਹਾਈਡ੍ਰੋਜਨ+ਆਕਸੀਜਨ