ਪਿੱਛਲੇ ਕਾਫੀ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮਤਿ ਵਿਚਾਰਧਾਰਾ
ਉਤੇ ਸੋਚੀ ਸਮਝੀ ਸਾਜ਼ਿਸ ਤਹਿਤ ਸਿੱਧੇ ਅਤੇ ਅਸਿੱਧੇ ਹਮਲੇ ਕੀਤੇ ਜਾ ਰਹੇ ਹਨ। ਇਹ ਹਮਲੇ ਇੱਕ ਹਿੰਦੂ
ਸੰਸਥਾ ਆਰ: ਐਸ: ਐਸ: ਵਲੋਂ ਕਰਵਾਏ ਜਾ ਰਹੇ ਹਨ। ਇਸ ਸੰਸਥਾ ਦਾ ਸਿੱਖ ਧਰਮ ਦੇ ਧਾਰਮਿਕ ਅਤੇ ਸਿਆਸੀ
ਅਗੂਆਂ ਨਾਲ ਸਿੱਧਾ ਸਬੰਧ ਹੈ। ਇਸ ਲਈ ਉਹਨਾਂ ਨੂੰ ਹਮਲੇ ਕਰਨ ਲਈ ਮੋਰਚਾਬੰਦੀ ਕਰਨ ਦੀ ਜ਼ਰੂਰਤ ਨਹੀਂ
ਹੈ। ਤੇ ਬਣੇ-ਬਣਾਏ ਮੋਰਚਿਆਂ ‘ਤੇ ਹੀ ਉਹ ਨਿਸ਼ਾਨਾ ਸੇਧ ਕੇ ਕਾਫੀ ਹੱਦ ਤੱਕ ਸਫਲ ਹੋ ਰਹੀ ਹੈ। ਗੁਰੂ
ਨਾਨਕ ਸਾਹਿਬ ਨੇ ਬ੍ਰਾਹਮਣ ਅਤੇ ਪੁਜਾਰੀਆਂ ਦੇ ਸ਼ਿਕੰਜੇ ਵਿੱਚ ਬੁਰੀ ਤਰ੍ਹਾਂ ਫਸੀ ਲੋਕਾਈ ਨੂੰ
ਕ੍ਰਾਂਤੀਕਾਰੀ, ਇਨਕਲਾਬੀ ਅਤੇ ਸੱਚ ਦੇ ਮੂੰਹਾਂ ਨੂੰ ਵੱਜੇ ਜਿੰਦਰੇ ਖੋਲ੍ਹਣ ਵਰਗੇ ਬਾ-ਦਲੀਲ
ਵਿਚਾਰਾਂ ਨਾਲ ਛੁਡਾਇਆ ਸੀ। ਚੜ੍ਹਦੇ ਸੂਰਜ ਦੇ ਸੱਚ ਵਰਗਾ ਵਿਗਿਆਨਕ ਗੁਰਮਤਿ ਸਿਧਾਂਤ ਦੇ ਕੇ ਗੁਰੂ
ਬਾਬਾ ਨਾਨਕ ਜੀ ਨੇ ਨਵੀਆਂ ਲੀਹਾਂ ਪਾਈਆਂ ਸਨ। ਜਿਸ ਤੋਂ ਪੁਜਾਰੀਵਾਦ ਨੂੰ ਖਤਰਾ ਤਾਂ ਪੈਦਾ ਹੋ ਹੀ
ਗਿਆ ਸੀ ਪਰ ਨਾਲ ਹੀ ਉਹਨਾਂ ਦੁਆਰਾ ਕੀਤੀ ਜਾ ਰਹੀ ਭੋਲੇ-ਭਾਲੇ ਲੋਕਾਂ ਦੀ ਲੁੱਟ-ਖਸੁੱਟ ਵੀ ਬੰਦ ਹੋ
ਗਈ। ਉਹ ਬਹੁਤ ਤੜਫ਼ੇ… ਉਹਨਾਂ ਦੇ ਤੱਪੜ ਰੁਲਣ ਵਰਗੇ ਹਾਲਾਤ ਹੋ ਗਏ। ਇਸ ਲਈ ਉਹ ਅੱਜ ਤੱਕ ਗੁਰਮਤਿ
ਦੇ ਵਿਰੁੱਧ ਕੰਮ ਕਰ ਰਹੇ ਹਨ। ਗੁਰੂ ਸਾਹਿਬਾਨ ਦੁਆਰਾ ਉਚਾਰੀ ਗਈ ਰੂਹਾਨੀ ਬਾਣੀ ਦਾ ਗੁਰਮਤਿ
ਸਿਧਾਂਤ, ਜ਼ਾਤ-ਪਾਤ, ਊਚ-ਨੀਚ, ਤੇਰ-ਮੇਰ ਤੋਂ ਉੱਪਰ ਉੱਠ ਕੇ ਮਨੁੱਖੀ ਕਦਰਾਂ ਕੀਮਤਾਂ ਦਾ ਸੁਨੇਹਾ
ਦੇ ਰਿਹਾ ਹੈ। ਅਫਸੋਸ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣ ਵਾਲੇ ਬਹੁਤ
ਸਾਰੇ ਸਿੱਖੀ ਲਿਬਾਸ ਵਾਲੇ ਸਿੱਖਾਂ ਨੇ ਹੀ ਗੁਰਬਾਣੀ ਦੀ ਵਿਧਾਰਧਾਰਾ ਨੂੰ ਪੂਰੀ ਤਰ੍ਹਾਂ ਨਹੀਂ
ਮੰਨਿਆ। ਉਹ ਅਜੇ ਵੀ ਬ੍ਰਾਹਮਣਵਾਦ ਦੇ ਸ਼ਿਕੰਜੇ ਵਿਚੋਂ ਅਜ਼ਾਦ ਨਹੀਂ ਹੋਏ। ਉਹ ਸਿੱਖੀ ਪਹਿਰਾਵੇ ਵਿੱਚ
ਸਮੇਂ-ਸਮੇਂ ਤੇ ਗੁਰਮਤਿ ਦੀ ਗੱਲ ਕਰਨ ਵਾਲਿਆਂ ਦੇ ਵਿਰੁੱਧ ਆਪਣੇ ਨਿਕੰਮੇ ਅਤੇ ਦਕੀਆਨੂਸੀ ਵਿਚਾਰਾਂ
ਨਾਲ ਹਮਲੇ ਕਰਦੇ ਰਹਿੰਦੇ ਹਨ। ਪਰ ਉਹਨਾਂ ਨੂੰ ਗੁਰਦੁਆਰਿਆਂ ਅਤੇ ਸਾਧਾਂ-ਸੰਤਾਂ ਦੇ ਡੇਰਿਆਂ ਵਿੱਚ
ਹੁੰਦੀ ਮਨਮਿਤ ਅਤੇ ਸਿਆਸੀ ਨੇਤਾਵਾਂ ਦੁਆਰਾ ਧਰਮ ਨੂੰ ਆਪਣੇ ਸਵਾਰਥ ਲਈ ਵਰਤਣ ਦੀਆਂ ਕਾਰਵਾਈਆਂ ਨਾਲ
ਸਿੱਖੀ ਨੂੰ ਲਗਦੀ ਢਾਅ ਨਜ਼ਰ ਨਹੀਂ ਆ ਰਹੀ। ਅੱਜ ਮਨਮਤਿ ਕਰਨ ਵਾਲਿਆਂ ਨੂੰ ਗੁਰਦੁਆਰਿਆਂ ਵਿੱਚ
ਸਨਮਾਨਤ ਕੀਤਾ ਜਾਂਦਾ ਹੈ ਅਤੇ ਗੁਰਮਤਿ ਦੀ ਗੱਲ ਕਰਨ ਵਾਲਿਆਂ ਨੂੰ ਗੁਰੂ ਘਰਾਂ ਵਿੱਚ ਗੈਰ ਸਮਝ ਕੇ
ਉਹਨਾਂ ‘ਤੇ ਹਮਲੇ ਕੀਤੇ ਜਾ ਰਹੇ ਹਨ। ਅਤੇ ਉਹਨਾਂ ਨੂੰ ਅਕਾਲ ਤਖ਼ਤ ‘ਤੇ ਕਾਬਜ਼ ਪੁਜਾਰੀਆਂ ਵਲੋਂ
ਅਕਾਲ ਤਖ਼ਤ ਸਾਹਿਬ ਦੀ ਅਸਲ ਮਾਣ-ਮਰਿਆਦਾ ਨੂੰ ਮਿੱਟੀ ਘੱਟੇ ਰੋਲ ਕੇ ਪੰਥ ਵਿਚੋਂ ਛੇਕਿਆ ਜਾ ਰਿਹਾ
ਹੈ।
ਸੱਚ ਬੋਲਣਾ, ਕਹਿਣਾ, ਸੁਣਨਾ ਅਤੇ ਸਹਿਣਾ ਬਹੁਤ ਔਖਾ ਹੈ।
ਦੇ ਅਧਾਰ
‘ਤੇ ਦੁਨੀਆਂ ਦੇ ਸਭ ਤੋਂ ਵੱਡੇ ਯੁੱਗ ਪੁਰਸ਼, ਮਹਾਂ ਵਿਦਵਾਨ, ਮਹਾਂ ਕੁਦਰਤ ਪ੍ਰੇਮੀ, ਮਹਾਂ ਪੈਦਲ
ਯਾਤਰੀ, ਮਹਾਂ ਧਰਮੀ, ਮਹਾਂ ਯੋਧਾ ਅਤੇ ਮਹਾਂ ਕਵੀ ਗੁਰੂ ਨਾਨਕ ਜੀ ਨੇ ਸੱਚ ਬੋਲਿਆ ਤੇ ਸੱਚ ਦਾ
ਹੋਕਾ ਦਿਤਾ। ਜਿਹਨਾਂ ਨੂੰ ਇਹ ਸੱਚ ਕੌੜਾ ਲੱਗਿਆ ਉਹ ਜ਼ਖ਼ਮੀ ਸੱਪ ਵਾਂਗ ਤੜਫੇ ਜਿਹਨਾਂ ਨੂੰ ਚੰਗਾ
ਲਗਾ ਉਹਨਾਂ ਸੁੱਖ ਦਾ ਸਾਹ ਲਿਆ। ਅੱਜ ਬਹੁਤ ਸਾਰੇ ਲੋਕ ਅਤੇ ਆਪੂੰ ਬਣੇ ਸਾਧ-ਸੰਤ ਸਰਕਾਰੀ
ਸਰਪ੍ਰਸਤੀ ਹੇਠ, ਧਰਮ ਦਾ ਸਹਾਰਾ ਲੈ ਕੇ ਸਿੱਖੀ ਅਤੇ ਸਿੱਖ ਧਰਮ ਵਿਰੋਧੀ ਕਾਰਵਾਈਆਂ ਕਰ ਰਹੇ ਹਨ।
‘ਸਿੱਖ ਮਾਰਗ’ ਸਾਈਟ ਅਤੇ ‘ਰੋਜ਼ਾਨਾ ਸਪੋਕਸਮੈਨ’ ਅਖਬਾਰ ਦੇ ਵਿਰੁੱਧ ਨਿੱਜੀ ਰੰਜ਼ਸ ਕੱਢਣ ਲਈ
ਊਲ-ਜਲੂਲ ਬੋਲਣ ਵਾਲੇ ਲੋਕ ਪਾਖੰਡੀ ਅਤੇ ਢੌਂਗੀ ਸਾਧਾਂ-ਸੰਤਾਂ ਅਤੇ ਸਿਆਸੀ ਨੇਤਾਵਾਂ ਦੇ ਵਿਰੁੱਧ
ਆਪਣੀ ਜ਼ੁਬਾਨ ਨਹੀਂ ਖੋਹਲਦੇ ਹਨ, ਸਗੋਂ ਡੇਰੇਦਾਰਾਂ ਅਤੇ ਸਿਆਸੀ ਨੇਤਾਵਾਂ ਨੂੰ ਖੁਸ਼ ਕਰਕੇ ਅਤੇ
ਗੁਰਮਤਿ ਸਿਧਾਂਤ ਦੀਆਂ ਧੱਜੀਆਂ ਉਡਾਅ ਕੇ ਮਨਮਤਿ ਦੇ ਹਮਾਇਤੀਆਂ ਤੋਂ ਮਾਣ-ਸਨਮਾਨ ਹਾਸਲ ਕਰਕੇ
ਉੱਚੀਆਂ ਪਦਵੀਆਂ ਅਤੇ ਸੁੱਖ-ਸਹੂਲਤਾਂ ਲੈ ਕੇ ਜ਼ਿੰਦਗੀ ਦਾ ਅਨੰਦ ਮਾਣ ਰਹੇ ਹਨ। ਗੁਰਮਤਿ ਦਾ ਸੱਚ
ਸਿਧਾਂਤ ਬੋਲਣ ਲੱਗਿਆਂ ਉਹਨਾਂ ਦੇ ਮੂੰਹਾਂ ਨੂੰ ਚੁੱਪ ਦੇ ਜੰਦਰੇ ਵੱਜ ਜਾਂਦੇ ਹਨ। ਉਹਨਾਂ ਦੀ ਜ਼ਮੀਰ
ਵੀ ਚੁੱਪ ਰਹਿੰਦੀ ਹੈ। ਜਿਵੇਂ ਉਹ ਜ਼ਮੀਰ ਰਹਿਤ ਅਤੇ ਜਿਊਂਦੀਆਂ ਲਾਸ਼ਾਂ ਹੋਣ।
ਉਹਨਾਂ ਲੋਕਾਂ ਨੇ ਉਦੋਂ ਚੁੱਪ ਧਾਰੀ ਰੱਖੀ ਜਦੋਂ ਸੰਨ 2003 ਵਿੱਚ ਅਕਾਲ
ਤਖ਼ਤ ਵਲੋਂ ਪ੍ਰਵਾਨ ਹੋਣ ਤੋਂ ਬਾਅਦ ਲਾਗੂ ਕੀਤੇ ਨਾਨਕ ਸ਼ਾਹੀ ਕੈਲੰਡਰ ਨੂੰ ਅਖੌਤੀ ਸਾਧਾਂ-ਸੰਤਾਂ ਨੇ
ਮੰਨਣ ਤੋਂ ਇਨਕਾਰ ਕਰ ਦਿਤਾ। ਉਸ ਵੇਲੇ ਅਕਾਲ ਤਖਤ ਦੀ ਮਾਣ-ਮਰਿਆਦਾ ਅਤੇ ਨਿਰਾਦਰ ਉਹਨਾਂ ਨੂੰ ਨਜ਼ਰ
ਨਾ ਆਇਆ। ਢੋਂਗੀ, ਦੰਭੀ ਅਤੇ ਫਰੇਬੀ ਕਿਸਮ ਦੇ ਸਿੱਖੀ ਲਿਬਾਸ ਵਾਲੇ ਲੋਕ ਉਸ ਵੇਲੇ ਵੀ ਚੁੱਪ
ਰਹੇ, ਜਦੋਂ ਨਵੰਬਰ 2006 ਵਿੱਚ ਬਠਿੰਡੇ ਜਿਲ੍ਹੇ ਦੇ ਦਿਆਲਪੁਰਾ ਭਾਈਕੇ ਵਿਖੇ ਸਾਧਾਂ-ਸੰਤਾਂ ਅਤੇ
ਨਿਹੰਗ ਜਥੇਬੰਦੀਆਂ ਨੇ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਤੇ ਅਸ਼਼ਲੀਲ ਦਸਮ ਗ੍ਰੰਥ
ਦੇ ਭੋਗ ਪਾ ਕੇ ਫਤਹਿ ਦਿਵਸ ਮਨਾਇਆ। ਕੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ “ਗੁਰੂ ਮਾਨਿਓ
ਗ੍ਰੰਥ…। “ਦੇ ਹੁਕਮ ਦੀ ਉਲੰਘਣਾ ਨਹੀਂ ਸੀ। ਮਾਲਵੇ ਦੀ ਧਰਤੀ ਮਸਤੂਆਣਾ ਦੇ ਸਥਾਨ ‘ਤੇ ਸਿੱਖਾਂ ਦੇ
ਸੁਪਰੀਮ ਅਸਥਾਨ ਸਿਰੀ ਹਰਿਮੰਦਰ ਸਾਹਿਬ ਜੀ ਦੀ ਰੀਸੇ ‘ਮਾਲਵੇ ਦਾ ਹਰਿਮੰਦਰ’ ਦੀ ਉਸਾਰੀ ਨਿਰੰਤਰ
ਪਿੱਛਲੇ 40 ਸਾਲ ਤੋਂ ਜਾਰੀ ਹੈ। ਜਿਸ ਦੀ ਅਗਵਾਈ ਅਕਾਲੀ ਲੀਡਰਸ਼ਿਪ ਕਰ ਰਹੀ ਹੈ। ਪਰ ਅਖੌਤੀ ਧਰਮ ਦੇ
ਠੇਕੇਦਾਰ ਅਤੇ ਗੁਰਮਤਿ ਦੀ ਗੱਲ ਕਰਨ ਵਾਲਿਆਂ ‘ਤੇ ਹਮਲੇ ਕਰਨ ਵਾਲੇ ਚੁੱਪ ਹਨ। ਛੇਵੀਂ ਪਾਤਸ਼ਾਹੀ
ਸਿਰੀ ਗੁਰੂ ਹਰਿਗੋਬਿੰਦ ਸਾਹਿਬ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਾਲੀ ਕਿਤਾਬ ‘ਗੁਰਬਿਲਾਸ ਪਾਤਸ਼ਾਹੀ-6
ਸ਼੍ਰੋਮਣੀ ਕਮੇਟੀ ਨੇ ਛਾਪੀ ਅਤੇ ਸਾਬਕਾ ਜਥੇਦਾਰ ਅਕਾਲ ਤਖ਼ਤ ਸ: ਜੋਗਿੰਦਰ ਸਿੰਘ ਵੇਦਾਂਤੀ ਨੇ
ਗੁਰਦੁਆਰਿਆਂ ਵਿੱਚ ਉਸ ਦੀ ਕਥਾ ਆਰੰਭ ਕਰਵਾਈ ਪਰ ‘ਸਿੱਖ ਮਾਰਗ’ ਸਾਈਟ ਅਤੇ ‘ਰੋਜ਼ਾਨਾ ਸਪੋਕਸਮੈਨ’
‘ਤੇ ਊਜਾਂ ਲਾਉਣ ਵਾਲੇ ਵਿਅਕਤੀਆਂ ਦੇ ਬੁਲ ਸੀਤੇ ਰਹੇ ਤੇ ਉਹ ਬੇਜ਼ਮੀਰੇ ਲੋਕ ਕੁੰਭ ਕਰਨੀ ਨੀਂਦ ਤੋਂ
ਨਾ ਜਾਗੇ। ਭਰੂਣ ਹੱਤਿਆ ਦੇ ਮਾਸਟਰ ਮਾਈਂਡ ਅਤੇ ਆਪਣੇ ਆਪ ਨੂੰ ਪੁੱਤਰਾਂ ਦਾ ਦਾਨੀ ਕਹੌਣ ਵਾਲੇ
ਪਹੇਵੇ ਵਾਲੇ ਸਾਧ ਮਾਨ ਸਿੰਘ ਦੀਆਂ ਕਾਰਵਾਈਆਂ ਕਿਸੇ ਜਥੇਦਾਰ ਨੂੰ ਜਾਂ ਉਪਰੋਕਤ ਸਾਈਟ ਅਤੇ ਅਖਬਾਰ
‘ਤੇ ਦੁਕੀਆਨੂਸੀ ਵਿਚਾਰਾਂ ਨਾਲ ਹਮਲਾ ਕਰਕੇ ਹਾਈ ਲਾਈਟ ਹੋਣ ਵਾਲਿਆਂ ਨੂੰ ਨਜ਼ਰ ਨਾ ਆਈ। ਨਾਮਧਾਰੀ
ਸੰਪਰਦਾ ਵਾਲੇ ਅਖੌਤੀ ਸੰਤਾਂ ਨੂੰ ਬਾਹਰਵਾਂ, ਤੇਰਵਾਂ ਅਤੇ ਚੌਧਵਾਂ ਗੁਰੂ ਬਣਾ ਕੇ ਦੇਹਧਾਰੀ ਗੁਰੂ
ਦੀ ਪ੍ਰੰਪਰਾ ਜਾਰੀ ਰੱਖੀ ਜਾ ਰਹੀ ਹੈ। ਪਰ ਇਸ ਵਿਰੁੱਧ ਕੋਈ ਕੁਸਕ ਨਹੀਂ ਰਿਹਾ। ਤੇ ਇਸ ਤਰ੍ਹਾਂ
ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੀ ਉਲੰਘਣਾ ਹੋ ਰਹੀ ਹੈ। ਫਿਰ ਵੀ ਚੁੱਪ ਹਨ। ਅਸ਼ਲੀਲ ਕਿਤਾਬ
ਦਸਮ ਗ੍ਰੰਥ, ਜੋ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਉਲਟ ਹੈ, ਨੂੰ ਗੁਰੂ ਗੋਬਿੰਦ
ਸਿੰਘ ਜੀ ਦੇ ਨਾਮ ਨਾਲ ਜੋੜ ਕੇ ਗੁਰੂ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ ਨਿਰਾਦਰ ਕੀਤਾ
ਜਾ ਰਿਹਾ ਹੈ। ਇਸ ਗ੍ਰੰਥ ਵਿਚਲੀ ਵਿਚਾਰਧਾਰਾ ਗੁਰਮਤਿ ਵਿਚਾਰਧਾਰਾ ਨੂੰ ਖ਼ਤਮ ਕਰਨ ਲਈ ਹੀ ਬਣਾਈ ਗਈ
ਹੈ। ਫਿਰ ਵੀ ਬ੍ਰਾਹਮਣੀ ਵਿਚਾਰਧਾਰਾ ਵਿੱਚ ਲਿਬੜੇ ਅਤੇ ਘਟੀਆ ਇਲਜ਼ਾਮ ਲਾਉਣ ਵਾਲੇ ਉਹ ਲੋਕ ਪ੍ਰਸਿੱਧ
ਵਿਦਵਾਨ ਪ੍ਰੋ: ਇੰਦਰ ਸਿੰਘ ਘੱਗਾ ‘ਤੇ ਹਮਲੇ ਕਰਦੇ ਹਨ। ਸਿੱਖ ਮਾਰਗ ਵਿਰੁੱਧ ਬੋਲਦੇ ਹਨ ਅਤੇ
ਸਪੋਕਸਮੈਨ ਅਖਬਾਰ ਨੂੰ ਭੰਡਦੇ ਹਨ। ਇਹ ਸਿੱਖੀ ਸਿਧਾਂਤ ਨੂੰ ਤਿਲਾਂਜਲੀ ਦੇਣ ਵਰਗੇ ਕਾਰਜ ਹਨ।
ਭਾਜਪਾ ਆਗੂ ਸਿੱਖ ਸਟੇਜ਼ਾਂ ‘ਤੇ ਜ਼ਾਲਮ ਚੰਦੂ ਨੂੰ ਸਾਫ ਬਰੀ ਕਰਦੇ ਹਨ ਅਤੇ
ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿਰਫ ‘ਵੀਰ ਵੈਰਾਗੀ’ ਆਖ ਕੇ ਸਿੱਖੀ ਸਰੂਪ ਦਾ ਅਪਮਾਨ
ਕਰ ਰਹੇ ਹਨ। ਤੇ ਸਟੇਜ਼ ‘ਤੇ ਬੈਠੇ ਸਾਧ-ਸੰਤ ਤੇ ਸਿਆਸੀ ਨੇਤਾ ਭਾਜਪਾ ਆਗੂਆਂ ਦੇ ਗਲ਼ਾਂ ਵਿੱਚ
ਸਿਰੋਪਾਓ ਪਾ ਰਹੀ ਹੈ। ਇਸ ਸੋਚੀ-ਸਮਝੀ ਸਾਜ਼ਸ਼ ‘ਤੇ ਸਿੱਖ ਮਾਰਗ ਅਤੇ ਸਪੋਕਸਮੈਨ ਅਖਬਾਰ ਵਿਰੁੱਧ
ਊਲ-ਜਲੂਲ ਬੋਲਣ ਵਾਲੇ ਕਿਉਂ ਚੁੱਪ ਰਹੇ? ਗੁਰੂ ਗੋਬਿੰਦ ਸਿੰਘ ਜੀ ਦੀ ਲਾਡਲੀ ਫੌਜ਼ ਦੇ ਨਿਹੰਗ ਸਿੰਘ
ਭੰਗ ਦੇ ਨਸ਼ੇ ਕਰਦੇ ਹਨ ਅਤੇ ਬਕਰੇ ਵੱਢਦੇ ਹਨ। ਗੁਰਮਤਿ ਸਿਧਾਂਤ ਵਿਰੁੱਧ ਸਰਗਰਮੀਆਂ ਕਰਕੇ ਜਿਸ
ਸਿਰੀ ਚੰਦ ਨੂੰ ਗੁਰੂ ਨਾਨਕ ਸਾਹਿਬ ਨੇ ਬੇਦਖ਼ਲ ਕੀਤਾ ਸੀ। ਸ਼੍ਰੋਮਣੀ ਅਕਾਲੀ ਦੱਲ ਨੇ ਵੋਟਾਂ ਲੈਣ ਲਈ
ਉਸ ਦੇ ਜਨਮ ਦਿਨ ਦੀ ਛੁੱਟੀ ਕੀਤੀ ਅਤੇ ਗੁਰਦੁਆਰਿਆਂ ਵਿੱਚ ਸਮਾਗਮ ਕੀਤੇ। ਊਜਾਂ ਲਾਉਣ ਵਾਲੇ ਲੋਕ
ਭਾਈ ਗੁਰਇਕਬਾਲ ਸਿੰਘ ਦੁਆਰਾ ਲਾਏ 300 ਸਾਲ ਗੁਰੂ ਦੇ ਨਾਲ ਜੋ ਅਸਲ ਵਿੱਚ ਝੂਠ ਦਾ ਨਾਹਰਾ ਹੈ, ਉਸ
ਵਿਰੁੱਧ ਵੀ ਕੋਈ ਨਹੀਂ ਬੋਲਿਆ। ਅਕਾਲ ਤਖ਼ਤ ‘ਤੇ ਬੈਠੇ ਪੁਜਾਰੀ, ਸਿਆਸੀ ਆਗੂਆਂ ਦੇ ਮੋਹਰੇ ਬਣੇ
ਜਥੇਦਾਰਾਂ ਦੁਆਰਾ ਕੀਤਾ ਜਾ ਰਿਹਾ ਅਕਾਲ ਤਖ਼ਤ ਸਾਹਿਬ ਦਾ ਨਿਰਾਦਰ ਵੀ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ
ਤੇ ਉਹ ਚੁਪ ਕੀਤੇ ਸਭ ਕੁੱਝ ਵੇਖ ਕੇ ਵੀ ਕਬੂਤਰ ਵਾਂਗ ਅੱਖਾਂ ਮੀਟ ਲੈਂਦੇ ਹਨ।
ਜੋ ਮਨਮਤਿ ਤਖ਼ਤ ਸਿਰੀ ਹਜ਼ੂਰ ਸਾਹਿਬ ਅਤੇ ਤਖ਼ਤ ਸਿਰੀ ਪਟਨਾ ਸਾਹਿਬ ‘ਤੇ ਹੋ
ਰਹੀ ਹੈ, ਉਸ ਨੂੰ ਵੇਖਣ ਲਈ ਇਹਨਾਂ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਧੁੰਦਲੀ ਹੋ ਜਾਂਦੀ ਹੈ।
ਸਾਧਾਂ-ਸੰਤਾਂ ਨੇ ਆਪਣੇ ਡੇਰਿਆਂ ਵਿੱਚ ਵੱਖਰੀ ਰਹਿਤ ਮਰਿਆਦਾ ਚਾਲੂ ਕਰ ਰੱਖੀ ਹੈ। ਜੋ ਜ਼ਿਆਦਾਤਰ
ਗੁਰਮਤਿ ਸਿਧਾਂਤਾਂ ਦੇ ਵਿਰੁੱਧ ਹੈ। ਉਸ ਬਾਬਤ ਕੋਈ ਕੁੱਝ ਨਹੀਂ ਬੋਲਦਾ। ਜੋ ਕੋਈ ਲੇਖਕ ਅਤੇ
ਵਿਦਵਾਨ ਆਪਣੀਆਂ ਲਿਖਤਾਂ ਗੁਰਮਤਿ ਸਿਧਾਂਤ ਅਨੁਸਾਰ ਲਿਖ ਕੇ ਗੁਰਦੁਆਰਿਆਂ ਅਤੇ ਡੇਰਿਆਂ ਵਿੱਚ ਚੱਲ
ਰਹੀ ਮਨਮਤਿ ਵੱਲ ਲੋਕਾਂ ਦੀ ਧਿਆਨ ਦਰਵਾਉਂਦਾ ਹੈ। ਤਾਂ ਮਨਮਤੀ ਲੋਕ ਉਹਨਾ ਦੀ ਜਾਨ ਤੱਕ ਲੈਣ ਦੀ
ਕੋਸ਼ਿਸ਼ ਕਰਦੇ ਹਨ ਅਤੇ ਉਹਨਾਂ ਨੂੰ ਜ਼ਲੀਲ ਵੀ ਕਰਦੇ ਹਨ। ਤੱਦ ਹੀ ਸਿੱਖ ਵਿਦਵਾਨਾਂ ਦੀ ਘਾਟ ਮਹਿਸੂਸ
ਹੋ ਰਹੀ ਹੈ। ਕਿਉਂਕਿ ਇੱਕ ਸੁਲਝਿਆ ਹੋਇਆ ਲੇਖਕ ਅਤੇ ਵਿਦਵਾਨ ਅੱਜ ਗੁਰਦੁਆਰਿਆਂ ਵਿੱਚ ਹੋ ਰਹੀ
ਮਨਮਤਿ ਨੂੰ ਗਲਤ ਕਹਿਣ ਤੋਂ ਕੰਨੀ ਕਤਰਾਉਂਦਾ ਹੈ, ਉਹ ਆਪਣੀ ਪੱਗ ਬੁੱਧੀਹੀਣ ਅਤੇ ਗੁਰਬਾਣੀ ਗਿਆਨ
ਤੋਂ ਕੋਰੇ ਲੋਕਾਂ ਹੱਥੋਂ ਰੋਲਣੀ ਨਹੀਂ ਚਾਹੁੰਦਾ।
ਮਈ 2007 ਵਿੱਚ ਅਕਾਲ ਤਖ਼ਤ ਤੋਂ ਸੌਦਾ ਸਾਧ ਨਾਲ ਕੋਈ ਸਬੰਧ ਨਾ ਰੱਖਣ ਦਾ
ਹੁਕਮਨਾਮਾ ਜਾਰੀ ਹੋਇਆ। ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਪ੍ਰਕਾਸ਼ ਸਿੰਘ ਬਾਦਲ ਵੋਟਾਂ ਮੰਗਣ
ਲਈ ਪਰਿਵਾਰ ਸਮੇਤ ਉਸ ਦੇ ਡੇਰੇ ਵਿੱਚ ਗਿਆ। ਕੀ ਇਹ ਅਕਾਲ ਤਖ਼ਤ ਦਾ ਨਿਰਾਦਰ ਨਹੀਂ ਸੀ। ਪਰ ਸਭ ਚੁੱਪ
ਰਹੇ। ਜਿਵੇਂ ਸਿੱਖੀ ਦਾ ਧੁਰਾ ਹੁਣ ਗੋਇੰਦਵਾਲ ਸਾਹਿਬ ਨਹੀਂ ਸਗੋਂ ਸ: ਬਾਦਲ ਦਾ ਪਰਿਵਾਰ ਤੇ ਘਰ ਹੀ
ਹੁੰਦਾ ਹੈ। ਤੇ ਉਹ ਪਰਿਵਾਰ ਧਾਰਮਿਕ ਮਖੌਟਾ ਪਹਿਨ ਕੇ ਜੋ ਕਰਦਾ ਹੈ, ਜੀ ਹਜ਼ੂਰੀਏ ਕਿਸਮ ਦੇ ਲੋਕਾਂ
ਨੇ ਉਸ ਨੂੰ ਗੁਰਮਤਿ ਮੰਨ ਸਿਰ ਨਿਭਾਅ ਲਿਆ ਪਰ ਗੁਰਬਾਣੀ ਸਿਧਾਂਤ ਅਨੁਸਾਰ ਸੋਚਣ, ਸਮਝਣ ਅਤੇ ਆਪਣੀ
ਨੂੰ ਪ੍ਰਖਣ ਦਾ ਇਸਤੇਮਾਲ ਨਹੀਂ ਕੀਤਾ।
ਭਾਈ ਗੁਰਇਕਬਾਲ ਸਿੰਘ ਦਾ ਇੱਕ ਚੇਲਾ ਅਖੌਤੀ ਹੇਮਕੁੰਟ ਸਾਹਿਬ ਨੂੰ ਜਾਣ ਲਈ
ਯੂ ਟਿਊਬ ‘ਤੇ ਮਾਤਾ ਦੀਆਂ ਭੇਟਾਂ ਦੀ ਤਰਜ਼ ‘ਤੇ ਧਾਰਮਿਕ ਗੀਤ ਗਾਉਂਦਾ ਹੈ। ਇੱਕ ਹੋਰ ਅੰਮ੍ਰਿਤਧਾਰੀ
ਸਿੱਖ ਰਾਗੀ ਸਿਰੀ ਚੰਦ ਦੀ ਆਰਤੀ ਹਿੰਦੂ ਧਰਮ ਦੀ ਆਰਤੀ ਦੀ ਤਰਜ਼ ‘ਤੇ ਗੀਤ ਗਾਉਂਦਾ ਹੈ। ਦਿੱਲੀ
ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਸ: ਉੰਕਾਰ ਸਿੰਘ ਥਾਪਰ ਹਿੰਦੂ ਜਥੇਬੰਦੀਆਂ ਵਲੋਂ ਰਾਮ
ਸੇਤੂ ਪੁਲ ਨੂੰ ਬਚਾਉਣ ਲਈ ਕੀਤੇ ਸਮਾਗਮ ਵਿੱਚ ਅਯੁੱਧਿਆ ਦੇ ਸਿਰੀ ਰਾਮ ਚੰਦਰ ਨੂੰ ਹੀ ਗੁਰੂ ਗ੍ਰੰਥ
ਸਾਹਿਬ ਵਿਚਲਾ ਰਾਮ ਸਿੱਧ ਕਰਕੇ ਹਿੰਦੂਆਂ ਦੀ ਵਾਹ-ਵਾਹ ਖੱਟਦਾ ਹੈ। ਪਰ ਸਭ ਚੁੱਪ ਰਹੇ। ‘ਤੇ
ਇਸ ਕੁਫਰ ਦਾ ਨਤੀਜਾ ਇਹ ਹੋਇਆ ਕਿ ਸ: ਉਂਕਾਰ ਸਿੰਘ ਥਾਪਰ ਦਿੱਲੀ ਕਮੇਟੀ ਦੀ ਚੋਣ ਜਿੱਤ ਗਿਆ। ਅੱਜ
ਹਰ ਗੁਰਦੁਆਰੇ ਵਿੱਚ ਮਨਮਤਿ ਹੋ ਰਹੀ ਹੈ। ਬਹੁਤ ਸਾਰੇ ਗੁਰਦੁਆਰਿਆਂ ਵਿੱਚ ਇਕੋ ਲਾਈਨ ਵਿੱਚ 51 ਜਾਂ
101 ਅਖੰਡ ਪਾਠ ਇਕੱਠੇ ਰੱਖੇ ਜਾਂਦੇ ਹਨ। ਜੋ ਗੁਰਬਾਣੀ ਦਾ ਨਿਰਾਦਰ ਹੈ। ਚੁੱਪ ਪਾਠ ਕੀਤੇ ਜਾਂਦੇ
ਹਨ। ਅਖੰਡ ਪਾਠ ਸਮੇਂ ਨਾਰੀਅਲ ਤੇ ਕੁੰਭ ਰੱਖਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗਰਮੀਆਂ
ਵਿੱਚ ਏ। ਸੀ। ਲਗਾਇਆ ਜਾਂਦਾ ਹੈ ਅਤੇ ਸਰਦੀਆਂ ਵਿੱਚ ਉਸ ਉੱਪਰ ਗਰਮ ਕੰਬਲ ਦਿਤੇ ਜਾਂਦੇ ਹਨ। ਜਦੋਂ
ਕਿ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਹੈ, ਨਾ ਕਿ ਦੇਹਧਾਰੀ ਗੁਰੂ…। ਦੁਆਬੇ ਖੇਤਰ ਵਿੱਚ ਮੜ੍ਹੀਆਂ
ਮਸਾਣਾਂ ‘ਤੇ ਅਖੰਡ ਪਾਠ ਰੱਖਵਾਏ ਜਾਂਦੇ ਹਨ। ਗਿਣਤੀ ਮਿਣਤੀ ਦੇ ਪਾਠ ਕਰਕੇ ਅਰਦਾਸ ਕੀਤੀ ਜਾਂਦੀ
ਹੈ। ਏਥੋਂ ਤੱਕ ਕਿ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਮਨਮਤਿ ਹੋ ਰਹੀ ਹੈ। ਫਰਸ਼ ਨੂੰ ਦੁੱਧ ਨਾਲ
ਧੋਤਾ ਜਾਂਦਾ ਹੈ। ਦਰਸ਼ਨੀ ਡਿਊੜੀ ਦੀ ਕੰਧ ‘ਤੇ ਇੱਕ ਕਰਾਮਾਤ ਦੇ ਜ਼ਿਕਰ ਦੀ ਪਲੇਟ ਵੀ ਲਗਾਈ ਗਈ ਹੈ।
ਜੋ ਗੁਰਮਤਿ ਦੇ ਵਿਰੁੱਧ ਹੈ। ਦੁੱਖ ਭੰਜਨੀ ਬੇਰੀ ਤੇ ਹਰਿ ਕੀ ਪੌੜੀ ਦਾ ਸਿਲਸਿਲਾ ਵੀ ਗੁਰਮਤਿ ਦੇ
ਵਿਰੁੱਧ ਹੈ। ਸਮੇਂ-ਸਮੇਂ ‘ਤੇ ਗੁਰਮਤਿ ਦਾ ਕੰਮ ਵਾਲਿਆਂ ਦੇ ਉਪਰ ਚਿੱਕੜ ਸੁੱਟਣਾ ਕੋਈ ਡੂੰਘੀ
ਸਾਜ਼ਸ਼ ਹੈ, ਜਿਸ ਨੂੰ ਕਿਸੇ ਨਾ ਕਿਸੇ ਦੀ ਸਰਪ੍ਰਸਤੀ ਜਰੂਰ ਹਾਸਲ ਹੈ। ਕੋਈ ਲਾਭ ਲੈ ਗੁਰਮਤਿ
ਨੂੰ ਖੋਰਾ ਲਗਾਏ ਜਾਣ ਦੇ ਉਪਰਾਲੇ ਹਨ। ਅਸਲ ਵਿੱਚ ਗੁਰਮਤਿ ਕੀ ਹੈ? ਅਤੇ ਮਨਮਤਿ ਕੀ ਹੈ? ਇਸ ਦਾ
ਨਿਰਣਾ ਤਾਂ ਅਸੀਂ ਸਿਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਗੁਰਬਾਣੀ ਦੀ ਕਸਵੱਟੀ ਤੇ ਹਰ ਕਾਰਜ ਨੂੰ
ਪਰਖ ਕੇ ਹੀ ਕਰ ਸਕਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਕਹਿੰਦੀ ਹੈ ਉਹ ਹੀ ਸੱਚ ਹੈ ਅਤੇ
ਉਸ ‘ਤੇ ਹੀ ਸਾਨੂੰ ਚੱਲਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਿਨ੍ਹਾਂ ਹੋਰ ਕਿਸੇ ਕਵਿਤਾ ਨੂੰ
ਬਾਣੀ ਨਹੀਂ ਆਖਿਆ ਜਾ ਸਕਦਾ। ਸਵਾਲ ਪੈਦਾ ਹੁੰਦਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ
ਸਾਹਿਬ ਤਲਵੰਡੀ ਸਾਬੋ ਵਿਖੇ ਨਵੀਂ ਬੀੜ ਲਿਖਵਾਉਣ ਸਮੇਂ ਨੌਵੇਂ ਪਾਤਿਸ਼ਾਹ ਦੀ ਬਾਣੀ ਗੁਰੂ ਗ੍ਰੰਥ
ਸਾਹਿਬ ਵਿੱਚ ਦਰਜ਼ ਕੀਤੀ ਸੀ ਤਾਂ ਆਪਣੇ ਦੁਆਰਾ ਰਚਿਤ ਕਿਸੇ ਬਾਣੀ ਨੂੰ ਉਹਨਾਂ ਗੁਰੂ ਗ੍ਰੰਥ ਸਾਹਿਬ
ਵਿੱਚ ਕਿਉਂ ਨਾ ਦਰਜ਼ ਕੀਤਾ?
ਗੁਰਮਤਿ ਦੀ ਗੱਲ ਕਰਨ ਵਾਲਿਆਂ ਦੇ ਵਿਰੁੱਧ ਖਾਹ-ਮਖਾਹ ਰੌਲਾ ਪਾਉਣ ਵਾਲਿਆਂ
ਲੋਕਾਂ ਨੂੰ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਸਿੱਖ ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜਿਹਨਾਂ
ਦੇ ਹੱਲ ਨਾ ਹੋਣ ਕਰਕੇ ਹਰ ਗੁਰਸਿੱਖ ਭੰਬਲ-ਭੂਸੇ ਵਿੱਚ ਫਸਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ
ਦੇ ਨਾਮ ਨਾਲੋਂ ਦਸਮ ਗ੍ਰੰਥ ਜਿਹੀ ਅਸ਼ਲੀਲ ਪੁਸਤਕ ਨੂੰ ਹਟਾ ਦੇਣ ਦੇ ਉਪਰਾਲੇ ਕਰਨੇ ਚਾਹੀਦੇ ਹਨ।
ਰਾਗਮਾਲਾ ਜੋ ਬਾਣੀ ਨਹੀਂ ਹੈ, ਦਾ ਮਸਲਾ ਹੱਲ ਕਰਨਾ ਚਾਹੀਦਾ ਹੈ। ਨਿੱਤਨੇਮ ਦੀਆਂ ਬਾਣੀਆਂ ਗੁਰੂ
ਗ੍ਰੰਥ ਸਾਹਿਬ ਜੀ ਵਿਚੋਂ ਕਿਉਂ ਨਹੀਂ ਹਨ? ਸਿੱਖੀ ਨੂੰ ਢਾਅ ਲਾ ਰਹੇ ਚਿੱਟੇ ਚੋਲੇ, ਗੋਲ ਪੱਗਾਂ
ਅਤੇ ਚਿੱਟੀ ਸਿਊਂਕ ਨੂੰ ਖ਼ਤਮ ਕਰਕੇ ਆਪਣੇ ਸਿੱਖ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ। ਕਥਾ ਵਾਚਕਾਂ,
ਰਾਗੀ ਸਿੰਘਾਂ ਅਤੇ ਢਾਡੀਆਂ ਦੁਆਰਾ ਪ੍ਰਚਲਤ ਕੀਤੀਆਂ ਮਨਘੜ੍ਹਤ ਸਾਖੀਆਂ ਨੂੰ ਖ਼ਤਮ ਕਰਨ ਲਈ ਯਤਨ
ਕਰਨੇ ਚਾਹੀਦੇ ਹਨ। ਨਗਰ ਕੀਰਤਨਾਂ ਅਤੇ ਰੰਗ-ਬਰੰਗੇ ਲੰਗਰਾਂ ‘ਤੇ ਖਰਚ ਕੀਤਾ ਜਾ ਰਿਹਾ ਪੈਸਾ ਬਚਾਅ
ਕੇ ਕੌਮ ਦੀ ਭਲਾਈ ਲਈ ਖਰਚਣ ਲਈ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ। ਸਭ ਗੁਰੁਦਆਰਿਆਂ ਵਿੱਚ ਮਨਮਤਿ
ਦਾ ਬੋਲ ਬਾਲਾ ਹੈ ਇਸ ਕਰਕੇ ਮਨਮਤਿ ਨੂੰ ਦੂਰ ਕਰਕੇ ਗੁਰਮਤਿ ਲਾਗੂ ਕਰਨ ਵਿੱਚ ਯੋਗਦਾਨ ਪਾਉਣਾ
ਚਾਹੀਦਾ ਹੈ। ਸਿੱਖ ਧਰਮ ਅਤੇ ਗੁਰਮਤਿ ਲਈ ਕੁੱਝ ਚੰਗਾ ਕਰਨ ਵਾਲਿਆਂ ਦੀਆਂ ਲੱਤਾਂ ਨਹੀਂ ਖਿੱਚਣੀਆਂ
ਚਾਹੀਦੀਆਂ। ਗੁਰਮਤਿ ਅਨੁਸਾਰ ਲਿਖਣ ਵਾਲੇ ਲੇਖਕਾਂ ਅਤੇ ਵਿਦਵਾਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ।
ਸਿੱਖ ਮਾਰਗ ਅਤੇ ਰੋਜ਼ਾਨਾ ਸਪੋਕਸਮੈਨ ਨੂੰ ਨਿਸ਼ਾਨਾ ਬਨਾਉਣ ਵਾਲਿਆਂ ਨੂੰ ਇਹ ਵੀ ਸਮਝਣਾ ਚਾਹੀਦਾ
ਹੈ ਕਿ ਇਹਨਾਂ ਦੋਹਾਂ ਵਲੋਂ ਕੀਤੇ ਜਾ ਰਹੇ ਗੁਰਮਤਿ ਕਾਰਜਾਂ ਦਾ ਕੋਈ ਸਾਨੀ ਨਹੀਂ ਹੈ। ਇਹਨਾਂ ਨੇ
ਹਰ ਵਹਿਮ, ਭਰਮ ਅਤੇ ਪਾਖੰਡ ਨੂੰ ਦੂਰ ਕਰਨ ਦਾ ਯਤਨ ਅਤੇ ਦਲੀਲ ਸਹਿਤ ਉਪਰਾਲਾ ਕੀਤਾ ਹੈ। ਜੋ
ਗੁਰਮਤਿ ਦਾ ਸਹੀ ਸਿਧਾਂਤ ਹੈ। ਸਾਨੂੰ ਸਭ ਨੂੰ ਮਨਮਤਿ ਤਿਆਗ ਕੇ ਗੁਰਮਤਿ ਦੇ ਅਨੁਸਾਰ ਆਪਣਾ
ਜੀਵਨ ਜਿਊਣਾ ਚਾਹੀਦਾ ਹੈ। ਗੁਰਬਾਣੀ ਦੀ ਕਸਵੱਟੀ ‘ਤੇ ਖਰਾ ਉਤਰਦਾ ਪ੍ਰਚਾਰ ਹੀ ਕਰਨਾ ਚਾਹੀਦਾ ਹੈ।
ਸਿੱਖੀ ਪਹਿਰਾਵੇ ਦੇ ਓਹਲੇ ਵਿੱਚ ਗੁਰਮਤਿ ਵਿਰੋਧੀ ਕਾਰਜ ਕਰਕੇ ਗੁਰਮਤਿ ਨੂੰ ਢਾਅ ਨਹੀਂ ਲਾਉਣੀ
ਚਾਹੀਦੀ।