ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਕੁਦਰਤ ਨਾਲ ਖਿਲਵਾੜ
ਅਪ੍ਰੈਲ 2013 ਵਿੱਚ ਸਿਆਟਲ ਗਿਆਂ
ਭਾਈ ਸੁਖਬੀਰ ਸਿੰਘ ਜੀ ਨੇ ਦੱਸਿਆ ਕਿ ਜਦੋਂ ਅਸੀਂ ਇਹ ਘਰ ਖਰੀਦਿਆ ਸੀ ਤਾਂ ਏੱਥੇ ਚਾਰ ਦਰੱਖਤ ਸਨ।
ਅਸਾਂ ਸੋਚਿਆ ਕਿ ਇਹਨਾਂ ਦਰੱਖਤਾਂ ਦੇ ਪੱਤੇ ਬਹੁਤ ਡਿੱਗਦੇ ਰਹਿੰਦੇ ਹਨ ਜਿਸ ਨਾਲ ਘਰ ਦੀ ਸਫ਼ਾਈ
ਨਹੀਂ ਰਹਿੰਦੀ ਕਿਉਂ ਨਾ ਇਹਨਾਂ ਦਰੱਖਤਾਂ ਨੂੰ ਕਟਾ ਲਿਆ ਜਾਏ। ਜਿਉਂ ਹੀ ਅਸਾਂ ਦਰਖੱਤ ਕਟਾਏ ਤਿਉਂ
ਹੀ ਮਹਿਕਮੇ ਵਲੋਂ ਸਾਨੂੰ ਇੱਕ ਨੋਟਿਸ ਮਿਲਿਆ ਕਿ ਤੁਸਾਂ ਸਿਟੀ ਦੇ ਬਣੇ ਨਿਯਮਾਂ ਦੀ ਉਲੰਘਣਾ ਕੀਤੀ
ਹੈ ਇਸ ਲਈ ਤੁਸੀਂ ਪਰ-ਦਰੱਖਤ ਦਸ ਹਜ਼ਾਰ ਡਾਲਰ ਦੇ ਹਿਸਾਬ ਨਾਲ ਚਾਲੀ ਹਜ਼ਾਰ ਡਾਲਰ ਦਾ ਜੁਰਮਾਨਾ ਭਰੋ।
ਉਹਨਾਂ ਦੱਸਿਆ ਕਿ ਅਸਾਂ ਵਕੀਲ ਕਰਕੇ ਆਪਣੀ ਗਲਤੀ ਨੂੰ ਸਵੀਕਾਰ ਕੀਤਾ। ਫਿਰ ਜੱਜ ਨੇ ਸਾਡਾ ਜੁਰਮਾਨਾ
ਘਟਾ ਕੇ ਪੰਜ ਹਜ਼ਾਰ ਡਾਲਰ ਕਰ ਦਿੱਤਾ ਪਰ ਨਾਲ ਓਸੇ ਥਾਂ `ਤੇ ਹੀ ਚਾਰ ਦਰੱਖਤ ਹੋਰ ਲਗਾਉਣ ਦੀ ਤਾਗ਼ੀਦ
ਕੀਤੀ ਗਈ। ਇਹਨੂੰ ਕਿਹਾ ਜਾ ਸਕਦਾ ਹੈ ਕਿ ਵਿਕਸਤ ਮੁਲਕਾਂ ਵਿੱਚ ਕੁਦਰਤ ਨਾਲ ਖਿਲਵਾੜ ਨਹੀਂ ਕੀਤਾ
ਜਾ ਸਕਦਾ। ਸਗੋਂ ਕੁਦਰਤੀ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਸਾਡੇ ਮੁਲਕ ਵਿੱਚ ਕੁਦਰਤ ਦੇ
ਰੱਖ-ਰਖਾਵ ਲਈ ਨਿੱਤ ਨਵੇਂ ਕਨੂੰਨ ਬਣਦੇ ਤੇ ਨਵੇਂ ਐਲਾਨ ਹੁੰਦੇ ਰਹਿੰਦੇ ਹਨ ਪਰ ਜ਼ਮੀਨੀ ਤਲ਼ `ਤੇ
ਅਮਲ ਨਹੀਂ ਹੁੰਦਾ ਇਸ ਲਈ ਇਹ ਕਨੂੰਨ ਸਰਕਾਰੀ ਦਫ਼ਤਰ ਦੀਆਂ ਫਾਈਲਾਂ ਵਿੱਚ ਧੂੜ ਫੱਕਣ ਯੋਗੇ ਹੀ ਰਹਿ
ਜਾਂਦੇ ਹਨ।
ਪੰਜਾਬ ਵਿੱਚ ਅੰਬ, ਜਾਮਨੂੰ, ਪਿਪਲ, ਬੋਹੜ, ਤੂਤ, ਟਾਹਲੀ, ਕਿਕਰ ਇਤਆਦਿਕ ਕੀਮਤੀ ਤੇ ਲੰਮੇਰੀ ਉਮਰ
ਵਾਲੇ ਦਰੱਖਤ ਹੁਣ ਟਾਂਵੇਂ ਟਾਵੇਂ ਹੀ ਮਿਲਦੇ ਹਨ। ਜਿੱਥੋਂ ਇੱਕ ਵਾਰੀ ਦਰੱਖਤ ਕੱਟਿਆ ਗਿਆ ਮੁੜ ਕੇ
ਓੱਥੇ ਕਦੇ ਕਿਸੇ ਨੇ ਦਰੱਖਤ ਨਹੀਂ ਲਗਾਇਆ। ਜੇ ਸਰਕਾਰੀ ਮਹਿਕਮੇ ਵਾਲੇ ਜੂੰ ਦੀ ਤੋਰ ਨਾਲ ਕੁੱਝ
ਦਰੱਖਤ ਲਗਾਉਂਦੇ ਵੀ ਹਨ ਤਾਂ ਮੁੜ ਉਹਨਾਂ ਦੀ ਕਦੇ ਵੀ ਕਿਸੇ ਸਾਂਭ ਸੰਭਾਲ਼ ਨਹੀਂ ਕੀਤੀ। ਜੇ ਕੋਈ
ਦਰੱਖਤ ਤੁਰ ਵੀ ਪੈਂਦਾ ਹੈ ਤਾਂ ਪਸ਼ੂ ਚਾਰਨ ਵਾਲੇ ਲੋਕਾਂ ਨੇ ਉਹ ਦਰੱਖਤ ਖਤਮ ਕਰ ਦਿੱਤੇ। ਸ਼ਹਿਰੀ
ਇਲਾਕੇ ਵਿੱਚ ਜੇ ਸਰਕਾਰੀ ਮਹਿਕਮੇ ਵਾਲੇ ਦਰੱਖਤ ਲਗਾਉਂਦੇ ਹਨ ਤਾਂ ੳਨ੍ਹਾਂ ਨੂੰ ਕਦੇ ਕਦਾਈ ਹੀ
ਪਾਣੀ ਨਸੀਬ ਹੁੰਦਾ ਹੈ। ਲੋਹੇ ਦਾ ਲਗਾਇਆ ਹੋਇਆ ਜੰਗਲ਼ਾ ਏਨ੍ਹਾ ਬੇਜਾਨ ਹੁੰਦਾ ਹੈ ਕਿ ਦਰੱਖਤ ਲਗਾਉਣ
ਤੋਂ ਪਹਿਲਾਂ ਹੀ ਉਹ ਟੁੱਟਿਆ ਹੁੰਦਾ ਹੈ। ਇੰਜ ਲੱਗਦਾ ਹੈ ਕਿ ਫਾਈਲਾਂ ਵਿੱਚ ਤਾਂ ਦਰੱਖਤ ਬਹੁਤ
ਲਗਾਏ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੁੰਦੀ ਹੈ। ਮੇਰੇ ਘਰ ਦੇ ਨੇੜੇ ਇੱਕ ਸਰਕਾਰੀ ਪਾਰਕ
ਹੈ ਜਿਸ ਵਿੱਚ ਸਰਕਾਰੀ ਤੰਤਰ ਨੇ ਸੱਠ ਸੱਤਰ ਦੇ ਕਰੀਬ ਬੂਟੇ ਲਗਾਏ ਸਨ ਜਿੰਨ੍ਹਾ ਦੁਆਲੇ ਲੋਹੇ ਦੇ
ਜੰਗਲ਼ੇ ਵੀ ਲਗਾਏ ਸਨ ਦੁੱਖ ਇਸ ਗੱਲ ਦਾ ਹੈ ਕਿ ਇਹਨਾਂ ਬੂਟਿਆਂ ਨੂੰ ਮੁੜ ਕਿਸੇ ਨੇ ਦੇਖਿਆ ਹੀ ਨਹੀਂ
ਹੈ। ਉਹਨਾਂ ਵਿਚੋਂ ਸਿਰਫ ਤਿੰਨ ਜਾਂ ਚਾਰ ਬੂਟੇ ਹੀ ਤੁਰੇ ਹਨ ਬਾਕੀ ਸਮੇਤ ਜੰਗਲਿਆਂ ਦੇ ਓੱਥੋਂ
ਕੁੱਝ ਵੀ ਨਹੀਂ ਲੱਭਦਾ। ਮੇਰਾ ਖ਼ਿਆਲ ਹੈ ਕਿ ਓੱਥੇ ਕਦੇ ਵੀ ਸਰਕਾਰੀ ਮਹਿਕਮੇ ਨੇ ਦੇਖ ਭਾਲ ਨਹੀਂ
ਕੀਤੀ।
ਪੰਜਾਬ ਵਿੱਚ ਜਦੋਂ ਦੀਆਂ ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ ਹਨ ਓਦੋਂ ਤੋਂ ਹੀ ਦਰੱਖਤਾਂ ਦੀ
ਬੇਰਹਿਮੀ ਨਾਲ ਕਟਾਈ ਕੀਤੀ ਜਾ ਰਹੀ ਹੈ, ਪਰ ਸਾਲਾਂ ਬੱਧੀ ਮੁੜ ਉਹਨਾਂ ਥਾਵਾਂ `ਤੇ ਦਰੱਖਤ ਨਹੀਂ
ਲਗਾਏ ਜਾਂਦੇ। ਦਰੱਖਤਾਂ ਤੋਂ ਬਿਨਾ ਪੰਜਾਬ ਰੜਾ ਮੈਦਾਨ ਬਣਿਆ ਪਿਆ ਹੈ। ਹਰ ਸਾਲ ਜਦੋਂ ਬਰਸਾਤ
ਆਉਂਦੀ ਹੈ ਮੰਤਰੀ ਜੀ ਕਿਤੇ ਨਾ ਕਿਤੇ ਦੋ ਚਾਰ ਦਰੱਖਤ ਲਗਾ ਕੇ ਉਦਘਾਟਨ ਕਰ ਦੇਂਦੇ ਹਨ ਜਿਸ ਨਾਲ
ਉਹਨਾਂ ਦੀਆਂ ਅਖਬਾਰਾਂ ਵਿੱਚ ਫੋਟੋਆ ਆ ਜਾਂਦੀਆਂ ਹਨ ਪਰ ਮੁੜ ਕਦੇ ਉਹਨਾਂ ਬੂਟਿਆ ਦੀ ਸਾਰ ਨਹੀਂ ਲਈ
ਜਾਂਦੀ।
ਦਰੱਖਤਾਂ ਪ੍ਰਤੀ ਸਾਡਾ ਸਮਾਜ ਵੀ ਸੁਚੇਤ ਨਹੀਂ ਹੈ। ਅਮਰੀਕਾ ਵਰਗੇ ਮੁਲਕ ਵਿੱਚ ਚਾਰ ਇੰਚ ਤੋਂ ਮੋਟਾ
ਦਰੱਖਤ ਕੱਟਣ ਲਈ ਵੀ ਮਹਿਕਮੇ ਪਾਸੋਂ ਆਗਿਆ ਲੈਣੀ ਪੈਂਦੀ ਹੈ। ਸਾਡੇ ਪੰਜਾਬ ਅੰਦਰ ਜਿਦ੍ਹਾ ਜੀ ਕਰਦਾ
ਹੈ ਦਰੱਖਤ ਦਾ ਸਿਰ ਵੱਢ ਦੇਂਦਾ ਹੈ। ਕੁਦਰਤੀ ਵਾਤਾਰਵਣ ਵਿੱਚ ਦਰੱਖਤ ਮਨੁੱਖ ਦੇ ਬਹੁਤ ਸਹਾਇਕ ਹਨ।
ਦਰੱਖਤਾਂ ਦੀ ਘਾਟ ਕਰਕੇ ਮਨੁੱਖ ਸ਼ੁੱਧ ਵਾਤਾਵਰਣ ਤੋਂ ਕੋਹਾਂ ਦੂਰ ਚਲਿਆ ਗਿਆ ਹੈ। ਪਿੱਪਲਾਂ ਦੇ
ਪੱਤਿਆਂ ਦੀ ਖੜ ਖੜ ਹੁਣ ਕਦੋਂ ਸੁਣੀ ਜਾਏਗੀ? ਸਰਕਾਰੀ ਤੰਤਰ ਨੂੰ ਦਰੱਖਤਾਂ ਪ੍ਰਤੀ ਸਖਤ ਨੀਤੀ
ਅਪਨਾਉਣੀ ਚਾਹੀਦੀ ਹੈ। ਦਰੱਖਤ ਲਗਾਏ ਤਾਂ ਬਹੁਤ ਜਾਂਦੇ ਹਨ ਪਰ ਉਹਨਾਂ ਦੀ ਸਾਂਭ ਸੰਭਾਲ਼ ਬਹੁਤ ਘੱਟ
ਹੁੰਦੀ ਹੈ ਜਿਸ ਕਰਕੇ ਬੂਟਾ ਲਗਾਉਂਦਿਆਂ ਹੀ ਸੁੱਕ ਜਾਂਦਾ ਹੈ। ਜਿਸ ਥਾਂ `ਤੇ ਬੂਟਾ ਲਗਾਉਣਾ ਹੈ ਉਸ
ਥਾਂ ਨੂੰ ਲੱਗ-ਪੱਗ ਇੱਕ ਮਹੀਨਾ ਪਹਿਲਾਂ ਤਿਆਰ ਕਰਨਾ ਚਾਹੀਦਾ ਹੈ। ਕੁਦਰਤੀ ਵਾਤਾਵਰਣ ਦੀ ਸੰਭਾਲ਼ ਲਈ
ਸਰਾਕਰੀ ਅਰਧ ਸਰਕਾਰੀ ਮੁਹਤਬਰ ਬੰਦਿਆਂ ਤੇ ਸਮਾਜ ਦੇ ਹਰ ਵਰਗ ਨੂੰ ਧਿਆਨ ਦੇਣ ਦੀ ਲੋੜ ਹੈ ਓੱਥੇ
ਮਨੋ ਸੁਚੇਤ ਹੋਣ ਦੀ ਵੀ ਲੋੜ ਹੈ। ਵਿਕਸਤ ਮੁਲਕਾਂ ਵਿੱਚ ਸਰਕਾਰ ਦੀ ਆਗਿਆ ਤੋਂ ਬਿਨਾ ਕੋਈ ਦਰੱਖਤ
ਨਹੀਂ ਕੱਟ ਸਕਦਾ। ਰੁੱਖਾਂ ਦੀ ਰੱਖ-ਰਖਾਵ ਲਈ ਕਨੂੰਨ ਤਾਂ ਬਣੇ ਹੋਏ ਹਨ ਪਰ ਲੋੜ ਹੈ ਉਹਨਾਂ ਨੂੰ
ਸਖਤੀ ਨਾਲ ਲਾਗੂ ਕਰਨ ਦੀ।
ਕਈਆਂ ਸਾਲਾਂ ਤੋਂ ਸਰਕਾਰ ਕਹਿ ਰਹੀ ਹੈ ਕਿ ਝੋਨੇ ਦੀ ਪਰਾਲ਼ੀ ਤੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਈ
ਜਾਏ ਕਿਉਂਕਿ ਇਸ ਨਾਲ ਹਵਾ ਵਿੱਚ ਅਜੇਹੀਆਂ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ ਜੋ ਮਨੁੱਖੀ
ਜੀਵਨ ਲਈ ਬਹੁਤ ਹੀ ਘਾਤਕ ਹਨ। ਪਰ ਅਜੇ ਤੀਕ ਇਸ ਦਾ ਕੋਈ ਹੱਲ ਨਹੀਂ ਨਿਕਲਿਆ। ਝੋਨੇ ਦੀ ਪਰਾਲੀ ਤੇ
ਕਣਕ ਦੇ ਨਾੜ ਨੂੰ ਮਨੁੱਖੀ ਭਲਾਈ ਲਈ ਵਰਤਣਾ ਚਾਹੀਦਾ ਜੋ ਨਹੀਂ ਵਰਤਿਆ ਗਿਆ। ਕਣਕ ਦੇ ਨਾੜ ਤੇ ਝੋਨੇ
ਦੀ ਪਰਾਲ਼ੀ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਗੰਧਲਾ ਹੁੰਦਾ ਹੈ ਓੱਥੇ ਨੇੜੇ ਦਰੱਖਤਾਂ ਦਾ ਵੀ
ਦਿਨ ਦੀਵੀਂ ਘਾਣ ਹੁੰਦਾ ਹੈ। ਇੱਕ ਵਾਰ ਅੱਗ ਨਾਲ ਝੁਲਸਿਆ ਹੋਇਆ ਦਰੱਖਤ ਮੁੜ ਪਹਿਲੇ ਵਰਗਾ ਨਹੀਂ ਹੋ
ਸਕਦਾ। ਜੇ ਝੋਨੇ ਦੀ ਪਰਾਲ਼ੀ ਤੇ ਕਣਕ ਦੇ ਨਾੜ ਨੂੰ ਜ਼ਮੀਨ ਵਿੱਚ ਹੀ ਗਾਲ ਦਿੱਤਾ ਜਾਏ ਤਾਂ ਇਸ ਨਾਲ
ਜਿੱਥੇ ਜ਼ਮੀਨ ਨੂੰ ਤਾਕਤ ਮਿਲਦੀ ਹੈ ਓੱਥੇ ਕੁਦਰਤੀ ਵਾਤਾ-ਵਰਣ ਵੀ ਕਾਇਮ ਰਹਿੰਦਾ ਹੈ। ਕਿਸਾਨ ਵੀਰਾਂ
ਨੂੰ ਕੁੱਝ ਆਪ ਵੀ ਉਪਰਾਲੇ ਕਰਨੇ ਚਾਹੀਦੇ ਹਨ ਜਿਸ ਨਾਲ ਬੇ-ਲੋੜੀਆਂ ਜ਼ਹਿਰੀਲੀਆਂ ਗੈਸਾਂ ਤੋਂ ਬਚਿਆ
ਜਾ ਸਕਦਾ ਹੈ। ਖੇਤੀ ਮਸ਼ੀਨਰੀ ਦਾ ਜਿੱਥੇ ਕਿਰਸਾਨ ਨੂੰ ਸੁੱਖ ਹੈ ਕਿ ਦਿਨਾਂ ਵਾਲਾ ਕੰਮ ਘੰਟਿਆਂ
ਵਿੱਚ ਹੋ ਜਾਂਦਾ ਹੈ ਓੱਥੇ ਉਹ ਤੂੜੀ ਆਦ ਦਾ ਨੁਕਸਾਨ ਵੀ ਕਿਰਸਾਨ ਨੂੰ ਉਠਾਉਣਾ ਪੈ ਰਿਹਾ ਹੈ। ਕਣਕ
ਦੇ ਨਾੜ ਤਥਾ ਝੋਨੇ ਦੀ ਪਰਾਲੀ ਦਾ ਪੂਰਾ ਲਾਭ ਵੀ ਨਹੀਂ ਲੈ ਰਿਹਾ ਹੈ। ਸਰਾਕਰੀ ਤੰਤਰ ਦੀ
ਜ਼ਿੰਮੇਵਾਰੀ ਬਣਦੀ ਹੈ ਨਾੜ ਤੇ ਪਰਾਲ਼ੀ ਸੰਭਾਲਣ ਲਈ ਕਿਰਸਾਨ ਦੀ ਮਦਦ ਕਰੇ।
ਜ਼ਿੰਦਗੀ ਦਾ ਅਧਾਰ ਓਥੇ ਹੀ ਹੋ ਸਕਦਾ ਹੈ ਜਿੱਥੇ ਕੁਦਰਤ ਦੀ ਕੀਮਤੀ ਦਾਤ ਪਾਣੀ ਹੋਏਗਾ। ਦੁਨੀਆਂ ਦੀ
ਸਾਰੀ ਸਭਿਆਤਾ ਓਥੇ ਹੀ ਵਿਕਸਤ ਹੋਈ ਹੈ ਜਿੱਥੇ ਬਹੁਤਾਤ ਵਿੱਚ ਪਾਣੀ ਮਿਲਿਆ ਹੈ। ਪਿੰਡ ਸ਼ਹਿਰਾਂ ਦਾ
ਮੁੱਢ ਓਥੇ ਹੀ ਬੱਝਾ ਹੈ ਜਿੱਥੋਂ ਪਾਣੀ ਸੌਖਿਆਂ ਮਿਲਿਆ। ਵਿਗਿਆਨੀ ਇਸ ਤਾਕ ਵਿੱਚ ਲੱਗੇ ਹੋਏ ਹਨ ਕਿ
ਸ਼ਾਇਦ ਪਾਣੀ ਕਿਸੇ ਹੋਰ ਉਪ-ਗ੍ਰਹਿ ਤੇ ਵੀ ਹੋਏਗਾ। ਗੁਰੂ ਸਾਹਿਬਾਂ ਨੇ ਜਦੋਂ ਨਵੇਂ ਸ਼ਹਿਰ ਵਸਾਉਣੇ
ਅਰੰਭ ਕੀਤੇ ਤਾਂ ਪਹਿਲਾਂ ਪਾਣੀ ਦੀ ਸੰਭਾਲ ਲਈ ਸਰੋਵਰ ਬਣਾਏ। ਪੰਜਾਬ ਦੀ ਕਿਰਸਾਨੀ ਸੰਭਾਲਣ ਲਈ ਖੂਹ
ਲਵਾਏ। ਪਾਣੀ ਤੋਂ ਬਿਨਾਂ ਮਨੁੱਖ ਦੀ ਤਬਾਹੀ ਹੈ। ਝੋਨਾ ਪੰਜਾਬ ਦੀ ਰਵਾਇਤੀ ਖੇਤੀ ਨਹੀਂ ਸੀ। ਝੋਨੇ
ਦੀ ਫਸਲ ਤਾਂ ਉਥੇ ਹੀ ਲਗਾਈ ਜਾਂਦੀ ਹੈ ਜਿੱਥੇ ਕੁਦਰਤੀ ਬਰਸਾਤ ਜ਼ਿਆਦਾ ਪੈਂਦੀ ਹੈ। ਪੰਜਾਬ ਵਿੱਚ
ਧਰਤੀ ਹੇਠਲਾ ਪਾਣੀ ਬਹੁਤ ਹੀ ਬੇਦਰਦੀ ਨਾਲ ਜ਼ਮੀਨ ਵਿਚੋਂ ਕੱਢਿਆ ਜਾ ਰਿਹਾ ਹੈ। ਇੰਜ ਲੱਗਦਾ ਹੈ ਕਿ
ਪੰਜਾਬ ਨੂੰ ਬੰਜਰ ਹੋਣ ਤੋਂ ਕੋਈ ਨਹੀਂ ਬਚਾ ਸਕਦਾ।
ਦੁਨੀਆਂ ਨੂੰ ਬਹੁਤ ਨੇੜਿਓਂ ਹੋ ਕੇ ਦੇਖਿਆ ਹੈ। ਬਹੁਤਿਆਂ ਮੁਲਕਾਂ ਨੇ ਬਰਸਾਤ ਦੇ ਪਾਣੀ ਨੂੰ ਪੂਰੀ
ਤਰ੍ਹਾਂ ਸੰਭਾਲ ਕੇ ਰੱਖਿਆ ਹੁੰਦਾ ਹੈ ਕਿਉਂਕਿ ਸਾਰਾ ਸਾਲ ਉਸੇ ਪਾਣੀ ਦੀ ਵਰਤੋਂ ਕਰਨੀ ਹੁੰਦੀ ਹੈ।
ਕਈਆਂ ਮੁਲਕਾਂ ਵਿੱਚ ਜੇ ਬਰਸਾਤ ਦੀ ਮਿੱਥੀ ਮਿਕਦਾਰ ਤੋਂ ਬਰਸਾਤ ਘੱਟ ਹੁੰਦੀ ਹੈ ਤਾਂ ਓਥੇ ਘਰਾਂ
ਵਿੱਚ ਲੱਗੇ ਹੋਏ ਘਾਹ ਤੇ ਕਾਰਾਂ ਧੋਣ `ਤੇ ਮੁਕੰਮਲ ਪਾਬੰਦੀ ਲੱਗ ਜਾਂਦੀ ਹੈ।
ਮੇਰੇ ਦੇਖਦਿਆਂ ਦੇਖਦਿਆਂ ਧਰਤੀ ਹੇਠਲਾ ਪਾਣੀ ਕੁੱਝ ਸਾਲਾਂ ਵਿੱਚ ਛਾਲਾਂ ਮਾਰ ਕੇ ਥੱਲੇ ਚਲਾ ਗਿਆ
ਹੈ। ਕਿਰਸਨਾਂ ਨੂੰ ਡੂੰਘੇ ਡੂੰਘੇ ਬੋਰ ਕਰਾਉਣੇ ਪੈ ਰਹੇ ਹਨ। ਦੂਜੇ ਪਾਸੇ ਪਾਣੀ ਦੀ ਬੇਕਦਰੀ ਵੀ
ਬਹੁਤ ਹੋ ਰਹੀ ਹੈ। ਪਾਣੀ ਦੀ ਸੰਭਾਲ ਲਈ ਕੋਈ ਵੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਨਹੀਂ ਹੈ। ਪੰਜਾਬ
ਦੇ ਪਿੰਡਾਂ ਵਿੱਚ ਜਦੋਂ ਦੀਆਂ ਘਰਾਂ ਵਿੱਚ ਬਿਜਲਈ ਮੋਟਰਾਂ ਲੱਗੀਆਂ ਹੋਈਆਂ ਹਨ ਓਦੋਂ ਤੋਂ ਹੀ ਜੇ
ਇੱਕ ਬਾਲਟੀ ਪਾਣੀ ਦੀ ਚਾਹੀਦੀ ਹੋਵੇ ਤਾਂ ਘਰ ਵਿੱਚ ਲੱਗੀ ਮੋਟਰ ਨੂੰ ਚਲਾਇਆ ਜਾਂਦਾ ਹੈ ਜੋ ਦੋ
ਮਿੰਟਾਂ ਵਿੱਚ ਹੀ ਸੋ ਲੀਟਰ ਪਾਣੀ ਬਾਹਰ ਕੱਢ ਦੇਂਦੀ ਹੈ। ਜੇ ਨਹਾਉਣਾ ਹੋਵੇ ਤਾਂ ਇੱਕ ਬਾਲਟੀ ਨਾਲ
ਵੀ ਚੰਗੀ ਤਰ੍ਹਾਂ ਨਹਾਇਆ ਜਾ ਸਕਦਾ ਤੇ ਜੇ ਪਾਣੀ ਰੋੜਨਾ ਹੀ ਹੈ ਤਾਂ ਇੱਕ ਪਾਸੇ ਮੋਟਰ ਚਲ ਰਹੀ
ਹੁੰਦੀ ਹੈ ਦੂਜੇ ਪਾਸੇ ਬੰਦਾ ਬੁਰਸ਼ ਕਰ ਰਿਹਾ ਹੁੰਦਾ ਹੈ ਤੇ ਪਾਣੀ ਚਲੀ ਜਾ ਰਿਹਾ ਹੁੰਦਾ ਕਿਸੇ ਨੂੰ
ਕੋਈ ਪਰਵਾਹ ਨਹੀਂ ਹੈ। ਸ਼ਹਿਰਾਂ ਵਿੱਚ ਵੀ ਟੂਟੀ ਖੁਲ੍ਹੀ ਛੱਡ ਕੇ ਬਰੁਸ਼ ਕਰਨ ਦੀ ਆਦਤ ਹੈ। ਜ਼ਮੀਨੀ
ਪਾਣੀ ਨੀਵਾਂ ਹੋਣ ਨਾਲ ਜਿੱਥੇ ਦਰੱਖਤ ਸੁੱਕ ਗਏ ਹਨ ਓਥੇ ਆਉਣ ਵਾਲੇ ਸਮੇਂ ਵਿੱਚ ਮਨੁੱਖਤਾ ਵੀ ਜ਼ਰੁਰ
ਸੁਕੇਗੀ।
ਜਿਹੜਾ ਪਾਣੀ ਬੱਚਿਆ ਹੈ ਉਸ ਵਿੱਚ ਅੰਧਵਿਸ਼ਵਾਸੀ ਪੁਜਾਰੀਆਂ ਨੇ ਵਹਿਮੀ ਬੰਦੇ ਪਾਸੋਂ ਘਟੀਆ ਤੋਂ
ਘਟੀਆ ਸਮਾਨ ਦਰਿਆਵਾਂ ਵਿੱਚ ਸੁਟਾਇਆ ਜਾ ਰਿਹਾ ਹੈ। ਤੁਸੀਂ ਆਮ ਦਰਿਆਵਾਂ ਦੇ ਪੁਲਾਂ `ਤੇ ਚੰਗੇ ਭਲੇ
ਪੜ੍ਹੇ ਲਿਖੇ ਲੋਕ ਮੂਰਖ ਬਣ ਰਹੇ ਹੁੰਦੇ ਦੇਖੋਗੇ ਕਿ ਉਹ ਪਰਵਾਰ `ਤੇ ਆਈ ਸਾੜ੍ਹ ਸਤੀ ਨੂੰ ਦੂਰ ਕਰਨ
ਲਈ ਲਾਲ ਕੱਪੜਾ, ਸੰਧੂਰ, ਨਾਰੀਅਲ, ਮਾਂਹ ਤੇ ਹੋਰ ਪਤਾ ਨਹੀਂ ਕੀ ਕੁੱਝ ਦਰਿਆ ਵਿੱਚ ਸੁੱਟ ਕੇ
ਮੰਨਤਾ ਕਰ ਰਹੇ ਹੁੰਦੇ ਹਨ। ਦਰਿਆਵਾਂ ਦੇ ਸਾਫ਼ ਸੁਥਰੇ ਪਾਣੀ ਵਿੱਚ ਅਸੀਂ ਆਪ ਕਾਂਜੀ ਘੋਲ਼ ਰਹੇ ਹਾਂ।
ਇਹਨਾਂ ਦਰਿਆਵਾਂ ਵਿੱਚ ਪਲਾਸਟਿਕ ਦੇ ਲਿਫਾਫਿਆਂ ਸਮੇਤ ਸਮਾਨ ਨੂੰ ਰੋੜਿਆ ਜਾ ਰਿਹਾ ਹੈ। ਇਹ ਪਾਸਟਿਕ
ਦੇ ਲਿਫਾਫੇ ਪਾਣੀ ਕਦੇ ਵੀ ਨਹੀਂ ਗਲ਼ਦੇ। ਕਨੂੰਨ ਦੇ ਰਖਵਾਲੇ ਇੱਕ ਮੂਕ ਦਰਸ਼ਕ ਬਣ ਕੇ ਦੇਖੀ ਜਾ ਰਹੇ
ਹੁੰਦੇ ਹਨ ਇਹਨਾਂ ਨੂੰ ਹਟਾਉਣ ਲਈ ਤਿਆਰ ਨਹੀਂ ਹੁੰਦੇ।
ਭਾਈ ਜੇਤਿੰਦਰ ਵਿੱਚ ਐਲ ਏ ਵਾਲਿਆਂ ਨੂੰ ਮੈਂ ਪੁਛਿਆ ਕਿ ਤੁਸੀਂ ਸਰਵਸ ਕਿਹੜੀ ਕਰ ਰਹੇ ਹੋ ਤਾਂ
ਉਹਨਾਂ ਨੇ ਮੈਨੂੰ ਦੱਸਿਆ ਕਿ ਮੇਰੇ ਪਾਸ ਸਰਕਾਰੀ ਸਰਵਸ ਹੈ ਤੇ ਮੈਂ ਸਰਕਾਰ ਵਲੋਂ ਇੱਕ ਪ੍ਰਜੈਕਟ
ਤਿਆਰ ਕਰ ਰਿਹਾ ਹਾਂ ਕਿ ਜੋ ਪਲਾਸਟਿਕ ਦੇ ਲਿਫਾਫੇ ਤੇ ਫੋਮ ਦੀਆਂ ਪਲੇਟਾਂ ਅਸੀਂ ਵਰਤ ਰਹੇ ਹਾਂ ਇਹ
ਮਨੁੱਖ ਤੇ ਕੁਦਰਤ ਲਈ ਕਿੰਨੀਆਂ ਹਾਨੀਕਾਰਕ ਹਨ ਤੇ ਇਹਨਾਂ ਦਾ ਬਦਲ ਕੀ ਹੋਣਾ ਚਾਹੀਦਾ ਹੈ ਇਹ ਖੋਜ
ਕੀਤੀ ਜਾ ਰਹੀ ਹੈ। ਮੈਂ ਸੋਚ ਰਿਹਾ ਸੀ ਕਿ ਆਪਣੇ ਪੰਜਾਬ ਵਿੱਚ ਪਲਾਸਟਿਕ ਦੇ ਲਿਫਾਫਿਆਂ `ਤੇ ਪਬੰਦੀ
ਜ਼ਰੂਰ ਲੱਗੀ ਸੀ ਪਰ ਉਸ `ਤੇ ਅਮਲ ਅੱਜ ਤੀਕ ਨਹੀਂ ਹੋਇਆ। ਪਲਾਸਟਿਕ ਦੇ ਲਿਫਾਫੇ ਗੰਦਗੀ ਢੇਰਾਂ `ਤੇ
ਆਮ ਦੇਖੇ ਜਾਂਦੇ ਹਨ। ਇਹ ਲਿਫਾਫੇ ਜ਼ਮੀਨ ਵਿੱਚ ਗਲ਼ਦੇ ਨਹੀਂ ਹਨ। ਪਰ ਇਹਨਾਂ ਦੀ ਵਰਤੋਂ ਕਰਨ ਤੋਂ
ਕੋਈ ਰੋਕ ਨਹੀਂ ਰਿਹਾ। ਦਰ ਅਸਲ ਪਲਾਸਟਿਕ ਦੇ ਲਿਫਾਫੇ ਤਿਆਰ ਕਰਨ ਵਾਲੀਆਂ ਫਰਮਾਂ ਰਾਜਨੀਤਿਕ ਲੋਕਾਂ
ਨੂੰ ਚੰਦੇ ਵੀ ਤਾਂ ਦੇਂਦੀਆਂ ਹਨ।
ਨਿਉਜ਼ੀਲੈਂਡ ਭਾਈ ਜੋਗਿੰਦਰ ਸਿੰਘ ਅਕਸਰ ਕਥਾ ਦੀਆਂ ਸੀਡੀਜ਼ ਤਿਆਰ ਕਰਦੇ ਹਨ। ਇੱਕ ਦਿਨ ਉਹ ਕੈਮਰਾ
ਫਿੱਟ ਕਰਕੇ ਚਲੇ ਗਏ ਤੇ ਉਹ ਦੁਬਾਰਾ ਦੇਰ ਨਾਲ ਗੁਰਦੁਆਰਾ ਸਾਹਿਬ ਪਹੁੰਚੇ ਮੈਂ ਪੁੱਛਿਆ ਕਿ ਅੱਜ
ਕਿੱਧਰ ਗਏ ਸੀ? ਉਹਨਾਂ ਨੇ ਮੈਨੂੰ ਦੱਸਿਆ ਕਿ ਨਵੰਬਰ ਦੇ ਮਹੀਨੇ ਦੀਵਾਲੀ ਦੇ ਤਿਉਹਾਰ `ਤੇ ਭਾਰਤੀਆਂ
ਵਲੋਂ ਮੇਲਾ ਲਗਾਇਆ ਜਾਂਦਾ ਹੈ। ਉਸ ਮੇਲੇ ਵਿੱਚ ਦੁਕਾਨਾਂ ਲਗਾਉਣ ਵਾਲਿਆਂ ਦੀ ਸਰਕਾਰੀ ਮਹਿਕਮੇ ਨਾਲ
ਮੀਟਿੰਗ ਸੀ। ਦੇਖੋ ਦੀਵਾਲੀ ਨੰਵਬਰ ਵਿੱਚ ਆਉਣੀ ਸੀ ਤੇ ਮੀਟਿੰਗ ਜੁਲਾਈ ਵਿੱਚ ਕੀਤੀ ਜਾ ਰਹੀ ਸੀ।
ਮੈਂ ਸਭਾਵਕ ਪੁੱਛਿਆ ਮੀਟਿੰਗ ਦਾ ਐਜੰਡਾ ਕੀ ਸੀ? ਉਹਨਾਂ ਨੇ ਦੱਸਿਆ ਕਿ ਸਰਕਾਰੀ ਤੰਤਰ ਨੇ ਸਾਨੂੰ
ਕੁੱਝ ਗੱਲਾਂ ਸਮਝਾਈਆਂ ਸਨ ਕਿ ਵਰਤੇ ਹੋਏ ਸਮਾਨ ਦੀ ਸੰਭਾਲ ਕਿਵੇਂ ਕਰਨੀ ਹੈ। ਬਹੁਤ ਹੀ ਬਰੀਕੀ
ਵਿੱਚ ਜਾਂਦਿਆ ਉਹਨਾਂ ਦੱਸਿਆ ਇੱਕ ਗਿਲਾਸ ਵੀ ਪਾਣੀ ਦਾ ਜ਼ਮੀਨ `ਤੇ ਨਹੀਂ ਰੁੜ੍ਹਨਾ ਚਾਹੀਦਾ। ਸਿਹਤ
ਦੇ ਮਹਿਕਮੇ ਵਾਲੇ ਸਮਝਦੇ ਹਨ ਕਿ ਇੱਕ ਗਿਲਾਸ ਪਾਣੀ ਰੁੜ੍ਹਨ ਨਾਲ ਵੀ ਜ਼ਮੀਨ ਵਿੱਚ ਜ਼ਹਿਰੀਲਾ ਮਾਦਾ
ਜਾ ਸਕਦਾ ਹੈ। ਦੂਸਰਾ ਹਰ ਪ੍ਰਕਾਰ ਦੇ ਕੂੜੇ ਦੀ ਸੰਭਾਲ ਲਈ ਜਾਣਕਾਰੀ ਦਿੱਤੀ ਤੇ ਉਲੰਘਣਾ ਕਰਨ ਵਾਲੇ
ਨੂੰ ਭਾਰੀ ਜੁਰਮਾਨਾ ਲੱਗਣ ਦੀ ਚਿਤਾਵਨੀ ਦਿੱਤੀ।
ਇੱਧਰ ਲਈਏ ਆਪਣੇ ਧਰਮ ਕਰਮ ਦੀ ਗੱਲ਼ ਆਪਣੇ ਮੁਲਕ ਵਿੱਚ ਧਰਮ ਦੇ ਨਾਂ ਦੇ ਜਲੂਸ, ਸੋਭਾ ਯਾਤਰਾਵਾਂ,
ਨਗਰ ਕੀਰਤਨ ਜਾਂ ਹੋਰ ਕੋਈ ਧਾਰਮਿਕ ਸਮਾਗਮ ਕੀਤੇ ਜਾਦੇ ਹਨ। ਓਥੇ ਵਰਤੀਆਂ ਹੋਈਆਂ ਪਲੇਟਾਂ ਪਲਾਸਟਿਕ
ਦੇ ਲਿਫਾਫੇ ਅਗਲੇ ਧਾਰਮਿਕ ਦਿਹਾੜੇ ਦੀ ੳਡੀਕ ਕਰ ਰਹੇ ਹੁੰਦੇ ਹਨ। ਅਸੀਂ ਧਰਮ ਕਰਮ ਕਰਦਿਆਂ ਵੀ
ਕੁਦਰਤ ਨਾਲ ਖਿਲਵਾੜ ਹੀ ਕਰ ਰਹੇ ਹੁੰਦੇ ਹਾਂ
ਜਿੱਥੇ ਸਰਕਾਰੀ ਤੰਤਰ ਨੂੰ ਕੁਦਰਤ ਦੀ ਸੰਭਾਲ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਓਥੇ ਸਮਾਜ ਸੇਵੀ
ਜੱਥੇ ਬੰਦੀਆਂ ਨੂੰ ਅੱਗੇ ਆਉਣ ਦੀ ਲੋੜ ਹੈ। ਬਾਕੀ ਸਰਕਾਰ ਨੂੰ ਵੋਟਾਂ ਦੀ ਰਾਜਨੀਤੀ ਤੋਂ ਉੱਪਰ ਉੱਠ
ਕੇ ਸਖਤ ਫੈਸਲੇ ਲੈਣੇ ਚਾਹੀਦੇ ਹਨ ਤੇ ਹਰ ਚੀਜ਼ ਦੇ ਬਦਲ ਲੱਭਣੇ ਚਾਹੀਦੇ ਹਨ।