.

ਗੁਰਦੁਆਰਾ (ਕਿਸ਼ਤ 1)

ਵੀਰ ਭੁਪਿੰਦਰ ਸਿੰਘ

ਕਈ ਸੱਜਣ ਪੁੱਛਦੇ ਹਨ ਕਿ,

‘‘ਕੀ ਰੱਬ ਜੀ ਕੇਵਲ ਗੁਰਦੁਆਰੇ ਵਿੱਚ ਹੀ ਹਨ ਬਾਕੀ ਥਾਵਾਂ ਤੇ ਨਹੀਂ ਹਨ ?”

ਕਈ ਪੁੱਛਦੇ ਹਨ ਕਿ, ‘‘ਗੁਰਦੁਆਰੇ ਜਾਣਾ ਕੀ ਕਰਮ-ਕਾਂਡ ਹੈ ?”

ਲਗਦਾ ਹੈ ਕਿ ਇਨ੍ਹਾਂ ਸੁਆਲਾਂ ਦੁਆਰਾ ਇਹ ਪੁਛਿਆ ਜਾ ਰਿਹਾ ਹੈ ਕਿ ਦਰਅਸਲ ਗੁਰਦੁਆਰੇ ਦਾ ਮਕਸਦ ਕੀ ਹੈ, ਗੁਰਦੁਆਰਾ ਕਿਸ ਮਕਸਦ ਲਈ ਬਣਿਆ ਹੈ, ਆਓ ਇਨ੍ਹਾਂ ਸੁਆਲਾਂ ਨੂੰ ਥੋੜਾ ਜਿਹਾ ਵਿਚਾਰੀਏ ਤੇ ਗੁਰਦੁਆਰੇ ਦਾ ਮਕਸਦ ਲੱਭਣ ਦੀ ਕੋਸ਼ਿਸ਼ ਕਰੀਏ।

ਗੁਰੂ ਸਾਹਿਬ ਜਿਹੜੀ ਬਾਣੀ ਉਚਾਰਦੇ ਹਨ ਉਸ ਦਾ ਅਸਲ ਮਕਸਦ ਮਨੁੱਖਤਾ ਦੇ ਤਲ ਤੋਂ ਪਸ਼ੁਤਾ ਤੱਕ ਡਿੱਗੇ ਮਨੁੱਖ ਦੇ ਜੀਵਨ ਨੂੰ ਵਾਪਸ ਉੱਚਿਆਂ ਕਰਨਾ ਹੈ। ਗੁਰਬਾਣੀ ਅਨੁਸਾਰ ਮਨੁੱਖ ਰੱਬ ਜੀ ਤੋਂ ਵਿਛੜਿਆ ਹੋਇਆ ਹੈ ਹੀ ਨਹੀਂ। ਮਨੁੱਖ ਦਾ ਰੱਬ ਜੀ ਨਾਲ ਮਿਲਾਪ ਹੈ ਹੀ, ਪਰ ਮਨੁੱਖ ਨੂੰ ਜੇਕਰ ਸੱਚ ਸਮਝ ਨਾ ਆਏ ਤਾਂ ਉਹ ਇਸਨੂੰ ਮਹਿਸੂਸ ਨਹੀਂ ਕਰ ਸਕਦਾ। ਇਸ ਕਰਕੇ ਉਸਦਾ ਜੀਵਨ ਮਿਆਰ ਮਨੁੱਖਤਾ ਤੋਂ ਡਿਗ ਕੇ ਪਸ਼ੁਤਾ ਤੱਕ ਪਹੁੰਚ ਜਾਂਦਾ ਹੈ ਅਤੇ ਮਨੁੱਖੀ ਜਾਮੇ ਵਿੱਚ ਹੁੰਦਿਆਂ ਹੋਇਆਂ ਵੀ ਪਸ਼ੂਆਂ ਦੀ ਜੂਨਾਂ ਵਿੱਚ ਹੀ ਵਿਚਰਦਾ ਰਹਿੰਦਾ ਹੈ ਭਾਵ ਪਸ਼ੂਆਂ ਵਾਲੇ ਕਰਮ ਕਰਨ ਲੱਗ ਪੈਂਦਾ ਹੈ।

ਗੁਰਦੁਆਰਾ ਮਨੁੱਖ ਨੂੰ ਮਨੁੱਖਤਾ ਸਿਖਾਉਣ ਲਈ ਬਣਾਇਆ ਗਿਆ ਹੈ। ਜੇਕਰ ਉਪਰਲੀਆਂ ਸਾਰੀਆਂ ਗੱਲਾਂ ਨੂੰ ਸਮਝੀਏ ਤਾਂ ਪਤਾ ਲੱਗੇਗਾ ਕਿ ਗੁਰਦੁਆਰੇ ਦਾ ਮਕਸਦ ਜਾਂ ਗੁਰਦੁਆਰਾ ਪ੍ਰਬੰਧ ਇਹ ਦੱਸਣ ਲਈ ਨਹੀਂ ਹੈ ਕਿ ਰੱਬ ਸਿਰਫ ਗੁਰਦੁਆਰੇ ਵਿੱਚ ਹੈ। ਅਸੀਂ ਇੰਜ ਕਹਿ ਸਕਦੇ ਹਾਂ ਕਿ ਗੁਰਦੁਆਰਾ ਇਕ ਪਾਠਸ਼ਾਲਾ ਹੈ, ਸਕੂਲ ਹੈ। ਮਨੁੱਖ ਜਿਸ ਤਰ੍ਹਾਂ ਸਕੂਲ ਜਾਂ ਕਾਲਜ ਵਿੱਚ ਵਿਵਹਾਰਕ ਢੰਗ ਨਾਲ ਸਾਰੀ ਗੱਲ ਸਿਖਦਾ ਹੈ, ਪੜ੍ਹਾਈ ਕਰਦਾ ਹੈ, ਉਸੀ ਤਰ੍ਹਾਂ ਆਤਮਕ ਜੀਵਨ ਦੀ ਪੜ੍ਹਾਈ ਗੁਰਦੁਆਰੇ ਅੰਦਰ ਸੰਗਤੀ ਰੂਪ ਵਿਚ, ਗੁਰਬਾਣੀ ਸੁਣ ਕੇ, ਆਪਣੇ ਜੀਵਨ ਵਿੱਚ ਧਾਰਨ ਕਰ ਕੇ ਕੀਤੀ ਜਾਂਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਗੁਰਦੁਆਰਾ ਉਹ ਅਸਥਾਨ ਹੈ ਜਿੱਥੇ ਅਸੀਂ ਆਪਣੇ ਜੀਵਨ ਦਾ ਮਿਆਰ ਉੱਚਾ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਗਤ ਰੂਪ ਵਿੱਚ ਸੁਣਦੇ ਹਾਂ। ਅਸੀਂ ਸਾਰੇ ਗੁਰਦੁਆਰੇ ਜਾਂਦੇ ਹਾਂ, ਸਾਨੂੰ ਸਭ ਨੂੰ ਪਤਾ ਹੈ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹਨ, ਅਸੀਂ ਜਾ ਕੇ ਮੱਥਾ ਟੇਕਦੇ ਹਾਂ ਤੇ ਬੈਠ ਜਾਂਦੇ ਹਾਂ। ਗੁਰਦੁਆਰੇ ਵਿੱਚ ਕਥਾ, ਕੀਰਤਨ ਅਤੇ ਬਾਣੀ ਦੀ ਵਿਚਾਰ ਸੁਣ ਕੇ ਅਸੀਂ ਆਪਣੇ ਜੀਵਨ ਨੂੰ ਉੱਚਿਆਂ ਕਰਨਾ ਹੈ, ਗੁਰਦੁਆਰੇ ਦਾ ਇਹੀ ਮਕਸਦ ਹੈ।

ਜਦੋਂ ਸਾਨੂੰ ਗੁਰਦੁਆਰੇ ਵਿੱਚ ਸੰਗਤੀ ਤੌਰ ਤੇ ਗੁਰਬਾਣੀ, ਕੀਰਤਨ ਅਤੇ ਵਿਚਾਰਾਂ ਰਾਹੀਂ ਇਹ ਦੱਸਿਆ ਜਾ ਰਿਹਾ ਹੋਵੇਗਾ ਕਿ ਰੱਬ ਜੀ ਹਰ ਜਗ੍ਹਾ ਮੌਜੂਦ ਹਨ, ਹਾਜ਼ਰ-ਨਾਜ਼ਰ ਹਨ ਤਾਂ ਸਾਡਾ ਇਹ ਭੁਲੇਖਾ ਲੱਥ ਜਾਵੇਗਾ ਕਿ ਰੱਬ ਜੀ ਕੇਵਲ ਗੁਰਦੁਆਰੇ ਵਿੱਚ ਹੀ ਹਨ। ਕਈ ਲੋਕਾਂ ਨੂੰ ਕਹਿੰਦੇ ਸੁਣੀਦਾ ਹੈ ਕਿ, ‘‘ਜੀ, ਮੈਂ ਇਸ ਵੇਲੇ ਗੁਰਦੁਆਰੇ ਹਾਂ ਜੇਕਰ ਝੂਠ ਬੋਲਾਂ'' ਤਾਂ ਉਹ ਲੋਕੀ ਇਹ ਸਮਝ ਰਹੇ ਹੁੰਦੇ ਹਨ ਕਿ ਸ਼ਾਇਦ ਰੱਬ ਜੀ ਕੇਵਲ ਉੱਥੇ ਹੀ ਹਨ, ਬਾਕੀ ਜਗ੍ਹਾ ਨਹੀਂ।

ਇਸ ਵਿਸ਼ੇ ਨੂੰ ਗੁਰਬਾਣੀ ਅਨੁਸਾਰ ਹੋਰ ਖੋਲ੍ਹ ਕੇ ਸਮਝਣ ਦਾ ਜਤਨ ਕਰੀਏ। ਬਾਣੀ ਵਿੱਚ ਆਉਂਦਾ ਹੈ :

ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ।। ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ।। ਗੁਰੂ ਦੁਆਰੈ ਹੋਇ ਸੋਝੀ ਪਾਇਸੀ।। ਏਤੁ ਦੁਆਰੈ ਧੋਇ ਹਛਾ ਹੋਇਸੀ।। (ਗੁਰੂ ਗ੍ਰੰਥ ਸਾਹਿਬ, ਪੰਨਾ 730)

ਭਾਂਡਾ ਭਾਵ ਸਰੀਰ ਤੇ ਉਹੀ ਚੰਗਾ ਹੈ ਜਿਹੜਾ ਰੱਬ ਜੀ, ਅੱਲ੍ਹਾ ਜੀ, ਰਾਮ ਜੀ, ਵਾਹਿਗੁਰੂ ਜੀ ਨੂੰ ਪ੍ਰਵਾਨ ਹੋਵੇ, ਪਸੰਦ ਹੋਵੇ। ਪਰ ਸਰੀਰ (ਭਾਂਡਾ) ਕਿਹੜਾ ਪਸੰਦ ਆਉਂਦਾ ਹੈ ਅਤੇ ਕਿਸ ਤਰ੍ਹਾਂ ਆਉਂਦਾ ਹੈ? ਇਨ੍ਹਾਂ ਸਭ ਗੱਲ੍ਹਾਂ ਦੇ ਜਵਾਬ ਸਾਨੂੰ ਗੁਰਬਾਣੀ ਤੋਂ ਹੀ ਮਿਲਦੇ ਹਨ। ‘‘ਭਾਂਡਾ ਅਤਿ ਮਲੀਣੁ'' ਦਰਅਸਲ ਸਾਡਾ ਜ਼ਮੀਰ, ਸਾਡਾ ਮਨ ਮੈਲਾ ਹੈ। ਅਸੀਂ ਧਰਮ ਅਸਥਾਨ ਤੇ ਜਾਂਦੇ ਹਾਂ ਤੇ ਸੋਚਦੇ ਹਾਂ ਕਿ ਮੈਂ ਇੱਥੇ ਇਸ਼ਨਾਨ ਕਰਕੇ ਆਪਣੇ ਸਰੀਰ ਨੂੰ ਧੋ ਲਵਾਂ ਤਾਂ ਮੈਂ ਪਵਿੱਤਰ ਹੋ ਜਾਵਾਂਗਾ, ਮੇਰਾ ਮਨ, ਅੰਤਰ-ਆਤਮਾ ਸਾਫ ਹੋ ਜਾਵੇਗਾ ਪਰ ਸਾਡਾ ਅੰਤਰ-ਆਤਮਾ ਮੈਲਾ ਹੀ ਰਹਿ ਜਾਂਦਾ ਹੈ। ਉਹ ਬਾਹਰੋਂ ਪਾਣੀ ਦੇ ਨਾਲ ਧੋਣ ਨਾਲ ਅੱਛਾ ਨਹੀਂ ਹੋ ਸਕਦਾ। ਜਿਵੇਂ ਕਿ ਅਸੀਂ ਜਪੁ ਜੀ ਸਾਹਿਬ ਵਿੱਚ ਵੀ ਪੜ੍ਹਦੇ ਹਾਂ :

ਭਰੀਐ ਹਥੁ ਪੈਰੁ ਤਨੁ ਦੇਹ।। ਪਾਣੀ ਧੋਤੈ ਉਤਰਸੁ ਖੇਹ।। .....ਓਹੁ ਧੋਪੈ ਨਾਵੈ ਕੈ ਰੰਗਿ।। (ਗੁਰੂ ਗ੍ਰੰਥ ਸਾਹਿਬ, ਪੰਨਾ 4)

ਭਾਵ ਜੇਕਰ ਹੱਥ-ਪੈਰ ਗੰਦੇ ਹੋ ਗਏ ਹਨ ਤਾਂ ਪਾਣੀ ਨਾਲ ਧੋ ਲਵੋ ਪਰ ਜੇਕਰ ਮੱਤ (ਮਨ) ਮੈਲੀ ਹੋ ਜਾਏ ਤਾਂ ਉਸਨੂੰ ਕਿਸ ਤਰ੍ਹਾਂ ਸਾਫ ਕਰੇਂਗਾ? ਆਪਣੀ ਮੈਲੀ ਮੱਤ ਨੂੰ ਤੂੰ ਗਿਆਨ, ਸੱਚ ਦੀ ਵਿਚਾਰ ਦੇ ਨਾਲ ਧੋ ਸਕਦਾ ਹੈਂ। ਕਰਮ-ਕਾਂਡ ਕਰਨ ਨੂੰ ਹੀ ਦੁਨੀਆ ਧਰਮ ਸਮਝਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਸੋਹਣੀ ਤਰ੍ਹਾਂ ਸਮਝਾਇਆ ਗਿਆ ਹੈ ਕਿ :-

ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ॥ (ਗੁਰੂ ਗ੍ਰੰਥ ਸਾਹਿਬ, ਪੰਨਾ 1372)

ਭਾਵ ਧਰਮ ਕਮਾਉਣ ਵਾਸਤੇ ਗਿਆਨ ਦੀ ਲੋੜ ਹੈ ਤੇ ਜੇਕਰ ਗਿਆਨ ਨਹੀਂ ਤਾਂ ਭਗਤੀ ਹੋ ਹੀ ਨਹੀਂ ਸਕਦੀ। ਗੁਰਮਤ ਵਿਚਾਰਧਾਰਾ ਦਾ ਸਭ ਤੋਂ ਮੁਢਲਾ ਸਿਧਾਂਤ ਇਹ ਹੈ ਕਿ ਜੇਕਰ ਮਨੁੱਖ ਦਾ ਮਨ ਮੈਲਾ ਹੈ ਤਾਂ ਉਸਨੂੰ ਧੋਤਾ ਜਾਵੇ। ਉਸਨੂੰ ਧੋਣ ਵਾਸਤੇ ਗੁਰਦੁਆਰੇ ਭਾਵ ਗੁਰੂ ਦੇ ਦੁਆਰੇ, ਗੁਰੂ ਦੇ ਦਰ ਤੇ ਜਾਣਾ ਪੈਂਦਾ ਹੈ, ਇਸ ਗੱਲ ਨੂੰ ਸਮਝ ਕੇ ਗੁਰਦੁਆਰੇ ਦੀ ਚੌਖਟ, ਦੁਆਰ (ਗੁਰੂ, ਗਿਆਨ) ਤੋਂ ਲੰਘ ਜਾਂਦੇ ਹਾਂ। ਜਦੋਂ ਗੁਰੂ ਕੋਲ ਜਾਈਦਾ ਹੈ ਤਾਂ:

ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ।। (ਗੁਰੂ ਗ੍ਰੰਥ ਸਾਹਿਬ, ਪੰਨਾ 730)

ਗੁਰੂ, ਭਾਵ ਗਿਆਨ ਸਾਨੂੰ ਸੱਚ ਅਤੇ ਝੂਠ ਵਿਚਕਾਰਲਾ ਅੰਤਰ ਦੱਸ ਦਿੰਦਾ ਹੈ। ਸਾਨੂੰ ਗੁਰੂ ਸਾਹਿਬ ਦੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਬਾਣੀ ਰੂਪੀ ਗੁਰੂ (ਸੱਚ ਦਾ ਗਿਆਨ) ਦੇ ਦਰ ਤੋਂ ਲੰਘ ਕੇ ਜਾਣਾ ਹੈ ਤੇ ਆਪਣੇ ਨਿੱਜ ਅਸਥਾਨ ਤੇ ਪਹੁੰਚਣਾ ਹੈ ਭਾਵ ਆਪਣੇ ਅੰਤਰ-ਆਤਮੇ ਨੂੰ ਸੋਧਣਾ ਹੈ।

ਗੁਰਸਿਖੀ ਸੋ ਥਾਨੁ ਭਾਲਿਆ ॥ (ਗੁਰੂ ਗ੍ਰੰਥ ਸਾਹਿਬ, ਪੰਨਾ 450)

ਭਾਵ ਗੁਰੂ ਦੀ ਸਿਖਿਆ (ਗੁਰਸਿਖੀ) ਰਾਹੀਂ ਮੈਂ ਸੁਹਾਵਾ ਥਾਨ ਲੱਭ ਲਿਆ ਹੈ। ਗੁਰਦੁਆਰੇ ਜਾ ਕੇ ਅਸੀਂ ਗੁਰੂ ਦੀ ਸਿਖਿਆ ਸਿੱਖਦੇ ਹਾਂ ਪਰ ਜੇਕਰ ਅਸੀਂ ਉੁੱਥੇ ਜਾਈਏ ਅਤੇ ਗੁਰੂ ਦੀ ਸਿਖਿਆ ਸਿੱਖ ਕੇ ਨਾ ਆਈਏ ਤਾਂ ਗੁਰੂ ਦੀ ਸਿਖਿਆ ਰਾਹੀਂ ਜੋ ਥਾਨ ਭਾਲਣਾ ਸੀ, ਉਹ ਅਸੀਂ ਨਹੀਂ ਲੱਭ ਸਕੇ।

ਸ਼ੁਰੂ ਵਿੱਚ ਗੁਰਦੁਆਰੇ ਭਾਵੇਂ ਅਸੀਂ ਕਰਮਕਾਂਡੀ ਢੰਗ ਨਾਲ ਜਾਂਦੇ ਹਾਂ ਪਰ ਕਰਮਕਾਂਡ ਦੇ ਤੌਰ ਤੇ ਜਾਂਦੇ-ਜਾਂਦੇ ਉੁੱਥੇ ਸੱਚ ਦੀ ਵਿਚਾਰ ਸੁਣਦੇ-ਸੁਣਦੇ ਸਾਨੂੰ ਆਪਣੇ ਅੰਤਰ ਆਤਮੇ ਦਾ ਨਿੱਜ ਥਾਂ ਲੱਭ ਜਾਂਦਾ ਹੈ, ਅਸੀਂ ਆਤਮਕ ਤੌਰ ਤੇ ਮੈਲ ਨੂੰ ਉਤਾਰ ਲੈਂਦੇ ਹਾਂ। ਸਾਨੂੰ ਸਤਿਗੁਰ ਭਾਵ ਸੱਚ ਦੀ ਵਿਚਾਰ ਰਾਹੀਂ ਰੱਬ ਜੀ ਮਹਿਸੂਸ ਹੋ ਜਾਂਦੇ ਹਨ, ਅਸੀਂ ਸੱਚਖੰਡ ਦੀ ਅਵਸਥਾ ਵਿੱਚ ਪਹੁੰਚ ਜਾਂਦੇ ਹਾਂ, ਸਾਡਾ ਮੈਲਾ ਮਨ ਸਾਫ ਹੋ ਜਾਂਦਾ ਹੈ। ਮੈਲੇ ਮਨ ਬਾਰੇ ਗੁਰਬਾਣੀ ਵਿੱਚ ਆਇਆ ਹੈ ਕਿ ਜੇਕਰ ਮਨ ਮੈਲਾ ਹੋਵੇ ਤਾਂ :

ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ।। (ਗੁਰੂ ਗ੍ਰੰਥ ਸਾਹਿਬ, ਪੰਨਾ 558)

ਇਸ ਕਰਕੇ ਗੁਰਦੁਆਰੇ ਅਸੀਂ ਤਨ ਦੀ ਬਜਾਏ ਮਨ ਦੀ ਮੈਲ ਧੋਣ ਜਾਂਦੇ ਹਾਂ। ਜਪੁ ਜੀ ਸਾਹਿਬ ਵਿੱਚ ਪ੍ਰਸ਼ਨ ਕੀਤਾ ਹੋਇਆ ਹੈ :-

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ (ਗੁਰੂ ਗ੍ਰੰਥ ਸਾਹਿਬ, ਪੰਨਾ 1)

ਭਾਵ ਅਸੀਂ ਰੱਬ ਜੀ ਦੇ ਸਾਹਮਣੇ ਸੱਚੇ ਕਿਵੇਂ ਹੋਈਏ? ਰੱਬ ਜੀ ਅਤੇ ਸਾਡੇ ਵਿਚਕਾਰ ਇਕ ਕੂੜ ਦੀ, ਝੂਠ ਦੀ ਦਿਵਾਰ ਬਣੀ ਹੋਈ ਹੈ, ਇਕ ਪਰਦਾ ਪਿਆ ਹੋਇਆ ਹੈ, ਉਹ ਹਟਾਣਾ ਹੈ। ਉਹ ਕੂੜ ਦੀ, ਝੂਠ ਦੀ ਦਿਵਾਰ, ਉਹ ਪਰਦਾ ਸੱਚ ਦੀ ਵਿਚਾਰ (ਗੁਰੂ) ਮਿਲਣ ਸਾਰ ਹੀ ਹੱਟ ਜਾਂਦਾ ਹੈ। ਜੇਕਰ ਅਸੀਂ ਗੁਰਦੁਆਰੇ ਜਾਈਏ, ਸੱਚ ਨੂੰ ਸੁਣੀਏ ਪਰ ਮੰਨੀਏ ਨਾ ਅਤੇ ਕੇਵਲ ਮੱਥਾ-ਟੇਕ ਕੇ ਸੋਚੀਏ ਕਿ ਮੇਰਾ ਧਰਮ-ਕਰਮ ਪੂਰਾ ਹੋ ਗਿਆ ਤਾਂ ਇਹ ਕੂੜ ਦੀ ਦਿਵਾਰ ਨਹੀਂ ਹਟ ਸਕਦੀ। ਗੁਰਬਾਣੀ ਵਿੱਚ ਆਇਆ ਹੈ :-

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ (ਗੁਰੂ ਗ੍ਰੰਥ ਸਾਹਿਬ, ਪੰਨਾ 594)

ਭਾਵ ਸਤਿਗੁਰ ਨੂੰ ਵੇਖਣ ਨਾਲ ਮੁਕਤੀ ਨਹੀਂ ਹੋ ਜਾਂਦੀ, ਮਨ ਸਾਫ ਨਹੀਂ ਹੋ ਜਾਂਦਾ। ਇਨ੍ਹਾਂ ਅੱਖਾਂ ਦੇ ਦੇਖਣ ਨਾਲ ਮੁਕਤੀ ਨਹੀਂ ਹੁੰਦੀ, ਜ਼ਮੀਰ ਸਾਫ ਨਹੀਂ ਹੋ ਸਕਦਾ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜਿਊਂਦੇ ਜੀਅ ਮੁਕਤੀ ਕਿਵੇਂ ਹੋ ਸਕਦੀ ਹੈ, ਤੇਰਾ ਮਨ ਸਾਫ ਕਿਵੇਂ ਹੋ ਸਕਦਾ ਹੈ?

ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ।। (ਗੁਰੂ ਗ੍ਰੰਥ ਸਾਹਿਬ, ਪੰਨਾ 594)

ਭਾਵ ਸ਼ਬਦ ਦੀ ਵਿਚਾਰ (ਸਤਿਗੁਰ) ਨਾਲ ਮੁਕਤੀ ਹੋ ਸਕਦੀ ਹੈ, ਮਨ ਸਾਫ ਹੋ ਸਕਦਾ ਹੈ। ਸ਼ਬਦ ਦੀ ਵਿਚਾਰ ਜ਼ਰੂਰੀ ਹੈ।

ਲੰਗਰ

ਕਈ ਲੋਕ ਸੋਚਦੇ ਹਨ ਕਿ ਅਸੀਂ ਗੁਰਦੁਆਰੇ ਬੈਠ ਕੇ ਸੱਚ ਦੀ ਵਿਚਾਰ ਸੁਣ ਰਹੇ ਹਾਂ, ਇੱਥੇ ਤਿੰਨ-ਚਾਰ ਘੰਟੇ ਵੀ ਲੱਗ ਸਕਦੇ ਹਨ, ਮੌਸਮ ਵੀ ਖ਼ਰਾਬ ਹੈ, ਅਸੀਂ ਘਰ ਜਾ ਕੇ ਰੋਟੀ ਵੀ ਪਕਾਣੀ ਹੈ, ਇਸ ਕਰਕੇ ਗੁਰਦੁਆਰੇ ਦੇ ਪ੍ਰਬੰਧ ਵਿੱਚ ਕੁਝ ਇੰਤਜ਼ਾਮ ਕੀਤੇ ਗਏ ਹਨ ਤਾ ਕਿ ਅਸੀਂ ਅਰਾਮ ਨਾਲ ਬੈਠ ਕੇ ਸੱਚ ਦੀ ਵਿਚਾਰ ਸੁਣ ਸਕੀਏ। ਕੀਰਤਨ ਹੋ ਰਿਹਾ ਹੋਵੇ, ਸੰਗਤਾਂ ਬੈਠ ਕੇ ਸੁਣ ਰਹੀਆਂ ਹੋਣ ਅਤੇ ਬਾਰਿਸ਼ ਆ ਜਾਏ। ਇਸ ਕਰਕੇ ਗੁਰਦੁਆਰੇ ਦੀ ਛੱਤ ਬਣਾ ਦਿੱਤੀ, ਚਾਰ ਦਿਵਾਰਾਂ ਬਣਾ ਦਿੱਤੀਆਂ ਤਾ ਕਿ ਹਨੇਰੀ, ਝੱਖੜ, ਬਾਰਿਸ਼ ਤੋਂ ਬਚਾਅ ਹੋ ਸਕੇ। ਗੁਰਦੁਆਰਾ ਪ੍ਰਬੰਧ ਵਿੱਚ ਲੰਗਰ ਵੀ ਤਿਆਰ ਹੈ ਤਾ ਕਿ ਮਨੁੱਖ ਇਕਾਗਰ ਮਨ ਨਾਲ ਸਤਿਗੁਰ ਦੀ ਮੱਤ ਲੈ ਕੇ ਆਪਣੀ ਆਤਮਾ ਸਾਫ ਕਰ ਸਕੇ, ਇਹ ਖਿਆਲ ਨਾ ਰਹਿ ਜਾਏ ਕਿ ਮੈਂ ਘਰ ਜਾ ਕੇ ਰੋਟੀ ਪਕਾਣੀ ਹੈ। ਲੰਗਰ ਤਿਆਰ ਮਿਲੇਗਾ, ਬੇਫਿਕਰ ਹੋ ਕੇ ਗੁਰੂ ਦੀ ਗੱਲ ਸੁਣੀਏ।

ਜੋੜਾ ਘਰ

ਕਈ ਲੋਕ ਧਰਮ ਅਸਥਾਨਾਂ ਤੇ ਜਾਂਦੇ ਸਨ ਤਾਂ ਉਨ੍ਹਾਂ ਦੇ ਜੋੜੇ ਚੁੱਕੇ ਜਾਂਦੇ ਸਨ, ਇਸ ਕਰਕੇ ਧਰਮ ਅਸਥਾਨਾਂ ਦੇ ਪ੍ਰਬੰਧ ਵਿੱਚ ਪੈਸੇ ਲੈ ਕੇ ਜੋੜਿਆਂ ਦੀ ਰਾਖੀ ਕੀਤੀ ਜਾਂਦੀ ਸੀ। ਗੁਰਦੁਆਰੇ ਅੰਦਰ ਜੋੜਾ ਘਰ ਬਣਾਇਆ ਗਿਆ, ਸੰਗਤਾਂ ਉੱਥੇ ਜੋੜਿਆਂ ਦੀ ਸੇਵਾ ਕਰਦੀਆਂ ਹਨ ਤਾ ਕਿ ਤੁਹਾਡੇ ਜੋੜੇ ਚੁੱਕੇ ਨਾ ਜਾਣ, ਤੁਸੀਂ ਜੋੜਿਆਂ ਦੇ ਰੱਖ-ਰਖਾਵ ਪਖੋਂ ਬਿਲਕੁਲ ਬੇਫਿਕਰ ਹੋਕੇ ਗੁਰਦੁਆਰੇ ਅੰਦਰ ਜਾ ਕੇ ਸਤਿਗੁਰ ਦੀ ਗੱਲ ਸੁਣੋ।

ਗੁਰਦੁਆਰਾ ਪ੍ਰਬੰਧ

ਸੰਗਤਾਂ ਨੂੰ ਰੋੜੇ-ਪੱਥਰਾਂ ਤੇ ਬੈਠਣਾ ਔਖਾ ਹੋ ਜਾਏਗਾ ਇਸ ਕਰਕੇ ਸੋਹਣੇ ਫਰਸ਼ ਬਣਾਏ ਅਤੇ ਉਨ੍ਹਾਂ ’ਤੇ ਕਾਲੀਨ ਵਿਛਾਏ। ਜੇਕਰ ਸੰਗਤਾਂ ਬਹੁਤ ਤਾਦਾਦ ਵਿੱਚ ਹਨ, ਉਨ੍ਹਾਂ ਸਾਰਿਆਂ ਦੇ ਕੰਨੀ ਗੱਲ ਪੈ ਜਾਏ ਇਸ ਕਰਕੇ ਗੁਰਦੁਆਰੇ ਦੇ ਇੰਤਜ਼ਾਮ ਵਿੱਚ ਸਪੀਕਰ ਰੱਖ ਦਿੱਤਾ ਗਿਆ। ਜੋ ਵੀ ਪ੍ਰਬੰਧ ਕੀਤਾ ਗਿਆ ਉਸ ਦਾ ਮਕਸਦ ਇਕੋ ਹੀ ਹੈ ਕਿ ਸਤਿਗੁਰ ਦੀ ਗੱਲ ਪ੍ਰਚਾਰ ਸਕੀਏ, ਸਤਿਗੁਰ ਦੀ ਬਾਣੀ ਸੁਣ ਸਕੀਏ, ਧੁਰ ਕੀ ਬਾਣੀ ਦੀ ਵਿਚਾਰ ਕਰ ਸਕੀਏ।

ਜੇਕਰ ਇਸ ਸਾਰੇ ਪ੍ਰਬੰਧ ਦੇ ਵਿਚਕਾਰ ਸਤਿਗੁਰ ਦੀ ਗੱਲ ਢੰਗ ਨਾਲ ਨਾ ਹੋਵੇ ਅਤੇ ਜੇਕਰ ਹੋਵੇ ਤਾਂ ਅਸੀਂ ਸੁਣੀਏ ਹੀ ਨਾ ਤਾਂ ਗੁਰਦੁਆਰਾ ਪ੍ਰਬੰਧ ਦਾ ਮਕਸਦ ਪੂਰਾ ਨ ਹੋਇਆ। ਜਿਵੇਂ ਕਿ ਗੁਰਬਾਣੀ ਵਿੱਚ ਆਇਆ ਹੈ :

ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ।। ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥ (ਗੁਰੂ ਗ੍ਰੰਥ ਸਾਹਿਬ, ਪੰਨਾ 669)

ਭਾਵ ਸਾਰੇ ਗੁਰਦੁਆਰੇ ਆਉਂਦੇ ਹਨ, ਬਾਣੀ ਸੁਣਦੇ, ਗਾਉਂਦੇ, ਪੜ੍ਹਦੇ ਹਨ ਪਰ ਪੜ੍ਹਿਆ, ਸੁਣਿਆ ਤੇ ਗਾਇਆ ਸਿਰਫ ਉਨ੍ਹਾਂ ਦਾ ਹੀ ਥਾਂਇ ਪੈਂਦਾ ਹੈ ਜਿਨ੍ਹਾਂ ਨੇ ਸਤਿਗੁਰ ਦੀ ਗੱਲ ਮੰਨੀ ਹੈ। ਇਹੀ ਗੁਰਦੁਆਰੇ ਅਤੇ ਇਸ ਦੇ ਪ੍ਰਬੰਧ ਦਾ ਮਕਸਦ ਹੈ। ਗੁਰਦੁਆਰੇ ਵਿੱਚ ਸਾਰੇ ਇਸ ਮਕਸਦ ਨਾਲ ਆਉਣ ਤੇ ਬੈਠ ਕੇ ਸੱਚ ਦੀ ਵਿਚਾਰ ਸੁਣਨ ਇਸ ਕਰਕੇ ਇੱਥੇ ਸਹੂਲਤਾਂ ਵਾਲਾ ਇਕ ਮਾਹੌਲ ਤਿਆਰ ਹੈ। ਪਰ ਇਸ ਚਾਰ ਦਿਵਾਰਾਂ ਵਾਲੇ ਗੁਰਦੁਆਰੇ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਰੱਬ ਜੀ, ਖੁਦਾ ਜੀ, ਭਗਵਾਨ ਜੀ ਸਿਰਫ ਇੱਥੇ ਹੀ ਰਹਿੰਦੇ ਹਨ। ਜਦੋਂ ਅਸੀਂ ਗੁਰਦੁਆਰੇ ਵਿੱਚ ਸੰਗਤ ਦੇ ਤੌਰ ਤੇ ਬੈਠਾਂਗੇ ਤਾਂ ਅਸੀਂ ਗੁਰਬਾਣੀ ਕੀਰਤਨ ਅਤੇ ਵਿਚਾਰਾਂ ਰਾਹੀਂ ਇਹ ਸਿੱਖਾਂਗੇ ਕਿ ਰੱਬ ਜੀ ਹਰ ਜਗ੍ਹਾ ਮੌਜੂਦ ਹਨ, ਹਾਜ਼ਰ-ਨਾਜ਼ਰ ਹਨ। ਪਰ ਜੇਕਰ ਅਸੀਂ ਰੱਬ ਜੀ ਨੂੰ ਕੇਵਲ ਗੁਰਦੁਆਰੇ ਵਿੱਚ ਸਮਝ ਕੇ ਉੱਥੇ ਜਾਈਏ, ਮੱਥਾ ਟੇਕੀਏ, ਕੜਾਹ ਪ੍ਰਸ਼ਾਦ, ਲੰਗਰ ਛੱਕ ਕੇ ਘਰ ਆ ਜਾਈਏ ਤਾਂ ਇਹ ਸਭ ਕਰਨ ਪਿੱਛੇ ਭਾਵੇਂ ਸਾਡੀ ਭਾਵਨਾ ਚੰਗੀ ਸੀ ਪਰ ਅਸਲ ਮਕਸਦ ਅਲੋਪ ਹੋ ਗਿਆ।

ਇਸ ਸਾਰੀ ਵਿਚਾਰ ਦਾ ਮਕਸਦ ਮੱਥਾ ਟੇਕਣ ਜਾਂ ਗੁਰਦੁਆਰੇ ਜਾਣ ਨੂੰ ਨਿੰਦਣਾ ਨਹੀਂ ਹੈ ਅਤੇ ਨਾ ਹੀ ਇਹ ਸਭ ਕਰਨ ਤੋਂ ਮਨਾ ਕੀਤਾ ਜਾ ਰਿਹਾ ਹੈ। ਗੁਰਦੁਆਰੇ ਜਾਣ ਪਿੱਛੇ ਭਾਵਨਾ ਤਾਂ ਇਹ ਹੋਣੀ ਚਾਹੀਦੀ ਹੈ ਕਿ ਸਤਿਗੁਰ ਜੀ ਦੀ ਗੱਲ ਸੁਣਨੀ ਹੈ ਪਰ ਮੱਥਾ ਟੇਕ ਕੇ ਚਲੇ ਗਏ ਅਤੇ ਗੁਰੂ ਜੀ ਦੀ ਗੱਲ ਨਹੀਂ ਸੁਣੀ, ਚਲੀਹੇ ਕੱਟਦੇ ਰਹੇ, ਚਾਲ੍ਹੀ ਦਿਨ ਮੱਥਾ ਟੇਕ ਕੇ ਚਲੇ ਗਏ ਪਰ ਗੁਰੂ ਜੀ ਦੀ ਗੱਲ ਨਹੀਂ ਸੁਣੀ। ਐਸੀ ਕਿਰਿਆ ਕੇਵਲ ਕਰਮ ਕਾਂਡ ਕਹਿਲਾਉਂਦੀ ਹੈ।

ਪੁਰਾਤਨ ਸਮੇਂ ਵਿੱਚ ਬਜ਼ੁਰਗ ਕਹਿੰਦੇ ਸਨ ਕਿ ਜੇ ਕਿਸੇ ਨੂੰ ਗੁਰਦੁਆਰੇ ਜਾਣ ਦੀ ਆਦਤ ਨਾ ਹੋਵੇ ਤਾਂ ਉਹ ਚਾਲ੍ਹੀ ਦਿਨ ਲਗਾਤਾਰ ਗੁਰਦੁਆਰੇ ਜਾਏ, ਹੌਲੀ-ਹੌਲੀ ਉਸ ਨੂੰ ਗੁਰਦੁਆਰੇ ਜਾਣ ਦੀ ਆਦਤ ਪੈ ਜਾਏਗੀ। ਪਰ ਅਸੀਂ ਉਨ੍ਹਾਂ ਚਾਲੀ ਦਿਨਾਂ ਨੂੰ ਕਰਮ-ਕਾਂਡ ਹੀ ਬਣਾ ਲਿਆ ਹੈ, ਚਾਲ੍ਹੀ ਦਿਨ ਤੋਂ ਬਾਦ ਇਕਤਾਲੀਵੇਂ ਦਿਨ ਅਸੀਂ ਨਹੀਂ ਜਾਂਦੇ ਹਾਂ ਕਿਉਂਕਿ ਬੱਧਾ-ਚੱਟੀ ਜਾ ਰਹੇ ਹੁੰਦੇ ਹਾਂ, ਮੰਗਣ ਜਾ ਰਹੇ ਹੁੰਦੇ ਹਾਂ, ਦਿਨ ਗਿਣ ਰਹੇ ਹੁੰਦੇ ਹਾਂ। ਜੇ ਸੱਚ ਪੱਲੇ ਨਾ ਪਿਆ ਤਾਂ ਚਾਲ੍ਹੀ ਦਿਨ ਗਿਣਤੀਆਂ-ਮਿਣਤੀਆਂ ਨਾਲ ਜਾਣ ਦਾ ਕੋਈ ਫਾਇਦਾ ਨਹੀਂ ਹੋਇਆ। ਇਸ ਗੱਲ ਨੂੰ ਜੇਕਰ ਠੀਕ ਤਰੀਕੇ ਨਾਲ ਸਮਝ ਲਈਏ ਤਾਂ ਪਤਾ ਲਗਦਾ ਹੈ ਕਿ ਭਾਵੇਂ ਚਾਲ੍ਹੀ ਦਿਨ ਜਾਓ ਜਾਂ ਭਾਵੇਂ ਸੱਤ ਦਿਨ ਹੀ ਜਾਓ ਮਕਸਦ ਹੈ ਕਿ ਸਤਿਗੁਰ (ਸੱਚ ਦੀ ਵਿਚਾਰ) ਦੀ ਗੱਲ ਪੱਲੇ ਪੈ ਜਾਏ।

ਗੁਰਦੁਆਰਾ ਪ੍ਰਬੰਧ ਵਿੱਚ ਜੇ ਸੋਹਣਾ ਗਲੀਚਾ, ਲੰਗਰ ਦਾ ਸੋਹਣਾ ਇੰਤਜ਼ਾਮ, ਲਾਉਡ-ਸਪੀਕਰ, ਏਅਰ-ਕੰਡੀਸ਼ਨਰ ਵੀ ਹੋਵੇ ਅਤੇ ਉੱਥੇ ਬੋਲਣ ਵਾਲਾ ਸੱਚ ਵੀ ਬੋਲ ਰਿਹਾ ਹੋਵੇ ਪਰ ਜੇਕਰ ਅਸੀਂ ਉਹ ਸੱਚ ਦੀ ਵਿਚਾਰ ਲੈ ਕੇ ਨਾ ਆਈਏ ਤਾਂ ਪ੍ਰਬੰਧ ਅਤੇ ਬੋਲਿਆ ਗਿਆ ਸਭ ਨਿਸ਼ਫਲ ਹੋ ਗਿਆ। ਦੂਜੇ ਪਾਸੇ ਜੇਕਰ ਪ੍ਰਬੰਧ ਪੂਰਾ ਹੈ, ਜੋੜਿਆਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ, ਲੰਗਰ ਦਾ ਪੂਰਾ ਇੰਤਜ਼ਾਮ ਹੈ ਪਰ ਵਿਚਾਰ ਸੱਚ ਦੀ ਨਹੀਂ ਹੋ ਰਹੀ ਤਾਂ ਵੀ ਮਕਸਦ ਹੱਲ ਨ ਹੋਇਆ।

ਸੱਚ ਦੀ ਵਿਚਾਰ ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਹੀ ਸੱਚ ਦੀ ਵਿਚਾਰ ਹੈ।

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ।। ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।। (ਗੁਰੂ ਗ੍ਰੰਥ ਸਾਹਿਬ, ਪੰਨਾ 982)

ਬਾਣੀ ‘ਗੁਰੁ' ਬਾਰੇ ਦੱਸਦੀ ਹੈ। ‘ਗੁਰੁ' ਭਾਵ ਜੀਵਨ ਜਿਊਣ ਦਾ ਨੁਕਤਾ, ਗਿਆਨ, ਅੱਟਲ ਸੱਚਾਈ ਅਤੇ ਇਹ ਨੁਕਤਾ, ਗਿਆਨ ਅਤੇ ਅਟੱਲ ਸੱਚਾਈ ਸਾਨੂੰ ਬਾਣੀ ਤੋਂ ਹੀ ਪ੍ਰਾਪਤ ਹੋ ਸਕੇਗੀ, ਜਿਸ ਨਾਲ ਅਸੀਂ ਆਪਣੀ ਅੰਤਰ ਆਤਮਾ ਸਾਫ ਕਰ ਸਕਾਂਗੇ ਅਤੇ ਸਾਡੀ ਕੂੜ ਦੀ ਪਾਲ ਹੱਟ ਸਕੇਗੀ। ਸਾਨੂੰ ਰੱਬ ਜੀ ਆਪਣੇ ਅੰਦਰ ਹੀ ਮਹਿਸੂਸ ਹੋ ਜਾਣਗੇ, ਸਾਨੂੰ ਇਹ ਪਤਾ ਲੱਗ ਜਾਏਗਾ ਕਿ ਰੱਬ ਜੀ ਮੇਰੇ ਨਾਲ ਹੀ ਹਨ, ਉਹ ਮੇਰੇ ਤੋਂ ਵਿਛੜੇ ਹੀ ਨਹੀ ਹਨ।

ਅਸੀਂ ਜੇ ਗੁਰਦੁਆਰੇ ਵਿੱਚ ਸੂਰਜ ਪ੍ਰਕਾਸ਼ ਜਾਂ ਭਗਤ ਮਾਲ ਦੀਆਂ ਕਹਾਣੀਆਂ ਸਾਖੀਆਂ ਦੇ ਨਾਂ ਹੇਠ ਪੜ੍ਹਦੇ ਰਹੀਏ ਤਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਨਹੀਂ ਹੈ ਭਾਵ ਸੱਚ ਦੀ ਵਿਚਾਰ ਨਹੀਂ ਹੈ। ਗੁਰਦੁਆਰੇ ਵਿੱਚ ਗੁਰਬਾਣੀ ਦੇ ਪੱਖ ਨੂੰ ਸਮਝਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਹੋਣੀ ਚਾਹੀਦੀ ਹੈ। ਗੁਰਦੁਆਰੇ ਵਿੱਚ ਸੰਗਤ ਦੀ ਸਹੂਲਤ ਦਾ ਸਾਰਾ ਪ੍ਰਬੰਧ ਹੋਵੇ ਪਰ ਸੱਚ ਦੀ ਵਿਚਾਰ ਨਾ ਹੋਵੇ ਤਾਂ ਅਸੀਂ ਮੰਦਭਾਗੀ ਹਾਂ। ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਗੁਰਦੁਆਰਿਆਂ ਵਿੱਚ ਇੰਜ ਹੁੰਦਾ ਹੈ ਬਲਕਿ ਅਸੀਂ ਤਾਂ ਸਿਰਫ ਇਹ ਸਾਂਝ ਕਰ ਰਹੇ ਹਾਂ ਕਿ ਸਾਡੇ ਗੁਰਦੁਆਰਿਆਂ ਵਿੱਚ ਕੀ ਹੋਣਾ ਚਾਹੀਦਾ ਹੈ। ਪੰਥਕ ਰਹਿਤ ਮਰਿਆਦਾ (ਅਕਾਲ ਤਖ਼ਤ) ਸਾਨੂੰ ਇਹ ਸਮਝਾਂਦੀ ਹੈ ਕਿ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਅਤੇ ਕੀਰਤਨ ਹੋਵੇ ਤਾ ਕਿ ਸੰਗਤਾਂ ਨੂੰ ਉੱਥੋਂ ਸੱਚ ਪ੍ਰਾਪਤ ਹੋ ਸਕੇ।

ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ।। (ਭਾਈ ਗੁਰਦਾਸ ਜੀ, ਵਾਰ 1, ਪਉੜੀ 27)

ਭਾਈ ਗੁਰਦਾਸ ਜੀ ਦੀ ਇਸ ਪੰਕਤੀ ਤੋਂ ਸਾਨੂੰ ਪਤਾ ਲਗਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਚਾਹੁੰਦੇ ਸਨ ਕਿ ਹਰ ਮਨੁੱਖ ਸੱਚ ਦਾ ਗਿਆਨ, ਸੱਚ ਦੀ ਵਿਚਾਰ ਲਵੇ ਤਾ ਕਿ ਉਸ ਵਿਚਾਰ ਵਾਲੇ ਸਰੋਵਰ ਰਾਹੀਂ ਆਪਣੇ ਅੰਤਰ ਆਤਮੇ ਦਾ ਇਸ਼ਨਾਨ ਕਰੇ ਤੇ ਇਸ ਨੂੰ ਧਰਮਸਾਲ ਬਣਾ ਲਵੇ।

ਆਮ ਕਿਹਾ ਜਾਂਦਾ ਹੈ ਕਿ ਭਗਵਾਨ ਜੀ, ਰੱਬ ਜੀ, ਮੰਦਰ, ਗੁਰਦੁਆਰੇ, ਮਸਜਿਦ ਵਿੱਚ ਹੀ ਰਹਿੰਦੇ ਹਨ ਪਰ ਮਨੁੱਖ ਜੇਕਰ ਆਪਣੇ ਘਰ (ਹਿਰਦਾ) ਨੂੰ ਹੀ ਮੰਦਰ ਬਣਾ ਲਵੇ ਤਾਂ ਰੱਬ ਜੀ ਵਾਲੇ ਗੁਣਾਂ ਦੀ ਵਿਚਾਰ ਹਰ ਸਮੇਂ, ਹਰ ਜਗ੍ਹਾ ਹੋ ਸਕੇਗੀ।

ਗੁਰਦੁਆਰੇ ਦਾ ਮਕਸਦ ਕੇਵਲ ਉੱਥੇ ਜਾ ਕੇ ਪ੍ਰਸ਼ਾਦ, ਹਾਰ ਅਤੇ ਰੁਮਾਲੇ ਚੜ੍ਹਾਉਣੇ, ਘੁੰਮ ਫਿਰ ਕੇ ਮੱਥਾ ਟੇਕਣਾ ਅਤੇ ਦੁਨਿਆਵੀ ਮੰਗਾਂ ਦੀਆਂ ਅਰਦਾਸਾਂ ਕਰਕੇ ਆ ਜਾਣਾ ਨਹੀਂ ਹੈ, ਇਸ ਤਰ੍ਹਾਂ ਸਾਡਾ ਜੀਵਨ ਵਿਅਰਥ ਚਲਾ ਜਾਏਗਾ। ਇਹ ਵੀ ਨਹੀਂ ਕਿਹਾ ਜਾ ਰਿਹਾ ਕਿ ਇਹ ਸਾਰੀਆਂ ਕਿਰਿਆਵਾਂ ਨਾ ਕੀਤੀਆਂ ਜਾਣ। ਜੇ ਇਹ ਸਭ ਕੁਝ ਕਰਨ ਦਾ ਚਿਤ ਕਰਦਾ ਹੈ ਤਾਂ ਗੁਰਦੁਆਰੇ ਵਿੱਚ ਇਹ ਸਭ ਕੁਝ ਕਰਦੇ ਹੋਏ ਉੱਥੋਂ ਸੱਚ ਦੀ ਵਿਚਾਰ ਲੈ ਆਈਏ ਅਤੇ ਆਪਣੇ ਜੀਵਨ, ਸਰੀਰ ਅਤੇ ਹਿਰਦੇ ਨੂੰ ਧਰਮਸਾਲ ਬਣਾ ਲਈਏ। ਸਾਡੀ ਅੰਤਰ ਆਤਮਾ ਵਿੱਚ ਰੱਬ ਜੀ ਮੌਜ਼ੂਦ ਹਨ, ਜਿਉਂ ਹੀ ਇਹ ਧਰਮਸਾਲ ਬਣੇਗਾ, ਸਾਡਾ ਜੀਵਨ ਸੱਚਾ ਹੋ ਜਾਏਗਾ, ਇਹ ਤੁਰਦਾ ਫਿਰਦਾ ਗੁਰਦੁਆਰਾ ਬਣ ਜਾਵੇਗਾ।

ਪ੍ਰਚਲਤ ਮਤ ਮੁਤਾਬਕ ਚਾਰ ਦਿਵਾਰਾਂ ਨੂੰ ਤੀਰਥ ਅਸਥਾਨ ਕਹਿੰਦੇ ਹਨ ਪਰ ਗੁਰੂ ਸਾਹਿਬ ਨੇ ਇਸਨੂੰ ਪ੍ਰਵਾਨ ਨਹੀਂ ਕੀਤਾ। ਗੁਰਬਾਣੀ ਵਿੱਚ ਫੁਰਮਾਨ ਹੈ :

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ।।

ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ।। (ਗੁਰੂ ਗ੍ਰੰਥ ਸਾਹਿਬ, ਪੰਨਾ 687)

ਭਾਵ ਐ ਮਨੁੱਖ ਤੂੰ ਸੱਚ ਦੀ ਵਿਚਾਰ ਲੈ ਕੇ ਤੀਰਥ ਬਣ ਜਾ। ਹੁਣ ਤੂੰ ਜਿੱਥੇ ਵੀ ਜਾਏਂਗਾ, ਤੇਰਾ ਜੀਵਨ ਲੋਕਾਂ ਵਾਸਤੇ ਤੁਰਦਾ ਫਿਰਦਾ ਗੁਰਦੁਆਰਾ ਹੋ ਜਾਏਗਾ। ਅਸੀਂ ਗੁਰੂ ਸਾਹਿਬ ਦੀ ਬਾਣੀ ਨੂੰ ਲੈ ਕੇ, ਆਪਣੀ ਕੂੜ ਦੀ ਪਾਲ ਹਟਾ ਕੇ, ਸੱਚ ਨੂੰ ਮਹਿਸੂਸ ਕਰਕੇ, ਰੱਬ ਜੀ ਨਾਲ ਇੱਕਮਿੱਕਤਾ ਮਹਿਸੂਸ ਕਰਕੇ, ਤੁਰਦੇ ਫਿਰਦੇ ਗੁਰਦੁਆਰੇ ਬਣਨਾ ਹੈ।




.