. |
|
ਸੁਲਹੀ
ਸੁਲਹੀ
ਬਿਲਾਵਲੁ ਮਹਲਾ ੫॥
ਸੁਲਹੀ ਤੇ ਨਾਰਾਇਣ ਰਾਖੁ॥
ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ॥ ੧॥ ਰਹਾਉ॥
ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ॥
ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ॥ ੧॥
ਪੁਤ੍ਰ ਮੀਤ ਧਨੁ ਕਿਛੂ ਨ ਰਹਿਓ ਸੁ ਛੋਡਿ ਗਇਆ ਸਭ ਭਾਈ ਸਾਕੁ॥
ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕੁ॥ ੨॥ ੧੮॥ ੧੦੪॥
ਪਦ ਅਰਥ: - ਸੁਲਹੀ – ਹਿੰ: शूल से सूली
ਤੋਂ ਹੈ। ਸੁਲਹੀ – ਸੂਲੀ ਚੜਨਾ, ਸੂਲੀ ਚੜਾਉਣਾ, ਖਤਮ ਹੋ ਜਾਣਾ, ਇਥੇ ਇਸ ਸ਼ਬਦ ਦੇ ਚਲ ਰਹੇ ਪਰਕਰਣ
ਅਨੁਸਾਰ ਅਗਿਆਨਤਾ ਦੀ ਸੂਲੀ/ਭੇਟ ਚੜ ਜਾਣ ਤੋਂ, ਜੀਵਣ ਦੀ ਸੁਧ ਵੀਚਾਰਧਾਰਾ ਖਤਮ ਹੋ ਜਾਣ ਤੋਂ ਹੈ
ਕਿਉਂਕਿ ਇਸੇ ਪੰਗਤੀ ਦਾ ਅਖੀਰਲਾ ਸ਼ਬਦ ਨਾਪਾਕੁ-ਅਪਵਿੱਤਰ, ਮਾੜੀ ਸੋਚ (ਅਗਿਆਨਤਾ) ਦਾ ਪ੍ਰਤੀਕ ਹੈ।
ਜਦੋਂ ਇਸ ਸ਼ਬਦ ਨਾਲ ਸਬੰਧਤ ਸ਼ਬਦ “ਤੇ ਨਾਰਾਇਣ ਰਾਖੁ॥” ਜੁੜੇਗਾ ਤਾਂ ਇਸ ਦਾ ਅਰਥ ਅਗਿਆਨਤਾ ਦੀ
ਸੂਲੀ/ਭੇਟ ਚੜਨ ਤੋਂ ਬਚਾਅ ਸਬੰਧਤ ਬਣਨਗੇ। ਤੇ – ਤੋਂ। ਨਾਰਾਇਣ – ਕਰਤਾ। ਰਾਖੁ – ਰੱਖ ਸਕਦਾ ਹੈ,
ਬਚਾਅ ਸਕਦਾ ਹੈ। ਸੁਲਹੀ ਕਾ ਹਾਥੁ ਕਹੀ ਨ ਪਹੁਚੈ – ਅਗਿਆਨਤਾ ਦਾ ਕੋਈ ਹਾਥੁ-ਅੰਤ ਨਹੀਂ, ਨਾ ਹੀ
ਅਗਿਆਨਤਾ, ਅਗਿਆਨੀ ਨੂੰ ਕਿਤੇ ਪਹੁਚੈ/ਪਹੁੰਚਣ ਭਾਵ ਕਿਸੇ ਤਣ ਪੱਤਣ, ਸੱਚ ਵਾਲੇ ਪਾਸੇ ਲੱਗਣ ਹੀ
ਦਿੰਦੀ ਹੈ। ਸੁਲਹੀ ਹੋਇ ਮੂਆ ਨਾਪਾਕੁ – ਅਗਿਆਨਤਾ ਦੀ ਸੂਲੀ ਚੜਿਆ ਹੋਇਆ, ਆਪਣੀ ਨਾਪਾਕੁ-ਅਪਵਿੱਤਰ
ਵੀਚਾਰਧਾਰਾ ਵਿੱਚ ਆਪ ਹੀ ਆਤਮਿਕ-ਜਮੀਰ ਦੇ ਤੌਰ ਤੇ ਖਤਮ ਹੋ ਜਾਂਦਾ ਹੈ। ਕਾਢਿ – ਕੋਈ ਕੱਢੀ ਹੋਈ
ਕਾਢਿ। ਕੁਠਾਰੁ – ਕੁਹਾੜਾ ਰੂਪੀ, ਖਤਮ ਕਰ ਦੇਣ ਵਾਲੀ ਵੀਚਾਰਧਾਰਾ, ਮਿਟੀ ਵਿੱਚ ਮਿਲਾ ਦੇਣ ਵਾਲੀ
ਵੀਚਾਰਧਾਰਾ। ਖਸਮਿ – ਜੁਮੇਵਾਰ, ਮਾਲਕ। ਸਿਰੁ – ਮਨੁੱਖ ਦਾ ਆਪਣਾ ਅਕਲ ਵਾਲਾ ਸਿਰ। ਕਾਟਿਆ –
ਕੱਟਿਆ। ਖਿਨ ਮਹਿ – ਖਿਨ ਵਿੱਚ, ਛੇਤੀ ਹੀ। ਹੋਇ ਗਇਆ ਹੈ ਖਾਕੁ – ਸੁਆਹ, ਖਾਕ ਹੋ ਜਾਣਾ, ਜਾਂਦਾ
ਹੈ। ਮੰਦਾ ਚਿਤਵਤ – ਉਹ ਬੁਰਾ ਹੀ ਚਿਤਵਦਾ ਹੈ। ਚਿਤਵਤ ਪਚਿਆ – ਉਸਨੂੰ ਆਪਣਾ ਚਿਤਵਿਆ ਹੋਇਆ ਹੀ ਆਪ
ਨੂੰ ਹਜਮ ਹੁੰਦਾ ਹੈ ਭਾਵ ਚੰਗੀ ਗੱਲ ਉਸਨੂੰ ਹਜਮ ਹੀ ਨਹੀਂ ਹੁੰਦੀ। ਜਿਨਿ ਰਚਿਆ – ਜਿਹੜਾ ਇਸ ਵਿੱਚ
ਰਚਿਆ ਭਾਵ ਜਿਹੜਾ ਅਗਿਆਨਤਾ ਵਿੱਚ ਰਚ ਗਇਆ। ਤਿਨਿ – ਉਸਨੂੰ। ਦੀਨਾ – ਦੀਨ ਸ਼ਬਦ ਤੋਂ ਦੀਨਾ ਹੈ,
ਧਰਮ। ਧਾਕੁ – ਧਾਰਣ ਕਰਨਵਾਲਾ। ਪੁਤ੍ਰ – ਪੁਤ੍ਰ। ਮੀਤ – ਮਿਤ੍ਰ। ਧਨੁ – ਇਸਤ੍ਰੀ। ਕਿਛੂ ਨ
ਰਹਿਓਸੁ – ਉਹ ਵੀ ਕੋਈ ਬਚਕੇ ਨਹੀਂ ਰਹਿ ਸਕਦੇ। ਛੋਡਿ ਗਇਆ – ਉਨ੍ਹਾਂ ਲਈ ਵੀ (ਅਗਿਆਨਤਾ) ਛੱਡ
ਗਇਆ। ਸਭ – ਤਮਾਮ। ਭਾਈ ਸਾਕੁ – ਸਬੰਧੀ ਭਾਵ ਭਾਈਚਾਰਕ ਸਾਂਝ ਰੱਖਣ ਵਾਲੇ। ਕਹੁ ਨਾਨਕ – ਨਾਨਕ
ਆਖਦਾ ਹੈ। ਤਿਸੁ ਪ੍ਰਭ – ਉਸ ਪ੍ਰਭੂ ਤੋਂ। ਬਲਿਹਾਰੀ – ਬਲਿਹਾਰ ਜਾਣਾ ਚਾਹੀਦਾ ਹੈ। ਜਿਨਿ – ਜਿਸ
ਨੇ। ਜਨ ਕਾ – ਆਪਣੇ ਜਨ ਦੀ। ਕੀਨੋ ਪੂਰਨ ਵਾਕੁ – ਅਰਦਾਸ ਨੂੰ ਪ੍ਰਵਾਣ ਕਰ ਲਿਆ।
ਅਰਥ: - ਹੇ ਭਾਈ! ਕਰਤੇ ਦੀ ਬਖਸ਼ਿਸ਼ ਗਿਆਨ ਹੀ ਅਗਿਆਨਤਾ ਦੀ ਸੁਲਹੀ-ਸੂਲੀ ਦੀ ਭੇਟ ਚੜਨ ਤੋਂ
ਬਚਾਅ ਸਕਦਾ ਹੈ। ਅਗਿਆਨਤਾ ਦਾ ਕੋਈ ਹਾਥੁ/ਅੰਤ ਨਹੀਂ (ਭਾਵ ਜਿੰਨੀ ਮਰਜੀ ਵਧਾ ਲਉ)। ਅਗਿਆਨਤਾ ਦੀ
ਸੂਲੀ ਚੜੇ ਮਨੁੱਖ ਨੂੰ ਅਗਿਆਨਤਾ ਕਿਸੇ ਤਣ ਪੱਤਣ ਲੱਗਣ ਹੀ ਨਹੀਂ ਦਿੰਦੀ ਭਾਵ ਸੱਚ ਤੱਕ ਪਹੁੰਚਣ ਹੀ
ਨਹੀਂ ਦਿੰਦੀ, ਇਸ ਦੀ ਸੂਲੀ ਚੜਿਆ ਮਨੁੱਖ ਆਪਣੀ ਨਾਪਾਕੁ-ਅਪਵਿੱਤਰ ਸੋਚ ਵਿੱਚ ਆਪ ਹੀ ਆਤਮਿਕ ਭਾਵ
ਜਮੀਰ ਦੇ ਤੌਰ ਤੇ ਖਤਮ ਹੋ ਜਾਂਦਾ ਹੈ। ਅਜਿਹਾ ਮਨੁੱਖ ਆਪ ਹੀ ਆਪਣੇ ਮਨ ਦੀ ਕੱਢੀ ਹੋਈ (ਅਗਿਆਨਤਾ
ਦੀ) ਕਾਢਿ ਦਾ ਖਸਮਿ ਭਾਵ ਜੁਮੇਵਾਰ ਹੈ, ਉਹਦੀ ਆਪਣੀ ਕਾਢਿ ਹੀ ਉਹਦੇ ਆਪਣੇ ਲਈ ਕੁਹਾੜੇ ਦਾ ਕੰਮ
ਕਰਦੀ ਹੈ ਭਾਵ ਉਹਦਾ ਆਪਣਾ ਹੀ ਅਕਲ ਵਾਲਾ ਸਿਰ ਕੱਟ ਦਿੰਦੀ ਹੈ ਅਤੇ ਉਹ ਛੇਤੀ ਹੀ ਅਗਿਅਨਤਾ ਵਿੱਚ
ਹੀ ਭਸਮ ਹੋ ਜਾਂਦਾ ਹੈ ਭਾਵ ਵੀਚਾਰਧਾਰਕ ਤੌਰ ਤੇ ਖਤਮ ਹੋ ਜਾਂਦਾ ਹੈ। ਅਜਿਹਾ ਮਨੁੱਖ ਹਮੇਸ਼ਾਂ ਬੁਰਾ
ਹੀ ਚਿਤਵਦਾ ਹੈ ਅਤੇ ਆਪਣਾ ਚਿਤਵਿਆ ਹੋਇਆ (ਅਗਿਆਨ) ਹੀ ਉਸਨੂੰ ਪਚਦਾ ਹੈ ਭਾਵ ਗਿਆਨ ਉਸਨੂੰ
ਪਚਦਾ/ਹਜਮ ਹੀ ਨਹੀਂ ਹੁੰਦਾ, ਜਿਸ ਨੇ ਇਸ ਨੂੰ ਧਾਰਨ ਕੀਤਾ ਉਹ ਇਸ (ਅਗਿਆਨਤਾ ਦੀ ਸੂਲੀ ਤੇ ਚੜਨ)
ਨੂੰ ਹੀ ਦੀਨ/ਧਰਮ ਸਮਝ ਕੇ ਇਸ (ਅਗਿਆਨਤਾ) ਵਿੱਚ ਲੀਨ ਹੋ ਗਇਆ ਅਤੇ ਜਾਂਦਾ ਹੈ। ਅਜਿਹੀ ਅਗਿਆਨਤਾ
ਵਿੱਚ ਲੀਨ ਹੋਇ ਮਨੁੱਖ ਦੇ ਆਪਣੇ ਪੁਤ੍ਰ, ਮਿਤਰ, ਇਸਤ੍ਰੀ, ਸਾਕ ਸਬੰਧੀ ਭਾਵ ਤਮਾਮ ਉਸ ਨਾਲ
ਭਾਈਚਾਰਕ ਸਾਂਝ ਰੱਖਣ ਵਾਲੇ ਵੀ ਕੋਈ ਬਚਕੇ ਨਹੀਂ ਰਹਿ ਸਕਦੇ ਕਿਉਂਕਿ ਉਹ ਉਨ੍ਹਾਂ ਲਈ ਵੀ ਅਗਿਆਨਤਾ
ਹੀ ਛੱਡ ਜਾਂਦਾ ਹੈ। ਹੇ ਭਾਈ! ਨਾਨਕ ਆਖਦਾ ਹੈ ਕਿ ਉਸ ਪ੍ਰਭੂ ਤੋਂ ਹੀ ਬਲਿਹਾਰ ਜਾਣਾ ਚਾਹੀਦਾ ਹੇ
ਜਿਸ ਨੇ ਆਪਣੇ ਜਨ ਦੀ ਅਰਦਾਸ ਪਰਵਾਣ ਕਰਕੇ ਗਿਆਨ ਦੀ ਬਖਸ਼ਿਸ਼ ਦੁਆਰਾ ਅਗਿਆਨਤਾ ਦੀ ਸੂਲੀ ਦੀ ਭੇਟ
ਚੜਨ ਤੋਂ ਬਚਾਅ ਲਿਆ ਹੈ।
ਗੁਰੂ ਗ੍ਰੰਥ ਦੇ ਪੰਥ ਦਾ ਦਾਸ
ਬਲਦੇਵ ਸਿੰਘ ਟੋਰਾਂਟੋ
|
. |