.

ਸ਼ਹੀਦਾਂ ਦੀਆਂ ਮੱਟੀਆਂ, ਦੀਵੇ ਅਤੇ ਜੋਤਾਂ

ਅਵਤਾਰ ਸਿੰਘ ਮਿਸ਼ਨਰੀ (5104325827)

ਮਹਾਂਨ ਕੋਸ਼ ਅਨੁਸਾਰ ਸ਼ਹੀਦ ਅਰਬੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸ਼ਹਾਦਤ ਦੇਣ ਵਾਲਾ, ਗਵਾਹ, ਸਾਕੀ (ਸਾਖੀ) ਅਜਿਹਾ ਕੰਮ ਕਰਨ ਵਾਲਾ ਜਿਸ ਦੀ ਲੋਕ ਸਾਖੀ ਦੇਣ। ਧਰਮਯੁੱਧ ਵਿੱਚ ਜਿਸ ਨੇ ਜੀਵਨ ਅਰਪਿਆ ਹੈ। ਸੋ ਭਾਵ ਹੈ ਸੱਚ, ਪਰਉਪਕਾਰ ਅਤੇ ਇਨਸਾਫ ਦੀ ਖਾਤਰ ਆਪਾ ਕੁਰਬਾਨ ਕਰਨ ਵਾਲਾ ਇਨਸਾਨ ਸ਼ਹੀਦ ਹੈ ਭਾਵੇਂ ਉਹ ਮਰਦ ਹੈ ਜਾਂ ਔਰਤ। ਕੀ ਐਸੇ ਮਹਾਂਨ ਇਨਸਾਨਾਂ ਦੀਆਂ ਮੜੀਆਂ ਜਾਂ ਮੱਟੀਆਂ ਬਣਾ ਕੇ ਜੋਤਾਂ ਬਾਲਣੀਆਂ ਜਾਂ ਧੂਫਾਂ ਧੁਖਾਈ ਜਾਣੀਆਂ ਗੁਰਮਤਿ ਹਨ? ਹਰਗਜ਼ ਨਹੀਂ ਕਿਉਂਕਿ ਗੁਰਮਤਿ ਦਾ ਅਰਥ ਹੈ ਗੁਰੂ ਦੀ ਮਤਿ ਜਾਂ ਸਿਖਿਆ। ਇਸ ਬਾਰੇ ਖੁਲ੍ਹੀ ਵਿਚਾਰ ਇਸ ਪ੍ਰਕਾਰ ਹੈ-

ਸਾਨੂੰ ਪਹਿਲਾਂ ਗੁਰਮਤਿ ਸਿਖਣ ਦੀ ਲੋੜ ਹੈ ਬਾਕੀ ਕਰਮ ਬਾਅਦ ਵਿੱਚ ਹਨ। ਜਿਸ ਬੰਦੇ ਨੇ ਅੰਗ੍ਰੇਜੀ ਦੀ ਅਲਫਾਬੈਟ ਨਹੀਂ ਸਿੱਖੀ ਉਹ ਅੰਗ੍ਰੇਜੀ ਵਿੱਚ ਲਿਖੇ ਗ੍ਰੰਥ ਜਾਂ ਪੁਸਤਕਾਂ ਕਿਵੇਂ ਪੜ੍ਹ ਵਿਚਾਰ ਤੇ ਸਮਝ ਸਕਦਾ ਹੈ। ਇਵੇਂ ਹੀ ਜਿਸ ਮਾਈ ਭਾਈ ਨੇ ਪੰਜਾਬੀ (ਗੁਰਮੁਖੀ) ਦੀ ਪੈਂਤੀ ਅਖਰੀ ਨਹੀਂ ਸਿੱਖੀ ਉਹ ਗੁਰੂ ਗ੍ਰੰਥ ਸਾਹਿਬ, ਮਰਯਾਦਾ, ਫਿਲਾਸਫੀ ਅਤੇ ਇਤਹਾਸ ਕਿਵੇਂ ਪੜ੍ਹ, ਵਿਚਾਰ ਅਤੇ ਸਮਝ ਸਕਦਾ ਹੈ? ਅਨਪੜ੍ਹ, ਢੌਂਗੀ, ਚਾਲਬਾਜ ਅਤੇ ਭੇਖੀ ਸਾਧ ਸੰਤ ਡੇਰੇਦਾਰ ਅਤੇ ਜੋਤਸ਼ੀ ਹੀ ਇਹ ਸਭ ਤਰ੍ਹਾਂ ਦੇ ਵਹਿਮ ਭਰਮ ਫੈਲਾ ਕੇ ਭੋਲੀ ਭਾਲੀ ਜਨਤਾ ਨੂੰ ਲੁੱਟ ਰਹੇ ਹਨ।

ਇਹ ਜੋ ਕਹਾਵਤ ਹੈ ਕਿ “ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪਰ ਮਰਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ” ਹਰ ਬਰਸ ਮੇਲੇ ਲਗਨ ਤੋਂ ਭਾਵ ਹੈ ਕਿ ਸ਼ਹੀਦਾਂ ਦੇ ਉੱਚੇ-ਸੁੱਚੇ ਅਦਰਸ਼ ਲਈ ਉਨ੍ਹਾਂ ਦੀ ਕੁਰਬਾਨੀ ਤੋਂ ਪ੍ਰੇਰਨਾਂ ਤੇ ਸਿਖਿਆ ਲੈਣ ਲਈ ਇਕੱਠੇ ਹੋਣਾ, ਇਹ ਹੀ ਸ਼ਹੀਦਾਂ ਦਾ ਨਿਸ਼ਾਂ ਭਾਵ ਯਾਦਗਾਰ ਹੋਵੇਗੀ। ਹਰੇਕ ਧਰਮ ਜਾਂ ਕੌਮ ਦੇ ਆਪੋ ਆਪਣੇ ਸ਼ਹੀਦ ਹਨ ਜੋ ਉਸ ਧਰਮ ਜਾ ਕੌਮ ਦੀ ਖਾਤਰ ਸ਼ਹੀਦ ਜਾਂ ਕੁਰਬਾਨ ਹੋਏ। ਉਨ੍ਹਾਂ ਦੇ ਵਾਰਸਾਂ ਨੂੰ ਉਨ੍ਹਾਂ ਦੀ ਮਰਯਾਦਾ ਜਾਂ ਰਹੁਰੀਤ ਅਨੁਸਾਰ ਸ਼ਹੀਦਾਂ ਦੀ ਯਾਦਗਾਰ ਮਨਾਉਣੀ ਚਾਹੀਦੀ ਹੈ।

ਆਪਾਂ ਗੱਲ ਗੁਰਮਤਿ ਦੀ ਕਰ ਰਹੇ ਸੀ ਜਿਸ ਦਾ ਸਿੱਖ ਧਰਮ ਨਾਲ ਸਬੰਧ ਹੈ। ਸਿੱਖਾਂ ਨੇ ਸਿੱਖ ਸ਼ਹੀਦਾਂ ਦੀਆਂ ਯਾਦਗਾਰਾਂ ਕਿਵੇਂ ਮਨਾਉਣੀਆਂ ਹਨ? ਇਸ ਬਾਰੇ ਸਾਨੂੰ ਸੋਚਣ ਦੀ ਲੋੜ ਹੈ। ਪੰਜਾਬ ਜੋ ਸ਼ਹੀਦ ਸੂਰਬੀਰ ਯੋਧਿਆਂ ਦੀ ਧਰਤੀ ਹੈ ਜਿੱਥੇ ਵੱਡੇ ਵੱਡੇ ਗੁਰੂ, ਪੀਰ ਅਤੇ ਯੋਧੇ ਪੈਦਾ ਹੋਏ ਜਿਨ੍ਹਾਂ ਦੀ ਧਾਂਕ ਦੁਨੀਆਂ ਭਰ ਵਿੱਚ ਪੈਂਦੀ ਸੀ। ਪਾੰਜਾਬ ਅਤੇ ਦੁਨੀਆਂ ਭਰ ਦੀ ਹਿਸਟਰੀ ਇਸ ਦੀ ਗਵਾਹ ਹੈ। ਪਰ ਅੱਜ ਭੇਖੀ ਸਾਧ ਡੇਰੇਦਾਰਾਂ ਦੀ ਬਦੌਲਤ ਪੰਜਾਬ ਦੇ ਪਿੰਡ ਪਿੰਡ ਖਾਸ ਕਰਕੇ ਦੁਆਬੇ ਦੇ ਇਲਾਕੇ ਵਿੱਚ “ਸ਼ਹੀਦਾਂ ਦੀਆਂ ਮੱਟੀਆਂ” ਬਣਾ ਕੇ, ਡੰਡੇ ਜਾਂ ਪਈਪਾਂ ਗੱਡ ਕੇ ਉਪਰ ਹਰੀਆਂ, ਨੀਲੀਆਂ ਜਾਂ ਪੀਲੀਆਂ ਝੰਡੀਆਂ ਲਹਿਰਾ ਕੇ ਅਤੇ ਵੀਰਵਾਰ ਜਾਂ ਕਿਸੇ ਖਾਸ ਦਿਨ ਤੇ ਜਾਂ ਸੰਗ੍ਰਾਂਦ ਵਾਲੇ ਦਿਨ ਉਨ੍ਹਾਂ ਮੱਟਾਂ ਜਿਨ੍ਹਾਂ ਨੂੰ ਸ਼ਹੀਦੀ ਯਾਦਗਾਰਾਂ ਕਿਹਾ ਜਾ ਰਹਾ ਹੈ ਓਥੇ ਘਿਓ ਜਾਂ ਤੇਲ ਦੇ ਦੀਵੇ ਜਾਂ ਜੋਤਾਂ ਬਾਲੀਆਂ ਅਤੇ ਧੂਫਾਂ ਧੁਖਾਈਆਂ ਅਤੇ ਗੋਲਕਾਂ ਰੱਖ ਕੇ ਪਾਠ ਕਰਵਾਏ ਜਾ ਰਹੇ ਹਨ।

ਜਿਆਦਾ ਤਰ ਅਜਿਹੇ ਗੁਰਮਤਿ ਵਿਰੋਧੀ ਕਰਮਕਾਂਡ ਕਰਨ ਵਾਲੇ ਸਿੱਖ ਜਾਂ ਹੋਰ ਪ੍ਰਵਾਰ ਕੇਸ ਕਤਲ ਕਰਵਾਉਂਦੇ, ਨਸ਼ੇ ਅਤੇ ਬ੍ਰਾਹਮਣੀ ਕਰਮਕਾਂਡ ਕਰਦੇ ਹੋਏ ਸਾਧ ਸੰਤ ਡੇਰੇਦਾਰਾਂ ਦੇ ਪੁਜਾਰੀ ਹਨ। ਦੇਖੋ ਸ਼ਹੀਦਾਂ ਨਾਲ ਕੈਸਾ ਅਨਿਆਂ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਸ਼ਰੇਆਮ ਮੂੰਹ ਚਿੜਾਇਆ ਜਾ ਰਿਹਾ ਹੈ। ਸਿੱਖ ਧਰਮ ਦੇ ਸ਼ਹੀਦ ਸਾਬਤ ਸੂਰਤ, ਗੁਰਮਤਿ ਦੇ ਧਾਰਨੀ, ਪਰਉਪਕਾਰੀ, ਨਿਮਰਤਾਵਾਨ ਅਤੇ ਗੁਰਬਾਣੀ ਦੇ ਰਸੀਏ ਸਨ। ਦੇਖੋ ਹੋਰ ਲੋਹੜਾ ਕਈ ਪ੍ਰਵਾਰ ਆਪਣੇ ਆਪ ਨੂੰ ਸ਼ਹੀਦਾਂ ਦੇ ਪ੍ਰਵਾਰ ਜਾਂ ਉਨ੍ਹਾਂ ਦੀ ਅੰਸ ਬੰਸ ਦੇ ਵਾਰਸ ਦੱਸਦੇ ਹਨ ਪਰ ਆਪ ਬਹੁਤੇ ਸਿਰਾਂ ਤੋਂ ਮੋਨੇ, ਨਸ਼ੇ, ਬ੍ਰਾਹਮਣੀ ਕਰਮਕਾਂਡ ਕਰਨ ਵਾਲੇ ਅਤੇ ਭੇਖੀ ਡੇਰੇਦਾਰ ਸਾਧਾਂ ਦੇ ਪੁਜਾਰੀ ਹਨ। ਦੇਖੋ ਦੀਵੇ ਜਾਂ ਜੋਤਾਂ ਵੀ ਸਿਰਕੱਢ ਸ਼ਹੀਦਾਂ ਜਿਵੇਂ ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ, ਚਾਰੇ ਸਾਹਿਬਜ਼ਾਦੇ, ਮਾਤਾ ਗੁਜਰੀ, ਬਾਬਾ ਦੀਪ ਸਿੰਘ ਸ਼ਹੀਦ, ਭਾਈ ਮਨੀ ਸਿੰਘ ਅਤੇ ਹੋਰ ਸਿਰਕੱਢ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਜਗਾਉਂਦੇ ਜਾਂ ਬਾਲਦੇ ਹਨ ਪਰ ਇਨ੍ਹਾਂ ਦੀਆਂ ਸ਼ਕਲਾਂ, ਅਕਲਾਂ ਅਤੇ ਕਰਮ ਉਨ੍ਹਾਂ ਮਹਾਂਨ ਸ਼ਹੀਦਾਂ ਨਾਲ ਨਹੀਂ ਮਿਲਦੇ। ਮੁਦਤਾਂ ਤੋਂ ਜੋਤਿ ਬਾਬਾ ਦੀਪ ਸਿੰਘ ਸ਼ਹੀਦ ਜਾਂ ਚਾਰ ਸਹਿਬਜ਼ਾਦਿਆਂ ਦੀ ਬਾਲ ਰਹੇ ਹਨ ਪਰ ਪ੍ਰਵਾਰ ਵਿੱਚ ਸਾਬਤ ਸੂਰਤ, ਨਸ਼ਾ ਰਹਿਤ, ਗੁਰਬਾਣੀ ਆਪ ਪੜ੍ਹਨ, ਵਿਚਾਰਨ ਅਤੇ ਧਾਰਨ ਵਾਲਾ ਇੱਕ ਵੀ ਮੈਂਬਰ ਨਹੀਂ।

ਕੁਝ ਪੈਸੇ ਵਾਲੇ ਅਮੀਰ ਪ੍ਰਵਾਰ ਤਾਂ ਗੁਰਦੁਆਰਿਆਂ ਦੇ ਵੀ ਮੈਂਬਰ, ਪ੍ਰਧਾਂਨ ਜਾਂ ਸਕੱਤਰ ਹਨ। ਇਸ ਲਈ ਉਹ ਗੁਰਦੁਆਰਿਆਂ ਵਿੱਚ ਵੀ ਅਜਿਹੇ ਕਰਮਕਾਂਡ ਕਰਨੇ ਜਾਂ ਭੇਖੀ ਸਾਧਾਂ ਸੰਤਾਂ ਦੀਆਂ ਬਰਸੀਆਂ ਮਨਾਉਂਦੇ ਜਾਂ ਮਨਾਉਂਣਾ ਚਾਹੁੰਦੇ ਹਨ। ਗੁਰਬਾਣੀ ਦੀ ਸੱਚੀ ਸੁੱਚੀ ਵਿਚਾਰਧਾਰਾ ਜਾਂ ਸਿੱਖ ਰਹਿਤ ਮਰਯਾਦਾ ਦਾ ਉਨ੍ਹਾਂ ਨੂੰ ਉਕਾ ਗਿਆਨ ਨਹੀਂ ਜਾਂ ਆਪਣੇ ਡਰੇਰਦਾਰਾਂ ਨੂੰ ਖੁਸ਼ ਕਰਨ ਲਈ ਜਾਣਦੇ ਬੁਝਦੇ ਵੀ ਕਰੀ ਕਰਾਈ ਜਾ ਰਹੇ ਹਨ। ਜੇ ਕਿਤੇ ਸਬੱਬ ਨਾਲ ਗੁਰਮਤਿ ਦਾ ਧਾਰਨੀ ਪ੍ਰਚਾਰਕ, ਰਾਗੀ, ਗ੍ਰੰਥੀ ਜਾਂ ਕਥਾਕਾਰ ਗੁਰਦੁਆਰੇ ਸ਼ਬਦ ਗੁਰੂ ਦਾ ਪ੍ਰਚਾਰ ਕਰੇ ਤਾਂ ਇਹ ਲੋਕ ਉਸ ਦੇ ਵਿਰੁੱਧ ਜਹਾਦ ਖੜਾ ਕਰ ਦਿੰਦੇ ਹਨ। ਇਸ ਲਈ ਬਹੁਤੇ ਪ੍ਰਚਾਰਕ ਵੀ ਧੰਨ ਦੌਲਤ ਅਤੇ ਇਜ਼ਤ ਆਬਰੂ ਲਈ ਇਨ੍ਹਾਂ ਦੇ ਅਧੀਨ ਹੋ ਜਾਂਦੇ ਹਨ।

ਜਦ ਵਿਗਿਆਨ ਏਨਾਂ ਵਿਕਸਤ ਨਹੀਂ ਸੀ, ਆਵਾਜਾਈ ਅਤੇ ਪ੍ਰਚਾਰ ਪਸਾਰ ਅਤੇ ਇਲੇਕਟ੍ਰੌਨ ਮੀਡੀਏ ਦੇ ਏਨੇ ਸਾਧਨ ਨਹੀਂ ਸਨ ਤਾਂ ਆਂਮ ਲੋਕਾਂ ਨੂੰ ਇਨ੍ਹਾਂ ਦੀਆਂ ਕਾਰਵਾਈਆਂ ਦਾ ਪਤਾ ਨਹੀਂ ਸੀ ਚਲਦਾ। ਧਰਮ ਅਸਥਾਨਾਂ ਵਿੱਚ ਇਨ੍ਹਾਂ ਦਾ ਹੋਲਡ ਹੋਣ ਕਰਕੇ ਆਂਮ ਸੰਗਤਾਂ ਨੂੰ ਧਰਮ ਕਰਮ ਤੋਂ ਦੂਰ ਹੀ ਰੱਖਿਆ ਜਾਂਦਾ ਸੀ। ਸੰਗਤ ਨੂੰ ਕੇਵਲ ਸੇਵਾ ਕਰਨ, ਦਸਵੰਧ ਦੇਣ ਅਤੇ ਪਾਠ ਪੂਜਾ ਕਰਾਉਣ ਦੀ ਹੀ ਸਿਖਿਆ ਦਿੱਤੀ ਜਾਂਦੀ ਸੀ। ਡੇਰੇਦਾਰ ਸਿਖਾਉਂਦੇ ਸੰਨ ਕਿ ਏਨੀਆਂ ਮਾਲਾਂ ਫੇਰੋ, ਇਨੇ ਪਾਠ ਕਰਵਾਓ ਅਤੇ ਏਨੇ ਚਲੀਸੇ ਕੱਟੋ ਤਾਂ ਤੁਹਾਨੂੰ ਪ੍ਰਲੋਕ ਵਿੱਚ ਫਲਾਨਾਂ ਫਲਾਨਾਂ ਫਲ ਮਿਲੇਗਾ। ਤੁਸੀਂ ਮਾਲੋ ਮਾਲ ਹੋ ਜਾਓਗੇ, ਤੁਹਾਡੇ ਦੁੱਖ ਦੂਰ ਹੋ ਜਾਣਗੇ ਅਤੇ ਤੁਹਾਨੂੰ ਸਵਰਗਾਂ ਦੀ ਵਗੈਰਾ, ਵਗੈਰਾ ਪ੍ਰਾਪਤੀ ਹੋਵੇਗੀ। ਇਸ ਕਰਕੇ ਬਹੁਤੀਆਂ ਸਿੱਖ ਸੰਗਤਾਂ ਬਲਾਂਈਂਡ ਫੇਥ ਹੋ ਕੇ ਲਾਲਚ ਵੱਸ ਧਰਮ ਪੁਜਾਰੀਆਂ ਦੇ ਅਧੀਨ ਚਲਦੀਆਂ ਹੋਈਆਂ ਬਿਨਾਂ ਪੜ੍ਹੇ, ਵਿਚਾਰੇ ਅਤੇ ਸਮਝੇ ਪੁਜਾਰੀਆਂ ਜਾਂ ਪ੍ਰਬੰਧਕਾਂ ਦੇ ਕਹੇ ਕਰਮਕਾਂਡ ਕਰੀ ਜਾਂਦੀਆਂ ਸਨ।

ਅੱਜ ਜ਼ਮਾਨਾਂ ਬਦਲਿਆ ਤੇ ਵਿਗਿਆਨ ਦੀ ਸਹੂਲਤ ਨਾਲ ਘਰ ਘਰ ਇੰਟ੍ਰਨੈੱਟ ਪਹੁੰਚ ਚੁੱਕਾ ਹੈ। ਮਿਸ਼ਨਰੀ ਕਾਲਜਾਂ ਤੋਂ ਧਰਮ ਵਿਦਿਆ ਪੜ੍ਹੇ ਪ੍ਰਚਾਰਕ ਵੀ ਪ੍ਰਚਾਰ ਖੇਤਰ ਵਿੱਚ ਆ ਚੁੱਕੇ ਹਨ। ਕੁਝ ਗੁਰਦੁਆਰਿਆਂ ਦੇ ਪ੍ਰਬੰਧਕ ਅਤੇ ਸੰਗਤਾਂ ਵੀ ਗੁਰਬਾਣੀ, ਸਿਧਾਂਤ, ਮਰਯਾਦਾ ਅਤੇ ਇਤਿਹਾਸ ਵਿਚਾਰਨ ਲੱਗ ਪਈਆਂ ਹਨ। ਇਸ ਲਈ ਹੁਣ ਡੇਰੇਦਾਰ ਅਤੇ ਉਨ੍ਹਾਂ ਦੇ ਡੇਰਿਆਂ ਨਾਲ ਸਬੰਧਤ ਪ੍ਰਵਾਰ ਘਬਰਾਏ ਹੋਏ ਹਨ। ਜਦ ਉਹ ਕਿਸੇ ਸਵਾਲ ਦਾ ਜਵਾਬ ਗੁਰਮਤਿ ਅਨੁਸਾਰ ਦੇ ਨਹੀਂ ਸਕਦੇ ਤਾਂ ਪ੍ਰਚਾਰਕਾਂ ਜਾਂ ਗ੍ਰੰਥੀਆਂ ਨੂੰ ਧਮਕੀਆਂ ਦੇਣ ਲੱਗ ਜਾਂਦੇ ਹਨ ਜਾਂ ਉਨ੍ਹਾਂ ਤੇ ਕੋਈ ਬੇਹੂਦਾ ਦੋਸ਼ ਲਗਾ ਕੇ ਗੁਰਦੁਆਰੇ ਚੋਂ ਕੱਢ ਦਿੰਦੇ ਹਨ।

ਇਸ ਵੇਲੇ ਪ੍ਰਬੰਧਕਾਂ, ਪ੍ਰਚਾਰਕਾਂ ਤੇ ਸਿੱਖ ਸੰਗਤਾਂ ਨੂੰ ਜਾਗਣ ਅਤੇ ਸ਼ਹੀਦਾਂ ਦੇ ਅਸਲੀ ਮਨੋਰਥ ਨੂੰ ਸਮਝਣ ਅਤੇ ਉਸ ਤੇ ਅਮਲ ਕਰਨ ਦੀ ਲੋੜ ਹੈ। ਖਾਸ ਕਰਕੇ ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ ਜਿਸ ਦੇ ਪੈਸੇ ਨੂੰ ਧਾਰਮਿਕ ਡੇਰਦਾਰ ਜਾਂ ਪ੍ਰਬੰਧਕ ਮਿਸਯੂਜ ਕਰ ਰਹੇ ਹਨ। ਸੰਗਤਾਂ ਦਾ ਪੈਸਾ ਫੋਕੀਆਂ ਚੌਧਰਾਂ, ਪਾਰਟੀਆਂ, ਧਰਮ ਦੇ ਨਾਂ ਤੇ ਚਲਾਏ ਕਰਮਕਾਂਡਾਂ ਅਤੇ ਬੇਲੋੜੀਆਂ ਖਰਚੀਲੀਆਂ ਬਿਲਡਿੰਗਾਂ ਅਤੇ ਅਖੌਤੀ ਸਾਧਾਂ ਅਤੇ ਲੀਡਰਾਂ ਦੀ ਆਓ ਭਗਤਿ ਸ਼ੁਹਰਤ ਖੱਟਣ ਲਈ ਰੋੜ ਦਿੱਤਾ ਜਾਂਦਾ ਹੈ। ਜੇ ਗੁਰੂ ਕਿਰਪਾ ਨਾਲ, ਗੁਰੂ ਦੀ ਸਿਖਿਆ ਤੇ ਚੱਲ ਕੇ ਸੰਗਤਾਂ ਆਪ ਗੁਰਬਾਣੀ ਪੜ੍ਹਨ, ਸੁਣਨ, ਵਿਚਾਰਨ ਅਤੇ ਧਾਰਨ ਕਰਨ ਲੱਗ ਪਈਆਂ ਤਾਂ ਅਗਿਆਨਤਾ ਵਿੱਚ ਸ਼ਹੀਦਾਂ ਦੀਆਂ ਮੜ੍ਹੀਆਂ ਜਾਂ ਮੱਟੀਆਂ ਬਣਨੀਆਂ ਵੀ ਬੰਦ ਹੋ ਜਾਣਗੀਆਂ ਅਤੇ ਓਥੇ ਬੇਲੋੜਾ ਲੱਖਾਂ ਮਣ ਘਿਓ ਜਾਂ ਤੇਲ ਜੋਤਾਂ ਜਾਂ ਚਰਾਗਾਂ ਦੇ ਨਾਂ ਤੇ ਫੂਕਿਆ ਜਾਣਾ ਵੀ ਬੰਦ ਹੋ ਜਾਵੇਗਾ ਅਤੇ ਸ਼ਹੀਦਾਂ ਦੇ ਪ੍ਰਵਾਰ ਜਾਂ ਉਨ੍ਹਾਂ ਦੇ ਸੰਗੀ ਸਾਥੀ ਵੀ ਸਾਬਤ ਸੂਰਤ ਗੁਰਮਤਿ ਦੇ ਧਾਰਨੀ ਹੋ ਜਾਣਗੇ।

ਸੋ ਗੁਰਮਤਿ ਦੀ ਐਨਕ ਨਾਲ ਗੁਰਬਾਣੀ, ਮਰਯਾਦਾ ਅਤੇ ਸਿੱਖ ਇਤਿਹਾਸ ਦੇ ਸੰਧਰਬ ਵਿੱਚ ਇਸ ਲੇਖ ਨੂੰ ਵਿਚਾਰ ਕੇ ਕਿਹਾ ਜਾ ਸਕਦਾ ਹੈ ਕਿ ਸ਼ਹੀਦਾਂ ਦੀਆਂ ਮੱਟੀਆਂ ਜਾਂ ਮੜੀਆਂ ਬਣਾ ਕੇ ਓਥੇ ਘਿਓ ਜਾਂ ਤੇਲ ਦੇ ਦੀਵੇ ਬਾਲਣੇ, ਧੂਫਾਂ ਧੁਖਾਉਣੀਆਂ ਅਤੇ ਕਰਮਕਾਂਡੀ ਪਾਠ ਕਰਾਉਣੇ ਮਨਮਤਿ ਹਨ। ਇਸ ਸਬੰਧ ਵਿੱਚ ਗੁਰਬਾਣੀ ਦਾ ਵੀ ਫੁਰਮਾਣ-ਦੁਬਿਧਾ ਨਾ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ॥ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ ॥ ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ ॥(634) ਹੋਰ ਵੀ ਫੁਰਮਾਨ ਹੈ-ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ (747) ਸਿੱਖੀ ਤਾਂ ਗੁਰੂ ਦੀ ਸਿਖਿਆ ਤੇ ਚੱਲਣ ਦਾ ਨਾਮ ਹੈ ਨਾਂ ਕਿ ਡੇਰੇਦਾਰ ਸਾਧਾਂ ਜਾਂ ਆਪੂੰ ਬਣਾਏ ਵੱਡੇ ਵਡੇਰਿਆਂ ਦੇ ਮਨੌਤੀ ਕਰਮਕਾਂਡਾਂ ਤੇ-ਸਿਖੀ ਸਿਖਿਆ ਗੁਰ ਵੀਚਾਰਿ॥(465) ਅਤੇ ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੈ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾਂ ਖਾਵੈ॥(601) ਜੇ ਗੁਰੂ ਦੀ ਰਹਿਮਤ ਅਤੇ ਸਿਖਿਆ ਸਦਕਾ ਰੱਬੀ ਗਿਆਨ ਦਾ ਚਰਾਗ ਰੂਪ ਵੱਡਾ ਦੀਵਾ ਹਿਰਦੇ ਵਿੱਚ ਬਲ ਜਾਏ ਤਾਂ ਅਗਿਆਨਤਾ ਵੱਸ ਮਨਮੱਤਾਂ ਦੇ ਦੀਵੇ ਜਗਣੇ ਬੰਦ ਹੋ ਜਾਂਦੇ ਹਨ-ਦੀਵਾ ਬਲੇ ਅੰਧੇਰਾ ਜਾਇ॥(791)




.