.

ਸਾਹਿਬੁ ਮੇਰਾ ਏਕੋ ਹੈ॥

ਜਦੋਂ ਅਸੀਂ “ਗੁਰੂ ਗਰੰਥ ਸਾਹਿਬ” ਵਿੱਚ ਅੰਕਿਤ ਬਾਣੀ ਦਾ ਪਾਠ/ਅਧਿਐਨ ਕਰਦੇ ਹਾਂ ਤਾਂ ਸਾਨੂੰ ਸੋਝੀ ਪਰਾਪਤ ਹੁੰਦੀ ਹੈ ਕਿ “ਸਾਹਿਬੁ” ਤੋਂ ਭਾਵ ਹੈ: ਸਾਰੀ ਸ੍ਰਿਸ਼ਟੀ ਦਾ ਮਾਲਿਕ, ਜਿਹੜਾ ਆਪ ਹੀ ਸੱਭ ਦਾ ਪਾਲਨਹਾਰ ਅਕਾਲ ਪੁਰਖ ਹੈ। ਪਰ, “ਸਾਹਿਬੁ” ਕਿਸੇ ਪ੍ਰਾਣੀ ਲਈ ਨਹੀਂ ਸੰਬੋਧਤ ਕੀਤਾ ਹੋਇਆ। ਜਦੋਂ ਅਸੀਂ ਕਈ ਪ੍ਰਾਣੀਆਂ ਦੇ ਨਾਂ ਨਾਲ “ਸਿੰਘ ਸਾਹਿਬ, ਭਾਈ ਸਾਹਿਬ, ਪ੍ਰਧਾਨ ਸਾਹਿਬ, ਜਥੇਦਾਰ ਸਾਹਿਬ, ਹੈੱਡ ਗ੍ਰੰਥੀ ਸਾਹਿਬ, ਪ੍ਰੋਫੈਸਰ ਸਾਹਿਬ, ਆਦਿਕ” ਜੁੜਿਆ ਦੇਖਦੇ ਹਾਂ ਤਾਂ ਹੈਰਾਨੀ ਹੁੰਦੀ ਹੈ ਕਿ ਕੀ ਐਸਾ ਪ੍ਰਾਣੀ “ਅਕਾਲ ਪੁਰਖ” ਦੇ ਬਰਾਬਰ ਹੋ ਸਕਦਾ ਹੈ?
ਸਿੱਖ ਇਤਿਹਾਸ ਗਵਾਹੀ ਭਰਦਾ ਹੈ ਕਿ ਜਦੋਂ ਤੱਕ ਸਿੱਖ ਗੁਰਬਾਣੀ ਤੋਂ ਸੇਧ ਲੈਂਦੇ ਰਹੇ, ਉਹ ਬੇਅੰਤ ਔਕੜਾਂ ਦੇ ਬਾਵਜੂਦ ਚੜ੍ਹਦੀ ਕਲਾ ਵਿੱਚ ਵਿਚਰਦੇ ਰਹੇ ਪਰ, ਜਿਵੇਂ ਹੀ ਸਿੱਖਾਂ ਨੇ ਰਾਜੇ-ਮਹਾਰਾਜਿਆਂ ਨੂੰ ਹੀ ਆਪਣਾ ਮਾਲਿਕ ਮੰਨਣਾ ਸ਼ੁਰੂ ਕਰ ਦਿੱਤਾ ਤਾਂ ਨਿਘਾਰ ਹੀ ਨਜ਼ਰ ਆਉਂਦਾ ਹੈ। ਹੁਣ ਸੱਭ ਸਿੱਖਾਂ ਨੂੰ ਜਾਣਕਾਰੀ ਹੈ ਕਿਵੇਂ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਕਮਜ਼ੋਰ ਵਾਰਸਾਂ ਨੇ ਹਿੰਦੂ ਡੋਗਰਿਆਂ ਅਤੇ ਪੂਰਬੀਆਂ ਦੇ ਵਿਸ਼ਵਾਸਘਾਤ ਸਦਕਾ, ਆਪਣਾ ਰਾਜ-ਭਾਗ ਤਬਾਹ ਕਰ ਦਿੱਤਾ! ਇੰਜ, ਅੰਗ੍ਰੇਜ਼ਾਂ ਨੇ ਸਿੱਖ ਰਾਜ ਨੂੰ ੨੯ ਮਾਰਚ ੧੮੪੯ ਤੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਗ਼ੁਲਾਮ ਹੋਂਣ ਕਰਕੇ, ਬਹੁਤ ਸਾਰੇ ਸਿੱਖ ਗੁਰਬਾਣੀ ਤੋਂ ਦੂਰ ਹੁੰਦੇ ਗਏ ਅਤੇ ਅੰਗ੍ਰੇਜ਼ ਹੀ ਉਨ੍ਹਾਂ ਦੇ ਮਾਲਿਕ/ਸਾਹਿਬ ਕਹਾਉਣ ਲਗ ਪਏ! ਇਹੀ ਬਿਰਤੀ ੧੫ ਅਗਸਤ ੧੯੪੭ ਤੋਂ ਬਾਅਦ ਵੀ ਚਾਲੂ ਹੈ, ਜਿਸ ਸਦਕਾ ਜਿਵੇਂ ਹੀ ਕਿਸੇ ਪ੍ਰਾਣੀ ਨੂੰ ਚੰਗੀ ਨੌਕਰੀ ਮਿਲ ਜਾਂਦੀ, ਉਹੀ ਆਪਣੇ ਆਪ ਨੂੰ “ਸਾਹਿਬ” ਕਹਾਉਣ ਵਿੱਚ ਆਪਣਾ ਮਾਣ ਸਮਝਦਾ ਹੈ ਅਤੇ ਆਪਣੇ ਔਹਦੇ ਦੇ ਘਮੰਡ ਵਿੱਚ ਹੀ ਘਿਰਿਆ ਰਹਿੰਦਾ ਹੈ। ਇਹੀ ਹਾਲਤ ਸਿੱਖ ਧਰਮ ਦੇ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦੀ ਬਣੀ ਹੋਈ ਹੈ!
ਆਓ, ਗੁਰੂ ਗਰੰਥ ਸਾਹਿਬ ਵਿਚੋਂ ਕੁੱਝ ਕੁ ਲਈਆਂ ਤੁੱਕਾਂ ਨੂੰ ਫਿਰ ਸੋਚ-ਸਮਝ ਕੇ ਪੜੀਏ ਤਾਂ ਜੋ ਅਸੀਂ ਆਮ ਪ੍ਰਾਣੀ ਨੂੰ “ਸਾਹਿਬੁ” ਕਹਿਣ ਦੀ ਆਦਤ ਤੋਂ ਗ਼ੁਰੇਜ਼ ਕਰੀਏ:
ਪੰਨਾ ੨: ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ॥ ੪॥
ਪੰਨਾ ੫: ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ॥ ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ॥ ੨੧॥ ;
ਵਡਾ ਸਾਹਿਬੁ ਊਚਾ ਥਾਉ॥ ਊਚੇ ਉਪਰਿ ਊਚਾ ਨਾਉ॥ ੨੪॥
ਪੰਨਾ ੬: ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥ ;
… ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ॥ ੨੭॥
ਪੰਨਾ ੯: ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ॥ ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ॥ ੧॥ ਰਹਾਉ॥ ;
… ਸੋ ਕਿਉ ਵਿਸਰੈ ਮੇਰੀ ਮਾਇ॥ ਸਾਚਾ ਸਾਹਿਬੁ ਸਾਚੈ ਨਾਇ॥ ੧॥ ਰਹਾਉ॥
ਪੰਨਾ ੧੨: ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ॥ ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ॥
ਪੰਨਾ ੧੫: ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ॥ ੩॥
ਪੰਨਾ ੧੭: ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ॥ ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ॥ ੧॥
ਪੰਨਾ ੨੦: ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ॥ ਜਿਉ ਜਿਉ ਸਾਹਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ॥
ਪੰਨਾ ੨੩: ਰੰਗਿ ਰਤ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ॥ ੧॥ ਰਹਾਉ॥
ਪੰਨਾ ੨੫: ਤੇਰੇ ਜੀਅ ਜੀਆ ਕਾ ਤੋਹਿ॥ ਕਿਤ ਕਉ ਸਾਹਿਬ ਆਵਹਿ ਰੋਹਿ॥ ਜੇ ਤੂ ਸਾਹਿਬ ਆਵਹਿ ਰੋਹਿ॥ ;
… ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ॥ ੧॥ ;
… ਇਹ ਤੇਲੁ ਦੀਵਾ ਇਉ ਜਲੈ॥ ਕਰਿ ਚਾਨਣੁ ਸਾਹਿਬ ਤਉ ਮਿਲੈ॥ ੧॥ ਰਹਾਉ॥
ਪੰਨਾ ੩੦: ਸਚਾ ਸਾਹਿਬੁ ਸੇਵੀਐ ਸਚੁ ਵਡਿਆਈ ਦੇਇ॥ ਗੁਰ ਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ॥
ਪੰਨਾ ੩੪: ਸਚੈ ਸਬਦਿ ਸਦਾ ਮਨੁ ਰਾਤਾ ਭ੍ਰਮੁ ਗਇਆ ਸਰੀਰਹੁ ਦੂਰਿ॥ ਨਿਰਮਲੁ ਸਾਹਿਬੁ ਪਾਇਆ ਸਾਚਾ ਗੁਣੀ ਗਹੀਰੁ॥
ਪੰਨਾ ੪੯: ਸਾਹਿਬੁ ਮੇਰਾ ਨਿਰਮਲਾ ਤਿਸੁ ਬਿਨੁ ਰਹਣੁ ਨ ਜਾਇ॥
ਪੰਨਾ ੫੯: ਸਾਹਿਬੁ ਅਤੁਲੁ ਨ ਤੋਲੀਐ ਕਥਨਿ ਨ ਪਾਇਆ ਜਾਇ॥
ਪੰਨਾ ੭੦: ਸਾਹਿਬੁ ਨਿਤਾਣਿਆ ਕਾ ਤਾਣੁ॥ ਆਇ ਨ ਜਾਈ ਥਿਰੁ ਸਦਾ ਗੁਰ ਸਬਦੀ ਸਚੁ ਜਾਣੁ॥ ੧॥ ਰਹਾਉ॥
ਪੰਨਾ ੧੫੯: ਆਪੇ ਸਾਹਿਬੁ ਆਪਿ ਵਜੀਰ॥ ਨਾਨਕ ਸੇਵਿ ਸਦਾ ਹਰਿ ਗੁਣੀ ਗਹੀਰ॥ ੪॥ ੬॥ ੨੬॥
ਪੰਨਾ ੨੬੮: ਉਸ ਤੇ ਚਉਗੁਨ ਕਰੈ ਨਿਹਾਲੁ॥ ਨਾਨਕ ਸਾਹਿਬੁ ਸਦਾ ਦਇਆਲੁ॥ ੨॥
ਪੰਨਾ ੩੩੪: ਸਾਹਿਬੁ ਹੋਇ ਦਇਆਲੁ ਕ੍ਰਿਪਾ ਕਰੇ ਅਪੁਨਾ ਕਾਰਜੁ ਸਵਾਰੇ॥ ਤਾ ਸੋਹਾਗਣਿ ਜਾਣੀਐ ਗੁਰ ਸਬਦੁ ਬੀਚਾਰੇ॥
ਪੰਨਾ ੩੫੦: ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ ੧॥ ਰਹਾਉ॥
ਪੰਨਾ ੪੨੦: ਸਾਹਿਬੁ ਰਿਦੈ ਵਸਾਇ ਨ ਪਛੋਤਾਵਹੀ॥ ; … ਸਚਾ ਸਾਹਿਬੁ ਮਨਿ ਵਸੈ ਵਸਿਆ ਮਨਿ ਸੋਈ॥ ;
… ਨਾਨਕ ਸਾਹਿਬੁ ਮਨਿ ਵਸੈ ਸਚੀ ਵਡਿਆਈ॥ ; … ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ॥
ਪੰਨਾ ੪੨੧: ਹਉਮੈ ਗਰਬੁ ਗਵਾਈਐ ਪਾਈਐ ਵੀਚਾਰੁ॥ ਸਾਹਿਬ ਸਿਉ ਮਨੁ ਮਾਨਿਆ ਦੇ ਸਾਚੁ ਅਧਾਰੁ॥ ੨॥
ਪੰਨਾ ੪੨੮: ਸਚਾ ਸਾਹਿਬੁ ਏਕੁ ਹੈ ਮਤੁ ਮਨ ਭਰਮਿ ਭੁਲਾਹਿ॥ ਗੁਰ ਪੂਛਿ ਸੇਵਾ ਕਰਹਿ ਸਚੁ ਨਿਰਮਲੁ ਮੰਨਿ ਵਸਾਹਿ॥
ਪੰਨਾ ੪੭੧: ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ॥
ਪੰਨਾ ੪੭੪: ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨੁ ਵਿਸਾਰੀਐ॥ ; …ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਹਾਲੀਐ॥ ; … ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ॥ ; …ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ॥ ; … ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ॥
ਪੰਨਾ ੬੬੦: ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ॥ ੧॥ ਰਹਾਉ॥
ਪੰਨਾ ੭੨੪: ਮਿਹਰਵਾਨੁ ਸਾਹਿਬੁ ਮਿਹਰਵਾਨੁ॥ ਸਾਹਿਬੁ ਮੇਰਾ ਮਿਹਰਵਾਨੁ॥ ਜੀਅ ਸਗਲ ਕਉ ਦੇਇ ਦਾਨੁ॥ ਰਹਾਉ॥
ਪੰਨਾ ੯੧੭: ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ॥ ; … ਕਹੈ ਨਾਨਕੁ ਸਚੇ ਸਾਹਿਬ ਕਿਆ ਨਾਹੀ ਘਰਿ ਤੇਰੈ॥
ਪੰਨਾ ੯੫੬: ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ॥ ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇਇ॥
ਪੰਨਾ ੧੦੯੦: ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ॥ ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ॥
ਪੰਨਾ ੧੧੭੦: ਸਾਹਿਬ ਭਾਵੈ ਸੇਵਕੁ ਸੇਵਾ ਕਰੈ॥ ਜੀਵਤੁ ਮਰੈ ਸਭਿ ਕੁਲ ਉਧਰੈ॥ ੧॥
ਪੰਨਾ ੧੧੯੫: ਸਾਹਿਬੁ ਸੰਕਟਵੈ ਸੇਵਕੁ ਭਜੈ॥ ਚਿਰੰਕਾਲ ਨ ਜੀਵੈ ਦੋਊ ਕੁਲ ਲਜੈ॥ ੧॥
ਪੰਨਾ ੧੨੩੯: ਚੀਰੀ ਜਾ ਕੀ ਨਾ ਫਿਰੈ ਸਾਹਿਬੁ ਸੋ ਪਰਵਾਣ॥ ; … ਸਾਹਿਬ ਕਾ ਫੁਰਮਾਣੁ ਹੋਇ ਉਠੀ ਕਰਲੈ ਪਾਹਿ॥
ਪੰਨਾ ੧੨੪੩: ਸਾਹਿਬ ਸਬਦੁ ਨ ਊਚਰੈ ਮਾਇਆ ਮੋਹ ਪਸਾਰੀ॥ ਅੰਤਰਿ ਲਾਲਚੁ ਭਰਮੁ ਹੈ ਭਰਮੈ ਗਾਵਾਰੀ॥
ਪੰਨਾ ੧੨੫੭: ਕਬਹੂੰ ਸਾਹਿਬੁ ਦੇਖਿਆ ਭੈਣ॥ ; … ਸਾਹਿਬ ਸੰਮ੍ਰਿਥ ਤੇਰੈ ਤਾਣਿ॥ ; … ਥਾਨ ਥਨੰਤਰ ਸਾਹਿਬੁ ਬੀਰ॥
ਪੰਨਾ ੧੪੨੦: ਸਾਹਿਬੁ ਸਦਾ ਹਦੂਰਿ ਹੈ ਕਿਆ ਉਚੀ ਕਰਹਿ ਪੁਕਾਰ॥
ਗੁਰੂ ਗਰੰਥ ਸਾਹਿਬ ਵਿੱਚ ਹੋਰ ਵੀ ਬੇਅੰਤ ਸ਼ਬਦ ਹਨ ਜਿਹੜੇ ਸਾਨੂੰ ਇਹੀ ਓਪਦੇਸ਼ ਕਰਦੇ ਹਨ ਕਿ “ਸਾਹਿਬ” ਮਾਲਿਕ ਸਿਰਫ ਇੱਕ ਅਕਾਲ ਪੁਰਖ ਆਪ ਹੀ ਹੈ। ਇਸ ਲਈ, ਕਿਸੇ ਹੋਰ ਉੱਚ-ਪਦਵੀ ਵਾਲੇ ਜਾਂ ਫੋਕੇ ਚੌਧਰੀ ਨੂੰ “ਸਾਹਿਬ” ਕਹਿਣਾ ਠੀਕ ਨਹੀਂ। ਕਿੰਨਾ ਚੰਗਾ ਹੋਵੇ ਜੇ ਸਾਰੇ ਸਿੱਖ, “ਗੁਰੂ ਗਰੰਥ ਸਾਹਿਬ” ਦਾ ਆਪ ਪਾਠ ਕਰਨ ਤਾਂ ਜੋ ਸਾਡੀ ਕਹਿਣੀ ਅਤੇ ਕਰਨੀ ਭੀ ਗੁਰਬਾਣੀ ਅਨੁਸਾਰ ਹੋ ਜਾਏ।
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੧੫ ਸਤੰਬਰ ੨੦੧੩




.