ਸਾਰੀ ਦੁਨੀਆ ਵਿਚ ਸਾਰੇ ਸਿੱਖ ਆਮ ਤੌਰ ਤੇ ਅਰਦਾਸ ਤੋਂ ਬਾਅਦ ਇਕ ਦੋਹਰਾ
ਪੜ੍ਹਦੇ ਹਨ। ਉਸ ਦੋਹਰੇ ਵਿਚ ਇਹ ਪੰਗਤੀਆਂ ਆਉਂਦੀਆਂ ਹਨ, “ਸਭ ਸਿੱਖਨ ਕੋ ਹੁਕਮ ਹੈ ਗੁਰੂ
ਮਾਨਿਉਂ ਗ੍ਰੰਥ”। ਪਰ ਦਸਮ ਗ੍ਰੰਥ ਦੇ ਹਮਾਇਤੀ ਇਕ ਟੋਲੇ ਵਲੋਂ ਇਹ ਪ੍ਰਚਾਰ ਕੀਤਾ ਜਾਂਦਾ ਹੈ
ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਨਹੀਂ ਮਿਲੀ। ਉਹਨਾ ਦਾ ਤਰਕ ਇਹ ਹੈ ਕਿ ਗੁਰਗੱਦੀ ਤਾਂ ਇਕ
ਗੁਰੂ ਵਲੋਂ ਇਕ ਚੇਲੇ ਨੂੰ ਦਿੱਤੀ ਜਾਂਦੀ ਹੈ। ਗੁਰੂ ਗ੍ਰੰਥ, ਦਸਵੇਂ ਪਾਤਸ਼ਾਹ ਦਾ ਕੋਈ ਚੇਲਾ ਨਹੀਂ
ਸੀ ਇਸ ਕਰਕੇ ਇਹ ਗੁਰਗੱਦੀ ਵਾਲੀ ਗੱਲ ਗਲਤ ਹੈ। ਆਓ ਵਿਚਾਰੀਏ ਕਿ ਉਹਨਾ ਦੀ ਇਹ ਗੱਲ ਕਿਤਨੀ ਕੁ ਠੀਕ
ਹੈ?
ਆਮ ਤੌਰ ਤੇ ਇਹ ਸਮਝਿਆ ਜਾਂਦਾ ਹੈ ਕਿ ਦੇਹਧਾਰੀ ਕੋਈ ਗੁਰੂ ਹੁੰਦਾ ਹੈ ਅਤੇ
ਉਸ ਦੇ ਕਈ ਚੇਲੇ ਹੁੰਦੇ ਹਨ ਜਿਹੜੇ ਕਿ ਉਸ ਦੀ ਮੁੱਠੀ ਚਾਪੀ ਕਰਦੇ ਰਹਿੰਦੇ ਹਨ। ਉਸ ਦਾ ਹਰ ਹੁਕਮ
ਮੰਨਦੇ ਹਨ। ਉਹਨਾ ਦਾ ਮੁੱਖ ਕੰਮ ਹਰ ਵੇਲੇ 24 ਘੰਟੇ ਆਪਣੇ ਗੁਰੂ ਦੀ ਸੇਵਾ ਵਿਚ ਹਾਜ਼ਰ ਰਹਿਣਾ
ਹੁੰਦਾ ਹੈ। ਜੋ ਵੀ ਕੋਈ ਉਹਨਾ ਦਾ ਗੁਰੂ ਹੁਕਮ ਕਰੇ ਉਸ ਨੂੰ ਭੱਜ ਕੇ ਮੰਨਣਾ ਹੁੰਦਾ ਹੈ। ਜਿਹੜਾ
ਜ਼ਿਆਦਾ ਹੁਕਮ ਮੰਨਣ ਵਿਚ ਮੋਹਰੀ ਹੋਵੇ ਉਸ ਤੇ ਫਿਰ ਗੁਰੂ ਤਰੁੱਠ ਪੈਂਦਾ ਹੈ ਅਤੇ ਆਪਣੀ ਗੱਦੀ ਉਸ
ਨੂੰ ਸੌਂਪ ਦਿੰਦਾ ਹੈ। ਇਸੇ ਤਰ੍ਹਾਂ ਸਿਲਸਿਲਾ ਅਗਾਂਹ ਦੀ ਅਗਾਂਹ ਚਲਦਾ ਰਹਿੰਦਾ ਹੈ। ਇਸੇ ਤਰ੍ਹਾਂ
ਦੀ ਚੇਲਿਆਂ ਵਲੋਂ ਕੀਤੀ ਜਾਂਦੀ ਸੇਵਾ ਦਾ ਇਕ ਅੱਖੀ ਡਿੱਠਾ ਹਾਲ ਪਾਠਕਾਂ ਨਾਲ ਸਾਂਝਾ ਕਰ ਰਿਹਾ
ਹਾਂ:
ਅੱਜ ਤੋਂ ਕੋਈ 33 ਕੁ ਸਾਲ ਪਹਿਲਾਂ ਦੀ ਗੱਲ ਹੋਵੇਗੀ। ਕਨੇਡਾ ਵਿਚ ਪਹਿਲੇ
ਪਹਿਲ ਬਹੁਤੇ ਡੇਰੇਦਾਰ ਸਾਧ ਆਉਣੇ ਹੀ ਸ਼ੁਰੂ ਹੋਏ ਸਨ। ਉਸ ਵੇਲੇ ਨਾ ਤਾਂ ਆਮ ਸੰਗਤਾਂ, ਜਿਹਨਾ ਵਿਚ
ਅਸੀਂ ਵੀ ਸੀ, ਗੁਰਮਤਿ ਬਾਰੇ ਕੋਈ ਬਹੁਤਾ ਗਿਆਨ ਰੱਖਦੀਆਂ ਸਨ ਅਤੇ ਨਾ ਹੀ ਗੁਰਦੁਰਿਆਂ ਦੇ
ਪ੍ਰਬੰਧਕ। ਇਹਨਾ ਚਿੱਟ ਕੱਪੜੀਏ ਸਾਧਾਂ ਨੂੰ ਤਾਂ ਆਉਂਦਾ ਹੀ ਕੁੱਝ ਨਹੀਂ ਸੀ। ਪਰ ਉਹ ਢੋਲਕੀਆਂ
ਚਿਮਟਿਆਂ ਦੀ ਧਮਾਲ ਜ਼ਰੂਰ ਪਾ ਲੈਂਦੇ ਸਨ। ਸਿੱਧੀਆਂ ਮਨਘੜਤ ਕੱਚੀਆਂ ਧਾਰਨਾ ਲਾ ਕੇ ਚੰਗਾ ਰੰਗ ਬੰਨ
ਲੈਂਦੇ ਸਨ ਜਾਂ ਇਉਂ ਕਹਿ ਲਓ ਕਿ ਇਹ ਮਨ ਘੜਤ ਖੌਰੂ ਜਿਹਾ ਚੰਗਾ ਪਾ ਲੈਂਦੇ ਸਨ। ਆਮ ਸੰਗਤ ਇਸ ਕਨਰਸ
ਵਾਲੇ ਖੌਰੂ ਵਿਚ ਚੰਗਾ ਸਿਰ ਮਾਰ ਲੈਂਦੀ ਸੀ। ਉਹ ਚਿੱਟਕੱਪੜੀਏ ਸਾਧ ਜਦੋਂ ਸੰਗਤ ਵਿਚ ਆਉਂਦੇ ਸੀ
ਤਾਂ ਉਸ ਦੇ ਚੇਲੇ ਪਹਿਲਾਂ ਹੀ ਸਟੇਜ ਤੇ ਬੈਠੇ ਵਾਜੇ ਢੋਲਕੀਆਂ ਵਜਾਉਂਦੇ ਹੁੰਦੇ ਸਨ। ਸਾਧਾਂ ਦੇ
ਦਰਬਾਰ ਸਾਹਿਬ ਵਿਚ ਪੈਰ ਪਉਣ ਵੇਲੇ ਉਹਨਾ ਦੀ ਉਸਤਤ ਵਿਚ ਚੰਗਾ ਖੌਰੂ ਪਉਣ ਲਗਦੇ ਸਨ। ਉਹਨਾ ਨੂੰ
ਅਸਿੱਧੇ ਤੌਰ ਤੇ ਗੁਰੂ ਅਤੇ ਸਾਧ-ਸੰਤ ਵਾਲੇ ਵਿਸ਼ੇਸ਼ਣਾ ਨਾਲ ਨਿਵਾਜ਼ਦੇ ਸਨ। ਜਦੋਂ ਉਹ ਸਾਧ ਆ ਕੇ
ਸਟੇਜ ਦੇ ਬੈਠਦਾ ਹੁੰਦਾ ਸੀ ਤਾਂ ਉਸ ਸਟੇਜ ਉਤੇ ਉਸ ਵੇਲੇ ਹੀ ਇਕ ਨਵੀਂ ਚਾਦਰ ਵਿਛਾਈ ਜਾਂਦੀ ਸੀ।
ਕੀਰਤਨ ਦੀ ਸਮਾਪਤੀ ਤੋਂ ਬਾਅਦ ਉਸ ਦੇ ਚੇਲੇ ਅਤੇ ਕਈ ਅੰਨੇ ਸ਼ਰਧਾਲੂ ਉਸ ਮਗਰ ਭੱਜਦੇ ਹੁੰਦੇ ਸਨ।
ਜਿੱਥੇ ਉਸ ਸਾਧ ਨੇ ਮਲ-ਮੂਤਰ ਕਰਨਾ ਹੁੰਦਾ ਸੀ ਉਸ ਬਾਥਰੂਮ ਦੇ ਮੂਹਰੇ ਵੀ ਇਕ ਚੇਲਾ ਹਰ ਵੇਲੇ ਬੈਠਾ
ਪਹਿਰਾ ਦਿੰਦਾ ਹੁੰਦਾ ਸੀ ਤਾਂ ਕਿ ਕੋਈ ਹੋਰ ਉਥੇ ਨਾ ਜਾ ਸਕੇ। ਉਸ ਵੇਲੇ ਵੀ ਕਈ ਦੱਬੀ ਜ਼ਬਾਨ ਵਿਚ
ਕਹਿੰਦੇ ਹੁੰਦੇ ਸਨ ਕਿ ਕੀ ਬਾਬਾ ਕੋਈ ਹੀਰੇ ਮੌਤੀ ਹੱਗਦਾ ਹੈ? ਹੁਣ ਵੀ ਸ਼ਇਦ ਕਈ ਡੇਰਿਆਂ ਵਿਚ ਇਹੀ
ਕੁੱਝ ਹੁੰਦਾ ਹੋਵੇ।
ਆਓ ਹੁਣ ਚੇਲਾ ਦੇ ਅੱਖਰੀ ਅਰਥ ਜਾਨਣ ਦੀ ਕੋਸ਼ਿਸ਼ ਕਰੀਏ। ਭਾਈ ਕਾਹਨ ਸਿੰਘ
ਨਾਭਾ ਨੇ ਚੇਲਾ ਦੇ ਅਰਥ ਮਹਾਨ ਕੋਸ਼ ਵਿਚ ਹੇਠ ਲਿਖੇ ਕੀਤੇ ਹਨ:
ਚੇਟਕ, ਚਾਟੜਾ, ਸ਼ਿਸ਼੍ਯ। “ਸੁ ਸੋਭਿਤ ਚੇਲਕ ਸੰਗ ਨਰੰ”. (ਦੱਤਾਵ) “ਜੋ ਗੁਰੁ
ਗੋਪੇ ਆਪਣਾ ਕਿਉ ਸਿਝਹਿ ਚੇਲਾ?” (ਭਾਗੁ)।
ਕਿਸੇ ਦੇਵਤਾ ਦਾ ਉਹ ਭਗਤ, ਜੋ ਆਪਣੇ ਵਿੱਚ ਦੇਵਤਾ ਦਾ ਆਵੇਸ਼ ਪ੍ਰਗਟ ਕਰਦਾ
ਹੈ ਅਰ ਪ੍ਰਸ਼ਨਾਂ ਦੇ ਉੱਤਰ ਦੇਵਤਾ ਵੱਲੋਂ ਦਿੰਦਾ ਹੈ, ਚੇਲਾ ਕਹਾਉਂਦਾ ਹੈ।
ਇਹਨਾ ਦੋਹਾਂ ਅਰਥਾਂ ਨੂੰ ਲੈ ਕੇ ਜੇ ਕਰ ਵਿਚਾਰ ਕਰੀਏ ਤਾਂ ਇਹ ਦੋਵੇ ਹੀ
ਗੁਰੂਆਂ ਦੇ ਜੀਵਨ ਵਾਲੀ ਸੱਚ ਦੀ ਕਸਵੱਟੀ ਤੇ ਪੂਰੇ ਨਹੀਂ ਉਤਰਦੇ। ਨਾ ਤਾਂ ਗੁਰੂ ਜੀ ਇਸ ਤਰ੍ਹਾਂ
ਦੇ ਚੇਲੇ ਬਣਾਉਂਦੇ ਸਨ ਅਤੇ ਨਾ ਹੀ ਉਹ ਕਿਸੇ ਦੇਵੀ ਦੇਵਤੇ ਨੂੰ ਮੰਨਦੇ ਸਨ। ਜੇ ਕਰ ਗੁਰਗੱਦੀ ਸਿਰਫ
ਚੇਲੇ ਨੂੰ ਹੀ ਦਿੱਤੀ ਜਾਂਦੀ ਹੈ ਤਾਂ ਫਿਰ ਸਵਾਲ ਉਠਦਾ ਹੈ ਕਿ ਗੁਰੂ ਨਾਨਕ ਕਿਸ ਗੁਰੂ ਦੇ ਚੇਲੇ
ਸਨ? ਉਹਨਾ ਨੂੰ ਗੁਰਗੱਦੀ ਕਿਸ ਗੁਰੂ ਨੇ ਦਿੱਤੀ? ਇਹੀ ਸਵਾਲ ਸਿੱਧਾਂ ਨੇ ਵੀ ਗੁਰੂ ਨਾਨਕ ਨੂੰ
ਪੁੱਛਿਆ ਸੀ। ਉਸ ਦਾ ਜਵਾਬ ਸਾਰੇ ਹੀ ਜਾਣਦੇ ਹਨ ਕਿ ਉਹਨਾ ਨੇ ਸ਼ਬਦ (ਗਿਆਨ) ਨੂੰ ਆਪਣਾ ਗੁਰੂ ਕਿਹਾ
ਸੀ ਅਤੇ ਸੁਰਤ ਨੂੰ ਉਸ ਦਾ ਚੇਲਾ।
ਸੋ ਗੁਰੂ ਨਾਨਕ ਦੇਵ ਜੀ ਨੇ ਦੁਨਿਆਵੀ ਚੇਲਿਆਂ ਵਾਂਗ ਨਾ ਤਾਂ ਅਕਾਲ ਪੁਰਖ
ਦੀ ਕੋਈ ਮੁੱਠੀ ਚਾਪੀ ਕੀਤੀ ਹੈ ਅਤੇ ਨਾ ਹੀ ਸ਼ਬਦ ਗੁਰੂ ਦੀ। ਅਤੇ ਨਾ ਹੀ ਇਹਨਾ ਦੀ ਕੋਈ ਕੀਤੀ ਜਾ
ਸਕਦੀ ਹੈ। ਕਿਉਂਕਿ ਸ਼ਬਦ ਤਾਂ ਉਹਨਾ ਦੇ ਅੰਦਰੋਂ ਹੀ ਪ੍ਰਗਟ ਹੋਇਆ ਸੀ ਉਸ ਦੀ ਕੀ ਮੁੱਠੀ ਚਾਪੀ
ਕੀਤੀ ਜਾ ਸਕਦੀ ਹੈ। ਅਕਾਲ ਪੁਰਖ ਦਾ ਕੋਈ ਰੰਗ ਰੂਪ ਹੀ ਨਹੀਂ ਹੈ ਫਿਰ ਉਸ ਦੀ ਚੇਲਿਆਂ ਵਾਂਗ ਕੀ
ਸੇਵਾ ਕੀਤੀ ਜਾ ਸਕਦੀ ਹੈ? ਉਂਜ ਵੀ ਜੇ ਕਰ ਸਾਰੇ ਗੁਰੂਆਂ ਤੇ ਇਹ ਗੱਲ ਲਾਗੂ ਕਰਨ ਦੀ ਖੇਚਲ ਕਰੀਏ
ਤਾਂ ਲਾਗੂ ਨਹੀਂ ਹੋ ਸਕਦੀ। ਅੱਠਵੇਂ ਗੁਰੂ, ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੌਵੇਂ ਗੁਰੂ, ਗੁਰੂ
ਤੇਗ ਬਹਾਦਰ ਸਾਹਿਬ ਜੀ ਦੇ ਰਿਸ਼ਤੇਦਾਰੀ ਵਿਚੋਂ ਪੋਤੇ ਲਗਦੇ ਸਨ ਅਤੇ ਤੇਗ ਬਹਾਦਰ ਸਾਹਿਬ ਜੀ ਬਾਬਾ।
ਕੀ ਬਾਬੇ ਨੇ ਪੋਤੇ ਗੁਰੂ ਦੀ ਦੁਨਿਆਵੀ ਚੇਲਿਆਂ ਵਾਂਗ ਕੋਈ ਚਾਪਲੂਸੀ ਜਾਂ ਮੁੱਠੀਚਾਪੀ ਕੀਤੀ ਸੀ।
ਇਤਿਹਾਸ ਤਾਂ ਇਹ ਕਹਿੰਦਾ ਹੈ ਕਿ ਸ਼ਾਇਦ ਉਹ ਇਕ ਦੂਸਰੇ ਨੂੰ ਮਿਲੇ ਵੀ ਨਾ ਹੋਵਣ। ਜਦੋਂ ਅੱਠਵੇਂ
ਗੁਰੂ ਜੀ ਦਾ ਅੰਤਮ ਸਮਾ ਆਇਆ ਤਾਂ ਉਹ ਉਸ ਵੇਲੇ ਦਿੱਲੀ ਵਿਚ ਸਨ ਅਤੇ ਉਹਨਾ ਨੇ ਉਥੋਂ ਹੀ, ਗੁਰੂ
ਬਾਬੇ ਬਕਾਲੇ ਕਹਿ ਕੇ ਗੁਰਗੱਦੀ ਦੇ ਦਿੱਤੀ ਸੀ।
ਸਿੱਖ ਧਰਮ ਵਿਚ ਇਹ ਆਮ ਦੁਨਿਆਵੀ ਗੁਰੂ ਅਤੇ ਚੇਲੇ ਵਾਲੀ ਗੱਲ ਨਹੀਂ ਹੈ।
ਇੱਥੇ ਤਾਂ ਸੱਚ ਦਾ ਗਿਆਨ ਵੰਡਣ ਵਾਲੀ ਜ਼ਿਮੇਵਾਰੀ ਸੀ, ਜਿਹੜੀ ਕਿ ਯੋਗ ਵਿਆਕਤੀ ਜਾਣ ਕੇ ਅਗਾਂਹ
ਸੌਂਪ ਦਿੱਤੀ ਜਾਂਦੀ ਸੀ। ਇਹ ਸੱਚ ਦਾ ਗਿਆਨ ਹੁਣ ਲਿਖਤੀ ਰੂਪ ਵਿਚ ਸਿੱਖਾਂ ਦੇ ਕੋਲ ਗੁਰੂ ਗ੍ਰੰਥ
ਸਾਹਿਬ ਦੇ ਰੂਪ ਵਿਚ ਹੈ। ਹਰ ਕੋਈ ਵਿਆਕਤੀ ਇਸ ਗਿਆਨ ਤੋਂ ਸੇਧ ਲੈ ਕੇ ਆਪਣਾ ਜੀਵਨ ਸੁਧਾਰ ਸਕਦਾ
ਹੈ।
ਇਹ ਦਸਮ ਗ੍ਰੰਥੀ ਟੋਲਾ ਜਿਹੜਾ ਕਿ ਇਕ ਭੰਗੀ ਜਿਹੇ ਵਿਆਕਤੀ ਦੇ ਮਗਰ ਲੱਗਿਆ
ਹੋਇਆ ਹੈ। ਨਿਹੰਗ ਤਕਰੀਬਨ ਸਾਰੇ ਹੀ ਭੰਗ ਛਕਦੇ ਹਨ ਹੋ ਸਕਦਾ ਹੈ ਇਹ ਨਾ ਛਕਦਾ ਹੋਵੇ। ਇਹਨਾ
ਸਾਰਿਆਂ ਦਾ ਮੁਖ ਮਕਸਦ ਪ੍ਰੋ: ਸਾਹਿਬ ਸਿੰਘ ਨੂੰ ਨੀਵਾਂ ਦਿਖਾ ਕੇ ਉਸ ਦੇ ਟੀਕੇ ਵਿਚ ਵੱਧ ਤੋਂ ਵੱਧ
ਨੁਕਸ ਕੱਢ ਕੇ ਉਹਨਾ ਵਲੋਂ ਇਹ ਸਾਬਤ ਕਰਨਾ ਹੈ ਕਿ ਇਹ ਸਾਰੇ ਮਿਸ਼ਨਰੀ ਵਿਚਾਰ ਵਾਲੇ ਜੋ ਦਸਮ ਗ੍ਰੰਥ
ਨੂੰ ਰੱਦ ਕਰਦੇ ਹਨ ਪ੍ਰੋ: ਸਾਹਿਬ ਸਿੰਘ ਦੇ ਪਿੱਛਲੱਗ ਹਨ। ਜੇ ਕਰ ਪ੍ਰੋ: ਸਾਹਿਬ ਸਿੰਘ ਦੇ ਕੀਤੇ
ਟੀਕੇ ਨੂੰ ਹੀ ਰੱਦ ਕਰਕੇ ਗਲਤ ਸਾਬਤ ਕਰ ਦਈਏ ਤਾਂ ਹੋ ਸਕਦਾ ਹੈ ਕਿ ਇਹ ਮਿਸ਼ਨਰੀ ਵਿਚਾਰਾਂ ਵਾਲੇ
ਦਸਮ ਗ੍ਰੰਥ ਦੀ ਵਿਰੋਧਤਾ ਛੱਡ ਦੇਣ। ਜੇ ਕਰ ਇਹ ਦਸਮ ਗ੍ਰੰਥੀਏ ਇਸ ਤਰ੍ਹਾਂ ਸੋਚਦੇ ਹਨ ਤਾਂ ਉਹਨਾ
ਦਾ ਇਹ ਇਕ ਬਹੁਤ ਵੱਡਾ ਭਰਮ ਹੈ। ਉਹਨਾ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਇੱਥੇ
‘ਸਿੱਖ ਮਾਰਗ’ ਤੇ ਕਈ ਵਾਰੀ ਲਿਖ ਚੁੱਕੇ ਹਾਂ ਕਿ ਅਸੀਂ ਪ੍ਰੋ: ਸਾਹਿਬ ਸਿੰਘ ਨੂੰ ਇਕ ਵੱਡਾ ਵਿਦਵਾਨ
ਮੰਨਦੇ ਹੋਏ ਵੀ ਗਲਤੀਆਂ ਰਹਿਤ ਨਹੀਂ ਮੰਨ ਸਕਦੇ। ਇੱਥੇ ਲਿਖਣ ਵਾਲੇ ਕਈ ਲਿਖਾਰੀ ਪਹਿਲਾਂ ਹੀ ਕਈ
ਵਾਰੀ ਉਹਨਾ ਵਲੋਂ ਕੀਤੇ ਕਈ ਅਰਥ ਰੱਦ ਕਰ ਚੁੱਕੇ ਹਨ। ਪਰ ਫਿਰ ਵੀ ਸਾਰੇ ਇਹ ਮੰਨਦੇ ਹਨ ਹੁਣ ਤੱਕ
ਦੇ ਹੋਏ ਟੀਕਿਆਂ ਵਿਚੋਂ ਉਹਨਾ ਦਾ ਕੀਤਾ ਟੀਕਾ ਕੁੱਝ ਗਲਤੀਆਂ ਦੇ ਬਾਵਜੂਦ ਵਧੀਆ ਹੈ। ਜੇ ਕਰ ਆਉਣ
ਵਾਲੇ ਸਮੇ ਵਿਚ ਇਸ ਵਿਚਲੀਆਂ ਰਹਿ ਗਈਆਂ ਉਣਤਾਈਆਂ ਨੂੰ ਦੂਰ ਕਰਕੇ ਕੋਈ ਹੋਰ ਚੰਗਾ ਟੀਕਾ ਤਿਆਰ ਹੋ
ਜਾਵੇ ਫਿਰ ਉਸ ਨੂੰ ਮੰਨਿਆਂ ਜਾ ਸਕਦਾ ਹੈ।
ਇਹ ਭੰਗ ਪੀਣੇ ਦਸਮ ਗ੍ਰੰਥੀਆਂ ਦਾ ਟੋਲਾ ਅਤੇ ਡੇਰੇਦਾਰ ਸਾਧਾਂ ਦਾ ਟੋਲਾ ਇਕ
ਗੱਲ ਚੰਗੀ ਤਰ੍ਹਾਂ ਸਮਝ ਲਏ ਅਤੇ ਕੰਧ ਤੇ ਲਿਖਿਆ ਪੜ੍ਹ ਲਏ ਕਿ ਹੁਣ ਆਮ ਸਿੱਖ ਦਸਮ ਗ੍ਰੰਥ ਦੇ ਕੂੜ
ਅਤੇ ਲੁੱਚ ਪੁਣੇ ਨੂੰ ਸਮਝ ਰਹੇ ਹਨ। ਉਹਨਾ ਨੂੰ ਹੁਣ ਸ਼ਬਦਾ ਦੇ ਹੇਰ ਫੇਰ ਵਿਚ ਨਾ ਤਾਂ ਵਰਗਲਾਇਆ
ਜਾ ਸਕਦਾ ਹੈ ਅਤੇ ਨਾ ਹੀ ਕਥਿਤ ਪੁਜਾਰੀਆਂ ਦੀ ਕਿਸੇ ਧੌਂਸ ਅੱਗੇ ਝੁਕਾਇਆ ਜਾ ਸਕਦਾ ਹੈ। ਗੁਰੂ
ਗ੍ਰੰਥ ਸਾਹਿਬ ਸਿੱਖਾਂ ਦੇ ਪੂਰੇ ਅਤੇ ਸਮਰੱਥ ਗੁਰੂ ਹਨ। ਇਹ ਸਿੱਖਾਂ ਨੂੰ ਹਰ ਤਰ੍ਹਾਂ ਦੀ ਸੇਧ ਦੇਣ
ਦੇ ਸਮਰੱਥ ਹਨ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸਿੱਖ ਗੁਰਬਾਣੀ ਗਿਆਨ ਨੂੰ ਗੁਰੂ ਮੰਨ ਕੇ
ਇਸ ਤੋਂ ਸੇਧ ਲੈਂਦੇ ਆ ਰਹੇ ਹਨ ਅਤੇ ਅਗਾਂਹ ਨੂੰ ਵੀ ਇਸੇ ਤਰ੍ਹਾਂ ਲੈਂਦੇ ਰਹਿਣਗੇ।