.

ਕੁਦਰਤੀ ਕਰੋਪੀ, ਗੈਬੀ-ਸ਼ਕਤੀ, ਭਵਿੱਖਬਾਣੀ ਅਤੇ ਅੰਤਰਜਾਮਤਾ

ਅਵਤਾਰ ਸਿੰਘ ਮਿਸ਼ਨਰੀ (5104325827)

ਅਰਬੀ ਵਿੱਚ “ਕੁਦਰਤਿ” ਦਾ ਅਰਥ ਹੈ ਤਾਕਤ, ਸ਼ਕਤੀ ਅਤੇ ਮਾਇਆ-ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ॥ (੫੦੮) ਜਾਂ ਕਰਤਾਰ ਦੀ ਰਚਨਾ ਸ਼ਕਤੀ-ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥(੪੬੩) ਸਰਬ ਵਿਆਪਕ ਸਤਾ-ਕੁਦਰਤਿ ਪਾਤਾਲੀਂ ਅਕਾਸੀ ਕੁਦਰਤਿ ਸਰਬ ਅਕਾਰ॥.... (੪੬੪) ਕਰੋਪੀ-ਸੰਸਕ੍ਰਿਤ ਦਾ ਲਫਜ਼ ਹੈ ਅਰਥ ਹੈ ਆਫਤ, ਮੁਸੀਬਤ, ਵਿਪਦਾ, ਭੈੜੀ ਅਤੇ ਭਿਆਨਕ ਦਸ਼ਾ। ਗੈਬ ਜਾਂ ਗੈਬੀ-ਅਰਬੀ ਦੇ ਲਫਜ਼ ਹਨ ਜਿਨ੍ਹਾਂ ਦਾ ਮਤਲਬ ਹੈ ਗੁਪਤ-ਅਲਹੁ ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ ॥ (੪੮੩) ਭਵਿੱਖ-ਸੰਸਕ੍ਰਿਤ ਦਾ ਸ਼ਬਦ ਹੈ ਅਰਥ ਹੈ ਆਉਣ ਵਾਲਾ ਸਮਾਂ। ਭਵਿੱਖਬਾਣੀ ਭਾਵ ਆਉਣ ਵਾਲੇ ਸਮੇ ਬਾਰੇ ਬੋਲੀ ਬਾਣੀ ਜਾਂ ਕੀਤੀ ਗਈ ਪੇਸ਼ੀਨਗੋਈ। ਅੰਤਰਜਾਮੀ ਵੀ ਸੰਸਕ੍ਰਿਤ ਦਾ ਲਫਜ਼ ਹੈ ਭਾਵ ਅੰਦਰ ਦੀ ਜਾਨਣ ਵਾਲਾ ਤੇ ਉਹ ਕੇਵਲ ਪ੍ਰਮਾਤਮਾ ਹੀ ਹੈ-ਅੰਤਰਜਾਮੀ ਸੋ ਪ੍ਰਭੁ ਪੂਰਾ ॥(੫੬੩)

ਉਪਰ ਬਿਆਨ ਕੀਤੇ ਲਫਜ਼ਾਂ ਦੀ ਅਤਿਅੰਤ ਦੁਰਵਰਤੋਂ ਹੋਈ ਅਤੇ ਅੱਜ ਵੀ ਹੋ ਰਹੀ ਹੈ। ਜਦ ਸੰਸਾਰ ਵਿੱਚ ਵਿਦਤ ਹੈ ਕਿ ਇੱਕ ਨਿਰੰਕਾਰ ਪ੍ਰਮਾਤਮਾਂ ਹੀ ਸਭ ਦੇ ਅੰਦਰ ਗੈਬ ਭਾਵ ਗੁਪਤ ਵੱਸਦਾ, ਆਉਣ ਵਾਲੇ ਸਮੇਂ ਬਾਰੇ ਜਾਨਣਵਾਲਾ ਅੰਤਰਜਾਮੀ ਹੈ ਅਤੇ ਉਸ ਦੇ ਬਰਾਬਰ ਦੁਨੀਆਂ ਦਾ ਕੋਈ ਫਾਨੀ ਮਨੁੱਖ ਨਹੀਂ ਹੋ ਸਕਦਾ। ਸੰਸਾਰ ਦੇ ਰਿਸ਼ੀ ਮੁਨੀ, ਭਗਤ, ਪੀਰ, ਪੈਗੰਬਰ, ਅਵਤਾਰ ਅਤੇ ਗੁਰੂ ਉਸ ਬਾਰੇ ਆਪੋ ਆਪਣੇ ਤਰੀਕੇ ਨਾਲ ਜਨਤਾ ਨੂੰ ਦਰਸਾਅ ਗਏ ਹਨ। ਦੁਨੀਆਂ ਦੀਆਂ ਧਰਮ ਪੁਸਤਕਾਂ ਵਿੱਚ ਵੀ ਉਸ ਪਰੀ-ਪੂਰਨ ਪ੍ਰਮਾਤਮਾਂ ਨੂੰ ਹੀ ਕੁਦਰਤੀ ਅਤੇ ਗੈਬੀ ਸ਼ਕਤੀਆਂ ਦਾ ਮਾਲਕ, ਭਵਿੱਖ ਦਰਸਾਉਣ ਅਤੇ ਸਭ ਦੇ ਦਿਲਾਂ ਦੀ ਜਾਨਣ ਵਾਲਾ ਅੰਤਰਜਾਮੀ ਬਿਆਨ ਕੀਤਾ ਗਿਆ ਹੈ ਪਰ ਸਿੱਖਾਂ ਦਾ ਧਰਮ ਗ੍ਰੰਥ “ਗੁਰੂ ਗ੍ਰੰਥ ਸਾਹਿਬ” ਤਾਂ ਇਸ ਦਾ ਅਕੱਟ ਸਬੂਤ ਹੈ। ਉਹ ਜਨਮ ਮਰਨ ਰਹਿਤ ਹੈ ਅਤੇ ਉਸ ਦਾ ਕੋਈ ਮਾਈ ਬਾਪ ਨਹੀਂ ਸਗੋਂ ਉਹ ਹੀ ਸਭ ਦਾ ਮਾਤ-ਪਿਤਾ ਹੈ-ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ (੨੬੮) ਸਭ ਜੀਵਾਂ ਨੂੰ ਪੈਦਾ ਕਰਨ, ਪਾਲਣ ਅਤੇ ਮਾਰਨ ਵਾਲਾ ਵੀ ਉਹ ਆਪ ਹੈ-ਸਭਨਾ ਮਾਰਿ ਜੀਵਾਲਦਾ ਭਾਈ ਸੋ ਸੇਵਹੁ ਦਿਨੁ ਰਾਤਿ ॥(੬੩੯)

ਜਦ ਲੋਕ ਪ੍ਰਲੋਕ ਦੀ ਸਾਰੀ ਸ਼ਕਤੀ ਦਾ ਮਾਲਕ ਉਹ ਆਪ ਹੈ ਫਿਰ ਕੀ ਕਾਰਨ ਹੈ ਕਿ ਉਸ ਦੇ ਨਾਂਮ ਤੇ ਧਰਮ ਦੇ ਲਿਬਾਸ ਪਾ ਕੇ, ਬਹੁਤੇ ਚਾਲਬਾਜ ਲੋਕ, ਭੋਲੀ ਭਾਲੀ ਜਨਤਾ ਨੂੰ ਆਪੋ ਆਪਣੇ ਢੌਂਗਾਂ ਨਾਲ ਲੁੱਟਦੇ ਰਹਿੰਦੇ ਹਨ। ਪੁਰਾਣੇ ਜਮਾਨੇ ਵਿੱਚ ਇਨ੍ਹਾਂ ਦੇ ਲੁੱਟਣ ਅੱਡੇ ਧਰਮ ਅਸਥਾਂਨ, ਤੀਰਥ, ਮੇਲੇ, ਮੱਸਿਆ, ਪੁੰਨਿਆਂ ਅਤੇ ਸੰਗ੍ਰਾਦਾਂ ਆਦਿਕ ਸਨ। ਅੱਜ ਜ਼ਮਾਨੇ ਦੇ ਬਦਲਣ ਨਾਲ ਇਨ੍ਹਾਂ ਦੇ ਤੌਰ ਤਰੀਕੇ ਵੀ ਬਦਲ ਗਏ ਹਨ। ਹੁਣ ਇਹ ਅਡੰਬਰੀ ਲੋਕ ਰਸਾਲੇ, ਅਖਬਾਰਾਂ, ਰੇਡੀਓ, ਟੀ.ਵੀ., ਫਿਲਮਾਂ, ਫੇਸ ਬੁੱਕ ਆਦਿਕ ਇੰਟ੍ਰਨੈੱਟ ਮੀਡੀਏ ਰਾਹੀਂ ਨਵੀਨ ਢੰਗਾਂ ਨਾਲ ਜਨਤਾ ਨੂੰ ਲੁੱਟ ਰਹੇ ਹਨ। ਯੋਤਸ਼ੀਆਂ ਤੇ ਪੀਰਾਂ ਦੀਆਂ ਭਵਿਖਬਾਣੀਆਂ ਅਤੇ ਭੇਖੀ ਸਾਧਾਂ ਦੇ ਬ੍ਰਹਮਗਿਆਨ ਦੀਆਂ ਐਡਾਂ ਨਾਲ ਰਸਾਲੇ, ਅਖਬਾਰ, ਰੇਡੀਓ, ਟੀ.ਵੀ. ਅਤੇ ਫੇਸ ਬੁੱਕਾਂ ਭਰੇ ਪਏ ਹਨ। ਇਨ੍ਹਾਂ ਚੋਂ ਹਰ ਕੋਈ ਭਵਿੱਖ ਦਸਦਾ, ਕਰਾਮਾਤੀ ਸ਼ਕਤੀਆਂ ਨਾਲ ਰਾਤੋ ਰਾਤ ਮਾਲੋ ਮਾਲ ਕਰਦਾ ਅਤੇ ਤੁਹਾਡੇ ਦਿਲਾਂ ਦੀਆਂ ਜਾਨਣ ਦੇ ਧੜੱਲੇਦਾਰ ਦਾਹਵੇ ਕਰਦਾ ਹੱਥਾਂ ਤੇ ਸਰੋਂ ਜਮਾ ਰਿਹਾ ਹੈ। ਮੁੰਡੇ ਅਤੇ ਲਾਟਰੀਆਂ ਜਿੱਤਣ ਦੇ ਨੰਬਰ ਦੇਣਾਂ ਇਨ੍ਹਾਂ ਦਾ ਆਮ ਬਿਜਨਸ ਹੈ।

ਇਹ ਸਭ ਠੱਗ, ਕੁੜੀਆਂ ਨੂੰ ਛੱਡ ਕੇ ਕੇਵਲ ਮੁੰਡਿਆਂ ਦੀਆਂ ਹੀ ਭਵਿੱਖਬਾਣੀਆਂ ਕਰਦੇ ਹਨ। ਇਹ ਢੌਂਗੀ ਔਰਤ ਮਾਂ ਦੇ ਪੇਟੋਂ ਪੈਦਾ ਹੋ ਕੇ, ਉਸੇ ਔਰਤ ਮਾਂ ਦੇ ਨਿੰਦਕ ਅਤੇ ਵੈਰੀ ਹਨ। ਗ੍ਰਿਹਸਤ ਤਿਆਗ ਦਾ ਅਡੰਬਰ ਕਰਨ ਵਾਲੇ ਔਰਤਾਂ ਪੇਟੋਂ ਹੀ ਜੰਮੇ, ਔਰਤਾਂ ਤੋਂ ਮੱਥੇ ਟਿਕਾਉਂਦੇ, ਪੈਰ ਘਟਾਉਂਦੇ, ਮਾਲਸ਼ਾਂ ਕਰਾਉਂਦੇ ਅਤੇ ਉਨ੍ਹਾਂ ਹੱਥੀਂ ਪੱਕਾ ਭੋਜਨ ਵੀ ਖਾਂਦੇ ਹਨ। ਜਨਤਾ ਦੀ ਖੂਨ ਮਸੀਨੇ ਦੀ ਕਮਾਈ ਜੰਤ੍ਰ-ਮੰਤ੍ਰ, ਟੂਣੇ-ਟਾਮਣ ਅਤੇ ਪੂਜਾ-ਪਾਠ ਦੇ ਨਾਂ ਤੇ ਹੜੱਪੀ ਜਾ ਰਹੇ ਹਨ। ਬੀਬੀਆਂ ਦੇ ਬੱਚੇ ਭਾਵੇਂ ਭੁੱਖੇ ਤਿਹਾਏ ਰੋਣ ਕੁਰਲੌਣ ਪਰ ਉਹ ਅੰਨੀ ਸ਼ਰਧਾ ਵਿੱਚ ਮਲਾਈਆਂ ਅਤੇ ਮੱਖਣ ਇਨ੍ਹਾਂ ਮਜਨੂੰਆਂ ਨੂੰ ਛਕਾਈ ਜਾਂਦੀਆਂ ਹਨ। ਜਦ ਜਨਤਾ ਤੇ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਵੱਡੇ-ਵੱਡੇ ਦਾਹਵੇ ਕਰਨ ਵਾਲੇ ਜੋਤਸ਼ੀ, ਅਖੌਤੀ ਅੰਤਰਜਾਮੀ ਬਾਬੇ ਅਤੇ ਬ੍ਰਹਮ-ਗਿਆਨੀ ਸਾਧ-ਸੰਤ ਸਭ ਰਫੂ ਚੱਕਰ ਕਿਉਂ ਹੋ ਜਾਂਦੇ ਹਨ?

ਝੂਠ ਬੋਲ ਕੇ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਜੋਤਸ਼ੀ, ਅਖੌਤੀ ਅੰਤਰਜਾਮੀ ਬਾਬਿਆਂ ਅਤੇ ਤਾਂਤ੍ਰਿਕ ਅਪਰਾਧੀਆਂ ਨੂੰ ਸਜਾ ਕੌਣ ਦੇਵਾਗਾ? ਚੋਰ ਤੇ ਕੁੱਤੀ ਰਲੇ ਹੋਣ ਦੀ ਕਹਾਵਤ ਅਨੁਸਾਰ ਸਰਕਾਰਾਂ ਅਤੇ ਇਹ ਧਰਮ ਦੇ ਲਿਬਾਸ ਵਾਲੇ ਠੱਗ ਘਿਉ-ਖਿਚੜੀ ਹੋ ਜਾਂਦੇ ਹਨ। ਸਰਕਾਰਾਂ ਨੂੰ ਵੋਟਾਂ, ਇਨ੍ਹਾਂ ਮਕਾਰਾਂ ਨੂੰ ਪ੍ਰਭਤਾ ਅਤੇ ਸਕਿਉਰਟੀ ਦੀ ਲੋੜ ਹੁੰਦੀ ਹੈ। ਇਹ ਤਾਂ ਹੁਣ ਇਕਵੀਂ ਸਦੀ ਵਿੱਚ ਗੁਜਰ ਰਹੀ ਜਨਤਾ ਨੇ ਸੋਚਣਾ ਹੈ ਕਿ ਸਰਕਾਰੀ ਲੀਡਰ ਇਮਾਨਦਾਰ ਚੁਣਨੇ ਹਨ ਜਾਂ ਧੋਖਾ ਫਰੇਬ ਕਰਨ ਵਾਲੇ ਢੌਗੀ ਫਰੇਬੀ ਠੱਗਾਂ ਦੇ ਯਾਰ। ਸੱਚ ਤਾਂ ਇਹ ਹੈ ਕਿ ਇਨ੍ਹਾਂ ਦਾ ਬਾਈਕਾਟ ਕਰਕੇ ਜਨਤਾ ਹੀ ਸਜਾ ਦੇ ਸਕਦੀ ਹੈ। ਇਸ ਲਈ ਜਨਤਾ ਨੂੰ ਇਸ ਬਾਰੇ ਜਾਗ੍ਰਿਤ ਹੋਣਾ ਪਵੇਗਾ।

ਪਿੱਛੇ ਜਿਹੇ ਸੁਨਾਮੀ ਆਈ, ਕਈ ਵਾਰ ਭੂਚਾਲ ਆਏ ਅਤੇ ਹੁਣ ਉਤਰਾਖੰਡ ਭਾਰਤ ਵਿਖੇ ਹੜਾਂ ਨੇ ਤਬਾਹੀ ਮਚਾਈ ਜਿਸ ਵਿੱਚ ਹਜਾਰਾਂ ਲੋਕ ਅਤੇ ਜੀਵ ਜੰਤੂ ਮਾਰੇ ਗਏ। ਘਰਾਂ ਦੇ ਘਰ ਉਜੜ ਗਏ। ਯਾਤਰੂ ਲੋਕ ਵੀ ਇਸ ਕੁਦਰਤੀ ਲਪੇਟ ਵਿੱਚ ਆ ਗਏ ਪਰ ਕੋਈ ਧਰਮ ਅਸਥਾਨ, ਦੇਵੀ ਦੇਵਤਾ ਜਾਂ ਅਖੌਤੀ ਸਾਧ ਸੰਤ ਜੋਤਸ਼ੀ ਜਨਤਾ ਨੂੰ ਬਚਾ ਨਾ ਸਕਿਆ। ਬਚਾਉਣਾ ਤਾਂ ਦੂਰ ਦੀ ਗੱਲ ਹੈ ਇਸ ਹੋਣ ਵਾਲੀ ਤਬਾਹੀ ਬਾਰੇ ਜਨਤਾ ਨੂੰ ਪਹਿਲੇ ਭਵਿੱਖਬਾਣੀ ਨਾਂ ਦੱਸ ਸੱਕਿਆ, ਜੇ ਦੱਸ ਦਿੰਦਾ ਜਨਤਾ ਓਥੋਂ ਦੂਰ ਜਾ ਕੇ ਬਚਾ ਕਰ ਲੈਂਦੀ। ਇੱਥੋਂ ਸਿੱਧ ਹੁੰਦਾ ਹੈ ਕਿ ਇਨ੍ਹਾਂ ਧਰਮ-ਭੇਖ ਦੀਆਂ ਦੁਕਾਨਾਂ ਖੋਲ੍ਹੀ ਬੈਠੇ ਜੋਤਸ਼ੀ, ਪੀਰ, ਪੰਡਿਤ ਅਤੇ ਅਖੌਤੀ ਸੰਤਾਂ ਨੁਮਾਂ ਠੱਗਾਂ ਕੋਲ ਕੋਈ ਗੈਬੀ ਸ਼ਕਤੀ, ਬ੍ਰਹਮ ਗਿਆਨ, ਭਵਿੱਖਬਾਣੀ ਅਤੇ ਅੰਤਰਜਾਮਤਾ ਨਹੀਂ ਸਗੋਂ ਢੌਂਗ ਹੈ।

ਇਹ ਵਿਦਤ ਹੈ ਕਿ ਹਿੰਦੂਆਂ ਵਿੱਚ ਤਾਂ ਬ੍ਰਾਹਮਣਾਂ ਰਾਹੀਂ ਮੂਰਤੀ ਪੂਜਾ ਅਤੇ ਅੰਧ ਵਿਸ਼ਵਾਸ਼ ਚੱਲ ਹੀ ਰਿਹਾ ਹੈ ਪਰ ਸਿੱਖ ਵੀ ਹੁਣ ਇਸ ਪੱਖੋਂ ਘੱਟ ਨਹੀਂ ਰਹੇ। ਉਨ੍ਹਾਂ ਨੇ ਵੀ ਮਨਘੜਤ ਕਥਾ ਕਹਾਣੀਆ ਅਤੇ ਅਖੌਤੀ ਗ੍ਰੰਥਾਂ ਦੇ ਅਧਾਰ ਤੇ ਹੇਮਕੁੰਟ ਵਰਗੇ ਅਸਥਾਨ ਰਚ ਲਏ ਹਨ। ਪਿਛਲੇ ਜਨਮਾਂ ਦੀਆ ਮਨਘੜਤ ਸਾਖੀਆਂ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਦੇਵੀ ਦਾ ਪੁਜਾਰੀ ਦੁਸ਼ਟ ਦਮਨ ਬਣਾ ਦਿੱਤਾ ਹੈ। ਦੇਖੋ ਹੇਮ ਬਰਫ ਅਤੇ ਕੁੰਟ ਦਾ ਅਰਥ ਹੈ ਕੁੰਡ ਭਾਵ ਬਰਫ ਦਾ ਕੁੰਡ ਜਾਂ ਤਲਾਅ। ਸਿੱਖ ਕਿਸੇ ਬਰਫਕੁੰਡ ਜਾਂ ਤਲਾਅ ਦਾ ਪੁਜਾਰੀ ਨਹੀਂ ਸਗੋਂ ਅਕਾਲ ਪੁਰਖ ਨੂੰ ਕਰਤਾ ਪੁਰਖ ਮੰਨਦਾ ਹੈ। ਗੁਰੂਆਂ-ਭਗਤਾਂ ਦੇ ਪਿਛਲੇ ਜਨਮਾਂ ਨਾਲ ਜਾਂ ਗੁਰੂ ਦੀ ਸ਼ਰਣ ਵਿੱਚ ਆਉਣ ਤੋਂ ਪਹਿਲਾਂ ਵਾਲੇ ਜੀਵਨ ਨਾਲ ਵੀ ਸਿੱਖਾਂ ਦਾ ਕੋਈ ਸਬੰਧ ਨਹੀਂ ਹੈ ਜੇ ਹੁੰਦਾ ਤਾਂ ਭਾਈ ਲਹਿਣਾ ਪਹਿਲੇ ਦੇਵੀਆਂ ਤੇ ਬਾਬਾ ਅਮਰਦਾਸ ਤੀਰਥਾਂ ਦੇ ਪੁਜਾਰੀ ਸਨ। ਇਸ ਕਰਕੇ ਸਿੱਖ ਵੀ ਦੇਵੀਆਂ ਤੇ ਤੀਰਥਾਂ ਦੇ ਪੁਜਾਰੀ ਹੁੰਦੇ ਅਤੇ ਗੁਰੂ ਗ੍ਰੰਥ ਸਾਹਿਬ ਵਿਖੇ ਵੀ ਦੇਵੀ-ਦੇਵਤਿਆਂ, ਤੀਰਥਾਂ ਅਤੇ ਅੰਧਵਿਸ਼ਵਾਸ਼ਾਂ ਦੀ ਉਸਤਤਿ ਕੀਤੀ ਗਈ ਹੁੰਦੀ।

ਭਲਿਓ! ਗੁਰੂ ਗ੍ਰੰਥ ਸਾਹਿਬ ਵਿਖੇ ਤਾਂ ਅਖੌਤੀ ਦੇਵੀ-ਦੇਵਤਿਆਂ, ਤੀਰਥਾਂ, ਅੰਧਵਿਸ਼ਵਾਸ਼ਾਂ ਅਤੇ ਲੋਟੂ ਭੇਖੀ ਸਾਧਾਂ-ਸੰਤਾਂ ਦੀ ਭਰਵੀਂ ਨਿਖੇਧੀ ਕੀਤੀ ਗਈ ਹੈ। ਫਿਰ ਗੁਰੂ ਦੇ ਸਿੱਖ ਕਿਵੇਂ ਇਨ੍ਹਾਂ ਭੇਖੀ ਸਾਧਾਂ, ਜੋਤਸ਼ੀਆਂ, ਵਹਿਮਾਂ ਭਰਮਾਂ, ਕਰਮਕਾਂਡਾਂ ਅਤੇ ਮਨੋਕਲਪਿਤ ਦੇਵੀ-ਦੇਵਤਿਆਂ ਜਾਂ ਅਸਥਾਨਾਂ ਨੂੰ ਮਾਨਤਾ ਦੇ ਕੇ ਪੂਜ ਸਕਦੇ ਹਨ? ਦੇਖੋ! ਉਤਰਾਖੰਡ ਚ’ ਆਈ ਕੁਦਰਤੀ ਆਫਤ ਨੂੰ ਕੋਈ ਸ਼ਿਵਜੀ ਜਾਂ ਦੇਵੀ ਦਾ ਗੁੱਸਾ ਦੱਸ ਰਿਹਾ ਹੈ ਅਤੇ ਕੋਈ ਕਰਮਾਂ ਨੂੰ ਦੋਸ਼ ਦੇ ਕੇ ਇਨ੍ਹਾਂ ਤੋਂ ਬਚਣ ਲਈ ਜੱਗ, ਹਵਨ, ਪੂਜਾ-ਪਾਠ ਕਰਾਕੇ ਕਰੋਪੀ ਤੋਂ ਬਚਣ ਦੇ ਸਾਧਨ ਦੱਸ ਰਿਹਾ ਹੈ। ਜਰਾ ਸੋਚੋ! ਪਹਿਲੇ ਕੀਤੇ ਜੱਗ, ਹਵਨ, ਪੂਜਾ-ਪਾਠ ਅਤੇ ਮੰਤ੍ਰ-ਜੰਤ੍ਰ ਤਾਂ ਬਚਾ ਨਾ ਸੱਕੇ, ਕੀ ਹੁਣ ਹੋਰ ਕੀਤੇ ਬਚਾ ਲੈਣਗੇ? ਲੋੜ ਤਾਂ ਹੁਣ ਰੁੜੇ ਜਾਂਦੇ, ਮਲਵੇ ਵਿੱਚ ਫਸੇ ਹੋਏ, ਭੁੱਖਣ-ਭਾਣੇ ਜਖਮੀਆਂ ਨੂੰ ਆਪੋ ਆਪਣੇ ਸਾਧਨ ਵਰਤ ਕੇ ਬਚਾਉਣ, ਉਨ੍ਹਾਂ ਅਤੇ ਉਨ੍ਹਾਂ ਦੇ ਪ੍ਰੀਵਾਰਾਂ ਦੀ ਮਦਦ ਕਰਨ ਦੀ ਹੈ। ਹਜਾਰਾਂ ਲਾਸ਼ਾਂ ਗਲ ਸੜ ਕੇ ਬਦਬੂ ਮਾਰ ਰਹੀਆਂ ਹਨ ਜਿਨ੍ਹਾਂ ਤੋਂ ਮਹਾਂਮਾਰੀ ਫੈਲਣ ਦਾ ਡਰ ਹੈ ਉਨ੍ਹਾਂ ਦਾ ਸਸਕਾਰ ਕਰਨ ਜਾਂ ਕਿਸੇ ਵੀ ਤਰ੍ਹਾਂ ਬਿਲੇ ਲਾਉਣ ਦੀ ਲੋੜ ਹੈ।

ਭਾਰਤੀ ਸਿੱਖ ਫੌਜੀਆਂ, ਸਿੱਖ ਸੰਸਥਾਵਾਂ ਅਤੇ ਵਿਦੇਸ਼ੀ ਸਿੱਖਾਂ ਨੇ ਇਸ ਸਬੰਧ ਵਿੱਚ ਹੰਬਲਾ ਵੀ ਮਾਰਿਆ ਹੈ। ਵਾਰੇ ਵਾਰੇ ਜਾਈਏ ਸ਼ਿਵਸੈਨੀਆਂ ਦੇ, ਜੋ ਇਸ ਤੇ ਇਤਰਾਜ ਕਰ ਰਹੇ ਹਨ ਕਿ ਜਦ ਮਰਨ ਵਾਲੇ ਸਿੱਖ ਨਹੀਂ ਜਾਂ ਤੁਸੀਂ ਹਿੰਦੂ ਨਹੀਂ ਤਾਂ ਤੁਹਾਨੂੰ ਸਸਕਾਰ ਜਾਂ ਮਦਦ ਕਰਨ ਦਾ ਹੱਕ ਨਹੀਂ। ਵਿਦੇਸ਼ੀ ਸਿੱਖਾਂ ਦੇ ਇੱਕ ਵਫਦ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਜਦ ਆਫਤ ਜਾਂ ਕਰੋਪੀ ਆਈ ਸੀ ਤਾਂ ਉਸ ਨੇ ਹਿੰਦੂ, ਸਿੱਖਾਂ, ਮੁਸਲਮਾਨਾਂ, ਇਸਾਈਆਂ ਜਾਂ ਹੋਰ ਕੌਮਾਂ ਦੇ ਲੋਕਾਂ ਨੂੰ ਅੱਡ-ਅੱਡ ਕਰਕੇ ਮਾਰਿਆ ਸੀ? ਜੇ ਨਹੀਂ ਤਾਂ ਅਸੀਂ ਮਨੁੱਖਤਾ ਵਿੱਚ ਵੰਡੀਆਂ ਕਿਵੇਂ ਪਾ ਸਕਦੇ ਹਾਂ? ਦੇਖੋ! ਗੁਰੂਆਂ ਭਗਤਾਂ ਦੀ ਸਿਖਿਆ ਅਤੇ ਵਿਰਾਸਤ ਦੀ ਬਦੌਲਤ, ਸਿੱਖਾਂ ਨੇ ਓਥੇ ਜਾ ਕੇ ਵੀ ਥਾਂ-ਥਾਂ ਤੇ ਲੰਗਰ ਲਾਏ ਅਤੇ ਦਵਾ-ਦਾਰੂ ਕੀਤਾ ਪਰ ਸ਼ਿਵਸੈਨਕ ਜਾਂ ਦੇਵੀ-ਦੇਵਤਿਆਂ ਅਤੇ ਮੱਠਾ ਦੇ ਪੁਜਾਰੀਆਂ ਨੇ ਇਸ ਆਫਤ ਵਿੱਚ ਮਦਦ ਤਾਂ ਕੀ ਕਰਨੀ ਸੀ ਸਗੋਂ ਮੁਰਦਿਆਂ ਦੇ ਗਹਿਣੇ, ਨਗਦੀ ਅਦਿਕ, ਚਾਹ-ਪਾਣੀ ਮਹਿੰਗੇ ਤੋਂ ਮਹਿੰਗਾ ਵੇਚ ਕੇ ਫਸਿਆਂ ਨੂੰ ਖੂਬ ਲੁੱਟਿਆ।

ਜਿਹੜੇ ਇਸ ਆਫਤ ਚੋ ਬਚੇ ਉਨ੍ਹਾਂ ਨੇ ਮੀਡੀਏ ਵਿੱਚ ਸਿੱਖਾਂ ਦੀ ਕੀਤੀ ਲੋਕ ਭਲਾਈ ਸੇਵਾ ਨੂੰ ਬੁਲੰਦ ਬਾਂਗ ਸਲਾਹਿਆ, ਜਿਸ ਨੂੰ ਯੂ-ਟਿਊਬ ਇੰਟ੍ਰਨੈੱਟ ਮੀਡੀਏ ਅਤੇ ਵੈਬਸਾਈਟਾਂ ਤੇ ਲਾਈਵ ਦੇਖਿਆ ਜਾ ਸਕਦਾ ਹੈ। ਯਾਦ ਰੱਖੋ ਸਿੱਖਾਂ ਦਾ ਸੁਭਾਅ ਦੰਗਾਕਾਰੀ ਨਹੀਂ ਸਗੋਂ ਪਰਉਪਕਾਰੀ ਹੈ ਜਦ ਚਉਰਾਸੀ ਦੇ ਦੌਰ ਵਿੱਚ ਪੰਜਾਬ ਵਿੱਚ ਕਲੇਆਮ ਹੋਇਆ ਤਾਂ ਸਿੱਖਾਂ ਨੇ ਭੀੜਾਂ ਤੇ ਹਮਲੇ ਨਹੀਂ ਕੀਤੇ ਪਰ ਬਾਕੀ ਭਾਰਤ ਵਿੱਚ ਹਜਾਰਾਂ ਸਿੱਖਾਂ ਨੂੰ ਹਿੰਦੂ ਦੰਗਾਕਾਰੀਆਂ ਨੇ ਮਾਰਿਆ, ਕੁੱਟਿਆ, ਗਲਾਂ ਵਿੱਚ ਟਾਇਰ ਪਾ ਕੇ ਸਾੜਿਆ ਅਤੇ ਘਰ-ਘਾਟ ਲੁੱਟ ਕੇ ਵੀ ਸਾੜ ਦਿੱਤੇ ਸਨ। ਅੱਜ ਵੀ ਸਰਕਾਰ ਜੇ ਭਾਰਤ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਉਹ ਸ਼ਿਵਸੈਨਾ ਵਰਗੇ ਹੋਰ ਵੀ ਹੁਲੜਬਾਜ ਕਟੜਵਾਦੀ ਜਨੂੰਨੀਆਂ ਨੂੰ ਫੌਰੀ ਨੱਥ ਪਾਵੇ।

ਭਾਰਤ ਬਹੁ ਬੋਲੀਆਂ, ਬਹੁ ਮਜਹਬਾਂ ਅਤੇ ਕੌਮਾਂ ਦਾ ਦੇਸ਼ ਹੈ, ਇੱਥੇ ਕਿਸੇ ਇੱਕ ਫਿਰਕੇ ਨੂੰ ਦੂਜਿਆਂ ਨਾਲ ਧੱਕਾ ਜਾਂ ਨਫਰਤ ਨਹੀਂ ਕਰਨੀ ਚਾਹੀਦੀ ਅਤੇ ਨਾਂ ਹੀ ਸਰਕਾਰਾਂ ਨੂੰ ਇਜ਼ਾਜ਼ਤ ਦੇਣੀ ਚਾਹੀਦੀ ਹੈ। ਮਨੁੱਖਤਾ ਵਿਰੋਧੀ ਦੰਗਾਕਾਰੀ ਅਤੇ ਲੁਟੇਰਿਆਂ ਨੂੰ ਤਾਂ ਸਖਤ ਤੋਂ ਸਖਤ ਸਜਾਵਾਂ ਦੇ ਕੇ ਹੀ ਸਿੱਧੇ ਰਸਤੇ ਪਾਉਣ ਦਾ ਸਬਕ ਸਖੌਣਾ ਚਾਹੀਦਾ ਹੈ।
ਦਰਦ ਭਰੀ ਅਪੀਲ-ਇਕਵੀਂ ਸਦੀ ਵਿੱਚ ਗੁਜਰ ਰਹੀ ਪੜ੍ਹੀ ਲਿਖੀ ਜਨਤਾ ਨੂੰ ਦਰਦ ਭਰੀ ਅਪੀਲ ਹੈ ਕਿ ਆਪਣਾਂ ਭਵਿੱਖ ਆਪ ਬਨਾਉਣਾ ਸਿੱਖੋ। ਵਿਦਿਆ, ਪਰਉਪਕਾਰ ਅਤੇ ਕਿਰਤ ਕਮਾਈ ਦੀ ਕਦਰ ਕਰੋ। ਕੇਵਲ ਪ੍ਰਮਾਤਮਾਂ ਨੂੰ ਹੀ ਅੰਤਰਜਾਮੀ ਸਮਝੋ। ਵਿਗਿਆਨਕ ਕਾਢਾਂ ਤੋਂ ਚੰਗੇ ਕੰਮ ਲੈ ਕੇ ਫਾਇਦੇ ਉਠਾਓ। ਕੁਦਰਤੀ ਸੋਮਿਆਂ ਨੂੰ ਨਸ਼ਟ ਨਾਂ ਕਰੋ। ਚੰਗੇ ਕਿਰਦਾਰ ਵਾਲੇ ਲੀਡਰ ਚੁਣੋ। ਲੋੜਵੰਦਾਂ ਦੀ ਮਦਦ ਕਰੋ। ਦੇਸ਼ ਅਤੇ ਮਨੁੱਖਤਾ ਦੀ ਤਰੱਕੀ ਲਈ ਚੰਗੇ-ਚੰਗੇ ਸਾਂਇੰਸਦਾਨ, ਵਿਗਿਆਨੀ, ਇੰਜੀਨੀਅਰ, ਡਾਕਟਰ, ਪੜ੍ਹੇ ਲਿਖੇ ਸਾਊ ਧਰਮ ਪ੍ਰਚਾਰਕ ਪੈਦਾ ਕਰੋ ਅਤੇ ਇਨ੍ਹਾਂ ਸਭ ਦੀ ਬਣਦੀ ਕਦਰ ਕਰੋ। ਰੱਬ ਨੂੰ ਸਰਬ ਨਿਵਾਸੀ ਸਮਝੋ। ਧਰਮ ਦੇ ਨਾਂ ਤੇ ਦੁਕਾਨਾਂ ਖੌਲ੍ਹੀ ਬੈਠੇ ਜੋਤਸ਼ੀ, ਅੰਤਰਜਾਮੀ ਅਤੇ ਅਖੌਤੀ ਬ੍ਰਹਮ-ਗਿਆਨੀਆਂ ਤੋਂ ਬਚ ਕੇ ਰਹੋ।

ਜਰਾ ਸੋਚੋ! ਜੇ ਰੱਬ ਇੱਕ ਹੈ ਅਤੇ ਸਾਨੂੰ ਸਭ ਨੂੰ ਪੈਦਾ ਕਰਨ, ਪਾਲਣ ਅਤੇ ਮਾਰਨ ਵਾਲਾ ਹੈ ਤਾਂ ਫਿਰ ਅਸੀਂ ਵੀ ਤਾਂ ਓਸੇ ਰੱਬ ਦੇ ਪੈਦਾ ਕੀਤੇ ਬੱਚੇ-ਬੱਚੀਆਂ ਹਾਂ ਫਿਰ ਆਪਸ ਵਿੱਚ ਮਜ਼ਹਬਾਂ ਅਤੇ ਜਾਤਾਂ-ਪਾਤਾਂ ਦੇ ਨਾਂ ਤੇ ਕਿਉਂ ਵੰਡੀਆਂ ਪਾਈ ਫਿਰਦੇ ਹਾਂ? ਯਾਦ ਰੱਖੋ ਇਹ ਸਭ ਵੰਡੀਆਂ ਚਾਲਬਾਜ ਧਾਰਮਿਕ ਅਤੇ ਰਾਜਨੀਤਕ ਲੀਡਰਾਂ ਦੀਆਂ ਪਾਈਆਂ ਹੋਈਆਂ ਹਨ ਨੂੰ ਮੇਟ ਦਿਓ। ਇੱਕ ਬਗੀਚੇ ਦੇ ਰੰਗ-ਬਰੰਗੇ ਫੁੱਲਾਂ ਵਾਂਗ ਸਦਾ ਖਿੜੇ ਰਹੋ ਅਤੇ ਖੁਸ਼ਬੂਆਂ ਵੰਡੋ। ਅਖੌਤੀ ਧਰਮੀਆਂ ਦੇ ਭਰਮਜਾਲ ਦੇ ਚੁੰਗਲ ਵਿੱਚੋਂ ਬਾਹਰ ਨਿਕਲੋ ਅਤੇ ਖੁਦ ਆਪ ਸੱਚੇ ਧਰਮੀ ਇਨਸਾਨ ਬਣ ਕੇ ਜੀਓ ਅਤੇ ਦੁਜਿਆਂ ਨੂੰ ਜਿਉਣ ਦਿਓ। ਰਾਨੀਤਕ ਅਤੇ ਧਰਮੀ ਠੱਗਾਂ ਤੋਂ ਹਰ ਹੀਲੇ ਹਰ ਵੇਲੇ ਹਰ ਥਾਂ ਬਚ ਕੇ ਰਹੋ। ਧਰਮ ਗ੍ਰੰਥਾਂ ਦੀ ਕੇਵਲ ਪੂਜਾ-ਪਾਠ ਕਰਨ ਦੀ ਬਜਾਏ ਉਨ੍ਹਾਂ ਵਿੱਚ ਲਿਖੇ ਚੰਗੇ ਉਪਦੇਸ਼ ਧਾਰਨ ਕਰਕੇ ਜੀਵਨ ਜੀਓ।

ਅਖੀਰ ਤੇ ਅਰਜੋਈ ਹੈ ਕਿ-ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥(੬੧੧) ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਵੰਡੀਆਂ ਪਾਉਣ ਵਾਲੇ ਠੱਗਾਂ ਅਤੇ ਮਨੁੱਖਤਾ ਦੇ ਦੁਸ਼ਮਣ ਭੇਖੀ ਸਾਧਾਂ, ਅਖੌਤੀ ਬ੍ਰਹਮਗਿਆਨੀਆਂ, ਜੋਤਸ਼ੀਆਂ ਅਤੇ ਤਾਂਤ੍ਰਿਕਾਂ ਕੋਲ ਜਾਣਾ ਬੰਦ ਕਰੋ। ਅਜਿਹੀ ਕਿਸੇ ਵੀ ਆਫਤ ਵੇਲੇ ਪਾਰਟੀਬਾਜੀ ਵਿੱਚ ਦੂਜਿਆਂ ਦੀਆਂ ਪੱਗਾਂ ਨਾ ਲਾਹੋ ਸਗੋਂ ਸ਼ਾਂਤੀ ਤੇ ਠਰੰਮੇ ਨਾਲ ਲੋੜਵੰਦਾ ਦੀ ਸੇਵਾ ਕਰੋ। ਖੂਨ ਪਸੀਨੇ ਦੀ ਕਮਾਈ ਇਨ੍ਹਾਂ ਹੱਟੇ-ਕੱਟੇ ਡੇਰਦਾਰ ਸਾਧਾਂ, ਜੋਤਸ਼ੀ, ਅਖੌਤੀ ਬ੍ਰਹਮ ਗਿਆਨੀ ਸੰਤਾਂ ਅਤੇ ਤਾਂਤ੍ਰਿਕਾਂ ਨੂੰ ਅੰਨੇਵਾਹ ਨਾਂ ਲੁਟਾਓ।

ਕਰਤਾਰ ਪਾਸ ਅਰਦਾਸ ਹੈ ਕਿ ਉਹ ਸਦਮਾ ਗ੍ਰਸਤ ਸਭ ਮਾਈ ਭਾਈ ਨੂੰ ਕੁਦਰਤੀ ਭਾਣਾ ਮੰਨਣ ਦਾ ਬਲ ਬਖਸ਼ੇ, ਜ਼ਖਮੀ ਜਲਦੀ ਠੀਕ ਹੋਣ, ਵਿਛੜੇ ਮਿਲਣ ਅਤੇ ਉਜੜੇ ਮੁੜ ਸੁਖੀ ਵੱਸਣ, ਮੁੜ ਅਜਿਹੀਆਂ ਆਫਤਾ ਨਾ ਆਉਣ, ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਸੁਹਿਰਦ ਹੋ ਕੇ ਜਨਤਾ ਦੀ ਸੇਵਾ ਕਰਨ ਅਤੇ ਸਭ ਦਾ ਭਲਾ ਮੰਗਣ-ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ॥




.