ਮੈਨੂੰ ਵੀ ਰਿਸ਼ਵਤ ਦੇਣੀ ਪਈ
ਗਿਆਨੀ ਸੰਤੋਖ ਸਿੰਘ
ਬਚਪਨ ਤੋਂ ਇੱਕ ਲੋਕੋਕਤੀ ਵੀ
ਸੁਣਦੇ ਆ ਰਹੇ ਹਾਂ:
ਤੇਲ ਤਮ੍ਹਾ ਜਾ ਕੋ ਮਿਲ਼ੇ ਤੁਰਤ ਨਰਮ ਹੋ ਜਾਇ।
ਸਤਿਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਵੀ ਇਉਂ ਹੈ:
ਦਰਸਨਿ ਦੇਖਿਐ ਦਇਆ ਨ ਹੋਇ॥
ਲਏ ਦਿਤੇ ਵਿਣੁ ਰਹੈ ਨ ਕੋਇ॥ (੩੫੦)
ਸਰਲ ਜਿਹਾ ਇਸ ਤੁਕ ਦਾ ਅਰਥ ਤਾਂ
ਏਹੀ ਸਮਝ ਆਉਂਦਾ ਹੈ ਕਿ ਖਾਲੀ ਮਿਲ਼ਣ ਗਿਲਣ ਦਾ ਕੋਈ ਲਾਭ ਕਿਸੇ ਨੂੰ ਨਹੀ ਮਿਲ਼ਦਾ ਤੇ ਲਏ ਦਿਤੇ ਬਿਨਾ
ਦੁਨੀਆਂ ਵਿੱਚ ਰਿਹਾ ਨਹੀ ਜਾ ਸਕਦਾ। ਅੱਗੇ ਗੂਹੜ ਵਿਦਵਾਨ ਸ਼ਾਇਦ ਇਸ ਦਾ ਕੋਈ ਹੋਰ ਗੂਹੜ ਅਰਥ ਵੀ
ਕਰਦੇ ਹੋਣ!
ਚੰਡੀਗੜ੍ਹੋਂ ਛਪਣ ਵਾਲੀ ਅਖ਼ਬਾਰ ਟ੍ਰੀਬਿਊਨ ਵਿੱਚ ਛਪਦੇ, ਸ. ਜਸਪਾਲ ਸਿੰਘ ਭੱਟੀ ਦੇ ਸਥਾਈ ਮਜ਼ਾਕੀਆ
ਕਾਲਮ ਵਿਚ, ਰਿਸ਼ਵਤ ਸਬੰਧੀ ਪੜ੍ਹ ਕੇ ਮੈਨੂੰ ਆਪਣੇ ਨਾਲ਼ ਵਾਪਰੀਆਂ ਕੁੱਝ ਘਟਨਾਵਾਂ ਨੂੰ ਆਪਣੇ
ਪਿਆਰਿਆਂ ਨਾਲ਼ ਸਾਂਝੀਆਂ ਕਰਨ ਦਾ ਝੱਲ ਕੁੱਦ ਪਿਆ ਹੈ।
ਬਲਰਾਜ ਸਾਹਨੀ ਜੀ ਨੇ ਆਪਣੇ ਪਾਕਿਸਤਾਨੀ ਸਫ਼ਰਨਾਮੇ ਵਿੱਚ ਲਿਖਿਆ ਸੀ ਕਿ ਜਦੋਂ ਉਹ ਪਾਕਿਸਤਨ ਦੇ
ਕਿਸੇ ਸ਼ਹਿਰ, ਸ਼ਾਇਦ ਰਾਵਲਪਿੰਡੀ ਵਿਚ, ਟਾਂਗੇ ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਟਾਂਗੇ ਵਾਲ਼ੇ ਨੇ
ਆਖਿਆ, “ਪਾਕਿਸਤਾਨ ਵਿੱਚ ਤਾਂ ਹੁਣ ਸਿਫ਼ਾਰਸ਼ ਅਲੀ ਤੇ ਰਿਸ਼ਵਤ ਅਲੀ ਹੀ ਰਹਿ ਗਏ ਨੇ” ਸਾਹਨੀ ਜੀ ਦੇ
ਪੁੱਛਣ ਤੇ ਉਹ ਬੋਲਿਆ, “ਲਿਆਕਤ ਅਲੀ ਹੋਰਾਂ ਕੀਂ ਤੇ ਮੁੜ ਗੋਲ਼ੀ ਮਾਰ ਛੋੜੀ ਨੇ ਨਾ!” ਉਹਨਾਂ ਦਿਨਾਂ
ਦੌਰਾਨ ਤਾਜਾ ਹੀ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ, ਜਨਾਬ ਲਿਆਕਤ ਅਲ਼ੀ ਖ਼ਾਨ, ਨੂੰ ਕਿਸੇ ਨੇ
ਗੋਲ਼ੀ ਮਾਰ ਕੇ ਮਾਰ ਦਿਤਾ ਸੀ।
ਕੁਝ ਸਮੇ ਤੋਂ ਸੁਣਿਆ ਤੇ ਪੱਤਰਾਂ ਵਿੱਚ ਪੜ੍ਹਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵਿੱਚ ਇੱਕ ਅਫ਼ਸਰ
ਅਜਿਹਾ ਵੀ ਹੈ ਜਿਸ ਨੇ ਆਪਣੇ ਦਫ਼ਤਰ ਵਿੱਚ ਰਿਸ਼ਵਤ ਬੰਦ ਕਰ ਦਿਤੀ ਹੈ। ਨਾ ਮੰਨਣ ਯੋਗ ਇਹ ਜੱਗੋਂ
ਬਾਹਰੀ ਬਾਤ ਕਿਵੇਂ ਹੋ ਗਈ! ਇਹ ਗੱਲ ਸਮਝ ਵਿੱਚ ਨਹੀ ਆ ਰਹੀ। ਇਹ ਤਾਂ ‘ਕਲਯੁਗ’ ਵਿੱਚ ‘ਸਤਯੁਗ’
ਵਰਤ ਜਾਣ ਵਾਲ਼ੀ ਬਾਤ ਹੈ। ਬੰਦਾ ਇਹ ਸਰਕਾਰੀ ਮਸ਼ੀਨਰੀ ਦਾ ਇੱਕ ਪੁਰਜ਼ਾ ਹੀ ਹੈ ਪਰ ਇਸਦਾ ਇਹ ਹੌਸਲਾ!
ਜਿਸ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ, ਦੇਸ਼ ਦੀ ਰੱਖਿਆ ਲਈ ਖ਼ਰੀਦੀਆਂ ਜਾਣ ਵਾਲ਼ੀਆਂ ਤੋਪਾਂ ਦੇ ਸੌਦੇ
ਵਿੱਚ ਵੀ ਪਾਰਦਰਸ਼ਤਾ ਨਾ ਹੋਣ ਦੀਆਂ ਅਫ਼ਵਾਹਾਂ ਦਹਾਕਿਆਂ ਤੋਂ ਮੀਡੀਏ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਆ
ਰਹੀਆਂ ਹੋਣ। ਸ਼ਹੀਦ ਜਵਾਨਾਂ ਦੀਆਂ ਮਿਰਤਕ ਦੇਹਾਂ ਲਈ ਖ਼ਰੀਦੇ ਗਏ ਖ਼ੱਫ਼ਣਾਂ ਦੇ ਸੌਦੇ ਵਿੱਚ ਹੇਰਾ
ਫੇਰੀ ਹੋ ਜਾਣ ਬਾਰੇ ਦੇਸ਼ ਦੇ ਰੱਖਿਆ ਮੰਤਰੀ ਉਪਰ ਮੀਡੀਆ ਉਂਗਲ਼ਾਂ ਉਠਾ ਰਿਹਾ ਹੋਵੇ। ਜਿਥੋਂ ਦੇ
ਬਹੁਤੇ ਵਿਅਕਤੀਆਂ ਨੂੰ, ‘ਤਹੱਲਕਾ ਡਾਟ ਕਾਮ’ ਅਨੁਸਾਰ, ਰਿਸ਼ਵਤ ਰਾਹੀਂ ਖ਼ਰੀਦਿਆ ਜਾ ਸਕਦਾ ਹੈ, ਓਥੇ
ਇੱਕ ਜ਼ਿਲੇ ਦਾ ਡਿਪਟੀ ਕਮਿਸ਼ਨਰ ਨਾ ਕੇਵਲ ਖ਼ੁਦ ਹੀ ਰਿਸ਼ਵਤ ਖਾਣ ਤੋਂ ਇਨਕਾਰੀ ਨਹੀ ਹੋ ਗਿਆ ਸਗੋਂ
ਉਸਨੇ ਆਪਣੇ ਦਫ਼ਤਰ ਦਾ ਕਾਰਜ ਵੀ ਠੀਕ ਢੰਗ ਨਾਲ਼ ਚਲਾਉਣਾ ਸ਼ੁਰੂ ਕਰ ਦਿਤਾ ਤੇ ਜਨਤਾ ਨੂੰ ਪੱਛਮੀ
ਮੁਲਕਾਂ ਦੀ ਜਨਤਾ ਵਾਂਗ ਕੰਮ ਮੁਹਈਆ ਕਰਵਾਉਣੇ ਸ਼ੁਰੂ ਕਰ ਦਿਤੇ ਹਨ! ਇਹ ਸਾਰਾ ਕੁੱਝ ‘ਰਾਮਰੌਲ਼ਾ’
ਜਿਹਾ ਹੀ ਲਗਦਾ ਹੈ। ਜਾਂ ਫਿਰ ਇਹ ਜਨਤਾ ਦੀ ਸ਼ੁਭ ਇੱਛਾ ਹੀ ਹੋਵੇ ਕਿ ਇਹੋ ਜਿਹਾ ਪ੍ਰਬੰਧ ਹੋਣਾ
ਚਾਹੀਦਾ ਹੈ। ਅਜਿਹੇ ਖਿਆਲੀ ਵਿਚਾਰਾਂ ਨੂੰ ਵਿਦਵਾਨ ਸੱਜਣ ‘ਯੂਟੋਪੀਆ’ ਦਾ ਨਾਂ ਵੀ ਦਿੰਦੇ ਹਨ।
ਮੰਨਣ ਵਿੱਚ ਤਾਂ ਨਹੀ ਆਉਂਦਾ ਪਰ ਹਰੇਕ ਪਰਚਾ ਤੇ ਹਰੇਕ ਵਿਅਕਤੀ, ਜਿਸਨੂੰ ਵੀ ਪੁੱਛਿਆ, ਉਸਨੇ ਇਸ
ਗੱਲ ਦੀ ਸ਼ਾਹਦੀ ਭਰੀ। ਇਸ ਲਈ ਇਸ ਨੂੰ ਸੱਚੀ ਗੱਲ ਮੰਨ ਲੈਣ ਲਈ ਮਜਬੂਰ ਹੋਣਾ ਪਿਆ। ਉਤੋਂ ਹਨੇਰ
ਸਾਈਂ ਦਾ ਕਿ ਉਹ ਉਸ ਰਾਜੇ ਦੇ ਰਾਜ ਵਿੱਚ ਪੰਜ ਸਾਲ ਇਕੋ ਸੀਟ ਤੇ ਬੈਠਾ ਰਿਹਾ ਜਿਸ ਉਪਰ ਹੁਣ ਨਾ
ਮੰਨਣ ਯੋਗ ਰਿਸ਼ਵਤ ਦੇ ਦੋਸ਼ ਮੜ੍ਹੇ ਜਾ ਰਹੇ ਹਨ।
ਜਿਸ ਮੁਲ਼ਕ ਵਿੱਚ ਸਕੂਲ ਵਿੱਚ ਦਾਖ਼ਲਾ ਲੈਣ ਲਈ ਰਿਸ਼ਵਤ, ਪੜ੍ਹਾਈ ਦੌਰਾਨ ਟਿਊਸ਼ਨ ਦੇ ਰੂਪ ਵਿੱਚ
ਰਿਸ਼ਵਤ, ਪਾਸ ਹੋਣ ਲਈ ਰਿਸ਼ਵਤ, ਨੌਕਰੀ ਲੈਣ ਲਈ ਰਿਸ਼ਵਤ, ‘ਉਪਰਲੀ ਆਮਦਨ’ ਵਾਲ਼ੀ ਥਾਂ ਤੇ ਬਦਲੀ
ਕਰਵਾਉਣ ਲਈ ਰਿਸ਼ਵਤ, ਤਰੱਕੀ ਲਈ ਰਿਸ਼ਵਤ ਤੋਂ ਬਿਨਾ ਕੋਈ ਗੱਲ ਨਾ ਬਣਦੀ ਹੋਵੇ, ਓਥੇ ਹਨੇਰ ਸਾਈਂ ਦਾ
ਇੱਕ ਸਰਕਾਰੀ ਨੌਕਰ ਦੀ ਇਹ ਹਿਮਾਕਤ ਕਿ ਉਸ ਨੇ ਬਿਨਾ ਰਿਸ਼ਵਤ ਤੋਂ ਕੰਮ ਕਰਨ ਦਾ ਜੁਗਾੜ ਬਣਾ ਧਰਿਆ!
ਸਿਆਸੀ ਖ਼ੇਤਰ ਵਿੱਚ ਪਾਰਟੀ ਟਿਕਟ ਲੈਣ ਲਈ ਰਿਸ਼ਵਤ, ਚੋਣਾਂ ਸਮੇ ਵੋਟਰਾਂ ਨੂੰ ਵੋਟਾਂ ਲਈ ਰਿਸ਼ਵਤ,
ਵਜ਼ੀਰੀ ਲੈਣ ਲਈ ਪਾਰਟੀ ਲੀਡਰ ਨੂੰ ਰਿਸ਼ਵਤ ਦੇਣੀ ਪਵੇ ਤੇ ਇਸ ਤਰ੍ਹਾਂ ਹਰੇਕ ਮਰਹਲੇ ਤੇ ਰਿਸ਼ਵਤ ਨਾਲ਼
ਹੀ ਚੁਣ ਕੇ ਹਾਕਮ ਬਣੇ, ਹਾਕਮਾਂ ਦੇ ਰਾਜ ਪ੍ਰਬੰਧ ਵਿੱਚ ਇੱਕ ਨੌਕਰ ਹੀ ਸਾਰੇ ਕੁੱਝ ਨੂੰ ਉਲ਼ਟਾ
ਪੁਲ਼ਟਾ ਕਰ ਦੇਵੇ, ਮੰਨਣ ਵਿੱਚ ਨਹੀ ਆਉਂਦਾ!
ਸੁਣਨ ਵਿੱਚ ਆਇਆ ਹੈ ਕਿ ਇਹ ‘ਜੱਗੋਂ ਤੇਹਰਵੀਂ’ ਅਮਲ ਵਿੱਚ ਲਿਆ ਦੇਣ ਵਾਲ਼ਾ, ਨਵਾਂ ਸ਼ਹਿਰ ਜ਼ਿਲੇ ਦਾ
ਡਿਪਟੀ ਕਮਿਸ਼ਨਰ, ਸ਼੍ਰੀ ਕ੍ਰਿਸਨ ਕੁਮਾਰ ਸੀ, ਜੋ ਕਿ ਰਾਜੇ ਦੇ ਰਾਜ ਸਮੇ ਤਾਂ ਟਿਕਿਆ ਰਿਹਾ ਪਰ ਬਾਦਲ
ਸਾਹਿਬ ਦੇ ਆਉਣ ਤੇ, ਸੁਣਿਆ ਹੈ ਕਿ, ਉਸਦੀ ਕਿਤੇ ਬਦਲੀ ਕਰ ਦਿਤੀ ਗਈ ਹੈ। ਆਖਦੇ ਨੇ ਕਿ ਉਸਨੇ ਸਾਰੇ
ਦਫ਼ਤਰਾਂ ਨੂੰ ਇੱਕ ਥਾਂ ਇਕਠਾ ਕਰ ਕੇ ਉਸਦਾ ਨਾਂ ‘ਸੁਵਿਧਾ ਕੇਂਦਰ’ ਰੱਖ ਦਿਤਾ ਸੀ ਤੇ ਹਰੇਕ ਜਣੇ ਦਾ
ਕੰਮ ਇਕੋ ਹੀ ਛੱਤ ਹੇਠ ਕੀਤੇ ਜਾਣ ਦਾ ਬਾਹਨਣੂ ਬੰਨ੍ਹ ਦਿਤਾ। ਹਰੇਕ ਸੀਟ ਉਪਰ ਕੈਮਰਾ ਫਿੱਟ ਕਰਕੇ
ਸਕਰੀਨ ਆਪਣੇ ਦਫ਼ਤਰ ਵਿੱਚ ਦਿਸਦੀ ਕਰ ਦਿਤੀ। ਜਿਥੇ ਕਿਤੇ ਲਾਈਨ ਲੋੜੋਂ ਵਧ ਲੱਗੀ ਵੇਖਦਾ ਓਥੇ ਬੰਦਾ
ਭੇਜ ਕੇ ਪਤਾ ਕਰਦਾ ਕਿ ਇਸਦਾ ਕਾਰਨ ਕੀ ਹੈ! ਹੁਕਮ ਕਰ ਦਿਤਾ ਕਿ ੪੮ ਘੰਟੇ ਦੇ ਅੰਦਰ ਦਰਖ਼ਾਸਤ ਦੇਣ
ਵਾਲ਼ੇ ਨੂੰ ਉਤਰ ਮਿਲ਼ਣਾ ਚਾਹੀਦਾ ਹੈ। ਇਹ ਵੀ ਹੁਕਮ ਸੀ ਕਿ ਹਰੇਕ ਕੰਮ ਕਰਕੇ ਉਸ ਕਾਗਜ਼ ਤੇ ਉਸ ਦਾ
ਮੋਬਾਇਲ ਨੰਬਰ ਲਿਖਿਆ ਜਾਵੇ ਤੇ ਕੰਮ ਕਰਵਾਉਣ ਵਾਲ਼ੇ ਦਾ ਫੋਨ ਨੰਬਰ ਉਸਨੂੰ ਦਿਤਾ ਜਾਵੇ। ਸੌਣ ਤੋਂ
ਪਹਿਲਾਂ ਦੋ ਕੁ ਦਰਜ਼ਨ ਫ਼ੋਨ ਖੜਕਾ ਕੇ ਪਤਾ ਕਰਦਾ ਸੀ ਕਿ ਕੀ ਸਮੇ ਸਿਰ ਤੇ ਬਿਨਾ ਰਿਸ਼ਵਤ ਤੋਂ ਕੰਮ ਹੋ
ਗਿਆ ਹੈ! ਹੈਰਾਨੀ ਹੁੰਦੀ ਹੈ ਕਿ ਏਡੀ ਵੱਡੀ ਸਰਕਾਰੀ ਮਸ਼ੀਨਰੀ ਦਾ ਇੱਕ ਪੁਰਜ਼ਾ ਹੀ ਆਪਣੇ ਜ਼ਿਲੇ ਵਿੱਚ
ਇਹ ਕੁੱਝ ਕਰ ਸਕਦਾ ਹੈ ਤਾਂ ਮੁਖ ਮੰਤਰੀ ਜਾਂ ਪ੍ਰਧਾਨ ਮੰਤਰੀ, ਜੇ ਚਾਹੁਣ ਤਾਂ, ਅਜਿਹਾ ਕਿਉਂ ਨਹੀ
ਕਰ ਸਕਦੇ!
ਗੱਲ ਇਹ ੧੯੭੨ ਦੀ ਹੈ। ਰਾਜ ਗਿ. ਜ਼ੈਲ ਸਿੰਘ ਦਾ ਸੀ। ਛੋਟਾ ਭਰਾ ਡਾਕੇ ਦੇ ਕੇਸ ਵਿੱਚ ਫੜਿਆ ਗਿਆ।
ਸ਼ਨਾਖ਼ਤੀ ਪਰੇਡ ਦੀ ਰੀਪੋਰਟ ਲੈਣੀ ਸੀ। ਨਾਲ਼ ਫੜੇ ਗਏ ਸਾਥੀ ਦੇ ਪਿਓ, ਜੋ ਕਿ ਰਿਟਾਇਡ ਪੁਲਸ
ਇਨਸਪੈਕਟਰ ਸੀ, ਨੇ ਦੱਸਿਆ ਕਿ ਮੈਜਿਸਟ੍ਰੇਟ ਦਾ ਰੀਡਰ ਪੰਜ ਰੁਪਏ ਲਵੇਗਾ। ਉਸ ਤੋਂ ਪਤਾ ਕੀਤਾ ਜਾ
ਸਕਦਾ ਹੈ। ਮੈਂ ਉਸ ਦੇ ਦਫ਼ਤਰ ਵਿੱਚ ਜਾ ਵੜਿਆ। ਚੰਗਾ ਸੋਹਣਾ ਜਵਾਨ ਕਲੀਨ ਸ਼ੇਵਨ ਜੈਂਟਲਮੈਨ ਸੀ। ਬੜੀ
ਚੰਗੀ ਤਰ੍ਹਾਂ ਪੇਸ਼ ਆਇਆ। ਇਉਂ ਲੱਗੇ ਕਿ ਉਸ ਦੇ ਸਿਰ ਨੂੰ ਅਜੇ ਅਫ਼ਸਰੀ ਦਾ ਨਸ਼ਾ ਨਹੀ ਚੜ੍ਹਿਆ। ਉਸ
ਨੂੰ ਮੈਂ ਆਪਣੀ ਸਮੱਸਿਆ ਦੱਸੀ। ਉਸ ਨੇ ਕਿਹਾ, “ਮੈਂ ਹੁਣੇ ਹੀ ਰਿਜ਼ਲਟ ਟਾਈਪ ਕਰਨ ਲੱਗਾ ਹਾਂ। ੩੦
ਮਿੰਟਾਂ ਪਿੱਛੋਂ ਆ ਜਾਇਓ। ਮੈ ਇੱਕ ਤੁਹਾਡੇ ਵਾਸਤੇ ਫਾਲਤੂ ਕਾਪੀ ਤਿਆਰ ਕਰ ਰੱਖਾਂਗਾ। “ਮੇਰੇ
ਦੁਬਾਰਾ ਜਾਣ ਤੇ ਉਸ ਨੇ ਦਰਾਜ ਵਿਚੋਂ ਕਢ ਕੇ ਲਫਾਫਾ ਮੇਰੇ ਹਵਾਲੇ ਕੀਤਾ ਤੇ ਮੈਂ ਸਾਬਕ ਪੁਲਸ
ਇਨਸਪੈਕਟਰ ਵੱਲੋਂ ਦਿਤੀ ਹਿਦਾਇਤ ਅਨੁਸਾਰ ਪੰਜਾਂ ਦਾ ਨੋਟ ਉਸ ਦੇ ਦਰਾਜ ਵਿੱਚ ਸੁੱਟ ਦਿਤਾ। ਉਹ
“ਸਰਦਾਰ ਜੀ, ਸਰਦਾਰ ਜੀ; ਇਹ ਕੀ, ਇਹ ਕੀ!” ਕਰਦਾ ਹੀ ਰਹਿ ਗਿਆ ਤੇ ਮੈਂ ਉਸ ਦੇ ਦਫ਼ਤਰੋਂ ਬਾਹਰ ਆ
ਗਿਆ।
ਦੂਜੀ ਵਾਰੀਂ ਮੈਥੋਂ ਮਜਬੂਰ ਕਰਕੇ ਰਿਸ਼ਵਤ ਲਈ ਗਈ। ਦੇਸ ਵਿੱਚ ਇੰਦਰਾ ਨੇ ਐਰਜੈਂਸੀ ਠੋਕੀ ਹੋਈ ਸੀ।
ਪ੍ਰੈਸ ਤੇ ਦੇਸੋਂ ਬਾਹਰ ਵੱਸਦੇ ਲੋਕਾਂ ਵਿੱਚ ਬੜਾ ਚਰਚਾ ਸੀ ਕਿ ਸਭ ਕੰਮ ਸਰਕਾਰੀ ਦਫ਼ਤਰਾਂ ਵਿੱਚ
ਠੀਕ ਹੋਣ ਲੱਗ ਪਏ ਹਨ। ਰੇਲਾਂ ਸਮੇ ਸਿਰ ਆਉਣ ਜਾਣ ਲੱਗ ਪਈਆਂ ਹਨ। ਦਫ਼ਤਰਾਂ ਵਿੱਚ ਬਾਬੂ ਸਮੇ ਸਿਰ ਆ
ਰਹੇ ਹਨ ਤੇ ਕੰਮ ਕਰ ਰਹੇ ਹਨ। ੧੯੭੫ ਦੇ ਅਕਤੂਬਰ ਵਿੱਚ ਮੈਂ ਸਮੇਤ ਪਰਵਾਰ ਦੂਸਰੀ ਵਾਰੀਂ ਬਾਹਰ
ਜਾਣਾ ਸੀ। ਕੁੱਝ ਟੀਕਿਆਂ ਦੀ ਫਾਰਮੈਲਿਟੀ ਪੂਰੀ ਕਰਨੀ ਸੀ। ਸਿਵਲ ਸਰਜਨ ਦੇ ਦਫ਼ਤਰ ਅੰਮ੍ਰਿਤਸਰ ਇਸ
ਕਾਰਜ ਲਈ ਸਿੰਘਣੀ ਤੇ ਕੁੱਝ ਮਹੀਨਿਆਂ ਦੇ ਪੁੱਤਰ ਨੂੰ ਲੈ ਕੇ ਮੈਂ ਜਾ ਬੈਠਾ। ਕਈ ਘੰਟੇ ਸਾਡੀ ਕਿਸੇ
ਵਾਤ ਹੀ ਨਾ ਪੁੱਛੀ। ਇਸ ਦੌਰਾਨ ਇੱਕ ਵਾਕਫ਼ ਡਾਕਟਰ ਜੀ ਵੀ ਆਏ ਪਰ ‘ਸਾਹਬ ਸਲਾਮਤ’ ਕਰਕੇ ਹੀ ਅੱਗੇ
ਤੁਰ ਗਏ। ਮੈਨੂੰ ਨਹੀਂ ਪੁੱਛਿਆ ਕਿ ਕੀ ਕੰਮ ਹੈ! ਬੜੇ ਆਰਾਮ ਨਾਲ਼ ਸਬੰਧਤ ਕਰਮਚਾਰੀ ਜੀ ਆਏ। ਸਮੱਸਿਆ
ਦੱਸਣ ਤੇ ਹੁਕਮ ਕੀਤਾ, “ਪਹਿਲਾਂ ੩੦ ਰੁਪਏ ਦੀ ਰੈਡ ਕਰਾਸ ਦੀ ਪਰਚੀ ਕਟਵਾਓ। “ਹੁਕਮ ਮੰਨਿਆਂ ਗਿਆ
ਪਰ ਮੈਨੂੰ ਮੰਗਣ ਤੇ ਵੀ ਲਏ ਰੁਪਇਆਂ ਦੀ ਰਸੀਦ ਨਹੀਂ ਦਿਤੀ ਗਈ। ਅਸੀਂ “ਜਾਨ ਬਚੀ ਲਾਖੋਂ ਪਾਏ”।
ਜਾਣ ਕੇ ਮੁੜ ਆਏ ਪਰ ਬੰਬਈ ਜਾਕੇ ਸ਼ਿੱਪ ਦੀ ਸੀਟ ਲੈਣ ਵੇਲ਼ੇ ਪਤਾ ਲੱਗਾ ਕਿ ਉਸ ਨੇ ਪੁੱਤਰ ਦੀ ਬੁਕ
ਤੇ ਟੀਕਾ ਲੱਗਾ ਤਾਂ ਲਿਖ ਦਿਤਾ ਪਰ ਲਿਖਿਆ ਕਿਸੇ ਹੋਰ ਪੰਨੇ ਤੇ। ਜਿਸ ਪੰਨੇ ਤੇ ਲਿਖਣਾ ਚਾਹੀਦਾ ਸੀ
ਉਸ ਪੰਨੇ ਤੇ ਨਾ ਲਿਖਿਆ। ਸੀਟ ਦੇਣ ਵਾਲ਼ਾ ਪੈਰਾਂ ਤੇ ਪਾਣੀ ਨਾ ਪੈਣ ਦੇਵੇ। ਚੰਗੀ ਭੱਜ ਦੌੜ ਕਰਨੀ
ਪਈ। ਟੈਕਸੀ ਲੈ ਕੇ ਇੱਕ ਡਾਕਟਰ ਕੋਲ਼ ਗਏ। ਉਸ ਦੀ ਸੁਹਿਰਦਤਾ ਕਰਕੇ ਇਹ ਮਸਲਾ ਮਸਾਂ ਹੀ ਨਜਿਠਿਆ।
ਤੀਜੀ ਵਾਰੀ ਆਈ ਰਿਸ਼ਵਤ ਦੇਣ ਦੀ, ਸਤੰਬਰ ੧੯੮੩ ਵਿਚ, ਸ. ਦਰਬਾਰਾ ਸਿੰਘ ਦੀ ਸਰਕਾਰ ਸਮੇ। ਭਾਈਆ ਜੀ
ਨੂੰ ਮੈ ਦੇਸ ਵਿਚਲੀ ਆਪਣੀ ਜਾਇਦਾਦ ਦਾ ਮੁਖ਼ਤਾਰਨਾਮਾ ਦੇਣਾ ਸੀ। ਭਾਈਆ ਜੀ, ਛੋਟਾ ਭਰਾ ਤੇ ਮੈ;
ਅਸੀਂ ਤਿੰਨੇ ਜਣੇ ਤਸੀਲੇ ਚਲੇ ਗਏ। ਵਸੀਕਾ ਨਵੀਸ ਨੇ ਪ੍ਰੋਫੈਸ਼ਨਲ ਕਾਰਵਾਈ ਪੂਰੀ ਕਰਕੇ ਸਾਨੂੰ ਕਾਗਜ਼
ਦੇ ਕੇ ਲਾਈਨ ਵਿੱਚ ਖੜ੍ਹਾ ਕਰ ਦਿਤਾ। ਤਿੰਨੇ ਜਣੇ ਅਸੀਂ ਬਾਕੀਆਂ ਨਾਲ਼ ਵਾਹਵਾ ਚਿਰ ਲਾਈਨ ਵਿੱਚ
ਖੜ੍ਹੇ ਰਹੇ ਕਿਉਂਕਿ ਤਸੀਲਦਾਰ ਸਾਹਿਬ ਕਿਤੇ ਗਏ ਹੋਏ ਹੋਣ ਕਰਕੇ ਆਪਣੀ ਕੁਰਸੀ ਉਤੇ ਬਿਰਾਜਮਾਨ ਨਹੀ
ਸਨ। ਇਹ ਲਾਪਰਵਾਹੀ ਵੇਖ ਕੇ ਹੋਰ ਗੁੱਸਾ ਆਵੇ। ਇਸ ਦੌਰਾਨ ਉਸ ਦੇ ਰੀਡਰ ਨੂੰ ਵੇਖ ਕੇ ਮੈਨੂੰ ਸ਼ੱਕ
ਪਿਆ ਕਿ ਹੋਏ ਨਾ ਹੋਏ ਤੇ ਇਹ ਸੱਜਣ ਕਿਤੇ ਸ਼੍ਰੋਮਣੀ ਕਮੇਟੀ ਦੇ ਅਦਾਰੇ ਵਿੱਚ ਮੁਲਾਜ਼ਮ ਰਹਿ ਚੁੱਕਾ
ਹੈ! ਪੁੱਛਣ ਤੇ ਮੇਰਾ ਸ਼ੱਕ ਸੱਚ ਹੀ ਨਿਕਲ਼ਿਆ। ਚੰਗੀ ਸਾਡੀ ਗੁਫ਼ਤਗੂ ਹੋਈ। ਅਖੀਰ ਤਸੀਲਦਾਰ ਸਾਹਿਬ ਵੀ
ਪਧਾਰੇ। ਉਹਨਾਂ ਨੇ ਛੇਤੀ ਛੇਤੀ ਕਾਗਜ਼ਾਂ ਦੇ ਦਸਖ਼ਤ ਕਰਕੇ ਅਹੁ ਮਾਰੇ। ਵਸੀਕਾ ਨਵੀਸ ਦਾ ਸਹਾਇਕ, ਜੋ
ਕਿ ਉਸ ਦਾ ਪੁੱਤਰ ਹੀ ਸੀ, ਸਾਡੇ ਕਾਗਜ਼ ਕਾਬੂ ਕਰਕੇ ਸਾਨੂੰ ਆਪਣੇ ਦਫ਼ਤਰ, ਜੋ ਕਿ ਦਰੱਖ਼ਤ ਦੇ ਹੇਠ
ਬਣੇ ਇੱਕ ਥੜ੍ਹੇ ਜਿਹੇ ਉਪਰ ਸੀ, ਲੈ ਆਇਆ। ਹੁਣ ਸਾਰਾ ਹਿਸਾਬ ਕੀਤਾ ਗਿਆ। ਏਨੇ ਇਸ ਦੇ, ਏਨੇ ਇਸ ਦੇ
…. . । ਇਹਨਾਂ ਵਿੱਚ ਦਸ ਰੁਪਏ ਬਿਨਾ ਹਿਸਾਬ ਦੇ ਸ਼ਾਮਲ ਸਨ। ਮੈਂ ਆਖਿਆ, “ਇਹ ਦਸ ਰੁਪਏ ਕਾਹਦੇ?”
“ਇਹ ਤਾਂ ਜੀ ਅਸੀ ਸਾਰਿਆਂ ਪਾਸੋਂ ਲੈਂਦੇ ਹਾਂ। ਤੁਹਾਨੂੰ ਵੀ ਦੇਣੇ ਪੈਣਗੇ। “ਜਵਾਬ ਮਿਲ਼ਿਆ। ਮੈ
ਸੋਚਿਆ ਕਰਦਾ ਸੀ ਕਿ ਰਿਸ਼ਵਤ ਚੋਰੀਂ ਛਿਪੀਂ ਡਰ ਡਰਾ ਕੇ ਲਈ ਦਿਤੀ ਜਾਂਦੀ ਹੈ ਪਰ ਇਹ ਤਾਂ ਦਿਨ
ਦੀਵੀਂ ਹਿਸਾਬ ਕਿਤਾਬ ਵਿੱਚ ਸ਼ਾਮਲ ਕਰਕੇ ਲਈ ਜਾ ਰਹੀ ਸੀ! ਇਹ ਵਰਤਾਰਾ ਵਰਤਦਾ ਵੇਖ ਕੇ ਬੜੀ ਹੀ
ਹੈਰਾਨੀ ਹੋਈ। ਮੈਂ ਆਖਿਆ, “ਮੈ ਨਹੀ ਦਿੰਦਾ। ਤੁਸੀਂ ਇਹ ਕੰਮ ਕਰਵਾ ਕੇ ਮੇਰੇ ਘਰ ਦੇਣ ਆਉਂਦੇ ਤਾਂ
ਚਾਹ ਪਾਣੀ ਵੀ ਛਕਾਉਂਦਾ; ਦਸ ਦੀ ਥਾਂ ਸੌ ਸੇਵਾ ਫਲ਼ ਵੀ ਦਿੰਦਾ ਤੇ ਧੰਨਵਾਦ ਵੀ ਕਰਦਾ ਪਰ ਅਸੀਂ
ਤਿੰਨਾਂ ਜਣਿਆ ਨੇ, ਅਧਿਉਂ ਵਧ ਦਿਹਾੜੀ ਲਾਈਨ ਵਿੱਚ ਲੱਗ ਕੇ ਜਾਇਜ਼ ਕੰਮ ਕਰਵਾਇਆ ਤੇ ਉਸ ਦੀ ਵੀ
ਰਿਸ਼ਵਤ ਦਿਤੀ ਜਾਵੇ!” ਮੈ ਸੋਚਿਆ ਕਿ ਉਹ ਚੋਰੀ ਦੇ ਇਸ ਕੰਮ ਤੋਂ, ਮੇਰੇ ਸਪਸ਼ਟ ਸਟੈਂਡ ਲੈਣ ਕਰਕੇ ਝਕ
ਜਾਣਗੇ ਪਰ ਇਸ ਦੇ ਉਲ਼ਟ ਸਗੋਂ ਰੋਂਦੀ ਜਿਹੀ ਆਵਾਜ਼ ਵਿੱਚ ਆਖਣ ਲੱਗੇ, “ਇਹ ਤਾਂ ਜੀ ਫਿਰ ਸਾਨੂੰ ਆਪਣੇ
ਪੱਲਿਉਂ ਦੇਣੇ ਪੈਣਗੇ। “ਮੈ ਆਖਿਆ, “ਜਾਹ ਆਖਦੇ ਜਾ ਕੇ ਫਲਾਣਾ ਸਿੰਘ ਨੂੰ ਕਿ ਮੈ ਨਹੀ ਦਿੰਦਾ। “ਉਸ
ਨੇ ਆਖਿਆ, “ਚੰਗਾ ਫਿਰ ਸਾਨੂੰ ਉਸ ਦੇ ਮੂੰਹ ਤੇ ਕਰਵਾ ਦਿਓ। “ਮਾਮਲੇ ਦੀ ਤਹਿ ਤੱਕ ਪੁੱਜਣ ਲਈ ਮੈ
ਉਸ ਦੇ ਸਹਾਇਕ ਦੇ ਨਾਲ਼ ਤੁਰ ਪਿਆ ਤੇ ਉਸ ਨੇ ਜਾਕੇ ਰੀਡਰ ਨੂੰ ਆਖਿਆ, “ਇਹ ਸਰਦਾਰ ਜੀ ਉਹ ਦਸ ਰੁਪਏ
ਨਹੀ ਦਿੰਦੇ। “ਉਸ ਨੇ ਹੌਲ਼ੀ ਜਿਹੀ ਆਖਿਆ, “ਚੰਗਾ ਇਹਨਾਂ ਤੋਂ ਨਾ ਲੈ ਫਿਰ। “ਓਇ ਤੇਰੀ! ਇਹ ਕੀ! ਉਸ
ਦੇ ਚਲੇ ਜਾਣ ਪਿਛੋਂ ਮੈ ਰੀਡਰ ਨੂੰ ਪੁਛਿਆ, “ਓਇ ਫਲਾਣਾ ਸਿਹਾਂ, ਗੱਲ ਏਥੋਂ ਤੱਕ ਗਲ਼ ਗਈ! ਰਿਸ਼ਵਤ
ਵੀ ਹਿਸਾਬ ਕਿਤਾਬ ਵਿੱਚ ਜੋੜ ਲਈ ਗਈ!” ਉਸ ਨੇ ਆਖਿਆ, “ਸਰਦਾਰ ਜੀ! ਪ੍ਰਧਾਨ ਮੰਤਰੀ, ਮੁਖ ਮੰਤਰੀ,
ਮੰਤਰੀ, ਅਫ਼ਸਰਾਂ ਆਦਿ ਦੇ ਆਉਣ ਜਾਣ, ਬਦਲੀ ਆਦਿ ਸਮੇ ਕੀਤੀਆਂ ਜਾਣ ਵਾਲ਼ੀਆਂ ਪਾਰਟੀਆਂ ਤੇ ਹੋਰ ਖ਼ਰਚੇ
ਅਸੀਂ ਇਸ ਤਰ੍ਹਾਂ ਹੀ ਪੂਰੇ ਕਰਦੇ ਹਾਂ। ਆਪਣੀ ਤਨਖਾਹ ਵਿਚੋਂ ਤਾਂ ਅਸੀਂ ਕਰ ਨਹੀ ਸਕਦੇ। “ਇਹ ਆਖ
ਕੇ, “ਮੈ ਫਿਰ ਆਪਣੀ ਜਾਣ ਪਛਾਣ ਦਸ ਰੁਪਏ ਵਿੱਚ ਨਹੀ ਵੇਚਣੀ। “ਦਸਾਂ ਦਾ ਨੋਟ ਉਸ ਦੀ ਝੋਲ਼ੀ ਵਿੱਚ
ਸੁੱਟ ਕੇ ਬਾਹਰ ਆ ਗਿਆ। ਉਹ ਪਿੱਛੋਂ ਵਾਜਾਂ ਹੀ ਮਾਰਦਾ ਰਹਿ ਗਿਆ।
ਗੱਲ ਇਹ ਫਰਵਰੀ ੧੯੮੬ ਦੀ ਹੈ। ਇਹਨੀਂ ਦਿਨੀਂ ਹਿੰਦੁਸਤਾਨ ਵਿੱਚ ਸਿੱਖਾਂ ਨੂੰ ਸ਼ਿਕਾਰ ਸਮਝ ਕੇ
ਲੁੱਟਿਆ ਤੇ ਕੁੱਟਿਆ ਜਾਂਦਾ ਸੀ। ਦਿਨੇ ਵਰਦੀ ਵਾਲ਼ੇ ਲੁੱਟਦੇ ਤੇ ਕੁੱਟਦੇ ਸਨ ਤੇ ਰਾਤ ਨੂੰ ਚੋਲ਼ਿਆਂ
ਵਾਲ਼ੇ। ਇੱਕ ਸਿਆਣੇ ਸੱਜਣ ਨੇ ਸਲਾਹ ਦਿੱਤੀ ਕਿ ਏਹਨੀਂ ਦਿਨੀਂ ਹਰਿਆਣੇ ਵਿੱਚ ਦੀ ਲੰਘਣਾ ਆਪਣੀ ਇੱਜ਼ਤ
ਆਪਣੀ ਹੱਥੀਂ ਬਰਬਾਦ ਕਰਨ ਵਾਲੀ ਗੱਲ ਹੈ। ਇਸ ਲਈ ਖਾਸੀ ਭੱਜ ਨੱਠ ਕਰਕੇ ਅੰਮ੍ਰਿਤਸਰੋਂ ਹੀ ਜਹਾਜ ਤੇ
ਬੈਠਣ ਦਾ ਪ੍ਰਬੰਧ ਕਰ ਲਿਆ। ਜਹਾਜੇ ਚੜ੍ਹਨ ਲੱਗੇ ਤਾਂ ਇੱਕ ਖੁਲ੍ਹੀ ਦਾਹੜੀ ਵਾਲ਼ਾ ਸਿੱਖ ਹੌਲਦਾਰ
ਬਿਨਾ, ਉਸ ਦੀ ਡਿਉਟੀ ਦੇ ਹੀ ਪੰਗਾ ਪਾ ਕੇ ਬੈਠ ਗਿਆ। ਰਿਸ਼ਵਤ ਤੇ ਨਾ ਉਹ ਮੇਰੇ ਤੋਂ ਪ੍ਰਾਪਤ ਕਰ
ਸਕਿਆ ਪਰ ਸਾਨੂੰ ਵਾਪਸ ਮੁੜਨਾ ਪਿਆ ਤੇ ਰਿਸ਼ਤੇਦਾਰਾਂ, ਸੱਜਣਾਂ ਆਦਿ, ਜੋ ਸਾਨੂੰ ਖਾਸੀ ਗਿਣਤੀ ਵਿੱਚ
ਜਹਾਜੇ ਚੜ੍ਹਾਉਣ ਆਏ ਸਨ, ਨੂੰ ਕਾਫੀ ਖੱਜਲ਼ ਹੋਣਾ ਪਿਆ ਤੇ ਸਾਨੂੰ ਖਾਸਾ ਮਾਇਕ ਨੁਕਸਾਨ ਹੋਇਆ। ਇੱਕ
ਮਿੱਤਰ ਦੀ ਸਹਾਇਤਾ ਨਾਲ਼ ਰੇਲ ਦੀਆਂ ਟਿਕਟਾਂ ਲੈਣ ਵਿੱਚ ਅਸੀਂ ਸਫਲ ਹੋ ਗਏ ਤੇ ਨੀਤੀ ਤੋਂ ਕੰਮ
ਲੈਂਦਿਆਂ ਹੋਇਆਂ ਰਾਤੋ ਰਾਤ ਦਿੱਲੀ ਹਵਾਈ ਅੱਡੇ ਤੇ ਪੁੱਜ ਕੇ ਸੁਖ ਦਾ ਸਾਹ ਲਿਆ; ਇਹ ਜਾਣ ਕੇ ਕਿ
ਹੁਣ ਪੰਜਾਬ ਦੀ ਪੁਲਸ ਦੇ ਹੱਥੋਂ ਤਾਂ ਨਿਕਲ਼ੇ! ਕਾਫੀ ਖੱਜਲ ਖੁਆਰੀ ਪਿਛੋਂ ਜਹਾਜ ਦੀਆਂ ਸੀਟਾਂ
ਮਿਲ਼ੀਆਂ ਤਾਂ ਇਮੀਗ੍ਰੇਸ਼ਨ ਦੇ ਇੱਕ ਤਿੰਨ ਸਟਾਰਾਂ ਵਾਲ਼ੇ ਤੇ ਸਾਬਤ ਦਾਹੜੀ ਵਾਲ਼ੇ ਸਿੱਖ ਅਫ਼ਸਰ ਦੀ
ਲਾਈਨ ਵਿੱਚ ਗ਼ਲਤੀ ਨਾਲ਼ ਲੱਗ ਗਏ। ਉਸ ਨੇ ਬਾਕੀ ਪਰਵਾਰ ਨੂੰ ਤਾਂ ਲੰਘਾ ਦਿਤਾ ਤੇ ਮੇਰਾ ਪਾਸਪੋਰਟ
ਅੰਦਰ ਕਿਸੇ ਦਫ਼ਤਰ ਵਿੱਚ ਭੇਜ ਕੇ ਮੈਨੂੰ ਲਾਈਨ ਤੋਂ ਬਾਹਰ ਖੜ੍ਹਾ ਹੋਣ ਲਈ ਆਖ ਦਿਤਾ। ਮੈਂ ਹਰੇਕ
ਹਾਲਤ ਦਾ ਸਾਹਮਣਾ ਕਰਨ ਲਈ ਮਾਨਸਿਕ ਤੌਰ ਤੇ ਤਿਆਰ ਸਾਂ। ਪਤਾ ਸੀ ਕਿ ਮੈ ਹਿੰਦ ਸਰਕਾਰ ਦੇ ਸਿੱਖਾਂ
ਉਪਰ ਕੀਤੇ ਜਾ ਰਹੇ ਜ਼ੁਲਮਾਂ ਦੇ ਖ਼ਿਲਾਫ਼ ਬੋਲਦਾ ਵੀ ਹਾਂ ਤੇ ਲਿਖਦਾ ਵੀ ਹਾਂ। ਘਰ ਵਾਲ਼ੀ ਨੂੰ ਮੈਂ ਆਖ
ਦਿਤਾ ਕਿ ਤੂੰ ਭਈ ਸਿਡਨੀ ਪਹੁੰਚ ਕੇ ਬੱਚਿਆਂ ਨੂੰ ਸਕੂਲੇ ਭੇਜ ਕੇ ਤੇ ਸਰਕਾਰ ਨੂੰ ਦੱਸ ਦਈਂ ਕਿ
ਮੇਰੇ ਘਰ ਵਾਲ਼ੇ ਨਾਲ਼ ਇਉਂ ਹੋਇਆ ਹੈ ਤੇ ਮੇਰਾ ਫਿਕਰ ਕੋਈ ਨਾ ਕਰੀਂ; ਮੈ ਜਾਣਾ ਤੇ ਹਿੰਦ ਸਰਕਾਰ
ਜਾਣੇ! ਆਸਟ੍ਰੇਲੀਆ ਸਰਕਾਰ ਨੂੰ ਦੱਸਣਾ ਇਸ ਲਈ ਜਰੂਰੀ ਸੀ ਕਿ ਮੇਰੀ ਗ਼ੈਰ ਹਾਜਰੀ ਵਿੱਚ ਬੱਚਿਆਂ ਨੂੰ
ਗੁਜ਼ਾਰਾ ਅਲਾਊਂਸ ਮਿਲ਼ ਸਕੇ ਜਿਸ ਨਾਲ਼ ਬੱਚਿਆਂ ਦਾ ਰੋਟੀ ਟੁੱਕ ਚੱਲਦਾ ਰਹੇ।
ਥੋਹੜੇ ਕੁ ਸਮੇ ਬਾਅਦ ਘਰ ਵਾਲੀ ਨੇ ਅੰਦਰੋਂ ਆ ਕੇ ਦੱਸਿਆ ਕਿ ਛੋਟਾ ਮੁੰਡਾ ਵੀ ਉਲ਼ਟੀਆਂ ਕਰਨ ਲੱਗ
ਪਿਆ ਹੈ। ਵੱਡਾ ਤਾਂ ਪਹਿਲਾਂ ਹੀ ਕੁੱਝ ਢਿੱਲਾ ਜਿਹਾ ਸੀ ਤੇ ਦਿੱਲੀ ਉਸ ਨੂੰ ਡਾਕਟਰ ਪਾਸ ਵੀ
ਲਿਜਾਣਾ ਪਿਆ ਸੀ। ਇਹ ਸੁਣ ਕੇ ਮੈ ਆਪਣਾ ਧੀਰਜ ਗਵਾ ਬੈਠਾ ਤੇ ਸਿਸਟਮ ਦੀ ਵਧ ਤੋਂ ਵਧ ਕੌੜੇ ਤੇ
ਫਿਕੇ ਲਫ਼ਜ਼ਾਂ ਵਿੱਚ ‘ਯਹੀ ਤਹੀ’ ਫੇਰਨ ਲੱਗ ਪਿਆ। ਇਸ ਦੌਰਾਨ ਇੱਕ ਸਿਪਾਹੀ ਰੈਂਕ ਦੇ ਬੰਦੇ ਨੇ ਮੇਰੇ
ਕੰਨ ਵਿੱਚ ਆਖਿਆ, “ਸਰਦਾਰ ਜੀ, ਏਕ ਸੌ ਰੁਪਇਆ ਲੱਗੇਗਾ” ਮੈ ਉਸ ਨੂੰ, “ਦੁਰਫਿੱਟੇ ਮੂੰਹ!” ਆਖ ਕੇ,
ਆਖਿਆ, “ਏਨੇ ਕੁ ਲਈ ਤੁਸੀਂ ਏਨਾ ਪੰਗਾ ਪਾਇਆ ਹੋਇਆ ਏ! ਸੱਦ ਅੰਦਰੋਂ ਮੇਰੀ ਘਰ ਵਾਲੀ ਨੂੰ; ਉਸ ਪਾਸ
ਪੈਸੇ ਹਨ; ਲੈ ਕੇ ਤੈਨੂੰ ਦਿਆਂ!” ਘਰ ਵਾਲੀ ਆ ਕੇ ਅਜੇ ਆਪਣਾ ਬੈਗ ਖੋਹਲ ਹੀ ਰਹੀ ਸੀ ਕਿ ਉਸ
ਸਿਪਾਹੀ ਨੇ ਹੌਲ਼ਦਾਰ ਨੂੰ ਆਵਾਜ ਮਾਰ ਕੇ ਦਫ਼ਤਰੋਂ ਮੇਰਾ ਪਾਸਪੋਰਟ ਮੰਗਵਾ ਲਿਆ ਤੇ ਉਹ ਹਵਾਈ ਅੱਡੇ
ਵਾਲੇ ਪੁਲਸੀਏ ਖ਼ੁਦ ਸਾਡਾ ਸਾਮਾਨ ਚੁੱਕ ਕੇ ਹਵਾਈ ਜਹਾਜ ਤੇ ਚੜ੍ਹਾ ਕੇ ਆਏ ਜੋ ਕਿ ਕੇਵਲ ਸਾਨੂੰ ਹੀ
ਉਡੀਕ ਰਿਹਾ ਸੀ। ਉਸ ਤਿੰਨ ਸਟਾਰਾਂ ਵਾਲ਼ੇ ਸਰਦਾਰ ਨੂੰ ਸਾਡਾ ਪਾਸਪੋਰਟ ਮੋੜਨ ਤੇ ਸਾਨੂੰ ਜਹਾਜੇ
ਚੜ੍ਹਾਉਣ ਸਮੇ ਕਿਸੇ ਨੇ ‘ਫਿੱਟੇ ਮੂੰਹ’ ਵੀ ਨਹੀ ਆਖਿਆ। ਏਨੀ ਕੁ ਕਰਤੂਤ ਦਾ ਮਾਲਕ ਸੀ ਉਹ ਵੱਡਾ
ਸਰਦਾਰ ਅਫ਼ਸਰ।
ਇਸ ਸਮੇ ਤੇ ਹੋਰ ਸਮਿਆਂ ਉਪਰ ਵੀ ਸਿੱਖ ਅਫ਼ਸਰਾਂ ਨਾਲ਼ ਵਾਹ ਪੈਣ ਤੇ ਹੋਏ ਕੌੜੇ ਤਜੱਰਬੇ ਤੋਂ ਮੈ ਇਸ
ਨਤੀਜੇ ਤੇ ਪੁੱਜਾ ਹਾਂ ਕਿ ਹਿੰਦ ਵਿੱਚ ਕਿਸੇ ਸਿੱਖ ਅਫ਼ਸਰ ਨਾਲ਼, ਜਿਥੋਂ ਤੱਕ ਹੋ ਸਕੇ, ਵਾਹ ਪਾਉਣ
ਤੋਂ ਬਚਣ ਦਾ ਯਤਨ ਕੀਤਾ ਜਾਵੇ। ਓਥੇ ਇਹਨਾਂ ਦੀ ਪੁਜ਼ੀਸ਼ਨ ਗ਼ੁਲਾਮਾਂ ਵਰਗੀ ਹੋਣ ਕਾਰਨ ਇਹ ਆਪਣੇ
ਮਾਲਕਾਂ ਨੂੰ ਖ਼ੁਸ਼ ਕਰਨ ਲਈ ਸਿੱਖਾਂ ਤੇ ਲੋੜੋਂ ਵਧ ਸਖ਼ਤੀ ਕਰਦੇ ਹਨ ਤਾਂ ਕਿ ਆਪਣੇ ਮਾਲਕਾਂ ਦੀਆਂ
ਨਜ਼ਰਾਂ ਵਿੱਚ ਵਫ਼ਾਦਾਰ ਸਾਬਤ ਹੋ ਸਕਣ। ਮੇਰੇ ਪਰਮ ਮਿੱਤਰ, ਸ. ਬਲਵੰਤ ਸਿੰਘ ਰਾਮੂਵਾਲੀਆ, ਦੇ
ਲਗਾਤਾਰ ਦਹਾਕਿਆਂ ਬਧੀ ਅਣਥੱਕ ਯਤਨਾਂ ਨਾਲ਼ ਇਸ ਹਵਾਈ ਅੱਡਿਆਂ ਤੇ ਹੁੰਦੀ ਰਹੀ ਸਿੱਖਾਂ ਦੀ ਲੁੱਟ
ਵਿੱਚ ਖਾਸੀ ਠਲ੍ਹ ਪਈ ਹੈ। ਸਿੱਖ ਵੀ ਅਹਿਸਾਨ ਫਰਾਮੋਸ਼ ਨਹੀ ਹਨ। ਉਹਨਾਂ ਨੇ ਲੁਧਿਆਣੇ ਦੀ ਪਾਰਲੀਮੈਟ
ਦੀ ਸੀਟ ਤੋਂ ਬਲਵੰਤ ਜੀ ਨੂੰ ਹਰਾ ਕੇ ‘ਅਹਿਸਾਨਮੰਦੀ’ ਦਾ ਪੂਰਾ ਸਬੂਤ ਦਿਤਾ ਹੈ। ਵਾਹ ਰੇ ਸਿੱਖ
ਪੰਥ! ਠੀਕ ਹੀ ਰਾਜ ਨਾਰਾਇਣ ਨੇ, ਸ. ਧੰਨਾ ਸਿੰਘ ਗੁਲਸ਼ਨ ਤੇ ਸ. ਕਿੱਕਰ ਸਿੰਘ ਨੂੰ ਵੇਖ ਕੇ ਆਖਿਆ
ਸੀ, “ਸਿੱਖੋਂ ਕੀ ਬ੍ਹੀ ਕਿਆ ਬਾਤ ਹੈ; ਯੇਹ ਗੁਲਸ਼ਨ ਉਖਾੜ ਕਰ ਕੀਕਰ ਉਗਾਤੇ ਹੈ। “
ਬੱਚੀਆਂ ਦੇ ਤੇ ਭਤੀਜੇ ਦੇ ਵਿਆਹਾਂ ਦੇ ਸਰਟੀਫੀਕੇਟ ਲੈਣ ਸਮੇ ਤਾਂ ਮਿੱਤਰ ਵਕੀਲ ਵਿੱਚ ਸੀ ਤੇ ਉਸ
ਨੇ ਜੋ ਕਹਿ ਦਿਤਾ ਓਵੇਂ ਹੀ ਉਸ ਨਾਲ਼ ਹਿਸਾਬ ਨਿਬੇੜ ਲਿਆ ਪਰ ਇਹ ਮੁਫ਼ਤ ਵਿੱਚ ਮਿਲਣ ਵਾਲਾ
ਸਰਟੀਫੀਕੇਟ ਵੀ ਮਿੱਤਰ ਵਕੀਲ ਦੇ ਦੱਸਣ ਮੁਤਾਬਿਕ ਪ੍ਰਤੀ ਸਰਟੀਫੀਕੇਟ ੨੩੦੦ ਵਿੱਚ ਪਿਆ ਸੀ। ਇਹ
ਵੱਖਰੀ ਗੱਲ ਹੈ ਕਿ ਮਿੱਤਰ ਨੇ ਮੇਰੇ ਪਾਸੋਂ ਇਹ ਬਣਦੇ ੪੬੦੦ (ਛਿਆਲ਼ੀ ਸੌ) ਰੁਪਏ ਨਕਦ ਨਹੀ ਲਏ ਤੇ
ਕਿਸੇ ਹੋਰ ਹਿਸਾਬ ਵਿੱਚ ਐਡਜਸਟ ਕਰ ਲਏ। ਭਤੀਜੇ ਦੇ ਦੋਸਤ ਨੂੰ ਉਸ ਦੇ ਵਿਆਹ ਦਾ ਸਰਟੀਫ਼ੀਕੇਟ ੧੩੦੦
ਵਿੱਚ ਹੀ ਮਿਲ਼ ਗਿਆ।
੨੦੦੧ ਦੇ ਨਵੰਬਰ ਮਹੀਨੇ ਖ਼ਬਰ ਆਈ ਕਿ ਅੰਮ੍ਰਿਤਸਰ ਵਿੱਚ ਸਤਿਕਾਰਯੋਗ ਬੀ ਜੀ (ਸੱਸ) ਚਲਾਣਾ ਕਰ ਗਏ
ਹਨ। ਸਿੰਘਣੀ ਨੇ ਜਾਣਾ ਸੀ ਤੇ ਕਈ ਕਾਰਨਾਂ ਕਰਕੇ ਮੈਨੂੰ ਵੀ ਨਾਲ਼ ਚੱਲਣ ਲਈ ਆਖਿਆ। ਚਲੇ ਗਏ। ਸਾਰੇ
ਕਾਰ ਵਿਹਾਰ ਭੈਣ ਜੀ (ਸਾਲ਼ੀ) ਹੀ ਕਰ ਰਹੇ ਸਨ। ਮੇਰੇ ਵੱਲੋਂ ਕੋਈ ਕੰਮ ਕਰਨ ਦੀ ਮੰਗ ਕਰਨ ਤੇ,
ਮਿਉਂਸਪਲ ਕਮੇਟੀ ਦੇ ਦਫ਼ਤਰੋਂ ਬੀ ਜੀ ਦੀ ਮੌਤ ਦਾ ਸਰਟੀਫ਼ੀਕੇਟ ਲੈ ਆਉਣ ਲਈ ਆਖ ਦਿਤਾ। ਹਾਂ ਕਰਨ ਸਮੇ
ਇਹ ਨਹੀ ਸੀ ਪਤਾ ਕਿ ਮੇਰੇ ਨਾਲ਼, “ਆ ਬੈਲ ਮੁਝੇ ਮਾਰ ਵਾਲ਼ੀ। “ਹੋਵੇਗੀ। ਇਹ ਮਾਮੂਲੀ ਕੰਮ ਸਮਝ ਕੇ
ਮੈ ਹਾਂ ਕਰ ਦਿਤੀ। ਸਰਕਾਰ ਅਕਾਲੀਆਂ ਦੀ ਸੀ ਤੇ ਮੈ ਖ਼ੁਦ ਨੂੰ ਅਕਾਲੀ ਤੋਂ ਬਿਨਾ ਹੋਰ ਸਮਝਦਾ ਵੀ
ਕੁੱਝ ਨਹੀ ਸਾਂ ਤੇ ਬਾਦਲ ਸਾਹਿਬ ਨਾਲ਼ ਨਿਜੀ ਜਾਣ ਪਛਾਣ ਹੋਣ ਦਾ ਵੀ ਮੈਨੂੰ ਮਾਣ ਸੀ। ਇਸ ਕਰਜ ਲਈ
ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਦਫ਼ਤਰ ਵਿਚੋਂ ਨਿਕਲ਼ ਕੇ, ਮਿਊਂਸਪਲ ਕਮੇਟੀ ਦੇ ਦਫ਼ਤਰ ਨੂੰ ਤੁਰਿਆ
ਤਾਂ ਛੋਟਾ ਭਰਾ ਸੇਵਾ ਸਿੰਘ ਅੱਗੋਂ ਆਉਂਦਾ ਮਿਲ਼ ਗਿਆ। ਉਸ ਨੂੰ ਪਤਾ ਲੱਗਾ ਤੇ ਉਸ ਨੇ ਦੱਸਿਆ ਕਿ ਇਹ
ਤਾਂ ਆਪਣੇ ਘਰ ਦੇ ਨੇੜਲੇ ਚੌਂਕ ਕਰੋੜੀ ਵਿਚਲੇ ਹੈਲਥ ਸੈਂਟਰ ਤੋਂ ਮਿਲ਼ਨਾ ਹੈ। ਉਸ ਦੇ ਆਖੇ ਤੇ ਅਸੀਂ
ਦੋਵੇ ਓਧਰ ਨੂੰ ਤੁਰ ਪਏ। ਕੁਰਸੀ ਤੇ ਬਿਰਾਜਮਾਨ ਕਲੀਨ ਸ਼ੇਵਨ ਸਿਆਣੇ ਡਾਕਟਰ ਜੀ ਨੇ ਬੜੇ ਸਿਆਣੇ
ਸ਼ਬਦਾਂ ਵਿੱਚ ਸਾਨੂੰ ਪਰੇਰ ਕੇ, ਕਮੇਟੀ ਦੇ ਦਫ਼ਤਰ ਵੱਲ ਹੀ ਤੋਰ ਕੇ ਆਪਣੇ ਗਲ਼ੋਂ ਬਲ਼ਾ ਟਾਲ਼ ਦਿਤੀ।
ਰਸਤੇ ਵਿੱਚ ਭਰਾ ਨੇ ਦੱਸਿਆ, “ਸਰਟੀਫ਼ੀਕੇਟ ਦੇਣਾ ਤਾਂ ਇਸ ਡਾਕਟਰ ਨੇ ਹੀ ਸੀ ਪਰ ਇਸ ਕਰਕੇ ਨਹੀ
ਦਿਤਾ ਕਿ ਅਸੀਂ ਇਸ ਨੂੰ ਰਿਸ਼ਵਤ ਨਹੀ ਦੇਣੀ। ਮੈਂ ਆਪਣੇ ਲੜਕੇ ਦਾ ਜਨਮ ਦਰਜ ਕਰਵਾਉਣ ਆਇਆ ਸੀ ਤੇ ਇਸ
ਦੇ ਮੰਗ ਕਰਨ ਤੇ ਵੀ ਮੈ ਇਸ ਨੂੰ ਕੁੱਝ ਨਹੀ ਸੀ ਦਿਤਾ। ਇਸ ਕਰਕੇ ਇਸ ਨੇ ਸਾਨੂੰ ਟਾਲ਼ ਦਿਤਾ ਹੈ”।
ਪਰ ਮੈਨੂੰ ਭਰਾ ਦੀ ਗੱਲ ਤੇ ਯਕੀਨ ਨਹੀ ਸੀ ਆਇਆ। ਸੋਚਿਆ ਕਿ ਇੱਕ ਜ਼ੁੰਮੇਵਾਰ ਡਾਕਟਰ ਨੂੰ ਕੀ
ਮਜਬੂਰੀ ਹੈ ਕਿ ਉਹ ਸਾਡੇ ਨਾਲ਼ ਝੂਠ ਬੋਲੇ!
ਖੈਰ, ਅਸੀਂ ਕੋਤਵਾਲੀ ਦੇ ਨੇੜੇ ਸਥਿਤ ਕਮੇਟੀ ਦੇ ਦਫ਼ਤਰ ਪੁੱਜ ਗਏ। ਜੇਹੜਾ ਫਾਰਮ ਮੁਫਤ ਮਿਲ਼ਣਾ ਸੀ
ਉਸ ਦੇ ਬਾਹਰ ਖਲੋਤੇ ਏਜੰਟ ਨੂੰ ਦਸ ਰੁਪਏ ਦੇਣੇ ਪਏ। ਬੜੇ ਚੁਭੇ ਪਰ ਕੁੱਝ ਸੋਚਣ ਉਪ੍ਰੰਤ ਕੌੜਾ
ਘੁੱਟ ਭਰ ਕੇ ਦੇ ਦਿਤੇ। ਭਰੇ ਹੋਏ ਫਾਰਮ ਨੂੰ ਲੈ ਕੇ ਸਬੰਧਤ ਕਲੱਰਕ ਦੀ ਭਾਲ਼ ਵਿੱਚ ਤੁਰੇ। ਇੱਕ
ਸੋਹਣਾ ਉਚਾ ਲੰਮਾ ਸਰਦਾਰ ਕਾਹਲ਼ੀ ਨਾਲ਼ ਤੁਰਿਆ ਜਾਂਦਾ ਦਿਸਿਆ। ਉਸ ਨੂੰ ਨਿਮਰਤਾ ਸਹਿਤ ਪੁੱਛਿਆ। ਉਸ
ਨੇ ਤੁਰੇ ਜਾਂਦੇ ਹੀ ਆਕੜ ਜਿਹੀ ਵਿੱਚ ਇੱਕ ਕਮਰੇ ਵੱਲ ਇਸ਼ਾਰਾ ਕਰ ਦਿਤਾ। ਕਮਰੇ ਅੰਦਰ ਵੜੇ ਤਾਂ ਇੱਕ
ਕੁੱਝ ਵਡੇਰੀ ਉਮਰ ਦੇ ਸਰਦਾਰ ਜੀ ਕੁਰਸੀ ਉਪਰ ਸਜੇ ਬੈਠੇ ਸਨ। ਉਹਨਾਂ ਨੂੰ ਫਾਰਮ ਵਿਖਾਇਆ ਤਾਂ
ਉਹਨਾਂ ਨੇ ਪਹਿਲੇ ਸਰਦਾਰ ਦੇ ਕਮਰੇ ਵੱਲ਼ ਇਸ਼ਾਰਾ ਕਰ ਦਿਤਾ। ਪਹਿਲੇ ਦੇ ਅੰਦਰ ਜਾ ਕੇ ਮੈ ਕੁੱਝ ਰੋਸੇ
ਤੇ ਗੁੱਸੇ ਜਿਹੇ ਨਾਲ਼ ਆਖਿਆ, “ਜਿਸ ਵੱਲ ਤੂੰ ਭੇਜਿਆ ਸੀ, ਉਸ ਨੇ ਤੇਰੇ ਵੱਲ ਭੇਜਿਆ ਹੈ। ਦੱਸ ਕੀ
ਕਰਨਾ ਹੈ ਇਸ ਦਾ!” ਉਸ ਨੇ ਫਾਰਮ ਫੜ ਕੇ ਆਖ ਦਿਤਾ, “ਡਿਉੜੀ ਵਿੱਚ ਜਾ ਕੇ ਫੀਸ ਜਮ੍ਹਾ ਕਰਵਾ ਦਿਓ।
“ਫੀਸ ਜਮ੍ਹਾ ਕਰਵਾਉਣ ਤੋਂ ਪਿੱਛੋਂ ਦਸਵੇਂ ਦਿਨ ਆਉਣ ਲਈ ਹੁਕਮ ਮਿਲ਼ਿਆ। ਦਸਵੇਂ ਦਿਨ ਯਾਰਾਂ ਕੁ ਵਜੇ
ਜਾ ਕੇ ਮੈਂ ਪਤਾ ਕੀਤਾ ਤਾਂ ਇੱਕ ਖਾਲੀ ਕੁਰਸੀ ਵੱਲ ਇਸ਼ਾਰਾ ਕਰਕੇ ਇੱਕ ਕਰਮਚਾਰੀ ਵੱਲੋਂ ਮੈਨੂੰ
ਦੱਸਿਆ ਗਿਆ ਕਿ ਇਸ ਕੁਰਸੀ ਵਾਲ਼ਾ ਅਫ਼ਸਰ ਹੀ ਦੱਸ ਸਕਦਾ ਹੈ ਕਿ ਸਰਟੀਫ਼ੀਕੇਟ ਦਾ ਕੀ ਬਣਿਆ ਹੈ ਤੇ ਕੀ
ਨਹੀ ਬਣਿਆ, ਤੇ ਜੇ ਬਣੂਗਾ ਤਾਂ ਕਿਵੇਂ ਬਣੂਗਾ! ਮੇਰੇ “ਉਹ ਕਦੋਂ ਆਊ” ਪੁੱਛਣ ਤੇ ਦਸਿਆ, “ਸ਼ਾਇਦ
ਤਿਂਨ ਵਜੇ ਪਿੱਛੋਂ ਆਵੇ!”
ਹਾਲਾਂ ਕਿ ਇਸ ਸਰਟੀਫ਼ੀਕੇਟ ਨਾਲ਼ ਕਿਸੇ ਕਿਸਮ ਦੀ ਵਿਰਾਸਤ ਜਾਂ ਜਾਇਦਾਦ ਦਾ ਕੋਈ ਝਗੜਾ ਨਹੀਂ ਸੀ
ਨਜਿਠਣਾ। ਸਿਰਫ ਭਾ ਜੀ (ਸਹੁਰਾ) ਦੀ ਆਰਮੀ ਦੀ ਪੈਨਸ਼ਨ, ਜੋ ਬੀ ਜੀ ਨੂੰ ਮਿਲ਼ ਰਹੀ ਸੀ, ਉਹ ਬੰਦ
ਕਰਵਾਉਣੀ ਸੀ ਤੇ ਇਸ ਕਾਰਜ ਲਈ ਮੌਤ ਦਾ ਸਰਟੀਫ਼ੀਕੇਟ ਚਾਹੀਦਾ ਸੀ। ਮੈਨੂੰ ਬਹੁਤ ਗੁੱਸਾ ਆਇਆ ਪਰ ਮੈਂ
ਸਬਰ ਦਾ ਘੁੱਟ ਭਰ ਕੇ ਓਥੋਂ ਘਰ ਆ ਕੇ ਆਖਿਆ, “ਭੈਣ ਜੀ, ਜਾਂ ਮੈ ਕਿਸੇ ਦਾ ਸਿਰ ਪਾੜੂੰਗਾ ਜਾਂ ਕੋਈ
ਮੇਰਾ। ਇਹ ਕੰਮ ਮੈਥੋਂ ਨਹੀ ਹੁੰਦਾ”। ਉਸ ਨੇ ਮੇਰੇ ਸਾਹਮਣੇ ਹੀ ਨੌਕਰ ਨੂੰ ਸੌ ਰੁਪਏ ਦਾ ਨੋਟ
ਫੜਾਇਆ ਤੇ ਉਹ ਓਸੇ ਸਮੇ ਹੀ ਜਾਕੇ ਸਰਟੀਫ਼ੀਕੇਟ ਵੀ ਲੈ ਆਇਆ ਤੇ ਪੰਜਾਹ ਰੁਪਏ ਵੀ ਮੋੜ ਲਿਆਇਆ।
ਇਹ ਕੁੱਝ ਵੇਖ ਕੇ ੧੯੬੮ ਦੀ ਇੱਕ ਘਟਨਾ ਚੇਤੇ ਆ ਗਈ: ਦੀਵਾਲੀ ਵਾਲ਼ੀ ਨੂੰ ਦੀਵਾਨ ਸਥਾਨ ਗੁ. ਮੰਜੀ
ਸਾਹਿਬ ਵਿਖੇ ਸਜੇ ਦੀਵਾਨ ਵਿਚ, ਅਧੀ ਰਾਤ ਤੋਂ ਪਿੱਛੋਂ ਮੈਂ ਲੈਕਚਰ ਕਰਕੇ ਪ੍ਰਕਰਮਾਂ ਵਿੱਚ ਆਪਣੇ
ਕਵਾਰਟਰ ਵਿੱਚ ਜਾ ਕੇ ਸੁੱਤਾ ਤਾਂ ਸਵੇਰੇ ਜਾਗ, ਪੇਟ ਵਿੱਚ ਹੋਈ ਅਸਹਿ ਪੀੜ ਨਾਲ਼ ਖੁਲ੍ਹੀ। ਗਵਾਂਢੀ
ਗਿ. ਦਰਸ਼ਨ ਸਿੰਘ ਸ਼ਹੀਦ ਜੀ ਨੇ ਚੁੱਕ ਕੇ ਡਾਕਟਰ ਤੋਂ ਟੀਕਾ ਲਵਾ ਕੇ ਮੇਰੇ ਮਾਪਿਆਂ ਦੇ ਘਰ,
ਬਿਬੇਕਸਰ ਛੱਡ ਦਿਤਾ। ਕੁੱਝ ਦਿਨ ਨੇੜੇ ਤੇੜੇ ਦੇ ਡਾਕਟਰਾਂ ਦੇ ਟੀਕੇ ਦਵਾਈਆਂ ਆਦਿ ਦੇ ਓਹੜ ਪੋਹੜ
ਪਿੱਛੋਂ ਮੈਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਟੁੱਟੀ ਭੱਜੀ ਫਰੰਟ ਸਰਕਾਰ ਟੁੱਟਣ ਪਿੱਛੋਂ ਗਵਰਨਰੀ
ਰਾਜ ਸੀ ਪਰ ਹਵਾ ਵਿੱਚ ਖ਼ਬਰ ਸੀ ਕਿ ਸ਼ਾਇਦ ਚੋਣਾਂ ਪਿਛੋਂ ਫਿਰ ਅਕਾਲੀਆਂ ਦਾ ਰਾਜ ਹੀ ਆਵੇਗਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਜੀ ਹੋਰਾਂ ਨੇ ਮੇਰੇ ਬਾਰੇ ਡਾਕਟਰ ਹਰਿਚਰਨ ਸਿੰਘ ਜੀ
ਨੂੰ ਦੱਸਿਆ ਹੋਇਆ ਸੀ। ਹਸਪਤਾਲ ਵਿੱਚ ਮੇਰਾ ਇਲਾਜ ਬਾਰੇ ਹੀ ਕੰਮ ਸੀ। ਉਹਨਾਂ ਦੀ ਸੇਵਾ ਵਿੱਚ ਜਾ
ਪੁੱਜਾ। ਉਹਨਾਂ ਨੇ ਮੇਰੀ ਗੱਲ ਸੁਣ ਕੇ ਆਪਣੇ ਗੁਸੈਲੇ ਸੁਭਾ ਨਾਲ਼ ਕਿਹਾ, “ਆਹ ਤੂੰ ਜੇਹੜਾ ਸਿਰ ਤੇ
ਨੀਲਾ ਖ਼ੱਫ਼ਣ ਬੰਨ੍ਹੀ ਫਿਰਦਾਂ; ਇਹ ਤੇਰਾ ਕੋਈ ਕੰਮ ਨਹੀ ਹੋਣ ਦਏਗਾ। ਨੀਲੀ ਪੱਗ ਵੇਖ ਕੇ ਰਿਸ਼ਵਤ
ਤੇਰੇ ਕੋਲ਼ੋਂ ਕਿਨੇ ਮੰਗਣੀ ਨਹੀਂ ਤੇ ਕੰਮ ਤੇਰਾ ਬਿਨਾ ਰਿਸ਼ਵਤ ਤੋਂ ਕਿਸੇ ਨੇ ਕਰਨਾ ਨਹੀ!” ਉਹਨਾਂ
ਨੇ ਆਪਣਾ ਕੌੜਾ ਤਜੱਰਬਾ ਦੱਸਦਿਆਂ ਹੋਇਆਂ ਆਖਿਆ, “ਮੇਰੇ ਪਿਤਾ ਜੀ ਬਿਮਾਰ ਸਨ ਤੇ ਮੈਂ ਉਹਨਾਂ ਨੂੰ
ਏਸੇ ਹਸਪਤਾਲ ਲੈ ਕੇ ਆਇਆ ਸਾਂ ਜਿਥੇ ਮੈ ਮੈਡੀਸਨ ਦਾ ਪ੍ਰੋਫੈਸਰ ਤੇ ਹੈਡ ਆਫ਼ ਦੀ ਡੀਪਾਰਟਮੈਂਟ
ਡਾਕਟਰ ਹਾਂ। ਹਸਪਤਾਲ ਦੇ ਕਰਮਚਾਰੀ ਮੇਰੇ ਬੀਮਾਰ ਪਿਤਾ ਨੂੰ ਕਾਰ ਚੋਂ ਕਢ ਕੇ ਸਟ੍ਰੈਚਰ ਤੇ ਪਾਉਣ
ਲਈ ਮੇਰੀ ਮਦਦ ਕਰਨ ਲਈ ਅੱਗੇ ਨਹੀ ਸਨ ਆ ਰਹੇ ਤੇ ਮੇਰੇ ਵੱਲ ਝਾਕਦੇ ਸਨ ਕਿ ਮੈਂ ਕੁੱਝ ਉਹਨਾਂ ਦੀ
ਤਲ਼ੀ ਤੇ ਧਰਾਂ। ਤੂੰ ਕਿਵੇਂ ਏਥੇ ਕੰਮ ਕਰਵਾ ਲਵੇਗਾ!” ਇਹ ਅੱਗੇ ਦੀ ਗੱਲ ਹੈ ਕਿ ਉਹਨਾਂ ਨੇ ਆਪਣੇ
ਇੱਕ ਹੋਣਹਾਰ ਸ਼ਾਗਿਰਦ, ਡਾ. ਗੁਰਜੀਤ ਸਿੰਘ ਜੀ, ਨੂੰ ਮੇਰੇ ਨਾਲ਼ ਤੋਰਿਆ ਤੇ ਉਸ ਨੇ ਮੇਰੇ ਵਾਰਡ ਦੇ
ਇੰਚਾਰਜ ਡਾਕਟਰ ਨੂੰ ਉਹਨਾਂ ਦਾ ਸੁਨੇਹਾ ਦਿਤਾ। ਪਰ ਉਸ ਦਾ ਵੀ ਅਸਰ ਕੋਈ ਨਾ ਹੋਇਆ। ਅੰਤ ਬੱਲਡ
ਬੈਂਕ ਦੇ ਆਰਗੇਨਾਈਜ਼ਿੰਗ ਸੈਕਟਰੀ, ਸ. ਬੰਤਾ ਸਿੰਘ ਰਾਇ, ਦੇ ਦਖ਼ਲ ਨਾਲ਼ ਮੇਰਾ ਕਾਰਜ ਰਾਸ ਆਇਆ।
ਫਿਰ ਦਸੰਬਰ ੨੦੦੭ ਵਿੱਚ ਭਾਈਆ ਜੀ ਦੀ ਮੌਤ ਦਾ ਸਰਟੀਫੀਕੇਟ ਛੋਟੇ ਭਰਾ ਸ. ਹਰਜੀਤ ਸਿੰਘ ਨੇ ਲੈਣਾ
ਚਾਹਿਆ। ਉਸ ਨੂੰ ਪਤਾ ਸੀ ਕਿ ੨੦੦੧ ਵਿੱਚ ਵੱਡੇ ਭਾਊ ਨਾਲ਼ ਕੀ ਵਾਪਰਿਆ ਸੀ। ਉਹ ਪਹਿਲਾਂ ਹੀ ਇਸ
ਕਾਰਜ ਲਈ ਪੰਜਾਹਾਂ ਦਾ ਨੋਟ ਗ੍ਹੀਸੇ ਵਿੱਚ ਪਾ ਕੇ ਗਿਆ ਤੇ ਓਸੇ ਸਮੇ ਹੀ ਸਰਟੀਫ਼ੀਕੇਟ ਲੈ ਕੇ ਆ
ਗਿਆ। ਮੈਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਛੇ ਸਾਲ ਪਹਿਲਾਂ ਵੀ ਇਸ ਕੰਮ ਲਈ ਰਿਸ਼ਵਤ ਦਾ ਰੇਟ
ਪੰਜਾਹ ਰੁਪਏ ਸੀ ਤੇ ਹੁਣ ਛੇ ਸਾਲ ਪਿੱਛੋਂ ਵੀ ਓਹੀ ਰੇਟ, ਜਦੋਂ ਕਿ ਇਹਨਾਂ ਛੇ ਸਾਲਾਂ ਵਿੱਚ ਹਰੇਕ
ਚੀਜ ਕਿੰਨੀ ਮਹਿੰਗੀ ਹੋ ਗਈ ਹੈ! ਪੰਜਾਬ ਦੇ ਬਾਬੂਆਂ ਦੀਆਂ ਵਹੁਟੀਆਂ ਵਿਚਾਰੀਆਂ ਇਸ ਮਹਿੰਗਾਈ ਦੇ
ਜ਼ਮਾਨੇ ਵਿੱਚ ਛੇ ਸਾਲ ਪਹਿਲਾਂ ਬੰਨ੍ਹੇ ਗਏ ਰਿਸ਼ਵਤ ਦੇ ਦਰਾਂ ਅੰਦਰ ਕਿਵੇਂ ਆਪਣਾ ਚੁਲ੍ਹਾ ਚੌਂਕਾ
ਤੋਰਦੀਆਂ ਹੋਣਗੀਆਂ; ਹੈਰਾਨੀ ਹੁੰਦੀ ਹੈ ਇਹ ਜਾਣ ਕੇ! ਬਾਦਲ ਸਾਹਿਬ ਦੇ ਸਮੇ ਵੀ ਤੇ ਕੈਪਟਨ ਸਾਹਿਬ
ਦੇ ਸਮੇ ਵੀ ਰਿਸ਼ਵਤ ਦਾ ਦਰ ਇਕੋ ਹੀ! ਹੁਣ ਫਿਰ ਚੌਥੀ ਵਾਰ ਬਾਦਲ ਸਾਹਿਬ ਦੇ ਆਉਣ ਨਾਲ਼ ਇਸ ਦਰ ਵਿੱਚ
ਕੋਈ ਫਰਕ ਪਿਆ ਹੈ ਜਾਂ ਕਿ ਪਹਿਲਾਂ ਵਾਲ਼ਾ ਰੇਟ ਹੀ ਚੱਲਦਾ ਹੈ, ਇਸ ਗੱਲ ਦਾ ਪਤਾ ਅੰਮ੍ਰਿਤਸਰ ਜਾਣ
ਦਾ ਅਵਸਰ ਮਿਲ਼ੇ ਤੇ ਹੀ ਲੱਗੂ!
ਰਿਸ਼ਵਤ ਪ੍ਰਥਾਇ ਸ. ਪ੍ਰੇਮ ਸਿੰਘ ਮਸਤਾਨਾ ਲਿਖਤ ਇੱਕ ਗ਼ਜ਼ਲ ਵੀ ਵੇਖ ਲਓ:
ਰਿਸ਼ਵਤ ਦਾ ਵੀ ਰੱਖੋ ਯਾਰੋ ਕੁੱਝ ਨਾ ਕੁੱਝ ਖਿਆਲ। ਜੋੜ ਛੱਡੋ ਇਸ ਨੂੰ ਵੀ ਹੁਣ ਤਾਂ ਸੂਚਕ ਅੰਕਾਂ
ਨਾਲ਼।
ਜਿਸ ਨੇ ਆਪਣਾ ਪੁੱਠਾ ਉਲੂ ਸਿਧਾ ਕੀਤਾ ਹੋਣੈ, ਉਸ ਨੂੰ ਅਹੁੜਿਆ ਹੋਣੈ ਰਿਸ਼ਵਤ ਵਾਲ਼ਾ ਸੁੰਦਰ ਖਿਆਲ।
ਦੇਵਤਿਆਂ ਨੇ ਪਹਿਲਾਂ ਲਾਈ ਰਿਸ਼ਵਤ ਵਾਲ਼ੀ ਰੀਸ, ਬਲੀ, ਚੜ੍ਹਾਵਾ ਲੈ ਕੇ ਦੇਵੀ ਹੁੰਦੀ ਰਹੀ ਦਿਆਲ।
ਅਜ ਕਲ੍ਹ ਰਿਸ਼ਵਤ ਲੈਣੀ ਦੇਣੀ ਬਣ ਗਿਆ ਇੱਕ ਰਿਵਾਜ਼, ਤਾਂ ਹੀਂ ਰਿਸ਼ਵਤ ਲੈ ਕੇ, ਦੇ ਕੇ, ਦੋਵੇਂ ਹੋਣ
ਨਿਹਾਲ।
ਰਿਸ਼ਵਤ ਇੱਕ ਸਟੇਟਸ ਸਿੰਬਲ ਬਣ ਗਿਆ ਹੈ ਅੱਜ ਕਲ੍ਹ, ਮੁਣਸ਼ੀ ਤੋਂ ਚੋਟੀ ਦੇ ਲੀਡਰ ਦਾ ਹੈ ਇਕੋ ਹਾਲ।
ਅਰਜ਼ੀ ਵਾਲ਼ੀ ਫ਼ਾਈਲ ਤੋਰਨੀ ਹੈ ਤਾਂ ਪਹੀਏ ਲਾਵੋ, ਬਿਨ ਪਹੀਏ ਜੇ ਤੁਰ ਜਾਵੇ ਤਾਂ ਹੋ ਜਾਇ ਫੇਰ ਕਮਾਲ।
ਨੰਗੇ ਚਿੱਟੇ ਰਿਸ਼ਵਤ ਲੈਂਦੇ ਨੇ ਜਦ ਏਨੇ ਲੋਕ, ਓਸ ਹਮਾਮ `ਚ ਢੱਕਿਆ ਰਹਿੰਦਾ, ਤੇਰੀ ਕਿਵੇਂ ਮਜਾਲ?
ਢਿੱਡ ਤਾਂ ਭਰਦੈ, ਪਰ ਨੀਅਤ ਨਾ ਭਰਦੀ ਰਿਸ਼ਵਤ ਲੈ ਕੇ, ਬੈਂਕਾਂ ਵਿੱਚ ਰੱਖਦੇ ਨੇ ਲਾਕਰ, ਭਰ ਭਰ
ਨੋਟਾਂ ਨਾਲ਼।
ਗੰਦੇ ਨੋਟਾਂ ਨੂੰ ‘ਮਸਤਾਨਾ’ ਆਪਣਾ ਹੱਥ ਕਿਉਂ ਲਾਵੇ? ਰਿਸ਼ਵਤ ਦੀ ਮਾਇਆ ਸਾਂਭਣ ਲਈ ਰਖਦੈ ਨਾਲ਼
ਦਲਾਲ।