ਪੈਰਾਂ ‘ਤੇ ਸਿਰ ਧਰਨ ਵਾਲੇ ਲੋਕ…।
-ਰਘਬੀਰ ਸਿੰਘ ਮਾਨਾਂਵਾਲੀ
ਗੁਰੂ ਨਾਨਕ ਦੇਵ ਜੀ ਨੇ ਲੋਕਾਈ
ਨੂੰ ਪੁਜਾਰੀ ਜਮਾਤ ਦੇ ਸ਼ਿਕੰਜੇ ਵਿਚੋਂ ਕੱਢਣ ਲਈ ਵਿਲੱਖਣ ਅਤੇ ਵਿਗਿਆਨਿਕ ਧਰਮ ਦੀ ਨੀਂਹ ਰੱਖੀ। ਉਸ
ਧਰਮ ਦਾ ਸਮੁੱਚਾ ਸਿਧਾਂਤ ਕਿਰਤ ਕਰਨੀ, ਵੰਡ ਛੱਕਣਾ ਅਤੇ ਅਕਾਲ ਪੁਰਖ ਨੂੰ ਯਾਦ ਰੱਖ ਕੇ ਉਸ ਅਨੁਸਾਰ
ਆਪਣਾ ਜੀਵਨ ਜਿਊਣਾ ਸੀ। ਗੁਰੂ ਨਾਨਕ ਸਾਹਿਬ ਨੇ ਆਪਣੇ ਉੱਚੇ, ਰੂਹਾਨੀ ਅਤੇ ਕ੍ਰਾਂਤੀਕਾਰੀ ਵਿਚਾਰਾਂ
ਨਾਲ ਪੁਜਾਰੀਆਂ ਨੂੰ ਚਿੱਤ ਕਰ ਦਿਤਾ ਸੀ। ਪਰ ਪੁਜਾਰੀ ਜਮਾਤ ਅੱਜ ਤੱਕ ਵੀ ਗੁਰਮਤਿ ਸਿਧਾਂਤਾਂ ਨੂੰ
ਨੀਵਾਂ ਦਿਖਾਉਣ ਦੇ ਯਤਨ ਜਾਰੀ ਰੱਖ ਰਹੇ ਹਨ। ਓਹੀ ਪੁਜਾਰੀ ਅੱਜ ਸੰਤ, ਬ੍ਰਹਮ ਗਿਆਨੀ, ਮਹਾਰਾਜ,
ਸਤਿਗੁਰੂ, ਦੇਹਧਾਰੀ ਗੁਰੂ ਅਤੇ ਸ਼੍ਰੀਮਾਨ 108 ਆਦਿ ਦੇ ਰੂਪ ਵਿੱਚ ਮੁੜ ਲੋਕਾਈ ਨੂੰ ਲੁੱਟਣ ਲਈ ਸਫਲ
ਹੋ ਰਹੇ ਹਨ।
ਅੱਜ ਅਫਸੋਸ ਹੁੰਦਾ ਹੈ ਅਖੌਤੀ ਸਾਧਾਂ-ਸੰਤਾਂ ਦੇ ਪੈਰਾਂ ‘ਤੇ ਸਿਰ ਧਰਨ ਵਾਲੇ ਲੋਕਾਂ ਵੱਲ ਵੇਖ ਕੇ…
ਕਿ ਲਗਭਗ ਸਾਢੇ ਪੰਜ ਸੌ ਸਾਲ ਵਿੱਚ ਗੁਰਬਾਣੀ ਦਾ ਬਿਬੇਕ ਗਿਆਨ ਪ੍ਰਾਪਤ ਕਰਨ ਵਿੱਚ ਅਜਿਹੇ ਲੋਕ
ਫੇਲ੍ਹ ਹੋਏ ਹਨ। ਉਹਨਾਂ ਦੀ ਮੱਤ ਅਤੇ ਸੋਚਣੀ ਪੱਥਰ ਯੁੱਗ ਵਾਲੀ ਹੀ ਰਹੀ ਹੈ। ਗੁਰੂ ਨਾਨਕ ਸਾਹਿਬ
ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਦੇ ਸਮੇਂ ਵਿੱਚ ਇਨਕਲਾਬੀ ਬਦਲਾਵ ਹੋਣ ਪੁਰ ਵੀ ਸਿੱਖ ਅਤੇ
ਗੁਰਮਤਿ ਨਾਲ ਜੁੜੇ ਲੋਕ ਕੱਚੇ ਹੀ ਰਹੇ ਹਨ। ‘ਗੁਰੂ ਮਾਨਿਓ ਗ੍ਰੰਥ…। ‘ਦੇ ਸਿਧਾਂਤ ਨੂੰ ਵੀ ਉਹਨਾਂ
ਪੱਲੇ ਨਹੀਂ ਬੰਨਿਆ। ਸਗੋਂ ਮਨਮੁੱਖ ਅਤੇ ਦੇਹਧਾਰੀ ਗੁਰੂਆਂ ਦੇ ਲੜ ਲੱਗ ਕੇ ਗੁਰਬਾਣੀ ਸਿਧਾਂਤ ਤੋਂ
ਕੋਹਾਂ ਦੂਰ ਹੋ ਗਏ ਹਨ। ਅਤੇ ਮੁੜ ਉਹਨਾਂ ਕਰਮਕਾਂਡਾਂ ਵਿੱਚ ਉਲਝ ਗਏ ਹਨ, ਜਿਹਨਾਂ ਨੂੰ ਗੁਰੂ
ਸਾਹਿਬ ਨੇ ਮਨ੍ਹਾਂ ਕੀਤਾ ਸੀ। ਪੰਜਾਬ ਵਿੱਚ ਕਰੀਬ ਪੰਜਾਹ ਹਜ਼ਾਰ ਦੇ ਕਰੀਬ ਅਖੌਤੀ ਸਾਧਾਂ
ਸੰਤਾਂ, ਬ੍ਰਹਮ ਗਿਆਨੀਆਂ, ਸਤਿਗੁਰ ਮਹਾਰਾਜਾਂ ਦੇ ਡੇਰੇ ਬਣੇ ਹੋਏ ਹਨ। ਤੇ ਉਹਨਾਂ ਡੇਰਿਆਂ ਵਿੱਚ
ਸੰਤਾਂ ਸਾਧਾਂ ਦੇ ਤਲੂਏ ਚੱਟਣ ਵਾਲਿਆਂ ਦੀ ਦਲੀ ਤੇ ਮਲੀ ਮਰਨ ਵਰਗੀ ਭੀੜ ਜੁੜੀ ਰਹਿੰਦੀ ਹੈ। ਤੇ ਉਹ
ਸਾਰੀ ਭੀੜ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਦਿਖਾ ਕੇ ਕਰਮਕਾਂਡ ਕਰ ਰਹੀ ਹੁੰਦੀ ਹੈ।
ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸਿਆਣਿਆਂ ਦੀ ਵੱਡੀ ਭੀੜ ਨਹੀਂ ਹੁੰਦੀ ਅਤੇ ਹਰ ਭੀੜ ਵਿੱਚ ਬਹੁਤ
ਸਿਆਣੇ ਨਹੀਂ ਹੁੰਦੇ …। ਡੇਰਿਆਂ ਵਿੱਚ ਅੰਮ੍ਰਿਤਧਾਰੀ ਬਜ਼ੁਰਗ ਸਿੰਘ ਵੀ ਛੋਕਰੇ ਜਿਹੇ
ਸਾਧਾਂ-ਸੰਤਾਂ ਦੇ ਪੈਰਾਂ ‘ਤੇ ਵਾਰ-ਵਾਰ ਸਿਰ ਧਰਦੇ ਵੇਖੇ ਜਾ ਸਕਦੇ ਹਨ ਹਨ। ਜਣੇ-ਖਣੇ ਨੂੰ ਅਤੇ
ਥਾਂ-ਥਾਂ ਮੱਥਾ ਟੇਕਣ ਵਾਲੇ ਅਜਿਹੇ ਲੋਕਾਂ ਵੱਲ ਵੇਖ ਕੇ ਕਿਸੇ ਸ਼ਾਇਰ ਨੇ ਉਹਨਾਂ ਲੋਕਾਂ ਦੀ ਮੂਰਖਤਾ
ਪੁਰ ਇੱਕ ਸ਼ੇਅਰ ਲਿਖਿਆ ਹੈ, ਜੋ ਮੇਰੇ ਜ਼ਿਹਨ ਵਿੱਚ ਹਮੇਸ਼ਾ ਹਥੋੜੇ ਵਾਂਗ ਵੱਜਦਾ ਰਹਿੰਦਾ ਹੈ:-
ਜੇ ਤਲੀਆਂ ‘ਤੇ ਸਿਰ ਧਰਦੇ ਤਾਂ ਇਥੇ ਇਨਕਲਾਬ ਆਉਣਾ ਸੀ,
ਪੈਰਾਂ ‘ਤੇ ਸਿਰ ਧਰਦੇ ਇਹਨਾਂ ਲੋਕਾਂ ਦਾ ਕੀ ਕਰੀਏ?
ਰਹਿ ਰਹਿ ਕੇ ਮੇਰੇ ਮਨ ਨੂੰ ਇਹ ਕਲੇਸ਼ ਚੜ੍ਹਦਾ ਹੈ ਕਿ ਗੁਰੂ ਸਾਹਿਬ ਦੁਆਰਾ ਰਚਿਤ ਰੂਹਾਨੀ ਤੇ
ਸਮੁੰਦਰ ਦੀ ਗਹਿਰਾਈ ਵਰਗੀ ਡੂੰਘੀ ਤੇ ਅੰਬਰਾਂ ਜਿਹੀ ਉੱਚੀ ਸੋਚ ਵਾਲੀ ਬਾਣੀ ਨੂੰ ਅਜਿਹੇ ਲੋਕਾਂ ਨੇ
ਕਿਉਂ ਨਹੀਂ ਗ੍ਰਹਿਣ ਕੀਤਾ? ਕਿਉਂ ਉਹ ਅਖੌਤੀ ਢੋਂਗੀ ਤੇ ਮਕਾਰੀ ਸਾਧਾਂ ਦੇ ਪੈਰਾਂ ‘ਤੇ ਸਿਰ ਧਰਕੇ
ਅਤੇ ਮੂਰਖਤਾਈ ਦਿਖਾਅ ਕੇ ਆਪਣਾ ਜੀਵਨ ਅਜਾਈਂ ਗਵਾਅ ਰਹੇ ਹਨ? ਗੁਰੂ ਸਾਹਿਬ ਨੇ ਇਹ ਬਾਣੀ ਕਿੰਨ੍ਹਾਂ
ਲੋਕਾਂ ਲਈ ਰੱਚੀ ਸੀ? ਇਹ ਸਵਾਲ ਹਮੇਸ਼ਾ ਕਿਸੇ ਬਦਾਣ ਵਾਂਗ ਮੇਰੇ ਜ਼ਿਹਨ ਵਿੱਚ ਵੱਜਦਾ ਹੈ ਕਿ ਕੀ
ਗੁਰੂ ਗ੍ਰੰਥ ਸਾਹਿਬ ਜੋ ਸਾਡਾ ਸ਼ਬਦ ਗੁਰੂ ਅਤੇ ਜੱਗੋ ਜੁੱਗ ਅਟੱਲ ਹੈ, ਸਰਬ ਕਲਾ ਸੰਪੂਰਨ ਹੈ, ਉਸ
ਵਿੱਚ ਕੋਈ ਕਮੀ ਰਹਿ ਗਈ ਹੈ? ਜਿਸ ਕਰਕੇ ਲੋਕ ਇਸ ਗੁਰੂ ਵਲੋਂ ਮੂੰਹ ਮੋੜ ਕੇ ਡੇਰਿਆਂ ਵਿੱਚ
ਦੇਹਧਾਰੀ ਅਖੌਤੀ ਗੁਰੂਆਂ ਦੇ ਪੈਰਾਂ ‘ਤੇ ਮੱਥੇ ਟੇਕਦੇ ਹਨ? ਸਾਰੀ ਲੋਕਾਈ ਡੇਰਿਆਂ ਨੂੰ ਕਿਉਂ
ਵਹੀਰਾਂ ਘੱਤ ਰਹੀ ਹੈ? ਅਸਲ ਵਿੱਚ ਲੋਕੀਂ ਰੱਬ ਨੂੰ ਬੰਦੇ ਦੇ ਰੂਪ ਵਿੱਚ ਗੱਲਾਂ ਕਰਦੇ ਵੇਖਣਾ
ਚਾਹੁੰਦੇ ਹਨ। ਉਹ ਭੁੱਲ ਜਾਂਦੇ ਹਨ ਕਿ ਰੱਬ ਤਾਂ ਹਰੇਕ ਮਨੁੱਖ ਵਿੱਚ ਵੱਸ ਰਿਹਾ ਹੈ ਤੇ ਅੰਦਰੋਂ
ਬੋਲਦਾ ਹੈ। ਉਹ ਹਾਜ਼ਿਰ ਹੈ… ਓਸੇ ਦੀ ਸ਼ਕਤੀ ਨਾਲ ਇਹ ਪੁਤਲੇ ਨੱਚ ਰਹੇ ਹਨ। ਡੇਰਿਆਂ ਵਿੱਚ ਸਾਧ ਸੰਤ
ਚਮਕਣੇ ਕਪੜੇ ਪਾ ਕੇ ਲੋਕਾਂ ਨੂੰ ਮੋਹਤ ਕਰਦੇ ਹਨ। ਡੇਰੇਦਾਰਾਂ ਨੇ ਆਪਣੇ ਹੀ ਬੰਦੇ ਡੇਰੇ ਦੇ ਦੁਆਲੇ
ਛੱਡੇ ਹੁੰਦੇ ਹਨ। ਜੋ ਸੰਤਾਂ ਦੀਆਂ ਕਰਾਮਾਤਾਂ ਦੇ ਪੁਲ ਬੰਨਦੇ ਹਨ। ਅਖੇ ਇਹਨਾਂ ਦੀ ਕਿਰਪਾ ਨਾਲ
ਫਲਾਣਾ ਅਮਰੀਕਾ ਤੇ ਫਲਾਣਾ ਕਨੇਡਾ ਪੁੱਜ ਗਿਆ ਹੈ। ਫਲਾਣੇ ਦੇ ਕਾਰੋਬਾਰ ਨੂੰ ਰੰਗ ਲੱਗ ਗਏ ਹਨ।
ਢੈਮਕੇ ਦੇ ਪੁੱਤ ਵਿਆਹੇ ਗਏ।। ਫਲਾਣਾ ਗਰੀਬ ਤੋਂ ਅਰਬਾਂ ਪਤੀ ਬਣ ਗਿਆ ਹੈ। ਸੋਚਣ ਵਾਲੀ ਗੱਲ ਹੈ ਕਿ
ਜਿਹਨਾਂ ਆਪਣੀ ਗ੍ਰਿਸਥੀ ਤੋਂ ਭਗੌੜੇ ਹੋ ਕੇ ਡੇਰੇ ਬਣਾਏ। ਭੀਖ ਮੰਗਣ ਲਈ ਗੋਲਕ ਗੁਰੂ ਗ੍ਰੰਥ ਸਾਹਿਬ
ਮੂਹਰੇ ਰੱਖ ਕੇ ਗੁਰੂ ਸਾਹਿਬ ਨੂੰ ਭੀਖ ਮੰਗਣ ਵਾਲਾ ਬਣਾਇਆ। ਆਪ ਲੋਕਾਂ ਦੀ ਭੀਖ ‘ਤੇ ਅਯਾਸ਼ੀ ਕਰਦੈ…
ਉਹ ਕਿਸੇ ਮਨੁੱਖ ਨੂੰ ਦੇ ਹੀ ਕੀ ਸਕਦਾ ਹੈ? ਸਾਧਾਂ-ਸੰਤਾਂ ਦੇ ਪੈਰਾਂ ‘ਤੇ ਸਿਰ ਧਰਨ ਵਾਲੇ ਮੂਰਖ
ਲੋਕ ਗੁਰੂ ਸਾਹਿਬ ਦਾ ਗੁਰਬਾਣੀ ਵਿੱਚ ਰਾਹੀਂ ਕੀਤਾ ਫੁਰਮਾਨ ਭੁੱਲ ਜਾਂਦੇ ਹਨ:-
‘ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇਕੈ ਭਗਵਾਨ…॥’
ਸੁਖਮਨੀ ਸਾਹਿਬ॥ ਇਸ ਦੁਨੀਆ ਵਿੱਚ ਹੋਰ ਕੋਈ ਅਜਿਹੀ ਸ਼ਕਤੀ ਹੈ ਹੀ ਨਹੀਂ, ਜਿਹੜੀ ਕਿਸੇ ਦੀ ਕਿਸਮਤ
ਬਦਲ ਸਕਦੀ ਹੋਵੇ। ਦੁਨੀਆਵੀ ਪਦਾਰਥਾਂ ਦੇ ਢੇਰ ਲਾ ਸਕਦੀ ਹੋਵੇ। ਅੱਜ ਦੇ ਸਮੇਂ ਵਿੱਚ ਤਾਂ ਸਕੇ
ਭੈਣ-ਭਰਾ ਹੀ ਮੁੱਖ ਮੋੜ ਜਾਂਦੇ ਹਨ। ਤੇ ਇਹ ਸਾਧ ਕਿਸੇ ਦੇ ਕੀ ਸਕੇ ਹੋਏ…? ਸਾਧ ਸੰਤ ਤਾਂ ਕਿਸੇ
ਲੋੜਵੰਦ ਅਤੇ ਦੁਖਿਆਰੇ ਵਿਅਕਤੀ ਦੀ ਤਲੀ ‘ਤੇ ਦੁਆਨੀ ਵੀ ਨਹੀਂ ਰੱਖਦੇ। ਉਹਨਾਂ ਵਿੱਚ ਕੋਈ ਸ਼ਕਤੀ
ਨਹੀਂ ਹੈ, ਉਹ ਤਾਂ ਸਗੋਂ ਮਾਇਆਧਾਰੀ ਹਨ…ਅਸਿੱਧੇ ਤੌਰ ‘ਤੇ ਲੁਟੇਰੇ ਹਨ।
ਗਿਆਨਹੀਣ ਅਤੇ ਸਾਧਾਂ-ਸੰਤਾਂ ਦੇ ਸ਼ਰਧਾਲੂ ਲੋਕ ਡੇਰਿਆਂ ਵਿੱਚ ਜਾ ਕੇ ਥਾਂ-ਥਾਂ ਮੱਥਾ ਟੇਕਦੇ ਹਨ।
ਸੰਤਾਂ ਦੇ ਪੈਰ ਫੜ੍ਹ ਮੱਥਾ ਟੇਕ ਕੇ ਪੈਰਾਂ ਨੂੰ ਚੁੰਮਦੇ ਵੀ ਹਨ। ਅਸੀਂ ਮੱਥਾ ਤਾਂ ਗੁਰੂ ਗ੍ਰੰਥ
ਸਾਹਿਬ ਜੀ ਨੂੰ ਵੀ ਟੇਕਦੇ ਹਾਂ ਪਰ ਬਹੁਤੇ ਲੋਕਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੈ ਕਿ ਅਸੀਂ ਗੁਰੂ
ਗ੍ਰੰਥ ਸਾਹਿਬ ਨੂੰ ਮੱਥਾ ਕਿਉਂ ਟੇਕਦੇ ਹਾਂ? ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖ ਨੂੰ ਗੁਰੂ
ਗ੍ਰੰਥ ਸਾਹਿਬ ਦੇ ਲੜ੍ਹ ਲਾਉਂਦੇ ਹੋਏ ਹੁਕਮ ਕੀਤਾ ਸੀ ਕਿ ਸਿੰਘ ਦਾ ਸਿਰ ਸਿਰਫ ਗੁਰੂ ਗ੍ਰੰਥ ਸਾਹਿਬ
ਅੱਗੇ ਝੁਕਦਾ ਹੈ। ਕਿਸੇ ਹੋਰ ਦੇਹਧਾਰੀ ਜਾਂ ਮੜ੍ਹੀਆਂ, ਮਸੀਤਾਂ, ਕਬਰਾਂ, ਮੱਟੀਆਂ ‘ਤੇ ਨਹੀਂ।
ਗੁਰੂ ਗ੍ਰੰਥ ਸਾਹਿਬ ਜੀ ਨੇ ਨਿਰੋਲ ਸੱਚ ਦੀ ਵਿਚਾਰ ਕਰਕੇ ਮਨ ਨੂੰ ਦੁਨੀਆਵੀ ਵਿਕਾਰਾਂ ਤੋਂ ਰਹਿਤ
ਕਰਕੇ ਸਾਫ ਕਰਨ ਵਾਸਤੇ ਅਗਵਾਹੀ ਕੀਤੀ ਸੀ। ਗੁਰਮਤਿ ਵਿੱਚ ਮੱਥਾ ਟੇਕਣ ਤੋਂ ਭਾਵ ਹੈ ਕਿ ‘ਆਪਾ
ਸਮਰਪਣ’ ਕਰਨਾ। ਗੁਰੂ ਦੀ ਸ਼ਰਨ ਲੈਣੀ…। ਗੁਰੂ ਸ਼ਰਨ ਆਉਣ ਦਾ ਮਤਲਬ ਹੈ ਗੁਰੂ ਦੇ ਗਿਆਨ ਨੂੰ ਆਪਣੀ
ਜਿੰਦਗੀ ਵਿੱਚ ਲਾਗੂ ਕਰਨਾ।
ਮਨ ਕੀ ਮਤਿ ਤਿਆਗਹੁ ਹਰਿ ਜਨ,
ਹੁਕਮੁ ਬੂਝਿ ਸੁਖੁ ਪਾਈਐ ਰੇ॥ 209॥
ਭਾਵ ਐ ਮਨੁੱਖ ਤੂੰ ਆਪਣੀ ਚਤੁਰਾਈ ਭਰੀ ਮੱਤ ਤਿਆਗ ਦੇ। ਜੋ ਮਨੁੱਖ ਆਪਣੀ ਨਗੂਣੀ ਮਤ
ਸਰਬਵਿਆਪੀ ਤੇ ਸਦੀਵੀ ਸੱਚ ਸਤਿਗੁਰ ਅੱਗੇ ਤਿਆਗ ਦਿੰਦਾ ਹੈ। ਜੋ ਗੁਰੂ ਦੇ ਕਹੇ ਅਨੁਸਾਰ ਜਿਊਂਦਾ
ਹੈ, ਸਤਿਗੁਰ ਦੇ ਹੁਕਮ ਨੂੰ ਸਮਝ ਕੇ ਚਲਦਾ ਹੈ ਉਹ ਸੁੱਖ ਪਾਉਂਦਾ ਹੈ।
ਗੁਰੂ ਗ੍ਰੰਥ ਸਾਹਿਬ ਅੱਗੇ ਝੁਕਣ ਦਾ ਅਰਥ ਆਪਾ ਸਮਰਪਣ ਹੈ। ਭਾਵ ਹੇ ਗੁਰੂ ਸਾਹਿਬ ਅਸੀਂ ਆਪ ਜੀ ਦੇ
ਹੁਕਮ ਵਿੱਚ ਬੱਝੇ ਹੋਏ ਹਾਂ। ਮੈਂ ਆਪਣੀ ਮਤ ਨਹੀਂ … ਸਗੋਂ ਬਾਣੀ ਰਾਹੀਂ ਦਿਤੇ ਆਪ ਜੀ ਦੇ ਹੁਕਮ
ਅਨੁਸਾਰ ਚੱਲਾਂਗਾ। ਮੈਂ ਤੁਹਾਡਾ ਦਾਸ ਹਾਂ… ਗੁਲਾਮ ਹਾਂ… ਤੇ ਪੱਕੇ ਤੌਰ ‘ਤੇ ਤੁਹਾਡੇ ਹੁਕਮ ਵਿੱਚ
ਬੱਝਾ ਹੋਇਆ ਹਾਂ। ਐ ਮੇਰੇ ਸਤਿਗੁਰ ਜੀ… ਤੁਸੀਂ ਹਰ ਕੰਮ ਕਰਨ ਦੇ ਸਮਰਥ ਹੋ, ਵੱਡੇ ਹੋ… ਸਿਆਣੇ ਹੋ…
ਸੰਪੂਰਨ ਹੋ… ਪਰ ਮੇਰੀ ਮੱਤ ਥੋੜ੍ਹੀ ਹੈ…ਮੈਂ ਅਣਜਾਣ ਹਾਂ… ਨਿਮਾਣਾ ਹਾਂ…।। ਤੁਸੀਂ ਹੀ ਮੈਨੂੰ ਸੇਧ
ਦੇਣੀ ਹੈ। ਮੇਰੇ ‘ਤੇ ਕਿਰਪਾ ਕਰਨੀ ਹੈ।
ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ॥ 547॥
ਅੱਜ ਭਾਂਵੇਂ ਲੋਕੀਂ ਪੜ੍ਹ ਲਿਖ ਗਏ ਹਨ, ਪਰ ਫਿਰ ਵੀ ਉਹਨਾਂ ਦੀ ਬਿਰਤੀ ਅਨਪੜ੍ਹਾਂ ਵਰਗੀ
ਹੀ ਹੈ। ਉਹ ਗੁਰਬਾਣੀ ਅਤੇ ਗੁਰਮਤਿ ਸਿਧਾਂਤਾਂ ਪੁਰ ਲਿਖੀਆਂ ਚੰਗੀਆਂ ਸੇਧ ਦੇਣ ਵਾਲੀਆਂ ਕਿਤਾਬਾਂ
ਪੜ੍ਹਨ ਤੋਂ ਕੰਨੀ ਕਤਰਾਉਂਦੇ ਹਨ ‘ਪੜ੍ਹਨ ਦਾ ਤਾਂ ਸਮਾਂ ਹੀ ਨਹੀਂ ਹੈ।’ ਉਹ ਆਖ ਦਿੰਦੇ ਹਨ। ਅਸਲ
ਵਿੱਚ ਮਨੁੱਖ ਗਿਆਨ ਲੈਣ ਲਈ ਤਿਆਰ ਨਹੀਂ ਹੈ। ਗਿਆਨ ਨਾ ਹੋਣ ਕਰਕੇ ਹੀ ਮੂਰਖ ਲੋਕ ਸਾਧਾਂ-ਸੰਤਾਂ ਦੇ
ਪੈਰਾਂ ‘ਤੇ ਸਿਰ ਧਰ ਰਹੇ ਹਨ ਅਤੇ ਮੂਰਤੀ ਪੂਜਕ ਅਤੇ ਦੇਹਧਾਰੀ ਗੁਰੂਆਂ ਦੀ ਪੂਜਾ ਕਰ ਰਹੇ ਹਨ। ਅੱਜ
ਪੜ੍ਹੇ ਲਿਖੇ ਲੋਕ ਵੀ ਡੇਰਿਆਂ ਵਿੱਚ ਅਨਪੜ੍ਹ ਸੰਤਾਂ ਸਾਧਾਂ ਨੂੰ ਮੱਥੇ ਟੇਕਦੇ ਆਮ ਵੇਖੇ ਗਏ ਹਨ।
ਜੇਕਰ ਅਸੀਂ ਕਿਸੇ ਦੇਹਧਾਰੀ ਗੁਰੂ ਨੂੰ ਮੱਥਾ ਟੇਕੀਏ ਅਤੇ ਉਹ ਦੇਹਧਾਰੀ ਗੁਰੂ ਗੁਰਬਾਣੀ ਪੜ੍ਹਦਾ
ਹੋਵੇ ਤਾਂ ਉਹ ਸਾਨੂੰ ਓਹੀ ਗੱਲਾਂ ਸੁਣਾਏਗਾ, ਜੋ ਗੁਰਬਾਣੀ ਕਹਿੰਦੀ ਹੈ। ਫਿਰ ਅਸੀਂ ਗੁਰਬਾਣੀ ਅੱਗੇ
ਹੀ ਸਮਰਪਣ ਕਿਉਂ ਨਾ ਕਰੀਏ? ਜਦੋਂ ਗੁਰਬਾਣੀ ਨੂੰ ਸਮਰਪਿਤ ਹੋ ਕੇ ਉਸ ਵਿਚਲੇ ਗਿਆਨ ਨੂੰ ਅਪਨਾ
ਲਵਾਂਗੇ ਤਾਂ ਸਾਨੂੰ ਕਿਸੇ ਸਾਧ-ਸੰਤ, ਦੇਹਧਾਰੀ ਅਖੌਤੀ ਗੁਰੂ, ਕਿਸੇ ਫੋਟੋ ਮੂਰਤੀ, ਖਾਲੀ ਪਾਲਕੀ
ਜਾਂ ਥੜ੍ਹੇ ਅੱਗੇ ਮੱਥਾ ਟੇਕਣ ਦੀ ਜ਼ਰੂਰਤ ਨਹੀਂ। ਜਦ ਤੱਕ ਗੁਰਬਾਣੀ ਵਿੱਚ ਦਰਜ਼ ਗੁਰੂ ਦੀ ਮਤ ਹੀ ਨਾ
ਲਈ ਉਦੋਂ ਤੱਕ ਸਾਨੂੰ ਸਮਝ ਹੀ ਨਹੀਂ ਆਵੇਗਾ ਕਿ ਸਾਨੂੰ ਆਪਣਾ ਸਿਰ ਸਿਰਫ ਗੁਰੂ ਗ੍ਰੰਥ ਸਾਹਿਬ ਅੱਗੇ
ਹੀ ਝੁਕਾਉਣਾ ਚਾਹੀਦਾ ਹੈ ਨਾ ਕਿ ਕਿਸੇ ਦੇਹਧਾਰੀ ਗੁਰੂ ਅੱਗੇ। ਗੁਰੂ ਸਾਹਿਬ ਨੇ ਆਮ ਲੋਕਾਂ ਦੀ
ਪੁਜਾਰੀਆਂ ਮਗਰ ਦੌੜ ਨੂੰ ਖ਼ਤਮ ਕਰਨ ਲਈ ਫੁਰਮਾਨ ਕੀਤਾ ਸੀ। ‘ਨਾਨਕ ਸਚਾ
ਏਕ ਹੈ ਅਉਰ ਨਾ ਸਚਾ ਭਾਲਿ-1242॥’
ਜਦੋਂ ਪੈਰਾਂ ‘ਤੇ ਸਿਰ ਧਰਨ ਵਾਲੇ ਲੋਕ ਕਿਸੇ ਦੇਹਧਾਰੀ ਸਾਧ ਸੰਤ ਦੇ ਡੇਰੇ ਜਾਂਦੇ ਹਨ ਤਾਂ ਉਹ
ਮੁੱਖ ਗੇਟ ‘ਤੇ ਲੰਮੇ ਪੈ ਕੇ ਮੱਥਾ ਟੇਕਦੇ ਹਨ। ਫਿਰ ਉਹ ਵੱਡੇ ਸੰਤਾਂ ਦੀਆਂ ਸ਼ੀਸ਼ੇ ਦੇ ਕਮਰਿਆਂ
ਵਿੱਚ ਖੜ੍ਹੀਆਂ ਕੀਤੀਆਂ ਗੱਡੀਆਂ… ਤੇ ਪਲੰਗਾਂ-ਬਿਸਤਰਿਆਂ ਨੂੰ ਅਤੇ ਜਿਥੇ ਬੈਠ ਕੇ ਉਹ ਸੰਗਤ ਨੂੰ
ਦਰਸ਼ਨ ਦਿੰਦੇ ਹਨ ਉਥੇ ਅਤੇ ਭੋਰਿਆਂ ਦੇ ਬਾਹਰ ਦਰਵਾਜ਼ਿਆਂ ਨੂੰ ਮੱਥਾ ਟੇਕਦੇ ਹਨ। ਤੇ ਅਜਿਹੇ ਲੋਕ
ਕਿਸੇ ਗੁਰਦੁਆਰੇ ਜਾਂਦੇ ਹਨ ਤਾਂ ਪਹਿਲਾਂ ਬਾਹਰੋਂ ਥੱੜੇ ‘ਤੇ ਮੱਥਾ ਟੇਕਦੇ ਹਨ ਫਿਰ ਜਿਥੇ ਜੋੜੇ
ਰੱਖੇ ਜਾਂਦੇ ਉਥੇ ਮੱਥਾ ਟੇਕਦੇ ਹਨ ਫਿਰ ਸਾਰੀਆਂ ਪੌੜੀਆਂ ਨੂੰ… ਗੁਰਦੁਆਰੇ ਦੇ ਅੰਦਰ ਗੁਰੂ ਗ੍ਰੰਥ
ਸਾਹਿਬ ਨੂੰ ਅਤੇ ਫਿਰ ਜੋ ਵੀ ਗੁਰਦੁਆਰਾ ਸਾਹਿਬ ਵਿੱਚ ਫੋਟੋ ਲੱਗੀ ਹੋਵੇ, ਉਸ ਨੂੰ… ਫਿਰ ਸੱਚਖੰਡ
ਨੂੰ…।। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਸਮੇਂ ਲੰਬੀ ਚੌੜ੍ਹੀ ਅਰਦਾਸ ਕੀਤੀ ਜਾਂਦੀ ਹੈ। ਗੁਰੂ
ਨੂੰ ਸਮਰਪਣ ਹੋਣ ਦੀ ਬਜਾਇ ਆਪਣੀਆਂ ਮੰਗਾਂ ਦੀ ਲੰਮੀ ਚੌੜ੍ਹੀ ਸੂਚੀ ਗੁਰੂ ਅੱਗੇ ਰੱਖੀ ਜਾਂਦੀ ਹੈ।
ਫਿਰ ਗੁਰਦੁਆਰੇ ਤੋਂ ਬਾਹਰ ਨਿਕਲਦਿਆਂ ਸਰਦਲ ਨੂੰ ਮੱਥਾ ਟੇਕਿਆ ਜਾਂਦਾ ਹੈ। ਜਿਵੇਂ ਵਾਰ-ਵਾਰ ਮੱਥਾ
ਟੇਕਣ ਨੂੰ ਹੀ ਉਹਨਾਂ ਗੁਰਬਾਣੀ ਸਿਧਾਂਤ ਮੰਨ ਲਿਆ ਹੋਵੇ। ਇਸ ਤਰ੍ਹਾਂ ਸਿਰ ਝੁਕਾਉਣ ਵਾਲੇ ਲੋਕਾਂ
ਲਈ ਕਿਸੇ ਸ਼ਾਇਰ ਨੇ ਕਿਹਾ ਹੈ:
ਜਿਸ ਦਰ ਪੇ ਕੋਈ ਨਾ ਝੁਕੇ, ਉਸੇ ਦਰ ਨਹੀਂ ਕਹਿਤੇ,
ਜੋ ਦਰ-ਦਰ ਪੇ ਝੁਕ ਜਾਏ, ਉਸੇ ਸਰ ਨਹੀਂ ਕਹਿਤੇ।
ਸਾਧ ਸੰਤ ਤਾਂ ਮਨਘੜ੍ਹਤ ਕਰਾਮਾਤਾਂ ਸੁਣਾ ਕੇ ਸੰਗਤ ਨੂੰ ਇਹ ਵਿਸ਼ਵਾਸ਼ ਦਵਾਉਣ ਦਾ ਯਤਨ ਕਰਦੇ ਹਨ ਕਿ
ਉਹ ਗੁਰਬਾਣੀ ਤੋਂ ਉਪਰ ਗਿਆਨ ਰੱਖਦੇ ਹਨ। ਪਰ ਲੋਕ ਭੁਲ ਜਾਂਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ
ਹੀ ਸਾਧਾਂ-ਸੰਤਾਂ ਦੀ ਅਸਲੀਅਤ ਸਪਸ਼ਟ ਕਰਦੀ ਕਬੀਰ ਸਾਹਿਬ ਜੀ ਦੀ ਬਾਣੀ ਵੀ ਦਰਜ਼ ਹੈ:
‘ਓਇ ਹਰ ਕੈ ਸੰਤ ਨਾ ਆਖੀਐ, ਬਨਾਰਸ ਕੇ ਠੱਗ…॥ 476॥’ ਪੈਰਾਂ
‘ਤੇ ਸਿਰ ਧਰਨ ਵਾਲੇ ਲੋਕ ਸਾਧਾਂ ਨਾਲ ਨੇੜਤਾ ਵਧਾਅ ਕੇ ਡੀਂਗਾ ਮਾਰਦੇ ਹਨ ਕਿ ਉਹਨਾਂ ਦੀ ਫਲਾਣੇ
ਸੰਤਾਂ ਨਾਲ ਸਿੱਧੀ ਗਲਬਾਤ ਹੈ। ਮੇਰੀ ਜਾਚੇ ਉਹ ਮੂਰਖ ਅਤੇ ਨਾ-ਸਮਝ ਲੋਕ ਹਨ। ਸਿਆਸੀ ਲੋਕ ਵੋਟਾਂ
ਲਈ ਸੰਤਾਂ ਨੂੰ ਮੱਥਾ ਟੇਕਦੇ ਹਨ। ਆਮ ਲੋਕ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਲਈ ਸੰਤਾਂ ਦੀਆਂ
ਲੇਲੜ੍ਹੀਆਂ ਕੱਢਦੇ ਹਨ। ਸੈਂਕੜਿਆਂ ਦੀ ਗਿਣਤੀ ਵਿੱਚ ਵਿਹਲੜ੍ਹ ਸੇਵਾਦਾਰ ਡੇਰਿਆਂ ਵਿੱਚ ਪੱਕੇ ਤੌਰ
‘ਤੇ ਟਿਕੇ ਹੋਏ ਹਨ। ਉਹ ਆਪਣੀਆਂ ਸੰਸਾਰਕ ਜ਼ਿੰਮੇਵਾਰੀਆਂ ਅਤੇ ਕਿਰਤ ਕਰਨ ਤੋਂ ਭੱਜਦੇ ਹਨ। ਜੇ ਇਹ
ਵਿਹਲੜ੍ਹ ਤੇ ਨਿਖੱਟੂ ਘਰ ਗ੍ਰਿਸਥੀ ਸੰਭਾਲਦੇ ਹੋਏ ਡੱਟ ਕੇ ਕੰਮ ਕਰਨ… ਗੁਰਬਾਣੀ ਦਾ ਗਿਆਨ ਪ੍ਰਾਪਤ
ਕਰਕੇ ਬਿਬੇਕ ਬੁੱਧੀ ਵਾਲੇ ਬਣਨ … ਗੁਰਮਤਿ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਤਾਂ ਸੱਚ-ਮੁੱਚ
ਇੱਕ ਇਨਕਲਾਬ ਆ ਸਕਦਾ ਹੈ। ਪਰ ਇਹ ਲੋਕ ਥਾਂ-ਥਾਂ ਅਨਪੜ੍ਹ ਸਾਧਾਂ-ਸੰਤਾਂ ਅਤੇ ਮੜ੍ਹੀਆਂ ਮਸੀਤਾਂ
‘ਤੇ ਮੱਥਾ ਟੇਕ ਕੇ ਉਹਨਾਂ ਪ੍ਰਤੀ ਆਪਣੀ ਸਦੀਵੀ ਗੁਲਾਮੀ ਦੀ ਹੋਂਦ ਨੂੰ ਪ੍ਰਗਟ ਕਰਦੇ ਹੋਏ ਗਿਆਨਹੀਣ
ਹੋਣ ਦਾ ਸਬੂਤ ਵੀ ਦਿੰਦੇ ਹਨ। ਕਾਸ਼ ਇਹਨਾਂ ਦੇ ਗਿਅਨਾਹੀਣ ਦਿਮਾਗ਼ ਵਿੱਚ ਗੁਰਮਤਿ ਸਿਧਾਂਤ ਅਤੇ
ਗੁਰਮਤਿ ਗਿਆਨ ਪ੍ਰਵੇਸ਼ ਕਰ ਜਾਵੇ। ਪਰ ਜਦ ਤੱਕ ਇਹ ਲੋਕ ਕਿਰਤ ਕਰਨ ਅਤੇ ਗ੍ਰਹਿਸਥ ਨਿਭਾਅ ਕੇ ਅੱਣਖ
ਅਤੇ ਇਜ਼ਤ ਨਾਲ ਜਿਊਣ ਦੀ ਸਮਝ ਨਹੀਂ ਕਰਨਗੇ…ਜ਼ਮੀਰ ਰਹਿਤ ਵਿਚਾਰਧਾਰਾ ਨੂੰ ਤਿਆਗ ਕੇ ਸਿਰਫ ਤੇ ਸਿਰਫ
ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਨਹੀਂ ਹੋਣਗੇ ਉਦੋਂ ਤੱਕ ਜਣੇ-ਖਣੇ ਅਖੌਤੀ ਬਾਬੇ, ਸਾਧ-ਸੰਤ
ਅਤੇ ਦੇਹਧਾਰੀ ਅਖੌਤੀ ਗੁਰੁਆਂ ਦੇ ਪੈਰਾਂ ‘ਤੇ ਸਿਰ ਧਰਨ ਵਾਲੇ ਲੋਕਾਂ ਵਿੱਚ ਨਵੀਂ ਕ੍ਰਾਂਤੀ ਤੇ
ਗੁਰੂ ਸਾਹਿਬ ਦੁਆਰਾ ਗੁਰਬਾਣੀ ਰਾਹੀ ਦਿਖਾਇਆ ਇਨਕਲਾਬ ਨਹੀਂ ਆ ਸਕਦਾ।
ਪਿੰਡ ਮਾਨਾਂਵਾਲੀ ਡਾਕ: ਚਾਚੋਕੀ (ਫਗਵਾੜਾ)
ਮੋਬਾਇਲ: 88728-54500