ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ………
ਮਨੁੱਖਾ ਹੋਂਦ ਦੇ ਦੋ ਅੰਸ਼ ਹਨ: ਸਰੀਰ ਅਤੇ ਰੂਹ ਅਰਥਾਤ ਆਤਮਾ। ਆਤਮਾ ਨੂੰ
ਪ੍ਰਾਣ ਵੀ ਕਹਿੰਦੇ ਹਨ, ਅਤੇ ਪ੍ਰਾਣ-ਧਾਰੀ ਹੋਂਦ ਨੂੰ ਸਰੀਰ, ਪਿੰਡ, ਕਾਇਆਂ ਆਦਿ ਕਿਹਾ ਜਾਂਦਾ ਹੈ।
ਸਰੀਰ ਪੰਜ ਤੱਤਾਂ (ਮਿੱਟੀ, ਹਵਾ, ਅੱਗ, ਪਾਣੀ ਤੇ ਖ਼ਲਾਅ) ਦਾ ਸਮੂਹ ਹੈ। ਗਿਆਨ ਅਤੇ ਕਰਮ ਇੰਦ੍ਰੀਆਂ
ਸਰੀਰ ਦੀ ਚਾਲਕ ਸ਼ਕਤੀ ਹਨ। ਆਤਮਾ ਜੀਵ ਦਾ ਮੂਲ ਤੱਤ ਹੈ ਅਤੇ ਇਹ ਪਰਮਾਤਮਾ ਦੀ ਅੰਸ਼ ਹੈ, ਇਸ ਲਈ
ਸਰੀਰ ਵਾਂਗ ਪੰਜਭੂਤਿਕ ਤੱਤਾਂ ਦੀ ਮੁਹਤਾਜ ਨਹੀਂ। ਸਰੀਰ ਸਥੂਲ ਹੈ ਅਤੇ ਰੂਹ ਅਸਥੂਲ। ਸਰੀਰ ਦੀ
ਸੀਮਾਂ ਜਨਮ-ਜੀਵਨ-ਮੌਤ ਹੈ, ਪਰ ਆਤਮਾ ਇਸ ਬੰਧਨ ਵਿੱਚ ਨਹੀਂ। ਸਰੀਰ ਦੀ ਹੋਂਦ ਆਤਮਾ ਕਰਕੇ ਹੈ, ਪਰ
ਆਤਮਾ ਸਰੀਰ ਦੀ ਮੁਥਾਜ ਨਹੀਂ। ਸਰੀਰ ਨਾਸ਼ਮਾਨ ਹੈ ਪਰੰਤੂ ਆਤਮਾ ਸਦੀਵੀ। ਇਸ ਵਾਸਤੇ, ਆਤਮਾ ਅਨਮੋਲ
ਹੈ ਅਤੇ ਸਰੀਰ ਤੁੱਛ। ਮਨੁੱਖ ਦੀ ਤ੍ਰਾਸਦੀ ਇਹ ਹੈ ਕਿ ਉਹ ਭੌਤਿਕ ਨਾਸ਼ਮਾਨ ਤੁੱਛ ਸਰੀਰ ਦੀਆਂ ਅਸਥਾਈ
ਇੰਦ੍ਰੀਆਤਮਕ ਖ਼ੁਸ਼ੀਆਂ ਵਾਸਤੇ ਸਾਰਾ ਦੁਰਲੱਭ ਮਨੁੱਖਾ ਜੀਵਨ ਪਾਪ-ਕਰਮ ਕਰਦਾ ਹੋਇਆ ਨਸ਼ਟ ਕਰ ਦੇਂਦਾ
ਹੈ, ਪਰੰਤੂ ਪਰਮਾਤਮਾ ਦੀ ਅੰਸ਼ ਅਭੌਤਿਕ ਤੇ ਸਦੀਵੀ ਜੀਵਾਤਮਾ ਦੀ ਨਿਰਮਲਤਾ, ਸ਼ੁੱਧਤਾ, ਉੱਧਾਰ ਤੇ
ਕਲਿਆਣ ਲਈ ਕੁੱਝ ਨਹੀਂ ਕਰਦਾ।
ਮਨੁੱਖਾ ਹਸਤੀ ਦਾ ਇੱਕ ਹੋਰ ਤੀਸਰਾ ਅਦ੍ਰਿਸ਼ਟ ਅੰਗ ਵੀ ਹੈ ਜਿਸ ਨੂੰ ਜੀਅ,
ਮਨ, ਹਿਰਦਾ, ਦਿਲ, ਚਿੱਤ, ਅੰਤਹਕਰਣ ਆਦਿ ਕਿਹਾ ਜਾਂਦਾ ਹੈ। (ਕਈਆਂ ਨੇ ਮਨ ਅਤੇ ਆਤਮਾ ਨੂੰ ਇੱਕ ਹੀ
ਦੱਸਿਆ ਹੈ।) ਇਹ ਮਨ ਹੀ ਮਨੁੱਖ ਨੂੰ ਪੁੱਠੇ ਸਿੱਧੇ ਕਰਮ ਕਰਨ ਵਾਸਤੇ ਉਤੇਜਿਤ ਕਰਦਾ ਹੈ। ਸ਼ੈਤਾਨ ਮਨ
ਦੀ ਧਰਤੀ ਵਿਕਾਰਾਂ ਵਾਸਤੇ ਬੜੀ ਹੀ ਉਪਜਾਊ ਹੁੰਦੀ ਹੈ। ਵਿਕਾਰਾਂ ਦੇ ਪ੍ਰਭਾਵ ਹੇਠ ਮਨੁੱਖਾ-ਮਨ ਪਾਪ
ਸੋਚਦਾ ਹੈ ਅਤੇ ਇੰਦ੍ਰੀਆਂ ਪਾਪ-ਕਰਮ ਕਮਾਉਂਦੀਆਂ ਹਨ। ਪਰੰਤੂ ਜ਼ਬਤ ਵਿੱਚ ਰੱਖਿਆ ਪਰਮਾਰਥੀ ਮਨ
ਵਿਕਾਰੀ ਰੁਚੀਆਂ ਉੱਤੇ ਕਾਬੂ ਪਾ ਕੇ ਇਨ੍ਹਾਂ ਇੰਦ੍ਰੀਆਂ ਨੂੰ ਅਨੈਤਿਕ ਕੰਮ ਕਰਨ ਤੋਂ ਰੋਕਦਾ ਅਤੇ
ਪੁੰਨ ਕਰਮ ਕਮਾਉਣ ਵਾਸਤੇ ਪ੍ਰੇਰਿਤ ਕਰਦਾ ਹੈ। ਪਾਪ ਕਰਮ ਆਤਮਾ ਨੂੰ ਮਲੀਨ ਕਰਕੇ ਇਸ ਦੀ ਇਸ ਦੇ ਮੂਲ
ਪ੍ਰਭੂ ਤੋਂ ਦੂਰੀ ਦਾ ਕਾਰਣ ਬਣਦੇ ਹਨ। ਇਸ ਦੇ ਉਲਟ, ਨੇਕ ਕਰਮ (ਸੁਕ੍ਰਿਤ) ਆਤਮਾ ਨੂੰ ਨਿਰਮੈਲ
ਕਰਕੇ ਇਸ ਦੀ ਰੱਬ ਨਾਲ ਨੇੜਤਾ ਦਾ ਸਾਧਨ ਬਣਦੇ ਹਨ। ਆਤਮਾ ਨੂੰ ਕਲੰਕਿਤ ਕਰਨ ਵਾਲੇ ਵਿਕਾਰਾਂ ਦਾ
ਪਰਿਤਿਆਗ ਕਰਦੇ ਹੋਏ ਰੱਬੀ ਗੁਣਾਂ ਨੂੰ ਧਾਰਨ ਕਰਕੇ ਰੱਬ ਜਿਹਾ ਹੋ ਕੇ ਉਸ ਵਿੱਚ ਅਭੇਦਤਾ ਪ੍ਰਾਪਤ
ਕਰਨ ਦਾ ਪ੍ਰਯਤਨ ਹੀ ਮਨੁੱਖ ਦਾ ਜੀਵਨ-ਮਨੋਰਥ ਹੈ। ਗੁਰਮਤਿ ਦਾ ਇਹ ਪਰਮੁੱਖ ਸਿੱਧਾਂਤ ਹੈ ਅਤੇ ਇਸ
ਸਿੱਧਾਂਤ ਦਾ ਸੱਚਾ ਸੁਹਿਰਦ ਪਾਲਣ ਹੀ ਸੱਚੀ ਗੁਰਸਿੱਖੀ ਹੈ।
ਬਾਣੀ ਵਿੱਚ ਇਸ ਸਿੱਧਾਂਤ ਦਾ ਉੱਲੇਖ ਵਾਰ ਵਾਰ ਕੀਤਾ ਗਿਆ ਹੈ, ਪਰ ਇੱਥੇ
ਅਸੀਂ ਗੁਰੂ ਨਾਨਕ ਦੇਵ ਜੀ ਦੇ ਰਾਗੁ ਗਉੜੀ ਵਿੱਚ ਲਿਖੇ ਨਿਮਨ ਲਿਖਿਤ ਇੱਕ ਸ਼ਬਦ ਦੀ ਹੀ ਵਿਚਾਰ ਕਰਨੀ
ਹੈ। ਇਸ ਸ਼ਬਦ ਵਿੱਚ ਗੁਰੂ ਨਾਨਕ ਦੇਵ ਜੀ ਵਿਕਾਰ-ਗ੍ਰਸਤ ਜੀਅੜੇ (ਮਨ) ਤੇ ਕਾਇਆਂ ਨੂੰ ਸੰਬੋਧਤ
ਹੁੰਦੇ ਹੋਏ ਇਨ੍ਹਾਂ ਨੂੰ ਸਮਝਾਉਂਦੇ ਹੋਏ ਚੇਤਾਵਨੀ ਕਰਦੇ ਹਨ:-
ਗਉੜੀ ਚੇਤੀ ਮਹਲਾ ੧॥
ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ
ਸੰਸਾਰੋ॥
ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ਉਠਾਵਹਿ ਭਾਰੋ॥
ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ॥ ੧॥
ਸੁਣਿ ਸੁਣਿ ਸਿਖ ਹਮਾਰੀ॥
ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ॥
੧॥ ਰਹਾਉ॥
ਹਉ ਤੁਧੁ ਆਖਾ ਮੇਰੀ ਕਾਇਆ ਤੂੰ ਸੁਣਿ ਸਿਖ ਹਮਾਰੀ॥
ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾ ਇਤਬਾਰੀ॥
ਵੇਲਿ ਪਰਾਈ ਜੋਹਹਿ ਜੀਅੜੇ ਕਰਹਿ ਚੋਰੀ ਬੁਰਿਆਰੀ॥
ਹੰਸੁ ਚਲਿਆ ਤੂੰ ਪਿਛੈ ਰਹੀਏਹਿ ਛੁਟੜਿ ਹੋਈਅਹਿ ਨਾਰੀ॥ ੨॥
ਤੂੰ ਕਾਇਆ ਰਹੀਅਹਿ ਸੁਪਨੰਤਰਿ ਤੁਧੁ ਕਿਆ ਕਰਮ ਕਮਾਇਆ॥
ਕਰਿ ਚੋਰੀ ਮੈ ਜਾ ਕਿਛੁ ਲੀਆ ਤਾ ਮਨਿ ਭਲਾ ਭਾਇਆ॥
ਹਲਤਿ ਨ ਸੋਭਾ ਪਲਤਿ ਨ ਢੋਈ ਅਹਿਲਾ ਜਨਮੁ ਗਵਾਇਆ॥ ੩॥
ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁਛੈ ਕੋਈ॥ ੧॥ ਰਹਾਉ॥
ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ॥
ਕਿਸ ਹੀ ਨਾਲਿ ਨ ਚਲੇ ਨਾਨਕ ਝੜਿ ਝੜਿ ਪਏ ਗਵਾਰਾ॥
ਕੂਜਾ ਮੇਵਾ ਮੈ ਸਭ ਕਿਛੁ ਚਾਖਿਆ ਇਕੁ ਅੰਮ੍ਰਿਤੁ ਨਾਮੁ ਤੁਮਾਰਾ॥ ੪॥
ਦੇ ਦੇ ਨੀਵ ਦਿਵਾਲ ਉਸਾਰੀ ਭਸ ਮੰਦਰ ਕੀ ਢੇਰੀ॥
ਸੰਚੇ ਸੰਚਿ ਨ ਦੇਈ ਕਿਸ ਹੀ ਅੰਧੁ ਜਾਣੈ ਸਭ ਮੇਰੀ॥
ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨ ਕੇਰੀ॥ ੫॥
ਸੁਣਿ ਮੂਰਖ ਮੰਨ ਅਜਾਣਾ॥
ਹੋਗੁ ਤਿਸੈ ਕਾ ਭਾਣਾ॥ ਰਹਾਉ॥
ਸਾਹੁ ਹਮਾਰਾ ਠਾਕੁਰੁ ਭਾਰਾ ਹਮ ਤਿਸ ਕੇ ਵਣਜਾਰੇ॥
ਜੀਉ ਪਿੰਡੁ ਸਭ ਰਾਸਿ ਤਿਸੈ ਕੀ ਮਾਰਿ ਆਪੇ ਜੀਵਾਲੇ॥ ੬॥
ਉਕਤ ਸ਼ਬਦ ਵਿੱਚ ਕਿਤੇ ਕਾਇਆਂ ਨੂੰ ਸੰਬੋਧਨ ਕੀਤਾ ਹੈ, ਕਿਤੇ ਮਨ ਨੂੰ ਅਤੇ
ਕਿਤੇ ਆਤਮਾ ਨੂੰ। ਸ਼ਬਦ ਵਿੱਚ ਰਹਾਉ ਦੀਆਂ ਤਿੰਨ ਤੁਕਾਂ ਤੇ ਛੇ ਬੰਦ ਹਨ। ਰਹਾਉ ਦੀ ਪਹਿਲੀ ਤੁਕ
ਵਿੱਚ ਮੂਲ ਸਿੱਧਾਂਤਕ ਸਿੱਖਿਆ ਦਿੱਤੀ ਹੈ ਕਿ ਦੁਰਲੱਭ ਮਾਨਵ ਜੀਵਨ ਵਿੱਚ ਕੀਤੇ ਨੇਕ ਪਰਮਾਰਥੀ ਪੁੰਨ
ਕਰਮ (ਸੁਕ੍ਰਿਤ) ਹੀ ਤੋੜ ਤਕ ਦਾ ਸਾਥ ਦੇਣ ਵਾਲੇ ਹੁੰਦੇ ਹਨ। ਰਹਾਉ ਦੀ ਦੂਜੀ ਤੁਕ ਵਿੱਚ ਮਰਨ
ਉਪਰੰਤ ਨਿਰਜਿੰਦ ਕਾਇਆਂ (ਲੋਥ) ਦੀ ਹੋਣ ਵਾਲੀ ਦੁਰਦਸ਼ਾ ਤੇ ਬੇਕਦਰੀ ਬਾਰੇ ਸੁਚੇਤ ਕੀਤਾ ਹੈ। ਰਹਾਉ
ਦੀ ਤੀਸਰੀ ਤੁਕ ਵਿੱਚ ਚਿਤਾਰਿਆ ਗਿਆ ਹੈ ਕਿ ਸਭ ਕੁਛ ਪ੍ਰਭੂ ਦੇ ਭਾਣੇ ਵਿੱਚ ਹੀ ਵਾਪਰਦਾ ਹੈ; ਇਸ
ਲਈ ਮਨੁੱਖ ਨੂੰ ਉਸੇ ਦੇ ਹੁਕਮ ਵਿੱਚ ਰਹਿੰਦਿਆਂ ਹੀ ਜੀਵਨ ਸਫ਼ਲਾ ਕਰਨਾ ਚਾਹੀਦਾ ਹੈ।
ਸ਼ਬਦ ਅਰਥ:- ਅੰਮ੍ਰਿਤ: ਅਮਰ, ਜਿਸ ਨੂੰ ਮੌਤ ਨਹੀਂ ਆਉਂਦੀ, ਸਦੀਵੀ।
ਕਾਇਆ: ਦੇਹ, ਪਿੰਡ, ਪੰਜ ਭੂਤਿਕ ਸਰੀਰ। ਸੁਖਾਲੀ: ਸੰਸਾਰਕ ਸੁੱਖਾਂ ਵਾਲੀ। ਬਾਜੀ: ਜੀਵਨ-ਖੇਡ।
ਛਾਰੋ: ਧੂੜ, ਸੁਆਹ, ਭਸਮ ਜੋ ਤੁੱਛਤਾ ਦਾ ਪ੍ਰਤੀਕ ਹੈ।
ਸੁਣਿ ਸੁਣਿ: ਧਿਆਨ ਨਾਲ ਸੁਣ। ਸਿਖ: ਸਿੱਖਿਆ, ਸੰਮਤੀ, ਨੇਕ ਨਸੀਹਤ,
ਉਪਦੇਸ਼। ਸੁਕ੍ਰਿਤੁ: ਸੁ=ਨੇਕ+ਕ੍ਰਿਤ=ਕਰਮ: ਨੇਕ ਕੰਮ, ਪੁੰਨ ਕਰਮ। ਰਹਸੀ: (ਸੁਕ੍ਰਿਤੁ) ਸਾਥ
ਨਿਭਾਏਗੀ, ਰਹਸ (ਆਨੰਦ) ਦੇਵੇਗੀ। ਬਹੁੜਿ: ਫਿਰ, ਦੁਬਾਰਾ, ਪੁਨ, ਮੁੜ ਕੇ।
ਨਿੰਦਾ: ਭੰਡੀ-ਪ੍ਰਚਾਰ, ਪਿੱਠ ਪਿੱਛੇ ਬੁਰਾਈ ਕਰਨੀ, ਗੁਣਾਂ ਨੂੰ
ਨਜ਼ਰ-ਅੰਦਾਜ਼ ਕਰਕੇ ਔਗੁਣ ਚਿਤਾਰਨੇ। ਚਿੰਦਾ: ਸੋਚ, ਧਿਆਨ, ਵਿਚਾਰ। ਨਿੰਦਾ ਚਿੰਦਾ: ਦੂਸਰਿਆਂ ਦੀ
ਝੂਠੀ ਬੁਰਾਈ ਕਰਨ ਦੀ ਸੋਚ। ਲਾਇਤਬਾਰੀ: ਲਾ=ਬਿਨਾਂ, ਇਤਬਾਰ=ਭਰੋਸਾ, ਵਿਸ਼ਵਾਸ, ਵਿਸ਼ਵਾਸ ਦੀ
ਅਣਹੋਂਦ। ਵੇਲਿ: ਔਰਤ ਜੋ ਔਲਾਦ ਨੂੰ ਜਨਮ ਦੇ ਕੇ ਕਾਦਰ ਦੀ ਕੁਦਰਤ ਦੇ ਸਥਾਪਿਤ ਕੀਤੇ
ਜਨਮ-ਜੀਵਨ-ਮੌਤ ਦੇ ਸਦੀਵੀ ਚੱਕਰ ਨੂੰ ਚਲਦਾ ਰੱਖਦੀ ਹੈ। ਜੋਹਹਿ: (ਬੁਰੀ ਨਿਗਾਹ ਨਾਲ) ਵੇਖਦਾ ਹੈਂ।
ਬੁਰਿਆਰੀ: ਬੁਰਾਈ, ਬਦੀ, ਗੁਨਾਹ। ਹੰਸ: ਪ੍ਰਾਣ, ਜੀਵਾਤਮਾ, ਰੂਹ।
ਸੁਪਨੰਤਰਿ: ਸੁਪਨ=ਨੀਂਦ+ਅੰਤਰਿ=ਵਿੱਚ, (ਬੇਪਰਵਾਹੀ/ਅਗਿਆਨਤਾ ਦੀ) ਨੀਂਦ
ਵਿੱਚ। ਭਲਾ: ਚੰਗਾ, ਸੁਖਦਾਈ। ਹਲਤਿ: ਇਸ ਲੋਕ ਵਿੱਚ, ਜੀਵਨ ਕਾਲ ਵਿੱਚ। ਪਲਤਿ: ਪਰਲੋਕ ਵਿੱਚ,
ਜੀਵਨ ਉਪਰੰਤ ਜੀਵਾਤਮਾ ਨੇ ਜਿੱਥੇ ਜਾਣਾ ਹੈ। ਅਹਿਲਾ: ਦੁਰਲੱਭ, ਵਿਅਰਥ, ਨਿਸ਼ਫਲ।
ਖਰੀ: ਬਹੁਤ ਜ਼ਿਆਦਾ, ਅਤਿਅੰਤ। ਦੁਹੇਲੀ: ਦੁਖੀ।
ਤਾਜੀ ਤੁਰਕੀ: ਅਰਬੀ ਨਸਲ ਦੇ ਕੀਮਤੀ ਘੋੜੇ। ਕੂਜਾ: ਮਿਸ਼ਰੀ ਦਾ ਕੂਜ਼ਾ/ਕੁੱਜਾ
(ਅਮੀਰਾਂ ਦਾ ਭੋਜਨ)। ਮੇਵਾ: ਫਲ, ਸੁੱਕੇ ਫਲ
(dry fruit)।
ਦਿਵਾਲ: ਦੀਵਾਰ। ਭਸ: ਸੁਆਹ। ਮੰਦਰ: ਮਹਿਲ/ਮਾੜੀ, ਐਸ਼-ਗਾਹ। ਸੰਚੇ: ਇਕੱਤਰ
ਕੀਤੀ ਸੰਪਤੀ। ਸੰਚਿ: ਇਕੱਠੀ ਕਰਕੇ। ਮਾੜੀ: ਵੱਡੀ ਹਵੇਲੀ। ਸੰਪੈ: ਇਕੱਠਾ ਕੀਤਾ
ਲਟਾ-ਪਟਾ/ਸੰਪਦਾ/ਜਾਇਦਾਦ। ਕੇਰੀ: ਦੀ।
ਹੋਗੁ: ਹੋਵੇਗਾ, ਵਰਤੇ ਗਾ। ਭਾਣਾ: ਰੱਬ ਦੀ ਰਜ਼ਾ/ਹੁਕਮ।
ਸਾਹੁ: ਸ਼ਾਹੂਕਾਰ, ਵੱਡਾ ਵਪਾਰੀ, ਸ੍ਵਾਸਾਂ ਦੀ ਪੂੰਜੀ ਲਾਉਣ ਵਾਲਾ, ਨਿਵੇਸ਼
ਕਰਤਾ
(investor)।
ਠਾਕੁਰੁ: ਇਸ਼ਟ ਦੇਵਤਾ, ਪੂਜਯ। ਭਾਰਾ: ਗੁਣਾਂ ਨਾਲ ਗਉਰਾ, ਵੱਡਾ, ਸਰਵ-ਸ੍ਰੇਸ਼ਠ। ਵਣਜਾਰੇ: (ਉਸ ਦੇ
ਗੁਣਾਂ ਦਾ) ਵਣਜ ਕਰਨ ਵਾਲੇ, ਅਭਿਲਾਖੀ। ਜੀਉ: ਜੀਵਾਤਮਾ, ਰੂਹ, ਆਤਮਾ। ਪਿੰਡੁ: ਕਾਇਆਂ, ਦੇਹ,
ਸ਼ਰੀਰ। ਰਾਸਿ: ਪੂੰਜੀ, ਮਲਕੀਯਤ।
ਭਾਵ ਅਰਥ:- ਇਹ ਸੰਸਾਰ (ਜੀਵਨ-) ਖੇਡ ਹੈ। ਫ਼ਾਨੀ ਸਰੀਰ ਨੂੰ ਸਦੀਵੀ
ਸਮਝ ਕੇ ਮਨੁੱਖ ਇਸ ਦੇ ਸੁੱਖ-ਆਰਾਮ ਵਾਸਤੇ ਕੁਕਰਮਾਂ ਦੀ ਖੇਡ ਖੇਡਦਾ ਹੈ। (ਸਰੀਰ ਦੀ ਖ਼ੁਸ਼ੀ ਵਾਸਤੇ
ਕੀਤੇ ਪਦਾਰਥਕ) ਲਾਲਚ ਦੇ ਅਸਰ ਹੇਠ ਮਨੁੱਖ ਬਹੁਤ ਜ਼ਿਆਦਾ ਪਾਪ ਕਮਾ ਕੇ ਆਪਣੇ ਪਾਪਾਂ ਦੀ ਪੰਡ ਭਾਰੀ
ਕਰਦਾ ਰਹਿੰਦਾ ਹੈ। ਜਿਸ ਸਰੀਰ ਦੀ ਖ਼ੁਸ਼ੀ ਦੀ ਖ਼ਾਤਿਰ ਮਨੁੱਖ ਪਾਪ ਕਮਾਉਂਦਾ ਹੈ, ਮੈਂ ਉਹ ਸਰੀਰ ਅੰਤ
ਨੂੰ ਧਰਤੀ `ਤੇ ਨਿਗੁਣੀ ਸੁਆਹ ਵਾਂਗ ਬੇਕਦਰੀ ਦੀ ਹਾਲਤ ਵਿੱਚ ਰੁਲਦਾ ਵੇਖਿਆ ਹੈ। ੧।
(ਇਸ ਲਈ) ਹੇ ਮੇਰੇ ਮਨ! ਮੇਰੀ ਨਸੀਹਤ ਨੂੰ ਧਿਆਨ ਨਾਲ ਸੁਣ: ਇਹ ਮਾਨਵ ਜੀਵਨ
ਦੁਰਲੱਭ ਹੈ ਜੋ ਬਾਰ ਬਾਰ ਨਹੀਂ ਮਿਲਦਾ। ਮਾਨਵ ਜੀਵਨ ਵਿੱਚ ਕਮਾਏ ਪੁੰਨ ਕਰਮ ਹੀ ਲੋਕ-ਪਰਲੋਕ `ਚ
ਸਾਥ ਨਿਭਾਉਣ ਤੇ ਆਤਮ-ਸੁੱਖ ਦੇਣ ਵਾਲੇ ਸੰਗੀ ਬਣਦੇ ਹਨ। ੧। ਰਹਾਉ।
ਐ ਮੇਰੇ ਸਰੀਰ! ਮੈਂ ਤੈਨੂੰ ਕਹਿ ਰਿਹਾ ਹਾਂ, ਤੂੰ ਵੀ ਮੇਰੀ ਸਲਾਹ ਧਿਆਨ
ਨਾਲ ਸੁਣ: ਤੂੰ (ਵਿਕਾਰੀ ਮਨ ਦੇ ਅਸਰ ਹੇਠ) ਦੂਸਰਿਆਂ ਦੀ ਬਦਗੋਈ (ਭੰਡੀ-ਪ੍ਰਚਾਰ) ਕਰਦਾ ਹੈਂ। ਹੇ
ਹਿਰਦੇ! ਤੂੰ ਪਰਾਈ ਔਰਤ ਨੂੰ ਬੁਰੀ ਨਿਗਾਹ ਨਾਲ ਦੇਖਦਾ ਹੈਂ ਅਤੇ ਚੋਰੀ ਆਦਿ ਬੁਰੇ ਕਰਮ ਕਮਾਉਂਦਾ
ਹੈਂ। ਆਤਮਾ ਦੇ ਕਾਇਆਂ ਨੂੰ ਛੱਡ ਜਾਣ ਉਪਰੰਤ ਤੇਰੀ (ਮੁਰਦਾ) ਦੇਹ ਦੀ ਦਸ਼ਾ ਛੁੱਟੜ ਇਸਤ੍ਰੀ ਵਾਂਗ
ਹੋਵੇਗੀ। ਤੇਰੀ ਕੋਈ ਕਦਰ ਨਹੀਂ ਰਹਿਣੀ। ੨।
ਐ ਸਰੀਰ! ਤੂੰ ਸੰਸਾਰਕ ਸੁੱਖ-ਆਰਾਮ ਦੀ ਖ਼ਾਤਿਰ ਆਪਣੇ ਅਸਲੀ ਜੀਵਨ-ਮਨੋਰਥ
ਵੱਲੋਂ ਅਵੇਸਲਾ ਰਿਹਾ ਅਤੇ ਇਹ ਵੀ ਨਾ ਸੋਚ ਸਕਿਆ ਕਿ ਤੂੰ ਕੀ ਕੁਕਰਮ ਕਰ ਰਿਹਾ ਹੈਂ! ਚੋਰੀ ਚਕਾਰੀ
ਆਦਿ ਪਾਪ ਕਰ ਕਰ ਕੇ ਜੋ ਵੀ ਧਨ ਦੌਲਤ ਇਕੱਠਾ ਕੀਤਾ, ਉਹ (ਵਿਕਾਰੀ) ਮਨ ਨੂੰ ਜਿਉਂਦੇ ਜੀਅ ਬਹੁਤ
ਸੁੱਖਦਾਈ ਲੱਗਿਆ। (ਪਰ ਮਾਇਆ ਦੀ ਖ਼ਾਤਿਰ ਕੀਤੇ ਬੁਰੇ ਕਰਮਾਂ ਕਰਕੇ ਮਨੁੱਖ ਨੂੰ) ਨਾ ਤਾਂ ਇਸ ਲੋਕ
ਵਿੱਚ ਸੱਚਾ ਸਤਿਕਾਰ ਪ੍ਰਾਪਤ ਹੋਇਆ ਤੇ ਨਾ ਹੀ ਪਰਲੋਕ ਵਿੱਚ ਕਿਸੇ ਦੈਵੀ ਮਾਨ ਦਾ ਹੀ ਪ੍ਰਬੰਧ ਕਰ
ਸਕਿਆ। ਇਸ ਤਰ੍ਹਾਂ (ਮਨੁੱਖ ਨੇ) ਅਨਮੋਲ ਮਾਨਵ ਜੀਵਨ ਨਿਸ਼ਫ਼ਲ ਹੀ ਗਵਾ ਲਿਆ। ੩।
ਨਾਨਕ ਵਿਚਾਰ ਕਰਦਾ ਹੈ ਕਿ ਪ੍ਰਾਣ ਤਿਆਗਣ ਤੋਂ ਬਾਅਦ ਲੋਥ ਬਣ ਚੁੱਕੀ ਕਾਇਆਂ
ਅਤਿਅੰਤ ਖਵਾਰ ਹੁੰਦੀ ਹੈ, ਕਿਉਂਕਿ ਹੁਣ ਉਸ ਲੋਥ ਦਾ ਸਾਥ ਦੇਣ ਵਾਲਾ ਕੋਈ ਵੀ ਨਹੀਂ ਹੁੰਦਾ। ੧।
ਰਹਾਉ।
ਨਾਨਕ ਕਥਨ ਕਰਦਾ ਹੈ ਕਿ ਐ ਮੂਰਖ ਮਨੁੱਖ! (ਸੰਸਾਰਕ ਸੁੱਖ ਦੇ ਸਾਧਨ ਅਤੇ
ਦੁਨਿਆਵੀ ਸੋਭਾ ਦੇ ਪ੍ਰਤੀਕ) ਕੀਮਤੀ ਅਰਬੀ ਘੋੜੇ, ਸੋਨਾ ਚਾਂਦੀ ਅਤੇ ਕੀਮਤੀ ਕਪੜਿਆਂ ਦੇ ਢੇਰ ਸਭ
ਇੱਥੇ ਹੀ ਰਹਿ ਜਾਂਦੇ ਹਨ, (ਮਰਨ ਉਪਰੰਤ, ਸੰਸਾਰਕ ਸੁੱਖਾਂ ਦੇ ਇਹ ਸਾਧਨ) ਕਦੇ ਕਿਸੇ ਦਾ ਸਾਥ ਨਹੀਂ
ਦਿੰਦੇ। ਕੂਜਾ ਤੇ ਮੇਵਾ ਆਦਿ ਸਵਾਦਿਸ਼ਟ ਪੌਸ਼ਟਿਕ ਭੋਜਨ ਵੀ ਮੈਂ ਬਹੁਤ ਖਾਧੇ ਪਰੰਤੂ ਇਨ੍ਹਾਂ ਦਾ
ਸਵਾਦ ਵੀ ਸਦੀਵੀ ਸਾਬਤ ਨਹੀਂ ਹੋਇਆ। ਹੇ ਪ੍ਰਭੂ! ਮੇਰੇ ਵਾਸਤੇ ਤਾਂ ਆਤਮ-ਅਨੰਦ ਦੇਣ ਵਾਲਾ ਤੇਰਾ
ਨਾਮ ਹੀ (ਲੋਕ ਪਰਲੋਕ ਵਿੱਚ) ਸਦਾ ਦਾ ਸੰਗੀ ਹੈ। ੪।
ਮਨੁੱਖ ਨੇ ਆਪਣੇ ਸਰੀਰ ਦੇ ਸੁੱਖ-ਆਰਾਮ ਵਾਸਤੇ (ਆਪਣੇ ਜਾਣੇ) ਮਜ਼ਬੂਤ ਨੀਹਾਂ
ਅਤੇ ਪੱਕੀਆਂ ਕੰਧਾ ਉੱਤੇ ਸਦੀਵੀ ਤੇ ਸੁੱਖਾਵੇਂ ਭਵਨ ਉਸਾਰੇ। ਪਰੰਤੂ ਅੰਤ ਸਮੇਂ ਸੁਆਹ ਦੀ ਢੇਰੀ
ਵਾਂਗ ਇਹ ਵੀ ਆਰਜ਼ੀ ਤੇ ਨਿਰਾਰਥਕ ਹੀ ਸਾਬਤ ਹੋਏ। (ਪਾਪ ਕਰਮ ਕਰ ਕਰ ਕੇ ਸਾਰਾ ਜੀਵਨ ਜੋ) ਧਨ-ਸੰਪਤੀ
ਇਕੱਠੀ ਕੀਤੀ, ਉਸ ਨੂੰ ਸਦਾ ਵਾਸਤੇ ਆਪਣੀ ਸਮਝ ਕੇ ਕਿਸੇ ਲੋੜਵੰਦ ਨੂੰ ਵੀ ਨਹੀਂ ਦਿੱਤਾ। (ਰਾਵਨ ਦੀ
ਤਰ੍ਹਾਂ) ਸੋਨੇ ਦੀ ਲੰਕਾ, ਉਸ ਉੱਤੇ ਉਸਾਰੇ ਸੋਨੇ ਦੇ ਮਹਿਲ-ਮਾੜੀਆਂ ਅਤੇ ਇਕੱਠੀ ਕੀਤੀ ਸੰਪਤੀ
ਕਿਸੇ ਦਾ ਸਾਥ ਨਹੀਂ ਦਿੰਦੇ। ੫।
ਐ ਅਬੋਧ ਮੂੜ੍ਹ ਮਨ! ਮੇਰੀ ਨਸੀਹਤ ਸੁਣ: ਉਸ ਪਰਮਾਤਮਾ ਦਾ ਭਾਣਾ ਹੀ
ਵਰਤੇਗਾ। (ਬੰਦੇ ਦੇ ਹੱਥ-ਵੱਸ ਕੁੱਝ ਨਹੀਂ।)। ਰਹਾਉ।
ਸਾਡਾ ਸ਼ਾਹੂਕਾਰ {ਸਵਾਸਾਂ ਦੀ ਪੂੰਜੀ ਦਾ ਨਿਵੇਸ਼-ਕਰਤਾ
(investor)}
ਪੂਜਯ ਪਰਮਾਤਮਾ ਹੀ ਹੈ। (ਉਸ ਦੀ ਬਖ਼ਸ਼ੀ ਇਸ ਪੂੰਜੀ ਨਾਲ) ਅਸੀਂ ਉਸ ਦੇ ਨਾਮ ਦੇ ਵਪਾਰੀ ਹਾਂ। ਆਤਮਾ
ਤੇ ਸਰੀਰ (ਜਿਸ ਨੂੰ ਅਸੀਂ ਆਪਣਾ ਸਮਝਦੇ ਹਾਂ, ਦਰਅਸਲ) ਉਸੇ ਦੀ ਮਲਕੀਯਤ ਹੈ। ਉਹ ਆਪੇ ਹੀ ਜੀਵਨ
ਦਿੰਦਾ, ਪਾਲਦਾ ਤੇ ਮਾਰਦਾ ਹੈ। ੬।
ਸਾਰੰਸ਼:- ਆਤਮਾ ਪਰਮਾਤਮਾ ਦੀ ਅੰਸ਼ ਹੈ ਜੋ ਜੀਵ ਦੇ ਨਿਖਿੱਧ ਸੰਸਕਾਰਾਂ
ਸਦਕਾ ਮੈਲੀ ਹੋਕੇ ਆਪਣੇ ਮੂਲ ਪਰਮਾਤਮਾ ਨਾਲੋਂ ਵਿੱਛੜ ਕੇ ਜਨਮ-ਮਰਨ ਦੇ ਸਦੀਵੀ ਚੱਕਰ ਵਿੱਚ ਭਟਕਦੀ
ਰਹਿੰਦੀ ਹੈ। ਮਨੁੱਖਾ ਜੀਵਨ ਹੀ ਇੱਕ ਅਜਿਹਾ ਉਚਿਤ ਅਵਸਰ ਹੈ ਜਦੋਂ ਮਨੁੱਖ ਗੁਰੁ-ਗਿਆਨ ਦੀ ਰੌਸ਼ਨੀ
ਵਿੱਚ ਪ੍ਰਭੂ ਦੇ ਭਾਣੇ ਵਿੱਚ ਵਿਚਰਦਿਆਂ ਸੁਕ੍ਰਿਤ (ਨੇਕ ਕਰਮ) ਕਰਕੇ ਆਤਮਾ ਉੱਤੋਂ ਪੂਰਬਲੇ ਨਿਖਿੱਧ
ਸੰਸਕਾਰਾਂ ਦੀ ਮੈਲ ਕੁਰੇਦ ਕੇ ਦੁਬਾਰਾ ਆਪਣੇ ਅਸਲੇ ਵਿੱਚ ਅਭੇਦ ਹੋ ਸਕਦਾ ਹੈ। ਪਰੰਤੂ ਮਨੁੱਖ ਦਾ
ਦੁਖਾਂਤ ਇਹ ਹੈ ਕਿ ਉਹ ਸਰਵ-ਸ੍ਰੇਸ਼ਠ ਮਾਨਵ-ਜੂਨ ਦੀ ਕਦਰ ਨਾ ਕਰਦਾ ਹੋਇਆ ਆਤਮ-ਕਲਿਆਣ ਦੇ ਆਪਣੇ
ਜੀਵਨ-ਮਨੋਰਥ ਵੱਲੋਂ ਅਵੇਸਲਾ ਰਹਿੰਦਾ ਹੈ।
ਨਿਰੋਲ ਸੰਸਾਰਕਤਾ ਦੇ ਪ੍ਰਭਾਵ ਹੇਠ ਮਨੁੱਖ ਨੂੰ ਜਨਮ ਤੋਂ ਹੀ ਸਿਰ ਕੱਢ
ਸ਼ਖ਼ਸੀਅਤ ਦੀ ਲਗਨ ਲਾ ਦਿੱਤੀ ਜਾਂਦੀ ਹੈ। ਆਤਮਾ ਪ੍ਰਤਿ ਫ਼ਰਜ਼ ਵੱਲੋਂ ਅਵੇਸਲਾ ਮਨੁੱਖ ਯੋਗ ਅਯੋਗ
ਢੰਗਾਂ ਨਾਲ ਸਿਰਕੱਢ ਰੁਤਬਾ ਹਾਸਿਲ ਕਰਦਾ ਹੈ। ਫਿਰ ਇਸ ਸਿਰਕੱਢ ਰੁਤਬੇ ਦੀ ਹੈਸੀਅਤ ਦੇ ਪ੍ਰਤੀਕ
(status symbols)
ਕੀਮਤੀ ਘੋੜੇ (ਅੱਜ ਕੱਲ ਜਹਾਜ਼, ਹੈਲੀਕੌਪਟਰ ਤੇ ਕੀਮਤੀ ਕਾਰਾਂ), ਮਹਿਲ ਮਾੜੀਆਂ (ਅੱਜ ਦੇ ਜ਼ਮਾਨੇ
ਵਿੱਚ ਮਹਿਲ-ਨੁਮਾ ਕੋਠੀਆਂ, ਆਕਾਸ਼ ਛੂਹੰਦੀਆਂ ਬਹੁਮੰਜ਼ਲੀ ਇਮਾਰਤਾਂ), ਬਹੁਮੁੱਲੇ ਸਵਾਦਿਸ਼ਟ ਭੋਜਨ,
ਕੀਮਤੀ ਕਪੜੇ ਤੇ ਸੋਨਾ-ਚਾਂਦੀ ਵਗ਼ੈਰਾ ਵਗ਼ੈਰਾ ਇਕੱਠੇ ਕਰਦਾ ਹੈ ਅਤੇ ਇਨ੍ਹਾਂ ਦਾ ਸੰਸਾਰਕ ਸੁੱਖ
ਮਾਣਦਾ ਹੈ। ਇਹ ਸਭ ਕੁਛ ਇਕੱਠਾ ਕਰਨ ਵਿੱਚ ਰੁੱਝਿਆ ਮਨੁੱਖ ਆਪਣੇ ਨਾਸ਼ਮਾਨ ਸਰੀਰ ਨੂੰ ਅਮਰ ਅਤੇ ਇਸ
ਦੇ ਸੁੱਖ-ਆਰਾਮ ਵਾਸਤੇ, ਦੁਹਕ੍ਰਿਤ ਕਰਕੇ, ਇਕੱਠੇ ਕੀਤੇ ਲਟੇ ਪਟੇ ਅਤੇ ਇਨ੍ਹਾਂ ਤੋਂ ਪ੍ਰਾਪਤ
ਸੰਸਾਰਕ ਸੁੱਖ ਨੂੰ ਸਦੀਵੀ ਸਮਝ ਕੇ ਆਪਣੀ ਆਤਮਾ ਵਾਸਤੇ ਕੁੱਝ ਨਹੀਂ ਕਰਦਾ।
ਮਨੁੱਖ ਇਸ ਜੀਵਨ ਵਿੱਚ ਵਣਜਾਰਾ ਹੈ ਜਿਸ ਨੂੰ ਸ਼ਾਹਾਂ ਦੇ ਸ਼ਾਹ ਪ੍ਰਭੂ ਨੇ
ਸਵਾਸਾਂ ਦੀ ਪੂੰਜੀ ਦੇ ਕੇ ਦੈਵੀ ਗੁਣਾਂ (ਸੁਕ੍ਰਿਤ) ਦਾ ਵਣਜ ਕਰਨ ਵਾਸਤੇ ਧਰਤੀ `ਤੇ ਭੇਜਿਆ ਹੈ।
ਪਰੰਤੂ ਮਨੁੱਖ ਦਾ ਦੁਖਾਂਤ ਹੈ ਕਿ ਉਹ ਇਹ ਅਨਮੋਲ ਤੇ ਦੁਰਲੱਭ ਪੂੰਜੀ ਨਾਸ਼ਮਾਨ ਸ਼ਰੀਰ ਅਤੇ ਇਸ ਦੀਆਂ
ਥੋੜਚਿਰੀ ਇੰਦ੍ਰੀਆਤਮਕ ਖ਼ੁਸ਼ੀਆਂ ਵਾਸਤੇ ਕੁਕਰਮ (ਦੁਹਕ੍ਰਿਤ) ਕਰਦਾ ਹੋਇਆ ਵਿਅਰਥ ਗਵਾ ਦਿੰਦਾ ਹੈ।
ਗੁਰੂ ਨਾਨਕ ਦੇਵ ਜੀ ਭਟਕੇ ਹੋਏ ਮਨੁੱਖ ਨੂੰ ਉਸ ਦੇ ਫ਼ਰਜ਼ ਵੱਲੋਂ ਆਗਾਹ ਕਰਦੇ
ਹੋਏ ਉਸ ਨੂੰ ਨਾਮ ਦਾ ਵਣਜ ਕਰਨ ਵਾਸਤੇ ਪ੍ਰੇਰਿਤ ਕਰਦੇ ਹਨ।
ਪਾਠਕ ਸੱਜਨੋਂ! ਉਪਰ ਵਿਚਾਰੇ ਗੁਰੁ-ਹੁਕਮ ਦੀ ਕਸੌਟੀ ਉੱਤੇ ਆਪਣੇ ਆਪ ਨੂੰ
ਪਰਖਿਆਂ ਸਹਿਲ ਹੀ ਸਪਸ਼ਟ ਹੋ ਜਾਂਦਾ ਹੈ ਕਿ ਅਸੀਂ (ਖ਼ਾਸ ਕਰਕੇ ਸਾਡੇ ਸਿਰਕੱਢ ਰਾਜਸੀ ਤੇ ਧਾਰਮਿਕ
ਨੇਤਾ) ਸੁਕ੍ਰਿਤ ਦੇ ਸਿੱਧਾਂਤ ਵੱਲੋਂ ਪੂਰਨ ਤੌਰ `ਤੇ ਅਵੇਸਲੇ ਹਾਂ। ਅਸੀਂ ਇਸ ਅਵੇਸਲੇਪਣ ਵਿੱਚ
ਦੁਹਕ੍ਰਿਤ (ਪਾਪ ਕਰਮ) ਕਰਕੇ ਆਪਣਾ ਦੁਰਲੱਭ ਜੀਵਨ ਨਿਸ਼ਫ਼ਲ ਗਵਾ ਰਹੇ ਹਾਂ!
ਗੁਰਇੰਦਰ ਸਿੰਘ ਪਾਲ
ਸਤੰਬਰ 29, 2013.