.

ੴਸਤਿਗੁਰਪ੍ਰਸਾਦਿ ॥
ਦਰਸ਼ਨੀ ਮੀਡੀਏ ਦਾ ਸਮਾਜ ਤੇ ਪ੍ਰਭਾਵ

ਫਿਲਮਾਂ ਅਤੇ ਟੈਲੀਵਿਜ਼ਨ ਅੱਜ ਦੇ ਯੁੱਗ ਦਾ ਇੱਕ ਬਹੁਤ ਅਸਰਦਾਰ ਮੀਡੀਆ ਹੈ। ਇਸ ਦੀ ਵਰਤੋਂ ਨਾਲ ਸਮਾਜ ਵਿੱਚ ਵੱਡੀਆਂ ਇਨਕਲਾਬੀ ਤਬਦੀਲੀਆਂ ਲਿਆਂਦੀਆਂ ਜਾ ਸਕਦੀਆਂ ਹਨ। ਇਹ ਤਬਦੀਲੀਆਂ ਦੋਵੇਂ ਤਰ੍ਹਾਂ ਦੀਆਂ ਹੋ ਸਕਦੀਆਂ ਹਨ, ਭਾਵ ਜੇ ਇਹ ਮੀਡੀਆ ਜ਼ਿਮੇਂਵਾਰੀ ਨਾਲ ਆਪਣਾ ਫਰਜ਼ ਨਿਭਾਵੇ ਤਾਂ ਸਮਾਜ ਦੀ ਉਸਾਰੀ ਦਾ ਵੱਡਾ ਕਾਰਜ ਹੋ ਸਕਦਾ ਹੈ। ਜਿਥੇ ਕਈ ਸਮਾਜਿਕ ਬੁਰਾਈਆਂ ਖਿਲਾਫ ਸਮਾਜ ਨੂੰ ਚੇਤੰਨ ਕੀਤਾ ਜਾ ਸਕਦਾ ਹੈ, ਉਥੇ ਉਨ੍ਹਾਂ ਖਿਲਾਫ ਇੱਕ ਸੰਘਰਸ਼ ਵਿੱਡਿਆ ਜਾ ਸਕਦਾ ਹੈ, ਇੱਕ ਜ਼ਿੰਮੇਂਵਾਰ, ਅਤੇ ਨੇਮੀ (Disciplined) ਨਸਲ ਤਿਆਰ ਕਰਨ ਦਾ ਆਧਾਰ ਤਿਆਰ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਗ਼ੈਰ ਜ਼ਿਮੇਂਵਾਰੀ ਨਾਲ ਕੀਤੀ ਵਰਤੋਂ ਸਮਾਜ ਨੂੰ ਰਸਾਤਲ ਵੱਲ ਲੈ ਕੇ ਜਾ ਸਕਦੀ ਹੈ।
ਜੇ ਭਾਰਤੀ ਸਮਾਜ ਵੱਲ ਝਾਤੀ ਮਾਰੀਏ ਤਾਂ ਇਸ ਮੀਡੀਆ ਨੇ ਵਧੇਰੇ ਬਰਬਾਦੀ ਹੀ ਕੀਤੀ ਹੈ। ਅੱਜ ਦੇਸ਼ ਵਾਸੀਆਂ ਦੇ ਆਚਰਨ ਵਿੱਚ ਜੋ ਵੱਡੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ, ਉਸ ਵਿੱਚ ਵੱਡਾ ਯੋਗਦਾਨ ਇਸ ਮੀਡੀਆ ਦਾ ਹੀ ਹੈ। ਇਸ ਨੇ ਮਨਚਲੇ ਨੌਜੁਆਨਾਂ ਨੂੰ ਜਿਥੇ ਲੈਲਾ ਮਜਨੂੰ ਬਣਨਾ ਸਿਖਾਇਆ ਹੈ, ਉਥੇ ਔਲਾਦ ਨੂੰ ਮਾਤਾ ਪਿਤਾ ਤੋਂ ਬਾਗ਼ੀ ਹੋਣਾ, ਵਿਆਹ ਤੋਂ ਪਹਿਲਾਂ ਪਿਆਰ ਦੀਆਂ ਪੀਂਘਾਂ ਝੂਲਣੀਆਂ, ਮਾਤਾ-ਪਿਤਾ ਦੀ ਮਿਹਨਤ ਦੀ ਕਮਾਈ ਐਯਾਸ਼ੀਆਂ ਵਿੱਚ ਬਰਬਾਦ ਕਰਨਾ ਅਤੇ ਧੀਆਂ ਨੂੰ ਮਾਤਾ ਪਿਤਾ ਦੀ ਇਜ਼ਤ ਪੈਰਾਂ ਵਿੱਚ ਰੋਲ ਕੇ ਘਰੋਂ ਭਜਣਾ ਸਿਖਾਇਆ ਹੈ।
ਚੋਰੀ, ਠੱਗੀ, ਡਾਕਾ, ਰਿਸ਼ਵਤਖੋਰੀ, ਸਮੱਗਲਿੰਗ, ਨਸ਼ੇੜੀਪੁਣਾ, ਕਤਲੋਗਾਰਤ, ਲੁੱਟ ਮਾਰ, ਮਾਸੂਮ ਲੜਕੀਆਂ ਦੀ ਇਜ਼ਤ ਲੁੱਟਣੀ, ਔਰਤਾਂ ਤੇ ਜ਼ੁਲਮ ਢਾਹੁਣਾ, ਮੁਤੱਸਬੀ ਅਤੇ ਜਨੂੰਨੀ ਦੰਗੇ ਕਰਾਉਣੇ, ਦੇਸ਼ ਧਰੋਹੀ, ਕਿਹੜੀ ਉਹ ਟਰੇਨਿੰਗ ਹੈ, ਜੋ ਫਿਲਮਾਂ ਅਤੇ ਟੈਲ਼ੀਵਿਜ਼ਨ ਦੇ ਮਹਾਨ ਮੀਡੀਆ ਨੇ ਭਾਰਤ ਦੇਸ਼ ਦੇ ਵਾਸੀਆਂ ਨੂੰ ਨਹੀਂ ਦਿੱਤੀ?
ਤਕਰੀਬਨ ਢਾਈ ਘੰਟੇ ਦੀ ਫਿਲਮ ਵਿੱਚ ਸਵਾ ਦੋ ਘੰਟੇ ਤਾਂ ਉਪਰੋਕਤ ਦੁਸ਼-ਕਰਮਾਂ ਦੀ ਭਰਮਾਰ ਰਹਿੰਦੀ ਹੈ, ਤੇ ਆਖਿਰੀ ਪੰਦਰਾਂ ਮਿੰਟਾਂ ਵਿੱਚ ਹੀਰੋ ਕੋਲੋਂ ਵਿਲਨ ਨੂੰ ਕੁਟਵਾ ਕੇ ਜਾਂ ਪੁਲੀਸ ਕੋਲੋਂ ਪਕੜਵਾ ਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਫਿਲਮ ਨੇ ਬੜਾ ਉਸਾਰੂ ਸੁਨੇਹਾ ਦਿੱਤਾ ਹੈ। ਹੁਣ ਇਸ ਗੱਲ ਦਾ ਨਿਰਣਾ ਹਰ ਸੂਝਵਾਨ ਵਿਅਕਤੀ ਕਰ ਸਕਦਾ ਹੈ ਕਿ ਸਮਾਜ ਦੀ ਮਾਨਸਿਕਤਾ ਤੇ ਵਧੇਰੇ ਪ੍ਰਭਾਵ ਉਸ ਚੀਜ਼ ਦਾ ਪਵੇਗਾ ਜੋ ਸਵਾ ਦੋ ਘੰਟੇ ਵੇਖੀ ਹੈ ਜਾਂ ਉਸ ਦਾ ਜੋ ਪੰਦਰਾਂ ਮਿੰਟ? ਫੇਰ ਅੱਜ ਕਲ ਦੇ ਟੀ. ਵੀ. ਕੋਲ ਤਾਂ ਸਮੇਂ ਦੀ ਵੀ ਕੋਈ ਪਾਬੰਦੀ ਹੀ ਨਹੀਂ, ਇੱਕ ਇੱਕ ਸੀਰੀਅਲ ਚਾਰ-ਪੰਜ ਸਾਲ ਜਾਂ ਵਧੇਰੇ ਵੀ ਚੱਲੀ ਜਾਂਦਾ ਹੈ। ਪਰ ਹਾਂ ਪੱਖੀ ਅਤੇ ਨਾਂਹ ਪੱਖੀ ਸਮਗਰੀ ਵਿਖਾਉਣ ਦੀ ਔਸਤ ਤਕਰੀਬਨ ਉਹੀ ਫਿਲਮਾਂ ਵਾਲੀ ਹੁੰਦੀ ਹੈ।
ਮੈਨੂੰ ਨਿੱਜੀ ਜੀਵਨ ਵਿੱਚੋਂ ਇੱਕ ਗੱਲ ਸਾਂਝੀ ਕਰਨ ਤੇ ਦਿਲ ਕਰਦਾ ਹੈ। ਆਪਣੇ ਲੈਕਚਰਾਂ, ਵਿਸ਼ੇਸ਼ ਤੌਰ ਤੇ ਬੱਚਿਆਂ ਦੇ ਕੈਂਪਾਂ ਜਾਂ ਕਲਾਸਾਂ ਵਿੱਚ, ਮੈਂ ਅਕਸਰ ਕਿਹਾ ਕਰਦਾ ਸਾਂ ਕਿ ਚੰਗੇ ਗੁਣ ਸਿੱਖਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਸਕੂਲਾਂ ਕਾਲਜਾਂ ਅਤੇ ਧਰਮਸਾਲਾਂ ਵਿੱਚ ਜਾਣਾ ਪੈਂਦਾ ਹੈ, ਪਰ ਬੁਰਾਈ ਆਪੇ ਆ ਜਾਂਦੀ ਹੈ। ਆਪੇ ਹੀ ਮਾੜੀ ਸੰਗਤ ਵਿੱਚੋਂ ਕੁੱਝ ਬੱਚੇ ਜੂਆ ਖੇਡਣਾ ਸਿੱਖ ਜਾਂਦੇ ਹਨ ਤੇ ਆਪੇ ਹੀ ਸ਼ਰਾਬ ਪੀਣੀ ਤੇ ਹੋਰ ਬੁਰੀਆਂ ਆਦਤਾਂ। ਬਿਲਕੁਲ ਉਂਝੇ ਜਿਵੇਂ ਬਿਮਾਰੀ ਆਪੇ ਆ ਜਾਂਦੀ ਹੈ ਪਰ ਠੀਕ ਹੋਣ ਵਾਸਤੇ ਹਸਪਤਾਲ ਜਾਣਾ ਪੈਂਦਾ ਹੈ, ਵੱਡੇ ਖਰਚੇ ਕਰਨੇ ਪੈਂਦੇ ਹਨ। ਬੁਰੀਆਂ ਆਦਤਾਂ ਸਿੱਖਣ ਲਈ ਕੋਈ ਸਕੂਲ ਕਾਲਜ ਨਹੀਂ ਖੋਲ੍ਹੇ ਗਏ।
ਇਹੀ ਗੱਲ ਮੈਂ ਪਿਛਲੇ ਦਿਨੀਂ ਬੱਚਿਆਂ ਦੇ ਇੱਕ ਕੈਂਪ ਵਿੱਚ ਆਖੀ। ਪਰ ਗੱਲ ਕਰਦੇ ਮੈਨੂੰ ਆਪ ਹੀ ਮਹਿਸੂਸ ਹੋਇਆ ਕਿ ਅੱਜ ਦੇ ਹਾਲਾਤ ਵਿੱਚ ਇਹ ਸੱਚ ਨਹੀਂ ਹੈ। ਸੋ ਮੈਂ ਆਪੇ ਹੀ ਆਪਣੇ ਆਪ ਨੂੰ ਦਰੁਸਤ ਕਰਦੇ ਹੋਏ ਕਿਹਾ ਕਿ ਬੱਚਿਓ ਮੈਂ ਕੁੱਝ ਗਲਤ ਬਿਆਨੀ ਕਰ ਗਿਆ ਹਾਂ ਕਿ ਇਨ੍ਹਾਂ ਬੁਰਾਈਆਂ ਨੂੰ ਸਿਖਾਉਣ ਵਾਸਤੇ ਕੋਈ ਸਕੂਲ ਕਾਲਜ ਨਹੀਂ ਖੋਲ੍ਹੇ ਗਏ, ਬੇਸ਼ਕ ਇਹ ਪਹਿਲਾਂ ਨਹੀਂ ਸਨ ਹੁੰਦੇ ਪਰ ਹੁਣ ਤਾਂ ਇਹ ਸਕੂਲ ਕਾਲਜ ਤੁਹਾਡੇ ਘਰ ਵਿੱਚ ਹੀ ਖੁਲ੍ਹ ਗਏ ਹਨ, ‘ਟੀ. ਵੀ. ਦੇ ਰੂਪ ਵਿੱਚ`। ਇਨ੍ਹਾਂ ਕੋਲੋਂ ਵਧੇਰੇ ਬਚਣ ਦੀ ਲੋੜ ਹੈ। ਵੱਡਾ ਸੁਆਲ ਤਾਂ ਇਹ ਹੈ ਕਿ ਜਦੋਂ ਇਹ ਟੀ. ਵੀ. ਨਹੀਂ ਸਨ, ਬੁਰਾਈਆਂ ਤਾਂ ਉਦੋਂ ਵੀ ਆ ਘੇਰਦੀਆਂ ਸਨ। ਜਦੋਂ ਇਹ ਟ੍ਰੇਨਿੰਗ ਦੇ ਵੱਡੇ ਮਾਧਿਅਮ ਹੁਣ ਸਾਡੇ ਘਰਾਂ ਵਿੱਚ ਹੀ ਸਥਾਪਤ ਹੋ ਗਏ ਹਨ, ਤਾਂ ਹੁਣ ਸਮਾਜ ਦਾ ਕੀ ਬਣੇਗਾ?
ਇਹ ਸੁਆਲ ਸੁਭਾਵਕ ਸਾਮ੍ਹਣੇ ਆਵੇਗਾ ਕਿ ਜਦੋਂ ਬੁਰਾਈਆਂ ਪਹਿਲਾਂ ਵੀ ਆ ਹੀ ਜਾਂਦੀਆਂ ਸਨ ਤਾਂ ਮੈਂ ਇਸ ਦਾ ਕਸੂਰਵਾਰ ਇਸ ਮੀਡੀਆ ਨੂੰ ਕਿਉਂ ਠਹਿਰਾ ਰਿਹਾ ਹਾਂ? ਜਦੋਂ ਅਸੀਂ ਸਮਾਜ ਦੇ ਕਿਰਦਾਰ ਵਿੱਚ ਆ ਰਹੀ ਗਿਰਾਵਟ ਦੀ ਦਰ ਦਾ ਸਰਵੇਖਣ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਦਾ ਜੁਆਬ ਆਪੇ ਮਿਲ ਜਾਵੇਗਾ।
ਅਸਲ ਵਿੱਚ ਇਸ ਮੀਡੀਆ ਦਾ ਪ੍ਰਭਾਵ ਇਤਨਾ ਮਜ਼ਬੂਤ ਹੈ ਕਿ ਸੌਖੇ ਕੋਈ ਵਿਅਕਤੀ ਇਸ ਤੋਂ ਬੱਚ ਨਹੀਂ ਸਕਦਾ। ਵਿਅਕਤੀ ਤਾਂ ਕੀ, ਇਹ ਤਾਂ ਪੂਰੇ ਸਮਾਜ ਦਾ ਹੀ ਮੁਹਾਂਦਰਾ ਬਦਲ ਦੇਂਦਾ ਹੈ ਪਰ ਇਹ ਪ੍ਰਭਾਵ ਹੈ ਬੜਾ ਚੁਪ-ਚੁਪੀਤਾ
(Silent) ਅਤੇ ਸਹਿਜ (Slow), ਇਸ ਲਈ ਇਸ ਬਦਲਾਵ ਨੂੰ ਮਹਿਸੂਸ ਕਰਨਾ ਸੌਖਾ ਨਹੀਂ। ਇੰਝ ਕਹਿ ਲਓ ਕਿ ਇਹ ਸਮਾਜ ਵਾਸਤੇ ਇੱਕ ਮਿੱਠਾ ਹਲਕਾ ਜ਼ਹਿਰ ਹੈ। ਜਿਵੇਂ ਕੋਈ ਮਨੁੱਖ ਕਿਸੇ ਚੀਜ਼ ਦੀ ਮਿਠਾਸ ਕਾਰਨ ਉਸ ਵਸਤੂ ਦਾ ਰਸ ਮਾਣੀ ਜਾਏ, ਇਸ ਗੱਲ ਤੋਂ ਅਨਜਾਣ ਕਿ ਉਸ ਵਿੱਚ ਹਲਕਾ ਜ਼ਹਿਰ ਰਲਿਆ ਹੋਇਆ ਹੈ ਜੋ ਹੌਲੀ ਹੌਲੀ ਉਸ ਦੇ ਸਰੀਰ ਨੂੰ ਅੰਦਰੋ-ਅੰਦਰੀਂ ਖੋਖਲਾ ਕਰੀ ਜਾ ਰਿਹਾ ਹੈ। ਉਸ ਨੂੰ ਚੇਤਨਤਾ ਉਦੋਂ ਹੀ ਆਵੇਗੀ ਜਦੋਂ ਉਹ ਆਪਣੇ ਹੁਣ ਦੇ ਸਰੀਰ ਦੀ ਤੁਲਨਾ ਪੁਰਾਣੇ ਨਰੋਏ ਸਰੀਰ ਨਾਲ ਕਰੇਗਾ ਅਤੇ ਸੱਚਾਈ ਉਦੋਂ ਹੀ ਪਤਾ ਲਗੇਗੀ ਜਦੋਂ ਕਿਤੇ ਉਹ ਡਾਕਟਰੀ ਜਾਂਚ ਕਰਾਵੇਗਾ ਕਿ ਉਹ ਤਾਂ ਅੰਦਰੋ ਅੰਦਰੀ ਖੋਖਲਾ ਹੋ ਗਿਆ ਹੈ ਅਤੇ ਜੇ ਫੌਰੀ ਇਲਾਜ ਨਾ ਕਰਾਇਆ ਤਾਂ ਚੰਦ ਦਿਨਾਂ ਦਾ ਮਹਿਮਾਨ ਰਹਿ ਗਿਆ ਹੈ। ਬਲਕਿ ਇਲਾਜ ਤੋਂ ਵੀ ਪਹਿਲਾਂ ਉਸ ਨੂੰ ਉਸ ਮਿੱਠੇ ਜ਼ਹਿਰ ਦੀ ਪਛਾਣ ਕਰਕੇ ਉਸ ਤੋਂ ਖਹਿੜਾ ਛੁਡਾਉਣਾ ਜ਼ਰੂਰੀ ਹੋਵੇਗਾ।
ਇਸੇ ਤਰ੍ਹਾਂ ਇਸ ਫਿਲਮਾਂ ਅਤੇ ਟੀ. ਵੀ. ਦੇ ਪ੍ਰਭਾਵ ਨੂੰ ਵੀ ਸਹਿਜੇ ਹੀ ਮਹਿਸੂਸ ਨਹੀਂ ਕੀਤਾ ਜਾ ਸਕਦਾ। ਇਸ ਨੂੰ ਮਹਿਸੂਸ ਕਰਨ ਲਈ ਪਿਛੋਕੜ ਵਿੱਚ ਜਾ ਕੇ ਅਜੋਕੇ ਸਮਾਜਿਕ ਢਾਂਚੇ ਨਾਲ ਤੁਲਨਾ ਕਰਨੀ ਪਵੇਗੀ, ਤਾਂ ਹੀ ਸੱਚਾਈ ਨੂੰ ਪਛਾਣਿਆ ਜਾ ਸਕੇਗਾ।
ਭਾਰਤ ਦੀ ਵੰਡ ਤੋਂ ਬਾਅਦ, ਪਾਕਿਸਤਾਨ ਵਿੱਚ ਰਹਿ ਗਏ ਪੰਜਾਬ `ਚੋਂ ਉਜੜ ਕੇ ਆਉਣ ਤੋਂ ਬਾਅਦ ਅਸੀਂ ਅੰਮ੍ਰਿਤਸਰ ਆ ਵਸੇ। ਮੇਰੀ ਪੜ੍ਹਾਈ ਵੀ ਉਥੇ ਹੀ ਹੋਈ ਅਤੇ ਬਚਪਨ ਤੋਂ ਜੁਆਨੀ ਦੀਆਂ ਪੌੜੀਆਂ ਵੀ ਉਥੇ ਹੀ ਚੜ੍ਹੀਆਂ। ਬਚਪਨ ਦੇ ਮਾਸੂਮ ਮਨ ਤੇ ਉਸ ਸਮੇਂ ਦੀਆਂ ਕੁੱਝ ਯਾਦਾਂ ਉਕਰੀਆਂ ਹੋਈਆਂ ਹਨ, ਇਸ ਤੁਲਨਾ ਲਈ ਮੈਂ ਉਨ੍ਹਾਂ ਵਿੱਚੋਂ ਕੁੱਝ ਨੂੰ ਵਰਤਣਾ ਚਾਹੁੰਦਾ ਹਾਂ।
ਉਸ ਵੇਲੇ ਮੈਂ ਸ਼ਾਇਦ ਹਾਈ ਸਕੂਲ ਵਿੱਚ ਪੜ੍ਹਦਾ ਸਾਂ, ਮੇਰੇ ਨਾਲ ਪੜ੍ਹਦੇ ਕਿਸੇ ਦੋਸਤ ਦੇ ਵੱਡੇ ਭਰਾ ਦੀ ਸ਼ਾਦੀ ਦੀ ਪਾਰਟੀ ਸੀ। ਉਸ ਨੇ ਮੇਰੇ ਸਮੇਤ ਕੁੱਝ ਚੋਣਵੇਂ ਦੋਸਤਾਂ ਨੂੰ ਬੁਲਾਇਆ ਹੋਇਆ ਸੀ। ਅਸੀਂ ਪਾਰਟੀ ਦੇ ਮੌਜ ਮੇਲੇ ਵਿੱਚ ਮਸਤ ਸਾਂ ਕਿ ਇੱਕ ਵੱਡੀ ਸਾਰੀ ਕਾਰ ਪੰਡਾਲ ਦੇ ਗੇਟ ਤੇ ਆਕੇ ਰੁਕੀ ਅਤੇ ਇੱਕ ਬੜਾ ਹੀ ਮਸਤ ਮੌਲਾ ਕਿਸਮ ਦਾ ਲਾਪਰਵਾਹ ਜਿਹਾ ਬੰਦਾ ਉਸ `ਚੋਂ ਉਤਰਿਆ। ਡਰਾਈਵਰ ਉਸ ਨੂੰ ਉਤਾਰ ਕੇ ਕਾਰ ਅੱਗੇ ਲੈ ਗਿਆ। ਇਥੇ ਇਹ ਦਸ ਦੇਣਾ ਵੀ ਯੋਗ ਹੋਵੇਗਾ ਕਿ ਉਸ ਸਮੇਂ ਕਾਰਾਂ ਕੁੱਝ ਵਿਰਲੇ ਧਨਾਡ ਬੰਦਿਆਂ ਕੋਲ ਹੀ ਹੁੰਦੀਆਂ ਸਨ, ਫਿਰ ਇਹੋ ਜਿਹੀ ਵੱਡੀ (ਵਿਦੇਸ਼ੀ) ਕਾਰ ਤਾਂ ਸਾਰੇ ਸ਼ਹਿਰ ਵਿੱਚ ਇੱਕ ਅੱਧੀ ਹੀ ਹੁੰਦੀ ਸੀ। ਉਸ ਦੀ ਕਾਰ ਅਤੇ ਉਸ ਦੇ ਅੰਦਾਜ਼ ਨੇ ਤਕਰੀਬਨ ਸਭ ਦਾ ਧਿਆਨ ਆਪਣੇ ਵੱਲ ਖਿਚ ਲਿਆ। ਮੇਜ਼ਬਾਨਾਂ ਨੇ ਅਗੇ ਹੋ ਕੇ ਉਸ ਨੂੰ ਜੀ ਆਇਆਂ ਆਖਿਆ। ਪਲਾਂ ਵਿੱਚ ਹੀ ਹਾਲ ਵਿੱਚ ਇਹ ਕਾਨਾਫੂਸੀ ਸ਼ੁਰੂ ਹੋ ਗਈ, “… ਇਹ ਗੋਪ ਹੈ”, … ਗੋਪ ਕੌਣ? , … ਬੜਾ ਵੱਡਾ ਸਮਗਲਰ ਹੈ”। ਮੈਂ ਵੇਖਿਆ, ਇਹ ਸੁਣਦਿਆਂ ਹੀ ਬਹੁਤੇ ਲੋਕਾਂ ਦੇ ਚਿਹਰਿਆਂ ਤੇ ਉਸ ਵਿਅਕਤੀ ਪ੍ਰਤੀ ਇੱਕ ਨਫਰਤ ਜਿਹੀ ਪ੍ਰਗਟ ਹੁੰਦੀ, ਉਹ ਟੇਢੀ ਜਿਹੀ ਅੱਖ ਨਾਲ ਉਸ ਵੱਲ ਵੇਖਦੇ ਤੇ ਫੇਰ ਮੂੰਹ ਫੇਰ ਕੇ ਆਪਣੀਆਂ ਗੱਲਾਂ ਵਿੱਚ ਲੱਗ ਜਾਂਦੇ। ਮੇਜ਼ਬਾਨ ਉਸ ਨੂੰ ਕਈ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਾਉਂਦੇ ਪਰ ਮਿਲਣ ਵਾਲਾ ਰਸਮੀਂ ਜਿਹਾ ਮਿਲ ਕੇ ਪਾਸੇ ਹੋ ਜਾਂਦਾ। ਥੋੜ੍ਹੀ ਦੇਰ ਬਾਅਦ ਉਹ ਇਕੱਲਾ ਜਿਹਾ ਹੀ ਰਹਿ ਗਿਆ ਸੀ ਤੇ ਕੁੱਝ ਦੇਰ ਬਾਅਦ ਉੱਥੋਂ ਵਾਪਸ ਚਲਾ ਗਿਆ।
ਹੁਣ ਤਕਰੀਬਨ ਸਾਲ-ਡੇਢ ਸਾਲ ਪਹਿਲੇ ਦੀ ਇੱਕ ਯਾਦ ਸਾਂਝੀ ਕਰਨੀ ਚਾਹਾਂਗਾਂ। ਇੱਕ ਬੜੇ ਅਮੀਰ ਸੱਜਣ ਦੀ ਪਾਰਟੀ ਦਾ ਸੱਦਾ ਆਇਆ ਹੋਇਆ ਸੀ। ਪਰਿਵਾਰ ਅਮੀਰ ਹੋਣ ਦੇ ਨਾਲ ਬਹੁਤ ਪ੍ਰਭਾਵਸ਼ਾਲੀ ਵੀ ਸੀ। ਪਾਰਟੀ ਤੇ ਪਹੁੰਚੇ ਤਾਂ ਕਾਫੀ ਰਈਸ, ਵੱਡੇ ਸਰਕਾਰੀ ਅਫਸਰ ਅਤੇ ਰਾਜਸੀ ਨੇਤਾ ਵੀ ਉਥੇ ਆਏ ਹੋਏ ਸਨ, ਇੰਝ ਕਹਿ ਲਓ ਕਿ ਸ਼ਹਿਰ ਦੀ ਕਰੀਮ ਉਥੇ ਹਾਜ਼ਰ ਸੀ। ਇੱਕ ਜਗ੍ਹਾ ਤੇ ਕੁੱਝ ਵਿਸ਼ੇਸ਼ ਪਰਭਾਵਸ਼ਾਲੀ ਲੋਕ ਇਕੱਠੇ ਬੈਠੇ ਹੋਏ ਸਨ। ਇਨ੍ਹਾਂ ਵਿੱਚੋਂ ਕੁੱਝ ਰਾਜਸੀ ਨੇਤਾ ਅਤੇ ਸ਼ਹਿਰ ਦੇ ਧਨਾਡ ਵੀ ਸ਼ਾਮਿਲ ਸਨ, ਜਿਨ੍ਹਾਂ ਵਿੱਚੋਂ ਕੁੱਝ ਬਾਰੇ ਬਹੁਤੇ ਲੋਕ ਜਾਣਦੇ ਸਨ ਕਿ ਉਨ੍ਹਾਂ ਦੀ ਕਮਾਈ ਕਿਸ ਗਲਤ ਰਸਤੇ ਤੋਂ ਆਉਂਦੀ ਹੈ। ਉਹ ਸਾਰੇ ਹੱਸਦੇ ਖੇਡਦੇ ਮੌਜ ਮਸਤੀ ਕਰ ਰਹੇ ਸਨ, ਉਨ੍ਹਾਂ ਕਾਲਾ ਬਜ਼ਾਰੀਆਂ ਬਾਰੇ ਬਹੁਤੇ ਲੋਕਾਂ ਨੂੰ ਪਤਾ ਸੀ ਪਰ ਫਿਰ ਵੀ ਬਹੁਤੇ ਬਾਕੀ ਮਹਿਮਾਨ ਵੀ ਉਨ੍ਹਾਂ ਨੂੰ ਉਚੇਚੇ ਮਿਲਣ ਲਈ ਜਾਂਦੇ ਅਤੇ ਕੋਸ਼ਿਸ਼ ਕਰਦੇ ਕਿ ਕੁੱਝ ਸਮਾਂ ਉਨ੍ਹਾਂ ਦੇ ਨਾਲ ਬਿਤਾਉਣ ਦਾ ਮਾਨ ਹਾਸਲ ਕਰ ਸਕਣ।
ਇਹ ਹੈ ਸਾਡੇ ਫਿਲਮਾਂ ਅਤੇ ਟੈਲੀਵਿਜ਼ਨ ਮੀਡੀਏ ਦੀ ਕਰਾਮਾਤ। ਤੁਸੀਂ ਆਖੋਗੇ ਕਿ ਇਹ ਤਾਂ ਸਾਡੇ ਸਮਾਜ ਵਿੱਚ ਆਇਆ ਨਿਘਾਰ ਹੈ, ਇਸ ਵਿੱਚ ਇਸ ਮੀਡੀਏ ਦਾ ਕੀ ਕਸੂਰ, ਇਸ ਵਾਸਤੇ ਮੈਂ ਇਸ ਮੀਡੀਏ ਨੂੰ ਕਿਉਂ ਜ਼ਿਮੇਵਾਰ ਠਹਿਰਾ ਰਿਹਾ ਹਾਂ? ਗੱਲ ਬਿਲਕੁਲ ਠੀਕ ਹੈ ਕਿ ਇਹ ਸਾਡੇ ਸਮਾਜਿਕ ਜੀਵਨ ਦਾ ਨਿਘਾਰ ਹੈ ਪਰ ਇਹ ਨਿਘਾਰ ਆਪੇ ਨਹੀਂ ਆ ਗਿਆ, ਇਸ ਵਿੱਚ ਸਾਡੀਆਂ ਫਿਲਮਾਂ ਅਤੇ ਟੈਲੀਵਿਜ਼ਨ ਦੇ ਸੀਰੀਅਲਾਂ ਨੇ ਵੱਡਾ ਯੋਗਦਾਨ ਪਾਇਆ ਹੈ। ਜਿਵੇਂ ਇਨ੍ਹਾਂ ਵਿੱਚ ਸਮੱਗਲਰਾਂ ਅਤੇ ਕਾਲਾ ਬਜ਼ਾਰੀਆਂ ਨੂੰ ਆਲੀਸ਼ਾਨ ਮਹਿਲਾਂ ਵਿੱਚ ਰਹਿੰਦੇ, ਵੱਡੀਆਂ ਵੱਡੀਆਂ ਕਾਰਾਂ ਵਿੱਚ ਘੁੰਮਦੇ ਅਤੇ ਹੋਰ ਐਯਾਸ਼ੀਆਂ ਕਰਦੇ ਵਿਖਾਇਆ ਜਾਂਦਾ ਹੈ, ਉਹ ਭਲਾ ਕਿਸ ਦੇ ਮਨ ਨੂੰ ਨਹੀਂ ਲੁਭਾਵੇਗਾ? ਇਤਨਾ ਹੀ ਨਹੀਂ ਵੱਡੇ ਵੱਡੇ ਨੇਤਾ ਅਤੇ ਮੰਤਰੀ ਵੀ ਇਨ੍ਹਾਂ ਦੀ ਝੋਲੀ ਚੁੱਕੀ ਕਰਦੇ ਅਤੇ ਵੱਡੇ ਸਰਕਾਰੀ ਅਫਸਰ ਉਨ੍ਹਾਂ ਦੇ ਇਸ਼ਾਰਿਆ ਤੇ ਟੱਪਦੇ ਵਿਖਾਏ ਜਾਂਦੇ ਹਨ। ਸਮਾਜ ਵਿੱਚ ਉਨ੍ਹਾਂ ਦਾ ਵਿਸ਼ੇਸ਼ ਸਤਿਕਾਰ ਅਤੇ ਰੁਤਬਾ ਵਿਖਾਇਆ ਜਾਂਦਾ ਹੈ। ਬਲਕਿ ਬਹੁਤੇ ਤੌਰ ਤੇ ਤਾਂ ਇਹ ਵਿਖਾਇਆ ਜਾਂਦਾ ਹੈ ਜਿਵੇਂ ਬਹੁਤਾ ਸਮਾਜ ਹੀ ਭ੍ਰਸ਼ਟ ਹੋ ਗਿਆ ਹੈ, ਫੇਰ ਸਪੱਸ਼ਟ ਹੈ ਕਿ ਜੇ ਸਾਰੇ ਹੀ ਚੋਰ ਹਨ ਤਾਂ ਨਫਰਤ ਕਿਸ ਨੇ ਕਿਸ ਨਾਲ ਕਰਨੀ ਹੈ? ਇਨ੍ਹਾਂ ਦੀ ਇਸ ਪੇਸ਼ਕਾਰੀ ਨੇ ਅੱਜ ਸੱਚਮੁੱਚ ਹੀ ਬਹੁਤੇ ਭਾਰਤੀ ਸਮਾਜ ਨੂੰ ਭ੍ਰਿਸ਼ਟਾਚਾਰ ਵਿੱਚ ਗਰਕ ਕਰ ਦਿੱਤਾ ਹੈ।
ਪਿਛਲੇ ਕੁੱਝ ਦਹਾਕਿਆਂ ਵਿੱਚ ਸਾਡੇ ਸਮਾਜ ਦਾ ਜੋ ਨੈਤਿਕ ਪਤਨ ਹੋਇਆ ਹੈ, ਉਹ ਦਿਲ ਕੰਬਾ ਦੇਣ ਵਾਲਾ ਹੈ। ਇਹ ਆਪਣੇ ਆਪ ਬੁਰੀ ਤਰ੍ਹਾਂ ਤਹਿਸ ਨਹਿਸ ਹੋ ਰਹੇ ਸਾਡੇ ਸਮਾਜਕ ਢਾਂਚੇ ਬਾਰੇ ਇੱਕ ਵੱਡੇ ਖਤਰੇ ਦੀ ਘੰਟੀ ਹੈ। ਇਥੇ ਵੀ ਨਿਜੀ ਜੀਵਨ ਵਿੱਚੋਂ ਕੁੱਝ ਯਾਦਾਂ ਤਾਜ਼ੀਆਂ ਕਰਨੀਆਂ ਚਾਹਾਂਗਾ।
ਅੰਮ੍ਰਿਤਸਰ ਵਿੱਚ ਮੇਰੇ ਮਾਤਾ ਜੀ ਇੱਕ ਹਸਪਤਾਲ ਵਿੱਚ ਨੌਕਰੀ ਕਰਦੇ ਸਨ ਅਤੇ ਹਸਪਤਾਲ ਦੇ ਪਿੱਛੇ ਹੀ ਮੁਲਾਜ਼ਮਾਂ ਵਾਸਤੇ ਕੁੱਝ ਕੁਆਟਰ ਬਣਾਏ ਹੋਏ ਸਨ, ਜਿਨ੍ਹਾਂ ਵਿੱਚੋਂ ਇੱਕ ਵਿੱਚ ਸਾਡਾ ਪਰਿਵਾਰ ਰਹਿੰਦਾ ਸੀ। ਉਸ ਹਸਪਤਾਲ ਵਿੱਚ ਲੜਕੀਆਂ ਵਾਸਤੇ ਕੁੱਝ ਔਰਤਾਂ ਦੇ ਸਿਹਤ ਵਿਸ਼ੇ ਨਾਲ ਸਬੰਧਤ ਸਿਖਿਆ ਦਾ ਪ੍ਰਬੰਧ ਸੀ। ਸਾਡੇ ਘਰ ਦੇ ਸਾਮ੍ਹਣੇ ਹੀ ਲੜਕੀਆਂ ਦਾ ਹੋਸਟਲ ਸੀ। ਵਿਚਕਾਰ ਦੋਹਾਂ ਨੂੰ ਵੰਡਦੀ ਇੱਕ ਵੱਡੀ ਸੜਕ ਸੀ, ਜੋ ਬਾਹਰੋਂ ਵੱਡੀ ਸਰਕਾਰੀ ਸੜਕ ਨਾਲ ਜੁੜੀ ਹੋਈ ਸੀ। ਇਹ ਸੜਕ ਜਿਥੋਂ ਸਾਡਾ ਕੰਪਲੈਕਸ ਸ਼ੁਰੂ ਹੁੰਦਾ, ਉਥੋਂ ਹੀ ਸ਼ੁਰੂ ਹੁੰਦੀ ਸੀ ਅਤੇ ਉਥੇ ਇੱਕ ਲੋਹੇ ਦੇ ਸਰੀਆਂ ਦਾ ਬਣਿਆ ਹੋਇਆ ਇੱਕ ਵੱਡਾ ਗੇਟ ਲੱਗਾ ਹੋਇਆ ਸੀ। ਇਹ ਗੇਟ ਅਕਸਰ ਤਾਲਾ ਲਾਕੇ ਬੰਦ ਰਖਿਆ ਜਾਂਦਾ ਅਤੇ ਕਿਸੇ ਖਾਸ ਲੋੜ ਪੈਣ ਤੇ ਹੀ ਖੋਲਿਆ ਜਾਂਦਾ। ਬਾਹਰ ਆਉਣ ਜਾਣ ਲਈ ਅਸੀਂ ਹਸਪਤਾਲ ਵੱਲ ਬਣਿਆ ਇੱਕ ਛੋਟਾ ਰਸਤਾ ਹੀ ਵਰਤਦੇ। ਹਾਂ ਕਈ ਬਾਹਰ ਵਾਲੇ ਯਾਰ-ਦੋਸਤ ਆ ਜਾਣ ਤੇ ਅਸੀ ਆਪਸ ਵਿੱਚ ਆਰਪਾਰ ਖਲੋ ਕੇ ਗੱਪਾਂ ਮਾਰ ਲੈਂਦੇ। ਕਿਉਂਕਿ ਉਸ ਸੜਕ ਤੇ ਆਵਾਜਾਈ ਬਹੁਤ ਘੱਟ ਸੀ, ਇਸ ਲਈ ਉਹ ਸੜਕ ਅਕਸਰ ਸਾਡੇ ਘਰਾਂ ਸਾਮ੍ਹਣੇ ਬਣੇ ਵਿਹੜੇ ਵਾਂਗੂੰ ਹੀ ਵਰਤੀ ਜਾਂਦੀ, ਜਿਥੇ ਵਕਤ ਮਿਲਣ ਤੇ, ਸਰਦੀਆਂ ਵਿੱਚ ਅਸੀਂ ਦੁਪਹਿਰੇ ਬੈਠ ਕੇ ਧੁਪ ਸੇਕਦੇ ਅਤੇ ਗਰਮੀਆਂ ਵਿੱਚ ਸ਼ਾਮ ਨੂੰ ਉਸ ਤੇ ਪਾਣੀ ਛਿੜਕ ਕੇ ਠੰਡਾ ਕਰਕੇ, ਰਾਤ ਉਥੇ ਮੰਜੀਆਂ ਵਿੱਛਾ ਕੇ ਖੁਲ੍ਹੇ ਵਿੱਚ ਸੌਣ ਦਾ ਆਨੰਦ ਮਾਣਦੇ।
ਮੈਂ ਨਿੱਕਾ ਜਿਹਾ ਸਾ 12-13 ਸਾਲ ਦੀ ਉਮਰ ਹੋਵੇਗੀ। ਹੋਸਟਲ ਵਿੱਚ ਰਹਿੰਦੀਆਂ ਲੜਕੀਆਂ ਨੂੰ ਮੈਂ ਭੈਣ ਜੀ ਕਹਿ ਕੇ ਬੁਲਾਉਂਦਾ ਅਤੇ ਉਹ ਵੀ ਮੈਨੂੰ ਉਹੋ ਜਿਹਾ ਹੀ ਪਿਆਰ ਕਰਦੀਆਂ। ਮੇਰੇ ਇੱਕ ਨਜ਼ਦੀਕੀ ਦੋਸਤ ਦਾ ਭਰਾ ਜੋ ਉਮਰ ਵਿੱਚ ਮੇਰੇ ਨਾਲੋਂ 6-7 ਸਾਲ ਵੱਡਾ ਹੋਵੇਗਾ, ਉਸ ਨੇ ਮੇਰੇ ਨਾਲ ਦੋਸਤੀ ਵਧਾਉਣੀ ਸ਼ੁਰੂ ਕਰ ਦਿੱਤੀ। ਮੇਰੇ ਦੋਸਤ ਵਾਂਗੂੰ ਮੈਂ ਵੀ ਉਸ ਨੂੰ ਭਾਪਾ ਕਹਿ ਕੇ ਬੁਲਾਉਂਦਾ ਸਾਂ ਤੇ ਉਮਰ ਵਿੱਚ ਵੱਡਾ ਹੋਣ ਕਰਕੇ ਭਰਾ ਵਾਂਗੂੰ ਹੀ ਉਸ ਦਾ ਸਤਿਕਾਰ ਕਰਦਾ ਸਾਂ। ਉਸ ਨੇ ਅਕਸਰ ਸ਼ਾਮ ਨੂੰ ਗੇਟ ਤੇ ਆ ਜਾਣਾ ਤੇ ਮੈਨੂੰ ਅਵਾਜ਼ ਮਾਰ ਕੇ ਬੁਲਾ ਲੈਣਾ ਤੇ ਕਾਫੀ ਦੇਰ ਗੱਪਾਂ ਚਲਣੀਆਂ। ਮੈਂ ਮਹਿਸੂਸ ਕੀਤਾ ਕਿ ਗੱਪਾਂ ਮਾਰਦਿਆਂ ਉਸ ਦੀਆਂ ਅੱਖਾਂ ਅਕਸਰ ਅੰਦਰ ਵੱਲ ਝਾਕ ਰਹੀਆਂ ਹੁੰਦੀਆਂ।
ਇਹ ਸਿਲਸਿਲਾ ਚਲਦਿਆਂ ਕੁੱਝ ਹੀ ਦਿਨ ਹੋਏ ਸਨ। ਇੱਕ ਦਿਨ ਅਸੀਂ ਉਥੇ ਖੜ੍ਹੇ ਗੱਪਾਂ ਮਾਰ ਰਹੇ ਸਾਂ ਕਿ ਉਹ ਆਪਣੇ ਆਪ ਵਿੱਚ ਬੁੜਬੁੜਾਇਆ, “ਹਾਏ ਥੋੜ੍ਹਾ ਹੋਰ, . . ਬਸ ਥੋੜ੍ਹਾ ਹੋਰ ਚੁੱਕ ਦੇ … ਜ਼ਰਾ ਪਿੰਨੀ ਦਿਖਾ ਦੇ”। ਮੈਂ ਇੱਕ ਦਮ ਘੁੰਮ ਕੇ ਪਿੱਛੇ ਵੇਖਿਆ, ਹੋਸਟਲ ਦੀ ਇੱਕ ਲੜਕੀ ਆਪਣੇ ਕਮਰੇ ਦੇ ਸਾਮ੍ਹਣੇ ਬਾਲਟੀ ਵਿੱਚ ਪਾਣੀ ਲੈਕੇ ਮੂੰਹ ਹੱਥ ਧੋ ਰਹੀ ਸੀ ਤੇ ਉਸ ਨੇ ਪੈਰ ਧੋਣ ਲਈ ਸਲਵਾਰ ਦਾ ਪਹੁੰਚਾ ਜ਼ਰਾ ਕੁ ਉੱਚਾ ਕੀਤਾ ਸੀ। ਮੈਨੂੰ ਬਹੁਤ ਗੁੱਸਾ ਲੱਗਾ ਅਤੇ ਮੈਂ ਉਸ ਨੂੰ ਕਿਹਾ, “ਭਾਪੇ, ਗੰਦੀਆਂ ਗੱਲਾਂ ਕਰ ਰਿਹੈਂ, ਤੁੰ ਇਥੋਂ ਜਾਹ” ਤੇ ਆਪ ਵੀ ਮੈਂ ਗੁੱਸੇ ਨਾਲ ਵਾਪਸ ਘਰ ਮੁੜ ਆਇਆ। 12-13 ਸਾਲ ਦੀ ਉਮਰ ਤੱਕ ਸਿਰਫ ਇਤਨੀ ਸਮਝ ਸੀ ਕਿ ਉਸ ਨੇ ਜੋ ਗੱਲ ਕੀਤੀ ਹੈ, ਉਹ ਚੰਗੀ ਨਹੀਂ ਗੰਦੀ ਹੈ। ਮੈਂ ਅਨਭੋਲ ਹੀ ਇਹ ਗੱਲ ਆਪਣੇ ਮਾਤਾ ਜੀ ਨੂੰ ਦਸ ਦਿੱਤੀ। ਪਹਿਲਾਂ ਤਾਂ ਮੈਨੂੰ ਡਾਂਟ ਪਈ ਕਿ ਮੈਂ ਇਹੋ ਜਿਹੇ ਗੰਦੇ ਲੜਕਿਆਂ ਨਾਲ ਦੋਸਤੀ ਕਰਦਾ ਹਾਂ ਤੇ ਨਾਲ ਹੀ ਤਾੜਨਾ ਕੀਤੀ ਗਈ ਕਿ ਖ਼ਬਰਦਾਰ ਜੇ ਮੈਂ ਮੁੜ ਕੇ ਉਸ ਲੜਕੇ ਨੂੰ ਮਿਲਿਆ ਜਾਂ ਕਿਸੇ ਲੜਕੇ ਨਾਲ ਗੇਟ ਅੱਗੇ ਖਲੋਤਾ। ਸ਼ਾਇਦ ਮਾਤਾ ਜੀ ਨੇ ਇਹ ਗੱਲ ਉਸ ਲੜਕੀ ਨੂੰ ਵੀ ਦਸ ਦਿੱਤੀ ਸੀ ਕਿਉਂਕਿ ਉਸ ਤੋਂ ਬਾਅਦ ਉਸ ਨੂੰ ਤਾਂ ਕੀ ਮੈਂ ਹੋਸਟਲ ਦੀ ਕਿਸੇ ਹੋਰ ਲੜਕੀ ਨੂੰ ਵੀ ਇੰਝ ਕਮਰੇ ਦੇ ਅੱਗੇ ਮੂੰਹ ਹੱਥ ਧੋਂਦੇ ਨਹੀਂ ਵੇਖਿਆ।
ਪੁਰਾਣੀਆਂ ਯਾਦਾਂ `ਚੋਂ ਇੱਕ ਗੱਲ ਹੋਰ ਸਾਂਝੀ ਕਰਕੇ ਫੇਰ ਅੱਜ ਦੇ ਯੁਗ ਦੀ ਗੱਲ ਕਰਾਂਗਾ। ਇਸ ਤੋਂ 5-6 ਸਾਲ ਬਾਅਦ ਦੀ ਗੱਲ ਹੈ, ਮੇਰੀ ਉਮਰ ਉਸ ਵੇਲੇ 17-18 ਸਾਲ ਦੀ ਹੋਵੇਗੀ ਅਤੇ ਮੈਂ ਕਾਲਜ ਵਿੱਚ ਪੜ੍ਹਦਾ ਸਾਂ। ਸਰਦੀਆਂ ਦਾ ਮੌਸਮ ਸੀ ਮੈਂ ਅਤੇ ਮੇਰਾ ਇੱਕ ਦੋਸਤ, ਇੱਕ ਦੁਕਾਨ ਤੇ ਸਵੈਟਰ ਖਰੀਦਣ ਲਈ ਗਏ। ਸਾਡੇ ਤੋਂ ਪਹਿਲਾਂ ਇੱਕ ਮਾਂ-ਧੀ ਪਹਿਲਾਂ ਉਥੇ ਸਵੈਟਰ ਵੇਖ ਰਹੀਆਂ ਸਨ। ਦੁਕਾਨ ਦੇ ਮੁਲਾਜ਼ਮ ਨੇ ਸਾਨੂੰ ਸਵੈਟਰ ਵਿਖਾਉਣੇ ਸ਼ੁਰੂ ਕਰ ਦਿੱਤੇ। ਸ਼ਾਇਦ ਉਹ ਲੜਕੀ ਵਾਸਤੇ ਸਵੈਟਰ ਖਰੀਦਣ ਲਈ ਆਈਆਂ ਸਨ ਅਤੇ ਉਨ੍ਹਾਂ ਸਵੈਟਰ ਪਸੰਦ ਕਰ ਲਿਆ ਸੀ। ਮਾਂ ਲੜਕੀ ਨੂੰ ਕਹਿਣ ਲੱਗੀ ਕਿ ਉਹ ਪਹਿਲਾ ਸਵੈਟਰ ਉਤਾਰ ਕੇ ਇਹ ਪਾ ਕੇ ਟਰਾਈ ਕਰ ਲਵੇ। ਦਰਮਿਆਨੇ ਪੱਧਰ ਦੀ ਦੁਕਾਨ ਸੀ ਅਤੇ ਉਥੇ ਟਰਾਈ ਕਰਨ ਵਾਸਤੇ ਕੋਈ ਅਲੱਗ ਇੰਤਜ਼ਾਮ ਨਹੀਂ ਸੀ। ਲੜਕੀ ਪਹਿਲਾ ਸਵੈਟਰ ਉਤਾਰਨ ਤੋਂ ਝੱਕ ਰਹੀ ਸੀ। ਜਦੋਂ ਮਾਂ ਨੇ ਉਸ ਨੂੰ ਦੋ ਤਿੰਨ ਵਾਰ ਜ਼ੋਰ ਪਾਕੇ ਕਿਹਾ ਤਾਂ ਸਾਡਾ ਧਿਆਨ ਵੀ ਕੁੱਝ ਉਧਰ ਖਿਚਿਆ ਗਿਆ। ਲੜਕੀ ਸਾਡੇ ਨਾਲੋਂ ਸਾਲ-ਦੋ ਸਾਲ ਛੋਟੀ ਹੋਵੇਗੀ। ਮਾਂ ਦੇ ਜ਼ੋਰ ਪਾਉਣ ਅਤੇ ਨਰਾਜ਼ ਹੋਣ ਤੇ ਉਹ ਸਵੈਟਰ ਉਤਾਰਨ ਲਈ ਤਿਆਰ ਹੋ ਗਈ ਪਰ ਇੰਝ ਕਰਦਿਆਂ ਉਹ ਸ਼ਰਮ ਨਾਲ ਪਾਣੀ–ਪਾਣੀ ਹੋਈ ਜਾ ਰਹੀ ਸੀ, ਸ਼ਾਇਦ ਉਹ ਇਸ ਗੱਲੋਂ ਵੀ ਚੇਤੰਨ ਸੀ ਕਿ ਅਸੀਂ ਚੋਰ ਅੱਖ ਨਾਲ ਉਧਰ ਵੇਖ ਰਹੇ ਸਾਂ। ਸਵੈਟਰ ਉਤਰਨ ਤੇ ਹੀ ਅਸਲੀ ਗੱਲ ਦੀ ਸਮਝ ਲੱਗੀ, ਕਿਉਂਕਿ ਉਸ ਲੜਕੀ ਨੇ ਹੇਠਾਂ ਬਗੈਰ ਬਾਜ਼ੂ ਦੇ
(Sleeve Less) ਕਮੀਜ਼ ਪਾਈ ਹੋਈ ਸੀ। ਉਸ ਵੇਲੇ ਫਿਲਮਾਂ ਦੀ ਕਿਰਪਾ ਨਾਲ ਹੀ ਇਹ ਨਵਾਂ ਨਵਾਂ ਫੈਸ਼ਨ ਚਲਿਆ ਸੀ ਪਰ ਸਮਾਜ ਵਿੱਚ ਬੇਸ਼ਰਮੀ ਸ਼ਾਇਦ ਅਜੇ ਉਸ ਪੱਧਰ ਤੇ ਨਹੀਂ ਸੀ ਪਹੁੰਚੀ।
ਹੁਣ ਦੋ ਹੀ ਯਾਦਾਂ ਮੌਜੂਦਾ ਸਮੇਂ ਦੀਆਂ ਸਾਂਝੀਆਂ ਕਰਾਂਗਾ। ਪੰਜ-ਛੇ ਸਾਲ ਪਹਿਲੇ ਦੀ ਗੱਲ ਹੈ ਰਾਤ ਦੀ ਰੋਟੀ ਖਾਣ ਤੋਂ ਬਾਅਦ ਘਰ ਅਗੇ ਟਹਿਲਣ ਲਈ ਪਤਨੀ ਨਾਲ ਬਾਹਰ ਆ ਗਿਆ। ਇਸ ਸਮੇਂ ਹੋਰ ਵੀ ਕਈ ਗੁਆਂਢੀ ਬਾਹਰ ਟਹਿਲ ਰਹੇ ਹੁੰਦੇ ਹਨ। ਥੋੜ੍ਹਾ ਜਿਹਾ ਅਗੇ ਗਏ ਸਾਂ ਕਿ ਤਿੰਨ ਨੌਜੁਆਨ ਬੱਚੀਆਂ ਸਾਡੇ ਤੋਂ ਅਗੇ ਟੱਪੀਆਂ। ਉਨ੍ਹਾਂ ਵਿੱਚੋਂ ਇੱਕ ਨੇ ਪਹਿਰਾਵਾ ਇਹੋ ਜਿਹਾ ਪਾਇਆ ਹੋਇਆ ਸੀ ਕਿ ਧਿਆਨ ਇੱਕ ਦਮ ਉਧਰ ਖਿਚਿਆ ਗਿਆ। ਉਸ ਨੇ ਅੱਜਕਲ ਦੀਆਂ ਕਹੀਆਂ ਜਾਣ ਵਾਲੀਆਂ ਹੌਟ ਪੈਂਟੀਜ਼
(Hot Panties) ਪਾਈਆਂ ਹੋਈਆਂ ਸਨ, ਜਿਸ ਨਾਲ ਕੇਵਲ ਲੱਕ ਤੋਂ ਥੱਲੇ ਦਾ ਕੁੱਝ ਹਿਸਾ ਹੀ ਕੱਜਿਆ ਹੁੰਦਾ ਹੈ ਅਤੇ ਬਾਕੀ ਸਾਰੀਆਂ ਲੱਤਾ ਨੰਗੀਆਂ ਹੁੰਦੀਆਂ ਹਨ। ਅੱਜ ਕਲ ਤਾਂ ਇਹ ਕਾਫੀ ਵੇਖਣ ਨੂੰ ਮਿਲ ਜਾਂਦੀਆਂ ਹਨ ਪਰ ਉਸ ਸਮੇਂ ਫਿਲਮਾਂ ਅਤੇ ਟੀ ਵੀ ਸੀਰੀਅਲਾਂ ਵਿੱਚ ਹੀ ਇਨ੍ਹਾਂ ਦਾ ਦੌਰ ਸ਼ੁਰੂ ਹੋਇਆ ਸੀ, ਅਤੇ ਆਪਣੇ ਆਪ ਨੁੰ ਬਹੁਤ ਮਾਡਰਨ ਸਮਝਣ ਵਾਲੇ ਕਿਸੇ ਵਿਰਲੇ ਪਰਿਵਾਰ ਦੀਆਂ ਲੜਕੀਆਂ ਹੀ ਇਹ ਪਹਿਨਦੀਆਂ ਸਨ। ਵੇਖ ਕੇ ਬਹੁਤ ਹੈਰਾਨਗੀ ਹੋਈ ਕਿਉਂਕਿ ਆਪਣੇ ਮੁਹੱਲੇ ਵਿੱਚ ਇਤਨਾ ਸ਼ਰੀਰਕ ਵਿਖਾਵੇ ਵਾਲਾ ਪਹਿਰਾਵਾ ਪਹਿਲਾਂ ਕਦੇ ਨਹੀਂ ਸੀ ਵੇਖਿਆ। ਮੇਰੀ ਪਤਨੀ ਨੇ ਫੌਰਨ ਹੀ ਪਹਿਚਾਨ ਲਿਆ ਕਿ ਦੋ ਲੜਕੀਆਂ ਤਾਂ ਸਾਡੇ ਮੁਹੱਲੇ ਦੀਆਂ ਸਨ, ਪਰ ਤੀਸਰੀ ਜਿਸ ਨੇ ਨੰਗੀਆਂ ਲੱਤਾ ਦਾ ਪ੍ਰਦਰਸ਼ਨ ਕੀਤਾ ਹੋਇਆ ਸੀ, ਉਹ ਪੂਰੀ ਤਰ੍ਹਾਂ ਪਹਿਚਾਣ ਵਿੱਚ ਨਾ ਆਈ। ਥੋੜ੍ਹਾ ਹੀ ਅਗੇ ਗਏ ਸਾਂ ਕਿ ਉਹ ਤਿੰਨੇ ਵਾਪਸ ਮੁੜੀਆਂ ਆਉਂਦੀਆਂ ਨਜ਼ਰ ਆਈਆਂ। ਮੇਰੀ ਪਤਨੀ ਨੇ ਝੱਟ ਹੀ ਤੀਸਰੀ ਲੜਕੀ ਨੂੰ ਵੀ ਪਹਿਚਾਣ ਲਿਆ, ਉਹ ਵੀ ਸਾਡੇ ਨੇੜੇ ਹੀ ਰਹਿੰਦੇ ਪਰਿਵਾਰ ਦੀ ਬੱਚੀ ਸੀ, ਬਸ ਉਸ ਦੇ ਪਹਿਰਾਵੇ ਕਾਰਨ ਮਨ ਦੁਬਿਧਾ ਵਿੱਚ ਪੈ ਗਿਆ ਸੀ। ਉਸ ਨੂੰ ਵੇਖ ਕੇ ਅਸੀਂ ਦੋਵੇਂ ਹੈਰਾਨ ਰਹਿ ਗਏ, ਕਿਉਂਕਿ ਉਸ ਦਾ ਪਿਤਾ ਕੁੱਝ ਕਰੜੇ ਸੁਭਾਅ ਦਾ ਸਮਝਿਆ ਜਾਂਦਾ ਸੀ। ਵਧੇਰੇ ਹੈਰਾਨਗੀ ਇਸ ਗੱਲ ਦੀ ਹੋਈ ਕਿ ਇਹ ਪਹਿਰਾਵਾ ਉਹ ਘਰੋਂ ਹੀ ਪਾਕੇ ਆਈ ਹੋਵੇਗੀ, ਕੀ ਉਸ ਦੇ ਮਾਤਾ ਪਿਤਾ ਨੇ ਇਜਾਜ਼ਤ ਦੇ ਦਿੱਤੀ? ਉਨ੍ਹਾਂ ਨੂੰ ਕੁੱਝ ਗਲਤ ਨਹੀਂ ਲੱਗਾ? ਪਿਤਾ ਨੂੰ ਜਾਂ ਭਰਾ ਨੂੰ ਉਸ ਨੂੰ ਇਸ ਪਹਿਰਾਵੇ ਵਿੱਚ ਵੇਖ ਕੇ ਸ਼ਰਮ ਨਹੀਂ ਆਈ? ਲਗਦਾ ਹੈ ਕਿ ਸ਼ਾਇਦ ਉਹ ਉਸ ਵੇਲੇ ਆਪਸ ਵਿੱਚ ਵੀ ਇਸੇ ਬਾਰੇ ਗੱਲਾਂ ਕਰ ਰਹੀਆਂ ਸਨ ਕਿਉਂਕਿ ਜਿਸ ਵੇਲੇ ਉਹ ਸਾਡੇ ਕੋਲੋਂ ਲੰਘੀਆਂ, ਉਹ ਕਹਿ ਰਹੀ ਸੀ, “ਬਸ ਹਿੰਮਤ ਹੋਣੀ ਚਾਹੀਦੀ ਹੈ”। ਅਸੀਂ ਹੈਰਾਨ ਰਹਿ ਗਏ ਕਿ ਇਸ ਅਤਿ ਦੀ ਬੇਸ਼ਰਮੀਂ ਨੂੰ ਉਹ ਹਿੰਮਤ ਦਾ ਨਾਂਅ ਦੇ ਰਹੀ ਸੀ। ਆਪਣੇ ਆਪ ਵਿੱਚ ਇਤਨੀ ਸ਼ਰਮ ਆਈ ਕਿ ਹੋਰ ਘੁੰਮਣ ਦੀ ਬਜਾਏ ਅਸੀਂ ਸਮਾਜ ਵਿੱਚ ਆ ਰਹੀ ਇਸ ਗਿਰਾਵਟ ਬਾਰੇ ਗੱਲਾਂ ਕਰਦੇ ਘਰ ਵਾਪਸ ਆ ਗਏ।
ਇਸੇ ਸਮਾਜਕ ਗਿਰਾਵਟ ਦੀ ਇੱਕ ਹੋਰ ਅਤਿ ਸ਼ਰਮਨਾਕ ਤਸਵੀਰ ਹੋਰ ਪੇਸ਼ ਕਰਨੀ ਚਾਹੁੰਦਾ ਹਾਂ। ਕੁੱਝ ਸਮਾਂ ਪਹਿਲੇ ਦੀ ਗੱਲ ਹੈ, ਮੈਂ ਆਪਣੀ ਪਤਨੀ ਨਾਲ ਗੋਆ ਘੁੰਮਣ ਗਿਆ ਹੋਇਆ ਸਾਂ। ਇੱਕ ਦਿਨ ਸ਼ਾਮ ਵੇਲੇ ਅਸੀਂ ਇੱਕ ਇਕਾਂਤ ਜਿਹੇ ਸਮੁੰਦਰੀ ਕਿਨਾਰੇ ਬੈਠੇ ਕੁਦਰਤ ਦਾ ਨਜ਼ਾਰਾ ਵੇਖ ਰਹੇ ਸਾਂ। ਆਪਣੇ ਪਹਿਰਾਵੇ ਤੋਂ ਕਾਫੀ ਅਮੀਰ ਜਾਪਣ ਵਾਲੇ ਇੱਕ ਸਜਣ ਦੋ ਸੁਣਖੀਆਂ ਜੁਆਨ ਬੱਚੀਆਂ ਨਾਲ ਉਥੇ ਆਏ। ਨੇੜੇ ਹੀ ਬੈਠ ਕੇ ਉਹ ਆਪਸ ਵਿੱਚ ਗੱਲਾਂ ਵਿੱਚ ਲੱਗ ਗਏ। ਉਨ੍ਹਾਂ ਦੀਆਂ ਗੱਲਾਂ ਤੋਂ ਸਪੱਸ਼ਟ ਸੀ ਕਿ ਉਹ ਆਪਸੀ ਰਿਸ਼ਤੇ ਵਿੱਚ ਪਿਓ-ਧੀਆਂ ਹਨ। ਕੁੱਝ ਦੇਰ ਉਹ ਉਥੇ ਬੈਠੇ ਗੱਲਾਂ ਕਰਦੇ ਰਹੇ ਤੇ ਫੇਰ ਉਠ ਕੇ ਉਨ੍ਹਾਂ ਕਪੜੇ ਉਤਾਰਨੇ ਸ਼ੁਰੂ ਕਰ ਦਿੱਤੇ। ਆਦਮੀਂ ਨੇ ਤਾਂ ਥੱਲੇ ਛੋਟਾ ਜਾਂਘੀਆ ਪਾਇਆ ਹੋਇਆ ਸੀ ਜੋ ਮਰਦਾਂ ਦੇ ਨਹਾਉਣ ਵਾਸਤੇ ਆਮ ਪਹਿਰਾਵਾ ਕਿਹਾ ਜਾ ਸਕਦਾ ਹੈ, ਪਰ ਧੀਆਂ ਭੈਣਾ ਸਾਮ੍ਹਣੇ ਇਹ ਸੋਭਦਾ ਨਹੀਂ। ਲੜਕੀਆਂ ਨੇ ਤੈਰਨ ਵਾਲੀ ਪੋਸ਼ਾਕ
(Swimming suit) ਪਾਏ ਹੋਏ ਸਨ। ਇਹ ਸਵਿਮਿੰਗ ਪੂਲਾਂ ਅਤੇ ਸਮੁੰਦਰ ਕਿਨਾਰੇ ਵਿਦੇਸ਼ੀਆਂ ਵਾਸਤੇ ਤਾਂ ਇੱਕ ਆਮ ਗੱਲ ਹੋ ਸਕਦੀ ਹੈ, ਇਕਾਂਤ ਸਥਾਨ ਤੇ ਭਾਰਤੀ ਲੜਕੀਆਂ ਵੀ ਪਹਿਣਦੀਆਂ ਹੋਣਗੀਆਂ, ਇਸ ਵਿੱਚ ਕੋਈ ਗਲਤ ਗੱਲ ਵੀ ਨਹੀਂ ਪਰ ਇਹ ਕਦੇ ਨਹੀਂ ਸੀ ਸੋਚਿਆ ਕਿ ਭਾਰਤੀ ਸਮਾਜ ਦੀਆਂ ਲੜਕੀਆਂ ਆਪਣੇ ਪਿਤਾ ਸਾਮ੍ਹਣੇ ਐਸਾ ਪਹਿਰਾਵਾ ਪਹਿਨ ਸਕਦੀਆਂ ਹਨ ਜਾਂ ਕੋਈ ਭਾਰਤੀ ਪਿਤਾ ਆਪਣੀਆਂ ਧੀਆਂ ਨੂੰ ਇਸ ਰੂਪ ਵਿੱਚ ਵੇਖਣ ਦੀ ਬੇਹਿਯਾਈ ਕਰ ਸਕਦਾ ਹੈ। ਉਹ ਤਾਂ ਸਾਰੇ ਨਹਾਉਣ ਲਈ ਸਮੁੰਦਰ ਵਿੱਚ ਵੜ ਗਏ ਤੇ ਅਸੀਂ ਇਸੇ ਬਾਰੇ ਸੋਚਦੇ ਸਿਰ ਨੀਵਾਂ ਪਾਈ, ਉਠ ਕੇ ਆਪਣੇ ਹੋਟਲ ਵੱਲ ਤੁਰ ਪਏ।
ਹੁਣ ਪੁਰਾਣੀਆਂ ਦੋਵੇਂ ਘਟਨਾਵਾਂ ਦੀ ਨਵੀਆਂ ਦੋਵੇਂ ਘਟਨਾਵਾਂ ਨਾਲ ਤੁਲਨਾ ਕਰ ਕੇ ਆਪ ਹੀ ਵੇਖ ਲਈਏ ਕਿ ਪਿਛਲੇ ਪੰਜਾਹ-ਸੱਠ ਸਾਲਾਂ ਵਿੱਚ ਸਾਡਾ ਸਮਾਜ ਕਿਥੇ ਤੋਂ ਕਿਥੇ ਪਹੁੰਚ ਗਿਆ ਹੈ। ਕਿਥੇ ਔਰਤ ਦੇ ਸ਼ਰੀਰ ਦਾ ਢੱਕਿਆ ਹੋਇਆ ਮਾੜਾ ਜਿਹਾ ਅੰਗ ਵੇਖਣ ਦਾ ਕੀ ਮਤਲਬ ਹੁੰਦਾ ਸੀ ਅਤੇ ਅੱਜ ਕੀ ਬਣ ਗਿਆ ਹੈ? ਕਿਥੇ ਇੱਕ ਨੌਜੁਆਨ ਬੱਚੀ ਪਰਾਏ ਮਰਦ ਦੇ ਸਾਮ੍ਹਣੇ ਸਿਰਫ ਕਪੜਿਆਂ ਦੇ ਉਪਰ ਪਾਏ ਸੁਵੈਟਰ ਨੂੰ ਉਤਾਰਨ ਵਿੱਚ ਸ਼ਰਮ ਮਹਿਸੂਸ ਕਰਦੀ ਸੀ ਕਿ ਉਸ ਦੀ ਜੁਆਨੀ ਦਾ ਉਭਾਰ ਪਰਗੱਟ ਨਾ ਹੋਵੇ ਜਾਂ ਉਸ ਦਾ ਕੋਈ ਸਰੀਰਕ ਅੰਗ ਪ੍ਰਦਰਸ਼ਤ ਨਾ ਹੋਵੇ ਤੇ ਕਿਥੇ ਅੱਜ ਪਿਓ ਧੀ ਦੀ ਸ਼ਰਮ ਹੀ ਮੁੱਕ ਗਈ ਹੈ।
ਇਹ ਹੈ ਸਾਡੀਆਂ ਫਿਲਮਾਂ ਅਤੇ ਟੀ. ਵੀ. ਮੀਡੀਏ ਦੀ ਦੇਣ। ਇਥੇ ਫੇਰ ਮੇਰੇ ਤੇ ਇਤਰਾਜ਼ ਕੀਤਾ ਜਾਵੇਗਾ ਕਿ ਮੈਂ ਇਸ ਸਭ ਵਾਸਤੇ ਇਸ ਮੀਡੀਏ ਨੂੰ ਕਿਉਂ ਦੋਸ਼ੀ ਠਹਿਰਾ ਰਿਹਾ ਹਾਂ? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਸਮਾਜਿਕ ਗਿਰਾਵਟ ਦਾ ਦੋਸ਼ੀ ਬਹੁਤੇ ਤੌਰ ਤੇ ਇਹ ਮੀਡੀਆਂ ਹੀ ਹੈ। ਪਹਿਲਾਂ ਇਹ ਵੇਖ ਲਈਏ ਕਿ ਇਹ ਮੀਡੀਆ ਆਪ ਕਿਥੋਂ ਦਾ ਕਿਥੇ ਪਹੁੰਚ ਗਿਆ ਹੈ? ਜਦੋਂ ਨਵੀਆਂ ਨਵੀਆਂ ਫਿਲਮਾਂ ਬਨਣੀਆਂ ਸ਼ੁਰੂ ਹੋਈਆਂ, ਕੋਈ ਸ਼ਰੀਫ ਘਰ ਦੀ ਲੜਕੀ ਫਿਲਮਾਂ ਵਿੱਚ ਨਹੀਂ ਸੀ ਆਉਂਦੀ ਅਤੇ ਸ਼ੁਰੂ ਸ਼ੁਰੂ ਵਿੱਚ ਇਹ ਘਾਟ ਪੂਰੀ ਕਰਨ ਲਈ ਵੇਸ਼ਵਾ ਯਾ ਨਾਚ-ਗਾਣੇ ਦੇ ਪੇਸ਼ੇ ਵਾਲੀਆਂ ਕੁੱਝ ਲੜਕੀਆਂ ਲਿਆਂਦੀਆਂ ਗਈਆਂ। ਪਹਿਲਾਂ ਤਾਂ ਫਿਲਮਾਂ ਵਿੱਚ ਜੁਆਨ ਲੜਕੇ-ਲੜਕੀ ਦਾ ਆਪਸ ਵਿੱਚ ਕਲਾਵੇ ਵਿੱਚ ਲੈਣ ਦਾ ਦ੍ਰਿਸ਼ ਹੀ ਕੋਈ ਵਿਰਲਾ ਹੁੰਦਾ, ਫੇਰ ਇਨ੍ਹਾਂ ਵੇਸ਼ਵਾਵਾਂ ਵਿੱਚ ਵੀ ਇਤਨੀ ਸ਼ਰਮ ਹੁੰਦੀ ਸੀ ਕਿ ਜਦੋਂ ਕੋਈ ਕਲਾਵੇ ਵਿੱਚ ਲੈਣ ਦਾ ਦ੍ਰਿਸ਼ ਵਿਖਾਣਾ ਹੀ ਹੋਵੇ ਤਾਂ ਲੜਕੀ ਆਪਣੀਆਂ ਬਾਹਵਾਂ ਆਪਣੀ ਛਾਤੀ ਅੱਗੇ ਕਰ ਲੈਂਦੀ ਤੇ ਲੜਕਾ ਉਤੋਂ ਕਲਾਵੇ ਵਿੱਚ ਲੈ ਲੈਂਦਾ। ਅੱਜ ਜਿਥੇ ਬਹੁਤੀਆਂ ਫਿਲਮਾਂ ਵਿੱਚ ਇਨ੍ਹਾਂ ਦ੍ਰਿਸ਼ਾਂ ਦੀ ਭਰਮਾਰ ਹੁੰਦੀ ਹੈ, ਉਥੇ ਦੋਵੇਂ ਪੂਰੀਆਂ ਬਾਹਵਾਂ ਖੋਲ੍ਹਕੇ ਦੋਵੇਂ ਇੱਕ ਦੂਜੇ ਨੂੰ ਇੰਝ ਕਲਾਵੇ ਵਿੱਚ ਲੈਂਦੇ ਹਨ ਜਿਵੇਂ ਇਸੇ ਤਰ੍ਹਾਂ ਇੱਕ ਦੂਸਰੇ ਦੇ ਵਿੱਚ ਵੜ ਜਾਣਾ ਹੋਵੇ। ਇਸ ਨੂੰ ਵਧੀਆ ਅਤੇ ਸੁਭਾਵਕ ਐਕਟਿੰਗ ਆਖਿਆ ਜਾਂਦਾ ਹੈ। ਇਹ ਬੇਹਿਯਾਈ ਇਸ ਕਦਰ ਵੱਧ ਗਈ ਹੈ ਕਿ ਅੱਜਕਲ ਟੀ. ਵੀ. ਵਿੱਚ ਜੋ ਗਾਣੇ ਦੇ ਜਾਂ ਡਾਂਸ ਆਦਿ ਦੇ ਪ੍ਰੋਗਰਾਮ ਵਿਖਾਏ ਜਾਂਦੇ ਹਨ, ਉਨ੍ਹਾਂ ਵਿੱਚ ਜਦੋਂ ਕੋਈ ਲੜਕਾ-ਲੜਕੀ ਇਕੱਠੇ ਕੋਈ ਪ੍ਰੋਗਰਾਮ ਪੇਸ਼ ਕਰਦੇ ਹਨ ਅਤੇ ਉਨ੍ਹਾਂ ਦੇ ਕੰਮ ਦੀ ਜੱਜਾਂ ਵਲੋਂ ਜਾਂ ਉਥੇ ਬੈਠੇ ਦਰਸ਼ਕਾਂ ਵਲੋਂ ਤਾਰੀਫ਼ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦਾ ਖੁਸ਼ੀ ਪ੍ਰਗਟ ਕਰਨ ਦਾ ਤਰੀਕਾ ਇਹੀ ਹੈ ਕਿ ਉਹ ਛੇਤੀ ਨਾਲ ਇੱਕ ਦੂਸਰੇ ਨਾਲ ਲਿਪਟ ਜਾਂਦੇ ਹਨ। ਜੇ ਲੜਕੀ ਇਕੱਲੀ ਪ੍ਰੋਗਰਾਮ ਦੇ ਰਹੀ ਹੋਵੇ ਤਾਂ ਪ੍ਰੋਗਰਾਮ ਚਲਾਉਣ ਵਾਲਾ ਹੀ ਉਸ ਨਾਲ ਲਿਪਟੀ ਜਾਂਦਾ ਹੈ। ਜ਼ਰਾ ਕੁ ਧਿਆਨ ਦੇਵੋ ਤਾਂ ਇੰਝ ਲਗਦਾ ਹੈ ਜਿਵੇਂ ਸਟੇਜ ਉਤੇ ਲੜਕੇ-ਲੜਕੀਆਂ ਇੱਕ ਦੂਸਰੇ ਨਾਲ ਲਿਪਟਣ ਦਾ ਬਹਾਨਾ ਲੱਭ ਰਹੇ ਹੋਣ। ਫਿਲਮਾਂ ਵਿੱਚ ਤਾਂ ਹੁਣ ਇਹ ਕਲਾਵੇ ਵਿੱਚ ਲੈਣ ਦਾ ਕੰਮ ਬਹੁਤ ਪਿੱਛੇ ਰਹ ਗਿਆ ਹੈ ਅਤੇ ਉਸ ਦੀ ਜਗ੍ਹਾ ਚੁੰਬਨ ਵਧੇਰੇ ਭਾਰੀ ਹੁੰਦੇ ਜਾ ਰਹੇ ਹਨ ਤੇ ਅੱਗੋਂ ਹੁਣ ਇਹ ਟੈਲੀਵਿਜ਼ਨ ਵਿੱਚ ਵੀ ਆਪਣਾ ਸਥਾਨ ਬਣਾ ਰਹੇ ਹਨ। ਇਹ ਵੇਖ ਕੇ ਤਾਂ ਇੰਝ ਜਾਪਦਾ ਹੈ ਕਿ ਵੇਸ਼ਵਾ ਤੋ ਫਿਲਮੀ ਕਲਾਕਾਰ ਬਣੀਆਂ ਉਹ ਪੁਰਾਣੀਆਂ ਹਿਰੋਇਨਾਂ ਅੱਜ ਦੀਆਂ ਸ਼ਰੀਫਜ਼ਾਦੀਆਂ ਨਾਲੋਂ ਕਿਤੇ ਵਧੇਰੇ ਸ਼ਰਮ, ਅਣਖ ਅਤੇ ਇਜ਼ਤ ਵਾਲੀਆਂ ਸਨ।
ਪਹਿਲਾਂ ਪਹਿਲ ਬਹੁਤੀਆਂ ਸਮਾਜਿਕ ਅਤੇ ਪਰਿਵਾਰਕ ਜੀਵਨ ਨਾਲ ਸਬੰਧਤ ਫਿਲਮਾਂ ਬਣਦੀਆਂ ਸਨ ਜਾਂ ਫਿਰ ਇਤਹਾਸਿਕ। ਬੇਸ਼ਕ ਇਨ੍ਹਾਂ ਫਿਲਮਾਂ ਵਿੱਚ ਰੋਮਾਂਟਕ ਕਣ ਵੀ ਹੁੰਦਾ ਪਰ ਉਹ ਇੱਕ ਸੀਮਾਂ ਤੱਕ ਹੁੰਦਾ ਅਤੇ ਉਸ ਵਿੱਚ ਵੀ ਸਮਾਜਿਕ ਕਦਰਾਂ ਕੀਮਤਾਂ ਬਣਾ ਕੇ ਰਖੀਆਂ ਜਾਂਦੀਆਂ। ਬਹੁਤੀ ਕਹਾਣੀ ਇੱਕ ਵਧੀਆਂ ਸੇਧ ਦੇਣ ਵਾਲੀ ਹੁੰਦੀ। ਕਈ ਫਿਲਮਾਂ ਨਿਰੋਲ ਰੋਮਾਂਟਿਕ ਵੀ ਬਣਦੀਆਂ ਪਰ ਉਨ੍ਹਾਂ ਵਿੱਚ ਵੀ ਸਮਾਜਿਕ ਕਦਰਾਂ ਕੀਮਤਾਂ ਨਾਲ ਖਿਲਵਾੜ ਨਾ ਕੀਤਾ ਜਾਂਦਾ। ਹੋਲੀ ਹੋਲੀ ਫਿਲਮਾਂ ਵਿੱਚੋਂ ਸਮਾਜਿਕ ਅਤੇ ਪਰਿਵਾਰਕ ਤੱਤ ਘਟਦਾ ਗਿਆ ਅਤੇ ਰੋਮਾਂਸ ਦੇ ਨਾਲ ਮਾਰ ਧਾੜ ਵਧਣੀ ਸ਼ੁਰੁ ਹੋ ਗਈ। ਇਸ ਦੇ ਨਾਲ ਸਮਾਜਿਕ ਕਦਰਾਂ ਕੀਮਤਾਂ ਬਿਲਕੁਲ ਘੱਟ ਗਈਆਂ ਅਤੇ ਰੋਮਾਂਸ ਦੇ ਨਾਂਅ ਤੇ ਅਸ਼ਲੀਲਤਾ ਅਤੇ ਲਚਰਪੁਣਾ ਵਧਣਾ ਸ਼ੁਰੂ ਹੋ ਗਿਆ। ਅੱਜ ਰੋਮਾਂਟਿਕ ਲਚਰਪੁਣੇ ਅਤੇ ਮਾਰਧਾੜ ਤੋਂ ਸਿਵਾ ਕੁੱਝ ਵੀ ਨਹੀਂ ਬਚਿਆ। ਲਚਰਪੁਣਾ ਵੀ ਇਸ ਹੱਦ ਤੇ ਪਹੁੰਚ ਗਿਆ ਹੈ ਕਿ ਲੜਕੀਆਂ ਨੂੰ ਹੌਟ (ਗਰਮ) ਕਹਿਣਾ ਇੱਕ ਆਮ ਜਿਹੀ ਗੱਲ ਬਣ ਗਈ ਹੈ। ਭਾਵੇਂ ਮਜਨੂੰ ਕਿਸਮ ਦੇ ਨੌਜੁਆਨਾਂ ਵਲੋਂ, ਆਪਸ ਵਿੱਚ ਗੱਲ ਕਰਦਿਆਂ, ਲੜਕੀਆਂ ਨੂੰ ਕਈ ਨਾਵਾਂ ਨਾਲ ਬੁਲਾਉਣਾ ਪੁਰਾਣੇ ਸਮੇਂ ਤੋਂ ਇੱਕ ਆਮ ਜਿਹੀ ਗੱਲ ਰਹੀ ਹੈ ਪਰ ਇਹੋ ਜਿਹਾ ਲਚਰ ਸ਼ਬਦ ਕਦੇ ਨਹੀਂ ਸੀ ਸੁਣਿਆਂ, ਇਹ ਤਾਂ ਰੁੱਤ ਆਉਣ ਤੇ ਕੇਵਲ ਜਾਨਵਰਾਂ ਵਾਸਤੇ ਵਰਤਿਆ ਜਾਂਦਾ ਸੀ। ਹੁਣ ਤਾਂ ਲੜਕਾ ਕੀ ਤੇ ਲੜਕੀ ਕੀ? ਸਭ ਦੇ ਗਰਮ ਹੋਣ ਦੀਆਂ ਗੱਲਾਂ ਹੀ ਕੀਤੀਆਂ ਜਾਂਦੀਆਂ ਹਨ। ਗਿਰਾਵਟ ਇਸ ਪੱਧਰ ਤੇ ਹੈ ਕਿ ਹੁਣੇ ਪਿੱਛੇ ਜਿਹੇ ਇੱਕ ਫਿਲਮ ਵਿੱਚ ਵਿਖਾਇਆ ਗਿਆ ਕਿ ਇੱਕ ਫਿਲਮੀ ਹੀਰੋ ਵਲੋਂ ਕੁੱਝ ਟਿੱਪਣੀ ਕੀਤੇ ਜਾਣ ਤੇ ਲੜਕੀ ਆਪਣੇ ਮਾਂ-ਬਾਪ ਦੇ ਸਾਹਮਣੇ, ਛੇਤੀ ਨਾਲ ਆਪਣੇ ਉਪਰਲੇ ਕਪੜੇ ਉਤਾਰ ਕੇ ਪੁਛਦੀ ਹੈ ਕਿ ਦੱਸ ਮੈਂ ਹੌਟ ਹਾਂ ਕਿ ਨਹੀਂ? ਹੋਰ ਤਾਂ ਹੋਰ ਕੋਲੋਂ ਪਿਤਾ ਵੀ ਕਹਿੰਦਾ ਹੈ, “ਹਾਂ ਦਸ! ਮੇਰੀ ਧੀ ਹੌਟ ਹੈ ਕਿ ਨਹੀਂ? “ ਜਿਸ ਵੇਲੇ ਕੋਈ ਬਾਪ ਆਪਣੀ ਧੀ ਨੂੰ ਇਸ ਨਜ਼ਰ ਨਾਲ ਵੇਖੇ ਕਿ ਉਹ ਹੌਟ ਹੈ ਕਿ ਨਹੀਂ, ਉਹ ਨਜ਼ਰ ਕੈਸੀ ਹੋਵੇਗੀ ਕਦੇ ਸੋਚਿਆ ਹੈ? ਹੁਣ ਜੁਆਨ ਲੜਕੀਆਂ ਗਰਮ
(Hot) ਹੋ ਕੇ ਸੜਕਾਂ ਤੇ ਫਿਰਨਗੀਆਂ ਤਾਂ ਸਮਾਜ ਕਿਥੇ ਜਾਵੇਗਾ, ਇਹ ਅਸੀਂ ਆਪ ਹੀ ਸੋਚ ਲਈਏ? ਸਮਾਜ ਨੇ ਤਾਂ ਉਹੀ ਸਿੱਖਣਾ ਹੈ ਜੋ ਉਸ ਨੇ ਰੋਜ਼ ਵੇਖਣਾ ਹੈ।
ਇਥੇ ਇਹ ਦਲੀਲ ਦਿੱਤੀ ਜਾਵੇਗੀ ਕਿ ਦੂਸਰੇ ਕੁੱਝ ਦੇਸ਼ਾਂ ਵਿੱਚ ਤਾਂ ਇਸ ਤੋਂ ਬਹੁਤ ਵਧੇਰੇ ਕੁੱਝ ਵਿਖਾਇਆ ਜਾਂਦਾ ਹੈ। ਮੇਰੀ ਸੋਚ ਪਿਛਾਂਹ ਖਿਚੂ ਅਤੇ ਰੂੜਵਾਦੀ ਹੈ, ਇਸ ਲਈ ਮੈਂ ਇਤਰਾਜ਼ ਕਰ ਰਿਹਾ ਹਾਂ। ਮੈਂ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹਾਂ ਕਿ ਕੁੱਝ ਦੇਸ਼ਾਂ ਵਿੱਚ ਇਸ ਤੋਂ ਬਹਤ ਅੱਗੇ ਤੱਕ ਵਿਖਾਇਆ ਜਾਂਦਾ ਹੈ ਪਰ ਹਰ ਦੇਸ਼ ਦੀ, ਕੌਮ ਦੀ ਆਪਣੀ ਇੱਕ ਸਭਿਅਤਾ ਹੁੰਦੀ ਹੈ। ਉਸ ਸਭਿਅਤਾ ਦੀਆਂ ਲੀਹਾਂ ਉਸ ਦਾ ਦਾਇਰਾ ਹੁੰਦੀਆਂ ਹਨ। ਉਸ ਵਿੱਚ ਅਗਰ ਕੁੱਝ ਅੰਧਵਸ਼ਵਾਸੀ ਜਾਂ ਗਲਤ ਰਿਵਾਇਤਾਂ ਹੋਣ ਤਾਂ ਬੇਸ਼ਕ ਉਨ੍ਹਾਂ ਵਿੱਚ ਸੁਧਾਰ ਕੀਤਾ ਜਾ ਸਕਦਾ ਹਾਂ ਜਾਂ ਉਨ੍ਹਾਂ ਨੂੰ ਤੋੜਿਆ ਵੀ ਜਾ ਸਕਦਾ ਹੈ। ਪਰ ਦੂਸਰੇ ਦੇਸ਼ਾਂ ਜਾਂ ਕੌਮਾਂ ਦੀ ਨਕਲ ਕਰ ਕੇ ਆਪਣੀ ਸਭਿਅਤਾ ਅਤੇ ਕਦਰਾਂ ਕੀਮਤਾਂ ਦਾ ਨਾਸ ਕਰ ਦੇਣਾ, ਕਿਸੇ ਤਰ੍ਹਾਂ ਵੀ ਅਗਾਂਹ ਵਧੂ ਸੋਚ ਨਹੀਂ ਬਲਕਿ ਇੱਕ ਕੌਮੀ ਵਿਨਾਸ਼ ਹੈ। ਆਪਣੀ ਕੌਮ ਨੂੰ ਦੂਜੀ ਸਭਿਅਤਾ ਦਾ ਗ਼ੁਲਾਮ ਬਨਾਉਣਾ ਹੈ। ਜਿਨ੍ਹਾਂ ਦੇਸ਼ਾਂ ਵਿੱਚ ਇਹ ਆਮ ਗੱਲ ਹੈ, ਉਥੇ ਵੀ ਇਹ ਨੰਗੇਜ ਅਤੇ ਅਸ਼ਲੀਲਤਾ ਕੋਈ ਉਸਾਰੂ ਨਤੀਜੇ ਨਹੀਂ ਦੇ ਰਹੀ ਬਲਕਿ ਵਿਨਾਸ਼ ਹੀ ਕਰ ਰਹੀ ਹੈ।
ਪਹਿਰਾਵੇ ਦੀ ਗੱਲ ਕਰੀਏ ਤਾਂ, ਸਾਬਤ ਪਰਿਵਾਰਕ ਪਹਿਰਾਵੇ ਤੋਂ ਫਿਲਮਾਂ ਦੀ ਕਿਰਪਾ ਨਾਲ ਬਗੈਰ ਬਾਜ਼ੂ
(Sleeve Less) ਕਮੀਜ਼ਾਂ ਦਾ ਰਿਵਾਜ਼ ਸ਼ੁਰੂ ਹੋਇਆ। ਫਿਰ ਕਮੀਜ਼ ਜਾਂ ਬਲਾਉਜ਼ ਦੇ ਗਲੇ ਦਾ ਸਾਇਜ਼ ਵੱਡਾ ਹੋਣਾ ਸ਼ੁਰੂ ਹੋਇਆ। ਉਸ ਤੋਂ ਬਾਅਦ ਲੱਤਾਂ ਦਾ ਪਹਿਰਾਵਾ ਥੱਲੇ ਵਾਲੇ ਪਾਸਿਓਂ, ਉਪਰ ਵੱਲ ਖਿਸਕਣਾ ਸ਼ੁਰੂ ਹੋਇਆ। ਖਿਸਕਦਾ ਖਿਸਕਦਾ ਇਤਨਾ ਛੋਟਾ ਹੋਇਆ ਕਿ ਬਸ ਲੱਕ ਦਾ ਕੁੱਝ ਹਿੱਸਾ ਢੱਕਿਆ ਰਹਿ ਗਿਆ ਅਤੇ ਲੱਤਾਂ ਸਾਰੀਆਂ ਨੰਗੀਆਂ ਹੋ ਗਈਆਂ। ਉਪਰਲਾ ਤਨ ਢਕਣ ਵਾਲੇ ਪਹਿਰਾਵੇ ਵਿੱਚ ਵੀ ਗਲਾ ਤਾਂ ਤਕਰੀਬਨ ਗਾਇਬ ਹੋ ਕੇ ਸਿੱਧਾ ਛਾਤੀ ਤੇ ਪਹੁੰਚ ਗਿਆ ਹੈ ਅਤੇ ਢਿਡ ਵੀ ਨੰਗਾ ਹੋ ਕੇ ਕਪੜਾ ਕੇਵਲ ਛਾਤੀ ਤੱਕ ਸਿੰਗੁੜ ਗਿਆ ਹੈ। ਜੇ ਕਿਸੇ ਨੇ ਗਲੇ ਵਾਲਾ ਬਲਾਉਜ਼ ਪਾਇਆ ਵੀ ਹੁੰਦਾ ਹੈ ਤਾਂ ਪਿੱਠ ਤਕਰੀਬਨ ਨੰਗੀ ਹੁੰਦੀ ਹੈ। ਜਿਥੇ ਅੱਜ ਕੰਮ ਪਹੁੰਚ ਗਿਆ ਹੈ, ਉਸ ਤੋਂ ਅੱਗੇ ਕਿਥੇ ਜਾਵੇਗਾ ਇਹ ਸੋਚ ਕੇ ਰੂਹ ਕੰਬ ਜਾਂਦੀ ਹੈ।
ਸ਼ਾਇਦ ਇਸ ਫਿਲਮੀ ਮਾਹੌਲ ਨੂੰ ਵੇਖ ਕੇ ਹੀ ਪੁਰਾਣੇ ਕਲਾਕਾਰ ਆਪਣੀਆਂ ਧੀਆਂ ਭੈਣਾਂ ਨੂੰ ਫਿਲਮਾਂ ਵਿੱਚ ਨਹੀਂ ਸਨ ਲਿਆਉਂਦੇ। ਜੇ ਕਿਸੇ ਕਲਾਕਾਰਾਂ ਦੇ ਆਪਸੀ ਪ੍ਰੇਮ ਸਬੰਧ ਬਣ ਜਾਂਦੇ ਤਾਂ ਅਕਸਰ ਵਿਆਹ ਤੋਂ ਬਾਅਦ ਲੜਕੀ ਦੇ ਫਿਲਮਾਂ ਵਿੱਚ ਆਉਣ ਤੇ ਪਾਬੰਦੀ ਲਗ ਜਾਂਦੀ। ਇਸ ਦੇ ਇੱਕ ਨਹੀਂ ਦਰਜਨਾਂ ਪ੍ਰਮਾਣ ਦਿੱਤੇ ਜਾ ਸਕਦੇ ਹਨ ਪਰ ਇਨ੍ਹਾਂ ਨਾਵਾਂ ਦੇ ਚੱਕਰ ਵਿੱਚ ਪੈਕੇ ਮੈਂ ਆਪਣਾ ਅਤੇ ਪਾਠਕਾਂ ਦਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਪਰ ਅੱਜ ਦੇ ਕਲਾਕਾਰ ਮਾਂ-ਬਾਪ ਆਪਣੀਆਂ ਧੀਆਂ ਨੂੰ ਫਿਲਮਾਂ ਵਿੱਚ ਲਿਆਉਣ ਲਈ ਜਿਵੇਂ ਉਤਾਵਲੇ ਹਨ, ਇਹ ਵੇਖ ਕੇ ਹੈਰਾਨਗੀ ਜ਼ਰੂਰ ਹੁੰਦੀ ਹੈ। ਇਹ ਉਤਾਵਲਾਪਨ ਕੇਵਲ ਫਿਲਮੀ ਕਲਾਕਾਰਾਂ ਜਾਂ ਉਸ ਸਨਅਤ ਨਾਲ ਸਬੰਧਤ ਲੋਕਾਂ ਤੱਕ ਸੀਮਤ ਨਹੀਂ ਬਲਕਿ ਹਰ ਪਰਿਵਾਰ ਇਸ ਵਿੱਚ ਫ਼ਖਰ ਮਹਿਸੂਸ ਕਰਦਾ ਹੈ। ਕਾਰਨ ਸਿਰਫ ਇਕੋ ਹੈ ਕਿ ਇਸ ਫਿਲਮੀ ਪ੍ਰਭਾਵ ਨੇ ਸਾਡੇ ਅੰਦਰੋਂ ਸ਼ਰਮ-ਹਯਾ ਜਾਂ ਮਨੁੱਖੀ ਕਦਰਾਂ ਕੀਮਤਾਂ ਦੀ ਮਹਤੱਤਾ ਹੀ ਖ਼ਤਮ ਕਰ ਦਿੱਤੀ ਹੈ। ਇਹ ਗੱਲਾਂ ਹੁਣ ਫਾਲਤੂ ਦੀਆਂ, ਬੇਅਰਥ, ਰੂੜਵਾਦੀ ਅਤੇ ਪਿਛਾਹ ਖਿੱਚੂ ਜਾਪਦੀਆਂ ਹਨ। ਕੇਵਲ ਪੈਸਾ ਹੀ ਪਰਧਾਨ ਰਹਿ ਗਿਆ ਹੈ ਉਹ ਜਿਹੜੇ ਰਾਹ ਮਰਜ਼ੀ ਆਵੇ। ਸਮਾਜਿਕ ਨਿਘਾਰ ਦਾ ਸਭ ਤੋਂ ਵੱਡਾ ਪ੍ਰਮਾਣ ਹੀ ਇਹੀ ਹੁੰਦਾ ਹੈ ਕਿ ਮਨੁੱਖ ਨੂੰ ਠੀਕ ਤੇ ਗਲਤ ਦੇ ਵਿੱਚ ਫਰਕ ਦਾ ਅਹਿਸਾਸ ਹੀ ਨਾ ਰਹੇ।
ਮੇਰੀਆਂ ਗੱਲਾਂ ਨੂੰ ਰੱਦ ਕਰਨ ਲਈ ਆਖਿਆ ਜਾਵੇਗਾ ਕਿ ਇਹ ਤਾਂ ਯੁੱਗ ਬਦਲ ਰਿਹਾ ਹੈ, ਭਾਰਤੀ ਸਮਾਜ ਪੁਰਾਣੇ ਯੁੱਗ `ਚੋਂ ਨਿਕਲ ਕੇ ਨਵੇਂ ਯੁੱਗ ਦਾ ਬਣ ਰਿਹਾ ਹੈ। ਮੇਰੇ `ਤੇ ਪਿਛਾਂਹ ਖਿਚੂ ਵਿਚਾਰਾਂ ਦਾ ਹੋਣ ਦਾ ਦੋਸ਼ ਲਾਇਆ ਜਾਵੇਗਾ। ਇਹ ਵੀ ਆਖਿਆ ਜਾਵੇਗਾ ਕਿ ਮੈਂ ਔਰਤ ਦੀ ਅਜ਼ਾਦੀ ਦੇ ਖਿਲਾਫ ਹਾਂ।
ਨਾ ਤਾਂ ਮੈਂ ਪਿਛਾਹ ਖਿੱਚੂ ਵਿਚਾਰਾਂ ਦਾ ਹਾਂ ਅਤੇ ਨਾ ਹੀ ਔਰਤ ਦੀ ਅਜ਼ਾਦੀ ਦੇ ਖਿਲਾਫ ਹਾਂ ਬਲਕਿ ਔਰਤ ਨੂੰ ਮਨੁੱਖੀ ਸਮਾਜ ਦਾ ਬਰਾਬਰ ਦਾ ਅੰਗ ਸਮਝਦਾ ਹਾਂ। ਘਰ ਵਿੱਚ ਔਰਤ ਨੂੰ ਬਰਾਬਰ ਦੇ ਸਤਿਕਾਰ ਅਤੇ ਸਮਾਜ ਵਿੱਚ ਬਰਾਬਰ ਦੇ ਅਧਿਕਾਰਾਂ ਦਾ ਮੁਦਈ ਹਾਂ। ਉਹ ਭਾਵੇਂ ਪੜ੍ਹਾਈ ਵਿੱਚ ਹੋਵੇ ਜਾਂ ਨੌਕਰੀਆਂ ਵਿੱਚ, ਸਿਆਸਤ ਵਿੱਚ ਹੋਵੇ ਜਾਂ ਸਮਾਜ ਦੇ ਹੋਰ ਕਿਸੇ ਵੀ ਪੱਖ ਵਿੱਚ। ਭਰੂਣ ਹੱਤਿਆ, ਦਹੇਜ, ਘਰੇਲੂ ਤਸ਼ੱਦਦ, ਸਮਾਜਿਕ ਪੱਖਪਾਤ ਜਾਂ ਕਿਸੇ ਕਿਸਮ ਦੇ ਵੀ ਸੋਸ਼ਨ ਨੂੰ ਅਤਿਆਚਾਰ, ਗੈਰ ਮਨੁੱਖੀ ਕਾਰਾ ਅਤੇ ਵੱਡੀ ਸਜ਼ਾ ਦਾ ਭਾਗੀ ਸਮਝਦਾ ਹਾਂ। ਲੇਕਿਨ ਜਿਤਨਾ ਔਰਤ ਦੇ ਪੜਦੇ ਦਾ ਵਿਰੋਧੀ ਹਾਂ ਉਤਨਾ ਹੀ ਔਰਤ ਦੇ ਨੰਗੇਜ਼ ਦੇ ਖ਼ਿਲਾਫ ਹਾਂ। ਨੰਗੇਜ ਔਰਤ ਦੀ ਤਰੱਕੀ ਦਾ ਨਹੀਂ, ਸੋਸ਼ਨ ਦਾ ਪ੍ਰਤੀਕ ਹੈ। ਆਪ ਹੀ ਸੋਚੀਏ ਜੇ ਕਿਸੇ ਔਰਤ ਨੂੰ ਜ਼ਬਰਦਸਤੀ ਨੰਗਾ ਕਰਨਾ ਸੋਸ਼ਨ ਹੈ ਤਾਂ ਐਸਾ ਮਹੌਲ ਪੈਦਾ ਕਰ ਦੇਣਾ ਕਿ ਔਰਤ ਆਪੇ ਆਪਣੇ ਕਪੜੇ ਉਤਾਰ ਦੇਵੇ, ਇਹ ਸੋਸ਼ਨ ਕਿਵੇਂ ਨਹੀਂ? ਜ਼ਰਾ ਸੋਚੋ ਜੋ ਫਿਲਮਾਂ ਸਿਰਫ ਇਸ ਲਈ ਵਧੇਰੇ ਚਲਦੀਆਂ ਹਨ ਕਿ ਉਨ੍ਹਾਂ ਵਿੱਚ ਨੰਗੇਜ਼ ਵਧੇਰੇ ਵਿਖਾਇਆ ਗਿਆ ਹੁੰਦਾ ਹੈ, ਉਨ੍ਹਾਂ ਵਿੱਚ ਦਰਸ਼ਕ ਵਧੇਰੇ ਕਿਉਂ ਜਾਂਦੇ ਹਨ। ਉਹ ਉਸ ਸਮੇਂ ਉਨ੍ਹਾਂ ਨੰਗੇਜ਼ ਵਾਲੀ ਅਵਸਥਾ ਵਿੱਚ ਕਾਮੁਕ ਦ੍ਰਿਸ਼ ਕਰ ਰਹੀਆਂ ਔਰਤਾਂ ਨੂੰ ਕਿਸ ਅੱਖ ਨਾਲ ਵੇਖ ਰਹੇ ਹੁੰਦੇ ਹਨ? ਜੇ ਉਨ੍ਹਾਂ ਦੀ ਨਜ਼ਰ ਵਿੱਚ ਮੈਲ ਹੁੰਦੀ ਹੈ ਤਾਂ ਇਹ ਸੋਸ਼ਨ ਕਿਵੇਂ ਨਹੀਂ? ਜੇ ਉਹ ਫਿਲਮਾਂ ਜਾਂ ਟੀ ਵੀ ਸੀਰੀਅਲਾਂ ਵਿੱਚ ਨੰਗੇਜ਼ ਵਾਲਾ ਪਹਿਰਾਵਾ ਪਾਈ ਔਰਤਾਂ ਨੂੰ ਕਾਮੁਕ ਦ੍ਰਿਸ਼ਟੀ ਨਾਲ ਵੇਖਦੇ ਹਨ ਤਾਂ ਸਮਾਜ ਵਿੱਚ ਐਸਾ ਪਹਿਰਾਵਾ ਪਾਈ ਔਰਤਾਂ ਨੂੰ ਕਿਸ ਨਜ਼ਰ ਨਾਲ ਵੇਖਦੇ ਹੋਣਗੇ? ਇਹੀ ਕਾਰਨ ਹੈ ਕਿ ਅੱਜ ਦੇ ਭਾਰਤੀ ਸਮਾਜ ਵਿੱਚ ਜ਼ਬਰ-ਜਨਾਹ ਦੀਆਂ ਵਾਰਦਾਤਾਂ ਇਤਨੀਆਂ ਵੱਧ ਗਈਆਂ ਹਨ।
ਸਮਝਿਆ ਜਾਂਦਾ ਹੈ ਕਿ ਪਹਿਲਾਂ ਪਹਿਲ ਮਨੁੱਖ ਨੰਗਾ ਰਹਿੰਦਾ ਸੀ, ਫਿਰ ਉਸ ਨੇ ਲੋੜ ਅਨੁਸਾਰ ਦਰੱਖਤਾਂ ਦੇ ਪੱਤਿਆਂ ਆਦਿ ਨਾਲ ਜਿਸਮ ਨੂੰ ਢਕਣਾ ਸ਼ੁਰੂ ਕੀਤਾ। ਮਨੁੱਖੀ ਲੋੜ ਵਿੱਚੋਂ ਹੀ ਕਪੜਾ ਬਨਾਉਣ ਦੀ ਤਕਨੀਕ ਨੇ ਜਨਮ ਲਿਆ ਅਤੇ ਫਿਰ ਉਨ੍ਹਾਂ ਦੀ ਸਿਲਾਈ ਨੇ। ਜਿਵੇਂ ਜਿਵੇਂ ਮਨੁੱਖ ਸਰੀਰ ਨੂੰ ਕਪੜਿਆਂ ਨਾਲ ਢਕਦਾ ਗਿਆ, ਇਸ ਨੂੰ ਸਮਾਜਿਕ ਵਿਕਾਸ ਦਾ ਨਾਂਅ ਦਿੱਤਾ ਗਿਆ। ਅੱਜ ਜਿਸ ਵੇਲੇ ਸਭ ਕੁੱਝ ਹੁੰਦਿਆਂ ਪੂਰਨ ਸਤਿਕਾਰ ਦੀ ਪਾਤਰ ਔਰਤ ਨੂੰ ਜਿਸ ਤਰ੍ਹਾਂ ਨੰਗੇਜ਼ ਵੱਲ ਧੱਕਿਆ ਜਾ ਰਿਹਾ ਹੈ ਤਾਂ ਇਸ ਨੂੰ ਕੀ ਨਾਂਅ ਦੇਵਾਂਗੇ।
ਅੱਜ ਜ਼ਬਰ-ਜਨਾਹ ਦੇ ਖਿਲਾਫ ਕਰੜੇ ਕਾਨੂੰਨ ਬਣਾਏ ਜਾ ਰਹੇ ਹਨ। ਲੇਕਿਨ ਇਤਨੇ ਕਰੜੇ ਕਾਨੂੰਨ ਬਣਾਉਣ ਦੇ ਬਾਵਜੂਦ ਇਨ੍ਹਾਂ ਅਤਿ ਘਿਨੌਣੀਆਂ ਵਾਰਦਾਤਾਂ ਵਿੱਚ ਠੱਲ ਪੈਣ ਦੀ ਬਜਾਏ ਹਰ ਦਿਨ ਵਾਧਾ ਹੀ ਹੋ ਰਿਹਾ ਹੈ। ਠੱਲ ਪਵੇ ਵੀ ਕਿਵੇਂ? ਨਾ ਤਾਂ ਕੋਈ ਸਦਾ-ਚਾਰਕ ਸਿੱਖਿਆ
(Moral education) ਦਿੱਤੀ ਜਾ ਰਹੀ ਹੈ, ਅਤੇ ਨਾ ਹੀ ਉਸ ਮਾਹੌਲ ਨੂੰ ਬਦਲਣ ਦੀ ਕੋਈ ਕੋਸ਼ਿਸ਼ ਹੋ ਰਹੀ ਹੈ, ਜਿਸ ਨੇ ਇਨਸਾਨ ਨੂੰ ਐਸਾ ਵਹਿਸ਼ੀ ਬਣਾ ਦਿੱਤਾ ਹੈ। ਮਾੜਾ ਮੋਟਾ ਡਰ ਭਾਵੇਂ ਪੈਦਾ ਕਰ ਦੇਣ ਪਰ ਸਖਤ ਕਾਨੂੰਨ ਕਦੇ ਮਨੁੱਖੀ ਸੋਚਣੀ ਨੂੰ ਨਹੀਂ ਬਦਲ ਸਕਦੇ। ਇਸ ਦੇ ਵਾਸਤੇ ਸੋਚ ਬਦਲਣ ਦੀ ਲੋੜ ਹੈ। ਉਸ ਮਾਹੌਲ ਨੂੰ ਬਦਲਣ ਦੀ ਲੋੜ ਹੈ, ਜਿਸ ਨੇ ਇਹ ਹਾਲਾਤ ਪੈਦਾ ਕੀਤੇ ਹਨ। ਇਹ ਆਪਣੇ ਆਪ ਵਿੱਚ ਇੱਕ ਵੱਡਾ ਵਿਸ਼ਾ ਹੈ ਜਿਸ ਤੇ ਫੇਰ ਕਿਤੇ ਅਲੱਗ ਲਿਖਣਾ ਚਾਹਾਂਗਾ, ਇਸ ਲਈ ਆਪਣੇ ਅੱਜ ਦੇ ਵਿਸ਼ੇ ਤੇ ਵਾਪਸ ਆਉਦਾ ਹਾਂ।
ਇਸ ਅਤਿ ਗੰਧਲੇ ਮਾਹੌਲ ਨੂੰ ਸਿਰਜਨ ਵਿੱਚ ਸਭ ਤੋਂ ਵੱਡਾ ਯੋਗਦਾਨ ਇਸ ਦਰਸ਼ਨੀ ਮੀਡੀਏ ਨੇ ਪਾਇਆ ਹੈ। ਜ਼ਿਮੇਵਾਰੀ ਦਾ ਅਹਿਸਾਸ ਤਾਂ ਜਿਵੇਂ ਮੂਲੋਂ ਹੀ ਮੁੱਕ ਗਿਆ ਹੈ, ਕੇਵਲ ਪੈਸਾ ਹੀ ਪ੍ਰਧਾਨ ਹੋ ਗਿਆ ਹੈ। ਪਿਛਲੇ ਦਿਨੀਂ ਟੀ ਵੀ ਤੇ ਇੱਕ ਫਿਲਮ ਵਿਖਾਈ ਜਾਣੀ ਸੀ ਜੋ ਅਸ਼ਲੀਲ ਦ੍ਰਿਸ਼ਾਂ ਨਾਲ ਭਰਪੂਰ ਸੀ। ਬਹੁਤੇ ਸਮਾਜ ਵਿੱਚ ਇਸ ਦੇ ਵਿਰੋਧ ਵਿੱਚ ਇੱਕ ਅਵਾਜ਼ ਉਠੀ। ਨਤੀਜੇ ਵਜੋਂ ਆਖਰੀ ਸਮੇਂ ਤੇ ਇਸ ਫਿਲਮ ਦਾ ਪ੍ਰਦਰਸ਼ਨ ਰੋਕ ਦਿੱਤਾ ਗਿਆ। ਅਗਲੇ ਦਿਨ ਇੱਕ ਖਬਰਾਂ ਵਾਲੇ ਚੈਨਲ ਨੇ ਇਹ ਖ਼ਬਰ ਵਿਖਾਈ ਕਿ ਇਸ ਫਿਲਮ ਦੇ ਵਿਖਾਉਣ ਤੇ ਪਾਬੰਦੀ ਕਿਉਂ ਲਗਾਈ ਗਈ? ਉਸ ਵਿੱਚ ਉਸ ਨੇ ਉਹ ਸਾਰੇ ਅਸ਼ਲੀਲ ਦ੍ਰਿਸ਼ ਵਿਖਾ ਦਿੱਤੇ, ਜਿਨ੍ਹਾਂ ਕਰਕੇ ਫਿਲਮ ਦੇ ਪ੍ਰਦਰਸ਼ਨ ਤੇ ਪਾਬੰਦੀ ਲਗਾਈ ਗਈ ਸੀ। ਜਿਨ੍ਹਾਂ ਦ੍ਰਿਸ਼ਾਂ ਨੂੰ ਲੋਕ ਪਰਿਵਾਰਾਂ ਵਿੱਚ ਬੈਠ ਕੇ ਨਹੀਂ ਸੀ ਵੇਖਣਾ ਚਾਹੁੰਦੇ, ਉਹ ਸਾਰੇ ਖ਼ਬਰਾਂ ਦੇ ਡਰਾਮੇਂ ਵਿੱਚ ਵਿਖਾ ਦਿੱਤੇ ਤਾਂ ਪਾਬੰਦੀ ਦੀ ਕੀ ਮਹੱਤਤਾ ਰਹਿ ਗਈ?
ਅੱਜ ਡੇਢ ਸੌ ਤੋਂ ਉਪਰ ਟੀ ਵੀ ਚੈਨਲਾਂ ਵਿੱਚੋਂ ਪੰਜ-ਸਤ ਹੀ ਐਸੇ ਹੋਣਗੇ ਜੋ ਪਰਿਵਾਰ ਵਿੱਚ ਬੈਠ ਕੇ ਵੇਖੇ ਜਾ ਸਕਦੇ ਹਨ, ਬਾਕੀ ਸਭ ਤਾਂ ਅਸ਼ਲੀਲਤਾ ਵਿਖਾਉਣ ਦਾ ਕੋਈ ਨਾ ਕੋਈ ਬਹਾਨਾ ਲਭ ਹੀ ਲੈਂਦੇ ਹਨ। ਜੇ ਪ੍ਰੋਗਰਾਮ ਵਿੱਚ ਨਾ ਹੋਇਆ ਤਾਂ ਵਿੱਚੋਂ ਵਿਖਾਏ ਜਾਣ ਵਾਲੇ ਮਸ਼ਹੂਰੀ ਦੇ ਪ੍ਰੋਗਰਾਮਾਂ ਵਿੱਚ ਇਸੇ ਨੰਗੇਜ਼ ਦੀ ਭਰਮਾਰ ਹੁੰਦੀ ਹੈ। ਔਰਤ ਨੂੰ ਤਾਂ ਇਤਨਾ ਸਸਤਾ ਕਰ ਦਿੱਤਾ ਗਿਆ ਹੈ ਕਿ ਬੀੜੀ ਦੇ ਲੇਬਲ ਤੇ ਵੀ ਅੱਧਨੰਗੀ ਲੜਕੀ ਦੀ ਫੋਟੋ ਜ਼ਰੂਰੀ ਹੈ। ਹੋਰ ਤਾਂ ਹੋਰ, ਕੁੱਝ ਚੈਨਲਾਂ ਤੇ ਸਵੇਰੇ ਧਾਰਮਿਕ ਪ੍ਰੋਗਰਾਮ ਵਿਖਾਏ ਜਾਂਦੇ ਹਨ ਅਤੇ ਉਸ ਤੋਂ ਫੌਰਨ ਬਾਅਦ ਹੀ ਅਸ਼ਲੀਲਤਾ ਅਤੇ ਨੰਗੇਜ਼ ਭਰਪੂਰ ਮਸ਼ਹੂਰੀਆਂ ਸ਼ੁਰੂ ਹੋ ਜਾਂਦੀਆਂ ਹਨ। ਔਰਤ ਦੇ ਗੁਪਤ ਅੰਗਾਂ ਨੂੰ ਕਜਣ ਵਾਲੀਆਂ ਜਾਂ ਕੰਮ ਆਉਣ ਵਾਲੀਆਂ ਵਸਤਾਂ ਦੀ ਮਸ਼ਹੂਰੀ ਵਿੱਚ ਵਧ ਤੋਂ ਵਧ ਨੰਗੇਜ਼ ਵਿਖਾਉਣ ਦੀ ਦੌੜ ਲੱਗੀ ਹੋਈ ਹੈ, ਇਥੋਂ ਤੱਕ ਕੇ ਕੰਡੋਮ ਆਦਿ ਦੀ ਮਸ਼ਹੂਰੀ ਸਾਰੀ ਸ਼ਰਮ ਹਯਾ ਲਾਹ ਕੇ ਵਿਖਾਈ ਜਾਂਦੀ ਹੈ, ਜਿਵੇਂ ਮਸ਼ਹੂਰੀ ਉਨ੍ਹਾਂ ਵਸਤ੍ਰਾਂ ਜਾਂ ਵਸਤ ਦੀ ਨਹੀਂ, ਉਸ ਮਾਡਲ ਦੇ ਸਰੀਰ ਦੀ ਜਾਂ ਆਦਾਵਾਂ ਦੀ ਕੀਤੀ ਜਾ ਰਹੀ ਹੋਵੇ।
ਇਸ ਮੀਡੀਆ ਨੇ ਐਸਾ ਮਹੌਲ ਸਿਰਜ ਦਿੱਤਾ ਹੈ ਕਿ ਭਰਾ ਜੁਆਨ ਭੈਣ ਦੇ ਸਾਹਮਣੇ `ਚੁੰਮਾ ਦੇ ਦੇ ਚੁੰਮਾ` ਗੀਤ ਗਾਉਣ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਦਾ ਅਤੇ ਪਿਓ ਧੀ ਜਾਂ ਨੂੰਹ ਦੇ ਨਾਲ ਬੈਠ ਕੇ ਵੇਖਦਾ ਅਤੇ ਸੁਣਦਾ ਹੈ, `ਚੁਨਰੀ ਕੇ ਨੀਚੇ ਕਿਆ ਹੈ ਚੋਲੀ ਕੇ ਪੀਛੇ ਕਿਆ ਹੈ? ` ਦੋਹਰੇ ਅਰਥਾਂ ਵਾਲੇ ਸ਼ਬਦਾਂ ਦਾ ਚਲਨ ਇੱਕ ਆਮ ਜਿਹੀ ਗੱਲ ਬਣ ਗਈ ਹੈ। ਬਲਕਿ ਹਾਸਾ ਪੈਦਾ ਕਰਨ ਲਈ ਤਾਂ ਇਨ੍ਹਾਂ ਦੀ ਵਰਤੋਂ ਫਿਲਮਾਂ ਅਤੇ ਟੀ ਵੀ ਵਿੱਚ ਰੋਜ਼ ਦਾ ਕੰਮ ਹੈ। ਬਾਅਦ ਵਿੱਚ ਤੁਸੀਂ ਜੋ ਮਰਜ਼ੀ ਕਹਿ ਕੇ ਗੱਲ ਨੂੰ ਕੱਜ ਲਓ, ਪਰ ਲੋਕੀ ਕਿਹੜਾ ਨਹੀਂ ਸਮਝਦੇ ਕਿ ਤੁਸੀਂ ਅਸਲ ਵਿੱਚ ਕੀ ਕਹਿਣਾ ਚਾਹੁੰਦੇ ਹੋ?
ਇਕ ਹੋਰ ਅਤਿ ਮੰਦਭਾਗਾ ਕੰਮ ਜੋ ਇਸ ਮੀਡੀਆ ਵਲੋਂ ਕੀਤਾ ਜਾ ਰਿਹਾ ਹੈ ਉਹ ਹੈ ਅੰਧਵਿਸ਼ਵਾਸ ਫੈਲਾਉਣ ਦਾ। ਫਿਲਮਾਂ ਵਿੱਚ ਅਤੇ ਟੀ ਵੀ ਦੇ ਸੀਰੀਅਲਾਂ ਵਿੱਚ ਵੀ ਜੋਤਸ਼ੀਆਂ ਅਤੇ ਕੁੱਝ ਭੇਖੀ ਸਾਧੂਆਂ ਆਦਿ ਵਲੋਂ ਭਵਿੱਖਬਾਣੀ ਕਰਨਾ ਅਤੇ ਫਿਰ ਉਸ ਦਾ ਸੱਚ ਹੋਣਾ ਵਿਖਾਇਆ ਜਾਣਾ ਇੱਕ ਆਮ ਜਿਹੀ ਗੱਲ ਹੈ। ਇਸ ਨਾਲ ਆਪਣੇ ਕਰਮ ਤੋਂ ਹੱਟ ਕੇ ਐਸੇ ਅੰਧ ਵਿਸ਼ਵਾਸਾਂ ਵਿੱਚ ਯਕੀਨ ਰੱਖਣ ਦਾ ਰੁਝਾਨ ਵਧਦਾ ਹੈ, ਜੋ ਸਮਾਜ ਵਾਸਤੇ ਅਤਿ ਘਾਤਕ ਹੈ। ਇਸ ਨਾਲ ਹੀ ਪਖੰਡੀ ਸਾਧਾਂ ਦੇ ਡੇਰੇ ਚਲਦੇ ਹਨ ਅਤੇ ਮਨੁੱਖਤਾ ਦਾ ਘਾਣ ਕਰਨ ਵਾਲੀਆਂ ਦੁਕਾਨਦਾਰੀਆਂ ਪ੍ਰਫੁਲਤ ਹੁੰਦੀਆਂ ਹਨ। ਖ਼ਬਰਾਂ ਵਾਲਾ ਸ਼ਾਇਦ ਹੀ ਕੋਈ ਐਸਾ ਚੈਨਲ ਹੋਵੇਗਾ ਜਿਥੇ ਰੋਜ਼ ਅੱਜ ਦਾ ਭਵਿੱਖ ਆਦਿ ਪ੍ਰੋਗਰਾਮ ਨਾ ਵਿਖਾਏ ਜਾ ਰਹੇ ਹੋਨ। ਹੋਰ ਤਾਂ ਹੋਰ ਕੁੱਝ ਪੰਜਾਬੀ ਚੈਨਲਾਂ ਵੱਲੋਂ ਪਹਿਲਾਂ ਗੁਰਬਾਣੀ ਦੇ ਪ੍ਰੋਗਰਾਮ ਪ੍ਰਸਾਰਤ ਕੀਤੇ ਜਾਂਦੇ ਹਨ ਤੇ ਉਸ ਤੋਂ ਬਾਅਦ ਇਹ ਭਵਿੱਖ ਬਾਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜਦਕਿ ਗੁਰਬਾਣੀ ਐਸੇ ਵਹਿਮਾਂ ਭਰਮਾਂ ਦਾ ਪੂਰਨ ਖੰਡਨ ਕਰਦੀ ਹੈ। ਸਾਲ ਵਿੱਚ ਇੱਕ ਦੋ ਫਿਲਮਾਂ ਭੂਤਾਂ ਪ੍ਰੇਤਾਂ ਬਾਰੇ ਆ ਜਾਂਦੀਆਂ ਹਨ ਅਤੇ ਕਿਸੇ ਨਾ ਕਿਸੇ ਟੀ ਵੀ ਚੈਨਲ ਤੇ ਤਾਂ ਭੁਤਾਂ ਪ੍ਰੇਤਾਂ ਬਾਰੇ ਕੋਈ ਸੀਰੀਅਲ ਚਲਦਾ ਹੀ ਰਹਿੰਦਾ ਹੈ। ਨੰਗੇਜ਼ ਅਤੇ ਅਸ਼ਲੀਲਤਾ ਜਿਹਾ ਗੰਦ ਫੈਲਾ ਕੇ ਤਾਂ ਇਹ ਸਮਾਜ ਨੂੰ ਮਾਡਰਨ ਯੁਗ ਵੱਲ ਲੈ ਕੇ ਜਾਣ ਦੇ ਦਾਵੇ ਭਰਦੇ ਹਨ ਅਤੇ ਜਿਥੇ ਆਧੁਨਿਕਤਾ ਲਿਆਉਣੀ ਸੀ, ਉਥੇ ਪਛੜੇਪਨ ਵੱਲ ਲਿਜਾਣ ਦੀ ਕੋਸ਼ਿਸ਼ ਹੋ ਰਹੀ ਹੈ।
ਟੈਲੀਵਿਜਨ ਦੇ ਸੀਰੀਅਲਾਂ ਨੇ ਤਾਂ ਸਮਾਜਿਕ ਬਰਬਾਦੀ ਦਾ ਇੱਕ ਹੋਰ ਬਹੁਤ ਵੱਡਾ ਕੰਮ ਸ਼ੁਰੂ ਕੀਤਾ ਹੋਇਆ ਹੈ। ਪਰਿਵਾਰਾਂ ਨੂੰ ਤੋੜਨ ਦਾ। ਬੇਸ਼ਕ ਕੁੱਝ ਪਰਿਵਾਰਾਂ ਨੂੰ ਬਨ੍ਹਣ ਵਾਲੇ ਉਸਾਰੂ ਸੀਰੀਅਲ ਵੀ ਬਣਦੇ ਹਨ, ਜਿਨ੍ਹਾਂ ਦੀ ਤਾਰੀਫ ਵੀ ਕਰਨੀ ਬਣਦੀ ਹੈ ਪਰ ਬਹੁਤੇ ਸੀਰੀਅਲ ਤਾਂ ਪਰਿਵਾਰਕ ਸਾਜਿਸ਼ਾਂ ਵਾਲੇ ਹੀ ਹੁੰਦੇ ਹਨ। ਕਿਤੇਂ ਨੂੰਹ ਸੱਸ ਜਾਂ ਪੂਰੇ ਪਰਿਵਾਰ ਦੇ ਖਿਲਾਫ ਸਾਜਿਸ਼ ਕਰ ਰਹੀ ਹੈ ਅਤੇ ਕਿਤੇ ਸੱਸ ਨੂੰਹ ਦੇ ਖਿਲਾਫ ਸਾਜਿਸ਼ ਜਾਂ ਉਸ ਤੇ ਜੁਲਮ ਕਰ ਰਹੀ ਹੈ। ਪਹਿਲਾਂ ਹੀ ਨੂੰਹ ਸੱਸ ਦੇ ਅਤਿ ਨਾਜ਼ੁਕ ਸਮਝੇ ਜਾਂਦੇ ਰਿਸ਼ਤੇ ਨੂੰ ਇਹ ਕਿਥੇ ਪਹੁੰਚਾਣਾ ਚਾਹੁੰਦੇ ਹਨ? ਜੇ ਨੂੰਹ ਸੱਸ ਨਹੀਂ ਤਾਂ ਘਰ ਦਾ ਕੋਈ ਹੋਰ ਮੈਂਬਰ ਜਾਂ ਕੋਈ ਬਾਹਰੋਂ ਫੜ ਕੇ ਲਿਆਂਦਾ ਪਾਤਰ ਸ਼ਰਨ ਦੇਣ ਵਾਲੇ ਦੇ ਘਰ ਵਿੱਚ ਸਾਜਿਸ਼ਾਂ ਕਰੀ ਜਾਂਦਾ ਹੈ। ਬੇਸ਼ਕ ਪਰਿਵਾਰ ਦੀ ਏਕਤਾ ਅਤੇ ਪਿਆਰ ਵਿਖਾਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਗੱਲ ਤਾਂ ਫੇਰ ਉਹੀ ਹੈ, ਜ਼ਿਆਦਾ ਪ੍ਰਭਾਵ ਕਿਸ ਦਾ ਪਵੇਗਾ, ਜੋ ਵਧੇਰੇ ਸਮਾਂ ਵੇਖੀ ਹੈ ਜਾਂ ਜੋ ਥੋੜ੍ਹੀ ਦੇਰ? ਇੱਕ ਔਰਤ ਦੇ ਕਈ ਕਈ ਵਿਆਹਾਂ ਦੀ ਗੱਲ ਬਿਲਕੁਲ ਆਮ ਜਿਹੀ ਹੈ। ਔਰਤ ਪਤੀ ਇੰਝ ਬਦਲ ਲੈਂਦੀ ਹੈ ਜਿਵੇਂ ਪੁਰਾਣਾ ਕਪੜਾ ਬਦਲਿਆ ਹੋਵੇ।
ਪਿਛਲੇ ਕੁੱਝ ਸਮੇਂ ਤੋਂ ਰਿਐਲਟੀ ਸ਼ੋਆਂ ਦੇ ਨਾਂ ਤੇ ਟੈਲੀਵਿਜਨ ਉਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦਾ ਇੱਕ ਬਹੁਤ ਖਤਰਨਾਕ ਰੁਝਾਨ ਸ਼ੁਰੁ ਹੋਇਆ ਹੈ, ਬੱਚਿਆਂ ਦੀ ਗੁਣਵਤਾ ਲਭਣ ਦੇ ਨਾਂ ਤੇ ਬੱਚਿਆਂ ਦੀ ਬਰਬਾਦੀ ਦਾ। ਕਿਤੇ ਬੱਚਿਆਂ ਦੇ ਨਾਚ ਮੁਕਾਬਲੇ ਕਰਾਏ ਜਾ ਰਹੇ ਹਨ ਤੇ ਕਿਤੇ ਗਾਣ ਦੇ ਜਾਂ ਕੋਈ ਹੋਰ। ਜਿਹੜੀ ਉਮਰ ਬੱਚਿਆਂ ਦੇ ਪੜ੍ਹਨ ਲਿਖਣ ਜਾਂ ਹੋਰ ਗੁਣਾਂ ਨੂੰ ਪੱਕਿਆਂ ਕਰਨ ਦੀ ਹੈ, ਉਸ ਨੂੰ ਮੁਕਾਬਲਿਆਂ ਵਿੱਚ ਉਲਝਾ ਦਿੱਤਾ ਗਿਆ ਹੈ। ਹੁਣ ਜਿਹੜੇ ਬੱਚੇ ਇਨ੍ਹਾਂ ਵਿੱਚ ਹਿਸਾ ਲੈ ਰਹੇ ਹਨ, ਉਨ੍ਹਾਂ ਦੀ ਪੜ੍ਹਾਈ ਤਾਂ ਬਰਬਾਦ ਹੋ ਹੀ ਰਹੀ ਹੈ, ਇਸ ਨਾਲ ਹਰ ਸ਼ਹਿਰ ਹਰ ਮੁਹੱਲੇ ਵਿੱਚ ਨਾਚ ਅਤੇ ਗਾਣਾ ਸਿੱਖਣ ਦੇ ਅਨੇਕਾਂ ਸਕੂਲ ਖੁਲ੍ਹ ਗਏ ਹਨ। ਜਿਥੇ ਆਪਣੀ ਪੜ੍ਹਾਈ ਨੂੰ ਵਿਸਾਰ ਕੇ, ਆਪਣੇ ਭਵਿੱਖ ਨੂੰ ਦਾਅ ਤੇ ਲਾਕੇ, ਹਜ਼ਾਰਾਂ ਬੱਚੇ ਜਾਂਦੇ ਹਨ। ਹਰ ਚੰਗੇ ਸ਼ਹਿਰ ਵਿੱਚ ਇਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਤਾਂ ਸਾਰੇ ਦੇਸ਼ ਵਿੱਚ ਕਿਤਨੀ ਕੁ ਹੋਵੇਗੀ, ਇਸ ਦਾ ਅੰਦਾਜ਼ਾ ਆਪ ਲਾ ਲਈਏ। ਵੈਸੇ ਤਾਂ ਪੜ੍ਹਾਈ ਦੀ ਮਹੱਤਤਾ ਪੇਸ਼ੇ ਨਾਲੋਂ ਵਧੇਰੇ ਬੱਚੇ ਦੇ ਮਾਨਸਿਕ ਵਿਕਾਸ ਲਈ ਹੈ। ਪੇਸ਼ੇਵਰ ਕੋਰਸ ਤਾਂ ਸਕੂਲੀ ਵਿਦਿਆ ਤੋਂ ਬਾਅਦ ਹੀ ਸ਼ੁਰੂ ਹੁੰਦੇ ਹਨ ਪਰ ਚਲੋ ਜੇ ਪੇਸ਼ੇ ਦੇ ਤੌਰ ਤੇ ਹੀ ਵੇਖ ਲਈਏ ਤਾਂ ਕੀ ਭਾਰਤ ਵਿੱਚ ਗਾਣ-ਨਚਣ ਦੇ ਪੇਸ਼ੇ ਵਿੱਚ ਇਤਨਾ ਖਲਾਅ ਹੈ ਕਿ ਜਿਸ ਵਿੱਚ ਇਤਨੇ ਬੱਚੇ ਜੋ ਕੱਲ ਨੌਜੁਆਨ ਬਣਨੇ ਹਨ ਜਜ਼ਬ ਹੋ ਜਾਣ? ਇਸ ਤਰ੍ਹਾਂ ਦੇਸ਼ ਦੇ ਭਵਿੱਖ ਨਾਲ ਖੇਡਿਆ ਜਾ ਰਿਹਾ ਹੈ। ਫਿਰ ਹਰ ਮੁਕਾਬਲੇ ਵਿੱਚ, ਆਖਰੀ ਦੌਰ ਵਿੱਚ ਪੁੱਜਣ ਵਾਲੇ ਚਾਰ-ਪੰਜ ਬੱਚੇ ਤਕਰੀਬਨ ਇਕੋ ਪੱਧਰ ਦੇ ਹੁੰਦੇ ਹਨ ਪਰ ਜਿਤਣਾ ਤਾਂ ਕਿਸੇ ਇੱਕ ਨੇ ਹੀ ਹੁੰਦਾ ਹੈ। ਬਾਕੀਆਂ ਦੀ ਬਾਲ ਮਾਨਸਿਕਤਾ ਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ, ਇਹ ਕਿਸੇ ਨੇ ਸੋਚਿਆ ਹੈ? ਪਰ ਉਨ੍ਹਾਂ ਟੀ ਵੀ ਵਾਲਿਆਂ ਨੂੰ ਕੀ ਫਰਕ ਪੈਂਦਾ ਹੈ? ਉਨ੍ਹਾਂ ਨੂੰ ਤਾਂ ਕੇਵਲ ਇਸ ਗੱਲ ਨਾਲ ਮਤਲਬ ਹੈ ਕਿ ਇਨ੍ਹਾਂ ਰਾਹੀਂ ਮੋਟੀ ਕਮਾਈ ਹੋ ਰਹੀ ਹੈ। ਮੈਂ ਹੈਰਾਨ ਤਾਂ ਉਨ੍ਹਾਂ ਮਾਂ ਬਾਪ ਤੇ ਹਾਂ ਜੋ ਥੋੜ੍ਹੀ ਜਿਹੀ ਸ਼ੋਹਰਤ ਜਾਂ ਕਮਾਈ ਵਾਸਤੇ ਆਪਣੇ ਬੱਚਿਆਂ ਦੇ ਭਵਿੱਖ ਨਾਲ ਖੇਡ ਰਹੇ ਹਨ।
ਇਕ ਹੋਰ ਬਹੁਤ ਵੱਡਾ ਜ਼ੁਲਮ ਟੈਲੀਵਿਜਨ ਨੇ ਸਾਡੇ ਪਰਿਵਾਰਕ ਜੀਵਨ ਤੇ ਢਾਹਿਆ ਹੈ। ਉਹ ਇਹ ਹੈ ਕਿ ਘਰ ਦੇ ਵਿੱਚ ਹੀ ਬੱਚਿਆਂ ਨੂੰ ਮਾਂ ਬਾਪ ਤੋਂ ਬੇਗਾਨਾ ਕਰ ਦਿੱਤਾ ਹੈ। ਸਕੂਲੋਂ ਆ ਕੇ ਬੱਚੇ ਬਹੁਤ ਸਮਾਂ ਮਾਂ ਬਾਪ ਨਾਲ ਬਿਤਾਉਂਦੇ ਸਨ, ਉਨ੍ਹਾਂ ਕੋਲੋਂ ਚੰਗੀਆਂ ਆਦਤਾਂ, ਚੰਗੇ ਚੰਗੇ ਗੁਣ ਸਿੱਖਦੇ ਸਨ। ਰਾਤ ਨੂੰ ਸੌਣ ਵੇਲੇ ਦਾਦੀ-ਨਾਨੀ ਵਲੋਂ ਸੁਣਾਈਆਂ ਗਈਆਂ ਕਹਾਣੀਆਂ ਜਾਂ ਸਾਖੀਆਂ ਉਨ੍ਹਾਂ ਦਾ ਉੱਚਾ ਸੁੱਚਾ ਕਿਰਦਾਰ ਘੜਨ ਵਿੱਚ ਵੱਡਾ ਯੋਗਦਾਨ ਪਾਉਂਦੀਆਂ ਸਨ। ਹੁਣ ਇਹ ਸਾਰਾ ਸਮਾਂ ਟੀ ਵੀ ਦੀ ਭੇਟ ਚੜ੍ਹ ਗਿਆ ਹੈ। ਬੱਚਿਆਂ ਨੂੰ ਤਾਂ ਸੋਝੀ ਘੱਟ ਹੁੰਦੀ ਹੈ ਉਹ ਇਸ ਦੇ ਰਸ-ਕਸ ਵਿੱਚ ਗਲਤਾਨ ਹੋ ਜਾਂਦੇ ਹਨ, ਪਰ ਬਹੁਤੇ ਮਾਂ ਬਾਪ ਨੂੰ ਵੀ ਆਪਣੇ ਫਰਜ਼ ਦਾ ਅਹਿਸਾਸ ਨਹੀਂ ਰਿਹਾ। ਇਹ ਸਮਾਜ ਦੇ ਭਵਿੱਖ ਵਾਸਤੇ ਇੱਕ ਮਾਰੂ ਰੁਝਾਨ ਹੈ, ਜਿਸ ਉਤੇ ਪਰਿਵਾਰ ਦੇ ਮੈਂਬਰਾਂ ਨੂੰ ਆਪ ਹੀ ਲਗਾਮ ਕੱਸਣ ਦੀ ਵੱਡੀ ਲੋੜ ਹੈ।
ਵੈਸੇ ਤਾਂ ਫਿਲਮਾਂ ਵਾਸਤੇ ਅਤੇ ਟੈਲੀਜ਼ਿਨ ਵਾਸਤੇ ਵੀ ਇਨ੍ਹਾਂ ਦੇ ਸੈਂਸਰ ਬੋਰਡ ਹਨ ਪਰ ਇਨ੍ਹਾਂ ਵਿੱਚ ਵੀ ਬਹੁਤਾਤ ਇਨ੍ਹਾਂ ਦੇ ਆਪਣੇ ਪੇਸ਼ੇ ਵਾਲਿਆਂ ਦੀ ਹੈ, ਜਿਨ੍ਹਾਂ ਦੀ ਮਾਨਸਿਕਤਾ ਉਸੇ ਮਾਹੌਲ ਅਨੁਸਾਰ ਢੱਲ ਚੁੱਕੀ ਹੈ, ਇਸ ਲਈ ਉਨ੍ਹਾਂ ਨੂੰ ਕੁੱਝ ਗੱਲਤ ਨਜ਼ਰ ਨਹੀਂ ਆਉਂਦਾ। ਇਹ ਤਾਂ ਸਮਾਜ ਨੂੰ ਹੀ ਕੋਈ ਭਰਵੀਂ ਅਵਾਜ਼ ਬੁਲੰਦ ਕਰਨੀ ਪਵੇਗੀ ਇਸ ਵੱਡੇ ਸਮਾਜਿਕ ਪਤਨ ਦਾ ਕਾਰਨ ਬਣ ਰਹੇ ਰੁਝਾਨ ਨੂੰ ਠੱਲ ਪਾਉਣ ਦੀ, ਜਾਂ ਸਰਕਾਰ ਨੂੰ ਕੋਈ ਕਰੜੇ ਫੈਸਲੇ ਲੈਣੇ ਪੈਣਗੇ, ਨਹੀਂ ਤਾਂ ਸਮਾਜ ਦਾ ਜੋ ਆਉਣ ਵਾਲਾ ਰੂਪ ਹੋਵੇਗਾ ਉਸ ਬਾਰੇ ਸੋਚ ਕੇ ਵੀ ਡਰ ਲਗਦਾ ਹੈ।
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਮੋਬਾਇਲ: 9876104726




.