. |
|
ਸਿੱਖ ਕੌਮ: ਅੱਜ ਦੇ ਹਾਲਾਤ
ਸਤਿੰਦਰਜੀਤ ਸਿੰਘ
‘ਸਿੱਖ’ ਉਹ ਕੌਮ ਹੈ ਜਿਸਦਾ ਜਨਮ ਸੱਚ ਅਤੇ ਅਣਖ ਦੀ ਸੋਚ ਵਿੱਚੋਂ ਹੋਇਆ ਹੈ,
ਜੋ ਤੱਤੀ ਤਵੀ 'ਤੇ ਬੈਠ ਅਤੇ ਤਲਵਾਰ ਦੀ ਧਾਰ 'ਤੇ ਚੱਲ ਕੇ ਜਵਾਨ ਹੋਈ, ਜਿਸਨੇ ਆਰੇ ਹੇਠ ਖੜ੍ਹ ਕੇ
ਅਡੋਲਤਾ ਦੀ ਉਦਾਹਰਨ ਪੇਸ਼ ਕੀਤੀ। ਕੇਸਾਂ ਬਦਲੇ ਖੋਪੜ ਲਹਾਉਣਾ ਸਸਤਾ ਜਾਣਿਆ, ਸ਼ਹਾਦਤ ਦੇ ਨਸ਼ੇ ਵਿੱਚ
'ਮਦਹੋਸ਼' ਇਸ ਕੌਮ ਨੇ ਬੰਦ-ਬੰਦ ਕਟਵਾ ਲਿਆ, ਦੇਗ ਵਿੱਚ ਉਬਾਲਾ ਖਾਧਾ, ਰੂੰ ਦਾ ਸੇਕ
ਹੰਢਾਇਆ...ਬਹੁਤ ਸਾਰੀਆਂ ਐਸੀਆਂ ਸ਼ਹਾਦਤਾਂ ਨੂੰ ਸਾਕਾਰ ਕੀਤਾ ਜਿਸ ਬਾਰੇ ਸੋਚ ਕੇ ਹੀ ਲੋਕਾਂ ਦੀ
ਰੂਹ ਕੰਬ ਜਾਂਦੀ ਹੈ ਪਰ....ਅੱਜ ਦੀ ਹਾਲਤ ਦੇਖੋ ਬੇਹੱਦ ਤਰਸਯੋਗ।
ਨਸ਼ਾ ਸ਼ਹਾਦਤ ਦਾ ਨਹੀਂ ਬਲਕਿ ਸ਼ਰਾਬ, ਸਮੈਕ, ਸੁੱਖਾ ਆਦਿ ਤੋਂ ਲੈ ਕੇ ਗੋਲੀਆਂ
ਤੱਕ ਆ ਗਿਆ ਹੈ। ਸ਼ਰਾਬ ਤਾਂ ਮਹਿਜ਼ ‘ਸਾਫਟ ਡਰਿੰਕ’ ਬਣਦੀ ਜਾ ਰਹੀ ਹੈ। ਲੋਕ “ ਸੁਰਸਰੀ
ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ॥”
ਦੇ ਉਪਦੇਸ਼ ਨੂੰ ਭੁੱਲੇ ਬੈਠੇ ਹਨ। ਸਰਕਾਰ ਤਾਂ ਚੁੱਪ ਹੈ ਹੀ ਕਿਉਂਕਿ ਉਸਨੂੰ ਤਾਂ ਸਭ ਨਾਲੋਂ ਵੱਧ
ਆਮਦਨ ਹੀ ਇਸ ਸ਼ਰਾਬ ਵਰਗੇ ਨਸ਼ੇ ਤੋਂ ਹੈ ਪਰ ਬਾਕੀ ਆਗੂ ਵੀ ਚੁੱਪ ਨੇ, ਕੋਈ ਠੋਸ ਕਦਮ ਨਹੀਂ ਉਠਾ
ਰਿਹਾ। ਕੁੱਝ ਪੰਚਾਇਤਾਂ ਨੇ ਕੋਸ਼ਿਸ਼ ਕੀਤੀ ਸੀ ਕਿ ਠੇਕਿਆਂ ਨੂੰ ਬੰਦ ਕਰਵਾ ਦਈਏ ਜਾਂ ਪਿੰਡ ਦੀ ਹੱਦ
ਤੋਂ ਬਾਹਰ ਕਰਵਾ ਦਈਏ, ਕੁੱਝ ਕੁ ਸਫਲ ਹੋਏ ਪਰ ਬਹੁਤਿਆਂ ਦੇ ਹੱਦੋਂ ਬਾਹਰ ਈ ਹੋਏ ਮਤਲਬ ‘ਪੰਚਾਂ ਦਾ
ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ’ ਹੱਦ ਤੋਂ ਬਾਹਰ ਹੋਣ ਨਾਲ ਕੀ ਵਿਕਰੀ ਬੰਦ ਹੋ ਗਈ...?
ਬਿਲਕੁੱਲ ਨਹੀਂ ਅਤੇ ਨਾ ਹੀ ਲੋਕ ਉੱਥੇ ਜਾਣੋਂ ਹਟੇ ਨੇ ਪਰ ਚਲੋ ਨਸ਼ੇ ਖਿਲਾਫ ਲਾਮਬੰਦ ਹੋਣ ਵਾਲੀਆਂ
ਪੰਚਾਇਤਾਂ ਪ੍ਰਸੰਸ਼ਾ ਦੀਆਂ ਪਾਤਰ ਨੇ ਪਰ ਕਿਸੇ ਵੀ ਪਾਰਟੀ ਨੇ ਨਸ਼ਿਆਂ ਖਿਲਾਫ ਮੁਹਿੰਮ ਨਹੀਂ ਤੋਰੀ,
‘ਤੇ ਕੁੱਝ ਡੇਰੇ ਸ਼ਰਾਬ ਛੁਡਵਾਉਣ ਕਾਰਨ ਹੀ ਅੱਜ ਸਿੱਖਾਂ ਨਾਲੋਂ ਵੱਧ ਗਿਣਤੀ ਦੇ ਮਾਲਕ ਨੇ। ਕੀ
ਇਹਨਾਂ ਡੇਰਿਆਂ ਕੋਲ ਕੋਈ ਵੱਖਰੀ ਸ਼ਕਤੀ ਹੈ ਜਿਹੜੀ ਸ਼ਰਾਬ ਵਗੈਰਾ ਛੁਡਵਾ ਦਿੰਦੀ ਆ...? ਨਹੀਂ,
ਇਹਨਾਂ ਦੇ ਸ਼ਬਦ ਜਾਲ ਦਾ ਧੁਰਾ ਵੀ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਹੀ ਹਨ ਪਰ ਇਹਨਾਂ ਆਪਣੇ ਮਕਸਦ
ਲਈ ਵਰਤੋਂ ਕੀਤੀ ਆਪਣੇ ਢੰਗ ਨਾਲ ‘ਤੇ ਅੱਜ ਦੇਖੋ ਸਰਕਾਰਾਂ ਬਣਾਉਣ ਲਈ ਇਹਨਾਂ ਦਾ ਅਹਿਮ ਯੋਗਦਾਨ
ਹੈ, ‘ਤੇ ਦੂਸਰੇ ਪਾਸੇ ਸਾਡੇ ਸਿੱਖ ਅਖਵਾਉਣ ਵਾਲਿਆਂ ਦੇ ਸ਼੍ਰੋਮਣੀ ਕਮੇਟੀ ਮੁਲਜ਼ਾਮ ਵੀ ਸ਼ਰਾਬੀ ਹਾਲਤ
ਵਿੱਚ ਫੜ੍ਹੇ ਜਾਂਦੇ ਹਨ ਪਰ ਕੋਈ ਕੁਸਕਦਾ ਨਹੀਂ, ਬੱਸ ਬਦਲੀ ਕਰ ਦਿੱਤੀ ਜਾਂਦੀ ਹੈ ‘ਤੇ ਸਾਡੇ
ਬਾਬਿਆਂ ਨੂੰ ਮਨਘੜ੍ਹਤ ਕਹਾਣੀਆਂ ਸੁਣਾਉਣ ਤੋਂ ਵਿਹਲ ਨਹੀਂ।
ਸਾਡੀ ਕੌਮ ਹੁਣ ਝੂੰਮਦੀ ਤਾਂ ਜ਼ਰੂਰ ਆ ਪਰ ਪ੍ਰਮਾਤਮਾ ਦੇ ਗੁਣ ਗਾ ਕੇ ਨਹੀਂ
ਬਲਕਿ ਗੰਦੇ ਅਤੇ ਅਸ਼ਲੀਲ ਗੀਤਾਂ ‘ਤੇ। ਵਿਆਹ ‘ਤੇ ਲੋਹੜੀਆਂ ਵਰਗੇ ਬਾਕੀ ਖੁਸ਼ੀ ਦੇ ਸਮਾਗਮ ਵੀ ਅਧੂਰੇ
ਹਨ ਇਹਨਾਂ ਗੀਤਾਂ ਤੋਂ ਬਿਨ੍ਹਾਂ। ਇੱਥੇ ਤਾਂ ਹੁਣ ‘ਲੱਕ 28’ ਵਰਗੇ ਗੀਤਾਂ ਦੀ ਚੜ੍ਹਾਈ ਆ। ਸਾਡੇ
ਬਾਬੇ ਵੀ ਹੁਣ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲੋਕਾਂ ਦੇ ਨੱਚਣ ਦਾ ਪ੍ਰਬੰਧ ਕਰ ਰਹੇ
ਹਨ। ਗੁਰੂ ਸਾਹਿਬਾਨ ਦਾ ਇਤਿਹਾਸ, ਸਾਹਿਬਜ਼ਾਦਿਆਂ ਦੇ ਜੀਵਨ ਕਿਸੇ-ਕਿਸੇ ਨੂੰ ਪਤਾ ਹੈ। ਕੌਣ ਸਨ ਭਾਈ
ਤਾਰੂ ਸਿੰਘ, ਭਾਈ ਮਨੀ ਸਿੰਘ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਭਾਈ ਸੁਬੇਗ ਸਿੰਘ,
ਭਾਈ ਸ਼ਾਹਬਾਜ਼ ਸਿੰਘ....ਵਰਗੇ ਯੋਧੇ, ਕੋਈ ਪਤਾ ਨਹੀਂ ਬਹੁਤਿਆਂ ਨੂੰ। ਸਾਡੇ ਪ੍ਰਚਾਰਕਾਂ ਨੇ ਵੀ
ਇਤਿਹਾਸ ਨੂੰ ਰਲਾ ਕੇ ਸੁਣਾਇਆ।
ਹੁਣ ਤਾਂ ਜਥੇਦਾਰ ਵੀ ਅਕਾਲੀ ਫੂਲਾ ਸਿੰਘ ਨੂੰ ਭੁੱਲ ਗਏ ਹਨ, ਸਰਕਾਰੀ ਚਾਬੀ
ਨਾਲ ਕੌਮੀ ਫੈਸਲਿਆਂ ਦੀ ਪਟਾਰੀ ਖੋਲ੍ਹੀ ਜਾਂਦੀ ਹੈ। ਹੁਣ ਤਾਂ ਬੱਸ ਪੰਥ ਦੋਖੀਆਂ ਲਈ ਨਿਕਲਣ ਵਾਲੇ
‘ਭਿਆਨਕ ਨਤੀਜੇ’ ਅਖਬਾਰਾਂ ਨੇ ਸਮੇਟ ਲਏ ਨੇ। ਕੌਮ ਦਾ ਜਥੇਦਾਰ ਪੰਥ ਲਈ ਜਵਾਬਦੇਹ ਹੁੰਦਾ ਹੈ, ਕੁੱਝ
ਜਥੇਬੰਦੀਆਂ ਨੇ ਕੁੱਝ ਸਵਾਲ ਪੁੱਛੇ ਹਨ ਇਹ ਸੋਚ ਕੇ ਪਰ ਜਵਾਬ ਆਉਣ ਦੀ ਉਮੀਦ ਹੀ ਦਮ ਤੋੜ ਚੁੱਕੀ
ਹੈ।
ਕਦੇ ਖਾਲਸਾ ਮੁੱਠੀ ਛੋਲਿਆਂ ਦੀ ਖਾਣ ਲੱਗਿਆ ਵੀ ‘ਹੋਕਾ’ ਦਿੰਦਾ ਸੀ ‘ਲੰਗਰ’
ਦਾ ਪਰ ਹੁਣ ਤਾਂ ਸਿੱਖ ਵੀ ਖੋਹ-ਖੋਹ ਖਾਂਦੇ ਆ ਇੱਕ-ਦੂਜੇ ਤੋਂ। ਲੰਗਰ ਦੀ ਰਸਦ ਪਿੰਡਾਂ ‘ਚੋਂ
ਉਗਰਾਹ ਕੇ ਦੁਕਾਨਾਂ ‘ਤੇ ਵੇਚੀ ਜਾਂਦੀ ਹੈ। ਬਾਕੀਆਂ ਦੀ ਤਾਂ ਗੱਲ ਛੱਡੋ, ਗੁਰੂ ਸਾਹਿਬ ਨੇ
ਜਿੰਨ੍ਹਾਂ ਨੂੰ ‘ਖਾਲਸਾ’ ਬਣਾਇਆ ਉਹ ‘ਸਿੱਖ’ ਵੀ ਹੁਣ ਤਾਂ ਇਖਲਾਕ ਤੋਂ ਗਿਰੇ ਕੰਮ ਕਰਦੇ ਆ। ਖੋਹਣ
ਵਿੱਚ ਤਾਂ ਹੁਣ ਸਾਧ ਅਤੇ ਸੰਤ ਵੀ ਅੱਵਲ ਨੇ, ਬੈਠੇ ਹੀ ਖੋਹ ਲੈਂਦੇ ਆ ਤੇ ਲੁੱਟਿਆ ਜਾਣ ਵਾਲਾ
‘ਧੰਨ-ਧੰਨ’ ਬਾਬਾ ਜੀ ਕਹਿੰਦਾ ਝੁੱਗਾ ਚੌੜ ਕਰਵਾ ਲੈਂਦਾ। ਬਾਬਿਆਂ ਨੇ ਕੰਧਾਂ, ਪਾਥੀਆਂ ਨੂੰ
‘ਰਾਮ-ਰਾਮ’ ਬੋਲਣ ਲਾ ਦਿੱਤਾ, ਪਾਣੀ ਦਾ ਘਿਉ ਬਣਾ ਧਰਿਆ, ਪਾਣੀ ਤਾਂ ਝੋਨਾ ਹੀ ਬਥੇਰਾ ਖਿੱਚੀ
ਜਾਂਦਾ, ਡਰ ਆ ਹੁਣ ਕਿ ਕਿਤੇ ਘਿਉ ਬਣਾਉਣ ਲਈ ਵੀ ਖੂਹ ਨਾ ਚੱਲਣ ਲੱਗ ਪੈਣ...! ਕੌਮ ਦੀ ਅਣਖ ਲਈ
ਸ਼ਹਾਦਤਾਂ ਦੇਣ ਵਾਲੇ ਸ਼ਹੀਦਾਂ ਦੀ ਗੁਫਾਵਾਂ ਵਿੱਚ ਸਮਾਧੀ ਲਵਾ ਦਿੱਤੀ, 20-20 ਫੁੱਟ ਦੇ ਸ਼ਹੀਦ
ਕਹਿੰਦੇ ਹੁਣ ਰਾਤ ਨੂੰ ਹੀ ਪਹਿਰਾ ਦਿੰਦੇ ਆ, ਕੁਦਰਤੀ ਆਫਤਾਂ ਨੂੰ ਗੁਰਬਾਣੀ ਦੇ ਚਮਤਕਾਰ ਨਾਲ
ਘਟਾਉਣ ਦਾ ਦਾਅਵਾ ਕੀਤਾ, ਮੁੰਡੇ ਵੰਡਣ ਦਾ ਕਾਰੋਬਾਰ ਪੂਰੀ ਲੈਅ ਵਿੱਚ ਆ, ਲੋਕਾਂ ਨੂੰ ਜ਼ਾਤ-ਪਾਤ ਦਾ
ਫਰਕ ਵੀ ਕਈ ਡੇਰੇਦਾਰ ਆਸਾਨੀ ਨਾਲ ਲੰਗਰ ‘ਚ ਬਿਠਾ ਕੇ ‘ਸਮਝਾ’ ਰਹੇ ਆ, ਲੋਕਾਂ ਦੀ ਕਮਾਈ ‘ਤੇ
ਆਲੀਸ਼ਾਨ ਡੇਰੇ ਬਣ ਰਹੇ ਨੇ, ਹਜ਼ਾਰਾਂ ਪ੍ਰਾਣੀ ਜਿੰਨ੍ਹਾਂ ਨੂੰ ਇਹ ਬਾਬੇ ਅੰਮ੍ਰਿਤ ਛਕਾਉਂਦੇ ਆ ਪਤਾ
ਨਹੀਂ ਕਿੱਥੇ ਅਲੋਪ ਜਾਂਦੇ ਆ ਅੰਮ੍ਰਿਤ ਛਕ ਕੇ, ਸਿੱਖਾਂ ਦੀ ਕੁੱਲ ਗਿਣਤੀ ਨਾਲੋਂ ਕਿਤੇ ਵੱਧ ਲੋਕ
ਇਹਨਾਂ ਬਾਬਿਆਂ ਦੀ ‘ਅੰਮ੍ਰਿਤ ਛਕਣ ਵਾਲੇ ਲੋਕਾਂ’ ਦੀ ਲਿਸਟ ਵਿੱਚ ਥਾਂ ਮੱਲੀ ਬੈਠੇ ਹਨ। ਬਾਬਿਆਂ
‘ਤੇ ਬਲਾਤਕਾਰ ਵਰਗੇ ਦੋਸ਼ ਲੱਗੇ ਹਨ...! ਗੱਲਾਂ ਹੀ ਛੱਡੋ ਗੁਰਮਤਿ ਸਿਧਾਂਤ ਦੀਆਂ ਧੱਜੀਆਂ ਉਡਾ
ਦਿੱਤੀਆਂ ਬਾਬਿਆਂ ਨੇ। ਇਹਨਾਂ ਨੇ ਲੋਕਾਂ ਨੂੰ ਸਮਝਾਉਣਾ ਸੀ ਪਰ ਹਾਲ ਦੇਖੋ ‘ਵਾੜ ਹੀ ਖੇਤ ਨੂੰ ਖਾ
ਰਹੀ ਹੈ’। ਕਦੇ ਖਾਲਸਾ ਗੁਰੂ ਨੂੰ ਕਬਰ ਨੂੰ ਨਮਸਕਾਰ ਕਰਨ ਤੋਂ ਰੋਕਦਾ ਸੀ ਪਰ ਅੱਜ ਅਸ਼ਲੀਲਤਾ ਨੂੰ
ਉਸੇ ਗੁਰੂ ਦੇ ਨਾਮ ਮੜ੍ਹਨ ਲਈ ਉਤਾਵਲਾ ਹੈ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਸ਼ਲੀਲ ਰਚਨਾਵਾਂ ਦਾ
ਪ੍ਰਕਾਸ਼ ਕੀਤਾ ਜਾ ਰਿਹਾ ਹੈ।
ਭ੍ਰਿਸ਼ਟਾਚਾਰ ਵਿੱਚ ਹੁਣ ‘ਸਿੱਖ’ ਵੀ ਗਰਕ ਨੇ, “ ਹਕੁ
ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥” ਦਾ ਸਿਧਾਂਤ
ਕੌਮ ਭੁੱਲੀ ਬੈਠੀ ਹੈ। ਦੇਖੋ ਜਾ ਕੇ ਸਰਕਾਰੀ ਦਫਤਰਾਂ ਵਿੱਚ, ਮੰਗਤੇ ਬਣ ਕੇ ਵੀ ਕਿਸੇ ਨੂੰ ਪਤਾ
ਨ੍ਹੀਂ ਲੱਗਣ ਦਿੰਦੇ। ਪੜ੍ਹੋ ਰੋਜ਼ ਦੀਆਂ ਅਖ਼ਬਾਰਾਂ, ਪੱਗਾਂ ਵਾਲੇ ਜੋ ਲੱਖਾਂ-ਹਜ਼ਾਰਾਂ ਰੁ: ਤਨਖਾਹ
ਲੈਂਦੇ ਨੇ ‘ਤੇ ਮਹਿਜ਼ 3500 ਰੁ: ਰਿਸ਼ਵਤ ਲੈਂਦੇ ਫੜ੍ਹੇ ਜਾਂਦੇ ਨੇ। ਸਿੱਖਿਆ ਨੂੰ ਵਪਾਰ ਬਣਾ ਲਿਆ,
ਸਿੱਖਿਆ ਦੇਣ ਲਈ ਜ਼ਿੰਮੇਵਾਰ ਮਹਿਕਮਿਆਂ ਵਿੱਚ ਲੱਖਾਂ ਦਾ ਸੌਦਾ ਹੁੰਦਾ ਅਖ਼ਬਾਰਾਂ ‘ਚ ਨਸ਼ਰ ਹੋਇਆ,
ਗੰਦੀਆਂ ਕਿਤਾਬਾਂ ਤੱਕ ਛੋਟੇ ਬੱਚਿਆਂ ਨੂੰ ਭੇਜ ਦਿੱਤੀਆਂ...ਜ਼ਿੰਮੇਵਾਰ ਕੋਈ ਨਹੀਂ...! ਆਪਣੇ ਘਰ
ਨੌਕਰੀਆਂ ਖਿੱਚ-ਖਿੱਚ ਲਿਆਉਂਦੇ ਆ, ਨਵੀਆਂ ਸਕੀਮਾਂ ‘ਤੇ ਨਵੇਂ ਮਹਿਕਮੇ..ਮਾਲਾਮਾਲ ਭਵਿੱਖ...!
ਰਿਸ਼ਤਿਆਂ ਦਾ ਘਾਣ ਹੋ ਗਿਆ। ਭਰਾ ਨੇ ਭਰਾ ਮਾਰ ਦਿੱਤੇ, ਪੁੱਤਾਂ ਨੇ
ਮਾਂ-ਬਾਪ ਘਰੋਂ ਕੱਢ ਦਿੱਤੇ, ਬਾਪ,ਧੀ ਨਾਲ ਕੁਕਰਮ ਕਰਦਾ ਕੀ ਕੋਈ ਗੰਦ ਪੈਣਾ ਬਾਕੀ ਆ ਅਜੇ...?
ਕਾਨੂੰਨ ਨੇ ਨਵੀਂ ਪੀੜ੍ਹੀ ਨੂੰ ਘਰੋਂ ਭੱਜ ਕੇ ਵਿਆਹ ਕਰਵਾਉਣ ਦੀ ਹੱਲਾਸ਼ੇਰੀ ਦਿੱਤੀ ‘ਤੇ ਪੰਜਾਬੀ
ਨਵੀਂ ਪੀੜ੍ਹੀ ਨੇ ਇਸ ਕਾਨੂੰਨ ਦਾ ਭਰਪੂਰ ਲਾਹਾ ਲਿਆ। ਸਾਧਾਂ-ਸੰਤਾਂ ‘ਤੇ ਬਲਾਤਕਾਰ ਦੇ ਦੋਸ਼ ਲੱਗਦੇ
ਹਨ ਪਰ ਸਿੱਖ ਸੰਸਥਾਵਾਂ ‘ਤੇ ਜਥੇਬੰਦੀਆਂ ਚੁੱਪ ਨੇ। ਕੀ ਇਹ ਹੈ ਉਹ ‘ਸਿੱਖ’ ਜੋ ਗੁਰੂ ਨਾਨਾਕ
ਸਾਹਿਬ ਦਾ ਪੈਰੋਕਾਰ ਹੈ...? ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਨੇ ‘ਖਾਲਸਾ’ ਹੋਣ ਦਾ ਮਾਣ ਬਖਸ਼ਿਆ
ਸੀ...? ਕੀ ਇਹ ਉਹ ਸਿੱਖ ਹਨ ਜਿੰਨਾਂ ਦੇ ਸਿਰਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਪੁੱਤ ਵਾਰ
ਦਿੱਤੇ....? ਹਰਗਿਜ਼ ਨਹੀਂ। ਗੁਰਮਤਿ ਅਨੁਸਾਰ ਜੀਵਨ ਜਿਉਣ ਵਾਲਿਆਂ ਦੀ ਅਸਲ ਗਿਣਤੀ ਮਸਾਂ 10-20 ਕੁ
ਪ੍ਰਤੀਸ਼ਤ ਹੋਵੇਗੀ, ਹਰ ਕੋਈ ਕਿਸੇ ਨਾ ਕਿਸੇ ਗੱਲੋਂ ਗੁਰੂ ਵੱਲੋਂ ਬੇਮੁੱਖ ਹੈ, ਕੋਈ ਸਰੀਰ ਕਰਕੇ
‘ਤੇ ਕੋਈ ਕਿਰਦਾਰ ਕਰਕੇ ਪਰ ਸਾਰੇ ਇੱਕ-ਦੂਜੇ ਨੂੰ ਮੱਤਾਂ ਦਿੰਦੇ ਆ। ਕਿਰਦਾਰ ਦੀ ਕਿਸੇ ਨੂੰ ਫਿਕਰ
ਨਹੀਂ ਸਾਰੇ ਸਰੀਰ ਪਿੱਛੇ ਪਏ ਆ। ਇੱਕ-ਦੂਜੇ ਨੂੰ ‘ਪਤਿਤ’ ਕਹਿ ਕੇ ਭੰਡਣ ਅਤੇ ਛੁਟਿਆਉਣ ਲੱਗੇ ਨੇ।
ਇੱਕ ਪਾਸੇ ‘ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ’ ਨੂੰ ਗੁਰਮਤਿ ਅਨੁਸਾਰ ‘ਪੰਜ ਚੋਰ’ ਕਿਹਾ ਗਿਆ
ਹੈ ‘ਤੇ ਹਰ ਰੋਜ਼ ਅਰਦਾਸ ਵਿੱਚ ਸਿੱਖ ਕੌਮ ਇਹਨਾਂ ਤੋਂ ਬਚਾਉਣ ਲਈ ਪ੍ਰਮਾਤਮਾ ਅੱਗੇ ਬੇਨਤੀ ਕਰਦੀ ਹੈ
ਪਰ ਦੂਜੇ ਪਾਸੇ ਕਹਿੰਦੇ’ ਸਿਰਫ ਵਾਲ ਕਟਵਾਉਣ ਵਾਲਾ ਹੀ ਪਤਿਤ ਹੈ, ਇਹਨਾਂ 5 ਚੋਰਾਂ ਹੱਥੋਂ ਪਲ-ਪਲ
ਲੁੱਟੇ ਜਾ ਰਹੇ ‘ਖਾਲਸਿਆਂ’ ਦੀ ਗੱਲ ਕੋਈ ਨਹੀਂ ਕਰਦਾ, ਕੋਈ ਇਹਨਾਂ ਨੂੰ ‘ਪਤਿਤ’ ਨਹੀਂ ਕਹਿੰਦਾ।
ਗੁਰੂ ਸਾਹਿਬ ਸਮਜਾਉਂਦੇ ਹਨ ਕਿ ‘ਪਰਮਾਤਮਾ ਨਾਲੋਂ ਵਿਛੜ ਕੇ ਅਤੇ ਕਲਯੁੱਗੀ ਸੁਭਾਅ ਵਿੱਚ ਫਸ ਕੇ
ਮਨੁੱਖਾਂ ਦੇ ਧੜੇ ਬਣਦੇ ਹਨ, ਕਾਮ ਆਦਿਕ ਪੰਜਾਂ ਚੋਰਾਂ ਦੇ ਕਾਰਨ ਝਗੜੇ ਪੈਦਾ ਹੁੰਦੇ ਹਨ, ਪਰਮਾਤਮਾ
ਨਾਲੋਂ ਵਿਛੋੜਾ ਮਨੁੱਖਾਂ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਅਤੇ ਅਹੰਕਾਰ ਨੂੰ ਵਧਾਂਦਾ ਹੈ। ਜਿਸ
ਮਨੁੱਖ ਉਤੇ ਪ੍ਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਸਾਧ-ਸੰਗਤ ਵਿੱਚ ਮਿਲਾਉਂਦਾ ਹੈ ‘ਤੇ ਉਹ ਇਹਨਾਂ
ਪੰਜਾਂ ਚੋਰਾਂ ਦੀ ਮਾਰ ਤੋਂ ਬਚਦਾ ਹੈ । ਹੇ ਭਾਈ! ਮੇਰੀ ਮੱਦਦ ਤੇ ਪਰਮਾਤਮਾ ਆਪ ਹੈ ਜਿਸ ਨੇ ਮੇਰੇ
ਅੰਦਰੋਂ ਇਹ ਸਾਰੇ ਧੜੇ ਮੁਕਾ ਦਿੱਤੇ ਹੋਏ ਹਨ:
“ ਕਲਿਜੁਗ
ਮਹਿ ਧੜੇ ਪੰਚ ਚੋਰ ਝਗੜਾਏ ॥
ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ ॥
ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ ॥
ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥੪ ॥”
ਪਰ ਸੱਚ ਤਾਂ ਇਹ ਹੈ ਕਿ ਅੱਜ ਆਪਣੇ-ਆਪ ਨੂੰ ‘ਸਿੱਖ’ ਅਖਵਾਉਣ ਵਾਲਾ ਹਰ
ਇਨਸਾਨ ਕਿਸੇ ਨਾ ਕਿਸੇ ਸਵਾਰਥ ਦਾ ਸ਼ਿਕਾਰ ਹੈ, ਜ਼ਿਆਦਾਤਰ ਗੁਰਮਤਿ ਦੇ 5 ਚੋਰਾਂ ਅੱਗੇ ਬੇਹਾਲ ਹਨ,
ਐਸੀ ਹਾਲਤ ਵਿੱਚ ‘ਸਿੱਖ’ ਕੌਣ ਹੈ...? ਸਿੱਖ ਕੌਮ ਦੀ ਹਾਲਤ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ।
ਬੇਗਾਨੇ ਵੱਸ ਪਈ ਕੌਮ ਦੇ ਰਾਖੇ ਹੋਣ ਦਾ ਮਾਣ ਕਰਨ ਵਾਲੇ ਆਪਿਸ ਵਿੱਚ ਗੁੱਥਮ-ਗੁੱਥਾ ਹਨ। ਕੌਮੀ ਆਗੂ
ਰਾਜਨੀਤੀ ਅੱਗੇ ਆਤਮ-ਸਮਰਪਣ ਕਰ ਚੁੱਕੇ ਹਨ। ਬਾਹਰਲੇ ਮੁਲਕਾਂ ਵਿੱਚ ਦਸਤਾਰ ਬਚਾਉਣ ਲਈ ਕਾਹਲੇ ਹਨ
ਪਰ ਆਪਣੇ ਦੇਸ਼ ਵਿੱਚ ਲਹਿੰਦੀਆਂ ਦਸਤਾਰਾਂ ਅਤੇ ਚੁੰਨੀਆਂ ਦੀ ਫਿਕਰ ਨਹੀਂ। ਸਿੱਖਿਆ ਦੇ ਖੇਤਰ ਵਿੱਚ
ਕੌਮ ਬਹੁਤ ਪਛੜ ਚੁੱਕੀ ਹੈ, ਬੇਸ਼ੱਕ ਲੱਖਾਂ ਡਿਗਰੀਆਂ ਲਈ ਫਿਰਦੇ ਹਨ ਪਰ ਹੁਣੇ ਜਿਹੇ ਇੱਕ ਸਰਵੇਖਣ
ਨੇ ਦੱਸਿਆ ਕਿ 47% ਦੇ ਕਰੀਬ ਪੰਜਾਬੀ ਨੌਕਰੀ ਦੇ ਕਾਬਿਲ ਨਹੀਂ ਹਨ। ਬਾਕੀ 53% ਵਿੱਚੋਂ ਵੀ
ਕਾਬਲੀਅਤ ‘ਸਮਝੌਤੇ’ ਕਰ ਕੇ ਹੀ ਨਿਕਲਦੀ ਹੈ। ਅੱਜ ਦੇ ਸਮੇਂ ਕੌਮ ਦਾ ਨਾਮ ਰੌਸ਼ਨ ਕਰਨ ਵਾਲੀਆਂ
ਪ੍ਰਾਪਤੀਆਂ ਬਹੁਤ ਘੱਟ ਹਨ।
I.A.S., I.P.S.
ਵਰਗੀਆਂ ਪਦਵੀਆਂ ‘ਤੇ ਨਵੀਂ ਪੀੜ੍ਹੀ ਵੱਡੇ ਸ਼ਹਿਰਾਂ ‘ਚੋਂ
ਹੀ ਪਹੁੰਚਦੀ ਹੈ, ਪੇਂਡੂ ਵਰਗ ਬਹੁਤ ਪਿੱਛੇ ਚਲਾ ਗਿਆ ਹੈ ਪਰ ਉਸ ਪਾਸੇ ਕੋਈ ਨਹੀਂ ਸੋਚਦਾ। ਸਿੱਖਿਆ
ਸਮਾਜ ਦਾ ਥੰਮ੍ਹ ਹੁੰਦੀ ਹੈ ਪਰ ਸਾਡੀਆਂ ਜਥੇਬੰਦੀਆਂ ਇਸ ਪਾਸੇ ਕੋਈ ਠੋਸ ਉਪਰਾਲਾ ਨਹੀਂ ਕਰ ਸਕੀਆਂ।
ਕੁੱਝ ਬਾਬਿਆਂ ਦੇ ਸਕੂਲ, ਕਲਾਜ ਜ਼ਰੂਰ ਹਨ ਪਰ ਪੜ੍ਹਾਈ ਦਾ ਪੱਧਰ ਉਨਾ ਵਧੀਆ ਨਹੀਂ। ਇਸ ਪਾਸੇ ਧਿਆਨ
ਦੇਣ ਦੀ ਬਹੁਤ ਜ਼ਰੂਰਤ ਹੈ।
ਡਾਕਟਰੀ ਸਹੂਲਤਾਂ ਵੀ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ।
ਇਨਸਾਨੀ ਸਵਾਰਥਾਂ ਨੇ ਵਾਤਾਵਰਨ ਨੂੰ ਰੱਜ ਕੇ ਗੰਧਲਾ ਕੀਤਾ ‘ਤੇ ਨਵੀਆਂ-ਨਵੀਆਂ ਬਿਮਾਰੀਆਂ ਸਮਾਜ
ਨੂੰ ਜਕੜਨ ਲੱਗੀਆਂ। ਸਿੱਖ ਸੰਸਥਾਵਾਂ ਰਲ-ਮਿਲ ਕੇ ਡਾਕਟਰੀ ਸਹੂਲਤਾਂ ਸਸਤੀਆਂ ਜਾਂ ਮੁਫਤ, ਲੋਕਾਂ
ਨੂੰ ਨਹੀਂ ਦੇ ਸਕੀਆਂ। ਕੁੱਝ ਡੇਰੇਦਾਰਾਂ ਨੇ ਹਸਪਤਾਲ ਜ਼ਰੂਰ ਬਣਵਾਏ ਹਨ ਜਿਸ ਕਾਰਨ ਗਰੀਬ ਲੋਕ
ਉਹਨਾਂ ਵੱਲ ਖਿੱਚੇ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਜਿਸਦਾ ਬੱਜਟ ਅਰਬਾਂ ਦਾ ਹੈ ਵੀ ਕੋਈ ਠੋਸ ਕਦਮ
ਇਸ ਪਾਸੇ ਨਹੀਂ ਲੈ ਸਕੀ। ਜ਼ਰੂਰਤ ਹੈ ਕਿ ਸਾਰੀਆਂ ਜਥੇਬੰਦੀਆਂ ਮਿਲ ਕੇ ਇਸ ਪਾਸੇ ਯਤਨ ਕਰਨ,
ਵਿਦੇਸ਼ਾਂ ਵਿੱਚੋਂ ਬਹੁਤ ਮਾਇਆ ਇਕੱਠੀ ਹੋ ਸਕਦੀ ਹੈ ਇਸ ਵਾਸਤੇ।
ਇਹ ਲੇਖ ਲਿਖਣ ਦਾ ਕਾਰਨ ਨਾਕਾਰਾਤਮਿਕ ਸੋਚ ਨਹੀਂ ਬਲਕਿ ਡਰ ਅਤੇ ਫਿਕਰ ਹੈ
ਕਿ ਆਉਣ ਵਾਲੇ ਸਮੇਂ ਵਿੱਚ ਜਿਉਣਾ ਕਿੰਨਾ ਮੁਸ਼ਕਿਲ ਹੋਵੇਗਾ! ਉਪਰੋਕਤ ਚਰਚਾ ਤੋਂ ਇਹ ਗੱਲ ਤਾਂ
ਸਪੱਸ਼ਟ ਹੈ ਕਿ ਸਿੱਖ ਕੌਮ ਦੇ ਅਜੋਕੇ ਹਾਲਾਤ ਬਹੁਤੇ ਸਾਜਗਾਰ ਨਹੀਂ ਹਨ, ਕੌਮ ਅੱਗੇ ਅਨੇਕਾਂ
ਚੁਣੌਤੀਆਂ ਮੂੰਹ-ਅੱਡੀ ਖੜ੍ਹੀਆਂ ਹਨ ਪਰ ਕੌਮ ਦੇ ਆਗੂ ਮਦਹੋਸ਼ ਹਨ ਆਪਣੇ ਸਵਾਰਥਾਂ ਵਿੱਚ। ਜਿਹੜੇ
ਸੱਤਾ ਨੂੰ ਕੌਮ ਦੇ ਉਜਵਲ ਭਵਿੱਖ ਲਈ ਵਰਤ ਸਕਦੇ ਨੇ ਉਹ ਖਾਮੋਸ਼ ਹਨ ‘ਤੇ ਜਿਹੜੇ ਸੱਤਾ ਦੇ ਪੈਰਾਂ
ਹੇਠ ਕੁਚਲੇ ਜਾ ਰਹੇ ਹਨ ਉਹ ਕੁੱਝ ਕਰਨ ਤੋਂ ਦੂਰ ਨੇ। ਸਾਰੀ ਕੌਮ ਜੇ ਮਿਲ ਕੇ, ਸਿਰ ਜੋੜ ਕੇ ਬੈਠੇ
ਤਾਂ ਮਸਲੇ ਹੱਲ ਹੋ ਸਕਦੇ ਹਨ, ਹੁਣ ਸਮਾਂ ਦਿਮਾਗ ਨਾਲ ਲੜਨ ਦਾ ਹੈ ਨਾ ਕਿ ਹਥਿਆਰਾਂ ਨਾਲ, ਹੁਣ ਸੋਚ
ਨੂੰ ਹਥਿਆਰ ਬਣਾਉਣ ਦਾ ਸਮਾਂ ਹੈ। ਸਾਰੇ ਆਪਣੇ-ਆਪ ਵਿੱਚ ਸਹੀ ਹੋਣ ‘ਤੇ ਦੂਸਰਿਆਂ ਨੂੰ ਗਲਤ ਬਾਰੇ
ਦੱਸਦੇ ਹੋਏ ਠੀਕ ਬਾਰੇ ਵੀ ਦੱਸਣ।
ਭੁੱਲ-ਚੁੱਕ ਦੀ ਖਿਮਾਂ,
ਸਤਿੰਦਰਜੀਤ ਸਿੰਘ।
ਮਿਤੀ: 07/07/2013
|
. |