.

ਸਤਸੰਗਤ ਅਤੇ ਚਰਣ

ਵੀਰ ਭੁਪਿੰਦਰ ਸਿੰਘ

ਰੋਜ਼ਾਨਾ ਜ਼ਿੰਦਗੀ ਵਿੱਚ ਅਕਸਰ ਇਹ ਸੁਣਨ ਨੂੰ ਮਿਲਦਾ ਹੈ ਕਿ ਸਾਡੇ ਘਰ ਚਰਣ ਪਾਓ, ਸੰਗਤਾਂ ਦੇ ਚਰਣ ਸਾਡੇ ਘਰ ਪੈ ਜਾਣ, ਗੁਰੂ ਦੇ ਚਰਣ ਪਰਸ ਆਈਏ, ਚਰਣ ਘੁਟ ਆਈਏ ਜਾਂ ਸੰਗਤ ਵਿੱਚ ਜਾਣ ਦੀ ਬੜੀ ਮਹਿਮਾ ਹੈ ਇਸ ਲਈ ਸੰਗਤ ਕਰ ਆਈਏ। ਇਸ ਕਿਸਮ ਦੇ ਬੜੇ ਸਾਰੇ ਬੋਲ ਜਾਂ ਅਖਾਣ ਅਕਸਰ ਸੁਣਨ ਨੂੰ ਮਿਲਦੇ ਹਨ ਪਰ ਅਸੀਂ ਉਨ੍ਹਾਂ ਬਾਰੇ ਸੱਚ ਨੂੰ ਸਮਝੇ ਬਿਨਾਂ ਬੜੇ ਸਾਰੇ ਅੰਧਵਿਸ਼ਵਾਸਾਂ ਰਾਹੀਂ ਕਰਮ-ਕਾਂਡ ਕਰਦੇ ਰਹਿੰਦੇ ਹਾਂ।

ਆਓ! ਜ਼ਰਾ ਗੁਰਬਾਣੀ ਰਾਹੀਂ ਸਮਝੀਏ ਕਿ ‘ਚਰਣ' ਅਤੇ ‘ਸਤਸੰਗਤ' ਦਾ ਕੀ ਅਰਥ ਹੈ? ਚਰਣ ਪਰਸਣ ਦਾ ਅਤੇ ਸਤਸੰਗਤ ਵਿੱਚ ਜਾਣ ਦਾ ਕੀ ਮਹੱਤਵ ਹੈ?

ਸੰਗਤ ਤਾਂ ਕੋਈ ਵੀ ਕੀਤੀ ਜਾ ਸਕਦੀ ਹੈ ਭਾਵੇਂ ਭੈੜੇ ਮਨੁੱਖਾਂ ਦੀ, ਅਗਿਆਨੀਆਂ ਦੀ, ਕਰਮਕਾਂਡੀ ਲੋਕਾਂ ਦੀ, ਪਾਪੀਆਂ ਦੀ, ਅਖੌਤੀ ਆਸਤਕਾਂ ਦੀ ਤੇ ਭਾਵੇਂ ਚੰਗੇ ਇਨਸਾਨਾਂ ਦੀ।

ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ।। (ਗੁਰੂ ਗ੍ਰੰਥ ਸਾਹਿਬ, ਪੰਨਾ 95)

ਭਾਵ ਸੱਚ ਦੀ ਸੰਗਤ ਤੋਂ ਬਿਨਾਂ ਸਾਡਾ ਅੰਤਰ ਆਤਮਾ ਮੈਲਾ ਹੋ ਜਾਂਦਾ ਹੈ। ਜ਼ੋਰ ਇਸ ਗੱਲ ਤੇ ਦਿੱਤਾ ਗਿਆ ਹੈ ਕਿ ਐ ਮਨੁੱਖ ਜੇਕਰ ਤੈਨੂੰ ਸਤਸੰਗਤ ਪ੍ਰਾਪਤ ਨਹੀਂ ਹੁੰਦੀ ਤਾਂ ਤੇਰੇ ਅੰਤਰ-ਆਤਮੇ ’ਚ ਮੈਲ ਭਰ ਜਾਏਗੀ। ਜਿਸ ਸੰਗਤ ਵਿੱਚ ਬੈਠ ਕੇ ਸਾਡੇ ਅੰਤਰ-ਆਤਮੇ ’ਚ ਮੈਲ ਹੋਰ ਵੱਧਦੀ ਹੋਵੇ ਉਹ ‘ਸਤਸੰਗਤ ਨਹੀਂ ਕੁਸੰਗਤ' ਹੈ।

ਇਸ ਕਰਕੇ ਸੱਚ ਦੀ ਸੰਗਤ ਬਾਰੇ ਸਾਨੂੰ ਸਹੀ ਵਿਚਾਰਧਾਰਾ ਸਮਝਣੀ ਪਵੇਗੀ ਕਿ ਸਤਸੰਗਤ ਕਿਸਨੂੰ ਕਹਿੰਦੇ ਹਨ? ਜਾਂ ਸਤਸੰਗਤ ਦੀ ਕੀ ਮਹਤਤਾ ਹੁੰਦੀ ਹੈ? ਜਾਂ ‘‘ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ'' ਕੀ ਹੁੰਦਾ ਹੈ? ਅਤੇ ‘‘ਬਿਨੁ ਸੰਗਤਿ ਮੈਲੁ ਭਰੀਜੈ ਜੀਉ'' ਅਨੁਸਾਰ ਮੈਲ ਕਿਵੇਂ ਲਗਦੀ ਹੈ? ਸਤਸੰਗਤਿ ਕੈਸੀ ਜਾਣੀਐ।। ਜਿਥੈ ਏਕੋ ਨਾਮੁ ਵਖਾਣੀਐ।। (ਗੁਰੂ ਗ੍ਰੰਥ ਸਾਹਿਬ, ਪੰਨਾ 72) ਅਨੁਸਾਰ ਜਿੱਥੇ ਕੇਵਲ ਸੱਚ ਦੀ ਵਿਚਾਰ ਹੋਵੇ ਉਸ ਨੂੰ ਹੀ ਸਤਸੰਗਤ ਕਿਹਾ ਜਾ ਸਕਦਾ ਹੈ, ਸੱਚ ਦੀ ਵਿਚਾਰ ਹੀ ਸਤਸੰਗਤ ਦੀ ਕਸਵੱਟੀ ਹੈ। ਪਰ ਲੋਕਾਂ ਨੂੰ ਭੁਲੇਖਾ ਪੈ ਗਿਆ, ਲੋਕਾਂ ਨੇ ਸੋਚ ਲਿਆ ਕਿ ਸੰਗਤ ਦੀ ਬੜੀ ਮਹਿਮਾ ਹੈ, ਸੰਗਤ ਦੇ ਦਰਸ਼ਨ ਕਰ ਆਈਏ, ਸੰਗਤ ਵਿੱਚ ਹੋ ਆਈਏ ਪਰ ਜੇਕਰ ਉੱਥੇ ਸੱਚ ਦੀ ਵਿਚਾਰ ਨਹੀਂ ਹੋ ਰਹੀ ਜਾਂ ਸੱਚ ਦੀ ਵਿਚਾਰ ਹੋ ਵੀ ਰਹੀ ਹੁੰਦੀ ਹੈ ਤਾਂ ਅਸੀਂ ਨਿੰਦਾ ਚੁਗਲੀ ਕਰਕੇ ਜਾਂ ਲੋਕਾ ਨੂੰ ਵੇਖ ਕੇ ਖਾਲੀ ਭਾਂਡੇ ਵਾਂਗੂੰ ਹੀ ਘਰ ਮੁੜ ਆਉਂਦੇ ਹਾਂ।

ਜੇ ਕੇਵਲ ਲੋਕਾਂ ਦਾ ਇਕੱਠਾ ਹੋਣਾ ਹੀ ਸੰਗਤ ਦੀ ਕਸਵੱਟੀ ਹੋਵੇ ਤਾਂ ਕੈਸੀਨੋ ਵਿੱਚ ਕਈ ਸਾਰੇ ਲੋਕੀਂ ਜੂਆ ਖੇਡ ਰਹੇ ਹੁੰਦੇ ਹਨ, ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਹੁੰਦੇ ਹਨ, ਕੈਬਰੇ ਵਿੱਚ, ਸਿਨੇਮਾ ਘਰ ‘ਚ ਜਾਂ ‘ਵਿਆਹ' ‘ਚ ਇੱਕਠੇ ਹੁੰਦੇ ਹਨ, ਨੱਚ ਗਾ ਰਹੇ ਹੁੰਦੇ ਹਨ, ਕੀ ਉਸਨੂੰ ਸੰਗਤ ਕਹਾਂਗੇ? ਕੇਵਲ ਛੇ-ਸਤ ਮਨੁੱਖਾਂ, ਪਚੱਹਤਰ ਜਾਂ ਇਕ ਕਰੋੜ ਮਨੁੱਖਾਂ ਦੀ ਭੀੜ ਨੂੰ ਸਤਸੰਗਤ ਨਹੀਂ ਕਿਹਾ ਜਾ ਸਕਦਾ। ਬਲਕਿ ਜੇ ਕੇਵਲ ਦੋ ਮਨੁੱਖ ਕਿਤੇ ਵੀ ਰੱਲ ਕੇ ਸੱਚ ਦੀ ਵਿਚਾਰ ਕਰ ਰਹੇ ਹੋਣ ਤਾਂ ਉਸ ਨੂੰ ਸਤਸੰਗਤ ਕਹਿੰਦੇ ਹਨ। ਬਲਕਿ ਇਹ ਵੀ ਵਿਚਾਰਨਯੋਗ ਹੈ ਕਿ ‘‘ਜੇ ਕੋਈ ਮਨੁੱਖ ਇਕੱਲਾ ਹੈ ਪਰ ਆਤਮਕ ਅਤੇ ਮਾਨਸਕ ਰੂਪ ’ਚ ਸੱਚ ਦੇ ਗਿਆਨ ਨਾਲ ਜੁੜਿਆ ਹੈ ਤਾਂ ਉਸਨੂੰ ਵੀ ਸਤਸੰਗਤ ਹੀ ਕਹਿਣਾ ਉਚਿਤ ਹੋਵੇਗਾ।’’ ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ।। ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ।। (ਗੁਰੂ ਗ੍ਰੰਥ ਸਾਹਿਬ, ਪੰਨਾ 10) ਪਰਮ ਪਦ ਪਾਇਆ ਭਾਵ ਉਹ ਤੁਰੀਆ ਅਵਸਥਾ, ਉਹ ਨਿਰਵਾਣ ਪਦ, ਸੱਚਖੰਡ ਦੀ ਅਵਸਥਾ, ਬੈਕੁੰਠ ਵਿੱਚ ਅਪੜਨ ਦੀ ਅਵਸਥਾ ਪ੍ਰਾਪਤ ਕਰ ਲਈ।

ਸਾਨੂੰ ਕਈ ਸੱਜਣ ਪੁੱਛਦੇ ਹਨ ਕਿ ਤੁਸੀਂ ’ਦਿ ਲਿਵਿੰਗ ਟਰੈਯਰ' ਦਾ ਨਿਸ਼ਾਨ ਕੀ ਬਣਾਇਆ ਹੋਇਆ ਹੈ? ਮੈਂ ਉਨ੍ਹਾਂ ਸੱਜਣਾ ਨਾਲ ਇਹ ਸਾਂਝ ਕਰਨੀ ਚਾਹੁੰਦਾ ਹਾਂ ਕਿ ਇਹ ਨਿਸ਼ਾਨ ਕੋਈ ਧਰਮੀ ਚਿਨ੍ਹ ਜਾਂ ਸਾਡੀ ਕੋਈ ਕਾਢ ਨਹੀਂ ਹੈ। ਇਹ ਸਿਰਫ ਇਕ ਸੁਨੇਹਾ ਦੇਣ ਦਾ ਜਤਨ ਹੈ ‘‘ਜੇ ਪੇੜ ਨੂੰ ਪਾਣੀ ਪ੍ਰਾਪਤ ਨਾ ਹੋਵੇ ਤਾਂ ਉਸਦੇ ਪੱਤੇ ਸੁੱਕ ਜਾਂਦੇ ਹਨ ਪਰ ਜੇਕਰ ਪੇੜ ਨੂੰ ਧਰਤੀ ਤੋਂ ਪੂਰਾ-ਪੂਰਾ ਪਾਣੀ ਅਤੇ ਖਾਣਾ ਮਿਲਦਾ ਰਹੇ ਤਾਂ ਪੱਤੇ ਹਰੇ ਰਹਿੰਦੇ ਹਨ ਜਾਂ ਸੁੱਕੇ ਵੀ ਹਰੇ ਹੋ ਜਾਂਦੇ ਹਨ।’’ ਇਸੇ ਤਰ੍ਹਾਂ ਜਿਹੜੇ ਮਨੁੱਖੀ ਹਿਰਦੇ ਰੂਪੀ ਪੱਤੇ ਅਗਿਆਨਤਾ ਕਾਰਨ ਸੁੱਕੇ ਹੋਏ ਹਨ ਜੇਕਰ ਉਹ ਗੁਰੂ ਦਾ ਗਿਆਨ (ਸੱਚ ਦਾ ਗਿਆਨ) ਰੂਪੀ ਪਾਣੀ ਲੈ ਲੈਣ ਤਾਂ ਉਹ ‘‘ਸੂਕੇ ਹਰੇ ਕੀਏ ਖਿਨ ਮਾਹੇ’’ ਅਨੁਸਾਰ ਹਰੇ-ਭਰੇ ਹੋ ਜਾਂਦੇ ਹਨ।

ਸਚਿਆਰ ਸਿਖ ਬੈਠੇ ਸਤਿਗੁਰ ਪਾਸਿ।। ਭਾਵ ਸਚਿਆਰ ਮਨੁੱਖ ਸਤਿਗੁਰ (ਸੱਚ ਦਾ ਗਿਆਨ) ਕੋਲ ਬੈਠਦੇ ਹਨ। ਇਥੋਂ ਇਹ ਗੱਲ ਸਮਝ ਆਈ ਕਿ ਸਤਸੰਗਤ ਵਿੱਚ ਜਾ ਕੇ ਸਤਿਗੁਰ ਕੋਲ ਬੈਠਣ ਦਾ ਭਾਵ ਇਹ ਹੈ ਕਿ ਐ ਮਨੁੱਖ ! ਸੱਚ ਦੀ ਸੰਗਤ ਵਿੱਚ ਜਾ ਕੇ ਗੁਰੂ ਦੀ ਗੱਲ ਸੁਣ ਅਤੇ ਜੋ ਸਮਝ ਪਏ ਉਸਨੂੰ ਪੱਲੇ ਬੰਨ੍ਹ ਅਤੇ ਉਸੀ ਦਾ ਹੀ ਸੰਗ ਕਰਦਾ ਕਰਦਾ ਆਤਮਕ ਤੌਰ ਤੇ ਉੱਚਾ ਹੋ ਕੇ ਹਮੇਸ਼ਾ ਐਸੀ ਸੱਚ ਦੀ ਸੰਗਤ ਨਾਲ ਜੁੜਿਆ ਰਹਿ। ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ।। ਇਸ ਸ਼ਬਦ ਰਾਹੀਂ ਇਹ ਸਮਝਾਇਆ ਗਿਆ ਹੈ ਕਿ ਮਧੂ ਮੱਖੀਆਂ ਇਕੱਠੀਆਂ ਹੋ ਕੇ ਸ਼ਹਿਦ ਇਕੱਠਾ ਕਰਦੀਆਂ ਹਨ ਤੇ ਫਿਰ ਉਸ ਸ਼ਹਿਦ ਨੂੰ ਮਾਣਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਸੱਚ ਦੀ ਸੰਗਤ ਵਿੱਚ ਜਾ ਕੇ, ਗਿਆਨ ਰੂਪੀ ਸ਼ਹਿਦ ਇਕੱਠਾ ਕਰਕੇ ਉਸ ਗਿਆਨ ਨੂੰ ਆਪਣੇ ਜੀਵਨ ਵਿੱਚ ਮਾਣਿਆ, ਜੀਵਿਆ ਜਾ ਸਕਦਾ ਹੈ। ਪਰ ਜੇ ਮੱਖੀਆਂ ਇਕੱਲੀਆਂ-ਇਕੱਲੀਆਂ ਫਿਰਦੀਆਂ ਰਹਿਣ, ਉਹ ਨਾ ਤਾਂ ਛੱਤਾ ਬਣਾ ਸਕਦੀਆਂ ਹਨ ਅਤੇ ਨਾ ਹੀ ਸ਼ਹਿਦ ਇਕੱਠਾ ਕਰ ਸਕਦੀਆਂ ਹਨ। ਇਸੇ ਤਰ੍ਹਾਂ ਗਿਆਨ ਰੂਪੀ ਸ਼ਹਿਦ ਇਕੱਠਾ ਕਰਨ ਲਈ ਸੱਚ ਦੀ ਸੰਗਤ ਵਿਚ ਜਾਈਦਾ ਹੈ ਅਤੇ ਸੱਚ ਦੀ ਸੰਗਤ ਭਾਵ ਸੱਚੇ ਗਿਆਨ ਦੀ ਸੰਗਤ ਕਰਨੀ ਮਨੁੱਖ ਲਈ ਲਾਹੇਵੰਦ ਹੈ।

ਸੱਚ ਦੀ ਸੰਗਤ ਵਿੱਚ ਚਲੇ ਜਾਣ ਨਾਲ ਦਰਅਸਲ ਹੁੰਦਾ ਕੀ ਹੈ? ਸਤਸੰਗਤ ਵਿੱਚ ‘‘ਗਿਆਨ ਗੁਰੂ'' (ਸ਼ਬਦ ਗੁਰੂ) ਦੀ ਕਿਰਪਾ ’ਚ ਸੱਚ ਦਾ ਗਿਆਨ ਮਿਲਦਾ ਹੈ ਗੁਰੂ ਦੇ ਨਕਸ਼ੇ ਕਦਮ ਤੇ ਚਲਣਾ, ਸੱਚੇ ਮਾਰਗ ਤੇ ਟੁਰਨਾ ਆ ਜਾਂਦਾ ਹੈ।

ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਹੁੰਦੀ ਹੈ, ਸੱਚ ਦੀ ਵਿਚਾਰ ਹੁੰਦੀ ਹੈ, ਸਤਸੰਗਤ ਹੁੰਦੀ ਹੈ। ਅਸੀਂ ਉੱਥੇ ਜਾਈਏ, ਬੈਠੀਏ ਅਤੇ ਸੁਣੀਏ ਪਰ ਗੁਰਬਾਣੀ ਮੁਤਾਬਕ ਆਪਣੇ ਅੰਦਰ ਝਾਤੀ ਮਾਰ ਕੇ ਅਵਗੁਣਾਂ ਨੂੰ ਜੇ ਛੱਡ ਨਹੀਂ ਰਹੇ, ਸਾਡੇ ਜੀਵਨ ਵਿੱਚ ਜੇ ਬਦਲਾਹਟ ਨਹੀਂ ਆ ਰਹੀ ਤਾਂ ਅਸੀਂ ਸੱਚ ਦੀ ਸੰਗਤ ਦਾ ਲਾਹਾ ਲੈ ਹੀ ਨਹੀ ਰਹੇ। ਇਸ ਕਰਕੇ ਹੀ ਲੋਕੀ ਇਹ ਕਹਿਣ ਲਗਦੇ ਹਨ, ਕਿ ਫਲਾਣਾ ਬੰਦਾ ਗੁਰਦੁਆਰੇ ਵੀ ਜਾਂਦਾ ਹੈ, ਸੰਗਤ ਵਿੱਚ ਵੀ ਬੈਠਦਾ ਹੈ ਪਰ ਇਸਦਾ ਜੀਵਨ ਉਸ ਅਨੁਸਾਰ ਨਹੀਂ ਹੈ। ਕਈ ਲੋਕੀ ਸਾਡੀ ਅਵਗੁਣਾਂ ਭਰਪੂਰ ਜੀਵਨੀ ਦੇਖ ਕੇ ਕਹਿੰਦੇ ਹਨ ਕਿ ਇਹ ਮਨੁੱਖ ਬਾਣੀ ਵੀ ਪੜ੍ਹਦਾ ਹੈ, ਕਿਤਨਾ ਗੁਸੈਲ ਅਤੇ ਭੈੜੇ ਬੋਲ ਬੇਲਦਾ ਹੈ, ਇਸਦਾ ਅਮਲੀ ਜੀਵਨ ਉਸ ਅਨੁਸਾਰ ਨਹੀਂ ਹੈ, ਕਾਰਨ ਇਹ ਹੈ ਕਿ ਅਸੀਂ ਬਾਣੀ ਸੁਣਨ, ਵਿਚਾਰਨ ਦੇ ਬਾਵਜੂਦ ਵੀ ਆਪਣੇ ਅਵਗੁਣ ਨਹੀਂ ਛੱਡਦੇ। ਇਸ ਗਲ੍ਹ ਨੂੰ ਇਕ ਦ੍ਰਿਸ਼ਟਾਂਤ ਰਾਹੀ ਸਮਝਣ ਦਾ ਜਤਨ ਕਰੀਏ।

ਇਕ ਵਾਰੀ ਇਕ ਭੰਵਰਾ ਭੂੰਡ ਨੂੰ ਕਹਿੰਦਾ ਹੈ ਕਿ, ‘‘ਤੂੰ ਇਹ ਵਿਸ਼ਟਾ ਖਾਂਦਾ ਰਹਿੰਦਾ ਹੈਂ, ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਫੁੱਲਾਂ ਦੀ ਖੁਸ਼ਬੂ ਲੈ ਕੇ ਦੇ ਸਕਦਾ ਹਾਂ।'' ਭੂੰਡ ਮੰਨਦਾ ਨਹੀਂ ਹੈ। ਭੰਵਰਾ ਉਸਨੂੰ ਬਾਰ-ਬਾਰ ਇਸ ਗੱਲ ਬਾਰੇ ਕਹਿੰਦਾ ਰਹਿੰਦਾ ਹੈ। ਆਖਿਰਕਾਰ ਇਕ ਦਿਨ ਭੰਵਰਾ ਭੂੰਡ ਨੂੰ ਮਨਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ। ਭੰਵਰਾ ਉਸਨੂੰ ਦੱਸਦਾ ਹੈ ਕਿ ਇੰਜ ਫੁੱਲ ਉੱਤੇ ਬੈਠ ਕੇ ਖੁਸ਼ਬੂ ਦਾ ਆਨੰਦ ਲਈਦਾ ਹੈ। ਉਹ ਦੋਨੋਂ ਵੱਖਰੇ-ਵੱਖਰੇ ਫੁੱਲ ਉੱਤੇ ਬੈਠ ਜਾਂਦੇ ਹਨ। ਸ਼ਾਮ ਪੈ ਜਾਂਦੀ ਹੈ, ਖੁਸ਼ਬੂ ਮਾਣਦਿਆਂ-ਮਾਣਦਿਆਂ ਦੋਨਾਂ ਨੂੰ ਪਤਾ ਹੀ ਨਹੀਂ ਲੱਗਦਾ ਤੇ ਉਹ ਦੋਨੋ ਫੁੱਲ ਵਿੱਚ ਹੀ ਬੰਦ ਹੋ ਜਾਂਦੇ ਹਨ। ਸਾਰੀ ਰਾਤ ਦੋਨੋ ਫੁੱਲ ਵਿੱਚ ਹੀ ਰਹਿੰਦੇ ਹਨ। ਦੂਜੇ ਦਿਨ ਸਵੇਰੇ ਜਦੋਂ ਫੁੱਲ ਖਿੜਦੇ ਹਨ ਤਾਂ ਭੰਵਰਾ ਛੇਤੀ ਨਾਲ ਉਡ ਕੇ ਭੂੰਡ ਕੋਲ ਜਾਂਦਾ ਹੈ ਅਤੇ ਉਸਨੂੰ ਕਹਿੰਦਾ ਹੈ ਕਿ, ‘‘ਕਿਤਨਾ ਮਜ਼ਾ ਆਇਆ, ਕਿਤਨਾ ਆਨੰਦ ਆਇਆ, ਸਾਰੀ ਰਾਤ ਖੁਸ਼ਬੂ ਮਾਣੀ।'' ਭੂੰਡ ਉਸਨੂੰ ਕਹਿੰਦਾ ਹੈ, ‘‘ਨਹੀਂ, ਬਿਲਕੁਲ ਵੀ ਨਹੀਂ, ਮੈਨੂੰ ਤਾਂ ਕੋਈ ਆਨੰਦ ਨਹੀਂ ਆਇਆ, ਸਗੋਂ ਸਾਰੀ ਰਾਤ ਬਦਬੂ ਹੀ ਆਉਂਦੀ ਰਹੀ।'' ਭੰਵਰਾ ਬੜਾ ਹੈਰਾਨ ਹੋਇਆ ਅਤੇ ਸੋਚਣ ਲੱਗਾ ਕਿ ਜਿਸ ਫੁੱਲ ਤੇ ਮੈਂ ਬੈਠਾ ਸੀ ਉੁਸੇ ਤਰ੍ਹਾਂ ਦੇ ਫੁੱਲ ਤੇ ਹੀ ਭੂੰਡ ਬੈਠਾ ਸੀ ਫਿਰ ਇਸਨੂੰ ਖੁਸ਼ਬੂ ਕਿਉਂ ਨਹੀਂ ਆਈ। ਭੰਵਰੇ ਨੇ ਕੁਝ ਸੋਚ ਕੇ ਭੂੰਡ ਨੂੰ ਮੂੰਹ ਖੋਲਣ ਲਈ ਕਿਹਾ। ਭੰਵਰੇ ਨੇ ਦੇਖਿਆ ਕਿ ਉਸ ਨੇ ਵਿਸ਼ਟਾ, (ਗੰਦਗੀ) ਦੀ ਰੋੜੀ ਜਿਹੀ ਬਣਾ ਕੇ ਆਪਣੇ ਮੂੰਹ ਵਿੱਚ ਇਕ ਪਾਸੇ ਰੱਖੀ ਹੋਈ ਸੀ। ਹੁਣ ਉਸਨੂੰ ਖੁਸ਼ਬੂ ਕਿਥੋਂ ਆਏ।

ਇਸੀ ਤਰ੍ਹਾਂ ਅਸੀਂ ਜੇ ਸੱਚ ਦੀ ਸੰਗਤ ਤਾਂ ਕਰੀਏ ਪਰ ਆਪਣੇ ਅਵਗੁਣ ਨਾ ਛੱਡੀਏ ਤਾਂ ਅਸੀਂ ਉਸ ਭੂੰਡ ਦੀ ਤਰ੍ਹਾਂ ਹੀ ਸੁਗੰਧਿਤ ਫੁੱਲ ਰੂਪੀ ਸੰਗਤ ਵਿੱਚ ਤਾਂ ਭਾਵੇਂ ਜਾ ਰਹੇ ਹਾਂ ਪਰ ਵਿਸ਼ਟਾ ਰੂਪੀ ਆਪਣੇ ਅਵਗੁਣ ਛੱਡਣ ਨੂੰ ਤਿਆਰ ਨਹੀਂ ਹਾਂ।

ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ।। ਅਸੀਂ ਸੱਚ ਰੂਪੀ ਅੰਮ੍ਰਿਤ ਛੱਡ ਕੇ ਬਿਖਿਆ ਰੂਪੀ ਝੂਠ ਨਾਲ ਜੁੜੇ ਰਹਿੰਦੇ ਹਾਂ। ਜੇ ਅਸੀਂ ਨਿੰਦਾ, ਚੁਗਲੀ, ਦੂਜਿਆਂ ਦਾ ਵਿਗਾੜ ਕਰਨ ਦੀ ਸੋਚ, ਕਾਮ, ਕੋ੍ਰਧ, ਲੋਭ, ਮੋਹ ਅਤੇ ਹੰਕਾਰ ਵਿੱਚ ਖੱਚਤ ਰਹੀਏ ਤਾਂ ਅਸੀਂ ਕਿਸ ਤਰ੍ਹਾਂ ਸੱਚ ਰੂਪੀ ਅੰਮ੍ਰਿਤ ਦਾ ਸੰਗ ਕਰ ਸਕਦੇ ਹਾਂ।

ਬਿਸਰਿ ਗਈ ਸਭ ਤਾਤਿ ਪਰਾਈ।। ਜਬ ਤੇ ਸਾਧਸੰਗਤਿ ਮੋਹਿ ਪਾਈ।। ਅਨੁਸਾਰ ਜਦੋਂ ਅਸੀਂ ਸੰਗਤ ਵਿੱਚ ਜਾਂਦੇ ਹਾਂ ਭਾਵ ਜਦੋਂ ਸਾਨੂੰ ਸਤਸੰਗਤ ਪ੍ਰਾਪਤ ਹੁੰਦੀ ਹੈ ਤਾਂ ਸਾਡੇ ਵਿੱਚੋਂ ਪਰਾਈ ਨਿੰਦਾ, ਵੈਰ, ਵਿਰੋਧ, ਈਰਖਾ ਜੈਸੇ ਅਨੇਕਾਂ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ। ਇਸੇ ਤਰ੍ਹਾਂ : ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ।। ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ।। (ਗੁਰੂ ਗ੍ਰੰਥ ਸਾਹਿਬ, ਪੰਨਾ 809)

ਭਾਵੇਂ ਅਸੀਂ ਇਕ ਤੋਂ ਵੱਧ ਮਨੁੱਖਾਂ ਦੀ ਸੰਗਤ ਪ੍ਰਾਪਤ ਕਰੀਏ, ਭਾਵੇਂ ਸੱਚ ਨੂੰ ਇਕਲਿਆਂ ਬੈਠ ਕੇ ਪੜ੍ਹੀਏ, ਸਮਝੀਏ ਅਤੇ ਵਿਚਾਰੀਏ ਲੇਕਿਨ ਕਸਵੱਟੀ ਮੰਨਣੀ ਪਵੇਗੀ ਕਿ ਜਿਸ ਮਨੁੱਖ ਦੇ ਮਨ ਤੋਂ ਵਿਕਾਰਾਂ ਦੀ ਮੈਲ ਉਤਰ ਗਈ ਹੈ, ਸੁਭਾਅ ਅਤੇ ਆਦਤਾਂ ਚੰਗੇ ਗੁਣਾਂ ਵਾਲੀਆਂ ਬਣ ਗਈਆਂ ਹਨ ਤਾਂ ਪੱਕਾ ਜਾਣੋ ਕਿ ‘‘ਐਸਾ ਮਨੁੱਖ ਸੱਚ ਦੀ ਸੰਗਤ ਪ੍ਰਾਪਤ ਕਰਦਾ ਹੈ।''

ਇਸ ਦੇ ਟਾਕਰੇ ਤੇ ਜੇਕਰ ਅਸੀਂ ਇਕ ਤੋਂ ਵੱਧ ਜਾਂ ਢੇਰ ਮਨੁੱਖਾਂ ਦੇ ਇਕੱਠ ਦੇ ਦਰਸ਼ਨ ਕਰ ਲਈਏ, ਸੰਗਤ ਸਮਝ ਕੇ ਉਨ੍ਹਾਂ ਦੇ ਵਿੱਚ ਚਲੇ ਜਾਈਏ, ਅਖੌਤੀ ਸੰਤ ਬਾਬੇ ਦੀ ਸ਼ਰਣ ਚਲੇ ਜਾਈਏ, ਹਾਜਰੀ ਲਵਾ ਆਈਏ, ਉਨ੍ਹਾਂ ਦੇ ਦਰਸ਼ਨ ਕਰ ਆਈਏ ਪਰ ਆਪਣੇ ਮਨ ਦੀ ਮੈਲ ਉਤਾਰਨ ਲਈ ਕੋਈ ਸੁਨੇਹਾ ਨ ਲਈਏ (ਜਾਂ ਉਥੋਂ ਕੋਈ ਸੁਨੇਹਾ ਨਾ ਮਿਲੇ) ਅਤੇ ਸਾਡੇ ਜੀਵਨ ਵਿੱਚੋਂ ਅਵਗੁਣ ਨ ਮਿਟਣ, ਨਾ ਕੋਈ ਬਦਲਾਹਟ ਆਏ ਤਾਂ ਸਮਝੋ ਸਾਡਾ ਜੀਵਨ ਵਿਅਰਥ/ਅਜਾਈਂ ਜਾ ਰਿਹਾ ਹੈ। ਸੋ ਸੱਚ ਦੀ ਸੰਗਤ ਦਾ ਭਾਵ ਅਰਥ ਹੈ ਕਿ ਭਾਵੇਂ ਇੱਕ ਤੋਂ ਵੱਧ ਮਨੁਖਾਂ ਵਿੱਚ ਜਾਵੋ ਤੇ ਭਾਵੇਂ ਇਕੱਲੇ ਹੋਵੋ ਪਰ ਸੰਗਤ ਕਰਨੀ ਪਵੇਗੀ ‘‘ਸਚ ਦੀ'' ਭਾਵ ਚੰਗੇ ਗੁਣਾਂ ਦੀ, ਸਤਿਗੁਰ ਦੀ ਮੱਤ ਦੀ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਇਆ ਹੈ :- ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ।। (ਗੁਰੂ ਗ੍ਰੰਥ ਸਾਹਿਬ, ਪੰਨਾ 766)

ਚਰਣ ਲਫਜ਼ ਦੇ ਕੀ ਭਾਵ ਅਰਥ ਹਨ? ਆਮ ਤੌਰ ਤੇ ਲੋਕ ਇਹ ਕਹਿੰਦੇ ਹਨ ਕਿ ‘ਸਾਡੇ ਘਰ ਚਰਣ ਪਾਓ ਜੀ,' ‘ਸੰਗਤਾਂ ਦੇ ਚਰਣ ਸਾਡੇ ਘਰ ਪੈ ਜਾਣ' ਜਾਂ ‘ਗੁਰੂ ਦੇ ਚਰਣ ਪਰਸ ਆਈਏ', ‘ਚਰਣ ਘੁੱਟ ਆਈਏ' ਆਦਿ ਗੱਲਾਂ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਸੁਣਦੇ ਅਤੇ ਆਪ ਵੀ ਕਹਿੰਦੇ ਹਾਂ। ਸਤਸੰਗਤ ਬਾਰੇ ਵਿਚਾਰ ਕਰਦੇ ਹੋਏ ਅਸੀਂ ਇਹ ਸਮਝ ਚੁੱਕੇ ਹਾਂ ਕਿ ਗੁਰੂ ਸਰੀਰਕ ਨਹੀਂ ਹੁੰਦਾ। ਅਸੀਂ ਇਹ ਵੀ ਸਮਝ ਚੁੱਕੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਸ ਪੀਹੜੇ ਜਾਂ ਪਾਲਕੀ ਵਿੱਚ ਹੈ ਉਸ ਦੇ ਪਾਵੇ ਗੁਰੂ ਜੀ ਦੇ ਚਰਣ ਨਹੀਂ ਹਨ। ਮਨੁੱਖ ਨੂੰ ਆਪਣਾ ਜੀਵਨ ਉੱਚਾ ਕਰਣ ਵਾਸਤੇ, ਉੱਚੀ ਆਤਮਕ ਅਵਸਥਾ ਮਾਣਨ ਵਾਸਤੇ ਇਸਦੇ ਸਾਰੇ ਅਵਗੁਣਾਂ ਨੂੰ ਮਿਟਾ ਕੇ ਸੱਚ ਤਕ ਪਹੁੰਚਣ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਹੀਂ ਜੋ ਜਤਨ ਕੀਤਾ ਹੈ, ਉਹ ਹੀ ਸੱਚਾ ਗਿਆਨ ਹੈ, ਉਹ ਹੀ ਗੁਰੂ ਦੇ ਚਰਣ ਹਨ, ਉਹ ਹੀ ਗੁਰੂ ਦੀ ਮੱਤ ਹੈ। ਉਸ ਅਨੁਸਾਰ ਚਲਣ ਨੂੰ ਹੀ ਗੁਰਬਾਣੀ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ : ਗੁਰਸਿਖ ਮੀਤ ਚਲਹੁ ਗੁਰ ਚਾਲੀ।। ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ।। (ਗੁਰੂ ਗ੍ਰੰਥ ਸਾਹਿਬ, ਪੰਨਾ 667) ਭਾਵ ਹੇ ਮੇਰੇ ਮਿੱਤਰੋ (ਇੰਦ੍ਰੀਓ)! ਗਿਆਨ ਗੁਰੂ ਦੀ ਚਾਲ ਚਲੋ ਤੇ ਦੱਸੇ ਗਏ ਸੱਚ ਦੇ ਗਿਆਨ ਅਨੁਸਾਰ ਆਪਣਾ ਜੀਵਨ ਜੀਵੋ, ਉਸ ਰਾਹ ਤੇ ਟੁਰੋ, ਉਸਤੇ ਟੁਰਨ ਵਿਚ ਹੀ ਸਾਡੀ ਭਲਾਈ ਹੈ। ਗਿਆਨ ਗੁਰੂ ਅਨੁਸਾਰ ਆਪਣਾ ਜੀਵਨ ਬਣਾਓ ਤਾਂ ‘‘ਹਰਿ ਹਰਿ ਕਥਾ ਨਿਰਾਲੀ।।'' ਸਮਝ ਆ ਜਾਵੇਗਾ। ਗੁਰਬਾਣੀ ਵਿੱਚ ਆਏ ‘ਚਰਣ' ਲਫ਼ਜ਼ ਦੇ ਭਾਵ ਅਰਥਾਂ ਨੂੰ ਹੋਰ ਡੂੰਘਾਈ ਵਿੱਚ ਸਮਝਣ ਲਈ ਆਓ ਗੁਰਬਾਣੀ ਤੋਂ ਹੀ ਕੁਝ ਹੋਰ ਉਦਾਹਰਣਾਂ ਲਈਏ। ਚਰਨ ਚਲਉ ਮਾਰਗਿ ਗੋਬਿੰਦ।। (ਗੁਰੂ ਗ੍ਰੰਥ ਸਾਹਿਬ, ਪੰਨਾ 281) ਮਾਈ ਚਰਨ ਗੁਰ ਮੀਠੇ।। (ਗੁਰੂ ਗ੍ਰੰਥ ਸਾਹਿਬ, ਪੰਨਾ 717) ਜੇਕਰ ਇਨ੍ਹਾਂ ਸ਼ਬਦਾਂ ਵਿੱਚ ਆਏ ‘ਚਰਨ' ਲਫ਼ਜ਼ ਦੇ ਅਰਥ ਸਰੀਰਕ ਚਰਣ ਹੋਣ ਤਾਂ ਫਿਰ ਕਿਹੜੇ ਵਾਲੇ ਗੁਰੂ ਦੇ ਮੀਠੇ ਚਰਣਾਂ ਦੀ ਗੱਲ ਇੱਥੇ ਕੀਤੀ ਗਈ ਹੈ। ਅਸੀਂ ਉਪਰ ਸਮਝ ਆਏ ਹਾਂ ਕਿ ਗੁਰੂ, ਸ਼ਬਦ ਗੁਰੂ (ਗਿਆਨ ਗੁਰੂ) ਹੈ ਪਰ ਫਿਰ ਵੀ ਜੇਕਰ ਕੋਈ ਮਨੁੱਖ, ਸ਼ਬਦ ਗੁਰੂ ਦੇ ਬਦਲੇ ਸਰੀਰਕ ਗੁਰੂ ਮੰਨ ਲਵੇ ਤਾਂ ਕਦੇ ਵੀ ਕਿਸੇ ਸਰੀਰਕ ਗੁਰੂ ਦੇ ਚਰਨ ਮਿੱਠੇ ਤਾਂ ਹੁੰਦੇ ਹੀ ਨਹੀਂ। ਪਰ ਦੇਹਧਾਰੀ ਗੁਰੂ ਆਪਣੇ ਚਰਨਾਂ ਨੂੰ ਮਿੱਠਾ ਸਮਝ ਕੇ ਆਪਣੇ ਚਰਨਾਂ ਦੀ (ਅਖੌਤੀ) ਪਾਹੁਲ ਦੁਨੀਆ ਨੂੰ ਛਕਾਉਂਦੇ ਰਹਿੰਦੇ ਹਨ। ਉਹ ਆਪਣੇ ਪੈਰ ਨੂੰ ਬਾਟੇ ਵਿੱਚ ਰਖਦੇ ਹਨ ਅਤੇ ਉਹਦੇ ਵਿੱਚ ਪਾਣੀ ਪਾਉਂਦੇ ਹਨ। ਫਿਰ ਪਾਣੀ ਦੇ ਨਾਲ ਆਪਣੀ ਚਰਨ ਪਾਹੁਲ (ਅਖੌਤੀ ਅੰਮ੍ਰਿਤ) ਬਣਾ ਕੇ ਲੋਕਾਂ ਨੂੰ ਸ਼ੀਤ ਪ੍ਰਸਾਦ ਦੇ ਨਾਂ ਹੇਠਾਂ ਛਕਾਉਂਦੇ ਰਹਿੰਦੇ ਹਨ।

ਸਾਨੂੰ ਭਾਈ ਗੁਰਦਾਸ ਜੀ ਦੀ ਇਸ ਪੰਕਤੀ ਰਾਹੀਂ ਭੁਲੇਖਾ ਪੈ ਗਿਆ ਕਿ ਗੁਰੂ ਪਾਤਸ਼ਾਹ ਵੀ ਆਪਣੇ ਚਰਨਾਂ ਦੀ ਪਾਹੁਲ ਪਿਲਾ ਕੇ ਸਿੱਖ ਬਣਾਂਦੇ ਸੀ। ਉਸ ਦਾ ਸਹੀ ਭਾਵ ਅਰਥ ਵਿਚਾਰਨਾ ਜਰੂਰੀ ਹੈ ਕਿਉਂਕਿ ਅਸੀਂ ਗਲਤ ਅਰਥ ਸਮਝੀ ਬੈਠੇ ਹਾਂ। ਆਓ ਸਮਝੀਏ ਭਾ. ਗੁਰਦਾਸ ਜੀ ਦੀ ਵਾਰ ਪਹਿਲੀ, ਪਉੜੀ 23 ਦੀ ਇਸ ਪੰਕਤੀ ਦਾ ਕੀ ਭਾਵ ਅਰਥ ਹੈ ‘‘ਚਰਣ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾ ਪੀਲਾਇਆ।’’ ਜੇ ਕਰ ਗੁਰਮਤ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤਾਂ ਅਨੁਸਾਰ ਭਾਈ ਗੁਰਦਾਸ ਜੀ ਦੀ ਇਸ ਪੰਕਤੀ ਦੇ ਭਾਵ ਅਰਥ ਵਿਚਾਰੀਏ ਤਾਂ ਲਗਦਾ ਹੈ ਕਿ ‘‘ਸੱਚ ਦੇ ਮਾਰਗ ਤੇ ਟੁਰਨ ਲਈ ਗਿਆਨ ਰੂਪੀ ਅੰਮ੍ਰਿਤ ਸਿੱਖਾਂ ਨੂੰ ਪਿਲਾਇਆ।’’

ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਸਿਧਾਂ ਨੇ ਪੁਛਿਆ ‘‘ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ।।’’ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਉਨ੍ਹਾਂ ਨੂੰ ਜਵਾਬ ਦੇਂਦੇ ਹੋਏ ਕਹਿ ਰਹੇ ਹਨ ਕਿ : ਸਬਦੁ ਗੁਰੂ ਸੁਰਤਿ ਧੁਨਿ ਚੇਲਾ।।’’ (ਗੁਰੂ ਗ੍ਰੰਥ ਸਾਹਿਬ, ਪੰਨਾ 943) ਤਾਂ ਉਹ ਆਪਣੇ ਆਪ ਨੂੰ ਗੁਰੂ ਨਹੀਂ ਮੰਨਦੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ‘‘ਸਬਦੁ ਗੁਰੂ'' ਵਾਲੀ ਵਿਚਾਰ ਨੂੰ ਜੇਕਰ ਘੋਖ ਕੇ ਪੜਾਂਗੇ ਤਾਂ ਪਤਾ ਲਗੇਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤ ਅਨੁਸਾਰ ਸਰੀਰਕ, ਸ਼ਖ਼ਸੀ, ਦੇਹਧਾਰੀ ਗੁਰੂ ਜਾਂ ਚੇਲਾ ਨਹੀਂ ਹੁੰਦਾ ਹੈ। ਗੁਰਮਤ ਦੇ ਸਿਧਾਂਤ ਦੀ ਕਸਵੱਟੀ ਅਨੁਸਾਰ ‘ਸ਼ਬਦ ਗੁਰੂ' ਹੁੰਦਾ ਹੈ ਅਤੇ ਮਨੁੱਖ ਦੀ ‘ਸੁਰਤ ਚੇਲਾ' ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਕਿਸੇ ਵੀ ਮਨੁੱਖ ਨੂੰ ਆਪਣੇ ਅੰਗੂਠੇ ਜਾਂ ਚਰਣਾਂ ਨੂੰ ਛੁਹਾ ਕੇ ਅਖੌਤੀ ਅੰਮ੍ਰਿਤ ਨਹੀਂ ਸਨ ਪਿਲਾਉਂਦੇ ਬਲਕਿ ਉਸਦੀ ਸੁਰਤ ਨੂੰ ਉਚਿਆਂ ਕਰਣ ਲਈ ਗਿਆਨ ਗੁਰੂ, (ਬਿਬੇਕ ਬੁੱਧੀ ਵਾਲਾ) ਸੱਚੇ ਗਿਆਨ ਦਾ ਅੰਮ੍ਰਿਤ ਪਿਆਉਂਦੇ ਸਨ ਅਤੇ ਇਹੋ ਵਿਚਾਰ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਗੁਰੂ ਨਾਨਕ ਪਾਤਸ਼ਾਹ ਬਾਰੇ ਉਚਾਰੀ ਹੈ ਕਿ ‘‘ਚਰਣ ਧੋਇ ਰਹਰਾਸਿ ਕਰਿ ਚਰਣਾਮ੍ਰਿਤ ਸਿਖਾ ਪੀਲਾਇਆ।'' ਸੋ ਗਿਆਨ ਗੁਰੂ ਦੇ ਲੜ ਲੱਗਣਾ ਹੀ ਚਰਣਾਮ੍ਰਿਤ ਪੀਣ ਦਾ ਲਖਾਇਕ ਹੈ। ਅੱਜ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਦੀਆਂ ਫੋਟੋਆਂ ਬਣੀਆਂ ਹੋਈਆਂ ਹਨ, ਉਨ੍ਹਾਂ ਫੋਟੋਆਂ ਵਿੱਚ ਨਾਨਕ ਸਾਹਿਬ ਕੋਲ ਸਿੱਧਾਂ ਜੋਗੀਆਂ ਵਾਲੀ ਇੱਕ ਚਿੱਬੀ ਪਈ ਹੈ ਤੇ ਥੱਲੇ ਪੰਕਤੀ ਲਿੱਖੀ ਹੈ : ਮਾਥੇ ਤਿਲਕੁ ਹਥਿ ਮਾਲਾ ਬਾਨਾਂ।। ਲੋਗਨ ਰਾਮੁ ਖਿਲਉਨਾ ਜਾਨਾ।। (ਗੁਰੂ ਗ੍ਰੰਥ ਸਾਹਿਬ, ਪੰਨਾ 1158)

ਇਹ ਫੋਟੋ ਅਤੇ ਮਾਲਾ ਇਤਿਆਦਿ ਗੁਰੂ ਨਾਨਕ ਪਾਤਸਾਹ ਨਾਲ ਜੋੜ ਦਿੱਤੀ ਗਈ ਹੈ। ਇਸ ਪੰਕਤੀ ਦਾ ਇਹ ਅਰਥ ਨਹੀਂ ਹੈ ਪਰ ਲਫ਼ਜ਼ੀ ਅਰਥਾਂ ਕਾਰਨ, ਲੋਕਾਂ ਨੂੰ ਭੁਲੇਖੇ ਵਿੱਚ ਪਾਉਣ ਲਈ ਇਹ ਪੰਕਤੀ ਇੱਥੇ ਲਿੱਖ ਦਿੱਤੀ ਗਈ। ਨਾ ਤਾਂ ਗੁਰੂ ਨਾਨਕ ਸਾਹਿਬ ਮਾਲਾ ਫੇਰਦੇ ਸਨ ਅਤੇ ਨਾ ਹੀ ਤਿਲਕ ਲਗਾਉਂਦੇ ਸਨ ਪਰ ਉਨ੍ਹਾਂ ਦੀ ਤਸਵੀਰ ਹੀ ਇਸ ਤਰ੍ਹਾਂ ਬਣਾ ਦਿੱਤੀ। ਇਸ ਤਰੀਕੇ ਦੇ ਨਾਲ ਕੋਸ਼ਿਸ਼ ਇਹ ਕੀਤੀ ਗਈ ਕਿ ਗੁਰਬਾਣੀ ਵਿੱਚ ਤਾਂ ਕੋਈ ਰਲਾਅ ਕਰ ਨਹੀਂ ਸਕਦਾ ਇਸ ਕਰਕੇ ਗੁਰੂਆਂ ਦੇ ਨਾਲ ਅਜਿਹੀਆਂ ਮਿੱਥਹਾਸਕ ਕਹਾਣੀਆਂ ਅਤੇ ਫੋਟੋਆਂ ਜੋੜ ਕੇ, ਸੱਚ ਨੂੰ ਝੁਠਲਾਉਣ ਦਾ ਕੋਝਾ ਜਤਨ ਕੀਤਾ ਗਿਆ।

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤਾਂ ਅਨੁਸਾਰ ਸੱਚੇ ਮਾਰਗ ਨੂੰ ‘ਗੁਰੂ ਕੇ ਚਰਣ' ਕਹਿੰਦੇ ਹਨ, ਗੁਰੂ ਦੀ ਮਤ ਅਨੁਸਾਰ ਜੋ ਮਿਠਾਸ ਪ੍ਰਾਪਤ ਹੁੰਦੀ ਹੈ, ਵਿਗਾਸ ਖੇੜਾ ਪ੍ਰਾਪਤ ਹੁੰਦਾ ਹੈ, ਉਸੇ ਨੂੰ ‘‘ਮਾਈ ਚਰਨ ਗੁਰ ਮੀਠੇ।।’’ ਭਾਵ ਸ਼ਬਦ ਗੁਰੂ, ਗਿਆਨ-ਗੁਰੂ ਕਹਿੰਦੇ ਹਨ। ਅਵਗੁਣਾਂ ਨੂੰ ਛੱਡਣ ਅਤੇ ਆਪਣੇ ਜੀਵਨ ਨੂੰ ਆਤਮਕ ਤੌਰ ਤੇ ਉੱਚਾ ਕਰਨ ਬਾਰੇ ਜੋ ਦ੍ਰਿੜਾਇਆ ਜਾਂਦਾ ਹੈ, ਉਸ ਅਨੁਸਾਰ ਟੁਰਨਾ ਹੀ ‘‘ਗੁਰ ਚਰਣੀ ਚਿੱਤ ਲਾਈਏ'' ਕਹਿਲਾਉਂਦਾ ਹੈ। ਪਰ ਜਿਹੜੇ ਲੋਕ ਸਰੀਰਕ ਗੁਰੂ ਨੂੰ ਆਪਣਾ ਗੁਰੂ ਮੰਨਦੇ ਹਨ, ਉਹ ਲੋਕੀ ਦੇਹਧਾਰੀ (ਸਰੀਰਕ) ਅਖੌਤੀ, ਸ਼ਖ਼ਸੀ ਗੁਰੂ ਦੇ ਚਰਣਾਂ ਵੱਲ ਹੀ ਇੱਕਟੱਕ ਬਿਨਾਂ ਪਲਕਾਂ ਝਪਕਾਏ ਦੇਖਦੇ ਰਹਿੰਦੇ ਹਨ ਅਤੇ ਸੋਚਦੇ ਹਨ ਕਿ ਇਹ ‘ਗੁਰ ਚਰਣੀ ਚਿੱਤ ਲਾਈਏ’ ਹੋ ਗਿਆ ਜੋ ਕਿ ਅਗਿਆਨਤਾ ਕਾਰਣ ਉਨ੍ਹਾਂ ਦਾ ਭਰਮ-ਭੁਲੇਖਾ ਹੈ। ਕਈ ਲੋਕੀਂ ਕਹਿੰਦੇ ਹਨ, ‘ਆਓ ਗੁਰੂ ਜੀ ਦੇ ਚਰਣ ਪਰਸ ਆਈਏ' ਉਹ ਸਮਝਦੇ ਹਨ ਜੇਕਰ ਅਸੀਂ ਪੀਹੜੇ ਨੂੰ ਘੁਟ ਆਈਏ, ਪਾਲਕੀ ਨੂੰ ਘੁਟ ਆਈਏ ਤਾਂ ਸ਼ਾਇਦ ਅਸੀਂ ਗੁਰੂ ਦੇ ਚਰਣ ਪਰਸ ਆਏ ਹਾਂ ਪਰ ਗੁਰੂ ਨਾਨਕ ਪਾਤਸ਼ਾਹ ਮਨੁੱਖ ਨੂੰ ਸਰੀਰਕ ਗੁਰੂ ਦੀ ਖੇਡ ਤੋਂ ਬਚਾਉਣਾ ਚਾਹੁੰਦੇ ਹਨ ਤੇ ਗਿਆਨ ਗੁਰੂ, ਸ਼ਬਦ ਗੁਰੂ ਨਾਲ ਜੋੜਨਾ ਚਾਹੁੰਦੇ ਹਨ। ਜੇਕਰ ਗੁਰੂ ਦੀ ਦੱਸੀ ਹੋਈ ਨਸੀਹਤ ਉੱਤੇ ਅਸੀਂ ਟੁਰ ਪਈਏ ਅਤੇ ਗੁਰੂ ਦੇ ਚਰਣ ਇਸ ਤਰੀਕੇ ਨਾਲ ਸਮਝ ਲਈਏ ਤਾਂ ਸਾਨੂੰ ਪੂਰੀ ਖੇਡ ਸਮਝ ਆ ਜਾਵੇਗੀ। ‘ਸੰਗਤਾਂ ਦੇ ਚਰਣ ਘਰ ਪੁਆ ਲਈਏ' ਵਾਲੀ ਗੱਲ ਨੂੰ ਜੇਕਰ ਮੰਨ ਵੀ ਲਈਏ ਤਾਂ ਕਿਸੇ ਦੇ ਚਰਣ ਕਿਤੇ ਪੁਆਣ ਨਾਲ ਕੁਝ ਹੁੰਦਾ ਵੀ ਹੈ ਜਾਂ ਨਹੀਂ ਇਹੋ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤਾਂ ਚੋਂ ਸਮਝਣਾ ਹੈ। ਮਨੁੱਖਾਂ ਦਾ ਘਰ ਆਉਣਾ ਸਤਸੰਗਤ ਦੇ ਚਰਣ ਪੁਆਉਣਾ ਨਹੀਂ ਹੈ ਬਲਕਿ ਸਤਸੰਗਤ ਕਰਨ ਆਏ ਮਨੁੱਖਾਂ ਨੇ ਗਿਆਨ-ਗੁਰੂ ਦੀ ਵਿਚਾਰ ਕੀਤੀ ਤਾਂ ਇਹੋ ਚਰਣ ਪੁਆਉਣ ਦਾ ਲਖਾਇਕ ਹੈ।

ਐਸੀ ਕਿਰਪਾ ਮੋਹਿ ਕਰਹੁ ।। ਸੰਤਹ ਚਰਣ ਹਮਾਰੋ ਮਾਥਾ ਨੈਨ ਦਰਸੁ ਤਨਿ ਧੂਰਿ ਪਰਹੁ ।।੧।।ਰਹਾਉ।। ਪੰਕਤੀ ਦੇ ਅਰਥ ਜੇ ਓਪਰੀ ਤੌਰ ’ਤੇ ਵੇਖੀਏ ਤਾਂ ਕੋਈ ਵੀ ਮਨੁੱਖ ਸਰੀਰਕ ਗੁਰੂ ਜਾਂ ਸਰੀਰਕ ਸੰਤ ਦੇ ਚਰਨਾਂ ’ਚ ਹਮੇਸ਼ਾ ਲਈ ਆਪਣਾ ਸਰੀਰਕ ਮੱਥਾ ਨਹੀਂ ਰੱਖ ਸਕਦਾ - ਬਲਕਿ ਗਿਆਨ ਗੁਰੂ ਰਾਹੀਂ ਆਤਮਕ ਜੀਵਨ ਉਚਿਆਂ ਕਰ ਲਈਏ ਤਾਂ ਸਾਡੀ ਮੱਤ (ਮਾਥਾ) ਹਮੇਸ਼ਾ ਲਈ ਗਿਆਨ ਗੁਰੂ ਦੇ ਚਰਨਾਂ ’ਤੇ ਟਿਕੀ ਰਹਿ ਸਕਦੀ ਹੈ।

ਉਦਾਹਰਣ ਦੇ ਤੌਰ ਤੇ ਪ੍ਰਿਥੀ ਚੰਦ ਵੀ ਗੁਰੂ ਘਰ ਵਿੱਚ ਹੀ ਰਹਿੰਦਾ ਸੀ ਪਰ ਪ੍ਰਿਥੀ ਚੰਦ ਦੀ ਮੱਤ ਬਦਲੀ ਨਹੀਂ। ਦੂਜੇ ਪਾਸੇ ਜੇਕਰ ਸਰੀਰਕ ਤੌਰ ਤੇ ਚਰਣ ਪਾਣ ਦੀ ਗੱਲ ਹੁੰਦੀ ਤਾਂ ਗੁਰੂ ਪਾਤਸ਼ਾਹ ਸਜੱਣ ਠੱਗ ਦੇ ਘਰ ਸਰੀਰਕ ਤੌਰ ਤੇ ਜਾਂਦੇ ਹਨ ਅਤੇ ਉਸ ਦੇ ਘਰ ਚਰਣ ਵੀ ਪਾਂਦੇ ਹਨ ਪਰ ਸੱਜਣ ਠੱਗ ਕੇਵਲ ਗਿਆਨ-ਗੁਰੂ ਨਾਲ ਬਦਲਦਾ ਹੈ। ਜਦੋਂ ਗੁਰੂ ਸਾਹਿਬ ਸੂਹੀ ਰਾਗ ਵਿੱਚ ਇਹ ਸ਼ਬਦ ਪੜ੍ਹਦੇ ਹਨ: ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ।। ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ।।੧।।ਰਹਾਉ।। ਕੋਠੋ ਮੰਡਪ ਮਾੜੀਆ ਪਾਸਹੁ ਚਿਤਵੀਆਹਾ।। ਢਠੀਆ ਕੰਮਿ ਨ ਆਵਨੀ ਵਿਚਹੁ ਸਖਣੀਆਹਾ।।੨।। ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ।। ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ।।੩।। (ਗੁਰੂ ਗ੍ਰੰਥ ਸਾਹਿਬ, ਪੰਨਾ 729)

ਉਸ ਸੱਜਣ (ਠੱਗ) ਨੇ ਰਹਾਉ ਪਦਾ ਸੁਣਿਆ ਪਰ ਸੋਚਿਆ ਕਿ ਮੇਰੇ ਬਾਰੇ ਨਹੀਂ ਕਹਿ ਰਹੇ। ਜਦੋਂ ਤੀਜਾ ਪਦਾ ਸ਼ੁਰੂ ਕੀਤਾ ਤਾਂ ਉਸਨੂੰ ਥੋੜਾ-ਥੋੜਾ ਲੱਗਣ ਲਗਾ ਕਿ ਮੇਰੇ ਬਾਰੇ ਕਹਿ ਰਹੇ ਹਨ ਕਿਉਂਕਿ ਉਹ ਆਪ ਚਿੱਟੇ, ਅਖੌਤੀ ਧਾਰਮਕ ਕਪੜੇ ਪਾਉਂਦਾ ਸੀ, ਤੀਰਥ ਦੇ ਕਿਨਾਰੇ ਤੇ ਰਹਿੰਦਾ ਸੀ ਪਰ ਇਸ ਸਭ ਧਾਰਮਕ ਦਿਖਾਵੇ ਨਾਲ, ਲੋਕਾਂ ਨਾਲ ਮਿੱਠਾ ਬੋਲ ਕੇ ਉਨ੍ਹਾਂ ਨੂੰ ਠੱਗ ਲੈਂਦਾ ਸੀ। ਜਿਵੇਂ ਬਗਲਾ ਇਕ ਟੰਗ ਤੇ ਖੜਾ ਹੋ ਕੇ ਆਪਣੇ ਆਪ ਨੂੰ ਧਰਮੀ ਵਿਖਾ ਕੇ, ਸਮਾਧੀ ਲਗਾਉਂਦਾ ਹੈ ਪਰ ਜਿਉਂ ਹੀ ਮੱਛੀ ਆਉਂਦੀ ਹੈ ਖਾ ਜਾਂਦਾ ਹੈ। ਸੱਜਣ (ਠੱਗ) ਨੂੰ ਲੱਗਾ ਮੈਂ ਵੀ ਤੇ ਬਗਲੇ ਵਾਂਗ ਹੀ ਚਿੱਟੇ ਕਪੜੇ ਪਾਏ ਹੋਏ ਹਨ, ਤੀਰਥ ਦੇ ਕੰਢੇ ਤੇ ਰਹਿੰਦਾ ਹਾਂ ਅਤੇ ਆਪਣੇ ਆਪ ਨੂੰ ਧਰਮੀ ਵਿਖਾ ਕੇ, ਲੋਕਾਂ ਨੂੰ ਲੁੱਟ ਰਿਹਾ ਹਾਂ, ਬਗਲੇ ਵਾਲੇ ਕੰਮ ਹੀ ਤਾਂ ਕਰ ਰਿਹਾ ਹਾਂ। ਸੱਜਣ (ਠੱਗ) ਨੂੰ ਥੋੜਾ-ਥੋੜਾ ਮਹਿਸੂਸ ਹੋਣਾ ਸ਼ੁਰੂ ਹੁੰਦਾ ਹੈ ਕਿ ਮੇਰੇ ਬਾਰੇ ਹੀ ਕਹਿ ਰਹੇ ਹਨ। ਸ਼ਬਦ ਦੀ ਅਗਲੀ ਪੰਕਤੀ ਹੈ :

ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿ।। ਸੇ ਫਲ ਕੰਮਿ ਨ ਆਵਨੀ ਤੇ ਗੁਣ ਮੈ ਤਨਿ ਹੰਨਿ।।੪।। (ਗੁਰੂ ਗ੍ਰੰਥ ਸਾਹਿਬ, ਪੰਨਾ 729)

ਇਸ ਤਰੀਕੇ ਨਾਲ ਗੁਰੂ ਸਾਹਿਬ ਸਾਰਾ ਸ਼ਬਦ ਬਿਆਨ ਕਰਦੇ ਹਨ ਤਾਂ ਸੱਜਣ (ਠੱਗ) ਆਪਣੇ ਆਪ ਤੇ ਢੁਕਾਉਂਦਾ ਜਾਂਦਾ ਹੈ। ਜਦੋਂ ਗਿਆਨ ਗੁਰੂ ਦੇ ਚਰਣਾਂ ਨੇ ਉਸਦੀ ਆਤਮਾ ਨੂੰ ਟੁੰਬਿਆ - ਉਸਦਾ ਜੀਵਨ ਬਦਲ ਗਿਆ।

ਗੁਰੂ ਨਾਨਕ ਪਾਤਸ਼ਾਹ ਨੇ ਸਰੀਰਕ ਤੌਰ ਤੇ ਉਸਦੇ ਘਰ ਵਿੱਚ ਚਰਣ ਪਾਏ, ਉਸ ਤੇ ਕੋਈ ਅਸਰ ਨਹੀਂ ਪਰ ਜਿਉਂ-ਜਿਉਂ ਸ਼ਬਦ ਉਸਦੇ ਕੰਨੀ ਪੈਂਦਾ ਜਾਂਦਾ ਹੈ, ਉਹ ਆਪਣੇ ਆਪ ਤੇ ਢੁਕਾਉਂਦਾ ਜਾਂਦਾ ਹੈ। ਉਸਨੂੰ ਗਿਆਨ-ਗੁਰੂ ਰਾਹੀਂ ਸ਼ਬਦ ਦੇ ਪੰਜਵੇਂ ਪਦੇ ਵਿੱਚੋਂ ਪੂਰੀ ਤਰ੍ਹਾਂ ਮਹਿਸੂਸ ਹੋਣ ਲਗਦਾ ਹੈ ਕਿ: ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ।। ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ।। (ਗੁਰੂ ਗ੍ਰੰਥ ਸਾਹਿਬ, ਪੰਨਾ 729)

ਉਹ ਆਪਣੇ ਆਪ ਬਾਰੇ ਸੋਚਦਾ ਹੈ ਕਿ ਜ਼ਿੰਦਗੀ ਦਾ ਰਸਤਾ ਬੜਾ ਬਿਖੜਾ ਪੈਂਡਾ ਹੈ। ਜੇਕਰ ਪਹਾੜੀ ਰਸਤਾ ਹੋਵੇ ਤਾਂ ਬੰਦਾ ਠੀਕ ਤਰ੍ਹਾਂ ਨਾਲ ਟੁਰ ਨਹੀਂ ਸਕਦਾ ਪਰ ਜੇ ਉਸਨੇ ਸਿਰ ਤੇ ਵਜਨ ਚੁਕਿਆ ਹੋਵੇ ਅਤੇ ਪੈਂਡਾ ਵੀ ਕਠਿਨ ਹੋਵੇ ਤਾਂ ਮੁਸ਼ਕਲ ਵੱਧ ਜਾਂਦੀ ਹੈ। ਸੱਜਣ (ਠੱਗ) ਸੋਚਦਾ ਹੈ ਕਿ ਇਹ ਸ਼ਬਦ ਮੇਰੇ ਲਈ ਹੀ ਹੈ, ਮੈਨੂੰ ਹੀ ਸੁਣਾਇਆ ਜਾ ਰਿਹਾ ਹੈ, ਇਸ ਸ਼ਬਦ ਵਿੱਚ ਸਾਰੇ ਉਦਾਹਰਣ, ਸੰਕੇਤ ਮੇਰੇ ਤੇ ਹੀ ਢੁਕਾਏ ਗਏ ਹਨ। ਇਸ ਵਿੱਚ ਕਹਿ ਰਹੇ ਹਨ ਕਿ ਤੇਰੇ ਕੋਲ ਸੱਚੇ ਗਿਆਨ ਵਾਲੀਆਂ ਅੱਖਾਂ ਨਹੀਂ ਹਨ ਅਤੇ ਜ਼ਿੰਦਗੀ ਦਾ ਪੈਂਡਾ ਬਹੁਤ ਬਿਖੜਾ ਹੈ। ਸੱਜਣ (ਠੱਗ) ਆ ਕੇ ਡਿਗ ਪੈਂਦਾ ਹੈ ਭਾਵ ਉਸ ਨੂੰ ਸ਼ਬਦ ਵਿਚਲਾ ਸੁਨੇਹਾ ਸਮਝ ਆ ਜਾਂਦਾ ਹੈ, ਉਹ ਸਮਰਪਣ ਕਰ ਦਿੰਦਾ ਹੈ। ਸ਼ਬਦ ਦੇ ਅਖੀਰ ਵਿੱਚ ਸੱਜਣ ਨੂੰ ਸਮਝਾਉਂਦੇ ਹੋਏ ਗੁਰੂ ਸਾਹਿਬ ਕਹਿੰਦੇ ਹਨ :

ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ।। ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ।। (ਗੁਰੂ ਗ੍ਰੰਥ ਸਾਹਿਬ, ਪੰਨਾ 729)

ਹੇ ਮਨੁੱਖ ! ਤੂੰ ਸੱਚ ਦਾ ਗਿਆਨ ਲੈ ਤਾ ਕਿ ਜਿਹੜਾ ਤੂੰ ਝੂਠ ਦੇ ਨਾਲ ਬੱਧਾ ਹੋਇਆ ਹੈਂ ਛੁੱਟ ਸਕੇਂ। ਹੁਣ ਸਾਡੇ ਸਾਹਮਣੇ ਇਹ ਸਵਾਲ ਖੜਾ ਹੁੰਦਾ ਹੈ ਕਿ, ‘ਸੱਜਣ ਨੇ ਗੁਰੂ ਨਾਨਕ ਪਾਤਸ਼ਾਹ ਦੇ ਸਰੀਰਕ ਚਰਣ ਦੇਖੇ ਜਾਂ ਉਹ ਸ਼ਬਦ ਸੁਣ ਕੇ ਬਦਲ ਗਿਆ, ਸੱਜਣ ਠੱਗ ਤੋਂ ਸੱਜਣ ਬਣ ਗਿਆ। ਸਿੱਖ ਕੌਮ ਦਾ ਮਸ਼ਹੂਰ ਪ੍ਰਚਾਰਕ ਬਣਿਆ, ਚਾਨਣ ਮੁਨਾਰਾ ਬਣਿਆ ਲੇਕਿਨ ਨਾਨਕ ਪਾਤਸ਼ਾਹ ਜੀ ਦੇ ਸਰੀਰਕ ਚਰਣਾਂ ਕਰਕੇ ਨਹੀਂ, ਸਰੀਰਕ ਦਿਦਾਰ ਕਰਕੇ ਨਹੀਂ ਬਲਕਿ ਸ਼ਬਦ ਗੁਰੂ, ਗਿਆਨ ਗੁਰੂ ਦੇ ਕਾਰਨ।

ਗੁਰਬਾਣੀ ਵਿੱਚ ਅਨੇਕਾਂ ਸ਼ਬਦ ਹਨ, ਜਿਨ੍ਹਾਂ ’ਚ ਗੁਰੂ ਕੇ ਚਰਣ, ਗੁਰ ਚਰਣੀ, ਸੰਗਤ ਅਤੇ ਸਾਧ ਸੰਗਤ ਜੈਸੇ ਲਫ਼ਜ਼ ਆਉਂਦੇ ਹਨ, ਸਾਨੂੰ ਸਭ ਨੂੰ ਉਨ੍ਹਾਂ ਬਾਰੇ ਡੂੰਘਿਆਈ ’ਚ ਵਿਚਾਰ ਕਰਕੇ ਗੁਰਮਤ ਦੇ ਅਨੁਸਾਰ ਜੀਵਨ ਜਿਊਣਾ ਚਾਹੀਦਾ ਹੈ ਤਾ ਕਿ ਸਹੀ ਮਾਇਨੇ ’ਚ ‘ਗੁਰੂ ਦੇ ਚਰਣ’ ਅਤੇ ‘ਸਤਸੰਗਤ’ ਨੂੰ ਮਾਣ ਸਕੀਏ।




.