ਜਸਬੀਰ ਸਿੰਘ ਵੈਨਕੂਵਰ
ਖਾਣਾ ਪੀਣਾ ਪਵਿਤ੍ਰੁ ਹੈ
ਇਹ ਗੱਲ ਵਧੇਰੇ ਵਿਆਖਿਆ ਦੀ
ਮੁਹਤਾਜ ਨਹੀਂ ਹੈ ਕਿ ਕਿਸੇ ਦੀ ਵੀ ਕਹੀ ਜਾਂ ਲਿਖੀ ਹੋਈ ਗੱਲ ਨੂੰ ਸਮਝਣ ਲਈ ਇਸ ਗੱਲ ਦਾ ਧਿਆਨ
ਰੱਖਣਾ ਜ਼ਰੂਰੀ ਹੈ ਕਿ ਇਹ ਗੱਲ ਕਿਸ ਸੰਧਰਭ ਜਾਂ ਪਰਿਪੇਖ ਵਿੱਚ ਆਖੀ ਜਾਂ ਲਿਖੀ ਗਈ ਹੈ। ਜੇਕਰ ਇਸ
ਗੱਲ ਦਾ ਖ਼ਿਆਲ ਨਾ ਰੱਖਿਆ ਜਾਏ ਤਾਂ ਕਿਸੇ ਵੀ ਗੱਲ ਜਾਂ ਲਿਖਤ ਨੂੰ ਠੀਕ ਪਰਿਪੇਖ ਵਿੱਚ ਨਹੀਂ ਸਮਝਿਆ
ਜਾ ਸਕਦਾ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਅਧੂਰਾ ਸੱਚ, ਝੂਠ ਨਾਲੋਂ ਵੀ ਵਧੇਰੇ
ਨੁਕਸਾਨਦਾਇਕ ਹੁੰਦਾ ਹੈ।
ਭਾਵੇਂ ਅਧੂਰਾ ਸੱਚ (ਅਧੂਰਾ ਵਾਕ ਜਾਂ ਲਿਖਤ) ਝੂਠ ਨਾਲੋਂ ਵੀ ਵੱਧ ਗੁਮਰਾਹਕੁੰਨ ਸਾਬਤ ਹੁੰਦਾ ਹੈ
ਫਿਰ ਵੀ ਆਮ ਤੌਰ ਤੇ ਦੂਜੇ ਵਿਅਕਤੀ ਦੇ ਬੋਲਾਂ ਜਾਂ ਲਿਖਤਾਂ ਨੂੰ ਇਸ ਦ੍ਰਿਸ਼ਟੀਕੋਣ ਤੋਂ ਦੇਖਿਆ
ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਅਨੇਕਾਂ ਅਜਿਹੇ ਫ਼ਰਮਾਨ ਹਨ ਜਿਹਨਾਂ ਨੂੰ ਜਿਸ ਭਾਵਾਰਥ
ਵਿੱਚ ਵਰਤਿਆ ਜਾਂਦਾ ਹੈ, ਉਸ ਨਾਲ ਉਹਨਾਂ ਦਾ ਕੋਈ ਸੰਬੰਧ ਹੀ ਨਹੀਂ ਹੈ। ਜਿਸ ਤਰ੍ਹਾਂ ਤੀਰਥ ਯਾਤਰਾ
ਦੀ ਮਹੱਤਤਾ ਦ੍ਰਿੜ ਕਰਾਉਣ ਵਾਲੇ ਸੱਜਣ ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨ ਦੀ ਆਮ ਤੌਰ `ਤੇ ਉਦਾਹਰਣ
ਦੇਂਦੇ ਹਨ: “ਤੀਰਥਿ ਨਾਈਐ ਸੁਖ ਫਲ ਪਾਈਐ ਮੈਲੁ ਨ ਲਾਗੈ ਕਾਈ”
; ਪਰੰਤੂ ਜਿਸ ਪ੍ਰਸੰਗ ਵਿੱਚ ਇਹ ਆਖਿਆ ਗਿਆ ਹੈ, ਜੇਕਰ ਉਸ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਇਹ
ਸਪਸ਼ਟ ਹੁੰਦਾ ਹੈ ਕਿ ਇਸ ਫ਼ਰਮਾਨ ਦਾ ਅਸਲ ਭਾਵ ਕੀ ਹੈ।
ਇਸ ਤਰ੍ਹਾਂ ਦੇ ਫ਼ਰਮਾਨਾਂ ਵਿੱਚੋਂ ਆਸਾ ਕੀ ਵਾਰ ਦੇ ‘ਖਾਣਾ ਪੀਣਾ ਪਵਿਤ੍ਰੁ ਹੈ’ ਫ਼ਰਮਾਨ ਹੈ। ਕਈ
ਸੱਜਣ ਇਸ ਫ਼ਰਮਾਨ ਸੰਬੰਧੀ ਕਹਿੰਦੇ ਹਨ ਕਿ ਸਿੱਖ ਮਤ ਵਿੱਚ ਖਾਣ-ਪੀਣ ਦਾ ਕੋਈ ਬੰਧੇਜ ਨਹੀਂ ਹੈ। ਕਈ
ਸੱਜਣ ਇਸ ਭਾਵਾਰਥ ਦੀ ਰੋਸ਼ਨੀ ਵਿੱਚ ਹੀ ਇਹ ਕਹਿਣ ਦਾ ਹੀਆ ਕਰਦੇ ਹਨ ਕਿ ਸਿੱਖ ਧਰਮ ਵਿੱਚ ਖਾਣ-ਪੀਣ
ਦੀ ਕਿਸੇ ਚੀਜ਼ ਦੀ ਮਨ੍ਹਾਹੀ ਨਹੀਂ ਹੈ। ਇਹ ਠੀਕ ਹੈ ਕਿ ਗੁਰਮਤਿ ਦੀ ਜੀਵਨ-ਜੁਗਤ ਵਿੱਚ ਖਾਣ-ਪੀਣ
ਸੰਬੰਧੀ ਕਰਮ ਕਾਂਡੀਆਂ ਵਿੱਚ ਜਿਸ ਤਰ੍ਹਾਂ ਦੇ ਵਹਿਮ-ਭਰਮ ਪ੍ਰਚਲਤ ਹਨ, ਇਸ ਤਰ੍ਹਾਂ ਦਾ ਕੋਈ
ਵਹਿਮ-ਭਰਮ ਨਹੀਂ ਹੈ; ਪਰ ਇਸ ਫ਼ਰਮਾਨ ਨੂੰ ਜਿਸ ਪ੍ਰਸੰਗ ਵਿੱਚ ਵਰਤਿਆ ਗਿਆ ਹੈ, ਉਸ ਪ੍ਰਸੰਗ ਵਿੱਚ
ਹੀ ਵਿਚਾਰਨ ਦੀ ਲੋੜ ਹੈ। ਇਹ ਪੰਗਤੀ ਆਸਾ ਕੀ ਵਾਰ ਦੀ 18ਵੀਂ ਪਉੜੀ ਨਾਲ ਦਰਜ ਤਿੰਨਾਂ ਸਲੋਕਾਂ
ਵਿੱਚੋਂ ਤੀਜੇ ਸਲੋਕ ਦੀ ਤੀਜੀ ਤੁਕ ਦਾ ਪਹਿਲਾ ਹਿੱਸਾ ਹੈ। ਪੂਰਾ ਸਲੋਕ ਇਸ ਤਰ੍ਹਾਂ ਹੈ:-
ਮਃ ੧ ॥ ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥ ਜੰਮਣੁ ਮਰਣਾ ਹੁਕਮੁ
ਹੈ ਭਾਣੈ ਆਵੈ ਜਾਇ ॥ ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥ ਨਾਨਕ ਜਿਨ੍ਹ੍ਹੀ
ਗੁਰਮੁਖਿ ਬੁਝਿਆ ਤਿਨ੍ਹ੍ਹਾ ਸੂਤਕੁ ਨਾਹਿ ॥੩॥ ਅਰਥ:- ਸੂਤਕ ਨਿਰਾ ਭਰਮ ਹੀ ਹੈ, ਇਹ
(ਸੂਤਕ-ਰੂਪ ਭਰਮ) ਮਾਇਆ ਵਿੱਚ ਫਸਿਆਂ (ਮਨੁੱਖ ਨੂੰ) ਆ ਲੱਗਦਾ ਹੈ। (ਉਞ ਤਾਂ) ਜੀਵਾਂ ਦਾ ਜੰਮਣਾ
ਮਰਨਾ ਪ੍ਰਭੂ ਦਾ ਹੁਕਮ ਹੈ, ਪ੍ਰਭੂ ਦੀ ਰਜ਼ਾ ਵਿੱਚ ਹੀ ਜੀਵ ਜੰਮਦਾ ਤੇ ਮਰਦਾ ਹੈ। (ਪਦਾਰਥਾਂ ਦਾ)
ਖਾਣਾ ਪੀਣਾ ਭੀ ਪਵਿੱਤਰ ਹੈ (ਭਾਵ, ਮਾੜਾ ਨਹੀਂ, ਕਿਉਂਕਿ) ਪ੍ਰਭੂ ਨੇ ਆਪ ਇਕੱਠਾ ਕਰ ਕੇ ਰਿਜ਼ਕ
ਜੀਵਾਂ ਨੂੰ ਦਿੱਤਾ ਹੈ। ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਨੇ ਇਹ ਗੱਲ ਸਮਝ ਲਈ ਹੈ, ਉਹਨਾਂ ਨੂੰ
ਸੂਤਕ ਨਹੀਂ ਲੱਗਦਾ।
ਇਸ ਸਲੋਕ ਦਾ ਠੀਕ ਭਾਵ ਸਮਝਣ ਲਈ ਇਸ ਤੋਂ ਪਹਿਲਾਂ ਆਏ ਦੋ ਸਲੋਕਾਂ ਨੂੰ ਵੀ ਧਿਆਨ ਵਿੱਚ ਰੱਖਣਾ
ਜ਼ਰੂਰੀ ਹੈ। ਇਹ ਦੋਵੇਂ ਸਲੋਕ ਇਸ ਤਰ੍ਹਾਂ ਹਨ:-
ਸਲੋਕੁ ਮਃ ੧ ॥ ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ ਸੂਤਕੁ
ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥ ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥ (ਪੰਨਾ
472) ਅਰਥ:- ਜੇ ਸੂਤਕ ਨੂੰ ਮੰਨ ਲਈਏ (ਭਾਵ, ਜੇ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ ਹੈ,
ਤਾਂ ਇਹ ਭੀ ਚੇਤਾ ਰੱਖੋ ਕਿ ਇਸ ਤਰ੍ਹਾਂ) ਸੂਤਕ ਸਭ ਥਾਈਂ ਹੁੰਦਾ ਹੈ; ਗੋਹੇ ਤੇ ਲਕੜੀ ਦੇ ਅੰਦਰ ਭੀ
ਕੀੜੇ ਹੁੰਦੇ ਹਨ (ਭਾਵ, ਜੰਮਦੇ ਰਹਿੰਦੇ ਹਨ); ਅੰਨ ਦੇ ਜਿਤਨੇ ਭੀ ਦਾਣੇ ਹਨ, ਇਹਨਾਂ ਵਿਚੋਂ ਕੋਈ
ਦਾਣਾ ਭੀ ਜੀਵ ਤੋਂ ਬਿਨਾ ਨਹੀਂ ਹੈ। ਪਾਣੀ ਆਪ ਭੀ ਜੀਵ ਹੈ, ਕਿਉਂਕਿ ਇਸ ਨਾਲ ਹਰੇਕ ਜੀਵ ਹਰਾ
(ਭਾਵ, ਜਿੰਦ ਵਾਲਾ) ਹੁੰਦਾ ਹੈ। {ਤੇ ਫਿਰ} ਸੂਤਕ ਕਿਵੇਂ ਰੱਖਿਆ ਜਾ ਸਕਦਾ ਹੈ? (ਭਾਵ, ਸੂਤਕ ਦਾ
ਭਰਮ ਪੂਰੇ ਤੌਰ ਤੇ ਮੰਨਣਾ ਬੜਾ ਹੀ ਕਠਨ ਹੈ, ਕਿਉਂਕਿ ਇਸ ਤਰ੍ਹਾਂ ਤਾਂ ਹਰ ਵੇਲੇ ਹੀ) ਰਸੋਈ ਵਿੱਚ
ਸੂਤਕ ਪਿਆ ਰਹਿੰਦਾ ਹੈ। ਹੇ ਨਾਨਕ! ਇਸ ਤਰ੍ਹਾਂ (ਭਾਵ, ਭਰਮਾਂ ਵਿੱਚ ਪਿਆਂ) ਸੂਤਕ (ਮਨ ਤੋਂ) ਨਹੀਂ
ਉਤਰਦਾ, ਇਸ ਨੂੰ (ਪ੍ਰਭੂ ਦਾ) ਗਿਆਨ ਹੀ ਧੋ ਕੇ ਲਾਹ ਸਕਦਾ ਹੈ। 1.
(ਨੋਟ:- ਸਿਮ੍ਰਿਤੀਆਂ ਵਿੱਚ ਸੂਤਕ ਦਾ ਦਵਾ ਦਾਰੂ ਇਸ ਤਰ੍ਹਾਂ ਲਿਖਿਆ ਹੈ:- ਕਾਲੀ ਗਊ ਦਾ ਮੂਤਰ ਇੱਕ
ਭਾਗ, ਚਿੱਟੀ ਗਾਂ ਦਾ ਗੋਹਾ ਦੋ ਭਾਗ, ਤਾਂਬੇ ਰੰਗੀ ਗਊ ਦਾ ਦੁੱਧ ਦੋ ਹਿੱਸੇ, ਲਾਲ ਗਊ ਦਾ ਦਹੀਂ
ਅੱਠ ਭਾਗ ਤੇ ਕਪਲਾ ਗਊ ਦਾ ਘਿਉ ਚਾਰ ਹਿੱਸੇ, ਇਹਨਾਂ ਪਦਾਰਥਾਂ ਨੂੰ ਕੁਸ਼ਾ ਦੇ ਪਾਣੀ ਵਿੱਚ ਮਥਕੇ
‘ਪੰਚ ਗਵਯ’ ਬਣਦਾ ਹੈ। )
ਮਃ ੧ ॥ ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥ ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ
ਰੂਪੁ ॥ ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥ ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥੨॥
ਅਰਥ: -ਮਨ ਦਾ ਸੂਤਕ ਲੋਭ ਹੈ (ਭਾਵ, ਜਿਨ੍ਹਾਂ ਮਨੁੱਖਾਂ ਦੇ ਮਨ ਨੂੰ ਲੋਭ ਰੂਪੀ ਸੂਤਕ ਚੰਬੜਿਆ
ਹੈ); ਜੀਭ ਦਾ ਸੂਤਕ ਝੂਠ ਬੋਲਣਾ ਹੈ, (ਭਾਵ, ਜਿਨ੍ਹਾਂ ਮਨੁੱਖਾਂ ਦੀ ਜੀਭ ਨੂੰ ਝੂਠ-ਰੂਪ ਸੂਤਕ
ਹੈ); (ਜਿਨ੍ਹਾਂ ਮਨੁੱਖ ਦੀਆਂ) ਅੱਖਾਂ ਨੂੰ ਪਰਾਇਆ ਧਨ ਅਤੇ ਪਰਾਈਆਂ ਇਸਤਰੀਆਂ ਦਾ ਰੂਪ ਤੱਕਣ ਦਾ
ਸੂਤਕ (ਚੰਬੜਿਆ ਹੋਇਆ ਹੈ); (ਜਿਨ੍ਹਾਂ ਮਨੁੱਖਾਂ ਦੇ) ਕੰਨ ਵਿੱਚ ਭੀ ਸੂਤਕ ਹੈ ਕਿ ਕੰਨ ਨਾਲ
ਬੇਫ਼ਿਕਰ ਹੋ ਕੇ ਚੁਗ਼ਲੀ ਸੁਣਦੇ ਹਨ; ਹੇ ਨਾਨਕ! (ਇਹੋ ਜਿਹੇ) ਮਨੁੱਖ (ਵੇਖਣ ਨੂੰ ਭਾਵੇਂ) ਹੰਸਾਂ
ਵਰਗੇ (ਸੋਹਣੇ) ਹੋਣ (ਤਾਂ ਭੀ ਉਹ) ਬੱਧੇ ਹੋਏ ਨਰਕ ਵਿੱਚ ਜਾਂਦੇ ਹਨ। 2.
ਪਉੜੀ ॥ ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥ ਸਹਿ ਮੇਲੇ ਤਾ ਨਦਰੀ ਆਈਆ ॥ ਜਾ
ਤਿਸੁ ਭਾਣਾ ਤਾ ਮਨਿ ਵਸਾਈਆ ॥ ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ ॥ ਸਹਿ
ਤੁਠੈ ਨਉ ਨਿਧਿ ਪਾਈਆ ॥ (ਪੰਨਾ 473) ਅਰਥ:-ਸਤਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ ਤੇ ਆਖਣਾ
ਚਾਹੀਦਾ ਹੈ ਕਿ ਗੁਰੂ ਬਹੁਤ ਵੱਡਾ ਹੈ, ਕਿਉਂਕਿ ਗੁਰੂ ਵਿੱਚ ਵੱਡੇ ਗੁਣ ਹਨ। ਜਿਨ੍ਹਾਂ ਮਨੁੱਖਾਂ
ਨੂੰ ਪ੍ਰਭੂ-ਪਤੀ ਨੇ (ਗੁਰੂ ਨਾਲ) ਮਿਲਾਇਆ ਹੈ, ਉਹਨਾਂ ਨੂੰ ਉਹ ਗੁਣ ਅੱਖੀਂ ਦਿੱਸਦੇ ਹਨ, ਅਤੇ ਜੇ
ਪ੍ਰਭੂ ਨੂੰ ਭਾਵੇ ਤਾਂ ਉਹਨਾਂ ਦੇ ਮਨ ਵਿੱਚ ਭੀ ਗੁਣ ਵੱਸ ਪੈਂਦੇ ਹਨ। ਪ੍ਰਭੂ ਆਪਣੇ ਹੁਕਮ ਅਨੁਸਾਰ
ਉਹਨਾਂ ਮਨੁੱਖਾਂ ਦੇ ਮੱਥੇ ਤੇ ਹੱਥ ਰੱਖ ਕੇ ਉਹਨਾਂ ਦੇ ਮਨ ਵਿਚੋਂ ਬੁਰਿਆਈਆਂ ਮਾਰ ਕੇ ਕੱਢ ਦੇਂਦਾ
ਹੈ। ਜੇ ਪਤੀ-ਪ੍ਰਭੂ ਪਰਸੰਨ ਹੋ ਪਏ, ਤਾਂ ਮਾਨੋ, ਸਾਰੇ ਪਦਾਰਥ ਮਿਲ ਪੈਂਦੇ ਹਨ।
ਉਪਰੋਕਤ ਸਲੋਕਾਂ ਅਤੇ ਪਉੜੀ ਨੂੰ ਵਿਚਾਰਨ ਪਿੱਛੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ‘ਖਾਣਾ ਪੀਣਾ
ਪਵਿਤ੍ਰੁ ਹੈ’ ਫ਼ਰਮਾਨ ਵਿੱਚ ਸਤਿਗੁਰੂ ਜੀ ਸੂਤਕ-ਪਾਤਕ ਸੰਬੰਧੀ ਪ੍ਰਚਲਤ ਧਾਰਨਾ ਦਾ ਖੰਡਨ ਕਰਦੇ ਹਨ।
ਹਿੰਦੂ ਸ਼ਾਸ਼ਤ੍ਰਾਂ ਅਨੁਸਾਰ ਸੂਤਕ ਤੋਂ ਭਾਵ ਸੂਤ (ਪ੍ਰਸੂਤ) ਸਮੇਂ ਪੈਦਾ ਹੋਈ ਅਸ਼ੁੱਧੀ ਤੋਂ ਹੈ।
ਸਿਮ੍ਰਿਤੀਆਂ ਅਨੁਸਾਰ ਘਰ ਵਿੱਚ ਬਾਲਕ ਦੇ ਜਨਮ ਨਾਲ ਸੂਤਕ ਹੋ ਜਾਂਦਾ ਹੈ, ਭਾਵ, ਘਰ ਦੀਆਂ ਵਸਤੂਆਂ
ਉਤਨਾ ਚਿਰ ਖਾਣ ਯੋਗ ਨਹੀਂ ਰਹਿੰਦੀਆਂ ਜਿਤਨਾ ਚਿਰ ਬ੍ਰਾਹਮਣ ਸੂਤਕ ਪਾਤਕ ਨੂੰ ਘਰ ਵਿੱਚੋਂ ਕੱਢ ਨਾ
ਦੇਵੇ। ਜਿਸ ਘਰ ਵਿੱਚ ਸੂਤਕ ਹੈ ਉਸ ਘਰ ਦਾ ਕੋਈ ਅੰਨ ਗ੍ਰਹਿਣ ਨਹੀਂ ਕਰਦਾ।
(ਨੋਟ:-ਹਿੰਦੂ ਮਤ ਦੇ ਧਰਮ ਸ਼ਾਸਤ੍ਰਾਂ ਅਨੁਸਾਰ ਵਰਣਾਂ ਦੇ ਭੇਦ ਕਰਕੇ ਇਹ ਅਸ਼ੁੱਧੀ ਵੱਖ ਵੱਖ ਦਿਨਾਂ
ਲਈ ਰਹਿੰਦੀ ਹੈ। ਉਦਾਹਰਣ ਵਜੋਂ ਜਿਵੇਂ ਬ੍ਰਾਹਮਣ ਦੇ ਘਰ 10 ਦਿਨ, ਖਤ੍ਰੀ ਦੇ ਘਰ 12 ਦਿਨ, ਵੈਸ਼ ਦੇ
ਘਰ 15 ਦਿਨ ਅਤੇ ਸ਼ੂਦਰ ਦੇ ਘਰ 30 ਦਿਨ ਸੂਤਕ ਰਹਿੰਦਾ ਹੈ। ਕਈ ਸਿਮ੍ਰਿਤੀਆਂ ਨੇ 12, 13, 17 ਅਤੇ
30 ਯਥਾ ਕ੍ਰਮ ਵੀ ਲਿਖਿਆ ਹੈ।
ਸੂਤਕ ਸੰਬੰਧੀ ਸਿਮ੍ਰਿਤੀਆਂ ਅਨੁਸਾਰ ਮਰਨ ਦਾ ਸੂਤਕ ਸਾਰਿਆਂ ਨੂੰ ਹੁੰਦਾ ਹੈ ਪਰੰਤੂ ਜਨਮ ਦਾ ਸੂਤਕ
ਮਾਤਾ ਅਤੇ ਪਿਤਾ ਨੂੰ ਹੁੰਦਾ ਹੈ। ਜੇਕਰ ਕਿਸੇ ਦੀ ਮੌਤ ਦੂਰ-ਦੁਰੇਡੇ ਹੁੰਦੀ ਹੈ ਤਾਂ ਪਰਵਾਰ
ਵਾਲਿਆਂ ਨੂੰ ਫਿਰ ਵੀ ਸੂਤਕ ਪ੍ਰਭਾਵਤ ਕਰਦਾ ਹੈ। ਮਨੂੰ ਸਿਮ੍ਰਿਤੀ ਅਨੁਸਾਰ ਦੂਰ ਦੇ ਦੇਸਾਂ ਤੋਂ
ਸਬੰਧੀ ਦੇ ਮਰਨ ਦੀ ਖ਼ਬਰ ਆਵੇ ਤਾਂ ਜਿੰਨੇ ਦਿਨਾਂ ਦਸਾਂ ਵਿੱਚ ਬਾਕੀ ਹਨ, ਸੂਤਕ ਰੱਖੇ। ਜੇਕਰ ਦਸਾਂ
ਦਿਨਾਂ ਪਿੱਛੋਂ ਸੁਣੇ ਤਾਂ ਤਿੰਨ ਦਿਨ ਸੂਤਕ ਰੱਖੇ, ਜੇ ਸਾਲ ਮਗਰੋਂ ਸੁਣੇ ਤਾਂ ਕੇਵਲ ਇਸ਼ਨਾਨ ਹੀ
ਠੀਕ ਹੈ। ਮ੍ਰਿਤਕ ਦੇ ਨਾਲ ਛੁਹਿਣ ਵਾਲੇ ਅਤੇ ਉਸ ਦੇ ਘਰ ਦਾ ਪਾਣੀ ਪੀਣ ਵਾਲੇ ਤਿੰਨਾਂ ਦਿਨਾਂ
ਪਿੱਛੋਂ ਸ਼ੁੱਧ ਹੁੰਦੇ ਹਨ।)
ਗੁਰੂ ਗ੍ਰੰਥ ਸਾਹਿਬ ਵਿੱਚ ਸੂਤਕ ਸੰਬੰਧੀ ਹੋਰ ਵੀ ਫ਼ਰਮਾਨ ਹਨ ਜਿਨ੍ਹਾਂ ਵਿੱਚ ਇਸ ਭਾਵ ਨੂੰ ਦਰਸਾ
ਕੇ ਇਸ ਨਾਲ ਜੁੜੇ ਹੋਏ ਭਰਮ ਤੋਂ ਮਨੁੱਖ ਨੂੰ ਉਪਰ ਉਠਾਇਆ ਹੈ, ਜਿਵੇਂ:-
(ੳ) ਮਨ ਕਾ ਸੂਤਕੁ ਦੂਜਾ ਭਾਉ ॥ ਭਰਮੇ ਭੂਲੇ ਆਵਉ ਜਾਉ ॥੧॥ ਮਨਮੁਖਿ ਸੂਤਕੁ ਕਬਹਿ ਨ ਜਾਇ ॥ ਜਿਚਰੁ
ਸਬਦਿ ਨ ਭੀਜੈ ਹਰਿ ਕੈ ਨਾਇ ॥੧॥ ਰਹਾਉ ॥ ਸਭੋ ਸੂਤਕੁ ਜੇਤਾ ਮੋਹੁ ਆਕਾਰੁ ॥ ਮਰਿ ਮਰਿ ਜੰਮੈ ਵਾਰੋ
ਵਾਰ ॥੨॥ ਸੂਤਕੁ ਅਗਨਿ ਪਉਣੈ ਪਾਣੀ ਮਾਹਿ ॥ ਸੂਤਕੁ ਭੋਜਨੁ ਜੇਤਾ ਕਿਛੁ ਖਾਹਿ ॥੩॥ ਸੂਤਕਿ ਕਰਮ ਨ
ਪੂਜਾ ਹੋਇ ॥ ਨਾਮਿ ਰਤੇ ਮਨੁ ਨਿਰਮਲੁ ਹੋਇ ॥੪॥ ਸਤਿਗੁਰੁ ਸੇਵਿਐ ਸੂਤਕੁ ਜਾਇ ॥ ਮਰੈ ਨ ਜਨਮੈ ਕਾਲੁ
ਨ ਖਾਇ ॥੫॥ (ਪੰਨਾ 229) ਅਰਥ:- (ਹੇ ਭਾਈ!) ਜਿਤਨਾ ਚਿਰ (ਮਨੁੱਖ ਗੁਰੂ ਦੇ) ਸ਼ਬਦ ਵਿੱਚ ਨਹੀਂ
ਪਤੀਜਦਾ, ਪਰਮਾਤਮਾ ਦੇ ਨਾਮ ਵਿੱਚ ਨਹੀਂ ਜੁੜਦਾ (ਉਤਨਾ ਚਿਰ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ
ਹੈ, ਤੇ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਦੇ ਮਨ) ਦੀ ਅਪਵਿਤ੍ਰਤਾ ਕਦੇ ਦੂਰ ਨਹੀਂ
ਹੁੰਦੀ। 1. ਰਹਾਉ।
(ਹੇ ਭਾਈ! ਪਰਮਾਤਮਾ ਨੂੰ ਵਿਸਾਰ ਕੇ ਮਾਇਆ ਆਦਿਕ) ਹੋਰ ਹੋਰ ਨਾਲ ਪਾਇਆ ਹੋਇਆ ਪਿਆਰ ਮਨ ਦੀ
ਅਪਵਿਤ੍ਰਤਾ (ਦਾ ਕਾਰਣ ਬਣਦਾ) ਹੈ (ਇਸ ਅਪਵਿਤ੍ਰਤਾ ਦੇ ਕਾਰਨ ਮਾਇਆ ਦੀ) ਭਟਕਣਾ ਵਿੱਚ ਕੁਰਾਹੇ ਪਏ
ਹੋਏ ਮਨੁੱਖ ਨੂੰ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ। 1.
(ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਲਈ) ਇਹ ਜਿਤਨਾ ਹੀ ਜਗਤ ਹੈ ਜਿਤਨਾ ਹੀ ਜਗਤ ਦਾ
ਮੋਹ ਹੈ ਇਹ ਸਾਰਾ ਅਪਵਿਤ੍ਰਤਾ (ਦਾ ਮੂਲ) ਹੈ, ਉਹ ਮਨੁੱਖ (ਇਸ ਆਤਮਕ ਮੌਤ ਵਿਚ) ਮਰ ਮਰ ਕੇ ਮੁੜ
ਮੁੜ ਜੰਮਦਾ ਰਹਿੰਦਾ ਹੈ। 2.
(ਮਨਮੁਖਾਂ ਵਾਸਤੇ) ਅੱਗ ਵਿੱਚ ਹਵਾ ਵਿੱਚ ਪਾਣੀ ਵਿੱਚ ਭੀ ਅਪਵਿਤ੍ਰਤਾ ਹੀ ਹੈ, ਜਿਤਨਾ ਕੁੱਝ ਭੋਜਨ
ਆਦਿਕ ਉਹ ਖਾਂਦੇ ਹਨ ਉਹ ਭੀ (ਉਹਨਾਂ ਦੇ ਮਨ ਵਾਸਤੇ) ਅਪਵਿਤ੍ਰਤਾ (ਦਾ ਕਾਰਨ ਹੀ ਬਣਦਾ) ਹੈ। 3.
(ਹੇ ਭਾਈ!) ਸੂਤਕ (ਦੇ ਭਰਮ ਵਿੱਚ ਗ੍ਰਸੇ ਹੋਏ ਮਨ ਨੂੰ) ਕੋਈ ਕਰਮ-ਕਾਂਡ ਪਵਿਤ੍ਰ ਨਹੀਂ ਕਰ ਸਕਦੇ,
ਕੋਈ ਦੇਵ-ਪੂਜਾ ਪਵਿਤ੍ਰ ਨਹੀਂ ਕਰ ਸਕਦੀ। ਪਰਮਾਤਮਾ ਦੇ ਨਾਮ ਵਿੱਚ ਰੰਗੀਜ ਕੇ ਹੀ ਮਨ ਪਵਿਤ੍ਰ
ਹੁੰਦਾ ਹੈ। 4.
(ਹੇ ਭਾਈ!) ਜੇ ਸਤਿਗੁਰੂ ਦਾ ਆਸਰਾ ਲਿਆ ਜਾਏ ਤਾਂ ਮਨ ਦੀ ਅਪਵਿਤ੍ਰਤਾ ਦੂਰ ਹੋ ਜਾਂਦੀ ਹੈ, (ਗੁਰੂ
ਦੀ ਸਰਨ ਰਹਿਣ ਵਾਲਾ ਮਨੁੱਖ) ਨਾਹ ਮਰਦਾ ਹੈ ਨਾਹ ਜੰਮਦਾ ਹੈ ਨਾਹ ਉਸ ਨੂੰ ਆਤਮਕ ਮੌਤ ਖਾਂਦੀ ਹੈ।
5.
(ਅ) ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ ॥ ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ
ਬਿਗੋਈ ॥੧॥ ਕਹੁ ਰੇ ਪੰਡੀਆ ਕਉਨ ਪਵੀਤਾ ॥ ਐਸਾ ਗਿਆਨੁ ਜਪਹੁ ਮੇਰੇ ਮੀਤਾ ॥੧॥ ਰਹਾਉ ॥ ਨੈਨਹੁ
ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ ॥ ਊਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ ਰਸੋਈ ॥੨॥ ਫਾਸਨ
ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥ ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ
ਹੋਈ ॥੩॥ (ਪੰਨਾ 331) ਅਰਥ:- (ਜੇ ਜੀਵਾਂ ਦੇ ਜੰਮਣ ਤੇ ਮਰਨ ਨਾਲ ਸੂਤਕ-ਪਾਤਕ ਦੀ ਭਿੱਟ ਪੈਦਾ ਹੋ
ਜਾਂਦੀ ਹੈ ਤਾਂ) ਪਾਣੀ ਵਿੱਚ ਸੂਤਕ ਹੈ, ਧਰਤੀ ਉਤੇ ਸੂਤਕ ਹੈ, (ਹਰ ਥਾਂ) ਸੂਤਕ ਦੀ ਉਤਪੱਤੀ ਹੈ
(ਭਾਵ, ਹਰ ਥਾਂ ਭਿੱਟਿਆ ਹੋਇਆ ਹੈ, ਕਿਉਂਕਿ) ਕਿਸੇ ਜੀਵ ਦੇ ਜੰਮਣ ਤੇ ਸੂਤਕ (ਪੈ ਜਾਂਦਾ ਹੈ) ਫਿਰ
ਮਰਨ ਤੇ ਭੀ ਸੂਤਕ (ਆ ਪੈਂਦਾ ਹੈ); (ਇਸ) ਭਿੱਟ (ਤੇ ਭਰਮ) ਵਿੱਚ ਦੁਨੀਆ ਖ਼ੁਆਰ ਹੋ ਰਹੀ ਹੈ। 1.
(ਤਾਂ ਫਿਰ) ਹੇ ਪਿਆਰੇ ਮਿੱਤਰ! ਇਸ ਗੱਲ ਨੂੰ ਗਹੁ ਨਾਲ ਵਿਚਾਰ ਤੇ ਦੱਸ, ਹੇ ਪੰਡਿਤ! (ਜਦੋਂ ਹਰ
ਥਾਂ ਸੂਤਕ ਪੈ ਰਿਹਾ ਹੈ) ਸੁੱਚਾ ਕੌਣ (ਹੋ ਸਕਦਾ) ਹੈ? । 1. ਰਹਾਉ।
(ਨਿਰੇ ਇਹਨੀਂ ਅੱਖੀਂ ਦਿੱਸਦੇ ਜੀਵ ਹੀ ਨਹੀਂ ਜੰਮਦੇ ਮਰਦੇ, ਸਾਡੇ ਬੋਲਣ ਚਾਲਣ ਆਦਿਕ ਹਰਕਤਾਂ ਨਾਲ
ਕਈ ਸੂਖਮ ਜੀਵ ਮਰ ਰਹੇ ਹਨ, ਤਾਂ ਫਿਰ) ਅੱਖਾਂ ਵਿੱਚ ਸੂਤਕ ਹੈ, ਬੋਲਣ (ਭਾਵ, ਜੀਭ) ਵਿੱਚ ਸੂਤਕ
ਹੈ, ਕੰਨਾਂ ਵਿੱਚ ਭੀ ਸੂਤਕ ਹੈ, ਉਠਦਿਆਂ ਬੈਠਦਿਆਂ ਹਰ ਵੇਲੇ (ਸਾਨੂੰ) ਸੂਤਕ ਪੈ ਰਿਹਾ ਹੈ,
(ਸਾਡੀ) ਰਸੋਈ ਵਿੱਚ ਭੀ ਸੂਤਕ ਹੈ। 2.
(ਜਿੱਧਰ ਵੇਖੋ) ਹਰੇਕ ਜੀਵ (ਸੂਤਕ ਦੇ ਭਰਮਾਂ ਵਿਚ) ਫਸਣ ਦਾ ਹੀ ਢੰਗ ਜਾਣਦਾ ਹੈ, (ਇਹਨਾਂ ਵਿਚੋਂ)
ਖ਼ਲਾਸੀ ਕਰਾਣ ਦੀ ਸਮਝ ਕਿਸੇ ਵਿਰਲੇ ਨੂੰ ਹੈ। ਕਬੀਰ ਆਖਦਾ ਹੈ—ਜੋ ਜੋ ਮਨੁੱਖ (ਆਪਣੇ) ਹਿਰਦੇ ਵਿੱਚ
ਪ੍ਰਭੂ ਨੂੰ ਸਿਮਰਦਾ ਹੈ, ਉਹਨਾਂ ਨੂੰ (ਇਹ) ਭਿੱਟ ਨਹੀਂ ਲੱਗਦੀ। 3.
(ੲ) ਨਿਰਭਉ ਆਪਿ ਨਿਰੰਤਰਿ ਜੋਤਿ ॥ ਬਿਨੁ ਨਾਵੈ ਸੂਤਕੁ ਜਗਿ ਛੋਤਿ ॥ ਦੁਰਮਤਿ ਬਿਨਸੈ ਕਿਆ ਕਹਿ
ਰੋਤਿ ॥ ਜਨਮਿ ਮੂਏ ਬਿਨੁ ਭਗਤਿ ਸਰੋਤਿ ॥4॥ … ਸੂਤਕੁ ਅਗਨਿ ਭਖੈ ਜਗੁ ਖਾਇ ॥ ਸੂਤਕੁ ਜਲਿ ਥਲਿ ਸਭ
ਹੀ ਥਾਇ ॥ ਨਾਨਕ ਸੂਤਕਿ ਜਨਮਿ ਮਰੀਜੈ ॥ ਗੁਰ ਪਰਸਾਦੀ ਹਰਿ ਰਸੁ ਪੀਜੈ ॥੮॥ (ਪੰਨਾ 413) ਅਰਥ:-
ਪਰਮਾਤਮਾ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਹ ਆਪ ਇਕ-ਰਸ ਹਰੇਕ ਦੇ ਅੰਦਰ ਆਪਣੀ ਜੋਤਿ ਦਾ ਪਰਕਾਸ਼ ਕਰ
ਰਿਹਾ ਹੈ, ਪਰ ਉਸ ਦੇ ਨਾਮ ਤੋਂ ਖੁੰਝਣ ਦੇ ਕਾਰਨ ਜਗਤ ਵਿੱਚ ਕਿਤੇ ਸੂਤਕ (ਦਾ ਭਰਮ) ਹੈ ਕਿਤੇ ਛੂਤ
ਹੈ। ਦੁਰਮਤਿ ਦੇ ਕਾਰਨ ਜਗਤ ਆਤਮਕ ਮੌਤੇ ਮਰ ਰਿਹਾ ਹੈ, (ਇਸ ਬਾਰੇ) ਕੀਹ ਆਖ ਕੇ ਕੋਈ ਰੋਵੇ?
ਪਰਮਾਤਮਾ ਦੀ ਭਗਤੀ ਤੋਂ ਬਿਨਾ, ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਨ ਤੋਂ ਬਿਨਾ, ਜੀਵ ਜਨਮ ਮਰਨ ਦੇ ਗੇੜ
ਵਿੱਚ ਪੈ ਰਹੇ ਹਨ। 4. …ਹੇ ਨਾਨਕ! ਸੂਤਕ (ਦੇ ਭਰਮ) ਵਿੱਚ ਪੈ ਕੇ (ਪਰਮਾਤਮਾ ਦੀ ਹੋਂਦ ਤੋਂ ਖੁੰਝ
ਕੇ) ਜਗਤ ਜਨਮ ਮਰਨ ਦੇ ਗੇੜ ਵਿੱਚ ਪੈ ਰਿਹਾ ਹੈ। (ਸਹੀ ਰਸਤਾ ਇਹ ਹੈ ਕਿ ਗੁਰੂ ਦੀ ਸਰਨ ਪੈ ਕੇ)
ਗੁਰੂ ਦੀ ਮੇਹਰ ਪ੍ਰਾਪਤ ਕਰ ਕੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ-ਰਸ ਪੀਣਾ ਚਾਹੀਦਾ ਹੈ। 8.
ਇਤਿਹਾਸ ਵਿੱਚ ਜ਼ਿਕਰ ਆਇਆ ਹੈ ਕਿ ਭਾਈ ਜੈਤਾ ਤੇ ਭਾਈ ਨੰਦਾ ਤੇ ਭਾਈ ਪਿਰਾਗਾ ਜੀ ਨੇ ਗੁਰਸਿੱਖੀ
ਧਾਰਨ ਕਰ ਕੇ ਜਦੋਂ ਨਿੱਤ ਨਿਮਿੱਤ ਕਰਮਾਂ ਦਾ ਤਿਆਗ ਕਰ ਦਿੱਤਾ ਤਾਂ ਪੰਡਤਾਂ ਨੇ ਇਹਨਾਂ ਨੂੰ ਕਿਹਾ
ਕਿ ਤੁਸੀਂ ਭ੍ਰਸ਼ਟ ਹੋ ਗਏ ਹੋ। ਇਹਨਾਂ ਨੇ ਅੱਗੋਂ ਉੱਤਰ ਦਿੱਤਾ ਕਿ ਤੁਸੀਂ ਲੋਕ ਹੀ ਕਹਿੰਦੇ ਹੋ ਕੇ
ਜਿਸ ਦੇ ਘਰ ਬਾਲਕ ਜਨਮਦਾ ਜਾਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਸ ਘਰ ਸੂਤਕ ਪੈ ਜਾਂਦਾ ਹੈ। ਜਿਤਨਾ
ਚਿਰ ਸੂਤਕ ਹੈ ਉਤਨਾ ਚਿਰ ਕੋਈ ਕਰਮ ਲੇਖੇ ਨਹੀਂ ਪੈਂਦਾ ਹੈ। ਇਹਨਾਂ ਦੀ ਇਹ ਗੱਲ ਸੁਣ ਕੇ ਜਦੋਂ
ਪੰਡਤਾਂ ਨੇ ਪੁੱਛਿਆ ਕਿ ਤੁਹਾਡੇ ਘਰ ਨਾ ਤਾਂ ਕੋਈ ਬਾਲਕ ਜਨਮਿਆ ਹੈ ਅਤੇ ਨਾ ਹੀ ਕਿਸੇ ਦੀ ਮੌਤ ਹੋਈ
ਹੈ, ਫਿਰ ਤੁਹਾਡੇ ਘਰਾਂ ਵਿੱਚ ਸੂਤਕ ਕਿਵੇਂ ਪੈ ਗਿਆ ਹੈ। ਇਹਨਾਂ ਨੇ ਉੱਤਰ ਵਿੱਚ ਕਿਹਾ ਕਿ ਅਸੀਂ
ਜਦੋਂ ਦੇ ਸਤਿਗੁਰੂ ਜੀ ਨੂੰ ਮਿਲੇ ਹਾਂ ਸਾਡੇ ਅੰਦਰੋਂ ਅਗਿਆਨ ਦੀ ਮੌਤ ਹੋ ਗਈ ਹੈ ਤੇ ਗਿਆਨ ਦਾ
ਸਾਡੇ ਘਰ ਵਿੱਚ ਜਨਮ ਹੋਇਆ ਹੈ। ਇਸ ਲਈ ਅਸੀਂ ਨਿਤ-ਨਿਮਿੱਤ ਕਰਨ ਛੱਡ ਦਿੱਤੇ ਹਨ। ਇਹਨਾਂ ਦਾ ਇਹ
ਉੱਤਰ ਸੁਣ ਕੇ ਜਦੋਂ ਪੰਡਤਾਂ ਨੇ ਇਹ ਕਿਹਾ ਕਿ ਸੂਤਕ ਤਾਂ ਥੋਹੜੇ ਦਿਨ ਹੀ ਰਹਿੰਦਾ ਹੈ ਤਾਂ ਇਹਨਾਂ
ਨੇ ਅੱਗੋਂ ਕਿਹਾ ਕਿ ਸਤਿਗੁਰੂ ਜੀ ਨੇ ਸਾਨੂੰ ਦੱਸਿਆ ਹੈ ਕਿ ਜੋ ਸੁਆਸ ਨਾਭੀ ਤੋਂ ਉਪਜਦਾ ਹੈ, ਉਹ
ਜਨਮਦਾ ਹੈ, ਜੋ ਸੁਆਸ ਨਾਸਕਾ ਦੁਆਰਾ ਬਾਹਰ ਜਾਂਦਾ ਹੈ ਸੋ ਮਰਦਾ ਹੈ। ਇਹ ਸਿਲਸਿਲਾ ਤਾਂ ਹਮੇਸ਼ਾਂ
ਜਾਰੀ ਰਹਿੰਦਾ ਹੈ; ਇਸ ਲਈ ਹੀ ਅਸੀਂ ਇਹ ਨਿਤ-ਨਿਮਿੱਤ ਕਰਮਾਂ ਦਾ ਤਿਆਗ ਕਰ ਦਿੱਤਾ ਹੈ। ਸਤਿਗੁਰੂ
ਜੀ ਨੇ ਸਾਨੂੰ ਸੁਆਸ ਸੁਆਸ ਨਾਮ ਦਾ ਆਧਾਰ ਰੱਖਣ ਦਾ ਉਪਦੇਸ਼ ਦ੍ਰਿੜ ਕਰਵਾਇਆ ਹੈ। ਇਸ ਲਈ ਅਸੀਂ ਅਕਾਲ
ਪੁਰਖ ਨੂੰ ਹਮੇਸ਼ਾਂ ਚੇਤੇ ਰੱਖਦੇ ਹਾਂ।
ਸੋ, ‘ਖਾਣਾ ਪੀਣਾ ਪਵਿਤ੍ਰ ਹੈ’ ਫ਼ਰਮਾਨ ਵਿੱਚ ਸਤਿਗੁਰੂ ਜੀ ਨੇ ਸੂਤਕ ਪਾਤਕ ਵਾਲੇ ਘਰ ਵਿੱਚ
ਖਾਣ-ਪਾਣ ਨਾ ਕਰਨ ਦੇ ਭਰਮ ਦਾ ਜ਼ਿਕਰ ਕਰਦਿਆਂ ਹੋਇਆਂ ਪ੍ਰਚਲਤ ਧਾਰਨਾ ਦਾ ਖੰਡਨ ਕੀਤਾ ਹੈ। ਸਤਿਗੁਰੂ
ਜੀ ਨੇ ਸੂਤਕ ਸੰਬੰਧੀ ਪ੍ਰਚਲਤ ਭਰਮ ਦਾ ਖੰਡਨ ਕਰਦਿਆਂ ਹੋਇਆਂ ਇਹ ਦ੍ਰਿੜ ਕਰਾਇਆ ਹੈ ਕਿ ਖਾਣ-ਪੀਣ
ਦੇ ਪਦਾਰਥਾਂ ਵਿੱਚ ਭਰਮ ਕਰਕੇ ਕਿਸੇ ਤਰ੍ਹਾਂ ਦੀ ਅਸ਼ੁੱਧੀ ਮੰਨ ਲੈਣਾ ਅਵਿਦਿਆ ਹੈ। ਜਿੱਥੋਂ ਤੀਕ
ਕਿਸੇ ਪਦਾਰਥ ਦੇ ਖਾਣ ਆਦਿ ਦਾ ਸੰਬੰਧ ਹੈ, ਇਸ ਬਾਰੇ ਗੁਰਬਾਣੀ ਦਾ ਸਪਸ਼ਟ ਅਤੇ ਨਿਰਣਾਇਕ ਫ਼ੈਸਲਾ ਤਾਂ
ਇਸ ਪ੍ਰਕਾਰ ਹੈ:- ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ
॥ (ਪੰਨਾ 16) ਅਰਥ:- ਹੇ ਭਾਈ! ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ
ਮਨ ਵਿੱਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ, ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ।