ਮਿਰਤਕ ਵਿੱਚ ਸਵਾਸ ਪਉਣੇ
ਮੁੱਢ ਕਦੀਮ ਤੋਂ ਹੀ ਸਾਡੇ ਸੁਭਾਅ ਵਿੱਚ ਇੱਕ ਵਿਚਾਰ ਬੈਠਾ ਹੋਇਆ ਹੈ ਕਿ
ਸੰਸਾਰ ਵਿੱਚ ਕੁੱਝ ਅਜੇਹੇ ਲੋਕ ਆਉਂਦੇ ਹਨ, ਜਿੰਨ੍ਹਾ ਪਾਸ ਕੁੱਝ ਗ਼ੈਬੀ ਸ਼ਕਤੀਆਂ ਹੁੰਦੀਆਂ ਹਨ।
ਇਹਨਾਂ ਗ਼ੈਬੀ ਸ਼ਕਤੀਆਂ ਨਾਲ ਜੋ ਚਾਹੁੰਣ ਉਹ ਪ੍ਰਾਪਤ ਕਰ ਸਕਦੇ ਹਨ। ਲੋਕ ਧਾਰਨਾ ਵਿੱਚ ਇਹ ਗੱਲ ਵੀ
ਵੱਸੀ ਹੋਈ ਹੈ ਕਿ ਗ਼ੈਬੀ ਸ਼ਕਤੀ ਦੇ ਮਾਲਕ ਜਦੋਂ ਮਨ ਚਾਹੇ ਉਹ ਮੀਂਹ ਪਵਾ ਸਕਦੇ ਹਨ ਤੇ ਆਪਣੀ ਮਰਜ਼ੀ
ਨਾਲ ਮੀਂਹ ਨੂੰ ਹਟਾ ਵੀ ਸਕਦੇ ਹਨ। ਏਸੇ ਧਾਰਨਾ ਕਰਕੇ ਹੀ ਕੁੱਝ ਲੋਕਾਂ ਨੇ ਬਾਹਰਲੇ ਤਲ `ਤੇ ਕੁੱਝ
ਇਸ ਤਰ੍ਹਾਂ ਦਾ ਭੇਖ ਧਾਰਨ ਕਰ ਲਿਆ ਤਾਂ ਕਿ ਲੋਕ ਸਾਨੂੰ ਇਹ ਸਮਝਣ ਕੇ ਅਸੀਂ ਰੱਬ ਜੀ ਦੇ ਬਹੁਤ
ਨਜ਼ਦੀਕ ਹਾਂ। ਕਈ ਤਾਂ ਏਨੇ ਉਤਾਵਲੇ ਹੁੰਦੇ ਕਿ ਉਹ ਮਰਿਆਂ ਵਿੱਚ ਸਵਾਸ ਚਲਾ ਕੇ ਹੀ ਸਾਹ ਲੈਂਦੇ ਹਨ।
ਜਿੱਥੇ ਵੀ ਚਾਰ ਬੰਦੇ ਜੁੜ ਕੇ ਬੈਠਦੇ ਹਨ ਓੱਥੇ ਅਜੇਹੀਆਂ ਗੱਲਾਂ ਅਕਸਰ ਹੁੰਦੀਆਂ ਹੀ ਰਹਿੰਦੀਆਂ ਕਿ
ਫਲਾਣੇ ਥਾਂ ਬੰਦਾ ਮਰ ਗਿਆ, ਜਦੋਂ ਉਸ ਨੂੰ ਧਰਮਰਾਜ ਪਾਸ ਲੈ ਕੇ ਗਏ ਤਾਂ ਅੱਗੋਂ ਧਰਮਰਾਜ ਕਹਿਣ
ਲੱਗਾ ਮੂਰਖੋ ਏਨੂੰ ਥੋੜਾ ਲ਼ਿਆਉਣਾ ਸੀ। ਦੂਸਰੇ ਪਿੰਡ ਵਾਲਾ ਆਦਮੀ ਲੈ ਕੇ ਆਉਣਾ ਸੀ। ਲਓ ਜੀ ਫਿਰ ਕੀ
ਹੋਇਆ ਪਹਿਲਾ ਮਰਿਆ ਹੋਇਆ ਜਿਉਂਦਾ ਹੋ ਗਿਆ ਤੇ ਦੂਜੇ ਪਿੰਡ ਵਾਲਾ ਆਦਮੀ ਫੁੜਕ ਪਿਆ। ਏਦ੍ਹਾਂ ਦੀਆਂ
ਗੱਲਾਂ ਸੁਣਨ ਦਾ ਬੰਦੇ ਨੂੰ ਬਹੁਤ ਚਾਉ ਰਹਿੰਦਾ ਹੈ। ਸਿੱਖੀ ਦੇ ਵਿਹੜੇ ਵਿੱਚ ਵੀ ਇੱਕ ਅਜੇਹਾ ਖ਼ਿਆਲ
ਚੱਲਦਾ ਹੈ ਕਿ ਕੋਈ ਗ਼ੈਬੀ ਸ਼ਕਤੀਆਂ ਦਾ ਮਾਲਕ ਮਰੇ ਹੋਏ ਬੰਦੇ ਵਿੱਚ ਸਵਾਸ ਦੁਬਾਰਾ ਚੱਲਾਅ ਸਕਦਾ ਹੈ।
ਤੇ ਪ੍ਰਮਾਣ ਦਿੱਤਾ ਜਾਂਦਾ ਹੈ
ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ।।
ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ।। ੧।।
ਸੋਰਠਿ ਮਹਲਾ ੫ ਪੰਨਾ ੬੧੪
ਜਨ ਸਧਾਰਨ ਲੋਕ ਫਿਰ ਬਾਬਿਆਂ ਦੇ ਪਿੱਛੇ ਲੱਗ ਤੁਰਦੇ ਹਨ ਕਿ ਬਾਬਾ ਜੀ ਵਿੱਚ
ਇੱਕ ਅਜੇਹੀ ਸੱਤਿਆ ਹੈ ਕਿ ਉਹ ਮਿਰਤਕ ਵਿੱਚ ਫਿਰ ਜਾਨ ਪਾ ਸਕਦੇ ਹਨ।
ਸਭ ਤੋਂ ਪਹਿਲਾਂ ਗਰਬਾਣੀ ਵਿਚੋਂ ਇਹ ਸਮਝਣ ਦਾ ਯਤਨ ਕਰਨਾ ਹੈ, ਕਿ ਗੁਰਬਾਣੀ
ਮਿਰਤਕ ਕਿਸ ਨੂੰ ਆਖਦੀ ਹੈ?
ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ।।
ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ।। ੧।।
ਸਲੋਕ ਮ: ੫ ਪੰਨਾ ੨੫੩
ਅਰਥ--
ਜੇ ਕੋਈ ਬੜੇ ਸੁੰਦਰ, ਚੰਗੀ ਕੁਲ
ਵਾਲੇ, ਸਿਆਣੇ, ਗਿਆਨਵਾਨ ਤੇ ਧਨਵਾਨ ਬੰਦੇ ਭੀ ਹੋਣ, ਪਰ, ਹੇ ਨਾਨਕ!
ਜਿਨ੍ਹਾਂ ਦੇ ਅੰਦਰ ਭਗਵਾਨ ਦੀ ਪ੍ਰੀਤਿ ਨਹੀਂ ਹੈ, ਉਹ ਮੁਰਦੇ ਹੀ ਆਖੇ ਜਾਂਦੇ ਹਨ (ਭਾਵ, ਵਿਕਾਰਾਂ
ਵਿੱਚ ਮਰੀ ਹੋਈ ਆਤਮਾ ਵਾਲੇ)
ਇਨਸਾਨ ਪਾਸ ਉੱਚ ਕੁਲ ਦੀ ਮਾਲਕੀ, ਬੇ-ਹੱਦ ਸੁੰਦਰਤਾ, ਆਪਣੇ ਆਪ ਨੂੰ
ਗਿਆਨਵਾਨ ਆਖਵਾਉਣ ਵਾਲਾ, ਅਸਮਾਨ `ਤੇ ਟਾਕੀਆਂ ਲਾਉਣ ਵਾਲੀਆਂ ਚਲਾਕੀਆਂ ਹੋਣ, ਤੇ ਚਾਰ ਕੌਡੀਆਂ ਦਾ
ਮਾਲਕ ਵੀ ਹੋਵੇ ਏੰਨਾ ਕੁੱਝ ਹੋਣ ਦੇ ਬਾਵਜੂਦ ਜੇ ਕਰ ਇਸ ਖ਼ੁਦਾ ਦੇ ਬੇਟੇ ਪਾਸ ਮਨੁੱਖਤਾ ਪ੍ਰਤੀ
ਪਿਆਰ ਦੀ ਭਾਵਨਾ ਨਹੀਂ ਹੈ ਤਾਂ ਅਜੇਹੇ ਸਰੀਰਕ ਤਲ `ਤੇ ਜਿਉਣ ਵਾਲੇ ਨੂੰ ਮਰਿਆ ਹੋਇਆ ਹੀ ਕਿਹਾ ਜਾ
ਸਕਦਾ ਹੈ।
ਗੁਰਬਾਣੀ ਨੇ ਇੱਕ ਉਸ ਇਨਸਾਨ ਨੂੰ ਵੀ ਮਿਰਤਕ ਦਾ ਦਰਜਾ ਦਿੱਤਾ ਹੈ ਜਿਸ ਦੇ
ਪਾਸ ਆਤਮਕ ਸੂਝ ਨਹੀਂ ਹੈ ਤੇ ਨਾ ਹੀ ਕਦੇ ਸ਼ਬਦ ਦੀ ਵਿਚਾਰ ਕੀਤੀ ਹੈ ਜੇਹਾ ਕਿ—
ਸਤਿਗੁਰੁ ਜਿਨੀ ਨਾ ਸੇਵਿਓ, ਸਬਦਿ ਨ ਕੀਤੋ ਵੀਚਾਰੁ।।
ਅੰਤਰਿ ਗਿਆਨੁ ਨ ਆਇਓ, ਮਿਰਤਕੁ ਹੈ ਸੰਸਾਰਿ।।
ਲਖ ਚਉਰਾਸੀਹ ਫੇਰੁ ਪਇਆ, ਮਰਿ ਜੰਮੈ ਹੋਇ ਖੁਆਰੁ।।
ਸਲੋਕ ਮ: ੩ ਪੰਨਾ ੮੮
ਇਸ ਸਲੋਕ ਵਿੱਚ ਸਤਿਗੁਰ ਦੀ ਸਿੱਖਿਆ ਤੋਂ ਮੁਨਕਰ ਹੋਣਾ ਦੂਜਾ ਸ਼ਬਦ ਦੀ
ਵਿਚਾਰ ਤੋਂ ਕਿਨਾਰਾ ਕਰਨਾ ਤੇ ਤੀਜਾ ਦੂਰੀ ਬਣਾ ਕੇ ਚੱਲਣ ਵਾਲੇ ਕੋਲ ਆਤਮਿਕ ਗਿਆਨ ਨਹੀਂ ਆ ਸਕਦਾ।
ਅਜੇਹੇ ਮਨੁੱਖ ਨੂੰ ਗੁਰਬਾਣੀ ਮਿਰਤਕ ਆਖਦੀ ਹੈ। ਇਹੋ ਜੇਹਾ ਇਨਸਾਨ ਆਪਣੇ ਵਰਤਮਾਨ ਜੀਵਨ ਵਿੱਚ ਹੀ
ਚਉਰਾਸੀ ਲੱਖ ਦੇ ਗੇੜ ਵਿੱਚ ਪਿਆ ਹੋਇਆ ਨਜ਼ਰ ਆਉਂਦਾ ਹੈ।
ਅਨਿਕ ਰਸਾ ਖਾਏ ਜੈਸੇ ਢੋਰ।। ਮੋਹ ਕੀ ਜੇਵਰੀ ਬਾਧਿਓ ਚੋਰ।। ੧।।
ਮਿਰਤਕ ਦੇਹ ਸਾਧ ਸੰਗ ਬਿਹੂਨਾ।। ਆਵਤ ਜਾਤ ਜੋਨੀ ਦੁਖ ਖੀਨਾ।। ੧।। ਰਹਾਉ
ਗਉੜੀ ਮਹਲਾ ੫ ਪੰਨਾ ੧੯੦
ਸਾਧ ਸੰਗਤ ਤੋਂ ਵਾਂਝਾ ਰਹਿਣ ਵਾਲੇ ਮਨੁੱਖ ਨੂੰ ਗੁਰਬਾਣੀ ਮਰਿਆ ਹੋਇਆ ਐਲਾਨ
ਕਰਦੀ ਹੈ। ਅਜੇਹਾ ਮਨੁੱਖ ਹਰ ਸਮੇਂ ਜਨਮ ਮਰਣ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਪਸ਼ੂਆਂ ਵਾਂਗ ਕੇਵਲ
ਖਾਣ ਪੀਣ ਤੀਕ ਸੀਮਤ ਰਹਿਣ ਵਾਲਾ ਅਤਮਿਕ ਮੌਤੇ ਮਰਿਆ ਹੋਇਆ ਸਮਝਣਾ ਚਾਹੀਦਾ ਹੈ।
ਜ਼ਿੰਦਗੀ ਵਿੱਚ ਕੇਵਲ ਦੂਜਿਆਂ ਦੇ ਨੁਕਸ ਹੀ ਲੱਭੀ ਜਾਣ ਵਾਲੇ ਨੂੰ ਵੀ ਮਿਰਤਕ
ਦਾ ਦਰਜਾ ਦਿੱਤਾ ਗਿਆ ਹੈ।
ਨਿੰਦਾ ਕਰਿ ਕਰਿ ਪਚਹਿ ਘਨੇਰੇ।। ਮਿਰਤਕ ਫਾਸ ਗਲੈ ਸਿਰਿ ਪੈਰੇ।। ੩
ਬਿਲਾਵਲ ਮਹਲਾ ੫ ਪੰਨਾ ੮੦੬
ਕਬੀਰ ਸਾਹਿਬ ਜੀ ਨੇ ਆਪਣੇ ਵਰਤਮਾਨ ਜੀਵਨ ਵਿੱਚ ਹੀ ਮਨੁੱਖ ਨੂੰ ਮਿਰਤਕ ਹੋਣ
ਲਈ ਕਿਹਾ ਹੈ ਜੇਹਾ ਕਿ ਵਾਕ ਹੈ
ਕਬੀਰ ਐਸਾ ਏਕੁ ਆਧੁ, ਜੋ ਜੀਵਤ ਮਿਰਤਕੁ ਹੋਇ।।
ਨਿਰਭੈ ਹੋਇ ਕੈ ਗੁਨ ਰਵੈ, ਜਤ ਪੇਖਉ ਤਤ ਸੋਇ।। ੫।।
ਸਲੋਕ ਕਬੀਰ ਜੀ ਕੇ ਪੰਨਾ ੧੩੬੪
ਸੰਸਾਰਕ ਵਿਕਾਰਾਂ ਵਲੋਂ ਸਦਾ ਸੁਚੇਤ ਰਹਿਣ ਵਾਲੇ ਨੂੰ ਆਤਮਿਕ ਤਲ਼ `ਤੇ ਜਿਉਣ
ਵਾਲੇ ਨੂੰ ਮਿਰਤਕ ਕਿਹਾ ਹੈ। ਉਹ ਹਰ ਸਮੇਂ ਨਿਰਭੈ ਹੋ ਕੇ ਰੱਬੀ ਗੁਣਾਂ ਵਿੱਚ ਇਕਮਕਤਾ ਰੱਖਦਾ ਹੈ।
ਗੁਰਬਾਣੀ ਆਤਮਿਕ ਗੁਣਾਂ ਤੋਂ ਹੀਣੇ ਮਨੁੱਖ ਨੂੰ ਮਿਰਤਕ ਆਖਦੀ ਹੈ। ਅਜੇਹੀ
ਮਿਰਤਕ ਆਤਮਾ ਵਿੱਚ ਸ਼ੁਭ ਗੁਣ ਭਰ ਕੇ ਉਸ ਨੂੰ ਜਿਉਂਦਾ ਕਰਦੀ ਹੈ। ਇਸ ਨੂੰ ਕਿਹਾ ਗਿਆ ਹੈ ਮਿਰਤਕ
ਸਰੀਰ ਵਿੱਚ ਸ਼ੁਭ ਗੁਣਾਂ ਦੇ ਸਵਾਸ ਚਲਾਉਣੇ। ਭਾਵ ਕਿ ਵਿਕਾਰਾਂ ਵਿੱਚ ਮਰੇ ਹੋਏ ਨੂੰ ਨਵਾਂ ਜੀਵਨ
ਦੇਂਦੀ ਹੈ। ਜੇਹਾ ਕਿ ਫਰਮਾਣ ਹੈ—
ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ।।
ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ।। ੧।।
(ਗੁਰੂ ਆਤਮਕ ਤੌਰ ਤੇ) ਮਰੇ ਹੋਏ ਮਨੁੱਖ ਦੇ ਸਰੀਰ ਵਿੱਚ ਨਾਮ-ਜਿੰਦ ਪਾ
ਦੇਂਦਾ ਹੈ, (ਪ੍ਰਭੂ ਤੋਂ) ਵਿਛੁੜੇ ਹੋਏ ਮਨੁੱਖ ਨੂੰ ਲਿਆ ਕੇ (ਪ੍ਰਭੂ ਨਾਲ) ਮਿਲਾ ਦੇਂਦਾ ਹੈ। ਪਸ਼ੂ
(-ਸੁਭਾਉ ਮਨੁੱਖ) ਪ੍ਰੇਤ (-ਸੁਭਾਉ ਬੰਦੇ) ਮੂਰਖ ਮਨੁੱਖ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ)
ਸੁਣਨ ਵਾਲੇ ਬਣ ਜਾਂਦੇ ਹਨ, ਪਰਮਾਤਮਾ ਦਾ ਨਾਮ ਮੂੰਹ ਨਾਲ ਗਾਣ ਲੱਗ ਜਾਂਦੇ ਹਨ।
ਗੁਰਬਾਣੀ ਸਰੀਰ ਦੇ ਤਲ਼ ਤੇ ਮਰੇ ਹੋਏ ਦੀ ਗੱਲ ਨਹੀਂ ਕਰ ਰਹੀ ਇਹ `ਤੇ
ਵਿਕਾਰਾਂ ਵਿੱਚ ਮਰੇ ਹੋਏ ਨੂੰ ਮ੍ਰਿਤਕ ਆਖਦੀ ਹੈ।
ਬੇ-ਗ਼ੈਰਤ, ਅਣਖ਼ਹੀਣ ਹੋ ਚੁਕਿਆ, ਸਿਧਾਂਤ ਨਾਲ ਸਮਝਾਉਤਾ ਕਰਨ ਵਾਲਾ, ਕੌਮ
ਨੂੰ ਦਿਨ ਦੀਵੀਂ ਵੇਚਣ ਵਾਲਾ ਤੇ ਜ਼ਿੰਦਗੀ ਦੀਆਂ ਹਕੀਕਤਾਂ ਤੋਂ ਗਿਰ ਚੁੱਕੇ ਮਨੁੱਖ ਨੂੰ ਮਿਰਤਕ
ਕਿਹਾ ਗਿਆ ਹੈ।
ਇਹ ਮਰਿਆਪਨ ਦੂਰ ਹੋ ਸਕਦਾ ਹੈ ਜਦੋਂ ਸਿਧਾਂਤ ਤੇ ਅੜ ਖਲਾਉਂਦਾ ਹੈ,
ਵਿਕਾਰਾਂ ਨੂੰ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ।
ਮਿਰਤਕ ਭਏ ਦਸੈ ਬੰਦ ਛੂਟੇ, ਮਿਤ੍ਰ ਭਾਈ ਸਭ ਛੋਰੇ।।
ਕਹਤ ਕਬੀਰਾ ਜੋ ਹਰਿ ਧਿਆਵੈ, ਜੀਵਤ ਬੰਧਨ ਤੋਰੇ।। ੫।।
ਰਾਗ ਆਸਾ ਬਾਣੀ ਭਗਤ ਕਬੀਰ ਜੀੳ ਕੀ ਪੰਨਾ ੪੮੦