.

ਜੌ ਰਾਜੁ ਦੇਹਿ ਤ ਕਵਨ ਬਡਾਈ
ਸਤਿੰਦਰਜੀਤ ਸਿੰਘ

ਪੰਜਾਬ ਦੀ ਧਰਤੀ ਨੂੰ ਗੁਰੂਆਂ-ਪੀਰਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ, ਦੁਨੀਆਂ ਨੂੰ ਨਵੀਂ ਅਤੇ ਨਰੋਈ ਸੇਧ ਦੇ ਕੇ ‘ੴ’ ਦਾ ਸਿਧਾਂਤ ਬਖਸ਼ ਕੇ ਥਾਂ-ਥਾਂ ਭਟਕਣ ਤੋਂ ਬਚਣ ਦੀ ਜੁਗਤੀ ਦੱਸ ਕੇ ਅੰਧਵਿਸ਼ਵਾਸ਼ ਅਤੇ ਕਰਮਕਾਂਡ ਦਾ ਫਸਤਾ ਵੱਢਣ ਵਾਲੇ 10 ਗੁਰੂ ਸਾਹਿਬ ਦੀ ਚਰਨ-ਛੋਹ ਪ੍ਰਾਪਤ ਹੈ ਇਹ ਧਰਤੀ। ਗੁਰੂ ਨਾਨਕ ਸਾਹਿਬ ਤੋਂ ਚੱਲੀ ਕ੍ਰਾਂਤੀ ਦੀ ਲਹਿਰ ਗੁਰੂ ਗੋਬਿੰਦ ਸਾਹਿਬ ਤੱਕ ਹੀ ਨਹੀਂ ਆਈ ਸਗੋਂ ਸਦਾ ਲਈ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਸ ਸੰਸਾਰ ਨੂੰ ਮਾਰਗ-ਦਰਸ਼ਨ ਦੇਣ ਲਈ ਮੌਜੂਦ ਹੈ। ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਮਨ ਅੰਦਰ ਵਸਾ ਕੇ ਜਿਉਣ ਵਾਲੇ ਗੁਰੂ ਦੇ ਸਿੱਖਾਂ ਨੇ ਸੰਸਾਰ ਅੰਦਰ ਅਦਭੁੱਤ ਮੱਲਾਂ ਮਾਰੀਆਂ। ਸੰਸਾਰ ਅੱਗੇ ਨਵੇਂ ਪੂਰਨੇ ਪਾਏ। ਗੁਰੂ ਦੇ ਸਿੱਖ ਅੰਧ-ਵਿਸ਼ਵਾਸ਼ ਅਤੇ ਕਰਮਕਾਂਡ ਤੋਂ ਦੂਰ ਨਿਵੇਕਲੇ, ਨਿਆਰੇ ਅਤੇ ਵਿਗਿਆਨਿਕ ਧਰਮ ਦੇ ਮਾਲਕ ਬਣੇ। ਭਾਈ ਮੰਝ ਵਰਗੇ ਲਾਲਾਂ ਵਾਲੇ ਦੀਆਂ ਕਬਰਾਂ ਘਰੋਂ ਢਾਹ ਕੇ ਗੁਰੂ ਅਰਜਨ ਸਾਹਿਬ ਦੇ ਲੜ ਲੱਗੇ ਅਤੇ ਇਤਿਹਾਸ ਵਿੱਚ ਆਪਣਾ ਨਾਮ ਰੌਸ਼ਨ ਕਰ ਗਏ...ਪਰ ਅਫਸੋਸ! ਇਸ ਕ੍ਰਾਂਤੀ ਦੀ ਲਹਿਰ ਨੂੰ ਢਾਹ ਲੱਗਦਿਆਂ ਦੇਰ ਨਹੀਂ ਲੱਗੀ। ਗੁਰੂ ਦੇ ਸਿੱਖ ਹੀ ਅੰਧਵਿਸ਼ਵਾਸ਼ ਵਿੱਚ ਗਲਤਾਨ ਹੋ ਗਏ, ਕੀਟਾਣੂਆਂ ਵਾਂਗ ਇਸ ਅੰਧਵਿਸ਼ਵਾਸ਼ ਦੀ ਛੂਤ ਦੀ ਬੀਮਾਰੀ ਨੂੰ ਆਪਣੇ ਆਲੇ-ਦੁਆਲੇ ਵੀ ਫੈਲਾ ਰਹੇ ਹਨ। ਸਿੱਖੀ ਵਿੱਚ ਡੇਰਾਵਾਦ ਪ੍ਰਧਾਨ ਹੋ ਗਿਆ ਹੈ। ਡੇਰੇਦਾਰਾਂ ਅਤੇ ਧਰਮ ਦੇ ਠੇਕੇਦਾਰ ਬਣੇ ਲੋਕਾਂ ਨੇ ਗੁਰਬਾਣੀ ਨੂੰ ਚਮਤਕਾਰ ਬਣਾ ਧਰਿਆ ਹੈ, ਸਿੱਖੀ ਨੂੰ ਘੁਣ ਵਾਂਗ ਖਾ ਲਿਆ, ਸਿੱਖੀ ਦੇ ਧੁਰੇ ਵਾਂਗ ਦਿਸਦੇ ਡੇਰੇਦਾਰਾਂ ਨੇ। ਅਸ਼ਲੀਲ ਕਹਾਣੀਆਂ ਨੂੰ ਗੁਰੂ ਕ੍ਰਿਤ ਸਾਬਤ ਕਰਨ ਲਈ ਅੱਡੀ-ਚੋਟੀ ਦਾ ਜੋਰ ਲੱਗ ਰਿਹਾ ਹੈ। ਸਿੱਖ ਕੌਮ ਅਸਲ ਅਤੇ ਨਕਲ ਦੀ ਪਹਿਚਾਣ ਭੁੱਲ ਗਈ। ਅਕਾਲ-ਪੁਰਖ ਪ੍ਰਮਾਤਮਾ ਦੀ ਰਜ਼ਾ ਵਿੱਚ ਖੁਸ਼ ਰਹਿਣ ਵਾਲਾ ਸਿੱਖ ਅਖੌਤੀ ਸਾਧਾਂ-ਸੰਤਾਂ ਦੀਆਂ ‘ਬਖਸ਼ਿਸ਼ਾਂ’ ਵੱਲ ‘ਊਠ ਦੇ ਬੁੱਲ੍ਹ’ ਵਾਂਗ ਨਜ਼ਰਾਂ ਟਿਕਾਈ ਖੜ੍ਹਾ ਹੈ ‘ਤੇ ਇਹ ਨਕਲੀ ਬਾਬੇ ਲੱਛੇਦਾਰ ਗੱਲਾਂ ਨਾਲ ਜਨਤਾ-ਜਨਾਰਦਨ ਨੂੰ ਚੁਟਕੀਆਂ ਵਿੱਚ ਬੇਵਕੂਫ ਬਣਾ ਹਜ਼ਾਰਾਂ ਦੀ ਕਮਾਈ ਕਰ ਜਾਂਦੇ ਹਨ। ਸਮਾਜ ਨੂੰ ਚਿੰਬੜੇ ‘ਕੀਤਾ-ਕਰਾਇਆ, ਵਸੀ ਕਰਨ, ਨੌਕਰੀ, ਵਿਦੇਸ਼ ਯਾਤਰਾ ਦੇ ਗਾਰੰਟੀਸ਼ੁਦਾ ਹੱਲ’ ਦੇ ਇਸ਼ਤਿਹਾਰਾਂ ਨੇ ਸਮਾਜ ਨੂੰ ਕੱਖੋਂ ਹੌਲੇ ਕੀਤਾ ਪਿਆ ਹੈ। ਤਕਦੀਰ ਬਦਲਣ ਦੇ ਦਾਅਵੇ ਜਤਾਉਂਦੇ ਅਖੌਤੀ ਬਾਬੇ ਲੋਕਾਂ ਦੇ ਬੇੜੇ ਬੰਨ੍ਹੇ ਲਾਉਣ ਦੇ ਦਮਗਜ਼ੇ ਮਾਰਦੇ ਲੋਕਾਂ ਨੂੰ ਕੰਗਾਲ ਕਰ ਰਹੇ ਹਨ, ਪੜ੍ਹੇ-ਲਿਖੇ ਵੀ ਵਿਰੋਧ ਕਰਨ ਦੀ ਬਜਾਏ ‘ਜੀ ਹਜ਼ੂਰੀ’ ਕਰ ਰਹੇ ਹਨ ‘ਤੇ ਜਿਹੜਾ ਇਹਨਾਂ ਬੂਬਨੇ ਸਾਧਾਂ ਖਿਲਾਫ ਬੋਲਦਾ ਹੈ ਉਸਨੂੰ ‘ਨਿੰਦਕ’ ਦਾ ਤਮਗਾ ਜੜ ਦਿੱਤਾ ਜਾਂਦਾ ਹੈ। ਸਮਾਜ ਲਈ ਮਾਰਗ ਦਰਸ਼ਕ ਇਲਾਹੀ ਬਾਣੀ ਜਿਸਦਾ ਇੱਕ ਸ਼ਬਦ ਵੀ ਸਮਝ ਆ ਗਿਆ ‘ਤੇ ਉਸਨੂੰ ਮਨ ਵਿੱਚ ਵਸਾ ਲਿਆ ਤਾਂ ਫਿਰ ਇਹਨਾਂ ਵਿਹਲੜਾਂ ਦੇ ਟੋਲੇ ਦੀ ਝਾਕ ਸਦਾ ਲਈ ਮੁੱਕ ਜਾਵੇਗੀ। ਗੁਰਬਾਣੀ ਵਿੱਚ ਕੇਵਲ ‘ਤੇ ਕੇਵਲ ਅਕਾਲ-ਪੁਰਖ ਪ੍ਰਮਾਤਮਾ ਨਾਲ ਜੁੜਨ ਦਾ ਉਪਦੇਸ਼ ਹੀ ਹੈ, ਕਿਸੇ ਦੇਹ ਨੂੰ ਪੂਜਣ ਦਾ ਨਹੀਂ, ਸ਼ੁਰੂਆਤ ਹੀ ‘ੴ’ ਤੋਂ ਹੁੰਦੀ ਹੈ, ਬੱਸ ਇਹੀ ਸਮਝ ਲਵੇ ਇਹ ਲੋਕਾਈ ਤਾਂ ਵਿਹਲੜ ਸਾਧਾਂ ਦਾ ਬੱਗ ਵੀ ਨੌਕਰੀ ਲਈ ਭੱਜੀ ਫਿਰਦੀ ਭੀੜ ਦਾ ਹਿੱਸਾ ਹੋਵੇਗਾ। ਕਬੀਰ ਸਾਹਿਬ, ਜਿੰਨ੍ਹਾਂ ਕਰਮਕਾਂਡ ਅਤੇ ਅੰਧਵਿਸ਼ਵਾਸ਼ ‘ਤੇ ਬਹੁਤ ਕਰਾਰੀ ਚੋਟ ਕੀਤੀ ਹੈ ਫੁਰਮਾਉਂਦੇ ਹਨ:
ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਨ ਕਰਤ ਬੀਚਾਰ ॥
ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ ॥੧॥
ਬੰਦੇ ਬੰਦਗੀ ਇਕਤੀਆਰ ॥ ਸਾਹਿਬੁ ਰੋਸੁ ਧਰਉ ਕਿ ਪਿਆਰੁ ॥੧॥ ਰਹਾਉ ॥
ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈ ਹੈ ਨਾਰਿ ॥
ਕਹਿ ਕਬੀਰ ਗੁਲਾਮੁ ਘਰ ਕਾ ਜੀਆਇ ਭਾਵੈ ਮਾਰਿ ॥੨॥੧੮॥੬੯॥ {ਪੰਨਾ 338}


ਭਾਵ ਕਿ ਹੇ ਪ੍ਰਭੂ! ਤੇਰਾ ਹੁਕਮ ਮੇਰੇ ਸਿਰ-ਮੱਥੇ ‘ਤੇ ਹੈ, ਮੈਂ ਇਸ ਵਿੱਚ ਕੋਈ ਨਾਂਹ-ਨੁੱਕਰ ਨਹੀਂ ਕਰਦਾ। ਇਹ ਸੰਸਾਰ-ਸਮੁੰਦਰ ਤੂੰ ਆਪ ਹੀ ਹੈਂ ‘ਤੇ ਇਸ ਵਿੱਚੋਂ ਪਾਰ ਲੰਘਾਉਣ ਵਾਲਾ ਮਲਾਹ ਵੀ ਤੂੰ ਆਪ ਹੀ ਹੈਂ। ਤੇਰੀ ਮਿਹਰ ਨਾਲ ਹੀ ਮੈਂ ਇਸ ਵਿੱਚੋਂ ਪਾਰ ਲੰਘ ਸਕਦਾ ਹਾਂ।
ਹੇ ਬੰਦੇ! ਤੂੰ ਪ੍ਰਭੂ ਦੀ ਭਗਤੀ ਕਬੂਲ ਕਰ, ਪ੍ਰਭੂ-ਮਾਲਕ ਭਾਵੇਂ ਤੇਰੇ ਨਾਲ ਪਿਆਰ ਕਰੇ ‘ਤੇ ਭਾਵੇਂ ਗੁੱਸਾ ਕਰੇ ਤੂੰ ਇਸ ਗੱਲ ਦੀ ਪਰਵਾਹ ਨਾ ਕਰ।
ਹੇ ਪ੍ਰਭੂ! ਤੇਰਾ ਨਾਮ ਮੇਰਾ ਆਸਰਾ ਹੈ, ਜਿਵੇਂ ਫੁੱਲ ਪਾਣੀ ਵਿੱਚ ਖੜ੍ਹਾ ਰਹਿੰਦਾ ਹੈ, ਉਸਨੂੰ ਪਾਣੀ ਦਾ ਆਸਰਾ ਹੈ। ਕਬੀਰ ਆਖਦਾ ਹੈ, ਹੇ ਪ੍ਰਭੂ! ਮੈਂ ਤੇਰੇ ਘਰ ਦਾ ਚਾਕਰ ਹਾਂ, ਇਹ ਤੇਰੀ ਮਰਜ਼ੀ ਹੈ, ਭਾਵੇਂ ਜਿਊਂਦਾ ਰੱਖ ‘ਤੇ ਭਾਵੇਂ ਮਾਰ ਦੇ।

ਪ੍ਰਮਾਤਮਾ ਵੱਲੋਂ ਬਖਸ਼ਿਸ਼ ਇਸ ਜੀਵਨ ਦਾਤ ਦਾ ਆਨੰਦ ਮਾਣਦਾ ਸੱਚਾ ਸੇਵਕ ਹਮੇਸ਼ਾ ਖੁਸ਼ ਰਹਿੰਦਾ ਹੈ, ਉਹ ਸੁੱਖਾਂ-ਦੁੱਖਾਂ ਨੂੰ ਇੱਕੋ ਜਿਹਾ ਸਮਝਦਾ ਹੈ ਪਰ ਅੱਜ ਦੀ ਹਾਲਤ ਬਹੁਤ ਅਲੱਗ ਹੈ, ਅੱਜ ਦੇ ਲੋਕ ਮੂਰਤੀਆਂ, ਬੁੱਤਾਂ, ਨਿਸ਼ਾਨ ਸਾਹਿਬ, ਦਹਿਲੀਜ਼ਾਂ ਆਦਿਕ ਪੱਥਰਾਂ ‘ਤੇ ਨੱਕ ਰਗੜਦੇ ਹਨ, ਤਰੱਕੀ ਅਤੇ ਧਨ-ਦੌਲਤ ਲਈ ਅਖੌਤੀ ਸਾਧਾਂ ਤੋਂ ਵਰਦਾਨ ਮੰਗਦੇ ਹਨ। ਭਗਤ ਨਾਮਦੇਵ ਜੀ ਸਮਝਾਂਉਂਦੇ ਹਨ ਕਿ ਹੇ ਮਨ! ਇੱਕ ਪ੍ਰਭੂ ਦੇ ਦਰ ਤੇ ਇਉਂ ਆਖ-ਹੇ ਪ੍ਰਭੂ! ਜੇ ਤੂੰ ਮੈਨੂੰ ਰਾਜ ਵੀ ਦੇ ਦੇਵੇਂ ਤਾਂ ਮੈਂ ਕਿਸੇ ਗੱਲੋਂ ਵੱਡਾ ਨਹੀਂ ਹੋ ਜਾਵਾਂਗਾ ‘ਤੇ ਜੇ ਤੂੰ ਮੈਨੂੰ ਕੰਗਾਲ ਕਰ ਦੇਵੇਂ ਤਾਂ ਮੇਰਾ ਕੁੱਝ ਘਟ ਨਹੀਂ ਜਾਣਾ। ਸੁੱਖ ਮੰਗਣ ਲਈ ‘ਤੇ ਦੁੱਖਾਂ ਤੋਂ ਬਚਣ ਲਈ, ਅਣਜਾਣ ਲੋਕ ਆਪਣੇ ਹੀ ਹੱਥੀਂ ਪੱਥਰਾਂ ਤੋਂ ਘੜੇ ਹੋਏ ਦੇਵਤਿਆਂ ਅੱਗੇ ਨੱਕ ਰਗੜਦੇ ਹਨ ਪਰ ਹੇ ਮੇਰੇ ਮਨ! ਤੂੰ ਇੱਕ ਪ੍ਰਭੂ ਨੂੰ ਸਿਮਰ, ਉਹੀ ਵਾਸ਼ਨਾ-ਰਹਿਤ ਅਵਸਥਾ ਦੇਣ ਵਾਲਾ ਹੈ, ਉਸ ਦਾ ਸਿਮਰਨ ਕੀਤਿਆਂ ਤੇਰਾ ਜਗਤ ਵਿੱਚ ਜੰਮਣਾ-ਮਰਨਾ ਮਿਟ ਜਾਏਗਾ:
ਜੌ ਰਾਜੁ ਦੇਹਿ ਤ ਕਵਨ ਬਡਾਈ ॥ ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ ॥੧॥
ਤੂੰ ਹਰਿ ਭਜੁ ਮਨ ਮੇਰੇ ਪਦੁ ਨਿਰਬਾਨੁ ॥ ਬਹੁਰਿ ਨ ਹੋਇ ਤੇਰਾ ਆਵਨ ਜਾਨੁ ॥੧॥ ਰਹਾਉ॥
ਪਰ ਇਸ ਤਰ੍ਹਾਂ ਦਾ ਜੀਵਨ ਅੱਜ ਦੇ ਸਮੇਂ ਕਿਸੇ ਦਾ ਹੀ ਹੈ। ਜ਼ਿਆਦਾਤਰ ਤਾਂ ਸਵਾਰਥਾਂ ਵਿੱਚ ਅੰਨ੍ਹੇ ਹੋ ਕੇ ਡੇਰਿਆਂ ਦੀਆਂ ਕੰਧਾਂ ਨਾਲ ਖਹਿੰਦੇਂ ਫਿਰਦੇ ਹਨ, ਲੋਕ ਦੇਹਧਾਰੀਆਂ ਨੂੰ ਰੱਬ ਬਣਾਈ ਪਿੱਛੇ ਭੱਜੇ ਫਿਰਦੇ ਹਨ ‘ਤੇ ਪੱਲੇ ਕੱਖ ਵੀ ਨਹੀਂ ਪੈਂਦਾ, ਕਿਸੇ ਜ਼ਰੂਰਤਮੰਦ ਨੂੰ ਕੁੱਝ ਪੈਸੇ ਦੇਣ ਤੋਂ ਗੁਰੇਜ਼ ਹੀ ਨਹੀਂ ਬਲਕਿ ਮੰਗਣ ਆਏ ਨੂੰ ‘ਕੋਈ ਕੰਮ-ਧੰਦਾ’ ਕਰਨ ਦੀਆਂ ਸਲਹਵਾਂ ਝਾੜਦੇ ਲੋਕ ਕਿਸੇ ਵਿਹਲੜ ਬਾਬੇ ਨੂੰ ਗੱਡੀਆਂ ‘ਤੇ ਜ਼ਮੀਨਾਂ ਪਲਾਂ ਵਿੱਚ ‘ਦਾਨ’ ਕਰ ਜਾਂਦੇ ਹਨ। ਹੰਕਾਰ ਭਰੇ ਲੋਕ ਇੱਕ ਦੂਸਰੇ ਵਿੱਚ ਟੱਕਰਾਂ ਮਾਰਦੇ ਫਿਰਦੇ ਹਨ। ਪਿੰਡਾਂ ਨਾਲੋਂ ਵੱਧ ਗਿਣਤੀ ਵਿੱਚ ਬਾਬੇ ਹੋਣ ਦੇ ਬਾਵਜੂਦ ਵੀ ਲੋਕਾਂ ਵਿੱਚੋਂ ‘ਸਰਬੱਤ ਦਾ ਭਲਾ’ ਮੰਗਣ ਦਾ ਗੁਣ ਸਿਰਫ ਅਰਦਾਸ ਤੱਕ ਹੀ ਸਿਮਟ ਗਿਆ ਹੈ ਕੋਈ ਕਿਸੇ ਦੇ ਭਲੇ ਜਾਂ ਖੁਸ਼ੀ ‘ਤੇ ਖੁਸ਼ ਨਹੀਂ, ਹਰ ਕੋਈ ਦੂਸਰੇ ਤੋਂ ਖੋਹ ਕੇ ਖਾਣ ਲਈ ਕਾਹਲਾ ਹੈ। ਸੰਸਾਰ ਵਿੱਚ ਵਧ ਰਹੀ ਇਸ ਅਰਾਜਕਤਾ ਦਾ ਇੱਕੋ ਹੱਲ ਹੈ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਜੀਵਨ ਜਿਉਣਾ। ਗੁਰੂ ਸੁਮੱਤ ਬਖਸ਼ੇ ਸਾਨੂੰ ਗੁਰਬਾਣੀ ਸਿਧਾਂਤ ‘ਤੇ ਜੀਵਨ ਢਾਲਣ ਦੀ ਸਮਝ ਪਵੇ ‘ਤੇ ਅਸੀਂ ਵਿਕਾਰਾਂ ਤੋਂ ਬਚ ਸਕੀਏ।
ਭੁੱਲ-ਚੁੱਕ ਦੀ ਖਿਮਾਂ,
ਸਤਿੰਦਰਜੀਤ ਸਿੰਘ।




.