.

ਬਵੰਜਾ ਅਤੇ ਹੋਰ ਕਵੀਆਂ ਬਾਰੇ ਸੰਖੇਪ ਜਾਣਕਾਰੀ

ਅਵਤਾਰ ਸਿੰਘ ਮਿਸ਼ਨਰੀ (5104325827)

ਵੱਖ-ਵੱਖ ਵਿਸ਼ਿਆਂ ਤੇ ਛੰਦਾ-ਬੰਦੀ ਵਿੱਚ ਕਵਿਤਾ ਲਿਖਣ ਅਤੇ ਸਭਾ ਵਿੱਚ ਗਾ ਕੇ ਬੋਲਣ ਵਾਲੇ ਨੂੰ ਕਵੀ ਕਿਹਾ ਜਾਂਦਾ ਹੈ। ਕਵੀ ਧਾਰਮਿਕ, ਸੂਫੀ ਅਤੇ ਰਾਜਨੀਤਕ ਵੀ ਹਨ। ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਜੀ ਵੀ ਉੱਚ ਕੋਟੀ ਦੇ ਵਿਦਵਾਨ ਰੱਬੀ ਕਵੀ ਸਨ। ਉਹ ਖੁਦ ਆਪ ਲਿਖਦੇ ਹਨ ਕਿ-ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ॥੨॥ (660) ਬਵੰਜਾ ਕਵੀਆਂ ਚੋਂ ਭਾਈ ਨੰਦ ਲਾਲ ਗੋਯਾ, ਸੂਫੀਆਂ ਚੋਂ ਬਾਬਾ ਬੁੱਲੇ ਸ਼ਾਹ, ਲਿਖਾਰੀਆਂ ਚੋਂ ਕਾਲੀ ਦਾਸ, ਵਾਰੇਸ਼ਾਹ ਅਤੇ ਕਵੀ ਸੰਤੋਖ ਸਿੰਘ ਆਦਿਕ ਵਿਦਵਾਨ ਕਵੀ ਹੋਏ ਹਨ। ਭਾਈ ਕਾਨ੍ਹ ਸਿੰਘ ਨ੍ਹਾਭਾ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਬਵੰਜਾ ਕਵੀ ਜੋ ਕਲਗੀਧਰ ਦੀ ਆਗਿਆ ਅਨੁਸਾਰ ਅਨੇਕ ਮੱਤਾਂ ਦੀਆਂ ਪੁਸਤਕਾਂ ਦਾ ਪੰਜਾਬੀ ਅਤੇ ਹਿੰਦੀ ਵਿੱਚ ਉਲੱਥਾ ਕਰਦੇ ਸਨ। ਇਨ੍ਹਾਂ ਵਿਦਵਾਨ ਕਵੀਆਂ ਨੇ ਇੱਕ ਅਦਭੁਤ ਗ੍ਰੰਥ “ਵਿਦਯਾਸਾਗਰ” ਲਿਖਿਆ ਸੀ ਜੋ ਅਦੁੱਤੀ ਵਿਦਵਾਨਾਂ ਦੀ ਕਈ ਵਰ੍ਹੇ ਦੀ ਘਾਲਨਾ ਅਨੰਦਪੁਰ ਦੇ ਯੁੱਧ ਵਿੱਚ ਵਿਦਿਆ ਦੇ ਵੈਰੀਆਂ ਹੱਥੋਂ ਭਸਮ ਹੋ ਗਈ। ਮਹਾਂਭਾਤ ਗ੍ਰੰਥ ਦੇ ਕਈ ਪਰਬ (ਭਾਗ), ਚਾਣਕਯਾਨੀਤਿ, ਗੁਰੂ ਸ਼ੋਭਾ ਆਦਿਕ ਜੋ ਜੰਗ ਤੋਂ ਪਹਿਲਾਂ ਵਿਦਿਯਾਪ੍ਰੇਮੀ ਸਿੱਖਾਂ ਪਾਸ ਪਹੁੰਚ ਚੁੱਕੇ ਸਨ ਕੇਵਲ ਉਹ ਬਚ ਗਏ। ਮਹਾਂਰਾਜਾ ਨਰੇਂਦ੍ਰ ਸਿੰਘ ਸਾਹਿਬ ਪਟਿਆਲਾਪਤਿ ਨੇ ਮਹਾਂਭਾਰਤ ਦੇ ਬਾਕੀ ਪਰਬ ਆਪਣੇ ਕਵੀਆਂ ਤੋਂ ਬਣਵਾ ਕੇ ਗ੍ਰੰਥ ਪੂਰਾ ਕੀਤਾ। ਕੁਝਕੁ ਫੁਟਕਲ ਕਵਿਤਾ ਕਵੀ ਭਾਈ ਸੰਤੋਖ ਸਿੰਘ ਜੀ ਨੂੰ ਵੀ ਮਿਲੀ ਜੋ ਉਨ੍ਹਾਂ ਨੇ “ਗੁਰਪ੍ਰਤਾਪਸੂਰਯ” ਵਿੱਚ ਇਉਂ ਲਿਖੀ ਹੈ-

“ਹਮ ਭੀ ਕੇਤਕ ਕਰਹਿਂ ਬਖਾਨੀ॥ ਕਹੈਂ ਖਾਲਸੇ ਕੋ ਹਿਤ ਠਾਨੀ॥

ਆਦਿ ਮਹਾਂਭਾਰਤ ਜੋ ਆਨ॥ ਭਾਖਾ ਸਭ ਕੀ ਕਰਤ ਸੁਜਾਨ॥

ਸੋ ਹਮ ਪੰਥ ਹੇਤ ਕਰਵਾਵੈਂ॥ ਪਠਹਿਂ ਆਪ ਸਭਹੂਨ ਸੁਨਾਵੈਂ॥“

ਹੁਤੇ ਬਵੰਜਾ ਕਵਿ ਗੁਰੁ ਪਾਸ॥ ਸਭ ਹੀ ਬਾਨੀ ਕਰਹਿ ਪ੍ਰਕਾਸ਼॥

ਸਤਿਗੁਰ ਸਭ ਇਕੱਤ੍ਰ ਕਰਵਾਵੈਂ॥ ਪਤ੍ਰੇ ਦੀਰਘ ਪਰ ਲਿਖਵਾਵੈਂ॥

ਨਾਮ ਗ੍ਰੰਥ ਕੋ ਵਿਦਿਆਸਾਗਰ॥ ਰਾਖਨ ਕੀਨੋ ਸ੍ਰੀ ਪ੍ਰਭ ਨਾਗਰ॥

 (ਗੁਪ੍ਰਸੂ ਰੁੱਤ 3 ਅਧਿ 51)

ਤਿਨ ਕਵਿਯਨ ਬਾਣੀ ਰਚੀ, ਲਿਖ ਕਾਗਦ ਤੁਲਵਾਇ॥

ਨੌਂ ਮਣ ਹੋਇ ਤੋਲ ਮਹਿ, ਸੂਖਮ ਲਿਖਤ ਲਿਖਾਇ॥

“ਵਿਦਿਯਾਸਾਗਰ” ਤਿਸ ਗ੍ਰੰਥ ਕੋ, ਨਾਮ ਧਰਯੋ ਕਰ ਪ੍ਰੀਤਿ॥

ਨਾਨ੍ਹਾ ਵਿਧਿ ਕਵਿਤਾ ਰਚੀ, ਰਖ ਰਖ ਨੌਂ ਰਸ ਰੀਤਿ॥

ਮਚਯੋ ਜੰਗ ਗੁਰ ਸੰਗ ਬਡ, ਰਹਯੋ ਗ੍ਰੰਥ ਸੋ ਬੀਚ॥

ਨਿਕਸੇ ਅਨੰਦਪੁਰਾ ਤੇ, ਲੂਟਯੋ ਪੁਨ ਮਿਲ ਨੀਚ॥

ਪ੍ਰਥਕ ਪ੍ਰਥਕ ਪਤ੍ਰੇ ਹੁਤੇ, ਲੂਟਯੋ ਸੋ ਗ੍ਰੰਥ ਬਿਖੇਰ॥

ਇਕ ਥਲ ਰਹਯੋ ਨ ਇਮ ਗਯੋ, ਜਿਸ ਤੇ ਮਿਲਯੋ

(ਗੁਪ੍ਰਸੂ ਰੁੱਤ 5 ਅਧਿ 51)

ਭਾਈ ਕਾਨ੍ਹ ਸਿੰਘ ਨ੍ਹਾਭਾ ਅਨੁਸਾਰ 52 ਕਵੀਆਂ ਦੇ ਨਾਂ ਇਸ ਪ੍ਰਕਾਰ ਹਨ-1.ਉਦੈਰਾਯ 2. ਅਣੀਰਾਮ 3. ਅੰਮ੍ਰਿਤਰਾਯ 4. ਅੱਲੂ, 5 ਆਸਾ ਸਿੰਘ 6. ਆਲਮ 7. ਈਸ਼ਰਦਾਸ 8 ਸੁਖਦੇਵ 9. ਸੁੱਖਾ ਸਿੰਘ. 10. ਸੁਖੀਆ 11. ਸੁਦਾਮਾਂ 12. ਸੈਨਾਪਤਿ 13. ਸ਼ਯਾਮ 14. ਹੀਰ 15. ਹੁਸੈਨ ਅਲੀ 16. ਹੰਸਰਾਜ 17. ਕੱਲੂ 18. ਕੁਵਰੇਸ਼ 19. ਖਾਨ ਚੰਦ 20. ਗੁਣੀਆਂ 21. ਗੁਰਦਾਸ 22. ਗੋਪਾਲ 23. ਚੰਦਨ 24. ਚੰਦਾ 25. ਜਮਾਲ 26. ਟਹਿਕਨ 27. ਧਰਮ ਸਿੰਘ 28. ਧੰਨਾ ਸਿੰਘ 29 ਧਯਾਨ ਸਿੰਘ 30. ਨਾਨੂ 31. ਨਿਸ਼ਚਲਦਾਸ 32. ਨਿਹਾਲ ਚੰਦ 33. ਨੰਦ ਸਿੰਘ 34. ਨੰਦ ਲਾਲ 35. ਪਿੰਡੀਦਾਸ 36. ਬੱਲਭ 37. ਬੱਲੂ 38. ਬਿਧੀਚੰਦ 39. ਬੁਲੰਦ 40. ਬ੍ਰਿਖ 41. ਬ੍ਰਿਜਲਾਲ 42. ਮਥੁਰਾ 43. ਮਦਨ ਸਿੰਘ 44. ਮਦਨਗਿਰਿ 45. ਮੱਲੂ 46. ਮਾਨ ਦਾਸ 47. ਮਾਲਾ ਸਿੰਘ 48. ਮੰਗਲ 49. ਰਾਮ 50. ਰਾਵਲ 51. ਰੌਸ਼ਨ ਸਿੰਘ 52. ਲੱਖਾ।

ਪ੍ਰੋ. ਪਿਆਰਾ ਸਿੰਘ ਪਦਮ ਲਿਖਦਾ ਹੈ ਕਿ ਹੋ ਸਕਦਾ ਹੈ ਕਿਸੇ ਸਮੇਂ ਕਵੀਆਂ ਦੀ ਇਹ 52 ਗਿਣਤੀ ਵੀ ਰਹੀ ਹੋਵੇ ਪਰ ਇਤਿਹਾਸ ਤੋਂ ਪਤਾ ਲਗਦਾ ਹੈ ਕਿ ਇਸ ਤੋਂ ਵਧੇਰੇ ਵਿਦਵਾਨ ਗੁਰੂ ਦਰਬਾਰ ਦਾ ਸ਼ਿੰਗਾਰ ਸਨ। ਇਹ ਕਵੀ ਕੇਵਲ ਪੰਜਾਬ ਦੇ ਹੀ ਨਹੀਂ ਸਨ ਸਗੋਂ ਸਿੰਧ ਦੇ ਹੋਰ ਭਾਗਾਂ ਵਿਚੋਂ ਵੀ ਕਈ ਪੰਡਿਤ, ਆਲਮ ਫਾਜ਼ਲ ਅਨੰਦਪੁਰ ਆਏ ਤੇ ਮੁਗ਼ਲ ਦਰਬਾਰ ਦੇ ਕਈ ਸਨਮਾਨਿਤ ਕਵੀ ਵੀ ਗੁਰੂ ਸਾਹਿਬ ਜੈਸੇ ਭਾਰਤੀ ਸਭਿਅਤਾ ਦੇ ਰਾਖੇ ਤੇ ਸਾਹਿਤ ਦੇ ਕਦਰਦਾਨ ਗੁਰੂ ਦੀ ਸ਼ਰਨ ਆਉਣਾ ਮਾਣ ਦੀ ਗੱਲ ਸਮਝਦੇ ਸਨ। ਗ੍ਰੰਥ “ਵਿਦਿਆਸਾਗਰ” ਦਰਬਾਰੀ ਕਵੀਆਂ ਦਾ ਹੀ ਰਚਿਆ ਸਾਹਿਤ ਭੰਡਾਰ ਸੀ ਜੋ ਦੱਸਿਆ ਜਾਂਦਾ ਹੈ ਕਿ ਸਰਸਾ ਪਾਰ ਕਰਦੇ ਰੁੜ ਗਿਆ।

ਮਿਸਾਲ ਲਈ ਪੰਡਿਤ ਸੁਖਦੇਵ, ਬ੍ਰਿੰਦ, ਆਲਮ, ਕੁੰਵਰੇਸ਼, ਕਾਸ਼ੀਰਾਮ, ਗੁਰਦਾਸ,  ਗੁਣੀ ਤੇ ਨੰਦ ਲਾਲ ਗੋਯਾ ਦਾ ਨਾਂ ਲਿਆ ਜਾ ਸਕਦਾ ਹੈ। ਇਹ ਲੋਕ ਅਨੁਭਵ ਕਰਦੇ ਸਨ ਕਿ ਸਤਿਗੁਰੂ ਭਾਰਤੀ ਸੰਸਕ੍ਰਿਤੀ ਦੀ ਪੁਨਰ ਸੁਰਜੀਤੀ ਲਈ ਇਕ ਮਹਾਨ ਇਨਕਲਾਬ ਦੀ ਬੁਨਿਆਦ ਰੱਖਦੇ ਹੋਏ ਉਹ ਆਪ ਸੰਸਕ੍ਰਿਤੀ, ਫ਼ਾਰਸੀ ਤੇ ਹੋਰ ਭਾਸ਼ਾਵਾਂ ਦੇ ਧੁਰੰਧਰ ਵਿਦਵਾਨ ਤੇ ਮਹਾਨ ਕਵੀ ਵੀ ਸਨ। ਇਸ ਕਰਕੇ ਗੁਣੀ ਪੁਰਸ਼ ਅਨੰਦਪੁਰ ਆਉਣ ਲਈ ਵਿਸ਼ੇਸ਼ ਖਿੱਚ ਰਖਦੇ ਸਨ, ਫਿਰ ਗੁਰੂ ਸਾਹਿਬ ਵੱਲੋਂ ਕੀਤੀ ਕਦਰਦਾਨੀ ਵੀ ਕਮਾਲ ਦੀ ਸੀ। ਉਨ੍ਹਾਂ ਹਰ ਕਵੀ ਨੂੰ ਪੂਰੇ ਸਨਮਾਨ ਨਾਲ ਸੰਤੁਸ਼ਟ ਕੀਤਾ। ਭਾਵੇਂ ਉਸ ਸਮੇਂ ਦੇ ਹੋਰ ਰਾਜ ਦਰਬਾਰਾਂ ਵਿਚ ਵੀ ਕੁਝ ਕਵੀ ਰਹਿੰਦੇ ਸਨ ਪਰ ਉਹ ਵਧੇਰੇ ਨਿਰੋਲ ਕਸੀਦੇ ਤੇ ਸਤੋਤਰ ਲਿਖਣ ਵਾਲੇ ਸਨ ਜਾਂ ਨਵਾਬਾਂ, ਰਾਜਿਆਂ,ਰਾਣਿਆਂ ਲਈ ਭੋਗ ਵਿਲਾਸ ਦਾ ਸਾਹਿਤ ਰਚ ਕੇ ਸਮਾਜ ਲਈ ਹਾਨੀਕਾਰਕ ਸਿੱਧ ਹੋ ਰਹੇ ਸਨ। ਗੁਰੂ ਸਾਹਿਬ ਦੇ ਦਰਬਾਰ ਵਿੱਚ ਘਟੀਆ ਕਿਸਮ ਦੀ ਖੁਸ਼ਾਮਦ ਕਰਕੇ ਯਾ ਕਸੀਦੇ ਲਿਖ ਕੇ ਕਿਸੇ ਨੂੰ ਆਪਣਾ ਸਵੈਮਾਨ ਨਹੀਂ ਸੀ ਗੁਆਉਣਾ ਪੈਂਦਾ ਸਗੋਂ ਹਰ ਕੋਈ ਰਾਸ਼ਟਰੀ ਵਿਕਾਸ ਦੀਆਂ ਅਨੇਕ ਪੱਖੀ ਯੋਜਨਾਵਾਂ ਤੱਕ ਕੇ ਤੇ ਕ੍ਰਾਂਤੀਕਾਰੀ ਲਹਿਰ ਨੂੰ ਉਭਾਰਦਾ ਵੇਖ ਕੇ ਪ੍ਰਸੰਨ ਹੁੰਦਾ ਸੀ। ਸੋ ਇਹ ਸਾਰੀ ਸਾਹਿਤਿਕ ਸਰਗਰਮੀ ਨਿਜੀ ਵਡਿਆਈ ਤਕ ਸੀਮਿਤ ਨਹੀਂ ਸੀ ਸਗੋਂ ਗੁਰੂ ਸਾਹਿਬ ਦਾ ਮਕਸਦ ਤਾਂ ਅਜੇਹਾ ਸਾਹਿਤ ਪੈਦਾ ਕਰਨਾ ਸੀ ਜਿਸ ਨਾਲ ਜਨ ਸਾਧਾਰਨ ਉਭਾਰ ਵਿੱਚ ਆਵੇ ਤੇ ਧਰਮ ਯੁੱਧ ਦੇ ਚਾਅ ਨਾਲ ਖੰਡਾ ਫੜ ਕੇ ਧਰਮ ਤੇ ਆਜ਼ਾਦੀ ਦੇ ਵੈਰੀਆਂ ਨਾਲ ਜੂਝਣ ਲਈ ਸਾਵਧਾਨ ਹੋ ਜਾਏ।

ਸੋ ਜਦੋਂ ਸਾਹਿਤ ਦਾ ਮੰਤਵ ਅਜੇਹਾ ਪਵਿੱਤਰ ਹੋਵੇ ਤਾਂ ਸਫਲਤਾ ਆਪਣੇ ਆਪ ਕਦਮ ਚੁੰਮਦੀ ਹੈ। ਅਜੇਹੀ ਅਵੱਸਥਾ ਕਾਰਨ ਗੁਰੂ ਸਾਹਿਬ ਦੇ ਸਾਹਿਤਿਕ ਕਵੀ ਦਰਬਾਰ ਨੇ, ਅਨੇਕਾਂ ਵਿਦਵਾਨਾਂ ਨੂੰ ਆਕਰਸ਼ਿਤ ਕੀਤਾ। ਪ੍ਰਾਚੀਨ ਲਿਖਤਾਂ ਤੋਂ ਇਹ ਵੀ ਪ੍ਰਗਟ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਗੁਰਗੱਦੀ ਤੇ ਬੈਠਦਿਆਂ ਹੀ ਮਸੰਦਾਂ ਦੇ ਨਾਂ ਅਜੇਹੇ ਹੁਕਮਨਾਮੇ ਘੱਲ ਦਿੱਤੇ ਸਨ ਕਿ ਜਿੱਥੇ-ਜਿੱਥੇ ਵੀ ਕੋਈ ਵਿਦਵਾਨ ਕਵੀ ਮਿਲੇ, ਉਸ ਨੂੰ ਅਨੰਦਪੁਰ ਘੱਲ ਦਿੱਤਾ ਜਾਵੇ।

ਰਹਿਤਨਾਮਾ ਭਾਈ ਚੌਪਾ ਸਿੰਘ (1724) ਬੰਸਾਵਲੀ ਨਾਮਾ ਭਾਈ ਕੇਸਰ ਸਿੰਘ ਛਿੱਬਰ (1769) ਮਹਿਮਾ ਪ੍ਰਕਾਸ਼ (1774) ਤੋਂ ਇਸ ਦੇ ਪ੍ਰਮਾਣ ਮਿਲਦੇ ਹਨ। ਇਸ ਸੱਦੇ ਅਨੁਸਾਰ ਬਹੁਤ ਸਾਰੇ ਕਵੀ ਜਨ ਤੇ ਲਿਖਾਰੀ ਗੁਰੂ ਜੀ ਦੀ ਹਜ਼ੂਰੀ ਆਏ। ਦਿਨਾਂ ਵਿੱਚ ਹੀ ਅਨੰਦਪੁਰ ਦਰਬਾਰ ਦੀ ਐਸੀ ਰੌਣਕ ਬਣੀ ਕਿ ਕਵੀ ਇਸ ਦੀ ਸ਼ੋਭਾ ਕਰਦੇ ਨਹੀਂ ਸਨ ਥੱਕਦੇ। 1680 ਈ. ਵਿੱਚ ਲੱਖਣ ਨੇ, 1684 ਵਿਚ ਤਨਸੁਖ ਨੇ ‘ਹਿਤੋਪਦੇਸ਼’ ਦਾ ਭਾਖਾਨੁਵਾਦ ਕੀਤਾ। 1683 ਈ. ਦੀ ਲਿਖੀ ਕਵੀ ਗੋਪਾਲ ਦੀ ‘ਮੋਹ ਮਰਦ ਰਾਜੇ ਦੀ ਕਥਾ’ ਮਿਲਦੀ ਹੈ। ਕੁਝ ਹਾਲਤ ਬਦਲਣ ਕਾਰਨ ਗੁਰੂ ਸਾਹਿਬ ਨੂੰ 1685 ਤੋਂ 1688 ਈ. ਤੱਕ ਪਾਉਂਟੇ (ਰਿਆਸਤ ਨਾਹਣ) ਜਾ ਕੇ ਟਿਕਣਾ ਪਿਆ, ਪਰ ਉੱਥੇ ਵੀ ਜਮਨਾ ਕਿਨਾਰੇ ਸਾਹਿਤਿਕ ਵਿਦਵਾਨਾਂ ਦੇ ਕਵੀ ਦਰਬਾਰ ਸਜਦੇ ਰਹੇ। ਜਦ ਅਨੰਦਪੁਰ ਪਰਤੇ ਤਾਂ ਉਨ੍ਹਾਂ ਸਾਹਿਤਿਕ ਕਾਰਜ ਦੀ ਮਹਾਨ ਯੋਜਨਾ ਬਣਾ ਲਈ ਤੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਕਵੀਆਂ ਨੂੰ ਇੱਕਤਰ ਕਰਨਾ ਸ਼ੁਰੂ ਕੀਤਾ। ਇਹ ਗੱਲ 1689 ਈ. ਦੀ ਹੈ ਜਦ ਪ੍ਰਹਿਲਾਦ ਰਾਇ ਨੂੰ 50 ਉਪਨਿਸ਼ਦਾਂ ਦੇ ਅਨੁਵਾਦ ਦਾ ਕੰਮ ਸੌਂਪਿਆ ਗਿਆ ਜੋ ਉਸ ਨੇ ਦਾਰਾ ਸ਼ਿਕੋਹ ਵੱਲੋਂ ਕਰਾਏ ਫ਼ਾਰਸੀ ਤਰਜ਼ਮੇ ਦੀ ਮਦਦ ਨਾਲ ਪੂਰਿਆਂ ਕੀਤਾ। ਭਾਰਤੀ ਸਾਹਿਤ ਵਿੱਚ “ਉਪਨਿਸ਼ਦ” ਆਤਮ ਵਿਦਯਾ ਦੇ ਮਹਾਨ ਗ੍ਰੰਥ ਮੰਨੇ ਗਏ ਹਨ। ਗੁਰੂ ਸਾਹਿਬ ਨੇ ਇਨ੍ਹਾਂ ਨੂੰ ਭਾਖਾ (ਲੋਕ ਬੋਲੀ) ਵਿੱਚ ਉਲਥਾ ਕੇ ਬੜੀ ਚਿਰੋਕੀ ਘਾਟ ਨੂੰ ਪੂਰਿਆਂ ਕੀਤਾ।

ਫਿਰ 1693 ਤੋਂ 1696 ਈ. ਤਕ ਕਈ ਕਵੀਆਂ ਤੋਂ “ਮਹਾਂਭਾਰਤ” ਦੇ 18 ਪਰਬਾਂ (ਭਾਗਾਂ) ਦਾ ਅਨੁਵਾਦ ਕਰਵਾਇਆ-ਸੁਨੋ ਬਯਾਸ ਤੇ ਪਰਬ ਅਸ਼ਟੰ ਦਸਾਂਨੰ (ਮਹਾਨ ਕੋਸ਼) ਅੰਮ੍ਰਿਤ ਰਾਇ ਲਹੌਰੀ ਨੇ ਸਭਾ ਪਰਬ, ਹੰਸਰਾਮ, ਬਾਜਪੇਈ ਨੇ ਕਰਣ ਪਰਬ, ਮੰਗਲ ਨੇ ਸ਼ਲਯ ਪਰਬ, ਕੁੰਵਰੇਸ਼ ਨੇ ਦ੍ਰੋਣ ਪਰਬ ਆਦਿ ਦਾ ਤਰਜਮਾ ਕੀਤਾ ਤੇ ਸਤਿਗੁਰਾਂ ਸਭ ਨੂੰ ਯਥਾਯੋਗ ਇਨਾਮ ਦਿੱਤੇ ਜੈਸਾ ਕਿ ਇਨ੍ਹਾਂ ਕਵੀਆਂ ਨੇ ਖੁਦ ਲਿਖਿਆ ਹੈ। ਇਸ ਤੋਂ ਬਿਨਾਂ ਰਾਜਨੀਤਿਕ ਗ੍ਰੰਥਾਂ ਪੰਚਤੰਤ੍ਰ, ਚਾਣਕਯ ਨੀਤੀ ਆਦਿ ਦੇ ਅਨੁਵਾਦ ਕਰਾਏ। ਇਵੇਂ ਜਿਵੇਂ ਸ਼ਸਤ੍ਰਾਂ, ਅਸਤ੍ਰਾਂ ਬਾਰੇ ਤੇ ਜੰਗ ਯੁੱਧ ਵਿੱਚ ਕੰਮ ਆਉਣ ਵਾਲੇ ਜਾਨਵਰਾਂ ਹਾਥੀਆਂ, ਘੋੜਿਆਂ, ਬਾਜ਼ਾਂ, ਕੁੱਤਿਆਂ, ਆਦਿ ਦੀ ਸੰਭਾਲ ਤੇ ਰੋਗਾਂ ਦੇ ਇਲਾਜ ਬਾਰੇ ਬਾਜ਼ਨਾਮਾ, ਅਸਪਨਾਮਾ, ਫੀਲਨਾਮਾ ਤੇ ਸੁਆਨਨਾਮਾ ਆਦਿ ਕਈ ਉਪਯੋਗੀ ਗ੍ਰੰਥ ਲਿਖਾਏ। ਇਸ ਤੋਂ ਬਿਨਾਂ ਹਿੰਦੀ ਸਾਹਿਤ ਦੇ ਕਈ ਪ੍ਰਸਿੱਧ ਗ੍ਰੰਥਾਂ ਦਾ ਗੁਰਮੁਖੀ ਤਰਜ਼ਮਾਂ ਕਰਵਾਇਆ। ਪ੍ਰਮਾਣ ਲਈ ਦਰਬਾਰੀ ਲਿਖਾਰੀ ਬਾਲਗੋਬਿੰਦ ਤੇ ਫਤਿਹਚੰਦ ਦਾ ਅਨੰਦਪੁਰ 1753 ਬਿ. ਦਾ ਲਿਖਿਆ “ਸੂਰ ਸਾਗਰ” ਦਾ ਗੁਰਮੁਖੀ ਖਰੜਾ ਸਿੱਖ ਰੈਫ਼ਰੈਂਸ ਲਾਇਬਰੇਰੀ ਅੰਮ੍ਰਿਤਸਰ ਵਿੱਚ ਵੇਖਿਆ ਜਾ ਸਕਦਾ ਹੈ ਅਤੇ ਇਸ ਉੱਤੇ ਹਜ਼ਾਰ ਤੋਂ ਉੱਤੇ ਲੱਗੇ ਪੰਨੇ ਦਸਦੇ ਹਨ ਕਿ ਇਸ ਵਿੱਚ ਹੋਰ ਵੀ ਚੀਜ਼ਾਂ ਸ਼ਾਮਿਲ ਸਨ। ਇਹ ਠੀਕ ਹੈ ਕਿ ਅਨੰਦਪੁਰ ਤਿਆਗ ਸਮੇਂ ਸਰਸੇ ਕੰਡੇ ਹੋਏ ਘਮਸਾਣ ਦੇ ਜੁੱਧ ਕਾਰਨ ਬਹੁਤ ਸਾਰੀ ਸਮੱਗਰੀ ਸਾਹਿਤਿਕ ਦੋਖੀਆ ਹਥੋਂ ਨਸ਼ਟ ਹੋ ਗਈ ਅਤੇ ਕੁਝ ਸਰਸਾ ਵਿੱਚ ਰੁੜ ਗਈ ਪ੍ਰੰਤੂ ਇਤਿਹਾਸ ਤੋਂ ਪਤਾ ਲਗਦਾ ਹੈ ਕਿ ਇਸ ਕਿਸਮ ਦੇ ਅਨੇਕਾਂ ਸਾਹਿਤਿਕ ਗ੍ਰੰਥਾਂ ਦੀ ਲਿਖਤ ਦਾ ਵਜ਼ਨ ਨੌਂ ਮਣ ਦੇ ਕਰੀਬ ਸੀ ਤੇ ਇਸ ਸਾਰੀ ਗ੍ਰੰਥਾਵਲੀ ਦਾ ਨਾਂ “ਵਿਦਿਆਸਾਗਰ” ਰੱਖਿਆ ਗਿਆ ਸੀ। ਇਸ ਵਿਚੋਂ ਮਸਾਂ ਨਾਮ ਮਾਤਰ ਹੀ ਬਚ ਸਕਿਆ ਪਰ ਇਸ ਵਿੱਚ ਮਿਲਦੀ ਸਮੱਗਰੀ ਤੋਂ ਅਨੁਮਾਨ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਦਰਜਨਾਂ ਸੰਸਕ੍ਰਿਤ ਫ਼ਾਰਸੀ ਪੁਸਤਕਾਂ ਦੇ ਤਰਜਮੇ ਕਰਵਾਏ ਤੇ ਕਈ ਮੌਲਿਕ ਗ੍ਰੰਥ ਲਿਖਵਾਏ। ਇਹ ਕੰਮ ਉਨ੍ਹਾਂ ਨੇ ਅਨੇਕਾਂ ਦਰਬਾਰੀ ਕਵੀਆਂ ਤੋਂ ਕਰਵਾਇਆ। ਇਸ ਸਾਹਿਤ ਦੀਆਂ ਨਕਲਾਂ ਤਿਆਰ ਕਰਨ ਵਾਲੇ ਖੁਸ਼ਨਵੀਸ ਲਿਖਾਰੀ 36 ਸਨ ਜਿਨ੍ਹਾਂ ਦਾ ਕੰਮ ਸ਼ੁੱਧ ਤੇ ਸੁੰਦਰ ਉਤਾਰੇ ਤਿਆਰ ਕਰਨਾ ਸੀ ਤੇ ਇਹ ਉਤਾਰੇ ਸਿਆਣੇ ਸਿੱਖ ਲੋੜ ਅਨੁਸਾਰ ਅਨੰਦਪੁਰ ਤੋਂ ਦੂਰ-ਦੂਰ ਆਪਣੇ ਘਰੀਂ ਲੈ ਜਾਂਦੇ ਸਨ। ਗੁਰੂ ਜੀ ਦੇ ਦਰਬਾਰ ਵਿੱਚ ਕੁੱਲ ਕਵੀ ਕਿਤਨੇ ਸਨ, ਇਹ ਦੱਸਣਾ ਭਾਵੇਂ ਔਖਾ ਹੈ ਪਰ ਫਿਰ ਵੀ ਮਿਲਦੇ ਨਾਵਾਂ ਦੇ ਆਧਾਰ ਤੇ ਹੇਠਲੀ ਸੂਚੀ ਵਿੱਚ ਇਹ ਨਾਂ ਸੌਖਿਆਂ ਗਿਣੇ ਜਾ ਸਕਦੇ ਹਨ-

1. ਪ੍ਰਹਿਲਾਦ ਰਾਇ-50 ਉਪਨਿਸ਼ਧਾਂ ਦਾ ਗੱਦ ਅਨੁਵਾਦ 2. ਲੱਖਣ ਰਾਇ-ਹਿਤੋਪਦੇਸ਼ 3. ਅੰਮ੍ਰਿਤ ਰਾਏ ਲਾਹੌਰੀ-ਸਭਾ ਪਰਬ, ਚਿਤ੍ਰ ਬਿਲਾਸ 4. ਹੰਸ ਰਾਮ ਬਾਜਪੇਈ-ਕਰਣ ਪਰਬ 5. ਮੰਗਲ-ਸ਼ਲਯ ਪਰਬ 6. ਕੁੰਵਰੇਸ-ਦ੍ਰੋਣ ਪਰਬ 7. ਟਹਿਕ-ਅਸਵਮੇਧ ਪਰਬ, ਰਤਨਦਾਮ (ਅਮਰਕੋਸ਼) 8. ਚੰਦ੍ਰ ਸੈਨ ਸੈਨਾਪਤਿ-ਚਾਣਕਯ ਨੀਤਿ ਸ਼ਾਸਤ੍ਰ, ਸੁਖਚੇਨ-ਗ੍ਰੰਥ (ਵੈਦਿਕ) 9. ਕਾਸ਼ੀਰਾਮ ਪਾਂਡਵ-ਗੀਤਾ 10. ਤਨਸੂਖ ਲਹੌਰੀ-ਰਾਜਨੀਤਿ ਗ੍ਰੰਥ 11. ਅਣੀਰਾਇ-ਜੰਗਨਾਮਾ ਗੁਰੂ ਗੋਬਿੰਦ ਸਿੰਘ 12.ਸੁਖਦੇਵ-ਅਧਯਾਤਮ ਪ੍ਰਕਾਸ਼ 13. ਗੋਪਾਲ-ਅਨਭਉ ਉਲਾਸ, ਮੋਹ ਮਰਦ ਰਾਜੇ ਕੀ ਕਥਾ 14. ਬ੍ਰਿੰਦ-ਬਿੰਦ੍ਰਸਤਸਈ 15. ਗਿਰਧਰ ਲਾਲ-ਪਿੰਗਲ ਸਾਰ 16. ਸੈਣਾ ਸਿੰਘ-ਕੜਖਾ ਗੁਰੂ ਗੋਬਿੰਦ ਸਿੰਘ ਜੀ ਕਾ (ਕੜਖਾ ਜਾਂ ਕਰਖਾ ਭਾਵ ਇੱਕ ਮਾਤ੍ਰਿਕ ਛੰਦ) 17. ਗੁਰਦਾਸ ਗੁਣੀ-ਕਥਾ ਹੀਰ ਰਾਂਝਣ ਕੀ, ਸਾਖੀ ਹੀਰਾ ਘਾਟ ਕੀ 18. ਨੰਦ ਲਾਲ ਭਾਈ ਦੀਵਾਨਿ ਗੋਯਾ, ਜ਼ਿੰਦਗੀ ਨਾਮਾ, ਤੌਸੀਫੋਸਨਾ, ਜੋਤਿ ਵਿਗਾਸ 19. ਨਨੂਆਂ ਵੈਰਾਗੀ-ਫੁਟਕਲ ਛੰਦ 20. ਬ੍ਰਹਮ ਭੱਟ 21. ਹੀਰ ਭੱਟ 22. ਚੰਦ23. ਸੁੰਦਰ 24. ਸ਼ਾਰਦਾ 25. ਆਲਮ 26. ਸੁਦਾਮਾ 27. ਧਰਮ ਸਿੰਘ 28. ਧੰਨਾ ਸਿੰਘ 29. ਚੰਦਨ  30. ਪੰ. ਨੰਦ ਲਾਲ  31. ਪੰ. ਬ੍ਰਿਜ ਲਾਲ 32. ਪੰ. ਰਘੁਨਾਥ 33. ਮਾਨ ਦਾਸ ਵੈਰਾਗੀ 34. ਈਸਰ ਦਾਸ 35. ਭੋਜ ਰਾਜ 36. ਮੱਲ ਭੱਟ37. ਨਿਹਚਲ ਫਕੀਰ 38. ਮਨੀ ਸਿੰਘ 39. ਮਾਲਾ ਸਿੰਘ 40. ਮਦਨ ਸਿੰਘ 41. ਕਲੂਆ 42. ਵੱਲਭ 43. ਮਥਰਾਦਾਸ 44. ਠਾਕੁਰ 45. ਪਿੰਡੀਲਾਲ 46. ਰਾਮਦਾਸ 47. ਖਾਨਚੰਦ 48. ਮਧੂ 49. ਰਾਵਲ 50. ਬਿਧੀ ਚੰਦ 51. ਬ੍ਰਿਖਾ 52.ਉਦੇਰਾਇ 53. ਬਿਹਾਰੀ 54. ਜਾਦੋ ਰਾਇ 55. ਫਤੂ ਮੱਲ 56. ਲਾਲ ਖਿਆਲੀ 57. ਆਢਾ 58. ਭਗਤ 59. ਰਾਇ ਸਿੰਘ 60. ਮਹਾਂ ਸਿੰਘ 61. ਮੀਰ ਛਬੀਲਾ (ਢਾਡੀ) 62. ਮੀਰ ਮੁਸ਼ਕੀ (ਢਾਡੀ)




.