. |
|
ਅਰਦਾਸ
ਵੀਰ ਭੁਪਿੰਦਰ ਸਿੰਘ
ਗੁਰਮਤ ਅਰਦਾਸ ਦਾ ਇਕ ਵਿਕੋਲਿਤਰਾ ਤਰੀਕਾ ਦੁਨੀਆ ਅੱਗੇ ਪੇਸ਼ ਕਰਦੀ ਹੈ। ਜੇ
ਕਰ ਮਨੁੱਖ ਇਸਦੀ ਉੱਚਤਾ ਨੂੰ ਸਮਝੇ ਤਾਂ ਸਹਿਜੇ ਹੀ ਰੱਬੀ ਰਜ਼ਾ ’ਚ ਰਹਿਣਾ ਸਿਖ-ਸਿਖ ਕੇ ਸੰਤੋਖੀ ਹੋ
ਜਾਂਦਾ ਹੈ ਅਤੇ ਨਾਲ ਹੀ ਨਾਲ ਆਪਣੇ ਆਪ ਨੂੰ ਪਛਾਣ ਕੇ ਆਪਣੇ ਅਵਗੁਣਾਂ ਦੀ ਸੁਧਾਈ ਕਰਦਾ ਜਾਂਦਾ ਹੈ
ਤੇ ਇਕ ਪੂਰਨ ਪਰਮ ਮਨੁੱਖ ਭਾਵ ਆਦਰਸ਼ ਮਨੁੱਖ ਬਣਨ ਦੀ ਪ੍ਰੇਰਨਾ ਆਪਣੇ ਆਪ ਨੂੰ ਦੇਣੀ ਸਿੱਖਦਾ ਜਾਂਦਾ
ਹੈ।
ਅਰਦਾਸ ਨੂੰ ਜੇਕਰ ਅਗਿਆਨਤਾ ਵੱਸ ਅਨਮਤੀਆਂ ਦੇ ਅੰਧ-ਵਿਸ਼ਵਾਸਾਂ ਦੀ ਤਰ੍ਹਾਂ,
ਵਰਤਿਆ ਜਾਵੇ ਤਾਂ ਇਸਦੇ ਉੱਚਤਾ ਭਰਪੂਰ ਆਦਰਸ਼ ਨੂੰ ਕਦੀ ਨਹੀਂ ਸਮਝਿਆ ਜਾ ਸਕਦਾ। ਇਸ ਕਰਕੇ
ਅਰਦਾਸ ਨੂੰ ਅਖੌਤੀ ਪ੍ਰਾਰਥਨਾ ਜਾਂ
ਇਬਾਦਤ ਦੇ ਨਜ਼ਰੀਏ ਤੋਂ ਬਿਲਕੁਲ ਵਿਲੱਖਣ ਕਸਵੱਟੀ ਤੇ ਸਮਝਣਾ ਅਤੇ ਪਰਚਾਰਨਾ ਪਵੇਗਾ।
ਆਓ ਇਸ ਵਿਸ਼ੇ ਤੇ ਕੁਝ ਵੀ ਵਿਚਾਰ ਕਰਨ ਤੋਂ ਪਹਿਲਾਂ ਜਾਂ ਸਮਝਣ ਤੋਂ ਪਹਿਲਾਂ
ਨਿਰਪੱਖ ਹੋ ਕੇ ਆਪਣੇ ਆਪ ਤੋਂ ਕੁਝ ਸਵਾਲ ਪੁੱਛੀਏ :
1. ਕੀ ਅਰਦਾਸ ’ਚ ਦੁਨਿਆਵੀ ਪਦਾਰਥ ਮੰਗਣੇ ਸਿਖਾਏ ਗਏ ਹਨ?
2. ਕੀ ਅਰਦਾਸ ’ਚ ਰੱਬੀ ਵਰਤ ਰਹੇ ਹੁਕਮ, ਨਿਯਮ ਭਾਣੇ ਤੋਂ ਉਲਟ ਕੁਝ
ਕਰਾਮਾਤ ਹੋ ਜਾਣ ਦੀ ਮੰਗ ਹੈ?
3. ਕੀ ਅਰਦਾਸ ਵਿੱਚ ਮੰਗੀ ਜਾ ਰਹੀ ਇਨ੍ਹਾਂ ਮੰਗਾਂ ਰਾਹੀਂ ਇਹ ਕਿਹਾ ਜਾ
ਰਿਹਾ ਹੈ ਕਿ, ‘‘ਰਬ ਜੀ ਜੋ ਕਰ ਰਹੇ ਹੋ ਮੈਨੂੰ ਪਸੰਦ ਨਹੀਂ ਆ ਰਿਹਾ।’’
4. ਕੀਤੇ ਬੁਰੇ ਕਰਮਾਂ ਦੇ ਫਲ ਨੂੰ ਭੁਗਤਣਾ ਨਾ ਪਵੇ ਇਸ ਕਰਕੇ ਕੀ ਅਰਦਾਸ
ਰਾਹੀਂ, ਬੇਨਤੀ ਦੇ ਲਹਿਜ਼ੇ ’ਚ ‘‘ਬੀਜੇ ਬਿਖੁ ਮੰਗੈ ਅੰਮ੍ਰਿਤੁ’’ ਵਾਲੀ ਜਾਚਨਾ ਕੀਤੀ ਜਾ ਰਹੀ ਹੈ?
5. ਕੀ, ‘‘ਤੇਰੈ ਘਰਿ ਸਦਾ ਸਦਾ ਹੈ ਨਿਆਉ।।’’ ਨੂੰ ਭੁਲਾ ਕੇ ਕਿਹਾ ਜਾ
ਰਿਹਾ ਹੈ ਕਿ ਰੱਬ ਜੀ ਸਾਡੇ ਪੱਖ ਵਿੱਚ ਹੀ ਫੈਸਲਾ ਕਰਨ ਭਾਵੇਂ ਰੱਬ ਜੀ ਨੂੰ ਨਿਆ ਤੋਂ ਅਨਿਆ ਹੀ
ਕਿਉਂ ਨਾ ਕਰਨਾ ਪਵੇ?
6. ਕੀ ਅਰਦਾਸ ਰਾਹੀਂ ਚਲ੍ਹੀਏ, ਸੁੱਖਣਾ ਅਤੇ ਦੇਣ-ਲੈਣ ਵਾਲੀ ਦੁਨਿਆਵੀ
ਮਿਸਾਲ ਵਰਤ ਕੇ ਰੱਬ ਜੀ ਨਾਲ ਸ਼ਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ?
7. ਕੀ ਅਰਦਾਸ ਰਾਹੀਂ ਰੱਬ ਅਤੇ ਮਨੁੱਖ ਦੇ ਵਿੱਚ ਇਕ ਵਿਚੋਲਾ ਸਾਬਿਤ ਕੀਤਾ
ਜਾ ਰਿਹਾ ਹੈ, ਜੋ ਕਿ ਮਨ ਚਾਹੇ ਕੰਮ ਕਰਵਾ ਸਕਦਾ ਹੈ?
8. ਕੀ ਅਰਦਾਸ ਰਾਹੀਂ ਇਹ ਸਿਖਾਇਆ ਜਾ ਰਿਹਾ ਹੈ ਕਿ ਜੇਕਰ ਸੱਚੇ ਦਿਲੋਂ,
ਭਾਵਨਾ ਨਾਲ, ਵਿਸ਼ਵਾਸ ਨਾਲ ਅਰਦਾਸ ਕਰੋ ਤਾਂ ਰੱਬ ਜੀ ਮੰਨ ਜਾਂਦੇ ਹਨ?
9. ਕੀ ਅਰਦਾਸ ਰਾਹੀਂ ਇਹ ਵਿਸ਼ਵਾਸ ਬਿਠਾਇਆ ਜਾ ਰਿਹਾ ਹੈ ਕਿ ਰੱਬ ਜੀ
ਅੰਤਰਜਾਮੀ ਤਾਂ ਹਨ ਪਰ ! ਜੋ ਕੁਝ ਵਾਪਰ ਰਿਹਾ ਹੈ ਉਸ ਬਾਰੇ ਨਹੀਂ ਜਾਣਦੇ?
10. ਕੀ ਅਰਦਾਸ ਰਾਹੀਂ ਗ਼ਰੀਬ ਤੋਂ ਰਾਤੋ-ਰਾਤ ਅਮੀਰ ਬਣਨ ਦੀ ਲਾਲਸਾ
ਦ੍ਰਿੜਾਈ ਜਾ ਰਹੀ ਹੈ?
ਜੇ ਕਰ ਉਪਰੋਕਤ ਕੀਤੇ ਸਵਾਲ ਅਸੀਂ ਆਪਣੇ ਆਪ ਤੋਂ ਪੁੱਛੀਏ ਅਤੇ ਇਨ੍ਹਾਂ ਦੀ
ਵਿਚਾਰ ਕਰੀਏ ਤਾਂ ਅਸੀਂ ਬਦੋਬਦੀ ਇਹ ਸਮਝਣ ਲਈ ਮਜਬੂਰ ਹੋ ਜਾਵਾਂਗੇ ਕਿ ਗੁਰਮਤ ਵਿੱਚ ਅਰਦਾਸ ਦਾ ਕੀ
ਮਹੱਤਵ ਜਾਂ ਕੀ ਉੱਚਾ ਆਦਰਸ਼ ਹੈ?
ਇਹ ਗੱਲ ਵੀ ਆਪਣੇ ਆਪ ਨਾਲ ਵਿਚਾਰਾਂਗੇ ਕਿ ਜੇਕਰ ਕਿਸੀ ਥਾਂ ਤੇ ਜਾ ਕੇ ਜਾਂ
ਕਿਸੀ ਅਖੌਤੀ ਪਹੁੰਚੇ ਹੋਏ ਸੰਤ ਜੀ ਦੇ ਰਾਹੀਂ, ਰੱਬ ਜੀ ਤੋਂ ਮਨ-ਮੰਗੀਆਂ ਮੁਰਾਦਾਂ ਪਾ ਸਕੀਦਾ ਹੈ
ਤੇ ਹੋਣੀ ਟਾਲ ਕੇ ਕਰਾਮਾਤਾਂ ਕਰਾਈਆਂ ਜਾ ਸਕਦੀਆਂ ਹਨ, ਤਾਂ ਫਿਰ ਪ੍ਰਾਰਥਨਾ, ਇਬਾਦਤ ਵਗੈਰਾ-ਵਗੈਰਾ
ਤੋਂ, ਅਰਦਾਸ ਕਿਉਂ ਤੇ ਕਿਵੇਂ ਮੁਖ਼ਤਲਿਫ ਹੈ, ਇਹੋ ਵਿਚਾਰਨਾ ਜ਼ਰੂਰੀ ਹੈ।
ਅੱਜ ਦੇ ਇਸ ਆਧੁਨਿਕ ਸਾਇੰਸੀ ਯੁੱਗ ’ਚ ਅਰਦਾਸ ਕਿਹੜਾ ਉੱਚਾ ਆਦਰਸ਼ ਮਨੁੱਖਤਾ
ਅਗੇ ਰੱਖਦੀ ਹੈ। ਨਾਲ ਦੇ ਨਾਲ ਇਹ ਵੀ ਸੋਚਨਾ ਹੀ ਪਵੇਗਾ ਕਿ ਜੇ ਕਰ ਅਰਦਾਸ ਵੀ ਅਨਮੱਤੀਆਂ ਵਾਂਗੂੰ
ਰੱਬ ਜੀ ਦੇ ਕੀਤੇ ਤੋਂ ਮੁਨਕਰ ਹੋਕੇ ਆਪਣੀ ਮਨ ਦੀ ਮਨਵਾਉਣ ਵਾਂਗੂੰ ਹੀ ਹੈ ਤਾਂ ! ਗੁਰੂ ਗ੍ਰੰਥ
ਸਾਹਿਬ ਦੀ ਅਨੋਖੀ, ਵਡਮੁੱਲੀ ਅਤੇ ਰਤਨਾਂ ਵਰਗੀ ‘‘ਧੁਰ ਕੀ ਬਾਣੀ'', ਗੁਰੂਆਂ ਦੀਆਂ ਸ਼ਹੀਦੀਆਂ ਅਤੇ
ਦਸਮ ਪਿਤਾ ਦੇ ਸਰਬੰਸ ਵਾਰ ਕੇ ਦਿੱਤੀ ਇਸ ਬਾਣੀ ਦੀ ਉੱਚਤਾ ਨੂੰ ਅਸੀਂ ਕੀ ਸਾਬਿਤ ਕਰਨਾ ਚਾਹੁੰਦੇ
ਹਾਂ?
ਅਰਦਾਸ ਨੂੰ ਉੱਚੇ ਆਦਰਸ਼ਕ ਨਜ਼ਰੀਏ ਨਾਲ ਸਮਝਣ ਲਈ ਪਹਿਲਾਂ ਗੁਰਮਤ ਦੇ ਕੁਝ
ਸਿਧਾਂਤਾਂ ਨੂੰ ਵਿਚਾਰ ਗੋਚਰੇ ਕਰਨਾ ਬਹੁਤ ਅਹਿਮੀਅਤ ਭਰਪੂਰ ਉੱਦਮ ਹੋਵੇਗਾ। ਭਾਵ ਜਦੋਂ ਤਕ ਸਾਨੂੰ
ਗੁਰਮਤ ਦੇ ਸਿਧਾਂਤਾਂ, ਰੱਬਤਾ, ਕੁਦਰਤ ਦੇ ਕਾਨੂੰਨਾਂ, ਦੁਨਿਆਵੀ ਪਦਾਰਥਵਾਦ ਅਤੇ ਰੱਬੀ ਰਜ਼ਾ, ਭਾਣਾ
ਬਾਰੇ ਸਮਝ ਨਹੀਂ ਆਵੇਗੀ ਤਾਂ ਤੱਕ ਅਸੀਂ ‘‘ਅਰਦਾਸ’’ ਬਾਰੇ ਟੱਪਲਾ ਖਾਂਦੇ ਰਹਾਂਗੇ। ਅੱਜ ਤੱਕ ਅਸੀਂ
ਗੁਰਮਤ ਦੇ ਸਿਧਾਂਤਾਂ ਬਾਰੇ ਜੋ ਕੁਝ ਵੀ ਸਮਝੇ ਹਾਂ ਆਓ ਨਿਰਪੱਖ ਹੋ ਕੇ ਉਸ ਦੀ ਵਿਚਾਰ ਸਾਂਝੀ
ਕਰੀਏ।
ਗੁਰਮਤ ਦਾ ਇਕ ਅਨੋਖਾ ਢੰਗ ਹੈ ਜਿਸ ਵਿੱਚ ਅਰਦਾਸ ਨੂੰ ਸੰਗਤੀ ਤੌਰ ਤੇ
ਗੁਰਦੁਆਰਿਆਂ ਜਾਂ ਧਾਰਮਕ ਦੀਵਾਨਾ ’ਚ ਦ੍ਰਿੜਾਇਆ ਜਾਂਦਾ ਹੈ। ਅਕਾਲ ਤਖਤ ਦੀ ਰਹਿਤ ਮਰਿਆਦਾ ’ਚ
ਦਸਿਆ ਗਿਆ ਹੈ ਕਿ ਸਿੱਖ ਦੀ ਰਹਿਣੀ ਦੋ ਕਿਸਮਾਂ ਦੀ ਹੁੰਦੀ ਹੈ
ਇਕ ਸ਼ਖ਼ਸੀ
ਅਤੇ ਦੂਜੀ ਪੰਥਕ।
ਹਾਂ ਪਰ, ਸਿੱਖ ਨੂੰ ਭਾਵ ਖਾਲਸਾ ਅਕਾਲ ਪੁਰਖ ਕੀ ਫੌਜ ਦੇ ਹਰੇਕ ਮੈਂਬਰ ਨੂੰ ਦੋਨੋਂ ਕਿਸਮਾਂ ਦੀ
ਸਿੱਖੀ, ਨਾਲੋ-ਨਾਲ ਹੀ ਅਮਲ ’ਚ ਲਿਆਉਣੀ ਲਾਜ਼ਮੀ ਹੁੰਦੀ ਹੈ। ਇਸੀ ਤਰ੍ਹਾਂ ਗੁਰਮਤ ਦੀ ਅਰਦਾਸ ਨੂੰ
ਵੀ ਜੇ ਕਰ ਅਸੀਂ ਸਮਝੀਏ ਕਿ
ਇੱਕ ਸ਼ਖ਼ਸੀ ਹੁੰਦੀ ਹੈ ਤੇ
ਦੂਜੀ ਪੰਥਕ।
ਇੱਕਲਾ ਸਿੱਖ ਆਪਣੀ ਸ਼ਖ਼ਸੀ ਅਰਦਾਸ ਰਹਿਤ ਮਰਿਆਦਾ ਅਨੁਸਾਰ ਜਾਂ ਜਿਸ ਵੀ ਰੂਪ ’ਚ ਕਰਦਾ ਹੈ ਇਹ ਉਸਨੇ
ਬਾਣੀ ਪੜ੍ਹ ਕੇ ਤੇ ਗੁਰੂ ਹੁਕਮਾਂ ਨੂੰ ਸੁਣ, ਮੰਨ ਕੇ ਆਪ ਸਿੱਖਣੀ ਤੇ ਅਮਲ ਕਰਨ ਵਾਲੀ ਕਰਨੀ ਹੈ।
ਜਦੋਂ ਵੀ ਇਕ ਤੋਂ ਵੱਧ ਸਿੱਖ ਹੋ ਜਾਣ ਭਾਵ ਸੰਗਤ ਰੂਪ ਹੋ ਜਾਣ ਤਾਂ ਅਰਦਾਸ ਦਾ ਰੂਪ ਕੇਵਲ ਰਹਿਤ
ਮਰਿਆਦਾ ਵਾਲਾ ਹੀ ਹੋਵੇ ਜਿਸਨੂੰ ਕਿ ਪੰਥਕ ਅਰਦਾਸ ਕਿਹਾ ਜਾਂਦਾ ਹੈ। ਉਹ ਅਰਦਾਸ ਪੰਥ ਵਲੋਂ
ਪ੍ਰਵਾਣਿਤ (ਰਹਿਤ ਮਰਿਆਦਾ) ਸਰਬਤ ਸੰਗਤ ਦੀ ਸਹਿਮਤੀ ਨਾਲ ਤਿਆਰ ਕੀਤੀ ਗਈ ਅਰਦਾਸ ਹੈ। ਸੰਗਤੀ ਤੌਰ
ਤੇ ਸਾਨੂੰ ਪੰਥਕ ਅਰਦਾਸ ਕਰਨੀ ਹੀ ਲੁੜੀਂਦੀ ਹੈ। ਇਸ ਨੁਕਤੇ ਤੇ ਖ਼ਾਸ ਧਿਆਨ ਦੇਣ ਦੀ ਲੋੜ ਹੈ
ਕਿਉਂਕਿ ਸੰਗਤੀ ਰੂਪ ’ਚ ਕਈ ਮਨੁੱਖ ਗੱਲ ’ਚ ਪੱਲਾ ਪਾ ਕੇ, ਰੋ-ਰੋ ਕੇ ਬਾਣੀ ਦੀਆਂ ਅਨੇਕਾਂ
ਪੰਕਤੀਆਂ ਪੜ੍ਹ-ਪੜ੍ਹ ਕੇ ਗੁਰਮੁਖਤਾਈ ਦਾ ਸਰਟੀਫਿਕੇਟ ਤਾਂ ਲੈ ਲੈਂਦੇ ਹਨ ਪਰ ਇਸ ਤਰ੍ਹਾਂ ਅਚਨਚੇਤ
ਹੀ ਉਹ ਆਪਣੀ ਹਉਮੈ ਨੂੰ ਪੱਠੇ ਪਾਉਣ ਦਾ ਕੰਮ ਕਰਦੇ ਜਾਂਦੇ ਹਨ। ਜਦੋਂ ਉਨ੍ਹਾਂ ਅਖੌਤੀ ਗੁਰਮੁਖਾਂ
ਦੇ ਸਿਖਾਏ ਹੋਏ ਪਿਆਰੇ ਉਨ੍ਹਾਂ ਦੀ ਵਡਿਆਈ ਕਰਕੇ ਇਹ ਕਹਿ ਰਹੇ ਹੁੰਦੇ ਹਨ ਕਿ ਦੇਖੋ ਜੀ, ‘‘ਇਹ
ਕਿਤਨੇ ਗੁਰਮੁਖ ਹਨ, ਤਾਂ ਹੀ ਤਾਂ ਇਨ੍ਹਾਂ ਦੀ ਇਤਨੀ ਵੱਧੀਆ ਅਰਦਾਸ ਸੁਣ ਕੇ ਰੱਬ ਜੀ ਮੰਗਾਂ
ਪੂਰੀਆਂ ਕਰ ਦਿੰਦੇ ਹਨ। ਵੇਖੋ ਜੀ ! ਇਹ ਆਪਣੇ ਵਾਸਤੇ ਤਾਂ ਕੁਝ ਮੰਗ ਕਰ ਹੀ ਨਹੀਂ ਰਹੇ, ਕਿਤਨੇ
ਪਹੁੰਚੇ ਹੋਏ ਗੁਰਮੁਖ ਹਨ’’ ਇਤਿਆਦਿ ਗੱਲਾਂ ਕਹਿ ਕੇ ਜਾਂ ਕਹਿਲਾ ਕੇ ਉਹ ਅਖੌਤੀ ਗੁਰਮੁਖ ਜੀ ਆਪ
ਤਾਂ ਆਤਮਕ ਤੌਰ ਤੇ ਡਿੱਗਦੇ ਹੀ ਹਨ ਪਰ ਹੋਰਨਾ ਨੂੰ ਵੀ ਇਸ ਅੰਧਵਿਸ਼ਵਾਸ ਦੀ ਖੱਡ ’ਚ ਡਿਗਾ ਦਿੰਦੇ
ਹਨ। ਨਾਲੋ-ਨਾਲ ਉਹ ਅਖੌਤੀ ਗੁਰਮੁਖ ਜੀ ਅੰਦਰਖਾਨੇ ਉਨ੍ਹਾਂ ਲੋਕਾਂ ਦੇ ਸੰਤ ਜਾਂ ਗੁਰੂ ਬਣ ਕੇ
ਵਿਚਰਦੇ ਰਹਿੰਦੇ ਹਨ। ਉਹ ਕਹਿੰਦੇ ਹਨ ਕਿ ਰੱਬ ਜੀ ਅੱਗੇ ਜੋ ਮਰਜ਼ੀ ਅਰਦਾਸ ਕਰ ਲਵੋ ਜ਼ਰੂਰੀ ਨਹੀਂ ਕਿ
ਪੰਥ ਦੀ ਹੂ-ਬਹੂ ਅਰਦਾਸ ਕਰੀਏ। ਇਸ ਤਰ੍ਹਾਂ ਉਹ ਪੰਥਕ ਰਹਿਤ ਮਰਿਯਾਦਾ ਦੀ ਪ੍ਰਵਾਣਿਤ ਅਰਦਾਸ ਦੀ
ਨਿਖੇਧੀ ਕਰਦੇ ਰਹਿੰਦੇ ਹਨ। ਉਹ ਅਖੌਤੀ ਗੁਰਮੁਖ, ਸੰਤ ਜਾਂ ਗੁਰੂ ਬਣੇ ਬੈਠੇ ਮਨੁੱਖ ਭੁਲੇਖੇ ’ਚ ਪਏ
ਇਹ ਭੁੱਲ ਹੀ ਜਾਂਦੇ ਹਨ ਕਿ ਸੰਗਤੀ ਤੌਰ ਤੇ ਪੰਥਕ ਅਰਦਾਸ ਹੀ ਸਮੂੰਹ (ਸਰਬੱਤ) ਖਾਲਸੇ ਦੀ ਅਰਦਾਸ
ਹੈ। ਅਫਸੋਸ ! ਕਈ ਸੱਜਣ ਸੰਗਤ ’ਚ ਸ਼ਬਦ ਦੀ ਵਿਚਾਰ ਦਾ ਸਮਾਂ ਤਾਂ ਪਰਵਾਨ ਨਹੀਂ ਕਰਦੇ ਪਰ
ਘੰਟੇ-ਘੰਟੇ ਦੀ ਲੰਬੀ ਅਰਦਾਸ ਕਰਕੇ ਆਪਣੀ ਗੁਰਮੁਖਤਾਈ ਦਾ ਸਿੱਕਾ ਚਲਾਈ ਜਾਂਦੇ ਹਨ। ਪੰਥਕ ਅਰਦਾਸ
ਰਾਹੀਂ ਸਮਾਜਕ ਢਾਂਚੇ ਨੂੰ ਇਕਸਾਰਤਾ ਅਤੇ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਉੱਚੀ ਜੀਵਨੀ ਨੂੰ
ਦ੍ਰਿੜਾਇਆ ਜਾਂਦਾ ਹੈ ਤਾ ਕਿ ਰੱਬੀ ਰਜ਼ਾ ਅਨੁਸਾਰ ਜਿਊਣਾ ਆ ਜਾਵੇ। ਗੁਰਬਾਣੀ ਰਾਹੀਂ ਮਨ ਨੀਵਾਂ,
ਮੱਤ ਉੱਚੀ ਕਰਕੇ ‘ਪਰਮ ਮਨੁੱਖ’ ਬਣਨ ਦੇ ਅਸੂਲ ਰੋਜ਼ਾਨਾ ਅਰਦਾਸ ਰੂਪ ’ਚ ਦ੍ਰਿੜ ਕਰਵਾਏ ਜਾਂਦੇ ਹਨ।
ਆਓ ! ਹੁਣ ਅਸੀਂ ਗੁਰਮਤ ਰਾਹੀਂ ਨਿਜੀ, ਇੱਕਲੇ ਮਨੁੱਖ ਦੀ ਅਰਦਾਸ ਦੀ ਵਿਚਾਰ
ਕਰੀਏ...
1. ਅਰਦਾਸ, ਆਪਣੇ ਆਪ ਨੂੰ ਪ੍ਰੇਰਣਾ ਦੇਣ ਦੀ ਲਗਨ ਹੈ।
2. ਅਰਦਾਸ, ਆਪਣੇ ਅਵਗੁਣਾਂ ਨੂੰ ਛੱਡ ਕੇ ਗੁਣ ਧਾਰਨ ਕਰਨ ਦਾ ਤਰੀਕਾ ਹੈ।
3. ਅਰਦਾਸ, ਗੁਰੂ ਸਾਹਿਬਾਨਾਂ ਅਤੇ ਪੁਰਾਤਨ ਸਿੱਖ ਇਤਿਹਾਸ ਤੋਂ ਪ੍ਰੇਰਣਾ
ਲੈ ਕੇ ਚੜ੍ਹਦੀ ਕਲਾ 'ਚ ਵਿਚਰਨ ਦਾ ਵਡਮੁੱਲਾ ਢੰਗ ਹੈ।
4. ਅਰਦਾਸ, ਅੰਤਰ ਆਤਮੇ ਨੂੰ ਚੰਗੇ ਗੁਣਾਂ ਵਾਲਾ ਪੂਰਨ ਮਨੁੱਖ ਬਣਨ ਦੀ
ਪ੍ਰੇਰਣਾ ਹੈ।
5. ਅਰਦਾਸ, ਆਪਣੇ ਅੰਦਰ ਬੈਠੇ ਰੱਬ ਜੀ ਨਾਲ ਗੁਫ਼ਤਗੂ ਹੈ।
6. ਅਰਦਾਸ, ਆਪਣੇ ਅੰਦਰ ਬੈਠੇ ਰੱਬ ਜੀ ਦੀ ਦਰਗਾਹ ’ਚ ਆਪਣੇ ਆਪ ਨੂੰ ਪੇਸ਼
ਕਰਨਾ ਹੈ।
ਹੁਣ ਤਕ ਅਸੀਂ ਇਹ ਸਮਝੇ ਹਾਂ ਕਿ ਰੱਬ ਜੀ ਦੀ ਯਾਦ ਹੇਠ ਗੁਰਮਤ ਦੀ ਅਰਦਾਸ
ਮਨੁੱਖ ਨੂੰ ਆਪਣੇ ਅੰਤਰ ਆਤਮੇ ਵੱਲ ‘‘ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ।।’’(ਗੁਰੂ
ਗ੍ਰੰਥ ਸਾਹਿਬ ਪੰਨਾ 441) ਝਾਤੀ ਪੁਆਉਣ ਦਾ ਅਹਿਮ ਢੰਗ ਹੈ। ਪਰ ਅਫਸੋਸ ! ਅਰਦਾਸ ਦੇ ਇਸ ਕੀਮਤੀ
ਨੁਕਤੇ ਨੂੰ ਅਣਦੇਖਾ ਕਰਕੇ, ਇਸ ਰਾਹੀਂ ਮੰਗਾਂ ਮੰਗਣ ਵਾਲੇ ਮਨੁੱਖਾਂ ਨੂੰ ਦੁਨਿਆਵੀ ਦਾਤਾਂ ਮੰਗਣ
ਤੋਂ ਫੁਰਸਤ ਹੀ ਨਹੀਂ ਰਹੀ। ਉਨ੍ਹਾਂ ਮਨੁੱਖਾਂ ਨੂੰ ਸੰਤਾਂ-ਸਾਧਾਂ ਦੇ ਡੇਰਿਆਂ, ਅੰਧ-ਵਿਸ਼ਵਾਸਾਂ
ਅਤੇ ਵਿਚੋਲਿਆਂ ਦੇ ਚੱਕਰਾਂ ’ਚ ਉਲਝਾ ਦਿੱਤਾ ਗਿਆ ਹੈ, ਇਸ ਕਰਕੇ ਉਹ ਮਨੁੱਖ ਆਪਣੇ ਸੁੱਖ-ਦੁੱਖ
ਦੀਆਂ ਵਿਚਾਰਾਂ ਦੇ ਚੱਕਰ ਵਿੱਚੋਂ ਨਿਕਲ ਹੀ ਨਹੀਂ ਪਾਉਂਦੇ। ਵਿਚਾਰਾ ਮਨੁੱਖ ਦਾਤਾਂ, ਕਰਾਮਾਤਾਂ,
ਸੁਖਣਾ ਅਤੇ ਮਾਇਕ ਪਦਾਰਥਵਾਦ ਦੀਆਂ ਅੰਨੀਆਂ ਗਲੀਆਂ ’ਚ ਐਸਾ ਗੁਆਚ ਗਿਆ ਹੈ ਕਿ ਉਹ ਆਪਣੇ ਅਮਲੀ
ਜੀਵਨ ਵੱਲ, ਆਪਣੇ ਅੰਤਰ ਆਤਮੇ ਵੱਲ ਝਾਤੀ ਮਾਰਨ ਦੀ ਕੋਸ਼ਿਸ਼ ਹੀ ਨਹੀਂ ਕਰਦਾ ਸਿੱਟੇ ਵਜੋਂ ਆਪਣੇ
ਅੰਦਰ ਬੈਠੇ ਰੱਬ ਜੀ ਨਾਲ ਕੋਈ ਰਿਸ਼ਤਾ ਕਾਇਮ ਕਰ ਹੀ ਨਹੀਂ ਪਾ ਰਿਹਾ, ਨਤੀਜਤਨ ਕੂੜ ਦੀ ਪਾਲ ਵੱਧਦੀ
ਜਾ ਰਹੀ ਹੈ। ਜਿਸ ਮਨੁੱਖ ਨੂੰ ਦਾਤਾਂ ਪ੍ਰਾਪਤ ਕਰਨ ਦੀ ਭੁੱਖ ਪੈ ਜਾਵੇ, ਉਸ ਦਾ ਧਿਆਨ ‘‘ਆਪਣਾ
ਮੂਲੁ ਪਛਾਣੁ’’ ਵਲ ਹਰਗਿਜ਼ ਨਹੀਂ ਪੈ ਸਕਦਾ।
ਆਮਤੌਰ ’ਤੇ ਮਨੁੱਖ ਦੁਨਿਆਵੀ ਸੁੱਖਾਂ, ਦੁੱਖਾਂ ਅਤੇ ਮਾਇਕੀ ਪਦਾਰਥਾਂ ਦੀ
ਉਧੇੜਬੁਨ ’ਚ ਹੀ ਫੱਸਿਆ ਰਹਿੰਦਾ ਹੈ। ਜਿਸ ਕਾਰਨ ਉਸਦੀ ਆਤਮਾ ਹੋਰ ਕਮਜ਼ੋਰ ਹੁੰਦੀ ਜਾਂਦੀ ਹੈ ਪਰ
ਗੁਰਮਤ ਅਨੁਸਾਰ ਅਰਦਾਸ ਰਾਹੀਂ ਮਨੁੱਖ ਦੀ ਆਤਮਾ ਨੂੰ ਬਲਵਾਨ ਕਰਨਾ ਦ੍ਰਿੜਾਇਆ ਗਿਆ ਹੈ ਤਾ ਕਿ
ਮਨੁੱਖ ਨੂੰ ਰੋਜ਼ਾਨਾ ਜੀਵਨ ’ਚ ਮਾਇਕੀ ਪਦਾਰਥਾਂ ਅਤੇ ਅਖੌਤੀ ਸੁੱਖਾਂ-ਦੁੱਖਾਂ ਤੋਂ ਉਪਰ ਹੋ ਕੇ
ਜਿਊਣਾ ਆ ਸਕੇ।
ਜਦੋਂ ਗੁਰਮਤ ਦੀ ਅਗਵਾਈ ਲਵਾਂਗੇ, ਇਤਿਹਾਸ ਨੂੰ ਕੇਵਲ ਗੁਰਮਤ ਸਿਧਾਂਤਾਂ
ਰਾਹੀ ਸਮਝਾਂਗੇ ਤਾਂ ਅਸੀਂ ਕਰਾਮਾਤੀ ਕਹਾਣੀਆਂ ਨਹੀਂ ਮੰਨਾਂਗੇ। ਇਹ ਗੱਲ ਵਖਰੀ ਹੈ ਕਿ ਸਿਆਣੇ,
ਵਿਚਾਰਵਾਨ ਮਨੁੱਖ (ਮਿਥਿਹਾਸਕ ਜਾਂ ਵੇਦ ਸ਼ਾਸਤਰਾਂ ਦੀਆਂ ਕਹਾਣੀਆਂ ਦੇ ਭਾਵ ਅਰਥ ਵਿੱਚੋਂ ਕੇਵਲ
ਪ੍ਰਤੀਕ ਸਮਝ ਕੇ) ਆਪਣੇ ਜੀਵਨ ਨੂੰ ਉੱਚਿਆਂ ਕਰਨ ਲਈ ਸੁਨੇਹਾ ਤਾਂ ਲੈ ਲੈਂਦੇ ਹਨ ਪਰ ਕਹਾਣੀ ਦੇ
ਕਰਾਮਾਤੀ ਪੱਖ ਨੂੰ ਨਹੀਂ ਮੰਨਦੇ ਹਨ ਅਤੇ ਕਰਾਮਾਤੀ ਬਦਲਾਵ ਲਈ ਰੱਬ ਜੀ ਨੂੰ ਬੇਨਤੀ ਰੂਪ ’ਚ ਹੁਕਮ
ਵੀ ਨਹੀਂ ਕਰਦੇ ਹਨ। ਹੂਬ-ਹੂ ਇਸੇ ਤਰ੍ਹਾਂ ਗੁਰੂਆਂ ਅਤੇ ਪੁਰਾਤਨ ਸਿੰਘਾਂ-ਸਿੰਘਣੀਆਂ ਦੀ ਜੀਵਨੀ
ਤੋਂ ਪ੍ਰੇਰਨਾ ਲੈ ਕੇ, ਜੀਵਨ ਉੱਚਿਆਂ ਕਰਨਾ ਸਿਆਣਪ ਹੈ। ਪਰ ਮਿਥਿਹਾਸਕ ਕਰਾਮਾਤੀ ਕਹਾਣੀਆਂ ਨੂੰ
ਮੰਨ ਕੇ ਇਹ ਸੋਚਣਾ ‘ਕਿ ਸਾਡੇ ਜੀਵਨ ਵਿੱਚ ਵੀ ਬੇਨਤੀਆਂ ਕਰਨ ਨਾਲ ਇਸੇ ਤਰ੍ਹਾਂ ਕੋਈ ਕਰਾਮਾਤ ਵਾਪਰ
ਜਾਵੇਗੀ’ - ਐਸਾ ਗੁਰਮਤ ਦੀ ਅਰਦਾਸ ਦਾ ਆਸ਼ਾ ਹਰਗਿਜ਼ ਨਹੀਂ ਹੈ। ਜਦੋਂ ਅਰਦਾਸ ਦੇ ਕੀਮਤੀ ਪੱਖ ਨੂੰ
ਸਮਝ ਜਾਵਾਂਗੇ ਤਾਂ ਮਿਥਿਹਾਸਕ ਕਹਾਣੀਆਂ ਨੂੰ ਮੰਨ ਕੇ, ਕਿਸੀ ਵੀ ਕਿਸਮ ਦੀਆਂ ਮਨੌਤਾਂ ਦੀ ਪੂਰਤੀ
ਨਹੀਂ ਮੰਗਾਂਗੇ ਬਲਕਿ ਰੱਬੀ ਰਜ਼ਾ :
ਤੇਰਾ ਕੀਆ ਮੀਠਾ ਲਾਗੈ ।। (ਗੁਰੂ ਗ੍ਰੰਥ ਸਾਹਿਬ, ਪੰਨਾ 394)
ਜੋ ਤੁਧੁ ਭਾਵੈ ਸਾਈ ਭਲੀ ਕਾਰ ।। (ਗੁਰੂ ਗ੍ਰੰਥ ਸਾਹਿਬ, ਪੰਨਾ 3)
ਮੀਤੁ ਕਰੈ ਸੋਈ ਹਮ ਮਾਨਾ ।। (ਗੁਰੂ ਗ੍ਰੰਥ ਸਾਹਿਬ, ਪੰਨਾ 187)
ਇਨ੍ਹਾਂ ਵਿਚਾਰਾਂ ਵਲ ਜੀਵਨ ਨੂੰ ਪ੍ਰੇਰ ਲਵਾਂਗੇ।
ਜੀ ! ‘‘ਸੱਚੇ ਦਿਲੋਂ, ਭਾਵਨਾ, ਵਿਸ਼ਵਾਸ ਨਾਲ ਅਰਦਾਸ ਕਰੋ ਤਾਂ ਰੱਬ ਜੀ
ਆਪਣਾ ਹੁਕਮ ਬਦਲ ਦਿੰਦੇ ਹਨ...’’ ਐਸੀਆਂ ਗੱਲਾਂ ਉਪਰ ਅੰਧਵਿਸ਼ਵਾਸ ਨਹੀਂ ਰੱਖਾਂਗੇ ਕਿਉਂਕਿ ਬਾਣੀ
ਰਾਹੀਂ ਅਸੀਂ ਸਮਝ ਸਕਾਂਗੇ ਕਿ:
ਕਿਆ ਮਾਗਉ ਕਿਛੁ ਥਿਰੁ ਨ ਰਹਾਈ ।। (ਗੁਰੂ ਗ੍ਰੰਥ ਸਾਹਿਬ, ਪੰਨਾ 481)
ਵਿਣੁ ਬੋਲਿਆ ਸਭੁ ਕਿਛੁ ਜਾਣਦਾ (ਗੁਰੂ ਗ੍ਰੰਥ ਸਾਹਿਬ, ਪੰਨਾ 1420)
ਆਓ ! ਹੁਣ ਅਰਦਾਸ ਨਾਲ ਜੁੜੀਆਂ ਮਿਥਿਹਾਸਕ ਸਾਖੀਆਂ (ਸਾਖੀਆਂ ਦੇ ਨਾਮ ਹੇਠ
ਕਹਾਣੀਆਂ) ਦਾ ਟੂਕ ਮਾਤਰ ਵਿਸ਼ਲੇਸ਼ਣ ਕਰਦੇ ਹਾਂ ਅਤੇ ਤੁਲਨਾ ਕਰਦੇ ਹਾਂ ਕਿ ਗੁਰਬਾਣੀ ਸਾਨੂੰ ਅਰਦਾਸ
ਬਾਰੇ ਕੀ ਸੁਨੇਹਾ ਦਿੰਦੀ ਹੈ ਪਰ ਅਸੀਂ ਕਰਾਮਾਤਾਂ ਹੇਠ ਕੀ ਸਮਝੀ ਬੈਠੇ ਹਾਂ।
ਗੁਰੂ ਅਰਜਨ ਪਾਤਸ਼ਾਹ ਦਾ ‘‘ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ
ਲੀਣਾ ।।'' (ਗੁਰੂ ਗ੍ਰੰਥ ਸਾਹਿਬ, ਪੰਨਾ 487) ਵਾਲਾ ਸ਼ਬਦ ਜੇਕਰ ਵਿਚਾਰੀਏ ਤਾਂ ਇਸ ਮਿਥਿਹਾਸਕ
ਕਹਾਣੀ ਬਾਰੇ ਸੋਚਨੀ ਬਿਲਕੁਲ ਸਾਫ ਹੋ ਜਾਂਦੀ ਹੈ। ਇਸ ਲੇਖ ’ਚ ਅਸੀਂ ਸ਼ਬਦ ਦੀ ਪੂਰੀ-ਪੂਰੀ ਵਿਚਾਰ
ਕਰਣੋ ਸੰਕੋਚ ਕਰਦੇ ਹੋਏ ਸ਼ਬਦ ਦੇ ਭਾਵ ਅਰਥ ਨੂੰ ਸਮਝ ਲੈਂਦੇ ਹਾਂ। ਗੁਰੂ ਅਰਜਨ ਸਾਹਿਬ, ਧੰਨਾ ਜੀ
ਦੇ ਸ਼ਬਦ ਨਾਲ ਆਪਣਾ ਇਹ ਸ਼ਬਦ ਲਿਖ ਕੇ ਉਸ ਮਿਥਿਹਾਸਕ ਕਹਾਣੀ ਦੇ ਅੰਧਵਿਸ਼ਵਾਸ ਕਿ
‘‘ਧੰਨਾ ਜੀ ਦੇ ਅਰਦਾਸ ਕਰਣ ’ਤੇ
ਰੱਬ ਜੀ ਪ੍ਰਗਟ ਹੋ ਗਏ’’ ਨੂੰ ਰੱਦ ਕਰਦੇ ਹਨ ਤੇ ਕਹਿੰਦੇ ਹਨ ਕਿ ‘‘ਜਿਸ ਤਰ੍ਹਾਂ ਨਾਮਦੇਵ, ਕਬੀਰ,
ਰਵਿਦਾਸ, ਸੈਣ ਨਾਈ, ਇਤਿਆਦਿ ਭਗਤਾਂ ਨੇ ਰੱਬੀ ਗੁਣਾਂ ਦੀ (ਬਿਧੀ) ਸੋਝੀ, ਸਤਿਗੁਰ ਦੀ ਮੱਤ ਰਾਹੀਂ
ਪ੍ਰਾਪਤ ਕਰਕੇ, ਚੰਗੇ ਗੁਣਾਂ ਵਾਲੀ ਸੱਚੀ ਜੀਵਨੀ ਜਿਊ ਕੇ ਰੱਬ ਨਾਲ ਇਕਮਿਕਤਾ ਪ੍ਰਾਪਤ ਕੀਤੀ। ਉਸੀ
ਤਰ੍ਹਾਂ ਗੁਰਮਤ ਰਾਹੀਂ ‘ਧੰਨਾ ਜੀ’ ਵੀ ਉੱਚੀ ਜੀਵਨੀ ਜਿਊਣ ਲੱਗ ਪਏ ਤੇ ਰੱਬ ਨਾਲ ਇਕਮਿਕਤਾ ਪ੍ਰਾਪਤ
ਕੀਤੀ।’’ ਗੁਰੂ ਅਰਜਨ ਪਾਤਸ਼ਾਹ ਇਸ ਸ਼ਬਦ ਰਾਹੀਂ ‘ਧੰਨਾ ਜੀ’ ਦੀ ਹੱਡਬੀਤੀ ਬਿਆਨ ਕਰ ਰਹੇ ਹਨ ਕਿ ਰੱਬ
ਜੀ ਨਾਲ ਕਿਵੇਂ ਇਕਮਿਕਤਾ ਹੋਈ।
ਅਸੀਂ
‘ਭੋਲੇ ਭਾਇ’ ਦਾ ਵੀ ਗ਼ਲਤ ਅਰਥ ਕੱਢ ਲੈਂਦੇ ਹਾਂ
ਜਦਕਿ ਗੁਰਮਤ ਵਿੱਚ ਤਾਂ ਭੋਲੇ ਭਾਇ ਦਾ ਅਰਥ ਉਹ ਨਹੀਂ ਹੈ ਜੋ ਅਸੀਂ ਸਮਝਦੇ ਹਾਂ। ਦਰਅਸਲ ਗੁਰਮਤ
ਅਨੁਸਾਰ ‘ਭੋਲੇ ਭਾਇ’
ਦਾ ਅਰਥ ਹੁੰਦਾ ਹੈ ਕਿ ਗੁਰਬਾਣੀ ਸਾਨੂੰ ਜੋ ਸੁਨੇਹਾ ਜਾਂ ਸੇਧ ਦੇ ਰਹੀ ਹੈ ਉਸਨੂੰ ਸਿਰ ਮੱਥੇ
ਪ੍ਰਵਾਨ ਕਰਕੇ ਅਮਲੀ ਜੀਵਨ ਵਿੱਚ ਜਿਊਣਾ। ਗੁਰਬਾਣੀ ਵਿੱਚ ਆਇਆ ਹੈ:-
ਗੁਰਸਿਖ ਮੀਤ ਚਲਹੁ ਗੁਰ ਚਾਲੀ ।।
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ।।
(ਗੁਰੂ ਗ੍ਰੰਥ ਸਾਹਿਬ, ਪੰਨਾ 667)
ਸਿਰ ਮੱਥੇ ਤੇ ਸੱਚ ਕਰਕੇ ਮੰਨ ਲੈਣਾ ਹੀ ‘‘ਭੋਲੇ
ਭਾਇ ਮਿਲੇ ਰਘੁਰਾਇਆ ।। (ਗੁਰੂ ਗ੍ਰੰਥ
ਸਾਹਿਬ, ਪੰਨਾ 324) ਦਾ ਅਰਥ ਹੈ, ਜਿਸਨੂੰ ਮੁਹਾਵਰੇ ਦੇ ਤੌਰ ਤੇ ਵਰਤਿਆ ਗਿਆ ਹੈ। ਪਰ ਅਸੀਂ
ਅਗਿਆਨਤਾ ਵੱਸ ਭੋਲੇ ਭਾਇ ਦੇ ਲਫਜ਼ ਨੂੰ ਵਰਤ ਕੇ ਇਹ ਕਹਾਣੀ ਸੁਣਦੇ-ਸੁਣਾਂਦੇ ਹਾਂ ਕਿ ਇਕ ਗਡਰੀਆ
(ਭੇਡਾਂ ਚਾਰਨ ਵਾਲੇ) ਜਿਸਦੇ ਕਪੜੇ ਪਾਟੇ, ਸਿਰ ਵਿੱਚ ਜੂੰਆਂ ਅਤੇ ਬੜਾ ਕੁਝ ਜੋੜ ਕੇ ਇਹ ਕਹਿਣ ਦੀ
ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਗਡਰੀਆ ਭੋਲੇ ਭਾਇ ਰੱਬ ਜੀ ਨਾਲ ਗੱਲਾਂ ਕਰ ਰਿਹਾ ਸੀ। ਸਾਡੇ
ਪ੍ਰਚਾਰਕ ਉਸ ਗਡਰੀਏ ਦੀ ਰੱਬ ਨਾਲ ਜੁੜਨ ਦੀ ਗਰੰਟੀ ਦੇ ਰਹੇ ਹੁੰਦੇ ਹਨ ਤੇ ਦੱਸ ਰਹੇ ਹੁੰਦੇ ਹਨ ਕਿ
ਉਸ ਗਡਰੀਏ ਦੀ ਅਰਦਾਸ ਰੱਬ ਜੀ ਸੁਣ ਰਹੇ ਸਨ। ਅਰਦਾਸਾਂ ਪੂਰੀਆਂ ਹੋਣ ਵਾਲਾ ਐਸਾ ਪ੍ਰਚਾਰ ਮਨੁੱਖਤਾ
ਨੂੰ ਕੁਰਾਹੇ ਪਾਣਾ ਹੀ ਸਾਬਿਤ ਹੋ ਰਿਹਾ ਹੈ। ਲਫਜ਼ ਭਾਵੇਂ ਬਚਪਨੇ ਵਾਲੇ, ਅਨਪੜ੍ਹ ਵਾਲੇ ਜਾਂ
ਪੜ੍ਹੇ-ਲਿਖੇ ਪੰਡਿਤ-ਵੇਤਾ ਵਾਲੇ ਕਿਉਂ ਨਾ ਹੋਣ ਪਰ ਗੁਰਮੱਤ ਦੇ ਅਸੂਲ ਤੇ ਨਿਰਪੱਖ ਸੋਚ ਦੀ ਵਿਚਾਰ
ਦੀ ਕਸਵੱਟੀ ਤੇ ਵਿਚਾਰਿਆਂ ਸਿੱਟਾ ਨਿਕਲਦਾ ਹੈ ਕਿ ਇਨ੍ਹਾਂ ਸਾਰੀਆਂ ਗੱਲਾਂ ਦਾ ਰੱਬ ਜੀ ਵੱਲੋਂ
ਅਰਦਾਸ ਜਾਂ ਪ੍ਰਾਰਥਨਾਵਾਂ ਮੰਨਣ ਨਾਲ ਕੋਈ ਤਾਅਲੁਕ ਹੈ ਹੀ ਨਹੀਂ ਕਿਉਂਕਿ ਅਸੀਂ ਇਹ ਸਮਝ ਰਹੇ ਹਾਂ
ਕਿ ‘ਭੋਲੇ ਭਾਇ’ ਦਾ ਅਰਥ ਗੁਰੂ ਦੀ ਮੱਤ ਨੂੰ ਮੰਨ ਲੈਣਾ ਹੈ ਨਾ ਕਿ ਭੋਲੀਆਂ ਬਚਪਨੇ ਦੀਆਂ ਬੋਲੀਆਂ
ਦੇ ਵਰਤਣ ਨਾਲ ਰੱਬ ਜੀ ਦਾ ਮੰਨ ਜਾਣਾ।
ਵੈਸੇ ਵੀ ਗੁਰਮਤ ‘‘ਨਿਰਗੁਨ
ਆਪਿ ਸਰਗੁਨੁ ਭੀ ਓਹੀ ।।’’ (ਗੁਰੂ
ਗ੍ਰੰਥ ਸਾਹਿਬ, ਪੰਨਾ 287) ਅਤੇ ‘‘ਸਰਗੁਨ
ਨਿਰਗੁਨ ਨਿਰੰਕਾਰ’’ (ਗੁਰੂ
ਗ੍ਰੰਥ ਸਾਹਿਬ, ਪੰਨਾ 290) ਦੀ ਫਿਲਾਸਫੀ ਨੂੰ ਮੰਨਦੀ ਹੈ। ਹੁਣ ਵਿਚਾਰਨਾ ਇਹੋ ਹੈ ਕਿ ਸਰਗੁਣ ਅਤੇ
ਨਿਰਗੁਣ ਦੇ ਅਰਥ ਕੀ ਨਿਕਲਦੇ ਹਨ? ਨਿਰਗੁਨ ਭਾਵ ਰੱਬ ਜੀ ਦਾ ਕੋਈ ਚਕ੍ਰ, ਚਿਹਨ, ਰੂਪ,
ਰੰਗ, ਰੇਖ, ਭੇਖ ਨਹੀਂ ਹੈ ਇਸ ਦਾ ਮਤਲਬ ਪੰਜ ਭੂਤਕ ਸਰੀਰ ਵਾਂਗ ਕੋਈ ਕੰਨ ਵੀ ਨਹੀਂ ਹਨ। ਸਰਗੁਨ ਦਾ
ਭਾਵ ਹੈ ਕਿ ਰੱਬ ਜੀ ਸਭ ਜਗ੍ਹਾ ਹਾਜ਼ਰ-ਨਾਜ਼ਰ ਹਨ।
ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ।। (ਗੁਰੂ ਗ੍ਰੰਥ ਸਾਹਿਬ, ਪੰਨਾ 84)
ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ ।। (ਗੁਰੂ ਗ੍ਰੰਥ ਸਾਹਿਬ, ਪੰਨਾ 728)
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ।। (ਗੁਰੂ ਗ੍ਰੰਥ ਸਾਹਿਬ,
ਪੰਨਾ 463)
ਇਨ੍ਹਾਂ ਸਾਰੀਆਂ ਪੰਕਤੀਆਂ ਦੇ ਭਾਵ ਅਰਥ ਮੁਤਾਬਕ ਰੱਬ ਜੀ ਦਾ ਹੁਕਮ ਸਾਰੀ
ਕੁਦਰਤ ਵਿੱਚ ਇਕ ਰਸ ਚਲ ਰਿਹਾ ਹੈ।
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।। (ਗੁਰੂ ਗ੍ਰੰਥ ਸਾਹਿਬ, ਪੰਨਾ
1)
ਇਸ ਸਾਰੀ ਵਿਚਾਰ ਤਹਿਤ ਰੱਬੀ ਹਾਜ਼ਰ-ਨਾਜ਼ਰਤਾ ਅਤੇ ਘਟਿ
ਘਟਿ ਮਾਧਉ ਜੀਆ ।।’’ (ਗੁਰੂ
ਗ੍ਰੰਥ ਸਾਹਿਬ, ਪੰਨਾ 617) ਅਤੇ ‘‘ਸਭੈ
ਘਟ ਰਾਮੁ ਬੋਲੈ ਰਾਮਾ ਬੋਲੈ।।’’(ਗੁਰੂ
ਗ੍ਰੰਥ ਸਾਹਿਬ, ਪੰਨਾ 988) ਮੁਤਾਬਕ ਇਹ ਗੁਣ ਹੀ ਰੱਬ ਜੀ ਦੇ ਸਰਗੁਨ ਰੂਪ
ਕਹਿਲਾਉਂਦੇ ਹਨ। ਜੇ ਕਰ ਅਸੀਂ ‘‘ਸੋਹਿਲਾ’’ ਬਾਣੀ ’ਚ ਸਮਝੀਏ ਤਾਂ ਪਤਾ ਲਗਦਾ ਹੈ ਕਿ :
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ।। ਸਹਸ ਪਦ
ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ।।
(ਗੁਰੂ ਗ੍ਰੰਥ ਸਾਹਿਬ, ਪੰਨਾ 13)
ਇਸ ਨੁਕਤੇ ਨਾਲ ਗੁਰੂ ਨਾਨਕ ਪਾਤਸ਼ਾਹ ਇਹ ਕਹਿ ਰਹੇ ਹਨ ਕਿ ਰੱਬ ਜੀ !
ਤੁਹਾਡੇ ਵੱਖਰੇ ਰੂਪ ’ਚ ਅੱਖ, ਕੰਨ, ਮੂਰਤ ਜਾਂ ਚਰਨ ਨਹੀਂ ਹਨ ਪਰ ਜੇ ਕਰ ਸਾਰੇ ਜੀਵਾਂ ਨੂੰ ਵੇਖਾਂ
ਤਾਂ ਉਨ੍ਹਾਂ ਸਭ ਦੀਆਂ ਅੱਖਾਂ, ਕੰਨ, ਨੱਕ, ਮੂਰਤ, ਚਰਣ ਤੁਹਾਡੇ ਹੀ ਹਨ। ਇਹੋ ਰੱਬ ਜੀ ਦਾ ਸਭ
ਜੀਵਾਂ ਵਿੱਚ ਹੋਣਾ ਦੱਸਿਆ ਗਿਆ ਹੈ ਅਤੇ ਇਸੇ ਨੂੰ ਗੁਰਮਤ ਸਿਧਾਂਤ ’ਚ ਰੱਬ ਜੀ ਦਾ ‘‘ਸਰਗੁਨ’’
ਰੂਪ ਮੰਨਦੇ ਹਾਂ।
ਹੁਣ ਇਥੇ ਸਮਝਣ ਵਾਲਾ ਬਰੀਕ ਨੁਕਤਾ ਇਹੋ ਹੈ ਕਿ ਲੋਕੀਂ ਰੱਬ ਜੀ ਦਾ ਸਰਗੁਨ
ਰੂਪ ਕਿਸੇ ਫੋਟੋ ਜਾਂ ਪੱਥਰ ਜਾਂ ਕਿਸੇ ਤੀਰਥ ਵਿੱਚ ਮੰਨਦੇ ਹਨ ਅਤੇ ਨਿਰਗੁਨ ਰੂਪ ਅਸਮਾਨ ’ਚ ਬੈਠੇ
ਕਿਸੀ ਰੱਬ ਜੀ ਨੂੰ ਸਮਝਦੇ ਹਨ। ਜਦ ਕਿ ਗੁਰਮਤ ਰੱਬ ਜੀ ਦਾ ਸਰਗੁਨ ਰੂਪ, ਰੱਬ ਜੀ ਦੀ ਸਭ ਮਨੁੱਖਾਂ
’ਚ ਹਾਜ਼ਰ-ਨਾਜ਼ਰਤਾ ਨੂੰ ਮੰਨਦੀ ਹੈ ਅਤੇ ਨਿਰਗੁਨ ਰੂਪ ਰੱਬ ਜੀ ਦੇ ਹੁਕਮ, ਰਜ਼ਾ ਨੂੰ ਮੰਨਦੀ ਹੈ, ਪਰ
ਇਸ ਸ੍ਰਿਸ਼ਟੀ ਜਾਂ ਕੁਦਰਤ ਤੋਂ ਵਖਰੇ ਕਿਸੀ ਕੋਨੇ ਜਾਂ ਅਸਮਾਨ ’ਚ ਬੈਠੇ ਰੱਬ ਜੀ ਨੂੰ ਨਹੀਂ
ਸਵੀਕਾਰਦੀ। ਇਹੋ ਕਾਰਣ ਹੈ ਕਿ ਗੁਰਮਤ ਸਭ ਧਰਮਾਂ ਤੋਂ ਵਿਕੋਲਿਤਰੀ ਵਿਚਾਰ ਦਿੰਦੀ ਹੈ। ਗੁਰਮਤ ਕਿਸੇ
ਅਖੌਤੀ ਅਵਤਾਰ ਨੂੰ ਰੱਬ ਨਹੀਂ ਮੰਨਦੀ ਬਲਕਿ ਸਾਰੀ ਸ੍ਰਿਸ਼ਟੀ ਨੂੰ ਰੱਬ ਜੀ ਦਾ ਸਰਗੁਨ ਰੂਪ ਮੰਨਦੀ
ਹੈ।
ਸਰਗੁਨ-ਨਿਰਗੁਨ ਵਾਲੇ ਗੁਰਮਤ ਦੇ ਇਸ ਸਿਧਾਂਤ ਤੋਂ ਅਸੀਂ ਆਪ ਹੀ ਨਿਰਣਾ
ਲੈਣਾ ਹੈ ਕਿ ਕਿਹੜੇ ਵਾਲੇ ਰੱਬ ਜੀ ਨੂੰ ਅਰਦਾਸਾਂ ਜਾਂ ਪ੍ਰਾਰਥਨਾਵਾਂ ਸੁਣਾ ਰਹੇ ਹਾਂ?
ਮਨੋਕਾਮਨਾ ਪੂਰਤੀ ਦੀ ਅੰਧਵਿਸ਼ਵਾਸੀ ਭਾਵਨਾ ਕਾਰਣ ਹੀ ਅਸੀਂ ਮਿਥਿਹਾਸਕ
ਕਹਾਣੀਆਂ ਤੇ ਵਿਸ਼ਵਾਸ ਰੱਖਦੇ ਹਾਂ। ਇਸ ਤਰ੍ਹਾਂ ਹਾਥੀ ਅਤੇ ਤੇਂਦੂਏ ਦੀ ਕਹਾਣੀ ਅਤੇ ਹੋਰ ਅਨੇਕਾਂ
ਮਿਥਿਹਾਸਕ ਕਹਾਣੀਆਂ ਜਿਵੇਂ ਕਿ ਭਗਤਾਂ ਨਾਲ ਜੁੜੀਆਂ ਭਗਤ ਮਾਲ ਦੀਆਂ ਕਹਾਣੀਆਂ ਨੂੰ ਸੱਚ ਮੰਨਦੇ
ਫਿਰਦੇ ਹਾਂ, ਜਦਕਿ ਗੁਰਮਤ ਬਿਬੇਕ ਬੁੱਧੀ ਦਾ ਧਰਮ ਹੈ ਅਤੇ ਬਿਬੇਕ ਬੁੱਧੀ ਦੀ ਕਸਵੱਟੀ ਤੇ ਇਨ੍ਹਾਂ
ਸਭ ਕਰਾਮਾਤੀ ਕਹਾਣੀਆਂ ਦਾ ਦੂਰ-ਦੂਰ ਤਕ ਕੋਈ ਵੀ ਤਾਅਲੁਕ ਨਹੀਂ ਹੈ। ਗੁਰਮਤ ਦੇ ਸਿਧਾਂਤ ’ਚ ‘‘ਜਿਉ
ਰਾਖਹਿ ਤਿਉ ਰਹੀਐ’’ (ਗੁਰੂ
ਗ੍ਰੰਥ ਸਾਹਿਬ, ਪੰਨਾ 749) ਅਤੇ ‘‘ਸੁਖੁ
ਦੁਖੁ ਤੇਰੀ ਆਗਿਆ ਪਿਆਰੇ’’ (ਗੁਰੂ
ਗ੍ਰੰਥ ਸਾਹਿਬ, ਪੰਨਾ 432) ਅਤੇ ‘‘ਹੁਕਮਿ
ਰਜਾਈ ਚਲਣਾ’’ (ਗੁਰੂ
ਗ੍ਰੰਥ ਸਾਹਿਬ, ਪੰਨਾ 1) ਹੀ ਦ੍ਰਿੜ ਕਰਵਾਇਆ ਹੈ। ਬਿਬੇਕਤਾ ਵਾਲੇ ਮਨੁੱਖਾਂ ਨੂੰ ਕਿਸੀ ਵੀ ਸੰਤ,
ਡੇਰੇ, ਵਿਚੋਲੇ, ਦੇਹਧਾਰੀ ਗੁਰੂ, ਪੱਥਰ ਜਾਂ ਫੋਟੋ ਤੇ ਜਾਂ ਕਿਸੇ ਖਾਸ ਤੀਰਥ ਤੇ ਜਾ ਕੇ ਮੰਨਤਾਂ
ਮਨਵਾਉਣ ਦੀ ਲੋੜ ਹੀ ਨਹੀਂ ਰਹਿੰਦੀ ਕਿਉਂਕਿ ਉਹ ਸੰਤੋਖੀ ਜੀਵਨ ਬਤੀਤ ਕਰਦੇ ਹਨ। ਐਸੀ ਜੀਵਨੀ ਦੀ
ਅਡੋਲ ਅਤੇ ਉੱਚੀ ਆਤਮਕ ਅਵਸਥਾ ਉਨ੍ਹਾਂ ਗੁਰਮੁੱਖਾਂ ਨੇ ਗੁਰੂ ਦੀ ਮੱਤ ਤੋਂ ਲਈ ਹੁੰਦੀ ਹੈ, ਆਪਣੇ
ਅੰਤਰ-ਆਤਮੇ ਨੂੰ ਰੋਜ਼ਾਨਾ/ਹਰ ਪਲ ਅਰਦਾਸ ਦੀ ਪ੍ਰੇਰਨਾ ਨਾਲ, ਦ੍ਰਿੜ ਕਰਨ ਦੀ ਜਾਚ ਨਾਲ, ਰੱਬੀ ਰਜ਼ਾ
’ਚ ਰਹਿਣ ਨਾਲ ਸਿੱਖੀ ਹੁੰਦੀ ਹੈ। ਉਹ ਗੁਰਮੁੱਖ ਸੱਜਣ ਨਾ ਮੰਨਤਾਂ ਮੰਨਦੇ ਹਨ ਅਤੇ ਨਾ ਹੀ ਸੁੱਖਣਾ
ਸੁੱਖਦੇ ਹਨ।
ਤੇਰਾ ਕੀਆ ਮੀਠਾ ਲਾਗੈ ।।
(ਗੁਰੂ ਗ੍ਰੰਥ ਸਾਹਿਬ, ਪੰਨਾ 394)
ਮੀਤੁ ਕਰੈ ਸੋਈ ਹਮ ਮਾਨਾ ।।
(ਗੁਰੂ ਗ੍ਰੰਥ ਸਾਹਿਬ, ਪੰਨਾ 187)
ਹੁਕਮਿ ਰਜਾਈ ਚਲਣਾ
(ਗੁਰੂ ਗ੍ਰੰਥ ਸਾਹਿਬ, ਪੰਨਾ 1)
ਜੇ ਤੁਧੁ ਭਾਵੈ ਸਾਈ ਭਲੀ ਕਾਰ।।
(ਗੁਰੂ ਗ੍ਰੰਥ ਸਾਹਿਬ, ਪੰਨਾ 3)
ਕੇਤਿਆ ਦੂਖ ਭੂਖ ਸਦ ਮਾਰ ।। ਏਹਿ ਭਿ ਦਾਤਿ ਤੇਰੀ ਦਾਤਾਰ ।।
(ਗੁਰੂ ਗ੍ਰੰਥ ਸਾਹਿਬ, ਪੰਨਾ 5)
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ।।
(ਗੁਰੂ ਗ੍ਰੰਥ ਸਾਹਿਬ, ਪੰਨਾ 757)
ਐਸੇ ਕੀਮਤੀ, ਉੱਚੇ ਗੁਣਾਂ ਵਾਲੀ ਗੁਰਮਤ ਦੀ ਵਿਚਾਰਧਾਰਾ ਨਾਲ ਆਪਣੀ ਆਤਮਾ
ਨੂੰ ਉੱਚਿਆਂ ਕਰਕੇ ਫੌਲਾਦ ਵਾਂਗ ਬਣਾ ਕੇ ਜਿਊਂਦੇ ਹਨ।
ਆਓ ਹੁਣ ਅਸੀਂ ਗੁਰਬਾਣੀ ਵਿੱਚ ਆਏ ਸ਼ਬਦਾਂ ’ਚ ਲਫਜ਼ ‘‘ਅਰਦਾਸ’’ ਬਾਰੇ ਸਮਝਦੇ
ਹਾਂ ਕਿ ਸ਼ਬਦਾਂ ਦੇ ਅਰਥਾਂ ਅਨੁਸਾਰ ਗੁਰਮਤ ਸਭ ਲਈ ਕੀ ਸਿਧਾਂਤ, ਮਾਰਗ-ਦਰਸ਼ਨ ਜਾਂ ਨੁਕਤਾ ਸਮਝਾਉਂਦੀ
ਹੈ?
1.
ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ।। ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ
ਜਾਣੈ ਮੇਰਾ।। (ਗੁਰੂ ਗ੍ਰੰਥ ਸਾਹਿਬ, ਪੰਨਾ
383)
ਭਾਵ ਅਰਥ :- ਇਸ ਵਿੱਚ ਗੁਰੂ ਪਾਤਸ਼ਾਹ ਇਹ ਕਹਿਣਾ ਚਾਹੁੰਦੇ ਹਨ ਕਿ ਰੱਬ ਜੀ
! ਮੇਰੀ ਅਰਦਾਸ ਹੈ ਕਿ ਤੁਸੀਂ ਮੈਨੂੰ ਇਹ ‘‘ਜੀਉ ਪਿੰਡੁ” ਭਾਵ ਸਰੀਰ ਦਿੱਤਾ ਹੈ, ਇਹ ਆਪ ਜੀ ਦੀ
ਵਡਿਆਈ ਹੈ ਵਰਨਾ ਮੈਂ ਤਾਂ ਕਿਸੀ ਲਾਇਕ ਹੀ ਨਹੀਂ ਸੀ। (ਐਸੀ ਹਉਮੈ ਰਹਿਤ ਬਿਰਤੀ ਬਣਾ ਕੇ ਰੱਬ ਜੀ
ਦੇ ਨਿਰਮਲ ਭਉ ’ਚ ਅਰਦਾਸ ਹੈ ਕਿ ਰੱਬ ਜੀ ਤੁਸੀਂ ਮੈਨੂੰ ਇਹ ਸਭ ਜੀਵਨ (ਜਾਨ-ਪ੍ਰਾਣ) ਦਿੱਤਾ ਹੈ)
2.
ਤੂ ਠਾਕੁਰੁ ਤੁਮ ਪਹਿ ਅਰਦਾਸਿ।। ਜੀਉ ਪਿੰਡੁ ਸਭੁ ਤੇਰੀ ਰਾਸਿ।। ਤੁਮ ਮਾਤ ਪਿਤਾ ਹਮ ਬਾਰਿਕ
ਤੇਰੇ।। ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ।।
(ਗੁਰੂ ਗ੍ਰੰਥ ਸਾਹਿਬ, ਪੰਨਾ 268)
ਭਾਵ ਅਰਥ :- ਇਸ ਵਿੱਚ ਵੀ ਗੁਰੂ ਜੀ ਇਹੋ ਕਹਿ ਰਹੇ ਹਨ ਕਿ ਰੱਬ ਜੀ ਤੁਸੀਂ
ਮੇਰੇ ਮਾਤ-ਪਿਤਾ ਭਾਵ ਸਭ ਕੁਝ ਹੋ ਅਤੇ ਜੀਉ ਪਿੰਡੁ ਭਾਵ ਇਹ ਅਨੇਕਾਂ ਸੁੱਖ ਤੁਹਾਡੇ ਹੀ ਦਿੱਤੇ ਹੋਏ
ਹਨ। ਕਿਸੀ ਹੋਰ ਦੀ ਤਾਕਤ ਨੂੰ ਨਾ ਮੰਨਣਾ ਅਤੇ ਰੱਬ ਨੂੰ ਹੀ ਸਭਨਾ ਜੀਆਂ ਦਾ ਇਕ ਦਾਤਾ ਮੰਨਣ ਦੀ
ਬਿਰਤੀ ਹੀ ਗੁਰਮਤ ਦੀ ਅਰਦਾਸ ਹੈ। ਇਹੋ ਪ੍ਰੇਰਣਾ ਹੈ ਕਿ ਰੱਬ ਜੀ ਨੂੰ ਹੀ ਕਰਨ ਕਾਰਨ ਸਮਰੱਥ
ਮੰਨੀਏ।
3. ਸੇਵਕ ਕੀ ਅਰਦਾਸਿ ਪਿਆਰੇ।। ਜਪਿ ਜੀਵਾ ਪ੍ਰਭ ਚਰਣ ਤੁਮਾਰੇ।।
(ਗੁਰੂ ਗ੍ਰੰਥ ਸਾਹਿਬ, ਪੰਨਾ 562-563)
ਭਾਵ ਅਰਥ :- ਇੱਥੇ ਵੀ ਗੁਰੂ ਜੀ ਰੱਬ ਜੀ ਅੱਗੇ ਸੇਵਕ ਬਣਕੇ ਇਹ ਅਰਦਾਸ ਕਰ
ਰਹੇ ਹਨ ਕਿ ਮੈਂ ਤੇਰੇ ਚਰਨਾਂ ’ਚ ਰਵਾਂ ਭਾਵ ਹਮੇਸ਼ਾਂ ਤੇਰੀ ਹਾਜ਼ਰੀ ਮਹਿਸੂਸ ਕਰਦਾ ਰਹਾਂ। ਇਸ ਦਾ
ਮਤਲਬ ਕਿ ਰੱਬ ਜੀ ਦੀ ਹਾਜ਼ਰ-ਨਾਜ਼ਰਤਾ ਮਹਿਸੂਸ ਕਰਨੀ ਰੱਬ ਜੀ ਨੂੰ ਨਾ ਵਿਸਾਰਨ ਦੀ ਅਵਸਥਾ ਹੈ ਅਤੇ
ਇਹ ਅਰਦਾਸ ਕੀਤੀ ਗਈ ਹੈ ਕਿ ‘‘ਤੇਰੇ ਤੋਂ ਲਾਂਭੇ ਨਾ ਜਾਵਾਂ, ਤੇਰੀ ਹੀ ਸ਼ਰਨ ਹਰ ਸਮੇਂ ਪਿਆ
ਰਹਾਂ।’’
4.
ਦੁਇ ਕਰ ਜੋੜਿ ਕਰਉ ਅਰਦਾਸਿ ।। ਤੁਧੁ ਭਾਵੈ ਤਾ ਆਣਹਿ ਰਾਸਿ।। ਕਰਿ ਕਿਰਪਾ ਅਪਨੀ ਭਗਤੀ ਲਾਇ ।।
ਜਨ ਨਾਨਕ ਪ੍ਰਭੁ ਸਦਾ ਧਿਆਇ ।। (ਗੁਰੂ
ਗ੍ਰੰਥ ਸਾਹਿਬ, ਪੰਨਾ 737)
ਭਾਵ ਅਰਥ :- ਇੱਥੇ ਵੀ ਗੁਰੂ ਪਾਤਸ਼ਾਹ ਇਹ ਦ੍ਰਿੜ ਕਰਵਾ ਰਹੇ ਹਨ ਕਿ ਹੇ
ਮੇਰੇ ਰੱਬ ਜੀ, ਮੇਰੀ ਅਰਦਾਸ ਹੈ ਕਿ ਮੈਨੂੰ ਆਪਣੇ ਨਾਲ ਜੋੜੀ ਰਖੋ।
5.
ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ।। ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ ।।
(ਗੁਰੂ ਗ੍ਰੰਥ ਸਾਹਿਬ, ਪੰਨਾ 517)
ਭਾਵ ਅਰਥ :- ਇਸ ਸ਼ਬਦ ’ਚ ਵੀ ਗੁਰੂ ਪਾਤਸ਼ਾਹ ਰੱਬ ਜੀ ਨੂੰ, ਸੱਚਾ ਸਾਂਈ ਕਹਿ
ਰਹੇ ਹਨ ਤੇ ਇਹੋ ਦ੍ਰਿੜ ਕਰਾ ਰਹੇ ਹਨ ਕਿ ਰੱਬ ਜੀ ਸਦਾ ਰਖਵਾਲੇ ਹਨ ਤੇ ਉਨ੍ਹਾਂ ਦੀ ਯਾਦ ਹਮੇਸ਼ਾ
ਰਖਣੀ ਚਾਹੀਦੀ ਹੈ।
6.
ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ..... ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ
ਸਰਣਾਈ ।। (ਗੁਰੂ ਗ੍ਰੰਥ ਸਾਹਿਬ, ਪੰਨਾ
1406)
ਭਾਵ ਅਰਥ :- ਇਥੇ ਵੀ ਭੱਟ ਕੀਰਤ ਜੀ ਅਰਦਾਸ ਕਰ ਰਹੇ ਹਨ ਕਿ ਅਸੀਂ ਅਵਗੁਣਾਂ
ਭਰੇ ਹਾਂ ਸਾਡੇ ਅਵਗੁਣ ਦੂਰ ਕਰਕੇ, ਗੁਣ ਭਰਨ ਲਈ ਸਾਨੂੰ ਆਪਣੀ ਸ਼ਰਣ ’ਚ ਰੱਖ ਲਵੋ।
7.
ਕਿਆ ਮਾਗਉ ਕਿਛੁ ਥਿਰੁ ਨ ਰਹਾਈ।। ਦੇਖਤ ਨੈਨ ਚਲਿਓ ਜਗੁ ਜਾਈ ।। (ਗੁਰੂ ਗ੍ਰੰਥ ਸਾਹਿਬ, ਪੰਨਾ
481)
ਭਾਵ ਅਰਥ :- ਇਸ ਸ਼ਬਦ ’ਚ ਤਾਂ ਇਹ ਵੀ ਦ੍ਰਿੜ ਕਰਵਾਇਆ ਜਾ ਰਿਹਾ ਹੈ ਕਿ ਰੱਬ
ਜੀ ਤੁਹਾਡੇ ਤੋਂ ਕੀ ਮੰਗਾਂ, ਇੱਥੇ ਸਭ ਕੁਝ ਬਿਨਸਨਹਾਰ ਹੈ ਤੇ ਦੇਖਦਿਆਂ-ਦੇਖਦਿਆਂ ਸਭ ਕੁਝ ਬਦਲਦਾ
ਰਹਿੰਦਾ ਹੈ, ਸਭ ਕੁਝ ਕੂਚ ਕਰੀ ਜਾ ਰਿਹਾ ਹੈ ਭਾਵ ਕੁਝ ਵੀ ਥਿਰ ਨਹੀਂ ਹੈ ‘‘ਜੋ ਉਪਜਿਓ ਸੋ
ਬਿਨਸਿ ਹੈ’’ (ਗੁਰੂ ਗ੍ਰੰਥ ਸਾਹਿਬ, ਪੰਨਾ 1429)।
8.
ਕਬੀਰ ਜੋ ਮੈ ਚਿਤਵਉ ਨਾ ਕਰੈ ਕਿਆ ਮੇਰੇ ਚਿਤਵੇ ਹੋਇ।। ਅਪਨਾ ਚਿਤਵਿਆ ਹਰਿ ਕਰੈ ਜੋ ਮੇਰੇ ਚਿਤਿ
ਨ ਹੋਇ ।। (ਗੁਰੂ ਗ੍ਰੰਥ ਸਾਹਿਬ, ਪੰਨਾ
1376)
ਭਾਵ ਅਰਥ :- ਇਸ ਸ਼ਬਦ ’ਚ ਵੀ ਇਹੋ ਦ੍ਰਿੜ ਕਰਵਾਇਆ ਜਾ ਰਿਹਾ ਹੈ ਕਿ ਜੋ ਮੈਂ
ਸੋਚਦਾ ਹਾਂ ਉਸ ਮੁਤਾਬਕ ਰੱਬ ਜੀ ਨਹੀਂ ਕਰਦੇ ਹਨ, ਉਹ ਤਾਂ ਆਪਣੀ ਮਰਜ਼ੀ ਅਨੁਸਾਰ ਕਰਦੇ ਹਨ, ਭਾਵੇਂ
ਮੈਨੂੰ ਚੰਗਾ ਲਗੇ ਭਾਵੇਂ ਮੰਦਾ, ਭਾਵੇਂ ਮੈਂ ਸੋਚਿਆ ਕੁਝ ਹੋਰ ਹੋਵੇ ਤੇ ਰੱਬ ਜੀ ਦੀ ਮਰਜ਼ੀ ਕੁਝ
ਹੋਰ ਹੋਵੇ। ਇੱਥੇ ਵੀ ਆਪਾ ਸਮਰਪਣ ਦੀ ਭਾਵਨਾ ਹੀ ਦ੍ਰਿੜ ਕਰਾਈ ਹੈ।
9.
ਕਿਆ ਕਹੀਐ ਕਿਛੁ ਕਹੀ ਨ ਜਾਇ।। ਜੋ ਕਿਛੁ ਅਹੈ ਸਭ ਤੇਰੀ ਰਜਾਇ ।।੧।। ਰਹਾਉ ।। ਜੋ ਕਿਛੁ ਕਰਣਾ
ਸੁ ਤੇਰੈ ਪਾਸਿ।। ਕਿਸੁ ਆਗੈ ਕੀਚੈ ਅਰਦਾਸਿ।।
(ਗੁਰੂ ਗ੍ਰੰਥ ਸਾਹਿਬ, ਪੰਨਾ 1125)
ਭਾਵ ਅਰਥ :- ਇਸ ਸ਼ਬਦ ’ਚ ਵੀ ਗੁਰਮਤ ਦਾ ਇਹ ਸਿਧਾਂਤ ਹੈ ਕਿ ‘‘ਰੱਬ ਦੀ ਰਜ਼ਾ
(ਭਾਣਾ-ਹੁਕਮ-ਨਿਯਮ) ਕਾਨੂੰਨ ਸਭ ਜਗ੍ਹਾ ਵਰਤ ਰਿਹਾ ਹੈ।’’ ਸੋ ਰੱਬ ਜੀ ਨੂੰ ਹਾਜ਼ਰ-ਨਾਜ਼ਰ ਜਾਣ ਕੇ,
ਸਭ ਕੁਝ ਉਨ੍ਹਾਂ ਦੀ ਰਜ਼ਾ ’ਚ ਕਰਨਾ ਅਤੇ ਸਿਰ ਮੱਥੇ ਮੰਨ ਲੈਣਾ ਹੀ ਬਣਦਾ ਹੈ ਫਿਰ ਕਿਸ ਅੱਗੇ ਅਰਦਾਸ
ਕਰੀਏ ਕਿ ਆਪਣੀ ਕੀਤੀ ਨੂੰ, ਆਪਣੇ ਭਾਣੇ ਨੂੰ ਬਦਲੋ। ਰੱਬ ਜੀ ਦਾ ਹੁਕਮ, ਨਿਯਮ ਅੱਟਲ ਹੈ, ਕਿਸੀ ਦੇ
ਆਖੇ ਤੇ ਜਾਂ ਗਿੜਗਿੜਾਨ ਤੇ ਰੱਬ ਜੀ ਆਪਣੀ ਨਿਯਮ-ਬੱਧ ਚਲ ਰਹੀ ਸ੍ਰਿਸ਼ਟੀ ’ਚ (ਜੋ ਸਭ ਜਗ੍ਹਾ ਨਿਆਉ
ਦਾ ਇਕ ਰਸ ਹੁਕਮ ਚਲ ਰਿਹਾ ਹੈ) ਕੋਈ ਫੇਰ-ਬਦਲ ਨਹੀਂ ਕਰਦੇ ਹਨ।
10.
ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ ।। (ਗੁਰੂ ਗ੍ਰੰਥ ਸਾਹਿਬ, ਪੰਨਾ 1018)
ਭਾਵ ਅਰਥ :- ਇਸ ਸ਼ਬਦ ’ਚ ਜੇ ਮੰਗ ਮੰਗੀ ਵੀ ਗਈ ਹੈ ਤਾਂ ‘‘ਹਰਿ ਜਸੁ
ਗੁਰ ਤੇ ਮਾਗਨਾ।।’’ ਹੀ ਦ੍ਰਿੜ ਕਰਾ ਰਹੇ ਹਨ। ਦੁਨਿਆਵੀ ਪਦਾਰਥਾਂ ਦੀ ਮੰਗ ਮੰਗਨਾ ਨਹੀਂ ਸਿਖਾ
ਰਹੇ ਹਨ।
ਗੁਰਬਾਣੀ ’ਚ ਆਏ ਲਫਜ਼ ‘‘ਅਰਦਾਸ’’ ਰਾਹੀ ਵੀ ਅਸੀਂ ਇਸੇ ਵਿਚਾਰ ਤੱਕ ਪਹੁੰਚੇ
ਹਾਂ ਕਿ ‘‘ਅਰਦਾਸ ਵਿੱਚ ਮੰਗਣਾ ਨਹੀਂ ਸਿਖਾਇਆ ਜਾ ਰਿਹਾ।’’ ਬੇਨਤੀ ਹੈ ਕਿ ਇਸ ਲੇਖ ਰਾਹੀਂ ਇਹ
ਕਹਿਣ ਦੀ ਹਿੰਮਤ ਨਹੀਂ ਕੀਤੀ ਜਾ ਰਹੀ ਕਿ ਅਰਦਾਸ ਕਰਨੀ ਹੀ ਨਹੀਂ ਚਾਹੀਦੀ। ਦਰਅਸਲ ਇਸ ਤੱਥ ਵਲ
ਧਿਆਨ ਪੁਆਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਰਦਾਸ ਦੇ ਉੱਚੇ ਆਦਰਸ਼ਕ ਟੀਚੇ ਵੱਲ ਆਪਣੀ ਸੋਚਣੀ
ਨੂੰ ਪ੍ਰੇਰਿਆ ਜਾਵੇ। ਗੁਰਮਤ ਰੱਬ ਜੀ ਦੀ ਰਜ਼ਾ ’ਚ ਰਹਿਣਾ ਦ੍ਰਿੜ ਕਰਵਾਉਂਦੀ ਹੈ, ਇਸ ਦਾ ਮਤਲਬ ਕਿ
:-
ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ।।
(ਗੁਰੂ ਗ੍ਰੰਥ ਸਾਹਿਬ, ਪੰਨਾ 749)
ਅਤੇ
ਹਮ ਤੇ ਕਛੂ ਨ ਹੋਵੈ ਸੁਆਮੀ ਜਿਉ ਰਾਖਹੁ ਤਿਉ ਰਹੀਐ।।
(ਗੁਰੂ ਗ੍ਰੰਥ ਸਾਹਿਬ, ਪੰਨਾ 216)
ਐਸੀ ਵਿਚਾਰਧਾਰਾ ਨਾਲ ਜੋੜ ਕੇ ਮਨੁੱਖ ਨੂੰ ਸੁਖ-ਦੁਖ, ਖੁਸ਼ੀ-ਗ਼ਮੀ, ਹਰਖ-ਸੋਗ
ਅਤੇ ਅਮੀਰੀ-ਗ਼ਰੀਬੀ ਭਾਵ ਹਰੇਕ ਸਮੇਂ ਰੱਬ ਜੀ ਦੀ ਰਜ਼ਾ-ਭਾਣੇ ’ਚ ਰਹਿਣਾ ਹੀ ਸਿਖਾਉਂਦੀ ਹੈ।
ਗੁਰਮਤ ਦੀ ਅਰਦਾਸ ਬਾਰੇ ਹੁਣ ਤੱਕ ਅਸੀਂ ਇਹ ਸਮਝ ਸਕੇ ਹਾਂ ਕਿ ਅਰਦਾਸ
ਮਨੁੱਖਤਾ ਨੂੰ ਉੱਚੇ ਆਦਰਸ਼ ਲਈ ਪ੍ਰੇਰਣਾ ਦ੍ਰਿੜਾਉਂਦੀ ਹੈ। ਗੁਰੂ ਸਾਹਿਬਾਨ ਅਤੇ ਗੁਰੂ ਕੇ ਸਿੱਖਾਂ
ਦਾ ਇਤਿਹਾਸ ਯਾਦ ਕਰਾਇਆ ਤਾ ਕਿ ਉਨ੍ਹਾਂ ਦੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਚੜਦੀ ਕਲਾ ’ਚ ਰਹੀਏ।
ਇਸਦੇ ਨਾਲੋ ਨਾਲ ਗੁਰਬਾਣੀ ਰਾਹੀਂ ਰੱਬ ਜੀ ਦੀ ਰਜ਼ਾ, ਰੱਬ ਦੀ ਬੇਅੰਤਤਾ (‘‘ਸਭਨਾ ਜੀਆ ਕਾ ਇਕੁ
ਦਾਤਾ'' ਗੁਰੂ ਗ੍ਰੰਥ ਸਾਹਿਬ, ਪੰਨਾ 2) ਅਤੇ ਉਸਦੀ ਯਾਦ ਰਾਹੀਂ ਉਸਦੀ ਸ਼ਰਨ ’ਚ ਰਹਿਣਾ ਦ੍ਰਿੜ
ਕਰਾਇਆ ਹੈ। ਆਪਣੇ ਅਵਗੁਣਾਂ ਵੱਲ ਝਾਤੀ ਪੁਆ ਕੇ, ਅਵਗੁਣ ਛੱਡਣ ਦੀ ਪ੍ਰੇਰਣਾ ਦ੍ਰਿੜ ਕਰਾ ਕੇ,
ਗੁਣਾਂ ਨੂੰ ਵਧਾਉਣਾ ਹੀ ਸਿਖਾਇਆ ਗਿਆ ਹੈ। ਜੇ ਕਰ ਬੱਚੇ ਦਾ ਸਕੂਲ-ਕਾਲੇਜ ਦੀ ਪੜ੍ਹਾਈ ’ਚ ਪਾਸ
ਹੋਣਾ ਜਾਂ ਕਿਸੇ ਨੇ ਨਵਾਂ ਮਕਾਨ ਜਾਂ ਦੁਕਾਨ ਖੋਲ੍ਹਣਾ ਹੋਵੇ ਤਾਂ ਵੀ ਅਰਦਾਸ ਰਾਹੀਂ ਇਹੋ ਸਿਖਾਇਆ
ਗਿਆ ਹੈ ਕਿ :
ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ।।
(ਗੁਰੂ ਗ੍ਰੰਥ ਸਾਹਿਬ, ਪੰਨਾ 1375)
ਰੱਬ ਜੀ ਇਹ ਸਭ ਕੁਝ ਆਪ ਜੀ ਦੀ ਹੀ ਮਿਹਰ ਬਖਸ਼ਿਸ਼ ਦਾ ਸਦਕਾ ਹੈ, ਅਸੀਂ ਕੁਝ
ਕਰਨ ਜੋਗੇ ਨਹੀਂ ਹਾਂ।
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ।। ਮੈਂ ਨਿਰਗੁਣਿਆਰੇ ਕੋ ਗੁਣੁ
ਨਾਹੀ ਆਪੇ ਤਰਸੁ ਪਇਓਈ।। (ਗੁਰੂ ਗ੍ਰੰਥ
ਸਾਹਿਬ, ਪੰਨਾ 1429)
ਅਤੇ
ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ।। ਆਪਣਾ ਕੀਤਾ ਕਿਛੂ ਨ
ਹੋਵੈ ਜਿਉ ਹਰਿ ਭਾਵੈ ਤਿਉ ਰਖੀਐ ।।੧।। ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ।। ਅਸਾ ਜੋਰੁ ਨਾਹੀ ਜੇ
ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ।।
(ਗੁਰੂ ਗ੍ਰੰਥ ਸਾਹਿਬ, ਪੰਨਾ 736)
ਇਸ ਲਈ ਅਰਦਾਸ ਦਾ ਅਸਲੀ ਮਕਸਦ ਆਪਣੇ ਅੰਦਰ ਬੈਠੇ ਰੱਬ ਜੀ ਨਾਲ ਗੱਲਬਾਤ
ਕਰਕੇ ਜੀਅ ਕੀ ਬਿਰਥਾ ਹੋਇ
ਸੁ ਗੁਰ ਪਹਿ ਅਰਦਾਸਿ ਕਰਿ।। (ਗੁਰੂ
ਗ੍ਰੰਥ ਸਾਹਿਬ, ਪੰਨਾ 519), ਪਸ਼ੂ-ਬਿਰਤੀ ਤੋਂ ਉਪਰ ਉਠ ਕੇ ਅਵਗੁਣ
ਛੋਡਿ ਗੁਣਾ ਕਉ ਧਾਵਹੁ (ਗੁਰੂ
ਗ੍ਰੰਥ ਸਾਹਿਬ, ਪੰਨਾ 598), ਆਪਣੇ ਅਮਲੀ ਜੀਵਨ ਦੀ ਸੁਧਾਈ ਕਰਦੇ ਹੋਏ, ਆਪਣੇ ਆਪ ਨੂੰ ਉੱਚਿਆਂ
ਕਰਕੇ, ਚੰਗੇ ਆਚਰਣ ਵਾਲਾ ਪੂਰਨ ਮਨੁੱਖ ਬਣਨਾ ਹੀ ਹੈ। ਅਰਦਾਸ ਅਵਗੁਣ ਛੱਡ ਕੇ ਗੁਣਾਂ ਵੱਲ ਵੱਧਣ ਦੀ
ਸੈ੍ਵ-ਪੇ੍ਰਰਨਾ ਹੈ। ਮਾਇਕੀ ਪਦਾਰਥਾਂ ਦੀ ਮੰਗ ਤੋਂ ਉਪਰ ਉਠ ਕੇ ਸਹਿਜ ਭਰਪੂਰ ਅਤੇ ਸੰਤੋਖੀ ਜੀਵਨ
ਦੀ ਜਾਚਨਾ ਹੈ।
|
. |