.

ਮੱਥਾ ਟੇਕਣਾ

ਵੀਰ ਭੁਪਿੰਦਰ ਸਿੰਘ


ਗੁਰਮਤ ਬਾਰੇ ਜਿਤਨੇ ਵੀ ਸਵਾਲ ਹਨ ਉਨ੍ਹਾਂ ਵਿੱਚੋਂ ਇਕ ਸਵਾਲ ਬਹੁਤ ਵਾਰੀ ਪੁਛਿਆ ਜਾਂਦਾ ਹੈ ਕਿ ਮੱਥਾ ਟੇਕਣ ਦਾ ਕੀ ਮਕਸਦ ਹੈ? ਗੁਰਦੁਆਰੇ ਮੱਥਾ ਟੇਕਣ ਤੋਂ ਇਲਾਵਾ ਸਾਨੂੰ ਹੋਰ ਕਿਸ ਥਾਂ ਤੇ ਮੱਥਾ ਟੇਕਣਾ ਚਾਹੀਦਾ ਹੈ ਅਤੇ ਕਿਸ ਥਾਂ ਤੇ ਨਹੀਂ ਟੇਕਣਾ ਚਾਹੀਦਾ? ਕਈ ਲੋਕਾਂ ਦਾ ਇਹ ਵੀ ਸਵਾਲ ਹੁੰਦਾ ਹੈ ਕਿ ਸਭ ਜਗ੍ਹਾ ਮੱਥਾ ਕਿਉਂ ਨਾ ਟੇਕ ਲਈਏ? ਕੋਈ ਮੂਰਤੀ, ਫੋਟੋ ਜਾਂ ਕੋਈ ਵੀ ਅਸਥਾਨ ਹੋਵੇ ਉੱਥੇ ਮੱਥਾ ਕਿਉਂ ਨਾ ਟੇਕ ਲਈਏ? ਇਸ ਤਰ੍ਹਾਂ ਦੇ ਅਨੇਕਾਂ ਸਵਾਲ ਪੁੱਛੇ ਜਾਂਦੇ ਹਨ। ਆਉ ਹੁਣ ਗੁਰਮਤ ਦੇ ਸਿਧਾਂਤ ਅਨੁਸਾਰ ਇਨ੍ਹਾ ਸਵਾਲਾਂ ਦੇ ਉੱਤਰ ਲੱਭੀਏ ਅਤੇ ਸਮਝੀਏ ਕਿ ਗੁਰਮਤ ਵਿੱਚ ਮੱਥਾ ਟੇਕਣ ਤੋਂ ਕੀ ਭਾਵ ਹੈ?
ਗੁਰਮਤ ਭਾਵ ਸੱਚ ਦੀ ਵਿਚਾਰ, ਸਾਰੀ ਮਨੁੱਖਤਾ ਅਤੇ ਇਨਸਾਨੀਅਤ ਵਾਸਤੇ ਹੈ। ਅੱਜ ਸਾਰੇ ਲੋਕੀ ਕਹਿੰਦੇ ਹਨ ਧਰਮ ਕਰਮ ਦੀ ਕੀ ਲੋੜ ਹੈ, ਮਨੁੱਖਤਾ ਹੋਣੀ ਚਾਹੀਦੀ ਹੈ ਅਤੇ ਮਨ ਸਾਫ ਹੋਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਜੀ, ਰਾਹੀਂ ਨਿਰੋਲ ਸੱਚ ਦੀ ਵਿਚਾਰ, ਸਰਬ ਵਿਆਪੀ ਸੱਚ, ਮਨ ਸਾਫ ਕਰਨ ਵਾਸਤੇ ਹੀ ਸਾਰੀ ਦੁਨੀਆ ਨੂੰ ਅਗਵਾਈ ਦਿੱਤੀ ਜਾਂਦੀ ਹੈ। ਕਾਸ਼ ! ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੀਏ, ਖੋਜ ਕੇ ਵਿਚਾਰਾਂ ਸਾਂਝੀਆਂ ਕਰੀਏ, ਉਸ ਦੀ ਡੂੰਘਾਈ ਵਿੱਚ ਜਾਈਏ ਅਤੇ ਵਿਚਾਰਾਂ ਦੇ ਸਰੋਵਰ ਵਿੱਚ ਇਸ਼ਨਾਨ ਕਰੀਏ ਤਾਂ ਪਤਾ ਲਗਦਾ ਹੈ ਕਿ ਗੁਰਮਤ ਅਨੁਸਾਰ ਕਿਸੇ ਖਾਸ ਦਿਸ਼ਾ ਵੱਲ ਰੱਬ, ਰਾਮ, ਅਲਾਹ, ਖੁਦਾ ਜਾਂ ਵਾਹਿਗੁਰੂ ਜੀ ਨਹੀ ਵੱਸਦੇ ਬਲਕਿ ਸਾਰੀ ਸ੍ਰਿਸ਼ਟੀ ’ਚ ਸਭ ਜਗ੍ਹਾ ਵੱਸਦੇ ਹਨ। ਇਸੇ ਕਰਕੇ ਗੁਰਮਤ ਨਹੀਂ ਕਹਿੰਦੀ ਕਿ ਕਿਸੇ ਖਾਸ ਦਿਸ਼ਾ ਵੱਲ, ਕਿਸੇ ਖਾਸ ਮੂਰਤੀ ਜਾਂ ਫੋਟੋ ਨੂੰ ਜਾਂ ਕਿਸੇ ਖਾਸ ਅਸਥਾਨ ਵੱਲ ਮੂੰਹ ਕਰ ਕੇ ਮੱਥਾ ਟੇਕੋ। ਇਸ ਕਰਕੇ ਗੁਰਮਤ ਅਨੁਸਾਰ ਮੱਥਾ ਟੇਕਣ ਦਾ ਅਰਥ ਬਾਕੀ ਪ੍ਰਚਲਤ ਵਿਚਾਰਧਾਰਾਵਾਂ ਨਾਲੋਂ ਬਿਲਕੁਲ ਵੱਖਰਾ, ਵਿਕੋਲਿਤਰਾ ਅਤੇ ਨਿਵੇਕਲਾ ਹੈ।
ਗੁਰਮਤ ਭਾਵ ਸੱਚ ਦੀ ਵਿਚਾਰਧਾਰਾ ਅਨੁਸਾਰ ਮੱਥਾ ਟੇਕਣ ਦਾ ਮਤਲਬ ਰੱਬ ਨੂੰ ਮੱਥਾ ਟੇਕਣਾ ਨਹੀਂ ਹੈ। ਗੁਰਮਤ ਇਹ ਨਹੀਂ ਕਹਿੰਦੀ ਕਿ ਰੱਬ ਨੂੰ ਕਿਸੀ ਖਾਸ ਪਾਸੇ ਮੱਥਾ ਟੇਕੋ ਸਗੋਂ ਗੁਰਮਤ ਤਾਂ ਇਹ ਸਮਝਾਉਂਦੀ ਹੈ ਕਿ ਸਤਿਗੁਰ ਦੇ ਰਾਹੀਂ, ਸੱਚ ਦੇ ਅੱਗੇ ਆਪਣੀ ਮੱਤ ਨੂੰ ਸਮਰਪਤ ਕਰ ਕੇ ਰੱਬ ਨੂੰ ਹਾਜ਼ਰ ਨਾਜ਼ਰ ਸਮਝੋ:
ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ।। ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦ।। (ਗੁਰੂ ਗ੍ਰੰਥ ਸਾਹਿਬ, ਪੰਨਾ 84)
ਭਾਵ ਰੱਬ ਸਭ ਪਾਸੇ ਹੈ। ਜੇ ਰੱਬ ਸਭ ਪਾਸੇ ਹੈ ਤਾਂ ਅਸੀਂ ਕਿਸ ਪਾਸੇ ਝੁਕੀਏ? ਜਿਸ ਪਾਸੇ ਵੀ ਜਾਈਏ, ਜਿਸ ਪਾਸੇ ਵੀ ਨਜ਼ਰ ਚੁੱਕੀਏ, ਜਿਸ ਨਾਲ ਵੀ ਗੱਲ ਕਰੀਏ ਸਾਨੂੰ ਸਭ ਪਾਸੇ ਰੱਬ ਜੀ ਹੀ ਨਜ਼ਰ ਆਉਣ, ਇਹ ਅਨੁਭਵ ਹੀ ਗੁਰਮਤ ਮਹਿਸੂਸ ਕਰਾਉਂਦੀ ਹੈ।
ਇਕ ਵੱਡੇ ਵਿਚਾਰਕ ਨੇ ਇਹ ਸਵਾਲ ਕੀਤਾ ਸੀ ਕਿ, ‘‘ਸਿੱਖ ਕਹਿੰਦੇ ਹਨ, ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਮੱਕਾ ਜਾ ਕੇ ਇਹ ਦੱਸਿਆ ਹੈ ਕਿ ਖ਼ੁਦਾ ਦਾ ਘਰ ਸਭ ਪਾਸੇ ਹੈ ਅਤੇ ਬਾਣੀ ਰਾਹੀਂ ਵੀ ਇਹੀ ਕਹਿੰਦੇ ਹਨ ਤੇ ਫਿਰ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਰੱਬ, ਖ਼ੁਦਾ ਸਮਝ ਕੇ ਮੱਥਾ ਕਿਉਂ ਟੇਕਦੇ ਹਨ?’’
ਉਸਨੂੰ ਦੱਸਿਆ ਗਿਆ ਕਿ, ‘‘ਤੁਸੀਂ ਸਮਝਦੇ ਹੋਵੋਗੇ ਅਸੀਂ (ਸਿੱਖ) ਗੁਰੂ ਗ੍ਰੰਥ ਸਾਹਿਬ ਨੂੰ ਕੋਈ ਮੂਰਤੀ ਜਾਂ ਰੱਬ ਸਮਝ ਕੇ ਮੱਥਾ ਟੇਕਦੇ ਹਾਂ।’’ ਉਸ ਨੂੰ ਸਮਝਾਇਆ ਕਿ, ‘‘ਗੁਰਮਤ ਇਹ ਨਹੀਂ ਕਹਿੰਦੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਰੱਬ ਸਮਝ ਕੇ ਮੱਥਾ ਟੇਕੋ ਬਲਕਿ ਗੁਰਮਤ ਅਨੁਸਾਰ ਤਾਂ ਰੱਬ ਜੀ ਨੂੰ ਮੱਥਾ ਟੇਕਿਆ ਹੀ ਨਹੀਂ ਜਾ ਸਕਦਾ ਕਿਉਂਕਿ ਰੱਬ ਜੀ ਸਭ ਜਗ੍ਹਾ ਮੌਜੂਦ ਹਨ। ਜੇ ਰੱਬ ਜੀ ਸਭ ਜਗ੍ਹਾ ਹਾਜ਼ਰ ਨਾਜ਼ਰ ਹਨ ਤਾਂ ਰੱਬ ਜੀ ਨੂੰ ਕੀ ਮੱਥਾ ਟੇਕਣਾ। ਗੁਰਮਤ ਵਿੱਚ ਤਾਂ ਮੱਥਾ ਟੇਕਣ ਦਾ ਭਾਵ ‘ਆਪਾ ਸਮਰਪਣ’ ਕਰਨਾ ਹੈ।’’
ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮੁ ਬੂਝਿ ਸੁਖੁ ਪਾਈਐ ਰੇ।। (ਗੁਰੂ ਗ੍ਰੰਥ ਸਾਹਿਬ, ਪੰਨਾ 209)
ਐ ਮਨੁੱਖ ! ਤੂੰ ਆਪਣੀ ਚਤੁਰਾਈ ਭਰੀ ਮੱਤ ਤਿਆਗ ਦੇ। ‘‘ਜੋ ਆਪਣੀ ਮੱਤ ਸਰਬ ਵਿਆਪੀ ਸੱਚ, ਸਦੀਵੀਂ ਸੱਚ, ਸਤਿਗੁਰ ਅੱਗੇ ਤਿਆਗ ਦਿੰਦਾ ਹੈ, ਜੋ ਗੁਰੂ ਦੇ ਕਹੇ ਅਨੁਸਾਰ ਜਿਊਂਦਾ ਹੈ, ਉਸੇ ਨੂੰ ਹੀ ਗੁਰੂ ਪਾਤਸ਼ਾਹ ਸਿੱਖ, ਸਖਾ, ਬੰਧਪ, ਮਿੱਤਰ, ਭੈਣ-ਭਰਾ ਅਤੇ ਸਾਕ ਸੰਬੰਧੀ ਕਹਿੰਦੇ ਹਨ।’’
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ।। (ਗੁਰੂ ਗ੍ਰੰਥ ਸਾਹਿਬ, ਪੰਨਾ 601)
ਜਿਹੜਾ ਗੁਰੂ ਦੀ ਗੱਲ ਮੰਨ ਕੇ ਨਾ ਚੱਲੇ ਉਸ ਬਾਰੇ ਗੁਰਬਾਣੀ ਵਿੱਚ ਆਇਆ ਹੈ :
ਆਪਣੇ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ।। (ਗੁਰੂ ਗ੍ਰੰਥ ਸਾਹਿਬ, ਪੰਨਾ 601)
ਭਾਵੇਂ ਉਹ ਕਿਸੇ ਵੀ ਜ਼ਾਤ ਜਾਂ ਮਜ਼੍ਹਬ ਦਾ ਹੋਵੇ ਪਰ ਜੇ ਉਹ ਆਪਣੀ ਮਰਜ਼ੀ, ਆਪਣੇ ਮਨਮਤ ਭਰੇ ਖਿਆਲ ਅਨੁਸਾਰ ਚਲਦਾ ਹੈ ਤਾਂ ਫਿਰ ਉਹ ਸੱਚ ਤੋਂ ਵਿੱਛੜ ਗਿਆ ਸਮਝੋ, ਉਸਦਾ ਜੀਵਨ ਖੁਆਰ ਹੋ ਜਾਂਦਾ ਹੈ।
ਗੁਰਮਤ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਦਾ ਅਰਥ ਹੁੰਦਾ ਹੈ:
ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ।। (ਗੁਰੂ ਗ੍ਰੰਥ ਸਾਹਿਬ, ਪੰਨਾ 547)
ਭਾਵ ਐ ਮੇਰੇ ਸਤਿਗੁਰ ਜੀ, ਤੁਸੀਂ ਸਮਰੱਥ ਹੋ, ਤੁਸੀਂ ਵੱਡੇ ਹੋ, ਤੁਸੀਂ ਸਿਆਣੇ ਹੋ ਅਤੇ ਮੇਰੀ ਸਮਝ ਥੋੜੀ ਹੈ, ਮੈਂ ਅਪੂਰਨ ਹਾਂ, ਤੁਸੀਂ ਸੰਪੂਰਨ ਹੋ।
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ।। (ਗੁਰੂ ਗ੍ਰੰਥ ਸਾਹਿਬ, ਪੰਨਾ 61)
ਗੁਰੂ, ਕਰਤਾਰ, ਰੱਬ ਜੀ, ਕਦੇ ਨਹੀਂ ਭੁੱਲਦੇ ਭਾਵ ਕਦੇ ਕੋਈ ਗਲਤੀ ਨਹੀਂ ਕਰਦੇ ਜੇ ਕੋਈ ਭੁੱਲਦਾ ਹੈ ਤਾਂ ਮਨੁੱਖ ਭੁੱਲਦਾ ਹੈ। ਇਸ ਕਰਕੇ ਮੈਂ ਤੁਹਾਡੇ ਦਰ ਤੇ ਆਇਆ ਹਾਂ, ਮੈਨੂੰ ਬਿਬੇਕ ਬੁੱਧੀ ਦਿਓ।
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ।। (ਗੁਰੂ ਗ੍ਰੰਥ ਸਾਹਿਬ, ਪੰਨਾ 641)
ਗੁਰਮਤ ਦੇ ਇਸ ਕੀਮਤੀ ਸਿਧਾਂਤ ਨੂੰ ਨਾ ਸਮਝਣ ਕਰ ਕੇ ਸਾਨੂੰ ਅਨੇਕਾਂ ਭੁਲੇਖੇ ਪਏ ਹੋਏ ਹਨ। ਜਿਵੇਂ ਕਿ ਇਕ ਮਾਤਾ-ਪਿਤਾ ਆਪਣੇ ਬੱਚੇ ਦੇ ਨਾਲ ਗੁਰਦੁਆਰੇ ਗਏ, ਮਾਤਾ-ਪਿਤਾ ਨੇ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਜਦੋਂ ਉਹ ਵਾਪਿਸ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਬੱਚੇ ਨੇ ਮੱਥਾ ਟੇਕਿਆ ਹੀ ਨਹੀਂ ਤੇ ਸਾਈਡ ਤੇ ਖੜਾ ਹੈ। ਉਨ੍ਹਾਂ ਬੱਚੇ ਨੂੰ ਪੁੱਛਿਆ ਕਿ ਤੂੰ ਮੱਥਾ ਕਿਉਂ ਨਹੀਂ ਟੇਕਿਆ ਤਾਂ ਬੱਚੇ ਨੇ ਕਿਹਾ ਕਿ, ‘‘ਤੁਸੀਂ ਮੈਨੂੰ ਪੈਸੇ ਨਹੀਂ ਦਿੱਤੇ ਤੇ ਮੇਰੇ ਕੋਲ ਪੈਸੇ ਨਹੀਂ ਸਨ, ਮੈਂ ਇਸ ਕਰਕੇ ਮੱਥਾ ਨਹੀਂ ਟੇਕਿਆ।’’ ਇਸਦਾ ਮਤਲਬ ਲੋਕ ਸੋਚਦੇ ਹਨ ਕਿ ਪੈਸਿਆਂ ਨਾਲ ਹੀ ਮੱਥਾ ਟੇਕਿਆ ਜਾਂਦਾ ਹੈ, ਬੜੀ ਹੈਰਾਨਗੀ ਦੀ ਗੱਲ ਹੈ।
ਪਾਲਕੀ ਜਾਂ ਰੁਮਾਲਿਆਂ ਨੂੰ ਮੱਥਾ ਨਹੀਂ ਟੇਕਦੇ, ਅਸੀਂ ਤਾਂ ਸ਼ਬਦ ਗੁਰੂ ਭਾਵ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਸੱਚ ਦੀ ਵਿੱਚਾਰ ਹੈ ਉਸ ਅੱਗੇ ਅਸੀਂ ਆਪਾ ਸਮਰਪਣ ਕਰਦੇ ਹਾਂ। ਜਦੋਂ ਅਸੀਂ ਗੁਰੂ ਅੱਗੇ ‘‘ਆਪਾ ਸਮਰਪਣ’’ ਕਰਦੇ ਹਾਂ ਤਾਂ ਕਹਿੰਦੇ ਹਾਂ ਕਿ ਮੇਰੀ ਮੱਤ ਥੋੜ੍ਹੀ ਹੈ, ਤੁਸੀਂ ਮੈਨੂੰ ਮੱਤ ਦੇ ਦਿਓ।
ਪਰ ਜੇ ਸਾਡੇ ਅਤੇ ਗੁਰੂ ਗ੍ਰੰਥ ਸਾਹਿਬ ਵਿਚਕਾਰ ਗੋਲਕ ਰੱਖ ਦਿੱਤੀ ਜਾਏ ਤਾਂ ਕੋਈ ਸਾਨੂੰ ਪੁਛੇਗਾ ਕਿ ਤੁਸੀਂ ਤਾਂ ਕਹਿੰਦੇ ਹੋ ਕਿ ਮੱਥਾ ਟੇਕਣ ਦਾ ਮਤਲਬ ਹੈ, ਜਿਸ ਚੀਜ਼ ਅੱਗੇ ਮੱਥਾ ਟੇਕ ਰਹੇ ਹਾਂ ਉਸਦੀ ਮੱਤ ਲੈਣੀ ਹੈ ਅਤੇ ਆਪਾ ਤਿਆਗਨਾ ਹੈ ਤਾਂ ਤੁਸੀਂ ਗੋਲਕ ਨੂੰ ਮੱਥਾ ਟੇਕ ਰਹੇ ਹੋ, ਤੁਸੀਂ ਆਪਣੀ ਮੱਤ ਗੋਲਕ ਭਾਵ ਪੈਸੇ ਅੱਗੇ ਸਮਰਪਤ ਕਰ ਰਹੇ ਹੋ। ਪਰ ਗੁਰੂ ਪਾਤਸ਼ਾਹ ਤਾਂ ਕਹਿ ਰਹੇ ਹਨ :
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ।। (ਗੁਰੂ ਗ੍ਰੰਥ ਸਾਹਿਬ, ਪੰਨਾ 918)
ਪਰ ਅਸੀਂ ਤੇ ਧਨ ਨੂੰ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਇਸੀ ਕਰਕੇ ਅਸੀਂ ਮਾਇਆ ਧਾਰੀ ਵਾਲੀ ਬਿਰਤੀ ਵਿੱਚ ਫੱਸ ਗਏ।
ਮਾਇਆਧਾਰੀ ਅਤਿ ਅੰਨਾ ਬੋਲਾ।। (ਗੁਰੂ ਗ੍ਰੰਥ ਸਾਹਿਬ, ਪੰਨਾ 313)
ਭਾਵ ਸਾਨੂੰ ਸੱਚ ਦੀ ਵਿਚਾਰ ਸੁਣਨੀ ਬੰਦ ਹੋ ਗਈ, ਕਿਉਂਕਿ ਅਸੀਂ ਗੋਲਕ ਨੂੰ ਮੱਥਾ ਟੇਕ ਰਹੇ ਸੀ।
ਨਿਊ ਯਾਰਕ ਵਿੱਚ ਪਾਕਿਸਤਾਨ ਦੀ ਗਾਇਕਾ ਆਈ ਉਸ ਨੂੰ ਸਿੱਖਾਂ ਨੇ ਬੇਨਤੀ ਕੀਤੀ ਕਿ ਸਾਡੇ ਗੁਰਦੁਆਰੇ ਵੀ ਆਓ। ਜਦੋਂ ਉਹ ਉੱਥੇ ਆਈ ਤਾਂ ਸਾਰੇ ਦੇਖ ਕੇ ਹੈਰਾਨ ਰਹਿ ਗਏ ਕਿ ਉਹ ਗੋਲਕ ਦੇ ਇਕ ਪਾਸਿਉਂ ਲੰਘ ਕੇ ਗੁਰੂ ਗ੍ਰੰਥ ਸਾਹਿਬ ਕੋਲ ਜਾ ਕੇ ਮੱਥਾ ਟੇਕਣ ਲੱਗੀ। ਉਸਨੂੰ ਪੁਛਿਆ ਗਿਆ ਕਿ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ਹੈ ਤਾਂ ਕਹਿਣ ਲੱਗੀ' ‘‘ਮੈਂ ਗੋਲਕ ਨੂੰ ਮੱਥਾ ਥੋੜਾ ਟੇਕਣਾ ਸੀ, ਮੈਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਸੀ।’’
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਗੋਲਕ ਨਾ ਹੋਏ ਤਾਂ ਗੁਰਦੁਆਰੇ ਦੇ ਪ੍ਰਬੰਧ ਕਿਵੇਂ ਚਲਣਗੇ। ਗੋਲਕ ਦਾ ਮਕਸਦ ਜੇ ਗੁਰਦੁਆਰਿਆਂ ਦੇ ਪ੍ਰਬੰਧ ਹਨ ਤਾਂ ਫਿਰ ਉਸ ਗੋਲਕ ਰਾਹੀਂ ਆਈ ਮਾਇਆ ਤੋਂ ਰਾਗੀ ਸਾਹਿਬਾਨ, ਸੇਵਾਦਾਰ, ਗ੍ਰੰਥੀ ਸਾਹਿਬਾਨ ਆਦਿ ਦੀਆਂ ਉੱਚੀਆਂ ਤਨਖਾਹਾਂ ਦੇਈਏ। ਉਨ੍ਹਾਂ ਦੇ ਰਹਿਣ-ਸਹਿਣ, ਖਾਣ-ਪੀਣ ਦਾ ਸੋਹਣਾ ਪ੍ਰਬੰਧ ਕਰੀਏ। ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਈ ਲਈ ਚੰਗੇ ਸਕੂਲਾਂ ਵਿੱਚ ਪਾਈਏ ਅਤੇ ਕਿਸੀ ਤਰ੍ਹਾਂ ਦੀ ਵੀ ਬਿਮਾਰੀ ਹੋਣ ਤੇ ਉਨ੍ਹਾਂ ਦੇ ਮੁਫਤ ਇਲਾਜ ਦਾ ਇੰਤਜ਼ਾਮ ਕਰੀਏ। ਗੋਲਕ ਰਾਹੀਂ ਸੋਹਣੇ-ਸੋਹਣੇ ਸਕੂਲ ਖ੍ਹੋਲਣੇ, ਚੰਗੇ ਹਸਪਤਾਲ ਖੋ੍ਹਲਣੇ, ਵਿਧਵਾ ਆਸ਼ਰਮ ਅਤੇ ਯਤੀਮਾਂ ਲਈ ਘਰ ਬਣਾਉਣੇ ਸਾਡਾ ਮਕਸਦ ਹੋਣਾ ਚਾਹੀਦਾ ਸੀ। ਜਿਹੜੇ ਯਤੀਮ, ਪਿੱਛੜੇ ਹੋਏ, ਗ਼ਰੀਬ ਅਨਪੜ੍ਹ ਹਨ ਪਰ ਪੜ੍ਹਨਾ ਚਾਹੁੰਦੇ ਹਨ, ਉਨ੍ਹਾਂ ਲੋੜਵੰਦਾਂ ਵਾਸਤੇ ਗੋਲਕ ਵਿੱਚੋਂ ਪੈਸੇ ਖਰਚੀਏ।
ਦੂਜੇ ਪਾਸੇ ਅੱਜ ਸਿੱਖੀ ਦੀ ਕਸਵੱਟੀ ਲੋਕੀ ਇਹ ਸਮਝਦੇ ਪਏ ਹਨ ਕਿ ਜੇ ਉਨ੍ਹਾਂ ਦੇ ਘਰ ਚੰਦਨ ਜਾਂ ਚਾਂਦੀ ਦੀ ਪਾਲਕੀ ਹੈ ਤਾਂ ਉਹ ਬੜੇ ਗੁਰਮੁੱਖ ਹਨ ਪਰ ਇਹ ਗੁਰਮਤ ਦੀ ਕਸਵੱਟੀ ਨਹੀਂ ਹੈ। ਅਸੀਂ ਕਹਿੰਦੇ ਹਾਂ, ‘‘ਜੀ ਇਹ ਵਾਲੇ ਗੁਰਦੁਆਰੇ ਦੇ ਸਿੱਖ ਬਹੁਤ ਪਹੁੰਚੇ ਹੋਏ ਹਨ ਕਿਉਂਕਿ ਇੱਥੇ ਸੋਨੇ ਦੀ ਪਾਲਕੀ ਹੈ।’’ ਮੁਬਾਰਕ ਹੈ ਜੇਕਰ ਸਾਨੂੰ ਇਹ ਖਿਆਲ ਆਇਆ ਹੈ ਕਿ ਮੈਂ ਗੁਰੂ ਦਾ ਘਰ ਸਜਾਵਾਂ ਪਰ ਅਸਲ ਵਿੱਚ ਗੁਰੂ ਦਾ ਘਰ ਸਜਾਉਣ ਦਾ ਸਹੀ ਅਰਥ ਤੇ ਲੋੜਵੰਦਾਂ ਅਤੇ ਗ਼ਰੀਬਾਂ ਦਾ ਧਿਆਨ ਕਰਨਾ ਹੈ। ਜਿਸ ਗੁਰਦੁਆਰੇ ਵਿੱਚ ਸੋਨੇ ਦੀ ਪਾਲਕੀ ਹੈ ਘੱਟੋਂ-ਘੱਟ ਉਸ ਗੁਰਦੁਆਰੇ ਦਾ ਹਸਪਤਾਲ ਅਪੋਲੋ ਜਾਂ ਅੇਸਕਾੱਰਟਸ ਵਰਗਾ ਅਤੇ ਉਸ ਗੁਰਦੁਆਰੇ ਦਾ ਸਕੂਲ ਵੀ ਉੱਚੀ ਪੱਧਰ ਦਾ ਹੋਣਾ ਚਾਹੀਦਾ ਹੈ ਜਿੱਥੇ ਗ਼ਰੀਬ ਬੱਚਿਆ ਨੂੰ ਉੱਚੀ ਵਿਦਿਆ ਪੜ੍ਹਾਈ ਜਾ ਸਕੇ। ਪਰ ਦੇਖਣ ਵਿੱਚ ਆਉਂਦਾ ਹੈ ਕਿ ਉੱਥੇ ਤਾਂ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਤਨਖ਼ਾਹ ਵੀ ਪੂਰੀ ਨਹੀਂ ਮਿਲਦੀ।
ਪਰ ਅਸੀਂ ਇਸ ਗੋਲਕ ਵਿੱਚੋਂ ਐਸਾ ਕੁਝ ਵੀ ਨਹੀਂ ਕੀਤਾ ਸਗੋਂ ਸੋਨੇ, ਸੰਗਮਰਮਰ ਆਦਿ ਦੇ ਕਲਸ਼ ਲਗਾਣੇ ਸ਼ੁਰੂ ਕਰ ਦਿੱਤੇ ਜਦ ਕਿ ਗੋਲਕ ਦਾ ਮਕਸਦ ਸੱਚ ਦੀ ਵਿੱਚਾਰ ਲਈ ਪ੍ਰਬੰਧ ਕਰਨਾ ਅਤੇ ਲੋੜਵੰਦਾਂ ਅਤੇ ਗਰੀਬਾਂ ਦੀ ਮਦਦ ਕਰਨਾ ਸੀ।
ਮਨੁ ਅਰਪਉ ਧਨੁ ਰਾਖਉ ਆਗੈ ਮਨ ਕੀ ਮਤਿ ਮੋਹਿ ਸਗਲ ਤਿਆਗੀ।। (ਗੁਰੂ ਗ੍ਰੰਥ ਸਾਹਿਬ, ਪੰਨਾ 204)
ਭਾਵ ਮੈਂ ਤੇ ਆਪਾ ਆਪ ਸਮਰਪਣ ਕਰ ਦਿੱਤਾ ਹੈ ਅਤੇ ਆਪਾ ਸਮਰਪਣ ਕਰਕੇ ਗੁਰੂ ਸਾਹਿਬ ਪਾਸੋਂ ਮੰਗ ਕੀਤੀ ਕਿ, ‘‘ਮੈਨੂੰ ਜੀਵਨ ਜਾਚ ਸਿਖਾਓ।’’ ਪਰ ਅਸੀਂ ਗੁਰਦੁਆਰੇ ਜਾ ਕੇ ਲੰਬੀਆਂ ਅਰਦਾਸਾਂ ਕਰਦੇ ਹਾਂ, ਆਪਣੀਆਂ ਸਮਸਿਆਵਾਂ ਅਤੇ ਮੰਗਾਂ ਗੁਰੂ ਜੀ ਅੱਗੇ ਰਖਦੇ ਹਾਂ ਇਹ ਤਾਂ ਆਪਾ ਵਾਰਨਾ ਨਹੀਂ ਹੈ? ਆਪਾ ਵਾਰਨ ਦਾ ਮਤਲਬ ਤਾਂ ਹੈ ਕਿ ਗੁਰੂ ਸਾਹਿਬ ਮੈਨੂੰ ਜੀਵਨ ਜਿਊਣਾ ਨਹੀਂ ਆਉਂਦਾ ਤੁਸੀਂ ਮੈਨੂੰ ਜੀਵਨ ਜਾਚ ਸਮਝਾਓ। ਪਰ ਆਪਾ ਵਾਰਨ ਦੀ ਬਜਾਇ ਅਸੀਂ ਉੱਥੇ ਜਾ ਕੇ ਆਪਣੀ ਮੰਗਾਂ ਦੀ ਲਿਸਟ ਸ਼ੁਰੂ ਕਰ ਦਿੱਤੀ ਕਿ ਗੁਰੂ ਪਾਤਸ਼ਾਹ ਮੇਰਾ ਕਚਿਹਰੀ ਦਾ ਕੇਸ ਜਿਤਾ ਦਿਓ, ਮੇਰਾ ਮਕਾਨ ਬਣ ਰਿਹਾ ਹੈ ਉਸ ਵਿੱਚ ਮੈਨੂੰ ਮੁਸ਼ਕਲਾਂ ਨਾ ਆਉਣ, ਮੇਰੀ ਬੱਚੀ ਦਾ ਰਿਸ਼ਤਾ ਨਹੀਂ ਮਿਲ ਰਿਹਾ ਕਰਾ ਦਿਓ। ਦੋ ਭਰਾ ਆਪਸ ਵਿੱਚ ਜਾਇਦਾਦ ਕਾਰਨ ਲੜੇ ਹੋਏ ਹਨ ਜੇਕਰ ਦੋਨੋ ਗੁਰਦੁਆਰੇ ਆ ਕੇ ਅਰਦਾਸ ਕਰਨ ਕਿ ਮੇਰਾ ਕੇਸ ਜਿਤਾ ਦਿਓ ਤਾਂ ਗੁਰੂ ਪਾਤਸ਼ਾਹ ਕਿਸ ਦਾ ਕੇਸ ਜਿਤਾਉਣਗੇ? ਅਸੀਂ ਗੁਰਦੁਆਰੇ ਜਾ ਕੇ ਆਪਣੀਆਂ ਇੱਛਾਵਾਂ ਪੂਰਤੀ ਦੀ ਅਰਦਾਸ ਕਰਨ ਲਗ ਪਈਏ ਤਾਂ ਫਿਰ ਉਹ ਆਪਾ ਵਾਰਨਾ ਤੇ ਨਾ ਹੋਇਆ।
ਜੇਕਰ ਅਸੀਂ ਕਿਸੇ ਦੇਹਧਾਰੀ ਗੁਰੂ ਨੂੰ ਮੱਥਾ ਟੇਕੀਏ ਅਤੇ ਉਹ ਦੇਹਧਾਰੀ ਗੁਰੂ ਗੁਰਬਾਣੀ ਪੜ੍ਹਦਾ ਹੋਵੇ ਤਾਂ ਆਖਿਰਕਾਰ ਸਾਨੂੰ ਉਹੀ ਗੱਲ ਸੁਣਾਏਗਾ ਜੋ ਗੁਰਬਾਣੀ ਕਹਿੰਦੀ ਹੈ, ਫਿਰ ਬਾਣੀ ਅੱਗੇ ਹੀ ਸਮਰਪਣ ਕਿਉਂ ਨਾ ਕਰ ਦਈਏ। ਫਿਰ ਤਾਂ ਸਾਨੂੰ ਕਿਸੀ ਵੀ ਫੋਟੋ, ਮੂਰਤੀ ਜਾਂ ਖਾਲੀ ਪਾਲਕੀ ਅੱਗੇ ਮੱਥਾ ਟੇਕਣ ਦੀ ਲੋੜ ਨਹੀਂ ਰਹਿ ਜਾਂਦੀ। ਜਦੋਂ ਤੱਕ ਗੁਰੂ ਦੀ ਮੱਤ ਨਹੀਂ ਲਈ ਤਦੋਂ ਤੱਕ ਸਮਝ ਹੀ ਨਹੀਂ ਆਏਗਾ ਕਿ ਰੱਬ ਜੀ ਸਾਡੇ ਹਿਰਦੇ ਵਿੱਚ ਹੀ ਹਨ।
ਐ ਮਨੁੱਖ ! ਜੇ ਗੁਰੂ ਦੀ ਮੂਰਤ ਦੇਖਣਾ ਚਾਹੁੰਦਾ ਹੈਂ ਤਾਂ ਗੁਰੂ ਦੇ ਸ਼ਬਦ ਨਾਲ ਜੁੜ ਜਾ। ਗੁਰੂ ਦੇ ਸ਼ਬਦ (ਮਤ) ਅੱਗੇ ਆਪਣੇ ਆਪ ਨੂੰ ਤਿਆਗ ਦੇ ਪਰ ਅਸੀਂ ਜਾਣੇ-ਅਨਜਾਣੇ ਪਾਲਕੀਆਂ ਅਤੇ ਪੀੜ੍ਹੇ ਨਾਲ ਹੀ ਜੁੜ ਗਏ। ਪਹਿਲੀ ਗੱਲ ਪਾਲਕੀ ਵਿੱਚ ਪ੍ਰਕਾਸ਼ ਕਰਨਾ ਹੀ ਮਨਮਤ ਹੈ। ਕਈ ਸੱਜਣ ਪੁੱਛਦੇ ਹਨ ਕਿ ਜੇਕਰ ਉਸੀ ਪਾਲਕੀ ਵਿੱਚ ਪ੍ਰਕਾਸ਼ ਕਰ ਦੇਈਏ ਤਾਂ ਉਸ ਦਾ ਨੁਕਸਾਨ ਕੀ ਹੈ? ਅਸੀਂ ਵੇਖੀਏ ਅੱਜ ਇਕ ਗੁਰਦੁਆਰੇ ਵਿੱਚ ਛੋਟੀਆਂ-ਛੋਟੀਆਂ 20-25 ਪਾਲਕੀਆ ਬਣੀਆਂ ਹੋਈਆਂ ਹਨ। ਉਨ੍ਹਾਂ ਦੇ ਅੰਦਰ ਨਿੱਕੇ-ਨਿੱਕੇ ਚੰਦੋਏ ਲੱਗੇ ਹੋਏ ਹਨ। ਇਹ ਸਾਰਾ ਕੁਝ ਕੀ ਹੋ ਰਿਹਾ ਹੈ? ਅਸਲ ਵਿੱਚ ਅਸੀਂ ਸੱਚ ਤੋਂ ਟੁੱਟ ਰਹੇ ਹਾਂ। ਜੇਕਰ ਪਾਲਕੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਵੀ ਹੋਵੇ ਤਾਂ ਵੀ ਅਸੀਂ ਲੰਘਦੇ ਹੋਏ ਖਾਲੀ ਪਾਲਕੀ ਨੂੰ ਹੀ ਮੱਥਾ ਟੇਕਦੇ ਰਹਿੰਦੇ ਹਾਂ। ਸਾਨੂੰ ਕੋਈ ਪੁੱਛਦਾ ਨਹੀ ਕਿ ਤੁਸੀਂ ਖਾਲੀ ਪਾਲਕੀ ਨੂੰ ਮੱਥਾ ਟੇਕ ਰਹੇ ਹੋ ਤਾਂ ਕੀ ਤੁਹਾਡਾ ਮੱਥਾ ਟੇਕਣ ਦਾ ਮਕਸਦ ਪੂਰਾ ਹੋ ਗਿਆ?
ਇਨ੍ਹਾਂ ਗੱਲ੍ਹਾਂ ਦੀ ਵਿਚਾਰ ਕਰਨ ਤੋਂ ਬਾਦ ਪਤਾ ਚਲਦਾ ਹੈ ਕਿ ਜਦੋਂ ਕਦੇ, ਖਾਲੀ ਪੀੜ੍ਹਾਂ ਜਾਂ ਖਾਲੀ ਪਾਲਕੀ ਹੋਵੇ ਤਾਂ ਸਾਨੂੰ ਉੱਥੇ ਮੱਥਾ ਨਹੀਂ ਟੇਕਣਾ ਚਾਹੀਦਾ ਕਿਉਂਕਿ ਅਸੀਂ ਸ਼ਬਦ ਗੁਰੂ ਨੂੰ ਮੱਥਾ ਟੇਕਦੇ ਹਾਂ, ਪਾਲਕੀ ਨੂੰ ਨਹੀਂ। ਇਸੀ ਅੰਧਵਿਸ਼ਵਾਸ ਤੇ ਕਰਮਕਾਂਡ ਨੂੰ ਨਿੱਤ ਕਰਨ ਦੇ ਕਾਰਨ ਜਦੋਂ ਰਖੜੀ ਆਉਂਦੀ ਹੈ ਤਾਂ ਲੋਕੀ ਪਾਲਕੀ ਜਾਂ ਪੀੜ੍ਹੇ ਦੇ ਪਾਵੇ ਨੂੰ ਗੁਰੂ ਜੀ ਦੀ ਬਾਂਹ ਸਮਝ ਕੇ ਰਖੜੀ ਬੰਨ੍ਹਦੇ ਹਨ ਪਰ ਗੁਰਬਾਣੀ ਵਿੱਚ ਆਇਆ ਹੈ :
ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ।। ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ।। (ਗੁਰੂ ਗ੍ਰੰਥ ਸਾਹਿਬ, ਪੰਨਾ 103)
ਸਾਡਾ ਗੁਰੂ ਤੇ ਗਿਆਨ ਗੁਰੂ ਹੈ, ਸ਼ਬਦ ਗੁਰੂ ਹੈ। ਸ਼ਬਦ ਗੁਰੂ ਸਾਨੂੰ ਸੋਝੀ ਦਿੰਦੇ ਹਨ ਕਿ :
ਥਾਪਿਆ ਨ ਜਾਇ ਕੀਤਾ ਨ ਹੋਇ।। ਆਪੇ ਆਪਿ ਨਿਰੰਜਨੁ ਸੋਇ।। (ਗੁਰੂ ਗ੍ਰੰਥ ਸਾਹਿਬ, ਪੰਨਾ 2)
ਭਾਵ ਰੱਬ ਜੀ ਨੂੰ ਬਣਾਇਆ ਨਹੀਂ ਜਾ ਸਕਦਾ। ਪਰ ਜੇ ਕੋਈ ਮਨੁੱਖ ਰੱਬ ਜੀ ਦੀ ਤਸਵੀਰ, ਮੂਰਤੀ ਜਾਂ ਕੋਈ ਰੂਪ ਬਣਾਉਣ ਦੀ ਕੋਸ਼ਿਸ਼ ਕਰੇ ਜਾਂ ਬਣਾਵੇ ਤਾਂ ਉਹ ਉਸ ਦੀ ਅਲਪ ਮੱਤ ਕਾਰਨ ਹਮੇਸ਼ਾ ਅਧੂਰਾ ਹੀ ਬਣੇਗਾ। ਉਹ ਕੇਵਲ ਉਸ ਦੀ ਸੀਮਤ ਸੋਚ ਹੋਵੇਗੀ ਅਤੇ ਉਸ ਦੇ ਦਿਮਾਗ ਦੇ ਖ਼ਿਆਲ ਹੋਣਗੇ।
ਪਰ ਅਸੀਂ ਫੋਟੋਆਂ ਨੂੰ ਹੀ ਪੂਜਣ ਲੱਗ ਪਏ ਹਾਂ। ਜੇਕਰ ਕਾਗਜ਼ ਉੱਤੇ ਲਹਿਰਾਂ-ਬਹਿਰਾਂ ਵਾਲਾ ਸਮੁੰਦਰ ਬਣਾ ਕੇ ਅਸਲੀ ਮੱਛੀ ਲਿਆਉ ਅਤੇ ਉਸ ਨੂੰ ਕਹੋ ਕਿ ਤੂੰ ਇਸ ਸਮੁੰਦਰ ਵਿੱਚ ਰਹਿ। ਮੱਛੀ ਕਹੇਗੀ ਕਿ ਮੈਂ ਇੱਥੇ ਜੀਅ ਨਹੀਂ ਸਕਦੀ। ਮੱਛੀ ਨੂੰ ਕਾਗਜ਼ ਤੇ ਬਣਿਆ ਪਾਣੀ ਪਸੰਦ ਨਹੀਂ ਕਿਉਂਕਿ ਉਹ ਜਿਊ ਨਹੀਂ ਸਕਦੀ। ਅਸੀਂ ਜੇਕਰ ਕਾਗਜ਼ ਤੇ ਘਾਹ ਬਣਾ ਕੇ ਘੋੜੇ ਨੂੰ ਕਹੀਏ ਖਾ ਲੈ। ਉਹ ਭਾਵੇਂ ਜਾਨਵਰ ਹੈ, ਉਸ ਨੂੰ ਅਕਲ ਨਹੀਂ ਹੈ ਫਿਰ ਵੀ ਉਹ ਕਾਗਜ਼ ਤੇ ਬਣੀ ਹੋਈ ਘਾਹ ਨਹੀਂ ਖਾਵੇਗਾ। ਇਸੀ ਤਰ੍ਹਾਂ ਜੇਕਰ ਅਸੀਂ ਕਾਗਜ਼ ਤੇ ਗੁਲਾਬ ਦਾ ਫੁਲ ਬਣਾ ਲਈਏ, ਭੰਵਰੇ ਨੂੰ ਕਹੀਏ ਇਸ ਦੀ ਖੁਸ਼ਬੂ ਸੁੰਘ ਲੈ ਤਾਂ ਭੰਵਰਾ ਕਹੇਗਾ ਕਿ ਕਾਗਜ਼ ਹੈ ਇਸ ਵਿੱਚ ਖੁਸ਼ਬੂ ਨਹੀਂ ਹੈ। ਜਦੋਂ ਇਹ ਸਾਰੇ ਜੀਵ-ਜੰਤ ਕਾਗਜ਼ ਤੇ ਬਣੀ ਚੀਜ਼ ਨਹੀਂ ਲੈਂਦੇ ਹਨ ਤਾਂ ਅਸੀਂ ਮਨੁੱਖ ਹੋ ਕੇ, ਬਿਬੇਕ ਬੁੱਧੀ ਵਾਲੇ ਹੋ ਕੇ, ਕਿਸ ਤਰ੍ਹਾਂ ਕਾਗਜ਼ ਤੇ ਬਣੀਆਂ ਫੋਟੋਆਂ ਅਤੇ ਮੂਰਤੀਆਂ ਉੱਤੇ ਵਿਸ਼ਵਾਸ ਕਰ ਰਹੇ ਹਾਂ? ਗੁਰਮਤ ਅਨੁਸਾਰ ਕਬਰ, ਦਰਗਾਹ, ਗੋਰ, ਮੜੀ ਜਾਂ ਮੱਟ ’ਤੇ ਮੱਥਾ ਨਹੀਂ ਟੇਕਣਾ ਚਾਹੀਦਾ।
ਜੇਕਰ ਅਸੀਂ ਗੁਰਦੁਆਰੇ ਜਾਈਏ ਅਤੇ ਕੇਵਲ ਮੱਥਾ ਟੇਕ ਕੇ ਆ ਜਾਈਏ ਤਾਂ ਖਾਲੀ ਝੁੱਕਣ ਨਾਲ ਕੁਝ ਨਹੀਂ ਹੋਏਗਾ। ਅਸਲੀਅਤ ਵਿੱਚ ਸ਼ਬਦ ਗੁਰੂ ਜੋ ਆਪਣੇ ਆਪ ਵਿੱਚ ਪੂਰਾ ਸੱਚ ਦਾ ਗਿਆਨ ਹੈ ਉਸ ਅੱਗੇ ਆਪਣੀ ਮੱਤ ਨੂੰ ਸਮਰਪਣ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ :
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ।। (ਗੁਰੂ ਗ੍ਰੰਥ ਸਾਹਿਬ, ਪੰਨਾ 470)
ਅਸੀਂ ਕਿਸੀ ਵੀ ਗੁਰਦੁਆਰੇ ਜਾਂਦੇ ਹਾਂ, ਪਹਿਲਾਂ ਬਾਹਰੋਂ ਥੜੇ ਤੇ ਮੱਥਾ ਟੇਕਦੇ ਹਾਂ, ਫਿਰ ਜਿੱਥੇ ਅਸੀਂ ਜੋੜੇ ਰੱਖੇ ਉੱਥੇ ਮੱਥਾ ਟੇਕਦੇ ਹਾਂ। ਸਾਰੀ ਪੌੜੀਆਂ ਤੇ ਮੱਥਾ ਟੇਕਦੇ ਹਾਂ ਤੇ ਫਿਰ ਜਿੱਥੇ ਹੁਕਮਨਾਮਾ ਲਿਖਿਆ ਹੁੰਦਾ ਹੈ ਉੱਥੇ ਮੱਥਾ ਟੇਕਦੇ ਹਾਂ। ਗੁਰਦੁਆਰੇ ਦੇ ਅੰਦਰ ਗਏ ਉੱਥੇ ਮੱਥਾ ਟੇਕਿਆ, ਲੰਬੀ-ਚੌੜੀ ਅਰਦਾਸ ਕੀਤੀ, ਪਰ ਉਸ ਵਿੱਚ ਵੀ ਆਪਣੇ ਆਪ ਨੂੰ ਸਮਰਪਣ ਕਰਨ ਦੀ ਬਜਾਏ ਆਪਣੀਆਂ ਮੰਗਾਂ ਹੀ ਗੁਰੂ ਸਾਹਿਬ ਅੱਗੇ ਰੱਖੀਆਂ। ਫਿਰ ਜਿੱਥੇ ਰਾਗੀ ਸਾਹਿਬਾਨ ਬੈਠਦੇ ਨੇ ਉਥੇ ਮੱਥਾ ਟੇਕਿਆ। ਬਾਹਰ ਜਾ ਕੇ ਨਿਸ਼ਾਨ ਸਾਹਿਬ ਦੇ ਚਾਰੋਂ ਪਾਸੇ ਘੁੰਮ-ਘੁੰਮ ਕੇ ਮੱਥਾ ਟੇਕਿਆ, ਫਿਰ ਪੌੜੀਆ ਉਤਰਨ ਲਗਿਆਂ ਮੱਥਾ ਟੇਕਿਆ, ਇਸ ਤਰ੍ਹਾਂ ਘਟੋ-ਘੱਟ 14-15 ਵਾਰੀ ਮੱਥਾ ਟੇਕਿਆ। ਅਸੀਂ ਸੋਚੀਏ, ਮੈ ਗੁਰੂ ਦਾ ਸਤਿਕਾਰ ਤਾਂ ਕਰ ਲਿਆ ਪਰ ਗੁਰੂ ਦੀ ਜੇ ਇਕ ਵੀ ਗੱਲ ਨਾ ਮੰਨੀ ਤਾਂ ਕੀ ਇਹ ਸਤਿਕਾਰ ਹੋਇਆ? ਜੇਕਰ ਇਕ ਨੂੰਹ ਆਪਣੀ ਸੱਸ ਨੂੰ ਜਾਂ ਕੋਈ ਪੁੱਤਰ ਆਪਣੇ ਪਿਤਾ ਨੂੰ ਪੈਰਾਂ ਵੱਲ ਮੱਥਾ ਟੇਕੇ, ਦੱਸ ਪਾਸਿਓ ਘੁੰਮ-ਘੁੰਮ ਕੇ ਮੱਥਾ ਟੇਕੇ ਪਰ ਉਹਦਾ ਕਹਿਣਾ ਬਿਲਕੁਲ ਨਾ ਮੰਨੇ ਤਾਂ ਇਹ ਪਿਤਾ ਜਾਂ ਸੱਸ ਦਾ ਸਤਿਕਾਰ ਕਰਨਾ ਨਾ ਹੋਇਆ।
ਜੇਕਰ ਬਾਣੀ ਪੜ੍ਹ ਕੇ ਉਸ ਅਨੁਸਾਰ ਜੀਵਨ ਬਣਾ ਲਿਆ ਤਾਂ ਹੀ ਸਾਡਾ ਇਹ ਮੱਥਾ ਟੇਕਣਾ ਪਰਵਾਨ ਹੈ ਵਰਨਾ :
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ।। (ਗੁਰੂ ਗ੍ਰੰਥ ਸਾਹਿਬ, ਪੰਨਾ 470)
ਭਾਵ ਜਿਹੜਾ ਮਨੁੱਖ ਆਪਣੇ ਕਿਸੀ ਸੁਆਰਥ ਪਿੱਛੇ ਕੁਝ ਕਰਨ ਲੱਗੇ ਤਾਂ ਉਹਦੇ ਮਨ ਅੰਦਰ ਕੋਈ ਚਤੁਰਾਈ ਜਾਂ ਚਲਾਕੀ ਹੈ। ‘‘ਹੰਤਾ ਮਿਰਗਾਹਿ’’ ਭਾਵ ਜਿਸ ਤਰ੍ਹਾਂ ਸ਼ਿਕਾਰੀ ਹਿਰਨ ਨੂੰ ਮਾਰਨਾ ਚਾਹੁੰਦਾ ਹੈ ਤਾਂ ਉਹ ਝੁੱਕ-ਝੁੱਕ ਕੇ ਜਾਂਦਾ ਹੈ। ਇਸੀ ਤਰ੍ਹਾਂ ਅਸੀਂ ਬਾਰ-ਬਾਰ ਜਦੋਂ ਦੱਸ ਥਾਵਾਂ ਤੇ ਝੁਕਦੇ ਹਾਂ, ਇਸ ਦਾ ਮਤਲਬ ਸਾਡੇ ਮਨ ਅੰਦਰ ਕੋਈ ਸੁਆਰਥ ਹੈ।
ਇਕਿ ਅਪਣੈ ਸੁਆਇ ਆਇ ਬਹਹਿ ਗੁਰ ਆਗੈ ਜਿਉ ਬਗੁਲ ਸਮਾਧਿ ਲਗਾਈਐ।। (ਗੁਰੂ ਗ੍ਰੰਥ ਸਾਹਿਬ, ਪੰਨਾ 881)
‘ਇਕਿ’ ਦੇ ‘ਕ’ ਨੂੰ ਸਿਹਾਰੀ ਹੈ, ਇਸਦਾ ਭਾਵ ਬਹੁਵਚਨ ਰੂਪ ’ਚ ਗੱਲ ਚੱਲ ਰਹੀ ਹੈ, ਭਾਵ ਕਈ ਲੋਕੀਂ ਐਸੇ ਵੀ ਹਨ ਜਿਹੜੇ ਸਿਰਫ ਆਪਣੇ ਸੁਆਰਥ ਅਤੇ ਖੁਦਗਰਜ਼ੀ ਲਈ ਆਉਂਦੇ ਹਨ। ਜਿਵੇਂ ਬਗੁਲਾ ਅੱਖਾਂ ਬੰਦ ਕਰਕੇ ਇਕ ਟੰਗ ਤੇ ਖੜਾ ਹੋ ਕੇ ਸਮਾਧੀ ਲਗਾ ਲੈਂਦਾ ਹੈ ਪਰ ਜਿਉਂ ਹੀ ਮੱਛੀ ਆਉਂਦੀ ਹੈ ਤਾਂ ਉਹ ਕਾਬੂ ਕਰ ਲੈਂਦਾ ਹੈ। ਅਸੀਂ ਗੁਰੂ ਪਾਤਸ਼ਾਹ ਕੋਲ ਮੱਥਾ ਟੇਕਣ ਜਾਂਦੇ ਹਾਂ ਅਤੇ ਅਰਦਾਸਾਂ ਵੀ ਕਰਦੇ ਹਾਂ, ਕੀਰਤਨ ਵੀ ਅੱਖਾਂ ਮੀਟ ਕੇ ਸੁਣਦੇ ਹਾਂ ਪਰ ਅੰਦਰ ਇਹੀ ਸੋਚ ਰਹੇ ਹੁੰਦੇ ਹਾਂ ਕਿ ਜੇ ਮੈਂ ਕੀਰਤਨ ਸੁਣ ਲਿਆ ਤਾਂ ਗੁਰੂ ਸਾਹਿਬ ਮੇਰੀ ਗੱਲ ਮੰਨਣਗੇ, ਜੇ ਮੈਂ ਪੈਸਿਆਂ ਨਾਲ ਮੱਥਾ ਟੇਕਿਆ ਤਾਂ ਗੁਰੂ ਸਾਹਿਬ ਮੇਰੀ ਗੱਲ ਮੰਨਣਗੇ। ਜੇ ਮੈਂ ਹਾਰ ਚੜ੍ਹਾਇਆ, ਪ੍ਰਸ਼ਾਦ ਜਾਂ ਕੋਈ ਹੋਰ ਮਿਸ਼ਠਾਨ ਚੜ੍ਹਾਇਆ ਤਾਂ ਗੁਰੂ ਸਾਹਿਬ ਮੇਰੀ ਗੱਲ ਮੰਨਣਗੇ। ਜੇ ਅਸੀਂ ਆਪਣੀ ਹੀ ਗੱਲ ਮੰਨਵਾਉਣ ਜਾਂਦੇ ਹਾਂ ਤਾਂ ਫਾਇਦਾ ਕੀ ਹੋਇਆ ਇਹ ਤੇ ‘‘ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ।।’’ ਅਨੁਸਾਰ ਸਾਡਾ ਹਿਰਦਾ ਸ਼ੁੱਧ ਨਹੀਂ ਹੈ ਅਸੀਂ ਬਾਹਰੇਂ-ਬਾਹਰੋਂ ਮੱਥਾ ਟੇਕਦੇ ਰਹਿੰਦੇ ਹਾਂ।
ਗੁਰੂ ਪਾਤਸ਼ਾਹ ਕਹਿੰਦੇ ਹਨ ਐ ਮਨੁੱਖ ! ਜੇ ਤੂੰ ਗੁਰੂ ਕੋਲ ਆਇਆ ਹੈ ਤਾਂ ਗੁਰੂ ਦੀ ਗੱਲ ਮੰਨ। ਅਸੀਂ ਕਰਮ-ਕਾਂਡੀ ਮੱਥਾ ਨਹੀਂ ਟੇਕਣਾ ਅਸੀਂ ਸੱਚੇ ਦਿਲੋਂ ਮੱਥਾ ਟੇਕਣਾ ਹੈ ਅਤੇ ਆਪਣੀ ਮੱਤ ਸਮਰਪਤ ਕਰਨੀ ਹੈ, ਇਹੀ ਸਤਿਗੁਰ ਜੀ ਦਾ ਸਹੀ ਸਤਿਕਾਰ ਹੈ ਅਤੇ ਸਤਿਗੁਰ ਦੀ ਸਹੀ ਸੇਵਾ ਹੈ।
ਸਾਨੂੰ ਸਮਝਣਾ ਹੈ ਕਿ ਮੱਥਾ ਟੇਕਣ ਦਾ ਦਰਅਸਲ ਕੀ ਭਾਵ ਹੈ ਅਤੇ ਮੈਂ ਗੁਰੂ ਪਾਤਸ਼ਾਹ ਕੋਲ ਜਾ ਕੇ ਕੀ ਮੰਗਣਾ ਹੈ? ਗੁਰਬਾਣੀ ਰਾਹੀਂ ਸਾਨੂੰ ਸਮਝਾਇਆ ਗਿਆ ਹੈ ਕਿ :
ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ।। (ਗੁਰੂ ਗ੍ਰੰਥ ਸਾਹਿਬ, ਪੰਨਾ 1018)
ਲੇਕਿਨ
ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ।। (ਗੁਰੂ ਗ੍ਰੰਥ ਸਾਹਿਬ, ਪੰਨਾ 958)
ਭਾਵ ਗੁਰੂ ਦੀ ਮਤ ਨਹੀਂ ਮੰਗੀ ਇਸੇ ਕਰਕੇ ਰੱਬੀ ਗੁਣਾਂ ਨੂੰ ਨਹੀਂ ਜੀਵਿਆ ਸਿੱਟੇ ਵਜੋਂ ਦੁਖੀ-ਦੁਖੀ ਰਹਿੰਦੇ ਹਾਂ।
ਅਸੀਂ ਹੁਣ ਕਾਫੀ ਹੱਦ ਤਕ ਗੁਰਬਾਣੀ ਦੀ ਵਿੱਚਾਰ ਰਾਹੀਂ ਮੱਥਾ ਟੇਕਣ ਦਾ ਭਾਵ ਸਮਝ ਲਿਆ ਹੈ। ਅਸੀਂ ਰੱਬ ਜੀ ਨੂੰ ਮੱਥਾ ਨਹੀਂ ਟੇਕਦੇ ਬਲਕਿ ਅਸੀਂ ਸੱਚ ਦੀ ਵਿਚਾਰ ਅਗੇ ਮੱਥਾ ਟੇਕਦੇ ਹਾਂ। ਨਾਲ ਹੀ ਨਾਲ ਇਹ ਵੀ ਸਾਨੂੰ ਸਮਝ ਪੈਂਦਾ ਹੈ ਕਿ ਅਸੀਂ ਫੋਟੋਆਂ ਨੂੰ, ਥੜਿਆਂ ਅਤੇ ਪੀੜ੍ਹਿਆਂ ਨੂੰ ਅਤੇ ਨਿਸ਼ਾਨ ਸਾਹਿਬ ਦੇ ਚਾਰੋ ਪਾਸੇ ਘੁੰਮ-ਘੁੰਮ ਕੇ ਮੱਥਾ ਨਹੀਂ ਟੇਕਣਾ ਹੈ।
ਜਿਸ ਤਰ੍ਹਾਂ ਅਸੀਂ ਲੇਖ ਦੇ ਸ਼ੁਰੂ ਵਿੱਚ ਵਿਚਾਰ ਕਰ ਆਏ ਹਾਂ ਕਿ ਰੱਬ ਜੀ ਤਾਂ ਸਾਰੀ ਜਗ੍ਹਾ ਹਾਜ਼ਰ-ਨਾਜ਼ਰ ਹਨ। ਗੁਰਮਤ ਦੇ ਇਸ ਸਿਧਾਂਤ ਅਨੁਸਾਰ ਇਕ ਖ਼ਾਸ ਦਿਸ਼ਾ ਵੱਲ ਮੱਥਾ ਟੇਕਣ ਦੀ ਲੋੜ ਹੀ ਨਹੀਂ ਰਹਿ ਜਾਂਦੀ ਜਿਸ ਤਰ੍ਹਾਂ ਕਿ ਮੱਛੀ, ਸਮੁੰਦਰ ਵਿੱਚ ਰਹਿੰਦੇ ਹੋਏ ਕਿਹੜੇ ਪਾਸੇ ਮੂੰਹ ਕਰਕੇ ਸਮੁੰਦਰ ਨੂੰ ਲੱਭੇ? ਇਸੀ ਤਰ੍ਹਾਂ ਜੇ ਸਾਰੀ ਸ੍ਰਿਸ਼ਟੀ ਵਿੱਚ ਰੱਬ ਜੀ ਆਪ ਵਸਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਕਿਸੇ ਖਾਸ ਪਾਸੇ ਮੱਥਾ ਕਿਵੇਂ ਟੇਕ ਸਕਦੇ ਹਾਂ? ਸਮਝਣਾ ਤਾਂ ਇਹ ਹੈ ਕਿ ਰੱਬ ਜੀ ਸਾਡੇ ਅੰਦਰ ਵਸਦੇ ਹਨ ਅਤੇ ਗੁਰਮੱਤ ਵਿੱਚ ਸਾਨੂੰ ਆਪਣੇ ਅੰਦਰਲੇ ਦੀ ਪਛਾਣ ਵਾਸਤੇ ਸਮਝਾਇਆ ਗਿਆ ਹੈ।
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ।। ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ।। (ਗੁਰੂ ਗ੍ਰੰਥ ਸਾਹਿਬ, ਪੰਨਾ 441)
ਗੁਰਬਾਣੀ ਰਾਹੀਂ ਸਮਝਾਇਆ ਗਿਆ ਹੈ ਐ ਮਨੁੱਖ ! ਰੱਬ ਜੀ ਤੇਰੇ ਨਾਲ ਹੀ ਹਨ, ਤੇਰੇ ਅੰਦਰ ਹੀ ਹਨ, ਤੂੰ ਕਿਹੜੇ ਬਾਹਰ ਵਾਲੇ ਰੱਬ ਜੀ ਨੂੰ ਮੱਥਾ ਟੇਕ ਰਿਹਾ ਹੈਂ।
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ।। (ਗੁਰੂ ਗ੍ਰੰਥ ਸਾਹਿਬ, ਪੰਨਾ 463)
ਭਾਵ ਰੱਬ ਜੀ ਨੇ ਇਹ ਸ੍ਰਿਸ਼ਟੀ ਸਾਜੀ ਅਤੇ ਇਸ ਸ੍ਰਿਸ਼ਟੀ ਵਿੱਚ ਬਿਰਾਜਮਾਨ ਹਨ। ਜਦੋਂ ਅਸੀਂ ਇਸ ਵਿਚਾਰ ਨੂੰ ਸਮਝ ਲਵਾਂਗੇ ਤਾਂ ਸਾਨੂੰ ਹਰੇਕ ਮਨੁੱਖ ਵਿੱਚ, ਹਰੇਕ ਜਗ੍ਹਾ ਭਾਵ ਸਭ ਪਾਸੇ ਰੱਬ ਜੀ ਹੀ ਨਜ਼ਰ ਆਉਣਗੇ। ‘‘ਸਾਰੀ ਕਾਇਨਾਤ, ਕੁਦਰਤ ਅਤੇ ਮਨੁੱਖਾਂ ਵਿੱਚ ਰੱਬ ਜੀ ਨੂੰ ਮਹਿਸੂਸ ਕਰਨ ਨਾਲ ਸਾਨੂੰ ਨਿਮਰਤਾ ਦਾ ਭਾਵ ਆ ਜਾਂਦਾ ਹੈ।’’ ਪਰ ਕਿਸੇ ਖ਼ਾਸ ਥਾਂ ਤੇ ਜਾ ਕੇ ਮੱਥਾ ਟੇਕਣ ਨਾਲ ਅਸਲ ਝੁਕਣਾ ਨਹੀਂ ਆ ਜਾਂਦਾ, ਨਿਮਰਤਾ ਨਹੀਂ ਆਉਂਦੀ। ਜੇ ਇਸ ਤਰ੍ਹਾਂ ਝੁਕਣਾ ਆ ਜਾਏ ਤਾਂ ਸਾਰੀ ਦੁਨੀਆਂ ਥਾਂ-ਥਾਂ ਤੇ ਮੱਥਾ ਟੇਕਦੀ ਹੈ ਕੀ ਉਨ੍ਹਾਂ ਨੂੰ ਝੁਕਣਾ ਆ ਗਿਆ? ਕੀ ਉਨ੍ਹਾਂ ਨੂੰ ਨਿਮਰਤਾ ਆ ਗਈ? ਉਨ੍ਹਾਂ ਵਿੱਚ ਤੇ ਜ਼ਾਤ-ਪਾਤ, ਅਮੀਰੀ-ਗ਼ਰੀਬੀ, ਤੇਰ-ਮੇਰ, ਗੋਰਾ-ਕਾਲਾ ਦਾ ਵਿਤਕਰਾ ਹੈ। ਉਨ੍ਹਾਂ ਨੂੰ ਤੇ ਝੁਕਣਾ ਆਇਆ ਹੀ ਨਹੀਂ। ਅਸਲ ਵਿੱਚ ਮਨ ਦੀ ਗ਼ਰੀਬੀ ਹੀ ਰੱਬ ਜੀ ਅੱਗੇ ਝੁੱਕਣਾ ਹੈ। ਜਿਸ ਕੋਲ ਮਨ ਦੀ ਗ਼ਰੀਬੀ ਹੈ ਉਹੀ ਮਨੁੱਖ ਬਿਨਾਂ ਵਿਤਕਰੇ ਦੇ ਸਭ ਨਾਲ ਪੂਰੇ ਪਿਆਰ ਦੀ ਸਾਂਝ ਰਖਦੇ ਹਨ। ਇਹੋ ਜਿਹੀ ਨਿਮਰਤਾ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਦੇ ਹਾਂ।
1920 ਤੋਂ ਪਹਿਲੋਂ ਗੁਰਦੁਆਰੇ ਮਹੰਤਾਂ ਦੇ ਹੱਥਾਂ ਵਿੱਚ ਸਨ। ਉਨ੍ਹਾਂ ਮਹੰਤਾਂ ਵੱਲੋਂ ਗੁਰਦੁਆਰਿਆਂ ਵਿੱਚ ਸਾਰੀ ਮਨਮਤ ਕੀਤੀ ਜਾਂਦੀ ਸੀ। ਉਨ੍ਹਾਂ ਨੇ ਦੁਨੀਆ ਦੇ ਸਾਹਮਣੇ ਸੱਚ ਦੀ ਵਿਚਾਰ ਨਹੀਂ ਰੱਖੀ ਜਿਸ ਕਾਰਣ ਲੋਕੀ ਭੁਲੇਖੇ ਵਿੱਚ ਹੀ ਇਕ ਸੋਚਣੀ ‘‘ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।।’’ (ਗੁਰੂ ਗ੍ਰੰਥ ਸਾਹਿਬ, ਪੰਨਾ 646) ਵਾਲੀ ਸਿੱਖੀ ਜਿਊ ਨਹੀਂ ਰਹੇ। ਅੱਜ ਵੀ ਸੰਗਤ ਵਿੱਚ ਹਰ ਦੂਜੇ ਦਿਨ ਸੰਤਾਂ, ਮਹੰਤਾਂ ਦੇ ਡੇਰੇ ਤੋਂ, ਕਾਲੀ ਕੰਬਲੀ, ਨੀਲੀ ਕੰਬਲੀ ਅਤੇ ਚਿੱਟੇ ਚੋਲੇ ਵਾਲਿਆਂ ਵਲੋਂ ਨਵਾਂ ਪ੍ਰਚਾਰਕ ਆ ਜਾਂਦਾ ਹੈ। ਵੱਖ-ਵੱਖ ਥਾਵਾਂ ਤੋਂ ਆਉਣ ਕਾਰਨ ਉਨ੍ਹਾਂ ਸਭ ਦੀ ਵਿਚਾਰਧਾਰਾ ਵੱਖ-ਵੱਖ ਹੁੰਦੀ ਹੈ। ਬੇਨਤੀ ਹੈ ਕਿ ਭਰਮਾਂ, ਵਹਿਮਾਂ, ਧਾਗੇ ਤਵੀਤਾਂ ਜਾਂ ਵਿਚੋਲਿਆਂ ਦੇ ਚਕਰਾਂ ’ਚ ਪੈਣ ਦੀ ਬਜਾਇ ਗੁਰੂ ਦੀ ਬਾਣੀ ਦਾ ਸਹਾਰਾ ਲਈਏ।
ਅਸੀਂ ਦੂਸਰੇ ਧਰਮਾਂ ਵਾਲਿਆਂ ਨਾਲ ਈਰਖਾ, ਮਜ਼੍ਹਬੀ ਵਿਤਕਰਾ ਅਤੇ ਨਫ਼ਰਤ ਕਰਨ ਦੀ ਬਜਾਏ ਉਨ੍ਹਾਂ ਕੋਲੋਂ ਇਸ ਬਾਬਤ ਚੰਗੀਆਂ ਗੱਲ੍ਹਾਂ ਸਿਖੀਏ। ਜਿਵੇਂ ਇਸਾਈ ਧਰਮ ਦੇ ਪਾਦਰੀ ਪੜ੍ਹੇ-ਲਿਖੇ ਅਤੇ ਮਾਨਤਾ ਪ੍ਰਾਪਤ ਹੁੰਦੇ ਹਨ। ਉਨ੍ਹਾਂ ਦੇ ਗਿਰਜੇਘਰ ਵਿੱਚ ਹਰ ਕੋਈ ਆ ਕੇ ਨਹੀਂ ਬੋਲ ਸਕਦਾ। ਮੁਸਲਮਾਨ ਧਰਮ ਵਿੱਚ ਵੀ ਦਸ-ਬਾਰਾਂ ਸਾਲ ਦੀ ਪੜ੍ਹਾਈ ਬਾਦ ਹੀ ਯੋਗ ਕਾਜ਼ੀ ਤਿਆਰ ਹੁੰਦਾ ਹੈ ਅਤੇ ਕੇਵਲ ਉਹ ਹੀ ਮਸਜਿਦ ਵਿੱਚ ਬੋਲ ਸਕਦਾ ਹੈ। ਅਕਾਲ ਤਖ਼ਤ ਦੀ ਰਹਿਤ ਮਰਿਯਾਦਾ ਵਿੱਚ ਲਿਖਿਆ ਹੈ ਕਿ ਅਨਮਤੀਆ, ਪਤਿਤ ਜਾਂ ਕੋਈ ਹੋਰ ਵੀ ਗ਼ੈਰ ਸਿੱਖ ਗੁਰਦੁਆਰਿਆਂ ਦੀ ਸਟੇਜ ਤੋਂ ਨਹੀਂ ਬੋਲ ਸਕਦਾ ਪਰ ਉਸਦਾ ਅਰਥ ਇਹ ਨਹੀਂ ਕਿ ਜਿਹੜਾ ਸਿਰਫ ਕੇਸ਼ ਰੱਖ ਲਏ ਤਾਂ ਉਹ ਆ ਕੇ ਬੋਲ ਸਕਦਾ ਹੈ। ਪ੍ਰਚਾਰਕ ਭਾਵੇਂ ਪੜ੍ਹਿਆ ਲਿਖਿਆ ਮਿਸ਼ਨਰੀ ਹੋਵੇ ਜਾਂ ਅਨਪੜ੍ਹ ਲੇਕਿਨ ਗੁਰਮੁਖ ਹੋਣਾ ਲਾਜ਼ਮੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪ੍ਰਚਾਰਦਾ ਹੋਵੇ (ਕਹਾਣੀਆਂ ਨੂੰ ਕਿਸੇ ਸ਼ਬਦ ਨਾਲ ਮਿਲਾ ਕੇ ਸੰਗਤਾਂ ਨੂੰ ਅੰਧਵਿਸ਼ਵਾਸਾਂ ਨਾਲ ਨਾ ਜੋੜਦਾ ਹੋਵੇ।) ਜੇ ਪ੍ਰਚਾਰਕ ਇਹ ਸੇਵਾ ਨਿਸ਼ਕਾਮ ਕਰੇ ਤਾਂ ਬਿਹਤਰ ਹੈ ਕਿਉਂਕਿ ਉਹੀ ਪ੍ਰਚਾਰਕ ਸਹੀ ਪ੍ਰਚਾਰ ਕਰ ਸਕੇਗਾ।
ਅੱਜ ਸੰਗਤਾਂ ਨੂੰ ਭੁਲੇਖਾ ਪੈ ਰਿਹਾ ਹੈ ਕਿਉਂਕਿ ਇਕੋ ਸਟੇਜ ਤੋਂ ਜੇ ਕੋਈ ਸੱਚ ਦਾ ਪ੍ਰਚਾਰ ਕਰ ਰਿਹਾ ਹੈ ਤਾਂ ਉਥੇ ਹੀ ਕੋਈ ਦੂਜਾ ਸੰਤਾਂ ਵਾਲਾ ਆ ਕੇ ਮਾਲਾ ਦਾ ਪ੍ਰਚਾਰ ਕਰਨ ਲੱਗ ਪੈਂਦਾ ਹੈ, ਕੋਈ 108 ਜਾਪ, ਮੰਤ੍ਰ ਪੜ੍ਹਨ ਲੱਗ ਪੈਂਦਾ ਹੈ, ਕੋਈ ਫੂਕਾਂ ਮਾਰ-ਮਾਰ ਲੋਕਾਂ ਨੂੰ ਪੁਤੱਰ ਵੰਡਣ ਲੱਗ ਪੈਂਦਾ ਹੈ। ਸੰਗਤ ਅਣਜਾਣ ਹੈ ਇਸ ਕਰਕੇ ਗੁਰਦੁਆਰਿਆਂ ਦੀ ਸਟੇਜਾਂ ਤੋਂ ਇਹ ਸਭ ਸੁਣ-ਸੁਣ ਕੇ ਉਹ ਗੁੰਮਰਾਹ ਅਤੇ ਪਰੇਸ਼ਾਨ ਹੋ ਜਾਂਦੀ ਹੈ।
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ।। (ਗੁਰੂ ਗ੍ਰੰਥ ਸਾਹਿਬ, ਪੰਨਾ 469)
ਭਾਵ ਸੰਗਤ ਠਗਾਈ ਗਈ ਕਿਉਂਕਿ ਗਿਆਨ ਵਿਹੂਣੀ ਹੈ। ਇਕ ਜਗ੍ਹਾ ਦੇਖ ਕੇ ਹੈਰਾਨ ਰਹਿ ਗਿਆ ਕਿ ਇਕ ਜੋੜੀ ਦੇ ਵਿਆਹ ਸਮੇ ਲਾਵਾਂ ਦੀ ਪੂਰੀ ਤਿਆਰੀ ਸੀ ਪਰ ਉਨ੍ਹਾਂ ਦੇ ਸੰਤ ਜੀ ਮਹਾਰਾਜ ਦੇ ਨਾ ਪਹੁੰਚਣ ਕਾਰਨ ਲਾਵਾਂ ਨਹੀਂ ਹੋ ਰਹੀਆ ਸਨ। ਇਸ ਗੱਲ ਤੇ ਮੈਨੂੰ ਹੋਰ ਹੈਰਾਨੀ ਹੋਈ ਕਿ ਜਦੋਂ ਸੰਤ ਮਹਾਰਾਜ ਜੀ ਆਏ ਤਾਂ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਵੱਲ ਪਿਠ ਕਰ ਕੇ ਸੰਤ ਜੀ ਨੂੰ ਮੱਥੇ ਟੇਕਣੇ ਸ਼ੁਰੂ ਕਰ ਦਿਤੇ ਜਿਵੇਂ ਉਨ੍ਹਾਂ ਦੀ ਪਦਵੀ ਗੁਰੂ ਗ੍ਰੰਥ ਸਾਹਿਬ ਤੋਂ ਉੱਚੀ ਹੋਵੇ। ਜੇ ਕਰ ਲਾਵਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋ ਰਹੀਆਂ ਹਨ ਤਾਂ ਉਨ੍ਹਾਂ ਨੂੰ ਕੋਈ ਪੁੱਛੇ ਕਿ, ‘‘ਇੱਕ ਸੰਤ ਜੀ ਦੀ ਪਦਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਿਵੇਂ ਉੱਚੀ ਹੋ ਸਕਦੀ ਹੈ?’’
ਅਸੀਂ ਗੁਰਦੁਆਰਿਆਂ ਤੋਂ ਵੱਖਰੇ ਨਹੀਂ ਹਾਂ, ਅਸੀਂ ਅਕਾਲ ਤਖ਼ਤ ਦੀ ਰਹਿਤ ਮਰਿਯਾਦਾ ਦੇ ਨਾਲ ਹਾਂ ਜਿਵੇਂ ਕੌਮ ਦਾ ਇਕ ਆਮ ਸਿੱਖ ਹੈ ਉਸੀ ਤਰ੍ਹਾਂ ਹਾਂ। ‘ਦਿ ਲਿਵਿੰਗ ਟਰੈਯਰ’ ਵਿੱਚ ਅਸੀਂ ਗੁਰਬਾਣੀ ਦੇ ਇਕ-ਇਕ ਨੁਕਤੇ ਨੂੰ ਠੀਕ ਤਰੀਕੇ ਦੇ ਨਾਲ ਸਮਝ ਕੇ ਸਹੀ ਅਰਥਾਂ ਵਿੱਚ ਸਿੱਖ ਬਣਨਾ ਚਾਹੁੰਦੇ ਹਾਂ, ਤਾ ਕਿ ਅਸੀਂ ਗੁਰਦੁਆਰੇ ਜਾ ਕੇ ਮਨਮਤ ਵਾਲੇ ਕਰਮਕਾਂਡਾਂ ਵਿੱਚ ਨਾ ਪਈਏ। ਇਹ ਜਰੂਰੀ ਕਰ ਦੇਈਏ ਕਿ ਗੁਰਦੁਆਰਿਆਂ ਵਿੱਚ ਜੋ ਪ੍ਰਚਾਰ ਕਰੇ ਉਹ ਮਾਨਤਾ ਪ੍ਰਾਪਤ ਮਿਸ਼ਨਰੀ ਹੀ ਹੋਵੇ ਤਾ ਕਿ ਸੰਗਤਾਂ ਗੁਰਮਤ ਸਿਧਾਂਤਾਂ ਤੋਂ ਉਲਟ ਕਿਸੀ ਵੀ ਪ੍ਰਚਾਰ ਦੁਆਰਾ ਗੁੰਮਰਾਹ ਨਾ ਹੋਣ। ਇਕ ਯੋਗਤਾ ਪ੍ਰਾਪਤ ਮਿਸ਼ਨਰੀ ਹੀ ਸੰਗਤਾਂ ਦੇ ਸਵਾਲਾਂ ਦਾ ਗੁਰਬਾਣੀ ਦੇ ਆਧਾਰ ਤੇ ਸਹੀ ਜਵਾਬ ਦੇ ਸਕੇਗਾ। ਇਹ ਹੋਰ ਵੀ ਚੰਗਾ ਹੋਵੇਗਾ ਜੇਕਰ ਉਹ ਪੰਜਾਬੀ ਅਤੇ ਅਲਗ-ਅਲਗ ਬੋਲੀਆਂ ਦਾ ਜਾਣਕਾਰ ਹੋਵੇ, ਜਿਸ ਤਰ੍ਹਾਂ ਕਿ ਅੰਗ੍ਰੇਜ਼ੀ ਅਤੇ ਹਿੰਦੀ ਭਾਸ਼ਾ। ਉਹ ਭਾਈ ਕਾਨ੍ਹ ਸਿੰਘ ਨਾਭਾ ਵਾਂਗੂੰ ਅਨੇਕਾਂ ਭਾਸ਼ਾਵਾਂ ਵੀ ਜਾਣਦਾ ਹੋਵੇ ਤਾਂ ਹੋਰ ਵੀ ਚੰਗਾ ਹੈ। ਉਹ ਵਿਗਿਆਨ, ਮਨੋਵਿਗਿਆਨ ਬਾਰੇ ਵੀ ਜਾਣਕਾਰੀ ਰਖਦਾ ਹੋਵੇ ਤਾ ਕਿ ਉਹ ਦਲੀਲ ਉੱਤੇ ਗੱਲ ਕਰ ਸਕਦਾ ਹੋਵੇ। ਪਰ ਜਿਹੜੇ ਪ੍ਰਚਾਰਕ ਆਪ ਹੀ ਗੁਰਮਤ ਦੀ ਪੜ੍ਹਾਈ ਵਿੱਚ ਪੂਰੇ ਨਹੀਂ ਹਨ ਉਨ੍ਹਾਂ ਨੇ ਸੰਗਤਾਂ ਨੂੰ ਸੱਚ ਦਾ ਮਾਰਗ ਦੇਣ ਦੀ ਬਜਾਏ, ਜਗ੍ਹਾ-ਜਗ੍ਹਾ ਤੇ ਮੱਥਾ ਟੇਕ ਕੇ ਕਰਾਮਾਤੀ ਢੰਗ ਨਾਲ ਮੰਗਾਂ ਪੂਰੀਆਂ ਕਰਨ ਵਾਲੇ ਪਾਸੇ ਪਾ ਦਿੱਤਾ। ਜਿਸ ਦਾ ਨਤੀਜਾ ਇਹ ਹੋਇਆ ਕਿ ਸੰਗਤ ਕਰਮ-ਕਾਂਡਾਂ ਅਤੇ ਮਨਮੱਤ ਵਾਲੇ ਪਾਸੇ ਟੁਰ ਪਈ।
ਆਮ ਲੋਕੀ ਪੂਜਾ ਬਾਰੇ ਭੁਲੇਖੇ ਵਿੱਚ ਹਨ ਪਰ ਗੁਰਮਤ ਅਨੁਸਾਰ ਗੁਰੂ ਅੱਗੇ ਆਪਣਾ ‘‘ਆਪਾ ਸਮਰਪਣ’’ ਕਰਨਾ ਹੀ ਪੂਜਾ ਹੈ। ਸਾਨੂੰ ਸਹੀ ਮਾਇਨੇ ਵਿੱਚ ਗੁਰਮਤ ਵਿਚਾਰਧਾਰਾ ਅਨੁਸਾਰ ਮੱਥਾ ਟੇਕਣ ਦਾ ਭਾਵ ਸਮਝ ਨਹੀਂ ਆਇਆ ਇਸੀ ਕਰਕੇ ਹੀ ਕੁਝ ਸੰਗਤਾਂ ਦਾ ਸਿਰਫ ਧੰਨ ਗੁਰੂ ਰਾਮਦਾਸ ਜੀ ਤੇ ਵਿਸ਼ਵਾਸ ਬੈਠ ਗਿਆ ਅਤੇ ਕੁਝ ਸੰਗਤਾਂ ਦਾ ਸਿਰਫ ਗੁਰੂ ਗੋਬਿੰਦ ਸਿੰਘ ਜੀ ਤੇ। ਅਸੀਂ ਗੁਰੂ ਵੀ ਵੰਡ ਲਏ ਹਨ। ਇਸ ਕਰਕੇ ਕੁਝ ਸੰਗਤਾਂ ਦਾ ਵਿਸ਼ਵਾਸ ਸਿਰਫ ਬੰਗਲਾ ਸਾਹਿਬ ਤੇ ਬਣ ਗਿਆ ਅਤੇ ਕੁਝ ਸੰਗਤਾਂ ਸਿਰਫ ਸੀਸ ਗੰਜ ਤੇ ਵਿਸ਼ਵਾਸ ਰੱਖਦੀਆਂ ਹਨ। ਕੁਝ ਸੰਗਤਾਂ ਪੂਰਨਮਾਸ਼ੀ ਤੇ ਲਖਣ ਮਾਜਰੇ ਤੇ ਵਿਸ਼ਵਾਸ ਰਖਦੀਆਂ ਹਨ। ਜਿੱਥੇ ਵੀ ਜਾਂਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੱਥਾ ਟੇਕਦੇ ਹਾਂ ਤਾਂ ਫਿਰ ਵੱਖਰੇ-ਵੱਖਰੇ ਸਥਾਨ ਕਿਉਂ ਬਣਾਏ ਹਨ? ਅਸਲ ਵਿੱਚ ਇਹ ਤਾਂ ਸਿਰਫ ਸਾਡੇ ਇਤਿਹਾਸਕ ਗੁਰਦੁਆਰੇ ਹਨ। ਜੇਕਰ ਇਸ ਬਾਰੇ ਅਸੀਂ ਜ਼ਰਾ ਵਿਚਾਰੀਏ ਤਾਂ ਪਤਾ ਚਲਦਾ ਹੈ ਕਿ ਉੱਥੇ ਸਭ ਜਗ੍ਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਤਾਂ ਹੈ:
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।। (ਗੁਰੂ ਗ੍ਰੰਥ ਸਾਹਿਬ, ਪੰਨਾ 646)
ਜਦੋਂ ਤੱਕ ਅਸੀਂ ਇਸ ਦੇ ਭਾਵ (ਮਕਸਦ) ਨੂੰ ਨਹੀਂ ਸਮਝਾਂਗੇ, ਅਸੀਂ ਇਸੀ ਤਰ੍ਹਾਂ ਡੱਕੇ-ਡੋਲੇ ਖਾਂਦੇ ਰਹਾਂਗੇ। ਜਦੋਂ ਇਕੋ ਵਿਚਾਰਧਾਰਾ ਵਾਲੇ ਮਿਸ਼ਨਰੀ ਹੋਣਗੇ, ਉਹ ਸਹੀ ਢੰਗ ਦੇ ਨਾਲ ਸੱਚ ਦੀ ਵਿਚਾਰ ਫੈਲਾਉਣਗੇ ਤਾਂ ਸੱਚ ਤੇ ਲੋਕੀ ਤੁਰਨਗੇ, ਵਰਨਾ ਜਿਸਦਾ ਜਿਸ ਨਾਲ ਖਿਆਲ ਜੁੜ ਗਿਆ ਉਹ ਉਸੇ ਨਾਲ ਤੁਰ ਪੈਂਦਾ ਹੈ, ਸੰਗਤਾਂ ਗਵਾਚੀਆਂ ਰਹਿੰਦੀਆਂ ਹਨ ਕਿਉਂਕਿ ਕਈ ਪ੍ਰਚਾਰਕ ਕਹਾਣੀਆਂ ਸੁਣਾਉਂਦੇ ਰਹਿੰਦੇ ਹਨ ਪਰ ਗੁਰਬਾਣੀ ਅਨੁਸਾਰ ਗੁਰੂ ਦੀ ਮਤ ਦਾ ਗਿਆਨ ਸੰਗਤਾਂ ਨੂੰ ਦ੍ਰਿੜ ਨਹੀਂ ਕਰਵਾਉਂਦੇ। ਗੁਰੂ ਦੀ ਬਾਣੀ ਮਨੁੱਖ ਦਾ ਅੰਤਰਆਤਮਾ ਸਾਫ ਕਰਕੇ ਮਨੁੱਖ ਨੂੰ ਰੱਬੀ ਮਿਲਨ ਦੀ ਅਵਸਥਾ ਵਾਲਾ ਜੀਵਨ ਸਿਖਾਉਂਦੀ ਹੈ।
ਕਾਸ਼ ! ਅਸੀਂ ਖਾਲੀ ਭਾਂਡਾ ਹੋ ਕੇ, ਗੁਰੂ ਸਾਹਿਬ ਦੇ ਦਰ ਤੇ ਡਿੱਗ ਕੇ ਮੱਥਾ ਟੇਕਣ ਦਾ ਭਾਵ ਅਰਥ ਪੁਛੀਏ। ਜੇਕਰ ਉਹ ਸਮਝ ਆ ਗਿਆ ਤਾਂ ਸਾਡਾ ਸਭ ਦਾ ਜੀਵਨ ਬਦਲ ਜਾਵੇਗਾ, ਜੇ ਜੀਵਨ ਬਦਲ ਗਿਆ ਤਾਂ ਸਾਡੇ ਅੰਦਰ ਨਿਮਰਤਾ ਅਤੇ ਸਮਰਪਣ ਦੀ ਭਾਵਨਾ ਆ ਜਾਵੇਗੀ।




.