ਸਾਰੇ ਸੰਸਾਰ ਦੇ ਸਿੱਖ ਜਿਸ ਦੇਸ਼ ਵਿਖੇ ਵੀ ਰਹਿੰਦੇ ਹੋਂਣ, “ਜਪੁ ਜੀ
ਸਾਹਿਬ” ਦਾ ਪਾਠ ਜ਼ਰੂਰ ਕਰਦੇ ਹਨ ਅਤੇ ਸਾਨੂੰ ਅਰੰਭ ਵਿੱਚ ਹੀ ਓਪਦੇਸ਼ ਦਿੱਤਾ ਜਾਂਦਾ ਹੈ: “ਕਿਵ
ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ ੧॥”
ਇਸ ਤੋਂ ਭਾਵ ਹੈ ਕਿ ਸਚਿਆਰ ਜੀਵਨ ਤਾਂ ਹੀ ਬਤੀਤ ਕੀਤਾ ਜਾ ਸਕਦਾ ਹੈ ਜੇ ਪ੍ਰਾਣੀ, ਅਕਾਲ ਪੁਰਖ ਦੇ
ਹੁਕਮ ਨੂੰ ਮੰਨ ਕੇ, ਸਦਾ ਉਸ ਦੀ ਰਜ਼ਾਅ ਵਿੱਚ ਰਹੇ। ਇਸ ਲਈ, ਹਰੇਕ ਸਿੱਖ ਦਾ ਫ਼ਰਜ਼ ਹੈ ਕਿ ਉਹ ਬਚਪਣ
ਤੋਂ ਹੀ ਆਪਣੇ ਕੇਸਾਂ ਅਤੇ ਹੋਰ ਰੋਮਾਂ ਦੀ ਸੰਭਾਲ ਕਰਦਾ ਰਹੇ। ਇਹ ਓਪਦੇਸ਼ ਗੁਰੂ ਨਾਨਕ ਸਾਹਿਬ ਦੇ
ਸਮੇਂ ਤੋਂ ਹੀ ਸਿੱਖ ਪਰਿਵਾਰ ਮੰਨਦੇ ਆ ਰਹੇ ਹਨ। ਪਰ, ਜਦੋਂ ਅਸੀਂ ਬਚਿਤ੍ਰ ਨਾਟਕ ਦੇ ਅਖੌਤੀ ਦਸਮ
ਗ੍ਰੰਥ ਦੇ ਚਰਿਤ੍ਰੋਪਾਖਿਆਨ ਪ੍ਰਸੰਗ ਪੜ੍ਹਦੇ ਹਾਂ, ਤਾਂ ਉਹ ਸਾਨੂੰ ਕੁਰਾਹੇ ਪਾਉਣ ਵਲ ਪ੍ਰੇਰਦੇ
ਹਨ! ਐਸੀਆਂ ਕਹਾਣੀਆਂ ਨੂੰ ਪੜ੍ਹਦਿਆਂ ਸ਼ਰਮ ਆਉਂਦੀ ਹੈ, ਪਰ ਪਤਾ ਨਹੀਂ ਕਈ ਸਿੱਖੀ-ਭੇਸ ਵਿੱਚ
ਵਿਚਰਦੇ ਪ੍ਰਾਣੀ ਕਿਵੇਂ ਇਸ ਦਾ ਪ੍ਰਚਾਰ ਕਰਕੇ ਲੋਕਾਈ ਨੂੰ ਬੇਵਕੂਫ ਬਣਾ ਰਹੇ ਹਨ? ਆਓ, ਚਰਿਤ੍ਰ
ਨੰਬਰ ੧੩੮ ਵਾਰੇ ਜਾਣਕਾਰੀ ਲਈਏ ਕਿ ਕੀ ਇਹ ਸਿੱਖਾਂ ਦੀ ਧਰਮ ਕਿਤਾਬ ਕਹੀ ਜਾ ਸਕਦੀ ਹੈ?
ਚੌਪਈ
ਆਭਾਵਤੀ ਓਡਛੇ ਰਾਨੀ। ਸੁੰਦਰੀ ਭਵਨ ਚੌਦਹੂੰ ਜਾਨੀ।
ਤਾ ਕੌ ਅਤਿ ਹੀ ਰੂਪ ਬਿਰਾਜੈ। ਸੁਰੀ ਆਸੁਰਿਨਿ ਕੌ ਮਨੁ ਲਾਜੈ। ੧।
ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਓਡਛਾ
(ਉੜੀਸਾ) ਦੇਸ ਦੀ ਆਭਾਵਤੀ ਨਾਂ ਦੀ ਰਾਣੀ (ਆਪਣੀ) ਸੁੰਦਰਤਾ ਕਾਰਨ ਚੌਦਾਂ ਲੋਕਾਂ ਵਿੱਚ ਪ੍ਰਸਿੱਧ
ਸੀ। ਉਸ ਨੂੰ ਅਤਿ ਸੁੰਦਰ ਰੂਪ ਬਿਰਾਜਿਆ (ਵੇਖ ਕੇ) ਦੇਵਤਿਆਂ ਅਤੇ ਦੈਂਤਾਂ ਦੀਆਂ ਇਸਤਰੀਆਂ ਵੀ
ਸ਼ਰਮਸਾਰ ਹੁੰਦੀਆਂ ਸਨ। ੧।
ਰੂਪਮਾਨ ਤਿਹ ਨੈਨ ਨਿਹਾਰਿਯੋ। ਤਾ ਕੋ ਚੀਤਿ ਮੀਤ ਕਰਿ ਡਾਰਿਯੋ।
ਵਾ ਕੇ ਧਾਮ ਬੁਲਾਵਨ ਕੀਨੋ। ਭਾਤਿ ਭਾਤਿ ਸੋ ਆਸਨ ਦੀਨੋ। ੨।
ਅਰਥ: (ਇਕ ਵਾਰ) ਉਸ ਨੇ ਰੂਪਮਾਨ ਨੂੰ ਅੱਖਾਂ ਨਾਲ ਵੇਖਿਆ ਅਤੇ ਉਸ ਨੂੰ ਦਿਲ
ਦੇ ਕੇ ਮਿਤਰ ਬਣਾ ਲਿਆ। ਉਸ ਨੂੰ ਘਰ ਬੁਲਾਇਆ ਅਤੇ ਕਈ ਤਰ੍ਹਾਂ ਦੇ ਆਸਨ ਦਿੱਤੇ। ੨।
ਤਾਹਿ ਕੇਸਅਰਿ ਬਕਤ੍ਰ ਲਗਾਯੋ। ਸਭ ਕੇਸਨ ਕੌ ਦੂਰਿ ਕਰਾਯੋ।
ਪੁਰਖਹੁ ਤੇ ਇਸਤ੍ਰੀ ਕਰਿ ਡਾਰੀ। ਮਿਤ ਪਤਿ ਲੈ ਤੀਰਥਨ ਸਿਧਾਰੀ। ੩।
ਅਰਥ: ਉਸ ਦੇ ਮੂੰਹ ਉਤੇ ਰੋਮਨਾਸਨੀ ਲਗਾਈ। (ਉਸਤਰਾ ਦੁਆਰਾ) ਸਾਰੇ ਵਾਲ ਸਾਫ
ਕਰ ਦਿੱਤੇ। (ਉਸ ਨੂੰ) ਪੁਰਸ਼ ਤੋਂ ਇਸਤਰੀ ਬਣਾ ਦਿੱਤਾ। ਮਿਤਰ ਅਤੇ ਪਤੀ ਨੂੰ ਲੈ ਕੇ ਤੀਰਥ-ਯਾਤ੍ਰਾ
ਉਤੇ ਚਲੀ ਗਈ। ੩।
ਪਤਿ ਕੋ ਕਹੀ ਬਾਤ ਸਮੁਝਾਈ। ਮੇਰੀ ਹਿਯਾ ਬਹਿਨ ਇੱਕ ਆਈ।
ਤਾਹਿ ਸੰਗ ਲੈ ਤੀਰਥ ਲੈਹੋ। ਸਭ ਹੀ ਪਾਪ ਬਿਦਾ ਕਰ ਦੈਹੋ। ੪।
ਅਰਥ: ਪਤੀ ਨੂੰ (ਇਹ) ਗੱਲ ਸਮਝਾ ਦਿੱਤੀ ਕਿ ਮੇਰੀ ਇਥੇ ਇੱਕ ਭੈਣ ਆਈ ਹੈ।
ਉਸ ਨੂੰ ਨਾਲ ਲੈ ਕੇ ਤੀਰਥ-ਇਸ਼ਨਾਨ ਕਰਾਂਗੇ ਅਤੇ ਸਾਰੇ ਹੀ ਪਾਪ ਧੋ ਦਿਆਂਗੇ। ੪।
ਅੜਿਲ
ਪਤਿ ਮਿਤ ਲੈ ਕੇ ਸੰਗ ਸਿਧਾਈ ਤੀਰਥਨ। ਐਸ ਸਹੇਟ ਬਨਾਈ ਅਪਨੇ ਯਾਰ ਤਨ।
ਜਬ ਪਿਯ ਲੈ ਗੰਗਾ ਮਹਿ ਨੈਹੋ ਜਾਇ ਕੈ। ਹੋ ਭਗਨੀ ਮੁਖ ਤੇ ਭਾਖਿ ਮਿਲੌਗੀ ਆਇ
ਕੈ। ੫।
ਅਰਥ: (ਉਹ) ਪਤੀ ਅਤੇ ਮਿਤਰ ਨੂੰ ਨਾਲ ਲੈ ਕੇ ਤੀਰਥ-ਯਾਤ੍ਰਾ ਨੂੰ ਚਲੀ ਗਈ।
ਆਪਣੇ ਯਾਰ ਨੂੰ ਮਿਲਣ ਲਈ (ਉਸ ਨੇ) ਇਸ ਤਰ੍ਹਾਂ ਦੀ ਵਿਵਸਥਾ ਕੀਤੀ। ਜਦ ਪਤੀ ਗੰਗਾ ਵਿੱਚ ਇਸ਼ਨਾਨ
ਕਰਨ ਲਈ ਜਾਏਗਾ ਤਾਂ ਉਹ (ਮਿਤਰ ਨੂੰ) ਮੂੰਹੋਂ ਭੈਣ ਕਹਿ ਕੇ ਆ ਮਿਲੇਗੀ। ੫।
ਦੋਹਰਾ
ਮੀਤ ਨਾਥ ਕੌ ਸੰਗ ਲੈ ਤਹ ਕੋ ਕਿਯੋ ਪਯਾਨ। ਕੇਤਿਕ ਦਿਨਨ ਬਿਤਾਇ ਕੈ ਗੰਗ
ਕਿਯੋ ਇਸਨਾਨ। ੬।
ਅਰਥ: ਪਤੀ ਅਤੇ ਮਿਤਰ ਨੂੰ ਨਾਲ ਲੈ ਕੇ ਤੀਰਥ-ਯਾਤ੍ਰਾ ਲਈ ਚਲ ਪਈ। ਕਈ
ਦਿਨਾਂ ਦੇ ਬੀਤਣ ਉਪਰੰਤ ਗੰਗਾ ਵਿੱਚ ਇਸ਼ਨਾਨ ਕੀਤਾ। ੬।
ਚੌਪਈ
ਪਤਿ ਕੋ ਸੰਗ ਗੰਗ ਲੈ ਨ੍ਹਾਈ। ਭਾਖਿ ਬਹਿਨਿ ਤਾ ਸੋ ਲਪਟਾਈ।
ਮਨ ਮਾਨਤ ਤਿਨ ਕੇਲ ਕਮਾਯੋ। ਮੂਰਖ ਕੰਤ ਭੇਵ ਨਹਿ ਪਾਯੋ। ੭।
ਅਰਥ: ਪਤੀ ਨੂੰ ਨਾਲ ਲੈ ਕੇ ਗੰਗਾ ਵਿੱਚ ਇਸ਼ਨਾਨ ਕੀਤਾ ਅਤੇ ਭੈਣ ਕਹਿ ਕੇ ਉਸ
(ਮਿਤਰ) ਨਾਲ ਲਿਪਟ ਗਈ। ਉਸ ਨਾਲ ਮਨ ਚਾਹੀ ਕੇਲ-ਕ੍ਰੀੜਾ ਕੀਤੀ ਅਤੇ ਮੂਰਖ ਪਤੀ ਨੇ (ਅਸਲੀਅਤ ਦਾ)
ਭੇਦ ਨਹੀਂ ਪਾਇਆ। ੭।
ਚਿਮਟਿ ਚਿਮਟਿ ਤਾ ਸੋ ਲਪਟਾਈ। ਮਨ ਮਾਨਤ ਤ੍ਰਿਯ ਕੇਲ ਕਮਾਈ।
ਦਿਨ ਦੇਖਤ ਤ੍ਰਿਯ ਕੇਲ ਕਮਾਯੋ। ਮੂਰਖ ਕੰਤ ਭੇਵ ਨਹਿ ਪਾਯੋ। ੮।
ਅਰਥ: ਚਿਮਟ ਚਿਮਟ ਕੇ ਉਸ ਨਾਲ ਲਿਪਟੀ ਅਤੇ ਮਨ ਭਾਉਂਦੇ ਢੰਗ ਨਾਲ
ਰਤੀ-ਕ੍ਰੀੜਾ ਕੀਤੀ। ਦਿਨ ਨੂੰ ਵੇਖਦੇ ਹੋਇਆਂ ਇਸਤਰੀ ਨੇ ਕਾਮ-ਕ੍ਰੀੜਾ ਕੀਤੀ, ਪਰ ਮੂਰਖ ਪਤੀ ਨੇ
ਭੇਦ ਨ ਪਾਇਆ। ੮।
ਦੋਹਰਾ
ਮਨ ਮਾਨਤ ਕੋ ਮਾਨਿ ਰਤਿ ਦੀਨੋ ਜਾਰ ਉਠਾਇ।
ਮੁਖ ਬਾਏ ਮੂਰਖ ਰਹਿਯੋ ਭੇਦ ਨ ਸਕਿਯੋ ਪਾਇ॥ ੯॥ ੧॥
ਇਤਿ ਸ੍ਰੀ ਚਰਿਤ੍ਰ ਪਖ੍ਹਯਾਨੋ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇੱਕ
ਸੌ ਅਠਤੀਸਵੇ ਚਰਿਤ੍ਰ ਸਮਾਪਤਮ
ਸਤੁ ਸੁਭਮ ਸਤੁ। ੧੩੮। ੨੭੬੮। ਅਫਜੂੰ।
ਅਰਥ: ਮਨਮਰਜ਼ੀ ਅਨੁਸਾਰ ਰਤੀ-ਕ੍ਰੀੜਾ ਕਰ ਕੇ ਯਾਰ ਨੂੰ ਭੇਜ ਦਿੱਤਾ ਅਤੇ
ਮੂਰਖ (ਪਤੀ) ਮੂੰਹ ਅਡੀ ਰਹਿ ਗਿਆ, ਪਰ ਭੇਦ ਨੂੰ ਨ ਪਾ ਸਕਿਆ। ੯।
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ
੧੩੮ਵੇਂ ਚਰਿਤ੍ਰ ਦੀ ਸਮਾਪਤੀ,
ਸਭ ਸ਼ੁਭ ਹੈ। ੧੩੮। ੨੭੬੮। ਚਲਦਾ।
ਜੇ ਐਸੀਆਂ ਕਹਾਣੀਆਂ ਦੁਆਰਾ ਪੰਜਾਬ ਅਤੇ ਹਿੰਦੁਸਤਾਨ ਵਿਖੇ ਰਹਿੰਦੇ ਸਿੱਖਾਂ
ਨੂੰ ਹਿੰਦੂ ਬਣਾਇਆ ਜਾ ਰਿਹਾ ਹੈ, ਬਾਹਰ ਵੱਸਦੇ ਸਿੱਖਾਂ ਨੂੰ ਤਾਂ ਆਪਣੀ ਬਿਬੇਕ-ਬੁੱਧੀ ਤੋਂ ਕੰਮ
ਲੈਣਾ ਚਾਹੀਦਾ ਹੈ ਤਾਂ ਜੋ ਐਸੇ ਨਾਟਕਾਂ ਅਤੇ ਬੇਅਸੂਲੇ ਡਰਾਮਿਆਂ ਤੋਂ ਛੁੱਟਕਾਰਾ ਪਾ ਲੈਣਾ ਚਾਹੀਦਾ
ਹੈ ਕਿਉਂਕਿ ਸਾਰੇ ਸਿੱਖਾਂ ਦਾ ਇੱਕ ਹੀ ਧਰਮ ਗਰੰਥ ਹੈ: “ਗੁਰੂ ਗਰੰਥ ਸਾਹਿਬ”। ਇੰਜ ਹੀ ਨਿੱਤਨੇਮ
ਕਰਨ ਸਮੇਂ, ਖੰਡੇ ਦੀ ਪਾਹੁਲ ਗ੍ਰਹਿਣ ਕਰਨ ਸਮੇਂ, ਹੋਰ ਕਾਰਜ ਕਰਨ ਸਮੇਂ ਅਤੇ ਅਕਾਲ ਪੁਰਖ ਅਗੇ
ਅਰਦਾਸਿ ਕਰਨ ਸਮੇਂ ਸਾਨੂੰ ਹੋਰ ਕਿਸੇ ਕਿਤਾਬ ਦਾ ਆਸਰਾ ਨਹੀਂ ਲੈਣਾ ਚਾਹੀਦਾ ਹੈ। ਗੁਰੂ ਸਾਹਿਬਾਨ
ਨੇ ਸਾਰੇ ਸਿੱਖਾਂ ਨੂੰ “ਸ਼ਬਦ ਗੁਰੂ ਗੁਰੂ ਗਰੰਥ ਸਾਹਿਬ” ਨਾਲ ਹੀ ਜੋੜਿਆ ਹੈ। ਧੰਨਵਾਦ ਸਹਿਤ।
ਖਿਮਾ ਦਾ ਜਾਚਕ,