.

ਬਚਿਤ੍ਰ ਨਾਟਕ ਦਾ “ਕੱਛ” ਅਵਤਾਰ!

[The Tortoise-Turtle, second Incarnation of Vishu]

“ਮਹਾਨ ਕੋਸ਼” ਵਿਖੇ ਭਾਈ ਕਾਨ੍ਹ ਸਿੰਘ ਨਾਭਾ ਬਿਆਨ ਕਰਦੇ ਹਨ: “ਕੱਛਪ ਅਵਤਾਰ”, ਭਾਗਵਤ ਵਿੱਚ ਕਥਾ ਹੈ ਕਿ ਜਦ ਦੇਵਤਾ ਅਤੇ ਦੈਂਤ ਖੀਰਸਮੁੰਦਰ ਰਿੜਕਣ ਲਗੇ, ਤਦ ਮੰਦਰਾਚਲ ਮਧਾਣੀ ਦੀ ਥਾਂ ਕੀਤਾ, ਪਰ ਮਧਾਣੀ ਇਤਨੀ ਭਾਰੀ ਸੀ ਜੋ ਥੱਲੇ ਧਸਦੀ ਜਾਂਦੀ ਸੀ। ਵਿਸ਼ਨੂ ਨੇ ਕੱਛੂ ਦਾ ਰੂਪ ਧਾਰ ਕੇ ਮੰਦਰ ਦੇ ਹੇਠ ਪਿੱਠ ਦਿੱਤੀ, ਜਿਸ ਤੋਂ ਆਸਾਨੀ ਨਾਲ ਰਿੜਕਣ ਦਾ ਕੰਮ ਆਰੰਭ ਹੋਇਆ। ਵਯਾਸ ਜੀ ਨੇ ਲਿਖਿਆ ਹੈ ਕਿ ਕੱਛੂ ਦੀ ਪਿੱਠ ਲੱਖ ਯੋਜਨ (ਚਾਰ ਲੱਖ ਕੋਹ) ਦੀ ਸੀ।

ਆਓ, ਹੁਣ ਬਚਿਤ੍ਰ ਨਾਟਕ ਵਿਖੇ “ਕੱਛ ਅਵਤਾਰ” ਬਾਰੇ ਹੋਰ ਜਾਣਕਾਰੀ ਲਈਏ ਤਾਂ ਜੋ ਸਾਨੂੰ ਕੁੱਝ ਕੁ ਸੋਝੀ ਪਰਾਪਤ ਹੋ ਸਕੇ ਕਿ ਐਸੀਆਂ ਪੁਰਾਣਕ/ਮਿਥਿਹਾਸਕ ਕਹਾਣੀਆਂ ਨੂੰ ਪੜ੍ਹ ਕੇ, ਕੇਹੜਾ ਇਲਾਹੀ ਤੇ ਦੁਨਿਆਵੀ ਗਿਆਨ ਮਿਲਦਾ ਹੈ?

ਅਬ ਕਛ ਅਵਤਾਰ ਕਥਨੰ

ਭੁਜੰਗ ਪ੍ਰਯਾਤ ਛੰਦ

ਕਿਤੇ ਕਾਲ ਬੀਤਯੋ ਕਰਿਯੇ ਦੇਵ ਰਾਜੰ। ਭਰੇ ਰਾਜਧਾਮੰ ਸੁਭੰ ਸਰਬ ਸਾਜੰ।

ਗਜੰ ਬਾਜ ਬੀਣੰ ਬਿਨਾ ਰਤਨ ਭੂਪੰ। ਕਰਿਯੋ ਬਿਸਨ ਬੀਚਾਰ ਚਿਤੰ ਅਨੂਪੰ। ੧।

{ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ ਵਲੋਂ ਕੀਤੇ ਅਰਥ}: ਦੇਵਤਿਆਂ ਨੂੰ ਰਾਜ ਕਰਦਿਆਂ ਕੁੱਝ ਸਮਾਂ ਬਤੀਤ ਹੋ ਗਿਆ। ਸਭ ਪ੍ਰਕਾਰ ਦੇ ਸ਼ੁਭ ਸਾਮਾਨ ਨਾਲ ਰਾਜ-ਮਹੱਲ ਭਰ ਗਿਆ। (ਪਰ ਅਜੇ) ਹਾਥੀ, ਘੋੜੇ, ਬੀਨ ਆਦਿ ਰਤਨਾਂ ਤੋਂ (ਦੇਵਤੇ) ਵਾਂਝੇ ਹਨ, ਇਹ ਸੁੰਦਰ ਵਿਚਾਰ ਵਿਸ਼ਣੂ ਨੇ ਆਪਣੇ ਮਨ ਵਿੱਚ ਕੀਤਾ। ੧।

ਸਬੈ ਦੇਵ ਏਕਤ੍ਰ ਕੀਨੋ ਪੁਰਿੰਦ੍ਰੰ। ਸਸੰ ਸੂਰਜੰ ਆਦਿ ਲੈ ਕੈ ਉਪਿੰਦ੍ਰੰ।

ਹੁਤੇ ਦਈਤ ਜੋ ਲੋਕ ਮਧ੍ਹਯੰ ਹੰਕਾਰੀ। ਭਏ ਏਕਠੇ ਭ੍ਰਾਤਿ ਭਾਵੰ ਬਿਚਾਰੀ। ੨।

ਅਰਥ: ਵਿਸ਼ਣੂ (ਪੁਰਿੰਦਰ) ਨੇ ਸੂਰਜ, ਚੰਦ੍ਰਮਾ, ਉਪੇਂਦਰ ਆਦਿ ਸਾਰੇ ਦੇਵਤੇ ਇਕੱਠੇ ਕੀਤੇ। ਸੰਸਾਰ ਵਿੱਚ ਜੋ ਹੰਕਾਰੀ ਦੈਂਤ ਸਨ, (ਉਹ ਵੀ) ਭਰਾਪਣੇ ਦੇ ਭਾਵ ਨੂੰ ਵਿਚਾਰ ਕੇ ਇਕੱਠੇ ਹੋ ਗਏ। ੨।

ਬਦ੍ਹਯੋ ਅਰਧੁ ਅਰਧੰ ਦੁਹੂੰ ਬਾਟਿ ਲੀਬੋ। ਸਬੇ ਬਾਤ ਮਾਨੀ ਯਹੋ ਕਾਮ ਕੀਬੋ।

ਕਰੋ ਮਥਨੀ ਕੂਟ ਮੰਦ੍ਰਾਚਲੇਯੰ। ਤਕ੍ਹਯੋ ਛੀਰ ਸਾਮੁੰਦ੍ਰ ਦੇਅੰ ਅਦੇਯੰ। ੩।

ਅਰਥ: (ਸਮੁੰਦਰ ਮੱਥਣ ਤੋਂ ਪਹਿਲਾਂ) ਨੀਅਤ ਕਰ ਲਿਆ (ਕਿ ਸਮੁੰਦਰ ਰਿੜਕਣ ਤੇ ਜੋ ਨਿਕਲਿਆ, ਉਹ) ਦੋਵੇਂ (ਦੇਵਤੇ ਅਤੇ ਦੈਂਤ) ਅੱਧਾ ਅੱਧਾ ਵੰਡ ਲੈਣਗੇ। ਸਭ ਨੇ (ਇਹ) ਗੱਲ ਮੰਨ ਲਈ ਅਤੇ ਇਸੇ ਅਨੁਸਾਰ ਕੰਮ ਕੀਤਾ। ਮੰਦਰਾਚਲ ਪਰਬਤ ਨੂੰ ਮਧਾਣੀ ਬਣਾ ਲਿਆ ਅਤੇ ਦੇਵਤੇ ਅਤੇ ਦੈਂਤ ਛੀਰ ਸਮੁੰਦਰ ਉਤੇ ਜਾ ਪਹੁੰਚੇ। ੩।

ਕਰੀ ਮਥਕਾ ਬਾਸਕੰ ਸਿੰਧ ਮਧੰ। ਮਥੈ ਲਾਗ ਦੋਊ ਭਏ ਅਧੁ ਅਧੰ।

ਸਿਰੰ ਦੈਤ ਲਾਗੇ ਗਹੀ ਪੁਛ ਦੇਵੰ। ਮਥ੍ਹਯੋ ਛੀਰ ਸਿੰਧੰ ਮਨੋ ਮਾਟਕੇਵੰ। ੪।

ਅਰਥ: ਛੀਰ ਸਮੁੰਦਰ ਵਿੱਚ (ਮੰਦਰਾਚਲ ਪਰਬਤ ਦੀ ਮਧਾਣੀ ਨੂੰ ਹਿਲਾਉਣ ਲਈ) ਬਾਸਕ ਨਾਗ ਨੂੰ ਨੇਤਰਾ ਬਣਾਇਆ। ਅੱਧਾ ਅੱਧਾ ਵੰਡ ਕੇ ਦੋਵੇਂ (ਸਮੁੰਦਰ ਨੂੰ) ਰਿੜਕਣ ਲਗੇ। ਸਿਰ ਵਾਲੇ ਪਾਸਿਓਂ ਦੈਂਤ ਲਗੇ ਅਤੇ ਦੇਵਤਿਆਂ ਨੇ ਪੂਛਲ ਪਕੜੀ। ਛੀਰ ਸਮੁੰਦਰ (ਨੂੰ ਇਉਂ) ਰਿੜਕਿਆ, ਮਾਨੋ ਮਟਕੀ ਨੂੰ (ਰਿੜਕਿਆ ਜਾ ਰਿਹਾ ਹੋਵੇ)। ੪।

ਇਸੋ ਕਉਣ ਬੀਯੋ ਧਰੇ ਭਾਰੁ ਪਬੰ। ਉਠੋ ਕਾਪ ਬੀਰੰ ਦਿਤ੍ਹਯਾਦਿਤ੍ਹਯ ਸਬੰ।

ਤਬੈ ਆਪ ਹੀ ਬਿਸਨ ਮੰਤ੍ਰੰ ਬਿਚਾਰਿਯੋ। ਤਰੇ ਪਰਬਤੰ ਕਛਪੰ ਰੂਪ ਧਾਰਿਯੋ। ੫।

ਅਰਥ: ਅਜਿਹਾ ਦੂਜਾ ਕੌਣ ਹੈ ਜੋ ਪਰਬਤ ਦਾ ਭਾਰ ਸਹਾਰੇ? ਸਾਰੇ ਦੈਂਤ ਅਤੇ ਦੇਵਤੇ (ਭਾਰ ਨਾਲ) ਕੰਬਣ ਲਗ ਗਏ। ਤਦੋਂ ਵਿਛਣੂ ਨੇ ਆਪ ਹੀ ਵਿਚਾਰ ਕੀਤਾ (ਕਿ ਕਿਤੇ ਪਰਬਤ ਡੁਬ ਨ ਜਾਏ), ਕੱਛਪ (ਕਛੂ) ਦਾ ਰੂਪ ਧਾਰ ਕੇ ਪਰਬਤ ਦੇ ਹੇਠਾਂ ਹੋ ਗਿਆ। ੫।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਛੁ ਦੁਤੀਆ ਅਉਤਾਰ ਬਰਨਨੰ

ਸੰਪੂਰਨਮ ਸਤੁ ਸੁਭਮ ਸਤੁ। ੨।

ਅਬ ਛੀਰ ਸਮੁੰਦ੍ਰ ਮਥਨ ਚਉਦਹ ਰਤਨ ਕਥਨੰ

ਸ੍ਰੀ ਭਗਉਤੀ ਜੀ ਸਹਾਇ

ਤੋਟਕ ਛੰਦ

ਮਿਲਿ ਦੇਵ ਅਦੇਵਨ ਸਿੰਧੁ ਮਥਿਯੋ। ਕਬਿ ਸ੍ਹਯਾਮ ਕਵਿਤਨ ਮਧਿ ਕਥਿਯੋ।

ਤਬ ਰਤਨ ਚਤੁਰਦਸ ਯੌ ਨਿਕਸੇ। ਅਸਿਤਾ ਨਿਸਿ ਮੋ ਸਸਿ ਸੇ ਬਿਗਸੇ। ੧।

ਅਰਥ: ਦੇਵਤਿਆਂ ਅਤੇ ਦੈਂਤਾਂ ਨੇ ਮਿਲ ਕੇ ਸਮੁੰਦਰ ਨੂੰ ਰਿੜਕਿਆ। (ਉਸ ਬਿੱ੍ਰਤਾਂਤ ਨੂੰ) ਸ਼ਿਆਮ ਕਵੀ ਨੇ ਕਵਿਤਾ ਵਿੱਚ ਕਥਨ ਕੀਤਾ। ਤਦੋਂ ਚੌਦਾਂ ਰਤਨ ਇਸ ਪ੍ਰਕਾਰ ਨਿਕਲੇ, ਜਿਵੇਂ ਕਾਲੀ ਰਾਤ ਵਿੱਚ ਚੰਦ੍ਰਮਾ ਪ੍ਰਕਾਸ਼ਮਾਨ ਹੁੰਦਾ ਹੈ। ੧।

ਅਮਰਾਂਤਕ ਸੀਸ ਕੀ ਓਰ ਹੂਅੰ। ਮਿਲਿ ਪੂਛ ਗਹੀ ਦਿਸਿ ਦੇਵ ਦੂਅੰ।

ਰਤਨੰ ਨਿਕਸੇ ਬਿਗਸੇ ਸਸਿ ਸੇ। ਜਨੁ ਘੂਟਨ ਲੇਤ ਅਮੀ ਰਸ ਕੇ। ੨।

ਅਰਥ: ਦੈਂਤ ( ‘ਅਮਰਾਂਤਕ’ ) (ਬਾਸਕ ਨਾਗ ਦੇ) ਸਿਰ ਵਾਲੇ ਪਾਸੇ ਹੋਏ। ਦੂਜੇ ਪਾਸੇ ਦੇਵਤਿਆਂ ਨੇ ਮਿਲ ਕੇ ਪੂਛ ਪਕੜੀ। (ਜੋ) ਰਤਨ ਨਿਕਲੇ (ਉਹ) ਚੰਦ੍ਰਮਾ ਵਾਂਗ ਪ੍ਰਕਾਸ਼ਮਾਨ ਹੋਏ (ਅਤੇ ਸਾਰੇ ਖੁਸ਼ ਹੋਏ) ਮਾਨੋ ਅੰਮ੍ਰਿਤ ਰਸ ਦੇ ਘੁਟ ਪੀਤੇ ਹੋਣ। ੨।

ਨਿਕਸ੍ਹਯੋ ਧਨੁ ਸਾਇਕ ਸੁਧ ਸਿਤੰ। ਮਦ ਪਾਨ ਕਢ੍ਹਯੋ ਘਟ ਮਦ੍ਹਯ ਮਤੰ।

ਗਜ ਬਾਜ ਸੁਧਾ ਲਛਮੀ ਨਿਕਸੀ। ਘਨ ਮੋ ਮਨੋ ਬਿੰਦੁਲਤਾ ਬਿਗਸੀ। ੩।

ਅਰਥ: (ਸਭ ਤੋਂ ਪਹਿਲਾਂ) ਸ਼ੁੱਧ ਚਿੱਟੇ ਰੰਗ ਦਾ ਧਨੁਸ਼ ਬਾਣ ਨਿਕਲਿਆ। ਫਿਰ ਮਸਤ ਕਰ ਦੇਣ ਵਾਲੀ ਸ਼ਰਾਬ ਦਾ ਘੜਾ ਕਢਿਆ ਗਿਆ। ਇਸ ਤੋਂ ਬਾਦ ਐਰਾਵਤ ਹਾਥੀ, ਉੱਚਸ਼੍ਰਵਾ ਘੋੜਾ, ਅੰਮ੍ਰਿਤ ਅਤੇ ਲੱਛਮੀ (ਇਸ ਤਰ੍ਹਾਂ) ਨਿਕਲੀ, ਮਾਨੋ ਕਾਲੇ ਬਦਲ ਵਿੱਚ ਬਿਜਲੀ ਚਮਕੀ ਹੋਵੇ। ੩।

ਕਲਪਾ ਦ੍ਰੁਮ ਮਾਹੁਰ ਅਉ ਰੰਭਾ। ਜਿਹ ਮੋਹਿ ਰਹੈ ਲਖਿ ਇੰਦ੍ਰ ਸਭਾ।

ਮਨਿ ਕੌਸਤੁਭ ਚੰਦ ਸੁ ਰੂਪ ਸੁਭੰ। ਜਿਹ ਭਜਤ ਦੈਤ ਬਿਲੋਕ ਜੁਧੰ। ੪।

ਅਰਥ: ਫਿਰ ਕਲਪ ਬ੍ਰਿਛ, ਕਾਲਕੂਟ ਜ਼ਹਿਰ ਅਤੇ ਚੰਭਾ (ਨਾਂ ਦੀ ਅਪੱਛਰਾ ਨਿਕਲੀ) ਜਿਸ ਨੂੰ ਵੇਖ ਕੇ ਇੰਦਰ ਦੀ ਸਭਾ ਮੋਹੀ ਗਈ। (ਇਸ ਪਿੱਛੋਂ) ਕੌਸਤੁਭ ਮਣੀ ਅਤੇ ਸੁੰਦਰ ਸਰੂਪ ਵਾਲਾ ਚੰਦ੍ਰਮਾ (ਨਿਕਲਿਆ) ਜਿਸ ਨੂੰ ਵੇਖ ਕੇ ਦੈਂਤ ਯੁੱਧ ਲਈ ਭਜ ਪਏ। ੪।

ਨਿਕਸੀ ਗਵਰਾਜ ਸੁ ਧੇਨੁ ਭਲੀ। ਜਿਹ ਛੀਨਿ ਲਯੋ ਸਹਸਾਸਤ੍ਰ ਬਲੀ।

ਗਨਿ ਰਤਨ ਗਨਉ ਉਪ ਰਤਨ ਅਬੈ। ਤੁਮ ਸੰਤ ਸੁਨੋ ਚਿਤ ਲਾਇ ਸਬੈ। ੫।

ਅਰਥ: (ਫਿਰ) ਗਊਆਂ ਦੀ ਰਾਣੀ ਕਾਮਧੇਨ ਨਿਕਲੀ ਜਿਸ ਨੂੰ ਬਲੀ ਸਹਸ੍ਰਬਾਹੂ ਨੇ (ਜਮਦਗਨਿ ਰਿਸ਼ੀ ਤੋਂ) ਖੋਹ ਲਿਆ ਸੀ। ਰਤਨਾਂ ਨੂੰ ਗਿਣ ਕੇ ਹੁਣ ਉਪ-ਰਤਨਾਂ ਨੂੰ ਗਿਣਦਾ ਹਾਂ। ਤੁਸੀਂ ਸਾਰੇ ਸੰਤ ਚਿਤ ਲਗਾ ਕੇ ਸੁਣੋ। ੫।

ਗਨਿ ਜੋਕ ਹਰੀਤਕੀ ਓਰ ਮਧੰ। ਜਨ ਪੰਚ ਸੁ ਨਾਮਯ ਸੰਖ ਸੁਭੰ।

ਸਸਿ ਬੋਲ ਬਿਜਿਯਾ ਅਰੁ ਚਕ੍ਰ ਗਦਾ। ਜੁਵਰਾਜ ਬਿਰਾਜਤ ਪਾਨਿ ਸਦਾ। ੬।

ਅਰਥ: (ਇਹ ਰਤਨ) ਗਿਣਦਾ ਹਾਂ-ਜੋਕ, ਹਰੀੜ, ਓਰ (ਹਕੀਕ), ਮਧੁ (ਸ਼ਹਿਦ) ਪੰਚਜਨ ਨਾਂ ਦਾ ਸ਼ੁੱਭ ਸੰਖ, ਸੋਮ-ਲਤਾ, ਭੰਗ ( ‘ਬਿਜਿਯਾ’ ), ਸੁਦਰਸ਼ਨ ਚੱਕਰ ਅਤੇ ਗਦਾ ਜੋ ਯੁਵਰਾਜਾਂ ਦੇ ਹੱਥ ਵਿੱਚ ਸਦਾ ਸ਼ੋਭਦੇ ਹਨ। ੬।

ਧਨੁ ਸਾਰੰਗ ਨੰਦਗ ਖਗ ਭਣੰ। ਜਿਨ ਖੰਡਿ ਕਰੇ ਗਨ ਦਈਤ ਰਣੰ।

ਸਿਵ ਸੂਲ ਬੜਵਾਨਲ ਕਪਿਲ ਮੁਨੰ। ਤਿ ਧਨੰਤਰ ਚਉਦਸਵੋ ਰਤਨੰ। ੭।

ਅਰਥ: (ਫਿਰ) ਸਾਰੰਗ ਧਨੁਸ਼ (ਅਤੇ) ਨੰਦਗ ਖੜਗ (ਨਿਕਲੇ), ਜਿਨ੍ਹਾਂ ਨੇ ਜੰਗ ਵਿੱਚ ਦੈਂਤਾਂ ਦੇ ਦਲ ਦਾ ਨਾਸ਼ ਕੀਤਾ ਸੀ। (ਇਸ ਪਿਛੋਂ) ਸ਼ਿਵ ਦਾ ਤ੍ਰਿਸੂਲ, ਬੜਵਾ ਅਗਨੀ, ਕਪਲ ਮੁਨੀ ਅਤੇ ਧਨਵੰਤਰਿ (ਪ੍ਰਗਟ ਹੋਏ)। ਇਹ ਚੌਦਾਂ ਰਤਨ ਹਨ। ੭।

ਗਨਿ ਰਤਨ ਉਪਰਤਨ ਔ ਧਾਤ ਗਨੋ। ਕਹਿ ਧਾਤ ਸਬੈ ਉਪਧਾਤ ਭਨੋ।

ਸਬ ਨਾਮ ਜਥਾ ਮਤਿ ਸ੍ਹਯਾਮ ਧਰੋ। ਘਟ ਜਾਨ ਕਵੀ ਜਿਨਿ ਨਿੰਦ ਕਰੋ। ੮।

ਅਰਥ: ਰਤਨ ਅਤੇ ਉਪਰਤਨ ਗਿਣ ਕੇ ਹੁਣ ਧਾਤਾਂ ਗਿਣਦਾ ਹਾਂ। ਸਾਰੀਆਂ ਧਾਤਾਂ ਕਹਿ ਕੇ (ਫਿਰ) ਉਪਧਾਤਾਂ ਕਹਾਂਗਾ। (ਆਪਣੀ) ਬੁੱਧੀ ਅਨੁਸਾਰ ਸ਼ਿਆਮ (ਕਵੀ ਉਨ੍ਹਾਂ) ਸਭਨਾਂ ਦੇ ਨਾਮ ਧਰਦਾ ਹੈ। ਇਨ੍ਹਾਂ ਨੂੰ ਘਟ ਜਾਣ ਕੇ ਕਵੀ-ਜਨ ਨਿੰਦਾ ਨ ਕਰਨ। ੭।

ਪ੍ਰਿਥਮੇ ਗਨਿ ਲੋਹ ਸਿਕਾ ਸਵਰਨੰ। ਚਤੁਰਥ ਭਨ ਧਾਤ ਸਿਤੰ ਰੁਕਮੰ।

ਬਹੁਰੋ ਕਥਿ ਤਾਂਬਤ ਕਲੀ ਪਿਤਰੰ। ਕਥਿ ਅਸਟਮ ਜਿਸਤੁ ਹੈ ਧਾਤ ਧਰੰ। ੯।

ਅਰਥ: ਪਹਿਲਾਂ ਲੋਹਾ ਗਿਣੋ, (ਫਿਰ) ਸਿੱਕਾ ਅਤੇ ਸੋਨਾ ਅਤੇ ਚੌਥੀ ਧਾਤ ਚਿੱਟੇ ਰੰਗ ਦੀ ਚਾਂਦੀ ਕਹਿੰਦਾ ਹਾਂ। ਫਿਰ ਤਾਂਬਾ, ਕਲੀ ਅਤੇ ਪਿਤਲ ਕਹਿੰਦਾ ਹਾਂ। ਅੱਠਵੀਂ ਧਾਤ ਦਾ ਨਾਂ ਜਿਸਤ ਧਰਿਆ ਜਾਂਦਾ ਹੈ। ੯।

ਉਪਧਾਤ ਕਥਨੰ

ਤੋਟਕ ਛੰਦ

ਸੁਰਮੰ ਸਿੰਗਰਛ ਹਰਤਾਲ ਗਣੰ। ਚਾਤੁਰਥ ਤਿਹ ਸਿੰਬਲਖਾਰ ਭਣੰ।

ਮ੍ਰਿਤ ਸੰਖ ਮਨਾਸਿਲ ਅਭ੍ਰਕਯੰ। ਭਨਿ ਅਸਟਮ ਲੋਣ ਰਸੰ ਲਵਣੰ। ੧੦।

ਅਰਥ: ਸੁਰਮਾ, ਸ਼ਿੰਗਰਫ਼, ਹੜਤਾਲ (ਤਿੰਨ ਉਪਧਾਤਾਂ) ਗਿਣੀਆਂ ਜਾਂਦੀਆਂ ਹਨ ਅਤੇ ਚੌਥੀ ਸਿੰਮਲਖਾਰ ਮੰਨੀ ਜਾਂਦੀ ਹੈ। ਮੁਰਦਾ ਸੰਖ, ਮੁਨਸ਼ਿਲ, ਅਭ੍ਰਕ ਅਤੇ ਅੱਠਵੀਂ ਖਾਰੇ ਰਸ ਵਾਲਾ ਲੂਣ ਕਹੀ ਜਾਂਦੀ ਹੈ। ੧੦।

ਦੋਹਰਾ

ਧਾਤੁ ਉਪਧਾਤ ਜਥਾ ਸਕਤਿ ਸੋਹੌ ਕਹੀ ਬਨਾਇ। ਖਾਨਨ ਮਹਿ ਭੀ ਹੋਤ ਹੈ ਕੋਈ ਕਹੂੰ ਕਮਾਇ। ੧੧।

ਅਰਥ: (ਅੱਠ) ਧਾਤਾਂ ਅਤੇ (ਅੱਠ) ਉਪਧਾਤਾਂ ਸਮਰਥਾ ਅਨੁਸਾਰ ਕਹੀਆਂ ਹਨ। ਇਹ ਖਾਣਾਂ ਵਿੱਚ ਹੀ ਹੁੰਦੀਆ ਹਨ, ਭਾਵੇਂ ਕੋਈ ਕਿਤੋਂ ਹੀ ਪ੍ਰਾਪਤ ਕਰ ਲਵੇ। ੧੧।

ਚੌਪਈ

ਰਤਨ ਉਪਰਤਨ ਨਿਕਾਸੇ ਤਬ ਹੀ। ਧਾਤ ਉਪਧਾਤ ਦਿਰਬ ਮੋ ਸਬ ਹੀ।

ਤਿਹ ਤਬ ਹੀ ਬਿਸਨਹਿ ਹਿਰ ਲਯੋ। ਅਵਰਨਿ ਬਾਟ ਅਵਰਨਹਿ ਦਯੋ। ੧੨।

ਅਰਥ: ਰਤਨ ਅਤੇ ਉਪਰਤਨ (ਜਦੋਂ) ਨਿਕਲੇ, ਤਦੋਂ, ਹੀ ਧਾਤਾਂ ਅਤੇ ਉਪਧਾਤਾਂ (ਆਦਿ) ਸਾਰੇ ਪਦਾਰਥ ਪੈਦਾ ਹੋਏ। ਉਹ ਸਭ ਤਦੋਂ ਹੀ ਵਿਸ਼ਣੂ ਨੇ ਉਠਾ ਲਏ। ਇਕਨਾਂ (ਦੇਵਤਿਆਂ) ਨੂੰ ਵੰਡ ਦਿੱਤੇ ਅਤੇ ਹੋਰਨਾਂ (ਦੈਨਤਾਂ) ਨੂੰ ਕੁੱਝ ਨ ਦਿੱਤਾ। ੧੨।

ਸਾਰੰਗ ਸਰ ਅਸਿ ਚਕ੍ਰ ਗਸਾ ਲੀਅ। ਪਾਚਾਮਰ ਲੈ ਨਾਦ ਅਧਿਕ ਕੀਅ।

ਸੂਲ ਪਿਨਾਕ ਬਿਸਹ ਕਰਿ ਲੀਨਾ। ਸੋ ਲੈ ਮਹਾਦੇਵ ਕਉ ਦੀਨਾ। ੧੩।

ਅਰਥ: (ਸਾਰੰਗ) ਧਨੁਸ਼, ਬਾਣ, (ਨੰਦਗ) ਖੜਗ, (ਸੁਦਰਸ਼ਨ) ਚੱਕਰ ਅਤੇ ਗਦਾ (ਵਿਸ਼ਣੂ ਨੇ ਆਪ ਰਖ ਲਏ) ਅਤੇ ਪੰਚਜਨ ਸੰਖ (ਆਪਣੇ) ਹੱਥ ਵਿੱਚ ਲੈ ਕੇ ਜ਼ੋਰ ਦਾ ਨਾਦ ਕੀਤਾ। ਫਿਰ ਹਸ ਕੇ ਪਿਨਾਕ ਨਾਂ ਦਾ ਤ੍ਰਿਸ਼ੂਲ ਹੱਥ ਵਿੱਚ ਫੜ ਲਿਆ ਜੋ ਮਹਾਦੇਵ ਨੂੰ ਦੇ ਦਿੱਤਾ। ੧੩।

ਭੁਜੰਗ ਪ੍ਰਯਾਤ ਛੰਦ

ਦੀਯੋ ਇੰਦ੍ਰ ਐਰਾਵਤੰ ਬਾਜ ਸੂਰੰ। ਉਠੇ ਦੀਹ ਦਾਨੋ ਜੁਧੰ ਲੋਹ ਪੂਰੰ।

ਅਨੀ ਦਾਨਵੀ ਦੇਖਿ ਉਠੀ ਅਪਾਰੰ। ਤਬੇ ਬਿਸਨ ਜੂ ਚਿਤਿ ਕੀਨੀ ਬਿਚਾਰੰ। ੧੪।

ਅਰਥ: ਇੰਦਰ ਨੂੰ ਐਰਾਵਤ ਹਾਥੀ ਅਤੇ ਸੂਰਜ ਨੂੰ ਉੱਚਸ਼੍ਰਵਾ ਘੋੜਾ ਦਿੱਤਾ। (ਇਹ ਪੱਖਪਾਤ) ਵੇਖ ਕੇ ਦੈਂਤ ਸ਼ਸਤ੍ਰ ਲੈ ਕੇ ਯੁੱਧ ਲਈ ਉਠ ਖੜੋਤੇ। (ਉਨ੍ਹਾਂ ਨੂੰ ਉਠਿਆ) ਵੇਖ ਕੇ ਦੈਂਤਾਂ ਦੀ ਅਪਾਰ ਫੌਜ ਵੀ ਉਠ ਖੜੋਤੀ। ਤਦੋਂ ਵਿਸ਼ਣੂ ਨੇ ਚਿੱਤ ਵਿਚਾਰ ਕੀਤਾ। ੧੪। (ਇਹ ਪ੍ਰਸੰਗ ਅਗੇ ਚਾਲੂ ਹੈ….)

ਇਹ ਵਾਰਤਾ ਪੜ੍ਹ ਕੇ, ਕੀ ਇਹ ਨਹੀਂ ਪ੍ਰਤੀਤ ਹੁੰਦਾ ਕਿ ਇਹ ਸਾਰਾ ਪ੍ਰਸੰਗ ਹਿੰਦੂ ਦੇਵਤਿਆਂ ਅਤੇ ਦੈਂਤਾਂ ਦੀ ਅਖੌਤੀ ਕਹਾਣੀ ਹੈ ਕਿਉਂਕਿ ਇੰਜ ਸਮੁੰਦਰ ਨੂੰ ਰਿੜਕਣਾ ਅਤੇ ਉਸ ਵਿਚੋਂ ਕਈ ਤਰ੍ਹਾਂ ਦੇ ਜਾਨਵਰ ਨਿਕਲਣੇ, ਮਨੋਕਲਪਨਾ ਹੀ ਜਾਪਦੀ ਹੈ! ਕੀ ਇਹ ਸਰਾਸਰ ਦੇਵਤਿਆਂ ਦੀ ਬੇਈਮਾਨੀ ਨਹੀਂ ਕਿ ਪਹਿਲਾਂ ਕੀਤੇ ਵਚਨਾਂ ਤੋਂ ਮੁੱਕਰ ਜਾਣਾ? ਸਿੱਖ ਪੁਜਾਰੀ, ਪ੍ਰਚਾਰਕ ਅਤੇ ਪ੍ਰਬੰਧਕ ਸ਼ਰਾਬ, ਅਪਸਰਾ, ਭੰਗ, ਆਦਿਕ ਕੀ ਕਰਦੇ ਹਨ? ਕੀ ਇਸ ਦਾ ਲਿਖਣ ਵਾਲਾ ਕਵੀ ਸ਼ਿਆਮ ਨਹੀਂ? ਫਿਰ, ਇਸ ਨੂੰ ਪਾਤਿਸ਼ਾਹੀ ੧੦ ਨਾਲ ਕਿਉਂ ਜੋੜਿਆ ਜਾ ਰਿਹਾ ਹੈ? ਬਹਿਰ ਰਹਿੰਦੇ ਸਿੱਖਾਂ ਨੂੰ ਐਸੇ ਅਖੌਤੀ ਪ੍ਰਚਾਰਕਾਂ, ਲੇਖਕਾਂ ਅਤੇ ਦੂਜਿਆਂ ਦੇ ਝੋਲੀ-ਚੁੱਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਸੰਗਤਾਂ ਨੂੰ ਐਸੀ ਬਿਪਰ-ਜ਼ਹਿਰ ਨਾ ਦੇਣ?

According to The Sikh Gurdwaras Act 1925, SGPC was established with a view to maintain the Historical Gurduaras and to propagate the Guru’s Teachings as enshrined in the Guru Granth Sahib. Then why SGPC and its toady Preachers have been propagating Bachiter Natak and other such mythical literature written much later than the Guru Period (1469-1708)?

ਆਓ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮ ਅਨੁਸਾਰ, ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਤੋਂ ਸਿਖਿਆ ਪਰਾਪਤ ਕਰਕੇ, ਆਪਣਾ ਸਚਿਆਰ ਜੀਵਨ ਬਤੀਤ ਕਰੀਏ। ਧੰਨਵਾਦ ਸਹਿਤ,

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੨੮ ਜੁਲਾਈ ੨੦੧੩




.