ਉਤਰਾਖੰਡ ਵਿੱਚ ਵਾਪਰਿਆ ਕਹਿਰ ਕੁਦਰਤ ਦਾ ਨਹੀਂ ਲੋਕਾਂ ਦਾ ਸੀ…।
-ਰਘਬੀਰ ਸਿੰਘ ਮਾਨਾਂਵਾਲੀ
ਦੁਨੀਆ ਭਰ ਵਿੱਚ ਕਾਫੀ ਗੁਰਦੁਆਰੇ
(ਸਾਰੇ ਨਹੀਂ), ਮੰਦਰ ਅਤੇ ਮਸਜਿਦਾਂ ਦੀਆਂ ਵਿਸ਼ਾਲ ਇਮਾਰਤਾਂ ਬਹੁਤ ਖੂਬਸੂਰਤ ਬਣਾਈਆਂ ਗਈਆਂ ਹਨ।
ਵਧੀਆਂ ਤੋਂ ਵਧੀਆਂ ਪੱਥਰ, ਕਲੀਨਾ ਅਤੇ ਹੋਰ ਸਜ਼ਾਵਟਾਂ ਕੀਤੀਆਂ ਗਈਆਂ ਹਨ। ਧਰਮ ਵਿੱਚ ਅੰਨ੍ਹਾ
ਵਿਸ਼ਵਾਸ਼ ਰੱਖਣ ਵਾਲੇ ਲੋਕ ਆਖਦੇ ਹਨ ਕਿ ਇਹ ਅਸਥਾਨ ਅਕਾਲ ਪੁਰਖ, ਵਾਹਿਗਰੂ, ਭਗਵਾਨ ਅਤੇ ਖੁਦਾ ਦੇ
ਘਰ ਹਨ। ਇਸ ਲਈ ਵਧੀਆਂ ਹੀ ਹੋਣੇ ਚਾਹੀਦੇ ਹਨ। ਦੂਸਰੇ ਪਾਸੇ ਹਰ ਧਰਮ ਦੇ ਪ੍ਰਚਾਰਕ, ਪੁਜਾਰੀ ਅਤੇ
ਥੋੜ੍ਹਾ ਜਿਹਾ ਧਰਮ ਦਾ ਗਿਆਨ ਰੱਖਣ ਵਾਲੇ ਲੋਕ ਆਖਦੇ ਹਨ ਕਿ ਅਕਾਲ ਪੁਰਖ, ਵਾਹਿਗਰੂ, ਭਗਵਾਨ ਅਤੇ
ਖੁਦਾ ਤਾਂ ਜ਼ਰ੍ਹੇ-ਜ਼ਰ੍ਹੇ ਵਿੱਚ ਮੌਜੂਦ ਹੈ… ਤੇ ਹਰੇਕ ਮਨੁੱਖ ਦੇ ਦਿੱਲ ਵਿੱਚ ਹੈ। ਫਿਰ ਤਾਂ ਸਾਰੀ
ਧਰਤੀ ਹੀ ਭਗਵਾਨ ਦਾ ਘਰ ਹੋਇਆ। ਕਿਸੇ ਸਥਾਨ `ਤੇ ਉਸਰਿਆ ਗੁਰਦੁਆਰਾ, ਮੰਦਰ ਅਤੇ ਮਸਜਿਦ ਨੂੰ ਨਾ ਹੀ
ਭਗਵਾਨ ਦਾ ਘਰ ਕਿਹਾ ਜਾ ਸਕਦਾ ਹੈ ਤੇ ਨਾ ਹੀ ਉਸ ਦਾ ਕੋਈ ਵਿਸ਼ੇਸ਼ ਮਹੱਤਵ ਹੀ ਰਹਿ ਜਾਂਦਾ ਹੈ।
ਭਗਵਾਨ ਕਿਸੇ ਵਿਸ਼ੇਸ਼ ਸਥਾਨ `ਤੇ ਨਹੀਂ ਰਹਿੰਦਾ। ਉਤਰਾਖੰਡ ਵਿੱਚ ਚਾਰ ਧਾਮਾਂ ਨੂੰ ਵੀ ਭਗਵਾਨ ਦਾ ਘਰ
ਐਲਾਨਿਆ ਜਾਂਦਾ ਹੈ। ਜੋ ਉਪਰੋਕਤ ਤਰਕ ਦੇ ਅਨੁਸਾਰ ਗਲਤ ਹੈ। ਤੇ ਉਤਰਾਖੰਡ ਵਿੱਚ ਵਾਪਰਿਆ ਹੜ੍ਹਾਂ,
ਬੱਦਲ ਫੱਟਣ ਅਤੇ ਬਰਸਾਤ ਦਾ ਮੌਜੂਦਾ ਕਹਿਰ ਵਾਕਈ ਅਵੱਲਾ, ਵਿਲੱਖਣ ਅਤੇ ਹੈਰਾਨ ਕਰਨ ਵਾਲਾ ਸੀ। ਇਹ
ਤ੍ਰਾਸਦੀ ਨਾ ਵੇਖਣਯੋਗ ਅਤੇ ਨਾ ਹੀ ਭੁੱਲਣਯੋਗ ਸੀ। ਮੌਤ ਦਾ ਪ੍ਰਤੱਖ ਤਾਂਡਵ ਨਾਚ ਸੀ। ਪਰ ਇਸ ਤੋਂ
ਬਹੁਤ ਕੁੱਝ ਸਿੱਖਿਆ ਜਾ ਸਕਦਾ ਸੀ। ਜੇ ਆਪਣੀ ਸਮਝ ਨੂੰ ਵਿਗਿਆਨਿਕ ਨਜ਼ਰੀਏ ਨਾਲ ਪਰਖੀਏ ਤਾਂ ਇਹ
ਗੱਲ ਯਕੀਨ ਕਰਨ ਵਾਲੀ ਨਹੀਂ ਕਿ ਕਿਸੇ ਵੀ ਧਰਮ ਦਾ ਕੋਈ ਗੁਰੂ, ਮਹਾਂਪੁਰਸ਼ ਜਾਂ ਪੀਰ ਇਹਨਾਂ ਔਖੀਆਂ
ਘਾਟੀਆਂ `ਤੇ ਭਗਤੀ ਕਰਨ ਗਿਆ ਹੋਵੇਗਾ। ਮੈਨੂੰ ਦੂਸਰੇ ਧਰਮਾਂ ਬਾਰੇ ਤਾਂ ਪੱਕਾ ਨਹੀਂ ਪਤਾ, ਪਰ
ਹੇਮਕੁੰਟ ਬਾਰੇ ਤਾਂ ਪੱਕਾ ਯਕੀਨ ਹੈ ਕਿ ਇਸ ਸਥਾਨ ਦਾ ਸਬੰਧ ਨਾ ਸਿੱਖ ਧਰਮ ਨਾਲ ਹੈ ਤੇ ਨਾ ਹੀ
ਗੁਰੂ ਗੋਬਿੰਦ ਸਿੰਘ ਜੀ ਨਾਲ…। ਗੁਰਮਤਿ ਜੰਗਲਾਂ ਤੇ ਗੁਫਾਵਾਂ ਵਿੱਚ ਭਗਤੀ ਕਰਨ ਨੂੰ ਮਾਨਤਾ
ਨਹੀਂ ਦਿੰਦੀ। ਗੁਰਮਤਿ ਦੇ ਅਨੁਸਾਰ ਗ੍ਰਿਹਸਤੀ ਨਿਭਾਉਂਦਿਆਂ ਕਿਰਤ ਕਰਕੇ ਅਕਾਲ ਪੁਰਖ ਦੀ ਉਸਤਤਿ
ਕਰਦਿਆਂ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਇਹ ਤਾਂ ਲੋਕਾਂ ਦੀ ਇੱਕ ਭੇਡ ਚਾਲ ਹੈ, ਜਿਸ ਸਦਕੇ ਹਰ
ਸਾਲ ਇੱਕ ਦੂਸਰੇ ਤੋਂ ਪਹਿਲਾਂ ਇਸ ਅਸਥਾਨ ਤੇ ਮੁਸੀਬਤਾਂ ਨੂੰ ਗੱਲ ਪਾਉਣ ਲਈ ਵੱਗ ਤੁਰਦੇ ਹਨ।
ਇਹਨਾਂ ਅਸਥਾਨਾਂ ਦੀ ਯਾਤਰਾ ਨੂੰ ਤੀਰਥ ਯਾਤਰਾ ਨਹੀਂ ਸਗੋਂ ਪਿਕਨਿਕ ਰੂਪੀ ਤੀਰਥ ਯਾਤਰਾ ਆਖਣਾ
ਜ਼ਿਆਦਾ ਤਰਕ ਸੰਗਤ ਹੈ। ਗੁਰੂ ਸਾਹਿਬ ਤਾਂ ਬਾਣੀ ਵਿੱਚ ਤੀਰਥ ਯਾਤਰਾ ਨੂੰ ਰੱਦ ਕਰਦੇ ਹਨ:
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬਿਚਾਰ ਅੰਤਰਿ ਗਿਆਨੁ
ਹੈ॥ ਮਾ: 1 ਅੰਕ 687
ਭਾਵ: ਪ੍ਰਮਾਤਮਾ ਦਾ ਨਾਮ (ਹੁਕਮ, ਸਬਦ, ਮਤ, ਗਿਆਨ ਆਦਿ) ਹੀ ਤੀਰਥ ਹੈ। ਗੁਰਬਾਣੀ (ਗਿਆਨ)
ਤੀਰਥ ਹੈ ਤੇ ਗੁਰਬਾਣੀ `ਤੇ ਚੱਲਣਾ ਤੀਰਥ ਇਸ਼ਨਾਨ ਹੈ।
ਕਿਉਂਕਿ ਇਹ ਸਾਰਾ ਇਲਾਕਾ ਪਹਾੜੀ ਇਲਾਕਾ ਹੈ ਤੇ ਇਹ ਸਥਾਨ ਮੈਦਾਨੀ ਇਲਾਕੇ ਨਾਲੋਂ ਕਾਫੀ ਠੰਡਾ ਹੈ।
ਰਮਣੀਕ ਪਹਾੜੀਆਂ ਦੇ ਕੁਦਰਤੀ ਬਨਾਵਟ ਦੇ ਅਨੌਖੇ ਨਜ਼ਾਰੇ ਮਨ ਨੂੰ ਬਹੁਤ ਸਕੂਨ ਦਿੰਦੇ ਹਨ। ਅਤੇ ਮਨ
ਨੂੰ ਪ੍ਰਭਾਵਿਤ ਵੀ ਕਰਦੇ ਹਨ। ਇਸ ਥਾਂ ਉਤੇ ਆ ਕੇ ਮਨੁੱਖ ਆਪਣੇ-ਆਪ ਨੂੰ ਕੁਦਰਤ ਦੇ ਬਹੁਤ ਨੇੜੇ
ਮਹਿਸੂਸ ਕਰਦਾ ਹੈ। ਇਸ ਕਰਕੇ ਪਿਕਨਿਕ ਮਨਾਉਣ ਤੋਂ ਵੱਧ ਇਸ ਸਥਾਨ ਦੀ ਲੋਕਾਂ ਲਈ ਕੋਈ ਸ਼ਰਧਾ ਨਹੀਂ
ਹੈ। ਇਹਨਾਂ ਅਸਥਾਨਾਂ `ਤੇ ਜਾਣ ਨੂੰ ਲੋਕ ਪਿਕਨਿਕ ਵਾਂਗ ਹੀ ਲੈਂਦੇ ਹਨ। ਸਿੱਖ ਧਰਮ ਵਿੱਚ ਇਸ ਸਥਾਨ
ਦਾ ਸਬੰਧ ਕੁੱਝ ਸ਼ਾਤਰ ਲੋਕਾਂ ਨੇ ਅਖੌਤੀ, ਅਸ਼ਲੀਲ ਅਤੇ ਜੁੱਗੋ ਜੁੱਗੁ ਅਟੱਲ ਗੁਰੂ ਗ੍ਰੰਥ ਸਾਹਿਬ
ਦੀਆਂ ਮਹਾਨ ਸਿੱਖਿਆਵਾਂ ਦੇ ਉੱਲਟ ਕਿਸੇ ਬੇਨਾਮ ਲੇਖਕ ਵਲੋਂ ਲਿਖੇ ਗਏ ਦਸਮ ਗ੍ਰੰਥ ਰਾਹੀਂ ਗੁਰੂ
ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜ ਕੇ ਗੁਰੂ ਸਾਹਿਬ ਦਾ ਘੋਰ ਨਿਰਾਦਰ ਕਰਨ ਵਿੱਚ ਕੋਈ ਕਸਰ ਬਾਕੀ
ਨਹੀਂ ਛੱਡੀ। ਇਹ ਬਿਲਕੁਲ ਸੱਚ ਹੈ ਕਿ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨ੍ਹਾਂ ਸਾਰੇ
ਰਹਿਤਨਾਮੇ ਅਤੇ ਗੁਰੂ ਸਾਹਿਬਾਨਾਂ ਦੀਆਂ ਜੀਵਨੀਆਂ ਗੁਰੂਆਂ ਦੇ ਜੋਤੀ ਜੋਤ ਸਮਾਉਣ ਤੋਂ ਕਾਫੀ ਸਮਾਂ
ਬਾਅਦ ਹੀ ਲਿਖੇ ਗਏ ਸਨ। ਨੱਬੇ ਫੀਸਦੀ ਸਿੱਖ ਵਿਦਵਾਨ ਇਹ ਮੰਨਦੇ ਹਨ ਕਿ ਦਸਮ ਗ੍ਰੰਥ ਵੀ ਗੁਰੂ
ਗੋਬਿੰਦ ਸਿੰਘ ਜੀ ਤੋਂ ਬਹੁਤ ਬਾਅਦ ਦਰਬਾਰੀ ਕਵੀਆਂ ਜਾਂ ਬ੍ਰਾਹਮਣਾਂ ਨੇ ਸਿੱਖਾਂ ਨੂੰ ਭੰਬਲਭੂਸੇ
ਵਿੱਚ ਪਾਉਣ ਅਤੇ ਗੁਰੂ ਗ੍ਰੰਥ ਸਾਹਿਬ ਦੇ ਵੱਡਮੁੱਲੇ ਸਤਿਕਾਰ ਨੂੰ ਘਟਾਉਣ ਲਈ ਲਿਖਿਆ ਗਿਆ ਸੀ।
ਗੁਰੂ ਗੋਬਿੰਦ ਸਿੰਘ ਜੀ ਵੇਲੇ ਦਸਮ ਗ੍ਰੰਥ ਅਤੇ ਇਸ ਵਿੱਚ ਜ਼ਿਕਰ ਕੀਤੇ ਹੇਮਕੁੰਟ ਦੀ ਕੋਈ ਹੋਂਦ
ਨਹੀਂ ਸੀ। ਦਸਮ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਸਮੇਂ ਆਪਣੇ ਸਿੱਖਾਂ ਨੂੰ ‘ਗੁਰੂ ਮਾਨਿਓ
ਗ੍ਰੰਥ…। ' ਦਾ ਹੁਕਮ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ। ਦਸਮ ਪਿਤਾ ਜੀ ਦੇ ਜੋਤੀ ਜੋਤ
ਸਮਾਉਣ ਤੋਂ ਡੇੜ ਸਦੀ ਬਾਅਦ ਕਿਸੇ ਫੌਜੀ ਦੁਆਰਾ ਇਸ ਥਾਂ ਦੀ ਖੋਜ਼ ਹੋਈ ਦੱਸੀ ਜਾਂਦੀ ਹੈ। ਸਵਾਲ
ਪੈਦਾ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਥਾਂ ਸਿੱਖਾਂ ਤੋਂ ਕਿਉਂ ਲੁਕਾਈ ਰੱਖੀ ਅਤੇ
ਆਪਣੇ ਜੀਵਨ ਕਾਲ ਵਿੱਚ ਉਹਨਾਂ ਇਹ ਥਾਂ ਸਿੰਘਾਂ ਨੂੰ ਕਿਉਂ ਨਾ ਵਿਖਾਈ…? ਕਿੱਡੇ ਮੂਰਖ ਹਨ ਸਾਡੇ
ਸਿੱਖ ਜਿਹਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਯਕੀਨ ਨਹੀਂ ਕੀਤਾ ਕਿਉਂਕਿ ਗੁਰਬਾਣੀ ਪੂਰਬਲੇ
ਜਨਮਾਂ ਨੂੰ ਨਹੀਂ ਮੰਨਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 'ਗੁਰੂ ਮਾਨਿਓ ਗ੍ਰੰਥ…। ' ਦੇ ਹੁਕਮ
ਨੂੰ ਨਹੀਂ ਮੰਨਿਆ। ਪਰ ਇੱਕ ਫੌਜੀ ਵਿਅਕਤੀ ਦੀਆਂ ਗਪੌੜਾਂ ਵਰਗੀਆਂ ਗੱਲਾਂ ਅਤੇ ਅਖੌਤੀ ਤੇ ਅਸ਼ਲੀਲ
ਦਸਮ ਗ੍ਰੰਥ `ਤੇ ਯਕੀਨ ਕਰ ਲਿਆ।
ਮੰਨ ਲਓ, ਜਿਵੇਂ ਲੋਕੀਂ ਕਹਿ ਰਹੇ ਹਨ ਕਿ ਇਹਨਾਂ ਚਾਰ ਧਾਮਾਂ `ਤੇ ਭਗਵਾਨ ਦਾ ਘਰ ਹੈ ਅਤੇ ਇਹਨਾਂ
ਦੀ ਮਹੱਤਤਾ ਹੈ। ਫਿਰ ਇਸ ਵਾਪਰੇ ਕਹਿਰ ਸਮੇਂ ਉਹ ਭਗਵਾਨ ਸਹਾਈ ਕਿਉਂ ਨਾ ਹੋਏ? ਹਜ਼ਾਰਾਂ ਮੀਲ ਦੂਰੋਂ
ਭਗਵਾਨ ਦੇ ਦਰਸ਼ਨਾਂ ਨੂੰ ਆਏ ਭਗਤਾਂ ਦੀ ਭਗਵਾਨ ਨੇ ਰੱਖਿਆ ਕਿਉਂ ਨਾ ਕੀਤੀ?
ਵੈਸੇ ਉਤਰਾਖੰਡ ਵਿੱਚ ਇਹਨਾਂ ਚਾਰ ਧਾਮਾਂ `ਤੇ ਵਾਪਰੇ ਕਹਿਰ ਨੂੰ ਕੁਦਰਤ ਦਾ ਕਹਿਰ ਕਹਿਣਾ ਬਿਲਕੁਲ
ਗ਼ਲਤ ਹੈ। ਕੁਦਰਤ ਦਾ ਚੱਕਰ ਤਾਂ ਨਿਰੰਤਰ ਆਪਣੀ ਚਾਲੇ ਚਲਦਾ ਹੀ ਰਹਿੰਦਾ ਹੈ। ਪਰ ਮਨੁੱਖ ਨੇ ਹੀ
ਕੁਦਰਤ ਨਾਲ ਪੂਰੀ ਤਰ੍ਹਾਂ ਆਢਾ ਲੈ ਕੇ ਉਸ ਨਾਲ ਮਨ ਭ਼ਾਉਂਦਾ ਖਿਲਵਾੜ ਕੀਤਾ ਹੈ। ਪਹਾੜਾਂ ਨੂੰ ਕੱਟ
ਕੇ ਅਖੌਤੀ ਥਾਵਾਂ `ਤੇ ਜਾਣ ਲਈ ਸੜਕਾਂ ਬਣਾਈਆਂ…। ਲੋਕਾਂ ਨੂੰ ਗੁਮਰਾਹ ਕਰਨ ਲਈ ਗੁਰਦੁਆਰੇ, ਮੰਦਰ
ਅਤੇ ਧਰਮਸ਼ਾਲਾਵਾਂ ਬਣਾ ਦਿਤੀਆਂ। ਜੇਬਾਂ ਕੱਟਣ ਲਈ ਭਗਵਾਨ ਦੇ ਨਾਮ `ਤੇ ਦਿਨ-ਦਿਹਾੜੇ ਲੁੱਟਣ ਲਈ
ਆਲੀਸ਼ਾਨ ਹੋਟਲ, ਰੈਸਟੋਰੈਂਟ ਅਤੇ ਪਿਕਨਿਕ ਸਟਾਪ ਬਣਾਏ। ਲੁੱਟ ਮਚਾਉਣ ਲਈ ਵਪਾਰਕ ਦੁਕਾਨਾਂ ਬਣਾਈਆਂ
ਹਨ। ਲੋਕ ਇਹਨਾਂ ਥਾਂਵਾਂ `ਤੇ ਪਿਕਨਿਕ ਰੂਪੀ ਤੀਰਥ ਯਾਤਰਾ ਕਰਕੇ ਉਥੇ ਗੰਦ ਪਾ ਕੇ ਕੁਦਰਤ ਨੂੰ
ਕਰੂਪਤਾ ਦੀ ਸ਼ਕਲ ਦੇ ਦਿੰਦੇ ਹਨ। ਅੱਜ ਅਜਿਹੇ ਥਾਂ ਸ਼ਰ਼ਧਾ ਦੇ ਮੰਦਰ ਨਹੀਂ… ਵਪਾਰਕ ਕੇਂਦਰ ਅਤੇ
ਸ਼ਰੇਆਮ ਲੁੱਟ-ਖਸੁੱਟ ਦੇ ਸਥਾਨ ਬਣੇ ਹੋਏ ਹਨ। ਜਿਹੜੇ ਥਾਂ ਨੂੰ ਅਸੀਂ ਭਗਵਾਨ ਦਾ ਘਰ ਐਲਾਨਿਆ
ਹੋਇਆ ਹੈ। ਉਸ ਥਾਂ `ਤੇ ਰਹਿਣ ਵਾਲੇ ਲੋਕ ਐਨੇ ਜ਼ਾਲਮ, ਨਾ-ਸ਼ੁਕਰੇ ਕਹਿਰਵਾਨ ਅਤੇ ਨਿਰਦਈ ਹੋਣਗੇ…ਇਹ
ਕਦੀ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਜਾ ਸਕਦਾ…। ਉਥੋਂ ਦੇ ਸਥਾਨਿਕ ਲੋਕਾਂ ਨੇ ਮੌਤ ਦੇ ਮੂੰਹ
ਵਿੱਚ ਫਸੇ ਪਿਕਨਿਕ ਰੂਪੀ ਤੀਰਥ ਯਾਤਰਾ `ਤੇ ਆਏ ਲੋਕਾਂ `ਤੇ ਆਪਣਾ ਕਹਿਰ ਢਾਇਆ ਸੀ। ਮਰ ਰਹੇ ਲੋਕਾਂ
ਨੂੰ ਪਾਣੀ ਤੇ ਰੋਟੀ ਦੀਆਂ ਨਾ ਕਿਆਸੀਆ ਜਾਣ ਵਾਲੀਆਂ ਕੀਮਤਾਂ ਅਦਾ ਕਰਕੇ ਆਪਣੀ ਜਾਨ ਬਚਾਉਣੀ ਪਈ।
ਦੁਖਿਆਰੀਆਂ ਔਰਤਾਂ `ਤੇ ਤਾਂ ਹੋਰ ਵੀ ਕਹਿਰ ਢਾਇਆ ਗਿਆ। ਉਹਨਾਂ ਨੂੰ ਪਹਿਲਾਂ ਲੁੱਟਿਆ ਗਿਆ, ਫਿਰ
ਉਹਨਾਂ ਨਾਲ ਬਲਾਤਕਾਰ ਕੀਤੇ ਅਤੇ ਅੰਤ ਉਹਨਾਂ ਦਾ ਕਤਲ ਕਰ ਦਿਤਾ ਗਿਆ। ਇਸ ਤੋਂ ਵੱਡਾ ਹੋਰ ਕਿਹੜਾ
ਕਹਿਰ ਹੋ ਸਕਦਾ ਹੈ? ਭਗਵਾਨ ਕਿਉਂ ਚੁੱਪ ਧਾਰੀ ਬੈਠਾ ਰਿਹਾ? ਅਤੇ ਭਗਵਾਨ ਦੇ ਹਮੇਸ਼ਾ ਨੇੜੇ
ਰਹਿਣ ਵਾਲੇ ਲੋਕਾਂ ਵਿੱਚ ਦਇਆ, ਤਰਸ ਅਤੇ ਮੁਸੀਬਤ ਵੇਲੇ ਭਲਾ ਕਰਨ ਦੀ ਭਾਵਨਾ ਕਿਉਂ ਨਹੀਂ ਆ ਸਕੀ?
ਭਗਵਾਨ ਦੇ ਨੇੜੇ ਰਹਿਣ ਵਾਲੇ ਲੋਕਾਂ ਦੁਆਰਾ ਕੀਤਾ ਯਾਤਰੀਆਂ `ਤੇ ਇਹ ਕਹਿਰ ਇਤਿਹਾਸ ਅਤੇ ਮਨੁੱਖਤਾ
ਦੀ ਕਿਤਾਬ ਦਾ ਕਾਲਾ ਸਿਆਹ ਪੰਨਾ ਬਣ ਗਿਆ ਹੈ। ਸਾਧੂ ਤੇ ਸੇਵਾਦਾਰ ਜੋ ਹਰ ਧਰਮ ਦੇ ਭਗਵਾਨ ਦੇ
ਠੇਕੇਦਾਰ ਅਖਵਾਉਂਦੇ ਹਨ, ਵੀ ਘਿਨੌਣੇ ਕੰਮਾਂ ਵਿੱਚ ਸ਼ਾਮਲ ਸਨ। ਇਹ ਸਾਰਾ ਵਰਤਾਰਾ ਵੇਖ ਕੇ ਅਤੇ ਸੁਣ
ਕੇ ਉਥੋਂ ਦੀ ਧਰਤੀ ਨੂੰ ਸ਼ੈਤਾਨ ਦੀ ਧਰਤੀ, ਨਿਰਦਈ ਅਤੇ ਜ਼ਾਲਮ ਲੋਕਾਂ ਦੀ ਧਰਤੀ ਕਹਿਣਾ ਠੀਕ ਹੈ।
ਉਥੇ ਨਾ ਹੀ ਕੋਈ ਦਇਆ ਭਾਵਨਾ ਸੀ ਨਾ ਹੀ ਇਨਸਾਨੀਅਤ… ਅਤੇ ਉਹ ਲੋਕ ਜ਼ਮੀਰ ਰਹਿਤ ਸਨ। ਪਹਿਲਾਂ ਮਨੁੱਖ
ਨੇ ਕੁਦਰਤ ਦੇ ਢਾਂਚੇ ਨੂੰ ਤਰਾਸ ਅਤੇ ਛਾਂਗ ਕੇ ਕਹਿਰਵਾਨ ਕੀਤਾ ਫਿਰ ਖੁਦ ਹੀ ਮੁਸੀਬਤ ਵਿੱਚ ਫਸੇ
ਲੋਕਾਂ `ਤੇ ਕਹਿਰਵਾਨ ਹੋਏ।
ਭਗਵਾਨ ਦੀ ਅਖੌਤੀ ਧਰਤੀ `ਤੇ ਰਹਿਣ ਵਾਲੇ ਲੋਕ ਜੇ ਮੁਸੀਬਤਾਂ ਵਿੱਚ ਫਸਿਆਂ ਦੇ ਸੱਚੇ ਹਮਦਰਦ ਬਣ ਕੇ
ਬਹੁੜਦੇ ਤਾਂ ਅੱਜ ਸਾਡਾ ਸਿਰ ਅਹਿਸਾਨਮੰਦ ਹੋ ਮਨੁੱਖਤਾਂ ਅੱਗੇ ਝੁਕਦਾ। ਪਰ ਹੁਣ ਤਾਂ ਇਸ ਤਰ੍ਹਾਂ
ਲਗਦਾ ਹੈ ਕਿ ਭਗਵਾਨ ਦਾ ਸਿਰਫ ਨਾਮ ਹੈ… ਕੋਈ ਖੌਫ਼ ਨਹੀਂ ਹੈ, ਨਾ ਹੀ ਕਿਸੇ ਦੇ ਦਿੱਲ ਵਿੱਚ ਭਗਵਾਨ
ਵਸ ਹੀ ਰਿਹਾ ਹੈ। ਜਦੋਂ ਮਨੁੱਖ ਹੀ ਮਨੁੱਖ ਦਾ ਵੈਰੀ ਬਣ ਗਿਆ ਹੈ ਤਾਂ ਧਾਰਮਿਕ ਸਥਾਨਾਂ `ਤੇ ਪਾਖੰਡ
ਅਤੇ ਢੌਂਗ ਕਰਕੇ ਮਨੁੱਖ ਕੀ ਲੱਭ ਰਿਹੈ? ਮਨੁੱਖ ਤਾਂ ਅਜੇ ਤੱਕ ਇਹ ਵੀ ਨਹੀਂ ਸਮਝ ਸਕਿਆ ਕਿ ਉਹਨੇ
ਰੱਬ ਦਾ ਸਿਮਰਨ ਕਿਵੇਂ ਕਰਨਾ ਹੈ? ਰੱਬ ਕੀ ਹੈ? ਅਤੇ ਉਸ ਦਾ ਸਿਧਾਂਤ ਕੀ ਹੈ? ਮਨੁੱਖ ਤਾਂ ਸਵਾਰਥੀ
ਬਣਿਆ ਹੋਇਆ ਹੈ। ਹਰ ਥਾਂ ਆਪਣਾ ਲਾਭ ਵੇਖ ਰਿਹਾ ਹੈ। ਧਾਰਮਿਕ ਥਾਵਾਂ `ਤੇ ਆਪਣੀ ਆਮਦਨ ਵਧਾਉਣ ਦੀਆਂ
ਜੁਗਤਾਂ ਬਣਾ ਰਿਹਾ ਹੈ।
ਬੜਾ ਅਹਿਮ ਸਵਾਲ ਪੈਦਾ ਹੁੰਦਾ ਹੈ ਕਿ ਹਰ ਰੋਜ਼ ਟੀ: ਵੀ: ਚੈਨਲਾਂ ਉਤੇ ਲੋਕਾਂ ਨੂੰ ਦੁਨੀਆਂ ਦਾ ਹਰ
ਸੁੱਖ ਦੇਣ ਅਤੇ ਭਵਿੱਖ ਦੱਸਣ ਦੇ ਦਾਅਵੇ ਕਰਦੇ ਜੋਤਸ਼ੀਆਂ ਨੇ ਇਸ ਕਹਿਰ ਦੇ ਵਾਪਰਨ ਬਾਰੇ ਅਗਾਊਂ
ਕਿਉਂ ਨਾ ਦੱਸਿਆ ਤੇ ਉਹ ਪਾਖੰਡੀ ਸਾਧੂ ਜੋ ਮੁਸੀਬਤ ਵੇਲੇ ਨਾਮ ਜੱਪਣ ਦਾ ਹੁਕਮ ਕਰਦੇ ਹਨ, ਭਬੂਤੀਆਂ
ਮਲਦੇ ਹਨ… ਲੰਮੇ-ਲੰਮੇ ਤਿਲਕ ਲਗਾ ਕੇ ਰੱਬ ਹੋਣ ਦਾ ਦਾਅਵਾ ਕਰਦੇ ਹਨ… ਉਹ ਵੀ ਕੁੱਝ ਨਾ ਕਰ ਸਕੇ…।
ਫਿਰ ਵੀ ਮੂਰਖ ਲੋਕ ਅੰਧ-ਵਿਸ਼ਵਾਸ ਵਿੱਚ ਜੋਤਸ਼ੀਆਂ ਅਤੇ ਸਾਧੂਆਂ ਦੇ ਜਾਲ ਵਿੱਚ ਫੱਸ ਕੇ ਆਪਣਾ ਪੈਸਾ
ਅਤੇ ਸਮਾਂ ਕਿਉਂ ਬਰਬਾਦ ਕਰਦੇ ਹਨ? ਇਸ ਵਾਪਰੇ ਕਹਿਰ ਸਮੇਂ ਕੋਈ ਅਖੌਤੀ ਗੁਰੂ ਅਤੇ ਸਾਧੂ ਕਿਸੇ ਕੰਮ
ਨਾ ਆਏ…। ਸਗੋਂ ਅੰਧ-ਵਿਸ਼ਵਾਸ ਨੂੰ ਹੱਲਾਸ਼ੇਰੀ ਦੇਣ ਵਾਲੇ ਪਾਖੰਡੀ, ਢੌਂਗੀ, ਮਕਾਰੀ ਅਤੇ ਲੋਕਾਂ ਦੀ
ਧਾਰਮਿਕ ਸ਼ਰਧਾ ਦਾ ਲਾਭ ਪ੍ਰਾਪਤ ਕਰਨ ਵਾਲੇ ਸਾਧ-ਸੰਤ ਇਸ ਕਰੋਪੀ ਦੇ ਵਾਪਰਨ ਮਗਰੋਂ ਹੋਰ ਕਈ ਤਰ੍ਹਾਂ
ਦੇ ਅੰਧ-ਵਿਸ਼ਵਾਸ਼ ਫੈਲਾਉਣ ਵਿੱਚ ਜੁੱਟ ਪਏ ਹਨ। ਅੱਜ ਮਨੁੱਖ ਅੰਧ-ਵਿਸ਼ਵਾਸ ਵਿੱਚ ਸਮੁੰਦਰਾਂ,
ਦਰਿਆਵਾਂ, ਨਦੀਆਂ ਅਤੇ ਨਹਿਰਾਂ ਵਿੱਚ ਮੂਰਤੀਆਂ, ਨਾਰੀਅਲ, ਫੁੱਲ ਅਤੇ ਫੁੱਲਾਂ ਦੇ ਹਾਰ ਉਹਨਾਂ
ਵਿੱਚ ਤਾਰ ਅਤੇ ਸੁੱਟ ਕੇ ਕਹਿਰ ਨਹੀਂ ਕਮਾਅ ਰਿਹਾ ਤਾਂ ਹੋਰ ਕੀ ਕਰ ਰਿਹਾ ਹੈ। ਧਰਮ ਦੇ ਨਾਮ ਉਤੇ
ਕੁਦਰਤ ਨਾਲ ਖਿਲਵਾੜ ਕਰਨ `ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਅਗਰ ਅੱਜ ਮਨੁੱਖ ਨੂੰ ਕੁਦਰਤ ਨਾਲ
ਖਿਲਵਾੜ ਕਰਨ ਤੋਂ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਮੁਨੱਖ ਨੂੰ ਹੋਰ ਵੀ ਗੰਭੀਰ
ਮੁਸੀਬਤਾਂ ਦਾ ਟਾਕਰਾ ਕਰਨਾ ਪਵੇਗਾ।
*********
ਪਿੰਡ ਮਾਨਾਂਵਾਲੀ ਡਾਕ: ਚਾਚੋਕੀ (ਫਗਵਾੜਾ) ਮੋਬਾਇਲ 88728-54500