ਸੈਭੰ
ਵੀਰ ਭੁਪਿੰਦਰ ਸਿੰਘ
ਰੱਬ ਜੀ ਦੇ ਇਸ ਗੁਣ ਬਾਰੇ ਅਸੀਂ ਸਮਝਦੇ ਹਾਂ ਕਿ ਰੱਬ ਜੀ ਆਪਣੇ ਆਪ ਤੋਂ ਆਪ
ਹੀ ਪ੍ਰਕਾਸ਼ ਮਾਨ ਹਨ ਭਾਵ ਆਪ ਹੀ ਬਣੇ ਹਨ। ਪਿੱਛੇ ਅਸੀਂ ਵਿਚਾਰਿਆ ਹੈ ਕਿ ਰੱਬ ਜੀ ਨੂੰ ਕਿਸੇ ਨੇ
ਪੈਦਾ ਨਹੀਂ ਕੀਤਾ, ਉਹ ਅਜੂਨੀ ਹਨ।
ਥਾਪਿਆ ਨ ਜਾਇ ਕੀਤਾ ਨ ਹੋਇ।। ਆਪੇ ਆਪਿ ਨਿਰੰਜਨੁ ਸੋਇ।। (ਗੁਰੂ ਗ੍ਰੰਥ
ਸਾਹਿਬ, ਪੰਨਾ : 2)
ਭਾਵ ਉਨ੍ਹਾਂ ਨੂੰ ਕੋਈ ਨਹੀਂ ਬਣਾ ਸਕਦਾ ਕਿਉਂਕਿ ਉਹ ਆਪਣੇ ਬਾਰੇ ਆਪ ਹੀ
ਜਾਣਦੇ ਹਨ। ਰੱਬ ਜੀ ਨੂੰ ਪੈਦਾ ਕਰਨ ਵਾਲਾ ਕੋਈ ਮਾਤਾ ਪਿਤਾ ਨਹੀਂ ਹੈ ਅਤੇ ਨਾ ਹੀ ਰੱਬ ਜੀ ਦਾ ਕੋਈ
ਗੁਰੂ ਹੈ। ‘‘ਸੈਭੰ’’ ਦੇ ਅਰਥ ਹਨ, ਸਵੈ-ਭੂ ਭਾਵ ਆਪਣੇ ਆਪ ਤੋਂ ਆਪ ਬਣਿਆ (ਪ੍ਰਕਾਸ਼ਮਾਨ)।
ਆਓ, ਹੁਣ ਅਸੀਂ ਵਿਚਾਰੀਏ ਕਿ ਰੱਬ ਜੀ ਦੇ ਇਸ ‘‘ਸੈਭੰ’’ ਵਾਲੇ ਗੁਣ ਤੋਂ
ਮਨੁੱਖ ਨੂੰ, ਉੱਚੀ ਆਤਮਕ ਅਵਸਥਾ ਉੱਤੇ ਅਪੜਨ ਲਈ ਕਿਵੇਂ ਸੇਧ ਮਿਲ ਸਕਦੀ ਹੈ।
ਸਾਡਾ ਸਰੀਰਕ ਜਨਮ ਤਾਂ ਮਾਤਾ-ਪਿਤਾ ਰਾਹੀਂ ਹੁੰਦਾ ਹੈ ਲੇਕਿਨ ਸਾਡੀ ਆਤਮਕ
ਉੱਚੀ ਅਵਸਥਾ ਵਾਲੀ ਬਿਰਤੀ (ਪਸ਼ੁਤਾ ਤੋਂ ਮਨੁੱਖਤਾ ਭਰਪੂਰ ਜੀਵਨੀ) ਦਾ ਜਨਮ, ਗਿਆਨ-ਗੁਰੂ, ਸਤਿਗੁਰ
ਰਾਹੀਂ ਹੁੰਦਾ ਹੈ।
ਮਾਤਾ ਪਿਤਾ ਰਾਹੀਂ ਜਨਮ - ਸਰੀਰਕ
ਗੁਰੂ ਗਿਆਨ ਰਾਹੀਂ ਜਨਮ - ਆਤਮਕ
ਸੋ ਸਰੀਰਕ ਜਨਮ ਤਾਂ ਸਾਨੂੰ ਕੁਦਰਤ ਦੇ ਨਿਯਮ ’ਚ ਮਾਤਾ-ਪਿਤਾ ਰਾਹੀਂ, ਬਿਨਾ
ਕਿਸੇ ਉੱਦਮ ਤੋਂ ਮਿਲ ਗਿਆ ਲੇਕਿਨ ਆਤਮਕ ਤੌਰ ’ਤੇ ਅਸੀਂ ਪਸ਼ੂ ਬਿਰਤੀ ਹੀ ਰਹਿੰਦੇ ਹਾਂ। ਇਹੋ ਜਿਹੇ
ਜੀਵਨ ਨੂੰ ਗੁਰਬਾਣੀ ਵਿਚ ਮ੍ਰਿਤਕ ਦੀ ਨਿਆਈ ਮੰਨਿਆ ਗਿਆ ਹੈ :
ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ।। (ਗੁਰੂ
ਗ੍ਰੰਥ ਸਾਹਿਬ, ਪੰਨਾ : 306)
ਭਾਵ ਸਤਿਗੁਰ ਤੋਂ ਬਿਨਾ ਜਿਊਣਾ, ਜੰਮਣ-ਮਰਣ ਦੇ ਤੁੱਲ ਹੈ।
ਨਾਮ ਬਿਨਾ ਜੇਤਾ ਬਿਉਹਾਰੁ।। ਜਿਉ ਮਿਰਤਕ ਮਿਥਿਆ ਸੀਗਾਰੁ।। (ਗੁਰੂ ਗ੍ਰੰਥ
ਸਾਹਿਬ, ਪੰਨਾ : 240)
ਭਾਵ ਗਿਆਨ-ਗੁਰੂ ਤੋਂ ਬਿਨਾ, ਜੋ ਕੁਝ ਵੀ ਅਸੀਂ ਕਰ ਰਹੇ ਹਾਂ, ਮ੍ਰਿਤਕ
(ਲਾਸ਼) ਨੂੰ ਸ਼ਿੰਗਾਰਨ ਦੀ ਨਿਆਈ ਹੀ ਹੈ। ਡੁੰਘਾਈ ’ਚ ਵਿਚਾਰ ਕੇ ਪਤਾ ਲੱਗਦਾ ਹੈ ਕਿ ਸਰੀਰਕ ਤੌਰ
’ਤੇ ਭਾਵੇਂ ਸਾਨੂੰ ਜਨਮ ਮਿਲ ਗਿਆ ਹੈ ਪਰ ਆਤਮਕ ਤੌਰ ’ਤੇ ਆਪਣੇ ਆਪ ਦਾ ਨਵਾਂ ਜਨਮ ਅਸੀਂ ਆਪ ਹੀ
ਕਰਨਾ ਹੈ। ਹੁਣ ਇਹ ਸੁਆਲ ਪੈਦਾ ਹੁੰਦਾ ਹੈ ਕਿ ਕਿਸ ਤਰ੍ਹਾਂ ਨਵਾਂ ਜਨਮ ‘ਆਤਮਕ ਤਲ’ ’ਤੇ ਲੈਣਾ ਹੈ।
ਰੱਬ ਜੀ ਆਪਣੇ ਆਪ ਤੋਂ ਪ੍ਰਕਾਸ਼ਮਾਨ ਹਨ। ਸਾਰੇ ਮਨੁੱਖਾਂ ’ਚ ਰੱਬ ਜੀ ਦੀ ਜੋਤ ਹੈ
‘‘ਸਭ ਮਹਿ ਜੋਤਿ ਜੋਤਿ ਹੈ ਸੋਇ।। ਤਿਸ
ਦੈ ਚਾਨਣਿ ਸਭ ਮਹਿ ਚਾਨਣੁ ਹੋਇ’’ (ਗੁਰੂ ਗ੍ਰੰਥ
ਸਾਹਿਬ, ਪੰਨਾ : 13) ਅਨੁਸਾਰ ਸਾਨੂੰ ਸਭ ਨੂੰ ਅੰਤਰ ਆਤਮੇ ਦੀ ਪਛਾਣ ਕਰ ਕੇ
‘‘ਮਨ ਤੂੰ ਜੋਤਿ ਸਰੂਪੁ ਹੈ’’
ਅਨੁਸਾਰ ਆਪਣਾ ਮੂਲ ਪਛਾਣਨਾ ਹੈ ਜਿਸ ਕਾਰਨ ਸਾਨੂੰ ਕਿਤੋਂ ਬਾਹਰੋਂ ਨਹੀਂ ਸਗੋਂ ਆਪਣੇ ਆਪ ਤੋਂ ਹੀ
ਪ੍ਰਕਾਸ਼ਮਾਨ ਹੋਣਾ ਹੈ।
ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਣ ਤੋਂ ਭਾਵ ਹੈ ਕਿ ਗਿਆਨ-ਗੁਰੂ ਅਨੁਸਾਰ ਜਿਊ
ਕੇ, ਆਪਣੇ ਆਪ ਨੂੰ ਸੰਤੋਖੀ, ਦਇਆ ਭਰਪੂਰ, ਅਣਖ ਭਰਪੂਰ, ਨਿਮਰਤਾ ਦੇ ਸੁਭਾਉ ਵਾਲੀ ਸ਼ਖ਼ਸੀਅਤ ਬਣਾਉਣਾ
ਹੈ। ਪਰ ਕਈ ਵਾਰੀ ਆਪਣੇ ਮਨ ਦੇ ਪਿੱਛੇ ਲੱਗਣ ਕਾਰਨ, ਅਸੀਂ ਆਪਣੇ ਆਪ ਨੂੰ ਨਹੀਂ ਘੜ ਪਾਉਂਦੇ ਅਤੇ
ਪਸ਼ੂ ਹੀ ਰਹਿ ਜਾਂਦੇ ਹਾਂ। ਪਰ ਜਿਉਂ-ਜਿਉਂ ਆਪਣੇ ਅਵਗੁਣਾਂ ਨੂੰ ਛੱਡ ਕੇ, ਗੁਣਾਂ ਨੂੰ ਵਧਾਉਂਦੇ
ਹੋਏ ਮਨੁੱਖਤਾ ਭਰਪੂਰ ਗੁਣਾਂ ਦੀਆਂ ਉਚਿਆਈਆਂ ਨੂੰ ਛੂੰਹਦੇ ਹਾਂ ਤਾਂ ਪੂਰਨ ਮਨੁੱਖ ਦੀ ਅਵਸਥਾ ਵਲ
ਵੱਧਦੇ ਜਾਂਦੇ ਹਾਂ।
ਬੇਨਤੀ : ਗੁਰਬਾਣੀ ਦੇ ਅਰਥਾਂ ਨੂੰ ਅਸੀਂ ਕਿਤੇ ਵੀ ਬਦਲਣ ਦੀ ਕੋਸ਼ਿਸ਼
ਨਹੀਂ ਕਰ ਰਹੇ ਹਾਂ ਪਰ ਭਾਵ-ਅਰਥਾਂ ਨੂੰ ਸਮਝਣ ਦਾ ਜਤਨ ਕਰਦੇ ਰਹਿਣਾ, ਸਾਡਾ ਸਭ ਦਾ ਫ਼ਰਜ਼ ਹੈ।
ਜਿਵੇਂ ਕਿ ਪਿਛਲੀ ਸਦੀ ’ਚ ਅੰਧ-ਵਿਸ਼ਵਾਸਾਂ ਅਤੇ ਸੁਣੀ-ਸੁਣਾਈ ਦੇ ਆਧਾਰ ’ਤੇ ਕੀਤੇ ਗਏ ਅਰਥਾਂ ਨੂੰ
ਛੱਡ ਕੇ, ਪ੍ਰੋ. ਸਾਹਿਬ ਸਿੰਘ ਜੀ ਨੇ ਖੋਜ ਕੀਤੀ ਅਤੇ ਗੁਰਮਤ ਦੇ ਕੀਮਤੀ ਸੁਨੇਹੇ (ਗੁਰੂ ਗ੍ਰੰਥ
ਸਾਹਿਬ ਦਰਪਣ, 10-ਭਾਗ) ਮਨੁੱਖਤਾ ਅੱਗੇ ਪੇਸ਼ ਕੀਤੇ। ਪ੍ਰੋ. ਸਾਹਿਬ ਸਿੰਘ ਜੀ ਦੀ ਖੋਜ ਭਰਪੂਰ
ਲੇਖਨੀ ਨੇ ਕਾਫ਼ੀ ਹੱਦ ਤੱਕ, ਗੁਰਮਤ ਦੇ ਕੀਮਤੀ ਸੁਨੇਹੇ, ਗੁਰਬਾਣੀ ਵਿਆਕਰਣ ਦੇ ਨਾਲ ਮਨੁੱਖਾਂ
ਅੱਗੇ ਪੇਸ਼ ਕੀਤੇ। ਉਨ੍ਹਾਂ ਦੀ ਖੋਜ ਤੋਂ ਗੁਰਬਾਣੀ ਸਨੇਹੀਆਂ ਨੂੰ ਬਹੁਤ ਲਾਹੇਵੰਦ ਵਿਚਾਰਾਂ ਮਿਲੀਆਂ
ਹਨ। ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਖੋਜ-ਵਿਚਾਰਾਂ ਦਾ ਚਸ਼ਮਾ ਆਪ ਵੀ ਪੁੱਟੀਏ, ਤਾ ਕਿ ਸਾਡੀ
ਬਿਬੇਕ-ਬੁੱਧੀ ਅਤੇ ਗੁਰਬਾਣੀ ਵੱਲ ਰੁਚੀ ਦਾ ਵਾਧਾ ਹੋਵੇ, ਇਸ ਕਰ ਕੇ ਸਾਨੂੰ ਨਿਰਪੱਖ ਹੋ ਕੇ,
ਵਿਚਾਰ ਕਰਨਾ ਲਾਜ਼ਮੀ ਹੈ।
ਆਓ, ਵਿਚਾਰ ਕੇ ਵੇਖੀਏ ਕਿ ਇਸ ਗੁਣ ਅਨੁਸਾਰ ਮਨੁੱਖ ਆਪਣੇ ਆਪ ਤੋਂ
ਪ੍ਰਕਾਸ਼ਮਾਨ ਹੋ ਕੇ ਸਾਰੀ ਸ੍ਰਿਸ਼ਟੀ ਨਾਲ ਬਿਨਾ ਵਿਤਕਰੇ ਤੋਂ ਇਕ ਰੱਸ ਹੋ ਕੇ ਕਿਵੇਂ ਜਿਊ ਸਕਦਾ ਹੈ।
‘ਸੈਭੰ’ ਸ਼ਬਦ ਦੋ ਅੱਖਰਾਂ ਦੇ ਸੁਮੇਲ ਤੋਂ ਬਣਿਆ ਹੈ। ‘ਸੈ’ ਭਾਵ ‘ਆਪਣੇ ਆਪ
ਨੂੰ (ਸਵੈ)’ ਅਤੇ ‘ਭੰ’ ਭਾਵ, ‘ਨਿੱਕਾ-ਨਿੱਕਾ ਤੋੜ ਕੇ’। ਸੋ ਇਸ ਅਨੁਸਾਰ ਅਰਥ ਬਣਦੇ ਹਨ ਕਿ ਰੱਬ
ਜੀ ਨੇ ਆਪਣੇ ਆਪ ਨੂੰ ਜ਼ੱਰੇ-ਜ਼ੱਰੇ ’ਚ, ਸਾਰੇ ਬ੍ਰਹਿਮੰਡ ’ਚ, ਸਭ ਜਗ੍ਹਾ, ਬਿਰਾਜਮਾਨ ਕਰ ਦਿੱਤਾ
ਹੈ। ‘ਸੈਭੰ’ ਦੇ ਅਰਥ ਇਸ ਪੱਖੋਂ ਸਮਝਣੇ ਸਾਡੇ ਲਈ ਹੋਰ ਲਾਹੇਵੰਦ ਹੋ ਸਕਦੇ ਹਨ। ‘ਆਸਾ ਕੀ ਵਾਰ’ ਦੀ
ਪਹਿਲੀ ਪਉੜੀ ’ਚ, ਗੁਰੂ ਨਾਨਕ ਪਾਤਸ਼ਾਹ ਉਚਾਰਦੇ ਹਨ ਕਿ :
ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ।। ਦੁਯੀ ਕੁਦਰਤਿ ਸਾਜੀਐ ਕਰਿ ਆਸਣੁ
ਡਿਠੋ ਚਾਉ।।
(ਗੁਰੂ ਗ੍ਰੰਥ ਸਾਹਿਬ, ਪੰਨਾ : 463)
ਇਥੋਂ ਇਕ ਨੁਕਤਾ ਇਹ ਸਮਝ ਪੈਂਦਾ ਹੈ ਕਿ ਰੱਬ ਜੀ ਨੇ ਆਪਣੇ ਆਪ ਨੂੰ ਸਾਜ
ਕੇ, ਇਸ ਕੁਦਰਤ (ਬ੍ਰਹਿਮੰਡ) ਦੇ ਜ਼ਰੇ-ਜ਼ਰੇ ਵਿਚ ਬਿਰਾਜਮਾਨ ਕਰ ਦਿੱਤਾ ਹੈ, ਭਾਵ ਹਰ ਜਗ੍ਹਾ ਮੌਜੂਦ
ਹਾਜ਼ਰ-ਨਾਜ਼ਰ ਕਰ ਦਿੱਤਾ ਹੈ। ਜਿਸਦਾ ਸਦਕਾ
ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ।।
(ਗੁਰੂ ਗ੍ਰੰਥ ਸਾਹਿਬ, ਪੰਨਾ : 728) ਭਾਵ ਰੱਬ
ਜੀ ਦਾ ਹੁਕਮ (ਨਿਯਮ) ਸਭ ਜਗ੍ਹਾ ਚਲ ਰਿਹਾ ਹੈ।
ਜਿਵੇਂ ਰੱਬ ਜੀ ਨੇ, ਆਪਣੇ ਆਪ ਨੂੰ ਸਭ ਜਗ੍ਹਾ ਮੌਜੂਦ ਕਰ ਦਿੱਤਾ ਹੈ, ਉਵੇਂ
ਹੀ ਅਸੀਂ ਸਭ ਦੇ ਦਿਲਾਂ ਦਾ ਪਿਆਰ ਲੈਣ ਲਈ, ਸਭ ਦੇ ਨਾਲ ਪਿਆਰ ਵਾਲਾ ਮਿਠਬੋਲੜਾ ਵਤੀਰਾ ਕਰ ਸਕਦੇ
ਹਾਂ। ਜਦੋਂ ਅਸੀਂ ਦੂਜਿਆਂ ਲਈ ਜਿਊਣਾ ਸਿੱਖਦੇ ਜਾਂਦੇ ਹਾਂ, ਤਦੋਂ ਹੀ ਅਸੀਂ ਸੰਤੋਖੀ ਹੁੰਦੇ ਜਾਂਦੇ
ਹਾਂ ਅਤੇ ਦਇਆ ਭਰਪੂਰ ਸ਼ਖ਼ਸੀਅਤ ਬਣਦੇ ਜਾਂਦੇ ਹਾਂ। ਲੇਕਿਨ ਦੂਜਿਆਂ ਵਾਸਤੇ ਜਿਊਣ ਲਈ ਸਾਨੂੰ ਆਪਣੇ
ਨਿੱਜੀ ਲਾਭ, ਨਿੱਜੀ ਸੁੱਖ, ਅਰਾਮ ਅਤੇ ਨੀਂਦਰ ਦੀ ਕੁਰਬਾਨੀ ਕਰਨੀ ਪੈਂਦੀ ਹੈ ਇਸੇ ਨੂੰ ‘ਦੁੱਖ
ਦਾਰੂ’ ਕਹਿੰਦੇ ਹਨ। ਸਿੱਟੇ ਵਜੋਂ ਰੱਬੀ ਗੁਣ ਧਾਰਨ ਕਰਨ ਕਾਰਨ ਅਸੀਂ ਸਭ ਦੇ ਮਨਾਂ ’ਚ ਪਿਆਰ ਭਰੀ
ਸ਼ਖ਼ਸੀਅਤ ਬਣ ਕੇ, ਵੰਡੇ ਜਾਂਦੇ ਹਾਂ।
ਇਕ ਐਸਾ ਆਭਾ ਮੰਡਲ ਸਾਡੇ ਚਾਰੇ ਪਾਸੇ ਪਸਰ ਜਾਂਦਾ ਹੈ ਕਿ ਸਾਡੇ ਤੋਂ ਸਭ
ਨੂੰ ਡੁੱਲ੍ਹ-ਡੁੱਲ੍ਹ ਪਿਆਰ ਹੀ ਪਿਆਰ ਮਿਲਦਾ ਹੈ। ਜਿਸ ਕਾਰਨ ਸਾਡੇ ਵਲੋਂ ਇਸ ਸਾਰੀ ਕਾਇਨਾਤ ਵਿਚ
ਪਿਆਰ ਹੀ ਪਿਆਰ ਵੰਡਿਆ ਜਾਂਦਾ ਹੈ। ਅਸੀਂ ਹਮੇਸ਼ਾ ਲਈ,
‘ਭਾਖਿਆ ਭਾਉ ਅਪਾਰੁ’
ਵਾਲੀ ਬੋਲੀ ਦੀ ਆਦਤ ਦੇ ਧਾਰਨੀ ਹੋ ਜਾਂਦੇ ਹਾਂ। ਸਾਡੇ ਜੀਵਨ ’ਚੋਂ ਕੌੜੇ ਬੋਲ, ਗਾਲ੍ਹਾਂ,
ਵਰ-ਸਰਾਪ ਅਤੇ ਸੁਫ਼ਨੇ ’ਚ ਵੀ ਕਿਸੇ ਦਾ ਵਿਗਾੜ ਨਹੀਂ ਹੁੰਦਾ। ਅਸੀਂ ਲੋਕਾਂ ਦੇ ਰਸਤੇ ’ਚ ਕੰਡੇ
ਨਹੀਂ ਖਿਲਾਰਦੇ ਬਲਕਿ ਫੁੱਲ ਖਿੜਾਉਣੇ ਸ਼ੁਰੂ ਕਰ ਦਿੰਦੇ ਹਾਂ। ਗਰੀਬਾਂ, ਲੋੜਵੰਦਾਂ ਅਤੇ (ਅਖੌਤੀ)
ਨੀਵਿਆਂ ਨਾਲ, ਆਪਣਾ ਸਭ ਕੁਝ ਵੰਡ ਛੱਕਣ ਲੱਗ ਪੈਂਦੇ ਹਾਂ। ਕੇਵਲ ਦਸਵੰਧ ਹੀ ਨਹੀਂ, ਆਪਣਾ ਸਭ ਕੁਝ
(ਤਨ, ਮਨ, ਧਨ) ਹੀ ਲੋਕਾਈ ਲਈ ਕੁਰਬਾਨ ਕਰਨ ਲਈ ਪਰਉਪਕਾਰੀ ਤਪਸ਼ (ਮਿੱਠੇ ਨਿੱਘ) ’ਚ ਜਿਊਂਦੇ ਹਾਂ।
ਐਪਰ ! ਇਸ ਅਵਸਥਾ ਤੱਕ ਅਪੜਨ ਲਈ, ਸਾਨੂੰ ਆਪਣੇ ਆਪ ਨੂੰ ਨਿਮਰਤਾ ਭਰਪੂਰ ਬਣ ਕੇ ਕੁਰਬਾਨ ਕਰਨਾ
ਪੈਂਦਾ ਹੈ ਤਾਂ ਹੀ ਅਸੀਂ ਰੱਬ ਜੀ ਦੇ ‘ਸੈਭੰ’ ਰੂਪੀ ਗੁਣ ਨੂੰ ਜਿਊ ਸਕਦੇ ਹਾਂ।
ਸੋ ਅਸੀਂ ਆਪਣੇ ਆਪ ਨੂੰ ਘੜਨਾ ਹੈ ਅਤੇ ਦੂਜਿਆਂ ਲਈ ਜਿਊਣਾ ਭਾਵ ਕੁਰਬਾਨ
ਹੋਣ ਦੀ ਅਵਸਥਾ ਦੇ ਧਾਰਨੀ ਹੋਣਾ ਹੈ :
ਵਿਚਿ ਦੁਨੀਆ ਸੇਵ ਕਮਾਈਐ।। ਤਾ ਦਰਗਹ ਬੈਸਣੁ ਪਾਈਐ।। (ਗੁਰੂ ਗ੍ਰੰਥ
ਸਾਹਿਬ, ਪੰਨਾ : 26)