. |
|
ਭੇਖੀ ਸਾਧਾਂ, ਸੰਪ੍ਰਾਦਾਈਆਂ ਅਤੇ ਬ੍ਰਹਮ ਗਿਆਨੀਆਂ ਤੋਂ ਕੌਮ ਦਾ ਛੁਟਕਾਰਾਂ ਕਿਵੇਂ ਹੋਵੇ?
ਅਵਤਾਰ ਸਿੰਘ ਮਿਸ਼ਨਰੀ (510-432-5827)
ਗੁਰਬਾਣੀ ਵਿਖੇ ਆਏ ਸੰਤ, ਸਾਧ, ਬ੍ਰਹਮ ਗਿਆਨੀ, ਸਾਧੂ, ਫਕੀਰ, ਭਗਤ ਅਤੇ
ਮਹਾਂਪੁ੍ਰਖ ਆਦਿਕ ਸ਼ਬਦਾਂ ਦੀ ਉਨ੍ਹਾਂ ਦੇ ਮੁੱਖ ਭਾਵ ਲੈ ਕੇ ਹਰ ਪ੍ਰਚਾਰਕ, ਕਥਾਵਾਚਕ, ਪ੍ਰਬੰਧਕ
ਅਤੇ ਗ੍ਰੰਥੀ ਨੂੰ ਵਿਆਖਿਆ ਕਰਨੀ ਚਾਹੀਦੀ ਹੈ। ਪਿੰਡ ਪੱਧਰ ਅਤੇ ਹਰ ਗਲੀ ਮੁਹੱਲੇ ਵਿੱਚ
ਗੁਰਦੁਆਰਿਆਂ ਅਤੇ ਸਕੂਲਾਂ ਕਾਲਜਾਂ ਵਿੱਚ ਗੁਰਮਤਿ ਦੀਆਂ ਕਲਾਸਾਂ ਲੱਗਣੀਆਂ ਚਾਹੀਦੀਆਂ ਹਨ ਜਿਵੇਂ
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਾਲੇ ਲਾ ਰਹੇ ਹਨ। ਸਭ ਤੋਂ ਪਹਿਲਾਂ ਵੱਡਿਆਂ ਦੀਆਂ, ਦੂਜੇ ਨੌਜਵਾਨਾਂ
ਅਤੇ ਤੀਜੇ ਬੱਚਿਆਂ ਦੀਆਂ ਵੱਖ-ਵੱਖ ਗੁਰਮਤਿ ਕਲਾਸਾਂ ਲੱਗਣ। ਖਾਸ ਕਰਕੇ ਪ੍ਰਬੰਧਕਾਂ, ਪ੍ਰਚਾਰਕਾਂ
ਅਤੇ ਗ੍ਰੰਥੀਆਂ ਦੀਆਂ ਇਸ ਸਬੰਧ ਵਿੱਚ ਵਿਸ਼ੇਸ਼ ਗੁਰਮਤਿ ਕਲਾਸਾਂ ਲੱਗਣ ਤਾਂ ਜਾਗਰਤੀ ਆ ਸਕਦੀ ਹੈ।
ਜਦੋਂ ਸਿੱਖ ਸੰਗਤਾਂ ਗਿਆਨਵਾਨ ਹੋ ਗਈਆਂ ਅਤੇ ਭਾੜੇ ਦੇ ਪਾਠ ਕੀਰਤਨ ਕਰਾਉਣੇ, ਡੇਰੇਦਾਰ ਸਾਧਾਂ
ਦੀਆਂ ਗੋਲਕਾਂ ਭਰਨੀਆਂ ਅਤੇ ਗੁਪਤ ਤੇ ਜਾਹਰ ਲੁਫਾਫੇ ਦੇਣੇ ਬੰਦ ਹੋ ਗਏ, ਫਿਰ ਨਾਂ ਡੇਰੇਦਾਰ ਸਾਧ
ਲੱਭਣਗੇ, ਨਾਂ ਹੀ ਪਾਖੰਡਵਾਦੀ ਡੇਰੇ ਪਣਪਨਗੇ ਅਤੇ ਬਗਲੇ ਸੰਤ, ਭਗਤ ਅਤੇ ਅਖੌਤੀ ਬ੍ਰਹਮ ਗਿਆਨੀ ਵੀ
ਸਿੱਖੀ ਦੀ ਫਸਲ ਤੋਂ ਗੁਰੂ ਸ਼ਬਦ ਗਿਆਨ ਦੇ ਗੁਲੇਲੇ ਵੱਜਣ ਕਰਕੇ ਉੱਡ-ਪੁੱਡ ਜਾਣਗੇ। ਇਸ ਸਬੰਧ ਵਿੱਚ
ਜੇ ਸਭ ਤੋਂ ਪਹਿਲਾਂ ਪ੍ਰਬੰਧਕ ਸੱਜਨ ਗਿਆਨਵਾਨ ਹੋ ਕੇ ਸਾਵਧਾਨ ਹੋ ਜਾਣ ਤਾਂ ਸੋਨੇ ਤੇ ਸੁਹਾਗੇ ਵਾਲੀ
ਗੱਲ ਹੋਵੇਗੀ। ਦੂਜਾ ਪ੍ਰਚਾਰਕ ਵੀ ਆਪਣੀ ਕਿਰਤ ਵਿਰਤ ਕਰਦੇ ਪ੍ਰਚਾਰ ਕਰਨ, ਉਨ੍ਹਾਂ ਨੂੰ ਕਿਸੇ ਤੇ
ਆਸ੍ਰਿਤ (ਡਿਪੈਂਡ) ਨਾਂ ਹੋਣਾ ਪਵੇ, ਸੱਚ ਨੂੰ ਸੱਚ ਕਹਿ ਸੱਕਣ ਤਾਂ ਬਹੁਤ ਵੱਡੀ ਤਬਦੀਲੀ ਆ ਸਕਦੀ
ਹੈ।
ਚੇਤੇ ਰਹੇ ਕਿ ਉੱਚੇ ਸੁੱਚੇ ਭਾਵਾਂ ਵਾਲੇ ਸੰਤ, ਬਾਬਾ, ਸਾਧ, ਭਗਤ,
ਮਹਾਂਪੁਰਖ, ਗਿਆਨੀ ਅਤੇ ਬ੍ਰਹਮ ਗਿਆਨੀ ਆਦਿਕ ਸ਼ਬਦ ਭੇਖੀਆਂ ਅਤੇ ਪਾੰਡੀਆਂ ਨੇ ਗੁਰਬਾਣੀ ਚੋਂ ਚੁਰਾ
ਲਏ ਹਨ ਜੋ ਪੰਥ ਨੂੰ ਵਾਪਸ ਲੈ ਲੈਣੇ ਚਾਹੀਦੇ ਹਨ। ਜੇ ਪੰਥ ਸੁਚੇਤ ਹੋਵੇ ਤਾਂ ਘੱਟ ਤੋਂ ਘੱਟ ਸਿੱਖੀ
ਭੇਖ ਵਿੱਚ ਡੇਰੇ ਉਸਰਨ ਹੀ ਨਾਂ, ਵੱਖ-ਵੱਖ ਡੇਰਿਆਂ ਦੀ ਉਸਾਰੀ ਹੀ ਪੰਥ ਦੀ ਖੁਆਰੀ ਹੈ। ਅਜੋਕੇ
ਅਖੌਤੀ ਜਥੇਦਾਰ ਖੁਦ ਵੱਖ-ਵੱਖ ਡੇਰਿਆਂ ਦੀ ਪਦਾਇਸ਼ ਹਨ, ਇਸੇ ਕਰਕੇ ਉਹ ਗੱਜ ਵੱਜ ਕੇ ਡੇਰਿਆਂ ਦੇ
ਉਦਘਾਟਨ ਕਰ ਰਹੇ ਹਨ। ਅਖੌਤੀ ਜਥੇਦਾਰ ਖੁਦ, ਗੁਰੂ ਹੁਕਮਾਂ ਨੂੰ ਛਿੱਕੇ ਤੇ ਟੰਗ ਕੇ, ਸੰਪ੍ਰਦਾਈ
ਡੇਰੇਦਾਰ ਸਾਧਾਂ ਦੀਆਂ ਬਰਸੀਆਂ ਤੇ ਸਿਰੋਪੇ, ਸ਼ੁਹਰਤ ਅਤੇ ਮਾਇਆ ਨਾਗਨੀ ਦੇ ਭਰੇ ਲੁਫਾਫਿਆਂ ਖਾਤਰ,
ਭੱਜੇ ਫਿਰਦੇ ਹਨ। ਇਹ ਗੁਰਬਾਣੀ ਦਾ ਨੁਕਤਾਂ ਸਦਾ ਯਾਦ ਰੱਖੋ ਕਿ
“ਬ੍ਰਹਮ ਗਿਆਨੀ ਆਪ ਪ੍ਰਮੇਸ਼ਰ॥ ਬ੍ਰਹਮ
ਗਿਆਨੀ ਸਭ ਸ੍ਰਿਸਟ ਕਾ ਕਰਤਾ॥ ਅਤੇ
ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ॥“ (ਸੁਖਮਨੀ)
ਸਿੱਖ ਸੰਗਤਾਂ ਅਤੇ ਵਿਦਵਾਨਾਂ ਨੂੰ ਕੁਝ ਸਵਾਲ-ਕੀ ਇਹ
ਬ੍ਰਹਮ ਗਿਆਨੀ ਸੰਤ ਕਹਾਉਣ ਵਾਲੇ ਭੇਖਧਾਰੀ, ਮਾਂ ਬਾਪ ਤੋਂ ਪੈਦਾ ਨਹੀਂ ਹੋਏ? ਕੀ ਇਹ ਅਕਾਸ਼ ਚੋ
ਡਿੱਗੇ ਹਨ? ਕੀ ਇਹ ਪ੍ਰਮੇਸ਼ਰ ਹਨ? ਕੀ ਇਹ ਸਾਰੀ ਸ੍ਰਿਸ਼ਟੀ ਦੇ ਕਰਤੇ ਹਨ? ਕੀ ਇਹ ਜੰਮਦੇ ਅਤੇ ਮਰਦੇ
ਨਹੀਂ?ਕੀ ਇਨ੍ਹਾਂ ਦੇ ਸਰੀਰ ਬਾਕੀ ਸਭ ਵਾਂਗ ਪੰਜ ਤੱਤਾਂ ਤੋਂ ਪੈਦਾ ਨਹੀਂ ਹੋਏ? ਜਿਸ ਮਾਂ ਨੇ
ਇਨ੍ਹਾਂ ਨੂੰ ਪੈਦਾ ਕੀਤਾ ਉਸ ਨੂੰ ਹੀ ਗਲੀਚ ਦਸਦੇ ਅਤੇ ਮਰਦ ਦੇ ਬਰਾਬਰ ਅਧਿਕਾਰ ਨਹੀਂ ਦਿੰਦੇ, ਕੀ
ਐਸੀ ਸੋਚ ਵਾਲੇ ਭੇਖੀਆਂ ਨੂੰ ਸੰਤ, ਸਾਧ ਜਾਂ ਬ੍ਰਹਮ ਗਿਆਨੀ ਕਿਹਾ ਜਾ ਸਕਦਾ ਹੈ?
ਜੇ ਮੰਨੀਆਂ ਜਾਂਦੀਆਂ ਪੰਥ ਦੀਆਂ ਸਿਰਮੌਰ ਜਥੇਬੰਦੀਆਂ, ਬੁੱਢਾ ਤੇ ਤਰਨਾ
ਦਲ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ ਅਤੇ ਸ਼੍ਰੋਮਣੀ ਕਮੇਟੀ ਵਾਕਿਆ ਹੀ ਸਿੱਖ ਹਿਤੈਸ਼ੀ ਹਨ ਤਾਂ
ਫਿਰ “ਗੁਰੂ ਗ੍ਰੰਥ ਸਾਹਿਬ ਜੀ” ਦੀ ਛੱਤਰਛਾਇਆ ਹੇਠ ਇਕੱਠੇ ਹੋ ਕੇ ਐਲਾਨ ਕਰ ਦੇਣ ਕਿ ਸਿੱਖ
ਪੰਥ ਵਿੱਚ ਕੋਈ ਡੇਰੇਦਾਰ ਸਾਧ ਅਤੇ ਡੇਰਾ ਸੰਪ੍ਰਦਾ ਆਦਿਕ ਪ੍ਰਵਾਣ ਨਹੀਂ ਅਤੇ ਡੇਰੇਦਾਰ ਸੰਪ੍ਰਦਾਈ
ਸਿੱਖ ਨਹੀਂ ਅਖਵਾ ਸਕਦੇ। ਸਿੱਖ ਸੰਗਤਾਂ ਡੇਰਿਆਂ ਤੇ ਜਾ ਕੇ ਮੱਥੇ ਟੇਕਣੇ, ਪਾਠ ਕੀਰਤਨ ਕਰਾਉਣੇ
ਅਤੇ ਗੁਪਤ ਦਾਨ ਕਰਨੇ ਬੰਦ ਕਰ ਦੇਣ, ਡੇਰਿਆਂ ਨੂੰ ਗੁਰਦੁਆਰਿਆਂ ਵਿੱਚ ਬਦਲ ਕੇ ਇੱਕਸਾਰ ਸਿੱਖ ਰਹਿਤ
ਮਰਯਾਦਾ ਲਾਗੂ ਕਰ ਦੇਣ ਤਾਂ ਭੇਖੀ ਸਾਧਾਂ ਦੇ ਡੇਰੇ ਆਪਣੇ ਆਪ ਬੰਦ ਹੋ ਜਾਣਗੇ।
ਅੱਜ ਸਿੱਖ ਕੌਮ ਦੀ ਤਰਾਸਦੀ ਇਹ ਹੈ ਕਿ ਪੰਥਕ ਅਖਵਾਉਂਦੀਆਂ ਉਪ੍ਰੋਕਤ
ਜਥੇਬੰਦੀਆਂ ਖੁਦ ਡੇਰੇਦਾਰ ਸੰਪ੍ਰਦਾਈਆਂ ਨਾਲ ਘਿਉ-ਖਿਚੜੀ ਹੋਈਆਂ ਪਈਆਂ ਹਨ। ਜਥੇਦਾਰ ਵੀ ਖੁਦ
ਡੇਰਿਆਂ ਤੇ ਜਾਂਦੇ ਸਿਰੋਪੇ ਲੈਂਦੇ ਅਤੇ ਨਵੇਂ ਬਣ ਰਹੇ ਡੇਰਿਆਂ ਦਾ ਉਦਘਾਟਨ ਕਰ ਰਹੇ ਹਨ। ਬਹੁਤ
ਸਾਰੀਆਂ ਪੰਥ ਦਰਦੀ ਸਿੱਖ ਮਿਸ਼ਨਰੀ ਜਥੇਬੰਦੀਆਂ ਵੀ ਆਪਸੀ ਤਾਲਮੇਲ ਨਾਲ ਬਹੁਤ ਘੱਟ ਕੰਮ ਕਰ ਰਹੀਆਂ
ਹਨ। ਮਿਸ਼ਨਰੀ ਆਪੋ ਆਪਣੀ ਕਿਰਤ ਕਮਾਈ ਤੇ ਡਿਪੈਂਡ ਹਨ ਪਰ ਬਹੁਤੇ ਗੁਰਦੁਆਰੇ ਅਤੇ ਪ੍ਰਬੰਧਕ ਜਿਨ੍ਹਾਂ
ਕੋਲ ਵੱਡੀਆਂ ਵੱਡੀਆਂ ਗੋਲਕਾਂ ਹਨ ਵੀ ਬਹੁਤਾ ਪੈਸਾ ਫਾਲਤੂ ਕੰਮਾਂ ਜਾਂ ਬੇਲੜੀਆਂ ਬਿਲਡਿੰਗ
ਉਸਾਰੀਆਂ ਅਤੇ ਸਾਧਾਂ ਦੀਆਂ ਬਰਸੀਆਂ ਮਨਾਉਣ ਤੇ ਖਰਚੀ ਜਾ ਰਹੇ ਹਨ।
ਯਾਦ ਰੱਖੋ ਸਿੱਖ ਧਰਮ ਦੇ ਇਹ ਕੰਨਸੈਪਟ ਹਨ-ਇੱਕ ਅਕਾਲ ਪੁਰਖ, ਇੱਕ ਸ਼ਬਦ
ਗੁਰੂ, ਇੱਕ ਰਹਿਤ ਮਰਯਾਦਾ, ਧਰਮ ਵਿਦਿਆ ਦੇ ਸਕੂਲ ਗੁਰਦੁਆਰੇ, ਸੰਗਤਿ ਪੰਗਤ, ਸੰਤ ਸਿਪਾਹੀ, ਕਿਰਤ
ਕਰੋ, ਵੰਡ ਛੱਕੋ ਅਤੇ ਨਾਮ ਜਪੋ। ਇਸ ਲਈ ਡੇਰੇਦਾਰ ਸਾਧ ਸੰਪ੍ਰਦਾਈਆਂ ਦਾ ਸਿੱਖੀ ਵਿੱਚ ਕੋਈ
ਕੰਨਸੈਪਟ ਨਹੀਂ। ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵੋਟਾਂ ਖਾਤਰ ਡੇਰੇਦਾਰਾਂ ਦੇ ਅੱਗੇ ਪਿੱਛੇ ਭੱਜੇ
ਫਿਰਦੇ ਜਰਾ ਵੀ ਸ਼ਰਮ ਨਹੀਂ ਕਰ ਰਹੇ।
ਅਖੀਰ ਤੇ ਦਰਦ ਭਰੀ ਅਪੀਲ ਕਰਦਾ ਹਾਂ ਕਿ ਜਿਹੜੇ ਵੀ ਸਿੱਖ, ਜਥੇਬੰਦੀਆਂ,
ਮਿਸ਼ਨਰੀ ਕਾਲਜ ਅਤੇ ਪੰਥ ਦਰਦੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਭਰੋਸਾ ਰੱਖਦੇ ਹਨ, ਮਿਲਜੁਲ
ਕੇ ਆਪਸੀ ਤਾਲਮੇਲ ਰੱਖਣ ਅਤੇ ਗੁਰਦੁਆਰਾ ਪ੍ਰਬੰਧਕ ਕਮੇਟਿਆਂ ਨਾਲ ਸੁਹਿਰਦ ਰਾਬਤਾ ਪੈਦਾ ਕਰਕੇ
ਗੁਰਦੁਆਰਿਆਂ ਵਿੱਚ ਇੱਕਸਾਰ ਮਰਯਾਦਾ ਲਾਗੂ ਕਰਵਾ ਦੇਣ, ਘੱਟੋ ਘੱਟ ਡੇਰੇਦਾਰਾਂ ਨੂੰ ਗੁਰਦੁਆਰਿਆਂ
ਦੀਆਂ ਸਟੇਜਾਂ ਤੇ ਨਾਂ ਬੁਲਾਉਣ ਤਾਂ ਅਖੌਤੀ ਡੇਰਾਵਾਦ ਤੇ ਨੱਥ ਪਾਈ ਜਾ ਸਕਦੀ ਹੈ। ਸਿੱਖ ਸੰਗਤੋ
ਜਾਗੋ! ਗੁਰਬਾਣੀ ਦਾ ਪਾਠ, ਕੀਰਤਨ ਅਤੇ ਵਿਚਾਰ ਆਪ ਕਰਨ ਦਾ ਅਭਿਆਸ ਕਰਕੇ ਜੀਵਨ ਵਿੱਚ ਧਾਰਨ ਕਰੋ,
ਸਾਧਾਂ ਦੀ ਥਾਂ ਕਿਰਤ ਕਮਾਈ ਨੂੰ ਗੁਰਮਤਿ ਪ੍ਰਚਾਰ, ਵਿਦਿਆ ਆਦਿਕ ਲੋਕ ਭਲਾਈ ਦੇ ਕਾਰਜਾਂ ਲਈ ਵਰਤੋ
ਤਾਂ ਭੇਖੀ ਸਾਧ ਸੰਤ ਅਤੇ ਅਖੌਤੀ ਬ੍ਰਹਮ ਗਿਆਨੀ ਡੇਰੇਦਾਰ ਸੰਪ੍ਰਦਾਈ ਸਿੱਖੀ ਦੇ ਵਿਹੜੇ ਵਿੱਚੋਂ
ਨਿਕਲ ਜਾਣਗੇ ਜਾਂ ਬੰਦੇ ਬਣਕੇ ਗੁਰਮਤਿ ਧਾਰਨ ਕਰ ਲੈਣਗੇ। ਇਹ ਕੁਝ ਨੁਕਤੇ ਹਨ ਭੇਖੀ ਡੇਰੇਦਾਰ
ਸਾਧਾਂ ਦੇ ਭਰਮਜਾਲ ਤੋਂ ਸਿੱਖ ਸੰਗਤਾਂ ਨੂੰ ਸਦਾ ਲਈ ਛੁਟਕਾਰਾ ਪਾਉਣ ਦੇ।
|
. |