.

ਗੁਰੂ ਕੌਣ ਹੁੰਦਾ ਹੈ

ਵੀਰ ਭੁਪਿੰਦਰ ਸੰਘ

ਇਸ ਦੁਨੀਆ ਵਿੱਚ ਮਾਇਆ ਦਾ ਪਸਾਰਾ ਬੇਅੰਤ ਤਰੀਕਿਆ ’ਚ ਪਸਰਿਆ ਹੋਇਆ ਹੈ। ਮਾਇਆ ਕਿਸੇ ਵੀ ਰੂਪ ਵਿੱਚ ਮਾੜੀ ਨਹੀਂ ਹੁੰਦੀ ਪਰ ਵਿਕਾਰਾਂ ਦੇ ਵੱਸ ਪਿਆ ਮਨੁੱਖ, ਮਾਇਆ ਦੇ ਅਨੇਕਾਂ ਰੂਪਾਂ ’ਚ ਖੱਚਤ ਹੋ ਜਾਂਦਾ ਹੈ। ਸਿੱਟੇ ਵਜੋਂ ਮਨੁੱਖ ਨੂੰ ਬਿਬੇਕ ਬੁੱਧੀ ਪ੍ਰਾਪਤ ਕਰਨੀ ਮੁਸ਼ਕਲ ਹੋ ਜਾਂਦੀ ਹੈ। ਐਸੀ ਅਵਸਥਾ ਵਾਲੇ ਮਨੁੱਖ ਨੂੰ ਅਗਿਆਨਤਾ ਵੱਸ ਜਿਊਣ ਕਾਰਣ, ਸਾਰੀ ਉਮਰ ਜੰਮ ਰੂਪੀ ਵਿਕਾਰ ਸਤਾਉਂਦੇ ਰਹਿੰਦੇ ਹਨ। ਮਨੁੱਖ ਦਾ ਸਾਰਾ ਜੀਵਨ ਖੁਦਗਰਜ਼ੀ ਦੇ ਤੰਗ ਜਾਲੇ ’ਚ ਉਲਝ ਕੇ ਰਹਿ ਜਾਂਦਾ ਹੈ। ਉਹ ਮਨੁੱਖ, ਮਾਨੋ ਸਾਰੀ ਉਮਰ ਸੁਤਿਆਂ (ਆਤਮਕ ਨੀਂਦ ’ਚ ਹੀ) ਹੀ ਗੁਜ਼ਾਰ ਦਿੰਦਾ ਹੈ। ਜਦੋਂ ਆਤਮਕ ਨੀਂਦ ’ਚੋਂ ਜਾਗਣ ਦਾ ਸਮਾਂ ਆਉਂਦਾ ਹੈ, ਸੋਝੀ ਆਉਂਦੀ ਹੈ ਤਾਂ ਉਹ ਮਨੁੱਖ ਇਹ ਸੋਚ ਕੇ ਪਛਤਾਉਂਦਾ ਹੈ ਕਿ ਓਹੋ ! ਸਾਰੀ ਉਮਰ ਖੁਦਗਰਜ਼ੀ ਭਰਿਆ ਜੀਵਨ ਜਿਉ-ਜਿਉ ਕੇ, ਕੇਵਲ ਆਪਣਾ ਤਨ ਅਤੇ ਆਪਣਾ ਪਰਵਾਰ ਪਾਲਣ ਤੋਂ ਇਲਾਵਾ ਇਨਸਾਨੀਅਤ ਭਰਪੂਰ ਕੋਈ ਵੀ ਕੰਮ ਨਾ ਕੀਤਾ। ਪਰ ਉਸ ਸਮੇਂ ਪਛਤਾਉਣ ਦਾ ਕੋਈ ਫਾਇਦਾ ਹੀ ਨਹੀਂ ਹੁੰਦਾ ਕਿਉਂਕਿ ਉਸ ਵਕਤ ਬੁਢਾਪੇ ਕਾਰਨ ਸਰੀਰ ਕੁਝ ਵੀ ਇਨਸਾਨੀਅਤ ਦੇ ਭਲੇ ਲਈ ਕਰਨ ਦੇ ਲਾਇਕ ਰਹਿੰਦਾ ਹੀ ਨਹੀਂ, ਭਾਵ ਮਨੁੱਖ ਉਸ ਵੇਲੇ ਜੇ ਆਤਮਕ ਨੀਂਦ ’ਚੋਂ ਜਾਗ ਵੀ ਪਵੇ ਤਾਂ ਕੁਝ ਵੀ ਉਸਾਰੂ ਕਰਣ ਲਈ, ਲੱਗਭਗ ਅਸਮਰੱਥ ਹੁੰਦਾ ਹੈ। ਮਨੁੱਖਾਂ ਨੂੰ ਅਗਿਆਨਤਾ ਦੀ ਐਸੀ ਨੀਂਦ ’ਚੋਂ ਜਗਾਉਣ ਲਈ ਗੁਰੂ ਦੀ ਸਖ਼ਤ ਲੋੜ ਹੁੰਦੀ ਹੈ। ਗੁਰਬਾਣੀ ਦਾ ਫੁਰਮਾਣ ਹੈ :- ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ।। ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ।। (ਗੁਰੂ ਗ੍ਰੰਥ ਸਾਹਿਬ, ਪੰਨਾ 463) ਜਿਸ-ਜਿਸ ਮਨੁੱਖ ਦਾ ਹਿਰਦਾ ਗੁਰੂ ਗਿਆਨ ਦੇ ਤੀਰ ਨਾਲ ਵਿੰਨ੍ਹਿਆ ਜਾਂਦਾ ਹੈ, ਐਸੇ ਹਰੇਕ ਮਨੁੱਖ ਦੀ ਨੀਂਦ (ਆਤਮਕ ਨੀਂਦ) ਖੁੱਲ ਜਾਂਦੀ ਹੈ, ਮਨੁੱਖ ਸਦੀਵੀ ਜਾਗਣ ਦੀ ਅਵਸਥਾ ’ਚ ਜਿਊਂਦਾ ਹੈ। ਐਸੇ ਮਨੁੱਖ ਨੂੰ ਹੀ ਗੁਰਮੁੱਖ ਕਿਹਾ ਜਾਂਦਾ ਹੈ ਅਤੇ ਐਸਾ ਮਨੁੱਖ ‘ਪਰਮ-ਪਦ’ ਦੀ ਅਵਸਥਾ ਤੱਕ ਅਪੱੜ ਜਾਂਦਾ ਹੈ। ਅਗਾਂਹ ਵੱਧਣ ਤੋਂ ਪਹਿਲਾਂ ਅਸੀਂ ਇਹ ਜ਼ਰੂਰ ਸਮਝ ਲਈਏ ਕਿ ਸਦੀਵੀ ਜਾਗਣ ਦੀ ਅਵਸਥਾ ਜਾਂ ਆਤਮਕ ਨੀਂਦ ਦੀ ਅਵਸਥਾ ਦਾ, ਸਾਡੀਆਂ ਸਰੀਰਕ ਅੱਖਾਂ ਨਾਲ ਕੋਈ ਤਾਅਲੁੱਕ ਨਹੀਂ ਹੈ। ਇਸ ਦਾ ਭਾਵ ਇਹ ਨਿਕਲਿਆ ਕਿ ਸਾਡੀਆਂ ਸਰੀਰਕ ਅੱਖਾਂ ਦੇ ਖੁਲੱਣ ਨਾਲ ਜਾਗਣ ਅਤੇ ਅੱਖਾਂ ਦੇ ਬੰਦ ਹੋਣ ਨਾਲ ਸੌਣ ਬਾਰੇ ਗੱਲ ਨਹੀਂ ਚਲ ਰਹੀ ਹੈ। ਦਰਅਸਲ, ਅਗਿਆਨਤਾ ਰੂਪੀ ਹਨੇਰੇ ’ਚ ਗੁੰਮਰਾਹ ਹੋ ਕੇ ਜਿਊਣ ਵਾਲੇ ਸਾਡੇ ਅਚੇਤ ਮਨ ਦੀ ਨੀਂਦ ਬਾਰੇ ਇਸ ਲੇਖ ’ਚ ਵਿਚਾਰ ਕਰ ਰਹੇ ਹਾਂ।

ਅਚੇਤ ਮਨ ਦੀ ਨੀਂਦ ਤੋਂ ਜਾਗਣਾ ਕਿਵੇਂ ਹੈ? ਜਾਗਰੂਕ ਕਿਵੇਂ ਹੋਣਾ ਹੈ? ਭਾਵ, ਆਤਮਕ ਨੀਂਦ ਨੂੰ ਕਿਵੇਂ ਤੋੜੀਏ ਤਾ ਕਿ ਸਦੀਵੀ ਜਾਗ ਪਈਏ? ਸਰੀਰਕ ਨੀਂਦ ’ਚੋਂ ਜਗਾਉਣ ਲਈ, ਕਿਸੇ ਵੀ ਗੁਰੂ ਦੀ ਲੋੜ ਨਹੀਂ ਹੁੰਦੀ। ਕੋਈ ਵੀ ਮਨੁੱਖ ਸਾਨੂੰ ਹਿਲਾ ਦੇਵੇ, ਹੱਥ ਲਗਾ ਦੇਵੇ, ਆਵਾਜ਼ ਮਾਰ ਦੇਵੇ ਤਾਂ ਅਸੀਂ ਜਾਗ ਪੈਂਦੇ ਹਾਂ। ਸਰੀਰਕ ਨੀਂਦ ’ਚੋਂ ਜਗਾਉਣ ਵਾਲਾ ਸਿਆਣਾ ਹੋਵੇ ਜਾਂ ਇਆਣਾ, ਗਿਆਨੀ ਹੋਵੇ ਜਾਂ ਅਗਿਆਨੀ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕਿਸੀ ਵੀ ਸ਼ੋਰ ਗੁੱਲ ਜਾਂ ਹਲਕੀ ਜਿਹੀ ਆਵਾਜ਼ ਆਉਣ ਤੇ ਵੀ ਸਰੀਰਕ ਨੀਂਦ ਖੁਲ੍ਹ ਸਕਦੀ ਹੈ। ਦਰਅਸਲ ਸਮਝਣਾ ਤਾਂ ਇਹ ਹੈ ਕਿ ਆਤਮਕ ਨੀਂਦ (ਅਚੇਤ ਮਨ) ਦੀ ਅਵਸਥਾ ਤੋਂ, ਸਾਨੂੰ ਕੌਣ ਜਗਾਉਣ ਲਈ ਸਮਰੱਥ ਹੈ? ਕੇਵਲ ਅਤੇ ਕੇਵਲ ‘ਸਤਿਗੁਰ’ (ਸੱਚਾ-ਗਿਆਨ ਗੁਰੂ) ਹੀ ਮਨੁੱਖਾਂ ਨੂੰ ਆਤਮਕ ਨੀਂਦ ’ਚੋਂ (ਅਚੇਤ ਮਨ ਦੀ ਅਵਸਥਾ ਤੋਂ) ਜਗਾਉਣ ਦੇ ਸਮਰੱਥ ਹੁੰਦਾ ਹੈ। ਅਚੇਤ ਮਨ ਵਾਲੇ ਜਾਂ ਆਤਮਕ ਸੁੱਤੇ ਹੋਏ ਮਨੁੱਖ ਵਿਕਾਰਾਂ ਹੱਥੋਂ ਮਾਰ ਖਾ ਕੇ ਖੁਦਗਰਜ਼ੀ ਭਰੀ ਪਸ਼ੂ ਬਿਰਤੀ ’ਚ ਜਿਊਂਦੇ ਹਨ। ਵਿਕਾਰਾਂ ਦੀ ਮਾਰ ਪੈਂਦੀ ਹੀ ਤਦੋਂ ਹੈ, ਜਦੋਂ ਮਨੁੱਖ ਆਤਮਕ ਸੁੱਤਾ ਹੋਵੇ - ਨਰ ਅਚੇਤ ਪਾਪ ਤੇ ਡਰੁ ਰੇ ।। (ਗੁਰੂ ਗ੍ਰੰਥ ਸਾਹਿਬ, ਪੰਨਾ 220) ਭਾਵ, ਮਨੁੱਖ ਸਰੀਰਕ ਤੌਰ ਤੇ ਬੇਹੋਸ਼ ਨਹੀਂ ਪਰ ਆਤਮਕ ਤੌਰ ਤੇ ਅਚੇਤ, ਬੇਹੋਸ਼ ਹੈ ਤਾਂ ਵਿਕਾਰਾਂ ਦੇ ਹੱਥੇ ਚੜ੍ਹ ਕੇ ਪਸ਼ੁਤਾ ਵਾਲੇ ਕਰਮ ਕਰਦਾ ਰਹਿੰਦਾ ਹੈ। ਜੇ ਮਨੁੱਖ ਆਪਣੀ ਆਤਮਕ ਨੀਂਦ (ਅਚੇਤ ਮਨ) ਤੋਂ ਜਾਗ ਪਵੇ, ਤਾਂ ਉਸ ਦੀਆਂ ਕਰਨੀਆਂ ਪਸ਼ੁਤਾ ਤੋਂ ਉਪਰ ਉਠ ਕੇ, ਗੁਰਮੁਖ ਵਾਲੀਆਂ ਪੂਰਨ ਮਨੁੱਖਤਾ ਭਰਪੂਰ, ਆਦਰਸ਼ ਮਨੁੱਖ ਵਾਲੀਆਂ ਹੋ ਜਾਂਦੀਆਂ ਹਨ। ਜੀਵਨੀ ਵਿੱਚ ਇਸੇ ਬਦਲਾਹਟ ਨੂੰ ਧਾਰਮਕਤਾ ਭਰਪੂਰ ਜੀਵਨ ਕਹਿੰਦੇ ਹਨ, ਤੇ ਇਹ ਚਮਤਕਾਰ ਕੇਵਲ ਗਿਆਨ ਗੁਰੂ ਰਾਹੀਂ ਹੀ ਹੁੰਦਾ ਹੈ :- ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ।। (ਗੁਰੂ ਗ੍ਰੰਥ ਸਾਹਿਬ, ਪੰਨਾ 1372)

ਹਰੇਕ ਮਨੁੱਖ ਨੂੰ ਗਿਆਨ ਗੁਰੂ ਰਾਹੀਂ, ਬਿਬੇਕਤਾ ਵਾਲੀਆਂ, ਜਾਗਰੂਕਤਾ ਵਾਲੀਆਂ ਆਤਮਕ ਅੱਖਾਂ (ਤੀਜਾ ਨੇਤ੍ਰ) ਪ੍ਰਾਪਤ ਹੋ ਸਕਦੀਆਂ ਹਨ। ਅੰਦਰੋਂ ਸੁਰਤ ਜਾਗ ਪਵੇ, ਜੀਵਨ ਉੱਚੇ ਆਚਰਣ ਵਾਲਾ ਅਤੇ ਸਦਗੁਣਾਂ ਵਾਲਾ ਹੋ ਜਾਵੇ ਉਸ ਗਿਆਨ ਅਤੇ ਬਿਬੇਕ ਬੁੱਧੀ ਨੂੰ ਆਤਮਕ ਅੱਖਾਂ ਕਹਿ ਸਕਦੇ ਹਾਂ। ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ।। ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ।। (ਗੁਰੂ ਗ੍ਰੰਥ ਸਾਹਿਬ, ਪੰਨਾ 954) ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ।। (ਗੁਰੂ ਗ੍ਰੰਥ ਸਾਹਿਬ, ਪੰਨਾ 1100) ਐਸੀਆਂ ਆਤਮਕ ਅੱਖਾਂ (ਬਿਬੇਕਤਾ ਭਰਪੂਰ) ਵਾਲੇ ਮਨੁੱਖ ਦਾ ਜੀਵਨ ਜਾਗਰੂਕ ਅਵਸਥਾ ਵਾਲਾ ਹੋ ਜਾਂਦਾ ਹੈ। ਐਸੀ ਅਵਸਥਾ ਵਾਲਾ ਮਨੁੱਖ, ਸਰੀਰਕ ਰੂਪ ’ਚ ਭਾਵੇਂ ਸੁੱਤਾ ਵੀ ਹੋਵੇ, ਤਾਂ ਵੀ ਆਤਮਕ ਰੂਪ ’ਚ ਜਾਗ੍ਰਿਤ ਅਵਸਥਾ ਕਾਰਨ ਉਸਦੀ ਬਿਰਤੀ ਅਤੇ ਸੁਰਤ ਗਿਆਨ ਗੁਰੂ ਨਾਲ ਜੁੜੀ ਹੁੰਦੀ ਹੈ।

ਆਓ ਹੁਣ ਆਤਮਕ ਜਾਗ੍ਰਿਤ ਅਵਸਥਾ ਭਾਵ ਸੁਚੇਤ ਮਨ ਦੀ ਅਵਸਥਾ ਵਾਲੇ ਮਨੁੱਖ ਨਾਲ, ਜੋ ਜੋ ਵਾਪਰਦਾ ਹੈ, ਉਸ ਦੀ ਵਿਚਾਰ ਕਰਦੇ ਹਾਂ, ਤਾ ਕਿ ਸਾਨੂੰ ਵੀ ਚੇਟਕ ਲਗ ਜਾਵੇ ਕਿ ਅਸੀਂ ਵੀ ਜਾਗਣਾ ਹੈ।

1. ਐਸੀਆਂ ਖੁਲੀਆਂ ਆਤਮਕ ਅੱਖਾਂ ਵਾਲੇ ਮਨੁੱਖ ਨੂੰ ‘‘ਗੁਰਮੁਖਿ ਜਾਗਿ ਰਹੇ ਦਿਨ ਰਾਤੀ।।'' (ਗੁਰੂ ਗ੍ਰੰਥ ਸਾਹਿਬ, ਪੰਨਾ 1024) ਕਹਿੰਦੇ ਹਨ।

2. ਐਸੀਆਂ ਬਿਬੇਕਤਾ ਭਰੀਆਂ ਅੱਖਾਂ ਵਾਲੇ ਮਨੁੱਖ ਨੂੰ ਸਾਰੇ ਮਨੁੱਖ, ਰੱਬ ਜੀ ਦੇ ਬਣਾਏ ਬੰਦੇ ‘‘ਕੁਦਰਤਿ ਕੇ ਸਭ ਬੰਦੇ’’ ਦਿਸਦੇ ਹਨ।

3. ਐਸੀਆਂ ਖੁਲੀਆਂ ਅਖਾਂ ਵਾਲੇ ਨੂੰ ਰੱਬ ਜੀ ਹਾਜ਼ਰ ਨਾਜ਼ਰ ਸਭ ਜਗ੍ਹਾ ਮੌਜੂਦ, ‘‘ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦ’’ ਮਹਿਸੂਸ ਹੋਣ ਲੱਗ ਪੈਂਦੇ ਹਨ।

4. ਐਸੀਆਂ ਆਤਮਕ ਖੁਲੀਆਂ ਅੱਖਾਂ ਵਾਲੇ ਮਨੁੱਖ ‘‘ਹਮ ਨਹੀ ਚੰਗੇ ਬੁਰਾ ਨਹੀ ਕੋਇ।।'' ਅਤੇ ‘‘ਨਾ ਕੋ ਬੈਰੀ ਨਹੀਂ ਬਿਗਾਨਾ'' ਵਾਲੀ ਅਵਸਥਾ ਮਾਣਨ ’ਚ ਵਿਗਾਸ, ਖੇੜਾ, ਵਿਸਮਾਦ ਆਉਂਦਾ ਹੈ।

5. ਐਸੀਆਂ ਖੁਲੀਆਂ ਆਤਮਕ ਅੱਖਾਂ ਵਾਲੇ ਮਨੁੱਖ ਨੂੰ ਗੋਰਾ/ਕਾਲਾ, ਪਾਪੀ/ਪੁੰਨੀ, ਅਮੀਰ/ਗਰੀਬ, ਉੱਚੀ/ਨੀਵੀਂ ਜ਼ਾਤ, ਆਪਣੇ/ਪਰਾਏ ਅਤੇ ਤੇਰ ਮੇਰ ਦਾ ਵਿਤਕਰਾ ਨਹੀਂ ਰਹਿੰਦਾ। ਪਰਾਈ ‘ਮਾਂ, ਧੀ, ਭੈਣ’ ਆਪਣੀ ਹੀ ਮਾਂ, ਧੀ, ਭੈਣ ਲਗਦੀ ਹੈ।

6. ਐਸੀਆਂ ਖੁਲੀਆਂ ਆਤਮਕ ਅੱਖਾਂ ਵਾਲੇ ਮਨੁੱਖੀ ਹਿਰਦੇ ’ਚ ਕੋਈ ਵੈਰ ਨਾ ਹੋਣ ਕਾਰਣ ਮਜ਼ਬੀ ਵਿਤਕਰਾ, ਧੜੇਬਾਜ਼ੀ ਦੀ ਭਾਵਨਾ ਮੁੱਕ ਜਾਂਦੀ ਹੈ।

7. ਸੱਚੇ ਗਿਆਨ ਗੁਰੂ ਦੇ ਅੰਜਨ ਨਾਲ, ਖੁਲੀਆਂ ਆਤਮਕ ਅੱਖਾਂ ਵਾਲੇ ਮਨੁੱਖ ਨੂੰ ਜਾਦੂ-ਟੂਣੇ, ਭਰਮ-ਵਹਿਮ, ਭੂਤ/ ਪ੍ਰੇਤ, ਤੰਤ੍ਰ/ਮੰਤ੍ਰ ਅਤੇ ਕਰਾਮਾਤਾਂ ਬਾਰੇ ਕੋਈ ਅੰਧਵਿਸ਼ਵਾਸ ਰਹਿੰਦਾ ਹੀ ਨਹੀਂ।

8. ਪੂਰਨ ਸੱਚੇ ਗਿਆਨ ਗੁਰੂ ਦੇ ਕਾਰਣ, ਮਨੁੱਖ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜੈਸੇ ਵਿਕਾਰ ਛੱਡਣ ਲਈ, ਕੁਝ ਵੀ ਉਚੇਚਾ ਉਪਰਾਲਾ ਨਹੀਂ ਕਰਨਾ ਪੈਂਦਾ ਕਿਉਂਕਿ ਚੰਗੇ/ਮੰਦੇ ਦੀ ਪਛਾਣ ਕਰ ਸਕਣ ਦੀ ਬਿਬੇਕ ਬੁੱਧੀ ਕਾਰਨ, ਉਸ ਮਨੁੱਖ ਦੀ ਆਪ ਮੁਹਾਰੇ ਹੀ ਚੰਗੀਆਂ ਕਰਨੀਆਂ ਵਾਲੀ ਆਦਤ ਬਣ ਜਾਂਦੀ ਹੈ। “ਓਨੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ।।”

9. ਆਤਮਕ ਨੀਂਦ ’ਚੋਂ ਜਾਗੇ ਮਨੁੱਖ ਨੂੰ ਸਰੀਰਕ ਨੀਂਦ ਸਮੇਂ ਵੀ (ਸੁਪਨੇ ’ਚ) ਰੱਬੀਂ ਗੁਣਾਂ ਦੀ ਵਡਿਆਈਆਂ ਦੀ ਵਿਚਾਰ ਹੀ ਚਲਦੀ ਰਹਿੰਦੀ ਹੈ। ‘‘ਕਿਆ ਸਵਣਾ ਕਿਆ ਜਾਗਣਾ ਗੁਰਮੁਖਿ ਤੇ ਪਰਵਾਣੁ।।'' ਅਤੇ ‘‘ਕਬੀਰ ਸੁਪਨੈ ਹੂ ਬਰੜਾਇ ਕੈ ਜਿਹ ਮੁਖਿ ਨਿਕਸੈ ਰਾਮੁ।।'' ਵਾਲੀ ਅਵਸਥਾ ਵਾਲਾ ਅਨੰਦ ਉਨ੍ਹਾਂ ਨੂੰ ਪ੍ਰਾਪਤ ਹੋਣ ਲੱਗ ਪੈਂਦਾ ਹੈ।

10. ਐਸੀਆਂ ਖੁਲੀਆਂ ਅੱਖਾਂ ਵਾਲੇ ਮਨੁੱਖ ਦਾ ਹਿਰਦਾ ਖੁਦਗਰਜ਼ੀ, ਕੰਜੂਸੀ ਤੋਂ ਉਪਰ ਉਠ ਕੇ ਵਿਸ਼ਾਲ ਹੋ ਜਾਂਦਾ ਹੈ ਜਿਸਦਾ ਸਦਕਾ ‘‘ਸਰਬਤ ਦਾ ਭਲਾ’’ ਅਤੇ ‘‘ਵੰਡ ਛਕਣਾ’’ ਜੈਸੇ ਰੱਬੀ ਗੁਣਾਂ ਵਾਲਾ ਜੀਵਨ ਜਿਊਣ ਦੀ ਜਾਚ ਆ ਜਾਂਦੀ ਹੈ।

11. ਐਸੀਆਂ ਖੁਲੀਆਂ ਅੱਖਾਂ ਵਾਲੇ ਮਨੁੱਖ ਨੂੰ ਲੋਕਾਂ ਦੇ ਦਿੱਤੇ ਦਾਨ, ਪਰਾਇਆ ਹੱਕ ਮਾਰਕੇ, ਹੇਰਾ ਫੇਰੀ ਦੇ ਅਣਕਮਾਏ ਧਨ ਉਤੇ ਟੇਕ ਨਹੀਂ ਰਹਿੰਦੀ ਬਲਕਿ ‘‘ਕਿਰਤ ਵਿਰਤ ਕਰ ਧਰਮ ਦੀ ਹਥਹੁੰ ਦੇਕੇ ਭਲਾ ਮਨਾਵੈ'' (ਭਾਈ ਗੁਰਦਾਸ ਵਾਰ 6, ਪਉੜੀ 12) ਜੈਸੀ ਜੀਵਨੀ ਜਿਊਣੀ ਹੀ ਉਸਦਾ ਧਰਮ ਹੁੰਦਾ ਹੈ।

12. ਗਿਆਨ ਗੁਰੂ ਦਾ ਸਦਕਾ ਖੁੱਲੀਆਂ ਅੱਖਾਂ ਵਾਲੇ ਮਨੁੱਖ ਕਿਸੀ ਤੋਂ ਵੀ ਚਰਨਾਂ ਤੇ ਮੱਥਾ ਨਹੀਂ ਟਿਕਵਾਉਂਦੇ, ਕਿਸੀ ਨੂੰ ਰੱਬ ਨਾਲ ਮਿਲਾਉਣ ਵਾਲੇ ਵਿਚੋਲੇ ਨਹੀਂ ਬਣਦੇ, ਕਿਸੀ ਦੇ ਕੰਨਾਂ ’ਚ ਨਾਮ ਮੰਤਰ ਫੂਕ ਕੇ ਦੇਣ ਵਾਲੇ ਅਖੌਤੀ ਗੁਰੂ ਵੀ ਨਹੀਂ ਬਣਦੇ ਅਤੇ ਨਾ ਹੀ ਕਿਸੀ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਲਈ ਪ੍ਰਾਰਥਨਾਵਾਂ, ਅਰਦਾਸਾਂ ਕਰਦੇ ਹਨ। ਅਜਿਹੇ ਮਨੁੱਖ ਕਿਸੀ ਦੇ ਵੀ ਗੁਰੂ, ਪੀਰ, ਸੰਤ ਜਾਂ ਬਾਬੇ ਨਹੀਂ ਬਣਦੇ।

13. ਖੁੱਲੀਆਂ ਅੱਖਾਂ ਵਾਲੇ ਮਨੁੱਖ ਨੂੰ ‘‘ਪਰ ਕਾ ਬੁਰਾ ਨ ਰਾਖਹੁ ਚੀਤ।।’’ ਅਤੇ ‘‘ਫਰੀਦਾ ਬੁਰੇ ਦਾ ਭਲਾ ਕਰਿ’’ ਜਿਊਣਾ ਆ ਜਾਂਦਾ ਹੈ। ਉਹ ਦੂਜਿਆਂ ਨੂੰ ਮਾਫ ਕਰਨਾ ਅਤੇ ਬੁਰੇ ਨਾਲ ਵੀ ਭਲਾ ਕਰਨ ਦੀ ਆਦਤ ਪਕਾ ਲੈਂਦੇ ਹਨ। ਹਾਂ ! ਪਰ ਕਿਸੀ ਨੂੰ ਪਾਪੀ, ਨਾਸਤਕ, ਨਰਕਾਂ ਦਾ ਫਤਵਾ ਜਾਂ ਸਰਾਪ ਦੇਣ ਜੈਸੇ ਭੈੜੇ ਬੋਲਾਂ ਅਤੇ ਖ਼ਿਆਲਾਂ ਤੋਂ ਉਪਰ ਉਠ ਜਾਂਦੇ ਹਨ ਭਾਵ ਕਿਸੀ ਬਾਰੇ ਬੁਰੀ ਸੋਚ ਉਨ੍ਹਾਂ ਦੇ ਚਿੱਤ ਵਿੱਚ ਵੀ ਨਹੀਂ ਆਉਂਦੀ।

14. ਸੱਚੇ ਗਿਆਨ ਰਾਹੀਂ, ਖੁਲੀਆਂ ਅੱਖਾਂ ਵਾਲੇ ਮਨੁੱਖ ਆਪਣੇ ਆਪ ਨੂੰ ਹੋਰਨਾਂ ਤੋਂ ਉੱਚਾ, ਆਸਤਕ ਜਾਂ ਪੁੰਨੀ ਨਹੀਂ ਸਮਝਦੇ ਹਨ ਅਤੇ ਨਾ ਹੀ ਕਿਸੇ ਦੀ ਨਿੰਦਾ ਕਰਦੇ ਹਨ।

15. ਸੱਚੇ ਗਿਆਨ ਗੁਰੂ ਦਾ ਸਦਕਾ, ਚੇਤੰਨ ਬਿਬੇਕਤਾ ਭਰਪੂਰ ਖੁੱਲੀਆਂ ਅੱਖਾਂ ਵਾਲੇ ਮਨੁੱਖਾਂ ਨੂੰ ‘‘ਕਾਹੂ ਫਲ ਕੀ ਇਛਾ ਨਹੀ ਬਾਛੈ।।'' ਦ੍ਰਿੜ ਹੋ ਜਾਂਦਾ ਹੈ। ਸਿੱਟੇ ਵਜੋਂ ਪਦਾਰਥਵਾਦ, ਮਾਇਕੀ ਅਤੇ ਸਰੀਰਕ ਸੁੱਖਾਂ ਦੀਆਂ ਮੰਗਾਂ ਵੀ ਨਹੀਂ ਮੰਗਦੇ ਅਤੇ ਮਰਣ ਮਗਰੋਂ ਅਖੌਤੀ ਮੁਕਤੀ, ਚਰਨਾ ’ਚ ਨਿਵਾਸ, ਸ੍ਵਰਗ, ਜਨੱਤ ਜਾਂ ਸਰੀਰ ਮੁੜ ਕੇ ਨਾ ਧਾਰਨਾ ਪਵੇ ਜੈਸੀਆਂ ਮੰਗਾਂ ਵੀ ਨਹੀਂ ਮੰਗਣੀਆਂ ਪੈਂਦੀਆਂ। ਉਪਰੋਕਤ ਬਿਆਨ ਕੀਤੇ ਕੀਮਤੀ ਗੁਣਾਂ ਵਾਲੀਆਂ ਖੁਲੀਆਂ ਅੱਖਾਂ ਵਾਲੀ ਜਾਗ੍ਰਿਤ ਅਵਸਥਾ, ਸੁਚੇਤਤਾ, ਬਿਬੇਕ ਬੁੱਧੀ (ਦਸਮ ਦੁਆਰ ਖੁਲ੍ਹਣ) ਵਾਲੀ ਅਵਸਥਾ ਮਨੁੱਖ ਤੇ ਕਦੋਂ ਵਾਪਰਦੀ ਹੈ?

ਆਓ ਇਸ ਬਾਰੇ ਥੋੜੀ ਹੋਰ ਵਿਚਾਰ ਸਾਂਝ ਕਰੀਏ :

1. ਕਬੀਰਾ ਜਹਾ ਗਿਆਨੁ ਤਹ ਧਰਮੁ ਹੈ (ਗੁਰੂ ਗ੍ਰੰਥ ਸਾਹਿਬ, ਪੰਨਾ 1372)

2. ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ।। (ਗੁਰੂ ਗ੍ਰੰਥ ਸਾਹਿਬ ਪੰਨਾ, 793)

3. ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ।। ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ।। (ਗੁਰੂ ਗ੍ਰੰਥ ਸਾਹਿਬ, ਪੰਨਾ 293)

ਭਾਵ ਜਿਸ ਮਨੁੱਖ ਦਾ ਹਿਰਦਾ ਗਿਆਨ ਗੁਰੂ ਦੇ ਤੀਰ ਨਾਲ ਵਿਨ੍ਹਿਆ ਜਾਂਦਾ ਹੈ, ਉਹ ਮਨੁੱਖ ਆਪਣੇ ਮਨ ਪਿੱਛੇ (ਮਨਮੁਖ ਹੋ ਕੇ) ਨਹੀਂ ਤੁਰਦਾ ਭਾਵ ਸੱਚੇ ਗਿਆਨ ਅਨੁਸਾਰ ਜੀਵਨੀ ਜਿਊਂਦਾ ਹੈ। ‘‘ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ।। ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ।। (ਗੁਰੂ ਗ੍ਰੰਥ ਸਾਹਿਬ, ਪੰਨਾ 1374) ਐਸਾ ਮਨੁੱਖ ਆਪਣੀ ਅਕਲ, ਬੁੱਧੀ, ਮਤ ਅਤੇ ਮਨ ਨੂੰ ਗਿਆਨ ਗੁਰੂ ਅੱਗੇ ਸਮਰਪਤ ਕਰ ਦਿੰਦਾ ਹੈ। ਐਸੀ ਕਰਨੀ ਦਾ ਧਾਰਨੀ ਹੋ ਜਾਂਦਾ ਹੈ ਜਿਸ ਵਿੱਚ ਓਨੀ ਮੰਦੈ ਪੇਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ।। ਉਸ ਪਾਸੋਂ ਧਰਮੀ ਕਰਮ ਹੀ ਹੁੰਦੇ ਹਨ। ਪਾਪੀ/ਪੁੰਨੀ ਜਾਂ ਚੰਗੇ/ਮੰਦੇ ਕਰਮਾਂ ਬਾਰੇ ਵਿਚਾਰ ਕਰਨੀ ਨਹੀਂ ਪੈਂਦੀ ਬਲਕਿ ਸੱਚੇ ਗਿਆਨ ਅਨੁਸਾਰ ਜੋ ਜੀਵਨੀ ਬਣ ਜਾਂਦੀ ਹੈ ਉਹ ਸੁਕ੍ਰਿਤ ਅਤੇ ਧਾਰਮਕਤਾ ਭਰਪੂਰ ਹੀ ਹੁੰਦੀ ਹੈ। ਸਿੱਟੇ ਵਜੋਂ ਅਸੀਂ ਇਸੇ ਵਿਚਾਰ ਤੇ ਪੁਜਾਂਗੇ ਕਿ ਮਨੁੱਖ ‘‘ਆਪਣੀਆਂ ਪਸ਼ੂ ਬਿਰਤੀਆਂ ਵਾਲੇ ਜੀਵਨ ਤੋਂ ਉਪਰ ਉਠ ਕੇ, ਪੂਰਨ ਮਨੁੱਖਤਾ ਭਰਪੂਰ ਜੀਵਨ ਉਸ ਵਕਤ ਜਿਊਂਦਾ ਹੈ ਜਦੋਂ ਉਹ ਅਗਿਆਨਤਾ ਦੀ ਆਤਮਕ ਨੀਂਦ ’ਚੋਂ ਜਾਗ ਪੈਂਦਾ ਹੈ। ਸੋ ਅਗਿਆਨਤਾ ਦੀ ਆਤਮਕ ਨੀਂਦ ’ਚੋਂ ਮਨੁੱਖ ਨੂੰ ਕੇਵਲ ਅਤੇ ਕੇਵਲ ਗਿਆਨ ਗੁਰੂ, ਸਤਿਗੁਰ ਹੀ ਜਗਾਉਂਦਾ ਹੈ। ਇਸ ਦਾ ਮਤਲਬ ਮਨੁੱਖ ਨੂੰ ਸਰੀਰਕ ਨੀਂਦ ’ਚੋਂ ਮਨੁੱਖ ਜਗਾਉਂਦਾ ਹੈ, ਪਰ ਮਨੁੱਖ ਨੂੰ ਆਤਮਕ ਨੀਂਦ (ਅਚੇਤ ਮਨ ਦੀ ਅਵਸਥਾ) ’ਚੋਂ ਕੇਵਲ ਗਿਆਨ ਗੁਰੂ, ਸੱਚਾ ਗਿਆਨ ਹੀ ਜਗਾ ਸਕਦਾ ਹੈ। ਗਿਆਨ ਗੁਰੂ ਵਲੋਂ ਤੀਰ ਕਿਸਨੂੰ ਵੱਜਦਾ ਹੈ? ਕੌਣ ਗਿਆਨ ਗੁਰੂ ਦੀ ਗੱਲ ਨੂੰ ਸਮਝਦਾ ਹੈ? ਗਿਆਨ ਗੁਰੂ ਕੌਣ ਹੁੰਦਾ ਹੈ ਅਤੇ ਮਨੁੱਖ ਦੇ ਕਿਹੜੇ ਕੰਨ ਸੁਣਦੇ ਹਨ? ਕਿਹੜੀਆਂ ਅੱਖਾਂ ਖੁਲਦੀਆਂ ਹਨ?

ਆਓ ਕੁਝ ਮਿਸਾਲਾਂ ਰਾਹੀਂ ਸਮਝਣ ਦਾ ਜਤਨ ਕਰੀਏ :

ਮਿਸਾਲ : 1. ਜਦੋਂ ਮਨੁੱਖ ਕਿਸੀ ਦੀ ਗੱਲ, ਸੁਣ ਕੇ ਵੀ ਨਹੀਂ ਸੁਣ ਪਾਉਂਦਾ ਤਾਂ ਉਸ ਤੋਂ ਪੁਛਿਆ ਜਾਂਦਾ ਹੈ ਕਿ ‘‘ਤੇਰਾ ਧਿਆਨ ਕਿੱਥੇ ਚਲਾ ਗਿਆ ਸੀ’’ ਜਦਕਿ ਉਹ ਮਨੁੱਖ ਸਰੀਰਕ ਤੌਰ ਤੇ, ਕੰਨਾ ਰਾਹੀਂ ਸੁਣ ਚੁੱਕਾ ਸੀ। ਇਸਦਾ ਮਤਲਬ ਸਰੀਰਕ ਕੰਨ ਨਹੀਂ ਬਲਕਿ ਧਿਆਨ ਰੂਪੀ ਕੰਨ ਸੁਣਦੇ ਹਨ। ਧਿਆਨ ਰੂਪੀ ਕੰਨਾਂ ਨੂੰ ਹੀ ‘ਆਤਮਕ ਕੰਨ’ ਕਹਿ ਕੇ ਆਓ ਇਸ ਲੇਖ ਦੀ ਵਿਚਾਰ ਨੂੰ ਅੱਗੇ ਤੋਰੀਏ।

2. ਜਦੋਂ ਮਨੁੱਖ ਕਿਸੀ ਨੂੰ ਵੇਖ ਕੇ ਵੀ ਉਸ ਨੂੰ ਨਹੀਂ ਮਿਲਦਾ ਜਾਂ ਉਸ ਨਾਲ ਨਹੀਂ ਬੋਲਦਾ ਤਾਂ ਪੁਛਿਆ ਜਾਂਦਾ ਹੈ ਕਿ ਤੁਸੀਂ ਮੈਨੂੰ ਵੇਖ ਕੇ ਵੀ ਬੁਲਾਇਆ ਕਿਉਂ ਨਹੀਂ? ਉਹ ਮਨੁੱਖ ਕਹਿੰਦਾ ਹੈ ਕਿ ਮੈਨੂੰ ਤੇ ਪਤਾ ਹੀ ਨਹੀਂ ਕੀ ਮੈਂ ਤੁਹਾਨੂੰ ਵੇਖਿਆ ਸੀ, ਮੇਰਾ ਤਾਂ ਧਿਆਨ ਹੀ ਕਿਸੇ ਹੋਰ ਪਾਸੇ ਸੀ। ਮਤਲਬ ਸਾਫ ਹੈ ਕਿ ‘ਵੇਖ ਕੇ ਵੀ ਨਹੀਂ ਵੇਖ ਸਕਿਆ’ ਭਾਵ ਅਰਥ ਇਹੋ ਨਿਕਲਿਆ ਕਿ ਸਰੀਰਕ ਅੱਖਾਂ ਨਹੀਂ ਵੇਖਦੀਆਂ ਬਲਕਿ ‘ਧਿਆਨ ਰੂਪੀ ਅਖਾਂ’ ਹੀ ਵੇਖਦੀਆਂ ਹਨ। ਧਿਆਨ ਰੂਪੀ ਅੱਖਾਂ ਨੂੰ ਅਸੀਂ ‘ਆਤਮਕ ਅੱਖਾਂ’ ਕਹਿ ਕੇ ਇਸ ਲੇਖ ਦੀ ਵਿਚਾਰ ਨੂੰ ਅੱਗੇ ਤੋਰਦੇ ਹਾਂ।

3. ਜਦੋਂ ਮਨੁੱਖ ਕੁਝ ਖਾਣ ਤੋਂ ਬਾਦ ਕਹਿੰਦਾ ਹੈ, ਕਿ ਮੈਨੂੰ ਤੇ ਪਤਾ ਹੀ ਨਹੀਂ ਲਗਿਆ ਕਿ ਖਾਣੇ ’ਚ ਲੂਣ ਹੈ ਹੀ ਨਹੀਂ ਸੀ, ਤਾਂ ਪੁਛਿਆ ਜਾਂਦਾ ਹੈ ਕਿ ‘‘ਖਾਣ ਵਕਤ ਤੇਰਾ ਧਿਆਨ ਕਿੱਥੇ ਸੀ’’, ਅਸੀਂ ਜਵਾਬ ਦਿੰਦੇ ਹਾਂ ਕਿ ਮੇਰਾ ਧਿਆਨ ਕਿਧਰੇ ਹੋਰ ਚਲਾ ਗਿਆ ਸੀ। ਇਸ ਮਿਸਾਲ ਦਾ ਭਾਵ ਅਰਥ ਵੀ ਇਹੋ ਨਿਕਲਿਆ ਕਿ ਸਰੀਰਕ ਜੀਭ ਖਾਂਦੀ-ਚੱਖਦੀ ਨਹੀਂ ਹੈ ਬਲਕਿ ਧਿਆਨ ਰੂਪੀ ‘ਜੀਭ' ਚੱਖਦੀ ਹੈ ਜਿਸ ਨੂੰ ਕਿ ‘ਆਤਮਕ ਜੀਭ’ ਵੀ ਕਹਿ ਸਕਦੇ ਹਾਂ।

4. ਜਦੋਂ ਮਾਂ ਬੱਚੇ ਨੂੰ ਕਮਰੇ ’ਚ ਲਿਟਾ ਕੇ, ਅੰਦਰ-ਬਾਹਰ ਕੰਮ ’ਚ ਮਸਤ ਰਹਿੰਦੀ ਹੈ ਤਾਂ ਜਿਤਨਾ ਮਰਜੀ ਸ਼ੋਰ-ਗੁੱਲ ਹੋਵੇ ਪਰ ਮਾਂ ਨੂੰ ਬੱਚੇ ਦਾ ਰੋਣਾ/ਜਾਗਣਾ ਸੁਣਾਈ ਪੈ ਜਾਂਦਾ ਹੈ, ਜੋ ਕਿ ਆਤਮਕ ਧਿਆਨ ਕਾਰਣ ਕੰਨਾਂ ਨੇ ਸੁਣ ਲਿਆ। ਇਸ ਦਾ ਭਾਵ ਅਰਥ ਇਹੋ ਨਿਕਲਿਆ ਕਿ ਧਿਆਨ ਹੀ ਇਕ ਐਸਾ ਔਜ਼ਾਰ ਹੈ, ਜਿਸ ਦਾ ਰੰਗ, ਰੂਪ ਜਾਂ ਸਰੀਰ ’ਚ ਕੋਈ ਖ਼ਾਸ ਸਥਾਨ ਨਹੀਂ ਹੈ ਪਰ ਸਾਰੇ ਇੰਦ੍ਰੇ ਉਸੀ ਧਿਆਨ ਦੇ ਅਧੀਨ ਹੁੰਦੇ ਹਨ। ਭਾਵੇਂ ਮਨੁੱਖ ਸਰੀਰਕ ਜਿਊਂਦਾ ਜਾਗਦਾ ਹੋਵੇ ਤਾਂ ਵੀ ਧਿਆਨ ਨਾ ਹੋਣ ਕਾਰਣ ਕੁਝ ਵੀ ਉਸਾਰੂ ਨਹੀਂ ਕਰ ਪਾਂਦਾ।

5. ਉਪਰਲੀ ਵਿਚਾਰ ਤੋਂ ਇਹ ਵੀ ਪਤਾ ਲਗਦਾ ਹੈ, ਕਿ ਜਦੋਂ ਅਸੀਂ ਕਿਸੀ ਨਾਲ ਮਾੜਾ/ਬੁਰਾ ਬੋਲ ਕੇ ਮਾਫੀਆਂ ਮੰਗਦੇ ਜਾਂ ਅਫ਼ਸੋਸ ਕਰਦੇ ਰਹਿੰਦੇ ਹਾਂ ਤਾਂ ਬੁਰਾ ਬੋਲਣ ਵਕਤ ਅਸੀਂ ਬੇਧਿਆਨੇ (ਅਚੇਤ ਮਨ, ਆਤਮਕ ਸੁੱਤਾ ਮਨ) ਦੀ ਅਵਸਥਾ ਵਿੱਚ ਸੀ।

6. ਇਸ ਦਾ ਮਤਲਬ ਇਹ ਵੀ ਲਿਆ ਜਾ ਸਕਦਾ ਹੈ ਕਿ ਰੀਤ-ਰਿਵਾਜ਼, ਸ਼ਰਾਬਾਂ ਪਾਰਟੀਆਂ, ਵਿਆਹ ਸ਼ਾਦੀ, ਜੰਮਣ ਮਰਣ ਸਮੇਂ ਵਿਖਾਵਾ ਕਰਕੇ, ਕੁਝ ਵੀ ਕੀਤਾ ਗਿਆ ਬੇਧਿਆਨੇ, (ਸੁੱਤੇ ਮਨ, ਅਚੇਤ ਮਨ) ਆਤਮਕ ਸੁੱਤੇ ਮਨੁੱਖ ਦੀਆਂ ਅਵਸਥਾਵਾਂ ਹੀ ਹਨ। ‘‘ਮਾਇਆਧਾਰੀ ਅਤਿ ਅੰਨਾ ਬੋਲਾ।।'' ਪੰਕਤੀ ਤੋਂ ਇਹੋ ਸੁਨੇਹਾ ਮਿਲਦਾ ਹੈ ਕਿ ਜੋ ਵੀ ਮਨੁੱਖ ਅਮੀਰ ਭਾਵੇਂ ਗਰੀਬ ਜੇਕਰ ਵਿਖਾਵੇ ਦੀ ਖੇਡ ’ਚ ਮਸਤ ਹੈ ਤਾਂ ਉਸਦੇ ਕੰਨ-ਅੱਖਾਂ ਬੰਦ ਹੋ ਜਾਂਦੇ ਹਨ, ਸਿੱਟੇ ਵਜੋਂ, ਉਹ ਨਾ ਸੱਚ ਸੁਣ ਸਕਦਾ ਹੈ ਤੇ ਨਾ ਹੀ ਸੱਚ ਵੇਖ ਸਕਦਾ ਹੈ। ਬੋਲਣ ਵੇਲੇ ਅਤੇ ਖਾਣ ਵੇਲੇ ਉਸ ਮਨੁੱਖ ਦੀ ਜੀਭ ਬੇਧਿਆਨੀ (ਅਚੇਤ ਅਵਸਥਾ) ਹੀ ਹੁੰਦੀ ਹੈ। ਉਪਰ ਦਿੱਤੀਆਂ ਗਈਆਂ 5-6 ਮਿਸਾਲਾਂ ਰਾਹੀਂ ਇਸ ਸਿੱਟੇ ਤਕ ਪੁੱਜਣ ਦਾ ਉਪਰਾਲਾ ਕੀਤਾ ਗਿਆ ਹੈ ਕਿ ਅਸਲ ’ਚ ਧਿਆਨ ਹੀ ਸੁਣਦਾ, ਪੜਦਾ, ਬੋਲਦਾ, ਵੇਖਦਾ ਇਤਿਆਦਿ ਹੈ। ਇਸੇ ਧਿਆਨ ਨੂੰ ਹੀ ਗਿਆਨ-ਗੁਰੂ ਦੀ, (ਸੱਚੇ ਗਿਆਨ ਦੀ) ਸਤਿਗੁਰ ਦੀ ਲੋੜ ਪੈਂਦੀ ਹੈ, ਇਸੇ ਧਿਆਨ ਨੇ ਅਗਿਆਨਤਾ ਦੀ ਨੀਂਦ ਤੋਂ ਜਾਗਣਾ ਹੈ, ਸੁਚੇਤ ਹੋਣਾ ਹੈ, ਉਸੇ ਧਿਆਨ ਨੇ ਹੀ ਗਿਆਨ-ਗੁਰੂ ਦੀ ਗੱਲ ਸੁਣਿਆ/ਮੰਨਿਆ ਰਾਹੀਂ ਆਪਣੇ ਮਨ ਨੂੰ ਗਿਆਨ-ਗੁਰੂ ਅੱਗੇ ਸਮਰਪਣ ਕਰਨਾ ਹੈ, ਤਾ ਕਿ ਸੁੱਤਾ ਮਨ ਜਾਗ ਪਵੇ, ਸੁਰਤ ਜਾਗ ਪਵੇ, ਬਿਬੇਕ ਬੁੱਧੀ ਕੰਮ ਕਰਨਾ ਸ਼ੁਰੂ ਕਰ ਦੇਵੇ ਤੇ ਮਨੁੱਖ ਉਤੱਮ ਸਦਗੁਣੀ (ਰੱਬੀ ਗੁਣਾਂ) ਜੀਵਨ ਵੱਲ ਪ੍ਰੇਰਿਤ ਹੋ ਜਾਵੇ। ਜਿਸਦਾ ਸਦਕਾ ਜੀਵਨ ’ਚ ਬਦਲਾਹਟ ਆ ਸਕੇ। ਸਰੀਰ ਦੇ ਸਾਰੇ ਇੰਦ੍ਰੇ, ਗਿਆਨ-ਇੰਦ੍ਰੇ ਬਿਬੇਕ ਬੁੱਧੀ (ਜਾਗੇ ਮਨ) ਕਾਰਣ ਸੁਕ੍ਰਿਤ ਵਾਲੇ ਕੰਮ ਕਰਨ ਲਗ ਪੈਂਦੇ ਹਨ। ਇਹ ਸਮਝਣਾ ਹੁਣ ਬਹੁਤ ਅਸਾਨ ਹੋ ਗਿਆ ਕਿ ‘‘ਜੇ ਕਰ ਧਿਆਨ ਕਿਸੀ ਹੱਡ, ਚੰਮ, ਮਾਸ, ਲਹੂ, ਮਿੰਝ ਦਾ ਨਹੀਂ ਬਣਿਆ ਹੁੰਦਾ ਤਾਂ ਇਸ ਨੂੰ ਹੱਡ, ਚੰਮ, ਮਾਸ, ਲਹੂ, ਮਿੰਝ, ਫੋਟੋ, ਪੱਥਰ ਜਾਂ ਤੀਰਥਾਂ ਵਾਲਾ ਗੁਰੂ ਵੀ ਨਹੀਂ ਚਾਹੀਦਾ। ਧਿਆਨ ਵੀ ਅਸਥੂਲ ਹੈ ਤੇ ਗਿਆਨ-ਗੁਰੂ ਵੀ ਅਸਥੂਲ ਹੈ - ਇਸੇ ਬਾਰੀਕ ਨੁਕਤੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਚ ਕਿਹਾ ਗਿਆ ਹੈ ‘‘ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ।।'' ਭਾਵ ਸਰੀਰਕ ਦੇਹਧਾਰੀ ਗੁਰੂ ਨਹੀਂ ਚਾਹੀਦਾ ਬਲਕਿ ‘‘ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।। ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।।'' ਭਾਵ ਇਹ ਨਿਕਲਿਆ ਕਿ ਧਿਆਨ ਵੀ ਅਮੂਰਤ ਹੁੰਦਾ ਹੈ ਅਤੇ ਗੁਰੂ ਵੀ ਪਦਾਰਥਕ ਨਹੀਂ ਹੁੰਦਾ ਸਗੋਂ ਅਮੂਰਤ, ਅਪਦਾਰਥਕ ਹੁੰਦਾ ਹੈ। ਭਾਵ ਅਰਥ ਇਹੋ ਨਿਕਲਿਆ ਕਿ ‘ਧਿਆਨ ਦੀ ਗਿਆਨ ਗੁਰੂ ਨਾਲ ਸਾਂਝ ਹੁੰਦੀ ਹੈ, ‘‘ਸਬਦੁ ਗੁਰੂ ਸੁਰਤਿ ਧੁਨਿ ਚੇਲਾ।।'' ਗਿਆਨ-ਗੁਰੂ, ਬਿਬੇਕ ਬੁੱਧੀ ਕਾਰਣ ਹੀ ਸਾਡਾ ਧਿਆਨ (ਆਤਮਕ ਮਨ-ਸੁੱਤਾ ਮਨ) ਜਾਗ ਪੈਂਦਾ ਹੈ। ਇਸੇ ਧਿਆਨ-ਸੁਰਤ (ਆਤਮਕ ਮਨ) ਨੂੰ ਚੇਲਾ ਕਹਿੰਦੇ ਹਨ। ਸੋ ਨਾ ਹੀ ਦੇਹਧਾਰੀ ਗੁਰੂ ਹੁੰਦਾ ਹੈ ਅਤੇ ਨਾ ਹੀ ਕਿਸੀ ਮਨੁੱਖ ਦਾ ਸਰੀਰ ਚੇਲਾ ਹੁੰਦਾ ਹੈ। ‘‘ਸ਼ਬਦ ਦੀ ਸੁਰਤ ਨਾਲ ਸਾਂਝ’’ ਗੁਰੂ ਅਤੇ ਚੇਲਾ ਅਖਵਾਉਂਦੀ ਹੈ ‘‘ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ।।''

ਜਦੋਂ ਤੋਂ ਦੁਨੀਆ ਬਣੀ ਹੈ, ਮਨੁੱਖਾਂ ਵਾਸਤੇ ਗਿਆਨ-ਗੁਰੂ, ਸ਼ਬਦ ਗੁਰੂ ਹੀ ਗੁਰੂ ਹੁੰਦਾ ਆਇਆ ਹੈ, ਜਿਸ ਨੂੰ, ਸਤਿਗੁਰ ਕਹਿੰਦੇ ਹਨ, ਭਾਵੇਂ ਕਬੀਰ ਸਾਹਿਬ ਦਾ ਸਮਾਂ ਹੋਵੇ ਤੇ ਭਾਵੇਂ ਨਾਨਕ ਸਾਹਿਬ ਦਾ ਸਮਾਂ ਹੋਵੇ। ਨਿਰਪੱਖ ਵਿਚਾਰ ਤੋਂ ਇਹੀ ਮਹਿਸੂਸ ਹੁੰਦਾ ਹੈ ਕਿ ਗਿਆਨ ਗੁਰੂ ਹੀ ਮਨੁੱਖ ਦੇ ਧਿਆਨ, ਸੁਰਤ ਨੂੰ ਜਗਾਉਣ ਦੇ ਸਮਰੱਥ ਹੁੰਦਾ ਹੈ। ਪਰ ਅਫਸੋਸ ਇਸ ਗੱਲ ਤੇ ਆਉਂਦਾ ਹੈ ਕਿ ਜਿਸ ਸਰੀਰ ਰਾਹੀਂ ਕਿਸੀ ਮਨੁੱਖ ਨੇ ਸੁਨੇਹਾ ਦਿੱਤਾ, ਅਗਿਆਨਤਾ ਵੱਸ ਲੋਕਾਈ ਨੇ ਉਸੀ ਦੇ ਸਰੀਰ ਨੂੰ ਗੁਰੂ ਮੰਨ ਕੇ ਉਸਦੀ ਪੂਜਾ ਸ਼ੁਰੁ ਕਰ ਦਿੱਤੀ। ਦੁਖਾਂਤ ਇਹ ਵਾਪਰਿਆ, ਕਿ ਲੋਕਾਂ ਨੇ ਸੁਨੇਹਾ ਤਾਂ ਨਹੀਂ ਲਿਆ ਪਰ ਉਸਦਾ ਸਰੀਰ ਬਿਨਸਨ ਤੇ ਨਵਾਂ ਸਰੀਰਕ ਗੁਰੂ ਲੱਭਣਾ ਸ਼ੁਰੂ ਕਰ ਦਿੱਤਾ। ਧਿਆਨ ਅਤੇ ਸੁਰਤ ਨੂੰ ‘ਗਿਆਨ-ਗੁਰੂ’ ਦੀ ਸਾਂਝ ਪ੍ਰਾਪਤ ਨਾ ਹੋ ਸਕੀ। ਜੇ ਕਰ, ਸਰੀਰ (ਦੇਹਧਾਰੀ ਗੁਰੂ) ਕਰਕੇ ਗਿਆਨ ਪ੍ਰਾਪਤੀ ਹੁੰਦੀ ਤਾਂ ਕਬੀਰ ਸਾਹਿਬ, ਨਾਨਕ ਪਾਤਸ਼ਾਹ, ਅਰਜਨ ਪਾਤਸ਼ਾਹ ਇਨ੍ਹਾਂ ਸਭ ਨੂੰ ਲੋਕਾਂ ਨੇ ਤਸੀਹੇ ਦਿੱਤੇ, ਵੱਟੇ ਮਾਰੇ, ਭੂਤਨਾ-ਬੇਤਾਲਾ ਕਿਹਾ। ਲੋਕਾਂ ਨੇ ਸਰੀਰ ਰੂਪ ’ਚ ਉਨ੍ਹਾਂ ਨੂੰ ਵੇਖਿਆ ਵੀ, ਸੁਣਿਆ ਵੀ ਲੇਕਿਨ ਦੇਖਣ, ਸੁਣਨ ਨਾਲ ਜਾਂ ਸਰੀਰਕ ਜੋੜ-ਮੇਲ ਨਾਲ ਸੁਰਤ ਨੂੰ ਅਤੇ ਆਤਮਾ ਨੂੰ ਨਹੀਂ ਜਗਾਇਆ ਜਾ ਸਕਦਾ। ਜੇ ਕਰ ਸਿਰਫ ਸਰੀਰਕ ਰੂਪ ’ਚ ਵੇਖ ਕੇ ਬਦਲਣਾ ਹੁੰਦਾ ਤਾਂ ਉਨ੍ਹਾਂ ਨੂੰ ਤਸੀਹੇ ਦੇ ਕੇ, ਭੂਤਨਾ-ਬੇਤਾਲਾ, ਕੁਰਾਹੀਆ ਕਿਸੇ ਨਹੀਂ ਸੀ ਕਹਿਣਾ ਅਤੇ ਉਨ੍ਹਾਂ ਦੇ ਸਰੀਰ ਤਿਆਗਣ ਮਗਰੋਂ ਕਿਸੇ ਨੂੰ ਕੁਝ ਫਾਇਦਾ ਨਹੀਂ ਸੀ ਹੋਣਾ। ਪਰ ਉਨ੍ਹਾਂ ਵੱਲੋਂ ਪਰਚਾਰੇ ਗਏ ਗਿਆਨ ਨੂੰ ਅਸੀਂ ਅੱਜ ਵੀ ਜਿਊ ਸਕਦੇ ਹਾਂ, ਸਦੀਆਂ ਤੱਕ ਉਸਦੀ ਅਗਵਾਈ ਨਾਲ ਮਨੁੱਖ ਉੱਚਾ ਜੀਵਨ ਪ੍ਰਾਪਤ ਕਰ ਸਕਦਾ ਹੈ। ਸਾਰੀ ਵਿਚਾਰ ਦਾ ਨਿਚੋੜ ਇਹੋ ਨਿਕਲਦਾ ਹੈ ਕਿ ਉਨ੍ਹਾਂ ਦੇ ਪਰਚਾਰੇ ਗਿਆਨ ਨੂੰ ਹੀ ਗੁਰੂ ਕਹਿੰਦੇ ਹਨ।

‘‘ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰ।। ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ।।''

ਕੇਵਲ, ‘ਗਿਆਨ-ਗੁਰੂ’ ਰਾਹੀਂ ਮਨੁੱਖ ਦੀ ਸੁਰਤ ਘੜੀ ਜਾਂਦੀ ਹੈ, ਆਤਮਕ ਨੀਂਦ ਖੁਲਦੀ ਹੈ, ਜਿਸ ਦਾ ਸਦਕਾ, ਮਨੁੱਖ ਦਾ ਸੁੱਤਾ ਮਨ, ਗਿਆਨ-ਗੁਰੂ ਨੂੰ ਪ੍ਰਾਪਤ ਕਰਕੇ, ‘ਜਾਗਿਆ ਮਨ’ ਬਣ ਜਾਂਦਾ ਹੈ। ਭਾਵ ਇਹੋ ਨਿਕਲਿਆ ਕਿ ਸਰੀਰਕ ਗੁਰੂ ਮਨੁੱਖ ਦੇ ਸਰੀਰ ਤੱਕ ਤਾਲਮੇਲ, ਸੰਬੰਧ ਬਿਠਾ ਸਕਦਾ ਹੈ ਪਰ ਮਨੁੱਖ ਨਾਲ ਆਤਮਕ ਜਾਂ ਸੁਰਤ ਦਾ ਮੇਲ ਗਿਆਨ-ਗੁਰੂ ਦਾ ਹੀ ਹੁੰਦਾ ਹੈ, ਜਿਸਨੂੰ ਸਤਿਗੁਰ, ਸਰਬਵਿਆਪੀ ਸੱਚ ਕਹਿੰਦੇ ਹਨ - ਇਹੋ ਜਾਗਿਆ ਮਨ ਹੀ, ਸੁਚੇਤ ਅਵਸਥਾ ਦਾ ਲਖਾਇਕ ਹੈ। ਸੋ ‘ਗਿਆਨ-ਗੁਰੂ’ (ਸ਼ਬਦ ਗੁਰੂ) ਰਾਹੀਂ ਜੋ ਲਿਖਿਆ, ਪਰਚਾਰਿਆ ਜਾਂਦਾ ਹੈ, ਉਸੇ ਨੂੰ (ਸਤਿਗੁਰ) ਸੱਚਾ ਗੁਰੁ, ਸੱਚਾ ਗਿਆਨ ਕਹਿੰਦੇ ਹਨ। ਜਿਸ ਦਾ ਸਦਕਾ, ਮਨੁੱਖ ਦੀ ਸੁਰਤ, ਆਤਮਾ, ਬੁੱਧੀ, ਜਾਗ ਪੈਂਦੇ ਹਨ। ‘‘ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ।।'' ਦਾ ਭਾਵ ਅਰਥ ਵੀ ਇਹੋ ਦ੍ਰਿੜਾਉਂਦਾ ਹੈ, ਕਿ ਸਰੀਰ ਨੇ ਤਾਂ ਇਕ ਦਿਨ ਬਿਨਸ ਹੀ ਜਾਣਾ ਹੈ। ਇਸ ਕਰਕੇ ਬਾਣੀ ’ਚੋਂ (ਗਿਆਨ-ਗੁਰੂ) ‘‘ਸੁਣਿਆ ਮੰਨਿਆ ਮਨਿ ਕੀਤਾ ਭਾਉ।।'' ਅਨੁਸਾਰ ਮਨੁੱਖ ਨੇ ਬਿਬੇਕ ਬੁੱਧੀ ਲੈਣੀ ਹੈ। ਸੱਚ ਦਾ ਗਿਆਨ (ਸਤਿਗੁਰ) ਸਦੀਵੀ ਹੁੰਦਾ ਹੈ - ਨਾ ਕਿੱਥੇ ਆਂਦਾ ਹੈ, ਨਾ ਕਿੱਥੇ ਜਾਂਦਾ ਹੈ ਤੇ ਨਾ ਹੀ ਕਦੀ ਬਿਨਸਦਾ ਹੈ।

ਇਸ ਲੇਖ ਰਾਹੀਂ ਅਸੀਂ ਇਹੋ ਸਮਝਣ ਦਾ ਜਤਨ ਕਰ ਰਹੇ ਹਾਂ ਕਿ ਸਦੀਵੀ ਕੇਵਲ ਸੱਚਾ ਗਿਆਨ (ਗਿਆਨ-ਗੁਰੂ) ਹੀ ਹੁੰਦਾ ਹੈ ਅਤੇ ਹਮੇਸ਼ਾ, ਹਰੇਕ ਸਮੇਂ ਮਨੁੱਖ ਨੂੰ ਸੱਚੇ ਗਿਆਨ ‘ਸਤਿਗੁਰ’ ਦੀ ਲੋੜ ਹੁੰਦੀ ਹੈ, ਜਿਸ ਨੂੰ ਪ੍ਰਾਪਤ ਕਰਕੇ, ਮਨੁੱਖ ਪਸ਼ੂ ਬਿਰਤੀ ਤੋ ਉਪਰ ਉਠ ਕੇ, ਆਤਮਕ ਅੱਖਾਂ ਪ੍ਰਾਪਤ ਕਰ ਲੈਂਦਾ ਹੈ ਤੇ ਆਤਮਕ ਨੀਂਦ ਤੋਂ ਜਾਗ ਪੈਂਦਾ ਹੈ।

ਲੇਖ ਦੇ ਮਜ਼ਮੂਨ ਵਿੱਚ ਇਥੋਂ ਤੱਕ ਪੁੱਜਣ ਤੋਂ ਬਾਅਦ ਇਹ ਸਵਾਲ ਉਠਦਾ ਹੈ, ਕਿ ਜੋ ਮਨੁੱਖ ਸਰੀਰਕ (ਦੇਹਧਾਰੀ) ਗੁਰੂ ਬਣਕੇ ਕਿਸੀ ਵੀ ਮਨੁੱਖ ਦੇ ਕੰਨਾਂ ’ਚ ਘੁਰਮੁਰ ਕਰਕੇ, ਕਿਸੇ ਵੀ ਲਫਜ਼ੀ ਰਟਨ ਦਾ ਅਖੌਤੀ ਨਾਮ ਮੰਤਰ ਦਿੰਦੇ ਹਨ, ਉਹ ਕੀ ਹੁੰਦਾ ਹੈ? ਗਹਿਰਾਈ ਤੱਕ ਵਿਚਾਰਿਆਂ ਪਤਾ ਲਗਦਾ ਹੈ, ਕਿ ਜੋ ਵੀ ਮਨੁੱਖ ਆਪਣੇ ਆਪ ਨੂੰ ਗੁਰੂ ਸਮਝਦਾ ਹੈ ਅਤੇ ਕਿਸੀ ਨੂੰ ਚੇਲਾ ਬਣਾ ਕੇ ਨਾਮ ਮੰਤਰ ਦਿੰਦਾ ਹੈ, ਤਾਂ ਮੰਨਣਾ ਪਵੇਗਾ ਕਿ ‘‘ਆਪਣੇ ਆਪ ਨੂੰ ਗੁਰੂ ਕਹਿਣ ਅਤੇ ਅਖਵਾਉਣ ਵਾਲਾ, ਸਮਝਣ ਵਾਲਾ ਮਨੁੱਖ, ਆਤਮਕ ਨੀਂਦ ’ਚ ਸੁੱਤਾ ਹੋਇਆ ਹੈ।’’ ਅਗਿਆਨਤਾ ਵੱਸ ਮਨੁੱਖ ਹੀ ਕਿਸੀ ਦਾ ਗੁਰੂ ਬਣਨ ਦਾ ਭੁਲੇਖਾ ਖਾਂਦਾ ਹੈ ਅਤੇ ਨਾ ਅਗਿਆਨਤਾ ਵੱਸ ਮਨੁੱਖ ਹੀ ਕਿਸੀ ਮਨੁੱਖ ਦਾ ਚੇਲਾ ਬਣਦਾ ਹੈ ਕਿਉਂਕਿ ਸਰੀਰ ਗੁਰੂ ਹੁੰਦਾ ਹੈ ਤੇ ਨਾ ਹੀ ਸਰੀਰ ਚੇਲਾ ਬਣ ਸਕਦਾ ਹੈ। ਇਹ ਅਸੀਂ ਲੇਖ ’ਚ ਪਿੱਛੇ ਵਿਚਾਰ ਚੁਕੇ ਹਾਂ। ਅਗਿਆਨੀ, ਸੁੱਤੇ ਮਨ ਦੀ ਅਵਸਥਾ ਕਾਰਨ ਹੀ ਭੁਲੇਖਾ ਹੈ ਕਿ ਉਹ ਮਨੁੱਖ ਗੁਰੂ ਹੋ ਸਕਦਾ ਹੈ ਅਤੇ ਅਜਿਹੇ ਅਗਿਆਨੀ ਸੁੱਤੇ ਮਨ ਵਾਲੇ ਮਨੁੱਖ ਹੀ ਕਿਸੇ ਨੂੰ ਸਰੀਰ ਰੂਪ ’ਚ ਗੁਰੂ ਮੰਨਦੇ ਰਹਿੰਦੇ ਹਨ। ਅਗਿਆਨੀ ਮਨੁੱਖ ਤਾਂ ਸੁੱਤੇ ਮਨ ਦੇ ਕਾਰਨ ‘ਕਾਂ ਬਿਰਤੀ’ ਹੁੰਦਾ ਹੈ ਅਤੇ ਕਾਂ ਕੇਵਲ ਗੰਦਗੀ ਖਾਂਦਾ ਹੈ। ਕਾਂ ਹੰਸ ਵਾਲੀ ਬੁੱਧੀ ਲਏ ਬਿਨਾ ਕਿਵੇਂ ਕਹਿ ਸਕਦਾ ਹੈ ਕਿ ਫਲਾਣਾ ਹੰਸ ਮੇਰਾ ਗੁਰੂ ਹੈ - ਇਹ ਤਾਂ ਉਹੀ ਗੱਲ ਹੋ ਗਈ ‘‘ਅੰਧੀ ਰਯਤਿ ਗਿਆਨ ਵਿਹੂਣੀ।।''। ਲੋਕਾਈ ਤਾਂ ਅਗਿਆਨਤਾ ਵੱਸ ਠਗਾਈ ਜਾਂਦੀ ਹੈ ਅਤੇ ਅਖਾਣ ਵੀ ਮਸ਼ਹੂਰ ਹੈ ਕਿ - ‘‘ਗੁਰੂ ਜਿਨ੍ਹਾਂ ਦੇ ਟਪਣੇ ਚੇਲੇ ਜਾਣ ਛੜੱਪ'' ਭਾਵ ਅਗਿਆਨੀ ਮਨੁੱਖ ਹੀ ਆਪਣੇ ਆਪ ਨੂੰ ਗੁਰੂ ਕਹਿੰਦੇ/ਸਮਝਦੇ ਹਨ ਤੇ ਅਗਿਆਨੀਆਂ ਨੂੰ ਹੀ ਚੇਲੇ ਬਣਾਉਂਦੇ ਹਨ। ‘‘ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ।।'' (ਗੁਰੂ ਗ੍ਰੰਥ ਸਾਹਿਬ, ਪੰਨਾ 58)

ਦਰਅਸਲ ‘ਗਿਆਨ-ਗੁਰੂ’ ਹੀ ਮਨੁੱਖ ਨੂੰ ਅਗਿਆਨਤਾ ਦੀ ਨੀਂਦ ’ਚੋਂ ਜਗਾਉਣ ਦੇ ਸਮਰੱਥ ਹੁੰਦਾ ਹੈ। ‘ਗਿਆਨ-ਗੁਰੂ’ ਤੋਂ ਨਿਕਲਿਆ ‘ਸਤਿਗੁਰ’ ਰੂਪੀ ਤੀਰ ਮਨੁੱਖ ਦੇ ਆਤਮਕ ਮਨ ਉਤੇ ਵੱਜਦਾ ਹੈ, ਤਾਂ ਮਨੁੱਖ ਪਰਮਪਦ ਪ੍ਰਾਪਤ ਕਰਦਾ ਹੈ, ਵਰਨਾ ਤਾਂ ਸਤਿਗੁਰ ਰੂਪੀ ਤੀਰ ਤੋਂ ਬਿਨਾਂ ਮਨੁੱਖ, ਕੇਵਲ ਸਰੀਰਕ ਗੁਰੂ ਦੀ ਪੂਜਾ-ਸੇਵਾ ਤੱਕ ਸੀਮਿਤ ਰਹਿ ਜਾਂਦਾ ਹੈ। ਇਹ ਤਾਂ ਉਵੇਂ ਹੀ ਹੈ, ਜਿਵੇਂ ਚੰਨ੍ਹ ਵਿਖਾਣ ਵੇਲੇ, ਲੋਕੀ ਵਿਖਾਣ ਵਾਲੇ ਦੀ ਉਂਗਲ ਨੂੰ ਹੀ ਵੇਖਦੇ ਰਹਿਣ ਪਰ ਚੰਨ੍ਹ ਨੂੰ ਵੇਖਣ ਹੀ ਨਾ।

ਮਨੁੱਖਾਂ ਦੀ ਕੁਦਰਤੀ ਬਿਰਤੀ ਹੈ, ਕਿ ਉਹ ਜਿਸ ਮਨੁੱਖ ਨੂੰ ‘ਸਰੀਰ ਰੂਪ’ ’ਚ ਗੁਰੂ ਮੰਨ ਲੈਂਦੇ ਹਨ - ਉਸ ਅਖੌਤੀ ਗੁਰੂ ਉਤੇ, ਜਦੋਂ ਕਾਮ, ਕ੍ਰੋਧ, ਲੋਭ, ਮੌਤ ਜਾਂ ਹੰਕਾਰ ਦੇ ਹਮਲੇ ਵਾਪਰਦੇ ਵੇਖਦੇ ਹਨ ਜਾਂ ਉਸਦੇ ਮਾੜੇ ਕੰਮ ਵੇਖਦੇ ਹਨ ਤਾਂ ਨਿਰਾਸ਼ ਹੋ ਜਾਂਦੇ ਹਨ। ਜੇਕਰ ਉਸ ਅਖੌਤੀ ਗੁਰੂ ਦੀਆਂ ਮਾੜੀਆਂ ਕਰਨੀਆਂ ਛੁਪੀਆਂ ਵੀ ਰਹਿਣ ਤਾਂ ਲੋਕੀ ਉਸਦੀ ਸਰੀਰਕ ਮੌਤ ਮਗਰੋਂ ਨਵਾਂ ਗੁਰੂ ਲਭਦੇ ਰਹਿੰਦੇ ਹਨ। ਨਾਨਕ ਪਾਤਸ਼ਾਹ, ਇਸੇ ਭੁਲੇਖੇ ਨੂੰ ਹੀ ਦੂਰ ਕਰਨਾ ਚਾਹੁੰਦੇ ਸਨ ਕਿ ਸਰੀਰ ਗੁਰੂ ਨਹੀਂ ਹੁੰਦਾ। ਸਿਧਾਂ ਦੇ ਪੁੱਛਣ ਤੇ ਉਨ੍ਹਾਂ ਨੇ ਕਿਹਾ ਸੀ ‘‘ਮੇਰਾ ਗੁਰੂ, ਸ਼ਬਦ ਗੁਰੂ ਹੈ ਤੇ ਮੇਰੀ ਸੁਰਤ, ਉਸ (ਸ਼ਬਦ) ਗਿਆਨ-ਗੁਰੂ ਦੀ ਚੇਲਾ ਹੈ। ‘‘ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ।।'' ਅਨੁਸਾਰ, ਨਾਨਕ ਪਾਤਸ਼ਾਹ ਵਲੋਂ ਇਹ ਸੁਨੇਹਾ ਦ੍ਰਿੜ ਕਰਵਾਉਣ ਲਈ ‘‘ਗਿਆਨ ਦੀ ਜੋਤ ਨੂੰ ਹੀ ਗੁਰੂ’ ਪਰਚਾਰਿਆ ਗਿਆ। ਬਾਣੀ ਗੁਰੂ ਰਾਹੀਂ, ਸਤਿਗੁਰ ਦ੍ਰਿੜ ਕਰਵਾਇਆ। ਇਸੇ ਆਸ਼ੇ ਨੂੰ ਮੁੱਖ ਰਖਦਿਆਂ, ਦੱਸ ਜਾਮਿਆਂ ’ਚ 239 ਸਾਲ ਲਗਾ ਕੇ ਕੇਵਲ ਗੁਰੂ ਗ੍ਰੰਥ ਸਾਹਿਬ ਭਾਵ ਸ਼ਬਦ ਗੁਰੂ ਦੇ ਲੜ ਲਗਾਇਆ। ਲੋਕਾਈ ਨੂੰ ਸਰੀਰਕ ਗੁਰਤਾ ਵਾਲੇ ਹਨੇਰੇ ਚੋਂ ਕੱਢ ਕੇ, ਗਿਆਨ-ਗੁਰੂ ਰਾਹੀਂ ਬਿਬੇਕਤਾ ਭਰਪੂਰ ਅੱਖਾਂ, ਅੰਜਨ, ਪ੍ਰਕਾਸ਼ ਦ੍ਰਿੜ ਕਰਾਇਆ। ਸੱਚੇ ਗਿਆਨ-ਗੁਰੂ ਨੂੰ ਦਸਾਂ ਪਾਤਸ਼ਾਹੀਆਂ ਨੇ ਪ੍ਰਚਾਰਿਆ ਅਤੇ ਇਸੇ ਸਤਿਗੁਰ ਨੂੰ ਹੀ ਗੁਰੂ ਗ੍ਰੰਥ ਸਾਹਿਬ ਰਾਹੀਂ ਸਾਰੀ ਮਨੁੱਖਤਾ ਦੀ ਅਗਵਾਈ ਲਈ ਪੇਸ਼ ਕੀਤਾ। ਸਾਰੇ ਮਨੁੱਖਾਂ ਨੂੰ, ਸ਼ਬਦ ਗੁਰੂ ਦੇ ਲੜ ਲਗਾ ਕੇ, ਪਸ਼ੁਤਾ ਤੋਂ ਉਪਰ ਉਠਾ ਕੇ ਮਨੁੱਖਤਾ ਭਰਪੂਰ ਜੀਵਨੀ ਜਿਊਣ ਲਈ, ਆਤਮਕ ਨੀਂਦ ਚੋਂ ਜਗਾਉਣ ਲਈ ਗੁਰਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਰਾਹੀਂ ਪ੍ਰਚਾਰਨ ਦਾ ਨਵਾਂ ਵਿੱਲਖਣ ਢੰਗ ਅਪਣਾਇਆ। ਅੱਜ ਗੁਰੂ ਗ੍ਰੰਥ ਜੀ ਨੂੰ ‘‘ਬਾਣੀ ਗੁਰੂ ਗੁਰੂ ਹੈ ਬਾਣੀ।।'' ਦਾ ਦਰਜਾ ਦਿੱਤਾ ਜਾਂਦਾ ਹੈ।

ਇਹ ਵਿਚਾਰਨਾ ਅਤਿ ਲੋੜੀਂਦਾ ਜਾਪਦਾ ਹੈ, ਕਿ ‘ਸਤਿਗੁਰ’ ਦਾ ਭਾਵ ਅਰਥ, ਸੱਚਾ ਗਿਆਨ ਹੁੰਦਾ ਹੈ। ਸੱਚਾ ਗਿਆਨ ਸਭ ਜਗ੍ਹਾ, ਸਭ ਲਈ ਸਰਬਵਿਆਪੀ ਹੁੰਦਾ ਹੈ। ਸਤਿ (ਸੱਚੇ) ਗੁਰ ਰਾਹੀਂ, ਮਨੁੱਖ ਦੀ ਸੁਰਤ, ਮਤ, ਮਨ ਅਤੇ ਬੁੱਧ ਜਾਗ ਪੈਂਦੇ ਹਨ। ਸੋ, ਗਿਆਨ (ਗੁਰ) ਹੀ ਗੁਰੂ ਹੁੰਦਾ ਹੈ ਤੇ ਮਨੁੱਖ ਦੀ ਸੁਰਤ ਉਸਦੀ ਚੇਲਾ ਹੁੰਦੀ ਹੈ।




.