. |
|
ਮਨ ਦਾ ਸੰਤੁਲਨ
ਅਦ੍ਰਿਸ਼ਟ ਪ੍ਰਭੂ ਨੇ ਆਪਣੇ ਆਪ ਤੋਂ ਪ੍ਰਕਾਸ਼ ਹੋ ਕੇ ਆਪਣੇ ਹੁਕਮ ਦੁਆਰਾ
ਤ੍ਰੈ ਗੁਣ ਮਾਇਆ ਰਚ ਕੇ ਦੁਯੀ ਦ੍ਰਿਸ਼ਟਮਾਨ ਕੁਦਰਤ (ਸੰਸਾਰ) ਦੀ ਸਾਜਨਾ ਕੀਤੀ
ਆਪੀਨ੍ਹੈ ਆਪੁ ਸਾਜਿਓ ਆਪੀਨ੍ਹੈ ਰਚਿਓ
ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ (463)।
ਤੇ ਉਸ ਨੂੰ ਚਲਾਇਮਾਨ ਰੱਖਣ ਲਈ ਜੀਵਾਂ ਵਿੱਚ ਆਪ ਹੀ ਦੋ
(ਆਪਾ ਵਿਰੋਧੀ) ਰੂਪਾਂ (ਗੁਣ ਤੇ ਅਵਗੁਣ) ਵਿੱਚ ਵਸਿਆ ਹੋਇਆ ਹੈ
ਅਵਗੁਣੀ ਭਰਪੂਰ ਹੈ ਗੁਣ ਭੀ ਵਸਹਿ
ਨਾਲਿ ॥ ਵਿਣੁ ਸਤਗੁਰ ਗੁਣ ਨ ਜਾਪਨੀ ਜਿਚਰੁ ਸਬਦਿ ਨ ਕਰੇ ਬੀਚਾਰੁ ॥ {ਪੰਨਾ 936}।
ਅਸਚਰਜਤਾ ਇਹ ਹੈ ਕਿ ਇਹ ਦੋਨੋਂ ਅਦ੍ਰਿਸ਼ਟ (ਗੁਣ ਰੂਪ ਨਿਰੰਕਾਰ ਤੇ ਅਵਗੁਣ ਰੂਪ ਮੋਹ ਮਾਇਆ) ਰੂਪ ਉਸ
ਇਕੋ ਪ੍ਰਭੂ ਦੇ ਹੀ ਹਨ ਜੋ ਸੰਸਾਰ ਦੀ ਰਚਨਾ ਦਾ ਮੂਲ ਹਨ। ਜਿਥੇ ਅਵਗੁਣ (ਮੋਹ ਮਾਇਆ) ਸੰਸਾਰ ਦੀ
ਪਕੜ ਤੇ ਉਸ ਨੂੰ ਚਲਾਇਮਾਨ ਰੱਖਣ ਦਾ ਕਾਰਨ ਬਣਦੇ ਹਨ ਉਥੇ ਗੁਣ ਉਹਨਾਂ ਅਉਗਣਾ ਨੂੰ ਕਾਬੂ ਤੇ
ਸੰਤੁਲਨ ਵਿੱਚ ਰੱਖ ਕੇ ਮਨੁੱਖੀ ਜੀਵਨ ਨੂੰ ਸੁਖੀ ਤੇ ਅਨੰਦਿਤ ਬਣਾ ਕੇ ਸੱਚੇ ਪ੍ਰਭੂ (ਨਿਰੰਕਾਰ)
ਨਾਲ ਸਾਂਝ ਪਾਉਣ ਲਈ ਸਹਾਇਕ ਹੁੰਦੇ ਹਨ। ਇਹਨਾਂ ਦੋਨਾਂ ਨੂੰ ਸੰਤੁਲਨ ਵਿੱਚ ਰੱਖਣ ਲਈ ਪ੍ਰਭੂ ਨੇ
ਮਨੁੱਖ ਨੂੰ ਬੁੱਧੀ ਬਖਸ਼ੀ ਹੈ ਪਰ ਮਨੁੱਖ ਦਾ ਜਨਮ ਸੰਸਾਰਕ ਮੋਹ ਮਾਇਆ ਵਿੱਚ ਹੋਣ ਕਾਰਨ ਉਸ ਦਾ ਮਨ
ਆਮ ਤੌਰ ਤੇ ਆਕਾਰੀ ਮੋਹ ਮਾਇਆ (ਅਵਗੁਣਾ) ਦੇ ਪ੍ਰਭਾਵ ਥੱਲੇ ਹੀ ਰਹਿੰਦਾ ਹੈ ਤੇ ਕੋਈ ਵਿਰਲਾ ਹੀ
ਗੁਰਮਤ ਦੁਆਰਾ ਗੁਣਾਂ ਨੂੰ ਧਾਰਨ ਕਰਕੇ, ਅਉਗਣਾ ਤੇ ਕਾਬੂ ਪਾ ਕੇ ਜੀਵਨ ਵਿੱਚ ਸੰਤੁਲਨ (ਸਹਿਜ
ਅਵਸਥਾ) ਪ੍ਰਾਪਤ ਕਰਦਾ ਹੈ। ਇਹ ਸੰਤੁਲਨ ਹੀ ਮਨ ਦਾ ਥਿਰ ਹੋਣਾ, ਅਡੋਲ ਹੋਣਾ, ਪਾਕ ਹੋਣਾ, ਸ਼ੁੱਧ
ਹੋਣਾ ਜਾਂ ਨਿਰਮਲ ਹੋਣਾ ਹੈ ਜੋ ਗੁਰਗਿਆਨ (ਗੁਰਮਤ, ਬਿਬੇਕ ਬੁੱਧੀ) ਤੇ ਨਿਰਭਰ ਹੈ। ਗੁਰਬਾਣੀ ਦਾ
ਕਥਨ ਹੈ ਕਿ ਮਾਇਆ ਇੱਕ ਧੋਖਾ ਹੈ, ਅਗਿਆਨਤਾ ਹੈ (ਮਾਈ
ਮਾਇਆ ਛਲ। (717) ਅਤੇ ਮਾਇਆ ਮੋਹੁ ਅਗਿਆਨੁ ਗੁਬਾਰੁ। (1262)
ਤੇ ਸੱਭ ਤੋਂ ਵੱਡ੍ਹੀ ਅਗਿਆਨਤਾ ਤੇ ਮਾਇਆ ਦਾ ਧੋਖਾ ਇਹ ਹੈ ਕਿ ਮਨੁੱਖ, ਗੁਰੂ ਦੀ ਸਿਖਿਆ (ਏਹੁ
ਸਰੀਰੁ ਸਭ ਮੂਲੁ ਹੈ ਮਾਇਆ ॥ ਦੂਜੈ ਭਾਇ ਭਰਮਿ ਭੁਲਾਇਆ ॥ 1065)
ਨੂੰ ਵਿਸਾਰ ਕੇ ਆਪਣੇ ਆਪ ਨੂੰ ਸਰੀਰ (ਇਕ ਵੱਖਰੀ ਹੋਂਦ) ਹੀ ਸਮਝਣ ਲਗ ਪਿਆ (ਔਗਣਾ ਨਾਲ ਜੁੜ ਗਿਆ)
ਜਿਸ ਕਾਰਨ ਉਹ ਕੇਵਲ ਦ੍ਰਿਸ਼ਟਮਾਨ (ਸੰਸਾਰ) ਨੂੰ ਹੀ ਪੂਰਨ ਸੱਚ ਸਮਝ ਕੇ ਉਸ ਨਾਲ ਮੋਹ ਪਾ ਲਿਆ ਤੇ
ਆਪਣੇ ਮਨ ਦੇ ਸੰਤੁਲਨ ਨੂੰ ਗਵਾ ਬੈਠਾ।
ਨਿਰੰਕਾਰਿ ਆਕਾਰੁ ਉਪਾਇਆ ॥ ਮਾਇਆ
ਮੋਹੁ ਹੁਕਮਿ ਬਣਾਇਆ ॥ (1066)। ਪਰਮਾਤਮਾ (ਦੇ
ਗੁਣਾਂ) ਨੂੰ ਵਿਸਾਰ ਕੇ ਮੋਹ ਮਾਇਆ ਨਾਲ ਜੁੜਨ ਕਾਰਨ ਔਗਣਾ ਦਾ ਪੱਲਾ ਭਾਰੀ ਹੋ ਗਿਆ ਤੇ ਮਨ ਦਾ
ਸੰਤੁਲਨ ਵਿਗੜ ਗਿਆ। ਪ੍ਰਭੂ ਨੂੰ ਛੱਡ ਕੇ ਮੋਹ ਮਾਇਆ ਨਾਲ ਜੁੜਨਾ ਜਾਂ ਗੁਣਾਂ ਨੂੰ ਛੱਡ ਕੇ ਔਗਣਾ
ਨਾਲ ਜੁੜਨਾ ਹੀ ਮਨ ਦਾ ਮੈਲਾ, ਨਾਪਾਕ ਜਾਂ ਮਲੀਨ ਹੋਣਾ ਹੈ (ਜੋ ਕਿਸੇ ਬਾਹਰਲੀ ਤਰਲ ਵਸਤੂ ਜਾਂ
ਕਾਰਵਾਈ ਨਾਲ ਉੱਜਲਾ ਨਹੀ ਹੋ ਸਕਦਾ) ਤੇ ਇਸ ਮੈਲੇ ਮਨ ਨਾਲ ਕੀਤਾ ਹਰ ਕਰਮ ਮੈਲਾ ਹੀ ਹੋਵੇਗਾ।
ਮਨਿ ਮੈਲੈ ਸਭੁ ਕਿਛੁ ਮੈਲਾ
ਤਨਿ ਧੋਤੈ ਮਨੁ ਹਛਾ ਨ ਹੋਇ ॥ ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ ॥੧॥ 558
ਕੇਵਲ (ਗੁਰਮਤ ਦੁਆਰਾ) ਗੁਣ ਧਾਰਨ ਕਰਕੇ ਹੀ ਮਨ ਨੂੰ ਨਿਰਮਲ ਕੀਤਾ ਜਾ ਸਕਦਾ
ਹੈ ਤੇ ਏਸੇ ਨਿਜੀ ਨਿਰਆਕਾਰ ਮਨ ਨੂੰ ਨਿਰਮਲ ਕਰਨ ਦੀ ਸਾਧਨਾ ਨੂੰ ਹੀ ਨਿਰਮਲ ਪੰਥ ਜਾਂ ਧਰਮ ਮਾਰਗ
ਕਿਹਾ ਗਿਆ ਹੈ। ਪਰ ਕਿਉਂਕਿ ਮਨੁੱਖ ਮੋਹ ਮਾਇਆ (ਦੇ ਧੋਖੇ) ਕਾਰਨ ਅਕਾਰੀ ਸਰੀਰ ਨਾਲ ਜੁੜ ਗਿਆ ਹੈ
ਇਸ ਲਈ ਉਸ ਦਾ ਧਰਮ ਪੰਥ (ਧਰਮ ਮਾਰਗ)) ਵੀ ਸਰੀਰ ਤੇ ਹੀ ਅਧਾਰਤ ਹੋ ਗਿਆ ਹੈ। ਜਿੱਥੇ ਮਨ (ਨਿਰਮਲ
ਕਰਨ) ਦੀ ਸਾਧਨਾ, (ਔਗਣਾ ਤੋਂ ਗੁਣਾ ਵਲ ਦਾ, ਜਾਂ ਮੋਹ ਮਾਇਆ ਤੋਂ ਪ੍ਰਭੂ ਵਲ ਦਾ, ਪਰਤਣਾ) ਧਰਮ
ਮੰਨਿਆ ਜਾਂਦਾ ਸੀ ਉਥੇ ਅੱਜ ਤਨ ਦਾ ਵੇਸ ਤੇ ਤਨ ਦੇ ਕਰਮ ਕਾਂਡ ਹੀ ਧਰਮ ਬਣ ਬੈਠੇ ਹਨ ਜੋ ਕੇ ਮੋਹ
ਮਾਇਆ ਦਾ ਸਭ ਤੋਂ ਵੱਡ੍ਹਾ ਧੋਖਾ ਹੈ। ਅੱਜ ਧਰਮ ਇੱਕ ਲੋਕ ਪਚਾਰਾ ਬਣ ਕੇ ਹੀ ਰਹਿ ਗਿਆ ਹੈ। ਪ੍ਰਭੂ
ਨਾਲ (ਗੁਣਾ ਦੁਆਰਾ) ਸਾਂਝ ਪਾਏ ਬਿਨਾ ਬਾਹਰੋਂ ਧਰਮੀ ਹੋਣ ਦਾ ਦਾਵ੍ਹਾ ਇੱਕ ਧੋਖਾ ਹੈ, ਠੱਗੀ ਹੈ,
ਫਰੇਬ ਹੈ, ਕਪਟ ਹੈ। ਕਰਤੂਤਿ
ਪਸੂ ਕੀ ਮਾਨਸ ਜਾਤਿ ॥ ਲੋਕ ਪਚਾਰਾ ਕਰੈ ਦਿਨੁ ਰਾਤਿ ॥ ਬਾਹਰਿ ਭੇਖ ਅੰਤਰਿ ਮਲੁ ਮਾਇਆ ॥ ਛਪਸਿ
ਨਾਹਿ ਕਛੁ ਕਰੈ ਛਪਾਇਆ ॥ ਬਾਹਰਿ ਗਿਆਨ ਧਿਆਨ ਇਸਨਾਨ ॥ ਅੰਤਰਿ ਬਿਆਪੈ ਲੋਭੁ ਸੁਆਨੁ ॥
ਮਨ ਮੋਹ ਮਾਇਆ ਵਿੱਚ ਖੱਚਤ ਹੈ ਪਰ ਬਾਹਰੋਂ ਦਿਖਾਵਾ
(ਦਾਵ੍ਹਾ) ਪਰਮਾਤਮਾ ਨਾਲ ਜੁੜਨ ਦਾ ਕਰਨਾ ਹੀ ਪਖੰਡੀ ਜਾਂ ਕਪਟੀ ਹੋਣਾ ਹੈ। ਬਾਹਰੋਂ ਧਰਮੀ ਹੋਣ ਦਾ
ਦ੍ਹਾਵਾ ਜਾਂ ਦਿਖਾਵਾ ਓਸੇ ਨੂੰ ਹੀ ਕਰਨਾ ਪੈਂਦਾ ਹੈ ਜੋ ਅੰਦਰੋਂ ਧਰਮੀ ਨਹੀ (ਭਾਵ ਜਿਸ ਦੀ ਪ੍ਰਭੂ
ਨਾਲ ਸਾਂਝ ਨਹੀ), ਜੋ ਅੰਦਰੋਂ ਧਰਮੀ ਹੈ, ਜਿਸ ਦੀ ਗੁਰੂ ਦੁਆਰਾ ਪ੍ਰਭੂ ਨਾਲ ਸਾਂਝ ਪੈ ਗਈ, ਉਸ ਨੂੰ
ਕਿਸੇ ਦਿਖਾਵੇ ਜਾਂ ਦ੍ਹਾਵੇ ਦੀ ਲੋੜ ਹੀ ਨਹੀ ਰਹਿ ਜਾਂਦੀ। ਗੁਰਬਾਣੀ ਵਿੱਚ ਕਿਸੇ ਵੀ ਬਾਹਰਲੇ ਵੇਸ
ਜਾਂ ਰੂਪ ਦੀ ਖੰਡਣਤਾ ਨਹੀ ਪਰ, ਬਿਨਾ ਪ੍ਰਭੂ ਪ੍ਰੀਤ ਦੇ, ਇਹਨਾਂ ਦੁਆਰਾ ਧਰਮੀ ਹੋਣ ਦੇ ਫੋਕੇ
ਦਾਵ੍ਹੇ
ਜਾਂ ਦਿਖਾਵੇ
ਦੀ ਖੰਡਣਤਾ ਜ਼ਰੂਰ ਕੀਤੀ ਗਈ ਹੈ।
ਰਹਤ ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀ
ਪ੍ਰੀਤਿ ਮੁਖਹੁ ਗੰਢ ਲਾਵਤ ॥ ਜਾਨਨਹਾਰ ਪ੍ਰਭੂ ਪਰਬੀਨ ॥ ਬਾਹਰਿ ਭੇਖ ਨ ਕਾਹੂ ਭੀਨ ॥ (269)।
ਬਾਹਰੋਂ ਧਾਰਮਿਕ ਚਿੰਨਾਂ ਨਾਲ ਧਰਮੀ ਹੋਣ ਦਾ
ਦ੍ਹਾਵਾ ਜਾਂ ਦਿਖਾਵਾ ਹੋਰ ਪਰ ਅਮਲੀ ਜੀਵਨ (ਮਨ ਵਿਚ) ਕੁੱਝ ਹੋਰ, ਪ੍ਰਭੂ ਨਾਲ ਪ੍ਰੇਮ ਦੀ ਗੰਢ
ਤੁੱਪ ਕੋਈ ਨਹੀ, ਪਰ ਬਾਹਰ ਬੋਲਾਂ ਨਾਲ ਧਰਮੀ ਹੋਣ ਦਾ ਦਾਵ੍ਹਾ ਹੀ ਛੱਲ ਹੈ, ਧੋਖਾ ਹੈ, ਫਰੇਬ ਹੈ,
ਕਪਟ ਹੈ ਜੋ ਜਾਨਨਹਾਰ ਪ੍ਰਭੂ ਨੂੰ ਨਹੀ ਦਿੱਤਾ ਜਾ ਸਕਦਾ। ਜਿਸ ਨੇ ਪ੍ਰਭੂ (ਗੁਣਾ) ਨਾਲ ਗੰਢ ਤੁਪ
ਪਾ ਲਈ ਉਹ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ ਤੇ ਫਿਰ ਉਸ ਨੂੰ ਬਾਹਰੋਂ ਕਿਸੇ ਕਰਮ ਕਾਂਡ ਜਾਂ
ਧਰਮੀ ਵੇਸ ਨਾਲ ਧਰਮੀ ਹੋਣ ਦਾ ਦਿਖਾਵਾ ਜਾਂ ਦ੍ਹਾਵਾ ਨਹੀ ਕਰਨਾ ਪੈਂਦਾ। ਕੇਵਲ ਸੁਆਰਥੀ ਮਨੁੱਖ ਨੂੰ
ਹੀ ਧਰਮੀ ਹੋਣ ਦਾ ਦ੍ਹਾਵਾ, ਪਖੰਡ ਜਾਂ ਦਿਖਾਵਾ ਕਰਨਾ ਪੈਂਦਾ ਹੈ। ਅਦ੍ਰਿਸ਼ਟ ਪ੍ਰਭੂ ਨਾਲ ਗੁਣਾਂ
ਦੁਆਰਾ ਸਾਂਝ ਪਾਉਣੀ (ਮਨ ਦੀ ਸਾਧਨਾ) ਕਠਨ ਹੋਣ ਕਾਰਨ ਮਨੁੱਖ ਨੇ ਦ੍ਰਿਸ਼ਟਮਾਨ ਤਨ ਦੇ ਭੇਖ ਤੇ ਕਰਮ
ਕਾਂਡਾਂ ਦੁਆਰਾ ਧਰਮੀ ਹੋਣ ਦਾ ਸੁਖੱਲਾ,
ਪਰ ਨਿਰਰਥਕ,
ਰਾਹ ਅਪਨਾ ਲਿਆ ਜਿਸ ਦਾ ਨਤੀਜਾ ਅੱਜ ਦਾ ਫੋਕਟ ਧਰਮ ਤੇ ਉਸ ਦੀਆਂ ਫੋਕੀਆਂ ਰੀਤਾਂ, ਰਸਮਾਂ ਤੇ ਕਰਮ
ਕਾਂਡ ਹਨ। ਮਨੁੱਖ ਅੰਦਰੋਂ ਕੁੱਛ ਹੋਰ ਹੈ ਤੇ ਬਾਹਰੋਂ ਕੁੱਛ ਹੋਰ, ਅੰਦਰੋਂ ਮੋਹ ਮਾਇਆ (ਔਗਣਾ) ਨਾਲ
ਜੁੜਿਆ ਹੈ ਤੇ ਇਸ ਨੂੰ ਛਪਾਉਣ ਲਈ ਬਾਹਰ ਦਿਖਾਵਾ ਜਾਂ ਪਖੰਡ ਪ੍ਰਭੂ (ਗੁਣਾਂ) ਨਾਲ ਜੁੜਨ ਦਾ ਕਰ
ਰਿਹਾ ਹੈ। ਮਨ ਅੰਦਰੋਂ ਮੈਲਾ ਹੈ ਪਰ ਬਾਹਰ ਦਿਖਾਵਾ ਪਵਿੱਤ੍ਰਤਾ ਦਾ ਕਰ ਰਿਹਾ ਹੈ, ਵਿਕਾਰੀ ਮਨ
ਅੰਦਰੋਂ ਅਧਰਮੀ ਹੈ ਪਰ ਬਾਹਰ ਦਾਵ੍ਹਾ ਧਰਮੀ ਹੋਣ ਦਾ ਕਰ ਰਿਹਾ ਹੈ ਪਰ ਗੁਰਬਾਣੀ ਸੁਚੇਤ ਕਰਦੀ ਹੈ
ਕਿ:
ਜੀਅਹੁ ਮੈਲੇ ਬਾਹਰਹੁ ਨਿਰਮਲ ॥ ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ
ਜੂਐ ਹਾਰਿਆ ॥ (919)। ਜੇ ਮਨ ਨਿਰਮਲ ਨਹੀ ਤਾਂ
ਬਾਹਰੋਂ ਨਿਰਮਲ ਹੋਣ ਦਾ ਦਿਖਾਵਾ ਨਿਸਫਲ ਤੇ ਪਖੰਡ ਤੋਂ ਬਿਨਾ ਹੋਰ ਕੁਛ ਨਹੀ।
ਦਿਲਹੁ ਮੁਹਬਤਿ ਜਿੰਨ੍ਹ੍ਹ ਸੇਈ ਸਚਿਆ
॥ ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥
(488)। ਜੇ ਮਨ ਵਿੱਚ ਪ੍ਰਭੂ ਪ੍ਰੀਤ ਨਹੀ ਤਾਂ ਬਾਹਰੋਂ
ਦਿਖਾਵੇ ਲਈ ਸਚਿਆਰਾ ਬਣਨ ਦੀ ਕੋਸ਼ਿਸ਼ ਕੱਚੀ ਹੈ, ਨਿਸਫਲ ਹੈ। ਹੁਣ ਜਿਨੀ ਦੇਰ ਤੱਕ ਮਨੁੱਖ (ਗੁਰਬਾਣੀ
ਦੁਆਰਾ) ਆਪਣੇ ਮਨ ਵਿੱਚ ਪਏ ਅਉਗਣਾ ਨੂੰ ਗੁਣਾਂ ਨਾਲ ਸੰਤੁਲਨ ਨਹੀ ਕਰਦਾ ਉਨੀ ਦੇਰ ਤੱਕ ਨਾਂ ਤਾਂ
ਉਹ ਇਸ ਅਖੌਤੀ ਫੋਕਟ ਧਰਮ ਦੇ ਬੰਧਨਾਂ (ਮੋਹ ਮਾਇਆ) ਤੋਂ ਛੁਟਕਾਰਾ ਪਾ ਸਕਦਾ ਹੈ, ਨਾ ਦੁੱਖਾਂ ਤੋਂ
ਮੁਕਤੀ ਪਾ ਸਕਦਾ ਹੈ ਤੇ ਨਾਂ ਹੀ ਉਹ ਅੰਦਰੋਂ ਬਾਹਰੋਂ ਇੱਕ ਹੋ ਸਕਦਾ ਹੈ। ਗੁਣਾ ਤੇ ਔਗਣਾ ਨੂੰ
ਜੁਦਾ ਨਹੀ ਕੀਤਾ ਜਾ ਸਕਦਾ ਕਿਉਂਕਿ, ਇਹ ਇਕੋ ਪ੍ਰਭੂ ਦੇ ਦੋ ਰੂਪ (ਇੱਕੋ ਸਿੱਕੇ ਦੇ ਦੋ ਪਾਸੇ) ਤੇ
ਸੰਸਾਰ ਦੀ ਉਤਪਤੀ ਦਾ ਮੂਲ ਹਨ।
ਆਪੇ ਮਾਇਆ ਆਪੇ ਛਾਇਆ ॥ ਆਪੇ ਮੋਹੁ
ਸਭੁ ਜਗਤੁ ਉਪਾਇਆ ॥ (125) ਇੱਕ ਤੋਂ ਬਿਨਾ ਦੂਜੇ
ਦੀ ਪਛਾਣ ਅਸੰਭਵ ਹੈ, ਇਸ ਲਈ ਇਹਨਾ ਨੂੰ ਛੱਡਿਆ ਨਹੀ ਜਾ ਸਕਦਾ ਬਲਿਕੇ ਗੁਰਬਾਣੀ ਦੁਆਰਾ ਸੰਤੁਲਨ
ਵਿੱਚ ਕੀਤਾ ਜਾ ਸਕਦਾ ਹੈ ਭਾਵ ਸਹਿਜ ਅਵਸਥਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਵੇਂ ਹਨੇਰੇ ਦੀ
ਆਪਣੀ ਕੋਈ ਹੋਂਦ ਨਹੀ ਕਵੇਲ ਰੌਸ਼ਨੀ ਦਾ ਹੀ ਮੱਧਮ ਰੂਪ ਹੈ ਤਿਵੇਂ ਔਗਣਾ (ਮੋਹ ਮਾਇਆ) ਦੀ ਵੀ ਕੋਈ
ਹੋਂਦ ਨਹੀ ਕੇਵਲ ਗੁਣਾਂ (ਪ੍ਰਭੂ ਪ੍ਰਕਾਸ਼) ਦਾ ਹੀ ਮੱਧਮ ਰੂਪ ਹੈ, ਇਸੇ ਲਈ ਮੋਹ ਮਾਇਆ ਨੂੰ
ਪ੍ਰਛਾਵਾਂ ਕਿਹਾ ਗਿਆ ਹੈ।
ਤੀਨਿ ਗੁਣਾ ਇਕ ਸਕਤਿ ਉਪਾਇਆ ॥ ਮਹਾ ਮਾਇਆ ਤਾ ਕੀ ਹੈ ਛਾਇਆ ॥
(868)। ਹਨੇਰੇ (ਅਗਿਆਨਤਾ) ਦੇ ਭਾਰੀ ਹੋਏ ਪੱਲੇ ਨੂੰ
ਪ੍ਰਕਾਸ਼ (ਗੁਰਗਿਆਨ, ਗੁਰਬਾਣੀ)) ਦੁਆਰਾ ਸੰਤੁਲਨ ਵਿੱਚ ਕਰਨਾ ਹੈ, ਗੁਰਬਾਣੀ ਦੁਆਰਾ, ਡੋਲਦੇ ਮਨ
ਨੂੰ ਅਡੋਲ ਕਰਨਾ, ਦਹਿਦਿਸ ਧਾਵਦੇ ਮਨ ਨੂੰ ਠਾਕਣਾ, ਮਨ ਨੂੰ ਵਿਕਾਰਾਂ ਦੀ ਮੈਲ ਤੋਂ ਪਾਕ ਕਰਨਾ ਹੀ
ਮਨ ਨੂੰ ਸੰਤੁਲਨ ਵਿੱਚ ਲਿਆਉਣਾ ਜਾਂ ਸਹਿਜ ਨੂੰ ਪ੍ਰਾਪਤ ਕਰਨਾ ਹੈ
ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ
॥ ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥
(599)।
ਡੋਲਦੇ ਮਨ ਨੂੰ ਥਿਰ ਕਰਨਾ ਹੀ ਮਨ ਦਾ ਸੰਤੁਲਨ ਹੈ।
ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ
ਨੀਰੁ ॥ ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ॥ {1367} ।
ਗੁਣਾਂ ਦੁਆਰਾ ਮਨ ਦਾ ਸੰਤੁਲਨ ਹੀ ਮਨ ਦੀ ਪਵਿੱਤ੍ਰਤਾ,
ਨਿਰਮਲਤਾ ਹੈ। ਧਰਮ ਪੱਖੋਂ ਮਨੁੱਖ ਅੱਜ “ਮੁਢਹੁ ਘੁੱਥਾ” ਹੀ ਜਾ ਰਿਹਾ ਹੈ, ਉੱਕਾ ਹੀ ਖੁੰਝਿਆ ਹੋਇਆ
ਹੈ, ਆਪਣੇ ਮੂਲ (ਗੁਣੀ ਨਿਧਾਨ ਪ੍ਰਭੂ) ਨੂੰ ਵਿਸਾਰ ਕੇ ਮੋਹ ਮਾਇਆ (ਔਗਣਾ) ਵਿੱਚ ਹੀ ਖੱਚਤ ਹੋ
ਚੁੱਕਾ ਹੈ, ਬੁੱਧੀ ਭਰਿਸਟ ਹੋਣ ਕਾਰਨ ਧਰਮ ਤੇ ਅਧਰਮ ਦੀ ਪਹਿਚਾਨ ਹੀ ਗਵਾ ਬੈਠਾ ਹੈ, ਅਗਿਆਨਤਾ
ਕਾਰਨ ਮਨ (ਗੁਣਾ ਤੇ ਔਗਣਾ) ਦਾ ਸੰਤੁਲਨ ਗਵਾ ਕੇ ਪਾਗਲ ਹੋਇਆ ਅਨਮੋਲ ਜਨਮ ਅਜਾਈਂ ਗਵਾ ਰਿਹਾ ਹੈ।
ਗੁਰੂ ਸੂਚਤ ਕਰਦਾ ਹੈ ਕਿ
ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ ॥ ਬਿਰਥਾ ਜਨਮੁ ਗਵਾਇਆ ॥ (793)।
ਹੇ ਪਾਗਲ ਮਨੁੱਖ ਗੁਰਗਿਆਨ (ਜਿਸ ਨੇ ਮਨ ਨੂੰ ਸੰਤੁਲਨ
ਵਿੱਚ ਲਿਆਉਣਾ ਸੀ) ਬਿਨਾ ਤੂੰ ਜੀਵਨ ਨੂੰ ਅਜਾਈਂ ਗਵਾ ਲਿਆ। ਮਨੁੱਖ ਮਨ ਨੂੰ ਬਾਹਰਲੀਆਂ ਰੀਤਾਂ
ਰਸਮਾਂ ਤੇ ਕਰਮ ਕਾਂਡਾਂ ਨਾਲ ਨਿਰਮਲ ਕਰਨ ਦੀ ਨਿਰਰਥਕ ਕੋਸ਼ਿਸ਼ ਵਿੱਚ ਰਹਿੰਦਾ ਹੈ। ਗੁਰੂ ਨੇ ਸਮਝਾਉਣ
ਦੀ ਕੋਈ ਕਸਰ ਨਹੀ ਛੱਡੀ:
ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ ॥ ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ
ਧੋਵੈ ॥ ਅੰਧਾ ਭੂਲਿ ਪਇਆ ਜਮ ਜਾਲੇ ॥ ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ ॥
(139)।
ਅੰਨ੍ਹਾ ਹੋਇਆ ਮਨੁੱਖ ਸਿੱਧੇ ਰਾਹ ਤੋਂ ਉੱਕਾ ਹੀ ਖੁੰਝ ਕੇ ਪਾਣੀ ਰਿੜਕੀ ਜਾ
ਰਿਹਾ ਹੈ। ਭਰਮਾਂ ਵਿੱਚ ਪਿਆ ਅਦ੍ਰਿਸ਼ਟ ਮਨ ਦੀ ਮੈਲ ਨੂੰ ਪਛਾਣਦਾ ਨਹੀ ਤੇ ਬਾਹਰ (ਦ੍ਰਿਸ਼ਟਮਾਨ)
ਸਰੀਰ (ਦੀ ਮੈਲ) ਨੂੰ ਪਾਣੀ ਨਾਲ ਮਲ ਮਲ ਧੋਈ ਜਾਂਦਾ ਹੈ। ਇੱਕ ਸਿੱਧੀ ਸਾਧੀ ਗਲ ਨੂੰ ਵੀ ਨਹੀ
ਸਮਝਦਾ ਕਿ ਮਨ ਦੀ ਮੈਲ ਤਨ ਦੇ ਵੇਸ ਜਾਂ ਕਰਮ ਕਾਂਡਾਂ ਨਾਲ ਨਹੀ ਧੋਤੀ ਜਾ ਸਕਦੀ? :
ਵੇਸ ਕਰੇ ਕੁਰੂਪਿ ਕੁਲਖਣੀ ਮਨਿ ਖੋਟੈ
ਕੂੜਿਆਰਿ ॥ ਪਿਰ ਕੈ ਭਾਣੈ ਨਾ ਚਲੈ ਹੁਕਮੁ ਕਰੇ ਗਾਵਾਰਿ ॥ 89.
ਗੁਰਮਤ ਦੁਆਰਾ ਗੁਣਾਂ ਨੂੰ ਧਾਰਨ ਕਰਨਾ
(ਮਨ ਦੀ ਸੁਧਾਈ ਨੂੰ) ਛੱਡ ਕੇ ਹੋਰ ਰੀਤਾਂ ਰਸਮਾਂ
ਤੇ ਕਰਮ ਕਾਂਡ ਕਰਨੇ ਪਾਣੀ ਨੂੰ ਰਿੜਕਣ ਦੇ ਤੁੱਲ ਹੀ ਹੈ ਜਿਸ ਤੋਂ ਕੋਈ ਲਾਭ ਪ੍ਰਾਪਤ ਨਹੀ ਹੋ
ਸਕਦਾ। ਹ੍ਰਿਦੈ ਕਪਟੁ ਮੁਖ
ਗਿਆਨੀ ॥ ਝੂਠੇ ਕਹਾ ਬਿਲੋਵਸਿ ਪਾਨੀ ॥੧॥ ਕਾਂਇਆ ਮਾਂਜਸਿ ਕਉਨ ਗੁਨਾਂ ॥ ਜਉ ਘਟ ਭੀਤਰਿ ਹੈ ਮਲਨਾਂ
॥ ਜਿਸ ਦਾ ਹਿਰਦਾ ਸ਼ੁੱਧ ਨਹੀ ਉਹ ਬਾਹਰੋਂ ਵੀ
ਸ਼ੁੱਧ ਨਹੀ ਹੋ ਸਕਦਾ ਭਾਵੇਂ ਜਿਤਨਾ ਮਰਜ਼ੀ ਗਿਆਨ ਘੋਟੀ ਜਾਵੇ, ਤਨ ਨੂੰ ਧਰਮੀ ਵੇਸਾਂ ਤੇ ਚਿੰਨਾਂ
ਨਾਲ ਸ਼ਿੰਗਾਰੀ ਜਾਵੇ ਪਰ ਉਸ ਦੇ ਬਾਹਰਲੇ ਕੀਤੇ ਸਾਰੇ ਕਰਮ ਧਰਮ ਪਾਖੰਡ ਤੇ ਪਾਣੀ ਨੂੰ ਰਿੜਕਣ ਦੇ
ਤੁਲ ਹੀ ਹਨ। ਬਾਹਰਲੇ ਤਨ ਦੀ ਕੀਤੀ ਕੋਈ ਵੀ ਸਫਾਈ (ਤਨ ਦੀ ਮੈਲ ਤਾਂ ਧੋ ਸਕਦੀ ਹੈ ਪਰ) ਮਨ ਦੀ ਮੈਲ
ਨੂੰ ਨਹੀ ਧੋ ਸਕਦੀ। ਗੁਰਬਾਣੀ ਅਨੁਸਾਰ, ਸਿੱਖ ਦਾ ਪਹਿਲਾ (ਤੇ ਆਖਰੀ) ਕਰਨ ਵਾਲਾ ਕੰਮ ਤਾਂ ਇਕੋ ਹੀ
ਹੈ: ਕਾਮਣਿ ਤਉ ਸੀਗਾਰੁ ਕਰਿ
ਜਾ ਪਹਿਲਾਂ ਕੰਤੁ ਮਨਾਇ
॥ ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ॥ ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ ॥ ਕੀਆ
ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ ॥ (788)।
ਧਰਮ ਦਾ ਪਹਿਲਾ (ਤੇ ਆਖਰੀ) ਕੰਮ ਹੀ ਪ੍ਰਭੂ (ਸਹੁ) ਨਾਲ ਪਿਆਰ (ਸਾਂਝ)
ਪਾਉਣਾ ਹੈ ਜਿਸ ਦੇ ਪਿੱਛੋਂ ਹੋਰ ਕੁੱਝ ਕਰਨ ਦੀ ਲੋੜ ਨਹੀ ਰਹਿ ਜਾਂਦੀ ਪਰ ਇਹ ਸਾਂਝ ਪਵਿੱਤ੍ਰ ਮਨ
ਬਿਨਾ ਨਹੀ ਪੈ ਸਕਦੀ ਤੇ ਮਨ ਦੀ ਪਵਿੱਤ੍ਰਤਾ ਗੁਰ ਉਪਦੇਸ਼ ਦੁਆਰਾ ਗੁਣ ਧਾਰਨ ਤੇ ਅਧਾਰਿਤ ਹੈ।
ਹਰਿ ਨਿਰਮਲੁ ਅਤਿ ਊਜਲਾ ਬਿਨੁ
ਗੁਰ ਪਾਇਆ ਨ ਜਾਇ ॥ ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ ॥
ਗੁਰਮਤੀ ਹਰਿ ਸਦਾ ਪਾਇਆ
ਰਸਨਾ ਹਰਿ ਰਸੁ ਸਮਾਇ ॥
(66)। ਇਹੀ ਕਾਰਨ ਹੈ ਕਿ ਗੁਰਮਤ ਬਾਰ ਬਾਰ ਮਨ ਨੂੰ ਪਵਿੱਤਰ ਕਰਨ ਦੇ ਅਟੱਲ ਨਿਯਮ ਨੂੰ ਦ੍ਰਿੜਾਉਂਦੀ
ਹੈ ਜਿਸ ਦੁਆਰਾ ਮਨੁੱਖ ਮਨ ਨੂੰ ਸੰਤੁਲਨ ਵਿੱਚ ਲਿਆ ਕੇ ਪ੍ਰਭੂ ਨਾਲ ਸਾਂਝ ਤੇ ਜੀਵਨ ਨੂੰ ਸੁਖੀ ਤੇ
ਅਨੰਦਿਤ ਬਣਾ ਸਕਦਾ ਹੈ। ਗੁਰਬਾਣੀ ਦਾ ਫੈਸਲਾ ਹੈ ਕਿ ਰਾਤ ਦਿਨ ਮੋਹ ਮਾਇਅ ਦੇ ਪ੍ਰਭਾਵ ਥੱਲੇ ਡੋਲਦੇ
ਮਨ ਨੂੰ ਥਿਰ ਕਰਨਾ, ਸੰਤੁਲਨ ਵਿੱਚ ਕਰਨਾ ਕਿਸੇ ਵਿਰਲੇ ਦਾ ਹੀ ਕੰਮ ਹੈ:
ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ
ਡੋਲਤ ਨੀਤ ॥ ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥
(1427)। ਕਰੋੜਾਂ ਡੋਲਦੇ ਮਨਾਂ ਵਿਚੋਂ ਕੋਈ ਵਿਰਲਾ ਹੀ ਪਰਮਾਤਮਾ ਨਾਲ ਸਾਂਝ ਪਾ ਕੇ ਅਡੋਲ ਹੁੰਦਾ
ਹੈ, ਪਾਕ ਹੁੰਦਾ ਹੈ, ਮਨ ਤੇ ਮੁੱਖ ਤੋਂ ਇੱਕ ਹੁੰਦਾ ਹੈ ਪਰ ਮੌਜੂਦਾ ਸਮੇ ਦੇ ਹਜ਼ਾਰਾਂ ਭੇਖੀ ਪੀਰ
ਫਕੀਰ, ਸਾਧ ਸੰਤ ਤੇ ਬਾਬੇ ਸਚਿਆਰਾ ਹੋਣ ਦਾ ਢੌਂਗ ਰਚੀ ਬੈਠੇ ਹਨ ਤੇ ਇਹਨਾਂ ਵਿਚੋਂ ਸਚਿਆਰੇ ਦੀ
ਭਾਲ ਤਾਂ ਤੂੜੀ ਵਿਚੋਂ ਸੂਈ ਭਾਲਣ ਦੇ ਤੁਲ ਹੀ ਹੈ। ਇਸੇ ਗਲ ਨੂੰ ਮੁੱਖ ਰੱਖ ਕੇ ਹੀ ਗੁਰੂਆਂ ਨੇ
ਮੁਸ਼ੱਕਤਾਂ ਘਾਲ ਕੇ ਅਨਮੋਲ ਗਿਆਨ ਦਾ ਭੰਡਾਰ ਤਿਆਰ ਕੀਤਾ ਤਾਂ ਕੇ ਅੱਗੇ ਤੋਂ ਕਿਸੇ ਨੂੰ ਗਿਆਨ ਦੀ
ਤਲਾਸ਼ ਵਿੱਚ ਭਟਕਣਾ ਨਾ ਪਵੇ ਪਰ ਅਫਸੋਸ ਕਿ ਮਨੁੱਖ ਨੂੰ ਗਿਆਨ ਦੀ ਸੁਤੰਤ੍ਰਤਾ ਨਾਲੋਂ ਅਗਿਆਨਤਾ ਦੀ
ਗੁਲਾਮੀ ਹੀ ਰਾਸ ਆਈ ਹੈ। ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤੀ ਚਹੁੰਦਾ ਹੀ ਨਹੀ ਕਿਉਂਕਿ ਲੰਮੇ ਸਮੇ
ਤੋਂ ਪਏ ਮੋਹ ਮਾਇਆ ਦੇ ਬੰਧਨ ਪਿਆਰੇ ਹੋ ਗਏ, ਰੀਤਾਂ ਰਸਮਾਂ ਤੇ ਕਰਮ ਕਾਂਡਾਂ ਵਿੱਚ ਸੁੱਖ ਮਹਿਸੂਸ
ਕਰਦਾ ਹੈ, ਆਪਣੀ ਪ੍ਰਭਤਾ ਤੇ ਮਾਣ ਵਿੱਚ ਖੁਸ਼ੀ ਪ੍ਰਤੀਤ ਹੁੰਦੀ ਹੈ, ਹਰ ਜਗ੍ਹਾ ਤੇ ਹਰ ਮਨੌਤ ਤੇ ਹਰ
ਪਖੰਡੀ ਅੱਗੇ ਮੱਥੇ ਤੇ ਗੋਡੇ ਟੇਕਣ ਵਿੱਚ ਸ਼ਾਂਤੀ ਮੰਨਦਾ ਹੈ, ਫਿਰ ਕਿਵੇਂ ਛੱਡੇ ਮੋਹ ਮਾਇਆ ਦੀ ਪਕੜ
ਨੂੰ? ਕਿਵੇਂ ਛੱਡੇ ਦਰਬਾਰਾਂ, ਠਾਠਾਂ ਤੇ ਟਕਸਾਲਾਂ ਦੀ ਭੀੜ ਨੂੰ? ਕਿਵੇਂ ਨਿਕਲੇ ਇਸ ਅਖੌਤੀ ਧਰਮ
ਦੇ ਸਕੰਜੇ ਵਿਚੋਂ? ਜਦੋਂ ਅਧਰਮ ਹੀ ਧਰਮ ਬਣ ਜਾਵੇ, ਜਦੋਂ ਜੰਜੀਰਾਂ ਹੀ ਗਹਿਣੇ ਬਣ ਜਾਣ, ਜਦੋਂ
ਬੰਧਨ ਹੀ ਸੁਰੱਖਿਆ ਬਣ ਜਾਣ, ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ, ਤਾਂ ਰਾਖਾ ਕੌਣ? ਜਿਵੇਂ ਪਾਣੀ
ਵਿੱਚ ਰਹਿੰਦੀ ਮੱਛੀ ਪਿਆਸੀ ਹੋ ਜਾਵੇ ਤਾਂ ਹੈਰਾਨਗੀ ਹੁੰਦੀ ਹੈ ਤਿਵੇਂ ਪਿਉ ਦਾਦੇ ਦਾ ਆਤਮਕ ਗਿਆਨ
ਖਜ਼ਾਨਾ ਕੋਲ ਹੁੰਦਿਆਂ ਸਿੱਖ ਨੂੰ ਭਟਕਣਾ ਵਿੱਚ ਪਏ ਦੇਖ ਕੇ ਹੈਰਾਨਗੀ ਹੁੰਦੀ ਹੈ। ਕਾਰਨ ਇਹ ਕਿ ਪਿਉ
ਦਾਦੇ ਦੇ ਅਨਮੋਲ ਖਜ਼ਾਨੇ ਨੂੰ ਸਿੱਖ ਨਿੱਤ ਧੂਫ ਤੇ ਧੂਫ ਦੇਈ ਜਾਂਦਾ ਹੈ, ਰੁਮਾਲੇ ਤੇ ਰੁਮਾਲਾ ਝੜਾਈ
ਜਾਂਦਾ ਹੈ, ਅਤਰ ਗਲੇਲਾਂ ਛਿੜਕਾਈ ਜਾਂਦਾ ਹੈ, ਆਰਤੀਆਂ ਕਰੀ ਜਾਂਦਾ ਹੈ, ਫੁੱਲਾਂ ਦੀ ਬਰਖਾ ਵੀ
ਕਰਦਾ ਹੈ, ਛੱਤੀ ਪ੍ਰਕਾਰ ਦੇ ਭੋਜਨਾ ਦਾ ਭੋਗ ਵੀ ਲਵਾਉਂਦਾ ਹੈ … … ਪੂਜਾ ਵਿੱਚ ਤਾਂ ਕੋਈ ਕਸਰ ਨਹੀ
ਛੱਡਦਾ ਪਰ ਅਫਸੋਸ ਕਿ ਖਜ਼ਾਨੇ ਨੂੰ ਖੋਲ ਕੇ ਕਦੇ ਦੇਖਿਆ ਹੀ ਨਹੀ ਤੇ ਇਸੇ ਲਈ ਅਗਿਆਨਤਾ ਵਿੱਚ ਦਰ ਦਰ
ਤੇ ਠੋਕਰਾਂ ਖਾਂਦਾ, ਮੱਥੇ ਤੇ ਗੋਡੇ ਰਗੜਦਾ ਭਟਕਦਾ ਫਿਰਦਾ ਹੈ। ਜਦੋਂ ਕਿਸੇ ਵਿਰਲੇ ਨੇ ਇਸ ਖਜ਼ਾਨੇ
ਨੂੰ ਖੋਲ ਕੇ ਵੇਖਿਆ: ਪੀਊ
ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ ਭਇਆ ਨਿਧਾਨਾ ॥੧॥ ਰਤਨ ਲਾਲ ਜਾ ਕਾ ਕਛੂ ਨ ਮੋਲੁ ॥
ਭਰੇ ਭੰਡਾਰ ਅਖੂਟ ਅਤੋਲ ॥੨॥ ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਆਵੈ ਵਧਦੋ ਜਾਈ ॥੩॥ {ਪੰਨਾ
186}। ਆਤਮਕ ਗਿਆਨ ਦੇ ਅਨਮੋਲ ਰਤਨ ਭੰਡਾਰ ਨੇ,
ਜਿਸ ਦੀ ਕਦੇ ਤੋਟ ਨਹੀ ਆਉਂਦੀ, ਮਨ ਦੀ ਦੁਬਿਧਾ ਮਿਟਾ ਕੇ ਗੁਣਾਂ ਦੁਆਰਾ ਮਨ ਨੂੰ ਸੰਤੁਲਨ ਵਿੱਚ ਕਰ
ਦਿੱਤਾ, ਅਡੋਲ ਕਰ ਦਿੱਤਾ, ਪਾਕ ਕਰ ਦਿੱਤਾ, ਅਨੰਦਿੱਤ ਕਰ ਦਿੱਤਾ, ਤੇ ਫੋਕੀਆਂ ਰੀਤਾਂ ਰਸਮਾਂ ਤੇ
ਕਰਮ ਕਾਂਡਾਂ ਤੋਂ ਮੁਕਤ ਕਰ ਦਿੱਤਾ। ਅਮੋਲਕ ਰਤਨਾਂ ਦੇ ਭੰਡਾਰ ਨੂੰ ਛੱਡ ਕੇ ਸਿੱਖ ਕੌਡੀਆਂ ਮਗਰ
ਪਿਆ ਹੋਇਆ ਹੈ। ਜੋ ਆਪ ਸ਼ਾਂਤ ਨਹੀ ਮਨੁੱਖ ਉਹਨਾਂ ਕੋਲੋਂ ਸ਼ਾਤੀ ਭਾਲਦਾ ਹੈ, ਜੋ ਆਪ ਮੰਗਤੇ ਹਨ
ਉਹਨਾਂ ਕੋਲੋਂ ਦਾਤਾਂ ਭਾਲਦਾ ਹੈ, ਜੋ ਆਪ ਦੁੱਖਾਂ ਵਿੱਚ ਘਿਰੇ ਹਨ ਉਹਨਾਂ ਕੋਲੋਂ ਸੁੱਖ ਭਾਲਦਾ ਹੈ,
ਜੋ (ਮੋਹ ਮਾਇਆ ਵੱਸ ਹੋਏ) ਆਪਣੇ ਮਨ ਦਾ ਸੰਤੁਲਨ ਗਵਾ ਬੈਠੇ ਹਨ ਉਹਨਾਂ ਕੋਲੋਂ ਮਨ ਦਾ ਸੰਤੁਲਨ
ਭਾਲਣਾ ਵਡ੍ਹੀ ਮੂਰਖਤਾ ਹੈ।
ਇਸ ਲਈ ਅੱਜ ਲੋੜ ਹੈ ਕਿ ਰੁਮਾਲਿਆਂ ਵਿੱਚ ਲਪੇਟੇ ਪਿਉ ਦਾਦੇ ਦੇ ਖਜ਼ਾਨੇ ਨੂੰ
ਖੋਲ ਕੇ ਇਸ ਤੋ ਲਾਭ ਲਿਆ ਜਾਵੇ ਤੇ ਇਸ ਗਿਆਨ ਦੇ ਭੰਡਾਰ ਦੁਆਰਾ ਮਨ ਨੂੰ ਸੰਤੁਲਨ ਕਰਕੇ, ਪ੍ਰਭੂ
ਨਾਲ ਸਾਂਝ ਪਾ ਕੇ, ਮਨੁੱਖੀ ਜੀਵਨ ਨੂੰ ਸੁਖੀ ਤੇ ਅਨੰਦਿਤ ਬਣਾਇਆ ਜਾ ਸਕੇ।
ਦਰਸ਼ਨ ਸਿੰਘ,
ਵੁਲਵਰਹੈਂਪਟਨ, ਯੂ. ਕੇ.
|
. |