.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਜੀਵਨ ਵਿੱਚ ਅੰਮ੍ਰਿਤ ਵੇਲਾ

ਸਿਆਣੇ ਕਹਿੰਦੇ ਹਨ ਕਿ ਤਲਵਾਰ ਦਾ ਫੱਟ ਤਾਂ ਸਮਾਂ ਪਾ ਕੇ ਮਿਟ ਜਾਂਦਾ ਹੈ ਪਰ ਜ਼ਬਾਨ ਦੇ ਕੌੜੇ ਬੋਲ ਮਨੁੱਖ ਨੂੰ ਪੀੜ੍ਹੀਆਂ ਤੀਕ ਯਾਦ ਰਹਿੰਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਜਪੁ ਬਾਣੀ ਵਿੱਚ ਰੱਬੀ ਬੋਲੀ ਸਬੰਧੀ ਬੜਾ ਪਿਆਰਾ ਖਿਆਲ ਦਿੱਤਾ ਹੈ ਕਿ ਰੱਬ ਜੀ ਦੀ ਬੋਲੀ ਪਿਆਰ ਦੀ ਹੈ ਤੇ ਇਸ ਪਿਆਰ ਨੂੰ ਆਪਣੇ ਜੀਵਨ ਵਿੱਚ ਢਾਲਣਾ ਹੈ ਤਾਂ ਕਿ ਜ਼ਿੰਦਗੀ ਅੰਮ੍ਰਿਤ ਵੇਲਾ ਬਣ ਸਕੇ। ਇਸ ਵਿਚਾਰ ਨੂੰ ਸਮਝਣ ਲਈ ਹੇਠ ਲਿਖੀ ਪਉੜੀ ਨੂੰ ਸਮੁੱਚੇ ਤੌਰ `ਤੇ ਸਮਝਣ ਦਾ ਯਤਨ ਕੀਤਾ ਜਾਏਗਾ----
ਸਾਚਾ ਸਾਹਿਬੁ, ਸਾਚੁ ਨਾਇ, ਭਾਖਿਆ ਭਾਉ ਅਪਾਰੁ॥ ਆਖਹਿ ਮੰਗਹਿ ਦੇਹਿ ਦੇਹਿ, ਦਾਤਿ ਕਰੇ ਦਾਤਾਰੁ॥ ਫੇਰਿ ਕਿ ਅਗੈ ਰਖੀਐ, ਜਿਤੁ ਦਿਸੈ ਦਰਬਾਰੁ॥ ਮੁਹੌ ਕਿ ਬੋਲਣੁ ਬੋਲੀਐ, ਜਿਤੁ ਸੁਣਿ ਧਰੇ ਪਿਆਰੁ॥ ਅੰਮ੍ਰਿਤ ਵੇਲਾ ਸਚੁ ਨਾਉ, ਵਡਿਆਈ ਵੀਚਾਰੁ॥ ਕਰਮੀ ਆਵੈ ਕਪੜਾ, ਨਦਰੀ ਮੋਖੁ ਦੁਆਰੁ॥ ਨਾਨਕ, ਏਵੈ ਜਾਣੀਐ, ਸਭੁ ਆਪੇ ਸਚਿਆਰੁ॥ ੪॥
ਪਉੜੀ ਦੇ ਅੱਖਰੀਂ ਅਰਥ--- ਅਕਾਲ ਪੁਰਖ ਸਦਾ-ਥਿਰ ਰਹਿਣ ਵਾਲਾ ਹੀ ਹੈ, ਉਸ ਦਾ ਨੀਯਮ ਭੀ ਸਦਾ ਅਟੱਲ ਹੈ। ਉਸ ਦੀ ਬੋਲੀ ਪ੍ਰੇਮ ਹੈ ਅਤੇ ਉਹ ਆਪ ਅਕਾਲ ਪੁਰਖ ਬੇਅੰਤ ਹੈ। ਅਸੀ ਜੀਵ ਉਸ ਪਾਸੋਂ ਦਾਤਾਂ ਮੰਗਦੇ ਹਾਂ ਤੇ ਆਖਦੇ ਹਾਂ, ‘(ਹੇ ਹਰੀ! ਸਾਨੂੰ ਦਾਤਾਂ) ਦੇਹ’। ਉਹ ਦਾਤਾਰ ਬਖ਼ਸ਼ਸ਼ਾਂ ਕਰਦਾ ਹੈ। (ਜੇ ਸਾਰੀਆਂ ਦਾਤਾਂ ਉਹ ਆਪ ਹੀ ਬਖਸ਼ ਰਿਹਾ ਹੈ ਤਾਂ) ਫਿਰ ਅਸੀ ਕਿਹੜੀ ਭੇਟਾ ਉਸ ਅਕਾਲ ਪੁਰਖ ਦੇ ਅੱਗੇ ਰੱਖੀਏ, ਜਿਸ ਦੇ ਸਦਕੇ ਸਾਨੂੰ ਉਸ ਦਾ ਦਰਬਾਰ ਦਿੱਸ ਪਏ? ਅਸੀ ਮੂੰਹੋਂ ਕਿਹੜਾ ਬਚਨ ਬੋਲੀਏ (ਭਾਵ, ਕਿਹੋ ਜਿਹੀ ਅਰਦਾਸ ਕਰੀਏ) ਜਿਸ ਨੂੰ ਸੁਣ ਕੇ ਉਹ ਹਰੀ (ਸਾਨੂੰ) ਪਿਆਰ ਕਰੇ। ਪੂਰਨ ਖਿੜਾਉ ਦਾ ਸਮਾਂ ਹੋਵੇ (ਭਾਵ, ਪ੍ਰਭਾਤ ਵੇਲਾ ਹੋਵੇ), ਨਾਮ (ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ। (ਇਸ ਤਰ੍ਹਾਂ) ਪ੍ਰਭੂ ਦੀ ਮਿਹਰ ਨਾਲ ‘ਸਿਫਤਿ’ -ਰੂਪ ਪਟੋਲਾ ਮਿਲਦਾ ਹੈ, ਉਸ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ‘ਕੂੜ ਦੀ ਪਾਲਿ’ ਤੋਂ ਖ਼ਲਾਸੀ ਹੁੰਦੀ ਹੈ ਤੇ ਰੱਬ ਦਾ ਦਰ ਪ੍ਰਾਪਤ ਹੋ ਜਾਂਦਾ ਹੈ। ਹੇ ਨਾਨਕ! ਇਸ ਤਰ੍ਹਾਂ ਇਹ ਸਮਝ ਆ ਜਾਂਦੀ ਹੈ ਕਿ ਉਹ ਹੋਂਦ ਦਾ ਮਾਲਕ ਅਕਾਲ ਪੁਰਖ ਸਭ ਥਾਈਂ ਭਰਪੂਰ ਹੈ।
ਭਾਵ:- ਦਾਨ ਪੁੰਨ ਕਰਨ ਜਾਂ ਕੋਈ ਮਾਇਕ ਭੇਟਾ ਪੇਸ਼ ਕਰਨ ਨਾਲ ਜੀਵ ਦੀ ਪ੍ਰਭੂ ਨਾਲੋਂ ਵਿੱਥ ਮਿਟ ਨਹੀਂ ਸਕਦੀ; ਕਿਉਂਕਿ ਇਹ ਦਾਤਾਂ ਤਾਂ ਸਭ ਉਸ ਪ੍ਰਭੂ ਦੀਆਂ ਹੀ ਦਿੱਤੀਆਂ ਹੋਈਆਂ ਹਨ। ਉਸ ਪ੍ਰਭੂ ਨਾਲ ਗੱਲਾਂ ਉਸ ਦੀ ਆਪਣੀ ਬੋਲੀ ਵਿੱਚ ਹੀ ਹੋ ਸਕਦੀਆਂ ਹਨ, ਤੇ ਉਹ ਬੋਲੀ ਹੈ ‘ਪ੍ਰੇਮ’। ਜੋ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਉਸ ਦੀ ਯਾਦ ਵਿੱਚ ਜੁੜਦਾ ਹੈ, ਉਸ ਨੂੰ ‘ਪ੍ਰੇਮ ਪਟੋਲਾ’ ਮਿਲਦਾ ਹੈ, ਜਿਸ ਦੀ ਬਰਕਤਿ ਨਾਲ ਉਸ ਨੂੰ ਹਰ ਥਾਂ ਪਰਮਾਤਮਾ ਹੀ ਦਿੱਸਣ ਲਗ ਪੈਂਦਾ ਹੈ।
ਉਪਰੋਕਤ ਪਉੜੀ ਦੇ ਅੱਖਰੀਂ ਅਰਥ ਅਤੇ ਭਾਵ ਜੋ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੇ ਹਨ ਉਹ ਹੂ-ਬ-ਹੂ ਅੰਕਤ ਕੀਤੇ ਹਨ।
ਇਸ ਪਉੜੀ ਦੀ ਹੋਰ ਵਿਚਾਰ---ਜਿਸ ਤਰ੍ਹਾਂ ਪਉੜੀ ਇਕਸਾਰ ਚੱਲ ਰਹੀ ਹੈ ਕਿ ਅਕਾਲ ਪੁਰਖ ਦਾ ਨਿਯਮ ਸਦਾ ਅਟੱਲ ਹੈ ਏਸੇ ਤਰ੍ਹਾਂ ਉਹ ਸਦਾ ਰਹਿਣ ਵਾਲਾ ਹੈ ਪਰ ਉਸ ਦੀ ਬੋਲੀ ਪਿਆਰ ਦੀ ਹੈ। ਇੱਕ ਬੜਾ ਅਹਿਮ ਸਵਾਲ ਹੈ ਕਿ ਜੇ ਰੱਬ ਜੀ ਦਾ ਕੋਈ ਰੂਪ ਰੰਗ ਨਹੀਂ ਹੈ ਤਾਂ ਉਸ ਨਾਲ ਪਿਆਰ ਕਿਸ ਤਰ੍ਹਾਂ ਕੀਤਾ ਜਾਏ? ਇਸ ਦਾ ਇਕੋ ਇੱਕ ਉੱਤਰ ਹੈ ਕਿ ਰੱਬ ਜੀ ਰੱਬੀ ਨਿਯਮਾਵਲੀ ਅਨੁਸਾਰ ਜੋ ਦੁਨੀਆਂ ਪੈਦਾ ਕੀਤੀ ਹੋਈ ਹੈ ਇਸ ਨਾਲ ਪਿਆਰ ਕੀਤਾ ਜਾਏ। ਭਾਵ ਮਨੁੱਖਤਾ ਨਾਲ ਪਿਆਰ ਕੀਤਾ ਜਾਏ। ਭਾਈਚਾਰਕ ਸਾਂਝ ਨੂੰ ਕਾਇਮ ਕੀਤਾ ਜਾਏ। ਇਹ ਹੀ ਰੱਬ ਦੀ ਬੰਦਗੀ ਹੈ।
ਅਸੀਂ ਰੱਬ ਜੀ ਤੋਂ ਦਾਤਾਂ ਮੰਗਦੇ ਹਾਂ ਤੇ ਰੱਬ ਜੀ ਸਾਨੂੰ ਦਾਤਾਂ ਦੇਂਦੇ ਹਨ ਇਸ ਲਈ ਉਹ ਦਾਤਾਰ ਹਨ। ਸਵਾਲ ਪੈਦਾ ਹੁੰਦਾ ਕਿ ਕੇਵਲ ਮੰਗਣ ਨਾਲ ਜੇ ਦਾਤਾਂ ਮਿਲ ਜਾਂਦੀਆਂ ਹਨ ਤਾਂ ਫਿਰ ਅੱਠ ਘੰਟੇ ਕਿਰਤ ਕਰਨ ਦੀ ਕੀ ਲੋੜ ਹੈ? ਫਿਰ ਇਸ ਦਾ ਭਾਵ ਅਰਥ ਹੀ ਲਿਆ ਜਾਏਗਾ ਕਿ ਅਸਾਂ ਰੱਬ ਜੀ ਪਾਸੋਂ ਸ਼ੁਭ ਗੁਣਾਂ ਦੀਆਂ ਦਾਤਾਂ ਮੰਗਣੀਆਂ ਹਨ ਤੇ ਗੁਣਾਂ ਨਾਲ ਉਸ ਦੇ ਭੰਡਾਰ ਭਰੇ ਹਨ। ਸ਼ੁਭ ਗੁਣਾਂ ਦੀ ਦਾਤ ਮੰਗਣ ਦਾ ਅਰਥ ਹੈ ਕਿ ਰੱਬੀ ਗੁਣਾਂ ਦਾ ਧਾਰਨੀ ਹੋਣਾ ਹੈ। ਰੱਬੀ ਗੁਣਾਂ ਵਿੱਚ ਇੱਕ ਗੁਣ ਪਿਆਰ ਦਾ ਹੈ। ਫਿਰ ਇਸ ਦਾ ਅਰਥ ਹੋਇਆ ਕਿ ਪਿਆਰ ਦੀ ਦਾਤ ਜਿੱਥੇ ਮੰਗਣੀ ਹੈ ਓੱਥੇ ਉਸ ਨੂੰ ਜੀਵਨ ਵਿੱਚ ਧਾਰਨ ਵੀ ਕਰਨਾ ਹੈ—
ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ॥
ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ॥ ੨॥
ਸੋਰਠਿ ਮਹਲਾ ੧ ਪੰਨਾ ੫੯੯
ਰੱਬ ਜੀ ਦੇ ਅੱਗੇ ਭੇਟਾ ਕੀ ਰੱਖਣੀ ਹੈ? ਇਸ ਦਾ ਉੱਤਰ ਹੈ ਕਿ ਅਸਾਂ ਆਪਣੀ ਮਤ ਗੁਰੂ ਦੇ ਚਰਨਾਂ ਵਿੱਚ ਰੱਖਣੀ ਹੈ, ਔਗੁਣਾਂ ਵਾਲਾ ਸੁਭਾਅ ਤਿਆਗ ਦੇਣਾ ਹੈ ਤੇ ਗੁਣਾਂ ਵਾਲਾ ਸੁਭਾਅ ਬਣਾਉਣਾ ਹੈ, ਤਾਂ ਕਿ ਖਲਕਤ ਵਿਚੋਂ ਰੱਬ ਜੀ ਦਾ ਘਰ ਦੇਖਿਆ ਜਾ ਸਕੇ। ਮੂੰਹ ਦੇ ਬੋਲ ਇਸ ਤਰ੍ਹਾਂ ਬੋਲੀਏ ਕਿ ਸਾਡੇ ਨਾਲ ਸਾਰੇ ਪਿਆਰ ਕਰਨ ਲੱਗ ਜਾਣ, ਨਫ਼ਰਤ ਦੀਆਂ ਦੀਵਰਾਂ ਢਹਿ ਢੇਰੀ ਹੋ ਜਾਣ। ਮੂੰਹ ਦੇ ਬੋਲ ਤਾਂ ਹੀ ਸਹੀ ਬੋਲ ਸਕਾਂਗੇ ਜੇ ਸਾਡੇ ਮਨ ਵਿੱਚ ਰੱਬ ਜੀ ਦਾ ਪਿਆਰ ਹੋਏਗਾ। ਇਹ ਨਹੀਂ ਕਿ ਸਾਡੇ ਮਨ ਵਿੱਚ ਕੁੱਝ ਹੋਰ ਹੋਵੇ ਤੇ ਜ਼ਬਾਨ `ਤੇ ਕੁੱਝ ਹੋਰ ਹੋਵੇ ਉਸ ਨੂੰ ਗੁਰਬਾਣੀ ਪ੍ਰਵਾਨ ਨਹੀਂ ਕਰਦੀ।
ਮਨੁੱਖ ਦੇ ਅੰਦਰਲੇ ਸੁਭਾਅ ਵਿੱਚ ਸੱਚ ਹੋਵੇ ਤੇ ਮੂੰਹ ਤੋਂ ਜਿਹੜੇ ਬੋਲ ਬੋਲਦਾ ਹੈ ਉਹ ਵੀ ਸੱਚ ਹੋਣ ਤਾਂ ਉਸ ਦਾ ਆਤਮਕ ਜੀਵਨ ਘੜਿਆ ਜਾਂਦਾ ਹੈ। ਇਸ ਆਤਮਕ ਜੀਵਨ ਦੀ ਉਚਾਈ ਨੂੰ ਅੰਮ੍ਰਿਤ ਵੇਲਾ ਕਿਹਾ ਗਿਆ ਹੈ। ਅੰਮ੍ਰਿਤ ਵੇਲਾ ਦਾ ਅਰਥ ਹੈ ਆਤਮਕ ਜੀਵਨ ਵਾਲਾ ਇਸ ਅਵਸਥਾ ਵਿੱਚ ਕੇਵਲ ਰੱਬੀ ਗੁਣਾਂ ਦੀਆਂ ਹੀ ਵਿਚਾਰਾਂ ਹੁੰਦੀਆਂ ਹਨ।
ਕਰਮਾਂ ਦਾ ਕਪੜਾ ਭਾਵ ਬਖਸ਼ਿਸ਼ਾਂ ਰੂਪੀ ਕਪੜਾ ਆਉਂਦਾ ਹੈ। ਕਪੜਾ ਇੱਕ ਪ੍ਰਤੀਕ ਹੈ ਜਿਸ ਤਰ੍ਹਾਂ ਸਰੀਰ ਨੂੰ ਕਪੜੇ ਨਾਲ ਢੱਕਿਆ ਜਾਂਦਾ ਹੈ ਏਸੇ ਤਰ੍ਹਾਂ ਸਾਡਾ ਅੰਦਰਲਾ ਕਿਰਦਾਰ ਜਿਸ ਨਾਲ ਅਸੀਂ ਲੋਕਾਂ ਨਾਲ ਅਸੀਂ ਵਰਤਾਅ ਕਰ ਰਹੇ ਹਾਂ ਉਹ ਸਾਡੀ ਬਾਹਰ ਦਿਸਣ ਵਾਲੀ ਚੀਜ਼ ਹੈ। ਕਪੜਾ ਕੋਈ ਬਾਹਰੋਂ ਨਹੀਂ ਆਉਣਾ ਇਹ `ਤੇ ਜੋ ਅਸੀਂ ਸਮਾਜ ਵਿੱਚ ਵਰਤਾ ਕਰ ਰਹੇ ਹਾਂ ਜਾਂ ਜੋ ਸੁਭਾਅ ਦਾ ਪ੍ਰਗਟਾਅ ਕਰ ਰਹੇ ਹਾਂ ਉਹ ਹੀ ਕਪੜਾ ਹੈ। ਨਦਰੀਂ ਮੋਖ ਦੁਆਰ ਦਾ ਭਾਵ ਅਰਥ ਕਿ ਗੁਰੂ ਦੀ ਸਿਖਿਆ ਨੂੰ ਗ੍ਰਹਿਣ ਕਰਨ ਨਾਲ ਵਿਕਾਰਾਂ ਵਲੋਂ ਮੁਕਤੀ ਹੁੰਦੀ ਹੈ। ਜਿਸ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਉਹ ਹੀ ‘ਸਚਿਆਰ’ ਬਣਦਾ ਹੈ।
ਮੁਕਦੀ ਗੱਲ ਇਸ ਪਉੜੀ ਵਿੱਚ ਅੰਮ੍ਰਿਤ ਵੇਲਾ ਕੇਵਲ ਤੜਕੇ ਉੱਠਣ ਨੂੰ ਹੀ ਨਹੀਂ ਕਿਹਾ ਗਿਆ ਇਹ ਸਗੋਂ ਆਪਣੇ ਜੀਵਨ ਨੂੰ ਅੰਮ੍ਰਿਤ ਵੇਲਾ ਬਣਾਉਣ ਲਈ ਕਿਹਾ ਗਿਆ ਹੈ। ਪਉੜੀ ਵਿੱਚ ਆਈਆਂ ਤੁਕਾਂ ਦੀ ਤਰਤੀਬ ਨੂੰ ਸਮਝਦਿਆਂ ਸਮਝ ਆਉਂਦੀ ਹੈ ਕਿ ਸੰਸਾਰ ਨੂੰ ਸਚਿਆਰ ਬਣਨ ਦਾ ਉਪਦੇਸ਼ ਦਿੱਤਾ ਗਿਆ ਹੈ।
ਇਸ ਦਾ ਅਰਥ ਇਹ ਨਹੀਂ ਕਿ ਅਸੀਂ ਸਮੇਂ ਅਨੁਸਾਰ ਉੱਠਣਾ ਨਹੀਂ ਹੈ। ਸਗੋਂ ਸਮੇਂ ਦੀ ਸੰਭਾਲ਼ ਕਰਨੀ ਹਰ ਮਨੁੱਖ ਦਾ ਫ਼ਰਜ਼ ਬਣਦਾ ਹੈ। ਕੇਵਲ ਏਨ੍ਹਾ ਵੀ ਨਹੀਂ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਨਿਰੀ ਹੰਕਾਰ ਦੀ ਪੰਡ ਹੀ ਚੁੱਕੀ ਫਿਰੇ ਤੇ ਦੂਜਿਆਂ ਨੂੰ ਤਾਨ੍ਹੇ ਮੇਹਣੇ ਦਈ ਜਾਏ ਕਿ ਤੁਹਾਡੇ ਨਾਲੋਂ ਪਹਿਲਾਂ ਉਠਿਆ ਹੋਇਆ ਹਾਂ। ਇਸ ਪਉੜੀ ਵਿੱਚ ਮਨੁੱਖ ਨੇ ਆਪਣੇ ਜੀਵਨ ਵਿੱਚ ਅੰਮ੍ਰਿਤ ਵੇਲਾ ਬਣਾਉਣਾ ਹੈ। ਭਾਵ ਕਿ ਆਤਮਕ ਮੌਤੇ ਕਦੇ ਵੀ ਨਾ ਮਰੇ।




.