.

ਸਿੱਖ ਕੀ ਖਾਣ ਅਤੇ ਕੀ ਨਾ ਖਾਣ?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨੇ ੯ ਮਾਰਚ ੧੯੪੬ ਨੂੰ ਮਤਾ ਪਾਸ ਕੀਤਾ ਸੀ ਕਿ “ਸਿੱਖਾਂ ਦੇ ਮੁੱਖ ਧਰਮ ਸਥਾਨਾਂ, ਸਭਿਆਚਾਰ, ਸਿੱਖ ਰਿਵਾਜਾਂ ਦੀ ਕਾਇਮੀ, ਸਿੱਖ ਸਵੈ-ਮਾਨ ਤੇ ਆਜ਼ਾਦੀ ਦੀ ਰਾਖੀ ਤੇ ਭਵਿੱਖ ਵਿੱਚ ਸਿੱਖਾਂ ਦੀ ਤਰੱਕੀ ਲਈ ਸਿੱਖ ਸਟੇਟ ਜ਼ਰੂਰੀ ਹੈ। ਇਸ ਲਈ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਇਸ ਦੀ ਪ੍ਰਾਪਤੀ ਲਈ ਵੱਧ ਤੋਂ ਵੱਧ ਉਪਰਾਲਾ ਕਰਨ”। ਪਰ, ਇੰਜ ਪ੍ਰਤੀਤ ਹੋ ਰਿਹਾ ਹੈ ਕਿ ਉਸ ਸਮੇਂ ਦੇ ਸਿੱਖ ਲੀਡਰਾਂ ਨੇ ਇਸ ਮਤੇ ਅਨੁਸਾਰ ਕੋਈ ਯੱਤਨ ਨਹੀਂ ਕੀਤਾ, ਜਿਸ ਸਦਕਾ “ਸਿੱਖ ਕੌਮ” ੧੫ ਅਗਸਤ ੧੯੪੭ ਤੋਂ ਫਿਰ ਗ਼ੁਲਾਮ ਦੀ ਗ਼ੁਲਾਮ ਹੀ ਰਹੀ। ਸਿੱਖਾਂ ਨੇ ਇਕੱਠੇ ਤਾਂ ਕੀ ਹੋਣਾ ਸੀ, ਇਲੈਕਸ਼ਨਾਂ ਦੇ ਚੱਕਰ-ਵਿਯੂ ਵਿੱਚ ਪੈ ਕੇ ਅਲੱਗ ਅਲੱਗ ਧੜੇਬਾਜ਼ੀ ਵਿੱਚ ਗ਼ਲਤਾਨ ਹੁੰਦੇ ਰਹੇ। ਇਵੇਂ ਹੀ, ਬਹੁਤ ਸਾਰੇ ਸਿੱਖ ਖਾਣ-ਪੀਣ ਦੀ ਉਲਝਣ ਵਿੱਚ ਪਏ ਹੋਏ ਹਨ ਅਤੇ ਆਮ ਕਹਾਵਤ ਵਾਂਗ: “ਵੀਹ ਪੂਰਬੀਏ ਅਤੇ ਉਨ੍ਹਾਂ ਦੇ ਇੱਕੀ ਚੁੱਲੇ” ਸਿੱਖਾਂ ਉੱਪਰ ਬਹੁਤ ਚੰਗੀ ਤਰ੍ਹਾਂ ਢੁੱਕਦੀ ਹੈ! ਆਓ, ਇਸ ਬਾਰੇ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰਨ ਦਾ ਓਪਰਾਲਾ ਕਰੀਏ:

ਗੁਰੂ ਗਰੰਥ ਸਾਹਿਬ-ਪੰਨਾ ੧੬॥ ਸਿਰੀਰਾਗੁ ਮਹਲਾ ੧॥ ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ॥

ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ॥ ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ॥ ੧॥

ਅਰਥ: ਅਕਾਲ ਪੁਰਖ ਦੇ ਨਾਮ ਨੂੰ ਮੰਨਣ ਅਤੇ ਸੁਣਨ ਨਾਲ, ਹਰੇਕ ਤਰ੍ਹਾਂ ਦੇ ਰਸ ਮਿੱਠੇ ਹੀ ਜਾਪਦੇ ਹਨ। ਇਵੇਂ ਹੀ, ਨਾਮ ਸਿਮਰਨ ਅਤੇ ਸ਼ਬਦ ਕੀਰਤਨ ਦੁਆਰਾ ਅਨੰਦ ਪਰਾਪਤ ਕੀਤਾ ਜਾ ਸਕਦਾ ਹੈ। ਜਿਸ ਪ੍ਰਾਣੀ ਉਪਰ ਅਕਾਲ ਪੁਰਖ ਦੀ ਕਿਰਪਾ-ਦ੍ਰਿਸ਼ਟੀ ਹੋ ਜਾਵੇ, ਸਮਝੋ ਕਿ ਉਹ ਸੱਭ ਪਦਾਰਥਾਂ, ਭਾਵ ਅਕਾਲ ਪੁਰਖ ਦੇ ਅੰਮ੍ਰਿਤ-ਨਾਮ ਨਾਲ ਜੁੜਿਆ ਰਹਿੰਦਾ ਹੈ। (੧)

ਬਾਬਾ ਹੋਰੁ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ ੧॥ ਰਹਾਉ॥

ਅਰਥ: ਐ ਸਤ-ਸੰਗੀਓ, ਜਿਸ ਭੋਜਣ ਖਾਣ ਨਾਲ, ਪ੍ਰਾਣੀ ਦੇ ਮਨ ਵਿੱਚ ਵਿਕਾਰ ਪੈਦਾ ਹੋ ਜਾਣ ਅਤੇ ਸਰੀਰ ਦੁਖੀ ਹੋ ਜਾਏ, ਉਸ ਤੋਂ ਪ੍ਰਹੇਜ਼ ਹੀ ਕਰਨਾ ਚਾਹੀਦਾ ਹੈ, ਤਾਂ ਜੋ ਪ੍ਰਾਣੀ ਜ਼ਿੰਦਗੀ ਵਿੱਚ ਖ਼ੁਆਰ ਨਾ ਹੋਵੇ। (੧-ਰਹਾਉ)

ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ॥ ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ॥

ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ॥ ੨॥

ਅਰਥ: ਜਿਹੜਾ ਪ੍ਰਾਣੀ ਅਕਾਲ ਪੁਰਖ ਦੇ ਨਾਮ ਵਿੱਚ ਲੀਨ ਰਹਿੰਦਾ ਹੈ, ਉਸ ਨੂੰ ਕਿਸੇ ਰੰਗੀਲੀ ਵਰਦੀ ਦੀ ਲੋੜ ਨਹੀਂ ਜਾਪਦੀ ਕਿਉਂਕਿ ਉਸ ਲਈ ਸਾਰੇ ਪਦਾਰਥ, ਦੌਲਤ, ਜੁਆਨੀ, ਆਦਿਕ, ਅਕਾਲ ਪੁਰਖ ਦੇ ਨਾਮ ਦੁਆਰਾ ਹੀ ਪਰਾਪਤ ਹੋ ਜਾਂਦੇ ਹਨ। (੨)

ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ ੧॥ ਰਹਾਉ॥

ਅਰਥ: ਐ ਸਤ-ਸੰਗੀਓ, ਜਿਹੜੇ ਵਸਤਰ ਪਹਿਨਣ ਨਾਲ, ਪ੍ਰਾਣੀ ਦੇ ਮਨ ਵਿੱਚ ਵਿਕਾਰ ਪੈਦਾ ਹੋ ਜਾਣ ਅਤੇ ਸਰੀਰ ਨੂੰ ਕੱਸ਼ਟ ਹੋਵੇ, ਐਸੇ ਕਪੜੇ ਨਹੀਂ ਪਹਿਨਣੇ ਚਾਹੀਦੇ, ਤਾਂ ਜੋ ਪ੍ਰਾਣੀ ਜ਼ਿੰਦਗੀ ਵਿੱਚ ਖ਼ੁਆਰ ਨਾ ਹੋਵੇ। (੧-ਰਹਾਉ)

ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ॥ ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ॥

ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ॥ ੩॥

ਅਰਥ: ਇੱਥੇ ਇੱਕ ਬਹਾਦਰ ਇਨਸਾਨ ਦੀ ਮਿਸਾਲ ਦੇ ਕੇ, ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਜਦੋਂ ਪ੍ਰਾਣੀ ਅਕਾਲ ਪੁਰਖ ਦੇ ਮਾਰਗ ਉਪਰ ਚਲਣ ਲਗ ਪਏ ਤਾਂ ਸ਼ਿੰਗਾਰੇ ਹੋਏ ਘੋੜੇ, ਤੀਰ-ਕਮਾਣ, ਬਰਛੇ-ਤਲਵਾਰ, ਨੇਜ਼ੇ, ਆਦਿਕ ਦੀ ਲੋੜ ਮਹਿਸੂਸ ਨਹੀਂ ਹੁੰਦੀ ਕਿਉਂਕਿ ਅਕਾਲ ਪੁਰਖ ਦੀ ਮਿਹਰ ਸਦਕਾ, ਪ੍ਰਾਣੀ ਸੱਭ ਤੋਂ ਉਤਮ ਜੀਵ ਬਣ ਜਾਂਦਾ ਹੈ। (੩)

ਬਾਬਾ ਹੋਰੁ ਚੜਣਾ ਖੁਸੀ ਖੁਆਰੁ॥ ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ ੧॥ ਰਾਹਉ॥

ਅਰਥ: ਐ ਸਤ-ਸੰਗੀਓ, ਜਿਸ ਸਵਾਰੀ ਕਰਨ ਨਾਲ, ਇਨਸਾਨ ਦੇ ਮਨ ਵਿੱਚ ਵਿਕਾਰ ਪੈਦਾ ਹੋ ਜਾਣ ਅਤੇ ਸਰੀਰ ਨੂੰ ਕੱਸ਼ਟ ਹੋਵੇ, ਅਜਿਹੀ ਅਸਵਾਰੀ ਕਰਨ ਦਾ ਕੋਈ ਲਾਭ ਨਹੀਂ ਕਿਉਂਕਿ ਐਸੀ ਖ਼ੁਸ਼ੀ ਅੰਤ ਨੂੰ ਜ਼ਲੀਲ ਹੀ ਕਰਦੀ ਹੈ। (੧-ਰਹਾਉ)

ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ॥ ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ॥

ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ॥ ੪॥

ਅਰਥ: ਅਕਾਲ ਪੁਰਖ ਦੀ ਮਿਹਰ ਸਦਕਾ, ਪ੍ਰਾਣੀ ਆਪਣੇ ਪਰਿਵਾਰ ਵਿੱਚ ਰਹਿ ਕੇ, ਮਨ ਤੇ ਸਰੀਰ ਦੀ ਹਰ ਪ੍ਰਕਾਰ ਦੀ ਖ਼ੁਸ਼ੀ ਮਾਨਣ ਲਗ ਪੈਂਦਾ ਹੈ। ਜਦੋਂ ਪ੍ਰਾਣੀ ਅਕਾਲ ਪੁਰਖ ਦੀ ਰਜ਼ਾਅ ਵਿੱਚ ਰਹਿਣ ਲਗ ਪਏ ਤਾਂ ਕਿਸੇ ਪ੍ਰਕਾਰ ਦੀ ਕਮੀ ਮਹਿਸੂਸ ਨਹੀਂ ਹੁੰਦੀ। ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਅਕਾਲ ਪੁਰਖ ਸੱਚਾ ਅਤੇ ਬੇਪਰਵਾਹ ਪਾਤਿਸ਼ਾਹ ਹੈ ਕਿਉਂਕਿ ਉਹ ਇਸ ਸਾਰੀ ਸ੍ਰਿਸ਼ਟੀ ਦੀ ਅਤੇ ਸੱਚੇ ਭਗਤਾਂ ਦੀ ਦੇਖ਼-ਭਾਲ ਕਿਸੇ ਤੋਂ ਪੁੱਛ ਕੇ ਨਹੀਂ ਕਰਦਾ। (੪)

ਬਾਬਾ ਹੋਰੁ ਸਉਣਾ ਖੁਸੀ ਖੁਆਰੁ॥ ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ ੧॥ ਰਹਾਉ॥ ੪॥ ੭॥

ਅਰਥ: ਐ ਸਤ-ਸੰਗੀਓ, ਐਸੀ ਨੀਂਦ ਨਾ ਸੋਈਏ, ਜਿਹੜੀ ਮਨ ਵਿੱਚ ਵਿਕਾਰ ਪੈਦਾ ਕਰੇ ਅਤੇ ਸਰੀਰ ਨੂੰ ਦੁਖੀ ਕਰੇ। ਇਸ ਲਈ, ਐਸਾ ਸੌਣਾ ਕਿਸ ਕੰਮ, ਜਿਹੜਾ ਖ਼ੱਜਲ-ਖ਼ੁਆਰੀ ਦਾ ਕਾਰਣ ਬਣ ਜਾਇ। (੧-ਰਹਾਉ। ੪/੭)

ਇਵੇਂ ਹੀ ਹੋਰ ਕਈ ਸ਼ਬਦ ਸਾਨੂੰ ਓਪਦੇਸ਼ ਦਿੰਦੇ ਹਨ:

ਪੰਨਾ ੧੫: ਸਿਰੀਰਾਗੁ ਮਹਲਾ ੧॥ ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ॥ ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ॥ ਏਤੇ ਰਸ ਸਰਰਿ ਕੇ ਕੈ ਘਟਿ ਨਾਮ ਨਿਵਾਸੁ॥ ੨॥

ਅਰਥ: ਜੇ ਰਸਾਂ ਬਾਰੇ ਵਿਚਾਰ ਕਰੀਏ ਤਾਂ ਸੋਨਾ, ਚਾਂਦੀ, ਇਸਤਰੀ, ਪਰਮਲ ਦੀ ਵਾਸ਼ਨਾ, ਘੋੜੇ ਦੀ ਅਸਵਾਰੀ, ਸੁੰਦਰ ਮੰਦਰ, ਰੇਸ਼ਮੀ ਸੇਜਾਂ, ਕਈ ਪ੍ਰਕਾਰ ਦੇ ਮਿੱਠੇ ਪਕਵਾਨਾਂ ਦੇ ਨਾਲ ਕਈ ਤਰ੍ਹਾਂ ਦੇ ਮਾਸ ਖਾਣੇ ਭੀ ਰਸ ਹੀ ਹਨ। ਜੇ ਐਸੇ ਸਾਰੇ ਰਸ ਸਰੀਰ ਨੂੰ ਚੰਗੇ ਲਗਦੇ ਹਨ, ਤਾਂ ਫਿਰ ਦਸੋ ਕਿ ਸੱਚੇ ਨਾਮ ਦਾ ਟਿਕਾਣਾ ਕਿਸ ਹਿਰਦੇ ਵਿੱਚ ਹੋਵੇ? (੨)

ਪੰਨਾ ੧੨੮੯: ਵਾਰ ਮਲਾਰ ਕੀ ਮਹਲਾ ੧॥

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੈ॥ ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ॥ ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ॥

ਅਰਥ: ਕਈ ਮਾਸ ਦੇ ਤਿਆਗੀ ਮਾਸ ਖਾਣ ਜਾਂ ਮਾਸ ਨਾ ਖਾਣ ਦੇ ਝਗੜੇ ਵਿੱਚ ਪਏ ਰਹਿੰਦੇ ਹਨ, ਪਰ ਐਸੇ ਪ੍ਰਾਣੀਆਂ ਨੂੰ ਨਾਂਹ ਆਤਮਿਕ ਜੀਵਨ ਦੀ ਸਮਝ ਹੁੰਦੀ ਹੈ ਅਤੇ ਨਾਂਹ ਹੀ ਉਹ ਆਪਣੀ ਬਿਬੇਕ-ਬੁੱਧੀ ਨਾਲ ਵਿਚਾਰ ਕਰਦੇ ਹਨ। ਉਨ੍ਹਾਂ ਨੂੰ ਤਾਂ ਇਹ ਭੀ ਸਮਝ ਨਹੀਂ ਕਿ ਮਾਸ ਤੇ ਸਾਗ ਵਿੱਚ ਕੀ ਫਰਕ ਹੈ, ਜਿਸ ਦੇ ਖਾਣ ਵਿੱਚ ਪਾਪ ਹੈ! ਪੁਰਾਣੇ ਸਮੇਂ ਵਿੱਚ ਹਿੰਦੂ ਲੋਕ ਆਪਣੇ ਦੇਵਤਿਆਂ ਦੀ ਇੱਸ਼ਾ ਅਨੁਸਾਰ, ਗੈਂਡਾ ਮਾਰ ਕੇ ਹੋਮ ਤੇ ਜੱਗ ਕਰਦੇ ਹੁੰਦੇ ਸਨ। ਪਰ ਜੇਹੜੇ ਪ੍ਰਾਣੀ ਮਾਸ ਨਹੀਂ ਖਾਂਦੇ, ਜਦੋਂ ਕਦੇ ਮਾਸ ਵੇਖ ਲੈਂਦੇ ਹਨ ਤਾਂ ਇੱਕ ਪਾਸੇ ਬੈਠ ਕੇ ਆਪਣਾ ਨੱਕ ਬੰਦ ਕਰਨ ਦਾ ਬਹਾਨਾ ਕਰਦੇ ਹਨ ਤਾਂ ਜੋ ਮਾਸ ਦੀ ਬੋਅ ਨਾ ਆਵੇ, ਪਰ ਐਸੇ ਪ੍ਰਾਣੀ ਰਾਤਾਂ ਨੂੰ ਲੁੱਕ ਕੇ ਲੋਕਾਂ ਦਾ ਲਹੂ ਪੀਣ ਦੀਆਂ ਪਲਾਨਾਂ ਬਣਾਉਂਦੇ ਰਹਿੰਦੇ ਹਨ, ਜਿਵੇਂ ਬ੍ਰਾਹਮਣ, ਜੈਨੀ, ਰਾਧਾ-ਸੁਆਮੀ, ਨਾਮ-ਧਾਰੀ ਵੀ ਮਾਸ ਨਹੀਂ ਖਾਂਦੇ!

ਗੁਰੂ ਗਰੰਥ ਸਾਹਿਬ - ਪੰਨਾ ੧੫: ਸਿਰੀਰਾਗੁ ਮਹਲਾ ੧॥ ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ॥ ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ॥ ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ॥ ੧॥

ਅਰਥ: ਪ੍ਰਾਣੀ ਦੇ ਹਿਰਦੇ ਵਿੱਚ ਕੁੱਤੇ ਵਾਂਗ ਲਾਲਚ, ਗੰਦਗੀ ਚੁੱਕਣ ਵਾਲਾ ਚੂਹੜਾ ਅਤੇ ਲੋਕਾਂ ਨਾਲ ਬੇਈਮਾਨੀ ਕਰਨ ਵਾਲਾ ਠੱਗ ਨਿਵਾਸ ਕਰੀ ਬੈਠਾ ਹੈ। ਸਾਡੀ ਜ਼ਬਾਨ `ਤੇ ਪਰਾਈ ਨਿੰਦਾ, ਸਾਡਾ ਮੂੰਹ ਦੂਜਿਆਂ ਦੀ ਬੁਰਾਈ ਨਾਲ ਭਰਿਆ ਹੋਇਆ ਅਤੇ ਹਿਰਦੇ ਵਿੱਚ ਕ੍ਰੋਧ ਦੀ ਅੱਗ ਲਾਉਣ ਵਾਲਾ ਚੰਡਾਲ ਬੈਠਾ ਹੋਇਆ ਹੈ। ਹੇ ਅਕਾਲ ਪੁਰਖ, ਅਸੀਂ ਤਾਂ ਸੁਆਦਲੇ ਪਦਾਰਥਾਂ ਦੇ ਚਸਕਿਆਂ ਅਤੇ ਆਪਣੇ ਹੀ ਨੀਚ ਕੰਮਾਂ ਦੀ ਝੂਠੀ ਪ੍ਰਸ਼ੰਸਾ ਵਿੱਚ ਉਲਝੇ ਰਹਿੰਦੇ ਹੈਂ। ੧।

ਪੰਨਾ ੧੪੦: ਵਾਰ ਮਾਝ ਕੀ ਤਥਾ ਸਲੋਕ ਮਹਲਾ ੧॥ ਕੂੜੁ ਬੋਲਿ ਮੁਰਦਾਰੁ ਖਾਇ॥ ਅਵਰੀ ਨੋ ਸਮਝਾਵਣਿ ਜਾਇ॥ ਮੁਠਾ ਆਪਿ ਮੁਹਾਏ ਸਾਥੈ॥ ਨਾਨਕ ਐਸਾ ਆਗੂ ਜਾਪੈ॥ ੧॥

ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਕਈ ਪ੍ਰਾਣੀ ਝੂਠ ਬੋਲਦੇ ਅਤੇ ਦੂਜਿਆਂ ਦਾ ਹੱਕ ਮਾਰ ਕੇ ਹਰਾਮ ਦੀ ਕਮਾਈ ਕਰਦੇ ਹਨ, ਪਰ ਹੋਰਨਾਂ ਨੂੰ ਸਿੱਖਿਆ ਦੇਣ ਲਈ ਤੁਰੇ-ਫਿਰਦੇ ਹਨ। ਐਸੇ ਦੋਗਲੇ ਆਗੂ ਦਾ ਆਪਣਾ ਪਰਦਾ ਤਾਂ ਫਾਸ਼ ਹੋ ਹੀ ਜਾਂਦਾ ਹੈ, ਪਰ ਉਹ ਆਪਣੇ ਸਾਥੀਆਂ ਨੂੰ ਭੀ ਖੁਆਰ ਕਰ ਦਿੰਦੇ ਹਨ।

ਪੰਨਾ ੧੪੧: ਮ: ੧॥ ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥

ਅਰਥ: ਗੁਰੂ ਨਾਨਕ ਸਾਹਿਬ ਓਪਦੇਸ਼ ਕਰਦੇ ਹਨ ਕਿ ਮੁਸਲਮਾਨ ਲਈ ਪਰਾਇਆ ਹੱਕ ਸੂਰ ਬਰਾਬਰ ਹੈ ਅਤੇ ਹਿੰਦੂ ਲਈ ਗਊ ਖਾਣ ਵਾਂਗ ਹੈ। ਐਸਾ ਪ੍ਰਾਣੀ ਹੀ ਅਕਾਲ ਪੁਰਖ ਨੂੰ ਪ੍ਰਵਾਨ ਹੋ ਸਕਦਾ ਹੈ, ਜੇਹੜਾ ਪਰਾਇਆ ਹੱਕ ਨਹੀਂ ਖਾਂਦਾ; ਜਿਵੇਂ ਰਿਸ਼ਵਤ ਲੈਣਾ/ਦੇਣਾ ਜਾਂ ਸਰਕਾਰ ਨੂੰ ਪੂਰਾ ਟੈਕਸ ਨਾ ਦੇਣਾ, ਲਾਗਤ ਤੋਂ ਜ਼ਿਆਦਾ ਕੀਮਤ ਵਸੂਲ ਕਰਨਾ ਅਤੇ ਹੋਰ ਕੋਈ ਹੇਰਾ-ਫੇਰੀ/ਧੋਖਾ ਕਰਨਾ ਆਦਿਕ, ਮੁਰਦਾਰੁ ਖਾਣ ਦੇ ਹੀ ਬਰਾਬਰ ਹੈ।

ਪੰਨਾ ੪੬੮-੪੬੯: ਵਾਰ ਆਸਾ ਮਹਲਾ ੧॥ ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥ ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ॥ ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥ ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ॥

ਅਰਥ: ਸੰਸਾਰ ਵਿਖੇ ਪ੍ਰਾਣੀਆਂ ਲਈ ਜੀਭ ਦਾ ਚਸਕਾ ਇੱਕ ਰਾਜੇ ਵਾਂਗ ਹੈ, ਪਾਪ ਵਜ਼ੀਰ ਅਤੇ ਝੂਠ ਚੌਧਰੀ ਸਮਾਨ ਹੈ। ਇਵੇਂ ਹੀ, ਐਸੇ ਲੋਭ ਅਤੇ ਪਾਪ ਦੇ ਦਰਬਾਰ ਵਿੱਚ ਕਾਮ ਨਾਇਬ ਹੈ, ਜਿਸ ਦੀ ਸਲਾਹ ਲਈ ਜਾਂਦੀ ਹੈ। ਪਰ, ਪਰਜਾ ਗਿਆਨ ਤੋਂ ਸੱਖਣੀ ਹੋਂਣ ਕਰਕੇ, ਵਿਅਰਥ ਕੰਮਾਂ ਵਿੱਚ ਖੁਆਰ ਹੋਈ ਰਹਿੰਦੀ ਹੈ, ਜਿਵੇਂ ਐਸੇ ਅਗਿਆਨੀ ਨੱਚਦੇ, ਵਾਜੇ ਵਜਾਉਂਦੇ ਅਤੇ ਕਈ ਤਰ੍ਹਾਂ ਦੇ ਸ਼ਿੰਗਾਰ ਕਰਨ ਵਿੱਚ ਮੱਸਤ ਰਹਿੰਦੇ ਹਨ।

ਪੰਨਾ ੬੫੦: ਰਾਗੁ ਸੋਰਠਿ ਵਾਰ ਮ: ੩॥ ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ॥

ਅਰਥ: ਅਕਾਲ ਪੁਰਖ ਦੇ ਸੱਚੇ ਨਾਮ ਤੋਂ ਬਿਨਾ ਖਾਣਾ ਅਤੇ ਪਹਿਨਣਾ ਸੱਭ ਵਿਅਰਥ ਹੈ ਅਤੇ ਇਵੇਂ ਹੀ ਕਈ ਪ੍ਰਕਾਰ ਦੀਆਂ ਸਿੱਧੀਆਂ ਅਤੇ ਕਰਾਮਾਤਾਂ ਦੀ ਕੋਈ ਕਦਰ ਨਹੀਂ।

ਪੰਨਾ ੭੨੩: ਤਿਲੰਗ ਮਹਲਾ ੫ ਘਰੁ ੧॥ ਬੰਦੇ ਚਸਮ ਦੀਦੰ ਫਨਾਇ॥ ਦੁਨਂੀਆ ਮੁਰਦਾਰ ਖੁਰਦਨੀ ਗਾਫਲ ਹਵਾਇ॥ ਰਹਾਉ॥ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਇ॥ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ॥ ੨॥

ਅਰਥ: ਐ ਪ੍ਰਾਣੀ, ਜੋ ਕੁੱਝ ਤੂੰ ਵੇਖਦਾ ਹੈਂ, ਉਹ ਸੱਭ ਨਾਸਵੰਤ ਹੈ, ਪਰ ਸਾਰਾ ਸੰਸਾਰ ਮਾਇਆ ਦੇ ਲਾਲਚ ਵਿੱਚ ਪੈ ਕੇ ਅਕਾਲ ਪੁਰਖ ਦੀ ਹੋਂਦ ਨੂੰ ਭੁੱਲ ਬੈਠਾ ਅਤੇ ਪਰਾਇਆ ਹੱਕ ਖੋਹ ਕੇ ਹਰਾਮ ਦੀ ਕਮਾਈ ਖਾਂਦਾ ਰਹਿੰਦਾ ਹੈ। ਰਹਾਉ। ਬੇਸਮਝ ਪ੍ਰਾਣੀ, ਭੂਤਾਂ-ਪ੍ਰੇਤਾਂ ਅਤੇ ਪਸ਼ੂਆਂ ਵਾਂਗ ਦੂਸਰਿਆਂ ਨੂੰ ਮਾਰ ਕੇ ਹਰਾਮ ਖਾਂਦਾ ਰਹਿੰਦਾ ਹੈ। ਐਸਾ ਜੀਵ ਆਪਣੇ ਹੀ ਮਾਇਆ-ਜਾਲ ਵਿੱਚ ਫਸ ਕੇ, ਅੰਤ ਤੱਕ ਖੁਆਰ ਹੁੰਦਾ ਰਹਿੰਦਾ ਹੈ। ੨।

ਪੰਨਾ ੧੨੪੨: ਸਲੋਕ ਮ: ੧॥ ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ॥ ਕੂੜੁ ਬੋਲਿ ਬੋਲਿ ਭਉਕਣਾ ਚੂਕਾ ਧਰਮੁ ਬੀਚਾਰੁ॥

ਅਰਥ: ਅਕਾਲ ਪੁਰਖ ਤੋਂ ਵਿੱਛੜੇ ਹੋਏ ਪ੍ਰਾਣੀ, ਕੁੱਤੇ ਵਾਂਗ ਖਾਣ ਦੇ ਹਲਕ ਪਏ ਰਹਿੰਦੇ ਹਨ ਅਤੇ ਵੱਢੀ ਆਦਿਕ ਹਰਾਮ ਦੀਆਂ ਵਸਤੂਆਂ ਖਾਣਾ ਉਨ੍ਹਾਂ ਦਾ ਮਨ-ਭਾਉਂਦਾ ਖਾਣਾ ਮੁਰਦਾਰ ਹੈ। ਐਸੇ ਲੋਕ ਸਦਾ ਝੂਠ ਬੋਲਦੇ ਹਨ ਅਤੇ ਉਨ੍ਹਾਂ ਦੇ ਅੰਦਰੋਂ ਧਰਮ ਵਾਲੀ ਜ਼ਮੀਰ ਖ਼ੱਤਮ ਹੋ ਜਾਂਦੀ ਹੈ। ਇਵੇਂ ਝੂਠ ਬੋਲਣਾ ਅਤੇ ਕੁੜਿਆਰ ਕੰਮ ਕਰਨੇ ਭੀ ਮੁਰਦਾਰ ਖਾਣ ਦੇ ਬਰਾਬਰ ਹਨ। ਆਓ, ਆਪਣੇ ਆਪਣੇ ਹਿਰਦੇ ਦੀ ਪੜਚੋਲ ਕਰੀਏ ਕਿ ਕੀ ਅਸੀਂ ਸਚਿਆਰ ਜ਼ਿੰਦਗੀ ਬਤੀਤ ਕਰ ਰਹੇ ਹਾਂ ਜਾਂ ਹਾਥੀ ਦੇ ਦੰਦਾਂ ਵਾਂਗ ਦੋਗਲੀ ਨੀਤੀ ਅਪਣਾਈ ਹੋਈ ਹੈ?

ਪੰਨਾ ੧੩੩੧: ਪ੍ਰਭਾਤੀ ਮਹਲਾ ੧॥ ਬਿਖੁ ਖਾਣਾ ਬਿਖੁ ਬੋਲਣਾ ਬਿਖੁ ਕੀ ਕਾਰ ਕਮਾਇ॥ ਜਮ ਦਰਿ ਬਾਧੇ ਮਾਰੀਅਹਿ ਛੂਟਸਿ ਸਾਚੈ ਨਾਇ॥ ੨॥

ਅਰਥ: ਲਾਲਚ ਦੇ ਜਾਲ ਵਿੱਚ ਫਸ ਕੇ ਪ੍ਰਾਣੀ ਜੋ ਕੁੱਝ ਖਾਂਦਾ ਹੈ, ਉਹ ਜ਼ਹਿਰ ਤੁੱਲ ਹੈ, ਜੋ ਕੁੱਝ ਬੋਲਦਾ ਹੈ, ਉਹ ਭੀ ਜ਼ਹਿਰ ਬਰਾਬਰ ਹੈ ਅਤੇ ਜੇਹੜੇ ਬੁਰੇ ਕੰਮ ਕਰਦਾ ਹੈ, ਉਹ ਭੀ ਜ਼ਹਿਰ ਤੋਂ ਘੱਟ ਨਹੀਂ। ਐਸੇ ਪ੍ਰਾਣੀ ਅਖੀਰ ਸਮੇਂ ਤੱਕ ਸੰਸਾਰਕ ਦੁੱਖ-ਕਲੇਸ਼ਾਂ ਵਿੱਚ ਹੀ ਜੱਕੜੇ ਰਹਿੰਦੇ ਹਨ, ਪਰ ਉਹੀ ਗੁਰਮੁੱਖ ਪਿਆਰਾ ਮੁਕਤੀ ਪਰਾਪਤ ਕਰ ਲੈਂਦਾ ਹੈ, ਜਿਹੜਾ ਅਕਾਲ ਪੁਰਖ ਦੇ ਸੱਚੇ ਨਾਮ ਵਿੱਚ ਜੁੜਿਆ ਰਹਿੰਦਾ ਹੈ। ੨।

ਇਸ ਲਈ, ਸਿੱਖਾਂ ਨੂੰ ਇਮਾਨਦਾਰੀ ਨਾਲ ਸੁਚੱਜੀ ਕਿਰਤ ਕਰਕੇ, ਸਚਿਆਰ ਜੀਵਨ ਬਤੀਤ ਕਰਨਾ ਚਾਹੀਦਾ ਹੈ ਨਾ ਕਿ ਆਪਣੇ ਪੇਟ-ਪੂਰਤੀ ਲਈ ਝਗੜਦੇ ਰਹੀਏ! ਆਓ, ਅਖੀਰ ਵਿੱਚ ਖਾਣੇ ਦੀ ਅੰਤਲੀ ਕਿਰਿਆ ਵਲ ਭੀ ਝਾਤ ਮਾਰ ਲਈਏ:

ਆਸਾ ਮਹਲਾ ੧॥ ਵਾਰ ਸਲੋਕੁ ਮ: ੧ ਪਉੜੀ ੧੯ - ਪੰਨਾ ੪੭੩॥ ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ॥ ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ॥ ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ॥ ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ॥ ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ॥ ਤਾ ਹੋਆ ਪਾਕੁ ਪਵਿਤੁ॥ ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ॥ ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ॥ ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ॥ ੧॥

ਅਰਥ: ਗੁਰੂ ਨਾਨਕ ਸਾਹਿਬ ਬ੍ਰਾਹਮਣਾਂ/ਪੰਡਤਾਂ ਦੀ ਸੁੱਚ-ਭਿੱਟ ਬਾਰੇ ਆਮ ਪ੍ਰਾਣੀਆਂ ਨੂੰ ਸੁਚੇਤ ਕਰਦੇ ਹਨ ਕਿ ਸੱਭ ਤੋਂ ਪਹਿਲਾਂ ਬ੍ਰਾਹਮਣ ਨ੍ਹਾਅ-ਧੋ ਕੇ ਤੇ ਸੁੱਚਾ ਹੋ ਕੇ ਸੁੱਚੇ ਚੌਕੇ ਉੱਤੇ ਆ ਬੈਠਦਾ ਹੈ। ਉਸ ਦੇ ਅੱਗੇ ਘਰ ਵਾਲਾ ਉਹ ਭੋਜਨ ਲਿਆ ਰੱਖਦਾ ਹੈ, ਜਿਸ ਨੂੰ ਅਜੇ ਕਿਸੇ ਹੋਰ ਨੇ ਹੱਥ ਨਹੀਂ ਲਾਇਆ ਹੁੰਦਾ ਜਾਂ ਕਹੋ ਕਿਸੇ ਨੇ ਭਿੱਟਿਆ ਨਾਹ ਹੋਵੇ। ਇੰਜ, ਬ੍ਰਾਹਮਣ ਸੁੱਚਾ ਹੋ ਕੇ ਉਸ ਸੁੱਚੇ ਭੋਜਨ ਨੂੰ ਖਾਂਦਾ ਹੈ ਅਤੇ ਖਾ ਕੇ ਸਲੋਕ ਪੜ੍ਹਨ ਲੱਗ ਪੈਂਦਾ ਹੈ। ਪਰ, ਉਸ ਪਵਿੱਤਰ ਭੋਜਨ ਨੂੰ ਗੰਦੇ ਥਾਂ (ਭਾਵ, ਆਪਣੇ ਢਿੱਡ ਵਿਚ) ਪਾ ਲੈਂਦਾ ਹੈ ਤਾਂ ਫਿਰ ਉਸ ਪਵਿੱਤਰ ਭੋਜਨ ਨੂੰ ਗੰਦੇ ਥਾਂ ਸੁੱਟਣ ਦਾ ਦੋਸ਼ ਕਿਸ ਤੇ ਆਇਆ? ਅੰਨ, ਪਾਣੀ, ਅੱਗ ਅਤੇ ਲੂਣ - ਚਾਰੇ ਹੀ ਹਿੰਦੂਆਂ ਅਨੁਸਾਰ ਦੇਵਤੇ ਹਨ (ਭਾਵ, ਪਵਿੱਤਰ ਪਦਾਰਥ ਹਨ), ਪੰਜਵਾਂ ਘਿਉ ਭੀ ਪਵਿੱਤਰ ਹੈ, ਜੋ ਇਨ੍ਹਾਂ ਚੌਹਾਂ ਵਿੱਚ ਪਾਈਦਾ ਹੈ। ਇਸ ਤਰ੍ਹਾਂ ਇਨ੍ਹਾਂ ਪੰਜਾਂ ਪਦਾਰਥਾਂ ਨੂੰ ਰਲਾਇਆਂ ਬੜਾ ਪਵਿੱਤਰ ਭੋਜਨ ਤਿਆਰ ਹੁੰਦਾ ਹੈ। ਪਰ ਦੇਖੋ ਅਸਰਜ ਖੇਡ, ਜਿਵੇਂ ਹੀ ਇਸ ਪਵਿੱਤਰ ਭੋਜਨ ਨੇ ਪਾਪੀ ਪ੍ਰਾਣੀ ਨਾਲ ਸੰਗਤ ਹੁੰਦੀ ਹੈ, ਜਿਸ ਕਰਕੇ ਉਸ ਉੱਤੇ ਫਿਰ ਥੁੱਕਾਂ ਪੈਂਦੀਆਂ ਹਨ। ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਹਨ ਕਿ ਇਸੇ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੇ ਪ੍ਰਾਣੀ ਅਕਾਲ ਪੁਰਖ ਦੇ ਗੁਣ ਗ੍ਰਹਿਣ ਨਹੀਂ ਕਰਦੇ, ਉਨ੍ਹਾਂ ਦੇ ਸੁਆਦਲੇ ਪਦਾਰਥ ਖਾਦੇ, ਢਿੱਡ ਵਿਚੋਂ ਲੰਘਣ ਨਾਲ ਗੰਦਗੀ ਵਿੱਚ ਬਦਲ ਜਾਂਦੇ ਹਨ ਅਤੇ ਉਨ੍ਹਾਂ ਨੂੰ ਭੀ ਫਿੱਟਕਾਰਾਂ ਹੀ ਪੈਂਦੀਆਂ ਹਨ। ੧।

ਕਿੰਨਾ ਚੰਗਾ ਹੋਵੇ ਜੇ ਆਸਾ ਕੀ ਵਾਰ ਦਾ ਕੀਰਤਨ ਕਰਨ ਸਮੇਂ ਵਿਆਖਿਆ ਭੀ ਕੀਤੀ ਜਾਵੇ ਤਾਂ ਜੋ ਸੋਝੀ ਮਿਲਦੀ ਰਹੇ।

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੨੯ ਸਤੰਬਰ ੨੦੧੩




.