.

ਭਵਿੱਖ ਬਾਣੀ

ਅਰਥਾਂ ਸਮੇਤ ਲਿਖੀਆਂ ਜਾ ਚੁਕੀਆਂ 690-691 ਨੰਬਰ ਚੌਪਈਆਂ ਨੂੰ ਇੱਕ ਵਾਰ ਫਿਰ ਸਾਹਮਣੇ ਰੱਖ ਲਈਏ:-ਸਾਹਿਬ ਬੁੱਢੇ ਬਚਨ ਬਖਾਨਾ। ਤੁਮ ਕਰਨੇ ਹੈ ਜੁੱਧ ਮਹਾਨਾ। ਗ੍ਰਿੰਥ ਬੀੜ ਹਮ ਜੋਇ ਲਿਖਾਈ। ਬਾਈ ਵਾਰ ਸੁਨਹੁ ਮਨ ਲਾਈ॥ 690॥ ਮਨ ਪਸੰਦ ਸੁਨਿ ਵਾਰ ਜੁ ਪਾਵੋ। ਤਬੈ ਧੁਨਾਂ ਤੁਮ ਤਾਹਿ ਚੜ੍ਹਾਵੋ। ਬਾਨੀ ਔਰ ਨਹੀ ਤੁਮ ਤੁਮ ਕਰਨੀ। ਸੱਤ ਬਚਨ ਸੁਨਹੁ ਮਮ ਸ੍ਰਵਨੀ॥ 691॥ ਛੋਟੀ ਛੋਟੀ, ਅਥਵਾ ਮਾਮੂਲੀ ਜਹੀ ਗੱਲ ਤੇ, ਬਾਬਾ ਬੁਢਾ ਜੀ ਦੇ ਬਚਨਾਂ ਦੀ ਹੀ ਮੁਥਾਜੀ? ਭਾਵ- “ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ ਦੇਵਨ ਕਉ ਏਕੈ ਭਗਵਾਨ॥” {281} ਅਸਟ-14 ਅਤੇ ਸੁਖਮਨੀ ਸਾਹਿਬ ਦੀ 16ਵੀਂ ਅਸ਼ਟਪਦੀ ਵਿੱਚ- “ਅਬਿਨਾਸੀ ਪ੍ਰਭੁ ਮਨ ਮਹਿ ਰਾਖੁ॥ ਮਾਨੁਖ ਕੀ ਤੂ ਪ੍ਰੀਤਿ ਤਿਆਗੁ॥” {263} ਅਤੇ ਫਿਰ ਲ਼ਿਖਾਰੀ ਨੇ ਪੰਚਮ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਜੀ ਦੇ ਰਥੀਏ ਵਿਖਾ ਕੇ ਉਨ੍ਹਾਂ ਦੀ ਪਾਵਨ ਪਵਿੱਤਾਰ ਜ਼ਾਤ ਤੇ, ਅਪਣੇ ਹੀ ਉਪਦੇਸ਼ ਦੇ ਉਲਟ ਵਿਹਾਰ ਕਰਨ ਦਾ ਦੋਸ਼ ਵੀ ਨਾਲ ਹੀ ਲਿਆ ਮੜਿਆ? ਇਹ ਉਪਦੇਸ਼- “ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ॥” ਵੀ ਪੰਚਮ ਪਾਤਸ਼ਹ ਜੀ ਦਾ ਹੀ ਹੈ। ਇਸ ਦੀ ਉਲੰਙਣਾ ਸਤਿਗੁਰੂ ਜੀ ਤੋਂ ਹੀ? ਕਾਣੀ ਦੇ ਹਰ ਮੋੜ ਤੇ ਗੁਰਮਤਿ ਦੀ ਖੰਡਣਾ? -ਲਿਖਾਰੀ ਅਨੁਸਾਰ, (ਉਪਰੋਕਤ ਚੌਪਈਆਂ ਵਿਚ) -ਪੰਚਮ ਪਾਤਸ਼ਾਹ ਜੀ, ਸਾਹਿਬਜ਼ਾਦਾ ਹਰਿ ਗੋਬਿੰਦ ਜੀ ਨੂੰ ਸੰਬੋਧਨ ਕਰਕੇ ਇਹ ਕਹਿੰਦੇ ਹਨ- “ਤੁਸਾਂ ਬੜੇ ਯੁੱਧ ਕਰਨੇ ਹਨ ਇਸ ਲਈ ਗੁਰੂ ਗ੍ਰੰਥ ਸਾਹਿਬ ਵਿਚਲੀਆਂ 22 ਵਾਰਾਂ ਬੜੇ ਧਿਆਨ ਨਾਲ ਪੜ੍ਹ ਕੇ ਜਿਹੜੀ ਧੁਨ ਚਾਹੋ ਉਸ ਦਾ ਵੇਰਵਾ ਗ੍ਰੰਥ ਵਿੱਚ ਲਿਖ ਲੈਣਾ। ਪਰ ਤੁਸਾਂ ਬਾਣੀ ਨਹੀ ਰਚਨੀ ਹੋਵੇਗੀ। (691 ਤੱਕ ਚੌਪਈ)

ਸੰਨ 1718 ਵਿੱਚ ਇਹ ਪੁਸਤਕ ਨੂੰ ਲਿਖ ਰਹੇ, ਲਿਖਾਰੀ ਨੂੰ ਪਤਾ ਤਾਂ ਹੈ ਹੀ ਸੀ ਕਿ, ਛੇਵੇਂ ਤੋਂ ਅਠਵੇਂ ਸਤਿਗੁਰੂ ਜੀ ਤੱਕ ਬਾਣੀ ਨਹੀਂ ਸੀ ਰਚੀ ਗਈ। ਸੋ ਇਹ ਬਚਨ ਭਵਿਖ ਵਾਕਾਂ ਦੇ ਰੂਪ ਵਿੱਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੂਖਾਰਬਿੰਦ ਤੋ ਕਹੇ ਦਰਸਾ ਦੇਣੇ ਉਸ ਲਈ ਕਿਹੜੀ ਔਖੀ ਗੱਲ ਸੀ? ਕਲਪਣਾ ਦੀ ਉਪਜ ਦੇਵੀ ਦੇਵਤਿਆਂ ਵਾਂਗ ਹੀ ਗੁਰਦੇਵ ਜੀ ਨੂੰ ਵੀ ਭਵਿਖ ਬਾਣੀ ਉਚਾਰਨ ਵਾਲੇ ਫੋਕੇ ਕਰਮ ਕਰਦੇ ਦਰਸਾ ਲਿਆ? ਨਾਲ ਹੀ ਇਹ ਭਰਮ ਵੀ ਬਣਾ ਦਿੱਤਾ ਕਿ ਪੰਚਮ ਪਾਤਸ਼ਾਹ ਜੀ ਨੇ ਵਾਰਾ ਦੀਆਂ ਧੁਨਾਂ ਆਪ ਨਹੀ ਸਨ ਲਿਖੀਆਂ, ਸਗੋਂ ਉਹ ਕੰਮ ਆਪਣੇ ਸਾਹਿਬਜ਼ਾਦਾ ਸਾਹਿਬ ਵਾਸਤੇ ਅਧੂਰਾ ਹੀ ਰਹਿਣ ਦਿੱਤਾ ਸੀ? ਯਾਦ ਰਹੇ ਕਿ, ਕਰਾਮਾਤਾਂ ਵਾਂਗ ਹੀ ਭਵਿੱਖ ਬਾਣੀਆਂ, ਆਕਾਸ਼ਬਾਣੀਆਂ ਆਦਿ ਸਭ ਕੁਝ, ਬ੍ਰਾਹਮਣੀ ਮਾਇਆ ਜਾਲ ਹੀ ਹੈ। ਗੁਰਮਤਿ ਦਾ ਸਿਧਾਂਤ ਸਮਝਾ ਰਿਹਾ ਪੰਚਮ ਪਾਤਸ਼ਾਹ ਜੀ ਦਾ ਪਾਵਨ ਗੁਰੂ ਸਬਦ; -

ਗੂਜਰੀ ਮਹਲਾ 5॥ ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ॥ ਖਿਨ ਮਹਿ ਥਾਪਿ ਉਥਾਪਨਹਾਰਾ ਆਪਨ ਹਾਥਿ ਮਤਾਤ॥ 1॥ ਸਿਆਨਪ ਕਾਹੂ ਕਾਮਿ ਨ ਆਤ॥ ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ॥ 1॥ ਰਹਾਉ॥ ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ॥ ਲਸਕਰ ਨੇਬ ਖਵਾਸ ਸਭ ਤਿਆਗੇ ਜਮ ਪੁਰਿ ਊਠਿ ਸਿਧਾਸ॥ 2॥ ਹੋਇ ਅਨੰਨਿ ਮਨਹਠ ਕੀ ਦ੍ਰਿੜਤਾ ਆਪਸ ਕਉ ਜਾਨਾਤ॥ ਜੋ ਅਨਿੰਦੁ ਨਿੰਦੁ ਕਰਿ ਛੋਡਿਓ ਸੋਈ ਫਿਰਿ ਫਿਰਿ ਖਾਤ॥ 3॥ ਸਹਜ ਸੁਭਾਇ ਭਏ ਕਿਰਪਾਲਾ ਤਿਸੁ ਜਨ ਕੀ ਕਾਟੀ ਫਾਸ॥ ਕਹੁ ਨਾਨਕ ਗੁਰੁ ਪੂਰਾ ਭੇਟਿਆ ਪਰਵਾਣੁ ਗਿਰਸਤ ਉਦਾਸ॥ 4॥ 4॥ 5॥ {496}

ਅਰਥ:- (ਹੇ ਭਾਈ! ਮਨੁੱਖ ਦੀ ਆਪਣੀ) ਚਤੁਰਾਈ ਕਿਸੇ ਕੰਮ ਨਹੀਂ ਆਉਂਦੀ। ਜੋ ਗੱਲ ਮੇਰੇ ਠਾਕੁਰ ਨੇ ਮਿਥੀ ਹੁੰਦੀ ਹੈ ਉਹੀ ਹੋ ਕੇ ਰਹਿੰਦੀ ਹੈ। 1. ਰਹਾਉ। ਮਨੁੱਖ (ਆਪਣੀ ਵਿਉਂਤ ਅਨੁਸਾਰ) ਪੱਛਮ ਵਲ ਜਾਣ ਦੀ ਸਲਾਹ ਬਣਾੳਂਦਾ ਹੈ, ਪਰਮਾਤਮਾ ਉਸ ਨੂੰ ਚੜਹਦੇ ਪਾਸੇ ਲੈ ਤੁਰਦਾ ਹੈ। ਪਰਮਾਤਮਾ ਇੱਕ ਖਿਨ ਵਿੱਚ ਪੈਦਾ ਕਰਕੇ ਨਾਸ ਕਰ ਦੇਣ ਦੀ ਸ਼ਕਤੀ ਰੱਖਦਾ ਹੈ। ਹਰੇਕ ਫੈਸਲਾ ਉਸ ਦੇ ਆਪਣੈ ਹੱਥ ਵਿੱਚ ਹੁੰਦਾ ਹੈ। 1.

ਹੋਰ ਤੋ ਹੋਰ ਦੇਸਾਂ ਦੀ ਮੱਲ ਮਾਰ ਲੈਣ ਦੀ ਅਤੇ ਧਨ ਇੱਕਠਾ ਕਰਨ ਦੀ ਲਾਲਸਾ ਦੇ ਵਿੱਚ ਹੀ ਮਨੱਖ ਦੇ ਪਰਾਣ ਨਿਕਲ ਜਾਂਦੇ ਹਨ, ਫ਼ੌਜਾਂ ਅਹਿਲਕਾਰ ਚੋਬਦਾਰ ਆਦਿਕ ਸਭ ਨੂੰ ਛੱਡ ਕੇ ਉਹ ਪਰਲੋਕ ਵੱਲ ਤੁਰ ਪੈਂਦਾ ਹੈ। (ਉਸ ਦੀ ਅਪਿਣੀ ਸਿਆਣਪ ਧਰੀ ਦੀ ਧਰਾਈ ਹੀ ਰਹਿ ਜਾਂਦੀ ਹੈ)। 2.

(ਦੂਜੇ ਪਾਸੇ ਵੇਖੋ ਉਸ ਦਾ ਹਾਲ ਜੋ ਆਪਣੇ ਵਲੋਂ ਦੁਨੀਆਂ ਛੱਡ ਚੁੱਕਾ ਹੈ) ਆਪਣੇ ਮਨ ਦੇ ਹਠ ਦੀ ਪਲਿਆਈ ਦੇ ਆਸਰੇ ਮਾਇਆ ਵਾਲਾ ਪਾਸਾ ਛੱਡ ਕੇ (ਗ੍ਰਿਹਸਤ ਤਿਆਗ ਕੇ, ਇਸ ਤਿਆਗ ਨੂੰ ਬੜਾ ਸ੍ਰੇਸ਼ਟ ਕੰਮ ਸਮਝ ਕੇ ਤਆਗੀ ਬਣਿਆ ਹੋਇਆ ਉਹ ਮਨੁੱਖ) ਆਪਣੇ ਆਪ ਨੂੰ ਵੱਡਾ ਜਤਾਉਂਦਾ ਹੈ ਇਹ ਗ੍ਰਿਹਸਤ ਜੋ ਨਿੰਦਣ-ਜੋਗ ਨਹੀਂ ਸੀ ਪਰ ਇਸ ਨੂੰ ਨਿੰਦਨ-ਜੋਗ ਮਿਥ ਕੇ ਇਸ ਨੂੰ ਛੱਡ ਦੇਂਦਾ ਹੈ ਛੱਡ ਕੇ ਵੀ) ਮੁੜ ਮੁੜ (ਗ੍ਰਿਹਸਤੀਆਂ ਦੇ ਘਰਾਂ ਤੋਂ ਮੰਗ ਮੰਗ ਕੇ) ਖਾਂਦਾ ਹੈ। 3॥

(ਸੋਨਾ ਧਨ-ਪਦਾਰਥ ਇਕੱਠਾ ਕਰਨ ਵਾਲੀ ਚਤੁਰਾਈ ਕਿਸੇ ਕੰਮ ਹੈ ਤੇ ਨਾ ਹੀ ਤਿਆਗ ਦਾ ਮਾਣ ਕੋਈ ਲਾਭ ਪੁਚਾਉਂਦਾ ਹੈ) ਸੁ ਪਰਮਾਤਮਾ ਆਪਣੇ ਸ਼ੁਭਾਵਿਕ ਪਿਆਰ ਦੀ ਪ੍ਰੇਰਨਾ ਨਾਲ ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਹੈ ਉਸ ਮਨੁੱਖ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦਿੰਦਾ ਹੈ। ਹੇ ਨਾਨਕ! ਆਖ- ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਗ੍ਰਿਹਸਤ ਵਿੱਚ ਰਹਿੰਦਾ ਹੋਇਆ ਮਾਇਆ ਨਲੋਂ ਨਿਰਮੋਹ ਹੋ ਕੇ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ। 4.

ਮਨੁੱਖਤਾ ਨੂੰ ਹੁਕਮ ਵਿੱਚ ਰਹਿਣਾ ਸਿਖਾ ਰਹੇ ਗੁਰਦੇਵ ਜੀ ਅਗੰਮਤਾ ਬਾਰੇ ਕੋਈ ਵੀ ਭਵਖਿ ਬਾਣੀ ਨਹੀ ਸਨ ਬੋਲਿਆ ਕਰਦੇ ਸਗੋਂ ਇਸ ਮਸਲੇ ਤੇ ਉਨ੍ਹਾਂ ਦਾ ਵਿਹਾਰ ਆਮ ਮਨੁੱਖ ਜਿਹਾ ਹੀ ਸੀ. ਉਪਰੋਕਤ ਗੁਰੂ ਸ਼ਬਦ ਤੋਂ ਇਲਾਵਾ ਹੇਠ ਲਿਖੇ 5 ਹੋਰ ਗੁਰੂ ਫ਼ੁਰਮਾਨਾਂ ਤੋਂ ਗੁਰਮਤਿ ਦਾ ਇਹ ਕਹਿਣਾ- “ਮੈ ਅਗੰਮ ਬਾਰੇ ਕੀ ਜਾਣਾ? “ਭਵਿਖ ਬਾਣੀ ਬਾਰੇ ਗਰਮਤਿ ਦਾ ਸਿਧਾਂਤ ਸਪੱਸ਼ਟ ਹੋ ਜਾਂਦਾ ਹੈ:- (1) -ਕਿਰਤੁ ਪਇਆ ਨਹ ਮੇਟੈ ਕੋਇ॥ ਕਿਆ ਜਾਣਾ ਕਿਆ ਆਗੈ ਹੋਇ॥ ਜੋ ਤਿਸੁ ਭਾਣਾ ਸੋਈ ਹੂਆ॥ ਅਵਰੁ ਨ ਕਰਣੈ ਵਾਲਾ ਦੂਆ॥ 1॥ . . . . {154} - (2)॥ ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ॥ ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ॥ {558} -17 (3) --ਧਨਾਸਰੀ ਛੰਤ ਮਹਲਾ 1॥ ਪਿਰ ਸੰਗਿ ਮੂਠੜੀਏ ਖਬਰਿ ਨ ਪਾਈਆ ਜੀਉ॥ ਮਸਤਕਿ ਲਿਖਿਅੜਾ ਲੇਖੁ ਪੁਰਬਿ ਕਮਾਇਆ ਜੀਉ॥ ਲੇਖੁ ਨ ਮਿਟਈ ਪੁਰਬਿ ਕਮਾਇਆ ਕਿਆ ਜਾਣਾ ਕਿਆ ਹੋਸੀ॥ . . 1 {693} -3- (4) - ਅਗੈ ਕਿਆ ਜਾਣਾ ਨਾਹਿ ਮੈ ਭੂਲੇ ਤੂ ਸਮਝਾਇ॥ ਭੂਲੇ ਮਾਰਗੁ ਜੋ ਦਸੇ ਤਿਸ ਕੈ ਲਾਗਉ ਪਾਇ॥ ਗੁਰ ਬਿਨੁ ਦਾਤਾ ਕੋ ਨਹੀ ਕੀਮਤਿ ਕਹਣੁ ਨ ਜਾਇ॥ 4 ॥ {1014} -3 - (5) ਤੂ ਵਡ ਦਾਤਾ ਤੂ ਵਡ ਦਾਨਾ ਅਉਰੁ ਨਹੀ ਕੋ ਦੂਜਾ॥ ਤੂ ਸਮਰਥੁ ਸੁਆਮੀ ਮੇਰਾ ਹਉ ਕਿਆ ਜਾਣਾ ਤੇਰੀ ਪੂਜਾ॥ 3 ॥ ਤੇਰਾ ਮਹਲੁ ਅਗੋਚਰੁ ਮੇਰੇ ਪਿਆਰੇ ਬਿਖਮੁ ਤੇਰਾ ਹੈ ਭਾਣਾ॥ ਕਹੁ ਨਾਨਕ ਢਹਿ ਪਇਆ ਦੁਆਰੈ ਰਖਿ ਲੇਵਹੁ ਮੁਗਧ ਅਜਾਣਾ॥ 4॥ 2॥ 20॥ {1190}

ਸਪੱਸ਼ਟ ਤੌਰ ਤੇ ਸਿੱਧ ਹੈ ਕਿ, ਸਤਿਗੁਰੂ ਜੀ ਦੇ ਨਾਮਣੇ ਦੇ ਨਾਲ ਭਵਿੱਖ ਬਾਣੀ ਜੋੜਨੀ ਗੁਰਮਤਿ ਵਿਰੋਧੀ ਅਗਿਆਨਤਾ ਹੈ ਜਾਂ ਬ੍ਰਾਹਮਣੀ ਕੁਟਲਤਾ ਹੈ।

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.