.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੁਰਬਾਣੀ ਦੇ ਭਾਵ ਅਰਥਾਂ ਨੂੰ ਸਮਝੀਏ

ਗੁਰੂ ਨਾਨਕ ਸਾਹਿਬ ਜੀ ਦੀ ਸਦੀਵ ਕਾਲ ਵਿਚਾਰਧਾਰਾ ਨੇ ਪਖੰਡੀ ਬਿੱਪਰਵਾਦ ਦੇ ਬਖੀਏ ਉਧੇੜ ਦਿੱਤੇ। ਇਸ ਵਿਚਾਰਧਾਰਾ ਨੂੰ ਪੱਕਿਆਂ ਕਰਨ ਲਈ ਦਸ ਜਾਮੇ ਧਾਰਨ ਕੀਤੇ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਵਿਚਾਰਾਂ ਨਾਲ ਮਿਲਦੇ ਹੋਰ ਵਿਚਾਰਾਂ ਨੂੰ ਇੱਕ ਥਾਂ ਇਕੱਠਿਆਂ ਕੀਤਾ। ਇਸ ਜੀਵਨ ਜਾਚ ਤੇ ਰੱਬੀ ਗੁਣਾਂ ਦੇ ਖ਼ਜ਼ਾਨੇ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਗ੍ਰੰਥ ਦਾ ਰੂਪ ਦਿੱਤਾ।

੧੭੦੮ ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਤੇ ਗੁਰਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ। ਗੁਰੂ ਕਾਲ ਸਮੇਂ ਬਿੱਪਰ ਦੀਆਂ ਸਾਰੀਆਂ ਚਾਲਾਂ ਅਸਫਲ ਰਹੀਆਂ। ਬਿੱਪਰ ਇਸ ਤਾਕ ਵਿੱਚ ਬੈਠਾ ਸੀ ਕਿ ਕਦੋਂ ਸਿੱਖੀ ਦੇ ਇਸ ਨਿਆਰੇਪਨ ਵਿੱਚ ਆਪਣੀ ਬਿੱਪਰ ਸੋਚ ਨੂੰ ਘਸੋੜਾਂ। ਇਸ ਚਾਲ ਵਿੱਚ ਉਹ ਕਦੇ ਵੀ ਸਫਲ਼ ਨਹੀਂ ਹੋ ਸਕਦਾ ਸੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਉਂਤ ਬੰਦੀ ਇਸ ਤਰ੍ਹਾਂ ਦੀ ਕੀਤੀ ਗਈ ਹੈ ਕਿ ਇਸ ਵਿੱਚ ਕੁੱਝ ਵੀ ਵਾਧੂ ਦਰਜ ਨਹੀਂ ਕੀਤਾ ਜਾ ਸਕਦਾ।

ਸਿੱਖੀ ਸਿਧਾਂਤ ਦਾ ਵਿਰੋਧ ਕਰਨ ਵਾਲੇ ਬਿੱਪਰ ਨੂੰ ਸਭ ਤੋਂ ਵੱਧ ਦੁੱਖ ਸੀ, ਕਿ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਧਾਰਾ ਕਰਕੇ ਲੋਕਾਂ ਨੇ ਮੇਰੀ ਪੂਜਾ ਵਾਲੀ ਹੋਂਦ ਨੂੰ ਸਦਾ ਲਈ ਨਿਕਾਰ ਦੇਣਾ ਹੈ। ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਬਿੱਪਰੀ ਸੋਚ ਨੇ ਸਭ ਤੋਂ ਪਹਿਲਾਂ ਅਜੇਹੇ ਗ੍ਰੰਥ ਤਿਆਰ ਕੀਤੇ, ਜੋ ਪੜ੍ਹਨ ਸੁਣਨ ਨੂੰ ਸਿੱਖੀ ਪ੍ਰਭਾਵ ਵਾਲੇ ਲੱਗਦੇ ਹਨ ਪਰ ਉਹਨਾਂ ਵਿੱਚ ਖਾਲਸੇ ਦੇ ਨਿਆਰੇਪਨ ਦੀ ਤਸਵੀਰ ਧੁੰਦਲੀ ਲੱਭਦੀ ਹੈ।

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪੰਰਤ ਸਿੰਘਾਂ ਨੂੰ ਘਰਾਂ ਤੋਂ ਦੂਰ ਰਹਿ ਕੇ ਲੰਬਾ ਸਮਾਂ ਘੋੜਿਆਂ ਦੀਆਂ ਕਾਠੀਆਂ `ਤੇ ਰਹਿ ਕੇ ਸੰਘਰਸ਼ ਕਰਨਾ ਪਿਆ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਗੁਰਦੁਆਰਿਆਂ ਦਾ ਪ੍ਰਬੰਧ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਚਲਾ ਗਿਆ ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਆਪਣੀ ਉਪਜੀਵਕਾ ਦਾ ਸਾਧਨ ਮੰਨ ਲਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਮਝਣ ਸਮਝਾਉਣ ਦੀ ਥਾਂ ਤੇ ਉਹਨਾਂ ਗ੍ਰੰਥਾਂ ਦੀ ਵਿਚਾਰ ਹੁੰਦੀ ਰਹੀ ਜਿਹੜੇ ਸਿੱਖ ਸਿਧਾਂਤ ਤੋਂ ਬਹੁਤ ਦੂਰ ਬੈਠੇ ਸਨ।

ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਨ ਲੱਗਿਆਂ ਜਨਮ ਸਾਖੀਆਂ ਜਾਂ ਭਗਤ ਮਾਲਾ ਵਰਗੀਆਂ ਪੁਸਤਕਾਂ ਦੀਆਂ ਸਾਖੀਆਂ ਦਾ ਸਹਾਰਾ ਲਿਆ ਜਾਣ ਲੱਗਿਆ। ਜਿਸ ਕਿਸੇ ਸ਼ਬਦ ਜਾਂ ਸਲੋਕ ਦੀ ਸਮਝ ਨਾ ਆਉਣੀ ਤਾਂ ਉਸ ਸ਼ਬਦ `ਤੇ ਗੈਰ ਕੁਦਰਤੀ ਤੇ ਮਿੱਥਹਾਸਕ ਕਰਾਮਾਤਾਂ ਨਾਲ ਭਰਪੂਰ ਲੰਬੀਆਂ ਲੰਬੀਆਂ ਸਾਖੀਆਂ ਸੁਣਾਈਆਂ ਜਾਣ ਲੱਗੀਆਂ। ਆਮ ਸਿੱਖ ਨੇ ਇਹਨਾਂ ਗ੍ਰੰਥਾਂ ਨੂੰ ਤੇ ਇਸ ਵਿਚਲੀ ਗੈਰ ਕੁਦਰਤੀ ਸਿੱਖਿਆ ਨੂੰ ਹੀ ਸਿੱਖ ਸਿਧਾਂਤ ਮੰਨ ਲਿਆ।

ਜਿਵੇਂ ਜਿਵੇਂ ਸਮਾਂ ਮਿਲਿਆ ਤਿਵੇਂ ਤਿਵੇਂ ਸਿੱਖ ਵਿਦਵਾਨਾਂ ਨੇ ਨਵੇਂ ਸਿਰੇ ਤੋਂ ਗੁਰਬਾਣੀ ਨੂੰ ਸਮਝਣ ਸਮਝਾਉਣ ਦੇ ਹੰਭਲ਼ੇ ਮਾਰਨੇ ਸ਼ੁਰੂ ਕੀਤੇ। ਬਹੁਤ ਸਾਰੇ ਗੁਰਬਾਣੀ ਟੀਕੇ ਹੋਂਦ ਵਿੱਚ ਆਏ। ਸਿੱਖੀ ਭਾਵਨਾ ਵਾਲੇ ਵਿਦਵਾਨਾਂ ਨੇ ਦੇਖਿਆ ਕਿ ਜਿਹੜੇ ਗ੍ਰੰਥ ਲਿਖੇ ਜਾਂ ਪੜ੍ਹੇ ਸੁਣਾਏ ਜਾ ਰਹੇ ਹਨ ਉਹ ਗੁਰਬਾਣੀ ਦੀ ਕਸਵੱਟੀ `ਤੇ ਪੂਰੇ ਨਹੀਂ ਉੱਤਰਦੇ। ਵਿਦਵਾਨਾਂ ਨੇ ਗੁਰਬਾਣੀ ਵਿਚਲੀ ਬੰਦਸ਼ ਨੂੰ ਸਮਝਿਆ `ਤੇ ਉਸ ਅਨੁਸਾਰ ਸਿੱਖੀ ਸਿਧਾਂਤ ਦੀ ਵਿਚਾਰ ਵਾਲੀਆਂ ਪੁਸਤਕਾਂ ਤਿਆਰ ਕਰਨੀਆਂ ਸ਼ੁਰੂ ਕੀਤੀਆਂ। ਸਮੁੱਚੇ ਤੌਰ `ਤੇ ਕਹਿ ਸਕਦੇ ਹਾਂ ਕਿ ਗੁਰਬਾਣੀ ਦੇ ਅਰਥਾਂ ਵਿੱਚ ਵਿਕਾਸ ਹੋਇਆ ਹੈ।

ਸਮੇਂ ਅਨੁਸਾਰ ਹਰ ਬੋਲੀ ਵਿੱਚ ਕਈ ਨਵੇਂ ਸ਼ਬਦ ਆ ਜਾਂਦੇ ਹਨ। ਪੰਜਾਬੀ ਜ਼ਬਾਨ ਇੱਕ ਅਜੇਹੀ ਭਾਸ਼ਾ ਹੈ ਜਿਸ ਵਿੱਚ ਢੇਰ ਸਾਰੀ ਸ਼ਬਾਦਵਲੀ ਵੱਖ ਵੱਖ ਬੋਲੀਆਂ ਵਿਚੋਂ ਮਿਲਦੀ ਹੈ। ਅੰਗਰੇਜ਼ੀ ਦੇ ਕਈ ਸ਼ਬਦ ਪੰਜਾਬੀ ਜ਼ਬਾਨ ਵਿੱਚ ਪੂਰੀ ਤਰ੍ਹਾਂ ਹਜ਼ਮ ਹੋ ਗਏ ਹਨ। ਜਿਸ ਤਰ੍ਹਾਂ ਸਕੂਲ, ਪ੍ਰਿੰਸੀਪਲ, ਪੁਲੀਸ ਤੇ ਡਾਕਟਰ ਸ਼ਬਦ ਸਾਡੇ ਵਿੱਚ ਇੰਝ ਰਚ ਗਏ ਹਨ ਜਿਸ ਤਰ੍ਹਾਂ ਇਹ ਠੇਠ ਪੰਜਾਬੀ ਦੇ ਹੋਣ। ਕਈ ਬਾਹਰਲੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਵਿਗਾੜ ਕੇ ਵੀ ਅਸੀਂ ਆਪਣੇ ਸ਼ਬਦ ਬਣਾ ਲਏ ਹਨ। ਪੇਂਡੂ ਜ਼ਬਾਨ ਵਿੱਚ ਪੁਲੀਸ ਦਾ ਪੁਲਸ, ਲਾਈਟ ਦਾ ਲੈਟ ਤੇ ਫੌਂਡੇਸ਼ਨ ਦਾ ਫਡੀਸ਼ੀਨ ਬਣਾ ਲਿਆ ਹੈ। ਪੱਛਮੀ ਤੇ ਪੂਰਬੀ ਪੰਜਾਬ ਦੇ ਦੋ ਹਿੱਸੇ ਬਣ ਗਏ ਹਨ। ਪੱਛਮੀ ਪੰਜਾਬ ਵਿੱਚ ਪੰਜਾਬੀ ਜ਼ਬਾਨ ਨੇ ਉਰਦੂ ਤੇ ਫ਼ਾਰਸੀ ਸ਼ਬਦਾਂ ਨੂੰ ਆਪਣੇ ਵਿੱਚ ਸਮੋ ਲਿਆ ਹੈ ਜਦ ਕਿ ਪੂਰਬੀ ਪੰਜਾਬ ਵਿੱਚ ਸੰਸਕ੍ਰਿਤ ਸ਼ਬਦਾਵਲੀ ਨੇ ਆਪਣਾ ਰੰਗ ਦਿਖਾਇਆ ਹੈ। ਪੰਜਾਬੀ ਦੀਆਂ ਕਈ ਅਜੇਹੀਆਂ ਪੁਸਤਕਾਂ ਹੋਂਦ ਵਿੱਚ ਆਈਆਂ ਹਨ ਜਿੰਨ੍ਹਾਂ ਦੀ ਸ਼ਬਦਾਵਲੀ ਸਮਝਣੀ ਆਮ ਮਨੁੱਖ ਦੇ ਵੱਸ ਦੀ ਗੱਲ ਨਹੀਂ ਰਹੀ, ਕਿਉਂਕਿ ਉਹਨਾਂ ਉੱਤੇ ਸੰਸਕ੍ਰਿਤ ਦਾ ਪੂਰਾ ਰੰਗ ਚੜ੍ਹਿਆ ਹੋਇਆ ਹੈ। ਪੁਸਤਕਾਂ ਦੀ ਔਖੀ ਸ਼ਬਦਾਵਲੀ ਨੂੰ ਵਿਦਵਤਾ ਦਾ ਨਾਂ ਦਿੱਤਾ ਗਿਆ ਹੈ। ਜੇ ਵਿਦਵਾਨ ਆਪਣੀ ਗੱਲ ਨੂੰ ਬਹੁਤ ਸੌਖੇ ਸ਼ਬਦਾਂ ਵਿੱਚ ਪੇਸ਼ ਕਰੇ ਤਾਂ ਆਮ ਲੋਕ ਵੀ ਉਸ ਦੀ ਗੱਲ ਸਮਝ ਸਕਦੇ ਹਨ।

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋਂ ਸਾਨੂੰ ਵੱਖ ਵੱਖ ਭਾਸ਼ਾਵਾਂ ਦੀ ਸ਼ਬਦਾਵਲੀ ਸਹਿਜੇ ਹੀ ਮਿਲ ਜਾਂਦੀ ਹੈ। ਪਰ ਇਸ ਸ਼ਬਦਾਵਲੀ ਵਿੱਚ ਗੁਰੂ ਸਾਹਿਬ ਜੀ ਨੇ ਸਿਧਾਂਤ ਆਪਣਾ ਪਾਇਆ ਹੋਇਆ ਹੈ। ਗੁਰੂ ਸਾਹਿਬ ਜੀ ਨੇ ਹਮ ਖ਼ਿਆਲੀ ਚਿੰਤਕਾਂ ਦੇ ਵਿਚਾਰਾਂ ਨੂੰ ਵੀ ਆਪਣੇ ਨਾਲ ਬਿਠਾਇਆ ਹੈ। ਕਈ ਵਾਰੀ ਅਸੀਂ ਕੇਵਲ ਅੱਖਰੀਂ ਅਰਥਾਂ `ਤੇ ਹੀ ਰੁੱਕ ਜਾਂਦੇ ਹਾਂ ਜਿਸ ਨਾਲ ਗੁਰਬਾਣੀ ਸਿਧਾਂਤ ਦੀ ਸਮਝ ਨਹੀਂ ਆਉਂਦੀ ਜਾਂ ਕਿਸੇ ਸਲੋਕ ਨੂੰ ਪੜ੍ਹ ਕੇ ਉਸ `ਤੇ ਸਾਖੀ ਸੁਣਾ ਦੇਂਦੇ ਹਾਂ। ਮਿਸਾਲ ਵਜੋਂ ਫਰੀਦ ਜੀ ਦਾ ਇੱਕ ਸਲੋਕ ਹੀ ਲੈ ਲੈਂਦੇ ਹਾਂ---

ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣੁ ਮੇਰੀ ਭੁਖ।।

ਜਿਨਾ ਖਾਧੀ ਚੋਪੜੀ, ਘਣੇ ਸਹਨਿਗੇ ਦੁਖ।। ੨੮।।

ਸਲੋਕ ਫਰੀਦ ਜੀ ਦੇ ਪੰਨਾ ੧੩੭੯

ਅੱਖਰੀਂ ਅਰਥਾਂ ਦੇ ਹਿਸਾਬ ਨਾਲ ਹੀ ਫਰੀਦ ਜੀ ਦੇ ਜੀਵਨ `ਤੇ ਸਾਖੀ ਜੋੜ ਦਿੱਤੀ ਗਈ, ਕਿ ਜਦੋਂ ਫਰੀਦ ਜੀ ਜੰਗਲ਼ ਵਿੱਚ ਭਗਤੀ ਕਰਦੇ ਸਨ ਤਾਂ ਪੇਟ ਦੀ ਭੁੱਖ ਮਿਟਾਉਣ ਲਈ ਉਹ ਜੰਗਲ਼ ਵਿਚੋਂ ਦਰੱਖਤਾਂ ਦੇ ਫਲ਼ ਤੋੜ ਕੇ ਖਾ ਲੈਂਦੇ ਸਨ। ਭਗਤੀ ਪੂਰੀ ਕਰਕੇ ਜਦੋਂ ਫਰੀਦ ਜੀ ਘਰ ਆਏ ਤਾਂ ਉਹਨਾਂ ਦੀ ਮਾਂ ਨੇ ਕੇਸ ਵਾਉਂਦਿਆਂ ਜ਼ੋਰ ਜ਼ੋਰ ਦੀ ਵਾਲ ਖਿੱਚੇ। ਫਰੀਦ ਜੀ ਆਪਣੀ ਮਾਂ ਨੂੰ ਕਹਿਣ ਲੱਗੇ, “ਮਾਂ ਮੈਨੂੰ ਬਹੁਤ ਦਰਦ ਹੋ ਰਿਹਾ ਏ, ਮੇਰੇ ਕੇਸਾਂ ਨੂੰ ਹੌਲ਼ੀ ਹੌਲ਼ੀ ਵਾਅ”। ਮਾਂ ਨੇ ਕਿਹਾ, ਕਿ “ਪੁੱਤਰ ਤੂੰ ਵੀ ਤਾਂ ਜੰਗਲ਼ ਵਿਚੋਂ ਦਰੱਖਤਾਂ ਦੇ ਫਲ਼ ਤੋੜ ਕੇ ਖਾਂਦਾ ਰਿਹਾ ਏਂ, ਉਹਨਾਂ ਨੂੰ ਵੀ ਤਾਂ ਦੁੱਖ ਹੋਇਆ ਸੀ”। ਸਾਖੀ ਲਿਖਣ ਵਾਲੇ ਤੇ ਸਣਾਉਣ ਵਾਲੇ ਨੇ ਆਪਣੀ ਸੋਚ ਅਨੁਸਾਰ ਫਰੀਦ ਜੀ ਦੇ ਗਲ਼ ਵਿੱਚ ਕਾਠ ਦੀ ਰੋਟੀ ਪਵਾ ਦਿੱਤੀ। ਅਖੇ ਜਦੋਂ ਉਹਨਾਂ ਨੂੰ ਭੁੱਖ ਲੱਗਦੀ ਸੀ ਤਾਂ ਲੱਕੜ ਦੀ ਰੋਟੀ ਨੂੰ ਚੱਕ ਮਾਰ ਲੈਂਦੇ ਸਨ। ਫਿਰ ਇਸ ਤਰ੍ਹਾਂ ਉਹਨਾਂ ਦੀ ਬੰਦਗੀ ਪੂਰੀ ਹੋਈ। ਹੁਣ ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ ਹੈ ਕਿ ਇਹ ਸਾਖੀ ਗੈਰ ਕੁਦਰਤੀ ਹੈ ਪਰ ਕੁੱਝ ਲੋਕ ਸ਼ਰਧਾ ਵੱਸ ਅਜੇ ਵੀ ਮੰਨਣ ਲਈ ਤਿਆਰ ਨਹੀਂ ਹਨ।

ਇਸ ਸਲੋਕ ਦਾ ਭਾਵ ਅਰਥ ਹੈ ਕਿ ਮਨੁੱਖ ਨੂੰ ਆਪਣੇ ਜੀਵਨ ਵਿੱਚ ਸਖਤ ਮਿਹਨਤ ਕਰਨੀ ਚਾਹੀਦੀ ਹੈ ਜੋ ਰੋਟੀ ਮੇਰੀ ਕਾਠ ਕੀ ਹੈ। ਲੋੜ ਅਨੁਸਾਰ ਰੋਟੀ ਖਾਣੀ ਚਾਹੀਦੀ ਹੈ- ‘ਲਾਵਣੁ ਮੇਰੀ ਭੁਖ` ਨਿਰੀ ਭੁੱਖ ਦੀ ਗੱਲ ਨਹੀਂ ਹੈ। ਇਸ ਸਲੋਕ ਵਿਚੋਂ ਹੋਰ ਵਧੀਆਂ ਹੋਈਆਂ ਖਾਹਸ਼ਾਂ ਨੂੰ ਰੋਕਣ ਦਾ ਉਪਦੇਸ਼ ਨਿਕਲਦਾ ਹੈ। ਬੇ-ਲੋੜੀਆਂ ਲੋੜਾਂ ਜਦੋਂ ਮਨੁੱਖ ਵਧਾ ਲੈਂਦਾ ਹੈ ਤਾਂ ਉਹਨਾਂ ਦੀ ਪੂਰਤੀ ਲਈ ਇਖ਼ਲਾਕ ਤੋਂ ਗਿਰ ਕਿ ਕਰੱਪਸ਼ਨ ਵਲ ਨੂੰ ਵੱਧ ਜਾਂਦਾ ਹੈ। ਜਾਂ ਠੇਕੇਦਾਰੀ ਕਰਦਿਆਂ ਮਜ਼ਦੂਰ ਨੂੰ ਘੱਟ ਉਜਰਤ ਦੇਣ ਵਿੱਚ ਆਪਣਾ ਫਖਰ ਮਹਿਸੂਸ ਕਰਦਾ ਹੈ। ਜਿੰਨਾ ਚਿਰ ਉਸ ਦੀ ਕੁਰੱਪਸ਼ਨ ਪਰਦੇ ਵਿੱਚ ਰਹਿੰਦੀ ਹੈ ਉਹਨਾਂ ਚਿਰ ਤਾਂ ਉਹ ਚੋਪੜੀਆਂ ਖਾਂਦਾ ਹੈ। ਜਦੋਂ ਉਸ ਦੀ ਹੇਰਾ ਫੇਰੀ ਫੜੀ ਜਾਂਦੀ ਹੈ ਤਾਂ ਜੇਹਲ ਦੀਆਂ ਸਲੀਖਾਂ ਪਿੱਛੇ ਜੇਹਲ ਦੇ ਦੁੱਖ ਸਹਿਣ ਕਰਦਾ ਹੈ। ਰੋਟੀ ਕਾਠ ਕੀ ਦਾ ਅਰਥ ਹੈ ਸਖਤ ਮਿਹਨਤ ਜਿਸ ਨੂੰ ਗੁਰੂ ਨਾਨਕ ਸਾਹਿਬ ਜੀ “ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ`।।

ਲਾਵਣੁ ਭੁਖ ਲੋੜ ਅਨੁਸਾਰ ਪੇਟ ਦੀ ਪੂਰਤੀ ਕਰਨੀ। ਵਿਆਹਾਂ ਸ਼ਾਦੀਆਂ ਵਿੱਚ ਦੇਖਿਆ ਜਾਏ ਤਾਂ ਪੇਟ ਦੀ ਪੂਰਤੀ ਲਈ ਰੋਟੀ ਨਹੀਂ ਖਾਧੀ ਜਾਂਦੀ, ਓੱਥੇ ਤਾਂ ਪੇਟ ਨੂੰ ਤੂੜਨ ਲਈ ਰਾਸ਼ਣ ਖਾਧਾ ਜਾਂਦਾ ਹੈ। ਚੋਪੜੀ ਦਾ ਅਰਥ ਕਿਸੇ ਦਾ ਹੱਕ ਖਾਣਾ ਜਾਂ ਕਿਸੇ ਦੀ ਕਮਾਈ `ਤੇ ਪਲਣਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਹੀ ਭਾਵ ਪੂਰਤ ਵਾਕ ਹੈ—

ਹਕੁ ਪਰਾਇਆ ਨਾਨਕਾ, ਉਸ ਸੂਅਰੁ ਉਸ ਗਾਇ।।

ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਨ ਖਾਇ।।

ਸਲੋਕ ਮ: ੧ ਪੰਨਾ ੧੪੧

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਵਾਕ ਆਉਂਦਾ ਹੈ ਕਿ ਜੇ ਕੋਈ ਮੈਨੂੰ ਮੇਰੇ ਪ੍ਰੀਤਮ ਦੀ ਕੋਈ ਗੱਲ ਸਣਾਉਂਦਾ ਹੈ ਤਾਂ ਮੈਂ ਉਸ ਅੱਗੇ ਆਪਣਾ ਸੀਸ ਵੱਢ ਕੇ ਉਸ ਦਾ ਮੂੜ੍ਹਾ ਬਣਾ ਦਿਆਂ, ਤੇ ਕਹਾਂ, ਲਓ ਜੀ ਇਸ `ਤੇ ਬੈਠੋ—

ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ।।

ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ।।

ਵਡਹੰਸ ਮਹਲਾ ੧ ਪੰਨਾ ੫੫੮

ਇਹਨਾਂ ਵਾਕਾਂ ਦਾ ਭਾਵ ਅਰਥ ਹੀ ਲਿਆ ਜਾਏਗਾ ਕਿ ਮੈਂ ਆਪਾ ਭਾਵ ਦੂਰ ਕਰਕੇ ਸੇਵਾ ਕਰਾਂ। ਅੱਖਰੀਂ ਅਰਥ ਤਾਂ ਸੀਸ ਵੱਢਣ ਦੇ ਹੀ ਬਣਦੇ ਹਨ। ਇੱਕ ਹੋਰ ਵਾਕ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜਿਸ ਨੇ ਆਪਣੇ ਸਤਿਗੁਰ ਅੱਗੇ ਸੀਸ ਨਹੀਂ ਵੇਚਿਆ ਉਹ ਬਦ-ਕਿਸਮਤੀ ਲੋਕ ਹਮੇਸ਼ਾਂ ਹੀ ਮਾਨਸਕ ਜਨਮ ਮਰਣ ਰੋਗ ਦੇ ਸ਼ਿਕਾਰ ਹੁੰਦੇ ਹਨ— ‘ਸਤਿਗੁਰ ਆਗੈ ਸੀਸੁ ਨ ਬੇਚਿਆ ਓਇ ਆਵਹਿ ਜਾਹਿ ਅਭਾਗੇ`। ਅਸਲ ਵਿੱਚ ਤਾਂ ਸੀਸ ਉਹ ਹੀ ਸ਼ੋਭਨੀਕ ਹੈ ਜੋ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ—

ਸੋ ਸੀਸੁ ਭਲਾ ਪਵਿਤ੍ਰ ਪਾਵਨੁ ਹੈ ਮੇਰੀ ਜਿੰਦੁੜੀਏ ਜੋ ਜਾਇ ਲਗੈ ਗੁਰ ਪੈਰੇ ਰਾਮ।।

ਪੰਨਾ ੫੪੦

ਕਬੀਰ ਜੀ ਦੇ ਇੱਕ ਵਾਕ ਸਬੰਧੀ ਵਿਚਾਰ ਕੀਤਾ ਜਾਂਦਾ ਹੈ, ਕਿ ਕਬੀਰ ਜੀ ਦੀ ਮਾਤਾ ਹਟਕੋਰੇ ਲੈ ਲੈ ਕੇ ਰੋਂਦੀ ਹੈ, ਕਿ ਮੇਰਾ ਬੇਟਾ ਆਪਣੀ ਕਿਰਤ ਛੱਡ ਕੇ ਰੱਬ ਜੀ ਦੀ ਭਗਤੀ ਵਲ ਲੱਗ ਗਿਆ ਹੈ। ਹੁਣ ਮੇਰੇ ਬੱਚੇ ਕੀ ਖਾਇਆ ਕਰਨਗੇ।

ਮੁਸਿ ਮੁਸਿ ਰੋਵੈ ਕਬੀਰ ਕੀ ਮਾਈ।। ਏ ਬਾਰਿਕ ਕੈਸੇ ਜੀਵਹਿ ਰਘੁਰਾਈ।।

ਬਾਣੀ ਕਬੀਰ ਜੀ ਕੀ ਪੰਨਾ ੫੨੪

ਇਕ ਹੋਰ ਵਾਕ ਵਿੱਚ ਕਬੀਰ ਜੀ ਕਹਿੰਦੇ ਹਨ ਕਿ ਚੰਗਾ ਹੋਇਆ ਮੇਰੀ ਮਾਂ ਮਰ ਗਈ ਹੈ। ਮੈਂ ਸੌਖਾ ਹੋ ਗਿਆ ਹਾਂ—

ਮੁਈ ਮੇਰੀ ਮਾਈ, ਹਉ ਖਰਾ ਸੁਖਾਲਾ।। ਪਹਿਰਉ ਨਹੀ ਦਗਲੀ, ਲਗੈ ਨ ਪਾਲਾ।।

ਪਨਾ ੪੭੬

ਇਕ ਸ਼ਬਦ ਤੋਂ ਦੂਜੇ ਸ਼ਬਦ ਨੂੰ ਸਮਝਣ ਵਿੱਚ ਸਹਾਇਤਾ ਮਿਲੀ ਹੈ ਕਿ ਸਰੀਰ ਦੇ ਤਲ਼ ਵਾਲੀ ਮਾਤਾ ਨਹੀਂ ਹੈ, ਇਹ ਤੇ ਭੈੜੀ ਮਤ ਨੂੰ ਮਾਂ ਕਿਹਾ ਗਿਆ ਹੈ। ਜੈਤਸਰੀ ਰਾਗ ਵਿੱਚ ਵੀ ਗੁਰੂ ਰਾਮਦਾਸ ਜੀ ਦਾ ਇੱਕ ਵਾਕ ਹੈ ਜਿਸ ਵਿੱਚ ਇੰਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਰੀਰ ਦੇ ਤਲ਼ ਵਾਲੀ ਮਾਂ ਨੂੰ ਕੁੱਝ ਕਿਹਾ ਹੋਵੇ—

ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ।।

ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ।।

ਜੈਤਸਰੀ ਮਹਲਾ ੪ ਪੰਨਾ ੬੯੭

ਅੱਖਰੀਂ ਅਰਥਾਂ ਤਾਂ ਏਹੀ ਬਣਦੇ ਹਨ ਕਿ ਜਿਸ ਮਾਂ ਦੇ ਹਿਰਦੇ ਵਿੱਚ ਪਰਮਾਤਮਾਂ ਦਾ ਨਾਂ ਨਹੀਂ ਵੱਸਿਆ ਉਹ ਮਾਂ ਬਾਂਝ ਹੀ ਰਹੇ ਭਾਵ ਬੱਚੇ ਨੂੰ ਜਨਮ ਨਾ ਹੀ ਦੇਵੇ ਤਾਂ ਚੰਗਾ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਦੀ ਫਿਲਾਸਫੀ ਅਨੁਸਾਰ ਕੋਈ ਬੱਚਾ ਸੁਭਾਅ ਕਰਕੇ ਮਾੜਾ ਨਿਕਲ ਜਾਂਦਾ ਹੈ ਤਾਂ ਇਸ ਵਿੱਚ ਮਾਂ ਦਾ ਕੀ ਕਸੂਰ ਹੈ? ਫਿਰ ਇਹਨਾਂ ਤੁਕਾਂ ਦਾ ਭਾਵ ਅਰਥ ਅੰਦਰਲੀ ਮਤ ਕੀਤਾ ਜਾਏਗਾ। ਜਿਸ ਮਾਂ ਰੂਪੀ ਮਤ ਵਿੱਚ ਪਰਮਾਤਮਾ ਦੇ ਸ਼ੁਭ ਗੁਣ ਨਹੀਂ ਵੱਸੇ ਉਹ ਬੇ ਲੋੜੀਆਂ ਦਲੀਲਾਂ ਨਾ ਹੀ ਦੇਵੇ ਤਾਂ ਚੰਗਾ ਹੈ।

ਸਿੱਖੀ ਦੇ ਵਿਹੜੇ ਵਿੱਚ ਉਹਨਾਂ ਲੋਕਾਂ ਦੀ ਵੀ ਬਹੁਤ ਭੀੜ ਹੈ ਜਿਨ੍ਹਾਂ ਨੂੰ ਨਾ ਤਾਂ ਸਿੱਖੀ ਦੇ ਅਮੀਰ ਵਿਰਸੇ ਦਾ ਪਤਾ ਹੈ ਤੇ ਨਾ ਹੀ ਸਿੱਖ ਸਿਧਾਂਤ ਦਾ ਮੁੱਢਲਾ ਗਿਆਨ ਹੈ। ਅਜੇਹੇ ਵੀਰ ਕਰਾਮਤੀ ਕਥਾ ਕਹਾਣੀਆਂ ਦਾ ਹੀ ਆਸਰਾ ਲੈ ਕੇ ਕੇਵਲ ਅੱਖਰੀਂ ਅਰਥਾਂ ਤੀਕ ਹੀ ਸੀਮਤ ਰਹਿੰਦੇ ਹਨ। ਅੱਖਰੀਂ ਅਰਥ ਮਨੁੱਖੀ ਜੀਵਨ ਵਿੱਚ ਲਾਗੂ ਨਹੀਂ ਹੁੰਦੇ। ਫਿਰ ਸਾਨੂੰ ਗੁਰਬਾਣੀ ਦੇ ਭਾਵ ਅਰਥ ਹੀ ਸਮਝਣੇ ਪੈਣਗੇ। ਉਪਰੋਕਤ ਤੁਕਾਂ ਵਿੱਚ ਸਰੀਰ ਦੇ ਤਲ ਵਾਲੀ ਮਾਂ ਦੀ ਗੱਲ ਨਹੀਂ ਕੀਤੀ ਗਈ ਇਹ ਤੇ ਭੈੜੀ ਮਾਂ ਰੂਪੀ ਮਤ ਦੀ ਗੱਲ ਕੀਤੀ ਗਈ ਹੈ ਤੇ ਇਹਨਾਂ ਤੁਕਾਂ ਦੇ ਭਾਵ ਅਰਥ ਹੀ ਸਮਝੇ ਜਾਣਗੇ।

ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਵਾਕ ਵਿੱਚ ਕਿਹਾ ਹੈ, ਕਿ ਹੇ ਪਰਮਾਤਮਾ! ਤੂੰ ਮੇਰਾ ਪਿਤਾ ਹੈਂ ਤੇ ਤੂੰ ਹੀ ਮੇਰਾ ਮਾਤਾ ਹੈਂ, ਤੂੰ ਮੇਰਾ ਰਿਸ਼ਤੇਦਾਰ ਤੇ ਭਰਾ ਵੀ ਏਂ।

ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ।। ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ।।

ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ।।

ਮਾਝ ਮਹਲਾ ੫ ਪੰਨਾ ੧੦੩

ਅਖਰਾਂ ਦੇ ਅਰਥਾਂ ਨਾਲ ਸਰੀਰਕ ਤਲ ਵਾਲੇ ਮਾਤਾ ਪਿਤਾ ਬਣਦੇ ਹਨ ਜਦ ਕੇ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਅਨੁਸਾਰ ਪਰਮਾਤਮਾ ਦਾ ਕੋਈ ਰੰਗ-ਰੂਪ ਨਹੀਂ ਹੈ। ਇਸ ਦਾ ਭਾਵ ਅਰਥ ਹੋਇਆ ਕਿ ਸਾਨੂੰ ਗੁਣ ਰੂਪੀ ਮਾਤਾ ਪਿਤਾ ਲੱਭਣੇ ਪੈਣਗੇ। ਸਰੀਰਕ ਮਾਤਾ ਪਿਤਾ ਹਮੇਸ਼ਾਂ ਸਾਡੇ ਨਾਲ ਨਹੀਂ ਰਹਿ ਸਕਦੇ। ਮੰਨ ਲਓ ਜੇ ਕੋਈ ਬੱਚਾ ਕਨੇਡਾ ਪਹਿਲਾਂ ਆ ਗਿਆ ਤਾਂ ਮਾਤਾ ਪਿਤਾ ਨੂੰ ਕਈ ਸਾਲ ਲੱਗ ਜਾਂਦੇ ਹਨ ਕਨੇਡਾ ਆਉਣ ਲਈ। ਫਿਰ ਮਾਤਾ ਪਿਤਾ ਬੱਚੇ ਦੇ ਨਾਲ ਕਿਸ ਤਰ੍ਹਾਂ ਰਹੇ? ਜਦ ਕਿ ਸ਼ਬਦੀਂ ਅਰਥਾਂ ਅਨੁਸਾਰ ਮਾਤਾ ਪਿਤਾ ਹਰ ਥਾਂ `ਤੇ ਸਹਾਇਤਾ ਕਰਦੇ ਹਨ। ਮਾਤਾ ਪਿਤਾ ਤੇ ਭਰਾ ਦੇ ਅਰਥਾਂ ਨੂੰ ਦੇਖਣ ਲਈ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਣ ਕੀਤੇ ਇੱਕ ਸ਼ਬਦ ਦੀ ਵਿਚਾਰ ਕਰਨੀ ਪਏਗੀ ਜਿਸ ਵਿੱਚ ਮਾਤਾ ਪਿਤਾ ਤੇ ਭਰਾ ਸ਼ੁਭ ਗੁਣਾਂ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ ਜੇਹਾ ਕਿ—

ਮਾਤਾ ਮਤਿ ਪਿਤਾ ਸੰਤੋਖੁ।। ਸਤੁ ਭਾਈ ਕਰਿ ਏਹੁ ਵਿਸੇਖੁ।।

ਗਉੜੀ ਮਹਲਾ ੧ ਪੰਨਾ ੧੫੧

ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਅਨੁਸਾਰ ਗੁਰੂ ਦੀ ਮਤ ਭਾਵ ਗੁਰ-ਗਿਆਨ ਜਾਂ ਗੁਰ-ਉਪਦੇਸ਼ ਸਾਡੀ ਆਤਮਾ, ਚੇਤੰਤਾ ਜਾਂ ਸਾਡੇ ਮਨ ਦੀ ਸੋਚ ਦੀ ਮਾਂ ਹੈ ਤੇ ਏਸੇ ਤਲ਼ `ਤੇ ਹੀ ਸੰਤੋਖ ਰੂਪੀ ਦੈਵੀ ਗੁਣ ਸਾਡਾ ਪਿਤਾ ਹੈ। ਦੁਨੀਆਂ ਦੀ ਸੇਵਾ ਕਰਨੀ ਆਤਮਕ ਤਲ਼ `ਤੇ ਸਾਡਾ ਭਰਾ ਹੈ ਜੋ ਹਰ ਸਮੇਂ ਹਰ ਥਾਂ `ਤੇ ਸਾਡੀ ਸਹਾਇਤਾ ਕਰਦੇ ਹਨ।

ਅਸੀਂ ਆਮ ਕਰਕੇ ਸੰਸਾਰਕ ਲੋੜਾਂ ਦੀ ਪੂਰਤੀ ਲਈ ਅਰਦਾਸਾਂ ਕਰਦੇ ਕਰਾਉਂਦੇ ਹਾਂ ਕਿ ਰੱਬ ਜੀ ਸਾਨੂੰ ਦੁੱਧ, ਘਿਓ ਦੀਆਂ ਛਹਿਬਰਾਂ ਲਗਾ ਦੇਵੇ। ਗੁਰੂ ਸਾਹਿਬ ਜੀ ਨੇ ਸਰੀਰਕ ਲੋੜਾਂ ਨਾਲੋਂ ਆਤਮਕ ਲੋੜਾਂ ਦੀ ਜ਼ਿਆਦਾ ਜ਼ਰੂਰਤ ਦੱਸਦਿਆਂ ਹੋਇਆਂ ਫਰਮਾਇਆ ਹੈ ਕਿ—

ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ।।

ਦੂਧੁ ਕਰਮੁ ਸੰਤੋਖੁ ਘੀਉ ਕਰਿ ਐਸਾ ਮਾਂਗਉ ਦਾਨੁ।।

ਪ੍ਰਭਾਤੀ ਮਹਲਾ ੧ ਪੰਨਾ ੧੩੨੯

ਸਮਝਿਆ ਜਾ ਸਕਦਾ ਹੈ ਕਿ ਗੁਰਬਾਣੀ ਵਿੱਚ ਚਾਵਲ ਮੰਗਣ ਦੀ ਥਾਂ `ਤੇ ਸੰਜਮ ਤੇ ਉੱਚੇ ਕਿਰਦਾਰ ਦੀ ਜਾਚਨਾ ਕੀਤੀ ਗਈ ਹੈ। ਕਿਸੇ ਦੀ ਲੋੜ ਦੇਖ ਕੇ ਮਨ ਵਿੱਚ ਕੁੱਝ ਕਰਨ ਦੀ ਚਾਹਨਾ ਨੂੰ ਦਇਆ ਰੂਪੀ ਕਣਕ ਨਾਲ ਤਸ਼ਬੀਹ ਦਿੱਤੀ ਹੈ। ਸ਼ੁਭ ਕਰਮਾਂ ਦਾ ਦੁੱਧ ਤੇ ਸੰਤੋਖ ਵਰਗੇ ਦੈਵੀ ਗੁਣ ਨੂੰ ਘਿਓ ਕਿਹਾ ਹੈ। ਕਿਹਾ ਜਾ ਸਕਦਾ ਹੈ ਕਿ ਗੁਰਬਾਣੀ ਵਿੱਚ ਵੱਖ ਵੱਖ ਉਦਾਹਰਣਾਂ ਤੇ ਪ੍ਰਤੀਕਾਂ ਰਾਂਹੀ ਅੰਦਰਲੇ ਸੁਭਾਅ ਵਿੱਚ ਰੱਬੀ ਗੁਣਾਂ ਨੂੰ ਭਰਨ ਲਈ ਤੇ ਉਹਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਰਤੋਂ ਕਰਨ ਲਈ ਕਿਹਾ ਹੈ।

ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ।।

ਗਉੜੀ ਮਹਲਾ ੫ ਪੰਨਾ ੧੯੯

ਮਾਝ ਰਾਗ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਸਾਧੂਆਂ ਦੀ ਧੂੜੀ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ—

ਮਾਘਿ ਮਜਨੁ ਸੰਗਿ ਸਾਧੂਆ, ਧੂੜੀ ਕਰਿ ਇਸਨਾਨੁ।।

ਮਾਝ ਮਹਲਾ ੫ ਪੰਨਾ ੧੩੫

ਅੱਖਰੀਂ ਅਰਥ ਤਾਂ ਏਹੀ ਬਣਦੇ ਹਨ ਕਿ ਜਿੰਨਾਂ ਨੇ ਕਿਸੇ ਖਾਸ ਕਿਸਮ ਦਾ ਲਿਬਾਸ ਪਾਇਆ ਹੋਇਆ ਹੈ ਉਹ ਜਿੱਥੇ ਪੈਰ ਰੱਖਦੇ ਹਨ ਓੱਥੋਂ ਮਿੱਟੀ ਨੂੰ ਉਠਾ ਲਿਆ ਜਾਏ ਤੇ ਫਿਰ ਉਸ ਵਿੱਚ ਇਸ਼ਨਾਨ ਕੀਤਾ ਜਾਏ। ਸਵਾਲ ਪੈਦਾ ਹੁੰਦਾ ਹੈ ਕਿ ਕੀ ਕਦੇ ਕਿਸੇ ਨੇ ਧੂੜੀ ਵਿੱਚ ਇਸ਼ਨਾਨ ਕੀਤਾ ਹੈ? ਜੇ ਬਰੀਕ ਮਿੱਟੀ ਵਿੱਚ ਇਸ਼ਨਾਨ ਨਹੀਂ ਹੋ ਸਕਦਾ ਤਾਂ ਫਿਰ ਇਹਨਾਂ ਤੁਕਾਂ ਦੇ ਭਾਵ ਅਰਥ ਹੀ ਲਏ ਜਾਣਗੇ। ਭਾਵ ਅਰਥ ਹੀ ਜੀਵਨ ਵਿੱਚ ਲਾਗੁ ਹੁੰਦੇ ਹਨ।

ਮਾਝ ਕੀ ਵਾਰ ਵਿੱਚ ਗੁਰ ਅੰਗਦ ਪਾਤਸ਼ਾਹ ਜੀ ਦੇ ਵਾਕ ਹਨ ਕਿ ਅੱਖਾਂ ਤੋਂ ਬਿਨਾ ਦੇਖਣਾ, ਕੰਨਾਂ ਤੋਂ ਬਿਨਾ ਸੁਣਨਾ, ਪੈਰਾਂ ਤੋਂ ਬਿਨਾ ਤੁਰਨਾ, ਹੱਥਾਂ ਤੋਂ ਬਿਨਾ ਕੰਮ ਕਰਨਾ ਤੇ ਜ਼ਬਾਨ ਤੋਂ ਬਿਨਾ ਬੋਲਣਾ ਦਾ ਯਤਨ ਕਰਨਾ ਚਾਹੀਦਾ ਹੈ---

ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ।। ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ।।

ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ।। ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ।। ੧।।

ਸਲੋਕ ਮ: ੨ ਪੰਨਾ ੧੩੯

ਅੱਖਰਾਂ ਦੇ ਅਰਥ ਨਾਲ ਅਜੇਹਾ ਨਹੀਂ ਹੋ ਸਕਦਾ ਫਿਰ ਇਹਨਾਂ ਤੁਕਾਂ ਦੇ ਭਾਵ ਅਰਥ ਹੀ ਕੀਤੇ ਜਾਣਗੇ---ਜੇ ਅੱਖਾਂ ਤੋਂ ਬਿਨਾ ਵੇਖੀਏ (ਭਾਵ, ਜੇ ਪਰਾਇਆ ਰੂਪ ਤੱਕਣ ਦੀ ਵਾਦੀ ਵਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ), ਕੰਨਾਂ ਤੋਂ ਬਿਨਾ ਸੁਣੀਏ (ਭਾਵ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ), ਜੇ ਪੈਰਾਂ ਤੋਂ ਬਿਨਾ ਤੁਰੀਏ (ਭਾਵ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ), ਜੇ ਹੱਥਾਂ ਤੋਂ ਬਿਨਾ ਕੰਮ ਕਰੀਏ (ਭਾਵ, ਜੇ ਪਰਾਇਆ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ), ਜੇ ਜੀਭ ਤੋਂ ਬਿਨਾ ਬੋਲੀਏ, (ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ), —ਇਸ ਤਰ੍ਹਾਂ ਜਿਊਂਦਿਆਂ ਮਰੀਦਾ ਹੈ। ਹੇ ਨਾਨਕ! ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸ ਨੂੰ ਮਿਲੀਦਾ ਹੈ (ਭਾਵ, ਜੇ ਇਹ ਸਮਝ ਲਈਏ ਕਿ ਖਸਮ ਪ੍ਰਭੂ ਵਲੋਂ ਅੱਖਾਂ ਆਦਿਕ ਇੰਦ੍ਰਿਆਂ ਨੂੰ ਕਿਵੇਂ ਵਰਤਣ ਦਾ ਹੁਕਮ ਹੈ, ਤਾਂ ਉਸ ਪ੍ਰਭੂ ਨੂੰ ਮਿਲ ਪਈਦਾ ਹੈ)। ੧। ਜੋ ਦੂਜੇ ਸਲੋਕ ਵਿੱਚ ਕੀਤੇ ਗਏ ਹਨ---

ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ।। ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ।।

ਭੈ ਕੇ ਚਰਣ, ਕਰ ਭਾਵ ਕੇ, ਲੋਇਣ ਸੁਰਤਿ ਕਰੇਇ।। ਨਾਨਕੁ ਕਹੈ ਸਿਆਣੀਏ, ਇਵ ਕੰਤ ਮਿਲਾਵਾ ਹੋਇ।। ੨।। ਸਲੋਕ ਮ: ੨ ਪੰਨਾ ੧੩੯

ਇਸ ਸਲੋਕ ਵਿੱਚ ਰੱਬੀ ਨਿਯਮਾਵਲੀ ਦੇ ਪੈਰ ਤੇ ਪਿਆਰ ਦੇ ਹੱਥ ਬਣਾਉਣ ਦੀ ਤਾਗ਼ੀਦ ਕੀਤੀ ਗਈ ਹੈ।

ਵਿਸਥਾਰ ਵਿੱਚ ਗਿਆਂ ਲੇਖ ਬਹੁਤ ਲੰਬਾ ਹੋ ਜਾਣਾ ਹੈ।

ਸ਼ੇਖ਼ ਫ਼ਰੀਦ ਜੀ ਦਾ ਇੱਕ ਸਲੋਕ—

ਉਠੁ ਫਰੀਦਾ, ਉਜੂ ਸਾਜਿ, ਸੁਬਹ ਨਿਵਾਜ ਗੁਜਾਰਿ।।

ਜੋ ਸਿਰੁ ਸਾਂਈ ਨਾ ਨਿਵੈ, ਸੋ ਸਿਰੁ ਕਪਿ ਉਤਾਰਿ।। ੭੧।।

ਸਲੋਕ ਫਰੀਦ ਜੀ ਕੇ ਪੰਨਾ ੧੩੮੧

ਅੱਖਰੀਂ ਅਰਥ ਤਾਂ ਏਹੀ ਬਣਦੇ ਹਨ ਜਿਹੜਾ ਮੁਸਲਮਾਨ ਵੀਰ ਸਵੇਰੇ ਉੱਠ ਕੇ ਨਮਾਜ਼ ਨਹੀਂ ਅਦਾ ਕਰਦਾ ਉਸ ਦਾ ਸਿਰ ਕਲਮ ਕਰ ਦਿੱਤਾ ਜਾਏ ਪਰ ਅਮਲੀ ਜੀਵਨ ਵਿੱਚ ਕਦੇ ਕਿਸੇ ਦਾ ਸਿਰ ਕਲਮ ਹੋਇਆ ਹੈ? ਗੁਰਬਾਣੀ ਕਾਵਕ ਰੂਪ ਵਿੱਚ ਹੈ ਤੇ ਇਸ ਨੂੰ ਸਮਝਣ ਲਈ ਗੁਰਬਾਣੀ ਵਿਚਲੇ ਭਾਵ ਅਰਥਾਂ ਨੂੰ ਧਿਆਨ ਵਿੱਚ ਰੱਖਿਆ ਜਾਏਗਾ। ਦੂਜਾ ਭਾਵ ਅਰਥ ਕਰਨ ਲੱਗਿਆਂ ਸਿੱਖੀ ਦੇ ਨਿਆਰੇਪਨ ਦੀ ਹੋਂਦ ਕਾਇਮ ਹੋਣੀ ਚਾਹੀਦੀ ਹੈ। ਆਮ ਕਰਕੇ ਗੁਰਬਾਣੀ ਦੇ ਭਾਵ ਅਰਥਾਂ ਦੀ ਜਾਣਕਾਰੀ ਨਾ ਹੋਣ ਕਰਕੇ ਸ਼ਬਦ ਗੁਰਬਾਣੀ ਦਾ ਲਿਆ ਹੁੰਦਾ ਹੈ ਤੇ ਵਿਆਖਿਆ ਕਿਸੇ ਹੋਰ ਗ੍ਰੰਥ ਦੀ ਕੀਤੀ ਜਾਂਦੀ ਹੈ।

ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਪ੍ਰਚੱਲਤ ਸ਼ਬਦਾਵਲੀ, ਪੁਰਾਣਕ ਮਿੱਥਾਂ, ਮੁਹਾਵਰਿਆਂ ਦੀ ਵਰਤੋਂ ਕੀਤੀ ਹੈ। ਜਿਸ ਤਰ੍ਹਾਂ ਧਰਮਰਾਜ, ਅਵਾਗਉਣ, ਜਨਮ ਮਰਣ, ਚਉਰਾਸੀ ਲੱਖ ਜੂਨਾਂ, ਨਰਕ ਸਵਰਗ, ਭੂਤ-ਪ੍ਰੇਤ, ਸੱਚ ਖੰਡ, ਰੱਬੀ ਦਰਗਾਹ, ਅਗਲਾ ਪਿੱਛਲਾ ਜਨਮ, ਜਮਰਾਜ, ਚਿਤ੍ਰ-ਗੁਪਤ, ਸਿਮਰਨ, ਜਾਪ, ਦਸਵਾਂ ਦੁਆਰ, ਤ੍ਰਿਕੁੱਟੀ, ਆਤਮਾ, ਰਾਵਣ, ਸ਼ਿਵ, ਬ੍ਰਹਮਾ, ਇੰਦ੍ਰ, ਬ੍ਰਹਮ ਗਿਆਨੀ, ਸੰਤ, ਸਾਧ ਇਤਿਆਦਕ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਦੋ ਦੂਣੀ ਚਾਰ ਵਾਂਗ ਅਟੱਲ ਸਿਧਾਂਤ ਦਿੱਤਾ ਹੈ। ਸਿੱਖੀ ਦੇ ਨਿਆਰੇਪਨ ਨੂੰ ਸਮਝਣ ਲਈ ਗੁਰਬਾਣੀ ਦੇ ਭਾਵ ਅਰਥ ਹੀ ਸਮਝਣੇ ਪੈਣਗੇ। ਗੁਰਬਾਣੀ ਵਿਚਲੇ ਭਾਵ ਅਰਥ ਨੂੰ ਨਾ ਸਮਝਣ ਕਰਕੇ ਦੇਹਧਾਰੀ ਗੁਰੂ, ਸੰਤ ਤੇ ਡੇਰਾਵਾਦ ਬਿਰਤੀ ਦਾ ਜਨਮ ਹੋਇਆ ਹੈ।

ਗੁਰਬਾਣੀ ਦੇ ਭਾਵ-ਅਰਥਾਂ ਤੇ ਸਾਡਾ ਕੋਈ ਨਿਰਣਾ ਜਾਂ ਕਿਸੇ ਤੇ ਠੋਸਣੇ ਨਹੀਂ ਹਨ। ਸਗੋਂ ਗੁਰਬਾਣੀ ਦੇ ਸਿਧਾਂਤ ਨੂੰ ਸੁਖੈਨ ਤਰੀਕੇ ਨਾਲ ਸਮਝਣਾ ਹੈ ਤਾਂ ਕਿ ਦੁਨੀਆਂ ਵਿੱਚ ਖਾਲਸੇ ਦਾ ਨਿਆਰਾਪਨ ਕਾਇਮ ਰਹਿ ਸਕੇ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਜਿੱਥੇ ਆਪਣੇ ਸੀਮਤ ਸਾਧਨਾਂ ਰਾਂਹੀਂ ਕੌਮ ਦੀ ਨਿੱਗਰ ਸੇਵਾ ਕਰ ਰਿਹਾ ਹੈ ਓੱਥੇ ਹੁਣ “ਗੁਰਮਤਿ ਵਿਰਸਾ” ਮੈਗ਼ਜ਼ੀਨ ਦੁਆਰਾ ਸੰਗਤਾਂ ਦੀਆਂ ਸੇਵਾਵਾਂ ਨਿਭਹੁੰਣ ਦਾ ਹੰਭਲ਼ਾ ਮਾਰ ਰਿਹਾ ਹੈ। ਸਾਡੀ ਹਮੇਸ਼ਾਂ ਕੋਸ਼ਿਸ਼ ਰਹੇਗੀ ਕੇ ਇਸ ਮੈਗ਼ਜ਼ੀਨ ਦੁਆਰਾ ਸੰਗਤਾਂ ਨੂੰ ਨਿਰੋਈ ਸੇਧ ਦਿੱਤੀ ਜਾਏ---

ਆਗਾਹਾ ਕੂ ਤ੍ਰਾਘਿ, ਪਿਛਾ ਫੇਰਿ ਨ ਮੁਹਡੜਾ।।

ਨਾਨਕ ਸਿਝਿ ਇਵੇਹਾ ਵਾਰ, ਬਹੁੜਿ ਨ ਹੋਵੀ ਜਨਮੜਾ।। ੧।।

ਡਖਣੇ ਮ: ੫ ਪੰਨਾ ੧੦੯੬




.