(ਸੰਪਾਦਕੀ ਨੋਟ:- ਸ: ਹਾਕਮ ਸਿੰਘ ਜੀ ਨੇ ਇਸ ਲੇਖ
ਵਿੱਚ ‘ਸਿੱਖ ਦੀ ਪਛਾਣ’ ਬਾਰੇ ਆਪਣੇ ਵਿਚਾਰ, ਸਿੱਖ ਰਹਿਤ ਮਰਯਾਦਾ ਅਤੇ ਗੁਰਬਾਣੀ ਵਿਚਲੇ ਉਪਦੇਸ਼ਾਂ
ਦੇ ਅਧਾਰ ਤੇ ਦਿੱਤੇ ਹਨ। ਇਹ ਨੁਕਤਾ ਵਿਦਵਾਨਾ ਦੇ ਮਿਲ ਕੇ ਸਪਸ਼ਟ ਕਰਨ ਵਾਲਾ ਹੈ। ਇਸ ਬਾਰੇ
ਸਮੇਂ-ਸਮੇਂ ਸਿੱਖਾਂ ਅਤੇ ਗੈਰ-ਸਿੱਖਾਂ ਵਲੋਂ ਸਵਾਲ ਉਠਦੇ ਰਹਿੰਦੇ ਹਨ। ਜਿਨ੍ਹਾਂ ਵਿਚੋਂ ਕੁੱਝ ਕੁ
ਇਹ ਹਨ:
ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਸਿੱਖਾਂ ਦੀ ਅਬਾਦੀ, ਸਿਕਲੀਗਰ, ਵਣਜਾਰੇ ਅਤੇ ਕਈ ਹੋਰਨਾ ਨੂੰ
ਛੱਡ ਕੇ, ਕੋਈ 2 ਕਰੋੜ ਦੇ ਲੱਗ-ਭੱਗ ਹੈ। ਹੁਣ ਜੇ ਕਰ ਖੰਡੇ ਦੀ ਪਹੁਣ ਵਾਲੇ ਅਤੇ ਪੂਰੀ ਰਹਿਤ ਰੱਖ
ਕੇ ਗੁਰਬਾਣੀ ਅਨੁਸਾਰ ਜੀਵਨ ਜੀਣ ਵਾਲੇ ਹੀ ਸਿੱਖ ਗਿਣੇ ਜਾਣ ਤਾਂ ਸ਼ਾਇਦ ਕੁੱਝ ਕੁ ਹਜ਼ਾਰ ਹੀ ਰਹਿ
ਜਾਣਗੇ। ਦੁਨੀਆਂ ਵਿੱਚ ਜੇ ਕਰ ਕੋਈ ਚੰਗਾ ਕੰਮ ਕਰੇ ਜਾਂ ਜਿਸ ਦਾ ਨਾਮ ਮਸ਼ਹੂਰ ਹੋ ਜਾਵੇ ਤਾਂ ਉਸ
ਨੂੰ ਮੱਲੋ-ਮੱਲੀ ਸਿੱਖੀ ਪਿਛੋਕੜ ਨਾਲ ਜੋੜ ਕੇ ਸਿੱਖ ਬਣਾਇਆ ਜਾਂਦਾ ਹੈ ਭਾਂਵੇਂ ਕਿ ਉਹ ਸਿੱਖ ਧਰਮ
ਨੂੰ ਨਾ ਵੀ ਮੰਨਦਾ ਹੋਵੇ ਅਤੇ ਜਾਂ ਫਿਰ ਉਸ ਨੇ ਕੋਈ ਹੋਰ ਧਰਮ ਅਪਣਾ ਲਿਆ ਹੋਵੇ। ਜੇ ਕਰ ਕੋਈ ਖੰਡੇ
ਦੀ ਪਹੁਲ ਲੈ ਕੇ ਕੋਈ ਕੁਰਹਿਤ ਕਰ ਲਵੇ ਤਾਂ ਉਹ ਪਤਿਤ ਹੋ ਜਾਂਦਾ ਗਿਣਿਆਂ ਜਾਂਦਾ ਹੈ ਪਰ ਜਿਹੜਾ
ਕੋਈ ਰਹਿਤ-ਬਹਿਤ ਤੋਂ ਬਿਨਾਂ ਰੋਜ ਹੀ ਇੱਕ ਤੋਂ ਵੱਧ ਕੁਰਹਿਤਾਂ ਕਰਦਾ ਹੋਵੇ ਤਾਂ ਕੀ ਉਹ ਫਿਰ ਵੀ
ਸਿੱਖ ਹੀ ਰਹੇਗਾ? ਫਿਰ ਤਾਂ ਖੰਡੇ ਦੀ ਪਹੁਣ ਲੈਣੀ ਅਤੇ ਰਹਿਤ ਰੱਖਣੀ ਕੋਈ ਵੱਡਾ ਗੁਨਾਹ ਹੋਇਆ।
ਅੱਜ ਤੋਂ ਕੋਈ 15 ਕੁ ਸਾਲ ਪਹਿਲਾਂ, ਸੰਨ ਤਾਂ ਹੁਣ ਯਾਦ ਨਹੀਂ ਪਰ ਉਸ ਵੇਲੇ ਇੱਥੇ ਬੀ. ਸੀ. ਵਿੱਚ
ਐਂਡੀ ਪੀ ਦੀ ਸਰਕਾਰ ਸੀ। ਸਾਬਕਾ ਫੌਜੀਆਂ ਦੇ ਬੈਠਣ ਦੀ ਇੱਕ ਥਾਂ ਜਿਸ ਨੂੰ ਲੀਜ਼ਨ ਕਿਹਾ ਜਾਂਦਾ ਹੈ,
ਕਈ ਸ਼ਹਿਰਾਂ ਵਿਚ, ਉਸ ਵਿੱਚ ਪੱਗ ਬੰਨ ਕੇ ਆਉਣ ਤੇ ਪਬੰਦੀ ਲਾਈ ਹੋਈ ਸੀ। ਉਸ ਵੇਲੇ ਇੱਥੋਂ ਦੇ
ਮੀਡੀਏ ਵਿੱਚ ਪੱਗ ਬੰਨਣ ਬਾਰੇ ਖੂਬ ਚਰਚਾ ਹੋਈ ਸੀ। ਆਮ ਗੋਰੇ ਇਹ ਹੀ ਸਵਾਲ ਕਰਦੇ ਸਨ ਕਿ ਜੇ ਕਰ
ਸਿੱਖ ਧਰਮ ਵਿੱਚ ਪੱਗ ਬੰਨਣੀ ਲਾਜ਼ਮੀ ਹੈ ਤਾਂ ਸਾਰੇ ਸਿੱਖ ਕੇਸ ਰੱਖ ਕੇ ਪੱਗ ਕਿਉਂ ਨਹੀਂ ਬੰਨਦੇ?
ਜਿਹੜੇ ਨਹੀਂ ਬੰਨਦੇ ਕੀ ਉਹ ਸਿੱਖ ਨਹੀਂ ਹਨ? ਜੇ ਕਰ ਉਹ ਵੀ ਸਿੱਖ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ
ਇਹ ਕੋਈ ਲਾਜ਼ਮੀ ਨਹੀ ਹੈ। ਯੂਰਪ ਦੇ ਕਈ ਦੇਸ਼ਾਂ ਖਾਸ ਕਰਕੇ ਫਰਾਂਸ ਵਿੱਚ ਸਰਕਾਰੀ ਅਦਾਰਿਆਂ ਵਿੱਚ
ਪਬੰਦੀ ਲੱਗੀ ਹੋਈ ਹੈ ਅਤੇ ਹੁਣ ਕਿਊਬਕ ਵਿੱਚ ਵੀ ਲੱਗਣ ਜਾ ਰਹੀ ਹੈ।
ਕੀ ਸਿੱਖਾਂ ਵਿੱਚ ਵੀ ਕੋਈ ਦਰਜ਼ੇਬੰਦੀ ਹੈ? ਜਿਵੇਂ ਕਿ ਖੰਡੇ ਦੀ ਪਹੁਲ ਵਾਲਾ ਉਚਾ, ਕੇਸ ਰੱਖ ਕੇ
ਪੱਗ ਬੰਨਣ ਵਾਲਾ ਉਸ ਤੋਂ ਕੁੱਝ ਹੇਠਾਂ ਅਤੇ ਸਿਰ ਮੂੰਹ ਮੁੰਨਣ ਵਾਲਾ ਉਸ ਤੋਂ ਵੀ ਹੇਠਾਂ। ਜੇ ਕਰ
ਕਿਰਦਾਰ ਪੱਖੋਂ ਘੋਨ-ਮੋਨ ਉਚਾ ਹੋਵੇ ਅਤੇ ਕੇਸਾਧਾਰੀ ਵਿਭਚਾਰੀ, ਚੋਰ ਡਾਕੂ, ਲੁਟੇਰਾ, ਡਰੱਗ ਸਮਗਲਰ, ਵੱਢੀਖੋਰ, ਬੇਈਮਾਨ ਅਤੇ ਹੋਰ
ਐਬਾਂ ਵਾਲਾਂ ਹੋਵੇ ਫਿਰ ਕਿਸ ਦਾ ਦਰਜ਼ਾ ਉਚਾ? ਇਹ ਅਤੇ ਇਸ ਤਰਾਂ ਦੇ ਹੋਰ ਅਨੇਕਾਂ ਹੀ ਸਵਾਲ ਆਮ
ਲੋਕਾਂ ਵਲੋਂ ਅਤੇ ਮੀਡੀਏ ਵਲੋਂ ਉਠਦੇ ਰਹਿੰਦੇ ਹਨ ਪਰ ਇਸ ਦਾ ਤਸੱਲੀ ਬਖ਼ਸ਼ ਜਬਾਬ ਲੱਭਣ ਲਈ ਵੀ ਕੋਈ
ਤਿਆਰ ਨਹੀਂ ਹੈ)
ਸਿੱਖ ਦੀ ਪਛਾਣ
ਹਾਕਮ ਸਿੰਘ
ਸਿੱਖ ਵਿਦਵਾਨ, ਸਿੱਖ ਧਰਮ ਨੂੰ
ਵਿਸ਼ਵ ਦਾ ਪੰਜਵਾਂ ਵੱਡਾ ਧਰਮ ਗਿਣਦੇ ਹਨ। ਇਸ ਧਰਮ ਦੇ ਅਨੁਯਾਈਆਂ ਦੀ ਪਛਾਣ ਬਾਰੇ ਵਿਦਵਾਨਾਂ ਵੱਲੋਂ
ਭਿੰਨ-ਭਿੰਨ ਵਿਚਾਰ ਪਰਗਟ ਕੀਤੇ ਜਾਂਦੇ ਹਨ। ਸਿੱਖ ਦੀ ਪਛਾਣ ਦਾ ਇਹ ਸਿਲਸਿਲਾ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਵੱਲੋਂ ਪਰਕਾਸ਼ਤ ਸਿੱਖ ਰਹਿਤ ਮਰਯਾਦਾ ਨੇ ਅਰੰਭ ਕੀਤਾ ਹੈ। ਰਹਿਤ ਮਰਯਾਦਾ ਦਾ
ਮਨੋਰਥ ਤਾਂ ਸਿੱਖ ਸ਼ਰਧਾਲੂਆਂ ਲਈ ਰਹਿਤ ਦੇ ਨਿਯਮ ਨਿਰਧਾਰਤ ਕਰਨਾ ਸੀ। ਉਸ ਵਿਚ ਸਿੱਖ ਨੂੰ
ਪਰਿਭਾਸ਼ਿਤ ਕਰਨ ਦੀ ਲੋੜ ਨਹੀਂ ਸੀ। ਪਰ ਰਹਿਤ ਮਰਯਾਦਾ ਨੇ ਸਿੱਖ ਨੂੰ ਪਰਿਭਾਸ਼ਿਤ ਕਰਕੇ ਸਿੱਖ ਦੀ
ਪਛਾਣ ਨੂੰ ਵਿਵਾਦ ਦਾ ਵਿਸ਼ਾ ਬਣਾ ਦਿੱਤਾ। ਰਹਿਤ ਮਰਯਾਦਾ ਦੇ ਪਰਕਾਸ਼ਨ ਤੋਂ ਪਹਿਲੋਂ ਸਿੱਖ ਦੀ ਪਛਾਣ
ਬਾਰੇ ਸਿੱਖ ਜਗਤ ਵਿਚ ਕੋਈ ਸ਼ੰਕਾ ਨਹੀਂ ਸੀ। ਰਹਿਤ ਮਰਯਾਦਾ ਵਿਚ 'ਸਿੱਖ ਦੀ ਤਾਰੀਫ਼' ਨੇ ਸਿੱਖ ਦੀ
ਪਛਾਣ ਨੂੰ ਕਾਫੀ ਉਲਝਾ ਦਿੱਤਾ ਹੈ। ਕਈ ਸਿੱਖ ਵਿਦਵਾਨ ਸਿੱਖੀ ਵਿਚੋਂ ਸਿੱਖ ਲੱਭਣ ਵਿਚ ਰੁਝੇ ਹੋਏ
ਹਨ ਅਤੇ ਭਾਰਤ ਦੇ ਕੋਰਟ ਇਸ ਗੁੱਥੀ ਨੂੰ ਸੁਲਝਾਉਣ ਦਾ ਜਤਨ ਕਰ ਰਹੇ ਹਨ।
ਸਿੱਖ ਰਹਿਤ ਮਰਯਾਦਾ ਦੀ 'ਸਿੱਖ ਦੀ ਤਾਰੀਫ਼' (ਪਰਿਭਾਸ਼ਾ) ਵਿਚ ਲਿਖਿਆ ਹੈ, "ਜੋ ਇਸਤਰੀ ਜਾਂ
ਪੁਰਸ਼ ਇਕ, ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ
ਗੋਬਿੰਦ ਸਿੰਘ ਸਾਹਿਬ ਤਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ
ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚਾ ਰੱਖਦਾ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ
ਉਹ ਸਿੱਖ ਹੈ।" (ਪੰਨਾ ੮)। ਸਿੱਖ ਦੀ ਇਸ ਪਰਿਭਾਸ਼ਾ ਵਿਚ ਦੋ ਐਸੇ ਕਥਨ ਹਨ ਜੋ ਸਿੱਖ ਧਰਮ ਦੀ
ਬੁਨਿਆਦ ਮੰਨੀ ਜਾਂਦੀ ਗੁਰਬਾਣੀ ਬਾਰੇ ਹੀ ਅਨਸ਼ਚਿਤਤਾਂ ਪੈਦਾ ਕਰ ਦਿੰਦੇ ਹਨ। ਪਹਿਲਾ, "ਸ੍ਰੀ ਗੁਰੂ
ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ" ਦਾ ਇਹ ਭਾਵ ਹੈ ਕਿ ਗੁਰੂ ਨਾਨਕ ਸਾਹਿਬ ਅਤੇ
ਦੂਜੇ ਪੰਜ ਗੁਰੂ ਸਾਹਿਬਾਨ ਦੀਆਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਵੀ ਰਚਨਾਵਾਂ ਹਨ ਜਿਨ੍ਹਾਂ ਨੂੰ
ਰਹਿਤ ਮਰਯਾਦਾ ਗੁਰਬਾਣੀ ਮੰਨਦੀ ਹੈ। ਗੁਰਮਤਿ ਵਿਰੋਧੀ ਬਹੁਤ ਸਾਰੀਆਂ ਕਲਪਿਤ ਕੱਚੀਆਂ ਰਚਨਾਵਾਂ ਨੂੰ
ਗੁਰੂ ਕਿਰਤਾਂ ਘੋਸ਼ਿਤ ਕਰਦੇ ਹਨ। ਰਹਿਤ ਮਰਯਾਦਾ ਅਨੁਸਾਰ ਉਹ ਸਾਰੀਆਂ ਕੱਚੀਆਂ ਰਚਨਾਵਾਂ ਗੁਰਬਾਣੀ
ਹਨ। ਇਸੇ ਤਰ੍ਹਾਂ ਰਹਿਤ ਮਰਯਾਦਾ ਅਨੁਸਾਰ ਗੁਰਮਤਿ ਵਿਰੋਧੀਆਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ
ਨਾਂ ਨਾਲ ਜੋੜੀਆਂ ਜਾ ਰਹਿਈਆਂ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਵੀ ਗੁਰਬਾਣੀ ਹਨ। ਦੂਜਾ, "ਸ੍ਰੀ
ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ" ਦਾ ਕਥਨ ਵੀ ਭੁਲੇਖਾ ਅਤੇ
ਦੁਬਿਧਾ ਪੈਦਾ ਕਰਦਾ ਹੈ। ਰਹਿਤ ਮਰਯਾਦਾ ਕਹਿ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ
ਇਲਾਵਾ ਵੀ ਦਸ ਗੁਰੂ ਸਾਹਿਬਾਨ ਦੀ ਸਿੱਖਿਆ ਦੇ ਸੋਮੇ ਹਨ, ਅਤੇ ਕਿਉਂਕਿ ਰਹਿਤ ਮਰਯਾਦਾ ਵਿਚ ਉਹਨਾਂ
ਸੋਮਿਆਂ ਦਾ ਵੇਰਵਾ ਨਹੀਂ ਦਿੱਤਾ ਗਿਆ ਹੈ ਸ਼ਰਧਾਲੂ ਕਿਸੇ ਵੀ 'ਗੁਰੂ ਸਾਹਿਬਾਨ ਦੀ ਸਿੱਖਿਆ' ਜਾਂ
ਮਿਲਦੇ ਜੁਲਦੇ ਸਿਰਲੇਖਾਂ ਹੇਠ ਪਰਕਾਸ਼ਤ ਕਲਪਿਤ ਪੁਸਤਕਾਂ ਨੂੰ ਦਸ ਗੁਰੂ ਸਾਹਿਬਾਨ ਦੀ ਸਿੱਖਿਆ ਮੰਨ
ਸਕਦੇ ਹਨ। ਇਸ ਤੋਂ ਇਲਾਵਾ ਰਹਿਤ ਮਰਯਾਦਾ ਵਿਚ "ਦਸ਼ਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚਾ" ਸਿੱਖੀ ਦਾ
ਇਕ ਜ਼ਰੂਰੀ ਅੰਗ ਦੱਸਿਆ ਗਿਆ ਹੈ। ਇਸ ਦਾ ਅਰਥ ਹੈ ਕਿ ਜਿਸ ਦਾ "ਦਸ਼ਮੇਸ਼ ਜੀ ਦੇ ਅੰਮ੍ਰਿਤ ਉਤੇ
ਨਿਸ਼ਚਾ" ਨਹੀਂ, ਉਹ ਸਿੱਖ ਨਹੀਂ ਹੈ। ਜਾਂ ਇਉਂ ਕਹੋ ਕਿ ਜਿਸ ਵਿਅਕਤੀ ਨੇ ਅੰਮ੍ਰਿਤ ਪਾਨ ਨਹੀਂ ਕੀਤਾ
ਹੈ ਉਹ ਸਿੱਖ ਨਹੀਂ ਹੈ। ਸਿੱਖ ਦੀ ਇਸ ਪਰਿਭਾਸ਼ਾ ਵਿਚ ਬਹੁਤ ਬੇਲੋੜੀਆਂ ਉਲਝਣਾਂ ਹਨ। ਸਿੱਖ ਦੀ ਪਛਾਣ
ਦਾ ਮਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪਰਕਿਰਿਆ ਨੇ ਹੋਰ ਉਲਝਾ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਵੋਟ ਪਾਉਣ ਲਈ ਸਿੱਖ ਨੂੰ ਅੰਮ੍ਰਿਤਧਾਰੀ ਹੋਣ ਦੀ ਲੋੜ ਨਹੀਂ ਹੈ
ਪਰ ਕਮੇਟੀ ਦਾ ਮੈਂਬਰ ਬਨਣ ਲਈ ਹੈ। ਹਰ ਚੋਣ ਪਰਣਾਲੀ ਵਿਚ ਵੋਟ ਪਾਉਣ ਵਾਲੇ ਨੂੰ ਚੋਣ ਲੜਨ ਦਾ
ਅਧਿਕਾਰ ਹੁੰਦਾ ਹੈ, ਵੋਟਰ ਅਤੇ ਉਮੀਦਵਾਰ ਵਿਚ ਵਿਤਕਰਾ ਨਹੀਂ ਕੀਤਾ ਜਾਂਦਾ। ਕਿਸੇ ਵੀ ਸੰਸਥਾ ਦੇ
ਸਾਰੇ ਮੈਂਬਰਾਂ ਦੇ ਅਧਿਕਾਰ ਬਰਾਬਰ ਹੁੰਦੇ ਹਨ। ਗੁਰਦੁਆਰਾ ਐਕਟ ਵਿਚ ਵੋਟਰ ਅਤੇ ਚੋਣ ਉਮੀਦਵਾਰ ਵਿਚ
ਵਿਤਕਰਾ ਕੀਤਾ ਗਿਆ ਹੈ ਜੋ ਭਾਰਤੀ ਸੰਵਿਧਾਨ ਦੇ ਮੂਲ ਅਧਿਕਾਰਾਂ ਦੇ ਸੰਦਰਭ ਵਿਚ ਉਚਿਤ ਨਹੀਂ
ਜਾਪਦਾ।
ਸਿੱਖ ਦੀ ਪਛਾਣ ਕਰਨ ਲਈ ਸਿੱਖ ਜਗਤ ਵਿਚ ਇਹ ਰੀਤ ਪਰਚਲਤ ਹੈ ਕਿ ਜੋ ਵਿਅਕਤੀ ਸਿੱਖ ਪਰਵਾਰ ਵਿਚ
ਜਨਮਿਆ ਹੈ ਉਹ ਸਿੱਖ ਹੈ ਜਦੋਂ ਤਕ ਉਹ ਆਪਣੀ ਮਰਜ਼ੀ ਨਾਲ ਆਪਣਾ ਧਰਮ ਨਹੀਂ ਬਦਲਦਾ। ਸਿੱਖ ਪਰਵਾਰਾਂ
ਦੇ ਜੰਮਪਲ ਕੇਸ ਰਹਿਤ ਵਿਅਕਤੀ ਵੀ ਸਿੱਖ ਮੰਨੇ ਜਾਂਦੇ ਹਨ। ਉਹਨਾਂ ਨੂੰ ਨਾਸਤਕ, ਨਿਗੁਰੇ, ਧਰਮ ਹੀਣ
ਜਾਂ ਹਿੰਦੂ ਨਹੀਂ ਆਖਿਆ ਜਾਂਦਾ। ਜੋ ਵਿਅਕਤੀ ਕਹਿੰਦਾ ਹੈ ਕਿ ਮੈਂ ਸਿੱਖ ਹਾਂ ਉਸ ਨੂੰ ਵੀ ਸਿੱਖ
ਮੰਨੇ ਜਾਣ ਦਾ ਦਸਤੂਰ ਹੈ। ਨਿਰੰਕਾਰੀ, ਰਾਧਾ ਸੁਆਮੀ, ਨਾਮਧਾਰੀ, ਦਮਦਮੀ ਟਕਸਾਲ ਦੇ ਉਪਾਸ਼ਕ, ਅਖੰਡ
ਕੀਰਤਨੀਏ, ਨਿਹੰਗ, ਉਦਾਸੀ, ਨਿਰਮਲੇ, ਅਨੇਕਾਂ ਸੰਤਾਂ ਦੇ ਸ਼ਰਧਾਲੂ ਅਤੇ ਹੋਰ ਬਹੁਤ ਸਾਰੀਆਂ
ਸੰਪਰਦਾਵਾਂ ਦੇ ਬਹੁਤੇ ਉਪਾਸ਼ਕ ਆਪਣੇ ਆਪ ਨੂੰ ਸਿੱਖ ਕਹਿੰਦੇ ਹਨ। ਮਰਦਮ ਸ਼ੁਮਾਰੀ ਵਿਚ ਉਹਨਾਂ ਨੂੰ
ਸਿੱਖ ਗਿਣਿਆ ਜਾਂਦਾ ਹੈ।
ਰਹਿਤ ਮਰਯਾਦਾ ਕੁਝ ਵਿਸ਼ੇਸ਼ ਨਿਸਚਿਆਂ ਨੂੰ ਸਿੱਖੀ ਦਾ ਆਧਾਰ ਮੰਨਦੀ ਹੈ ਪਰ ਗੁਰਬਾਣੀ ਵਿਚ ਸਿੱਖੀ ਦਾ
ਆਧਾਰ ਨਿਸਚੇ ਨਹੀਂ ਜੀਵਨ ਜੁਗਤ ਨੂੰ ਮੰਨਿਆ ਗਿਆ ਹੈ। "ਆਪੁ ਛੋਡ", "ਗੁਰ ਵੀਚਾਰਿ" ਅਤੇ "ਗੁਰ ਕੇ
ਭਾਣੇ ਵਿਚਿ ਆਵੈ" ਗੁਰਮਤਿ ਅਨੁਸਾਰੀ ਜੀਵਨ ਜੁਗਤ ਦੇ ਅੰਗ ਹਨ। ਗੁਰਬਾਣੀ ਦੇ ਫੁਰਮਾਨ ਹਨ:
"ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲੰਘਾਏ ਪਾਰਿ॥" (ਪੰ: ੪੬੫);
"ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ
ਚੋਟਾ ਖਾਵੈ॥" (ਪੰ: ੬੦੧); "ਉਪਦੇਸਿ ਜਿ ਦਿਤਾ ਸਤਿਗੁਰ ਸੋ ਸੁਣਿਆ ਸਿਖੀ ਕੰਨੇ॥ ਜਿਨ ਸਤਗੁਰੁ ਕਾ
ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ॥ ਇਹ ਚਾਲ ਨਿਰਾਲੀ ਗੁਰਮੁਖੀ ਗੁਰੁ ਦੀਖਿਆ ਸੁਣਿ ਮੰਨੁ
ਭਿੰਨੇ॥" (ਪੰ: ੩੧੪); "ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ॥ ਹੋਵੈ ਤ ਸਨਮੁਖੁ ਸਿਖੁ ਕੋਈ
ਜੀਅਹੁ ਰਹੈ ਗੁਰ ਨਾਲੇ॥ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੈ॥ ਆਪੁ ਛਡਿ ਸਦਾ ਰਹੈ ਪਰਣੈ
ਗੁਰ ਬਿਨ ਅਵਰ ਨ ਜਾਣੈ ਕੋਇ॥ ਕਹੈ ਨਾਨਕੁ ਸੁਨਹੁ ਸੰਤਹੁ ਸੋ ਸਿਖ ਸਨਮੁਖੁ ਹੋਇ॥" (ਪੰ: ੯੧੯); ਅਤੇ
"ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥ ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ
ਸੁਭਾਏ॥" (ਪੰ: ੪੪੪)। ਸਿੱਖੀ ਜੀਵਨ ਬਾਰੇ ਰਹਿਤ ਮਰਯਾਦਾ ਅਤੇ ਗੁਰਬਾਣੀ ਉਪਦੇਸ਼ ਵਿਚ ਬਹੁਤ
ਅੰਤਰ ਹੈ। ਰਹਿਤ ਮਰਯਾਦਾ ਨੇ ਸਿੱਖੀ ਜੀਵਨ ਵਿਚ ਗੁਰਬਾਣੀ ਉਪਦੇਸ਼ ਨੂੰ ਅੱਖੋਂ ਪਰੋਖੇ ਕਰ ਦਿੱਤਾ
ਹੈ। ਸਿੱਖ ਨੂੰ ਗੁਰਬਾਣੀ ਨਾਲ ਜੋੜਨ ਦੀ ਥਾਂ ਉਸ ਨੂੰ ਗੁਰਬਾਣੀ ਤੇ ਨਿਸ਼ਚਾ ਕਰਕੇ ਇਕ ਰਸਮੀ ਸ਼ਰਧਾ
ਪੂਰੀ ਕਰਨ ਲਈ ਆਖ ਦਿੱਤਾ ਹੈ। ਸ਼ਰਧਾ ਜਾਂ ਨਿਸ਼ਚਾ ਗੁਰਬਾਣੀ ਗਿਆਨ ਨਹੀਂ ਹੈ। ਇਹ ਤੇ ਗੁਰਬਾਣੀ ਗਿਆਨ
ਪਰਾਪਤੀ ਦਾ ਪਹਿਲਾ ਪਰ ਗੰਭੀਰ ਪੜਾ ਹੈ ਕਿਉਂਕਿ ਸ਼ਰਧਾ ਅਕਸਰ ਸ਼ਰਧਾਲੂ ਦੀ ਬੁੱਧੀ ਅਤੇ ਧਾਰਮਕ ਸੋਚ
ਦੇ ਦਰਵਾਜ਼ੇ ਬੰਦ ਕਰ ਦਿੰਦੀ ਹੈ। ਸਿੱਖ ਨੂੰ ਨਿਰੀ ਸ਼ਰਧਾ ਹੀ ਨਹੀਂ ਗੁਰਮਤਿ ਦੀ ਸੂਝ ਲੋੜੀਂਦੀ ਹੈ।
ਕਈ ਸ਼ਰਧਾਲੂ ਸ਼ਰਧਾ ਨੂੰ ਹੀ ਗੁਰਮਤਿ ਗਿਆਨ ਸਮਝਣ ਦੀ ਭੁਲ ਕਰ ਬੈਠਦੇ ਹਨ। ਦਰ ਅਸਲ ਜੋ ਲੋਕ ਗੁਰੂ
ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣਾ ਇਸ਼ਟ, ਆਪਣਾ ਗੁਰੂ ਮੰਨ, ਉਸ ਦੀ ਸਿੱਖਿਆ ਗ੍ਰਹਿਣ ਕਰਕੇ ਆਪਣੇ
ਮਨ ਨੂੰ ਵਿਸ਼ੇ ਵਿਕਾਰਾਂ ਤੋਂ ਦੂਰ ਰੱਖਣ ਦਾ ਪਰਿਆਸ ਕਰਦੇ ਹਨ ਦਰ ਅਸਲ ਉਹੋ ਗੁਰਬਾਣੀ ਦੇ ਸਿਖਿਆਰਥੀ
ਸਿੱਖ ਹਨ।
ਰਹਿਤ ਮਰਯਾਦਾ ਅਨੁਸਾਰ "ਦਸ਼ਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚਾ" ਰੱਖਣ ਵਾਲੇ ਹੀ ਸਿੱਖ ਹਨ। ਦਸ਼ਮੇਸ਼
ਜੀ ਦਾ ਅੰਮ੍ਰਿਤ, ਜੋ ਵਿਅਕਤੀ ਨੂੰ ਸਿੱਖੀ ਦੀ ਦਾਤ ਦੀ ਬਖ਼ਸ਼ਿਸ਼ ਕਰਦਾ ਹੈ, ਉਸ ਦੀ ਵਿਸ਼ੇਸ਼ਤਾ ਦਾ
ਵਰਨਣ ਸਿੱਖ ਰਹਿਤ ਮਰਯਾਦਾ ਦੇ ਪੰਨਾ ੨੪-੨੭ ਤੇ ਦਿੱਤੇ ਅੰਮ੍ਰਿਤ ਸੰਸਕਾਰ ਦੇ ਕਾਂਡ ਵਿਚ ਕੀਤਾ ਗਿਆ
ਹੈ। ਇਸ ਕਾਂਡ ਦੇ (ੳਪ ਤੋਂ (ਞ) ਭਾਗਾਂ ਵਿਚ ਅੰਮ੍ਰਿਤ ਛਕਾਉਣ ਦੀ ਵਿਧੀ ਬਿਆਨ ਕੀਤੀ ਗਈ ਹੈ। ਇਸ
ਦੇ (ਟ) ਭਾਗ ਵਿਚ ਅੰਮ੍ਰਿਤ ਦੇ ਗੁਣਾਂ ਦਾ ਵਰਨਣ ਹੈ। ਅੰਮ੍ਰਿਤ ਛਕਾਉਣ ਦੀ ਵਿਧੀ ਵਿਚ ਪਾਣੀ ਵਿਚ
ਪਤਾਸੇ ਪਾ ਕੇ ਖੰਡਾ ਫੇਰਨ ਅਤੇ ਪੰਜ ਬਾਣੀਆਂ ਦੇ ਪਾਠ ਕਰਨ ਦਾ ਵੇਰਵਾ ਦਿੱਤਾ ਗਿਆ ਹੈ। ਗੁਰਬਾਣੀ
ਵਿਚ ਅੰਮ੍ਰਿਤ ਦਾ ਵਰਨਣ ਰਹਿਤ ਮਰਯਾਦਾ ਦੇ ਵਰਨਣ ਨਾਲੋਂ ਭਿੰਨ ਹੈ। ਗੁਰਬਾਣੀ ਵਿਚ ਅੰਮ੍ਰਿਤ ਪੀਣ
ਦਾ ਵਰਨਣ ਇਸ ਪਰਕਾਰ ਕੀਤਾ ਗਿਆ ਹੈ: "ਹਰਿ ਅੰਮ੍ਰਿਤੁ ਪੀਵਹਿ ਸਦਾ ਰੰਗਿ
ਰਾਤੇ ਹਉਮੈ ਤ੍ਰਿਸਨਾ ਮਾਰਿ॥ ਅੰਮ੍ਰਿਤੁ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰ॥" (ਪੰ: ੧੨੮੧);
"ਗੁਰ ਕੈ ਭਾਣੇ ਵਿਚਿ ਅੰਮ੍ਰਿਤੁ ਹੈ ਸਹਿਜੈ ਪਾਵੈ ਕੋਇ॥ ਜਿਨਾ ਪਰਾਪਤਿ ਤਿਨ ਪੀਆ ਹਉਮੈ ਵਿਚਹੁ
ਖੋਇ॥" (ਪੰ: ੩੧); "ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ॥ ਤਿਨਾ ਦਰੀਆਵਾ ਸਿਉ ਦੋਸਤੀ ਮਨਿ
ਮੁਖਿ ਸਚਾ ਨਾਉ॥ ਉਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ॥ ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ॥"
(ਪੰ: ੧੪੬); "ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ॥ ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ
ਬੁਝਾਈ॥" (ਪੰ: ੩੧*); "ਰਸਨਾ ਹਰਿ ਰਸੁ ਪੀਜੈ ਅੰਤਰੁ ਭੀਜੈ ਸਾਚ ਸਬਦਿ ਬੀਚਾਰੀ॥ ਅੰਤਰਿ ਖੂਹਟਾ
ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ॥" (ਪੰ: ੫੭੦); "ਤਿਖਾ ਨਿਵਾਰੀ ਸਬਦੁ ਮੰਨਿ ਅੰਮ੍ਰਿਤੁ
ਪੀਆ ਭਰਪੂਰਿ॥" (ਪੰ: ੯੩੩)।
ਰਹਿਤ ਮਰਯਾਦਾ ਅਨੁਸਾਰ ਅੰਮ੍ਰਿਤ ਛਕਣ ਦੇ ਗੁਣ (ਟ) ਭਾਗ (ਪੰਨਾ ੨੬) ਤੇ ਦਿੱਤੇ ਗਏ ਹਨ, ਜੋ
ਨਿਮਨ-ਲਿਖਤ ਹਨ:
"ਫਿਰ ਪੰਜਾਂ ਪਿਆਰਿਆਂ 'ਚੋਂ ਕੋਈ ਸੱਜਣ ਰਹਿਤ ਦੱਸੇ—ਅੱਜ ਤੋਂ ਤੁਸੀਂ 'ਸਤਿਗੁਰ ਕੇ ਜਨਮੈ ਗਵਨੁ
ਮਿਟਾਇਆ' ਹੈ ਅਤੇ ਖਾਲਸਾ ਪੰਥ ਵਿਚ ਸ਼ਾਮਲ ਹੋਏ ਹੋ। ਤੁਹਾਡਾ ਧਾਰਮਿਕ ਪਿਤਾ ਸ੍ਰੀ ਗੁਰੂ ਗੋਬਿੰਦ
ਸਿੰਘ ਜੀ ਤੇ ਧਾਰਮਿਕ ਮਾਤਾ ਸਾਹਿਬ ਕੌਰ ਜੀ ਹਨ। ਜਨਮ ਆਪ ਦਾ ਕੇਸ ਗੜ੍ਹ ਸਾਹਿਬ ਦਾ ਤੇ ਵਾਸੀ
ਅਨੰਦਪੁਰ ਸਾਹਿਬ ਦੀ ਹੈ। ਤੁਸੀਂ ਇਕ ਪਿਤਾ ਦੇ ਪੁੱਤਰ ਹੋਣ ਕਰਕੇ ਆਪਸ ਵਿਚ ਤੇ ਹੋਰ ਸਾਰੇ
ਅੰਮ੍ਰਿਤ-ਧਾਰੀਆਂ ਦੇ ਧਾਰਮਿਕ ਭਰਾਤਾ ਹੋ। ਤੁਸੀਂ ਪਿਛਲੀ ਕੁਲ, ਕਿਰਤ, ਕਰਮ, ਧਰਮ ਦਾ ਤਿਆਗ ਕਰਕੇ
ਅਰਥਾਤ ਪਿਛਲੀ ਜਾਤ-ਪਾਤ, ਜਨਮ, ਦੇਸ਼, ਮਜ਼੍ਹਬ ਦਾ ਖਿਆਲ ਤਕ ਛਡ ਕੇ, ਨਿਰੋਲ ਖਾਲਸਾ ਬਣ ਗਏ ਹੋ। ਇਕ
ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ, ਦੇਵਤੇ, ਅਵਤਾਰ, ਪੈਗੰਬਰ ਦੀ ਉਪਾਸਨਾ ਨਹੀਂ ਕਰਨੀ। ਦਸੋ ਗੁਰੂ
ਸਾਹਿਬਾਨ ਨੂੰ ਉਹਨਾਂ ਦੀ ਬਾਣੀ ਤੋਂ ਬਿਨਾ ਕਿਸੇ ਹੋਰ ਨੂੰ ਆਪਣਾ ਮੁਕਤੀ ਦਾਤਾ ਨਹੀਂ ਮੰਨਣਾ।
ਤੁਸੀਂ ਗੁਰਮੁਖੀ ਜਾਣਦੇ ਹੋ (ਜੇ ਨਹੀਂ ਜਾਣਦੇ ਤਾਂ ਸਿੱਖ ਲਈ) ਅਤੇ ਹਰ ਰੋਜ਼ ਘੱਟ ਤੋਂ ਘੱਟ ਇਹਨਾਂ
ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ ਜਾਂ ਸੁਨਣਾ। ਜਪ, ਜਾਪੁ, ੧੦ ਸਵੱਯੇ ('ਸ੍ਰਾਵਗ ਸੁਧ'
ਵਾਲੇ), ਸੋਦਰੁ ਰਹਰਾਸਿ ਤੇ ਸੋਹਿਲਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਜਾਂ ਸੁਨਣਾ,
ਪੰਜਾਂ ਕੱਕਿਆਂ:- ਕੇਸ, ਕਿਰਪਾਨ, ਕਛਹਿਰਾ, ਕੰਘਾ, ਕੜਾ ਨੂੰ ਹਰ ਵੇਲੇ ਅੰਗ ਸੰਗ ਰੱਖਣਾ।
ਇਹ ਚਾਰ ਕੁਰਹਿਤਾਂ ਨਹੀਂ ਕਰਨੀਆਂ:-
੧. ਕੇਸਾਂ ਦੀ ਬੇਅਦਬੀ।
੨, ਕੁੱਠਾ ਖਾਣਾ।
੩. ਪਰ-ਇਸਤ੍ਰੀ ਜਾਂ ਪਰ-ਪੁਰਸ਼ ਦਾ ਗਮਨ (ਭੋਗਣਾ)।
੪. ਤਮਾਕੂ ਦਾ ਵਰਤਣਾ।" …ਰਹਿਤ ਮਰਯਾਦਾ ਅਨੁਸਾਰ ਇਹ ਦਸ਼ਮੇਸ਼ ਜੀ ਦੇ ਅੰਮ੍ਰਿਤ ਦੀ ਰਹਿਤ ਹੈ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਵੀ ਅੰਮ੍ਰਿਤ ਦੀ ਰਹਿਤ ਦਾ ਵਰਨਣ ਹੈ ਪਰ ਉਹ ਰਹਿਤ ਮਰਯਾਦਾ ਦੀ
ਰਹਿਤ ਨਾਲੋਂ ਬਿਲਕੁਲ ਵਖਰਾ ਹੈ। ਰਹਿਤ ਮਰਯਾਦਾ ਵਿਚ ਗੁਰਮਤਿ ਦੇ ਅੰਮ੍ਰਿਤ ਦਾ ਕੋਈ ਹਵਾਲਾ ਨਹੀਂ
ਮਿਲਦਾ। ਮਨੁੱਖਾ ਜੀਵਨ ਵਿਚ ਅੰਮ੍ਰਿਤ ਦੀ ਵਿਸ਼ੇਸ਼ਤਾ ਬਾਰੇ ਗੁਰਬਾਣੀ ਦੇ ਕਥਨ ਹਨ:
"ਤਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥ ਨਾਨਕ ਅੰਮ੍ਰਿਤੁ ਏਕੁ
ਹੈ ਦੂਜਾ ਅੰਮ੍ਰਿਤੁ ਨਾਹਿ॥ ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ॥ ਤਿਨੀ ਪੀਤਾ ਰੰਗ ਸਿਉ
ਜਿਨ ਕਉ ਲਿਖਿਆ ਆਦਿ॥" (ਪੰ: ੧੨੩੮); ਗੁਰਮੁਖਿ ਅੰਮ੍ਰਿਤੁ ਨਾਮੁ ਹੈ ਜਿਤੁ ਖਾਧੈ ਸਭ ਭੁਖ ਜਾਇ॥
ਤ੍ਰਿਸਨਾ ਮੂਲਿ ਨ ਹੋਵਈ ਨਾਮੁ ਵਸੈ ਮਨਿ ਆਇ॥" (ਪੰ: ੧੨੫੦); "ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ
ਪੀਤੈ ਤਿਖ ਜਾਇ॥ ਨਾਨਕ ਗੁਰਮੁਖਿ ਜਿਨ ਪੀਆ ਤਿਨੁ ਬਹੁੜਿ ਨ ਲਾਗੀ ਆਇ॥" (ਪੰ: ੧੨੮੩); "ਹਰਿ ਕਾ
ਨਾਮੁ ਅੰਮ੍ਰਿਤੁ ਜਲੁ ਨਿਰਮਲੁ ਇਹੁ ਅਉਖਧੁ ਜਗ ਸਾਰਾ॥ ਗੁਰਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ
ਦੁਆਰਾ॥" (ਪੰ: ੬੫੯); "ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ॥ ਪਾਇਆ
ਅੰਮ੍ਰਿਤੁ ਗੁਰਿ ਕਿਰਪਾ ਕੀਨੀ ਸਚਾ ਮਨਿ ਵਸਾਇਆ॥" (ਪੰ: ੯੧੮); "ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ
ਅੰਮ੍ਰਿਤ ਕਾ ਵਾਪਾਰੀ ਜੀਉ॥" (ਪੰ: ੯੯੩)। ਸਿੱਖ ਰਹਿਤ ਮਰਯਾਦਾ ਵਿਚ ਦਿੱਤੀ ਅੰਮ੍ਰਿਤ ਦੀ
ਪਰਕਿਰਿਆ ਅੰਮ੍ਰਿਤਧਾਰੀ ਨੂੰ ਗੁਰਬਾਣੀ ਦੇ ਅੰਮ੍ਰਿਤ ਸਬੰਧੀ ਉਪਦੇਸ਼ ਨਾਲ ਨਹੀਂ ਜੋੜਦੀ।
ਅੰਮ੍ਰਿਤਧਾਰੀ ਸਿੰਘਾਂ ਨੂੰ ਚਾਹੀਦਾ ਹੈ ਕਿ ਗੁਰਬਾਣੀ ਦੇ ਅੰਮ੍ਰਿਤ ਦੇ ਪਰਸੰਗ ਵਿਚ ਕੀਤੇ ਉਪਦੇਸ਼ਾਂ
ਨੂੰ ਹਰ ਵੇਲੇ ਧਿਆਨ ਵਿਚ ਰੱਖਣ ਤਾਂ ਜੋ ਉਹ "ਅਮਰਾ ਪਦੁ ਪਾਇਆ ਆਪ
ਗਵਾਇਆ ਵਿਰਲਾ ਗਿਆਨ ਵੀਚਾਰੀ॥ ਨਾਨਕ ਭਗਤਿ ਸੋਹਨਿ ਦਰਿ ਸਾਚੈ ਸਾਚੇ ਕੇ ਵਾਪਾਰੀ॥" (ਪੰ: ੬੮੯)
ਦੇ ਗੁਰਵਾਕ ਅਨੁਸਾਰ ਗੁਰਮਤਿ ਗਾਡੀ ਰਾਹ ਦੇ ਪਾਂਧੀ ਬਨਣ ਦੇ ਅਧਿਕਾਰੀ ਬਣ ਸਕਣ।
ਸਿੱਖ ਰਹਿਤ ਮਰਯਾਦਾ ਗੁਰਬਾਣੀ ਨੂੰ ਸਿੱਖ ਧਰਮ ਦਾ ਆਧਾਰ ਮੰਨਦੀ ਹੈ। ਗੁਰਬਾਣੀ ਜੀਵਨ ਜੁਗਤ ਹੈ
ਨਿਰੀ ਸ਼ਰਧਾ ਨਹੀਂ ਹੈ। ਰਹਿਤ ਮਰਯਾਦਾ ਗੁਰਬਾਣੀ ਪ੍ਰਤੀ ਸ਼ਰਧਾ ਉਤੇਜਿਤ ਕਰਦੀ ਹੈ ਪਰ ਉਸ ਸ਼ਰਧਾ ਦੇ
ਮਨੋਰਥ ਦੀ ਸੂਝ ਨਹੀਂ ਦਿੰਦੀ। ਰਹਿਤ ਮਰਯਾਦਾ "ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ
ਦੀ ਬਾਣੀ ਤੇ ਸਿੱਖਿਆ" ਵਿਚ ਨਿਸ਼ਚਾ ਕਰਨ ਦਾ ਅਨੁਰੋਧ ਕਰਦੀ ਹੈ ਪਰ ਗੁਰਬਾਣੀ ਉਪਦੇਸ਼ ਅਤੇ ਸਿੱਖਿਆ
ਬਾਰੇ ਕੋਈ ਜਾਣਕਾਰੀ ਨਹੀਂ ਦਿੰਦੀ ਅਤੇ ਨਾ ਹੀ ਉਸ ਸਿੱਖਿਆ ਬਾਰੇ ਅਮ੍ਰਿਤਧਾਰੀਆਂ ਦੀ ਕੋਈ
ਰਹਿਨੁਮਾਈ ਕਰਦੀ ਹੈ। ਅਮ੍ਰਿਤਧਾਰੀਆਂ ਨੂੰ ਰਹਿਤ ਮਰਯਾਦਾ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ
ਸਮਝਣ ਅਤੇ ਉਸ ਦੇ ਉਪਦੇਸ਼ ਨੂੰ ਜੀਵਨ ਵਿਚ ਧਾਰਨ ਕਰਨ ਲਈ ਜਤਨਸ਼ੀਲ ਹੋਣ ਦੀ ਲੋੜ ਹੈ।