ਗੁਰਮਤਿ ਵਿਚਾਰਧਾਰਾ ਦੇ ਸੰਚਾਰ ਦੀ ਅਜੋਕੀ ਸਥਿਤੀ
(ਕਿਸ਼ਤ ਦੂਜੀ)
ਹਾਕਮ ਸਿੰਘ
Sikh Gurdwaras Act , 1925
Punjab Act VIII of 1925
An Act to provide for the better administration of certain Sikh Gurdwaras and
for inquiries into matters connected therewith.
Preamble: WHEREAS it is expedient to provide for the better administration of
certain Sikh Gurdwaras and for inquiries into matters of disputres connected
therewith, and whereas the previous sanction of the Governor-General has been
obtained to the passing of this Act. …..
Chapter X Powers and Duties of the Board
125. Powers and duties of the Board generally - It shall be the duty of the
Board to ensure that every committee deals with the property and income of the
Gurdwaras managed by it in accordance with the provisions of this Act and for
fulfillment of this duty and subject to the provision of and in addition to the
powers conferred upon the Board by this Act the control, direction and general
superintendence over all committees appointed under the provisions of this Act
shall vest in the Board.
126. Restrictions of powers of the Board - The Board shall not in any manner
interfere with or have any control over or connection with any place of public
worship in the Punjab otherwise than as provided in this Act.
129. What matters may be discussed by the Board in general meeting - The Board
in any meeting may consider and discuss any matter with which it has power under
this Act to deal and any matter directly connected with the Sikh religion but
shall not consider or discuss or pass any resolution or order upon any other
matter.
ਐਕਟ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਬੋਰਡ ਨਾਂ ਵਰਤਿਆ ਗਿਆ ਹੈ। ਐਕਟ ਵਿਚ ਸਪਸ਼ਟ
ਤੌਰ ਤੇ ਲਿਖਿਆ ਹੈ ਕਿ ਇਸ ਐਕਟ ਦਾ ਮਨੋਰਥ "ਕੁਝ ਸਿੱਖ ਗੁਰਦੁਆਰਿਆਂ ਦੇ ਬੇਹਤਰ ਪ੍ਰਬੰਧ" ਦੀ
ਵਿਵਸਥਾ ਕਰਨਾ ਹੈ। ਜਿਥੋਂ ਤਕ ਇਸ ਬੋਰਡ (ਸ਼੍ਰੋਮਣੀ ਕਮੇਟੀ) ਦੇ ਕਰਤਵਾਂ ਅਤੇ ਅਧਿਕਾਰਾਂ ਦਾ
ਤੁਅਲੱਕ ਹੈ, ਜੋ ੧੦ਵੇਂ ਅਧਿਆਇ ਵਿਚ ਦਿੱਤੇ ਗਏ ਹਨ, ਉਹ ਮੁੱਖ ਤੌਰ ਤੇ ਗੁਰਦੁਆਰਿਆਂ ਦੀ ਸੰਪਤੀ
ਅਤੇ ਆਮਦਨੀ ਅਤੇ ਬੋਰਡ ਦੇ ਅਧੀਨ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਕੰਟ੍ਰੋਲ, ਦਿਸ਼ਾ ਨਿਰਦੇਸ਼ ਅਤੇ
ਨਿਗਰਾਨੀ ਨਾਲ ਸਬੰਧਿਤ ਹਨ।
ਐਕਟ ਦੇ ੧੦ਵੇਂ ਅਧਿਆਇ ਦੀ ੧੨੬ ਧਾਰਾ ਬਹੁਤ ਹੀ ਮਹੱਤਵਪੂਰਨ ਹੈ। ਇਸ ਵਿਚ ਬੋਰਡ ਨੂੰ ਦੂਜੇ ਧਰਮ
ਅਸਥਾਨਾਂ ਵਿਚ ਦਖ਼ਲ ਅੰਦਾਜ਼ੀ ਕਰਨ ਤੋਂ ਕਾਨੂੰਨਨ ਵਿਵਰਜਿਤ ਕੀਤਾ ਗਿਆ ਹੈ। ਬਹੁਤ ਸਾਰੇ ਵਿਦਵਾਨ
ਸ਼੍ਰੋਮਣੀ ਕਮੇਟੀ ਨੂੰ ਸੌਦਾ ਸਾਧ, ਭਰਿਆਨਾ ਜਾਂ ਹੋਰ ਡੇਰਿਆਂ ਵਿਚ ਦਖ਼ਲ ਅੰਦਾਜ਼ੀ ਕਰਨ ਲਈ ਜ਼ੋਰ
ਪਾਉਂਦੇ ਰਹਿੰਦੇ ਹਨ ਪਰ ਐਕਟ ਨੇ ਕਮੇਟੀ ਨੂੰ ਦੂਜੇ ਧਰਮ ਅਸਥਾਨਾਂ ਵਿਚ ਦਖ਼ਲ ਅੰਦਾਜ਼ੀ ਕਰਨ ਤੇ ਰੋਕ
ਲਾਈ ਹੋਈ ਹੈ। ਕਮੇਟੀ ਐਕਟ ਦੀ ਉਲੰਘਣਾ ਨਹੀਂ ਕਰ ਸਕਦੀ। ਧਾਰਾ ੧੨੬ ਵਿਚ ਬੋਰਡ ਨੂੰ ਐਕਟ ਵਿਚ ਦੱਸੇ
ਅਤੇ ਸਿੱਖ ਧਰਮ ਨਾਲ ਸਬੰਧਿਤ ਮਸਲਿਆ ਤੇ ਵਿਚਾਰ ਕਰਨ ਦੀ ਖੁਲ੍ਹ ਹੈ ਪਰ ਉਹ ਹੋਰ ਕਿਸੇ ਮਸਲੇ ਤੇ
ਮਤਾ ਜਾਂ ਆਦੇਸ਼ ਜਾਰੀ ਨਹੀਂ ਕਰ ਸਕਦੀ।
ਦਿਲਚਸਪ ਗੱਲ ਇਹ ਹੈ ਕਿ ਐਕਟ ਵਿਚ ਗੁਰਦੁਆਰਿਆਂ ਦੀ ਸੂਚੀ ਵਿਚ ਅਕਾਲ ਤਖਤ ਦੋ ਨੰਬਰ ਤੇ ਅੰਕਿਤ ਹੈ।
ਐਕਟ ਵਿਚ ਇਸ ਤਖਤ (ਗੁਰਦੁਆਰੇ) ਨੂੰ ਕੋਈ ਵਿਸ਼ੇਸ਼ ਅਧਿਕਾਰ ਨਹੀਂ ਦਿੱਤੇ ਗਏ ਹਨ। ਇਸ ਤਖਤ ਦਾ
ਜਥੇਦਾਰ, ਗ੍ਰੰਥੀ ਅਤੇ ਦੂਜੇ ਕਰਮਚਾਰੀ ਬੋਰਡ (ਸ਼੍ਰੋਮਣੀ ਕਮੇਟੀ) ਦੇ ਤਨਖ਼ਾਦਾਰ ਕਰਮਚਾਰੀ ਹਨ। ਐਕਟ
ਨੇ ਬੋਰਡ ਦੇ ਅਧਿਕਾਰ ਨਿਰਧਾਰਤ ਕੀਤੇ ਹੋਏ ਹਨ ਬੋਰਡ ਦੇ ਕਰਮਚਾਰੀਆਂ ਦੇ ਅਧਿਕਾਰ ਬੋਰਡ ਦੇ
ਅਧਿਕਾਰਾਂ ਤੋਂ ਬਾਹਰ ਨਹੀਂ ਹਨ। ਜੋ ਅਧਿਕਾਰ ਐਕਟ ਵਿਚ ਬੋਰਡ ਨੂੰ ਨਹੀਂ ਦਿੱਤੇ ਗਏ ਹਨ ਉਹਨਾਂ
ਅਧਿਕਾਰਾਂ ਦੀ ਬੋਰਡ ਦੇ ਕਰਮਚਾਰੀਆਂ ਵੱਲੋਂ ਵਰਤੋਂ ਕਰਨੀ ਗੈਰਕਾਨੂੰਨੀ ਹੈ।
ਅਜੋਕੇ ਸਿੱਖ ਧਰਮ ਵਿਚ ਅਕਾਲ ਤਖਤ ਇਕ ਵਸ਼ਿਸਟ ਸੰਸਥਾ ਦਾ ਰੂਪ ਧਾਰਨ ਕਰ ਗਿਆ ਹੈ। ਇਸ ਦੀ
ਵਿਸ਼ਿਸ਼ਟਤਾ ਦਾ ਮੂਲ ਕਾਰਨ ਇਹ ਹੈ ਕਿ ਸਿੱਖ ਸਿਆਸੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਨੇ ਸਿੱਖ ਜਗਤ
ਵਿਚ ਲੋਕ ਪ੍ਰਿਆ ਬਨਣ ਲਈ ਗੁਰੂ ਹਰਿਗੋਬਿੰਦ ਸਾਹਿਬ ਦੇ ਨਾਂ ਨਾਲ ਜੁੜੇ ਇਸ ਬੁੰਗੇ ਨੂੰ ਆਪਣਾ
ਪਰੇਰਨਾ ਸਰੋਤ ਥਾਪ ਲਿਆ ਸੀ ਅਤੇ ਆਪਣੇ ਸਿਆਸੀ ਉਦੇਸ਼ ਨੂੰ ਧਾਰਮਕ ਵਿਸ਼ੇਸ਼ਤਾ ਦੇਣ ਲਈ ਇਸ ਦਾ ਇਕ
ਭਰਮਾਊ ਮਿਥਿਹਾਸ ਰਚ ਛੱਡਿਆ ਸੀ। ਹੁਣ ਖਾਲ਼ਿਸਤਾਨ ਦੇ ਸਮਰਥਕ ਅਕਾਲ ਤਖਤ ਨੂੰ ਸਿੱਖ ਜਗਤ ਦੀ ਪਰਭੁਤਾ
ਦਾ ਪਰਤੀਕ ਮੰਨਣ ਲੱਗ ਪਏ ਹਨ। ਉਹ ਆਪਣੇ ਸਿਆਸੀ ਸੰਘਰਸ਼ ਦੀ ਪਰੇਰਨਾ ਅਕਾਲ ਤਖਤ ਤੋਂ ਲੈਂਦੇ ਹਨ।
ਅਕਾਲ ਤਖਤ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਧੀਨ
ਹੈ। ਇਹ ਅਕਾਲੀ ਦਲ ਹੁਣ ਭਾਰਤੀ ਸੰਵਿਧਾਨ ਅਧੀਨ ਧਰਮ ਨਿਰਪੇਖ ਪੰਜਾਬੀ ਪਾਰਟੀ ਬਣ ਗਿਆ ਹੈ ਅਤੇ
ਸੁਤੰਤਰ ਸਿੱਖ ਰਾਜ ਦਾ ਵਿਰੋਧੀ ਹੋ ਗਿਆ ਹੈ। ਖਾਲ਼ਿਸਤਾਨ ਦੇ ਸਮਰਥਕਾਂ ਅਤੇ ਸ਼੍ਰੋਮਣੀ ਅਕਾਲੀ ਦਲ
ਵਿਚ ਮੂਲ ਸਿਧਾਂਤਕ ਮਤ ਭੇਦ ਹਨ ਅਤੇ ਉਹ ਇਕ ਦੂਜੇ ਦੇ ਵਿਰੁਧ ਖੜ੍ਹੇ ਹਨ। ਦੋਨੋਂ ਅਕਾਲ ਤਖਤ ਨੂੰ
ਸਰਵ ਸਰੇਸ਼ਟ ਮੰਨਦੇ ਹਨ ਹੁਣ ਇਕ ਮਿਆਨ ਵਿਚ ਦੋ ਤਲਵਾਰਾਂ ਹੁਣ ਕਿਵੇਂ ਸਮਾਉਣਗੀਆਂ? ਜਦੋਂ ਤੋਂ
ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਮੈਂਬਰਸ਼ਿਪ ਸਭ ਧਰਮਾਂ ਦੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੀ ਹੈ ਇਸ ਦਾ
ਅਕਾਲ ਤਖਤ ਨਾਲੋਂ ਸਿਆਸੀ ਰਿਸ਼ਤਾ ਸਮਾਪਤ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਗੈਰ ਸਿੱਖ ਅਤੇ ਕਈ
ਸਿੱਖ ਮੈਂਬਰ ਅਕਾਲ ਤਖਤ ਦੀ ਸਰਵ ਉੱਚਤਾ ਪਰਵਾਨ ਨਹੀਂ ਕਰਦੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਸਿੱਖ
ਵੋਟਾਂ ਲੈਣ ਲਈ ਹੀ ਹੁਣ ਅਕਾਲ ਤਖਤ ਨਾਲ ਆਪਣਾ ਰਿਸ਼ਤਾ ਰਖਿਆ ਹੋਇਆ ਹੈ। ਸਿਧਾਂਤਕ ਤੌਰ ਤੇ ਇਹ ਦਲ
ਅਕਾਲ ਤਖਤ ਸੰਸਥਾ ਨਾਲੋਂ ਟੁੱਟ ਚੁੱਕਾ ਹੈ। ਵਿਵਾਦਾਂ ਵਿਚ ਘਿਰਿਆ ਹੋਣ ਕਾਰਨ ਅਕਾਲ ਤਖਤ ਹੁਣ
ਸਾਧਾਰਣ ਸਿੱਖਾਂ ਲਈ ਇਕ ਵਿਸ਼ੇਸ਼ ਗੁਰਦੁਆਰਾ ਬਣਦਾ ਜਾ ਰਿਹਾ ਹੈ।
ਸਿੱਖ ਮਾਨਸਿਕਤਾ ਵਿਚ ਗੁਰਦੁਆਰੇ ਦਾ ਬਹੁਤ ਮਹੱਤਵ ਹੈ। ਸਿੱਖ ਧਾਰਮਕ ਜਗਤ ਵਿਚ ਗੁਰਬਾਣੀ ਦੀ
ਸੂਝ ਬਿਨਾਂ ਸਤਕਾਰ ਨਹੀਂ ਮਿਲਦਾ। ਉਦਾਸੀ, ਨਿਰਮਲੇ ਅਤੇ ਮਹੰਤ ਗੁਰਦੁਆਰਾ ਪ੍ਰਬੰਧਕ ਇਸ ਤੱਥ ਤੋਂ
ਜਾਣੂ ਸਨ ਅਤੇ ਉਹਨਾਂ ਵਿਚ ਇਹ ਗੁਣ ਸੀ ਕਿ ਉਹ ਪ੍ਰਬੰਧਕ ਹੁੰਦੇ ਹੋਏ ਧਾਰਮਕ ਵਿਦਵਾਨ ਅਤੇ ਪੁਜਾਰੀ
ਵੀ ਹੁੰਦੇ ਸਨ ਅਤੇ ਇਸੇ ਕਰਕੇ ਉਹਨਾਂ ਦਾ ਸਿੱਖ ਸ਼ਰਧਾਲੂਆਂ ਵਿਚ ਸਤਿਕਾਰ ਬਣਿਆ ਰਹਿੰਦਾ ਸੀ। ਉਹ
ਕਿਸੇ ਸ਼ਰਧਾਲੂ ਜਾਂ ਅਧਿਕਾਰੀ ਨੂੰ ਉਤਰਦਾਇਕ ਨਹੀਂ ਸਨ ਅਤੇ ਮਨ ਮਰਜ਼ੀ ਕਰਦੇ ਸਨ, ਜਿਵੇਂ ਉਹਨਾਂ
ਨਨਕਾਣਾ ਸਾਹਿਬ ਵਿਚ ਕੀਤੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਮਨ ਮਰਜ਼ੀ ਕਰਨ ਵਾਲੀ
ਪੁਜਾਰੀ ਪਰੱਥਾ ਦੀ ਵਾਰਸ ਹੈ। ਇਸ ਦੀ ਸਿੱਖ ਧਰਮ ਪ੍ਰਤੀ ਪ੍ਰਬੰਧਕ ਜ਼ਿੰਮੇਵਾਰੀ ਤੇ ਹੈ ਪਰ ਇਸ ਦੇ
ਮੈਂਬਰ ਨਾ ਤੇ ਗੁਰਮਤਿ ਦੇ ਗਿਆਤਾ ਹਨ ਅਤੇ ਨਾ ਹੀ ਪੁਜਾਰੀ ਹਨ। ਉਹਨਾਂ ਦੇ ਨਾ ਕੋਈ ਸ਼ਰਧਾਲੂ ਹਨ
ਅਤੇ ਨਾ ਹੀ ਉਹਨਾਂ ਨੂੰ ਮਹੰਤਾਂ ਵਾਲਾ ਧਾਰਮਕ ਸਤਕਾਰ ਪ੍ਰਾਪਤ ਹੈ। ਉਹਨਾਂ ਉਤੇ ਸਿਆਸਤ ਦਾਨੀ ਸੋਚ
ਭਾਰੂ ਹੈ ਅਤੇ ਉਹ ਮਨ ਮਰਜ਼ੀ ਕਰਨ ਦੇ ਇੱਛਕ ਹਨ। ਸਿੱਖ ਵੋਟਰਾਂ ਵੱਲੋਂ ਚੁਣੇ ਹੋਣ ਕਾਰਨ ਸ਼੍ਰੋਮਣੀ
ਕਮੇਟੀ ਅਤੇ ਇਸ ਦੇ ਮੈਂਬਰਾਂ ਦੀ ਕਾਰਗੁਜ਼ਾਰੀ ਬਾਰੇ ਵੋਟਰਾਂ ਨੂੰ ਜਾਨਣ, ਪੁੱਛ ਗਿੱਛ ਅਤੇ ਆਲੋਚਨਾ
ਕਰਨ ਦਾ ਅਧਿਕਾਰ ਹੈ। ਇਸ ਲਈ ਕਮੇਟੀ ਦੀ ਸਾਰੀ ਕਾਰਗੁਜ਼ਾਰੀ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਤਾਂ ਜੋ
ਮਤ ਦਾਤਾ ਆਪਣੇ ਪ੍ਰਤੀਨਿਧੀਆਂ ਦੇ ਕੰਮ ਦੀ ਜਾਂਚ ਪੜਤਾਲ ਕਰ ਸਕਣ। ਪਰ ਮਹੰਤ ਪਰੱਥਾ ਦੀ ਵਾਰਸ ਹੋਣ
ਕਾਰਨ ਸ਼੍ਰੋਮਣੀ ਕਮੇਟੀ ਲੋਕਤੰਤਰਿਕ ਵਿਹਾਰ ਦੀ ਥਾਂ ਮਹੰਤਾਂ ਵਾਲੇ ਮਨ ਮਰਜ਼ੀ ਦੇ ਪ੍ਰਬੰਧਕੀ ਢੰਗ
ਨੂੰ ਤਰਜੀਹ ਦਿੰਦੀ ਹੈ। ਇਸ ਲਈ ਇਸ ਨੇ ਆਪਣੀ ਬਹੁਤੀ ਕਾਰਵਾਈ ਗੁਪਤ ਅਤੇ ਏਕਾਧਿਕਾਰਕ ਰੱਖੀ ਹੋਈ
ਹੈ। ਇਸ ਵਿਚ ਵਿਰੋਧੀ ਮੈਂਬਰਾਂ ਜਾਂ ਧੜਿਆਂ ਦਾ ਵੀ ਘੱਟ ਹੀ ਜ਼ਿਕਰ ਹੁੰਦਾ ਹੈ। ਸਿੱਖ ਵੋਟਰਾਂ
ਵੱਲੋਂ ਚੁਣੀ ਹੋਣ ਦੇ ਬਾਵਜੂਦ ਇਸ ਕਮੇਟੀ ਨੇ ਆਪਣੀ ਕਾਰਗੁਜ਼ਾਰੀ ਨੂੰ ਅਣ-ਆਲੋਚਨਾਤਮਿਕ ਬਣਾਈ
ਰੱਖਿਆਂ ਹੈ। ਇਸ ਨੇ ਅਕਾਲ ਤਖਤ ਦੁਆਰਾ ਸਿੱਖ ਵੋਟਰਾਂ ਵੱਲੋਂ ਆਪਣੇ ਕੰਮ ਦੀ ਆਲੋਚਨਾ ਵਿਵਰਜਿਤ
ਕੀਤੀ ਹੋਈ ਹੈ। ਅਕਾਲ ਤਖਤ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੇ ਅਧੀਨ ਹੈ ਅਤੇ ਕਮੇਟੀ ਨੇ ਅਕਾਲ ਤਖਤ
ਗੁਰਦੁਆਰੇ ਦੇ ਉੱਚ-ਕਰਮਚਾਰੀ ਗ੍ਰੰਥੀ ਨੂੰ ਜਥੇਦਾਰ ਦਾ ਸਿਆਸੀ ਅਹੁਦਾ ਦੇ ਕੇ ਇਸ ਦੇ ਨਾਲ ਕੁਝ ਹੋਰ
ਗ੍ਰੰਥੀ/ਜਥੇਦਾਰ ਸੰਗਠਿਤ ਕਰ ਕੇ ਇਕ ਅਰਧ ਨਿਆਂ ਸੰਸਥਾ ਕਾਇਮ ਕਰ ਲਈ ਹੈ ਜਿਸ ਨਾਲ ਅਕਾਲ ਤਖਤ ਦਾ
ਨਾਂ ਜੁੜ ਗਿਆ ਹੈ। ਇਹ ਸੰਸਥਾ ਸਿੱਖ ਵੋਟਰਾਂ ਨੂੰ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਦੀ ਆਲੋਚਨਾ
ਕਰਨ ਤੋਂ ਰੋਕਦੀ ਹੈ। ਇਸ ਦੇ ਨਾਲ ਹੀ ਇਹ ਸੰਸਥਾ ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਿਆਂ ਵਿਚ ਸਨਾਤਨੀ
ਪਰੰਪਰਾ ਦੀਆਂ ਗੁਰਮਤਿ ਵਿਰੋਧੀ ਅਤੇ ਨਾਜਾਇਜ਼ ਕਾਰਵਾਈਆਂ ਬਾਰੇ ਵੀ ਸਿੱਖ ਵੋਟਰਾਂ ਨੂੰ ਪ੍ਰਸ਼ਨ ਅਤੇ
ਕਿੰਤੂ ਕਰਨ ਤੋਂ ਵਿਵਰਜਿਤ ਕਰਦੀ ਹੈ। ਸ਼੍ਰੋਮਣੀ ਕਮੇਟੀ ਨੇ ਇਹ ਜੱਥੇਦਾਰੀ ਸੰਸਥਾ ਕਿਸ ਮੰਤਵ ਲਈ
ਬਣਾਈ ਸੀ ਇਸ ਬਾਰੇ ਤੇ ਕੋਈ ਜਾਣਕਾਰੀ ਨਹੀਂ ਹੈ ਪਰ ਹੁਣ ਇਸ ਸੰਸਥਾ ਦਾ ਮਨੋਰਥ ਸਿੱਖ ਵੋਟਰਾਂ ਨੂੰ
ਕਮੇਟੀ ਦੀਆਂ ਕਾਰਵਾਈਆਂ ਦੀ ਆਲੋਚਨਾ ਕਰਨ ਤੋਂ ਰੋਕਣਾ ਬਣ ਗਿਆ ਹੈ। ਇਸ ਸੰਸਥਾ ਦਾ ਮੁੱਖ ਕਰਤਵ
ਮਹੰਤਾਂ ਦੀ ਸਨਾਤਨੀ ਪਰੰਪਰਾ ਨੂੰ ਸਿੱਖ ਜਗਤ ਵਿਚ ਬਰਕਰਾਰ ਰੱਖਣਾ ਅਤੇ ਲਾਗੂ ਕਰਨਾ ਹੈ ਜਿਸ ਲਈ ਇਹ
ਨਿਆਂਪਾਲਕਾ ਵਾਲੇ ਅਧਿਕਾਰ ਵਰਤਦੀ ਹੈ। ਇਸ ਜੱਥੇਦਾਰੀ ਸੰਸਥਾ ਦਾ ਕੋਈ ਵਿਧਾਨਕ ਆਧਾਰ ਨਹੀਂ ਹੈ। ਇਸ
ਲਈ ਜੋ ਸਿੱਖ ਵੋਟਰ ਇਸ ਸੰਸਥਾ ਨੂੰ ਸਰਵ ਸਰੇਸ਼ਟ ਨਹੀਂ ਮੰਨਦਾ ਉਸ ਨੂੰ ਸ਼੍ਰੋਮਣੀ ਕਮੇਟੀ ਦੇ ਕੰਮ
ਬਾਰੇ ਆਪਣੀ ਰਾਏ ਪਰਗਟ ਕਰਨ ਦੀ ਖੁਲ੍ਹ ਹੈ। ਇਸ ਸੰਸਥਾ ਦੀ ਮਾਨਤਾ ਸਵੈਇਛਤ
(voluntary)
ਹੈ ਅਤੇ ਇਸ ਦਾ ਅਧਿਕਾਰ ਵਾਲੰਟੀਅਰ ਸ਼ਰਧਾਲੂਆਂ ਤਕ ਸੀਮਤ ਹੈ।
ਗੁਰਦੁਆਰਾ ਐਕਟ ਬਨਣ ਨਾਲ ਗੁਰਦੁਆਰਿਆਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ
ਵਿਚ ਆ ਗਈ, ਅਕਾਲ ਤਖਤ ਅਕਾਲੀ ਆਗੂਆਂ ਅਤੇ ਸੁਤੰਤਰ ਸਿੱਖ ਰਾਜ ਦੇ ਅਭਿਲਾਸ਼ੀਆਂ ਦਾ ਪਰੇਰਨਾ ਸਰੋਤ
ਬਣ ਗਿਆ। ਗੁਰਦੁਆਰਿਆਂ ਵਿਚ ਸਨਾਤਨੀ ਪਰੰਪਰਾ ਤੋਂ ਪਰਭਾਵਿਤ ਮਰਿਆਦਾ ਕਾਇਮ ਰਹੀ ਜਿਸ ਵਿਚ ਗੁਰਬਾਣੀ
ਵਿਚਾਰ, ਗੋਸ਼ਟੀ, ਸਿੱਖਿਆ, ਵਿਆਖਿਆ ਅਤੇ ਨਾਮ ਸਿਮਰਨ ਲਈ ਕੋਈ ਸੁਵਿਧਾ ਨਹੀਂ ਸੀ। ਜਾਗਰੂਕ ਸਿੱਖ
ਵਿਦਵਾਨ, ਵਿਚਾਰਵਾਨ ਅਤੇ ਧਰਮ ਸ਼ਾਸਤਰੀ ਗੁਰਦੁਆਰਾ ਪਰਣਾਲੀ ਵਿਚ ਬੇਲੋੜੇ ਅਤੇ ਅਸੰਗਤ
(Irrelevant)
ਹੋ ਗਏ। ਗੁਰਬਾਣੀ ਉਪਦੇਸ਼ ਅਤੇ ਗੁਰਮਤਿ ਵਿਚਾਰਧਾਰਾ ਦੇ ਖੇਤਰ ਵਿਚ ਕੇਂਦਰੀ ਸੰਸਥਾ ਦੀ ਅਣਹੋਂਦ
ਕਾਰਨ ਗੁਰਮਤਿ ਸੰਚਾਰ ਪਰਫੁੱਲਤ ਨਾ ਹੋ ਸਕਿਆ। ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬੀ ਸੂਬਾ ਬਨਣ
ਉਪਰੰਤ ਸਿੱਖ ਧਰਮ ਬਾਰੇ ਅਕਾਦਮਿਕ ਅਦਾਰਿਆਂ ਵਿਚ ਸਿੱਖ ਧਰਮ ਦੇ ਅਧਿਐਨ ਅਤੇ ਇਤਿਹਾਸਕ ਖੋਜ ਦੀ
ਵਿਵਸਥਾ ਹੋਈ ਹੈ। ਵਿਦੇਸ਼ਾਂ ਵਿਚ ਵੀ ਕਈ ਸਿੱਖ ਯੂਨੀਵਰਸਿਟੀਆਂ ਹੋਂਦ ਵਿਚ ਆਈਆਂ ਹਨ। ਇਹ ਸਾਰੀਆਂ
ਅਕਾਦਮਿਕ ਸੰਸਥਾਵਾਂ ਅਕਾਲ ਤਖਤ ਦੀ ਜੱਥੇਦਾਰੀ ਸੰਸਥਾ ਨੂੰ ਪਰਵਾਨ ਕਰਦੀਆਂ ਹਨ ਅਤੇ ਇਹ ਸਨਾਤਨੀ
ਪਰੰਪਰਾਗਤ ਵਿਚਾਰਧਾਰਾ ਅਧੀਨ ਰਚੀਆਂ ਮਿਥਹਾਸਕ ਕਿਰਤਾਂ ਨੂੰ ਪਰਮਾਣਿਕ ਮੰਨਦੀਆਂ ਹਨ।
ਇਸ ਸੰਖੇਪ ਇਤਿਹਾਸਕ ਵਰਨਣ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਧਰਮਸ਼ਾਲਾ ਨੂੰ ਗੁਰਦੁਆਰਿਆਂ ਵਿਚ ਬਦਲ
ਕੇ ਪੁਜਾਰੀਆਂ ਨੇ ਮੰਦਰਾਂ ਵਾਲੇ ਕਰਮ ਕਾਂਡ ਸ਼ੁਰੂ ਕਰ ਦਿੱਤੇ ਸਨ। ਗੁਰਦੁਆਰਾ ਸੁਧਾਰ ਲਹਿਰ ਦੇ
ਪਰਿਣਾਮ ਵਜੋਂ ਬਣੇ ਗੁਰਦੁਆਰਾਜ਼ ਐਕਟ ਨੇ ਪੁਜਾਰੀ ਪਰੱਥਾ ਸਮਾਪਤ ਕਰ ਦਿੱਤੀ ਸੀ ਅਤੇ ਐਕਟ ਅਧੀਨ
ਸਿੱਖ ਜਗਤ ਵੱਲੋਂ ਚੁਣੇ ਬੋਰਡ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਗੁਰਦੁਆਰਿਆਂ ਦਾ
ਪ੍ਰਬੰਧ ਸੰਭਾਲ ਲਿਆ ਸੀ। ਗੁਰਦੁਆਰਾ ਪ੍ਰਬੰਧਕਾਂ ਨੇ ਗੁਰਦੁਆਰਿਆਂ ਦੀਆਂ ਸੇਵਾਵਾਂ ਵਿਚ ਸੁਧਾਰ
ਲਿਆਉਣ ਲਈ ਆਪਣੇ ਕਰਮਚਾਰੀ ਸੇਵਾਦਾਰਾਂ ਨੂੰ ਇਹਨਾਂ ਤਿੰਨ ਸ਼੍ਰੇਣੀਆਂ ਵਿਚ ਵੰਡ ਦਿੱਤਾ ਸੀ: ਪਾਠੀ
ਤੇ ਗ੍ਰੰਥੀ; ਕੀਰਤਨੀਏ; ਅਤੇ ਪਰਚਾਰਕ। ਪਰ ਉਹਨਾਂ ਗੁਰਦੁਆਰਿਆਂ ਦੀਆਂ ਸਨਾਤਨੀ ਵਿਹਾਰ ਤੋਂ
ਪਰਭਾਵਿਤ ਰੀਤਾਂ ਵਿਚ ਕੋਈ ਵਿਸ਼ੇਸ਼ ਤਬਦੀਲੀ ਨਹੀਂ ਕੀਤੀ ਸੀ। ਐਸੀ ਸਥਿਤੀ ਵਿਚ ਨਿਰੋਲ ਅਤੇ ਸਹੀ
ਗੁਰਬਾਣੀ ਉਪਦੇਸ਼ ਅਤੇ ਗੁਰਮਤਿ ਵਿਚਾਰਧਾਰਾ ਦੇ ਖੇਤਰ ਦੀ ਸੰਭਾਲ ਅਤੇ ਸੰਚਾਰ ਲਈ ਕੋਈ ਵੀ ਕੇਂਦਰੀ
ਸੰਸਥਾ ਜ਼ਿੰਮੇਵਾਰ ਨਹੀਂ ਰਹੀ ਸੀ। ਗੁਰਮਤਿ ਸੰਚਾਰ ਵਿਚ ਪਹਿਲੋਂ ਚੀਫ ਖਾਲਸਾ ਦੀਵਾਨ, ਸਿੰਘ ਸਭਾਵਾਂ
ਅਤੇ ਜਾਗਰੂਕ ਵਿਅਕਤੀਆਂ ਨੇ ਨਿੱਗਰ ਯੋਗਦਾਨ ਪਾਇਆ ਸੀ। ਹੁਣ ਪੱਛਮੀ ਸਿੱਖਿਆ, ਵਿਚਾਰਧਾਰਾ ਅਤੇ
ਵਿਸ਼ਵ ਦੇ ਧਰਮਾਂ ਦੇ ਅਧਿਐਨ ਤੋਂ ਪਰਭਾਵਿਤ ਬਹੁਤ ਸਾਰੇ ਸਿੱਖ ਵਿਦਵਾਨ, ਪਰਫੈਸ਼ਨਲ ਅਤੇ ਧਾਰਮਕ ਰੁਚੀ
ਰੱਖਣ ਵਾਲੇ ਵਿਅਕਤੀ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਅਤੇ ਗੁਰਮਤਿ ਨੂੰ ੨੧ਵੀਂ ਸ਼ਤਾਬਦੀ ਦਾ ਹਾਣੀ
ਬਨਾਉਣ ਲਈ ਉਤਸੁਕ ਹਨ। ਉਹਨਾਂ ਦੀ ਸਿੱਖਿਆ, ਅਨੁਭਵ, ਵਿਸ਼ੇਸ਼ਗਤਾ ਅਤੇ ਪਿਛੋਕੜ ਉਹਨਾਂ ਨੂੰ ਗੁਰਬਾਣੀ
ਨੂੰ ਪਰੰਪਰਾਗਤ ਵਿਚਾਰਧਾਰਾ ਨਾਲੋਂ ਵਖਰੇ ਢੰਗ ਨਾਲ ਸਮਝਣ ਦਾ ਅਵਸਰ ਪਰਦਾਨ ਕਰਦਾ ਹੈ ਪਰ ਉਹ
ਸੰਗਠਿਤ ਹੋ ਕੇ ਕਿਸੇ ਕੇਂਦਰੀ ਸੰਸਥਾ ਦੇ ਭਾਗੀ ਹੋਣ ਬਾਰੇ ਅਨਿਸ਼ਚਿਤ ਹਨ। ਕਈ ਵਿਦਵਾਨ ਗੁਰਮਤਿ ਨੂੰ
ਵਿਗਿਆਨਕ, ਤਾਰਕਿਕ, ਜਾਂ ਸਮਾਜ ਸੁਧਾਰਕ ਗਿਆਨ ਭੰਡਾਰ ਸਮਝਦੇ ਹਨ। ਗੁਰਬਾਣੀ ਸਰਿਸ਼ਟੀ ਦੇ ਸਿਰਜਣਹਾਰ
ਪ੍ਰਭੂ ਦੀ ਏਕਤਾ, ਹਸਤੀ, ਜ਼ੱਰੇ-ਜ਼ੱਰੇ ਵਿਚ ਮੌਜੂਦਗੀ ਅਤੇ ਬੇਅੰਤਤਾ ਦਾ ਮਨੁੱਖਤਾ ਦੇ ਸਮਝ ਆਉਣ ਅਤੇ
ਵਿਸ਼ਵਾਸ ਉਤੇਜਿਤ ਕਰਨ ਵਾਲਾ ਅਧਿਆਤਮਿਕ ਗਿਆਨ ਹੈ। ਇਹ ਪ੍ਰਭੂ ਦੀ ਸਿਰਜੀ ਦੂਈ ਚਲਾਇਮਾਨ ਸਰਿਸ਼ਟੀ
ਅਤੇ ਉਸ ਵਿਚ ਸੀਮਤ ਸਮੇਂ ਲਈ ਆਏ ਮਨੁੱਖ ਦੇ ਕਰਤਵਾਂ ਅਤੇ ਮਨੋਰਥ ਦਾ ਵਰਨਣ ਹੈ। ਇਹ ਮਨੁੱਖ ਨੂੰ
ਹਲੀਮੀ, ਸੰਤੋਖ, ਸ਼ਾਂਤੀ ਅਤੇ ਨਿਸ਼ਕਾਮ ਸੇਵਾ, ਅਤੇ ਮਨੁੱਖੀ ਸਮਾਜ ਨੂੰ ਊਚ ਨੀਚ ਦੂਰ ਕਰਕੇ ਮਨੁੱਖੀ
ਸੁਤੰਤਰਤਾ ਅਤੇ ਬਰਾਬਰਤਾ ਦਾ ਉਪਦੇਸ਼ ਹੈ। ਮਾਨਵਤਾ ਦੇ ਸੰਘਰਸ਼ ਅਤੇ ਕੁਰਬਾਨੀਆਂ ਸਦਕਾ ਆਧੁਨਿਕ ਯੁਗ
ਵਿਚ ਕਨੂੰਨ ਦੀ ਨਿਗਾਹ ਵਿਚ ਹਰ ਮਨੁੱਖ ਬਰਾਬਰ ਮੰਨਿਆ ਜਾਣ ਲੱਗ ਪਿਆ ਹੈ ਅਤੇ ਸੰਯੁਕਤ ਰਾਸ਼ਟਰ
ਸੰਸਾਰ ਵਿਚ ਸ਼ਾਂਤੀ ਅਤੇ ਨਿਆਂ ਕਾਇਮ ਕਰਨ ਲਈ ਜਤਨਸ਼ੀਲ ਹੈ। ਪਰ ਗੁਰਬਾਣੀ ਦੀ ਊਚ ਨੀਚ ਰਹਿਤ ਮਨੁੱਖੀ
ਬਰਾਬਰਤਾ ਅਤੇ ਹਿੰਸਾ ਰਹਿਤ ਸ਼ਾਂਤੀ ਦੇ ਉਦੇਸ਼ ਦੀ ਪਰਾਪਤੀ ਲਈ ਮਾਨਵਤਾ ਨੂੰ ਹਾਲੇ ਵੀ ਲੰਮੇ ਸੰਘਰਸ਼
ਦੀ ਲੋੜ ਹੈ।
ਸਿੱਖ ਧਰਮ ਸ਼ਾਸਤਰੀ, ਵਿਦਵਾਨ, ਅਤੇ ਜਾਗਰੂਕ ਵਿਅਕਤੀ ਆਪਣੇ ਸੀਮਤ ਸਾਧਨਾਂ ਦੁਆਰਾ ਆਪੋ ਆਪਣੇ ਢੰਗ
ਨਾਲ ਗੁਰਮਤਿ ਉਪਦੇਸ਼ ਦੇ ਸੰਚਾਰ ਦੀ ਸੇਵਾ ਕਰ ਰਹੇ ਹਨ। ਕਈ ਨਗਰਾਂ ਜਾਂ ਦੇਸ਼ਾਂ ਵਿਚ ਇਹਨਾਂ
ਸੇਵਾਵਾਂ ਲਈ ਸੰਸਥਾਵਾਂ ਵੀ ਸਥਾਪਤ ਹਨ। ਇਹਨਾਂ ਜਾਗਰੂਕ ਵਿਅਕਤੀਆਂ ਅਤੇ ਸੰਸਥਾਵਾਂ ਦਾ ਆਪਸ ਵਿਚ
ਸੀਮਤ ਸੰਪਰਕ ਹੋਣ ਕਾਰਨ ਇਹ ਆਪਸ ਵਿਚ ਵਿਚਾਰ ਵਟਾਂਦਰਾ ਨਹੀਂ ਕਰ ਸਕਦੇ ਅਤੇ ਨਾ ਹੀ ਰਲ ਮਿਲ ਕੇ
ਸੰਗਠਿਤ ਰੂਪ ਵਿਚ ਗੁਰਮਤਿ ਦੀ ਸੇਵਾ ਕਰ ਸਕਦੇ ਹਨ। ਸਮੇਂ ਦੀ ਲੋੜ
ਹੈ ਕਿ ਗੁਰਬਾਣੀ ਉਪਦੇਸ਼ ਅਤੇ ਗੁਰਮਤਿ ਵਿਚਾਰਧਾਰਾ ਨੂੰ ਸਮਰਪਿਤ ਵਿਅਕਤੀ ਸੰਗਠਿਤ ਹੋ ਕੇ ਇਸ ਖੇਤਰ
ਦੀ ਸੰਭਾਲ ਕਰਨ ਅਤੇ ਯੋਜਨਾਬੱਧ ਢੰਗ ਨਾਲ ਵਿਸ਼ਵ ਭਰ ਵਿਚ ਇਸ ਦੇ ਉਪਦੇਸ਼ ਦੇ ਸੰਚਾਰ ਲਈ ਧਰਮਸ਼ਾਲਾ
ਸਥਾਪਤ ਕਰਨ ਲਈ ਇਕ ਵਿਸ਼ਵ ਪੱਧਰ ਦੀ ਸੰਸਥਾ ਸਥਾਪਤ ਕਰਨ। ਗੁਰਬਾਣੀ ਉਪਦੇਸ਼ ਅਤੇ ਗੁਰਮਤਿ ਵਿਚਾਰਧਾਰਾ
ਦੇ ਸਹੀ ਸੰਚਾਰ ਲਈ ਕੇਂਦਰੀ ਸੰਸਥਾ ਦੀ ਸਥਾਪਨਾ ਹੁਣ ਅੱਵਸ਼ਕ ਹੋ ਗਈ ਹੈ।